.

ਨਿਹੰਗ ਲਾਣੇ ਦਾ ਸੱਚ


ਨਿਹੰਗ ਲਾਣਾ ‘ਸਿਖ‘ ਭਾਈਚਾਰੇ ਦਾ ਮਹੱਤਵਪੂਰਨ ਅੰਗ ਹੈ ਪਰੰਤੂ ਇਹ ਵਰਗ ਆਪਣੇ-ਆਪ ਨੂੰ ਸਿੱਧੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੀ ਗਈ ਵਿਸ਼ੇਸ਼ ਸਿਰਜਣਾ ਹੋਣ ਦਾ ਦਾਵਾ ਕਰਦਾ ਹੈ ਜਦੋਂ ਕਿ ਇਸ ਵਰਗ ਦਾ ਗੁਰੂ ਗੋਬਿੰਦ ਸਿੰਘ ਜੀ ਜਾਂ ਕਿਸੇ ਹੋਰ ਗੁਰੂ ਸਾਹਿਬ ਨਾਲ ਉੱਕਾ ਹੀ ਕੋਈ ਸਬੰਧ ਨਹੀਂ ਬਣਦਾ ।

ਗੁਰੂ ਸਾਰਿਬਾਨ ਵੱਲੋਂ ਆਪਣੇ ਕੋਲ ਫੌਜ ਦੇ ਰੂਪ ਵਿਚ ਹਥਿਆਰਬੰਦ ਦਸਤੇ ਰੱਖਣ ਦੀ ਪਰੰਪਰਾ ਗੁਰੂ ਹਰਿਗੋਬਿੰਦ ਜੀ ਤੋਂ ਅਰੰਭ ਹੁੰਦੀ ਹੈ । ਪਰੰਤੂ ਓਹਨਾਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਦੀਆਂ ਗੁਰੂ-ਫੌਜਾਂ ਦੇ ਸੰਦਰਭ ਵਿਚ ‘ਨਿਹੰਗ’ ਸ਼ਬਦ ਦੀ ਵਰਤੋਂ ਕੀਤੇ ਜਾਣ ਦੀ ਕਿਧਰੇ ਵੀ ਕੋਈ ਸੂਹ ਨਹੀਂ ਮਿਲਦੀ । ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿਚ ਆਪਣੇ ਫੌਜੀ ਦਸਤੇ ਵਿਚ ਸ਼ਾਮਲ ਵਿਅਕਤੀਆਂ ਨੂੰ ‘ਸਿੰਘ‘ ਦਾ ਲਕਬ ਪਰਦਾਨ ਕੀਤਾ ਅਤੇ ‘ਸਿੰਘ‘ ਸ਼ਬਦ ਨੂੰ ਉਹਨਾਂ ਦੇ ਨਾਵਾਂ ਵਿਚ ਸ਼ਾਮਲ ਕਰਨ ਦੀ ਪਰੰਪਰਾ ਵੀ ਕਾਇਮ ਕਰ ਦਿੱਤੀ ਪਰੰਤੂ ਉਹਨਾਂ ਨੇ ਇਹਨਾਂ ਵਿਅਕਤੀਆਂ ਲਈ ‘ਨਿਹੰਗ’ ਸ਼ਬਦ ਦੀ ਕਿਸੇ ਰੂਪ ਵਿਚ ਵੀ ਵਰਤੋਂ ਨਹੀਂ ਸੀ ਕੀਤੀ ।

1708 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦੇਹਾਂਤ ਨਾਲ ਗੁਰੂ-ਕਾਲ ਦੀ ਸਮਾਪਤੀ ਹੋ ਜਾਂਦੀ ਹੈ । ਇਸ ਤੋਂ ਪਿੱਛੋਂ 1716 ਈ. ਤਕ ਬੰਦਾ ਬਹਾਦਰ ਦੀਆਂ ਰਾਜ-ਸੱਤਾ ਦੀ ਪਰਾਪਤੀ ਲਈ ਚਲਾਈਆਂ ਮੁਹਿੰਮਾਂ ਦਾ ਸਮਾਂ ਆਉਂਦਾ ਹੈ । ਇਸ ਸਮੇਂ ਦੌਰਾਨ ਵੀ ਬੰਦਾ ਬਹਾਦਰ ਦੀ ਪਹਿਲਾਂ ਆਪਣੀ ਸਾਂਝੀ ਫੌਜ ਦੇ ਸਬੰਧ ਵਿਚ ਜਾਂ ਇਸ ਵਿੱਚੋਂ ਅੱਗੇ ਜਾ ਕੇ ਬਣੇ ‘ਤੱਤ ਖਾਲਸਾ‘ ਅਤੇ ‘ਬੰਦਈ ਖਾਲਸਾ’ ਨਾਮ ਦੇ ਜੁਝਾਰੂ ਗੁੱਟਾਂ ਦੇ ਸੰਦਰਭ ਵਿਚ ਕਿਧਰੇ ‘ਨਿਹੰਗ’ ਸ਼ਬਦ ਦੀ ਵਰਤੋਂ ਕੀਤੀ ਹੋਈ ਵਿਖਾਈ ਨਹੀਂ ਦੇਂਦੀ । 1716 ਈ. ਵਿਚ ਬੰਦਾ ਬਹਾਦਰ ਦੀ ਹੋਈ ਸ਼ਹੀਦੀ ਤੋਂ ਲੈ ਕੇ ਅਗਲਾ ਦਹਾਕਾ ‘ਸਿੰਘ‘ ਜੁਝਾਰੂਆਂ ਲਈ ਸੰਤਾਪ ਦਾ ਸਮਾਂ ਹੋ ਨਿਬੜਿਆ। ਇਸ ਸਮੇਂ ਵਿਚ ‘ਬੰਦਈ ਖਾਲਸਾ’ ਗੁੱਟ ਤਾਂ ਆਪਣੀ ਹਸਤੀ ਗਵਾ ਬੈਠਾ ਪਰੰਤੂ ‘ਤੱਤ ਖਾਲਸਾ‘ ਗੁੱਟ ਦੇ ਬਾਕੀ ਬਚੇ ਮੁੱਠੀ-ਭਰ ਜੁਝਾਰੂਆਂ ਨੇ ਲਗ-ਭਗ 1725 ਈ. ਦੇ ਸਮੇਂ ਤੋਂ ਆਪਣੇ ਭਾਈਚਾਰੇ ਦੀ ਹੋਂਦ ਨੂੰ ਬਚਾਉਣ ਲਈ ਜਦੋ-ਜਹਿਦ ਅਰੰਭ ਕੀਤੀ ਅਤੇ ਇਕ ਦਹਾਕੇ ਤੋਂ ਥੋੜੇ ਸਮੇਂ ਵਿਚ ਹੀ ਨਵਾਬ ਕਪੂਰ ਸਿੰਘ ਦੀ ਅਗਵਾਈ ਵਿਚ ਜਗੀਰ ਦੇ ਰੂਪ ਵਿਚ ਰਾਜਸੀ ਸੱਤਾ ਹਾਸਲ ਕਰਨ ਵਿਚ ਸਫਲਤਾ ਪਰਾਪਤ ਕਰ ਲਈ । ਇਹ ਜਗੀਰ ਤਾਂ ਦੋ ਸਾਲ ਬਾਦ ਹੀ ਖੁੱਸ ਗਈ ਪਰੰਤੂ ‘ਸਿੰਘ‘ ਜੁਝਾਰੂਆਂ ਦੀ ਚੜ੍ਤਤ ਜਾਰੀ ਰਹੀ । 1738 ਈ. ਦੇ ਲਗ-ਭਗ ਹੋਈ ਭਾਈ ਮਨੀ ਸਿੰਘ ਦੀ ਸ਼ਹੀਦੀ ਤੇਂ ਬਾਦ ਤਕ ਵੀ ‘ਸਿੰਘ’ ਭਾਈਚਾਰੇ ਵਿਚ ਹਾਲੇ ਨਾਂ ਤਾਂ ‘ਸਿਖ’ ਸ਼ਬਦ ਪਰਚਲਤ ਹੋਇਆ ਸੀ ਅਤੇ ਨਾਂ ਹੀ ‘ਨਿਹੰਗ’ ਸ਼ਬਦ ਦੀ ਵਰਤੋਂ ਅਰੰਭ ਹੋਈ ਸੀ ।

ਭਾਈ ਮਨੀ ਸਿੰਘ ਦੀ ਸ਼ਹੀਦੀ ਤੇਂ ਤੁਰੰਤ ਬਾਦ ਉਦਾਸੀ ਫਿਰਕੇ ਦੇ ਕਾਰਕੁੰਨਾਂ ਨੇ ਗੁਰੂ ਅਸਥਾਨਾਂ ਉੱਤੇ ਕਾਬਜ ਹੋ ਕੇ ਓਥੋਂ ਧੋਖੇ ਨਾਲ ਗੁਰੂ ਸਾਹਿਬਾਨ ਦੇ ਨਾਮ ਤੇ ‘ਸਿਖ ਧਰਮ’ ਦਾ ਨਾਂ ਦੇਂਦੇ ਹੋਏ ਇਕ ‘ਹਿੰਦੂ’ ਵੰਨਗੀ ਦਾ ਮਜਹਬ
