.

ਧਰਮ ਦਾ ਧੰਦਾ

(7)

ਸੰਸਾਰ ਦੇ ਹਰ ਧੰਦੇ ਵਿੱਚ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਸਤੇ ਇਨਸਾਨੀਯਤ ਤੋਂ ਗਿਰੇ ਹੋਏ ਮਾਇਆਮੂਠੇ ਮੁਨਾਫ਼ੇਬਾਜ਼ ਵਪਾਰੀ, ਆਮ ਤੌਰ `ਤੇ, ਥੋੜ੍ਹੀ-ਬਹੁਤ ਮਿਲਾਵਟ, ਠੱਗੀ-ਠੋਰੀ, ਚੋਰੀ, ਹੱਥਫੇਰੀ, ਧੋਖਾਧੜੀ, ਘਪਲੇਬਾਜ਼ੀ ਅਤੇ ਟੈਕਸ-ਚੋਰੀ ਆਦਿਕ ਗ਼ੈਰਕਾਨੂੰਨੀ ਕੰਮ ਕਰਦੇ ਰਹਿੰਦੇ ਹਨ। ਧਰਮ ਦੇ ਧੰਦੇ ਵਿੱਚ ਇਨ੍ਹਾਂ ਨਾਜਾਇਜ਼ ਕੰਮਾਂ ਨੂੰ ਉੱਚਤਮ ਸਥਾਨ ਪ੍ਰਾਪਤ ਹੈ। ‘ਸਿੱਖ ਧਰਮ’ ਦੇ ਧੰਦੇ ਵਿੱਚ ਵੀ ਚੋਰੀ, ਹੇਰਾਫੇਰੀ, ਘਪਲੇਬਾਜ਼ੀ, ਗ਼ਬਨ, ਅਮਾਨਤ ਵਿੱਚ ਖ਼ਯਾਨਤ, ਗੋਲਮਾਲ, ਦਲਾਲੀ ਅਤੇ ਰਿਸ਼ਵਤਖ਼ੋਰੀ ਆਦਿਕ ਪਾਪ ਕਰਮ ਆਮ ਹੁੰਦੇ ਰਹਿੰਦੇ ਹਨ। ਇਸ ਕਥਨ ਦੀ ਪੁਸ਼ਟੀ ਅਖ਼ਬਾਰਾਂ ਵਿੱਚ ਹਰ ਦਿਨ ਛਪਦੀਆਂ ਖ਼ਬਰਾਂ ਅਤੇ ਵਿਰੋਧੀ ਧੜਿਆਂ ਦੇ ਬਿਆਨਾਂ ਤੋਂ ਕੀਤੀ ਜਾ ਸਕਦੀ ਹੈ। ਲੇਖ ਦੇ ਅਗਲੇਰੇ ਪੈਰਿਆਂ ਵਿੱਚ ਇਸ ਤੱਥ ਦਾ ਸੰਖੇਪ ਖੁਲਾਸਾ ਕਰਨ ਦਾ ਯਤਨ ਕਰਾਂਗੇ।

‘ਸਿੱਖ ਧਰਮ’ ਦੇ ਤਿਕੜਮਬਾਜ਼ ਸੰਸਥਾਪਕਾਂ, ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨਾਂ, ਕਾਰਕੁੱਨਾਂ ਅਤੇ ਹੋਰ ਕਰਮਚਾਰੀਆਂ, ਜਥੇਦਾਰਾਂ ਅਤੇ ਪੁਜਾਰੀਆਂ ਆਦਿ ਦੀ ਮੰਡਲੀ ਨੇ, ਬੇਜ਼ਮੀਰੇ ਭ੍ਰਸ਼ਟ ‘ਸਿੱਖ’ ਸ਼ਾਸਕਾਂ/ਸਿਆਸਤਦਾਨਾਂ (ਖ਼ਾਸ ਕਰਕੇ ਅਕਾਲੀਆਂ) ਦੀ ਮਿਲੀਭੁਗਤ ਨਾਲ, ‘ਸਿੱਖ ਧਰਮ’ ਉੱਤੇ ਆਪਣੀ ਮੁਕੱਮਲ ਇਜਾਰੇਦਾਰੀ (ਏਕਾਧਿਕਾਰ-monopoly) ਕਾਇਮ ਕਰ ਲਈ ਹੈ। ਇਹ ਇੱਕ ਇਤਿਹਾਸਕ ਤੇ ਪ੍ਰਮਾਣਿਤ ਸੱਚ ਹੈ ਕਿ ਮਨੁੱਖਾ ਸਮਾਜ ਦੇ ਕਿਸੇ ਵੀ ਖੇਤ੍ਰ ਵਿੱਚ ਇਜਾਰੇਦਾਰੀ (absolute power) ਇੱਕ ਵੱਡੀ ਲਅਨਤ ਹੈ! ਧਰਮ-ਖੇਤ੍ਰ ਵਿੱਚ ਨਿਰੰਕੁਸ਼ ਇਜਾਰੇਦਾਰਾਂ ਦੀ ਮੰਡਲੀ ਨੇ ਧਰਮ ਦੇ ਧੰਦੇ ਨੂੰ ਹੋਰ ਹੋਰ ਕਾਮਯਾਬ ਕਰਨ ਲਈ ਗੁਰਮਤਿ ਵਿੱਚ ਕੂੜ ਕਿਤਾਬਾਂ (ਅਖੌਤੀ ਦਸਮਗ੍ਰੰਥ, ਪ੍ਰਕਾਸ਼, ਸਾਖੀਆਂ, ਗੁਰਬਿਲਾਸ, ਰਹਿਤਨਾਮੇਂ, ਰਹਿਤ ਮਰਿਆਦਾਵਾਂ, ਚਮਤਕਾਰ ਵਗ਼ੈਰਾ) ਵਿਚਲੇ ਕੂੜ-ਕਬਾੜ ਦੀ ਮਿਲਾਵਟ ਕਰਕੇ ਲੋਕਾਂ ਨੂੰ ਪੁੱਠੇ ਰਾਹ ਪਾਇਆ ਹੋਇਆ ਹੈ; ਅਤੇ ਪੁੱਠੇ ਰਾਹ ਪਾਈ ਹੋਈ ਜਨਤਾ ਨੂੰ ਠੱਗਮੰਡਲੀ, ਨਿਰਲੱਜ ਤੇ ਨਿਡਰ ਹੋ ਕੇ, ਦੋਹੀਂ ਹੱਥੀਂ ਲੁੱਟ ਰਹੀ ਹੈ। ਅਤੇ, ਇਨਸਾਨੀਯਤ ਤੋਂ ਗਿਰੀ ਹੋਈ ਇਜਾਰੇਦਾਰਾਂ ਦੀ ਇਹ ਮੰਡਲੀ, ਨਿਧੜਕ ਹੋ ਕੇ, ਕਈ ਅਵੈਧ/ਨਾਜਾਇਜ਼ ਕੰਮ ਵੀ ਕਰ/ਕਰਵਾ ਰਹੀ ਹੈ! ! !

