.

ਮਾਨਵਵਾਦ ਦਾ ਇਨਕਲਾਬ

ਦੁਨੀਆਂ ਭਰ ਦੇ ਵੱਖ-ਵੱਖ ਖੇਤਰਾਂ ਵਿਚ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਤਰ੍ਹਾਂ ਦੇ ਇਨਕਲਾਬ ਆਉਦੇ ਰਹੇ ਹਨ। ਭਾਰਤ ਵਿੱਚ ਉਸ ਸਮੇ ਇੱਕ ਨਵੇਕਲੀ ਕਿਸਮ ਦਾ ਇਨਕਲਾਬ ਆਇਆ ਜੋ ਸਪੂਰਨ ਤੌਰ ਤੇ ਮਨੁੱਖਤਾ ਨੂੰ ਸਮਰਪਿਤ ਸੀ। ਇਹ ਇਨਕਲਾਬ ਗੁਰੂ ਨਾਨਕ ਜੀ ਵੱਲੋਂ ਲਿਆਂਦਾ ਗਿਆ ਅਤੇ ਇਸ ਨੇ ਅੱਗੇ ਇੱਕ ਲਹਿਰ ਨੂੰ ਜਨਮ ਦਿੱਤਾ। ਇਹ ਲਹਿਰ ਮਾਨਵਵਾਦ ਦੀ ਲਹਿਰ ਸੀ ਜੋ ਦੋ ਸਦੀਆਂ ਤੋਂ ਵੀ ਵੱਧ ਦੇ ਸਮੇ ਤੱਕ ਚੱਲੀ। ਇਹ ਲਹਿਰ 15ਵੀ ਸਦੀ ਈਸਵੀ ਦੇ ਅਖੀਰਲੇ ਸਮੇਂ ਤੋਂ ਲੈ ਕੇ ਭਾਰਤ ਦੇ ਉੱਤਰ-ਪੱਛਮ ਵਿੱਚ ਪੈਂਦੇ ਉਸ ਸਮੇ ਦੇ ਵੱਡ ਆਕਾਰੀ ਪ੍ਰਾਂਤ ਪੰਜਾਬ ਦੇ ਖਿੱਤੇ ਵਿੱਚ ਅਰੰਭੀ ਗਈ। ਇਸ ਲਹਿਰ ਨੂੰ ਗੁਰੂ ਨਾਨਕ ਜੀ ਅਤੇ ਉਹਨਾਂ ਦੇ ਅਗਲੇ ਨੌ ਉਤਰਾਧਿਕਾਰੀਆਂ ਨੇ ਪੂਰੀ ਸਫਲਤਾ ਦੇ ਨਾਲ ਚਲਾਇਆ।

ਮਾਨਵਵਾਦ
(Humanism) ਮਨੁੱਖੀ ਹਿਤਾਂ ਨਾਲ ਸਬੰਧਤ ਸਰਵੋਤਮ ਫਲਸਫਾ ਹੈ। ਇਹ ਇਕ ਧਰਮ-ਨਿਰਪੇਖ ਅਤੇ ਤਰਕ-ਅਧਾਰਿਤ ਵਿਚਾਰਧਾਰਾ ਹੈ ਜਿਸ ਦੇ ਮੁੱਖ ਟੀਚੇ ਮਨੁੱਖੀ ਬਰਾਬਰੀ, ਮਨੁੱਖੀ ਹੱਕ, ਮਨੁੱਖੀ ਭਲਾਈ ਅਤੇ ਮਨੁੱਖੀ ਕਦਰਾਂ ਕੀਮਤਾਂ ਹਨ। ਮਾਨਵਵਾਦ ਦਾ ਫਲਸਫਾ ਮਨੁੱਖ ਲਈ ਇਕ ਆਦਰਸ਼ਕ ਜੀਵਨ-ਜਾਚ ਦਾ ਮਾਡਲ ਪੇਸ਼ ਕਰਦਾ ਹੈ।

ਆਓ ਹੁਣ ਵੇਖੀਏ ਕਿ ਗੁਰੂ ਨਾਨਕ ਜੀ ਦੀ ਚਲਾਈ ਹੋਈ ਮਾਨਵਵਾਦ ਦੀ ਲਹਿਰ ਕਿਹੜੇ-ਕਿਹੜੇ ਪੜਾਵਾਂ ਵਿੱਚੋ ਨਿਕਲੀ ਅਤੇ ਗੁਰੂ ਨਾਨਕ ਅਤੇ ਉਹਨਾਂ ਤੋਂ ਅਗਲੇ ਗੁਰੂ ਸਾਹਿਬਾਨ ਨੇ ਮਾਨਵਵਾਦ ਦਾ ਕਿਵੇ ਪ੍ਰਚਾਰ ਕੀਤਾ ਅਤੇ ਉਹਨਾਂ ਨੂੰ ਇਸ ਕਾਰਜ ਹਿਤ ਕੀ-ਕੀ ਔਂਕੜਾਂ ਝਲਣੀਆਂ ਪਈਆਂ।

ਗੁਰੂ ਨਾਨਕ ਜੀ
ਸੰਸਾਰ ਵਿਚ ਪਹਿਲੀ ਵਾਰ ਅਰੰਭੀ ਗਈ ਮਾਨਵਵਾਦ ਦੀ ਲਹਿਰ ਗੁਰੂ ਨਾਨਕ ਜੀ ਦਾ ਮਨੁੱਖਤਾ ਦੀ ਭਲਾਈ ਲਈ ਵਡਮੁੱਲਾ ਯੋਗਦਾਨ ਹੈ। 15ਵੀਂ ਸਦੀ ਈਸਵੀ ਵਿੱਚ ਗੁਰੂ ਜੀ ਨੇ ਮਾਨਵਵਾਦ ਦੇ ਸੰਕਲਪ ਨੂੰ ਚਿਤਵਿਆ ਅਤੇ ਅਗਲੇ ਸਮਿਆਂ ਵਿਚ ਇਸ ਨੂਂ ਅਮਲੀ ਰੂਪ ਦਿੱਤਾ। ਉਹਨਾਂ ਨੇ ਇਹ ਕਾਰਜ 1499 ਈਸਵੀ ਵਿੱਚ ਆਰੰਭਿਆ ਜਦੋਂ ਸੁਲਤਾਨਪੁਰ ਲੋਧੀ ਵਿਖੇ ਤਿੰਨ ਦਿਨ ਇਕਾਂਤ ਵਿੱਚ ਬੈਠ ਕੇ ਚਿੰਤਨ ਕਰਨ ਮਗਰੋਂ ਉਹਨਾਂ ਨੇ ਐਲਾਨ ਕੀਤਾ, “ਨਾ ਕੋ ਹਿੰਦੂ ਨਾ ਕੋ ਮੁਸਲਮਾਨ”। ਗੁਰੂ ਜੀ ਦਾ ਸੁਨੇਹਾ ਇਹ ਸੀ ਕਿ ਮਨੁੱਖ ਜਦੋਂ ਸੰਸਾਰ ਵਿੱਚ ਆਉਦਾ ਹੈ ਤਾਂ ਉਸਦਾ ਕੋਈ ਮਜ਼ਹਬ/ਧਰਮ ਨਹੀ ਹੁੰਦਾ। ਮਨੁੱਖ ਬਿਨਾਂ ਧਰਮ/ ਮਜ਼ਹਬ ਨੂੰ ਧਾਰਨ ਕੀਤੇ ਚੰਗਾ ਵਿਵਹਾਰ ਅਪਣਾਉਂਦੇ ਹੋਏ ਆਦਰਸ਼ਕ ਜੀਵਨ ਬਣਾ ਸਕਦਾ ਹੈ। ਗੁਰੂ ਨਾਨਕ ਜੀ ਜਾਣਦੇ ਸਨ ਕਿ ਮਜ਼ਹਬ ਉੱਚੇ ਆਦਰਸ਼ਾਂ ਨੂੰ ਨਕਾਰਾ ਬਣਾ ਦਿੰਦੇ ਹਨ ਜਿਸ ਨਾਲ ਨੈਤਿਕਤਾ ਵਿੱਚ ਗਿਰਾਵਟ ਆ ਜਾਂਦੀ ਹੈ। ਇਸ ਲਈ ਗੁਰੂ ਜੀ ਧਰਮ/ ਮਜ਼ਹਬ ਨੂੰ ਮੁੱਢੋ ਹੀ ਨਕਾਰਦੇ ਸਨ। ਅਸਲ ਵਿਚ ਗੁਰੂ ਜੀ ਬ੍ਰਹਿਮੰਡ ਦੇ ਪ੍ਰਬੰਧ ਨੂੰ ਸਰਵ ਸ਼ਕਤੀਮਾਨ ਕਰਤਾਰ ਵਜੋਂ ਮਾਨਤਾ ਦਿੰਦੇ ਸਨ। ਗੁਰੂ ਨਾਨਕ ਜੀ ਨੇ ਮਨੁੱਖ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਅਤੇ ਉਸ ਨੂੰ ਮਜ਼ਹਬਾ ਦੇ ਜੰਜਾਲ ਵਿੱਚੋਂ ਕੱਢਣ ਲਈ ਲੰਗਰ ਪ੍ਰਥਾ ਚਲਾਈ ਤਾਂ ਕਿ ਆਪਣੇ ਰੁਤਬਿਆਂ ਨੂੰ ਭੁੱਲ ਕੇ ਇੱਕ ਦੂਜੇ ਦੇ ਬਰਾਬਰ ਬੈਠ ਕੇ ਭੋਜਨ ਗ੍ਰਹਿਣ ਕੀਤਾ ਜਾਵੇ। ਗੁਰੂ ਨਾਨਕ ਜੀ ਨੇ ਮਾਨਵਵਾਦ ਦੀ ਵਿਚਾਰਧਾਰਾ ਦਾ ਦੁਰਾਡੇ ਜਾ ਕੇ ਪ੍ਰਚਾਰ ਕੀਤਾ। ਗੁਰੂ ਜੀ ਦਾ ਮੁੱਖ ਟੀਚਾ ਲੋਕਾਂ ਨੂੰ ਮਜ਼ਹਬਾਂ, ਅਵਤਾਰਾਂ, ਕਰਾਮਾਤਾਂ, ਮੰਤਰ-ਤੰਤਰ, ਵਹਿਮ ਭਰਮ ਤੋਂ ਦੂਰ ਕਰਨਾ ਸੀ ਜਿਸ ਵਿਚ ਉਹਨਾਂ ਨੂੰ ਕਾਮਯਾਬੀ ਵੀ ਮਿਲੀ। ਗੁਰੂ ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਨੇ ਆਮ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ ਨਾਲ ਉਹਨਾਂ ਵਿਚ ਜਾਗਰੂਕਤਾ ਵੀ ਆਈ। ਗੁਰੂ ਜੀ ਮਜ਼ਹਬਾਂ/ਸੰਪਰਦਾਵਾਂ ਦੇ ਮੁਖੀਆਂ ਨਾਲ ਵਿਚਾਰ ਗੋਸਟੀਆਂ ਵੀ ਕਰਦੇ ਸਨ ਪਰੰਤੂ ਗੁਰੂ ਜੀ ਦੀਆਂ ਦਲੀਲਾਂ ਉਹਨਾਂ ਨੂੰ ਚੁੱਪ ਕਰਾਂ ਦਿੰਦੀਆਂ ਸਨ। ਗੁਰੂ ਜੀ ਨੇ ਸੰਗਤ ਪ੍ਰਥਾ ਵੀ ਚਲਾਈ ਅਤੇ ਨਾਲ-ਨਾਲ ਮਾਨਵਵਾਦ ਦੇ ਪ੍ਰਚਾਰ ਲਈ ਕੇਂਦਰ ਵੀ ਬਣਾਏ ਤਾਂ ਜੋ ਆਮ ਲੋਕਾਂ ਨੂੰ ਆਦਰਸ਼ਕ ਜੀਵਨ-ਜਾਂਚ ਦਾ ਪਾਠ ਪੜਾਇਆ ਜਾ ਸਕੇ। ਉਹਨਾਂ ਨੇ ਆਪਣੇ ਵਿਚਾਰਾਂ ਨੂੰ ਕਾਵਿ-ਰੂਪ ਵਿਚ ਪਰਗਟ ਕੀਤਾ । ਅੰਤਲੇ ਸਮੇਂ ਗੁਰੂ ਜੀ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਨਾਮੀ ਪਿੰਡ ਵਸਾਇਆ ਤੇ ਉੱਥੇ ਧਰਮਸਾਲ ਸਥਾਪਿਤ ਕੀਤੀ। ਇਸ ਜਗ੍ਹਾ ਉੱਤੇ ਗੁਰੂ ਜੀ ਨੇ ਕਿਸਾਨ ਵਜੋਂ ਮਿਹਨਤ ਦੀ ਕਮਾਈ ਕੀਤੀ ਅਤੇ ਸਾਦਾ ਜੀਵਨ ਬਤੀਤ ਕੀਤਾ। ਆਖਰੀ ਸਵਾਸ ਲੈਣ ਤੋਂ ਪਹਿਲਾ ਗੁਰੂ ਜੀ ਨੇ ਆਪਣੇ ਪੈਰੋਕਾਰ ਭਾਈ ਲਹਿਣਾ ਜੀ ਨੂੰ ਮਾਨਵਵਾਦ ਦੀ ਲਹਿਰ ਦੇ ਆਗੂ ਵਜੋਂ ਆਪਣਾ ਅਗਲਾ ਉਤਰਾਧਿਕਾਰੀ ਘੋਸ਼ਿਤ ਕੀਤਾ ਅਤੇ ਨਾਲ ਹੀ ਲਹਿਣਾ ਤੋਂ ਬਦਲ ਕੇ ਉਹਨਾਂ ਦਾ ਨਾਮ ਅੰਗਦ ਰੱਖ ਦਿੱਤਾ। 1539 ਈਸਵੀ ਵਿਚ ਗੁਰੂ ਨਾਨਕ ਜੀ ਦਾ ਦੇਹਾਂਤ ਹੋ ਗਿਆ।

ਗੁਰੂ ਅੰਗਦ ਜੀ
ਗੁਰੂ ਅੰਗਦ ਜੀ ਦਾ ਪਹਿਲਾ ਨਾਮ ‘ਲਹਿਣਾ’ ਸੀ। ਗੁਰੂ ਨਾਨਕ ਜੀ ਨੂੰ ਮਿਲਣ ਤੋਂ ਪਹਿਲਾ ਭਾਈ ਲਹਿਣਾ ਜੀ ਧਾਰਮਿਕ ਵਿਸ਼ਵਾਸਾਂ ਵਾਲੇ ਵਿਅਕਤੀ ਸਨ। ਉਹ ਵੈਸ਼ਨੋ ਦੇਵੀ ਦੇ ਅਨਿੰਨ ਭਗਤ ਸਨ ਅਤੇ ਤੀਰਥ ਯਾਤਰਾਵਾਂ ਵੀ ਕਰਦੇ ਸਨ। ਇਕ ਵਾਰੀ ਯਾਤਰਾ ਕਰਨ ਦੌਰਾਨ ਭਾਈ ਲਹਿਣਾ ਜੀ ਉਚੇਚੇ ਤੌਰ ਤੇ ਕਰਤਾਰਪੁਰ ਗਏ। ਉੱਥੇ ਭਾਈ ਲਹਿਣਾ ਜੀ ਗੁਰੂ ਨਾਨਕ ਜੀ ਦੀ ਮਾਨਵਵਾਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਹੋਏ। ਭਾਈ ਲਹਿਣਾ ਜੀ ਨੇ ਆਪਣੇ ਮੱਤ ਦਾ ਤਿਆਗ ਕਰ ਦਿੱਤਾ ਅਤੇ ਗੁਰੂ ਨਾਨਕ ਜੀ ਦੇ ਪੱਕੇ ਪੈਰੋਕਾਰ ਬਣ ਗਏ। ‘ਅੰਗਦ’ ਦੇ ਨਾਮ ਰੇਠ ਮਾਨਵਵਾਦ ਦੀ ਲਹਿਰ ਦੇ ਆਗੂ ਬਣ ਜਾਣ ਤੋਂ ਬਾਦ ਉਹਨਾਂ ਨੇ ਕਰਤਾਰਪੁਰ ਵਿਖੇ ਮਾਨਵਵਾਦ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਪਰੰਤੂ ਕੁਝ ਸਮੱਸਿਆਵਾਂ ਆਉਣ ਕਾਰਨ ਗੁਰੂ ਅੰਗਦ ਜੀ ਖਡੂਰ ਵਿਖੇ ਆ ਗਏ ਅਤੇ ਓਥੋਂ ਪ੍ਰਚਾਰ ਕਰਨਾ ਫਿਰ ਤੋਂ ਅਰੰਭ ਕਰ ਦਿੱਤਾ। ਇਸ ਦੌਰਾਨ ਉਹਨਾਂ ਨੇ ਗੁਰੂ ਨਾਨਕ ਜੀ ਵਾਂਗੂੰ ਲੰਗਰ ਪ੍ਰਥਾ ਵੀ ਜਾਰੀ ਰੱਖੀ। ਗੁਰੂ ਜੀ ਆਪਣੀਆਂ ਲੋੜਾਂ ਪੂਰੀਆਂ ਕਰਨ ਹਿਤ ਮੁੰਜ ਦੇ ਰੱਸੇ ਵੱਟਣ ਦਾ ਕੰਮ ਕਰਦੇ ਸਨ। ਗੁਰੂ ਜੀ ਨੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਭਰਨ ਲਈ ਕੁਸ਼ਤੀਆਂ ਦੇ ਮੁਕਾਬਲੇ ਕਰਾਉਦੇ ਸਨ ਤੇ ਨਾਲ ਹੀ ਉਹਨਾਂ ਨੇ ਖੇਡ ਮੈਦਾਨ ਵੀ ਬਣਵਾਏ। ਗੁਰੂ ਜੀ ਨੇ ਗੁਰਮੁਖੀ ਲਿਪੀ ਨੂੰ ਪਰਚਲਤ ਕੀਤਾ । ਉਹਨਾਂ ਨੇ ਗੁਰੂ ਨਾਨਕ ਜੀ ਤੋਂ ਪਰਾਪਤ ਕੀਤੀ ਉਹਨਾਂ ਦੀ ਅਤੇ ਹੋਰ ਮਾਨਵਵਾਦੀ ਰਚਨਾ ਨੂੰ ਗੁਰਮੁਖੀ ਲਿੱਪੀ ਵਿੱਚ ਕਲਮਬੰਦ ਕੀਤਾ ਅਤੇ ਆਪ ਵੀ ਕਾਫੀ ਰਚਨਾ ਕੀਤੀ। ਪਰੰਤੂ ਲੇਖਕ ਹੋਣ ਦੇ ਬਾਵਜੂਦ ਇਸ ਵਿਚ ਉਹਨਾਂ ਨੇ ਆਪਣੇ ਨਾਮ ਦੀ ਜਗ੍ਹਾ ਤੇ ‘ਨਾਨਕ’ ਦੀ ਵਰਤੋ ਕੀਤੀ। ਇਹ ਪ੍ਰੰਰਪਰਾ ਅਗਲੇ ਗੁਰੂ ਸਾਹਿਬਾਨ ਵੱਲੋਂ ਵੀ ਜਾਰੀ ਰੱਖੀ ਗਈ। ਉਹਨਾਂ ਦਾ ਦੇਹਾਂਤ 1552 ਈਸਵੀ ਵਿਚ ਹੋਇਆ । ਗੁਰੂ ਅੰਗਦ ਜੀ ਨੇ ਆਪਣੇ ਅੰਤਿਮ ਸਮੇ ਆਪਣੇ ਪੈਰੋਕਾਰ ਅਮਰਦਾਸ ਨੂੰ ਆਪਣੀ ਮਾਨਵਵਾਦੀ ਲਹਿਰ ਦਾ ਅਗਲਾ ਆਗੂ ਨਿਯੁਕਤ ਕਰ ਦਿੱਤਾ।

ਗੁਰੂ ਅਮਰਦਾਸ ਜੀ
ਗੁਰੂ ਅਮਰਦਾਸ ਜੀ ਨੇ 73 ਸਾਲ ਦੀ ਵਡੇਰੀ ਉਮਰ ਵਿੱਚ ਮਾਨਵਵਾਦੀ ਲਹਿਰ ਦੇ ਆਗੂ ਵਜੋਂ ਜ਼ਿੰਮੇਵਾਰੀ ਸੰਭਾਲੀ ਅਤੇ ਪੂਰੀ ਦ੍ਰਿੜਤਾ ਨਾਲ ਇਸ ਲਹਿਰ ਨੂੰ ਹੋਰ ਅੱਗੇ ਵਧਾਇਆ। ਗੁਰੂ ਅੰਗਦ ਜੀ ਤਰ੍ਹਾਂ ਗੁਰੂ ਅਮਰਦਾਸ ਜੀ ਨੂੰ ਵੀ ਖਡੂਰ ਵਿਖੇ ਸਮੱਸਿਆਵਾਂ ਆਈਆਂ ਅਤੇ ਉਹਨਾਂ ਨੇ ਮਾਨਵਵਾਦ ਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਗੋਇੰਦਵਾਲ ਵਿਖੇ ਆਪਣਾ ਪ੍ਰਚਾਰ ਕੇਂਦਰ ਬਣਾ ਲਿਆ। ਸ੍ਰੀ ਚੰਦ ਵੱਲੋਂ ਚਲਾਇਆ ਉਦਾਸੀ ਨਾਮ ਦਾ ਫਿਰਕਾ ਵੀ ਫੈਲ ਰਿਹਾ ਸੀ ਜਿਸ ਨੂੰ ਗੁਰੂ ਜੀ ਨੇ ਗੰਭੀਰਤਾ ਨਾਲ ਲਿਆ ਅਤੇ ਗੁਰੂ ਜੀ ਨੇ ਉਦਾਸੀ ਫਿਰਕੇ ਦੇ ਸੰਨਿਆਸ ਅਤੇ ਬ੍ਰਹਮਚਾਰੀ-ਜੀਵਨ ਵਰਗੀਆਂ ਮਾਨਤਾਵਾਂ ਦਾ ਵਿਰੋਧ ਕੀਤਾ ਅਤੇ ਇਹਨਾਂ ਮਾਨਤਾਵਾਂ ਨੂੰ ਗੈਰ-ਕੁਦਰਤੀ ਆਖ ਕੇ ਨਕਾਰ ਦਿੱਤਾ। ਗੁਰੂ ਜੀ ਨੇ ਮਨੁੱਖ ਨੂੰ ਗ੍ਰਿਸਤੀ ਵਾਲਾ ਜੀਵਨ ਜਿਉਣ ਦੀ ਸਲਾਹ ਦਿੱਤੀ। ਗੁਰੂ ਜੀ ਨੇ ਇਲਾਕੇ ਦੇ ਲੋਕਾਂ ਅਤੇ ਆਉਣ ਵਾਲੇ ਸ਼ਰਧਾਲੂਆਂ ਲਈ ਪਾਣੀ ਦੀ ਕਿੱਲਤ ਦੂਰ ਕਰਨ ਲਈ ਬਾਉਲੀ ਬਣਵਾਈ। ਗੁਰੂ ਜੀ ਨੇ ਲੰਗਰ ਪ੍ਰਥਾ ਨੂੰ ਪਹਿਲੇ ਗੁਰੂ ਸਾਹਿਬਾਨ ਦੀ ਤਰ੍ਹਾਂ ਜਾਰੀ ਰੱਖਿਆ। ਜਦੋ ਕੋਈ ਵੀ ਗੁਰੂ ਜੀ ਨੂੰ ਮਿਲਣ ਆਉਦਾ ਤਾਂ ਉਸ ਲਈ ਇਹ ਜਰੂਰੀ ਹੁੰਦਾ ਸੀ ਕਿ ਆਮ ਲੋਕਾਂ ਦੇ ਨਾਲ ਭੁੰਜੇ ਬੈਠ ਕੇ ਭੋਜਨ ਗ੍ਰਹਿਣ ਕਰੇ । ਇੱਕ ਵਾਰੀ ਉਹਨਾਂ ਨੂੰ ਮਿਲਣ ਲਈ ਮੁਗਲ ਸ਼ਾਸਕ ਅਕਬਰ ਆਇਆ ਤਾਂ ਉਸ ਨੂੰ ਵੀ ਆਮ ਲੋਕਾਂ ਦੇ ਨਾਲ ਬੈਠ ਕੇ ਭੋਜਨ ਛਕਣਾ ਪਿਆ। ਇਸ ਪਰੰਪਰਾ ਰਾਹੀਂ ਲੋਕਾਂ ਵਿਚ ਰੁਤਬਿਆ ਦਾ ਹੰਕਾਰ ਛੱਡ ਕੇ ਬਰਾਬਰੀ ਦੀ ਭਾਵਨਾ ਰਖਣ ਦੀ ਰੁਚੀ ਪੈਦਾ ਹੋਈ। ਗੁਰੂ ਜੀ ਦੀਆਂ ਸਿੱਖਿਆਵਾਂ ਵਿੱਚ ਜੀਵਨ ਢੰਗ ਉੱਚਾ-ਸੁੱਚਾ ਰੱਖਣ ਦੀ ਪਰੇਰਨਾ ਸ਼ਾਮਲ ਸੀ ਜਿਵੇ ਨਸ਼ਾਖੋਰੀ ਤੋਂ ਪਰਹੇਜ਼, ਸਤੀ-ਪ੍ਰਥਾ ਤੇ ਰੋਕ, ਔਰਤ ਵੱਲੋਂ ਪਰਦਾ ਕੀਤੇ ਜਾਣ ਤੇ ਰੋਕ, ਜੰਮਣ-ਮਰਨ ਤੇ ਬੇਲੋੜੀਆਂ ਰਸਮਾ ਦਾ ਖਾਤਮਾ ਆਦਿਕ। ਗੁਰੂ ਜੀ ਨੇ ਪਹਿਲੇ ਗੁਰੂ ਸਾਹਿਬਾਨ ਦੀ ਰਚਨਾ ਨੂੰ ਇਕੱਠੀ ਕਰਕੇ ਜਿਲਦਬੰਦ ਕੀਤਾ ਅਤੇ ਇਸ ਨੂੰ ਬਾਣੀ ਜਾਂ ਸਬਦ ਗਿਆਨ ਦੇ ਸਰੋਤ ਵਜੋਂ ਪੇਸ਼ ਕੀਤਾ। ਗੁਰੂ ਅਮਰਦਾਸ ਜੀ ਨੇ 96 ਸਾਲ ਦੀ ਉਮਰ ਉੱਤੇ ਪਹੁੰਚ ਕੇ ਆਪਣੇ ਪੈਰੋਕਾਰ ਭਾਈ ਜੇਠਾ ਜੀ ਨੂੰ ਆਪਣੀ ਲਹਿਰ ਦਾ ਅਗਲਾ ਆਗੂ ਨਿਯੁਕਤ ਕਰ ਦਿੱਤਾ ਅਤੇ ਉਹਨਾਂ ਦਾ ਜੇਠਾ ਤੋਂ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ। ਗੁਰੂ ਜੀ ਦਾ 1574 ਈਸਵੀ ਵਿਚ ਦੇਹਾਂਤ ਹੋ ਗਿਆ।

