.

ਇਨਕਲਾਬ


ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ ਤਾਂ ਪਤਾ ਚਲਦਾ ਹੈ ਕਿਵੇ ਸ਼ਕਤੀਸਾਲੀ ਧਿਰ ਸਦਾ ਆਪਣੇ ਤੋਂ ਕਮਜ਼ੋਰ ਧਿਰ ਨੂੰ ਗੁਲਾਮੀ ਦੇ ਪੱਧਰ ਤੇ ਰੱਖ ਕੇ ਚੱਲਦੀ ਆਈ ਹੈ, ਕਿਵੇ ਉਸ ਨੂੰ ਦਬਾ ਕੇ ਰੱਖਦੀ ਆਈ ਹੈ ਅਤੇ ਕਿਵੇ ਉਸ ਵਿਚ ਸ਼ਾਮਲ ਲੋਕਾਂ ਦਾ ਮਾਨਸਿਕ, ਸਰੀਰਕ ਅਤੇ ਆਰਥਿਕ ਸੋਸ਼ਣ ਕਰਦੀ ਆਈ ਹੈ। ਬਹੁਤ ਵਾਰੀ ਇਹ ਵੇਖਣ ਵਿਚ ਆਇਆ ਹੈ ਕਿ ਵੱਡੇ ਪੱਧਰ ਤੇ ਵਿਅਕਤੀਆਂ ਨੂੰ ਗੁਲਾਮ ਬਣਾ ਕੇ ਮਾਲਕਾਂ ਦੁਆਰਾ ਅੱਗੇ ਕਿਸੇ ਹੋਰਨਾਂ ਕੋਲ ਵੇਚਿਆ ਜਾਂਦਾ ਰਿਹਾ ਹੈ। ਗੁਲਾਮ ਉਹ ਲੋਕ ਰਹੇ ਹਨ ਜਿਹਨਾਂ ਦੀ ਜਾਤੀ ਅਜ਼ਾਦੀ ਦਾ ਹਨਨ ਕਰਕੇ ਉਹਨਾਂ ਤੋਂ ਜਬਰੀ ਸਰੀਰਕ ਮੁਸ਼ੱਕਤ ਕਰਵਾਉਂਦੇ ਹੋਏ ਉਹਨਾਂ ਨੂੰ ਸੁਤੰਤਰ ਤੌਰ ਤੇ ਆਪਣੇ ਕੰਮ ਕਰਨ ਜਾਂ ਤਨਖਾਹ ਵਰਗੇ ਹੱਕਾਂ ਤੋਂ ਵਾਂਝਾ ਰੱਖਿਆ ਜਾਂਦਾ ਸੀ। ਅਜਿਹੇ ਵਿਅਕਤੀਆਂ ਨੂੰ ਉਦੋ ਤੱਕ ਗੁਲਾਮ ਬਣਾ ਕਿ ਰੱਖਿਆ ਜਾਂਦਾ ਸੀ ਜਦੋ ਤਕ ਉਹ ਕੰਮ ਕਰਨ ਦੇ ਯੋਗ ਨਾ ਰਹਿਣ ਜਾਂ ਮਾਲਕਾਂ ਵੱਲੋਂ ਕੀਤੇ ਜਾਂਦੇ ਤਸ਼ੱਸਦ ਨੂੰ ਝੱਲਦੇ-ਝੱਲਦੇ ਮਰ ਨਾ ਜਾਣ।

ਗੁਲਾਮੀ
ਗੁਲਾਮੀ ਕੇਵਲ ਉਹ ਹੀ ਨਹੀਂ ਹੁੰਦੀ ਜਿਸ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ । ਵਿਵਹਾਰਕ ਪੱਖੋਂ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਲਗ-ਭਗ ਹਰੇਕ ਰਾਜ ਕਰਦੀ ਸ਼੍ਰੇਣੀ ਆਪਣੇ ਨਿਯਮ ਅਤੇ ਵਿਚਾਰ ਮੱਧਵਰਗੀ ਅਤੇ ਲਤਾੜੇ ਹੋਏ ਲੋਕਾਂ ਤੇ ਥੋਪਦੀ ਆਈ ਹੈ। ਪਰਜਾ-ਤੰਤਰ ਵਰਗੇ ਆਦਰਸ਼ਕ ਰਾਜ-ਪ੍ਰਬੰਧ ਦਾ ਇਸ ਪੱਖੋਂ ਦੁਰਉਪਯੋਗ ਆਮ ਹੀ ਵੇਖਣ ਨੂੰ ਮਿਲ ਜਾਂਦਾ ਹੈ। ਘਰੇਲੂ ਹਿੰਸਾ, ਜਬਰਨ ਵਿਆਹ, ਆਰਥਿਕ ਸ਼ੋਸ਼ਣ, ਜਾਤ-ਪਾਤ, ਧਾਰਮਿਕ ਮੱਕੜਜਾਲ ਆਦਿਕ ਰਾਹੀਂ ਪੈਦਾ ਕੀਤੀ ਗਈ ਗੁਲਾਮੀ ਅੱਜ ਵੀ ਪਰਚੱਲਤ ਹੈ। ਅਜੋਕੇ ਸਮੇ ਵਿੱਚ ਭਾਵੇਂ ਸਰੀਰਕ ਗੁਲਾਮੀ ਵਰਗੇ ਸਰਾਪ ਨੂੰ ਸੰਸਾਰ ਦੇ ਸਾਰੇ ਮੁਲਕਾਂ ਵਿੱਚ ਗੈਰ ਕਨੂੰਨੀ ਐਲਾਨਿਆ ਜਾ ਚੁੱਕਾ ਹੈ ਪਰੰਤੂ ਮਾਨਸਿਕ ਗੁਲਾਮੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਚੱਲਦੀ ਹੀ ਆ ਰਹੀ ਹੈ।

