.

(ਸੰਪਾਦਕੀ ਨੋਟ:- ਸਿੱਖ ਧਰਮ ਨਾਲ ਸੰਬੰਧਿਤ ਵਿਦਵਾਨਾ ਅਤੇ ਭਗਤ ਸਿੰਘ ਦੀ ਸੋਚ ਵਾਲੇ ਵਿਦਵਾਨਾ ਖਾਸ ਕਰਕੇ ਜਿਹੜੇ ਮਾਰਕਸੀ ਵਿਚਾਰਾਂ ਵਾਲੇ ਹਨ, ਮੈਨੂੰ ਇਨ੍ਹਾਂ ਤੇ ਕੋਈ ਬਹੁਤਾ ਭਰੋਸਾ ਨਹੀਂ ਰਿਹਾ ਕਿ ਜੋ ਕੁੱਝ ਇਹ ਕਹਿੰਦੇ ਹਨ ਸੱਚ ਵੀ ਹੈ ਜਾਂ ਨਹੀਂ। ਕਿਉਂਕਿ ਜੋ ਕੁੱਝ ਵੀ ਸਾਡੇ ਜੀਉਂਦੇ ਜੀਅ ਅੱਖਾਂ ਸਾਹਮਣੇ ਵਾਪਰਿਆ ਹੈ ਉਸ ਨੂੰ ਇਹ ਸਾਰੇ ਕਿਸ ਤਰ੍ਹਾਂ ਝੂਠ ਬੋਲ-ਬੋਲ ਕੇ ਲੋਕਾਈ ਸਾਹਮਣੇ ਪਰੋਸ ਰਹੇ ਹਨ। ਸੰਨ 1984 ਦੇ ਬਿਰਤਾਂਤ ਬਾਰੇ ਅਤੇ ਭਿੰਡਰਾਂਵਾਲੇ ਸਾਧ ਬਾਰੇ ਜਿੰਨਾ ਗੁਮਰਾਹਕੁਨ ਪ੍ਰਚਾਰ ਮਾਰਕਸੀ ਵਿਚਾਰਧਾਰਾ ਵਿਚੋਂ ਸਿੱਖਾਂ ਵਿੱਚ ਰਲੇ ਵਿਦਵਾਨਾ ਨੇ ਕੀਤਾ ਹੈ ਅਤੇ ਕਰ ਰਹੇ ਹਨ ਉਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਸ਼ਾਇਦ ਇਸੇ ਤਰ੍ਹਾਂ ਦੇ ਵਿਦਵਾਨਾ ਨੇ ਹੀ ਭਗਤ ਸਿੰਘ ਬਾਰੇ ਕੀਤਾ ਹੋਵੇਗਾ। ਇਸੇ ਤਰ੍ਹਾਂ ਦਾ ਇੱਕ ਵਿਦਵਾਨ ਜਿਹੜਾ ਕਿ ਹੁਣ ਸੰਸਾਰ ਤੋਂ ਜਾ ਚੁੱਕਾ ਹੈ ਉਸ ਨੇ ਇੱਕ ਕਿਤਾਬ ਵੀ ਭਿੰਡਰਾਂਵਾਲੇ ਸਾਧ ਬਾਰੇ ਲਿਖੀ ਸੀ। ਉਸ ਨੇ ਮੈਂਨੂੰ ਵੀ ਕਈ ਲੇਖ ਭੇਜੇ ਸਨ। ਜਿਨ੍ਹਾਂ ਵਿੱਚ ਬਹੁਤਾ ਕੁੱਝ ਝੂਠ ਲਿਖਿਆ ਹੁੰਦਾ ਸੀ। ਉਸ ਦੇ ਲੇਖਾਂ ਵਿੱਚ ਬਹੁਤੇ ਹਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਦੇ ਨਾਮ ਤੇ ਲਿਖੀ ਜਾਹਲੀ ਕਿਤਾਬ ਵਿਚੋਂ ਹੁੰਦੇ ਸਨ ਅਤੇ ਕੁੱਝ ਤੁਕਾਂ ਦਸਮ ਗ੍ਰੰਥ ਵਿਚੋਂ ਹੁੰਦੀਆਂ ਸਨ। ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਉਹ ਜਾਹਲੀ ਕਿਤਾਬ ਕਿਸੇ ਖਾਸ ਮਕਸਦ ਨੂੰ ਮੁੱਖ ਰੱਖ ਕੇ ਲਿਖੀ ਗਈ ਸੀ ਜਾਂ ਲਿਖਵਾਈ ਗਈ ਸੀ। ਧਰਮ ਦੇ ਨਾਮ ਤੇ ਗੁਮਰਾਹ ਕਰਨ ਵਾਲੇ ਅਤੇ ਆਪਣੇ ਮਗਰ ਲਾਉਣ ਵਾਲੇ ਲੋਕ ਭਿੰਡਰਾਂਵਾਲੇ ਸਾਧ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਹਨ। ਇਸੇ ਤਰ੍ਹਾਂ ਧਰਮ ਨੂੰ ਨਾ ਮੰਨਣ ਵਾਲੇ ਭਗਤ ਸਿੰਘ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਹਨ ਅਤੇ ਉਸ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰ ਰਹੇ ਹਨ। ਇਸ ਵੇਲੇ ਦੀ ਪੰਜਾਬ ਸਰਕਾਰ ਵੀ ਉਨ੍ਹਾਂ ਵਿਚੋਂ ਇੱਕ ਹੈ। ਇਹ ਇੱਕ ਦੂਸਰੇ ਦੇ ਹੀਰੋ ਨੂੰ ਅੱਤਵਾਦੀ ਵੀ ਕਹਿ ਰਹੇ ਹਨ। ਪਿਛਲੇ ਦਿਨੀ ਸਿਮਰਨਜੀਤ ਸਿੰਘ ਮਾਨ ਨੇ ਜੋ ਭਗਤ ਸਿੰਘ ਬਾਰੇ ਕਿਹਾ ਸੀ ਉਸ ਬਾਰੇ ਮੀਡੀਏ ਵਿੱਚ ਕਾਫੀ ਚਰਚਾ ਹੋਈ ਸੀ। ਲਾਲਾ ਲਾਜਪਤ ਰਾਏ ਬਾਰੇ ਕਪੂਰ ਸਿੰਘ ਕੁੱਝ ਹੋਰ ਲਿਖਦਾ ਹੈ ਪਰ ਭਗਤ ਸਿੰਘ ਨੂੰ ਹੀਰੋ ਮੰਨਣ ਵਾਲੇ ਕੁੱਝ ਹੋਰ ਕਹਿੰਦੇ ਹਨ। ਇਸੇ ਤਰ੍ਹਾਂ ਭਗਤ ਸਿੰਘ ਬਾਰੇ ਭਾਈ ਰਣਧੀਰ ਸਿੰਘ ਜੇਲ ਚਿੱਠੀਆਂ ਵਿੱਚ ਕੁੱਝ ਹੋਰ ਲਿਖਦਾ ਹੈ ਪਰ ਭਗਤ ਸਿੰਘ ਨੂੰ ਹੀਰੋ ਮੰਨਣ ਵਾਲੇ ਕੁੱਝ ਹੋਰ ਕਹਿੰਦੇ ਹਨ। ਇਨ੍ਹਾਂ ਵਿਚੋਂ ਕੌਣ ਸੱਚਾ ਹੈ ਮੇਰੇ ਲਈ ਇਹ ਫੈਸਲਾ ਕਰਨਾ ਮੁਸ਼ਕਲ ਕੰਮ ਹੈ ਕਿਉਂਕਿ ਮੇਰਾ ਇਨ੍ਹਾਂ ਦੋਹਾਂ ਧਿਰਾਂ ਤੋਂ ਸੱਚ ਬੋਲਣ/ਲਿਖਣ ਦਾ ਵਿਸ਼ਵਾਸ਼ ਉੱਠ ਚੁੱਕਾ ਹੈ। ਕੀ ਭਗਤ ਸਿੰਘ ਇੱਕ ਮਾਨਵਵਾਦੀ ਸੋਚ ਵਾਲਾ ਬੰਦਾ ਸੀ? ਇਹ ਲੇਖ ਉਸ ਬਾਰੇ ਹੈ। ਪਾਠਕ ਪੜ੍ਹ ਕੇ ਆਪ ਹੀ ਆਪਣੀ ਸੋਚ ਮੁਤਾਬਕ ਇਸ ਬਾਰੇ ਆਪ ਫੈਸਲਾ ਕਰਨ। ਅੱਜ ਦੀ ਸੋਚ ਮੇਰੀ ਕਿਸ ਤਰ੍ਹਾਂ ਦੀ ਹੈ ਇਸ ਬਾਰੇ ਅੱਜ ਹੀ ਮੈਂ ਇੱਕ ਛੋਟਾ ਜਿਹਾ ਲੇਖ ਲਿਖ ਕੇ ਪਾ ਰਿਹਾ ਹਾਂ ਜਿਹੜਾ ਕਿ ਬਹਾਦਰੀ ਅਤੇ ਅਕਲ ਬਾਰੇ ਹੋਵੇਗਾ।)

ਸ਼ਹੀਦ ਭਗਤ ਸਿੰਘ ਅਤੇ ਮਾਨਵਵਾਦ

(ਭਾਗ ਪਹਿਲਾ)

ਮਨੁੱਖੀ ਹਿਤਾਂ ਦੀ ਪੈਰਵਾਈ ਲਈ ਸਘੰਰਸ਼ ਕਰਨ ਵਾਲੇ ਬਹੁਤ ਇਨਕਲਾਬੀ ਲੋਕ ਹੋਏ ਹਨ ਪਰੰਤੂ ਇਹਨਾਂ ਸਾਰਿਆਂ ਵਿੱਚੋ ਇੱਕ ਨਾਮ ਉੱਭਰ ਕੇ ਸਾਹਮਣੇ ਆਉਦਾ ਹੈ ਜਿਸਨੂੰ ਅਸੀ ਸ਼ਹੀਦ ਭਗਤ ਸਿੰਘ ਕਰਕੇ ਜਾਣਦੇ ਹਾਂ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀ ਨੂੰ ਬੰਗੇ ਚੱਕ 105, ਜਿਲਾ ਲਾਇਲਪੁਰ (ਅਜਕਲ ਪਾਕਿਸਤਾਨ ਵਿਚ) ਵਿੱਚ ਹੋਇਆ। 1931 ਵਿੱਚ ਭਗਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਕਿਸੇ ਸਮੇਂ ਉਹਨਾਂ ਦੇ ਪਰਿਵਾਰ ਵਾਲੇ ਖਟਕੜਕਲਾਂ ਜਿਲਾ ਹੁਸ਼ਿਆਰਪੁਰ (ਅਜਕਲ ਸ਼ਹੀਦ ਭਗਤ ਸਿੰਘ ਨਗਰ) ਵਿੱਚ ਆ ਕੇ ਵਸ ਗਏ।

ਭਗਤ ਸਿੰਘ ਦੇ ਦਾਦਾ ਦਾ ਨਾਮ ਅਰਜਨ ਸਿੰਘ ਸੀ। ਅਰਜਨ ਸਿੰਘ ਸੂਝਵਾਨ ਅਤੇ ਪੜੇ ਲਿੱਖੇ ਵੈਦ ਸਨ ਜੋ ਲੋਕਾਂ ਦਾ ਲਾਗਤ-ਖਰਚੇ ਉੱਪਰ ਇਲਾਜ ਕਰਿਆ ਕਰਦੇ ਸਨ। ਉਹ ਸਿੱਧੇ ਸਾਦੇ ਆਮ ਲੋਕਾਂ ਦੀ ਲੁੱਟ ਕਰਨ ਵਾਲਿਆਂ ਅੱਗੇ ਡਟ ਕੇ ਖਲੋ ਜਾਂਦੇ ਸਨ। ਉਹ ਲੋਕਾਂ ਵਿੱਚ ਅੰਧ-ਵਿਸਵਾਸ ਅਤੇ ਛੂਤ-ਛਾਤ ਨੂੰ ਹਟਾਉਣ ਲਈ ਪਰਚਾਰ ਕਰਦੇ ਸਨ। ਜਦੋ ਭਾਰਤ ਵਿੱਚ ਪਲੇਗ ਦੀ ਬਿਮਾਰੀ ਫੈਲੀ ਤਾਂ ਭਾਰਤ ਦੀ ਅੰਗਰੇਜੀ ਸਰਕਾਰ ਨੇ ਇਸ ਬਿਮਾਰੀ ਨੂੰ ਰੋਕਣ ਲਈ ਲੋਕਾਂ ਦੇ ਘਰਾਂ ਨੂੰ ਅੱਗ ਲਗਾਉਣੀ ਚਾਹੀ ਪਰੰਤੂ ਅਰਜਨ ਸਿੰਘ ਨੇ ਇਹ ਐਲਾਨ ਕੀਤਾ ਕਿ ਪਹਿਲਾਂ ਆਮ ਲੋਕਾਂ ਨੂੰ ਨਵੇਂ ਘਰ ਤੇ ਜਰੂਰਤ ਦੀਆਂ ਵਸਤਾਂ ਦਿੱਤੀਆਂ ਜਾਣ। ਇਸ ਮੁਹਿੰਮ ਵਿੱਚ ਆਮ ਲੋਕਾਂ ਨੇ ਅਰਜਨ ਸਿੰਘ ਦਾ ਸਾਥ ਦਿੱਤਾ ਸੀ ਜਿਸ ਨਾਲ ਅੰਗਰੇਜ ਸਰਕਾਰ ਨੂੰ ਆਪਣਾ ਫੈਸਲਾ ਬਦਲਣਾ ਪਿਆ। ਅਰਜਨ ਸਿੰਘ ਨੇ ਆਪਣੇ ਪੁੱਤਰਾਂ ਨੂੰ ਲੋਕ ਭਲਾਈ ਦੇ ਰਾਹ ਤੇ ਅੱਗੇ ਤੋਰਿਆ ਅਤੇ ਅੱਗੇ ਜਾ ਕੇ ਆਪਣੇ ਦੋਵੇ ਪੋਤਿਆਂ (ਜਗਤ ਸਿੰਘ ਅਤੇ ਭਗਤ ਸਿੰਘ) ਦੇ ਸਿਰਾਂ ਤੇ ਹੱਥ ਰੱਖਕੇ ਉਹਨਾਂ ਨੂੰ ਦੇਸ਼ ਦੀ ਬਸਤੀਵਾਦੀ ਸ਼ਾਸਨ ਤੋਂ ਆਜਾਦੀ ਦੀ ਪਰਾਪਤੀ ਲਈ ਅਰਪਿਤ ਕੀਤਾ।