(religion) ਚਾਲੂ ਕਰ ਦਿੱਤਾ । ‘ਸਿੰਘ’ ਭਾਈਚਾਰੇ ਨੇ ਇਸ ਬ੍ਰਾਹਮਣੀ ਮਜਹਬ ਨੂੰ ਸਹਿਜੇ ਹੀ ਅਪਣਾ ਲਿਆ ਅਤੇ ਇਸ ਦੇ ਨਾਲ ਹੀ ‘ਸਿੰਘ’ ਭਾਈਚਾਰਾ ‘ਸਿਖ’ ਭਾਈਚਾਰੇ ਵਿਚ ਤਬਦੀਲ ਹੋ ਗਿਆ । ਮਿਸਲਾਂ ਦਾ ਰਾਜ ਆ ਜਾਣ ਤੇ ਬ੍ਰਾਹਮਣੀ ਪਰਚਾਰਕ ਨਿਰਮਲਿਆਂ ਨੇ ਹਿੰਦੂ-ਮੱਤ ਦੀ ਦਿੱਖ ਵਾਲੇ ਇਸ ‘ਸਿਖ ਧਰਮ’ ਨੂੰ ਖੂਬ ਪ੍ਰਫੁੱਲਤ ਕੀਤਾ । ਏਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬੰਦਾ ਬਹਾਦਰ ਦੇ ਸਮੇਂ ਤੋਂ ਲੈ ਕੇ ਉਨ੍ਵੀਵੀਂ ਸਦੀ ਤਕ ਪਹਿਲਾਂ ‘ਸਿੰਘ‘ ਅਤੇ ਫਿਰ ‘ਸਿਖ‘ ਅਖਵਾਉਣ ਵਾਲੇ ਜੁਝਾਰੂ ਲੋਕ ਸਦਾ ਗੁਰੂ ਸਾਹਿਬਾਨ ਦੇ ਆਸ਼ੇ ਦੇ ਵਿਪਰੀਤ ਚਲਦੇ ਆਏ ਹਨ ਕਿਉਂਕਿ ਦੋ ਸਦੀਆਂ ਤੋਂ ਵੱਧ ਦੇ ਸਮੇਂ ਦੇ ਗੁਰੂ-ਕਾਲ ਦੌਰਾਨ ਕੋਈ ਨਵਾਂ ਮਜਹਬ ਚਲਾਉਣਾ/ਅਪਣਾਉਣਾ ਜਾਂ ਰਾਜ-ਸੱਤਾ ਦੀ ਪਰਾਪਤੀ ਕਰਨਾ ਕਦੀ ਵੀ ਗੁਰੂ ਸਾਹਿਬਾਨ ਦੇ ਮਾਨਵਵਾਦੀ ਪਰਚਾਰ ਦੇ ਨਿਸ਼ਾਨਿਆਂ ਵਿਚ ਸ਼ਾਮਲ ਨਹੀਂ ਸੀ ਰਿਹਾ।

ਭਾਰਤ ਦੇ ਮੁਗਲ ਬਾਦਸ਼ਾਹ ਔਰੰਗਜੇਬ ਦੀ ਮੌਤ ਤੋਂ ਬਾਦ ਦੇ ਸਮੇ ਵਿਚ ਮੁਗਲ ਹਕੂਮਤ ਵਿਚ ਭਾਰੀ ਕਮਜੋਰੀ ਛਾ ਜਾਣ ਦਾ ਰੁਝਾਨ ਬਣਿਆਂ ਆ ਰਿਹਾ ਸੀ ਅਤੇ ਅਠਾਰ੍ਵਵੀਂ ਸਦੀ ਈਸਵੀ ਦੇ ਚੌਥੇ ਦਹਾਕੇ ਤਕ ਪਹੁੰਚਦਿਆਂ ਹਕੂਮਤ ਦੀ ਕਮਜੋਰੀ ਕਰਕੇ ਅਤੇ ‘ਸਿਖ’ ਜੁਝਾਰੂਆਂ ਦੇ ਸਿਰੜ ਅਤੇ ਬਹਾਦਰੀ ਦੇ ਜਜਬੇ ਕਾਰਨ ਉਹਨਾਂ ਦੀ ਚੜ੍ਤਤ ਵਿਚ ਖੂਬ ਵਾਧਾ ਹੋ ਗਿਆ ਸੀ । ਓਧਰ 1739 ਈ. ਵਿਚ ਇਰਾਨ ਦੇ ਤਾਕਤਵਰ ਬਾਦਸ਼ਾਹ ਨਾਦਰ ਸ਼ਾਹ ਨੇ ਭਾਰਤ ਆ ਕੇ ਭਾਰੀ ਲੁੱਟ ਮਚਾਈ ਅਤੇ ਵੱਡੇ ਪੱਧਰ ਤੇ ਕਤਲੇਆਮ ਕੀਤਾ । ਜਦੋਂ ਉਸਦੀਆਂ ਫੌਜਾਂ ਪੰਜਾਬ ਦੇ ਵਿੱਚੋਂ ਦੀ ਵਾਪਸ ਜਾ ਰਹੀਆਂ ਸਨ ਤਾਂ ‘ਸਿੰਘ’ ਜੁਝਾਰੂਆਂ ਨੇ ਉਹਨਾਂ ਉੱਤੇ ਅਚਨਚੇਤ ਹਮਲੇ ਕਰਕੇ ਲੁੱਟ ਦੇ ਮਾਲ ਵਿੱਚੋਂ ਹਿੱਸਾ ਵੰਡਾਇਆ । 