.

ਸ਼ਬਦ ਹਿੰਦੂ ਦੀ ਉਤਪੱਤੀ


‘ਹਿੰਦੂ’ ਭਾਰਤ ਦੇ ਇਕ ਵੱਡੇ ਧਰਮ (ਮਜ਼ਹਬ) ਦਾ ਨਾਮ ਹੈ ਜੋ, ਇਸ ਨੂੰ ਮਾਨਤਾ ਦੇਣ ਵਾਲੇ ਲੋਕਾਂ ਦੀ ਗਿਣਤੀ ਦੇ ਅਧਾਰ ਤੇ, ਸੰਸਾਰ ਭਰ ਦੇ ਧਰਮਾਂ ਵਿਚ ਤੀਸਰੇ ਸਥਾਨ ਤੇ ਆਉਂਦਾ ਹੈ। ‘ਹਿੰਦੂ’ ਸ਼ਬਦ ਦੀ ਉਤਪੱਤੀ ਦੀ ਕਹਾਣੀ ਬੜੀ ਦਿਲਚਸਪ ਹੈ। ਆਮ ਕਰਕੇ ਵਿਦਵਾਨਾਂ ਵੱਲੋਂ ਇਹ ਦਲੀਲ ਦਿੱਤੀ ਹੈ ਕਿ ‘ਹਿੰਦੂ’ ਸ਼ਬਦ ਅੱਗੋਂ ਪੰਜਾਬੀ ਭਾਸ਼ਾ ਦੇ ਸ਼ਬਦ ‘ਸਿੰਧ’ ਤੋਂ ਬਣਿਆਂ ਹੈ। ਇਹਨਾਂ ਵਿਦਵਾਨਾਂ ਦਾ ਮੱਤ ਹੇਠਾਂ ਦਿੱਤੇ ਅਨੁਸਾਰ ਹੈ:
1. ‘ਹਿੰਦੂ’ ਸ਼ਬਦ ਸਮੇਂ-ਸਮੇਂ ਤੇ ਭਾਰਤ ਵਿਚ ਆਏ ਮੁਸਲਮਾਨ ਹਮਲਾਵਰਾਂ ਵੱਲੋਂ ਘੜਿਆ ਗਿਆ ਸੀ। ਇਹਨਾਂ ਹਮਲਾਵਰਾਂ ਦੀ ਆਪਣੀ ਭਾਸ਼ਾ ਅਰਬੀ, ਫਾਰਸੀ ਜਾਂ ਇਹਨਾਂ ਦੀ ਕੋਈ ਉਪ-ਬੋਲੀ ਹੁੰਦੀ ਸੀ। ਸਭ ਤੋਂ ਪਹਿਲਾਂ ਇਰਾਕ ਦੇ ਮੁਹੰਮਦ ਬਿਨ ਕਾਸਿਮ ਨੇ 712 ਈ. ਵਿਚ ਬਲੋਚਿਸਤਾਨ ਦੇ ਰਸਤੇ ਭਾਰਤ ਵਿਚ ਦਾਖਲ ਹੋ ਕੇ ਸਿੰਧ ਪਰਾਂਤ (ਅਜ-ਕਲ ਪਾਕਿਸਤਾਨ ਵਿਚ) ਦੇ ਇਲਾਕੇ ਵਿਚ ਥੋੜੇ ਚਿਰ ਲਈ ਰਾਜ ਕਾਇਮ ਕੀਤਾ। ਇਸ ਤੋਂ ਪਿੱਛੋਂ ਮਹਿਮੂਦ ਗਜ਼ਨਵੀ ਸਮੇਤ ਕੁਝ ਹੋਰ ਮੁਸਲਮਾਨ ਹਮਲਾਵਰ ਭਾਰਤ ਆਉਂਦੇ ਰਹੇ ਪਰੰਤੂ ਭਾਰਤ ਵਿਚ ਅਗਲਾ ਰਾਜ ਮੁਹੰਮਦ ਗੌਰੀ ਨੇ 1192 ਈ. ਵਿਚ ਪ੍ਰਿਥਵੀਰਾਜ ਚੌਹਾਨ ਨੂੰ ਹਰਾਉਣ ਉਪਰੰਤ ਦਿੱਲੀ ਨੂੰ ਰਾਜਧਾਨੀ ਬਣਾ ਕੇ ਸਥਾਪਤ ਕੀਤਾ।
2. ਇਹਨਾਂ ਬਦੇਸ਼ੀ ਹਮਲਾਵਰਾਂ ਨੂੰ ਭਾਰਤ ਵਿਚ ਜ਼ਮੀਨੀ ਰਸਤੇ ਦਾਖਲ ਹੋਣ ਲਈ ‘ਸਿੰਧੁ’ ਦਰਿਆ ਨੂੰ ਪਾਰ ਕਰਨਾ ਪੈਂਦਾ ਸੀ। ‘ਸਿੰਧੁ’ ਉਸ ਵੇਲੇ ਦੇ ਭਾਰਤ ਦੇ ਪੱਛਮ ਵਿਚ ਵਹਿਣ ਵਾਲੇ ਲਗ-ਭਗ 2700 ਕਿਲੋਮੀਟਰ ਲੰਬਾਈ ਵਾਲਾ ਉਹ ਦਰਿਆ ਹੈ ਜੋ ਤਿੱਬਤ ਤੋਂ ਨਿਕਲਕੇ ਪਾਕਿਸਤਾਨ ਦੇ ਸ਼ਹਿਰ ਕਰਾਚੀ ਦੇ ਕੋਲ ਅਰਬ ਸਾਗਰ ਵਿਚ ਜਾ ਮਿਲਦਾ ਹੈ (‘ਸਿੰਧੁ’ ਦਰਿਆ ਦਾ ਪੰਜਾਬੀ ਵਿਚ ਦੂਸਰਾ ਨਾਮ ‘ਅਟਕ’ ਹੈ)
3. ਇਹਨਾਂ ਬਦੇਸ਼ੀ ਹਮਲਾਵਰਾਂ ਦੀ ਆਪਣੀ ਬੋਲੀ ਵਿਚ ਗੁਰਮੁਖੀ ਅੱਖਰ ‘ਸ’ ਵਿੱਚੋਂ ਨਿਕਲਣ ਵਾਲੀ ਧੁਨੀ ਮੌਜੂਦ ਨਾ ਹੋਣ ਕਰਕੇ ਉਹ ਇਸ ਧੁਨੀ ਦੀ ਜਗਹ ਉੱਤੇ ‘ਹ’ ਦੀ ਧੁਨੀ ਉਚਾਰਦੇ ਹੋਏ ਸ਼ਬਦ ‘ਸਿੰਧੁ’ ਨੂੰ ‘ਹਿੰਦੁ’ ਕਰਕੇ ਬੋਲਦੇ ਸਨ।
4. ਇਹਨਾਂ ਬਦੇਸ਼ੀ ਹਮਲਾਵਰਾਂ ਨੇ ਅੱਗੇ ਜਾ ਕੇ ਇਸ ਦਰਿਆ ਦੇ ਆਸ-ਪਾਸ ਦੇ ਇਲਾਕੇ ਨੂੰ ‘ਹਿੰਦ’ ਦਾ ਨਾਮ ਦੇ ਦਿੱਤਾ ਅਤੇ ਏਥੋਂ ਦੇ ਲੋਕਾਂ ਨੂੰ ‘ਹਿੰਦੂ’ ਕਹਿਣਾ ਅਰੰਭ ਕਰ ਦਿੱਤਾ।
5. ਅੱਗੇ ਜਾ ਕੇ ਏਸੇ ‘ਹਿੰਦ’ ਦੇ ਅਧਾਰ ਤੇ ਸਾਰੇ ਭਾਰਤ ਨੂੰ ‘ਹਿੰਦੁਸਤਾਨ’ ਕਿਹਾ ਜਾਣ ਲੱਗਾ ਅਤੇ ਭਾਰਤ ਦੇ ਇਕ ਵਿਸ਼ੇਸ਼ ਧਾਰਮਿਕ ਫਿਰਕੇ ਦੇ ਲੋਕਾਂ ਨੂੰ ‘ਹਿੰਦੂ’ ਵਾਲਾ ਨਾਮ ਦੇ ਦਿੱਤਾ ਗਿਆ।

