.

ਧਰਮ ਦਾ ਧੰਦਾ

(5)

ਧਰਮ ਦੇ ਧਾਂਦਲੀਆਂ ਨੇ ਕਾਰ ਸੇਵਾ ਦੇ ਨਿਸ਼ਕਾਮ ਕਾਰਜ ਨੂੰ ਵੀ ਧਰਮ ਦੇ ਧੰਦੇ ਦਾ ਇੱਕ ਲਾਹੇਵੰਦ ਸੌਦਾ ਬਣਾ ਲਿਆ ਹੈ! ਕਾਰ ਅਰਬੀ ਬੋਲੀ ਦੇ ਲਫ਼ਜ਼ ਕਅਰ قعر ਦਾ ਤਦਭਵ ਰੂਪ ਹੈ; ਅਤੇ ਇਸ ਦੇ ਅਰਥ ਹਨ: ਕੂਏਂ (ਖੂਹ) ਜਾਂ ਤਾਲਾਬ ਦੇ ਥੱਲੇ ਇਕੱਠੀ ਹੋਈ ਗਾਰ, ਮੈਲਾ ਜਾਂ ਚਿੱਕੜ। ਸੋ, ਕਾਰ ਸੇਵਾ ਦੇ ਅਰਥ ਹੋਏ: ਤਾਲਾਬ ਥੱਲਿਓਂ ਚਿੱਕੜ ਜਾਂ ਗਾਰ ਕੱਢਣ ਦਾ ਨਿਸ਼ਕਾਮ ਕਾਰਜ। (ਨਿਸ਼ਕਾਮ ਕਾਰਜ ਵਾਸਤੇ ਮਾਇਆ ਦੀ ਜ਼ਰੂਰਤ ਨਹੀਂ ਹੁੰਦੀ।) ਪੁਰਾਣੇ ਸਮਿਆਂ ਵਿੱਚ ਪਿੰਡਾਂ, ਢਾਣੀਆਂ ਅਤੇ ਬਸਤੀਆਂ ਆਦਿ ਦੇ ਵਸਨੀਕ ਆਪਣੇ ਆਪਣੇ ਘਰੋਂ ਕਹੀਆਂ ਤਸਲੇ ਜਾਂ ਬਠਲ ਲਿਆ ਕੇ ਪਾਣੀ ਦੇ ਸਰੋਤ ਟੋਭਿਆਂ, ਛੱਪੜਾਂ, ਹੌਜ਼ਾਂ, ਡਿੱਗੀਆਂ ਅਤੇ ਕੁੰਭਾਂ ਆਦਿਕ ਵਿੱਚੋਂ ਗਾਰ ਜਾਂ ਚਿੱਕੜ ਕੱਢਿਆ ਕਰਦੇ ਸਨ। ਇਹੀ ਪ੍ਰਥਾ ਧਰਮਸਥਾਨਾਂ ਨਾਲ ਜੁੜੇ ਤਾਲਾਬਾਂ ਦੀ ਸਫ਼ਾਈ ਲਈ ਵੀ ਅਪਣਾਈ ਗਈ ਅਤੇ ਜਨਤਾ ਵੱਲੋਂ ਸਾਂਝੇ ਤੌਰ `ਤੇ ਕੀਤੇ ਜਾਂਦੇ ਇਸ ਨਿਸ਼ਕਾਮ ਕਾਰਜ ਨੂੰ ਨਾਮ ਦੇ ਦਿੱਤਾ ਗਿਆ: ਕਾਰ ਸੇਵਾ! ਬਚਪਣ (1940ਵਿਆਂ 1950ਵਿਆਂ) ਵਿੱਚ ਛੋਟੇ ਛੋਟੇ ਤਸਲੇ ਤੇ ਕਹੀਆਂ ਨਾਲ ਮੁਕਤਸਰ ਦੇ ਤਾਲਾਬ (ਸਰੋਵਰ) ਦੀ ਕਾਰ ਸੇਵਾ ਅਸੀਂ ਵੀ ਨਿਭਾਉਂਦੇ ਰਹੇ ਹਾਂ!

(ਨੋਟ: ਕਾਰ ਪਦ ਦੇ ਕਈ ਅਰਥ ਹਨ; ਪਰੰਤੂ, “ਕਾਰ ਸੇਵਾ” ਦੇ ਪ੍ਰਸੰਗ ਵਿੱਚ ਇਸ ਸ਼ਬਦ (ਕਾਰ) ਦੇ ਉਪਰਲੇ ਪੈਰੇ ਵਿੱਚ ਦਿੱਤੇ ਗਏ ਅਰਥ ਹੀ ਢੁੱਕਦੇ ਹਨ।)

ਪੁਰਾਣੇ ਜ਼ਮਾਨੇ ਦੀ ਕਾਰ ਸੇਵਾ ਅਤੇ ਮਾਇਆ ਠੱਗਣ ਵਾਸਤੇ ਕਰਵਾਈ ਜਾਂਦੀ, ਦਿਖਾਵੇ ਦੇ ਨਿਰਾਰਥਕ ਆਡੰਬਰਾਂ ਵਾਲੀ, ਅਜੋਕੀ ਕਾਰ ਸੇਵਾ ਵਿੱਚ ਜ਼ਮੀਨ-ਆਸਮਾਨ ਦਾ ਅੰਤਰ ਹੈ। ਪੁਰਾਣੇ ਸਮਿਆਂ ਵਿੱਚ ਲੋਕ ਇਹ ਨਿਸ਼ਕਾਮ ਕਾਰਜ ਸੱਚੀ ਸ਼੍ਰੱਧਾ ਅਤੇ ਪਰਮਾਰਥਿਕ ਰੁਚੀ ਨਾਲ ਕਰਿਆ ਕਰਦੇ ਸਨ। ਪਰੰਤੂ, ਅਜੋਕੀ ਕਾਰ ਸੇਵਾ ਦਾ ਆਧਾਰ ਸ਼੍ਰੱਧਾਲੂਆਂ ਦੀ ਅੰਨ੍ਹੀ ਸ਼੍ਰੱਧਾ, ਅੰਧਵਿਸ਼ਵਾਸ ਅਤੇ ਪ੍ਰਬੰਧਕਾਂ ਤੇ ਪੁਜਾਰੀਆਂ ਦਾ ਲੋਭ, ਸੁਆਰਥ ਅਤੇ ਮਾਇਆ ਹੈ! ਧਰਮ ਦੇ ਧੰਦੇ ਨੂੰ ਹੋਰ ਲਾਭਦਾਇਕ ਬਣਾੳੇਣ ਵਾਸਤੇ ਪ੍ਰਬੰਧਕ ਕਮੇਟੀਆਂ ਵੱਲੋਂ ਹੁਣ ਇਹ ‘ਸੇਵਾ’ ਕਥਿਤ ਸੰਤਾਂ-ਸਾਧਾਂ ਅਥਵਾ ਬਾਬਿਆਂ ਨੂੰ ਦਿੱਤੀ ਜਾਂਦੀ ਹੈ। ਇਹ ਅਖੌਤੀ ਬਾਬੇ ਕੋਈ ਇੰਜਿਨੀਅਰ ਜਾਂ ਕਾਰੀਗਰ ਨਹੀਂ ਹਨ; ਉਹ ਤਾਂ ਭੇਖਧਾਰੀ, ਪਾਖੰਡੀ ਤੇ ਲੋਭੀ ਲੋਕ ਹਨ ਜਿਨ੍ਹਾਂ ਨੂੰ ਘਪਲੇਬਾਜ਼ ਠੇਕੇਦਾਰ ਵੀ ਕਿਹਾ ਜਾਂਦਾ ਹੈ। ਖ਼ਬਰਾਂ ਮੁਤਾਬਿਕ, ਇਹ ਲੋਕ ਕਾਰ ਸੇਵਾ ਹਥਿਆਉਣ ਲਈ ਪ੍ਰਬੰਧਕਾਂ ਨੂੰ ਲੱਖਾਂ-ਕ੍ਰੋੜਾਂ ਦੀ ਰਿਸ਼ਵਤ ਵੀ ਦਿੰਦੇ ਹਨ।

ਕਾਰ ਸੇਵਾ ਦੇ ਨਾਮ ਤੇ ਲੋਕਾਂ ਨੂੰ ਠੱਗਣ ਵਾਸਤੇ ਥਾਂ-ਥਾਂ ਤਾਲਾ-ਬੰਦ ਗੋਲਕਾਂ ਰੱਖੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਸ਼੍ਰੱਧਾਲੂ ਮਾਇਆ ਤੋਂ ਬਿਨਾਂ ਸੋਨਾ-ਚਾਂਦੀ ਅਤੇ ਹੋਰ ਕਈ ਕਿਸਮ ਦੇ ਕੀਮਤੀ ਪਦਾਰਥ ਵੀ ਪਾਉਂਦੇ ਹਨ! ਇੱਥੋਂ ਤਕ ਕਿ ਕਈ, ਝੂਠੀ ਸ਼ੁਹਰਤ ਦੇ ਭੁੱਖੇ ਮਾਇਆਧਾਰੀ ਲੋਕ ਤਾਂ ਸੋਨੇ ਦੇ ਤਸਲੇ ਤੇ ਕਹੀਆਂ ਆਦਿਕ ਵੀ ਦਾਨ ਵਜੋਂ ਭੇਟ ਕਰਦੇ ਹਨ! ਅਤੇ, ਮਾਇਕ ਤ੍ਰਿਸ਼ਨਾ ਦੇ ਮਾਰੇ ਠੇਕੇਦਾਰ ਸੰਤ-ਬਾਬੇ ਮਹਾਰਾਜ ਵੀ ਇਹ ਭੇਟਾ ਚਾਈਂ ਚਾਈਂ ਕਬੂਲਦੇ ਹਨ! ਕਾਰ ਸੇਵਾ ਦੇ ਨਾਮ `ਤੇ ਠੱਗੀ ਬੇਹਿਸਾਬ ਮਾਇਆ ਦਾ ਕੋਈ ਹਿਸਾਬ-ਕਿਤਾਬ ਜਾਂ ਲੇਖਾ-ਜੋਖਾ ਨਹੀਂ ਹੁੰਦਾ; ਅਤੇ ਨਾ ਹੀ ਟੈਕਸ ਦੇਣ ਦਾ ਕੋਈ ਸਿਆਪਾ! !

ਕਮਾਈ ਦਾ ਚੰਗਾ ਵਸੀਲਾ ਹੋਣ ਕਰ ਕੇ, ਪ੍ਰਬੰਧਕਾਂ ਵਲੋਂ ਹੁਣ ਕਾਰ ਸੇਵਾ ਦੇ ਨਾਮ `ਤੇ ਕਈ ਤਰ੍ਹਾਂ ਦੇ, ਸਚ ਧਰਮ ਲਈ ਨਿਰਾਰਥਕ, ਕਾਰਜਾਂ ਵਾਸਤੇ ਕਾਰ ਸੇਵਾ ਸ਼ਬਦ-ਜੁੱਟ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ:

ਗੁੰਬਦਾਂ ਉੱਤੇ ਸੈਂਕੜੇ ਕਿੱਲੋ ਸੋਨੇ ਦੇ ਪੱਤਰੇ ਚੜ੍ਹਾਉਣ ਅਤੇ ਸੋਨੇ ਦੇ ਕਲਸ ਲਗਵਾਉਣ ਦੀ ਕਾਰ ਸੇਵਾ, ਨਿਸ਼ਾਨ ‘ਸਾਹਿਬ’ ਉੱਤੇ ਸੋਨੇ ਦਾ ਖੰਡਾ ਲਗਵਾਉਣ ਜਾਂ ਨਵਾਂ ਪੋਸ਼ਾਕਾ/ਚੋਲਾ ਚੜ੍ਹਾਉਣ ਦੀ ਕਾਰ ਸੇਵਾ, ਦਰਸ਼ਨੀ ਡਿਉਢੀ ਦੇ ਪਵਿਤ੍ਰ ਦੁਆਰ ਦੀ ਕਾਰ ਸੇਵਾ, ਸਚਖੰਡ (ਕੋਠਾ ‘ਸਾਹਿਬ’ ) ਦੀ ਕਾਰ ਸੇਵਾ, ਸੰਗਮਰਮਰ ਲਗਵਾਉਣ ਜਾਂ ਮੁਰੰਮਤ ਕਰਵਾਉਣ ਦੀ ਕਾਰ ਸੇਵਾ, ਮੀਨਾਕਾਰੀ ਅਤੇ ਸੋਨੇ ਦੇ ਪੱਤਰਾਂ ਦੀ ਮੁਰੰਮਤ ਅਤੇ ਧੁਆਈ ਦੀ ਕਾਰ ਸੇਵਾ, ਬਿਰਧ ਸਰੂਪਾਂ ਦੇ ਅੰਗਾਂ ਦੇ ਸੁਧਾਰ ਦੀ ਕਾਰ ਸੇਵਾ……ਆਦਿਕ!