ਕਿਸੇ ਕੂੜ ਕਿਤਾਬ ਵਿੱਚੋਂ ਲਏ ਗਏ ਅਖਾਣ, “ਗੁਰੂ ਦੀ ਗੋਲਕ, ਗ਼ਰੀਬ ਦਾ ਮੂੰਹ” ਦੇ ਕੂੜ ਪ੍ਰਚਾਰ ਨਾਲ ਗੋਲਕਾਂ ਜ਼ਰੀਏ ਸ਼੍ਰੱਧਾਲੂਆਂ ਨੂੰ ਰੱਜ ਕੇ ਠੱਗਿਆ ਜਾਂਦਾ ਹੈ; ਫਿਰ ਇਸ ਠੱਗੀ ਹੋਈ ਧਨ-ਸੰਪਤੀ ਨਾਲ ‘ਸਿੱਖ ਸਿਆਸਤਦਾਨ (ਖ਼ਾਸ ਕਰਕੇ ਅਕਾਲੀ), ਪ੍ਰਬੰਧਕ, ਜਥੇਦਾਰ ਅਤੇ ਪੁਜਾਰੀ ਵਗ਼ੈਰਾ ਅਯਾਸ਼ੀਆਂ ਕਰਦੇ ਅਤੇ ਮੌਜਾਂ ਮਾਣਦੇ ਹਨ! ! ! ਇਸ ਸੱਚ ਦੇ ਆਧਾਰ `ਤੇ, ਗੁਰੂਦਵਾਰਿਆਂ ਦੀਆਂ ਗੋਲਕਾਂ ਨੂੰ “ਗੁਰੂ ਦੀ ਗੋਲਕ ਤੇ ਗ਼ਰੀਬ ਦਾ ਮੂੰਹ” ਕਹਿਣ ਦੀ ਬਜਾਏ “ਗੁਰੂ ਦੀ ਗੋਲਕ ਤੇ ਠੱਗਾਂ ਦਾ ਮੂੰਹ” ਕਹਿਣਾ ਜ਼ਿਆਦਾ ਢੁੱਕਦਾ ਹੈ!

ਧਰਮ ਦੇ ਠੇਕੇਦਾਰ ਹਮੇਸ਼ਾ ਉਸ ਨਵੇਂ ਕਾਰੋਬਾਰ ਦੀ ਭਾਲ ਵਿੱਚ ਰਹਿੰਦੇ ਹਨ ਜਿਸ ਤੋਂ ਧਰਮ ਦੇ ਧੰਦੇ ਨੂੰ ਵਧੇਰੇ ਲਾਭਕਾਰੀ ਬਣਾਇਆ ਜਾ ਸਕੇ! ਇਸੇ ਸੋਚ ਅਧੀਨ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਦੇਸ-ਬਿਦੇਸ ਦੇ ਸਥਾਨਕ ਗੁਰੂਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਯਾਤ੍ਰਾਵਾਂ ਵਾਸਤੇ ਦਲਾਲੀ (Travel Agent) ਦਾ ਧੰਦਾ ਵੀ ਆਪਣੇ ਅਧਿਕਾਰ ਅਧੀਨ ਕਰ ਲਿਆ ਹੈ। ਯਾਤ੍ਰਾਵਾਂ ਵਾਸਤੇ ਯਾਤ੍ਰੀਆਂ ਨੂੰ ਗੁਰੂਦਵਾਰਾ ਪ੍ਰਬੰਧਕ ਕਮੇਟੀਆਂ ਦੇ ਕਾਰਕੁਨਾਂ ਦੀ ਟੰਗ ਹੇਠੋਂ ਲੰਘ ਕੇ ਜਾਣਾ ਪੈਂਦਾ ਹੈ! ! ! ਪਾਕਿਸਤਾਨ ਦੇ ਗੁਰੂਦਵਾਰਿਆਂ ਦੀ ਯਾਤ੍ਰਾ `ਤੇ ਜਾਣ ਵਾਲੇ ਯਾਤ੍ਰੀਆਂ ਨੂੰ ਵੀਜ਼ਾ ਪ੍ਰਾਪਤੀ ਵਾਸਤੇ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਦੇਸ-ਵਿਦੇਸ ਦੇ ਸਥਾਨਕ ਗੁਰੂਦਵਾਰਿਆਂ ਦੀਆਂ ਕਮੇਟੀਆਂ ਦੇ ਅਧਿਕਾਰੀਆਂ ਦੀ ਅਧੀਨਗੀ ਕਬੂਲ ਕਰਨੀ ਪੈਂਦੀ ਹੈ! ਹਰ ਸਾਲ ਸਮਾਚਾਰ ਪੱਤਰਾਂ ਵਿੱਚ ਇਸ ਵਪਾਰ ਦੇ ਇਸ਼ਤਿਹਾਰ ਦੇਖਣ ਨੂੰ ਮਿਲਦੇ ਹਨ: “……ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਯਾਤ੍ਰੀਆਂ ਤੋਂ ਪਾਸਪੋਰਟ ਮੰਗੇ” ! ! ਇਹ ਕਹਿਣ ਦੀ ਲੋੜ ਨਹੀਂ ਹੈ ਕਿ ਸੈਰ-ਸਪਾਟੇ `ਤੇ ਜਾਣ ਵਾਲੇ ਯਾਤ੍ਰੀਆਂ ਨੂੰ ਵੀਜ਼ੇ ਅਤੇ ਟਿਕਟਾਂ ਦਿਵਾਉਣ ਦੀ ਵਿਚੋਲਗੀ ਜਾਂ ਦਲਾਲੀ ਵਿੱਚ ਅੰਨ੍ਹੀ ਕਮਾਈ ਹੁੰਦੀ ਹੈ!