ਇਕ ਹੋਰ ਕਹਾਣੀ ਅਨੁਸਾਰ ‘ਹਿੰਦੂ’ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ (ਫਾਰਸੀ ਵਿਚ) ‘ਡਾਕੂ, ਰਾਹਜਨ, ਲੁਟੇਰਾ, ਚੋਰ, ਗੁਲਾਮ, ਕਾਲਾ ਆਦਿਕ’ ਹੈ ਅਤੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਬਦੇਸ਼ੀ ਹਮਲਾਵਰਾਂ ਨੇ ਭਾਰਤੀ ਇਲਾਕਿਆਂ ਨੂੰ ਆਪਣੇ ਅਧੀਨ ਕਰ ਲੈਣ ਤੋਂ ਬਾਦ ਏਥੋਂ ਦੇ ਲੋਕਾਂ ਨੂੰ ਨੀਵਾਂ ਵਿਖਾਉਣ ਲਈ ਇਹਨਾਂ ਲਈ ਫਾਰਸੀ ਦੇ ਇਸ ਨਾਂਹਪੱਖੀ ਅਰਥਾਂ ਵਾਲੇ ਫਾਰਸੀ ਦੇ ਸ਼ਬਦ ‘ਹਿੰਦੂ’ ਦੀ ਵਰਤੋ ਕਰਦੇ ਹੋਏ ਇਸ ਖਿੱਤੇ ਵਿਚ ਪਰਚਲਤ ਕਰ ਦਿੱਤਾ।

ਇਹ ਤਾਂ ਇਤਹਾਸਿਕ ਤੌਰ ਤੇ ਸਹੀ ਹੈ ਕਿ ਭਾਰਤੀ ਲੋਕਾਂ ਲਈ ‘ਹਿੰਦੂ’ ਸ਼ਬਦ ਦਾ ਪਰਯੋਗ ਮੁਸਲਮਾਨਾਂ ਦੀ ਆਮਦ ਹੋਣ ਦੇ ਸਮੇਂ ਤੋਂ ਬਾਦ ਵਿਚ ਭਾਵ ਸੱਤਵੀਂ ਸਦੀ ਈਸਵੀ ਤੋਂ ਬਾਦ ਦੇ ਸਮੇਂ ਤੋਂ ਅਰੰਭ ਹੁੰਦਾ ਹੈ ਅਤੇ ‘ਸਿੰਧੁ’ ਨੂੰ ‘ਹਿੰਦੁ’ ਵਿਚ ਤਬਦੀਲ ਕਰਨ ਦੀ ਕਾਰਵਾਈ ਓਹਨਾਂ ਵੱਲੋਂ ਹੀ ਕੀਤੀ ਗਈ ਹੋਈ ਹੈ। ਇਹ ਵੀ ਸਹੀ ਹੈ ਕਿ ‘ਹਿੰਦੁ’ ਸ਼ਬਦ ਨੂੰ ਲੈ ਕੇ ਬਦੇਸ਼ੀ ਹਮਲਾਵਰਾਂ ਨੇ ਇਸ ਦਰਿਆ ਦੇ ਆਸ-ਪਾਸ ਦੇ ਇਲਾਕੇ ਨੂੰ ਵੀ ‘ਹਿੰਦੁ’ ਦਾ ਨਾਮ ਦੇ ਦਿੱਤਾ ਸੀ ਅਤੇ ਏਸੇ ਸ਼ਬਦ ਤੋਂ ਹੀ ‘ਹਿੰਦੁਸਤਾਨ’ ਸ਼ਬਦ ਬਣਿਆਂ ਜੋ ਅੱਗੇ ਜਾ ਕੇ ਸਾਰੇ ਭਾਰਤੀ ਖਿੱਤੇ ਲਈ ਵਰਤਿਆ ਜਾਣ ਲੱਗਾ।

