.

ਭਜਨ ਲਾਲਾ ਦਾ ਸਮੁੰਦਰ ਵਿੱਚ ਘਰ!

ਇਹ ਗੱਲ ਸੰਨ 1982 ਦੀ ਹੈ। ਦਿੱਲੀ ਵਿੱਚ ਏਸ਼ੀਆ ਖੇਡਾਂ ਹੋਣ ਜਾ ਰਹੀਆਂ ਸਨ। ਉਸ ਸਮੇ ਜੋ ਪੜ੍ਹਨ ਨੂੰ ਮਿਲਿਆ ਸੀ ਉਹ ਇਹ ਸੀ ਕਿ ਦਿੱਲੀ ਦੇ ਸਿੱਖ ਇਨ੍ਹਾਂ ਏਸ਼ਆਈ ਖੇਡਾਂ ਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਵਰਤਣ ਲਈ ਤਿਆਰੀਆਂ ਕਰ ਰਹੇ ਸਨ। ਮੈਨੂੰ ਯਾਦ ਹੈ ਕਿ ਉਸ ਵੇਲੇ ਦਿੱਲੀ ਤੋਂ ਇੱਕ ਮੈਗਜ਼ੀਨ ਨਿੱਕਲਦਾ ਹੁੰਦਾ ਸੀ। ਜੇ ਕਰ ਮੈਂ ਗਲਤ ਨਾ ਹੋਵਾਂ ਤਾਂ ਉਸ ਦਾ ਨਾਮ ਸੀ ਮਿਸ਼ਨਰੀ ਸੇਧਾਂ ਜਾਂ ਸਿੱਖ ਮਿਸ਼ਨਰੀ। ਕੁੱਝ ਇਸੇ ਤਰ੍ਹਾਂ ਦਾ ਹੀ ਸੀ। ਉਸ ਵਿੱਚ ਪੜ੍ਹਿਆ ਸੀ ਕਿ ਸਿੱਖੀ ਦੀਆਂ ਕਦਰਾਂ ਕੀਮਤਾਂ ਦੱਸਣ ਵਾਸਤੇ ਅੰਗ੍ਰੇਜ਼ੀ ਵਿੱਚ ਪੈਂਫਲਿੱਟ ਛਪਵਾਏ ਜਾਣ। ਬਿਦੇਸ਼ਾਂ ਵਿਚੋਂ ਆਉਣ ਵਾਲੇ ਲੋਕਾਂ ਨੂੰ ਇਹ ਪੈਂਫਲਿੱਟ ਵੰਡੇ ਜਾਣ। ਸਭ ਤੋਂ ਸੌਖਾ ਤਾਰੀਕਾ ਉਨ੍ਹਾਂ ਨੂੰ ਇਹ ਸੁੱਝਾ ਸੀ ਕਿ ਇਹ ਪੈਂਫਲਿੱਟ ਟੈਕਸੀ ਡਰਾਈਵਰਾਂ ਨੂੰ ਦਿੱਤੇ ਜਾਣ। ਜਿਹੜਾ ਵੀ ਕੋਈ ਸਿੱਖ ਟੈਕਸੀ ਡਰਾਈਵਰ ਦਿੱਲੀ ਏਅਰ ਪੋਰਟ ਤੋਂ ਕਿਸੇ ਬਿਦੇਸ਼ੀ ਨੂੰ ਆਪਣੀ ਟੈਕਸੀ ਵਿੱਚ ਚੁੱਕ ਕਿ ਲਿਆਵੇ ਉਸ ਨੂੰ ਉਹ ਪੈਂਫਲਿੱਟ ਦੇਵੇ ਅਤੇ ਆਪ ਵੀ ਨਿਮਰਤਾ ਨਾਲ ਪੇਸ਼ ਆਵੇ।
ਇਸ ਸਮੇ ਸਿੱਖਾਂ ਦਾ ਕਥਿਤ ਧਰਮ ਯੁੱਧ ਮੋਰਚਾ ਜੋਰਾ ਸ਼ੋਰਾਂ ਨਾਲ ਚੱਲ ਰਿਹਾ ਸੀ। ਇਹ ਮੋਰਚਾ ਚਲਾਉਣ ਵਾਲਿਆਂ ਨੇ ਐਲਾਨ ਕਰ ਦਿੱਤਾ ਕਿ ਸਿੱਖ ਇਕੱਠੇ ਹੋ ਕੇ ਇਨ੍ਹਾਂ ਖੇਡਾਂ ਸਮੇਂ ਦਿੱਲੀ ਵਿੱਚ ਪ੍ਰੋਟੈਸਟ ਕਰਨਗੇ ਅਤੇ ਆਪਣੀਆਂ ਮੰਗਾਂ ਬਾਰੇ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਦੱਸਣਗੇ। ਜਿਸ ਦਾ ਭਾਵ ਸੀ ਜਾਂ ਸਮਝਿਆ ਗਿਆ ਸੀ ਕਿ ਪੰਜਾਬ ਦੇ ਸਿੱਖ ਦਿੱਲੀ ਜਾ ਕੇ ਖੇਡਾਂ ਵਿੱਚ ਖਲਲ ਪਾਉਣਗੇ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਉਸ ਵੇਲੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਜਿਹੜੀ ਕਿ ਅੜੀਅਲ ਸੁਭਾ ਵਾਲੀ ਮੰਨੀ ਜਾਂਦੀ ਹੈ। ਉਸ ਨੇ ਫੈਸਲਾ ਕਰ ਲਿਆ ਕਿ ਇਨ੍ਹਾਂ ਖੇਡਾਂ ਵਿੱਚ ਕਿਸੇ ਨੂੰ ਵੀ ਖਲਲ ਪਉਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ। ਪੰਜਾਬ ਦੇ ਨਾਲ ਲਗਦੀ ਹਰਿਆਣਾ ਸਟੇਟ ਵਿੱਚ ਵੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ। ਜਿਸ ਦਾ ਮੁੱਖ ਮੰਤ੍ਰੀ ਭਜਨ ਲਾਲ ਸੀ। ਪੰਜਾਬ ਦੇ ਸਿੱਖਾਂ ਨੂੰ ਦਿੱਲੀ ਜਾਣ ਲਈ ਹਰਿਆਣੇ ਵਿੱਚ ਦੀ ਲੰਘ ਕੇ ਜਾਣਾ ਪੈਣਾ ਸੀ। ਭਜਨ ਲਾਲ ਨੇ ਉਸ ਵੇਲੇ ਸਿੱਖਾਂ ਨੂੰ ਵੱਧ ਤੋਂ ਵੱਧ ਜਲੀਲ ਕਰਨ ਦੀ ਅਤੇ ਬੇਇੱਜਤੀ ਕਰਨ ਦੀ ਕੋਸ਼ਿਸ਼ ਕੀਤੀ। ਕਈ ਉਚ ਅਹੁਦਿਆਂ ਤੇ ਬੈਠੇ ਅਤੇ ਰਿਟਾਇਰ ਹੋਏ ਵਿਆਕਤੀ ਜਿਨ੍ਹਾਂ ਵਿੱਚ ਕਈ ਫੌਜੀ ਅਫਸਰ ਵੀ ਸਨ ਉਨ੍ਹਾਂ ਦੀ ਵੀ ਰੱਜ ਕੇ ਬੇਪਤੀ ਕੀਤੀ ਗਈ। ਸਿੱਖ ਆਪਣੇ ਦੇਸ਼ ਵਿੱਚ ਹੀ ਬੇਗਾਨਗੀ ਮਹਿਸੂਸ ਕਰਨ ਲੱਗੇ। ਦੂਸਰੇ ਪਾਸੇ ਲੁਕ ਕੇ ਬੈਠੇ ਇੱਕ ਫੁਕਰੇ ਸਾਧ ਨੂੰ ਫੁਕਰੀਆਂ ਮਾਰਨ ਦਾ ਬਹਾਨਾ ਮਿਲ ਗਿਆ। ਉਸ ਦੀ ਸਭ ਤੋਂ ਵੱਡੀ ਫੁਕਰੀ ਹਰਿਆਣੇ ਦੇ ਮੁੱਖ ਮੰਤ੍ਰੀ ਭਜਨ ਲਾਲ ਬਾਰੇ ਸੀ। ਉਹ ਸਾਧ ਪਤਾ ਭਜਨ ਲਾਲ ਨੂੰ ਕੀ ਕਹਿੰਦਾ ਸੀ? ਉਹ ਕਹਿੰਦਾ ਹੁੰਦਾ ਸੀ ਕਿ ਭਜਨ ਲਾਲ ਤੂੰ ਭਾਵੇਂ ਸਮੁੰਦਰ ਵਿੱਚ ਵੀ ਘਰ ਪਾ ਲਾ, ਤੈਨੂੰ ਨਹੀਂ ਛੱਡਣਾ। ਭਾਵ ਕਿ ਤੈਨੂੰ ਅਸੀਂ ਹਰ ਹਾਲਤ ਵਿੱਚ ਮਾਰਨਾ ਹੀ ਮਾਰਨਾ ਹੈ ਤੂੰ ਭਾਵੇਂ ਜਿੰਨੀ ਮਰਜ਼ੀ ਸੁਰੱਖਿਅਤ ਥਾਂ ਭਾਲ ਕੇ ਰਹਿਣ ਲੱਗ ਪਈਂ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਉਸ ਸਾਧ ਦੀ ਇਹ ਫੁਕਰੀ ਗਲਤ ਸਾਬਤ ਹੋਈ ਹੈ ਜਾਂ ਨਹੀਂ। ਕੀ ਭਜਨ ਲਾਲ ਨੇ ਬਚਣ ਲਈ ਕਿਸੇ ਸਮੁੰਦਰ ਵਿੱਚ ਘਰ ਪਾਇਆ ਸੀ? ਇਹ ਵੀ ਨਹੀਂ ਕਿ ਉਹ 1982 ਤੋਂ ਬਾਅਦ ਛੇਤੀਂ ਹੀ ਮਰ ਗਿਆ ਸੀ। ਭਜਨ ਲਾਲ ਦੀ ਮੌਤ 2011 ਵਿੱਚ ਦਿਲ ਫੇਲ ਹੋਣ ਨਾਲ ਲੱਗ-ਭੱਗ 81 ਸਾਲ ਦੀ ਉਮਰ ਵਿੱਚ ਹੋਈ ਸੀ। ਸਾਧ ਦੀ ਫੁਕਰੀ ਮਾਰਨ ਤੋਂ ਤਕਰੀਬਨ 29 ਸਾਲ ਬਾਅਦ। ਇਸ ਬਾਰੇ ਗੂਗਲ ਬਾਬੇ ਤੋਂ ਕੋਈ ਵੀ ਪੁੱਛ ਸਕਦਾ ਹੈ। ਕਈ ਹੋਰ ਰਾਜਨੀਤਕ ਲੋਕਾਂ ਵਾਂਗ ਉਸ ਉਪਰ ਵੀ 12 ਕਰਿਮੀਨਲ ਕੇਸ ਸਨ। ਜੋ ਕਿ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਖਤਮ ਕਰ ਦਿੱਤੇ ਗਏ ਸਨ। ਕਹਿਣ ਤੋਂ ਭਾਵ ਇਹ ਹੈ ਕਿ ਉਸ ਦਾ ਪਿਛੋਕੜ ਇੱਕ ਜ਼ਰਾਇਮ ਪੇਸ਼ੇ ਵਾਲਾ ਸੀ। ਇਹ ਹੁਣ ਤੁਸੀਂ ਆਪਣੇ ਦਿਮਾਗ ਤੇ ਬੋਝ ਪਾ ਕੇ ਆਪ ਹੀ ਸੋਚੋ ਕਿ ਸਿੱਖ ਲੀਡਰਾਂ ਦਾ ਏਸ਼ਆਈ ਖੇਡਾਂ ਸਮੇਂ ਲਿਆ ਗਿਆ ਫੈਸਲਾ ਠੀਕ ਸੀ? ਕੀ ਲੁਕ ਕੇ ਬੈਠੇ ਇੱਕ ਫੁਕਰੇ ਸਾਧ ਮਗਰ ਲੱਗਣ ਵਾਲੀ ਕੌਮ ਕੋਈ ਅਕਲਮੰਦ ਹੋ ਸਕਦੀ ਹੈ ਜਾਂ ਇਨ੍ਹਾਂ ਨੂੰ ਕੋਈ ਅਕਲ ਆਉਣ ਦੀ ਆਸ ਰੱਖੀ ਜਾ ਸਕਦੀ ਹੈ? ਫੁਕਰਾ ਸਾਧ ਤਾਂ ਇਹ ਵੀ ਕਹਿੰਦਾ ਹੁੰਦਾ ਸੀ ਕਿ ਜੇ ਕਰ ਮਿਲਟਰੀ ਨੇ ਇੱਥੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਤਾਂ ਲੱਖ ਦੋ ਲੱਖ ਤਾਂ ਛੱਡਦੇ ਨੀ ਗੇ। ਕੁੱਲ ਫੌਜੀ ਕਿਤਨੇ ਕੁ ਮਰੇ ਸਨ? 100 ਤੋਂ ਵੀ ਘੱਟ। ਪਰ ਇਸ ਸਾਧ ਦੇ ਹਰਾਮਖੋਰ ਚੇਲਿਆਂ ਨੇ ਇਸ ਸਾਧ ਨੂੰ ਮਹਾਨ ਦੱਸਣ ਲਈ ਆਪਣੇ ਕੋਲੋਂ ਜਨਰਲ ਕੇ: ਐੱਸ: ਬਰਾੜ ਦੇ ਨਾਮ ਤੇ ਜਾਹਲੀ ਕਿਤਾਬ ਵਿੱਚ ਪਤਾ ਕਿਤਨੇ ਮਾਰੇ ਦੱਸੇ ਹਨ? 15000 ਪੰਦਰਾਂ ਹਜਾਰ ਤੋਂ ਵੀ ਉਪਰ। ਹੈ ਨਾ ਸਿੱਖੀ ਦੀ ਕਮਾਲ? ਸਾਰੇ ਕਹੋ ਜੀ ਧੰਨ ਸਿੱਖੀ, ਧੰਨ ਸਿੱਖੀ ਦੇ ਠੇਕੇਦਾਰ ਫੁਕਰੀਆਂ ਮਾਰਨ ਵਾਲੇ ਸਾਧ ਦੇ ਹਰਾਮਖੋਰ ਚੇਲੇ।
ਮੱਖਣ ਪੁਰੇਵਾਲ,
ਅਕਤੂਬਰ 15, 2022.
.