ਕਰਮਕਾਂਡ: ਧਰਮ ਦੇ ਧੰਦੇ ਵਿੱਚ ਸੰਸਾਰਕ ਸੰਸਕਾਰ ਜਾਂ ਕਰਮਕਾਂਡ ਕਰਨ-ਕਰਵਾਉਣ ਦੀ ਰੀਤ ਅਤਿਅੰਤ ਲਾਹੇਵੰਦ ਸੌਦਾ ਹੈ। ਮਨੁੱਖ ਦੇ ਸਮਾਜਿਕ ਅਤੇ ਸਭਿਆਚਾਰਕ ਜੀਵਨ ਦਾ ਵਿਸ਼ਾਲ ਖੇਤ੍ਰ ਕਿਸੇ ਵੀ ਧੰਦੇ/ਵਾਪਾਰ ਵਾਸਤੇ ਬਹੁਤ ਹੀ ਰਾਸ ਹੁੰਦਾ ਹੈ। ਸਮਾਜਿਕ ਅਤੇ ਸਭਿਆਚਾਰਕ ਰਵਾਇਤਾਂ, ਪ੍ਰੰਪਰਾਵਾਂ, ਗਹੁਰੀਤੀਆਂ, ਰਸਮੋ ਰਿਵਾਜ, ਦਿਨ-ਤਿਓਹਾਰ ਅਤੇ ਸਭਿਆਚਾਰਕ ਮੌਸਮੀ ਮੇਲੇ ਆਦਿਕ ਵਪਾਰੀਆਂ ਲਈ ਕਮਾਈ ਦਾ ਬਹੁਤ ਵੱਡਾ ਵਸੀਲਾ ਅਤੇ ਸੁਨਹਿਰੀ ਮੌਕਾ ਹੁੰਦੇ ਹਨ। ਸਮਾਜ ਤੇ ਸਭਿਆਚਾਰ ਦੇ ਪ੍ਰਚੱਲਿਤ ਰਸਮੋ-ਰਿਵਾਜ ਪੂਰੇ ਕਰਨ ਲਈ ਲੋਕ ਵਿੱਤੋਂ ਵੱਧ ਖ਼ਰਚ ਕਰਦੇ ਹਨ। ਇਸ ਸੱਚ ਨੂੰ ਭਾਂਪਦਿਆਂ, ਸੰਪਰਦਾਈ ਧਰਮਾਂ ਦੇ ਵਾਪਾਰੀਆਂ ਨੇ ਬੜੀ ਚਾਲਾਕੀ ਨਾਲ ਇਨ੍ਹਾਂ ਰਸਮਾਂ ਦਾ ਅਪਹਰਣ ਕਰਕੇ ਧਰਮਾਂ ਦੇ ਅਧਿਕਾਰ ਅਧੀਨ ਕਰ ਲਿਆ ਹੈ। ਇਥੇ ਅਸੀਂ ਸਿਰਫ਼ ਸੰਪਰਦਾਈ ‘ਸਿੱਖ ਧਰਮ’ ਦੇ ਵਪਾਰ ਦਾ ਹੀ ਜ਼ਿਕਰ ਕਰਾਂਗੇ।

ਗੁਰਮਤਿ ਅਨੁਸਾਰ, ਨਿਰਮਲ ਧਰਮ ਦੇ ਪਰਮੁੱਖ ਲੱਛਣ ਹਨ: ਬਿਬੇਕ ਬੁੱਧਿ, ਆਤਮਗਿਆਨ, ਸਚਿਆਰਤਾ, ਸਦਾਚਾਰ ਜਾਂ ਨੇਕ ਚਲਣ ਅਤੇ ਇਨਸਾਨੀਯਤ। ਗੁਰਬਾਣੀ ਮੁਤਾਬਿਕ, ਇਨ੍ਹਾਂ ਆਤਮਿਕ ਗੁਣਾਂ ਦੀ ਪ੍ਰਾਪਤੀ ਵਾਸਤੇ ਅਧਿਆਤਮ ਕਰਮ ਕਰਨ ਦੀ ਲੋੜ ਹੈ।

ਅਧਿਆਤਮ ਕਰਮ ਕਰੇ ਤਾ ਸਾਚਾ॥ ਮੁਕਤਿ ਭੇਦੁ ਕਿਆ ਜਾਣੈ ਕਾਚਾ॥

ਐਸਾ ਜੋਗੀ ਜੁਗਤਿ ਬੀਚਾਰੈ॥ ਪੰਚ ਮਾਰਿ ਸਾਚੁ ਉਰਿ ਧਾਰੈ॥ ਗਉੜੀ ਅ: ਮ: ੧

ਉਪਰੋਕਤ ਕਥਨ ਤੋਂ ਸਪਸ਼ਟ ਹੈ ਕਿ, ਸਚ ਧਰਮ ਦਾ ਸੰਬੰਧ ਮਨ/ਆਤਮਾ ਜਾਂ ਅੰਤਹਕਰਣ ਨਾਲ ਹੈ ਸੰਸਾਰਕਤਾ ਨਾਲ ਬਿਲਕੁਲ ਨਹੀਂ! ਦੂਜਾ, ਮਨ ਵਿੱਚੋਂ ਵਿਕਾਰਾਂ ਨੂੰ ਮਾਰ ਕੇ ਪਰਮਪਦ ਜਾਂ ਸਚਿਆਰਤਾ ਪ੍ਰਾਪਤ ਕਰਨ ਅਤੇ ਸੱਚਾ ਇਨਸਾਨ ਬਣਨ ਲਈ ਅਧਿਆਤਮ ਕਰਮ ਕਰਨ ਦੀ ਲੋੜ ਹੈ, ਸੰਸਾਰਕ ਸੰਸਕਾਰਾਂ/ਕਰਮਕਾਂਡਾਂ ਦੀ ਨਹੀਂ! !