ਉੱਪਰ ਆਈਆਂ ਕਹਾਣੀਆਂ ਵਿੱਚੋਂ ਪਹਿਲੀ ਦੇ ਸੰਦਰਭ ਵਿਚ ਇਹ ਤੱਥ ਧਿਆਨ ਮੰਗਦਾ ਹੈ ਕਿ ਫਾਰਸੀ ਭਾਸ਼ਾ ਵਿਚ ਗੁਰਮੁਖੀ ਦੇ ‘ਸ’ ਅੱਖਰ ਦੀ ਧੁਨੀ ਵਰਗੀਆਂ ਤਿੰਨ ਧੁਨੀਆਂ ਮੌਜੂਦ ਹਨ, ਪਹਿਲੀ ‘ਸੇ’ ਅੱਖਰ ਵਿੱਚੋਂ ਨਿਕਲਣ ਵਾਲੀ, ਦੂਸਰੀ ‘ਸੀਨ’ ਅੱਖਰ ਵਿੱਚੋਂ ਨਿਕਲਣ ਵਾਲੀ ਅਤੇ ਤੀਸਰੀ ‘ਸਾਦ’ ਅੱਖਰ ਵਿੱਚੋਂ ਨਿਕਲਣ ਵਾਲੀ। ਇਸ ਲਈ ਇਹ ਦਾਵ੍ਹਾ ਕਰਨਾ ਸਰਾਸਰ ਗਲਤ ਹੈ ਕਿ ਫਾਰਸੀ ਵਰਗੀਆਂ ਭਾਸ਼ਾਵਾਂ ਵਿਚ ਗੁਰਮੁਖੀ ਦੇ ‘ਸ’ ਅੱਖਰ ਦੀ ਧੁਨੀ ਵਰਗੀ ਧੁਨੀ ਮੌਜੂਦ ਨਹੀਂ ਅਤੇ ਏਸੇ ਕਰਕੇ ਬਦੇਸ਼ੀ ਹਮਲਾਵਰਾਂ ਨੇ ਸ਼ਬਦ ‘ਸਿੰਧੁ’ ਜਾਂ ਦਾ ਉਚਾਰਨ ਕਰਨ ਵੇਲੇ ਗੁਰਮੁਖੀ ਦੇ ‘ਸ’ ਅੱਖਰ ਦੀ ਧੁਨੀ ਦੀ ਜਗਹ ਉੱਤੇ ਗੁਰਮੁਖੀ ਦੇ ‘ਹ’ ਅੱਖਰ ਦੀ ਧੁਨੀ ਦੀ ਵਰਤੋਂ ਕਰ ਲਈ। ਸੱਚ ਤਾਂ ਇਹ ਹੈ ਕਿ ਗੁਰਮੁਖੀ ਦੇ ਅੱਖਰ ‘ਸ’ ਧੁਨੀ ਹਰੇਕ ਭਾਸ਼ਾ ਦੀਆਂ ਅਤੀ ਮੱਹਤਵਪੂਰਨ ਧੁਨੀਆਂ ਜਿਵੇਂ ਕਿ ਗੁਰਮੁਖੀ ਦੇ ‘ਕ’, ‘ਪ’, ‘ਮ’ ਅੱਖਰਾਂ ਦੀਆਂ ਧੁਨੀਆਂ ਵਿੱਚੋਂ ਇਕ ਹੈ ਅਤੇ ਇਹ ਇਕ ਅਟਕਲਪੱਚੂ ਹੀ ਹੈ ਕਿ ਸੰਸਾਰ ਦੀ ਕੋਈ ਭਾਸ਼ਾ ਇਸ ਧੁਨੀ ਤੋ ਬਗੈਰ ਕਾਰਜਸ਼ੀਲ ਹੋਵੇ। ਏਸੇ ਤਰ੍ਹਾਂ ਉੱਪਰ ਆਈ ਦੂਸਰੀ ਕਹਾਣੀ ਦੇ ਸੰਦਰਭ ਵਿਚ ਇਹ ਦਾਵ੍ਹਾ ਕਰਨਾ ਵੀ ਇਕ ਅਟਕਲਪੱਚੂ ਹੀ ਹੈ ਕਿ ਬਦੇਸ਼ੀ ਹਮਲਾਵਰਾਂ ਨੇ ਭਾਰਤੀ ਇਲਾਕਿਆਂ ਦੇ ਲੋਕਾਂ ਨੂੰ ਨੀਵਾਂ ਵਿਖਾਉਣ ਲਈ ਇਹਨਾਂ ਲਈ ਫਾਰਸੀ ਨਾਂਹਪੱਖੀ ਅਰਥਾਂ ਵਾਲੇ ਸ਼ਬਦ ‘ਹਿੰਦੂ’ ਦੀ ਵਰਤੋ ਕੀਤੀ ਸੀ। ਸੰਸਾਰ ਦੇ ਇਤਹਾਸ ਵਿਚ ਕੋਈ ਅਜਿਹੀ ਉਦਾਹਰਨ ਨਹੀਂ ਮਿਲਦੀ ਕਿ ਕਿਸੇ ਬਦੇਸ਼ੀ ਸ਼ਾਸਕ ਨੇ ਆਪਣੀ ਪਰਜਾ ਲਈ ਕੋਈ ਅਪਮਾਨਜਨਕ ਨਾਮ ਪਰਚਲਤ ਕੀਤਾ ਹੋਵੇ। ਓਧਰ ਭਾਸ਼ਾ-ਵਿਗਿਆਨਕ ਅਧਾਰ ਉੱਤੇ ਕੀਤੀ ਪੜਚੋਲ ਰਾਹੀਂ ਵੀ ਇਹ ਸਾਹਮਣੇ ਆ ਜਾਂਦਾ ਹੈ ਕਿ ਉੱਪਰ ਪੇਸ਼ ਕੀਤੀਆਂ ਗਈਆਂ ਇਹਨਾਂ ਦੋਵਾਂ ਕਹਾਣੀਆਂ ਵਿਚ ਕੋਈ ਸਚਾਈ ਨਹੀਂ।

ਹੁਣ ਅਸੀਂ ‘ਹਿੰਦੂ’ ਸ਼ਬਦ ਦੀ ਨਿਰੁਕਤੀ, ਅਰਥਾਂ ਅਤੇ ਅਗਲੇ ਪਸਾਰਾਂ ਸਬੰਧੀ ਤਕਨੀਕੀ ਵਿਸ਼ਲੇਸ਼ਣ ਦੇ ਅਧਾਰ ਤੇ ਅਸਲੀ ਤਸਵੀਰ ਸਾਹਮਣੇ ਲਿਆਉਣ ਦਾ ਯਤਨ ਕਰਦੇ ਹਾਂ।

‘ਸਿੰਧ’ ਪਾਕਿਸਤਾਨ ਦੇ ਸਮੁੰਦਰੀ ਤਟ ਨਾਲ ਲਗਦੇ ਪਰਾਂਤ ਦਾ ਨਾਮ ਹੈ ਜਿਸ ਦੀ ਰਾਜਧਾਨੀ ਕਰਾਚੀ ਹੈ। ‘ਸਿੰਧ’ ਸ਼ਬਦ ਦੇ ਨਾਲ ਮਿਲਦੇ-ਜੁਲਦੇ ਪੰਜ ਹੋਰ ਸ਼ਬਦ ਵੀ ਮੌਜੂਦ ਹਨ ‘ਸਿੱਧ’, ‘ਸਿੰਧੁ’, ‘ਸਿੰਧੂ’, ‘ਸੰਧੂ’ ਅਤੇ ‘ਸਿਧੂ’। ‘ਸਿੱਧ’ ਤੋਂ ਭਾਵ ਹੈ ‘ਸਿੱਧਿ’ (ਕਰਾਮਾਤੀ ਅਤੇ ਆਲੌਕਿਕ ਸ਼ਕਤੀਆਂ) ਨੂੰ ਪਰਾਪਤ ਵਿਅਕਤੀ। ‘ਸਿੰਧੁ’ ਬਾਰੇ ਅਸੀਂ ਪਹਿਲਾਂ ਗੱਲ ਕਰ ਆਏ ਹਾਂ ਕਿ ਇਹ ਪੁਰਾਣੇ ਭਾਰਤ ਦੀ ਇਕ ਨਦੀ ਦਾ ਨਾਮ ਹੈ ਜੋ ਅਜ-ਕਲ ਪਾਕਿਸਤਾਨ ਵਿਚ ਪੈਂਦੀ ਹੈ। ਓਧਰ, ‘ਸਿੰਧੂ’, ‘ਸੰਧੂ’ ਅਤੇ ‘ਸਿਧੂ’ ਪੰਜਾਬ ਦੀ ਜੱਟ ਬਰਾਦਰੀ ਦੀਆਂ ਤਿੰਨ ਵੱਖਰੀਆਂ ਗੋਤਾਂ ਦੇ ਨਾਮ ਹਨ। ਪਰੰਤੂ ‘ਹਿੰਦੂ’ ਸ਼ਬਦ ਦੀ ਉਤਪੱਤੀ ਸ਼ਬਦ ‘ਸਿੰਧੁ’ ਤੋਂ ਹੋਈ ਹੈ।