ਗੁਰੂ ਰਾਮਦਾਸ ਜੀ
ਭਾਈ ਜੇਠਾ ਮਾਨਵਵਾਦ ਵਿਚਾਰਧਾਰਾ ਦੇ ਪੱਕੇ ਪੈਰੋਕਾਰ ਸਨ। ਗੁਰੂ ਅਮਰਦਾਸ ਜੀ ਭਾਈ ਜੇਠਾ ਦੀ ਸ਼ਖਸੀਅਤ ਤੋਂ ਬਹੁਤ ਖੁਸ਼ ਸਨ। ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਭਾਨੀ ਦਾ ਵਿਆਹ ਭਾਈ ਜੇਠਾ ਨਾਲ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਨੂੰ ਲਹਿਰ ਦੇ ਆਗੂ ਦੀ ਜਿੰਮੇਵਾਰੀ ਦੇ ਦਿੱਤੀ ਤੇ ਜੇਠਾ ਤੋਂ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ। ‘ਰਾਮਦਾਸ’ ਦੇ ਨਾਮ ਹੇਠ ਮਾਨਵਵਾਦ ਦੀ ਲਹਿਰ ਦੇ ਆਗੂ ਬਣ ਜਾਣ ਤੋਂ ਬਾਦ ਉਹਨਾਂ ਨੇ ਇਸ ਵਿਚਾਰਧਾਰਾ ਦਾ ਖੂਬ ਪ੍ਰਚਾਰ ਕੀਤਾ ਪਰੰਤੂ ਪਹਿਲੇ ਗੁਰੂ ਸਾਹਿਬਾਨ ਵਾਂਗੂੰ ਕੁਝ ਸਮੱਸਿਆਵਾਂ ਆਈਆਂ ਤਾਂ ਗੁਰੂ ਰਾਮਦਾਸ ਜੀ ਦ੍ਰਿੜ ਇਰਾਦੇ ਨਾਲ ਮਾਨਵਵਾਦ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਰਹੇ। ਗੁਰੂ ਜੀ ਨੇ ਆਪਣੇ ਸਰੋਤਾਂ ਨਾਲ ਇੱਕ ਵੱਡਾ ਟੁਕੜਾ ਜਮੀਨ ਦਾ ਖਰੀਦ ਲਿਆ ਅਤੇ ਨਗਰ ਵਸਾਉਣਾ ਆਰੰਭ ਕਰ ਦਿੱਤਾ। ਇਸ ਨਗਰ ਦਾ ਨਾਮ ‘ਗੁਰੂ ਕਾ ਚੱਕ’ ਰੱਖਿਆ ਜੋ ਅਜੋਕੇ ਸਮੇਂ ਦਾ ਅੰਮ੍ਰਿਤਸਰ ਹੈ। ਗੁਰੂ ਜੀ ਨੇ ਪਾਣੀ ਦੀ ਸਹੂਲਤ ਲਈ ਸਰੋਵਰ ਬਣਵਾਏ। ਗੁਰੂ ਜੀ ਨੇ ਇਸ ਨਗਰ ਨੂੰ ਵਪਾਰ ਦਾ ਅੰਤਰ-ਰਾਸ਼ਟਰੀ ਕੇਂਦਰ ਬਣਾਉਣ ਦਾ ਕਾਰਜ ਵੀ ਆਰੰਭਿਆ। ਮਾਨਵਵਾਦ ਦੀ ਵਿਚਾਰਧਾਰਾ ਪੱਖੋਂ ਗੁਰੂ ਰਾਮਦਾਸ ਜੀ ਨੇ ਮਜ਼ਦੂਰਾਂ ਅਤੇ ਵਪਾਰੀਆਂ ਨੂੰ ਬਣਦਾ ਆਦਰਯੋਗ ਸਥਾਨ ਦਵਾਇਆ। ਉਹਨਾਂ ਨੂੰ ਧਰਮ ਨਿਰਪੇਖ ਕਦਰਾਂ-ਕੀਮਤਾਂ ਨੂੰ ਵੱਡੇ ਪੱਧਰ ਤੇ ਬਲ ਪ੍ਰਦਾਨ ਕੀਤਾ। ਗੁਰੂ ਸਾਹਿਬਾਨ ਦੇ ਯਤਨਾਂ ਨਾਲ ਮਾਨਵਵਾਦੀ ਵਿਚਾਰਧਾਰਾ ਦਾ ਦੂਰ-ਦੂਰ ਤੱਕ ਪਸਾਰਾ ਹੋਇਆ । ਗੁਰੂ ਜੀ ਨੇ ਲਹਿਰ ਦੇ ਪ੍ਰਬੰਧਕੀ ਢਾਂਚੇ ਨੂੰ ਸੁਚੱਜਾ ਕਰਨ ਲਈ ਮਸੰਦ ਵਿਵਸਥਾ ਕਾਇਮ ਕੀਤੀ। ਆਮ ਲੋਕਾਂ ਅਤੇ ਸ਼ਰਧਾਲੂਆਂ ਦੁਆਰਾ ਦਸਵੰਧ ਦੀ ਰਕਮ ਇਹਨਾਂ ਮਸੰਦਾਂ ਕੋਲ ਜਮਾਂ ਕਰਵਾਈ ਜਾਂਦੀ ਸੀ ਤੇ ਮਸੰਦ ਇਹ ਰਾਸ਼ੀ ਗੁਰੂ ਜੀ ਕੋਲ ਜਮਾਂ ਕਰਵਾਉਦੇ ਸਨ। ਗੁਰੂ ਜੀ ਇਹ ਰਾਸ਼ੀ ਮਾਨਵਵਾਦ ਦੇ ਪ੍ਰਚਾਰ, ਸਿਹਤ ਸਹੂਲਤਾਂ ਅਤੇ ਲੰਗਰ ਉੱਪਰ ਖਰਚਦੇ ਸਨ। ਗੁਰੂ ਰਾਮਦਾਸ ਜੀ ਨੇ ਆਖਰੀ ਸਵਾਸ ਲੈਣ ਤੋਂ ਪਹਿਲਾ ਆਪਣੇ ਛੋਟੇ ਪੁੱਤਰ ਅਰਜਨ ਨੂੰ ਆਪਣੀ ਲਹਿਰ ਦਾ ਅਗਲਾ ਆਗੂ ਘੋਸ਼ਿਤ ਕਰ ਦਿੱਤਾ। ਗੁਰੂ ਜੀ ਦਾ 1581 ਈਸਵੀ ਵਿੱਚ ਦੇਹਾਂਤ ਹੋ ਗਿਆ।

ਗੁਰੂ ਅਰਜਨ ਜੀ
ਗੁਰੂ ਜੀ ਮਾਨਵਵਾਦੀ ਲਹਿਰ ਦੇ ਸੰਚਾਲਕ ਬਨਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਹੀ ਟਿਕ ਗਏ। ਇੱਥੇ ਗੁਰੂ ਜੀ ਨੇ ਸਰੋਵਰਾਂ ਦੀ ਖੁਦਾਈ ਕਰਵਾਈ। ਗੁਰੂ ਜੀ ਦੇ ਸਕੇ ਸਬੰਧੀ ਗੁਰੂ ਜੀ ਨਾਲ ਦੁਸ਼ਮਣਾਂ ਵਾਲਾ ਵਤੀਰਾ ਕਰਦੇ ਸਨ ਪਰੰਤੂ ਗੁਰੂ ਜੀ ਉਹਨਾਂ ਦੀਆਂ ਗਤੀਵਿਧੀਆਂ ਨੂੰ ਅਣਦੇਖਿਆ ਕਰ ਦਿੰਦੇ ਸਨ ਕਿਉਕਿ ਮਾਨਵਵਾਦ ਵਿਚਾਰਧਾਰਾ ਬਦਲਾ ਲੈਣ ਦੀ ਭਾਵਨਾ ਨੂੰ ਮਾਨਤਾ ਨਹੀਂ ਦਿੰਦੀ। ਇਸ ਕਰਕੇ ਗੁਰੂ ਜੀ ਕੇਵਲ ਆਪਣੇ ਮਿਸ਼ਨ ਉੱਤੇ ਹੀ ਧਿਆਨ ਕੇਂਦਰਿਤ ਰੱਖਦੇ ਸਨ। ਅੰਮ੍ਰਿਤਸਰ ਵਿਖੇ ਸਰੋਵਰ ਵਿਚ ਗੁਰੂ ਜੀ ਨੇ ਇਕ ਭਵਨ ਬਣਵਾਇਆ। ਇਸ ਭਵਨ ਦੀਆਂ ਚਾਰੇ ਦਿਸ਼ਾਵਾਂ ਵਿੱਚ ਦਰਵਾਜੇ ਬਣਵਾਏ ਗਏ ਤਾਂ ਜੋ ਸੰਸਾਰ ਭਰ ਦੇ ਅਲੱਗ-ਅਲੱਗ ਖਿੱਤਿਆਂ ਦੇ ਲੋਕ ਮਾਨਵਵਾਦੀ ਵਿਚਾਰਧਾਰਾ ਦੀ ਪ੍ਰਾਪਤੀ ਲਈ ਇੱਥੇ ਆਉਂਣ। ਇਸ ਭਵਨ ਵਿੱਚ ਗੁਰਬਾਣੀ-ਗ੍ਰੰਥ ਨੂੰ ਸੁਸ਼ੋਭਿਤ ਕੀਤਾ ਗਿਆ। ਗੁਰੂ ਜੀ ਗੁਰਬਾਣੀ ਨੂੰ ਹੀ ਅੰਮ੍ਰਿਤ ਦਾ ਨਾਮ ਦਿੰਦੇ ਸਨ। ਗੁਰੂ ਜੀ ਵੱਲੋ ਮਾਨਵਵਾਦੀ ਵਿਚਾਰਧਾਰਾ ਹੇਠ ਸਮਾਜਿਕ ਕਾਰਜ ਆਰੰਭੇ ਗਏ ਜਿਵੇ ਵਿਧਵਾ ਔਰਤਾਂ ਦੀ ਦੋਬਾਰਾ ਸ਼ਾਦੀ ਦੀ ਪਰੰਪਰਾ ਚਾਲੂ ਕੀਤੀ ਗਈ ਅਤੇ ਕੋਹੜੀਆਂ ਲਈ ਆਸ਼ਰਮ ਬਣਵਾਏ ਗਏ। ਗੁਰੂ ਜੀ ਦੇ ਸਕੇ ਸਬੰਧੀਆਂ ਅਤੇ ਦੂਸਰੇ ਫਿਰਕਿਆਂ ਦੇ ਨੁਮਾਇੰਦਿਆਂ ਨੇ ਉਸ ਸਮੇ ਦੇ ਬਾਦਸ਼ਾਹ ਜਹਾਂਗੀਰ ਦੇ ਗੁਰੂ ਅਰਜਨ ਜੀ ਖਿਲਾਫ ਕੰਨ ਭਰੇ। ਜਹਾਂਗੀਰ ਧਾਰਮਿਕ ਕੱਟੜਤਾ ਵਾਲਾ ਆਦਮੀ ਸੀ। ਗੁਰੂ ਜੀ ਨੂੰ ਕੈਦ ਕਰ ਲਿਆ ਗਿਆ। ਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਅਤੇ ਉਹਨਾਂ ਉੱਪਰ ਤੱਤੀ-ਤੱਤੀ ਰੇਤ ਪਾਈ ਗਈ। ਇਸ ਦੌਰਾਨ ਗੁਰੂ ਜੀ 1606 ਈਸਵੀ ਵਿੱਚ ਸ਼ਹੀਦ ਹੋ ਗਏ। ਗੁਰੂ ਅਰਜਨ ਜੀ ਨੇ ਇਹ ਜ਼ੁਲਮ ਖਿੜੇ ਮੱਥੇ ਕਬੂਲ ਕੀਤੇ ਅਤੇ ਆਪਣੇ ਪੈਰੋਕਾਰਾਂ ਨੂੰ ਦ੍ਰਿੜ ਇਰਾਦੇ ਅਤੇ ਨਿੱਡਰਤਾ ਦੇ ਗੁਣ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ। ਗੁਰੂ ਅਰਜਨ ਜੀ ਨੂੰ ਇਸ ਤਰਾਂ ਨਾਲ ਦਿੱਤੀ ਗਈ ਮੌਤ ਸੰਸਾਰ ਭਰ ਵਿੱਚ ਮਾਨਵਵਾਦ ਦੇ ਸਘੰਰਸ਼ ਦੇ ਇਤਿਹਾਸ ਵਿੱਚ ਸ਼ਹੀਦੀ ਦੀ ਅਦੁੱਤੀ ਉਦਾਹਾਰਨ ਹੈ।