(ਅਧਿਆਤਮ ਕਰਮ: ਉਹ ਨਿਰਮਲ ਕਰਮ ਜਿਨ੍ਹਾਂ ਨਾਲ ਆਤਮ-ਗਿਆਨ ਦੀ ਪ੍ਰਾਪਤੀ ਹੋਵੇ।)

ਅਧਿਆਤਮ ਕਰਮ ਧਰਮ ਦੇ ਧੰਦੇ ਨੂੰ ਢਾਹ ਲਾਉਂਦੇ ਹਨ। ਇਸ ਲਈ ਧਰਮ ਦੇ ਸ਼ਾਤਰ ਵਪਾਰੀਆਂ ਵੱਲੋਂ ਲੋਕਾਂ ਵਾਸਤੇ ਕਰਮਕਾਂਡਾਂ ਵਾਲੇ ਅਜਿਹੇ ਵਿਧੀ ਵਿਧਾਨ ਬਣਾਏ ਗਏ ਜਿਨ੍ਹਾਂ ਦੇ ਲੜ ਲਗਿ ਲੋਕ ਅਧਿਆਤਮ ਕਰਮਾਂ ਨੂੰ ਪੂਰੀ ਤਰ੍ਹਾਂ ਭੁੱਲ ਕੇ ਕਰਮਕਾਂਡਾਂ ਦੇ ਲੜ ਲੱਗ ਗਏ ਹਨ। ‘ਸਿੱਖ ਧਰਮ’ ਦੇ ਆਪੂੰ ਬਣੇ ਠੇਕੇਦਾਰਾਂ ਨੇ ਲੋਕਾਈ ਨੂੰ ਕਰਮਕਾਂਡਾਂ ਅਥਵਾ ਸੰਸਾਰਕ ਸੰਸਕਾਰਾਂ ਦੀ ਦਲਦਲ ਵਿੱਚ ਅਜਿਹਾ ਗੱਡਿਆ ਹੈ ਕਿ ਹੁਣ ਇਸ ਮਾਰੂ ਦਲਦਲ ਵਿੱਚੋਂ ਨਿਕਲਣਾ ਅਸੰਭਵ ਲੱਗਦਾ ਹੈ!

ਕਰਮਕਾਂਡਾਂ ਨੂੰ ਪ੍ਰਚੱਲਿਤ ਤੇ ਪ੍ਰਸਿੱਧ ਕਰਨ ਵਾਸਤੇ, ਗੁਰੂ-ਕਾਲ ਦੇ ਖ਼ਤਮ ਹੁੰਦਿਆਂ ਹੀ, ਧਰਮ ਦੇ ਨਾਮ `ਤੇ ਕਈ ਮਿਥਿਆ ਗ੍ਰੰਥ (ਰਹਿਤਨਾਮੇ, ਪ੍ਰਕਾਸ਼, ਸਾਖੀਆਂ ਅਤੇ ਗੁਰਬਿਲਾਸ ਵਗ਼ੈਰਾ) ਲਿਖੇ ਤੇ ਲਿਖਵਾਏ ਗਏ। 18ਵੀਂ ਅਤੇ 19ਵੀਂ ਸਦੀ ਵਿੱਚ ਗੁਮਰਾਹ ਲੇਖਕਾਂ ਦੁਆਰਾ ਲਿਖੇ ਗਏ ਇਨ੍ਹਾਂ ਕੂੜ ਗ੍ਰੰਥਾਂ ਤੋਂ ਸੇਧ ਲੈ ਕੇ ‘ਸਿੱਖ ਧਰਮ’ ਦਾ ਧੰਦਾ ਸਥਾਪਿਤ ਕਰ ਲਿਆ ਗਿਆ ਅਤੇ ਸਮੇਂ ਦੇ ਸੰਤਾਂ-ਮਹੰਤਾਂ, ਸਾਧੜਿਆਂ, ਟਕਸਾਲੀਏ ਤੇ ਡੇਰੇਦਾਰਾਂ ਵਗ਼ੈਰਾ ਨੇ ਧਰਮ ਦੇ ਨਾਮ `ਤੇ ਲੋਕਾਂ ਨੂੰ ਰੱਜ ਕੇ ਲੁੱਟਿਆ। 20ਵੀਂ ਸਦੀ ਵਿੱਚ, ਗੁਰਮਤਿ ਦੇ ਸਿੱਧਾਂਤਾਂ/ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ, ਉਪਰੋਕਤ ਕੂੜ ਗ੍ਰੰਥਾਂ ਦੇ ਆਧਾਰ `ਤੇ ਹੀ ਸ਼੍ਰਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ “ਸਿੱਖ ਰਹਿਤ ਮਰਯਾਦਾ” ਲਿਖਵਾਈ ਗਈ ਜਿਸ ਨੂੰ “ਧਰਮ ਪ੍ਰਚਾਰ ਕਮੇਟੀ” ਨੇ ਪ੍ਰਕਾਸ਼ਤ ਕਰ ਕੇ ਇਸ ਨੂੰ ਲੋਕਾਂ ਦੇ ਸਿਰ ਮੜ੍ਹ ਦਿੱਤਾ। ਇਸ ਰਹਿਤ ਮਰਯਾਦਾ ਵਿੱਚ ਕੇਵਲ ਸੰਸਾਰਕ ਸੰਸਕਾਰਾਂ/ਕਰਮਕਾਂਡਾਂ ਦੇ ਕਰਨ ਕਰਵਾਉਣ ਦਾ ਵਿਧੀ-ਵਿਧਾਨ ਹੀ ਹੈ; ਅਧਿਆਤਮ ਕਰਮਾਂ ਜਾਂ ਆਤਮ-ਵਿੱਦਿਆ ਪ੍ਰਦਾਨ ਕਰਨ ਦਾ ਕੋਈ ਉਪਰਾਲਾ ਕੀਤਾ ਨਜ਼ਰ ਨਹੀਂ ਆਉਂਦਾ। ਇਸ ਕਥਨ ਦਾ ਪੁਖ਼ਤਾ ਪ੍ਰਮਾਣ ਇਹ ਹੈ ਕਿ ਸਾਰੀ ਰਹਿਤ ਮਰਿਯਦਾ ਵਿੱਚ ਗੁਰਬਾਣੀ ਦੀ ਇੱਕ ਵੀ ਤੁਕ ਦਾ ਹਵਾਲਾ ਨਹੀਂ ਹੈ! “ਰਹਿਤ ਮਰਿਆਦਾ ਨੂੰ ਪ੍ਰਮਾਣਿਤ ਸਿਧ ਕਰਨ ਵਾਸਤੇ ਰਹਿਤਨਾਮਿਆਂ (ਪ੍ਰੇਮ ਸੁਮਾਰਗ ਵਗੈਰਾ) ਵਿੱਚੋਂ ਹਵਾਲੇ ਜ਼ਰੂਰ ਦਿੱਤੇ ਗਏ ਹਨ। ਇਸ ਰਹਿਤ ਮਰਿਯਾਦਾ ਤੋਂ ਬਿਨਾਂ, ਦੇਸ ਦੇ ਹਜ਼ਾਰਾਂ ਡੇਰਿਆਂ, ਟਕਸਾਲਾਂ ਅਤੇ ਛੋਟੀਆਂ-ਮੋਟੀਆਂ ਹੋਰ ਸੰਪਰਦਾਵਾਂ ਦੀ ਵੀ ਆਪਣੀ-ਆਪਣੀ, ਮਾਸੂਮ ਸ਼੍ਰੱਧਾਲੂਆਂ ਲਈ ਗੁਮਰਾਹਕੁਨ, ਰਹਿਤ ਮਰਿਆਦਾ ਬਣਾਈ ਗਈ ਹੈ। ਇਹ ਸਾਰੀਆਂ ਰਹਿਤ ਮਰਿਆਦਾਵਾਂ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਲੋਕਾਂ ਨੂੰ ਕਰਮ-ਕਾਂਡਾਂ ਦੇ ਕੁਰਾਹੇ ਪਾਉਣ ਅਤੇ ਠੱਗਣ ਦਾ ਅਧਾਰਮਿਕ ਅਤੇ ਅਮਾਨਵੀ ਜੁਗਾੜ ਹੀ ਹਨ! ਸੰਖੇਪ ਵਿੱਚ, ਨਿਰਸੰਕੋਚ, ਕਿਹਾ ਜਾ ਸਕਦਾ ਹੈ ਕਿ ਰਹਿਤ ਮਰਯਾਦਾ ਉਹ ਨਿਆਣਾ ਹੈ ਜਿਸ ਨਾਲ ਬੰਨ੍ਹ ਕੇ ਮਾਸੂਮ ਸ਼੍ਰੱਧਾਲੂਆਂ ਨੂੰ ਬੇਜ਼ੁਬਾਨ ਗਊਆਂ ਵਾਂਙ ਚੋਇਆ ਜਾਂਦਾ ਹੈ!