ਇਨਕਲਾਬ (Revolution)
ਇਨਕਲਾਬ ਭਾਵ ਕ੍ਰਾਂਤੀ ਕਿਸੇ ਵਿਸ਼ੇਸ਼ ਖਿੱਤੇ ਵਿਚ ਦੇ ਸਮਾਜਕ ਜੀਵਨ ਵਿਚ ਵੱਡੇ ਪੱਧਰ ਉੱਤੇ ਵਾਪਰਨ ਵਾਲੀ ਉਹ ਤਬਦੀਲੀ ਹੈ ਜੋ ਥੋੜੇ ਹੀ ਸਮੇਂ ਵਿਚ ਉਸ ਖਿੱਤੇ ਲੋਕਾਂ ਵੱਲੋਂ ਓਥੋਂ ਦੀ ਸਮਾਜਿਕ ਵਿਵਸਥਾ ਦੇ ਬੁਨਿਆਦੀ ਢਾਂਚੇ ਵਿੱਚ ਵਿਆਪਕ ਪੱਧਰ ਤੇ ਲੈ ਆਂਦੀ ਗਈ ਹੋਵੇ। ਅਸਲੀ ਇਨਕਲਾਬ ਉਹ ਹੈ ਜੋ ਸਾਕਾਰਾਤਮਕ ਹੋਵੇ ਭਾਵ ਜੋ ਲੋਕਾਂ ਲਈ ਹੋਵੇ ਤੇ ਲੋਕਾਂ ਰਾਹੀ ਲਿਆਂਦਾ ਜਾਵੇ। ਏਥੋਂ ਤੱਕ ਕਿ ਕਈ ਵਾਰ ਇਨਕਲਾਬ ਰਾਜ ਕਰਦੀਆਂ ਸ੍ਰੇਣੀਆਂ ਨੂੰ ਗੱਦੀਓ ਲਾਹੁਣ ਦਾ ਵਸੀਲਾ ਵੀ ਬਣ ਜਾਂਦਾ ਹੈ। ਸਮੇ-ਸਮੇ ਤੇ ਇਨਕਲਾਬ ਦੇ ਤੌਰ ਤਰੀਕੇ ਬਦਲਦੇ ਰਹੇ ਹਨ ਜਿਵੇ ਹਥਿਆਰਬੰਦ ਇਨਕਲਾਬ ਉਦਾਹਾਰਨ ਤੌਰ ਤੇ ਫਰਾਂਸ ਅਤੇ ਰੂਸ ਦੇ ਇਨਕਲਾਬ, ਭਾਰਤ ਦੀ ਗਦਰ ਲਹਿਰ, ਬੱਬਰ ਅਕਾਲੀ ਲਹਿਰ ਅਤੇ ਕਿਸੇ ਹੱਦ ਤੀਕਰ ਏਥੋਂ ਦੀ ਅਜ਼ਾਦੀ ਲਹਿਰ। ਦੂਸਰਾ ਹੈ ਸਾਂਤਮਈ ਇਨਕਲਾਬ। ਇਸ ਤਰਾਂ ਦੇ ਇਨਕਲਾਬ ਵਿੱਚ ਬੰਬ ਪਿਸਤੌਲ ਦੀ ਕੋਈ ਜਗਾਂ ਨਹੀ ਹੁੰਦੀ। ਇਸ ਤਰ੍ਹਾਂ ਦੇ ਇਨਕਲਾਬ ਵਿੱਚ ਖੂਨੀ ਲੜਾਈ ਕਰਨੀਆਂ ਜ਼ਰੂਰੀ ਨਹੀ ਹੁੰਦੀਆਂ ਅਤੇ ਨਾ ਹੀ ਨਿੱਜੀ ਬਦਲੇ ਦੀ ਕੋਈ ਥਾਂ ਹੁੰਦੀ ਹੈ। ਇਸ ਲਈ ਸਾਂਤਮਈ ਇਨਕਲਾਬ ਦਾ ਮਾਰਗ ਹੀ ਸਮਾਜ ਦੀ ਜਿੱਤ ਲਈ ਠੋਸ ਅਤੇ ਕਾਰਗਰ ਸਾਬਿਤ ਹੁੰਦਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋ ਲੋਕ ਆਪਣੇ ਜਜ਼ਬਿਆਂ ਦੀ ਉਲਝਣ ਤੋਂ ਉੱਪਰ ਉੱਠ ਕੇ ਚੇਤੰਨ ਹੋ ਕੇ ਮੌਕੇ ਦੇ ਹਾਲਾਤਾਂ ਨੂੰ ਨਜਿੱਠਦੇ ਹਨ।

ਇਨਕਲਾਬੀ
ਉਹ ਵਿਅਕਤੀ ਜੋ ਤਬਦੀਲੀ ਦੀ ਹਮਾਇਤ ਕਰੇ, ਸਮਰਪਿਤ ਕਾਰਕੁੰਨ ਹੋਵੇ, ਸੁਧਾਰਵਾਦੀ ਹੋਵੇ ਅਤੇ ਅੱਗੇ ਹੋ ਕੇ ਸਕਾਰਾਤਮਕ ਭੂਮਿਕਾ ਨਿਭਾਉਂਦਾ ਹੋਇਆ ਸੰਘਰਸ਼ ਵਿੱਚ ਹਿੱਸਾ ਵੀ ਲਵੇ। ਇਨਕਲਾਬੀ ਸੋਚ ਦਾ ਅਰਥ ਹੈ ਆਪਣੇ ਆਦਰਸ਼ ਪ੍ਰਤੀ ਪੂਰਨ ਸਮਰਪਣ, ਨਿਸ਼ਾਨੇ ਪ੍ਰਤੀ ਸਪਸ਼ਟਤਾ, ਦ੍ਰਿੜ੍ਹ ਇੱਛਾ-ਸ਼ਕਤੀ, ਸਮਾਜ-ਸੇਵਾ ਦੀ ਪ੍ਰਬਲ ਭਾਵਨਾ ਅਤੇ ਕੁਰਬਾਨੀ ਦਾ ਜਜ਼ਬਾ। ਇਨਕਲਾਬੀ ਵਿਅਕਤੀ ਵਿੱਚ ਫੋਕੀਆਂ ਭਾਵਨਾਵਾਂ ਲਈ ਕੋਈ ਜਗ੍ਹਾ ਨਹੀ ਹੁੰਦੀ, ਸਗੋਂ ਉਸ ਦੇ ਵਿਚਾਰ ਹੀ ਠੋਸ ਹੁੰਦੇ ਹਨ ਜੋ ਉਸਨੂੰ ਇਨਕਲਾਬੀ ਬਣਨ ਲਈ ਪ੍ਰੇਰਿਤ ਕਰਦੇ ਹਨ। ਪੜ੍ਹਾਈ ਅਤੇ ਅਧਿਐਨ ਇਕ ਇਨਕਲਾਬੀ ਵਿਅਕਤੀ ਦੀ ਮੁੱਢਲੀ ਜਿੰਮੇਵਾਰੀ ਹੁੰਦੀ ਹੈ ਜਿਸ ਨਾਲ ਨਵੇਂ-ਨਵੇਂ ਵਿਚਾਰ ਉਪਜਦੇ ਰਹਿੰਦੇ ਹਨ।

ਮਾਨਵਵਾਦ ਦਾ ਇਨਕਲਾਬ
ਦੁਨੀਆਂ ਭਰ ਵਿੱਚ ਇਨਕਲਾਬ ਹੋਏ ਪਰੰਤੂ ਭਾਰਤ ਵਿੱਚ ਇੱਕ ਨਵੇਕਲੀ ਕਿਸਮ ਦਾ ਇਨਕਲਾਬ ਹੋਂਦ ਵਿੱਚ ਆਇਆ ਜੋ ਸਪੂਰਨ ਤੌਰ ਤੇ ਮਨੁੱਖਤਾ ਨੂੰ ਸਮਰਪਿਤ ਸੀ। ਇਹ ਇਨਕਲਾਬ ਗੁਰੂ ਨਾਨਕ ਵੱਲੋਂ ਆਰੰਭ ਕੀਤਾ ਗਿਆ ਅਤੇ ਦੋ ਸਦੀਆਂ ਤੋਂ ਵੀ ਵੱਧ ਦੇ ਸਮੇ ਤੱਕ ਚੱਲਿਆ। ਇਹ ਇਨਕਲਾਬ ਮਾਨਵਵਾਦ ਦੀ ਲਹਿਰ ਸੀ ਜੋ 15ਵੀ ਸਦੀ ਈਸਵੀ ਦੇ ਅਖੀਰਲੇ ਦਹਾਕੇ ਤੋਂ ਲੈ ਕੇ ਭਾਰਤ ਦੇ ਉੱਤਰ-ਪੱਛਮ ਵਿੱਚ ਪੈਂਦੇ ਉਸ ਸਮੇ ਦੇ ਵੱਡ ਆਕਾਰੀ ਪ੍ਰਾਂਤ ਪੰਜਾਬ ਦੇ ਖਿੱਤੇ ਵਿੱਚ ਅਰੰਭਿਆ ਗਿਆ। ਇਸ ਦੇ ਬਾਨੀ ਗੁਰੂ ਨਾਨਕ ਅਤੇ ਉਹਨਾਂ ਦੇ ਅਗਲੇ ਨੌ ਉਤਰਾਧਿਕਾਰੀਆਂ ਨੇ ਇਸ ਨੂੰ ਪੂਰੀ ਸਫਲਤਾ ਦੇ ਨਾਲ ਚਲਾਇਆ। ਗੁਰੂ ਨਾਨਕ ਦੀ ਚਲਾਈ ਹੋਈ ਇਹ ਲਹਿਰ ਮਨੁੱਖੀ ਹਿੱਤਾਂ ਨੂੰ ਸਮਰਪਿਤ ਲਹਿਰ ਹੈ। ਗੁਰੂ ਸਾਹਿਬਾਨ ਨੇ ਅਤੇ ਉਹਨਾਂ ਦੇ ਪੈਰੋਕਾਰਾਂ ਨੇ ਆਪਣੀ ਮਾਨਵਵਾਦੀ ਜੀਵਨ ਜਾਚ ਦੇ ਆਧਾਰ ਉੱਤੇ ਆਦਰਸਿਕ ਵਿਵਹਾਰ ਦੇ ਮਾਡਲ ਪੇਸ਼ ਕੀਤੇ ਸਨ। ਗੁਰੂ ਸਾਹਿਬਾਨ ਦੇ ਇਸ ਇਨਕਲਾਬ ਦੌਰਾਨ ਉਹਨਾਂ ਉੱਤੇ ਉਸ ਸਮੇ ਦੇ ਸਾਸ਼ਕਾਂ ਨੇ ਅਨੇਕ ਤਸ਼ੱਸਦ ਕੀਤੇ ਜਿਸ ਕਰਕੇ ਗੁਰੂ ਸਾਹਿਬਾਨ, ਉਹਨਾਂ ਦੇ ਪਰੀਵਾਰਾਂ ਦੇ ਲੋਕਾਂ ਅਤੇ ਉਹਨਾਂ ਦੇ ਪੈਰੋਕਾਰਾਂ ਨੂੰ ਵੀ ਭਾਰੀ ਕਸ਼ਟ ਦਿੱਤੇ ਗਏ ਸਨ। ਫਿਰ ਵੀ ਮਨੁੱਖਤਾ ਨੂੰ ਸਮਰਪਿਤ ਇਸ ਲਹਿਰ ਨੇ ਸਮਾਜ ਦਾ ਮਾਰਗ ਦਰਸ਼ਨ ਕੀਤਾ। ਦੁਨੀਆਂ ਭਰ ਵਿੱਚ ਅਨੇਕਾਂ ਲਹਿਰਾਂ ਚੱਲੀਆਂ ਪਰ ਇਸ ਤਰ੍ਹਾਂ ਦੀ ਲਹਿਰ ਜੋ ਪੂਰਨ ਤੌਰ ਤੇ ਮਨੁੱਖਤਾ ਨੂੰ ਸਮਰਪਿਤ ਹੋਵੇ ਹੋਰ ਕਿਧਰੇ ਨਹੀ ਮਿਲਦੀ।