ਸਦੀਆਂ ਤੋਂ ਗੁਰਬਾਣੀ ਗ੍ਰੰਥ ਦੀਆਂ ਬੀੜਾਂ, ਧਾਰਮਿਕ ਪੁਸਤਕਾਂ, ਅੰਮ੍ਰਿਤ-ਕੀਰਤਨ ਅਤੇ ਗੁਟਕਿਆਂ ਆਦਿ ਦੀ ਛਪਾਈ ਤੇ ਪ੍ਰਕਾਸ਼ਨਾ ਕੁੱਝ ਇੱਕ ਗਿਣੇ-ਚੁਣੇ ਪ੍ਰਕਾਸ਼ਕ (ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਅਤੇ ਖ਼ਾਲਸਾ ਬਰਦਰਜ਼ ਆਦਿਕ) ਹੀ ਕਰਦੇ ਰਹੇ ਹਨ। ਭਾਈ ਕਾਨ੍ਹ ਸਿੰਘ ਜੀ ਦੇ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਦੀ ਪ੍ਰਕਾਸ਼ਨਾ ਕਿਸੇ ਕਮੇਟੀ ਨੇ ਨਹੀਂ ਕੀਤੀ! ਅਤੇ ਪ੍ਰੋ: ਸਾਹਿਬ ਸਿੰਘ ਜੀ ਦਾ ਰਚਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵੀ ਪ੍ਰਾਈਵੇਟ ਛਾਪਕ ਤੇ ਪ੍ਰਕਾਸ਼ਕ (ਰਾਜ ਪਬਲਿਸ਼ਰਜ਼ ਅਤੇ ਪ੍ਰਿੰਟਰਜ਼, ਜਲੰਧਰ) ਦੀ ਦੇਣ ਹੈ। ਪਿੱਛੇ ਜਿਹੇ, ‘ਸਿੱਖ ਧਰਮ’ ਉੱਤੇ ਕਾਬਿਜ਼ ਇਜਾਰੇਦਾਰਾਂ ਵੱਲੋਂ ਇੱਕ ਫ਼ਰਮਾਨ ਜਾਰੀ ਕੀਤਾ ਗਿਆ ਹੈ ਕਿ, ਸ਼ਿਰੋਮਣੀ ਕਮੇਟੀ ਤੋਂ ਬਗ਼ੈਰ ਹੋਰ ਕਿਸੇ ਨੂੰ ਗੁਰਬਾਣੀ ਗ੍ਰੰਥ ਅਤੇ ਹੋਰ ਧਾਰਮਿਕ ਪੁਸਤਕਾਂ ਛਾਪਣ ਅਤੇ ਪ੍ਰਕਾਸ਼ਿਤ ਕਰਨ ਦੀ ਇਜਾਜ਼ਤ ਨਹੀਂ! ਪ੍ਰਤੱਖ ਹੈ ਕਿ, ਸ਼੍ਰਿੋਮਣੀ ਕਮੇਟੀ ਦੇ ਬਿਉਹਾਰੀ ਅਧਿਕਾਰੀਆਂ ਦੀ ਅੱਖ ਗੁਰਬਾਣੀ ਗ੍ਰੰਥ ਅਤੇ ਗੁਟਕਿਆਂ ਆਦਿ ਦੀ ਛਪਾਈ ਅਤੇ ਪ੍ਰਕਾਸ਼ਨਾ ਤੋਂ ਹੋਣ ਵਾਲੀ ਕਮਾਈ ਉੱਤੇ ਹੈ!

(ਨੋਟ:- ਇਸ ਫ਼ਰਮਾਨ ਪਿੱਛੇ ਇੱਕ ਹੋਰ ਗੁੱਝਾ ਮਕਸਦ ਵੀ ਹੈ; ਇਸ ਸ਼ਰਮਨਾਕ ਗੁਪਤ ਮਕਸਦ ਦਾ ਜ਼ਿਕਰ ਅਲੱਗ ਲੇਖ ਵਿੱਚ ਕਰਾਂਗੇ!)