(ਨਿਆਣਾ: ਗਾਂ ਨੂੰ ਭਰਮਾ ਕੇ ਚੋਣ ਵਾਸਤੇ ਉਸ ਦੇ ਪਿਛਲੀਆਂ ਟੰਗਾਂ ਨੂੰ ਬੰਨ੍ਹੀ ਜਾਣ ਵਾਲੀ ਰੱਸੀ।)

ਰਹਿਤ-ਮਰਿਆਦਾ/ਧਾਰਮਿਕ ਰਹੁਰੀਤੀ, ਕਰਮਕਾਂਡ ਜਾਂ ਸੰਸਾਰਕ ਸੰਸਕਾਰ ਕਿਸੇ ਵੀ ਸੰਪਰਦਾਈ ਧਰਮ ਦਾ ਬਾਹਰੀ ਰੂਪ ਹੁੰਦੇ ਹਨ। ਇਨ੍ਹਾਂ ਵਿੱਚੋਂ ਆਤਮ ਗਿਆਨ (Spiritual Knowledge) ਦੀ ਭਾਲ ਕਰਨੀ ਆਸਮਾਨ ਵਿੱਚੋਂ ਮੱਛੀਆਂ ਫੜਣ ਦੀ ਉਮੀਦ ਰੱਖਣ ਦੇ ਬਰਾਬਰ ਹੈ!

ਗੁਰਬਾਣੀ-ਗ੍ਰੰਥ ਵਿੱਚ ਜਿਨ੍ਹਾਂ ਪਾਖੰਡ ਕਰਮਾਂ ਦਾ ਸੱਭ ਤੋਂ ਜ਼ਿਆਦਾ ਖੰਡਨ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਚੋਟੀ ਉੱਤੇ ਹੈ, ਸੰਸਾਰਕ-ਸੰਸਕਾਰ/ਧਾਰਮਿਕ ਰਸਮਾਂ ਅਥਵਾ ਕਰਮਕਾਂਡ (rituals)। ਕਰਮਕਾਂਡਾਂ ਕਰਨ/ਕਰਵਾਉਣ ਵਾਲਿਆਂ ਦਾ ਮਨ ਮੈਲਾ ਅਤੇ ਆਤਮਾ ਮਲੀਨ ਹੁੰਦੀ ਹੈ! ਸੰਸਾਰਕ ਸੰਸਕਾਰ/ਕਰਮਕਾਂਡ ਕਰਵਾਉਣ ਵਾਲਾ ਜਜਮਾਨ ਅਤੇ ਇਹ ਸੰਸਕਾਰ ਸੰਪੱਨ ਕਰਨ ਵਾਲਾ ਪੁਜਾਰੀ ਦੋਨੋਂ ਹੀ ਮਾਇਕ ਤ੍ਰਿਸ਼ਨਾ ਦੇ ਮਾਰੇ ਅਭਿਮਾਨੀ ਲੋਕ ਹੁੰਦੇ ਹਨ। ਇਸ ਕਥਨ ਦੀ ਪੁਸ਼ਟੀ ਵਾਸਤੇ ਗੁਰਬਾਣੀ ਦੀਆਂ ਕੁੱਝ ਇੱਕ ਤੁਕਾਂ ਦਾ ਹਵਾਲਾ ਹੇਠਾਂ ਦਿੱਤਾ ਗਿਆ ਹੈ:

ਕਰਮ ਕਾਂਡ ਬਹੁ ਕਰਹਿ ਆਚਾਰ॥ ਬਿਨੁ ਨਾਵੈ ਧ੍ਰਿਗ ਧ੍ਰਿਗ ਅਹੰਕਾਰ॥ ਗਉੜੀ ਮ: ੩ (ਧ੍ਰਿਗ: ਧਿਕਾਰ, ਲਾਨਤ।)

ਰਾਮਨਾਮ ਗੁਣ ਗਾਇ ਪੰਡਿਤ॥ ਕਰਮ ਕਾਂਡ ਅਹੰਕਾਰੁ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ॥ ਰਾਮਕਲੀ ਮ: ੫

ਮਾਇਕ ਤ੍ਰਿਸ਼ਨਾ ਦੇ ਮਾਰੇ ਪ੍ਰਬੰਧਕਾਂ ਅਤੇ ਪਾਖੰਡੀ ਪੁਜਾਰੀਆਂ ਨੇ ਸਾਨੂੰ ਸਿੱਧੜ ਲੋਕਾਂ ਨੂੰ ਨਿਰਾਰਥਕ ਕਰਮਕਾਂਡਾਂ ਦੇ ਖਾਰੇ ਸਮੁੰਦਰ ਵਿੱਚ ਅਜਿਹਾ ਗੋਤਾ ਦਿੱਤਾ ਹੈ ਕਿ, ਸਾਡੀ ਮੱਤ ਮਾਰੀ ਗਈ ਹੈ ਅਤੇ ਅਸੀਂ, ਨਿਰਸੰਦੇਹ, ਆਤਮਿਕ ਪੱਖੋਂ ਮਰ ਚੁੱਕੇ ਹਾਂ! !

ਅਗਲੇਰੇ ਪੰਨਿਆਂ ਉੱਤੇ ਅਸੀਂ, ਮਾਇਆ ਦੀ ਖ਼ਾਤਿਰ ਪ੍ਰਚੱਲਿਤ ਕੀਤੇ ਉਨ੍ਹਾਂ ਸੰਸਾਰਕ ਸੰਸਕਾਰਾਂ/ਕਰਮਕਾਂਡਾਂ ਦਾ, ਗੁਰਬਾਣੀ ਦੇ ਹਵਾਲੇ ਨਾਲ ਅਤੇ ਤੱਥਾਂ ਦੇ ਆਧਾਰ `ਤੇ, ਸੰਖੇਪ ਜਿਹਾ ਵਰਣਨ ਕਰਨ ਦਾ ਯਤਨ ਕਰਾਂਗੇ।

‘ਸਿੱਖ ਧਰਮ’ ਦੇ ਧੰਦੇ ਵਿੱਚ ਰੁਮਾਲੇ, ਚੰਦੋ, ਚਾਂਦਨੀਆਂ, ਚੋਲੇ, ਪੋਸ਼ਾਕੇ ਅਤੇ ਸਿਰੋਪੇ ਆਦਿਕ ਵੀ ਬਹੁਤ ਲਾਭਦਾਇਕ ਸੌਦਾ ਹਨ! ਸੰਪਰਦਾਈ ਹਿੰਦੂ ਧਰਮ ਦੇ ਮੰਦਰਾਂ ਵਿੱਚ ਸਥਾਪਿਤ ਦੇਵੀਆਂ ਦੀਆਂ ਮੂਰਤੀਆਂ ਨੂੰ ਚੁੰਨੀ ਚੜ੍ਹਾਉਣ ਦੀ ਪ੍ਰਥਾ ਬਹੁਤ ਪੁਰਾਣੀ ਹੈ। ਇਸੇ ਪ੍ਰਥਾ ਦੀ ਤਰਜ਼ `ਤੇ ‘ਸਿੱਖ ਧਰਮ’ ਦੇ ਧਾਂਦਲੀਆਂ ਨੇ ਵੀ ਗੁਰਬਾਣੀ ਦੀ ਬੀੜ (ਜਿਸ ਦੀ ਮੂਰਤੀਆਂ ਵਾਂਙ ਹੀ ਪੂਜਾ ਕੀਤੀ/ਕਰਵਾਈ ਜਾਂਦੀ ਹੈ) ਉੱਤੇ ਰੁਮਾਲੇ ਚੜ੍ਹਾਉਣ ਦੀ ਰੀਤਿ ਪ੍ਰਚੱਲਿਤ ਅਤੇ ਪ੍ਰਸਿੱਧ ਕਰ ਲਈ ਹੈ। ਇਸ ਕਰਮਕਾਂਡੀ ਰੀਤਿ ਨੂੰ ਪ੍ਰਚੱਲਿਤ ਤੇ ਪ੍ਰਸਿੱਧ ਕਰਨ ਲਈ ਗੁਰਬਾਣੀ ਦੀਆਂ ਕੁੱਝ ਇੱਕ ਤੁਕਾਂ ਦੀ ਗ਼ਲਤ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ:

ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ॥

ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ॥ ਸਲੋਕ ਮ: ੫

ਰੁਮਾਲਾ: ਰੂਮਾਲ رُومال ਫਾਰਸੀ ਬੋਲੀ ਦਾ ਲਫਜ਼ ਹੈ ਅਤੇ ਇਸ ਦੇ ਮਾਅਨੇ ਹਨ: ਰੂ (ਮੂੰਹ/ਚਿਹਰਾ) ਸਾਫ ਕਰਨ ਵਾਲਾ ਕਪੜਾ। ਰੁਮਾਲਾ ਪਦ ਰੂਮਾਲ ਤੋਂ ਹੀ ਬਣਾਇਆ ਗਿਆ ਹੈ। ਗੁਰਬਾਣੀ ਗ੍ਰੰਥ ਦੇ ਕੱਜਣ ਨੂੰ ਰੁਮਾਲਾ ਨਾਮ ਕਦੋਂ ਕਿਸ ਨੇ ਦਿੱਤਾ? ਕੋਈ ਪਤਾ ਨਹੀਂ! !

‘ਸਿੱਖ ਧਰਮ’ ਵਿੱਚ ਰੁਮਾਲੇ ਚੜ੍ਹਾਉਣ ਦੀ ਕਰਮਕਾਂਡੀ ਰੀਤੀ ਕਿਸ ਨੇ, ਕਦੋਂ ਸ਼ੁਰੂ ਕੀਤੀ? ਇਸ ਸਵਾਲ ਦਾ ਜਵਾਬ ਵੀ ਨਾ ਤਾਂ ਪੰਥ ਦੇ ਕਿਸੇ ਵਿੱਦਵਾਨ ਕੋਲੋਂ ਅਤੇ ਨਾ ਹੀ ਕਿਸੇ ਪਰਮਾਣਿਕ ਗ੍ਰੰਥ ਵਿੱਚੋਂ ਮਿਲਿਆ ਹੈ! ਪਰੰਤੂ ਇਹ ਤੱਥ ਤਾਂ ਸਭ ਜਾਣਦੇ ਹੀ ਹਨ ਕਿ, ਅਗਿਆਨਤਾ ਦੇ ਅਨ੍ਹੇਰੇ ਵਿੱਚ ਠੇਡੇ ਖਾ ਰਹੇ ਅੰਧਵਿਸ਼ਵਾਸੀ ਤੇ ਅਗਿਆਨੀ ਸਿੱਖਾਂ ਵਿੱਚ ਰੁਮਾਲੇ ਚੜ੍ਹਾਉਣ ਦੀ ਹੋਡ ਲੱਗੀ ਹੋਈ ਹੈ ਅਤੇ ਉਹ, ਜ਼ਿਦੋ ਜ਼ਿਦੀ, ਮਹਿੰਗੇ ਤੋਂ ਮਹਿੰਗਾ ਰੁਮਾਲਾ ਚੜ੍ਹਾਉਣ ਦੀ ‘ਸੇਵਾ’ ਨਿਭਾਉਂਦੇ ਹਨ! ਅੱਜ ਕਲ ਰੁਮਾਲਿਆਂ ਦੀ ਕੀਮਤ ਲੱਖਾਂ ਰੁਪਏ ਵੀ ਹੈ! ਅਤੇ, ਦੇਸ-ਬਿਦੇਸ ਦੇ ਗੁਰੂਦਵਾਰਿਆਂ ਵਿੱਚ ਇਹ ਬਹੁਕੀਮਤੀ ਰੁਮਾਲੇ ਲੱਖਾਂ ਦੀ ਗਿਣਤੀ ਵਿੱਚ ਚੜ੍ਹਾਏ ਜਾਦੇ ਹਨ!