ਸਭ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ॥ ( ਗੁਰੂ ਨਾਨਕ ਜੀ )


ਪਗੜੀ ਸੰਭਾਲ ਲਹਿਰ
1907 ਵਿੱਚ ਭਾਰਤ ਦੀ ਅੰਗਰੇਜ ਸਰਕਾਰ ਦੁਆਰਾ ਨਵਾਂ ਕਲੋਨੀ ਐਕਟ ਪਾਸ ਕੀਤਾ ਗਿਆ ਜਿਸ ਤਹਿਤ ਕਿਸਾਨਾਂ ਦੀ ਜਮੀਨ ਜਬਤ ਹੋ ਸਕਦੀ ਸੀ। ਨਾਲ ਹੀ ਸਰਕਾਰ ਨੇ ਪਾਣੀਆਂ ਦੀਆਂ ਕੀਮਤਾਂ ਅਤੇ ਟੈਕਸ ਵਧਾ ਦਿੱਤੇ ਸਨ। ਤਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਜੀ ਨੇ 1907 ਵਿੱਚ ਲੋਕਾਂ ਨੂੰ ਲਾਮਬੰਦ ਕੀਤਾ ਤੇ ਸਰਕਾਰ ਖਿਲਾਫ ਮੋਰਚਾ ਲਗਾ ਦਿੱਤਾ। ਇਸ ਅੰਦੋਲਨ ਨੂੰ “ਪਗੜੀ ਸੰਭਾਲ” ਦਾ ਨਾਮ ਦਿੱਤਾ ਗਿਆ। ਪੂਰੇ ਦੇਸ਼ ਵਿੱਚ ਰੋਸ-ਮੁਜਾਹਰੇ ਕੀਤੇ ਗਏ। ਲਾਲਾ ਲਾਜਪਤ ਰਾਏ ਅਤੇ ਸਰਲਾ ਦੇਵੀ ਨੇ ਇਹਨਾਂ ਬਿਲਾਂ ਖਿਲਾਫ ਅਖਵਾਰਾਂ ਵਿੱਚ ਲੇਖ ਲਿੱਖੇ। ਸੂਫੀ ਅੰਬਾ ਪ੍ਰਸਾਦ, ਬਾਂਕੇ ਦਿਆਲ, ਅਜੀਤ ਸਿੰਘ ਅਤੇ ਸੱਯਦ ਆਗਾ ਹੈਦਰ ਇਸ ਅੰਦੋਲਨ ਦੇ ਵੱਡੇ ਲੀਡਰ ਸਨ। ਉਸ ਸਮੇ ਬਿਲਾਂ ਨੂੰ ਵਾਪਸ ਕਰਾਉਣ ਲਈ ਕਿਸਾਨ ਲੀਡਰਾਂ ਦੀਆਂ 33 ਮੀਟਿੰਗਾਂ ਸਰਕਾਰ ਨਾਲ ਹੋਈਆਂ ਪਰ ਕੋਈ ਸਿੱਟਾ ਨਾ ਨਿਕਲਿਆ। ਸਰਕਾਰ ਵੱਲੋਂ ਅੰਦੋਲਨ ਖਤਮ ਕਰਨ ਲਈ ਬਹੁਤ ਜਾਲ ਬੁਣੇ ਗਏ ਪਰੰਤੂ ਉਹਨਾਂ ਦਾ ਕੋਈ ਯਤਨ ਕਾਮਯਾਬ ਨਾ ਹੋਇਆ ਕਿਉਕਿ ਭਾਰਤੀ ਸਮਾਜ ਦੇ ਹਰ ਵਰਗ ਨੇ ਇਸ ਅੰਦੋਲਨ ਵਿੱਚ ਦ੍ਰਿੜ੍ਹਤਾ, ਏਕਤਾ ਅਤੇ ਭਾਈਚਾਰਕ ਸਾਂਝ ਦਿਖਾਈ। ਅਖੀਰ 1907 ਵਿੱਚ ਸਰਕਾਰ ਨੂੰ ਲੋਕਾਂ ਦੇ ਏਕੇ ਅੱਗੇ ਗੋਡੇ ਟੇਕਣੇ ਪਏ ਤੇ ਬਿਲ ਰੱਦ ਕਰਨੇ ਪਏ। ਲੋਕ ਮਾਨਿਆ ਤਿਲਕ ਨੇ ਅਜੀਤ ਸਿੰਘ ਨੂੰ ਕਿਸਾਨਾਂ ਦਾ ਰਾਜਾ ਕਹਿ ਕੇ ਤਾਜ ਪਹਿਨਾ ਦਿੱਤਾ। ਲੋਕਾਂ ਦੇ ਏਕੇ ਅਤੇ ਸੰਘਰਸ਼ ਨਾਲ ਅੰਦੋਲਨ ਵਿਚ ਜਿੱਤ ਪਰਾਪਤ ਹੋਈ ਅਤੇ ਇਹ ਇਨਕਲਾਬ ਇਤਿਹਾਸ ਦੇ ਪੰਨਿਆ ਵਿੱਚ ਅਮਰ ਹੋ ਗਿਆ।

ਆਜ਼ਾਦੀ ਦਾ ਸਘੰਰਸ਼