‘ਸਿੰਧੁ’ ਸ਼ਬਦ ਦੀ ਉਚਾਰਕ-ਸੰਰਚਨਾ
(phonetic structure) ਦੀ ਗੱਲ ਕੀਤੀ ਜਾਵੇ ਤਾਂ ਅਸੀਂ ਵੇਖਦੇ ਹਾਂ ਕਿ ਇਸ ਸ਼ਬਦ ਦੇ ਉਚਾਰਨ ਵਿਚ ਕ੍ਰਮਵਾਰ ਪੰਜ ਧੁਨੀਆਂ ਸ਼ਾਮਲ ਹਨ:
1. ਗੁਰਮੁਖੀ ਅੱਖਰ ‘ਸ’ ਦੀ ਧੁਨੀ।
2. ਗੁਰਮੁਖੀ ਲਗ-ਮਾਤਰ ਸਿਹਾਰੀ ਦੀ ਧੁਨੀ ਜੋ ਕਿ ‘ਇ’ ਤੋਂ ਵੀ ਪਰਾਪਤ ਹੁੰਦੀ ਹੈ ਅਤੇ ਇਹ ਛੋਟੀ ਸੱਵਰ ਧੁਨੀ ਹੈ।
3. ਗੁਰਮੁਖੀ ਅੱਖਰ ‘ਨ’ ਦੀ ਧੁਨੀ।
4. ਗੁਰਮੁਖੀ ਅੱਖਰ ‘ਦ’ ਦੀ ਧੁਨੀ।
5. ਗੁਰਮੁਖੀ ਲਗ-ਮਾਤਰ ਔਂਕੜ ਦੀ ਧੁਨੀ ਜੋ ਕਿ ‘ਉ’ ਤੋਂ ਵੀ ਪਰਾਪਤ ਹੁੰਦੀ ਹੈ ਅਤੇ ਇਹ ਛੋਟੀ ਸੱਵਰ ਧੁਨੀ ਹੈ।
ਏਥੇ ਹੇਠਾਂ ਦਿੱਤੇ ਤਿੰਨ ਨੁਕਤੇ ਵਿਸ਼ੇਸ਼ ਤੌਰ ਤੇ ਧਿਆਨ ਦੇਣ ਯੋਗ ਬਣਦੇ ਹਨ:
1. ਗੁਰਮੁਖੀ ਅੱਖਰ ‘ਨ’ ਦੀ ਧੁਨੀ ਅੱਖਰ ‘ਸ’ ਉੱਤੇ ਆਈ ਟਿੱਪੀ ਤੋਂ ਪਰਾਪਤ ਹੋਈ ਹੈ।
2. ਏਥੇ ਗੁਰਮੁਖੀ ਅੱਖਰ ‘ਧ’ ਵਿੱਚੋਂ ਅੱਖਰ ‘ਦ’ ਦੀ ਧੁਨੀ ਪਰਾਪਤ ਹੁੰਦੀ ਹੈ ਨਾ ਕਿ ਪੰਜਾਬੀ ਦੇ ਸ਼ਬਦ ‘ਧੋਖਾ’ ਵਿਚਲੇ ਅੱਖਰ ‘ਧ’ ਦੀ ਧੁਨੀ (ਕਾਰਨ ਹੇਠਾਂ 3. ਉੱਤੇ ਦੱਸਿਆ ਗਿਆ ਹੈ)।
3. ਏਥੇ ਗੁਰਮੁਖੀ ਲਗ-ਮਾਤਰ ਸਿਹਾਰੀ ਦੀ ਧੁਨੀ (‘ਇ’) ਉੱਤੇ ਸੁਰ
(pitch/tone) ਆ ਰਹੀ ਹੈ ਜਿਸ ਦੇ ਫਲਸਰੂਪ ਅੱਖਰ ‘ਧ’ ਦੀ ਧੁਨੀ ਅੱਖਰ ‘ਦ’ ਦੀ ਧੁਨੀ ਵਿਚ ਤਬਦੀਲ ਹੋ ਗਈ ਹੈ।