ਭਗਤ ਸਿੰਘ ਦੀ ਮਾਤਾ ਦਾ ਨਾਮ ਵਿੱਦਿਆਵਤੀ ਸੀ ਅਤੇ ਉਹਨਾਂ ਦੇ ਪਿਤਾ ਦਾ ਨਾਮ ਕਿਸ਼ਨ ਸਿੰਘ ਸੀ। ਕਿਸ਼ਨ ਸਿੰਘ ਡੂੰਘੀ ਸੇਵਾ ਭਾਵਨਾ ਰੱਖਦੇ ਸਨ। 1897 ਈਸਵੀ ਵਿੱਚ ਪਏ ਕਾਲ (ਖਾਧ ਪਦਾਰਥਾਂ ਦੀ ਕਮੀ) ਦੌਰਾਨ ਉਹਨਾਂ ਨੇ ਮੱਧ ਪ੍ਰਦੇਸ਼ ਅਤੇ ਗੁਜਰਾਤ ਜਿਹੀਆਂ ਦੂਰ ਦੁਰਾਡੀਆਂ ਥਾਵਾਂ ਤੇ ਰਾਹਤ ਕੈਂਪ ਲਗਾਏ। 1904 ਈਸਵੀ ਵਿੱਚ ਭੁਚਾਲ ਮਗਰੋਂ ਉਹਨਾਂ ਨੇ ਕਾਂਗੜੇ ਖੇਤਰ ਵਿੱਚ ਸੇਵਾ ਨਿਭਾਈ ਅਤੇ 1905 ਈਸਵੀ ਵਿੱਚ ਜਿਹਲਮ ਦਰਿਆ ਵਿੱਚ ਹੜ੍ਹ ਆਉਣ ਵੇਲੇ ਕਸ਼ਮੀਰ ਰਾਜ ਦੇ ਲੋਕਾਂ ਦੀ ਮਦਦ ਕੀਤੀ। 1912 ਈਸਵੀ ਵਿੱਚ ਰਾਜ ਬਿਹਾਰੀ ਬੋਸ (ਦਿੱਲੀ ਬੰਬ ਕੇਸ), ਕਾਮਾਗਾਟਾਮਾਰੂ ਦੀ ਪ੍ਰਸਿੱਧੀ ਵਾਲੇ ਬਾਬਾ ਗੁਰਦਿੱਤ ਸਿੰਘ ਅਤੇ 1914-15 ਈਸਵੀ ਵਿੱਚ ਭਾਈ ਪਰਮਾਨੰਦ ਜਿਹੇ ਗਦਰੀ ਯੋਧਿਆਂ ਲਈ ਕਿਸ਼ਨ ਸਿੰਘ ਦਾ ਘਰ ਇੱਕ ਸੁਰੱਖਿਅਤ ਠਾਹਰ ਸੀ। ਕਿਸ਼ਨ ਸਿੰਘ ਦੀ ਇਹ ਵੱਡੀ ਖੂਬੀ ਸੀ ਕਿ ਉਹ ਹਰ ਸੰਕਟ ਨਾਲ ਸਹਿਜੇ ਹੀ ਨਜਿੱਠ ਲੈਂਦੇ ਸਨ। ਇਹ ਖੂਬੀ ਇਨਕਲਾਬੀਆਂ ਲਈ ਵਰਦਾਨ ਤੋਂ ਘੱਟ ਨਹੀ ਸੀ। ਪਰਤੱਖ ਹੈ ਕਿ ਕਿਸ਼ਨ ਸਿੰਘ ਦੀ ਸ਼ਖਸੀਅਤ ਦਾ ਉਹਨਾਂ ਦੇ ਪੁੱਤਰ ਭਗਤ ਸਿੰਘ ਤੇ ਡੂੰਘਾ ਪਰਭਾਵ ਪਿਆ ਹੋਵੇਗਾ।

ਭਗਤ ਸਿੰਘ ਬਚਪਨ ਤੋਂ ਹੀ ਤੀਖਣ ਬੁੱਧੀ ਦੇ ਮਾਲਕ ਸਨ। ਭਗਤ ਸਿੰਘ ਨੂੰ ਲੋਕ ਸੇਵਾ ਦੀ ਗੁੜਤੀ ਵਿਰਸੇ ਵਿੱਚ ਹੀ ਮਿਲੀ ਸੀ ਕਿਉਕਿ ਉਹਨਾਂ ਦੇ ਪਰਿਵਾਰ ਵੱਲੋਂ ਲੋਕ ਹਿਤਾਂ ਲਈ ਵੱਡਾ ਯੋਗਦਾਨ ਪਾਇਆ ਗਿਆ ਸੀ। ਭਗਤ ਸਿੰਘ ਕਿਰਤੀ ਕਾਮਿਆਂ ਅਤੇ ਕਿਸਾਨਾਂ ਦਾ ਆਦਰ ਸਤਿਕਾਰ ਕਰਦੇ ਸਨ। 1914-15 ਈਸਵੀ ਵਿੱਚ ਗਦਰੀ ਜੁਝਾਰੂਆਂ ਅਤੇ ਕਰਤਾਰ ਸਿੰਘ ਸਰਾਭਾ ਦਾ ਉਹਨਾਂ ਦੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਭਗਤ ਸਿੰਘ ਕਰਤਾਰ ਸਿੰਘ ਸਰਾਭਾ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ। ਇਸ ਲਈ ਅੱਗੇ ਜਾ ਕੇ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਦਾ ਰੋਲ-ਮਾਡਲ ਬਣ ਗਿਆ। ਇਸੇ ਕਰਕੇ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਦੀ ਫੋਟੋ ਸਦਾ ਹੀ ਆਪਣੀੇ ਜੇਬ ਵਿੱਚ ਪਾ ਕੇ ਰੱਖਦੇ ਸਨ।

ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਕਿਸਾਨ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸਨ। ਉਹ ਬਰਤਾਨਵੀ ਹਕੂਮਤ ਨੂੰ ਚੁਣੌਤੀਆਂ ਦੇਣ ਵਾਲੇ ਜੁਝਾਰੂਆਂ ਵਿੱਚੋਂ ਇੱਕ ਸਨ। 1907 ਈਸਵੀ ਵਿੱਚ ਉਹਨਾਂ ਨੇ ਬਰਤਾਨਵੀ ਸਰਕਾਰ ਦੇ ਨਹਿਰੀ ਕਲੌਨੀ ਐਕਟ ਦੇ ਵਿਰੁੱਧ ਅੰਦੋਲਨ ਦਾ ਆਰੰਭ ਕੀਤਾ ਜੋ ‘ਪਗੜੀ ਸੰਭਾਲ ਜੱਟਾ` ਲਹਿਰ ਕਰਕੇ ਵੀ ਜਾਣਿਆ ਜਾਂਦਾ ਹੈ। ਉਹਨਾਂ ਦਾ ਬਹੁਤਾ ਸਮਾਂ ਜੇਲ੍ਹ ਵਿੱਚ ਹੀ ਬੀਤਿਆ ਸੀ। ਅਜੀਤ ਸਿੰਘ ਦੀ ਪਛਾਣ ਇੱਕ ਚੰਗੇ ਵਕਤੇ ਦੇ ਤੌਰ ਤੇ ਬਣ ਚੁੱਕੀ ਸੀ। ਉਹ ਪਹਿਲਾਂ ‘ਹਿੰਦੁਸਤਾਨ` ਨਾਮਕ ਅਖਵਾਰ ਦੇ ਉਪ-ਸੰਪਾਦਕ ਰਹੇ ਅਤੇ ਬਾਅਦ ਵਿੱਚ ‘ਭਾਰਤ ਮਾਤਾ` ਅਖਵਾਰ ਦੇ ਸੰਪਾਦਕ ਰਹੇ। ਅਜੀਤ ਸਿੰਘ ਨੇ ਕ੍ਰਾਂਤੀਕਾਰੀ ਵਿਚਾਰਾਂ ਵਾਲੇ ਪੈਫਲਿਟ ਛਪਵਾ ਕੇ ਵੰਡੇ ਜਿਵੇ ‘ਹਿੰਦੁਸਤਾਨ ਮੇ ਅੰਗਰੇਜੀ ਹਕੂਮਤ`, ‘ਜਲਾਵਤਨੀ`, ‘1857 ਦਾ ਗਦਰ` ਅਤੇ ਹੋਰ। ਨਿਸਚੇ ਹੀ ਅਜੀਤ ਸਿੰਘ ਦੀ ਸਖਸ਼ੀਅਤ ਦਾ ਭਗਤ ਸਿੰਘ ਦੇ ਮਨ ਉੱਪਰ ਡੂੰਘਾ ਪ੍ਰਭਾਵ ਪਿਆ ਸੀ।

