.

ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਧਿਆਨ ਹਿਤ
ਕੀਰਤਨ ਕਲਾ ਅਤੇ ਅਜੋਕੇ ਕੀਰਤਨਕਾਰ
ਪੂਰਨ ਸਿੰਘ ਪਾਂਧੀ, ਟੋਰਾਂਟੋ, ਕਨੇਡਾ

ਜੇਕਰ ਕੀਰਤਨ ਨੂੰ ਪਰਿਭਾਸ਼ਤ ਕਰਨਾ ਹੋਵੇ ਤਾਂ ਆਖਿਆ ਜਾ ਸਕਦਾ ਹੈ “ਮਨੁੱਖੀ ਮਨ ਨੂੰ ਵਿਸਮਾਦੀ ਸਰੂਰ, ਖੁਸ਼ੀ ਤੇ ਖੁਮਾਰੀ ਦੇਣ ਵਾਲ਼ੀਆਂ ਮਿੱਠੀਆਂ ਤੇ ਮਧੁਰ ਧੁਨਾਂ ਦੁਆਰਾ, ਸਾਜ਼ਾਂ ਤੇ ਆਵਾਜ਼ਾਂ ਦੀ ਅਨੂਠੀ ਮਿਲਤ ਨਾਲ਼, ਭਿੰਨ-ਭਿੰਨ ਰਾਗਾਂ, ਤਾਲਾਂ ਤੇ ਲੈਅ ਭਰਪੂਰ ਗਾਇਨ ਕੀਤੇ ਗੁਰਬਾਣੀ ਸ਼ਬਦਾਂ ਨੂੰ ਕੀਰਤਨ ਆਖਿਆ ਜਾਂਦਾ ਹੈ।” 'ਮਹਾਨ-ਕੋਸ਼’ ਦੇ ਅਨੁਸਾਰ, "ਗੁਰਮਤਿ ਵਿੱਚ ਕਰਤਾਰ ਦੇ ਗੁਣ ਗਾਉਣ ਨੂੰ ਅਤੇ ਆਪਣੇ ਇਸ਼ਟ ਦੀ ਕੀਰਤੀ ਕਰਨ ਜਾਂ ਜਸ ਕਰਨ ਨੂੰ ਕੀਰਤਨ ਆਖਿਆ ਜਾਂਦਾ ਹੈ। "
ਸਿੱਖ-ਕੀਰਤਨ ਦਾ ਅਸਲ ਸੋਮਾ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਗੁਰੂ ਗ੍ਰੰਥ ਦੀ ਸਾਰੀ ਬਾਣੀ ਕਾਵਿ-ਰਸ ਤੇ ਰਾਗ-ਰਸ ਦੀ ਭਾਵਨਾਤਮਿਕ ਏਕਤਾ ਦੀ ਲੜੀ ਵਿੱਚ ਓਤ-ਪੋਤ ਬਾਣੀ ਹੈ। ਸਾਰੀ ਬਾਣੀ ਵਿੱਚ ਜਿੱਥੇ ਰੂਹਾਨੀ ਤੇ ਪਰਮ-ਸ਼ਕਤੀ ਪਰਮਾਤਮਾ ਨਾਲ ਜੋੜਨ ਦਾ ਸੰਦੇਸ਼ ਦਿੰਦੀ ਹੈ; ਉੱਥੇ ਰਾਗਾਂ ਦੇ ਵਿਧੀ ਵਿਧਾਨ ਅਨੁਸਾਰ ਗਾਉਣ ਲਈ ਕੀਰਤਨ ਕਰਨ ਦਾ ਉਪਦੇਸ਼ ਦਿੰਦੀ ਹੈ ਅਤੇ ਮਨੁੱਖੀ ਜੀਵਨ-ਜਾਚ ਦਾ ਮਾਰਗ ਦਰਸ਼ਨ ਕਰਦੀ ਹੈ