1857 ਈਸਵੀ ਦਾ ਭਾਰਤੀ ਵਿਦਰੋਹ ਜਿਸਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਜੰਗ, ਸਿਪਾਹੀ ਬਗਾਵਤ ਅਤੇ ਭਾਰਤੀ ਗਦਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਕੁਝ ਪ੍ਰਾਪਤੀ ਕਰਨ ਵਿਚ ਸਫਲ ਨਾ ਹੋਇਆ। ਇਸ ਉਪਰੰਤ 1913 ਈਸਵੀ ਵਿਚ ਅਮਰੀਕਾ ਵਿੱਚ ਕੁਝ ਸਿੱਖ-ਭਾਈਚਾਰੇ ਨਾਲ ਸਬੰਧਿਤ ਕੁਝ ਕਾਰਕੁੰਨਾਂ, ਲਾਲਾ ਹਰਦਿਆਲ ਤੇ ਭਾਈ ਪਰਮਾਨੰਦ ਦੇ ਸਹਿਯੋਗ ਨਾਲ ਗਦਰ ਪਾਰਟੀ ਦਾ ਗਠਨ ਕੀਤਾ ਗਿਆ ਤੇ ਪ੍ਰਧਾਨ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ। 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ। 13 ਅਪਰੈਲ 1919 ਨੂੰ ਜਲਿਆਂ ਵਾਲੇ ਬਾਗ ਵਿਖੇ ਖੂਨੀ ਸਾਕਾ ਹੋਇਆ। ਇਸ ਸਮੇ ਦੌਰਾਨ ਕਰੀ ਹੋਰ ਲਹਿਰਾਂ ਚਲਾਈਆਂ ਗਈਆਂ ਅਤੇ ਮੋਰਚੇ ਲਗਾਏ ਗਏ ਜਿਵੇ ਗੁਰੂਦੁਆਰਾ ਸੁਧਾਰ ਲਹਿਰ, ਚਾਬੀਆਂ ਦਾ ਮੋਰਚਾ, ਜੈਤੋਂ ਦਾ ਮੋਰਚਾ, ਬੱਬਰ ਅਕਾਲੀ ਲਹਿਰ ਆਦਿਕ। ਆਜ਼ਾਦੀ ਲਈ ਸੰਘਰਸ਼ ਵੱਖ-ਵੱਖ ਤਰੀਕਿਆਂ ਨਾਲ ਚਲਦਾ ਰਿਹਾ ਜਿਸ ਵਿੱਚ ਵੱਡੀ ਗਿਣਤੀ ਵਿਚ ਸ਼ਹੀਦੀਆਂ ਵੀ ਹੋਈਆਂ। ਅਖੀਰ 15 ਅਗਸਤ 1947 ਨੂੰ ਦੇਸ਼ ਨੂੰ ਆਜ਼ਾਦੀ ਮਿਲ ਜਾਣ ਤੇ ਇਸ ਇਨਕਲਾਬ ਨੂੰ ਸਫਲਤਾ ਪਰਾਪਤ ਹੋਈ ਭਾਵੇਂ ਕਿ ਇਸ ਸਮੇਂ ਦੇਸ਼ ਦੀ ਵੰਡ ਵੀ ਕਰ ਦਿੱਤੀ ਗਈ ।

ਕਿਸਾਨ ਅੰਦੋਲਨ
ਅਜ਼ਾਦੀ ਮਿਲਣ ਤੋਂ ਬਾਅਦ ਭਾਰਤ ਵਿਚ ਇਕ ਵੱਡਾ ਅੰਦੋਲਨ ਕੇਂਦਰੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਖਿਲਾਫ ਹੋਇਆ ਜਿਸ ਨੂੰ ਅਸੀ ਇਨਕਲਾਬ ਦਾ ਦਰਜਾ ਦੇ ਸਕਦੇ ਹਾਂ । ਭਾਰਤੀ ਸੰਸਦ ਦੁਆਰਾ ਸਤੰਬਰ 2020 ਵਿੱਚ ਤਿੰਨ ਖੇਤੀ ਕਨੂੰਨ ਪਾਸ ਕੀਤੇ ਗਏ ਜੋ ਖੇਤੀਬਾੜੀ ਉਤਪਾਦਾਂ, ਉਹਨਾਂ ਦੀ ਵਿੱਕਰੀ, ਭੰਡਾਰੀਕਰਨ, ਖੇਤੀਬਾੜੀ ਮੰਡੀਕਰਨ ਅਤੇ ਠੇਕੇਦਾਰੀ ਖੇਤੀਬਾੜੀ ਸੁਧਾਰਾਂ ਨਾਲ ਸਬੰਧਤ ਸਨ। ਇਹ ਕਾਨੂੰਨ ਇਸ ਤਰ੍ਹਾਂ ਸਨ-
1. ਕਿਸਾਨਾਂ ਦਾ ਉਤਪਾਦਨ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਐਕਟ।
2. ਕਿਸਮਾਂ (ਸਸ਼ਕਤੀਕਰਨ ਅਤੇ ਸੁਰੱਖਿਆ) ਮੁੱਲ ਭਰੋਸਾ ਅਤੇ ਫਾਰਮ ਸੇਵਾਵਾਂ ਐਕਟ ਅਤੇ ਇਕਰਾਰਨਾਮਾ।
3. ਜਰੂਰੀ ਵਸਤਾਂ (ਸੋਧ) ਐਕਟ।