ਖੂਨੀ ਸਾਕਾ

13 ਅਪਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਨੇ ਭਗਤ ਸਿੰਘ ਦੇ ਮਨ ਉੱਪਰ ਡੂੰਘਾ ਅਸਰ ਪਾਇਆ। ਭਗਤ ਸਿੰਘ ਨੇ ਉੱਥੋਂ ਖੂਨ ਨਾਲ ਲੱਥ-ਪੱਥ ਮਿੱਟੀ ਨੂੰ ਇਕੱਠਾ ਕਰਕੇ ਸ਼ੀਸ਼ੀ ਵਿੱਚ ਪਾ ਕੇ ਆਪਣੇ ਘਰ ਵਿੱਚ ਸੰਭਾਲ ਕੇ ਰੱਖ ਲਿਆ। ਇਹ ਮਿੱਟੀ ਅੱਗੇ ਜਾ ਕੇ ਭਗਤ ਸਿੰਘ ਨੂੰ ਹਮੇਸ਼ਾ ਦੇਸ਼ ਵਾਸੀਆਂ ਦੀ ਗੁਲਾਮੀ ਬਾਰੇ ਯਾਦ ਕਰਾਉਦੀ ਰਹੀ ਅਤੇ ਦੇਸ਼ ਵਿੱਚੋਂ ਅੰਗਰੇਜੀ ਹਕੂਮਤ ਨੂੰ ਭਾਰਤ ਚੋਂ ਕੱਢਣ ਲਈ ਇਨਕਲਾਬੀ ਜੱਦੋਜਹਿਦ ਕਰਨ ਦਾ ਜਜਬਾ ਭਰਦੀ ਰਹੀ।

ਜੈਤੋ ਦਾ ਮੋਰਚਾ

1924 ਵਿੱਚ ਜੈਤੋ ਦਾ ਮੋਰਚਾ ਨਾਭਾ ਰਿਆਸਤ ਦੇ ਰਾਜੇ ਦੇ ਹੱਕ ਵਿੱਚ ਲੱਗਿਆ ਤਾਂ ਅੰਗਰੇਜ ਸਰਕਾਰ ਨੇ ਐਲਾਨ ਕੀਤਾ ਕਿ ਜੇ ਕੋਈ ਜੈਤੋ ਜਾਂਦੇ ਜੱਥੇ ਨੂੰ ਪਾਣੀ ਪਿਆਵੇਗਾ ਤਾਂ ਉਸ ਖਿਲਾਫ ਕਨੂੰਨੀ ਕਾਰਵਾਈ ਹੋਵੇਗੀ। ਪਰੰਤੂ ਭਗਤ ਸਿੰਘ ਨੇ ਆਪਣੇ ਪਿੰਡ ਬੰਗਾਂ ਚੱਕ ਦੇ ਵਾਸੀਆਂ ਦੇ ਸਹਿਯੋਗ ਨਾਲ ਜੈਤੋਂ ਜਾਂਦੇ ਜੱਥੇ ਨੂੰ ਪਾਣੀ ਦੇ ਨਾਲ-ਨਾਲ ਲੰਗਰ ਵੀ ਛਕਾਇਆ। ਇਸ ਜੱਥੇ ਵਿੱਚ ਸ਼ਾਮਲ ਲੋਕ ਭਗਤ ਸਿੰਘ ਦੀ ਸੇਵਾ ਭਾਵਨਾ ਤੋਂ ਬਹੁਤ ਖੁਸ਼ ਹੋਏ। ਇਸ ਦੌਰਾਨ ਭਗਤ ਸਿੰਘ ਬਾਰੇ ਮੁਖਬਰੀ ਹੋਈ ਅਤੇ ਸਰਕਾਰ ਨੇ ਭਗਤ ਸਿੰਘ ਦੇ ਨਾਮ ਤੇ ਗਿਰਫਤਾਰੀ ਵਾਰੰਟ ਜਾਰੀ ਕਰ ਦਿੱਤੇ। ਤਦ ਪਿਤਾ ਕਿਸ਼ਨ ਸਿੰਘ ਨੇ ਭਗਤ ਸਿੰਘ ਨੂੰ ਕਾਨਪੁਰ ਭੇਜ ਦਿੱਤਾ ਤੇ ਉੱਥੇ ਹੀੇ ਟਿਕਣ ਲਈ ਕਿਹਾ। ਇਸ ਸਮੇਂ ਦੌਰਾਨ ਕਾਨਪੁਰ ਵਿੱਚ ਭਗਤ ਸਿੰਘ ਨੇ ਹੋਰ ਇਨਕਲਾਬੀ ਸਾਥੀਆਂ ਨਾਲ ਮੇਲ ਮਿਲਾਪ ਬਣਾ ਲਿਆ।

ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ (HRA)

20 ਸਦੀ ਦੇ ਅਰੰਭ ਵਿੱਚ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ (HRA) ਨੂੰ ਖੜੀ ਕਰਨ ਵਾਲੇ ਭਾਰਤੀ ਇਨਕਲਾਬੀ ਰਾਮ ਪ੍ਰਸ਼ਾਦ ਬਿਸਮਿਲ, ਅਸ਼ਫਾਕਉਲਾ ਖਾਨ, ਸਚਿੰਦਰਨਾਥ ਸਾਨਿਅਲ, ਸਚਿੰਦਰਨਾਥ ਬਕਸ਼ੀ ਅਤੇ ਯੋਗੇਸ਼ ਚੰਦਰ ਚੈਟਰਜੀ ਸਨ। ਭਗਤ ਸਿੰਘ ਦਾ ਮਿਲਾਪ ਪਾਰਟੀ ਦੇ ਆਗੂਆਂ ਨਾਲ 1923-24 ਈਸਵੀ ਵਿੱਚ ਹੋਇਆ। ਇਸ ਪਾਰਟੀ ਦਾ ਮੁੱਖ ਕੇਂਦਰ ਕਾਨਪੁਰ ਵਿੱਚ ਸੀ। ਇਹ ਪਾਰਟੀ ਬਦੇਸ਼ੀ ਰਾਜ ਨੂੰ ਉਖਾੜਨ ਦੇ ਲਈ ਬਣਾਈ ਗਈ ਸੀ। ਉਹਨਾਂ ਦਿਨਾਂ ਦੌਰਾਨ ਇਹ ਪਾਰਟੀ ਕਾਕੋਰੀ ਕੇਸ਼ ਦੇ ਕ੍ਰਾਂਤੀਕਾਰੀਆਂ ਨੂੰ ਛਡਾਉਣ ਲਈ ਵਿਉਂਤ ਬਣਾ ਰਹੀ ਸੀ ਜੋ ਖਜਾਨੇ ਵਾਲੀ ਰੇਲਗੱਡੀ ਨੂੰ ਲੁੱਟਣ ਸਮੇ ਅੰਗਰੇਜੀ ਪ੍ਰਸ਼ਾਸਨ ਨੇ ਹਿਰਾਸਤ ਵਿੱਚ ਲੈ ਲਏ ਸੀ ਪਰ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਬਾਕੀ ਮੈਬਰਾਂ ਨੂੰ ਇਸ ਕਾਰਵਾਈ ਵਿੱਚ ਕਾਮਯਾਬੀ ਨਾ ਮਿਲ ਸਕੀ। ਅਖੀਰ 1927 ਈਸਵੀ ਵਿੱਚ ਰਾਜਿੰਦਰ ਨਾਥ ਲਹਿਰੀ, ਰਾਮ ਪ੍ਰਸ਼ਾਦ ਬਿਸਮਿਲ, ਅਸ਼ਫਾਕਉਲਾ ਖਾਨ ਅਤੇ ਰੌਸਨ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। ਭਗਤ ਸਿੰਘ ਸੋਸ਼ਲਿਜਮ ਦੇ ਅਧੀਨ ਸਮਾਜ ਦੀ ਸਿਰਜਣਾ ਕਰਨਾ ਚਾਹੁੰਦਾ ਸੀ ਤਾਂ ਜੋ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਦਾ ਅੰਤ ਹੋ ਸਕੇ ਅਤੇ ਨਾਲ ਹੀ ਲੁੱਟਣ ਵਾਲੀਆਂ ਜਮਾਤਾਂ ਦਾ ਅੰਤ ਹੋ ਜਾਵੇ ਅਤੇ ਨਾਲ-ਨਾਲ ਜਮਾਤੀ ਭੇਦ-ਭਾਵ ਦਾ ਬਿਲਕੁਲ ਖਾਤਮਾ ਹੋ ਸਕੇ। 1928 ਈਸਵੀ ਵਿੱਚ ਭਗਤ ਸਿੰਘ ਨੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ਵਿੱਚ ਇੱਕ ਗੁਪਤ ਮੀਟਿੰਗ ਰੱਖੀ ਅਤੇ ਪਾਰਟੀ ਨੂੰ ਪੁਨਰ ਸੁਰਜੀਤ ਕਰਨ ਦੇ ਯਤਨ ਕੀਤੇ। ਨਾਲ ਹੀ ਪਾਰਟੀ ਦਾ ਨਾਮ ਬਦਲ ਕੇ ਹਿੰਦੁਸਤਾਨ ਸੋਸਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਰੱਖਿਆ ਗਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਭਗਤ ਸਿੰਘ ਨੇ ਪੂਰੀ ਤਰ੍ਹਾਂ ਨਾਲ ਸਮਾਜਵਾਦ ਦਾ ਪ੍ਰਭਾਵ ਕਬੂਲ ਕਰ ਲਿਆ ਸੀ।