ਗੁਰੂ ਗ੍ਰੰਥ ਸਾਹਿਬ ਵਿੱਚ 31 ਸ਼ੁੱਧ ਰਾਗ ਤੇ 31 ਮਿਸਰਤ ਰਾਗ ਹਨ। 22 ਵਾਰਾਂ ਹਨ। ਕਲਾਸੀਕਲ ਗਾਇਕੀ ਦੀ ਸਭ ਤੋਂ ਔਖੀ ਤੇ ਬਿੱਖੜੀ ਵਿਧਾ ਪੜਤਾਲ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀਆਂ 7 ਰਾਗਾਂ ਵਿੱਚ 19 ਪੜਤਾਲਾਂ ਅਤੇ ਗੁਰੂ ਅਰਜਨ ਦੇਵ ਜੀ ਦੀਆਂ 10 ਰਾਗਾਂ ਵਿੱਚ 36 ਪੜਤਾਲਾਂ, ਕੁੱਲ 55 ਪੜਤਾਲਾਂ ਦਰਜ ਹਨ। ਲੋਕ-ਧੁਨਾਂ, ਲੋਕ-ਵਾਰਾਂ, ਲੋਕ-ਗਾਇਨ ਸ਼ੈਲੀਆਂ ਤੇ ਬਾਰਾਂਮਾਹਾਂ ਦਾ ਅਲੱਗ ਵਿਸਥਾਰ ਹੈ।
ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਸਮੇ ਗੁਰੂ ਅਰਜਨ ਦੇਵ ਜੀ ਨੇ ਭਗਤੀ ਭਾਵਨਾ ਤੇ ਪਰਮੇਸ਼ਰ ਦੀ ਅਰਾਧਨਾ ਲਈ ਸਭ ਤੋਂ ਤਰਜੀਹੀ ਕਾਰਜ ਨਿਰੰਤਰ ਗੁਰਬਾਣੀ ਕੀਰਤਨ ਕਰਨ ਦਾ ਕਾਰਜ ਕੀਤਾ ਹੈ। ਭਾਰਤੀ ਕਲਾਸੀਕਲ ਸੰਗੀਤ ਦੇ ਵਿਧੀ ਵਿਧਾਨ ਅਨੁਸਾਰ ਅਤੇ ਰਾਗ-ਰਸ ਦੀ ਰੂਹਾਨੀ ਭਾਵਨਾ ਅਨੁਸਾਰ ਕੀਰਤਨ ਮਨੁੱਖੀ ਮਨ ਦੀਆਂ ਮੂਲ ਪ੍ਰਵਿਰਤੀਆਂ ਨੂੰ ਵਿਸਮਾਦੀ ਰਸ ਦੇਣ ਵਾਲੀ ਸਭ ਤੋਂ ਕੋਮਲ ਤੇ ਸੂਖਮ ਵਿਧਾ ਹੈ।
ਹਰਿਮੰਦਰ ਸਾਹਿਬ ਵਿੱਚ ਗੁਰੂ ਜੀ ਦੀਆਂ ਅਰੰਭ ਕੀਤੀਆਂ ਵੱਖ-ਵੱਖ `ਚੌਂਕੀਆਂ’ ਵਿੱਚ ਪੱਕੇ ਰਾਗਾਂ ਦੀਆਂ ਧੁਨਾਂ, ਧਰੂਪਦ, ਧਮਾਰ, ਤਾਲਾਂ, ਪੜਤਾਲਾਂ ਦੀਆਂ ਗੂੰਜਾਂ ਪੈਣ ਲੱਗੀਆਂ। ਰਾਗੀ-ਰਬਾਬੀ ਮਸਤ ਤੇ ਖੀਵੇ ਹੋ ਕੇ ਸ਼ਬਦ ਕੀਰਤਨ ਵਿੱਚ ਮਘਨ ਹੁੰਦੇ ਅਤੇ ਸੰਗਤ ਸਰਸ਼ਾਰ ਹੁੰਦੀ। ਇਸ ਤਰ੍ਹਾਂ ਸਿੱਖੀ-ਜੀਵਨ ਜੁਗਤ ਨੂੰ ਕੀਰਤਨ ਕਲਾ ਨਾਲ਼ ਜੋੜਨ ਦੀ ਸਿੱਖ ਇਤਿਹਾਸ ਦੀ ਇਹ ਸਭ ਤੋਂ ਮਹਾਨ, ਪਵਿੱਤਰ ਅਤੇ ਮਾਣ ਕਰਨ ਯੋਗ ਘਟਨਾ ਹੈ ਅਤੇ ਸਮੁੱਚੀ ਸਿੱਖ ਕੌਮ ਦਾ ਸੰਸਾਰ ਵਿੱਚ ਸਭ ਤੋਂ ਉੱਤਮ, ਰੂਹਾਨੀ ਤੇ ਕਲਾਤਮਿਕ ਵਿਰਸਾ ਹੈ। ਉਦੋਂ ਤੋਂ ਗੁਰਬਾਣੀ ਕੀਰਤਨ ਦਾ ਇਹ ਮਹਾਂ-ਕੁੰਭ ਹਰ ਗੁਰ ਅਸਥਾਨ `ਤੇ ਨਿਰੰਤਰ ਹੋਣ ਦੀ ਰੀਤ ਤੁਰੀ ਆ ਰਹੀ ਹੈ।
ਗੁਰਬਾਣੀ ਕੀਰਤਨ ਦੁਆਰਾ ਮਨੁੱਖੀ ਮਨ ਦੀਆਂ ਮੂਲ ਪ੍ਰਵਿਰਤੀਆਂ ਨੂੰ ਵਿਸਮਾਦੀ ਤੇ ਸਰਸ਼ਾਰੀ ਪ੍ਰਭਾਵ ਪੈਦਾ ਲਈ ਅਵਾਜ਼ ਮਿੱਠੀ, ਕੋਮਲ ਤੇ ਸੁਰੀਲੀ ਚਾਹੀਦੀ ਹੈ। ਇਸ ਲਈ ਰਿਆਜ਼ ਦੀ ਅਤਿਅੰਤ ਲੋੜ ਹੇ। ਰਿਆਜ਼ ਦੁਆਰਾ ਅਵਾਜ਼ ਕੋਮਲ, ਮਧੁਰ ਤੇ ਮਿੱਠੀ ਹੁੰਦੀ ਹੈ। ਇਸ ਦੇ ਨਾਲ਼ ਸ਼ੌਕ ਤੇ ਸ਼ਰਧਾਵਾਨ ਬਿਰਤੀ ਦਾ ਹੋਣਾ ਵੀ ਜ਼ਰੂਰੀ ਹੈ। ਹਰ ਕੋਮਲ ਕਲਾ ਸ਼ਰਧਾ, ਸ਼ੌਕ ਤੇ ਸਿਰੜ ਬਗੈਰ ਵੱਸ ਵਿੱਚ ਨਹੀਂ ਆਉਂਦੀ। ਰਿਆਜ਼-ਰਹਿਤ ਖੁਸ਼ਕ ਤੇ ਅੱਖੜ ਅਵਾਜ਼ ਨਾਲ਼ ਕੀਤੇ ਕੀਰਤਨ ਨਾਲ ਜਿੱਥੇ ਗੁਰਬਾਣੀ ਦੇ ਅਰਸ਼ੀ ਤੇ ਨੂਰੀ ਸੰਦੇਸ਼ ਦੀ ਨਿਰਾਦਰੀ ਹੁੰਦੀ ਹੈ; ਉੱਥੇ ਮਹਾਨ ਗਾਇਕੀ ਦਾ ਅਤੇ ਕੀਰਤਨ ਕਲਾ ਦਾ ਮਿਆਰ ਡਿਗਦਾ ਅਤੇ ਪ੍ਰਭਾਵ ਕਮਜ਼ੋਰ ਹੁੰਦਾ ਹੈ।