ਭਾਰਤ ਭਰ ਵਿੱਚ ਕਿਸਾਨਾਂ ਵਿਚ ਇਹਨਾਂ ਕਾਨੂੰਨਾਂ ਸਬੰਧੀ ਜਾਗਰੂਕਤਾ ਪੈਦਾ ਹੋਈ ਅਤੇ ਉਹਨਾਂ ਨੇ ਇਹਨਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਦਾ ਨਾਮ ਦਿੰਦੇ ਹੋਏ ਇਹਨਾਂ ਵਿਰੁਧ ਰੋਸ ਪਰਗਟ ਕਰਨ ਲਈ ਰਾਜਧਾਨੀ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ। ਇਸ ਇਨਕਲਾਬ ਦੀ ਜਾਗ ਤਾਂ ਪੰਜਾਬ ਦੇ ਕਿਸਾਨਾਂ ਨੇ ਲਗਾਈ ਸੀ। ਇਸ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਇਸ ਨੇ ਸ਼ਮੁੱਚੇ ਭਾਰਤ ਦੇ ਕਿਸਾਨ ਭਾਈਚਾਰੇ ਨੂੰ ਇਕੱਠਾ ਕਰ ਦਿੱਤਾ ਸੀ। ਵਿਸ਼ੇਸ਼ ਕਰਕੇ ਪੰਜਾਬ ਅਤੇ ਹਰਿਆਣਾ ਪਰਾਂਤਾਂ ਵਿਚਕਾਰ ਭਾਈਚਾਰਕ ਸਾਂਝ ਮਜਬੂਤ ਹੋਈ। ਇਸ ਅੰਦੋਲਨ ਵਿੱਚ ਹਰ ਵਰਗ ਦੇ ਵਿਅਕਤੀ ਨੇ ਯੋਗਦਾਨ ਪਾਇਆ। ਭਾਵੇਂ ਦੇਸ਼ ਦਾ ਨੈਸ਼ਨਲ ਮੀਡੀਆ ਸਰਕਾਰ ਦੀ ਬੋਲੀ ਬੋਲਦਾ ਹੋਇਆ ਕਿਸਾਨੀ ਅੰਦੋਲਨ ਨੂੰ ਖਾਲਿਸਤਾਨੀ, ਵੱਖਵਾਦੀ, ਮਾਓਵਾਦੀ ਜਾਂ ਕਾਮਰੇਡ ਦੇ ਤੌਰ ਤੇ ਦਰਸਾਉਂਦਾ ਸੀ ਪਰੰਤੂ ਕਿਸਾਨਾਂ ਦੇ ਏਕੇ ਨੇ ਸਭ ਦੀ ਜੁਬਾਨ ਨੂੰ ਬੰਦ ਕਰ ਦਿੱਤੀ। ਕੁੱਝ ਫਿਰਕਾਪ੍ਰਸਤ ਲੋਕਾਂ ਵੱਲੋਂ ਵੀ ਕਿਸਾਨੀ ਅੰਦੋਲਨ ਨੂੰ ਧਾਰਮਿਕ ਰੰਗਤ ਦੇਣ ਦੀ ਕੋਸਿਸ ਕੀਤੀ ਗਈ ਪਰੰਤੂ ਕਿਸਾਨ ਇਹਨਾਂ ਦੀ ਚਾਲਾਂ ਨੂੰ ਸਮਝ ਗਏ ਸਨ ਤੇ ਉਹ ਇਹਨਾਂ ਦੇ ਬਹਿਕਾਵੇ ਵਿੱਚ ਨਹੀ ਆਏ ਤੇ ਸਘੰਰਸ਼ ਨੂੰ ਇਕੱਲੀ ਕਿਸਾਨੀ ਤੱਕ ਹੀ ਸੀਮਿਤ ਰੱਖਿਆ। ਗੁੰਡਿਆਂ ਵੱਲੋਂ ਕਿਸਾਨਾਂ ਤੇ ਹਮਲੇ ਵੀ ਕਰਵਾਏ ਗਏ ਪਰੰਤੂ ਕਿਸਾਨਾਂ ਨੇ ਸਿਦਕ ਨਹੀ ਹਾਰਿਆ, ਸਾਂਤਮਈ ਰਹੇ ਅਤੇ ਹਿੰਸਾ ਦੀ ਕੋਈ ਕਾਰਵਾਈ ਨਹੀ ਕੀਤੀ। ਇਹ ਕਿਸਾਨੀ ਅੰਦੋਲਨ 113 ਸਾਲ ਪਹਿਲਾਂ ਚੱਲੇ ਪਗੜੀ ਸੰਭਾਲ ਮੋਰਚੇ ਵਾਂਗ ਹੀ ਲੰਬਾ ਚੱਲਿਆ। ਇਸ ਕਿਸਾਨੀ ਅੰਦੋਲਨ ਵਿੱਚ 700 ਤੋਂ ਜਿਆਦਾ ਕਿਸਾਨਾਂ ਦੀਆ ਜਾਨਾਂ ਗਈਆਂ। ਅਖੀਰ ਵਿਚ ਸਰਕਾਰ ਨੂੰ ਕਿਸਾਨਾਂ ਦੇ ਏਕੇ ਅੱਗੇ ਹਾਰ ਮੰਨਣੀਂ ਪਈ ਤੇ 1 ਦਿਸੰਬਰ 2021 ਨੂੰ ਕੇਂਦਰੀ ਸਰਕਾਰ ਵੱਲੋਂ ਇਹ ਖੇਤੀ ਕਾਨੂੰਨ ਰੱਦ ਕਰਨ ਦੀ ਘੋਸ਼ਣਾ ਕਰ ਦਿੱਤੀ ਗਈ। ਇੱਥੇ ਸ਼ਹੀਦ ਭਗਤ ਸਿੰਘ ਦੀਆਂ ਕਹੀਆਂ ਸਤਰਾ ਪੂਰੀ ਤਰ੍ਹਾਂ ਢੁੱਕਦੀਆਂ ਹਨ-