ਧਰਮ ਦੇ ਧੰਦੇ ਦੀ ਆਮਦਨ ਵਿੱਚ ਵਾਧਾ ਕਰਨ ਵਾਸਤੇ ਦੇਸ ਦੇ, ਲਗ ਪਗ, ਸਾਰੇ ਗੁਰੂਦੁਆਰਿਆਂ ਦੇ ਦੁਆਲੇ ਦੁਕਾਨਾਂ ਵੀ ਉਸਾਰੀਆਂ ਗਈਆਂ ਹਨ। ਗੁਰੂਦਵਾਰਿਆਂ ਦੇ ਗਲਿਆਰਿਆਂ ਵਿੱਚ ਬਣਾਈਆਂ ਇਨ੍ਹਾਂ ਹਜ਼ਾਰਾਂ ਦੁਕਾਨਾਂ ਦੇ ਕਿਰਾਏ ਜਾਂ ਠੇਕੇ ਤੋਂ ਪ੍ਰਬੰਧਕਾਂ ਨੂੰ ਲੱਖਾਂ-ਕਰੋੜਾਂ ਦੀ ਆਮਦਨ ਹੁੰਦੀ ਹੈ।

‘ਸਿੱਖ ਧਰਮ’ ਦੇ ਵਪਾਰੀਆਂ ਵੱਲੋਂ ਗੁਰੂਆਂ, ਪੀਰਾਂ-ਫ਼ਕੀਰਾ, ਸ਼ਹੀਦਾਂ, ਅਤੇ ਮਾਨਵਤਾ ਦੇ ਦੋਖੀ ਸੰਤੜਿਆਂ-ਸਾਧੜਿਆਂ ਤੇ ਡੇਰੇਦਾਰਾਂ ਦੇ ਨਾਮ `ਤੇ ਹਜ਼ਾਰਾਂ ਸੰਸਥਾਵਾਂ (ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਆਦਿ) ਸਥਾਪਿਤ ਕਰ ਲਈਆਂ ਗਈਆਂ ਹਨ। ਇਨ੍ਹਾਂ ਸੰਸਥਾਵਾਂ ਵਿੱਚ, ਕਾਲੀ ਕਮਾਈ ਵਾਸਤੇ, ਕਿਸੇ ਵੀ ਵਪਾਰ ਵਾਲੀਆਂ ਬੇਨਿਯਮੀਆਂ ਤੇ ਘਪਲੇਬਾਜ਼ੀਆਂ ਸ਼ਰ੍ਹੇਆਮ ਕੀਤੀਆਂ ਜਾਂਦੀਆਂ ਹਨ।

ਰਾਜੇ-ਰਜਵਾੜਿਆਂ, ਅਮੀਰਾਂ ਵਜ਼ੀਰਾਂ, ਜਾਗੀਰਦਾਰਾਂ ਦੁਆਰਾ ਗੁਰੂਦੁਆਰਿਆਂ, ਟਕਸਾਲਾਂ ਅਤੇ ਡੇਰਿਆਂ ਨੂੰ ਦਾਨ ਕੀਤੀ ਹਜ਼ਾਰਾਂ-ਲੱਖਾਂ ਏਕੜ ਜ਼ਮੀਨ ਦੇ ਠੇਕੇ ਤੋਂ ਕਰੋੜਾਂ, ਸ਼ਾਇਦ, ਅਰਬਾਂ ਦੀ ਆਮਦਨ ਹੁੰਦੀ ਹੈ! ਸਮਾਚਾਰਾਂ ਅਨੁਸਾਰ, ਪ੍ਰਬੰਧਕ ਕਮੇਟੀਆਂ ਦੇ ਕਈ ਲੋਭੀ-ਲਾਲਚੀ ਤੇ ਹੈਂਕੜਬਾਜ਼ ਕਾਰਕੁਨਾਂ ਨੇ ਗੁਰੂਦਵਾਰਿਆਂ ਦੀ ਜ਼ਮੀਨ ਜਾਂ ਤਾਂ ਬੜੇ ਸਸਤੇ ਵਿੱਚ ਠੇਕੇ ਉੱਤੇ ਲਈ ਹੋਈ ਹੈ ਅਤੇ ਜਾਂ ਫਿਰ ਮਨਮਰਜ਼ੀ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ!

ਮਾਇਆਧਾਰੀ ਲਾਵਾਰਿਸ ਸ਼੍ਰੱਧਾਲੂ, ਆਏ ਦਿਨ, ਕਰੋੜਾਂ-ਅਰਬਾਂ ਦੀ ਧੰਨ-ਸੰਪਤੀ ਅਤੇ ਘਰ-ਕੋਠੀਆਂ ਵਗ਼ੈਰਾ ਗੁਰੂਦੁਆਰਿਆਂ ਤੇ ਡੇਰਿਆਂ ਵਗ਼ੈਰਾ ਨੂੰ ਦਾਨ ਕਰਦੇ ਰਹਿੰਦੇ ਹਨ! ਇਸ ਬਹੁ ਕਰੋੜੀ ਦਾਨ ਦੇ ਖੁਰਦ-ਬੁਰਦ ਹੋਣ ਦੇ ਸਮਾਚਾਰ ਆਮ ਪੜ੍ਹਨ-ਸੁਣਨ ਵਿੱਚ ਆਉਂਦੇ ਰਹਿੰਦੇ ਹਨ!

ਪਿਛਲੀ ਸਦੀ ਵਿੱਚ ਸ਼ੁਰੂ ਕੀਤਾ ਯਾਦਗਾਰੀ ਸਿੱਕਿਆਂ, ਚਿੰਨ੍ਹਾਂ ਅਤੇ ਤਮਗਿਆਂ ਦਾ ਵਾਪਾਰ ਵੀ ਅੱਜ ਕਾਫ਼ੀ ਤਰੱਕੀ ਕਰ ਚੁੱਕਿਆ ਹੈ। ਸ਼ਿਰੋਮਣੀ ਕਮੇਟੀ ਵਾਲੇ ਹਰ ਸਾਲ ਕਿਸੇ ਨਾ ਕਿਸੇ ਪੁਰਬ ਲਈ ਸੋਨੇ-ਚਾਂਦੀ ਦੇ ਯਾਦਗਾਰੀ ਸਿੱਕੇ, ਚਿੰਨ੍ਹ ਅਤੇ ਤਮਗ਼ੇ ਆਦਿ ਬਣਵਾ ਕੇ ਅਗ੍ਹਾਂ ਮੁਨਾਫ਼ੇ ਨਾਲ ਵੇਚਦੇ ਹਨ!