ਗੁਰੂ ਹਰਿਗੋਬਿੰਦ ਜੀ
ਗੁਰੂ ਹਰਗੋਬਿੰਦ ਜੀ ਨੇ ਗੁਰੂ ਅਰਜਨ ਜੀ ਦੇ ਬੇਕਸੂਰ ਹੋਣ ਤੇ ਵੀ ਉਹਨਾਂ ਉੱਤੇ ਢਾਏ ਗਏ ਤਸ਼ੱਸਦ ਨੂੰ ਮਨੁੱਖੀ ਹੱਕਾਂ ਦੇ ਕੁਚਲੇ ਜਾਣ ਦੀ ਗੰਭੀਰ ਉਦਾਹਾਰਨ ਵਜੋਂ ਲਿਆ। ਗੁਰੂ ਸਾਹਿਬ ਨੇ ਜਹਾਂਗੀਰ ਵੱਲੋਂ ਲਾਈਆਂ ਬੰਦਸ਼ਾਂ ਨੂੰ ਵੰਗਾਰਿਆ ਜਿਵੇ ਕਿ ਤਖਤ ਉੱਤੇ ਬੈਠਣ, ਕਿਰਪਾਨ ਰੱਖਣ, ਘੋੜ ਸਵਾਰੀ ਕਰਨ, ਪਗੜੀ ਬੰਨਣ, ਕਲਗੀ ਸਜਾਉਣ, ਸ਼ਿਕਾਰ ਕਰਨ ਆਦਿਕ ਦੀ ਮਨਾਹੀ। ਗੁਰੂ ਜੀ ਰੋਜਾਨਾ ਦਰਬਾਰ ਸਾਹਿਬ ਸਾਹਮਣੇ ਖੁੱਲੀ ਜਗ੍ਹਾ ਤੇ ਸ਼ਾਹੀ ਦਰਬਾਰ ਦੀ ਤਰਜ਼ ਤੇ ਸਭ ਪੈਰੋਕਾਰਾਂ ਨੂੰ ਇਕੱਠੇ ਕਰਕੇ ਸ਼ਾਹੀ ਲਿਬਾਸ ਪਹਿਨ ਕੇ ਆਪਣੇ ਮਾਨਵਵਾਦੀ ਵਿਚਾਰਧਾਰਾ ਦੇ ਉਪਦੇਸ਼ ਦਿੰਦੇ ਸਨ। ਸ਼ਿਕਾਰ ਤੇ ਜਾਣ ਤੋ ਪਹਿਲਾ ਨਗਾਰਾ ਵੀ ਵਜਾਇਆ ਜਾਂਦਾ ਸੀ। ਗੁਰੂ ਜੀ ਦਾ ਮਨੋਰਥ ਕੋਈ ਰਾਜ ਸਥਾਪਤ ਕਰਨਾ ਨਹੀ ਸੀ ਬਲਕਿ ਉਹ ਤਾਂ ਉਹਨਾਂ ਬੰਦਸ਼ਾਂ ਨੂੰ ਤੋੜ ਰਹੇ ਸੀ ਜੋ ਮਨੁੱਖੀ ਹੱਕਾਂ ਦਾ ਹਨਨ ਕਰਦੀਆਂ ਸਨ ਅਤੇ ਮਾਨਵਵਾਦੀ ਵਿਚਾਰਾਂ ਦੇ ਪ੍ਰਸਾਰ ਵਿੱਚ ਰੋੜਾ ਬਣ ਰਹੀਆਂ ਸਨ। ਗੁਰੂ ਜੀ ਦੀਆਂ ਇਹਨਾਂ ਗਤੀਵਿਧੀਆਂ ਤੋਂ ਜਹਾਂਗੀਰ ਚਿੰਤਾ ਵਿੱਚ ਸੀ। ਬਾਦਸਾਹ ਨੇ ਸੱਦਾ ਭੇਜਿਆ ਤਾਂ ਗੁਰੂ ਜੀ ਦਿੱਲੀ ਚਲੇ ਗਏ। ਉੱਥੇ ਗੁਰੂ ਜੀ ਨੂੰ ਕੈਦ ਕਰਕੇ ਗਵਾਲੀਅਰ ਦੀ ਸ਼ਾਹੀ ਕੈਦ ਵਿੱਚ ਰੱਖਿਆ ਗਿਆ। ਇਸ ਕੈਦ ਵਿੱਚ ਵੱਖ-ਵੱਖ ਰਾਜਾਂ ਦੇ ਰਾਜੇ ਵੀ ਕੈਦ ਸਨ। ਕੁਝ ਸੁਹਿਰਦ ਵਿਅਕਤੀਆਂ ਦੇ ਕਹਿਣ ਤੇ ਜਹਾਂਗੀਰ ਨੇ ਗੁਰੂ ਜੀ ਰਿਹਾਅ ਕਰਨ ਦੇ ਹੁਕਮ ਦਿੱਤੇ ਪਰੰਤੂ ਗੁਰੂ ਜੀ ਨੇ ਕਿਹਾ ਕਿ ਮੈ ਆਪਣੇ ਨਾਲ ਬਾਕੀ ਕੈਦ ਕੀਤੇ ਹੋਏ ਕੈਦੀਆਂ ਨੂੰ ਵੀ ਲੈ ਕੇ ਬਾਹਰ ਜਾਵਾਂਗਾ ਨਹੀ ਤਾਂ ਮੈ ਅੰਦਰ ਹੀ ਰਹਾਂਗਾ। ਫਿਰ ਜਹਾਂਗੀਰ ਨੇ ਗੁਰੂ ਜੀ ਦਾ ਇਹ ਫੈਸਲਾ ਮੰਨ ਲਿਆ। ਇਸ ਕਰਕੇ ਗੁਰੂ ਜੀ ਨੂੰ ਬੰਦੀ-ਛੋੜ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਹੁਣ ਜਹਾਂਗੀਰ ਗੁਰੂ ਜੀ ਦੀ ਮਾਨਵਵਾਦੀ ਵਿਚਾਰਧਾਰਾ ਦੇ ਪ੍ਰਚਾਰ ਵਿੱਚ ਦਖਲ ਨਹੀ ਸੀ ਦਿੰਦਾ, ਸਗੋ ਉਸ ਦੀ ਗੁਰੂ ਜੀ ਨਾਲ ਮਿੱਤਰਤਾ ਹੋ ਗਈ ਸੀ। ਇਸ ਦੌਰਾਨ ਗੁਰੂ ਜੀ ਨੇ ਮਾਨਵਵਾਦੀ ਫਲਸਫੇ ਦਾ ਦੂਰ-ਦੂਰ ਤੱਕ ਪ੍ਰਚਾਰ ਕੀਤਾ। ਜਹਾਂਗੀਰ ਦੀ ਮੌਤ ਬਾਅਦ ਸਾਹਜਹਾਂ ਨੇ ਸੁਖਾਲਾ ਵਤੀਰਾ ਨਹੀ ਸੀ ਅਪਣਾਇਆ । ਮੰਦਰ ਢਾਹੇ ਗਏ, ਗੁਰੂ ਸਾਹਿਬਾਨ ਵੱਲੋ ਬਣਾਈਆਂ ਬਾਉਲੀਆਂ ਢਾਹ ਦਿੱਤੀਆਂ ਗਈਆਂ। ਅੰਮ੍ਰਿਤਸਰ ਦੇ ਬਾਹਰ ਫੌਜਦਾਰ ਮੁਖਲਿਸ ਖਾਨ ਦੀ ਗੁਰੂ ਜੀ ਨਾਲ ਝੜਪ ਹੋਈ ਜਿਸ ਵਿੱਚ ਮੁਖਲਿਸ ਖਾਨ ਮਾਰਿਆ ਗਿਆ ਤੇ ਨਾਲ-ਨਾਲ ਗੁਰੂ ਜੀ ਦਾ ਵੀ ਨੁਕਸਾਨ ਹੋਇਆ। ਗੁਰੂ ਜੀ ਅੰਮ੍ਰਿਤਸਰ ਛੱਡ ਕੇ ਜਲੰਧਰ ਨੇੜੇ ਕਰਤਾਰਪੁਰ ਆ ਗਏ ਤਾਂ ਕਿ ਅੰਮ੍ਰਿਤਸਰ ਦੇ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ। ਗੁਰੂ ਜੀ ਉੱਤੇ ਕੁਝ ਹੋਰ ਲੜਾਈਆਂ ਵੀ ਥੋਪੀਆਂ ਗਈਆੰ ਅਤੇ ਆਖਰ ਉਹ ਕੀਰਤਪੁਰ ਆ ਕੇ ਟਿਕ ਗਏ। ਗੁਰੂ ਜੀ ਨੇ ਮਨੁੱਖੀ ਹੱਕ ਬਹਾਲ ਕਰਵਾਏ ਅਤੇ ਨੈਤਿਕਤਾ ਵਾਲੀ ਜੀਵਨ-ਜਾਚ ਸਿਖਾਈ। ਅੰਤਿਮ ਸਵਾਸ ਲੈਣ ਤੋਂ ਪਹਿਲਾ ਗੁਰੂ ਜੀ ਨੇ ਆਪਣੇ 14 ਸਾਲਾਂ ਦੇ ਪੋਤਰੇ ਹਰ ਰਾਇ ਨੂੰ ਆਪਣੀ ਲਹਿਰ ਦਾ ਅਗਲਾ ਮੁਖੀ ਨਿਯੁਕਤ ਕਰ ਦਿੱਤਾ। 1644 ਈਸਵੀ ਵਿੱਚ ਗੁਰੂ ਜੀ ਦਾ ਦੇਹਾਂਤ ਹੋ ਗਿਆ।