ਹੁਣ, ਭਾਸ਼ਾ-ਵਿਗਿਆਨਕ ਨਿਯਮਾਂ ਨੂੰ ਸਾਹਮਣੇ ਰੱਖਦੇ ਹੋਏ ਸ਼ਬਦ ‘ਸਿੰਧੁ’ ਨੂੰ ਬਦੇਸ਼ੀਆਂ ਵੱਲੋਂ ਸ਼ਬਦ ‘ਹਿੰਦੁ’ ਵਿਚ ਤਬਦੀਲ ਕਰਨ ਸਬੰਧੀ ਦੋ ਸਥਿਤੀਆਂ ਸਾਹਮਣੇ ਆਉਂਦੀਆਂ ਹਨ ਜੋ ਹੇਠਾਂ ਦਿੱਤੇ ਅਨੁਸਾਰ ਹਨ:
1. ਜਿਹੜੀਆਂ ਭਾਸ਼ਾਵਾਂ ਵਿਚ ਸੁਰ
(pitch/tone) ਦੀ ਵਰਤੋਂ ਨਹੀਂ ਹੁੰਦੀ ਉਹਨਾਂ ਦੇ ਬੁਲਾਰੇ ਦੂਸਰੀਆਂ ਭਾਸ਼ਾਵਾਂ ਨੂੰ ਬੋਲਣ ਸਮੇਂ ਉਹਨਾਂ ਵਿਚ ਕਿਸੇ ਸੱਵਰ ਧੁਨੀ ਉੱਤੇ ਆਉਂਦੀ ਸੁਰ (pitch/tone) ਨੂੰ ਗੁਰਮੁਖੀ ਅੱਖਰ ‘ਹ’ ਦੀ ਵਿਅੰਜਨ ਧੁਨੀ ਵਿਚ ਤਬਦੀਲ ਕਰ ਦੇਂਦੇ ਹਨ, ਛੋਟੀ ਸੱਵਰ ਧੁਨੀ ਵੇਲੇ ‘ਹ’ ਦੀ ਧੁਨੀ ਨੂੰ ਸੱਵਰ ਧੁਨੀ ਤੋਂ ਪਹਿਲਾਂ ਰੱਖਦੇ ਹੋਏ ਅਤੇ ਲੰਬੀ ਸੱਵਰ ਧੁਨੀ ਵੇਲੇ ‘ਹ’ ਦੀ ਧੁਨੀ ਨੂੰ ਸੱਵਰ ਧੁਨੀ ਤੋਂ ਬਾਦ ਵਿਚ ਰੱਖਦੇ ਹੋਏ।
2. ਫਾਰਸੀ ਵਰਗੀਆਂ ਭਾਸ਼ਾਵਾਂ ਅਤੇ ਪੰਜਾਬੀ ਭਾਸ਼ਾ ਵਿਚਕਾਰ ਵਿਅੰਜਨ-ਜੁੱਟ
(consonant-cluster) ਦੀ ਵਰਤੋਂ ਨੂੰ ਲੈ ਕੇ ਕਾਫੀ ਅੰਤਰ ਹੈ। ਜਿੱਥੇ ਪੰਜਾਬੀ ਵਿਚ ਵਿਅੰਜਨ-ਜੁੱਟ ਨਾ ਹੀ ਸ਼ਬਦਾਂ ਦੇ ਅਰੰਭ ਵਿਚ ਆਉਂਦਾ ਹੈ ਅਤੇ ਨਾ ਹੀ ਸ਼ਬਦਾਂ ਦੇ ਅੰਤ ਉੱਤੇ, ਓਥੇ ਫਾਰਸੀ ਵਰਗੀਆਂ ਭਾਸ਼ਾਵਾਂ ਵਿਚ ਵਿਅੰਜਨ-ਜੁੱਟ ਸ਼ਬਦਾਂ ਦੇ ਅੰਤ ਉੱਤੇ ਤਾਂ ਆ ਜਾਂਦਾ ਹੈ ਪਰੰਤੂ ਇਹ ਸ਼ਬਦਾਂ ਦੇ ਅਰੰਭ ਵਿਚ ਨਹੀਂ ਆਉਂਦਾ।
ਨੋਟ: ਵਿਅੰਜਨ-ਜੁੱਟ ਭਾਸ਼ਾਈ ਉਚਾਰਨ ਦੀ ਉਹ ਸਥਿਤੀ ਹੈ ਜਿਸ ਵਿਚ ਦੋ ਵਿਅੰਜਨ ਧੁਨੀਆਂ ਆਪਸ ਵਿਚ ਇਸ ਤਰ੍ਹਾਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ਕਿ ਉਹਨਾਂ ਦੋਵ੍ਹਾਂ ਦੇ ਵਿਚਕਾਰ ਕੋਈ ਸੱਵਰ ਧੁਨੀ ਮੌਜੂਦ ਨਹੀਂ ਹੁੰਦੀ।

ਉੱਪਰ 1. ਉੱਤੇ ਆਏ ਭਾਸ਼ਾਈ ਨਿਯਮ ਅਧੀਨ ਫਾਰਸੀ ਜਾਂ ਇਸ ਦੀਆਂ ਗੁਆਂਢੀ ਭਾਸ਼ਾਵਾਂ ਬੋਲਣ ਵਾਲਿਆਂ ਵੱਲੋਂ ਪੰਜਾਬੀ ਸ਼ਬਦ ‘ਸਿੰਧੁ’ ਦਾ ਉਚਾਰਨ ਕਰਨ ਵੇਲੇ ਇਸ ਵਿਚ ਆਉਂਦੀ ਸੁਰ ਨੂੰ ‘ਹ’ ਦੀ ਧੁਨੀ ਵਿਚ ਤਬਦੀਲ ਕਰ ਦੇਣ ਨਾਲ ਸ਼ਬਦ ‘ਸਿੰਧੁ’ ਦਾ ਉਚਾਰਨ ਪੰਜਾਬੀ ਸ਼ਬਦ ‘ਸਹਿੰਦੁ’ ਵਾਲਾ ਬਣ ਜਾਵੇਗਾ (ਸੱਵਰ ਧੁਨੀ ਦੇ ਛੋਟਾ ਹੋਣ ਕਰਕੇ)। ਇਸ ਸਥਿਤੀ ਵਿਚ ਉਚਾਰਨ ਦੇ ਅਰੰਭ ਉੱਤੇ ਵਿਅੰਜਨ-ਜੁੱਟ ‘ਸਹ’ ਆ ਰਿਹਾ ਹੋਵੇਗਾ ਅਤੇ ਉੱਪਰ 2. ਉੱਤੇ ਆਏ ਭਾਸ਼ਾਈ ਨਿਯਮ ਦੇ ਮੱਦੇਨਜ਼ਰ ਫਾਰਸੀ ਵਰਗੀਆਂ ਭਾਸ਼ਾਵਾਂ ਬੋਲਣ ਵਾਲਿਆਂ ਲਈ ਇਹ ਉਚਾਰਨ ਮੁਸ਼ਕਲ ਵਾਲੀ ਸਥਿਤੀ ਪੈਦਾ ਕਰ ਦੇਦਾ ਹੈ। ਇਸ ਲਈ ਇਹਨਾਂ ਬੁਲਾਰਿਆਂ ਵੱਲੋਂ ਇਸ ਮੁਸ਼ਕਲ ਦੇ ਹਲ ਦੇ ਤੌਰ ਤੇ ‘ਸਹ’ ਵਿਅੰਜਨ-ਜੁੱਟ ਦੀ ਪਹਿਲੀ ਧੁਨੀ ‘ਸ’ ਨੂੰ ਲੋਪ ਕਰ ਦਿੱਤਾ ਜਾਂਦਾ ਹੈ ਜਿਸ ਨਾਲ ‘ਸਹਿੰਦੁ’ ਨੂੰ ‘ਹਿੰਦੁ’ ਵਾਲਾ ਰੂਪ ਮਿਲ ਜਾਂਦਾ ਹੈ।
ਨੋਟ: ਕਿਸੇ ਭਾਸ਼ਾ ਦੇ ਬੁਲਾਰਿਆਂ ਵੱਲਂ ਉੱਪਰ ਦਰਸਾਈ ਧੁਨੀ ਨੂੰ ਲੋਪ ਕਰਨ ਵਰਗੀ ਕਾਰਵਾਈ ਉਸ ਭਾਸ਼ਾ ਦੇ ਬੁਲਾਰਿਆਂ ਵੱਲੋਂ ਸੁਚੇਤ ਤੌਰ ਤੇ ਨਹੀਂ ਸਗੋਂ ਆਪਣੇ ਉਚਾਰਕ-ਅੰਗਾਂ ਦੇ ਸਾਂਝੇ ਅਭਿਆਸ ਰਾਹੀਂ ਬਣੇ ਸੁਭਾ ਅਨੁਸਾਰ ਸੁਤੇਸਿਧ ਹੀ ਨਿਭਾ ਲਈ ਜਾਂਦੀ ਹੈ ਅਤੇ ਏਸੇ ਕਰਕੇ ਇਹ ਉਸ ਭਾਸ਼ਾ ਦੇ ਸਾਰੇ ਬੁਲਾਰਿਆਂ ਵਿਚ ਇਕਸਾਰ ਹੁੰਦੀ ਹੈ।

ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਬਦੇਸ਼ੀ ਹਮਲਾਵਰਾਂ ਨੇ ਦਰਿਆ ‘ਸਿੰਧੁ’ ਨੂੰ ‘ਹਿੰਦੁ’ ਦਾ ਨਾਮ ਦੇਣ ਉਪਰੰਤ ਇਸ ਦਰਿਆ ਦੇ ਆਸ-ਪਾਸ ਦੇ ਇਲਾਕੇ ਨੂੰ ਵੀ ‘ਹਿੰਦੁ’ ਦਾ ਨਾਮ ਦੇ ਦਿੱਤਾ ਜਿਸ ਤੋਂ ਅੱਗੇ ‘ਹਿੰਦੁਸਤਾਨ’ ਸ਼ਬਦ ਬਣਾ ਲਿਆ ਗਿਆ। ਪਰੰਤੂ ਫਾਰਸੀ ਅਤੇ ਇਸ ਦੀਆਂ ਗੁਆਂਢੀ ਭਾਸ਼ਾਵਾਂ ਦੇ ਨਿਯਮਾਂ ਅਨੁਸਾਰ ‘ਹਿੰਦੁ’ ਇਲਾਕੇ ਦੇ ਵਸਨੀਕਾਂ ਨੂੰ ‘ਹਿੰਦਵੀ’ ਜਾਂ ‘ਹਿੰਦੀ’ ਕਿਹਾ ਜਾਵੇਗਾ ਨਾ ਕਿ ‘ਹਿੰਦੂ’ ਅਤੇ ਏਸੇ ਤਰ੍ਹਾਂ ‘ਹਿੰਦੁਸਤਾਨ’ ਦੇ ਇਲਾਕੇ ਦੇ ਲੋਕਾਂ ਲਈ ‘ਹਿੰਦੁਸਤਾਨੀ’ ਸ਼ਬਦ ਵਰਤਿਆ ਜਾਵੇਗਾ ਨਾ ਕਿ ‘ਹਿੰਦੂ’। ਏਥੇ ਇਹ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ‘ਹਿੰਦੁਸਤਾਨ’ ਸ਼ਬਦ ‘ਹਿੰਦੁ’ ਤੋਂ ਬਣਿਆਂ ਹੈ ਨਾ ਕਿ ‘ਹਿੰਦੂ’ ਤੋਂ।

ਅਸਲ ਵਿਚ ਜਿੱਥੇ ਸ਼ਬਦ ‘ਹਿੰਦੁ’ ਅੱਗੋਂ ‘ਸਿੰਧੁ’ ਤੋਂ ਬਣਿਆਂ ਹੈ (ਉੱਪਰ ਦਰਸਾਏ ਅਨੁਸਾਰ) ਨਾ ਕਿ ‘ਸਿੰਧ’ ਤੋਂ, ਓਥੇ ‘ਹਿੰਦੂ’ ਸ਼ਬਦ ਭਾਰਤ ਦੇ ਇਕ ਵਿਸ਼ੇਸ਼ ਧਾਰਮਿਕ ਫਿਰਕੇ ਦੇ ਲੋਕਾਂ ਲਈ ਵਰਤੋਂ ਵਿਚ ਲਿਆਂਦਾ ਜਾਂਦਾ ਰਿਹਾ ਹੈ। ਗੁਰਬਾਣੀ ਵਿਚ ਵੀ ‘ਹਿੰਦੂ’ ਸ਼ਬਦ ਏਹਨਾਂ ਅਰਥਾਂ ਵਿਚ ਹੀ ਵਰਤਿਆ ਗਿਆ ਹੈ ਜਦੋਂ ਕਿ ਗੁਰਬਾਣੀ ਵਿਚ ‘ਹਿੰਦੁਸਤਾਨ’ ਸ਼ਬਦ ਭਾਰਤ ਦੇਸ਼ ਲਈ ਹੀ ਵਰਤਿਆ ਗਿਆ ਹੈ (ਗੁਰੂ ਨਾਨਕ ਜੀ ਨੇ ਇਹ ਦੋਵੇਂ ਸ਼ਬਦ ਪੰਦਰ੍ਹਵੀਂ ਸਦੀ ਈਸਵੀ ਦੇ ਅੰਤ ਉੱਤੇ ਪਰਯੋਗ ਵਿਚ ਲਿਆਂਦੇ ਸਨ)। ਸੋ ਇਸ ਗੱਲ ਦੀ ਵੀ ਘੋਖ ਕਰਨ ਦੀ ਲੋੜ ਹੈ ਕਿ ਭਾਰਤ ਦੇ ਇਕ ਧਾਰਮਿਕ ਫਿਰਕੇ ਦੇ ਸਬੰਧ ਵਿਚ ਵਰਤਿਆ ਜਾਣ ਵਾਲਾ ਸ਼ਬਦ ‘ਹਿੰਦੂ’ ਹੋਂਦ ਵਿਚ ਕਿਵੇਂ ਆਇਆ। ਇਸ ਸਥਿਤੀ ਦੇ ਸਬੰਧ ਵਿਚ ਹੇਠਾਂ ਦਿੱਤੇ ਦੋ ਨੁਕਤੇ ਵਿਚਾਰ ਅਧੀਨ ਲਿਆਂਦੇ ਜਾ ਸਕਦੇ ਹਨ:
1. ਸਮੇਂ-ਸਮੇਂ ਤੇ ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚੋਂ ਲੋਕ ਭਾਰਤ ਵਿਚ ਆਉਂਦੇ ਰਹੇ ਹਨ ਅਤੇ ਕਈ ਧਿਰਾਂ ਨੇ ਤਾਂ ਏਥੇ ਰਾਜ ਵੀ ਸਥਾਪਤ ਕਰ ਛੱਡਿਆ ਸੀ। ਹੋ ਸਕਦਾ ਹੈ ਕਿ ਕਿਸੇ ਸਮੇਂ ਇਹਨਾਂ ਵਿੱਚੋਂ ਕਿਸੇ ਇਕ ਧਿਰ ਨੇ ਆਪਣੀ ਭਾਸ਼ਾ ਦੇ ਸੁਭਾ ਅਨੁਸਾਰ ‘ਹਿੰਦੁ’ (ਭਾਰਤ) ਦੇ ਲੋਕਾਂ ਲਈ ‘ਹਿੰਦੂ’ ਸ਼ਬਦ ਪਰਯੋਗ ਵਿਚ ਲਿਆ ਕੇ ਏਥੇ ਪਰਚਲਤ ਕਰ ਦਿੱਤਾ ਹੋਵੇ।
2. ਉੱਤਰੀ ਭਾਰਤ ਦੀਆਂ ਭਾਸ਼ਾਵਾਂ ਦੀ ਵਿਸ਼ੇਸ਼ ਪਰੰਪਰਾ ਹੈ ਕਿ ਇਹਨਾਂ ਵਿਚ ਕਿਸੇ ਵਿਅਕਤੀ ਦੀ ਕਾਰਜਸ਼ੀਲਤਾ, ਯੋਗਤਾ, ਸਮਰੱਥਾ ਜਾਂ ਸਥਿਤੀ ਅਨੁਸਾਰ ਉਸ ਲਈ ਵਰਤੇ ਜਾਣ ਵਾਲੇ ਸ਼ਬਦ ਦੇ ਅੰਤ ਉੱਤੇ ਪਿਛੇਤਰ ਦੇ ਤੌਰ ਤੇ ‘ਊ’ ਦੀ ਧੁਨੀ ਲਗਾ ਦਿੱਤੀ ਜਾਂਦੀ ਹੈ ਜਿਵੇਂ ਡਰੂ, ਵੀਰੂ, ਭੋਲੂ, ਲੋਟੂ, ਰਾਮੂ, ਸ਼ਾਮੂ, ਨੰਦੂ, ਭੌਂਦੂ, ਧੂਤੂ, ਬਾਪੂ, ਲੋਟੂ, ਸ਼ੇਰੂ, ਗਰੀਬੂ, ਲੜਾਕੂ, ਰੁਲਦੂ, ਜੁਗਾੜੂ, ਮਾੜਚੂ, ਜੰਗਜੂ, ਝਗੜਾਲੂ ਆਦਿਕ ਵਿਚ। ਹੋ ਸਕਦਾ ਹੈ ਕਿ ਏਸੇ ਪਰੰਪਰਾ ਅਧੀਨ ਭਾਰਤੀਆਂ ਵੱਲੋਂ ਹੀ ਸ਼ਬਦ ‘ਹਿੰਦੁ’ ਤੋਂ ਭਾਰਤ ਦੇ ਲੋਕਾਂ ਲਈ ਸ਼ਬਦ ‘ਹਿੰਦੂ’ ਬਣਾ ਲਿਆ ਗਿਆ ਹੋਵੇ।

ਅਗਲੀ ਸਮੱਸਿਆ ਸ਼ਬਦ ‘ਹਿੰਦੂ’ ਦੇ ਭਾਰਤ ਦੇ ਇਕ ਵਿਸ਼ੇਸ਼ ਧਾਰਮਿਕ ਫਿਰਕੇ ਦੇ ਲੋਕਾਂ ਲਈ ਵਰਤੇ ਜਾਣ ਦੀ ਪਰੰਪਰਾ ਬਾਰੇ ਸਪੱਸ਼ਟ ਹੋਣ ਦੀ ਹੈ। ਪੁਰਾਣੇ ਸਮਿਆਂ ਤੋਂ ਵੱਡ-ਅਕਾਰੀ ਭਾਰਤੀ ਖਿੱਤੇ (ਪੁਰਾਤਨ ਨਾਮ ‘ਜੰਬੂ ਦੀਪ’) ਵਿਚ ਕਈ ਮੱਤ ਹੋਂਦ ਵਿਚ ਆਏ ਹਨ। ਨੌਵੀਂ ਸਦੀ ਈਸਵੀ ਵਿਚ ਏਥੇ ਬ੍ਰਾਹਮਣੀ ਮਾਨਤਾਵਾਂ/ਪਰੰਪਰਾਵਾਂ ਅਧਾਰਿਤ ਮੱਤ ਦਾ ਉਭਾਰ ਹੋਇਆ ਜਿਸ ਦੇ ਅਨੁਯਾਈਆਂ ਨੇ ਏਥੋਂ ਦੇ ਹੋਰਨਾਂ ਮੱਤਾਂ ਵਿਸ਼ੇਸ਼ ਕਰਕੇ ਬੁੱਧ ਮੱਤ ਨੂੰ ਪਛਾੜ ਕੇ ਦੂਰ-ਦੂਰ ਤੱਕ ਆਪਣਾ ਪ੍ਰਭਾਵ ਫੈਲਾ ਲਿਆ। ਬ੍ਰਾਹਮਣ ਮੱਤ ਦਾ ਸਭ ਤੋਂ ਵੱਡਾ ਟਕਰਾਅ ਬੁੱਧ ਸਭਿਆਚਾਰ ਨਾਲ ਹੀ ਬਣਿਆਂ ਅਤੇ ਭਾਰਤ ਵਿਚ ਬੁੱਧ ਮੱਤ ਦੇ ਪਤਨ ਦੀ ਜ਼ਿੰਮੇਵਾਰੀ ‘ਬ੍ਰਾਹਮਣ’ ਮੱਤ ਦੇ ਸਿਰ ਤੇ ਹੀ ਪਾਈ ਜਾਂਦੀ ਹੈ। ਪਰੰਤੂ ਇਸ ਮੱਤ ਨੂੰ ਕੋਈ ਸੱਪਸ਼ਟ ਨਾਮ ਨਹੀਂ ਸੀ ਮਿਲ ਸਕਿਆ। ਜਦੋਂ ਦੱਸਵੀਂ-ਗਿਆਰ੍ਹਵੀਂ ਸਦੀ ਈਸਵੀ ਵਿਚ ਮੁਸਲਮਾਨਾਂ ਦੀ ਆਮਦ ਤੋਂ ਬਾਦ ਏਥੇ ਭਾਰਤੀ ਲੋਕਾਂ ਲਈ ‘ਹਿੰਦੀ’ ਸ਼ਬਦ ਪਰਚਲਤ ਹੋ ਗਿਆ ਤਾਂ ਬ੍ਰਾਹਮਣ ਮੱਤ ਦੇ ਅਨੁਯਾਈਆਂ ਵੱਲੋਂ ‘ਹਿੰਦੁ’ ਸ਼ਬਦ ਨੂੰ ਬਦੇਸ਼ੀ ਸ਼ਾਸਕਾਂ ਦੀ ਦੇਣ ਹੋਣ ਕਰਕੇ ਸਤਿਕਾਰਿਤ ਸ਼ਬਦ ਸਮਝਦੇ ਹੋਏ ‘ਹਿੰਦੀ’ ਜਾਂ ‘ਹਿੰਦਵੀ’ (ਭਾਰਤ ਦੇਸ਼ ਦੇ ਨਿਵਾਸੀ) ਦੀ ਜਗਹ ਉੱਤੇ ‘ਹਿੰਦੂ’ ਦੇ ਰੂਪ ਵਿਚ ਆਪਣੇ ਮੱਤ ਦੇ ਲੋਕਾਂ ਲਈ ਵਰਤੋਂ ਵਿਚ ਲੈ ਆਂਦਾ ਗਿਆ। ਇਸ ਕਾਰਵਾਈ ਦਾ ਮਕਸਦ ਇਹ ਵੀ ਹੋ ਸਕਦਾ ਹੈ ਕਿ ਇਸ ਸ਼ਬਦ ਦੀ ਵਰਤੋਂ ਰਾਹੀਂ ਬ੍ਰਾਹਮਣ ਮੱਤ ਨੂੰ ਸੱਮੁਚੇ ਭਾਰਤੀ ਲੋਕਾਂ ਦਾ ਧਰਮ ਐਲਾਨ ਦਿੱਤਾ ਜਾਵੇ। ਅਜੋਕੇ ਸਮੇਂ ਵਿਚ ਰਾਸ਼ਟਰੀ ਸਵੈਮ ਸੇਵਕ ਜੱਥੇਬੰਦੀ
(R.S.S.) ਵੀ ਏਸੇ ਸੋਚ ਉੱਤੇ ਕੰਮ ਕਰਦੀ ਆ ਰਹੀ ਹੈ। ਉਂਜ ਬ੍ਰਾਹਮਣ ਮੱਤ ਦੇ ਗ੍ਰੰਥਾਂ ਵਿਚ ‘ਹਿੰਦੂ’ ਸ਼ਬਦ ਦੀ ਕਿਧਰੇ ਵੀ ਵਰਤੋਂ ਕੀਤੀ ਹੋਈ ਨਹੀਂ ਮਿਲਦੀ। ਜਦੋਂ ਉਨ੍ਹੀਵੀਂ ਸਦੀ ਈਸਵੀ ਵਿਚ ਆ ਕੇ ਹਿੰਦੂ ਵਿਦਵਾਨਾਂ ਨੂੰ ‘ਹਿੰਦੂ’ ਸ਼ਬਦ ਦੇ ਫਾਰਸੀ ਅਰਥਾਂ ਦਾ ਪਤਾ ਲੱਗਾ ਤਾਂ ਉਹਨਾਂ ਨੇ ਇਸ ਮੱਤ ਨੂੰ ‘ਸਨਾਤਨ ਧਰਮ’ ਦਾ ਨਾਮ ਦੇਣ ਦੇ ਯਤਨ ਕਰਨੇ ਅਰੰਭ ਕਰ ਦਿੱਤੇ। ਪਰੰਤੂ ਹਾਲੇ ਤੱਕ ‘ਹਿੰਦੂ ਧਰਮ’ ਦੇ ਨਾਮ ਵਾਲੇ ਇਸ ਬ੍ਰਾਹਮਣਵਾਦੀ ਮੱਤ ਦਾ ਨਾਮ ‘ਸਨਾਤਨ ਧਰਮ’ ਦੇ ਤੌਰ ਤੇ ਪਰਚਲਤ ਨਹੀਂ ਹੋ ਸਕਿਆ।