1748 ਈ. ਦੇ ਅਰੰਭ ਵਿਚ ਕਾਬਲ ਦੇ ਹਾਕਮ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਪਹਿਲਾ ਹਮਲਾ ਕੀਤਾ ਅਤੇ ਫਿਰ 1765 ਈ. ਤਕ ਉਸ ਨੇ ਭਾਰਤ ਉੱਤੇ ਲਗਾਤਾਰ ਛੇ ਹੋਰ ਹਮਲੇ ਕੀਤੇ ।

1748 ਈ. ਤਕ ਹੀ ‘ਸਿੰਘ/ਸਿਖ’ ਜੁਝਾਰੂਆਂ ਨੇ ‘ਦਲ ਖਾਲਸਾ’ ਜੱਥੇਬੰਦੀ ਦੇ ਝੰਡੇ ਥੱਲੇ ਆਪਣੇ-ਆਪ ਨੂੰ ਪੂਰੀ ਤਰਾਂ ਸੰਗਠਿਤ ਕਰ ਲਿਆ ਸੀ । ‘ਦਲ ਖਾਲਸਾ’ ਦੇ ਗਿਆਰਾਂ ਜੱਥੇ ਬਣਾਏ ਗਏ, ਜੱਸਾ ਸਿੰਘ ਆਹਲੂਵਾਲੀਆ ਨੂੰ ‘ਦਲ ਖਾਲਸਾ’ ਦਾ ਮੁੱਖੀ ਥਾਪਿਆ ਗਿਆ ਅਤੇ ਇਸ ਜੱਥੇਬੰਦੀ ਵਿਚ ਸ਼ਾਮਲ ਗਿਆਰਾਂ ਜੱਥਿਆਂ ਵਿੱਚੋਂ ਹਰੇਕ ਨੂੰ ‘ਮਿਸਲ’ ਦਾ ਨਾਮ ਦਿੱਤਾ ਗਿਆ । ‘ਦਲ ਖਾਲਸਾ’ ਵਿਚ ਸ਼ਾਮਲ ਗਿਆਰਾਂ ਵਿੱਚੋਂ ਦਸਾਂ ‘ਮਿਸਲਾਂ’ ਦਾ ਤਾਂ ਸਪਸ਼ਟ ਟੀਚਾ ਰਾਜ-ਪਰਾਪਤੀ ਹੀ ਸੀ ਜਿਸ ਨੂੰ ਹਾਸਲ ਕਰਨ ਲਈ ਉਹਨਾਂ ਨੂੰ ਇਕ ਪਾਸੇ ਮੁਗਲ ਸਾਮਰਾਜ ਅਤੇ ਦੂਸਰੇ ਪਾਸੇ ਬਦੇਸ਼ੀ ਹਮਲਾਵਰਾਂ ਨਾਲ ਸਖਤ ਟੱਕਰ ਲੈਣੀ ਪਏ ਰਹੀ ਸੀ । ਪਰੰਤੂ ਗਿਆਰ੍ਵਵੀਂ ਮਿਸਲ ਦਾ ਨਿਸ਼ਾਨਾ ਰਾਜ-ਪਰਾਪਤੀ ਉੱਕਾ ਹੀ ਨਹੀਂ ਸੀ । ‘ਮਿਸਲ ਸ਼ਹੀਦਾਂ’ ਨਾਮ ਦੀ ਇਸ ਮਿਸਲ ਦਾ ਨਿਸ਼ਾਨਾ ਕੇਵਲ ਮੁਸਲਮਾਨ ਹਾਕਮਾਂ ਅਤੇ ਬਦੇਸ਼ੀ ਹਮਲਾਵਰਾਂ ਦੇ ਖਿਲਾਫ ਜੂਝਣਾਂ ਅਤੇ ਦੂਸਰੀਆਂ ਮਿਸਲਾਂ ਦੀ ਨਿਸਵਾਰਥ ਸਹਾਇਤਾ ਕਰਨਾ ਸੀ । ਇਸ ਮਿਸਲ ਦੇ ਜੁਝਾਰੂਆਂ ਵਿਚ ਸੰਘਰਸ਼ ਕਰਦੇ ਸਮੇਂ ਜਾਨ ਤਕ ਦੀ ਕੁਰਬਾਨੀ ਦੇਣ ਤੋਂ ਵੀ ਕੋਈ ਝਿਜਕ ਨਹੀਂ ਸੀ ਅਤੇ ਏਸੇ ਕਰਕੇ ਹੀ ਇਸ ਦਾ ਨਾਮ ‘ਮਿਸਲ ਸ਼ਹੀਦਾਂ’ ਰੱਖਿਆ ਹੋਇਆ ਸੀ । ਪਰੰਤੂ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਅਠਾਰ੍ਵਵੀਂ ਸਦੀ ਦੇ ਮੱਧ ਤੇ ਆ ਕੇ ਵੀ ‘ਸਿਖ’ ਜੁਝਾਰੂਆਂ ਦੇ ਸਬੰਧ ਵਿਚ ‘ਨਿਹੰਗ’ ਸ਼ਬਦ ਦੀ ਵਰਤੋਂ ਦੀ ਪਰੰਪਰਾ ਨਹੀਂ ਬਣੀ ਸੀ ।

