.

ਇਨਸਾਨੀਅਤ

ਸ਼ਬਦ ਕੋਸ਼ ਅਨੁਸਾਰ ਇਨਸਾਨੀਅਤ ਤੇ ਸ੍ਰੇਸ਼ਟ (ਅਟੱਲ) ਧਰਮ ਵਿੱਚ ਭੇਦ ਨਹੀ ਜਿਵੇਂ ਇਨਸਾਨੀਅਤ ਚੰਗੇ ਆਚਰਨ ਜਾਂ ਸ਼ੁਭ ਗੁਣਾ ਦਾ ਨਾਮ ਹੈ ਤੇ ਧਰਮ ਵੀ ਸ਼ੁਭ ਅਮਲਾਂ ਜਾਂ ਨੈਤਿਕ ਗੁਣਾ ਨੂੰ ਹੀ ਕਿਹਾ ਜਾਂਦਾ ਹੈ। ਧਰਮ ਬਿਨਾ ਇਨਸਾਨੀਅਤ ਨਹੀ ਤੇ ਇਨਸਾਨੀਅਤ ਬਿਨਾ ਧਰਮ ਨਹੀ, ਪਰ ਮੌਜੂਦਾ ਸਮੇ ਵਿੱਚ ਅਨੇਕ ਅਖੌਤੀ ਧਰਮਾਂ ਦੀ ਮੌਜੂਦਗੀ ਇਹਨਾਂ ਅਰਥਾਂ ਨੂੰ ਆਪਾ ਵਿਰੋਧੀ ਸਾਬਤ ਕਰਦੀ ਹੈ। ਸਮੁੱਚੀ ਮਨੁਖਤਾ ਦਾ ਧਰਮ ਤਾਂ ਇਕੋ ਹੀ ਹੈ ਪਰ ਪ੍ਰਚਲਤ ਅਖੌਤੀ ਧਰਮਾਂ ਵਲ ਇੱਕ ਓਪਰੀ ਝਾਤ ਮਾਰਿਆਂ ਹੀ ਪਤਾ ਲਗ ਜਾਂਦਾ ਹੈ ਕਿ ਅਸਲ ਅਟੱਲ ਤੇ ਸ੍ਰੇਸ਼ਟ ਧਰਮ ਤੋਂ ਥਿੜਕੇ ਤੇ ਖੁਦਗਰਜ਼ ਮਨੁੱਖ ਨੇ ਵਿਕਾਰਾਂ ਵਸ ਹੋ ਕੇ ਧਰਮ ਦੀ ਵਿਆਖਿਆ ਹੀ ਬਦਲ ਦਿੱਤੀ ਹੈ ਅਤੇ ਇਸ ਲਈ ਇਹ ਜ਼ਰੂਰੀ ਨਹੀ ਕਿ ਅਜ ਦਾ ਦਿਸਦਾ ਅਖੌਤੀ ਧਰਮੀ ਮਨੁੱਖ ਚੰਗਾ ਇਨਸਾਨ ਵੀ ਸਾਬਤ ਹੋਵੇ। ਪ੍ਰਚਲਤ ਅਖੌਤੀ ਧਰਮਾਂ ਦੀ ਵਡ੍ਹੀ ਗਿਣਤੀ ਹੀ ਇਸ ਬਦਲੇ ਧਰਮ ਅਰਥਾਂ ਦਾ ਸਬੂਤ ਹੈ। ਇਨਸਾਨੀਅਤ (ਅਟੱਲ ਧਰਮ ਵਾਂਙ) ਮਨੁਖਤਾ ਨੂੰ ਜੋੜਦੀ ਹੈ, ਏਕਤਾ ਪੈਦਾ ਕਰਦੀ ਹੈ, ਪਰ ਅਖੌਤੀ ਧਰਮ ਮਨੁਖਤਾ ਵਿੱਚ ਵੰਡੀਆਂ ਪਾਉਂਦਾ ਹੈ ਜਿਸ ਕਾਰਨ ਬੀਤੇ ਸਮੇ ਵਿੱਚ ਮਹਾਂ ਪੁਰਖਾਂ ਨੇ ਇਹਨਾਂ ਅਖੌਤੀ ਧਰਮਾਂ ਦੀਆਂ ਪ੍ਰਚਲਤ ਰੀਤਾਂ ਰਸਮਾਂ ਤੇ ਨਿਸਫਲ ਕਰਮ ਕਾਂਡਾਂ ਨੂੰ ਅਪਨਾਉਣ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ। ਉਹ ਇਹਨਾਂ ਪੱਖਪਾਤੀ ਤੇ ਇਨਸਾਨੀਅਤ ਵਿੱਚ ਦ੍ਰਾੜਾਂ ਪਾਉਣ ਵਾਲੇ ਅਖੌਤੀ ਧਰਮਾਂ ਨੂੰ ਅਪਨਾਉਣ ਤੋਂ ਇਨਕਾਰੀ ਸਨ। ਨਾ ਉਹ ਹਿੰਦੂ ਸਨ, ਨਾ ਮੁਸਲਮਾਨ, ਨਾ ਇਸਾਈ ਜਾਂ ਹੋਰ ਅਖੌਤੀ ਧਰਮ ਸੰਸਥਾਵਾਂ ਦੇ ਸ਼ਰਧਾਲੂ ਪਰ ਉਹ ਸਾਰੇ ਚੰਗੇ ਇਨਸਾਨੀਅਤ ਗੁਣਾਂ ਦੇ ਧਾਰਨੀ ਜ਼ਰੂਰ ਸਨ। ਮੌਜੂਦਾ ਅਖੌਤੀ ਧਰਮਾਂ ਵਿੱਚ ਹਿੰਦੂ, ਮੁਸਲਿਮ, ਸਿੱਖ ਇਸਾਈ, ਬੋਧੀ, ਆਦਿ--ਤਾਂ ਅਨੇਕ ਪੈਦਾ ਹੋ ਰਹੇ ਹਨ ਪਰ ਕੀ ਉਹ ਸਾਰੇ ਚੰਗੇ ਇਨਸਾਨ ਵੀ ਹਨ? ਜੇ ਚੰਗੇ ਇਨਸਾਨ ਹੁੰਦੇ ਤਾਂ ਅਨੇਕ ਅਖੌਤੀ ਧਰਮਾਂ ਦੀ ਹੋਂਦ ਹੀ ਨਹੀ ਹੋਣੀ ਸੀ। ਇਹਨਾਂ ਅਖੌਤੀ ਧਰਮਾਂ ਦੇ ਕੱਟੜ ਪੁਜਾਰੀਆਂ ਨੇ ਹੀ ਇਨਸਾਨੀਅਤ ਨੂੰ ਬਖੇੜ ਕੇ ਆਪਸ ਵਿੱਚ ਵੈਰ ਵਿਰੋਧ ਤੇ ਈਰਖਾ ਪੈਦਾ ਕੀਤੀ ਹੈ। ਕੀ ਕਿਸੇ ਅਖੌਤੀ ਧਰਮ ਨੂੰ ਅਪਨਾਏ ਬਿਨਾ ਇੱਕ ਚੰਗਾ ਇਨਸਾਨ ਨਹੀ ਬਣਿਆ ਜਾ ਸਕਦਾ?

ਅਖੌਤੀ ਧਰਮ ਕੇਵਲ ਦਿਖਾਵੇ ਦੇ ਬਾਹਰੀ ਕਰਮ ਕਾਂਡਾਂ ਤੇ ਰੀਤਾਂ ਰਸਮਾਂ ਤੇ ਨਿਰਭਰ ਹਨ ਪਰ ਇਨਸਾਨੀਅਤ (ਸ੍ਰੇਸ਼ਟ ਧਰਮ) ਅੰਦਰੂਨੀ ਸ਼ੁਭ ਅਮਲਾਂ ਅਤੇ ਸਦਗੁਣਾਂ ਤੇ ਨਿਰਭਰ ਹੈ। ਧਰਮੀ ਮਨੁੱਖ ਦੀ ਪਹਿਚਾਨ ਉਸ ਦਾ ਪਹਿਰਾਵਾ ਜਾਂ ਬੋਲ ਚਾਲ ਨਹੀ ਹੁੰਦੀ ਬਲਿਕੇ ਉਸ ਦੇ ਦੈਵੀ (ਰੱਬੀ) ਗੁਣ ਤੇ ਸ਼ੁਭ ਕਰਮ ਹੀ ਹੁੰਦੀ ਹੈ। ਜਿਵੇਂ ਹਰ ਮਨੁੱਖ ਦੇ ਮਨ ਦੀ ਵੱਖਰੀ ਤੇ ਬਦਲਵੀਂ ਸਥਿੱਤੀ ਹੋਣ ਕਾਰਨ ਧਰਮ ਇੱਕ ਸੰਸਥਾ ਦਾ ਰੂਪ ਨਹੀ ਹੋ ਸਕਦਾ ਤਿਵੇਂ ਇਨਸਾਨੀਅਤ ਵੀ ਕੋਈ ਸੰਸਥਾ ਰੂਪ ਨਹੀ ਹੋ ਸਕਦੀ। ਅੱਜ ਜੋ ਧਰਮੀ ਤੇ ਚੰਗਾ ਇਨਸਾਨ ਦਿਸਦਾ ਹੈ, ਜ਼ਰੂਰੀ ਨਹੀ ਕਿ ਕ੍ਹਲ ਨੂੰ ਵੀ ਉਸ ਦੇ ਮਨ ਦੀ ਸਥਿੱਤੀ ਇਹੀ ਰਹੇ, ਮਨ ਦੀ ਸਥਿੱਤੀ ਕਿਸੇ ਕਾਰਨ ਕਦੇ ਵੀ ਬਦਲ ਸਕਦੀ ਹੈ। ਕਿਸ਼ਤੀ ਨੂੰ ਕਿਨਾਰੇ ਲਗਣ ਤੋਂ ਪਹਿਲਾਂ ਤੁਫਾਨਾਂ ਦਾ ਸਦਾ ਡਰ ਹੁੰਦਾ ਹੈ ਤੇ ਇਸੇ ਕਾਰਨ ਧਰਮੀ ਜਾਂ ਚੰਗਾ ਇਨਸਾਨ ਹੋਣ ਦਾ ਦਾਹਵਾ ਕਦੇ ਨਹੀ ਕੀਤਾ ਜਾ ਸਕਦਾ ਪਰ ਪ੍ਰਚਲਤ ਅਖੌਤੀ ਧਰਮਾਂ ਵਿੱਚ ਜਿਸ ਨੂੰ ਵੇਖੋ ਉਹੀ ਧਰਮ ਦਾ ਠੇਕੇਦਾਰ ਹੋਣ ਦਾ ਦ੍ਹਾਵਾ ਕਰ ਰਿਹਾ ਹੈ। ਕੋਈ ਸੰਤ ਹੋਣ ਦਾ ਦ੍ਹਾਵਾ ਕਰਦਾ ਹੈ, ਕੋਈ ਬ੍ਰਿਹਮ ਗਿਆਨੀ, ਕੋਈ ਜਥੇਦਾਰ ਬਣਿਆ ਬੈਠਾ ਹੈ ਤੇ ਕੋਈ ਪੀਰ ਦੀ ਗੱਦੀ ਤੇ ਸ਼ਸ਼ੋਭਤ ਹੈ। ਇੱਕ ਪਾਸੇ ਸਰਬੱਤ ਦੇ ਭਲੇ ਲਈ ਅਰਦਾਸਾਂ ਹੋ ਰਹੀਆਂ ਹਨ ਤੇ ਦੂਜੇ ਪਾਸੇ ਵਖਰੇਵਿਆਂ, ਘਿਰਨਾਂ ਤੇ ਵੈਰ ਵਿਰੋਧ ਦੇ ਬੀਜ ਬੋਏ ਜਾ ਰਹੇ ਹਨ। ਇੱਕ ਪਾਸੇ “ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥1299” ਦਾ ਪਾਠ ਪੜ੍ਹਾਇਆ ਜਾਂਦਾ ਹੈ ਤੇ ਦੂਜੇ ਪਾਸੇ ਅਣਖੀਲੀ, ਅਨੋਖੀ ਤੇ ਵਖਰੀ ਕੌਮ ਲਈ ਸੰਘਰਸ਼ ਹੋ ਰਿਹਾ ਹੈ। ਜ਼ਹਿਰ (ਵਖਰੇਵਿਆਂ) ਦਾ ਬੀਜ ਬੋਅ ਕੇ ਅੰਮ੍ਰਿਤ (ਏਕਤਾ ਦੇ) ਫਲ ਦੀ ਆਸ ਨਹੀ ਕੀਤੀ ਜਾ ਸਕਦੀ।

ਇਹ ਅਖੌਤੀ ਧਰਮ ਦੀ ਕਾਢ ਹੁਕਮਰਾਨੀ ਕਰਨ ਲਈ ਸ਼ਾਤਰ ਪੁਜਾਰੀ ਦੀ ਹੀ ਚਾਲ ਹੈ। ਅਟੱਲ ਤੇ ਸ੍ਰੇਸ਼ਟ ਧਰਮ ਕਿਉਂਕਿ ਵਿਅਕਤੀਗਤ ਤੇ ਅੰਦਰੂਨੀ ਮਨ ਦੀ ਸ਼ੁਧਤਾ ਤੇ ਨਿਰਭਰ ਹੈ ਇਸ ਲਈ ਲੈਣ ਵਾਲੇ ਦੀ ਇੱਛਾ ਬਿਨਾ ਨਾ ਕੋਈ ਇਸ ਨੂੰ ਦੇ ਸਕਦਾ ਹੈ ਤੇ ਨਾ ਕੋਈ ਖੋਹ ਸਕਦਾ ਹੈ, ਇਹ ਵਿਅਕਤੀਗਤ ਹੈ। ਕੈਸੀ ਅਜੀਬ ਤੇ ਹਾਸੋਹੀਣ ਗਲ ਹੈ ਕਿ ਜਿਸ ਅਖੌਤੀ ਧਰਮ ਵਿੱਚ ਕੋਈ ਲਿਖਤੀ ਦਾਖਲੇ ਦੀ ਦਰਖਾਸਤ (application) ਹੀ ਨਹੀ ਤਾਂ ਉਸ ਧਰਮ ਵਿਚੋਂ ਛੇਕਣ (dismiss) ਦਾ ਫਤਵਾ ਕਿਵੇਂ ਜਾਰੀ ਕੀਤਾ ਜਾ ਸਕਦਾ ਹੈ? ਕੀ ਅੰਦਰੂਨੀ ਤੇ ਅਦ੍ਰਿਸ਼ਟ ਧਰਮ ਦਾ ਪ੍ਰਮਾਣ-ਪੱਤ੍ਰ ਦੇਣ, ਜਾਂ ਫਤਵਾ ਲਾਉਣ ਵਾਲਾ ਆਪ ਪੂਰਨ ਧਰਮੀ ਹੋਣ ਦਾ ਦ੍ਹਾਵਾ ਕਰ ਸਕਦਾ ਹੈ? ਮਨੁੱਖ ਦੇ ਬਣਾਏ ਇਹ ਅਖੌਤੀ ਧਰਮ ਲੁਟ ਘਸੁਟ ਦਾ ਕਾਰਨ ਹੀ ਬਣੇ ਹੋਏ ਹਨ। ਮਨੁਖੀ ਸੁਤੰਤ੍ਰਤਾ ਇੱਕ ਇਨਸਾਨੀਅਤ ਹੱਕ ਹੈ ਅਤੇ ਇਸ ਤੇ ਧਰਮ ਦੇ ਨਾਮ ਤੇ ਧੱਕਾ ਕਰਨਾ ਜ਼ੁਲਮ, ਅਪਰਾਧ ਤੇ ਗੈਰਕਾਨੂਨੀ ਵੀ ਹੈ। ਇਹਨਾਂ ਇਨਸਾਨੀਅਤ ਹੱਕਾਂ ਦੀ ਰਖਿਆ ਲਈ, ਜ਼ੁਲਮ ਨੂੰ ਰੋਕਣ ਲਈ ਅਤੇ ਮਨੁਖੀ ਸੁਤੰਤ੍ਰਤਾ ਦੀ ਪ੍ਰਾਪਤੀ ਲਈ ਹੀ ਪੁਰਾਤਨ ਮਹਾਂ ਪੁਰਖਾਂ ਨੂੰ ਆਪਣੀਆਂ ਜਾਨਾਂ ਤੇ ਖੇਲਣਾ ਪਿਆ। ਉਹਨਾਂ ਦੀਆਂ ਕੁਰਬਾਨੀਆਂ ਨੂੰ ਅੱਜ ਮਿੱਟੀ ਘਟੇ ਵਿੱਚ ਰੋਲਿਆ ਜਾ ਰਿਹਾ ਹੈ।

ਖੁਦਗਰਜ਼ੀ ਛਡੇ ਬਿਨਾ ਇਨਸਾਨੀਅਤ/ਧਰਮ ਦੀ ਪੌੜੀ ਨਹੀ ਚੜ੍ਹਿਆ ਜਾ ਸਕਦਾ। ਜਿਸ ਮਨੁੱਖ ਨੂੰ ਇਨਸਾਨੀਅਤ (ਖਲਕਤ) ਵਿੱਚ ਖਾਲਕ ਨਹੀ ਦਿਸਿਆ ਉਸ ਨੂੰ ਕਿਸੇ ਅਖੌਤੀ ਧਰਮ ਵਿੱਚ ਵੀ ਰੱਬ ਨਹੀ ਲੱਭਣਾ। ਮਨੁੱਖ ਰੱਬ ਦੀ ਵੀ ਇੱਕ ਮਨੁੱਖੀ ਰੂਪ ਵਿੱਚ ਕਲਪਣਾ ਇਸੇ ਲਈ ਕਰਦਾ ਹੈ ਤਾਂ ਕਿ ਉਹ ਉਸ ਨੂੰ ਵੀ ਆਪਣੀਆਂ ਲੋੜਾਂ ਅਨੁਸਾਰ ਵਰਤ ਸਕੇ। ਹੁਣ ਮਨੁੱਖ ਨੂੰ ਇਸ ਗਲ ਦੀ ਬੜੀ ਪਰੇਸ਼ਾਨੀ ਹੈ ਕਿ ਘਟ ਘਟ ਵਸਦੇ ਅਦ੍ਰਿਸ਼ਟ ਰੱਬ ਨੂੰ ਆਪਣੀਆਂ ਮਨੋ ਕਾਮਨਾਵਾਂ ਦੀ ਪੂਰਤੀ ਲਈ ਕਿਵੇਂ ਵਰਤਿਆ ਜਾਂ ਵੱਸ ਕੀਤਾ ਜਾਵੇ। ਇਹ ਇੱਕ ਅਟੱਲ ਹਕੀਕਤ ਹੈ ਕਿ ਵਿਰਲਿਆਂ ਨੂੰ ਛੱਢ ਕੇ ਕਿਸੇ ਨੂੰ ਵੀ ਰੱਬ ਨਾਲ ਪਿਆਰ ਵਿਆਰ ਨਹੀ, ਕੇਵਲ ਮਤਲਬ (ਖੁਦਗਰਜ਼ੀ) ਦੀ ਯਾਰੀ ਹੈ। ਕੀ ਇਹ ਮੰਨਿਆ ਜਾ ਸਕਦਾ ਹੈ ਕਿ ਮਸੀਤਾਂ, ਮੰਦਰਾਂ, ਚਰਚਾਂ ਤੇ ਗੁਰਦੁਆਰਿਆਂ ਵਿੱਚ ਬੈਠੇ ਅਨੇਕਾਂ ਪੁਜਾਰੀ ਸਚ ਮੁਚ ਰੱਬੀ ਪਿਆਰ ਤੇ ਮਿਲਾਪ ਦੇ ਤਾਂਘਵਾਨ ਹਨ? ਅਨੇਕ ਆਪੂ ਬਣੇ ਸੰਤ, ਮਹਾਤਮਾ, ਪੀਰ, ਪੈਗੰਬਰ ਤੇ ਬਾਬੇ, ਕੀ ਇਹ ਸਭ ਪ੍ਰਭੂ ਪਿਆਰ ਜਾਂ ਮਿਲਾਪ ਦੇ ਚਾਹਵਾਨ ਹਨ? ਕੀ ਅਨੇਕਾਂ ਪਾਠ, ਪੂਜਾ, ਜਾਪ, ਕੀਰਤਨ, ਅਰਦਾਸਾਂ ਤੇ ਹੋਰ ਕਰਮ ਕਾਂਡਾਂ ਦਾ ਮਨੋਰਥ ਸੱਚ ਮੁੱਚ ਰੱਬੀ ਮਿਲਾਪ ਲਈ ਹੈ? ਹਕੀਕਤ ਤਾਂ ਇਹ ਹੈ ਕਿ ਅਗਰ ਮਾਇਆ ਦੇ ਪਿਆਦੇ ਨੂੰ ਇਸ ਧਰਮ ਦੀ ਖੇਡ ਵਿਚੋਂ ਹਟਾ ਲਿਆ ਜਾਵੇ ਤਾਂ ਸਿੱਟਾ ਬੜਾ ਅਸਚਰਜਮਈ ਹੋਵੇਗਾ। ਧਰਮ ਦੇ ਇਹ ਘੜੰਮ ਚੌਧਰੀ ਚੰਗੀ ਤਰਾਂ ਜਾਣਦੇ ਹਨ ਕਿ ਇਹਨਾਂ ਦੇ ਸੰਕਲਪ ਵਾਲਾ ਰੱਬ ਕੋਈ ਨਹੀ, ਕਿਉਂਕਿ ਅਗਰ ਹੁੰਦਾ ਤਾਂ ਪਹਿਲਾਂ ਸ਼ਾਮਤ ਇਹਨਾਂ ਦੀ ਹੈ ਆਉਣੀ ਸੀ। ਧਰਮੀ (ਚੰਗੇ ਇਨਸਾਨ) ਬਣਨ ਲਈ ਧਨ ਦੀ ਲੋੜ ਨਹੀ, ਕਿਸੇ ਕਰਮ ਕਾਂਢ ਦੀ ਲੋੜ ਨਹੀ, ਕਿਸੇ ਵਿਚੋਲੇ ਦੀ ਲੋੜ ਨਹੀ ਬਲਿਕੇ ਗਿਆਨ ਦੁਆਰਾ ਕੀਤੇ ਪਵਿੱਤ੍ਰ, ਅਡੋਲ ਤੇ ਨੀਵੇਂ ਮਨ ਦੀ ਲੋੜ ਹੈ, ਪਰ ਅੱਜ ਅਖੌਤੀ ਧਰਮ ਨੂੰ ਧਨ ਹੀ ਚਲਾ ਰਿਹਾ ਹੈ ਇਸ ਲਈ ਨਤੀਜਾ ਇਹ ਕਿ ਅਖੌਤੀ ਧਰਮ ਇੱਕ ਵਾਪਾਰੀ ਪੇਸ਼ਾ ਹੀ ਬਣ ਕੇ ਰਹਿ ਗਿਆ ਹੈ ਤੇ ਇਨਸਾਨੀਅਤ (ਜਿਸ ਬਿਨਾ ਮਨੁੱਖ ਪਸੂ ਦੀ ਨਿਆਈ ਹੈ) ਪਰ ਲਾ ਕੇ ਅਲੋਪ ਹੁੰਦੀ ਜਾ ਰਹੀ ਹੈ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.




.