“ਪਿਸਤੌਲ ਅਤੇ ਬੰਬ ਇਨਕਲਾਬ ਨਹੀ ਲਿਆਉਦੇ ਸਗੋ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉੱਤੇ ਤਿੱਖੀ ਹੁੰਦੀ ਹੈ।”
ਕਿਸਾਨੀ ਅੰਦੋਲਨ ਨੇ ਭਾਰਤੀਆਂ ਨੂੰ ਏਕਾ ਦਿੱਤਾ, ਆਪਸੀ ਸਾਂਝ ਮਜਬੂਤ ਹੋਈ ਅਤੇ ਸਭ ਤੋਂ ਵੱਡੀ ਗੱਲ ਆਮ ਲੋਕਾਂ ਵਿੱਚ ਚੇਤਨਾ ਆਈ। ਸੋ ਏਸੇ ਏਕੇ, ਸਹਿਯੋਗ ਅਤੇ ਜਾਗ੍ਰਿਤੀ ਨੇ ਕਿਸਾਨੀ ਅੰਦੋਲਨ ਨੂੰ ਜਿਤਾਇਆ। ਕਿਸਾਨੀ ਅੰਦੋਲਨ ਨੇ ਪੰਜਾਬ ਵਿੱਚ ਸਕਾਰਾਤਮਕ ਇਨਕਲਾਬ ਲਿਆਂਦਾ ਅਤੇ ਇਤਿਹਾਸ ਦੇ ਪੰਨਿਆਂ ਵਿੱਚ ਆਪਣੀ ਖਾਸ ਜਗ੍ਹਾ ਬਣਾਈ।

ਅਨੋਖਾ ਇਨਕਲਾਬ
ਪਿੱਛੇ ਜਹੇ ਭਾਰਤ ਦੇ ਪੰਜਾਬ ਪ੍ਰਾਂਤ ਵਿਚ ਸੂਬਾਈ ਪੱਧਰ ਤੇ ਹੋਈਆਂ ਚੋਣਾਂ ਦੇ ਰੂਪ ਵਿਚ ਇਕ ਅਨੋਖਾ ਇਨਕਲਾਬ ਵੇਖਣ ਨੂੰ ਮਿਲਿਆ। ਇਹ ਇਨਕਲਾਬ ਪੰਜਾਬ ਦੀ ਜਨਤਾ ਵਿਚ ਆਈ ਜਾਗਰੂਕਤਾ ਦਾ ਇਨਕਲਾਬ ਸੀ। ਭਾਰਤ ਵਿਚ ਵਿਦੇਸੀ ਰਾਜ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਪੰਜਾਬ ਵਿਚ ਵੱਖ-ਵੱਖ ਰਾਜਸੀ ਦਲਾਂ ਦੀ ਸਰਕਾਰ ਬਣਦੀ ਰਹੀ। ਪਰੰਤੂ ਉਹਨਾਂ ਸਮਿਆਂ ਵਿਚ ਸਰਕਾਰਾਂ ਵੱਲੋਂ ਪੰਜਾਬ ਦੀ ਜਨਤਾ ਦੀਆਂ ਮੁਸ਼ਕਲਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਗਿਆ, ਨਾ ਹੀ ਏਥਂ ਦੇ ਲੋਕਾਂ ਨੂੰ ਦਰਪੇਸ਼ ਅਸਲੀ ਮੁੱਦੇ ਹੀ ਸੁਲਝਾਏ ਗਏ। ਸਗੋਂ ਬਦਨੀਤੀ ਨਾਲ ਨਵੇਂ ਅਤੇ ਬੇਲੋੜੇ ਮੁੱਦੇ ਖੜ੍ਹੇ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵਿਚ ਅਥਾਹ ਵਾਧਾ ਕੀਤਾ ਗਿਆ। ਹਰ ਪਾਸੇ ਅਤੇ ਹਰ ਪੱਧਰ ਉੱਤੇ ਭਰਿਸ਼ਟਾਚਾਰ ਫੈਲ ਗਿਆ। ਵਿਸ਼ੇਸ ਕਰਕੇ ਕਿਸਾਨੀ ਤੇ ਨੌਜਵਾਨੀ ਦੀ ਖੂਬ ਦੁਰਦਸ਼ਾ ਹੋਈ। ਕੁੱਲ ਮਿਲਾ ਕੇ ਪੰਜਾਬ ਕੰਗਾਲੀ ਦੇ ਰਸਤੇ ਉੱਤੇ ਖੜ੍ਹਾ ਕਰ ਦਿੱਤਾ ਗਿਆ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਪਾਸ ਕੀਤੇ ਪਰੰਤੂ ਖੇਤੀ ਬਿਲਾਂ ਨੂੰ ਕਿਸਾਨ, ਮਜਦੂਰ, ਦੁਕਾਨਦਾਰਾਂ ਦੇ ਏਕੇ ਨੇ ਰੱਦ ਕਰਵਾਇਆ। ਆਮ ਲੋਕਾਂ ਵਿੱਚ ਚੇਤਨਾਂ ਆਉਣ ਨਾਲ ਮਾਨਸਿਕ ਪੱਧਰ ਉੱਚਾ ਹੋਇਆ ਜਿਸ ਨਾਲ ਲੋਕਾਂ ਨੂੰ ਸਿਆਸੀ ਨੇਤਾਵਾਂ ਦੀਆਂ ਸਾਜਿਸਾਂ ਸਮਝ ਆਉਣ ਲੱਗੀਆਂ। ਲੋਕ ਇਹਨਾਂ ਨੇਤਾਵਾਂ ਨੂੰ ਘੇਰ-ਘੇਰ ਸਵਾਲ ਵੀ ਪੁੱਛਣ ਲੱਗੇ। ਇਹਨਾਂ ਦਿਨੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਜੋਰ ਫੜ੍ਹਿਆ ਅਤੇ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਜੋਰ-ਸ਼ੋਰ ਨਾਲ ਸਮੱਰਥਨ ਦਿੱਤਾ। ਅਖੀਰ 20 ਫਰਵਰੀ 2022 ਨੂੰ ਲੋਕਾਂ ਨੇ ਉਤਸਾਹ ਨਾਲ ਵੋਟਾਂ ਪਾਈਆਂ ਅਤੇ 16 ਮਾਰਚ 2022 ਨੂੰ ਆਮ ਆਦਮੀ ਪਾਰਟੀ ਨੇ 117 ਚੋਂ 92 ਵਿਧਾਇਕ ਬਣਾ ਕੇ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਅਤੇ 73 ਸਾਲਾਂ ਤੋਂ ਰਾਜ ਕਰਦੀਆਂ ਆ ਰਹੀਆਂ ਸਿਆਸੀ ਪਾਰਟੀਆਂ ਮੂਧੇ-ਮੂੰਹ ਧਰਤੀ ਤੇ ਡਿੱਗ ਗਈਆਂ। ਆਮ ਆਦਮੀ ਪਾਰਟੀ ਦੀ ਜਿੱਤ ਤਾਂ ਹੋਈ ਹੀ ਹੈ ਪਰੰਤੂ ਗੱਲ ਕਰਨੀ ਬਣਦੀ ਹੈ ਆਮ ਲੋਕਾਂ ਦੇ ਏਕੇ ਦੀ ਵਿਸਵਾਸ ਦੀ ਜਿਹਨਾਂ ਨੇ ਇਸ ਨਵੀਂ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ। । ਪੰਜਾਬ ਵਿਚ ਜਨਤਾ ਵੱਲਂ ਜਾਗਰੂਕ ਹ ਕੇ ਲਿਆਂਦੀ ਗਈ ਇਹ ਸਿਆਸੀ ਤਬਦੀਲੀ ਇਨਕਲਾਬ ਤੋਂ ਘੱਟ ਨਹੀਂ।

ਸਿੱਟਾ
ਅਸੀਂ ਵੇਖਿਆ ਹੈ ਕਿ ਜਿੱਥੇ ਮੱਨੁਖੀ ਸਮਾਜ ਵੱਖ-ਵੱਖ ਖੇਤਰਾਂ ਵਿਚ ਉੱਨਤੀ ਕਰਦਾ ਆਇਆ ਹੈ ਓਥੇ ਇਸ ਵਿਚ ਸਮੇਂ-ਸਮੇਂ ਮੱਨੁਖਾਂ ਲਈ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਆਈਆਂ ਹਨ। ਪਰੰਤੂ ਸਮਾਜ ਦੇ ਲੋਕਾਂ ਨੇ ਵਿਅਕਤੀਗਤ ਜਾਂ ਸਮੂਹਿਕ ਪੱਧਰ ਤੇ ਯਤਨ ਕਰਕੇ ਅਜਿਹੀਆਂ ਸਮੱਸਿਆਵਾਂ ਦੇ ਹਲ ਕੱਢ ਕੇ ਵਿਖਾਏ ਹਨ। ਕਈ ਵਾਰ ਸਮਾਜ ਦੇ ਸੁਧਾਰ ਦੇ ਇਹ ਯਤਨ ਇਨਕਲਾਬ ਦੇ ਰੂਪ ਵਿਚ ਸਾਹਮਣੇ ਆਏ ਹਨ। ਪਰੰਤੂ ਏਥੇ ਇਸ ਗੱਨ ਉੱਤੇ ਜੋਰ ਦੇਣਾ ਬਣਦਾ ਹੈ ਕਿ ਆਦਰਸ਼ਕ ਇਨਕਲਾਬ ਉਹ ਹੀ ਹੈ ਜੋ ਆਮ ਲੋਕਾਂ ਵਿਚ ਪੈਦਾ ਹੋਈ ਜਾਗਰੂਕਤਾ ਉੱਤੇ ਅਧਾਰਿਤ ਹੋਵੇ, ਜੋ ਸਾਕਾਰਾਤਮਕ ਹੋਵੇ ਅਤੇ ਜੋ ਸ਼ਾਂਤਮਈ ਢੰਗਾਂ ਨਾਲ ਲਿਆਂਦਾ ਗਿਆ ਹੋਵੇ।
-------------------
ਪ੍ਰਦੀਪ ਮਿੱਤਲ ਮਾਨਸਾ
ਚੰਡੀਗੜ੍ਹ




.