.

ਧਰਮ ਦਾ ਧੰਦਾ

(3)

ਧਰਮ ਦੇ ਧੰਦੇ ਨੂੰ ਪ੍ਰਫ਼ੁੱਲਿਤ ਕਰਨ ਲਈ, ਫ਼ਰੇਬੀ ਤੇ ਸਵਾਰਥੀ ਧਾਂਦਲੀਆਂ ਨੇ ਗੁਰਬਾਣੀ ਦੇ ਸਿੱਧਾਂਤਕ ਸ਼ਬਦਾਂ, ਕਥਨਾਂ ਅਤੇ ਪਰਮਾਰਥਕ ਕਰਮਾਂ ਉੱਤੇ ਤ੍ਰੈਗੁਣੀ ਮਾਇਆ ਦਾ ਭੱਦਾ ਤੇ ਵਿਹੁਲਾ ਪਰ ਕੁਸੰਭੀ ਰੰਗ ਚੜ੍ਹਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਹੋਇਆ ਹੈ। ਮਾਇਆ ਦੀ ਚਕਚੌਂਧ ਵਿੱਚ ਚੁੰਧਿਆਏ ਹੋਏ ‘ਸਿੱਖ’ ਰੱਬ ਅਤੇ ਗਿਆਨ-ਗੁਰੂ ਤੋਂ ਪੂਰੀ ਤਰ੍ਹਾਂ ਬੇਮੁਖ ਹੋ ਕੇ ਦਿਖਾਵੇ ਦੇ ਮਾਇਕ ਆਡੰਬਰਾਂ ਨਾਲ ਰੀਝਣਾ ਸਿੱਖ ਗਏ ਹਨ।

ਧਰਮ ਦੇ ਧੰਦੇ ਵਿੱਚ ਵੇਚੇ ਜਾਂਦੇ ਸੌਦੇ ਦੀ ਸੂਚੀ ਬਹੁਤ ਲੰਮੀ ਹੈ ਅਤੇ ਹਰ ਦਿਨ ਲੰਮੇਰੀ ਹੁੰਦੀ ਜਾਂਦੀ ਹੈ! ਲੇਖ ਦੇ ਅਗਲੇਰੇ ਪੰਨਿਆਂ ਉੱਤੇ ‘ਸਿੱਖ ਧਰਮ’ ਦੇ ਪੁਜਾਰੀਆਂ ਅਤੇ ਪ੍ਰਬੰਧਕਾਂ ਦੁਆਰਾ ਪ੍ਰਚਾਰੇ ਜਾਂਦੇ, ਪ੍ਰਚੱਲਿਤ ਕੀਤੇ ਅਤੇ ਲੋਕਪ੍ਰਿਯ ਬਣਾਏ ਗਏ ਸੌਦਿਆਂ ਦਾ ਸੰਖੇਪ ਵੇਰਵਾ ਦੇਣ ਦਾ ਯਤਨ ਕਰਾਂਗੇ।

ਸੰਸਾਰ ਦੇ ਹਰ ਗੁਰੂਦਵਾਰੇ, ਟਕਸਾਲ ਅਤੇ ਡੇਰੇ ਆਦਿਕ ਵਿੱਚ ਨਿਤ-ਦਿਨ ਵੇਚੇ ਜਾਂਦੇ ਅਤਿਅਧਿਕ ਲਾਹੇਵੰਦ ਸੌਦੇ ਹਨ:

ਦਰਸ਼ਨ, ਦੀਦਾਰ: ਧਰਮ ਦੇ ਧੰਧੇ ਦੇ ਮਾਇਆ-ਮੋਹਿਤ ਵਾਪਾਰੀ (ਸੰਸਥਾਪਕ, ਪ੍ਰਬੰਧਕ, ਪੁਜਾਰੀ, ਟਕਸਾਲੀਏ ਅਤੇ ਡੇਰੇਦਾਰ ਆਦਿਕ), ਦਰਸ਼ਨ ਭੇਟਾ ਦੇ ਨਾਮ `ਤੇ, ਸ਼੍ਰਧਾਲੂਆਂ ਨੂੰ ਨਿਰਲੱਜ ਹੋ ਕੇ ਲੁੱਟਦੇ ਹਨ। ਦਰਸ਼ਨ-ਦੀਦਾਰ ਦਾ ਸਰਲ ਅਰਥ ਹੈ ਦੇਖਣਾ। ਦਰਸ਼ਨ-ਦੀਦਾਰ ਕਿਸ ਦੇ ਕਰਨੇ ਹਨ? ਧਰਮ ਦੇ ਪ੍ਰਸੰਗ ਵਿੱਚ: ਇਕ, ਗਿਆਨ-ਗੁਰੂ ਦੇ ਅਤੇ ਦੂਜਾ, ਅਦ੍ਰਿਸ਼ਟ, ਅਗੋਚਰ, ਅਲਖ ਕਰਤਾਰ ਦੇ! ਗੁਰੂ ਦੇ ਦਰਸਨ ਉਸ ਦੇ ਸ਼ਬਦ (ਬਾਣੀ) ਵਿੱਚੋਂ ਹੁੰਦੇ ਹਨ ਅਤੇ ਪ੍ਰਭੂ ਦੇ ਦਰਸ਼ਨ ਗੁਰੂ ਦੇ ਸ਼ਬਦ ਦੁਆਰਾ ਬਖ਼ਸ਼ੇ ਗਏ ਗਿਆਨ-ਚਕਸ਼ੂਆਂ ਰਾਹੀਂ। ਮਾਇਆ-ਮੁਕਤ ਨਿਰਮੈਲ ਮਨ ਨਾਲ ਗੁਰ ਸਬਦ ਦੀ ਬੀਚਾਰ ਕਰਨ ਨਾਲ ਗਿਅਨਅੰਜਨ ਦੀ ਪ੍ਰਾਪਤੀ ਹੁੰਦੀ ਹੈ। ਇਸ ਗਿਆਨਅੰਜਨ ਸਦਕਾ ਗੁਰਸਿੱਖ ਦੀਆਂ ਅੱਖਾਂ ਤੋਂ ਮਾਇਆ ਦਾ ਮੋਤੀਆ (cataract) ਮਿਟ ਜਾਂਦਾ ਹੈ ਅਤੇ ਉਸ ਨੂੰ ਸਰਬਵਿਆਪਕ ਅਲਖ ਕਰਤਾਰ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਹਨ। ਗੁਰਮਤਿ ਦੇ ਸਿੱਧਾਂਤਾਂ ਅਨੁਸਾਰ, ਗੁਰੂ-ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਮਾਇਆ ਦੀ ਉੱਕਾ ਹੀ ਕੋਈ ਲੋੜ ਨਹੀਂ ਹੈ। ਪਰ, ਜਿੱਥੇ ਧਰਮ ਦੇ ਧਾਂਦਲੀਆਂ ਦੁਆਰਾ ਤ੍ਰੈਗੁਣੀ ਮਾਇਆ ਦਾ ਅੰਧਕਾਰ ਜਾਣ-ਬੁਝ ਕੇ ਪਸਾਰਿਆ ਗਿਆ ਹੋਵੇ, ਉੱਥੇ ਤ੍ਰੈਗੁਣਅਤੀਤ ਪ੍ਰਭੂ ਦੇ ਦਰਸ਼ਨਾਂ ਦਾ ਹੋਣਾ ਅਸੰਭਵ ਹੈ!