‘ਸਿੱਖ ਧਰਮ’ ਦਾ ਲਾਭਕਾਰੀ ਧੰਦਾ ਇਤਨਾ ਪਸਰ ਚੁੱਕਿਆ ਹੈ ਕਿ ਇਸ ਤੇਜ਼ੀ ਨਾਲ ਫੈਲ ਰਹੇ ਧੰਦੇ ਨੂੰ ਚਲਾਉਣ ਵਾਸਤੇ ਹਜ਼ਾਰਾਂ ਕਰਮਚਾਰੀਆਂ (ਕਥਿਤ ਸੇਵਾਦਾਰਾਂ) ਦੀ ਲੋੜ ਪੈਂਦੀ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਕਰਮਚਾਰੀਆਂ ਦੀ ਨਿਯੁਕਤੀ ਸਮੇਂ ਅਧਿਕਾਰੀ ਵੱਢੀ/ਰਿਸ਼ਵਤ ਖਿੜੇ ਮੱਥੇ ਸਵੀਕਾਰ ਕਰਨ ਤੋਂ ਕੋਈ ਹਿਚਕਚਾਹਟ ਮਹਿਸੂਸ ਨਹੀਂ ਕਰਦੇ। ਕਰਮਚਾਰੀਆਂ ਦੀ ਭਰਤੀ ਘਪਲੇ ਦੇ ਸਮਾਚਾਰ ਵੀ ਆਮ ਪੜ੍ਹਨ-ਸੁਣਨ ਨੂੰ ਮਿਲਦੇ ਰਹਿੰਦੇ ਹਨ! !

ਗੁਰੂਦਵਾਰਿਆਂ ਨਾਲ ਬਣਾਏ ਗਏ ਸਰੋਵਰਾਂ (ਤਾਲਾਬਾਂ) ਦੇ ਪਾਣੀਆਂ ਨੂੰ ਅੰਮ੍ਰਿਤ ਗਰਦਾਨ ਕੇ ਇਸ ਕਥਿਤ ਅੰਮ੍ਰਿਤ ਦਾ ਵਾਪਾਰ ਵੀ ਜ਼ੋਰ ਫੜ ਚੁੱਕਾ ਹੈ। ਗੰਗਾ ਜਲ ਵਾਂਙ, ਅੰਤਲੇ ਸਾਹ ਲੈ ਰਹੇ ਮਰੀਜ਼ਾਂ ਅਤੇ ਮਰ ਚੁੱਕੇ ਮਨੁੱਖਾਂ ਦੇ ਮੂੰਹ ਵਿੱਚ ਸਰੋਵਰਾਂ ਦਾ ਪਾਣੀ ਪਾਉਣ ਦਾ ਰਿਵਾਜ ਵੀ ਜ਼ੋਰ ਫੜ ਰਿਹਾ ਹੈ। ਇਸ ਤੋਂ ਬਿਨਾਂ, ਅੰਮ੍ਰਿਤ ਗਰਦਾਨੇ ਜਾਂਦੇ ਪਾਣੀ ਅਤੇ ਦੁੱਧ ਨਾਲ ਭਿੱਟੀਆਂ ਹੋਈਆਂ ਵਸਤਾਂ ਤੇ ਥਾਵਾਂ ਦੇ ਸ਼ੁੱਧੀਕਰਨ ਦੀ ਰੀਤਿ ਵੀ ਪ੍ਰਚੱਲਿਤ ਹੋ ਚੁੱਕੀ ਹੈ!

ਕੁਝ ਸਾਲਾਂ ਤੋਂ ਨਦੀਆਂ, ਖ਼ਾਸ ਕਰਕੇ ਵੇਈਂ ਨਦੀ, ਦੇ ਪਵਿੱਤਰੀਕਰਨ ਅਤੇ ਗੁਰਾਂ ਦੀਆਂ ਕਹੀਆਂ ਜਾਂਦੀਆਂ ਨਗਰੀਆਂ/ਸ਼ਹਿਰਾਂ/ਬਸਤੀਆਂ ਦੇ ਸੁੰਦਰੀਕਰਨ ਦਾ ਬੇਤੁਕਾ ਪਾਖੰਡ ਵਪਾਰ ਵੀ ਜ਼ੋਰ ਫੜ ਚੁੱਕਿਆ ਹੈ!

ਗੁਰੂਦਵਾਰਿਆਂ ਵਿੱਚ ਫ਼ਾਹਿਸ਼ ਫ਼ਿਲਮਾਂ ਦੀ ਸ਼ੂਟਿੰਗ ਕਰਨ ਦੀ ਇਜਾਜ਼ਤ ਦੇਣ ਨਾਲ ਜੋ ਮਾਇਆ ਹੱਥਿਆਈ ਜਾਂਦੀ ਹੈ, ਉਸ ਦਾ ਕੋਈ ਲੇਖਾ-ਜੋਖਾ ਨਹੀਂ। ਦੂਜਾ, ਇਸ ਅਧਾਰਮਿਕ ਅਤੇ ਅਨੈਤਿਕ ਧੰਦੇ ਸਦਕਾ ਉਸ ਗੁਰੂਦਵਾਰੇ ਵਿਸ਼ੇਸ਼ ਦੀ ਮੁਫ਼ਤ ਵਿੱਚ ਮਸ਼ਹੂਰੀ ਤੇ ਇਸ਼ਤਿਹਾਰਬਾਜ਼ੀ ਵੀ ਹੋ ਜਾਂਦੀ ਹੈ! ਫ਼ਿਲਮਾਂ ਦੇ ਸਮਰਥਨ ਅਤੇ ਮਿਥਿਹਾਸਿਕ ਗੁਰੂਦਵਾਰਿਆਂ ਦੀ ਮਸ਼ਹੂਰੀ ਲਈ, ਹੋਛੀ ਸ਼ੁਹਰਤ ਦੇ ਭੁੱਖੇ ਅਤੇ ਮਾਇਕ ਤ੍ਰਿਸ਼ਨਾ ਦੇ ਮਾਰੇ ਮਾਇਆਧਾਰੀ ਜਥੇਦਾਰ ਅਤੇ ਰਾਗੀ ਵਗ਼ੈਰਾ, ਮਾਇਆ ਦੀ ਖ਼ਾਤਿਰ ਫ਼ਿਲਮਾਂ ਦੀਆਂ ਨਾਇਕਾਵਾਂ ਨਾਲ ਗੀਤ ਗਾਉਂਦੇ ਫਿਰਦੇ ਵੀ ਦੇਖੇ ਗਏ ਹਨ!