ਨੌਜਵਾਨ ਭਾਰਤ ਸਭਾ

ਨੌਜਵਾਨ ਭਾਰਤ ਸਭਾ ਦੀ ਸਥਾਪਨਾ ਮਾਰਚ 1926 ਈਸਵੀ ਵਿੱਚ ਭਗਤ ਸਿੰਘ ਦੁਆਰਾ ਕੀਤੀ ਗਈ। ਇਸ ਪਾਰਟੀ ਦਾ ਮਕਸਦ ਕਿਸਾਨਾਂ, ਨੌਜਵਾਨਾਂ ਅਤੇ ਮਜਦੂਰਾਂ ਨੂੰ ਬਦੇਸ਼ੀ ਸਰਕਾਰ ਨੂੰ ਜੜੋਂ ਉਖਾੜਨ ਲਈ ਸਘੰਰਸ਼ ਵਿੱਚ ਸ਼ਾਮਲ ਕਰਨਾ ਸੀ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਲਾਮਬੰਦ ਕਰਕੇ ਰਾਜਨੀਤਿਕ ਕਾਰਜਾਂ ਲਈ ਤਿਆਰ ਕਰਨਾ ਅਤੇ ਹਿੰਦੂ ਮੁਸਲਿਮ ਏਕਤਾ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਨਾ ਵੀ ਸੀ।

ਅੰਗਰੇਜ ਅਫਸਰ ਸਾਂਡਰਸ ਦੀ ਮੌਤ

ਸਰ ਜੌਹਨ ਸਾਈਮਨ ਬਦੇਸ਼ੀ ਸਰਕਾਰ ਦਾ ਅਧਿਕਾਰੀ ਸੀ ਜਿਸ ਦੇ ਨਾਮ ਤੇ ਹੀ ਸਾਈਮਨ ਕਮਿਸ਼ਨ ਗਠਿਤ ਕੀਤਾ ਗਿਆ ਸੀ। ਸਰ ਜੌਹਨ ਸਾਈਮਨ ਇਸ ਕਮਿਸ਼ਨ ਦਾ ਚੇਅਰਮੈਨ ਸੀ। ਸਾਈਮਨ ਕਮਿਸ਼ਨ 1928 ਈਸਵੀ ਨੂੰ ਭਾਰਤ ਵਿੱਚ ਇਹ ਦੇਖਣ ਆਇਆ ਸੀ ਕਿ ਭਾਰਤ ਦੇ ਲੋਕਾਂ ਨੂੰ ਹੋਰ ਰਿਆਇਤਾਂ ਦੇਣ ਦੀ ਲੋੜ ਹੈ ਕਿ ਨਹੀ। ਸਾਈਮਨ ਕਮਿਸ਼ਨ ਦੇ ਅਧਿਕਾਰੀਆਂ ਦਾ ਲਹੌਰ ਪਹੁੰਚਣ ਤੇ ਲਾਲਾ ਲਾਜਪਤ ਰਾਏ ਅਤੇ ਉਹਨਾ ਦੇ ਸਮੱਰਥਕਾਂ ਨੇ ਭਾਰੀ ਵਿਰੋਧ ਕੀਤਾ। ਲਾਲਾ ਲਾਜਪਤ ਰਾਏ ਭਾਰਤੀ ਰਾਸਟਰੀ ਕਾਂਗਰਸ ਵਿੱਚ ਗਰਮ ਦਲ ਦੇ ਪ੍ਰਮੁੱਖ ਨੇਤਾ ਸਨ। ਲਾਲਾ ਲਾਜਪਤ ਰਾਏ ਉੱਪਰ ਆਰੀਆ ਸਮਾਜ ਦਾ ਵੀ ਕਾਫੀ ਪਰਭਾਵ ਸੀ। ਇਸ ਸਮੇਂ ‘ਸਾਇਮਨ ਵਾਪਿਸ ਜਾਓ` ਦੇ ਨਾਅਰੇ ਲਗਾਏ ਗਏ ਅਤੇ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਇਹ ਵੇਖ ਕੇ ਪੁਲਿਸ ਅਫਸਰ ਸਕਾਟ ਭੜਕ ਗਿਆ ਅਤੇ ਪੁਲਿਸ ਵੱਲੋਂ ਮੁਜਾਹਰਾਕਾਰੀਆਂ ਉੱਤੇ ਡਾਗਾਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਜੇਮਜ਼ ਸਕਾਟ ਪੁਲਿਸ ਵਿੱਚ ਸੀਨੀਅਰ ਸੁਪਰਿਨਟੈਂਡੈਂਟ ਸੀ। ਇਸ ਦੌਰਾਨ ਲਾਲਾ ਲਾਜਪਤ ਰਾਏ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਕੁੱਝ ਦਿਨਾਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ। ਗਰਮ ਖਿਆਲੀਏ ਨੌਜਵਾਨ ਅੰਗਰੇਜ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਸਨ ਕਿ ਭਾਰਤੀ ਇਸਦਾ ਪ੍ਰਤੀਕਰਮ ਵੀ ਜਰੂਰ ਦੇਣਗੇ। ਭਗਤ ਸਿੰਘ, ਰਾਜਗੁਰੂ, ਜੈ ਗੋਪਾਲ ਅਤੇ ਚੰਦਰ ਸ਼ੇਖਰ ਆਜਾਦ ਹਥਿਆਰਬੰਦ ਹੋ ਕੇ ਲਾਹੌਰ ਪੁਲਿਸ ਦੇ ਮੁੱਖ ਦਫਤਰ ਅੱਗੇ ਚਲੇ ਗਏ। ਪੁਲਿਸ ਦੇ ਮੁੱਖ ਦਫਤਰ ਦੇ ਅੰਦਰੋਂ ਇੱਕ ਪੁਲਿਸ ਅਫਸਰ ਬਾਹਰ ਆ ਰਿਹਾ ਸੀ ਤਦ ਰਾਜਗੁਰੂ ਨੇ ਉਸ ਉੱਪਰ ਗੋਲੀ ਚਲਾ ਦਿੱਤੀ ਅਤੇ ਬਾਅਦ ਵਿੱਚ ਭਗਤ ਸਿੰਘ ਨੇ ਵੀ ਉਸ ਪੁਲਿਸ ਅਫਸਰ ਤੇ ਗੋਲੀਆਂ ਦਾਗ ਦਿੱਤੀਆਂ। ਇਸ ਸਮੇਂ ਹਵਲਦਾਰ ਚੰਨਣ ਸਿੰਘ ਵੀ ਦੀ ਮੌਤ ਹੋ ਗਈ। ਇਹ ਗੱਲ ਬਾਅਦ ਵਿੱਚ ਸਾਫ ਹੋਈ ਕਿ ਮਰਨ ਵਾਲਾ ਅੰਗਰੇਜ ਅਫਸਰ ਸਕਾਟ ਨਹੀ ਸੀ ਅਤੇ ਉਸ ਦੀ ਜਗ੍ਹਾਂ ਤੇ ਸਾਂਡਰਸ ਮਾਰਿਆ ਗਿਆ ਸੀ। ਜੇ. ਪੀ ਸਾਂਡਰਸ ਬਦੇਸ਼ੀ ਸਰਕਾਰ ਵਿੱਚ ਪੁਲਿਸ ਦਾ ਸਹਾਇਕ ਕਮਿਸ਼ਨਰ ਸੀ। ਲਹੌਰ ਸਹਿਰ ਦੀਆ ਕੰਧਾਂ ਤੇ ਇਨਕਲਾਬੀਆਂ ਵੱਲੋਂ ਪੋਸਟਰ ਲਗਾਏ ਗਏ: “ਖੂਨ ਕਾ ਬਦਲਾ ਖੂਨ” ਵੱਲੋਂ ਹਿੰਦੁਸਤਾਨ ਸੋਸਲਿਸਟ ਰਿਪਬਲਿਕਨ ਆਰਮੀ।

ਦਿੱਲੀ ਵਿੱਚ ਧਮਾਕਾ

ਇਮਪੀਰੀਲਿਜਮ ਲੈਜਿਸਲੇਟਿਵ ਕਾਊਂਸਲ ਭਾਰਤ ਵਿੱਚ ਪਬਲਿਕ ਸੇਫਟੀ ਬਿਲ ਰੱਦ ਕਰ ਦੇਣ ਬਾਅਦ ਮਾਰਚ 1929 ਵਿੱਚ ਬਿਲ ਦੋਬਾਰਾ ਲਿਆਂਦਾ ਗਿਆ ਭਾਵੇਂ ਕਿ ਇਸ ਨੂੰ ਵੋਟਾਂ ਨਾਲ ਪਾਸ ਨਹੀ ਹੋਣ ਦਿੱਤਾ। ਪਰ ਵਾਇਸਰਾਏ ਨੇ ਚਾਹਿਆ ਕਿ ਜੇਕਰ ਬਿਲ ਮਨਜੂਰ ਨਾ ਹੋਵੇ ਤਾਂ ਆਰਡੀਨੈਂਸ਼ ਰਾਹੀ ਲਾਗੂ ਕੀਤਾ ਜਾਵੇਗਾ। ਇਹ ਬਿਲ ਮੁਕੰਮਲ ਤੌਰ ਤੇ ਪੂੰਜੀਦਾਰਾਂ ਦੇ ਹੱਕ ਵਿੱਚ ਬਣਾਇਆ ਗਿਆ ਸੀ ਜਿਸ ਨਾਲ ਕਿਰਤੀਆਂ ਦੀ ਜਦੋ ਮਰਜੀ ਮਨ ਚਾਹੀ ਲੁੱਟ ਕੀਤੀ ਜਾ ਸਕੇ। ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਦਿਲੀ ਵਿਖੇ ਕਾਊਂਸਲ ਦੇ ਹਾਲ (ਅਸੈਂਬਲੀ ਹਾਲ) ਵਿੱਚ ਵਿਸਫੋਟਕ ਪਦਾਰਥ ਨਾਲ ਧਮਾਕਾ ਕਰਨ ਲਈ ਸਲਾਹ ਮਸਵਰਾ ਕੀਤਾ ਤਾਂ ਜੋ ਕ੍ਰਾਂਤੀਕਾਰੀ ਵਿਚਾਰਾਂ ਨਾਲ ਆਮ ਲੋਕਾਂ ਅਤੇ ਸ਼ਾਸਕ ਵਰਗ ਨੂੰ ਸਮਝਾਇਆ ਜਾਵੇ। ਹਾਲ ਵਿੱਚ ਸੁੱਟਣ ਲਈ ਇਸਤਿਹਾਰ ਬਣਾਏ ਗਏ ਜਿਸ ਤੇ ਲਿੱਖਿਆ ਗਿਆ ਸੀ ‘ਬੋਲੇ ਨੂੰ ਸੁਣਾਉਣ ਲਈ ਉੱਚੀ ਆਵਾਜ ਕਰਨੀ ਜਰੂਰੀ ਹੈ` (‘It takes a loud voice to make the deaf hear.’)। ਬਟੂਕੇਸ਼ਵਰ ਦੱਤ ਅਤੇ ਭਗਤ ਸਿੰਘ ਕਾਊਂਸਲ ਭਵਨ ਚਲੇ ਗਏ ਤੇ ਖਾਲੀ ਜਗ੍ਹਾ ਦੇਖ ਕੇ ਧਮਾਕਾ ਕਰ ਦਿੱਤਾ। ਇਸ ਦੌਰਾਨ ਕਾਊਂਸਲ ਹਾਲ ਵਿੱਚ ਇਸਤਿਹਾਰ ਸੁੱਟੇ ਗਏ। ਨਾਲ-ਨਾਲ ਕਾਊਂਸਲ ਹਾਲ ਵਿੱਚ ਨਾਅਰੇ ਗੂੰਜਦੇ ਰਹੇ ‘ਇਨਕਲਾਬ ਜਿੰਦਾਬਾਦ`, ‘ਬਰਤਾਨਵੀ ਸਰਕਾਰ ਮੁਰਦਾਬਾਦ`, ‘ਪ੍ਰੋਲੇਤਾਰੀ ਜਿੰਦਾਬਾਦ` ਆਦਿਕ। ਇਸੇ ਸਮੇਂ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ ਖੁਸ਼ੀ-ਖੁਸ਼ੀ ਆਪਣੀ ਗਿਰਫਤਾਰੀ ਦੇ ਦਿੱਤੀ।

ਭੁੱਖ ਹੜਤਾਲ

ਦਿੱਲੀ ਦੇ ਕਾਊਂਸਲ ਧਮਾਕੇ ਤੋਂ ਬਾਅਦ ਭਗਤ ਸਿੰਘ ਅਤੇ ਉਸਦੇ ਸਾਥੀ ਜੇਲ੍ਹ ਵਿੱਚ ਸਨ ਤਾਂ 1929 ਵਿੱਚ ਉਹਨਾ ਨੂੰ ਜੇਲ੍ਹ ਵਿੱਚ ਭੁੱਖ ਹੜਤਾਲ ਕਰਨੀ ਪਈ ਕਿਉਕਿ ਜੇਲ੍ਹ ਵਿੱਚ ਕੈਦੀਆਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਸੀ, ਦੂਸ਼ਿਤ ਖਾਣਾ-ਪੀਣਾ ਅਤੇ ਪਾਟੇ-ਪੁਰਾਣੇ ਕੱਪੜੇ ਦਿੱਤੇ ਜਾਂਦੇ ਸਨ। ਜੇਲ੍ਹ ਵਿੱਚ ਪੜ੍ਹਨ ਲਈ ਕਿਤਾਬਾਂ ਅਤੇ ਅਖਬਾਰ ਨਹੀ ਦਿੱਤੇ ਜਾਂਦੇ ਸਨ। ਭਗਤ ਸ਼ਿੰਘ ਨੇ ਇਹ ਸਾਰੀਆਂ ਚੀਜਾਂ ਇੱਕ ਸਿਆਸੀ ਕੈਦੀ ਹੋਣ ਦੇ ਅਧਾਰ ਤੇ ਮੰਗੀਆਂ ਸਨ। ਭੁੱਖ ਹੜਤਾਲ ਦੌਰਾਨ ਅੰਗਰੇਜੀ ਹਕੂਮਤ ਵੱਲੋਂ ਤਸ਼ੱਸਦ ਕੀਤਾ ਗਿਆ। ਇਸ ਦੌਰਾਨ ਤਸ਼ੱਸਦ ਝੱਲਦੇ ਹੋਏ ਜਤਿਨ ਦਾਸ ਦੀ ਮੌਤ ਹੋ ਗਈ। ਅਖੀਰ ਉਹਨਾਂ ਦੀ ਭੁੱਖ ਹੜਤਾਲ ਦੇ ਪ੍ਰੋਗਰਾਮ ਨੂੰ ਕਾਮਯਾਬੀ ਮਿਲੀ ਤੇ ਉਹਨਾਂ ਦੀਆ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ। ਹੁਣ ਜੇਲ੍ਹ ਵਿੱਚ ਕਿਤਾਬਾਂ, ਪੌਸ਼ਟਿਕ ਖਾਣਾ, ਸਾਫ ਸੁਥਰੇ ਕੱਪੜੇ ਆਦਿਕ ਮੁਹੱਈਆ ਹੋਣੇ ਸ਼ੁਰੂ ਹੋ ਗਏ।