ਚੰਦੋਏ: ਗੁਰੂਦਵਾਰਿਆਂ ਵਿੱਚ, ਰੁਮਾਲਿਆਂ ਵਾਂਙ, ਚੰਦੋਏ/ਚਾਂਦਨੀਆਂ ਚੜ੍ਹਾਉਣ ਦਾ ਰਿਵਾਜ ਵੀ ਬੜਾ ਤੂਲ ਫੜ ਚੁੱਕਿਆ ਹੈ। ਇਹ ਸੱਚ ਤਾਂ ਸਭ ਜਾਣਦੇ ਹੀ ਹਨ ਕਿ ਚੰਦੋਆ ਚੜ੍ਹਉਣ ਵਾਲਿਆਂ ਦੀ ਹਮੇਸ਼ਾ ਲਾਈਨ ਲੱਗੀ ਰਹਿੰਦੀ ਹੈ। ਖ਼ਬਰਾਂ ਅਨੁਸਾਰ, ਅੰਮ੍ਰਿਤਸਰ ਦੇ ਸਿਰਫ਼ ਮੁਖ ਗੁਰੂਦਵਾਰੇ ਵਿੱਚ ਹੀ ਹਰ ਰੋਜ਼ ਨਵਾਂ ਚੰਦੋਆ ਚੜ੍ਹਾਇਆ ਜਾਂਦਾ ਹੈ! ਬਹੁਕੀਮਤੀ ਰੇਸ਼ਮੀ ਕਪੜੇ ਨਾਲ ਬਣੇ, ਸੋਨੇ-ਚਾਂਦੀ ਦੀਆਂ ਤਾਰਾਂ ਨਾਲ ਪਰੋਏ ਅਤੇ ਹੀਰੇ-ਮੋਤੀਆਂ ਨਾਲ ਜੜੇ ਚੰਦੋਏ ਦੀ ਕੀਮਤ ਕਈ ਕਈ ਲੱਖ ਰੁਪਏ ਹੈ।

ਇੱਥੇ ਇੱਕ ਕੌੜੇ ਕੁੜਾਂਗੇ ਸੱਚ ਦਾ ਖੁਲਾਸਾ ਕਰ ਦੇਣਾ ਵੀ ਕੁਥਾਂ ਨਹੀਂ ਹੋਵੇਗਾ: ਉਹ ਇਹ ਕਿ ਦੇਸ-ਬਿਦੇਸ ਦੇ ਲੱਖਾਂ ਗੁਰੂਦਵਾਰਿਆਂ ਵਿੱਚ ਸਥਾਪਿਤ ਬੀੜਾਂ ਉਪਰ ਹਰ ਰੋਜ਼ ਚੜ੍ਹਾਏ ਜਾਂਦੇ ਰੁਮਾਲੇ ਜਾਂ ਪੋਸ਼ਾਕੇ ਅਤੇ ਚੰਦੋਏ ਕਿੱਥੇ ਜਾਂਦੇ ਹਨ? ਜਵਾਬ: ਬੇਸ਼ਕੀਮਤੀ ਰੁਮਾਲੇ ‘ਸਾਹਿਬ’ ਅਤੇ ਚੰਦੋਏ ‘ਸਾਹਿਬ’ ਪ੍ਰਬੰਧਕਾਂ ਅਤੇ ਪੁਜਾਰੀਆਂ ਦੁਆਰਾ ਰੀਸਾਈਕਲ ਕੀਤੇ ਜਾਂਦੇ ਹਨ! ਭਾਵ, ਉਨ੍ਹਾਂ ਦੀ ਦੁਕਾਨਦਾਰਾਂ ਨਾਲ ਗੰਢ-ਤੁੱਪ ਹੁੰਦੀ ਹੈ; ਅਤੇ ਉਹ (ਪ੍ਰਬੰਧਕ ਤੇ ਪੁਜਾਰੀ) ਲੋਕਾਂ ਵੱਲੋਂ ਚੜ੍ਹਾਏ ਹੋਏ ਰੁਮਾਲੇ ਅਤੇ ਚੰਦੋਏ, ਆਪਣਾ ਕਮਿਸ਼ਨ ਲੈ ਕੇ, ਦੁਕਾਨਦਾਰਾਂ ਨੂੰ ਵਾਪਸ ਦੇ ਦਿੰਦੇ ਹਨ! ਅਤੇ ਦੁਕਾਨਦਾਰ ਵਾਪਸ ਮਿਲੇ ਰੁਮਾਲੇ ਅਤੇ ਚੰਦੋਏ ਦੁਬਾਰਾ ਪੈਕ ਕਰਕੇ ਨਵੇਂ ਗਾਹਕਾਂ ਨੂੰ ਵੇਚ ਦਿੰਦੇ ਹਨ। ਇਸ ਕਾਲੀ ਕਰਤੂਤ ਸਦਕਾ ਪ੍ਰਬੰਧਕਾਂ ਅਤੇ ਪੁਜਾਰੀਆਂ ਨੂੰ ਅੰਨ੍ਹੀ ਕਮਾਈ ਹੁੰਦੀ ਹੈ!

ਇਥੇ ਇੱਕ ਹੋਰ ਸ਼ਰਮਨਾਕ ਸੱਚ ਦਾ ਵਰਣਨ ਕਰਨਾ ਜ਼ਰੂਰੀ ਹੈ; ਉਹ ਇਹ ਕਿ ਬਿਦੇਸਾਂ (ਅਮ੍ਰੀਕਾ. ਕੈਨੇਡਾ ਆਦਿ) ਵਿੱਚ ਜਿੱਥੇ ਅਜੇ ਰੁਮਾਲਿਆਂ ਦੇ ਰੀਸਾਈਕਲ ਕਰਨ ਦਾ ਜੁਗਾੜ ਨਹੀਂ ਹੈ, ਉੱਥੇ ਰੁਮਾਲੇ ‘ਸਾਹਿਬਾਂ’ ਨੂੰ ਕੂੜੇ ਵਿੱਚ ਸੁੱਟਿਆ ਜਾਂਦਾ ਹੈ! ! ਇਸ ਕੌੜੇ ਸੱਚ ਦੀਆਂ ਸਚਿਤ੍ਰ ਖ਼ਬਰਾਂ ਦੇਖਣ-ਪੜ੍ਹਨ ਵਿੱਚ ਆ ਚੁੱਕੀਆਂ ਹਨ!