ਗੁਰੂਦਵਾਰਿਆਂ ਵਿੱਚ ਚੋਰੀ, ਘਪਲੇਬਾਜ਼ੀ ਅਤੇ ਅਮਾਨਤ ਵਿੱਚ ਖ਼ਯਾਨਤ ਵਰਗੇ ਪਾਪ ਕਰਮ ਆਮ ਕਮਾਏ ਜਾਂਦੇ ਹਨ। ਅਮਾਨਤ ਵਿੱਚ ਖ਼ਯਾਨਤ ਇੱਕ ਮਹਾਂ ਪਾਪ (ਗੁਨਾਹਿ ਕਬੀਰਾ) ਹੈ! ਅਤਿਅੰਤ ਕੌੜਾ ਤੇ ਦੁੱਖਦਾਈ ਸੱਚ ਇਹ ਹੈ ਕਿ, ਗੁਰੂਦਵਾਰਿਆਂ ਵਿੱਚ ਇਹ ਮਹਾਂ ਪਾਪ ਕਮਾਉਣ ਵਾਲੇ ਕੋਈ ਹੋਰ ਨਹੀਂ ਸਗੋਂ ‘ਸਿੱਖ ਧਰਮ’ ਦੇ ਅਧਰਮੀ ਤੇ ਵਿਸ਼ਵਾਸਘਾਤੀ ਰਖਵਾਲੇ ਹੀ ਹਨ! ਅਮਾਨਤ ਵਿੱਚ ਖ਼ਯਾਨਤ ਦੇ ਮਹਾਂ ਪਾਪ ਦੀਆਂ ਸ਼ਰਮਨਾਕ ਘਟਨਾਵਾਂ ਆਮ ਵਾਪਰਦੀਆਂ ਹੀ ਰਹਿੰਦੀਆਂ ਹਨ:

328 ਬੀੜਾਂ (ਪਵਿੱਤਰ ਸਰੂਪਾਂ/ਦੇਹਾਂ) ਦੀ ਚੋਰੀ, ਕਈ ਦੁਰਲੱਭ ਪ੍ਰਾਚੀਨ ਧਾਰਮਿਕ ਪੁਸਤਕਾਂ ਅਤੇ ਖਰੜਿਆਂ ਦੀ ਲੁੱਟ, ਰਬਾਰ ਸਾਹਿਬ ਦੀ ਨੱਕਾਸ਼ੀ ਵਿੱਚ ਲੱਗੇ ਬੇਸ਼ਕੀਮਤੀ ਨਗ ਗ਼ਾਯਬ, ਸਵਾ ਕਿੱਲੋ ਸੋਨੇ ਦੀ ਕਿਰਪਾਨ ਅਤੇ ਸੋਨੇ-ਚਾਂਦੀ ਦੀਆਂ ਹੋਰ ਕਈ ਬਹੁ ਕੀਮਤੀ ਵਸਤਾਂ ਦੀ ਲੁੱਟਾਈ ਅਤੇ ਇਤਿਹਾਸਿਕ ਕਹੇ ਜਾਂਦੇ ਵੱਡੇ ਵੱਡੇ ਗੁਰੂਦਵਾਰਿਆਂ ਦੇ ਖ਼ਜ਼ਾਨਿਆਂ ਵਿੱਚ ਪਏ ਸੋਨੇ-ਚਾਂਦੀ ਅਤੇ ਹੀਰੇ-ਮੋਤੀਆਂ ਆਦਿ ਦੇ ਬੇਹਿਸਾਬ ਭੰਡਾਰਾਂ ਦਾ ਕੋਈ ਲੇਖਾ-ਜੋਖਾ ਨਹੀਂ……! !

ਇੱਥੇ ਇੱਕ ਅਤਿਅੰਤ ਕੌੜੇ ਅਤੇ ਸ਼ਰਮਨਾਕ ਸੱਚ ਦਾ ਖ਼ੁਲਾਸਾ ਕਰ ਦੇਣਾ ਵੀ ਜ਼ਰੂਰੀ ਹੈ; ਉਹ ਇਹ ਕਿ, ਅਮਾਨਤ ਵਿੱਚ ਖ਼ਯਾਨਤ ਕਰਨ ਵਾਲੇ ਨਿਰਲੱਜ ਚੋਰ-ਲੁਟੇਰੇ ਆਪ ਹੀ ਕੋਤਵਾਲ ਹਨ, ਜਾਂਚ ਕਮੇਟੀਆਂ ਬਣਾਉਣ ਵਾਲੇ ਤੇ ਜਾਂਚ ਕਮੇਟੀਆਂ ਦੇ ਮੈਂਬਰ ਅਤੇ ਵੱਢੀਖ਼ੋਰ ਕਾਜੀ (ਜੱਜ, ਨਿਆਂਕਾਰ) ਵੀ ਉਹ ਆਪ ਹੀ ਹੁੰਦੇ ਹਨ! ਕਾਜੀ ਹੋਇ ਕੈ ਬਹੈ ਨਿਆਇ॥ …ਵਢੀ ਲੈ ਕੇ ਹਕੁ ਗਵਾਏ॥ ……। ਨਤੀਜਾ? ਅੱਜ ਤੀਕ ਹੋਈਆਂ ਅਨੇਕ ਚੋਰੀਆਂ ਵਿੱਚੋਂ ਕਿਸੇ ਇੱਕ ਦੇ ਵੀ ਚੋਰ ਫੜੇ ਨਹੀਂ ਗਏ! ! !