ਇਸ ਲਈ ਹਰ ਰਾਗੀ ਸਿੰਘ ਨੂੰ ਸ਼ੌਕ ਤੇ ਸਿਰੜ ਨਾਲ ਆਪਣੇ ਕੰਠ ਦਾ ਰੋਜ਼ਾਨਾ ਬੇ-ਨਾਗਾ ਰਿਆਜ਼ ਕਰਨ ਦਾ ਪੱਕਾ ਨਿਤਨੇਮੀ ਹੋਣਾ ਚਾਹੀਦਾ ਹੈ। ਸਪਤਕ ਦੀਆਂ ਸਾਰੀਆਂ ਸ਼ੁੱਧ ਤੇ ਕੋਮਲ ਸੁਰਾਂ ਵਿੱਚ ਆਵਾਜ਼ ਗਰਾਰੀ ਦੇ ਬਰੀਕ ਦੰਦਿਆਂ ਵਾਂਗ ਫਿਰਦੀ ਹੋਵੇ ਅਤੇ ਸੁਰਗਵਾਸੀ ਭਾਈ ਸਮੁੰਦ ਸਿੰਘ ਦੀ ਅਵਾਜ਼ ਵਾਂਗ ਸਪਤਕ ਦੀਆਂ ਸਾਰੀਆਂ ਸੁਰਾਂ ਰੰਗਲਾ ਨਿਰਤ ਕਰਦੀਆਂ ਜਾਪਣ। ਟਾਪ ਦੀਆਂ ਸੁਰਾਂ ਵਿੱਚ ਅਵਾਜ਼ ਦੀਵੇ ਦੀ ਲਾਟ ਵਾਂਗ ਡੋਲਦੀ, ਕੰਬਦੀ ਜਾਂ ਭਰੜਾਂਦੀ ਨਾ ਹੋਵੇ; ਸਗੋਂ ਤੇਲ ਦੀ ਧਾਰ ਵਾਂਗ ਗੰਭੀਰ ਅਤੇ ਸੁਰਗਵਾਸੀ ਭਾਈ ਸੰਤਾ ਸਿੰਘ ਵਾਂਗ ਕੋਮਲ, ਮਧੁਰ, ਮਿੱਠੀ ਤੇ ਟੁਣਕਦੀ ਹੋਵੇ। ਗੁਲਾਮ ਅਲੀ ਵਾਂਗ ਮੰਦਰ ਸਪਤਕ ਵਿੱਚ ਅਵਾਜ਼ ਡੂੰਘੀ, ਗੰਭੀਰ ਤੇ ਮਧੁਰ ਹੋਵੇ। ਸ੍ਰੀ ਨਗਰ ਵਾਲੇ ਰਾਗੀ ਭਾਈ ਹਰਜਿੰਦਰ ਸਿੰਘ, ਭਾਈ ਮਨਿੰਦਰ ਸਿੰਘ ਵਾਂਗ, ਵੱਖ-ਵੱਖ ਰਾਗਾਂ, ਰਸਾਂ ਤੇ ਵੱਖ-ਵੱਖ ਤਾਲਾਂ ਵਿੱਚ ਨਵੀਆਂ ਤੇ ਮੌਲਿਕ ਰੀਤਾਂ-ਤਰਜ਼ਾਂ ਆਪ ਤਿਆਰ ਕਰਨ ਦੀ ਯੋਗਤਾ ਹੋਵੇ। ਸੰਤ ਸੁਜਾਨ ਸਿੰਘ ਵਰਗੇ ਮਿੱਠੇ, ਮਧੁਰ ਤੇ ਅਕਹਿ ਪ੍ਰਭਾਵ ਦੀ ਉਸਾਰੀ ਕਰਦੇ ਅਲਾਪ, ਮੀਂਡ ਤੇ ਮੁਰਕੀਆਂ ਹੋਣ ਤੇ ਧੁਰ ਅੰਦਰ ਤੱਕ ਲਹਿੰਦੀ ਹੂਕ ਹੋਵੇ।
ਜਿਵੇਂ ਸੁੰਦਰਤਾ ਵਿੱਚ ਵਾਧਾ ਕਰਨ ਲਈ ਸੁਰਖੀ, ਬਿੰਦੀ ਤੇ ਹੋਰ ਗਹਿਣਿਆਂ ਨਾਲ ਹਾਰ-ਸ਼ਿੰਗਾਰ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਗਾਇਨ-ਕਲਾ ਤੇ ਕਾਵਿ-ਕਲਾ ਵਿੱਚ ਵੀ ਭਿੰਨ-ਭਿੰਨ ਅਲੰਕਾਰਾਂ ਦੁਆਰਾ ਸੁਹਜ ਸ਼ਿੰਗਾਰ ਕਰਨ ਦਾ ਵਿਧਾਨ ਹੈ। ਕੀਰਤਨ ਵਿੱਚ ਅਲਾਪ, ਤਾਨ, ਸਰਗਮ, ਮੀਂਡ, ਮੁਰਕੀ ਆਦਿ ਅਲੰਕਾਰਾਂ ਦੀ ਵਰਤੋਂ ਕਰਨ ਦਾ ਵਿਧਾਨ ਹੈ। ਇਹ ਅਤਿਅੰਤ ਜ਼ਰੂਰੀ ਹੈ। ਇਨ੍ਹਾਂ ਅਲੰਕਾਰਾਂ ਬਗੈਰ ਗਾਇਕੀ ਫਿੱਕੀ, ਨੀਰਸ ਤੇ ਅਧੂਰੀ ਹੈ। ਵੱਖ-ਵੱਖ ਤਾਲਾਂ ਤੇ ਵੱਖ-ਵੱਖ ਲੈਅ ਵਿੱਚ, ਵੱਖ-ਵੱਖ ਗਾਇਨ-ਸ਼ੈਲੀਆਂ ਦਾ ਪ੍ਰਯੋਗ ਹੋਣਾ ਚਾਹੀਦਾ ਹੈ। ਵਿਦਵਾਨ ਹਸਤੀਆਂ ਨੂੰ ਪਤਾ ਹੈ ਕਿ ਵੱਖ-ਵੱਖ ਤਾਲਾਂ ਦਾ ਤੇ ਉਨ੍ਹਾ ਦੀਆਂ ਲੈਆਂ ਦਾ ਅਤੇ ਫਿਰ ਵੱਖ-ਵੱਖ ਗਾਇਨ ਸ਼ੈਲੀਆਂ ਦਾ ਬੇਅੰਤ ਵਿਸਥਾਰ ਹੈ। ਇਸ ਸਾਰੇ ਵਿਸਥਾਰ ਦੀ ਡੂੰਘੀ ਜਾਣਕਾਰੀ, ਵਿਸ਼ਾਲ ਗਿਆਨ ਤੇ ਫਿਰ ਉਸ ਦੀ ਪੇਸ਼ਕਾਰੀ ਹੋਣੀ ਚਾਹੀਦੀ ਹੈ। ਪਰ ਇਸ ਲਈ ਅਪਾਰ ਸ਼ਰਧਾ, ਡੂੰਘਾ ਸ਼ੌਕਤੇ ਕਠੋਰ ਅਭਿਆਸ ਦੀ ਲੋੜ ਹੈ।
ਪੁਰਾਤਨ ਸਮੇ ਤੋਂ ਸਿੱਖ-ਕੀਰਤਨ ਵਿੱਚ ਪ੍ਰਮਾਣ ਦੇਣ ਦੀ ਵਿਧੀ ਪ੍ਰਚਲਤ ਹੈ। ਇਸ ਵਿਧੀ ਦੁਆਰਾ ਕੌਤਕੀ, ਕਰਾਮਾਤੀ ਤੇ ਸਿਧਾਂਤ-ਹੀਨ ਸਾਖੀਆਂ ਦੀ, ਭਾਸ਼ਾ-ਵਿਗਿਆਨ ਤੋ ਕੋਰੀ, ਰਸ-ਹੀਣ ਤੇ ਪ੍ਰਭਾਵ-ਹੀਣ ਵਿਆਖਿਆ ਦੀ ਲੋੜ ਨਹੀਂ ਪੈਂਦੀ। ਇੱਕ ਵਿਧੀ ਭਾਈ ਚਾਂਦ ਵਾਲੀ ‘ਤਾਲ ਤੇ ਲੈਅ-ਰਹਿਤ’ ਅਤੇ ਦੂਜੀ ਪ੍ਰੋਫ਼ੈਸਰ ਦਰਸ਼ਨ ਸਿੰਘ ਵਾਲੀ ‘ਤਾਲ ਤੇ ਲੈਅ-ਸਹਿਤ’ ਵਿਧੀ ਹੈ। ਪਰ ਇਸ ਲਈ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਬੇਅੰਤ ਬਾਣੀ ਯਾਦ ਹੋਣੀ ਚਾਹੀਦੀ ਹੈ। ਸਿਧਾਂਤਕ ਵਿਸ਼ਿਆਂ ਦੀ ਚੋਣ ਲਈ ਸ਼ਬਦ ਨਾਲ਼ ਢੁਕਦੇ ਪ੍ਰਮਾਣ ਸੂਤਰ-ਬੱਧ ਕਰਨ ਲਈ ਅਧਿਐਨਸ਼ੀਲ, ਲਗਨਸ਼ੀਲ ਤੇ ਖੋਜੀ ਬਿਰਤੀ, ਅਸਧਾਰਨ ਯੋਗਤਾ ਅਤੇ ਵਿਦਵਤਾ ਚਾਹੀਦੀ ਹੈ।
ਜਿੱਥੇ ਗੁਰਬਾਣੀ ਜ਼ਬਾਨੀ ਯਾਦ ਹੋਣੀ ਜ਼ਰੂਰੀ ਹੈ; ਉੱਥੇ ਉਚਾਰਣ ਸ਼ੁੱਧ ਤੇ ਸਪੱਸ਼ਟ ਹੋਣਾ ਅਤਿਅੰਤ ਜ਼ਰੂਰੀ ਹੈ। ਅਸ਼ੁੱਧ ਉਚਾਰਣ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ, (ਸ਼ਾਇਦ ਪਾਪ ਵੀ ਲੱਗਦਾ ਹੋਵੇ)। ਭੈਅ ਤੇ ਭਾਵਨਾ ਉੱਖੜ ਜਾਂਦੀ ਹੈ। ਸੱਭ ਤੋਂ ਵੱਡੀ ਤੇ ਠੋਸ ਗੱਲ ਇਹ ਹੈ ਕਿ ਮਿੱਠੀ, ਮਧੁਰ ਤੇ ਸੁਰੀਲੀ ਅਵਾਜ਼ ਬਗੈਰ, ਸ਼ਰਧਾ ਭਾਵਨਾ ਰਹਿਤ ਕੀਰਤਨ ਕਰਨ ਤੋਂ, ਇਸ ਮਹਾਨ ਕਲਾ ਨੂੰ ਕੇਵਲ ਰੋਜ਼ਗਾਰ ਦਾ ਸਾਧਨ ਬਨਾਉਣ ਤੋਂ ਹਰ ਹਾਲਤ ਗੁਰੇਜ਼ ਕਰਨਾ ਚਾਹੀਦਾ ਹੈ। ਗਾਇਨ-ਕਲਾ ਦੇ ਉੱਚੇ ਤੇ ਮਹਾਨ ਬੁਰਜ ਦੇ ਗੁੰਬਦ ਦੀ ਲਾਜ ਰੱਖਣੀ ਚਾਹੀਦੀ ਹੈ।
ਇੱਕ ਹੀ ਸ਼ਬਦ ਬਾਰ-ਬਾਰ ਗਾਉਣ ਤੋਂ ਹਰ ਹਾਲਤ ਸੰਕੋਚ ਕਰਨਾ ਚਾਹੀਦਾ ਹੈ। ਪੂਰੀ ਸਿੱਖ ਕੌਮ ਵਿੱਚੋਂ ਕੋਈ ਅਜਿਹਾ ਵਿਦਵਾਨ ਖੁਰਦਬੀਨ ਨਾਲ਼ ਲੱਭ ਕੇ ਦੱਸੋ; ਜਿਸਨੂੰ ਇੱਕੋ ਸ਼ਬਦ, ਇੱਕੋ ਤਰਜ਼ ਅਤੇ ਇੱਕੋ ਤਾਲ ਵਿੱਚ ਸਾਰੀ ਜ਼ਿੰਦਗੀ ਵਿੱਚ ਦੂਜੀ ਵਾਰ ਗਾਉਣ ਦੀ ਲੋੜ ਨਾ ਪਈ ਹੋਵੇ। ਅਜਿਹੇ ਮਹਾਨ ਸਿਦਕੀ ਕੀਰਤਨੀਏ ਨੂੰ ਪਲਕਾਂ `ਤੇ ਬਿਠਾਈਏ ਅਤੇ ਬਾਰੰ-ਬਾਰ ਚਰਨ-ਬੰਦਨਾ ਕਰੀਏ!