ਗੁਰੂ-ਸਤਿਗੁਰੂ ਦੇ ਦਰਸ਼ਨ-ਦੀਦਾਰ ਕਰਨ ਵਾਸਤੇ ਮੋਈ ਮਾਇਆ ਦੀ ਬਿਲਕੁਲ ਕੋਈ ਲੋੜ ਨਹੀਂ ਹੈ! ਉਲਟਾ, ਮਾਇਆ ਗੁਰੂ ਜਾਂ ਰੱਬ ਦੇ ਦਰਸ਼ਨਾਂ ਦੇ ਰਾਹ ਵਿੱਚ ਵੱਡੀ ਰੁਕਾਵਟ ਸਾਬਤ ਹੁੰਦੀ ਹੈ।

ਗੁਰਫ਼ਲਸਫ਼ੇ ਮੁਤਾਬਿਕ, ਮਨੁੱਖ ਦਾ ਹਿਰਦਾ/ਅੰਤਹਕਰਣ ਹੀ ਰੱਬ ਦਾ ਘਰ ਹੈ! ਇਸ ਹਿਰਦੇ ਨੂੰ ਨਿਰਮੈਲ ਕਰਕੇ ਹੀ ਰੱਬ ਨਾਲ ਸਾਂਝ ਪੈਂਦੀ ਹੈ ਅਤੇ ਉਸ ਦੇ ਦੁਰਲੱਭ ਦਰਸ਼ਨ ਨਸੀਬ ਹੁੰਦੇ ਹਨ।

ਪਰੰਤੂ, ‘ਸਿੱਖ ਧਰਮ’ ਦੇ ਮਾਇਆਮੂਠੇ ਮਨਮਤੀਏ ਮੱਕਾਰ ਠੇਕੇਦਾਰਾਂ ਨੇ ਮਾਇਆਮੁਗਧ ਕੀਤੇ ‘ਸਿੱਖਾਂ’ ਨੂੰ ਕੀਮਤੀ ਪੱਥਰਾਂ (ਸੰਗਮਰਮਰ ਆਦਿ) ਨਾਲ ਬਣਾਈਆਂ, ਹੀਰੇ-ਮੋਤੀਆਂ ਨਾਲ ਜੜੀਆਂ, ਸੋਨੇ-ਚਾਂਦੀ ਨਾਲ ਗਲੇਫ਼ੀਆਂ, ਕਰੋੜਾਂ ਦੇ ਫੁੱਲਾਂ ਨਾਲ ਸਜਾਈਆਂ ਅਤੇ ਤਨ-ਮਨ ਦੀਆਂ ਅੱਖਾਂ ਨੂੰ ਚੁੰਧਿਆ ਦੇਣ ਵਾਲੀ ਰੋਸ਼ਨੀ ਨਾਲ ਰੋਸ਼ਨਾਈਆਂ ਇਮਾਰਤਾਂ, ‘ਦਰਸ਼ਨੀ’ ਡਿਉਢੀਆਂ, ਸਮਾਧਾਂ, ਬੀੜਾਂ (ਪ੍ਰਗਟ ਗੁਰਾਂ ਕੀ ਦੇਹ), ਪਾਲਕੀਆਂ, ਕਾਲਪਨਿਕ ਚਿੱਤਰਾਂ, ਥੜਿਆਂ, ਸ਼ਸਤਰਾਂ, ਚਿੰਨ੍ਹਾਂ, ਚੋਲਿਆਂ, ਜੋੜਿਆਂ, ਰੁਖਾਂ, ਝਾੜੀਆਂ, ਝਰਨਿਆਂ, ਚਸ਼ਮਿਆਂ, ਬਉਲੀਆਂ ਅਤੇ ਕਥਿਤ ਤੀਰਥਾਂ ਆਦਿਕ ਦੇ ਦਰਸ਼ਨ ਕਰਨ ਵਿੱਚ ਅਜਿਹਾ ਉਲਝਾਇਆ ਹੋਇਆ ਹੈ (ਆਪਨ ਹੂੜ ਕਹਾ ਉਰਝਾਯੋ॥) ਕਿ, ਮਾਇਆ ਦੀ ਚਕਚੌਂਧ ਵਿੱਚ, ਸ਼੍ਰੱਧਾਲੂਆਂ ਨੂੰ ਰੱਬ ਅਤੇ ਗਰੂ ਦੇ ਦਰਸ਼ਨਾਂ ਦਾ ਚਿੱਤ-ਚੇਤਾ ਹੀ ਨਹੀਂ ਰਹਿੰਦਾ!