ਇਹ ਗੱਲ ਸਮਝ ਤੋਂ ਬਾਹਰ ਹੈ ਕਿ ਗੁਰੂਦੁਆਰਿਆਂ ਦੇ ਅਧਿਕਾਰੀ ਲੱਖਾਂ-ਕਰੋੜਾਂ ਦੀ ਚੋਰੀ-ਚਕਾਰੀ ਅਤੇ ਦੁਰਲੱਭ ਅਨਮੋਲ ਵਸਤਾਂ ਦੀ ਲੁੱਟ ਦਾ ਮੁਆਮਲਾ ਪੁਲਿਸ ਨੂੰ ਕਿਉਂ ਨਹੀਂ ਸੌਂਪਦੇ? ? ?

‘ਤਖ਼ਤਾਂ’ ਦੇ ਜਥੇਦਾਰਾਂ ਕੋਲ ਪੰਥ ਵਿੱਚੋਂ ਛੇਕਣ, ਫ਼ਤਵਾ ਦੇਣ ਤੇ ਤਨਖ਼ਾਹ (ਜੁਰਮਾਨਾ, ਦੰਡ) ਲਾਉਣ, ਅਤੇ ਫਿਰ ਛੇਕੇ ਹੋਏ ਬਲਾਤਕਾਰੀਆਂ ਤੇ ਕੁੜੀਮਾਰ ਤਨਖ਼ਾਹੀਏ ਨੂੰ ਮੁਆਫ਼ ਕਰਕੇ ਵਾਪਸ ਪੰਥ ਵਿੱਚ ਲਿਆਉਣ ਦਾ ਅਧਿਕਾਰ ਰਾਖਵਾਂ ਹੈ! ਇਸ ‘ਅਧਿਕਾਰ’ ਨਾਲ ਨਾਜਾਇਜ਼ ਕਾਲੀ ਕਮਾਈ ਕੀਤੀ ਜਾਂਦੀ ਹੈ! ਇਸ ਨੀਤੀ ਨੂੰ ਵਿਚਾਰੀਏ ਤਾਂ ਕੁੱਝ ਇੱਕ ਹਾਸੋਹੀਣੇ ਸਵਾਲ ਪੈਦਾ ਹੁੰਦੇ ਹਨ: ਪਹਿਲਾ, ਕੁਕਰਮੀਆਂ ਨੂੰ ਕਿਸ ਪੰਥ ਵਿੱਚੋਂ ਛੇਕਿਆ ਜਾਂਦਾ ਹੈ? ਬਾਬੇ ਨਾਨਕ ਦਾ ਪੰਥ ਤਾਂ ਸਾਰੀ ਮਨੁੱਖਤਾ ਸੀ! ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥ । ਦੂਜਾ: ਪੰਥ ਵਿੱਚੋਂ ਛੇਕਣ ਜਾਂ ਤਨਖ਼ਾਹ ਲਾਉਣ ਦੀ ਇਨਸਾਨੀਯਤ ਤੋਂ ਗਿਰੀ ਹੋਈ ਰੀਤਿ ਕਿਸ ਨੇ ਕਦੋਂ ਚਲਾਈ ਅਤੇ ਕਿਉਂ ਚਲਾਈ? ਤੀਜਾ, ਛੇਕਣ, ਫ਼ਤਵਾ ਦੇਣ ਤੇ ਤਨਖ਼ਾਹ ਲਾਉਣ ਦਾ ਅਮਾਨਵੀ ਤੇ ਅਧਾਰਮਿਕ ਅਧਿਕਾਰ ਜਥੇਦਾਰਾਂ ਨੂੰ ਕਿਸ ਨੇ ਦਿੱਤਾ? (ਨੋਟ:- ਗੁਰਬਾਣੀ ਗ੍ਰੰਥ ਦੇ ਅਧਿਐਨ ਅਤੇ ਲੋੜੀਂਦੀ ਖੋਜ ਉਪਰੰਤ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਛੇਕਣ, ਫ਼ਤਵਾ ਦੇਣ ਜਾਂ ਤਨਖ਼ਾਹ ਲਾਉਣ ਦੀ ਅਧਾਰਮਿਕ ਰੀਤਿ ਦੇ ਪੁਆੜੇ ਦੀ ਜੜ, ‘ਸਿੱਖ ਧਰਮ’ ਦੇ ਇਜਾਰੇਦਾਰ ਵਪਾਰੀਆਂ ਦੁਆਰਾ ਬਣਾਈ ਗਈ “ਸਿੱਖ ਰਹਿਤ ਮਰਯਾਦਾ” ਹੈ! ! !)

ਵਿਦੇਸ਼ਾਂ ਦੇ ਗੁਰੂਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਅਤੇ ਹੋਰ ਅਧਿਕਾਰੀ ਪਾਠੀਆਂ, ਗ੍ਰੰਥੀਆਂ, ਰਾਗੀਆਂ, ਪ੍ਰਚਾਰਕਾਂ ਅਤੇ ਲਾਂਗਰੀਆਂ ਵਗੈਰਾ ਦੀ ਤਸਕਰੀ ਜਾਂ ਸਮਗਲਿੰਗ ਦਾ ਗ਼ੈਰਕਾਨੂੰਨੀ ਧੰਧਾ ਵੀ ਨਿਰਲੱਜ ਹੋ ਕੇ ਕਰ ਰਹੇ ਹਨ। ਵਿਦੇਸਾਂ ਵਿੱਚ ਕਈ ਇਨਸਾਨੀਯਤ ਤੋਂ ਗਿਰੇ ਹੋਏ ‘ਸਿੱਖਾਂ’ ਅਤੇ ਸੰਤੜੇ-ਸਾਧੜਿਆਂ ਨੇ ਤਾਂ ਇਸ ਤਸਕਰੀ ਲਈ ਆਪਣੇ ਨਿੱਜੀ ਗਰੁਦਵਾਰੇ ਤੇ ਡੇਰੇ ਵੀ ਸਥਾਪਿਤ ਕਰ ਰੱਖੇ ਹਨ!