ਸਿੱਖ ਪੰਥ ਵਿੱਚ ਭਾਵੇਂ ਉੱਚੀ-ਸੁੱਚੀ ਬਿਰਤੀ ਸੁਰਤੀ ਵਾਲੇ ਗੁਣਵਾਨ, ਵਿਦਵਾਨ ਅਤੇ ਸੁਲ੍ਹਝੀ, ਸ੍ਰੇਸ਼ਟ ਤੇ ਸੋਧੀ ਜੀਵਨ-ਜਾਚ ਦੇ ਮਾਲਕ ਵੀ ਬਥੇਰੇ ਹੋਣਗੇ। ਫਿਰ ਵੀ ਪੜਤਾਲ ਕਰ ਕੇ ਦੇਖੋ ਕਿ ਕੀ ਅਜੋਕਾ ਕੀਰਤਨ ਉਪ੍ਰੋਕਤ ਕਸਵੱਟੀ `ਤੇ ਖਰਾ ਉਤਰਦਾ ਹੈ? ਜਾਂ ਕੁੱਝ ਕੁੱਝ ਉੱਤਰਦਾ ਹੈ? ਪਰ ਅਫਸੋਸਨਾਕ ਤੇ ਕੌੜੀ ਸਚਾਈ ਇਹ ਹੈ ਕਿ ਅਜੋਕਾ ਕੀਰਤਨ ਗਿਣਤੀ ਦੇ ਕੁੱਝ ਰਾਗਾਂ ਵਿਚ, ਖੁਸ਼ੀ, ਗਮੀ ਤੇ ਸ਼ੁਕਰਾਨੇ ਦੇ ਥੋੜ੍ਹੇ ਸ਼ਬਦਾਂ ਦਾ, ਥੋੜ੍ਹੀਆਂ ਸੁਰਾਂ ਦਾ, ਕੇਵਲ ਦੋ ਤਾਲਾਂ (ਕਹਿਰਵਾ ਤੇ ਦਾਦਰਾ) ਵਿੱਚ ਸਿਮਟ ਕੇ ਰਹਿ ਗਿਆ ਹੈ। ਦਿਲਾਂ ਨੂੰ ਧੂਹ ਪਾਉਂਦੀਆਂ, ਵਿਸਮਾਦੀ ਤੇ ਸਰਸ਼ਾਰ ਕਰਦੀਆਂ ਸੁਰਾਂ, ਧੁਨਾਂ, ਤਾਲ ਤੇ ਲੈਅ ਅਲੋਪ ਹਨ। ਬਹੁਤੀ ਵਾਰ ਉਚਾਰਣ ਅਸ਼ੁੱਧ ਹੁੰਦਾ ਹੈ। ਬਿਰਤੀ ਇੱਧਰ ਉੱਧਰ ਭਟਕਦੀ ਦਿਖਾਈ ਦਿੰਦੀ ਹੈ। ਖੋਜੀ, ਜਗਿਆਸੂ ਤੇ ਅਧਿਐਨਸ਼ੀਲ ਬਿਰਤੀ ਅਲੋਪ, ਸਾਦਾ ਤੇ ਗੁਰਮੁਖੀ ਲਿਬਾਸ ਅਲੋਪ ਹੈ। ਮਹਾਨ ਗੁਰੂ ਦੇ ਉੱਚ-ਦੁਮਾਲੜੇ, ਲਾਡਲੇ ਕੀਰਤਨੀਏਂ ਅਤੇ ਕੌੰਮ ਦੇ ਚਮਕਦੇ ਮਾਣ-ਮੱਤੇ ਹੀਰੇ-ਕੀਰਤਨੀਏ ਬਣਨ ਲਈ ਲੋੜ ਹੈ: ਡੂੰਘੀ ਲਗਨ, ਕਠੋਰ ਸਾਧਨਾ, ਉੱਚੀਆਂ ਡਿਗਰੀਆਂ, ਬਹੁ-ਪੱਖੀ ਯੋਗਤਾ, ਵਿਸ਼ਾਲ ਗਿਆਨ ਭੰਡਾਰ, ਸੁੱਚੇ ਜੀਵਨ, ਸਨਿੱਮਰ ਬਿਰਤੀ ਤੇ ਸਮਰਪਤੀ ਭਾਵਨਾ ਦੀ।