ਸੰਸਾਰ ਦੇ ਹਰ ਗੁਰੂਦਵਾਰੇ ਵਿੱਚ ‘ਸਿੱਖ’ ਸ਼੍ਰਧਾਲੁਆਂ ਤੋਂ ਹਰ ਰੋਜ਼, ਦਰਸ਼ਨ-ਭੇਟਾ ਦੇ ਨਾਮ `ਤੇ, ਕ੍ਰੋੜਾਂ-ਅਰਬਾਂ ਦੀ ਧਨ-ਸੰਪਤੀ, ਨਿਰਲੱਜ ਹੋ ਕੇ ਠੱਗੀ ਜਾਂਦੀ ਹੈ! ਸੰਸਾਰ ਦੇ ਕਿਸੇ ਵੀ ਗੁਰੂਦਵਾਰੇ ਵਿੱਚ ਕਪਟੀ ਪ੍ਰਬੰਧਕਾਂ ਅਤੇ ਪਾਖੰਡੀ ਪੁਜਾਰੀਆਂ ਵੱਲੋਂ ਗੁਰੂ ਤੇ ਰਬ ਦੇ ਦਰਸ਼ਨ ਕਰਨ-ਕਰਵਾਉਣ ਦਾ ਕੋਈ ਵੀ ਗੁਰਮਤੀ ਉਪਰਾਲਾ ਨਹੀਂ ਕੀਤਾ ਜਾਂਦਾ!

ਮੱਥਾ ਟੇਕਣਾ ਜਾਂ ਨਤਮਸਤਕ ਹੋਣਾ: ਧਰਮ ਦੇ ਵਾਪਾਰੀਆਂ ਵੱਲੋਂ ਚਲਾਈ ਗਈ ਮੱਥਾ ਟੇਕਣ ਜਾਂ ਨਤਮਸਤਕ ਹੋਣ ਦੀ ਰੀਤਿ ਧਰਮ ਦੇ ਧੰਦੇ ਵਾਸਤੇ ਅਤਿਅੰਤ ਲਾਭਵੰਦ ਸੌਦਾ ਹੈ! ਮੱਥਾ ਟੇਕਣ ਜਾਂ ਨਤਮਸਤਕ ਹੋਣ ਦਾ ਭਾਵ ਅਰਥ ਹੈ: ਆਪਣੀ ਹਉਮੈ ਅਤੇ ਮੂੜ੍ਹ ਮਤਿ ਤਿਆਗ ਕੇ, ਗੁਰੂ-ਸਤਿਗੁਰੂ ਅੱਗੇ ਆਪਣਾ ਆਪਾ (ਮਨ-ਤਨ) ਅਰਪਨ ਕਰਨਾ।

ਆਪਾ ਅਰਪਨ ਕਰਨ ਦਾ ਧਾਰਮਿਕ ਕਰਮ ਤਾਂ ਹੀ ਸਾਰਥਕ ਹੈ ਜੇ ਇਹ ਵਿਕਾਰ-ਮੁਕਤ ਨਿਰਮਲ ਮਨ ਨਾਕ ਕੀਤਾ ਜਾਵੇ! ਮਨ ਦੇ ਖੋਟੇ ਮਾਇਆਮੂਠੇ ਗਪੌੜੀਆਂ ਦਾ ਮੱਥਾ ਟੇਕਣਾ ਪਾਖੰਡ ਹੀ ਹੈ! ਗੁਰਬਾਣੀ ਵਿੱਚ ਇਸ ਪਾਖੰਡ ਰੀਤਿ ਦਾ ਪੁਰਜ਼ੋਰ ਖੰਡਨ ਕੀਤਾ ਗਿਆ ਹੈ:

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥

ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾ॥

ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ॥ ਸਲੋਕ ਮ: ੧

(ਖਾਇਕਾ: ਥੋਥੀਆਂ ਗੱਲਾਂ ਕਰਨ ਵਾਲੇ ਗਪੌੜੀ)।

ਪਰੰਤੂ ਮਨਮਤੀਏ ਪੁਜਾਰੀਆਂ ਦੁਆਰਾ ਚਲਾਈ ਗਈ ਅਤੇ ਪ੍ਰਚਾਰੀ ਜਾਂਦੀ ਰੀਤਿ ਅਨੁਸਾਰ, ਸ਼੍ਰੱਧਾਲੂਆਂ ਨੂੰ ਆਪਣੀ ਮਨਮਤਿ ਤਿਆਗਣ ਅਤੇ ਆਪਾ ਅਰਪਨ ਕਰਨ ਦੀ ਲੋੜ ਨਹੀਂ; ਕੇਵਲ ਧਨ-ਸੰਪਦਾ ਭੇਟ ਕਰਕੇ ਕੀਮਤੀ ਰੁਮਾਲਿਆਂ ਨਾਲ ਢਕੇ ਗੁਰਬਾਣੀ-ਗ੍ਰੰਥ (ਪ੍ਰਗਟ ਗੁਰਾਂ ਕੀ ਦੇਹ) ਅਤੇ ਦੇਹ ਦੇ ਆਲੇ-ਦੁਆਲੇ ਦੀਆਂ ਵਸਤਾਂ (ਥੜ੍ਹਾ, ਪਾਲਕੀ, ਚੰਦੋਆ, ਚੌਰ, ਮੰਜੀ, ਫੁੱਲ, ਸ਼ਸਤ੍ਰ, ਕਾਲਪਨਿਕ ਚਿੱਤਰ, ੴ, ਸਤਿਨਾਮ ਅਤੇ ਵਾਹਿਗੁਰੂ ਆਦਿਕ ਦੇ ਕਟ ਆਯੂਟ (cut out) ਅਤੇ ਗੋਲਕ ਆਦਿ) ਅੱਗੇ ਮਾਇਆ ਅਰਪਨ ਕਰਕੇ ਮੱਥਾ ਟੇਕਣਾ ਜਾਂ ਨਤਮਸਤਕ ਹੋਣਾ ਕਾਫ਼ੀ ਹੈ!

‘ਦਰਸ਼ਨੀ’ ਡਿਉਢੀ ਵਾਲੇ ਗੁਰੂਦਵਾਰਿਆਂ ਵਿੱਚ ‘ਦਰਸ਼ਨ’ ਅਭਿਲਾਸ਼ੀਆਂ ਅਤੇ ਮੱਥਾ ਟੇਕਣ ਜਾਂ ਨਤਮਸਤਕ ਹੋਣ ਵਾਲਿਆਂ ਦੀਆਂ ਦੋ ਕਤਾਰਾਂ ਲਗਦੀਆਂ ਹਨ: ਇਕ, ਆਮ ਸ਼੍ਰੱਧਾਲੂਆਂ ਵਾਸਤੇ ਅਤੇ ਦੂਜੀ, ਖ਼ਾਸ ਵੀ: ਆਈ: ਪੀ: (VIPs) ਅਰਥਾਤ ‘ਮਹਾਨ ਸ਼ਖ਼ਸੀਅਤਾਂ’ {ਸ਼ਾਸਕ/ਸਿਆਸਤਦਾਨ (ਅਜੋਕੇ ਜ਼ਾਲਿਮ ਖ਼ਾਨ ਤੇ ਮਲਿਕ ਭਾਗੋ), ਦੇਸ-ਬਿਦੇਸ ਦੇ ਉੱਚ ਅਧਿਕਾਰੀ, ਡੇਰੇਦਾਰ, ਪਾਖੰਡੀ ਸੰਤੜੇ ਸਾਧੜੇ, ਫ਼ਿਲਮੀ ਸਿਤਾਰੇ, ਪੂੰਜੀਪਤੀ ਅਤੇ ਚੋਰਬਾਜ਼ਾਰੀਏ ਵਗੈਰਾ} ਵਾਸਤੇ! ! ! ਪਹਿਲੀ ਕਤਾਰ ਵਿੱਚ ਲੱਗੇ ਸ਼੍ਰੱਧਾਲੂਆਂ ਦੀ ਹਾਲਤ ਬੜੀ ਤਰਸਯੋਗ ਹੁੰਦੀ ਹੈ! ਉਨ੍ਹਾਂ ਨੂੰ ਮੱਥਾ ਟੇਕਣ ਜਾਂ ਨਤਮਸਤਕ ਹੋਣ ਵਾਸਤੇ ਅਤਿ ਦੀ ਗਰਮੀ ਅਤੇ ਕੜਾਕੇ ਦੀ ਸਰਦੀ ਵਿੱਚ ਕਈ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਪਰੰਤੂ ਦੂਜੀ ਕਤਾਰ ਵਿੱਚ ਲੱਗੀਆਂ ‘ਮਹਾਨ ਸ਼ਖ਼ਸੀਅਤਾਂ’ ਨੂੰ ਐਸ: ਜੀ: ਪੀ: ਸੀ: ਦੇ ਪੂਛਾਂ ਹਿਲਾਉਂਦੇ ਚਾਪਲੂਸ ਅਧਿਕਾਰੀ ਆਪਣੀ ਅਗਵਾਈ ਵਿੱਚ ਲੈ ਕੇ ਜਾਂਦੇ ਹਨ! ! ! ਇੱਥੇ ਹੀ ਬੱਸ ਨਹੀਂ, ਉਹ ਅੰਮ੍ਰਿਤਧਾਰੀ ਅਧਿਕਾਰੀ ‘ਮਹਾਨ ਸ਼ਖ਼ਸੀਅਤਾਂ’ ਨੂੰ, ਗੁਰੂ (ਗ੍ਰੰਥ) ਦੀ ਹਜ਼ੂਰੀ ਵਿੱਚ, ਸਿਰੋਪਿਆਂ ਤੇ ਚਿੰਨ੍ਹਾਂ ਨਾਲ ਸਨਮਾਨਿਤ ਕਰਕੇ ਗੁਰੂ ਦੀ ਘੋਰ ਬੇਅਦਬੀ ਵੀ ਕਰਦੇ ਹਨ! ! ਇਹ ਕੁਮਤਿ ਕਿਉਂ? ਕਿਉਂਕਿ, ‘ਮਹਾਨ ਸ਼ਖ਼ਸੀਅਤਾਂ’, ਉਨ੍ਹਾਂ ਨੂੰ ਮਿਲੇ ਵਿਸ਼ੇਸ਼ ਵਰਤਾਉ, ਆਉ ਭਗਤ, ਸਨਮਾਨ ਅਤੇ ਪ੍ਰਸਿੱਧੀ ਬਦਲੇ, ਦਰਸ਼ਨ ਭੇਟਾ ਵਜੋਂ ਧਨ-ਸ਼ੰਪਤੀ ਦੇ ਖੁੱਲ੍ਹੇ ਗੱਫੇ ਭੇਟ ਕਰਦੀਆਂ ਹਨ! ! ! ਜਾਗੀਰਾਂ, ਸੋਨੇ ਦੇ ਪੰਦਰਾਂ ਕਰੋੜੀ ਗੁਲਦਸਤੇ, ਸੋਨੇ ਦੀ ਤਲਵਾਰ, ਸੋਨੇ ਦੀ ਪਾਲਕੀ, ਸੋਨੇ ਦਾ ਚੌਰ, ਸੋਨੇ ਦੀਆਂ ਤਾਰਾਂ ਨਾਲ ਪਰੋਏ ਅਤੇ ਹੀਰੇ-ਮੋਤੀਆਂ ਨਾਲ ਜੜੇ ਚੰਦੋਏ ਤੇ ਰੁਮਾਲੇ ਅਤੇ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਸੋਨੇ ਦੀ ਬਹੁ ਕ੍ਰੋੜੀ ਕਲਗੀ ਤੇ ਨੈੱਕਲਸ (?) ਆਦਿਕ ਦੀ ਭੇਟਾ ਦੀਆਂ ਖ਼ਬਰਾਂ ਆਮ ਹੀ ਛਪਦੀਆਂ ਰਹਿੰਦੀਆਂ ਹਨ! !

ਇਕ ਹੋਰ ਕੌੜਾ ਸੱਚ, ਇਹ ਵੀ ਦੇਖਣ ਵਿੱਚ ਆਇਆ ਹੈ ਕਿ ਕਤਾਰਾਂ ਨੂੰ ਕੰਟਰੋਲ ਕਰਨ ਵਾਲੇ ‘ਸੇਵਾਦਾਰ’ ਵੱਢੀ ਲੈ ਕੇ ਹਮਾਤੜਾਂ ਨੂੰ ਵੀ ਵੀ: ਆਈ: ਪੀਜ਼: ਵਾਲੀ ਕਤਾਰ ਵਿੱਚ ਵਾੜ ਦਿੰਦੇ ਹਨ!

ਕੀ ਇਹ ਸਭ ਬਾਬੇ ਨਾਨਕ ਦੀ ਸਿੱਖੀ ਹੈ? ? ? ਕੀ ਇਨ੍ਹਾਂ ਗੁਰੂਦਵਾਰਿਆਂ ਨੂੰ ਗੁਰੁ-ਘਰ ਕਹਿਣਾ ਗੁਰਮਤਿ ਅਨੁਸਾਰੀ ਹੈ? ? ? ?

ਕੀਰਤਨ: ਰਾਗਾਂ ਵਿੱਚ ਪ੍ਰਭੂ ਦੇ ਦੈਵੀ ਗੁਣਾਂ ਦਾ ਗਾਇਣ ਕਰਨ ਨੂੰ ਕੀਰਤਨ ਕਹਿੰਦੇ ਹਨ। ਮਨੁੱਖ ਦੇ ਆਤਮਿਕ ਜੀਵਨ ਵਾਸਤੇ ਕੀਰਤਨ ਦਾ ਬਹੁਤ ਮਹੱਤਵ ਹੈ। ਕੀਰਤਨ ਕਰਨਾ ਇੱਕ ਧਰਮ-ਕਰਮ ਹੈ! ਇਹ ਧਰਮ-ਕਰਮ ਕਾਰਗਰ, ਗੁਣਕਾਰੀ ਅਤੇ ਸਾਰਥਕ ਤਾਂ ਹੀ ਹੁੰਦਾ ਹੈ ਜੇ, ਕੀਰਤਨ ਕਰਨ ਵਾਲਾ ਰਾਗੀ ਨਿਸ਼ਕਾਮ ਅਤੇ ਆਤਮਗਿਆਨੀ ਹੋਵੇ! ! ਪਰੰਤੂ, ‘ਸਿੱਖ ਧਰਮ’ ਦੇ ਮਾਇਆਧਾਰੀ ਰਾਗੀਆਂ ਦੀ ਕੌੜੀ ਸੱਚਾਈ ਇਹ ਹੈ ਕਿ ਉਹ, ਅਧਿਕਤਰ, ਅਗਿਆਨੀ ਹਨ ਅਤੇ ਉਨ੍ਹਾਂ ਦਾ ਗੁਰਮਤਿ ਗਿਆਨ ਨਾਲ ਕੋਈ ਵਾਸਤਾ ਹੀ ਨਹੀਂ ਹੁੰਦਾ (ਗਿਆਨ ਵਿਹੂਣਾ ਗਾਵੈ ਗੀਤ॥ …)। ਕਈ ਤਾਂ ਰਾਗੀ ਵੀ ਨਹੀਂ ਹਨ; ਉਹ ਤਾਂ ਅੱਖਾਂ ਮੀਚ ਕੇ ਸਿਰਫ਼ ਅਰੜਾਉਣਾ ਹੀ ਜਾਣਦੇ ਹਨ।