ਗੁਰੂ ਦੀ ਸਿੱਖਿਆ ਉੱਤੇ ਚੱਲਣ ਨਾਲ ਮਨੁੱਖ ਦੇ ਮਨ ਵਿੱਚ ਦੈਵੀ ਤੇ ਨੈਤਿਕ ਗੁਣ (ਸਤ, ਸੰਤੋਖ, ਦਯਾ, ਧਰਮ, ਧੀਰਜ, ਖਿਮਾ ਤੇ ਸਹਿਣਸ਼ੀਲਤਾ ਆਦਿ) ਪ੍ਰਗਟ ਹੋ ਜਾਂਦੇ ਹਨ ਅਤੇ ਉਹ ਸੱਚਾ ਇਨਸਾਨ (ਸਚਿਆਰ ਪੁਰਸ਼) ਬਣ ਜਾਂਦਾ ਹੈ। ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ …ਜਪੁ। ਪਰੰਤੂ ਲੇਖ ਵਿੱਚ ਦਿੱਤੇ ਗਏ ਤੱਥਾਂ ਤੋਂ ਸਪਸ਼ਟ ਹੈ ਕਿ ‘ਸਿੱਖ ਧਰਮ’ ਦੇ ਇਜਾਰੇਦਾਰ ਵਪਾਰੀਆਂ ਦੀ ਮਤਿ ਵਿਚਿ ਮਇਆ ਅਤੇ ਇਸ ਦੀ ਕੁੱਖੋਂ ਜਨਮੇ ਵਿਕਾਰਾਂ (ਕਾਮ, ਕਰੋਧ, ਲੋਭ, ਮੋਹ, ਹੰਕਾਰ ਅਤੇ ਈਰਖਾ ਨਿੰਦਾ ਆਦਿ) ਦਾ ਕੂੜ ਕਬਾੜ ਭਰਿਆ ਹੋਇਆ ਹੈ। ਇਸ ਕੂੜ ਕਬਾੜ ਬਾਰੇ ਬਾਬੇ ਨਾਨਕ ਦੀ ਸਿਖਿਆ ਹੈ: ਛੋਡਹੁ ਪ੍ਰਾਣੀ ਕੂੜ ਕਬਾੜਾ॥ …ਮਾਰੂ ਸੋਲਹੇ ਮ: ੧। ਪਰੰਤੂ ਧਰਮ ਦੇ ਧੰਦੇ ਦੇ ਇਜਾਰੇਦਾਰ ਮਨਮਤੀਏ ਵਪਾਰੀਆਂ ਦਾ ਜੀਵਨ-ਮਨੋਰਥ, ਗੁਰੂ ਦੀ ਸਿੱਖਿਆ ਸੁਣਨ, ਮੰਨਣ ਤੇ ਉਸ ਉੱਤੇ ਅਮਲ ਕਰ ਕੇ ਸੱਚਾ ਇਨਸਾਨ ਬਣਨਾ ਨਹੀਂ ਸਗੋਂ ਉਨ੍ਹਾਂ ਦਾ ਮਨੋਰਥ ਤਾਂ ਧਰਮ ਦੇ ਨਾਮ `ਤੇ ਮਾਇਆ ਦਾ ਵਪਾਰ ਕਰਨਾ ਹੈ ਜੋ ਉਹ ਬੜੀ ਸਫ਼ਲਤਾ ਨਾਲ ਕਰ ਰਹੇ ਹਨ!

ਲੇਖ ਵਿੱਚ, ਤੱਥਾਂ ਉੱਤੇ ਆਧਾਰਿਤ, ਕੀਤੀ ਗਈ ਵਿਚਾਰ ਤੋਂ ਸਪਸ਼ਟ ਹੈ ਕਿ “ਧਰਮ ਦਾ ਧੰਧਾਂ” ਸੰਸਾਰ ਦੇ ਸਾਰੇ ਧੰਦਿਆਂ ਵਿੱਚੋਂ ਸੱਭ ਤੋਂ ਅਧਿਕ ਲਾਹੇਵੰਦ ਧੰਦਾ ਹੈ! ਇਸੇ ਲਈ, ਹਰ ਬਸਤੀ, ਪਿੰਡ, ਗਰਾਂ, ਸ਼ਹਿਰ ਇੱਥੋਂ ਤਕ ਕਿ ਖੇਤਾਂ, ਉਜਾੜਾਂ ਤੇ ਪਹਾੜਾਂ ਵਿੱਚ ਵੀ, ਬੇਹੂਦਾ ਤੇ ਬੇਤੁਕੀਆਂ ਮਿਥਿਹਾਸਕ ਕਹਾਣੀਆਂ/ਸਾਖੀਆਂ ਦੀਆਂ ਨੀਂਹਾਂ ਉੱਤੇ ਗੁਰੂਦਵਾਰੇ, ਟਕਸਾਲਾਂ ਅਤੇ ਡੇਰੇ ਉਸਾਰ ਲਏ ਗਏ ਹਨ; ਅਤੇ, ਨਿਤ ਦਿਨ ਹੋਰ ਹੋਰ ਉਸਾਰੇ ਜਾ ਰਹੇ ਹਨ! !

ਅੰਤ ਵਿੱਚ, ਪਾਠਕਾਂ ਦੇ ਵਿਚਾਰਣਯੋਗ ਇੱਕ ਤੁਕ:

ਜਿਨਾੑ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ॥ ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ॥

ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ॥ ਵਾਰ ਸੋਰਠਿ ਮ: ੪

* * * * *

ਗੁਰਇੰਦਰ ਸਿੰਘ ਪਾਲ

ਨਵੰਬਰ 27, 2022.




.