ਅੱਜ ਸੰਸਾਰ ਦੇ ਲਗਭਗ ਹਰ ਸ਼ਹਿਰ ਵਿੱਚ ਗੁਰਦੁਆਰੇ ਹਨ। ਸੌ-ਸੌ ਫੁੱਟ ਉੱਚੇ ਨਿਸ਼ਾਨ ਸਾਹਿਬ ਝੂਲ ਰਹੇ ਹਨ। ਸਰਬੱਤ ਲਈ ਲੰਗਰ ਦੀ ਮਹਿਮਾ ਤੇ ਮਹਾਨਤਾ ਹੈ। ਵੱਡੀ ਗਿਣਤੀ ਵਿੱਚ ਰਾਗੀ ਜੱਥੇ ਹਨ। ਪਰ ਕੀ ਅਜੋਕੇ ਕੀਰਤਨ ਵਿੱਚ ਉਪ੍ਰੋਕਤ ਮਹਾਨ ਵਿਰਸੇ ਦੇ, ਤਿਆਗ, ਵੈਰਾਗ ਅਤੇ ਸਰਸ਼ਾਰੀ ਪ੍ਰਭਾਵ ਦੇ ਦਰਸ਼ਨ ਹੁੰਦੇ ਹਨ? ਕੀ ਅਜੋਕੇ ਕਿਸੇ ਰਾਗੀ ਜੱਥੇ ਕੋਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 61-62 ਰਾਗਾਂ ਦੀ ਅਤੇ ਪੁਰਾਤਨ ਰੀਤਾਂ, ਬੰਦਸ਼ਾਂ, ਤਾਲਾਂ, ਪੜਤਾਲਾਂ ਦੀ ਵਿਦਵਤਾ ਦੀ ਅਮੀਰੀ ਦਿਖਾਈ ਦਿੰਦੀ ਹੈ? ਕਿੱਥੇ ਹਨ ਸਰੰਦਾ, ਰਬਾਬ, ਦਿਲਰੁਬਾ, ਵਾਇਲਨ ਜਾਂ ਹੋਰ ਤੰਤੀ ਸਾਜ? ਕੀ ਇਨ੍ਹਾਂ ਸਾਜਾਂ ਦਾ ਅਤੇ ਗੁਰੂ ਸਾਹਿਬਾਨ ਦੇ ਸਮੇ ਦੀਆਂ ਕੀਮਤੀ ਰੀਤਾਂ, ਬੰਦਸ਼ਾਂ, ਤਾਲਾਂ, ਪੜਤਾਲਾਂ ਦੇ ਅਮੋਲਕ ਵਿਰਸੇ ਦਾ ਭੋਗ ਤਾਂ ਨਹੀਂ ਪੈ ਗਿਆ? ਆਖਣ ਨੂੰ ਜੀ ਨਹੀਂ ਕਰਦਾ ਪਰ ਹਕੀਕਤ ਇਹ ਹੈ ਕਿ ਗੁਰਬਾਣੀ ਕੀਰਤਨ ਦਾ ਏਨਾ ਸਰਲੀਕਰਣ ਹੋ ਗਿਆ ਹੈ ਕਿ ਕਈ ਵਾਰ ਹਿੰਦੂਆਂ ਦੀਆਂ ‘ਭੇਟਾਂ’ ਤੇ ਸਿੱਖਾਂ ਦੇ ਕੀਰਤਨ ਵਿੱਚ ਫ਼ਰਕ ਕਰਨਾ ਔਖਾ ਹੁੰਦਾ ਹੈ। ਅਜਿਹਾ ਕਿਉਂ ਹੋ ਰਿਹਾ ਹੈ? ਕੌਣ ਜ਼ੁੰਮੇਵਾਰ ਹੈ? ਕੀ ਕਮੇਟੀਆਂ ਦੇ ਸੁਘੜ, ਸੁਜਾਨ ਤੇ ਗਿਆਨਵਾਨ, ਉੱਦਮੀ, ਉਤਸ਼ਾਹੀ ਅਤੇ ਸੇਵਾ-ਭਾਵੀ ਸਤਿਕਾਰਯੋਗ ਪ੍ਰਬੰਧਕ ਕੀਰਤਨ ਕਲਾ ਦੇ ਇਸ ਮਿਆਰ ਵੱਲ ਤੇ ਡਿਗਦੇ ਗਰਾਫ ਵੱਲ ਧਿਆਨ ਦੇਣ ਦੀ ਕਿਰਪਾਲਤਾ ਕਰਨਗੇ?




.