ਅਹਿਮਦ ਸ਼ਾਹ ਅਬਦਾਲੀ ਦੇ ਸੱਤ ਹਮਲਿਆਂ ਵਿੱਚੋਂ ਹਰੇਕ ਦੇ ਮੌਕੇ ਉੱਤੇ ‘ਦਲ ਖਾਲਸਾ’ ਦੇ ‘ਸਿਖ’ ਜੁਝਾਰੂਆਂ ਨੇ ਉਸ ਨਾਲ ਫੱਸਵੀਂ ਟੱਕਰ ਲੈਣਾ ਜਾਰੀ ਰੱਖਿਆ । ਇਹਨਾਂ ਲੜਾਈਆਂ ਵਿਚ ਦੁਸ਼ਮਣ ਉੱਤੇ ਅਚਨਚੇਤ ਹਮਲਾ ਕਰਨਾ ‘ਸਿਖ’ ਜੁਝਾਰੂਆਂ ਦੀ ਯੁੱਧ-ਨੀਤੀ ਦਾ ਵਿਸ਼ੇਸ਼ ਪਹਿਲੂ ਰਿਹਾ ਸੀ । ਉਹਨਾਂ ਦੀ ਅਜਿਹੀ ਯੁੱਧ-ਨੀਤੀ ਨੂੰ ਸਾਹਮਣੇ ਰੱਖਦੇ ਹੋਏ ਅਬਦਾਲੀ ਦੇ ਫੌਜੀ ‘ਸਿਖ’ ਲੜਾਕੂਆਂ ਨੂੰ ‘ਨਿਹੰਗ’ ਕਹਿਣ ਲੱਗ ਪਏ । ‘ਨਿਹੰਗ’ ਫਾਰਸੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ‘ਮਗਰਮੱਛ’ ਤੋਂ ਹੈ ਜੋ ਆਪਣੇ ਸ਼ਿਕਾਰ ਉੱਤੇ ਅਚਨਚੇਤ ਅਤੇ ਜਬਰਦਸਤ ਹਮਲਾ ਕਰਨ ਲਈ ਮਸ਼ਹੂਰ ਹੈ। ਮੁਸਲਮਾਨ ਹਮਲਾਵਰਾਂ ਨੇ ਇਹ ਲਕਬ ਅਠਾਰ੍ਹਵੀ ਸਦੀ ਈਸਵੀ ਦੇ ‘ਸਿੱਖ’ ਜੁਝਾਰੂਆਂ ਨੂੰ ਉਹਨਾਂ ਦੀ ਅਚਨਚੇਤ ਹਮਲਾ ਕਰਨ ਵਾਲੀ (ਗੁਰੀਲਾ) ਰਣ-ਨੀਤੀ ਨੂੰ ਸਾਹਮਣੇ ਰੱਖਦਿਆਂ ਦਿੱਤਾ ਸੀ ਪਰੰਤੂ ਇਹ ਲਕਬ ਸਾਰੇ ‘ਸਿੱਖ’ ਜੁਝਾਰੂਆਂ ਲਈ ਵਰਤਿਆ ਜਾਂਦਾ ਸੀ ਨਾ ਕਿ ‘ਦਲ ਖਾਲਸਾ’ ਦੇ ਅੰਦਰ ਦੇ ਜਾਂ ਬਾਹਰ ਦੇ ਕਿਸੇ ਵਿਸ਼ੇਸ਼ ਗੁੱਟ ਵਿਚ ਸ਼ਾਮਲ ਵਿਅਕਤੀਆਂ ਲਈ । ਭਾਵ, 1765 ਈ. ਤਕ ‘ਸਿਖ’ ਜੁਝਾਰੂਆਂ ਦਾ ਅਜਿਹਾ ਕੋਈ ਇਕ ਜੱਥਾ ਹੋਂਦ ਵਿਚ ਨਹੀਂ ਸੀ ਆਇਆ ਜਿਸ ਦਾ ਨਾਮ ‘ਨਿਹੰਗ ਜੱਥਾ’ ਹੋਵੇ । ਬਦੇਸ਼ੀ ਹਮਲਾਵਰਾਂ ਲਈ ਸਾਰੇ ‘ਸਿਖ’ ਜੁਝਾਰੂ ਲੋਕ ‘ਨਿਹੰਗ’ ਸਨ ।