ਗੁਰੂ ਹਰ ਰਾਇ ਜੀ
ਗੁਰੂ ਜੀ ਦੀ ਸਖਸੀਅਤ ਵਿੱਚ ਦ੍ਰਿੜਤਾ ਅਤੇ ਕੋਮਲਤਾ ਵਾਲਾ ਸੁਮੇਲ ਸੀ। ਗੁਰੂ ਜੀ ਸ਼ਿਕਾਰ ਕਰਨ ਵਿੱਚ ਮਾਹਿਰ ਸਨ ਪਰੰਤੂ ਸ਼ਿਕਾਰ ਨੂੰ ਮਾਰਦੇ ਨਹੀ ਸਨ ਕਿਉਕਿ ਗੁਰੂ ਜੀ ਨੂੰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਚੰਗਾ ਨਹੀ ਸੀ ਲਗਦਾ। ਗੁਰੂ ਜੀ ਨੇ ਆਪਣੇ ਪੈਰੋਕਾਰਾਂ ਨੂੰ ਮਾਨਵਵਾਦੀ ਵਿਚਾਰਧਾਰਾ ਹੇਠ ਹਦਾਇਤ ਦਿੱਤੀ ਕਿ ਆਪਣੇ ਘਰਾਂ ਵਿੱਚ ਲੰਗਰ ਚਲਾ ਕੇ ਲੋੜਵੰਦਾਂ ਨੂੰ ਪਰਦਾਨ ਕੀਤਾ ਜਾਵੇ। ਗੁਰੂ ਹਰ ਰਾਇ ਜੀ ਦਵਾਈਆਂ ਬਣਾਉਣ ਦੇ ਵੀ ਮਾਹਿਰ ਸਨ। ਔਰੰਗਜ਼ੇਬ ਦੇ ਭਰਾ ਦਾਰਾ ਸਿਕੋਹ ਦਾ ਇਲਾਜ ਵੀ ਗੁਰੂ ਜੀ ਨੇ ਕੀਤਾ ਸੀ ਅਤੇ ਉਹ ਬਿਲਕੁਲ ਤੰਦਰੁਸਤ ਹੋ ਗਿਆ ਸੀ। ਗੁਰੂ ਜੀ ਦੀ ਅਗਵਾਈ ਹੇਠ ਮਾਨਵਵਾਦੀ ਵਿਚਾਰਧਾਰਾ ਨੇ ਬਹੁਤ ਚੰਗੀ ਪ੍ਰਗਤੀ ਕੀਤੀ। ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਦੂਰ-ਦੂਰ ਤੱਕ ਪ੍ਰਚਾਰ ਕਰਨ ਲਈ ਭੇਜਿਆ। ਗੁਰੂ ਜੀ ਨੇ 1661 ਈਸਵੀ ਵਿੱਚ ਆਪਣੇ ਦੇਹਾਂਤ ਤੋਂ ਪਹਿਲਾ ਆਪਣੇ 9 ਸਾਲਾਂ ਦੇ ਪੁੱਤਰ ਹਰੀ ਕ੍ਰਿਸ਼ਨ ਨੂੰ ਆਪਣੀ ਲਹਿਰ ਦਾ ਅਗਲਾ ਆਗੂ ਨਿਯੁਕਤ ਕਰ ਦਿੱਤਾ।

ਗੁਰੂ ਹਰੀ ਕ੍ਰਿਸ਼ਨ ਜੀ
ਗੁਰੂ ਜੀ ਨੂੰ ਛੋਟੀ ਉਮਰੇ ਵੱਡੀ ਜਿੰਮੇਵਾਰੀ ਸੌਪੀ ਗਈ ਸੀ ਜਿਸ ਨੂੰ ਗੁਰੂ ਜੀ ਨੇ ਬਾਖੂਬੀ ਨਿਭਾਇਆ। ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਪਰੰਤੂ ਗੁਰੂ ਜੀ ਨੇ ਮਨ੍ਹਾਂ ਕਰ ਦਿੱਤਾ। ਕਿਸੇ ਵਿਸ਼ਵਾਸ-ਪਾਤਰ ਵੱਲੋਂ ਬੁਲਾਏ ਜਾਣ ਤੇ ਗੁਰੂ ਜੀ ਦਿੱਲੀ ਚਲੇ ਗਏ। ਔਰੰਗਜ਼ੇਬ ਕੋਲ ਗੁਰੂ ਜੀ ਖਿਲਾਫ ਭਰਮ ਫੈਲਾਏ ਗਏ ਸੀ ਪਰੰਤੂ ਔਰੰਗਜੇਬ ਨੇ ਆਪਣੇ ਸਰੋਤਾਂ ਰਾਹੀ ਗੁਰੂ ਜੀ ਦੀ ਸ਼ਖਸੀਅਤ ਬਾਰੇ ਪਤਾ ਕੀਤਾ ਤਾਂ ਸਭ ਭਰਮ-ਭੁਲੇਖੇ ਝੂਠੇ ਨਿਕਲੇ। ਇਸ ਦੌਰਾਨ ਔਰੰਗਜ਼ੇਬ ਨੇ ਆਪਣਾ ਧਿਆਨ ਗੁਰੂ ਜੀ ਤੋਂ ਹਟਾ ਲਿਆ। ਉਹਨੀ ਦਿਨੀ ਦਿੱਲੀ ਵਿਚ ਚੇਚਕ ਦੀ ਬੀਮਾਰੀ ਕਾਫੀ ਫੈਲ ਚੁੱਕੀ ਸੀ। ਗੁਰੂ ਜੀ ਨੇ ਚੇਚਕ ਦੇ ਰੋਗੀਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੁਰੂ ਜੀ ਨੂੰ ਵੀ ਚੇਚਕ ਦੀ ਬੀਮਾਰੀ ਹੋ ਗਈ। ਆਖਰੀ ਸਵਾਸ ਲੈਣ ਤੋਂ ਪਹਿਲਾ ਗੁਰੂ ਜੀ ਨੇ ਆਪਣੇ ਅਗਲੇ ਉਤਰਾਧਿਕਾਰੀ ਵਜੋਂ ਬਕਾਲੇ ਰਹਿੰਦੇ ਤੇਗ ਬਹਾਦਰ ਨੂੰ ਨਿਯੁਕਤ ਕਰਨ ਦਾ ਇਸ਼ਾਰਾ ਕੀਤਾ। ਗੁਰੂ ਜੀ ਦਾ 1664 ਈਸਵੀ ਵਿੱਚ ਦੇਹਾਂਤ ਹੋਇਆ।

ਗੁਰੂ ਤੇਗ ਬਹਾਦਰ ਜੀ
ਗੁਰੂ ਤੇਗ ਬਹਾਦਰ ਜੀ ਨੇ 43 ਸਾਲਾਂ ਦੀ ਉਮਰ ਵਿੱਚ ਮਾਨਵਵਾਦੀ ਲਹਿਰ ਦੀ ਆਗੂ ਵਜੋਂ ਜ਼ਿੰਮੇਵਾਰੀ ਸੰਭਾਲੀ। ਉਸ ਸਮੇ ਗੁਰੂ ਜੀ ਬਕਾਲਾ ਵਿਖੇ ਰਹਿੰਦੇ ਸਨ। ਗੁਰੂ ਜੀ ਦੇ ਸਕੇ ਸਬੰਧੀਆਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਪਰੰਤੂ ਗੁਰੂ ਜੀ ਨੇ ਉਹਨਾਂ ਨੂੰ ਮੁਆਫ ਕਰ ਦਿੱਤਾ। ਗੁਰੂ ਜੀ ਮਾਨਵਵਾਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਕੀਰਤਪੁਰ ਚਲੇ ਗਏ। ਉਸ ਤੋਂ ਬਾਅਦ ਗੁਰੂ ਜੀ ਨੇ ਕੀਰਤਪੁਰ ਦੇ ਨਜ਼ਦੀਕ ਜਮੀਨ ਦਾ ਇੱਕ ਟੁਕੜਾ ਖਰੀਦ ਲਿਆ ਜਿਸ ਉੱਤੇ ਨਵਾਂ ਗਰਾਮ ਉਸਾਰ ਕੇ ਉਸ ਦਾ ਨਾਮ ਆਨੰਦਪੁਰ ਰੱਖ ਦਿੱਤਾ। ਇੱਥੇ ਪ੍ਰਚਾਰ ਕਰਨ ਵਿੱਚ ਔਕੜਾਂ ਆਈਆਂ ਤਾਂ ਗੁਰੂ ਜੀ ਆਪਣੇ ਪਰਿਵਾਰ ਤੇ ਆਪਣੇ ਪੈਰੋਕਾਰਾਂ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਚਾਰ ਦੀ ਮੁਹਿੰਮ ਤੇ ਚਲੇ ਗਏ। ਗੁਰੂ ਜੀ ਦਾ ਕਾਫਲਾ ਦਿਨੋ ਦਿਨ ਵੱਧਦਾ ਗਿਆ। ਪਾਣੀ ਦੀ ਸਮੱਸਿਆ ਦੂਰ ਕਰਨ ਲਈ ਗੁਰੂ ਜੀ ਨੇ ਵੱਡੀ ਗਿਣਤੀ ਵਿੱਚ ਖੂਹ ਲਗਵਾਏ ਅਤੇ ਤਲਾਬ ਬਣਵਾਏ। 1666 ਈਸਵੀ ਵਿੱਚ ਉਹਨਾਂ ਦੇ ਪੁੱਤਰ ਦੇ ਜਨਮ ਸਮੇ ਉਹਨਾਂ ਦੀ ਲਹਿਰ ਪੂਰੇ ਸਿਖਰ ਉੱਤੇ ਸੀ। ਪੂਰਬ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਗੁਰੂ ਜੀ ਪੰਜਾਬ ਵਾਪਿਸ ਆ ਗਏ। ਉਸ ਸਮੇ ਔਰੰਗਜ਼ੇਬ ਨੇ ਧਰਮ ਪਰਿਵਰਤਨ ਦੀ ਮੁਹਿੰਮ ਚਲਾ ਰੱਖੀ ਸੀ। ਤਦ ਗੁਰੂ ਜੀ ਕੋਲ ਕਸਮੀਰੀ ਪੰਡਿਤ ਆਪਣੀ ਫਰਿਆਦ ਲੈ ਕੇ ਆਏ ਕਿ ਸਾਨੂੰ ਧਰਮ ਪਰਿਵਰਤਨ ਹੋਣ ਤੋਂ ਬਚਾਓ। ਗੁਰੂ ਜੀ ਨੇ ਕਿਹਾ ਕਿ ਉਹ ਬਾਦਸ਼ਾਹ ਨੂੰ ਦੱਸਣ ਕਿ ਪਹਿਲਾਂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਿਆ ਜਾਵੇ ਫਿਰ ਸਾਰੇ ਹਿੰਦੂ ਧਰਮ ਪਰਿਵਰਤਨ ਲਈ ਰਜਾਮੰਦ ਹੋ ਜਾਣਗੇ। ਗੁਰੂ ਜੀ ਨੇ ਆਪਣੇ 9 ਸਾਲਾਂ ਦੇ ਪੁੱਤਰ ਗੋਬਿੰਦ ਰਾਏ ਨੂੰ ਅਗਲਾ ਆਗੂ ਨਿਯੁਕਤ ਕਰ ਦਿੱਤਾ ਤੇ ਆਪਣੇ ਪੈਰੋਕਾਰਾਂ ਸਮੇਤ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ। ਗੁਰੂ ਜੀ ਨੂੰ ਰਾਹ ਵਿਚ ਹੀ ਕੈਦ ਕਰ ਲਿਆ ਗਿਆ। ਕੁਝ ਮਹੀਨਿਆਂ ਬਾਅਦ ਦਿੱਲੀ ਵਿਖੇ ਗੁਰੂ ਜੀ ਦੇ ਤਿੰਨ ਪੈਰੋਕਾਰਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਅਣਮਨੁੱਖੀ ਤਸ਼ੱਸਦ ਦੇ ਕੇ ਸ਼ਹੀਦ ਕੀਤਾ ਗਿਆ ਪਰੰਤੂ ਗਰੂ ਜੀ ਅਡੋਲ ਰਹੇ ਅਖੀਰ 1675 ਈਸਵੀ ਵਿਚ ਕਿਲੇ ਦੇ ਸਾਹਮਣੇ ਤਲਵਾਰ ਦੇ ਵਾਰ ਨਾਲ ਗੁਰੂ ਜੀ ਦਾ ਸੀਸ ਧੜ ਨਾਲੋ ਅਲੱਗ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਜੀ ਮਨੁੱਖੀ ਹੱਕਾਂ (ਹੁਮੳਨ ਰਗਿਹਟਸ) ਲਈ ਸ਼ਹੀਦ ਹੋ ਗਏ। ਇਹ ਸ਼ਹੀਦੀ ਸੰਸਾਰ ਭਰ ਵਿੱਚ ਮਾਨਵਵਾਦੀ ਸੰਘਰਸ਼ ਦੀ ਲਾਸਾਨੀ ਘਟਨਾ ਹੈ। ਗੁਰੂ ਜੀ ਦੀ ਸ਼ਹੀਦੀ ਨੇ ਔਰੰਗਜ਼ੇਬ ਨੂੰ ਅਜਿਹਾ ਪ੍ਰਭਾਵਿਤ ਕੀਤਾ ਕਿ ਉਸ ਨੇ ਧਰਮ-ਪਰਿਵਰਤਨ ਉੱਤੇ ਪੂਰਨ ਰੋਕ ਲਗਾ ਦਿੱਤੀ।