ਸਿਰੋਪਾ: ਸਿਰੋਪਾ ਜਾਂ ਸਿਰਪਾਉ ਦੇਣਾ ਜਾਂ ਲੈਣਾ ਇੱਕ ਸੰਸਾਰਕ ਰਿਵਾਜ ਸੀ/ਹੈ। ਗੁਰਬਾਣੀ ਵਿੱਚ ਇਸ ਨਿਰਾਰਥਕ ਸੰਸਾਰਕ ਰੀਤੀ ਦਾ ਖੰਡਨ ਕੀਤਾ ਗਿਆ ਹੈ:

ਸੀਲੁ ਭਗਤਿ ਸਿਰਪਾਉ ਦੀਉ ਜਨ ਅਪੁਨੇ ਪ੍ਰਤਾਪ ਨਾਨਕ ਪ੍ਰਭ ਜਾਤਾ॥ ਸੋਰਠਿ ਮ: ੫

ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ॥ ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ॥ ਬਿਲਾਵਲੁ ਮ: ੫

ਪਰੰਤੂ ਧਰਮ ਦੇ ਵਪਾਰੀਆਂ ਨੇ ਸਿਰੋਪਾ ਦੇਣ-ਲੈਣ ਦੇ ਇਸ ਰਿਵਾਜ ਨੂੰ ਵੀ ਮਾਇਆ ਠੱਗਣ ਦਾ ਸਾਧਨ ਬਣਾ ਲਿਆ ਹੈ! ਗੁਰੂਦਵਾਰਿਆਂ ਵਿੱਚ ‘ਪਤਵੰਤੇ’ ਸੱਜਨਾਂ ਅਤੇ ‘ਮਹਾਨ’ ਸ਼ਖ਼ਸੀਅਤਾਂ (ਅਸਲ ਵਿੱਚ, ਬਾਬੇ ਨਾਨਕ ਦੁਆਰਾ ਦੁਰਕਾਰੇ ਤੇ ਤਿਰਸਕਾਰੇ ਗਏ ਅਜੋਕੇ ਸਾਕਤਾਂ/ਮਲਿਕ ਭਾਗੋਆਂ) ਨੂੰ ਸਿਰੋਪੇ ਅਤੇ ਧਾਰਮਿਕ ਚਿੰਨ੍ਹ ਦੇ ਕੇ ਗੁਰੂ ਤੋਂ ਵੀ ਵਧੇਰੇ ਮਾਨ-ਸਨਮਾਨ ਦਿੱਤਾ ਜਾਂਦਾ ਹੈ! ਪਰੰਤੂ, ‘ਸਿੱਖ ਧਰਮ’ ਵਿੱਚ ਬਾਬੇ ਨਾਨਕ ਦੁਆਰਾ ਨਿਵਾਜ਼ੇ ਗਏ ਭਾਈ ਲਾਲੋ ਵਰਗਿਆਂ ਦੀ ਕੋਈ ਪਤ (ਇੱਜ਼ਤ) ਨਹੀਂ ਰਹੀ? ? ਵਾਹ! ਵਾਹ! ! ਵਾਹ! ! ! ! !

ਖ਼ਬਰਾਂ ਅਨੁਸਾਰ, ਗੁਰੂਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਸਿਰੋਪੇ ਠੇਕੇ `ਤੇ ਬਣਵਾਉਂਦੀਆਂ ਹਨ! ਇੱਕ ਸਮਾਚਾਰ ਅਨੁਸਾਰ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ਸੰਨ 2015 ਤੋਂ ਸੰਨ 2020 ਤਕ 18-20 ਕਰੋੜ ਰੁਪਏ ਦੀ ਕੀਮਤ ਦੇ 36 ਲੱਖ ਸਿਰੋਪੇ ਠੇਕੇ `ਤੇ ਬਣਵਾਏ! ! ਇਹ ਵਿਆਪਕ ਪਰ ਸ਼ਰਮਨਾਕ ਸੱਚ ਤਾਂ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਠੇਕੇ `ਤੇ ਕੀਤੇ/ਕਰਵਾਏ ਜਾਂਦੇ ਕੰਮ ਵਿੱਚ ਰਿਸ਼ਵਤ ਰਾਣੀ ਦੀ ਅਹਿਮ ਭੂਮਿਕਾ ਹੁੰਦੀ ਹੈ! ਇਹ ਕਹਿਣ ਦੀ ਵੀ ਲੋੜ ਨਹੀਂ ਕਿ ਕਥਿਤ ‘ਪਤਵੰਤਿਆਂ’ (ਅਜੋਕੇ ਮਲਿਕ ਭਾਗੋਆਂ) ਵੱਲੋਂ ਉਨ੍ਹਾਂ ਨੂੰ ਝੂਠੇ ਸਨਮਾਨ ਵਜੋਂ ਦਿੱਤੇ ਗਏ 36 ਲੱਖ ਸਿਰੋਪਿਆਂ ਬਦਲੇ ਕਮੇਟੀ ਨੂੰ ਕਿਤਨੇ ਕ੍ਰੋੜਾਂ-ਅਰਬਾਂ ਦੀ ਕਮਾਈ ਹੋਈ ਹੋਵੇ ਗੀ! !

ਸਿਰੋਪਿਆਂ ਦਾ ਇਹ ਅਧਾਰਮਿਕ ਪਰ ਅਤਿਅੰਤ ਲਾਹੇਵੰਦ ਧੰਦਾ ਸੰਸਾਰ ਦੇ ਹਰ ਗੂਰੂਦਵਾਰੇ, ਟਕਸਾਲ ਅਤੇ ਡੇਰੇ ਆਦਿ ਵਿੱਚ ਬੜੀ ਸਫ਼ਲਤਾ ਨਾਲ ਕੀਤਾ ਜਾਂਦਾ ਹੈ।

ਚਲਦਾ……

ਗੁਰਇੰਦਰ ਸਿੰਘ ਪਾਲ

18 ਸਤੰਬਰ, 2022।
.