ਇਕ ਹੋਰ ਸੱਚ, ਗੁਰਬਾਣੀ ਸਮਝ ਕੇ ਕੀਰਤਨ ਕਰਨ ਅਤੇ ਧਿਆਨ ਨਾਲ ਸੁਣਨ ਦੀ ਗੁਣਕਾਰੀ ਅਧਿਆਤਮਿਕ ਰੀਤਿ ਗੁਰੂ ਕਾਲ ਦੀ ਦੇਣ ਹੈ। ਪਰੰਤੂ ਭਾੜਾ ਦੇ ਕੇ ਕੀਰਤਨ ਕਰਾਉਣ ਦਾ ਰਿਵਾਜ ਧਰਮ ਦੇ ਧਾਂਦਲੀਆਂ ਦਾ ਸ਼ੁਰੂ ਕੀਤਾ ਹੋਇਆ ਮਾਇਆ ਠੱਗਣ ਦਾ ਸਫ਼ਲ ਢਕਵੰਜ ਹੈ! ਇਸ ਰਿਵਾਜ ਵਿੱਚੋਂ ਕੀਰਤਨ ਕਰਵਾਉਣ ਵਾਲੇ ਜਜਮਾਨ ਦਾ ਹੰਕਾਰ ਅਤੇ ਭਾੜਾ ਲੈ ਕੇ ਕੀਰਤਨ ਕਰਨ ਵਾਲੇ ਰਾਗੀ ਦਾ ਲੋਭ ਪ੍ਰਤੱਖ ਦਿਖਾਈ ਦਿੰਦਾ ਹੈ! ਭਾੜਾ ਦੇ ਕੇ ਕੀਰਤਨ ਕਰਵਾਉਣ ਦੀ ਹੋੜ ਅੱਜ ਸਿਖਰਾਂ `ਤੇ ਹੈ। ਕੀਰਤਨ ਖੁਲ੍ਹੇ ਆਮ ਵਿਕ ਰਹੇ ਹਨ! ਹਰ ਰਾਗੀ ਨੇ ਆਪਣਾ ਰੇਟ/ਕੀਮਤ ਜਾਂ ਭਾਅ ਨਿਸ਼ਚਿਤ ਕੀਤਾ ਹੋਇਆ ਹੈ; ਜਿਤਨਾਂ ਵੱਡਾ ਭੇਖੀ, ਪਾਖੰਡੀ, ਮਨ ਦਾ ਖੋਟਾ ਤੇ ਗਪੌੜੂ ਰਾਗੀ, ਉਤਨੀ ਜ਼ਿਆਦਾ ਕੀਰਤਨ ਭੇਟਾ (ਕੀਮਤ/ਮੁੱਲ)! “ਪੰਥ” ਦੇ ਕਈ ‘ਮਹਾਨ’ ਰਾਗੀਆਂ/ਕੀਰਤਨੀਆਂ ਦਾ ਰੇਟ ਲੱਖਾਂ ਰੁਪਏ ਹੈ! ਕਈ ‘ਮਹਾਨ’ ਰਾਗੀ ਤਾਂ ਸੋਨੇ ਦੇ ਸਿੱਕਿਆਂ ਅਤੇ ਤਮਗ਼ਿਆਂ ਨਾਲ ਸਨਮਾਨਿਤ ਕੀਤੇ ਜਾਣ ਦੀ ਇੱਛਾ ਵੀ ਪ੍ਰਗਟ ਕਰ ਦਿੰਦੇ ਹਨ! ! ! ਕਦੀ ਕੋਈ ਕੀਰਤਨੀਆ ਕਿਸੇ ਭਾਈ ਲਾਲੋ ਵਰਗੇ ਰੱਬ ਦੇ ਬੰਦੇ ਦੇ ਘਰਿ (ਕੁੱਲੀ ਵਿੱਚ) ਕੀਰਤਨ ਕਰਨ ਗਿਆ ਹੈ? ਨਹੀਂ! ਕਿਉਂ? ਕਿਉਂਕਿ, ਧੰਦੇ ਵਿੱਚ ਕੋਈ ਲਿਹਾਜ ਨਹੀਂ ਹੁੰਦਾ!

ਕੀ ਬਾਬਾ ਨਾਨਕ ਜੀ ਅਤੇ ਭਾਈ ਮਰਦਾਨਾ ਜੀ ਕੀਰਤਨ ਦੀ ਭੇਟਾ (ਭਾੜਾ) ਲਿਆ ਕਰਦੇ ਸਨ? ? ?

ਧਰਮ ਦੇ ਧੰਦੇ ਵਿੱਚ ਟੀ: ਵੀ: ਚੈਨਲਾਂ ਉੱਤੇ ਕੀਰਤਨ ਪ੍ਰਸਾਰਣ ਦਾ ਸੌਦਾ ਵੀ ਅਤਿਅੰਤ ਲਾਹੇਵੰਦ ਹੈ। ਇਸੇ ਲਈ, ਹਰਿਮੰਦਰ, ਅੰਮ੍ਰਿਤਸਰ ਤੋਂ ਕੀਰਤਨ ਦੇ ਪਰਸਾਰਣ ਦੇ ਸਾਰੇ ਹੱਕ ਪੀ: ਟੀ: ਸੀ: ਚੈਨਲ (PTC Channel) ਦੇ ਰਾਖਵੇਂ ਹਨ! ਅੰਨ੍ਹੀਂ ਆਮਦਨ ਵਾਲੇ ਇਸ ਚੈਨਲ ਦਾ ਮਾਲਿਕ ਸ਼੍ਰਿੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਅਤੇ ‘ਅਕਾਲ ਤਖ਼ਤ’ ਦੇ ਜਥੇਦਾਰ ਦਾ ਆਕਾ ਸੁਖਬੀਰ ਬਾਦਲ ਹੈ! ! ਇਸ ਮੁੱਦੇ ਉੱਤੇ ਅਣਸੁਖਾਵਾਂ ਵਿਵਾਦ ਹੁੰਦਾ ਹੀ ਰਹਿੰਦਾ ਹੈ!