ਅਠਾਰ੍ਹਵੀ ਸਦੀ ਈਸਵੀ ਦੇ ਦੂਸਰੇ ਅੱਧ ਵਿਚ ਕਠਨਾਈਆਂ ਦੇ ਬਾਵਜੂਦ ਮਿਸਲਾਂ ਦੇ ਰਾਜ ਸਥਾਪਤ ਹੋਣ ਲੱਗ ਪਏ ਸਨ । ਇਸ ਸਦੀ ਦੇ ਅੰਤ ਤਕ ਪਹੁੰਚਦਿਆਂ ਮਿਸਲਾਂ ਵਿਚ ਸ਼ਾਮਲ ਜੁਝਾਰੂ ‘ਸਿਖ’ ਰਾਜ-ਕਾਰਜਾਂ ਵਿਚ ਮਸਤ ਹੋ ਗਏ ਅਤੇ ਉਹਨਾਂ ਦੀਆਂ ਜੰਗੀ ਮੁਹਿੰਮਾਂ ਖਤਮ ਹੋ ਗਈਆਂ । ਉਨ੍ਵੀਵੀਂ ਸਦੀ ਦੇ ਅਰੰਭ ਤੋਂ ਰਣਜੀਤ ਸਿੰਘ ਨੇ ਸਤਲੁਜ ਦਰਿਆ ਦੇ ਪੱਛਮ ਵਿਚ ਸਥਿਤ ਦੂਸਰੀਆਂ ਮਿਸਲਾਂ ਦੇ ਰਾਜਾਂ ਅਤੇ ਹੋਰ ਰਿਆਸਤਾਂ (ਕਪੂਰਥਲਾ ਰਿਆਸਤ ਨੂੰ ਛੱਡ ਕੇ) ਨੂੰ ਆਪਣੇ ਅਧੀਨ ਕਰਦੇ ਹੋਏ ਇਕ ਵਿਸ਼ਾਲ ਰਾਜ ਸਥਾਪਤ ਕਰ ਲਿਆ । ਉਨ੍ਵੀਵੀਂ ਸਦੀ ਵਿਚ ਪਹੁੰਚਦਿਆਂ ਬਾਕੀ ਮਿਸਲਾਂ ਵਿਚ ਸ਼ਾਮਲ ਰਹੇ ਵਿਅਕਤੀਆਂ ਨੇ ਤਾਂ ‘ਨਿਹੰਗ’ ਲਕਬ ਦਾ ਤਿਆਗ ਕਰ ਦਿੱਤਾ ਪਰੰਤੂ ‘ਮਿਸਲ ਸ਼ਹੀਦਾਂ’ ਵਿਚ ਸ਼ਾਮਲ ਰਹੇ ਲੋਕਾਂ ਨੇ ਆਪਣੇ ਨਾਲ ‘ਨਿਹੰਗ’ ਵਾਲਾ ਇਹ ਲਕਬ ਲਗਾਉਣਾ ਜਾਰੀ ਰੱਖਿਆ ਜਿਸ ਨਾਲ ਇਕ ਵੱਖਰੀ ’ਨਿਹੰਗ’ ਬਰਾਦਰੀ ਹੋਂਦ ਵਿਚ ਆ ਗਈ । ਪਰੰਤੂ ਇਹ ਬਰਾਦਰੀ ਅੱਗੋਂ ਕਈ ਟੋਲਿਆਂ/ਜੱਥਿਆਂ/ਦਲਾਂ ਵਿਚ ਵੰਡੀ ਗਈ । ਇਸ ਤਰ੍ਵਾਂ ’ਨਿਹੰਗ’ ਬਰਾਦਰੀ ’ਸਿਖ’ ਭਾਈਚਾਰੇ ਦੇ ਇਕ ਨਿਵੇਕਲੇ ਉਪ-ਵਰਗ ਵਜੋਂ ਅਠਾਰ੍ਹਵੀ ਸਦੀ ਈਸਵੀ ਦੇ ਐਨ ਅੰਤ ਉੱਤੇ ਜਾ ਕੇ ਹੋਂਦ ਵਿਚ ਆਉਂਦੀ ਹੈ । ਪਰੰਤੂ ਇਹਨਾਂ ‘ਨਿਹੰਗ’ ਜੱਥਿਆਂ ਵੱਲੋਂ ਕਿਸੇ ਹੋਰ ਸਿਹਤਮੰਦ ਰੁਝੇਵੇਂ ਨੂੰ ਨਾ ਅਪਣਾਏ ਜਾਣ ਕਰਕੇ, ਪਰੀਵਾਰਿਕ ਜੀਵਨ ਨੂੰ ਨਕਾਰਨ ਕਰਕੇ ਅਤੇ ਸਮਾਜ ਵੱਲੋਂ ਨਿਰਲੇਪ ਰਹਿ ਕੇ ਪਰੰਪਰਾਈ ਜੀਵਨ-ਸ਼ੈਲੀ ਦੇ ਧਾਰਨੀ ਵਣੇ ਰਹਿਣ ਕਰਕੇ ਸਮੇਂ ਨਾਲ ਇਹਨਾਂ ਵਿਚ ਵਿਹਲੜਪੁਣਾ ਆਣ ਵੜਿਆ ਅਤੇ ਇਹਨਾਂ ਵਿਚ ਸ਼ਾਮਲ ਲੋਕ ਆਲਸ, ਕਮਚੋਰੀ, ਨਸ਼ਿਆਂ, ਅਪਹੁਦਰੇਪਨ, ਹੈਂਕੜਬਾਜ਼ੀ, ਅਵਾਰਗੀ, ਮੁਫਤਖੋਰੀ, ਬਗਾਵਤੀ ਵਿਵਹਾਰ, ਅਨੁਸ਼ਾਸਣਹੀਣਤਾ, ਸਭਿਆਚਾਰਕ ਪਛੜੇਵੇਂ, ਘੁਮੱਕੜੀ ਰਹਿਣੀ-ਬਹਿਣੀ, ਅਨਪੜ੍ਤਤਾ ਅਤੇ ਜਰਾਇਮ-ਪ੍ਰਵਿਰਤੀ ਦਾ ਸ਼ਿਕਾਰ ਹੋ ਗਏ । ‘ਮਿਸਲ ਸ਼ਹੀਦਾਂ’ ਵਾਲਾ ਕੋਈ ਆਦਰਸ਼ ਜਾਂ ਗੁਣ ਇਹਨਾਂ ਦੇ ਨੇੜੇ-ਤੇੜੇ ਨਾ ਰਿਹਾ ਅਤੇ ਅਠਾਰ੍ਦਵੀਂ ਸਦੀ ਦੀਆਂ ਪਰੰਪਰਾਵਾਂ ਨਾਲ ਚਿੰਬੜੇ ਰਹਿਣ ਦੀ ਪ੍ਰਵਿਰਤੀ ਦੇ ਕਾਰਨ ਇਹ ਲੋਕ ਉਚਿਤ ਮਾਨਸਿਕ ਵਿਕਾਸ ਤੋਂ ਵਾਂਝੇ ਹੋ ਗਏ । ਉਂਜ ਕਈ ਚੰਗੀ ਖੁਲ੍ਹੀ ਜ਼ਮੀਨ-ਜਾਇਦਾਦ ਵਾਲੇ ਗੁਰਦੁਆਰੇ ਇਹਨਾਂ ਦਲਾਂ ਨੇ ਆਪਣੇ ਕਬਜ਼ੇ ਹੇਠਾਂ ਕਰ ਲਏ ।

ਅਜੋਕੇ ਸਮੇਂ ਵਿਚ ਵੀ ‘ਨਿਹੰਗ’ ਲਾਣੇ ਦੇ ਸਭਿਆਚਾਰਕ ਪਛੜੇਵੇਂ ਅਤੇ ਅਨਉਚਿਤ ਵਿਵਹਾਰ ਰਾਹੀਂ ਸਮਾਜਿਕ ਪੱਧਰ ਤੇ ਕਈ ਸਮੱਸਿਆਵਾਂ ਉਪਜਦੀਆਂ ਰਹਿੱਦੀਆਂ ਹਨ । ਬੇਰੁਜਗਾਰੀ, ਆਰਥਿਕ ਮੰਦਹਾਲੀ, ਨਸ਼ਾਖੋਰੀ, ਜੁਰਮ ਅਤੇ ਮਾਨਸਿਕ ਤਨਾਵ ਦੇ ਇਸ ਦੌਰ ਵਿਚ ਕਾਫੀ ਵੱਡੀ ਗਿਣਤੀ ਵਿਚ ਲੋਕ ‘ਨਿਹੰਗ’ ਟੋਲਿਆਂ ਨਾਲ ਜੁੜਨ ਦਾ ਰੁਝਾਨ ਵਿਖਾ ਰਹੇ ਹਨ । ਸਿੱਟੇ ਵਜੋਂ ‘ਨਿਹੰਗ’ ਲਾਣਾ ਸਮਾਜਕ ਨਿਘਾਰ ਦਾ ਇਕ ਵੱਡਾ ਸਬੱਬ ਬਣਦਾ ਜਾ ਰਿਹਾ ਹੈ ।

ਜੋ ਵੱਡਾ ਝੂਠ ਇਹ ‘ਨਿਹੰਗ’ ਲੋਕ ਬੋਲਦੇ ਆ ਰਹੇ ਹਨ ਉਹ ਇਹ ਹੈ ਕਿ ਉਹ ਅਨਉਚਿਤ ਤੌਰ ਤੇ ਆਪਣੇ-ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਦੇ ਹਨ ਜਦੋਂ ਕਿ ਜਿਵੇਂ ਅਸੀਂ ਉੱਪਰ ਵੇਖ ਆਏ ਹਾਂ, ਅਜੋਕੀ ਵੰਨਗੀ ਦੇ ‘ਨਿਹੰਗ’ ਟੋਲੇ ਅਠਾਰ੍ਹਵੀ ਸਦੀ ਈਸਵੀ ਦੇ ਅਖੀਰਲੇ ਦਹਾਕੇ ਦੀ ਉਪਜ ਹਨ । ਆਪਣੇ ਇਸ ਝੂਠ ਨੂੰ ਪੱਕਾ ਕਰਨ ਲਈ ਇਹ ਆਪਣੇ-ਆਪ ਨੂੰ ‘ਗੁਰੂ ਗੋਬਿੰਦ ਸਿੰਘ ਦੀਆਂ ਲਾਡਲੀਆਂ ਫੌਜਾਂ’ ਹੇਣ ਦੀ ਫੋਕੀ ਫੜ੍ਵ ਮਾਰਦੇ ਹਨ, ਅਖੌਤੀ ‘ਦਸਮ ਗ੍ਰੰਥ’ ਨੂੰ ਗੁਰਬਾਣੀ-ਗ੍ਰੰਥ ਦੇ ਬਰਾਬਰ ਮਾਨਤਾ ਦੇਂਦੇ ਹਨ ਅਤੇ ਆਪਣੀ ਨਿਵੇਕਲੀ ‘ਰਹਿਤ-ਮਰਿਆਦਾ’ ਬਣਾਈ/ਅਪਣਾਈ ਬੈਠੇ ਹਨ । ਨਿਸਚੇ ਹੀ ਅਜਿਹਾ ਸਾਰਾ ਕੁਝ ਉਹ ਆਪਣੀਆਂ ਕਮੀਆਂ-ਕਮਜੋਰੀਆਂ ਉੱਤੇ ਪਰਦਾ ਪਾਉਣ ਦੇ ਯਤਨ ਵਜੋਂ ਕਰਦੇ ਹਨ ।

ਉਂਜ ਤਾਂ ‘ਸਿਖ’ ਭਾਈਚਾਰਾ ਆਪਣੇ-ਆਪ ਵਿਚ ਪੂਰੀ ਤਰਾਂ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੇ ਉਲਟ ਭੁਗਤਦਾ ਹੈ ਪਰੰਤੂ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਬਾਹਰਲੀ ਦੁਨੀਆਂ ਵਿਚ ਨਿਹੰਗ ਲਾਣਾ ‘ਸਿਖ’ ਭਾਈਚਾਰੇ ਦਾ ਮਾਡਲ ਬਣ ਕੇ ਉਭਰਦਾ ਹੈ । 1947 ਈ. ਵਿਚ ਭਾਰਤ ਸਰਕਾਰ ਵੱਲੇਂ ਇਕ ਪ੍ਰਬੰਧਕੀ ਹੁਕਮ ਜਾਰੀ ਕੀਤਾ ਗਿਆ ਕਿ ‘ਸਿੱਖਾਂ’ ਪ੍ਰਤੀ ਸੁਚੇਤ ਰਿਹਾ ਜਾਵੇ ਕਿਉਂਕਿ ਉਹ ‘ਕਾਨੂੰਨ ਤੋਂ ਆਕੀ ਹੋ ਕੇ ਚੱਲਣ ਵਾਲੇ ਲੋਕ’ ਹਨ । ਜਾਹਰ ਹੈ ਕਿ ਇਹ ਹੁਕਮ ਨਿਹੰਗ ਲਾਣੇ ਵਿਚ ਸ਼ਾਮਲ ਲੋਕਾਂ ਦੀ ਪੱਛੜੀ ਸੋਚ ਅਤੇ ਉਹਨਾਂ ਦੇ ਅਨਉਚਿਤ ਵਿਵਹਾਰ ਨੂੰ ਸਾਹਮਣੇ ਰੱਖਦੇ ਹੋਏ ਹੀ ਜਾਰੀ ਕੀਤਾ ਗਿਆ ਹੋਵੇਗਾ ਪਰੰਤੂ ਇਸ ਹੁਕਮ ਰਾਹੀਂ ਸਮੁੱਚਾ ‘ਸਿਖ’ ਭਾਈਚਾਰਾ ਹੀ ਦੋਸ਼ੀ ਗਰਦਾਨਿਆ ਗਿਆ (ਸਰਕਾਰੀ ਮੁਲਾਜਮ ਰਿਹਾ ਇਕ ਸ਼ਰਾਰਤੀ ਕਿਸਮ ਦਾ ‘ਸਿਖ’ ਵਿਦਵਾਨ ਅਨਉਚਿਤ ਤੌਰ ਤੇ ਇਹ ਪਰਚਾਰ ਕਰਦਾ ਰਿਹਾ ਕਿ ਸਬੰਧਤ ਹੁਕਮ ਰਾਹੀਂ ‘ਸਿੱਖਾਂ’ ਨੂੰ ‘ਜਰਾਇਮ-ਪੇਸ਼ਾ ਲੋਕ’ ਕਿਹਾ ਗਿਆ ਸੀ ਜੋ ਕਿ ਸਹੀ ਨਹੀਂ) ।

ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ ।




.