ਨਿਸ਼ਕਰਸ਼

ਉੱਪਰ ਆਏ ਵਿਸਥਾਰ ਤੋਂ ਇਹ ਸੱਪਸ਼ਟ ਹੋ ਜਾਂਦਾ ਹੈ ਕਿ ਤਕਨੀਕੀ ਪੱਖੋਂ ਪਰਖਦਿਆਂ ਇਹ ਦੋਵੇਂ ਕਹਾਣੀਆਂ ਝੂਠੀਆਂ ਸਾਬਿਤ ਹੋ ਜਾਂਦੀਆਂ ਹਨ ਕਿ ਕਿਸੇ ਸਮੇਂ ਭਾਰਤ ਵਿਚ ਆਏ ਬਦੇਸ਼ੀ ਹਮਲਾਵਰਾਂ ਦੀ ਆਪਣੀ ਬੋਲੀ ਵਿਚ ਗੁਰਮੁਖੀ ਅੱਖਰ ‘ਸ’ ਵਿੱਚੋਂ ਨਿਕਲਣ ਵਾਲੀ ਧੁਨੀ ਮੌਜੂਦ ਨਾ ਹੋਣ ਕਰਕੇ ਉਹਨਾਂ ਵੱਲੋਂ ‘ਸਿੰਧੁ’ ਸ਼ਬਦ ਨੂੰ ‘ਹਿੰਦੂ’ ਵਿਚ ਤਬਦੀਲ ਕਰ ਦਿੱਤਾ ਸੀ ਜਾਂ ਫਿਰ ਕਿ ਬਦੇਸ਼ੀ ਹਮਲਾਵਰਾਂ ਨੇ ਭਾਰਤੀ ਇਲਾਕਿਆਂ ਦੇ ਲੋਕਾਂ ਨੂੰ ਨੀਵਾਂ ਵਿਖਾਉਣ ਲਈ ਇਹਨਾਂ ਲਈ ਫਾਰਸੀ ਦੇ ਅਪਮਾਨਜਨਕ ਅਰਥਾਂ ਵਾਲੇ ਸ਼ਬਦ ‘ਹਿੰਦੂ’ ਦੀ ਵਰਤੋ ਕੀਤੀ ਸੀ। ਸਾਡੇ ਕੋਲ ‘ਹਿੰਦੁ’, ‘ਹਿੰਦੂ’ ਅਤੇ ‘ਹਿੰਦੁਸਤਾਨ’ ਸ਼ਬਦਾਂ ਦੀ ਉਤਪੱਤੀ ਸਬੰਧੀ ਭਾਸ਼ਾ-ਵਿਗਿਆਨਕ ਅਧਾਰ ਵਾਲੀ ਵਿਆਖਿਆ ਮੌਜੂਦ ਹੈ ਜੋ ਉੱਪਰ ਦੇ ਦਿੱਤੀ ਗਈ ਹੈ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ ।




.