ਸ਼ਹੀਦੀ

ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਲੋਕ ਹਿਤ ਲਈ ਭਾਰਤੀਆਂ ਨੂੰ ਆਜ਼ਾਦੀ ਦਾ ਹੱਕ ਦੁਆਉਣ ਲਈ ਸੰਘਰਸ਼ ਕੀਤਾ, ਅੰਗਰੇਜ ਹਕੂਮਤ ਦੇ ਰਾਜ ਦਾ ਖਾਤਮਾ ਕਰਨ ਲਈ ਤਸੀਹੇ ਝੱਲੇ ਅਤੇ ਸਾਮਰਾਜਵਾਦ ਨੂੰ ਠੱਲ ਪਾਉਣ ਲਈ ਵੱਡੇ-ਵੱਡੇ ਕਦਮ ਚੁੱਕੇ। 23 ਮਾਰਚ 1931 ਦੇ ਦਿਨ ਭਗਤ ਸਿੰਘ ਜੇਲ੍ਹ ਵਿੱਚ ਬੈਠੇ ਮਨੁੱਖੀ ਹਿਤਾਂ ਨਾਲ ਸਬੰਧਤ ਕਿਤਾਬ ਪੜ੍ਹ ਰਹੇ ਸੀ। ਤਦ ਸਿਪਾਹੀ ਭਗਤ ਸਿੰਘ ਨੂੰ ਫਾਂਸੀ ਦੇਣ ਦਾ ਹੁਕਮ ਲੈ ਕੇ ਆਇਆ ਤਾਂ ਭਗਤ ਸਿੰਘ ਨੇ ਕਿਤਾਬ ਰੱਖ ਦਿੱਤੀ ਤੇ ਸਿਪਾਹੀ ਨਾਲ ਜਾਣ ਲਈ ਖੜ੍ਹਾ ਹੋ ਕੇ ਅੱਗ-ਅੱਗੇ ਤੁਰ ਪਿਆ। ਭਗਤ ਸਿੰਘ ਅਤੇ ਉਹਨਾਂ ਦੇ ਦੋ ਸਾਥੀ ਰਾਜਗੁਰੂ ਅਤੇ ਸੁਖਦੇਵ ਫਾਂਸੀ ਦੇ ਤਖਤੇ ਉੱਪਰ ਹੱਸ-ਹੱਸ ਕੇ ਚੜ੍ਹ ਗਏ ਅਤੇ ਮੌਤ ਨੂੰ ਗਲੇ ਨਾਲ ਲਾ ਲਿਆ।

ਲੋਕਪ੍ਰਿਯਤਾ ਅਤੇ ਪ੍ਰਸਿੱਧੀ

ਭਗਤ ਸਿੰਘ ਨੂੰ ਬਹੁਤ ਲੋਕਪ੍ਰਿਯਤਾ ਅਤੇ ਪ੍ਰਸਿੱਧੀ ਮਿਲੀ ਜੋ ਮੁੱਖ ਤੌਰ ਤੇ ਉਸ ਦੀ ਦੇਸ਼ ਭਗਤੀ, ਬਹਾਦਰੀ ਅਤੇ ਕੁਰਬਾਨੀ ਦੇ ਕਾਰਨਾਮਿਆਂ ਕਰਕੇ ਸੀ। ਫਾਂਸੀ ਮਿਲਣ ਤੱਕ ਉਹ ਲੋਕ ਨਾਇਕ ਬਣ ਚੁੱਕਾ ਸੀ। ਭਗਤ ਸਿੰਘ ਤੇ ਅਨੇਕ ਗੀਤ ਬਣੇ ਅਤੇ ਗਾਏ ਜਾਣ ਲੱਗੇ। ਕੁੜੀਆਂ ਵੱਲੋਂ ਘੋੜੀਆਂ ਗਾਈਆਂ ਗਈਆਂ ਜਿਵੇਂ ਉਹ ਮੌਤ ਲਾੜੀ ਨੂੰ ਵਿਆਹਉਣ ਵਾਸਤੇ ਜਾ ਰਿਹਾ ਹੋਵੇ। ਭਗਤ ਸਿੰਘ ਨੂੰ ਫਾਂਸੀ ਦੀ ਸਜਾ ਮਿਲਣ ਤੋਂ ਬਾਅਦ ਉਸਨੂੰ ਸਮਰਪਿਤ ਹੋ ਕੇ ਬਹੁਤ ਕੁੱਝ ਕੀਤਾ ਗਿਆ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਉਸ ਦੇ ਬੁੱਤ ਲਗਾਏ ਗਏ ਜਿਵੇਂ ਕਿ ਹੁਸੈਨੀਵਾਲਾ ਬਾਰਡਰ ਤੇ, ਉਸ ਦੇ ਆਪਣੇ ਜੱਦੀ ਪਿੰਡ ਦੇ ਅਜਾਇਬ ਘਰ ਵਿੱਚ ਬੁੱਤ ਲੱਗਿਆ ਹੋਇਆ ਹੈ, ਜਲੰਧਰ, ਲੁਧਿਆਣਾ ਅਤੇ ਅਬੋਹਰ ਵਿੱਚ ਉਸ ਦੇ ਬੁੱਤ ਲਗੇ ਹੋਏ ਹਨ। ਇੱਥੋਂ ਤੱਕ ਕਿ ਸਕੂਲਾਂ ਕਾਲਜਾਂ ਦੇ ਨਾਮ ਵੀ ਭਗਤ ਸਿੰਘ ਦੇ ਨਾਮ ਤੇ ਰੱਖੇ ਗਏ ਹਨ ਜਿਵੇਂ ਸ਼ਹੀਦ ਭਗਤ ਸਿੰਘ ਸਟੇਟ ਯੁਨੀਵਰਸਿਟੀ ਫਿਰੋਜਪੁਰ ਵਿੱਚ ਬਣਾਈ ਗਈ, ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ ਅੰਮ੍ਰਿਤਸਰ ਵਿੱਚ ਬਣਾਇਆ ਗਿਆ, ਸ਼ਹੀਦ ਭਗਤ ਸਿੰਘ ਗੌਰਮਿੰਟ ਕਾਲਜ ਕੋਟਕਪੂਰਾ, ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਲੁਧਿਆਣਾ ਹੋਰ ਵੀ ਵੱਖ-ਵੱਖ ਸ਼ਹਿਰਾਂ ਵਿੱਚ ਹਨ। ਸਰਕਾਰ ਵੱਲੋਂ ਪੰਜਾਬ ਦੇ ਨਵਾ ਸ਼ਹਿਰ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਭਗਤ ਸਿੰਘ ਦੇ 115ਵੇ ਜਨਮ ਉਤਸਵ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੁਵਾ ਪੁਰਸਕਾਰ ਨੂੰ ਸ਼ੁਰੂ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਵੀ ਭਗਤ ਸਿੰਘ ਦੀ ਫੋਟੋ ਸਾਮਿਲ ਹੈ। ਭਗਤ ਸਿੰਘ ਨੂੰ ਪੰਜਾਬ ਵਿੱਚ ਹੀ ਨਹੀ ਸਗੋਂ ਸਮੁੱਚੇ ਭਾਰਤ ਵਿੱਚ ਪ੍ਰਸਿੱਧੀ ਮਿਲੀ ਜਿਵੇਂ ਅੰਬਾਲਾ ਵਿੱਚ ਭਗਤ ਸਿੰਘ ਦੇ 113ਵੇ ਜਨਮ ਉਤਸਵ ਤੇ ਬੁੱਤ ਲਾਇਆ ਗਿਆ, ਸ਼ਹੀਦ ਭਗਤ ਸਿੰਘ ਦਾ ਬੁੱਤ ਦਿੱਲੀ ਦੀ ਪਾਰਲੀਮੈਂਟ ਦੇ ਬਾਹਰ ਵੀ ਲਗਾਇਆ ਗਿਆ ਹੈ ਅਤੇ ਦੇਸ਼ ਦੇ ਹੋਰ ਵੀ ਵੱਖ-ਵੱਖ ਸ਼ਹਿਰਾਂ ਵਿੱਚ ਉਸ ਦੇ ਬੁੱਤ ਅਤੇ ਸਮਾਰਕ ਬਣਾਏ ਗਏ ਹਨ। 1967 ਦੇ ਵਿੱਚ ਦਿੱਲੀ ਵਿਖੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਕਾਲਜ ਬਣਾਇਅ ਗਿਆ, ਭਗਤ ਸਿੰਘ ਦੇ ਨਾਮ ਤੇ ਉੱਤਰ ਪ੍ਰਦੇਸ਼ ਦੇ ਮੇਰਠ ਵਿਖੇ ਕਾਲਜ ਬਣਾਇਆ ਗਿਆ। ਇੱਥੋਂ ਤੱਕ ਕਿ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਲਾਹੌਰ ਸ਼ਹਿਰ ਵਿੱਚ ਭਗਤ ਸਿੰਘ ਦੇ ਨਾਮ ਤੇ ਚੌਂਕ ਬਣਾਇਆ ਗਿਆ। 2022 ਈਸਵੀ ਪੰਜਾਬ ਵਿੱਚ ਨਵੀਂ ਬਣੀ ਸਰਕਾਰ ਵੱਲੋਂ ਦਫਤਰਾਂ ਵਿੱਚ ਫੋਟੋ ਲਗਾਉਣ ਦੇ ਆਦੇਸ਼ ਦਿੱਤੇ ਗਏ ਸਨ ਜੋ ਅਮਲ ਵਿੱਚ ਵੀ ਲਿਆਂਦੇ ਗਏ ਹਨ। 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਵੀ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੀ ਚੁੱਕੀ ਗਈ। 2022 ਵਿੱਚ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਵਿਧਾਨ ਸਭਾ ਵਿੱਚ ਭਗਤ ਸਿੰਘ ਦਾ ਬੁੱਤ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਸਰਕਾਰ ਵੱਲੋਂ ਇੱਕ ਸ਼ਾਂਝੇ ਫੈਸਲੇ ਦੌਰਾਨ ਚੰਡੀਗੜ੍ਹ ਵਿੱਚ ਸਥਿਤ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਵੀ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਹੈ। ਭਗਤ ਸਿੰਘ ਉੱਪਰ ਅਧਾਰਿਤ ਹਿੰਦੀ ਅਤੇ ਪੰਜਾਬੀ ਕਈ ਫਿਲਮਾਂ ਬਣਾਈਆਂ ਗਈਆਂ ਹਨ। ਉਸ ਉਤੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਹਨ ਤੇ ਅਜੇ ਵੀ ਲਿੱਖੀਆਂ ਜਾ ਰਹੀਆਂ ਹਨ। ਨੌਜਵਾਨ ਅੱਜ ਵੀ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਭਗਤ ਸਿੰਘ ਦੇ ਜਨਮਦਿਨ ਅਤੇ ਸ਼ਹੀਦੀ ਦਿਨ ਤੇ ਉਸ ਦੀ ਯਾਦ ਨੂੰ ਸਿਜਦਾ ਕਰਦੇ ਹਨ।

ਯੋਗਦਾਨ

ਜਿਵੇ ਕਿ ਉੱਪਰ ਵੇਖਿਆ ਹੈ ਕਿ ਭਗਤ ਸਿੰਘ ਨੂੰ ਬਹੁਤ ਲੋਕਪ੍ਰਿਯਤਾ ਅਤੇ ਪ੍ਰਸਿੱਧੀ ਉਸਦੇ ਜਿਉਣ ਤੋਂ ਲੈ ਕੇ ਸ਼ਹੀਦੀ ਹੋਣ ਤੱਕ ਮਿਲੀ। ਉਸਦੀ ਇਹ ਲੋਕਪ੍ਰਿਯਤਾ ਅਤੇ ਪ੍ਰਸਿੱਧੀ ਤਿੰਨ ਗੁਣਾਂ ਕਰਕੇ ਦੇਸ਼ ਭਗਤੀ, ਬਹਾਦਰੀ ਦਾ ਜਜਬਾ ਤੇ ਕੁਰਬਾਨੀ ਵਾਲੀ ਭਾਵਨਾ ਕਰਕੇ ਮਿਲੀ ਹੈ। ਪਰੰਤੂ ਜੇ ਗੌਰ ਨਾਲ ਵੇਖਿਆ ਜਾਵੇ ਤਾਂ ਇਹ ਤਿੰਨੇ ਗੁਣ ਕਿਸੇ ਹੱਦ ਤੱਕ ਹੀ ਸਹੀ ਹਨ ਕਿਉਕਿ ਦੇਸ਼ ਭਗਤੀ ਵਿੱਚ ਸੰਕੀਰਣਤਾ ਵੀ ਸ਼ਾਮਲ ਹੁੰਦੀ ਹੈ, ਬਹਾਦਰੀ ਵਿੱਚ ਵੀ ਹਿੰਸਾਤਮਿਕਤਾ ਦੀ ਝਲਕ ਪੈਂਦੀ ਹੈ ਅਤੇ ਦੇਸ਼ ਲਈ ਕੁਰਬਾਨੀ ਦਾ ਜਜਬਾ ਦਿਖਾਉਣ ਵਾਲੇ ਅਨੇਕ ਹੋਰ ਕ੍ਰਾਂਤੀਕਾਰੀ ਹੋਏ ਹਨ ਜੋ ਲਗ-ਭਗ ਅਣਗੌਲੇ ਹੀ ਰਹੇ ਹਨ। ਮੁਢਲੇ ਤੌਰ ਤੇ ਭਗਤ ਸਿੰਘ ਇੱਕ ਸੰਵੇਦਨਸੀਲ ਅਤੇ ਨਰਮ ਦਿਲ ਇਨਸਾਨ ਸੀ। ਉਸ ਦੀ ਸ਼ਖਸੀਅਤ ਵਿੱਚ ਲੋਕ ਹਿਤ ਦੀ ਰਖਵਾਲੀ, ਖੁੱਲ ਦਿਲੀ ਦਾ ਜਜਬਾ, ਲੋਕ ਪੱਖੀ ਕਾਰਜ ਅਤੇ ਮਨੁੱਖੀ ਭਲਾਈ ਦੀ ਭਾਵਨਾ ਵਧੇਰੇ ਪ੍ਰਤੱਖ ਸਨ ਜਿੰਨਾਂ ਦੇ ਕਰਕੇ ਭਗਤ ਸਿੰਘ ਨੇ ਲੋਕਾਂ ਦੇ ਮਨਾਂ ਨੂੰ ਟੁੰਬਿਆ ਅਤੇ ਉਹਨਾਂ ਦੇ ਦਿਲਾਂ ਨਾਲ ਗੂੜ੍ਹੀ ਸਾਂਝ ਬਣਾਈ। ਉਸ ਦੇ ਸਮੁੱਚੇ ਵਿਵਹਾਰ ਅਤੇ ਕਾਰਗੁਜਾਰੀ ਵਿੱਚੋਂ ਇਹ ਸਾਬਤ ਹੋ ਜਾਂਦਾ ਹੈ ਕਿ ਉਹ ਇੱਕ ਸਮਰਪਿਤ ਮਾਨਵਵਾਦੀ ਕਾਰਕੁੰਨ ਸੀ। ਉਸਦਾ ਸਾਰਾ ਸਘੰਰਸ਼ ਮਾਨਵਵਾਦ ਨੂੰ ਸਮਰਪਿਤ ਸੀ। ਭਗਤ ਸਿੰਘ ਦੀ ਉੱਚ ਦਰਜੇ ਦੀ ਲੋਕਪ੍ਰਿਯਤਾ ਅਤੇ ਪ੍ਰਸਿੱਧੀ ਦਾ ਅਧਾਰ ਅਸਲ ਵਿੱਚ ਉਸਦਾ ਮਾਨਵਵਾਦ ਸੀ

ਪ੍ਰਦੀਪ ਮਿੱਤਲ ਮਾਨਸਾ
.