ਪਾਠ: ਧਰਮ ਦੇ ਧੰਦੇ ਵਿੱਚ ਪਾਠ ਸੱਭ ਤੋਂ ਜ਼ਿਆਦਾ ਲਾਹੇਵੰਦ ਸੌਦਿਆਂ ਵਿੱਚੋਂ ਇੱਕ ਹੈ! ਆਤਮਗਿਆਨ ਦੀ ਪ੍ਰਾਪਤੀ ਅਤੇ ਸਚਿਆਰ ਮਨੁੱਖ ਬਣਨ ਵਾਸਤੇ, ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ-ਗ੍ਰੰਥ ਦਾ ਪਾਠ (ਅਧਿਅਨ) ਕਰਨ ਅਤੇ ਸੁਣਨ ਦਾ ਬਹੁਤ ਮਹੱਤਵ ਹੈ। ਪਰੰਤੂ ਭਾੜਾ ਦੇ ਕੇ ਪਾਠ ਕਰਨਾ/ਕਰਾਉਣਾ ਕੇਵਲ ਲੋਕ-ਦਿਖਾਵਾ ਹੋਣ ਕਰਕੇ ਬੇਅਰਥ ਹੈ। ਭਾੜੇ ਦੇ ਪਾਠ ਕਰਵਾਉਣ ਦਾ ਰਿਵਾਜ ਵੀ ਇਤਨਾ ਪ੍ਰਸਿੱਧ ਕਰ ਦਿੱਤਾ ਗਿਆ ਹੈ ਕਿ ਕਈ ਗੁਰੂਦਵਾਰਿਆਂ ਵਿੱਚ ਭਾੜੇ ਦੇ ਪਾਠਾਂ ਦੀਆਂ ਲੜੀਆਂ ਤੇ ਝੜੀਆਂ ਲੱਗੀਆਂ ਹੀ ਰਹਿੰਦੀਆਂ ਹਨ! ਇੱਕ ਵੱਡੇ ਹਾਲ ਵਿੱਚ ਕਈ ਕਈ ਪਾਠੀ ਮੂੰਹ `ਤੇ ਪਰਨਾ ਜਿਹਾ ਲਪੇਟ ਕੇ ਬਿਨਾਂ ਆਵਾਜ਼ ਦੇ ਪਾਠ ਕਰਦੇ (?) ਹਨ! ਕੀਤੇ-ਕਰਾਏ ਪਾਠਾਂ ਦੀ ਭੇਟਾ (ਭਾੜਾ ਜਾਂ ਕੀਮਤ) ਲੱਖਾਂ ਰੁਪਏ ਹੈ! ! ! ਪਾਠਾਂ ਦਾ ਇਹ ਵਾਪਾਰ ਇਤਿਹਾਸਕ ਕਹੇ ਜਾਂਦੇ ਗੁਰੂਦਵਾਰਿਆਂ ਵਿੱਚ ਸ਼ਰ੍ਹੇਆਮ ਕੀਤਾ ਜਾਂਦਾ ਹੈ!

ਪੜਿ ਪੜਿ ਪੰਡਿਤ ਮਨੀ ਥਕੇ ਦੇਸੰਤਰੁ ਭਵਿ ਥਕੇ ਭੇਖਧਾਰੀ॥ …

ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ॥

ਅੰਦਰਿ ਕਪਟੁ ਉਦਰੁ ਭਰਣੇ ਕੈ ਤਾਈ ਪਾਠ ਪੜਹਿ ਗਾਵਾਰੀ॥ ਸਲੋਕ ਮ: ੩

ਸੰਸਾਰ ਦੇ ਸਾਰੇ ਸਥਾਨਕ ਗੁਰੂਦਵਾਰਿਆਂ ਅਤੇ ਮਾਇਆਧਾਰੀ ‘ਸਿੱਖਾਂ’ ਦੇ ਘਰਾਂ ਵਿੱਚ ਵੀ ਭਾੜੇ ਦੇ ਪਾਠ ਧੜਾ-ਧੜ ਵਿਕ ਰਹੇ ਹਨ। ਪਾਠਾਂ ਦੇ ਵਾਪਾਰ ਬਾਰੇ ਦਿਲਚਸਪ ਪਰ ਸ਼ਰਮਨਾਕ ਸੱਚ ਇਹ ਵੀ ਹੈ ਕਿ ਪਾਠ ਸੁਣਨ ਵਾਲਾ ਉੱਥੇ ਕੋਈ ਵੀ ਨਹੀਂ ਹੁੰਦਾ! ! !

ਪਾਠਾਂ ਦਾ ਧੰਦਾ ਬੇਹੱਦ ਲਾਹੇਵੰਦ ਹੋਣ ਕਰਕੇ ਇਤਨਾ ਫੈਲਿਆ ਹੈ ਕਿ, ਪਾਠਾਂ ਦੇ ਠੇਕੇਦਾਰ ਵੀ ਹੋਂਦ ਵਿੱਚ ਆ ਗਏ ਹਨ। ਇਹ ਠੇਕੇਦਾਰ ਪ੍ਰਬੰਧਕ ਕਮੇਟੀਆਂ ਅਧੀਨ ਕੰਮ ਕਰਦੇ ਹਨ ਅਤੇ ਇਹ ਦੋਵੇਂ ਪਾਠਾਂ ਤੋਂ ਹੋਣ ਵਾਲੀ ਕਮਾਈ ਮਿਲ ਕੇ ਖਾਂਦੇ ਤੇ ਮੌਜਾਂ ਮਾਣਦੇ ਹਨ।

ਪਾਠਾਂ ਦੇ ਠੇਕੇਦਾਰਾਂ ਨੇ ਅੱਗੇ ਭਾੜੇ ਦੇ ਪਾਠੀ ਰੱਖੇ ਹੋਏ ਹਨ! ਭਾੜੇ ਦੇ ਇਨ੍ਹਾਂ ਪਾਠੀਆਂ ਨੂੰ ਠੇਕੇਦਾਰ ਘੱਟ ਤੋਂ ਘੱਟ ਭਾੜਾ ਦੇ ਕੇ ਬਾਕੀ ਕਮਾਈ ਆਪ ਖਾਂਦੇ ਹਨ! ਇਸ ਅਨਿਆਂ ਵਿਰੁੱਧ ਲੜਣ ਵਾਸਤੇ ਪਾਠੀਆਂ ਦੀਆਂ ਜਥੇਬੰਦੀਆਂ ਵੀ ਹੋਂਦ ਵਿੱਚ ਆ ਚੁੱਕੀਆਂ ਹਨ! !

ਅਰਦਾਸ: ਅਰਦਾਸ {ਪ੍ਰਾਰਥਨਾ, ਬੇਨਤੀ, ਦੁਆ, ਫ਼ਰਿਆਦ ਜਾਂ ਪਰੇਅਰ (Prayer)} ਇੱਕ ਧਰਮ-ਕਰਮ ਹੈ। ਇਸ ਦਾ ਸੰਬੰਧ ਮਨ/ਆਤਮਾ/ਹਿਰਦੇ ਨਾਲ ਹੈ, ਸੰਸਾਰਕਤਾ ਨਾਲ ਬਿਲਕੁਲ ਨਹੀਂ! ਵਿਕਾਰ-ਮੁਕਤ ਨਿਰਮਲ ਮਨ ਨਾਲ ਅਰਦਾਸ ਕਰਨ ਨਾਲ ਪ੍ਰਾਰਥੀ ਨੂੰ ਨੈਤਿਕ ਉਤਸਾਹ ਤੇ ਆਤਮ-ਬਲ ਮਿਲਦਾ ਹੈ ਅਤੇ, ਹਰ ਹਾਲਾਤ ਵਿੱਚ ਅਡੋਲ ਰਹਿਣ ਦੀ ਪ੍ਰੇਰਣਾ ਵੀ ਮਿਲਦੀ ਹੈ! ਪ੍ਰਾਰਥੀ ਦੇ ਹਿਰਦੇ ਵਿੱਚੋਂ ਆਪਮੁਹਾਰੇ ਨਿਕਲੀ ਗੁਹਾਰ/ਪੁਕਾਰ ਨੂੰ ਪ੍ਰਾਰਥਨਾ ਜਾਂ ਅਰਦਾਸ ਕਿਹਾ ਜਾਂਦਾ ਹੈ। ਹਿਰਦੇ ਵਿੱਚੋਂ ਆਪਮੁਹਾਰੇ ਨਿਕਲੀ ਗੁਹਾਰ/ਅਰਦਾਸ ਵਾਸਤੇ ਕੋਈ ਖ਼ਾਸ ਲਫਜ਼ ਨਿਰਧਾਰਤ ਨਹੀਂ ਕੀਤੇ ਜਾ ਸਕਦੇ! ਗੁਰਮਤਿ ਅਨੁਸਾਰ, ਅਰਦਾਸ ਸਿਰਫ਼ ਅਤੇ ਸਿਰਫ਼ ਸ੍ਰਿਸ਼ਟੀ ਦੇ ਸ੍ਰਿਸ਼ਟਾ ਸਰਵਸ਼ਕਤੀਮਾਨ ਪ੍ਰਭੂ ਅੱਗੇ ਹੀ ਕੀਤੀ ਜਾਣੀ ਚਾਹੀਦੀ ਹੈ!

ਧਰਮ ਦੇ ਧੰਦੇ ਵਿੱਚ, ਪਾਠ ਦੀ ਤਰ੍ਹਾਂ, ਅਰਦਾਸ ਵੀ ਇੱਕ ਅਤਿਅੰਤ ਫ਼ਾਇਦੇਮੰਦ ਸੌਦਾ ਬਣਾ ਦਿੱਤਾ ਗਿਆ ਹੈ! ਗੁਰੂਦਵਾਰਿਆਂ ਵਿੱਚ ਅਤੇ ਨਿੱਜੀ ਸਥਾਨਾਂ ਜਾਂ ਘਰਾਂ ਵਿੱਚ ਹਰ ਰੋਜ਼ ਕਰੋੜਾਂ-ਅਰਬਾਂ ਅਰਦਾਸਾਂ ਕੀਤੀਆਂ/ਕਰਵਾਈਆਂ ਜਾਂਦੀਆਂ ਹਨ! ਭਾੜਾ (ਭੇਟਾ) ਦੇ ਕੇ ਪੁਜਾਰੀ ਜਾਂ ਪੇਸ਼ਾਵਰ ਅਰਦਾਸੀਏ ਕੋਲੋਂ ਅਰਦਾਸ ਕਰਵਾਉਣ ਦਾ ਰਿਵਾਜ ਵੀ ਅੱਜ ਸਿਖ਼ਰਾਂ `ਤੇ ਹੈ!

ਚਲਦਾ……

ਗੁਰਇੰਦਰ ਸਿੰਘ ਪਾਲ

23 ਜੁਲਾਈ, 2022.




.