ਗੁਰੂ ਗੋਬਿੰਦ ਸਿੰਘ ਜੀ
ਗੁਰੂ ਗੋਬਿੰਦ ਰਾਏ ਜੀ ਨੇ ਬੜੇ ਨਾਜੁਕ ਹਾਲਾਤ ਵਿਚ ਲਹਿਰ ਦੀ ਜ਼ਿੰਮੇਵਾਰੀ ਸੰਭਾਲੀ। ਉਸ ਸਮੇ ਗੁਰੂ ਜੀ ਨੇ ਆਪਣੇ ਪੈਰੋਕਾਰਾਂ ਵਿੱਚ ਜੋਸ਼ ਅਤੇ ਜਾਗਰੂਕਤਾ ਭਰਨ ਲਈ ਖਾਸ ਪ੍ਰੋਗਰਾਮ ਦੀ ਯੋਜਨਾ ਬਣਾਉਣੀ ਆਰੰਭ ਕਰ ਦਿੱਤੀ। ਗੁਰੂ ਜੀ ਨੇ ਸੈਨਿਕ ਸੁਰੱਖਿਆ ਦਾ ਪੁਨਰ ਨਿਰਮਾਣ ਕਰ ਲਿਆ ਸੀ। ਪਹਾੜੀ ਰਾਜਿਆਂ ਨੇ ਗੁਰੂ ਜੀ ਅੱਗੇ ਪੇਸ਼ਕਸ ਰੱਖੀ ਕਿ ਉਹ ਗੁਰੂ ਜੀ ਨੂੰ ਆਪਣਾ ਮਹਾਰਾਜਾ ਮੰਨ ਲੈਣਗੇ ਪਰੰਤੂ ਉਹਨਾਂ ਨੂੰ ਨੀਵੀਆਂ ਸਮਝੀਆਂ ਜਾਤੀਆਂ ਦੇ ਲੋਕਾਂ ਦਾ ਸਾਥ ਛੱਡਣਾ ਪਵੇਗਾ ਪਰੰਤੂ ਗੁਰੂ ਜੀ ਨੇ ਅਜਿਹਾ ਕਰਨ ਤੋ ਸਾਫ ਇਨਕਾਰ ਕਰ ਦਿੱਤਾ ਕਿਉਕਿ ਮਾਨਵਵਾਦੀ ਵਿਚਾਰਧਾਰਾ ਅਨੁਸਾਰ ਕੋਈ ਉੱਚਾ ਜਾਂ ਨੀਵਾਂ ਨਹੀ ਸਭ ਬਰਾਬਰ ਹਨ। ਗੁਰੂ ਜੀ ਦਾ ਨਿਸ਼ਾਨਾ ਸੀ ਕਿ ਅਜਿਹਾ ਠੋਸ ਢਾਂਚਾ ਉਸਾਰਿਆ ਜਾਵੇ ਜਿਸ ਵਿੱਚ ਸਾਰੇ ਲੋਕ ਬਰਾਬਰ ਹੋਣ ਅਤੇ ਉਹ ਨੈਤਿਕ ਪੱਖ ਤੋਂ ਸੰਪੂਰਨ ਹੋਣ। 1699 ਈਸਵੀ ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਇਕ ਸਮਾਰੋਹ ਸੱਦ ਕੇ ਕੁਝ ਮਾਨਵਵਾਦ ਦੇ ਮਿਸ਼ਨ ਲਈ ਕੁਰਬਾਨੀ ਕਰਨ ਵਾਲੇ ਕਾਰਕੁੰਨਾਂ ਦੀ ਮੰਗ ਕੀਤੀ ਤਾਂ ਉਹਨਾਂ ਦੇ ਪੈਰੋਕਾਰਾਂ ਵਿੱਚੋਂ ਕੁਝ ਇੱਕ-ਇੱਕ ਕਰਕੇ ਉਹਨਾਂ ਦੇ ਅੱਗੇ ਆ ਕੇ ਖੜੇ ਹੋ ਗਏ। ਗੁਰੂ ਜੀ ਨੇ ਪੰਜ ਪੈਰੋਕਾਰਾਂ ਨੂੰ ਇੱਕੋ ਰੰਗ ਦੀਆਂ ਪੁਸ਼ਾਕਾਂ ਪਹਿਨਾ ਦਿੱਤੀਆਂ। ਗੁਰਬਾਣੀ ਉਚਾਰਨ ਕਰਕੇ ਖੰਡੇ ਦੀ ਪਾਹੁਲ ਤਿਆਰ ਕੀਤੀ ਗਈ। ਇਸ ਪਰਿਕਿਰਿਆ ਦੌਰਾਨ ਪੰਜਾਂ ਪੈਰੋਕਾਰਾਂ ਨੂੰ ਨਵੇ ਨਾਮ ਦਿੱਤੇ ਗਏ ਅਤੇ ਨਾਲ-ਨਾਲ ਨਾਮ ਦੇ ਅਖੀਰ ਵਿਚ ਸਿੰਘ ਸ਼ਬਦ ਜੋੜ ਦਿੱਤਾ। ਖੰਡੇ ਦੀ ਪਾਹੁਲ ਪਹਿਲਾ ਛਕਾਈ ਗਈ ਅਤੇ ਫਿਰ ਗੁਰੂ ਜੀ ਨੇ ਉਹਨਾਂ ਹੱਥੋਂ ਆਪ ਛਕੀ ਅਤੇ ਆਪਣੇ ਨਾਮ ਪਿੱਛੇ ਵੀ ਸਿੰਘ ਲਗਾ ਕੇ ਗੋਬਿੰਦ ਸਿੰਘ ਕਰ ਲਿਆ। ਅਨੇਕ ਲੋਕ ਪਰਿਵਾਰਾਂ ਸਮੇਤ ਗੁਰੂ ਗੋਬਿੰਦ ਸਿੰਘ ਨਾਲ ਮਾਨਵਵਾਦੀ ਲਹਿਰ ਵਿੱਚ ਸਾਮਿਲ ਹੋ ਗਏ। ਇਸ ਸਾਰੀ ਪ੍ਰੀਕਿਰਿਆ ਦਾ ਮੁੱਖ ਉਦੇਸ਼ ਸੀ ਕਿ ਸਭ ਬਰਾਬਰ ਹਨ ਅਤੇ ਸਾਰੇ ਇੱਕੋ ਪਰਿਵਾਰ ਦਾ ਹਿੱਸਾ ਹਨ। ਗੁਰੂ ਜੀ ਨੂੰ ਸੰਘਰਸ਼ ਦੌਰਾਨ ਕਈ ਜੰਗਾਂ ਦਾ ਸਾਹਮਣਾ ਕਰਨਾ ਪਿਆ ਅਤੇ ਆਖਰ ਉਹਨਾਂ ਨੂੰ ਆਨੰਦਪੁਰ ਵੀ ਛੱਡਣਾ ਪਿਆ। ਗੁਰੂ ਜੀ ਦੇ ਅਨੇਕ ਪੈਰੋਕਾਰ ਸ਼ਹੀਦ ਹੋਏ ਅਤੇ ਉਹਨਾਂ ਦਾ ਸਾਰਾ ਪਰਿਵਾਰ ਬਿੱਖਰ ਗਿਆ। ਗੁਰੂ ਜੀ ਦੇ ਦੋ ਵੱਡੇ ਪੁੱਤਰ ਚਮਕੌਰ ਵਿਖੇ ਸ਼ਹੀਦ ਹੋ ਗਏ ਅਤੇ ਛੋਟੇ ਪੁੱਤਰ ਸਰਹਿੰਦ ਵਿੱਚ ਜਿਉਦੇ ਹੀ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤੇ ਗਏ। ਗੁਰੂ ਗੋਬਿੰਦ ਸਿੰਘ ਦਾ 1708 ਈਸਵੀ ਵਿੱਚ ਨਾਦੇੜ ਵਿਖੇ ਇਕ ਅਚਨਚੇਤ ਹੋਏ ਸਰੀਰਕ ਹਮਲੇ ਮਗਰੋਂ ਦੇਹਾਂਤ ਹੋ ਗਿਆ। ਗੁਰੂ ਜੀ ਨੇ ਅੰਤਿਮ ਸਵਾਸ ਲੈਣ ਤੋਂ ਪਹਿਲਾ ਗੁਰੂ ਨਾਨਕ ਜੀ ਤੋਂ ਚੱਲੀ ਆ ਰਹੀ ਦੇਹਧਾਰੀ ਆਗੂ ਨਿਯੁਕਤ ਕਰਨ ਦੀ ਪਰੰਪਰਾ ਨੂੰ ਸਮਾਪਤ ਕਰ ਦਿੱਤਾ ਅਤੇ ਆਦਰਸ਼ਕ ਜੀਵਨ ਅਪਣਾਉਣ ਲਈ ਗੁਰਬਾਣੀ ਦੀ ਸਿਖਿਆ ਨੂੰ ਹੀ ਆਪਣੇ ਪੈਰੋਕਾਰਾਂ ਲਈ ਅਗਵਾਈ ਦਾ ਸੋਮਾ ਘੋਸ਼ਿਤ ਕਰ ਦਿੱਤਾ।

ਨਿਸ਼ਕਰਸ਼
ਮਾਨਵਵਾਦੀ ਲਹਿਰ ਅਤੇ ਇਸ ਲਹਿਰ ਦੇ ਝੰਡੇ ਨੂੰ ਬੁਲੰਦ ਰੱਖਣ ਖਾਤਿਰ ਕੀਤੀਆਂ ਗਈਆਂ ਸ਼ਹੀਦੀਆਂ ਦਾ ਇਸ ਤੋਂ ਵੱਧ ਪ੍ਰਭਾਵਸਾਲੀ ਨਜ਼ਾਰਾ ਸਮੁੱਚੇ ਸੰਸਾਰ ਦੇ ਇਤਿਹਾਸ ਵਿੱਚ ਹੋਰ ਕਿਧਰੇ ਨਹੀ ਮਿਲਦਾ। ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪੈਰੋਕਾਰਾਂ ਨੇ ਆਪਣੀ ਮਾਨਵਵਾਦੀ ਜੀਵਨ-ਜਾਚ ਦੇ ਅਧਾਰ ਤੇ ਆਦਰਸ਼ਕ ਵਿਵਹਾਰ ਦੇ ਮਾਡਲ ਪੇਸ਼ ਕੀਤੇ। ਇਸ ਮਾਨਵਵਾਦੀ ਵਿਚਾਰਧਾਰਾ ਉੱਤੇ ਚਲਦੇ ਸਮੇ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪੈਰੋਕਾਰਾਂ ਉੱਤੇ ਉਸ ਸਮੇ ਦੇ ਸਾਸ਼ਕਾਂ ਅਤੇ ਹੋਰਨਾਂ ਵੱਲੋ ਅਨੇਕਾਂ ਤਸ਼ੱਸਦ ਕੀਤੇ ਗਏ ਪਰੰਤੂ ਗੁਰੂ ਸਾਹਿਬਾਨ ਸੰਸਾਰ ਵਿਚ ਇਕ ਸੰਘਰਸ਼ਮਈ ਲਹਿਰ ਰਾਹੀਂ ਮਾਨਵਵਾਦ ਦੇ ਇਨਕਲਾਬ ਦਾ ਇਤਹਾਸ ਸਿਰਜ ਗਏ।
…………………………………
ਨੋਟ: ਇਸ ਵਿਸੇ ਉੱਤੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨ ਲਈ ਲੇਖਕ ਡਾਂ.ਇਕਬਾਲ ਸਿੰਘ ਢਿੱਲੋਂ ਜੀ ਦੀ ਪੁਸਤਕ ‘ਗੁਰੂ ਨਾਨਕ ਦਾ ਮਾਨਵਵਾਦ’ ਵੇਖੀ ਜਾ ਸਕਦੀ ਹੈ।

ਪ੍ਰਦੀਪ ਮਿੱਤਲ ਮਾਨਸਾ




.