.

ਵਿਸਾਖੀ: ਪੰਜਾਬੀਆਂ ਦਾ ਗੌਰਵਮਈ ਇਤਿਹਾਸਕ, ਧਾਰਮਿਕ ਤੇ ਸੱਭਿਆਚਾਰਕ ਦਿਹਾੜਾ
ਡਾ. ਸੁਖਦੇਵ ਸਿੰਘ ਝੰਡ
ਫ਼ੋਨ: 647-567-9128


ਵਿਸਾਖੀ ਪੰਜਾਬੀਆਂ ਦਾ ਮਹਾਨ ਗੌਰਵਮਈ ਇਤਿਹਾਸਕ ਤੇ ਧਾਰਮਿਕ-ਦਿਹਾੜਾ ਹੈ। ਹੋਵੇ ਵੀ ਕਿਉਂ ਨਾ। ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 (30 ਮਾਰਚ 1699 ਈਸਵੀ) ਵਾਲੇ ਦਿਨ ਖਾਲਸੇ ਦੀ ਸਿਰਜਣਾ ਕਰਕੇ ਦੁਨੀਆਂ ਵਿੱਚ ਸਿੱਖ ਕੌਮ ਦੀ ਇੱਕ ਵੱਖਰੀ ਪਹਿਚਾਨ ਬਣਾਈ। ਉਹ ਇਸ ਦਿਨ ਵੱਖ-ਵੱਖ ਗੁਰਦੁਆਰਿਆਂ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤ-ਮਸਤਕ ਹੁੰਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਹੋਏ ਉਪਕਾਰਾਂ ਨੂੰ ਯਾਦ ਕਰਦੇ ਹਨ। ਇਸ ਮੌਕੇ ਭਰੇ ਦੀਵਾਨਾਂ ਵਿੱਚ ਰਾਗੀ ਸਿੰਘ, ਢਾਡੀ ਤੇ ਕਵੀਸ਼ਰੀ ਜੱਥੇ ਇਸ ਦਿਨ ਦੀ ਮਹਾਨਤਾ ਆਪੋ-ਆਪਣੇ ਅੰਦਾਜ਼ ਵਿੱਚ ਬਿਆਨ ਕਰਦੇ ਹਨ ਜਿਨ੍ਹਾਂ ਨੂੰ ਸੁਣ ਕੇ ਸੰਗਤ ਨਿਹਾਲੋ-ਨਿਹਾਲ ਹੁੰਦੀ ਹੈ।
ਅਨੰਦਪੁਰ ਸਾਹਿਬ ਦੀ ਧਰਤੀ `ਤੇ ਏਸੇ ਤਰ੍ਹਾਂ ਦੇ ਹੀ ਇੱਕ ਭਰੇ ਹੋਏ ਦੀਵਾਨ ਜਿਸ ਦੀ ਇਕੱਤਰਤਾ ਦੀ ਗਿਣਤੀ ਇਤਿਹਾਸਕਾਰਾਂ ਵੱਲੋਂ 80, 000 ਦੇ ਲੱਗਭਗ ਦੱਸੀ ਜਾਂਦੀ ਹੈ, ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਿਸਾਖ ਸੰਮਤ 1756 ਨੂੰ ਇਕ-ਇਕ ਕਰਕੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤੇ ਹਰ ਵਾਰ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਗੁਰੂ ਨਾਨਕ ਨਾਮ-ਲੇਵਾ ਪੰਜ ਸਿੱਖਾਂ ਦਇਆ ਰਾਮ, ਧਰਮ ਦਾਸ, ਹਿੰਮਤ ਰਾਇ, ਮੋਹਕਮ ਚੰਦ ਤੇ ਸਾਹਿਬ ਚੰਦ ਨੇ ਆਪਣੇ ਸਿਰ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੇ ਤੇ ਉਨ੍ਹਾਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇੱਕੇ 'ਸਰਬ-ਲੋਹ ਬਾਟੇ' ਵਿੱਚ 'ਸਰਬ-ਲੋਹ ਖੰਡੇ' ਨਾਲ ਬਾਣੀਆਂ ਦੇ ਉਚਾਰਨ ਦੌਰਾਨ ਤਿਆਰ ਕੀਤਾ ਗਿਆ 'ਅੰਮ੍ਰਿਤ' ਇਨ੍ਹਾਂ ਪੰਜਾਂ ਨੂੰ ਛਕਾਇਆ ਗਿਆ। ਅੰਮ੍ਰਿਤ ਛੱਕਣ ਉਪਰੰਤ ਉਨ੍ਹਾਂ ਦਾ ਨਾਮਕਰਣ ਵੀ ਭਾਈ ਦਇਆ ਸਿੰਘ। ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਕੀਤਾ ਗਿਆ। ਵੱਖ-ਵੱਖ ਜ਼ਾਤਾਂ ਤੇ ਧਰਮਾਂ ਤੋਂ ਆਏ ਇਨ੍ਹਾਂ ਪੰਜਾਂ ਦੀ ਜ਼ਾਤ-ਪਾਤ ਖਤਮ ਕਰਕੇ ਇਨ੍ਹਾਂ ਨੂੰ 'ਸਿੰਘ' (ਸ਼ੇਰ) ਦਾ ਦਰਜਾ ਅਤੇ 'ਪੰਜਾਂ-ਪਿਆਰਿਆਂ' ਦੀ ਉਪਾਧੀ ਦਿੱਤੀ ਗਈ। ਨਿਰਾ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਹੀ ਨਹੀਂ, ਸਗੋਂ ਉਨ੍ਹਾਂ ਕੋਲੋਂ ਖ਼ੁਦ ਅੰਮ੍ਰਿਤ ਛੱਕ ਕੇ 'ਆਪੇ ਗੁਰ ਚੇਲਾ' ਦੀ ਮਿਸਾਲ ਕਾਇਮ ਕੀਤੀ ਜਿਸ ਦੀ ਉਦਾਹਰਣ ਦੁਨੀਆਂ ਵਿੱਚ ਕਿਧਰੇ ਹੋਰ ਨਹੀਂ ਮਿਲਦੀ। ਉਂਜ ਵੇਖਿਆ ਜਾਏ ਤਾਂ ਇਹ ਪੰਜੇ ਵਿਅੱਕਤੀ ਉਸ ਸਮੇਂ ਦੀਆਂ ਦੱਬੀਆਂ-ਕੁਚਲੀਆਂ ਤੇ ਪਛੜੀਆਂ ਜਾਤਾਂ ਵਿਚੋਂ ਆਏ 'ਆਮ ਆਦਮੀ' ਹੀ ਸਨ ਜਿਨ੍ਹਾਂ ਨੂੰ ਗੁਰੂ ਜੀ ਨੇ ਅੰਮ੍ਰਿਤ ਪਾਨ ਕਰਵਾ ਕੇ ਆਪਣੇ 'ਖਾਸ ਆਦਮੀ' ('ਪੰਜ ਪਿਆਰੇ') ਬਣਾ ਲਿਆ। ਇਹ ਮਹਾਨ ਗੁਰ-ਵਾਕਾਂ 'ਸਭੈ ਸਾਂਝੀਵਾਲ ਸਦਾਇਨ' ਅਤੇ 'ਨੀਚਹੁ ਊਚ ਕਰੇ ਮੇਰਾ ਗੋਬਿੰਦ' ਵਾਲੀ ਗੱਲ ਹੈ। ਪਰ ਬੜੇ ਅਫ਼ਸੋਸ ਵਾਲੀ ਗੱਲ ਹੈ ਕਿ ਅਸੀਂ ਅੱਜ ਵੀ ਜ਼ਾਤ-ਪਾਤ ਦੇ ਬਖੇੜੇ ਵਿੱਚ ਪਏ ਹੋਏ ਹਾਂ ਤੇ ਇਸ ਤੋਂ ਬਾਹਰ ਨਹੀਂ ਨਿਕਲ ਰਹੇ।
1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ-ਸੰਚਾਰ ਦਾ ਇਹ ਧਾਰਮਿਕ ਤੇ ਇਤਿਹਾਸਕ ਪੱਖ ਹੈ ਜਿਸ ਨਾਲ ਸਿੱਖਾਂ ਦੀ ਮਾਨਸਿਕਤਾ ਤੇ ਧਾਰਮਿਕ-ਆਸਥਾ ਜੁੜੀ ਹੋਈ ਹੈ। ਉਹ ਇਸ ਸ਼ੁਭ ਦਿਨ ਨੂੰ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕਰਦੇ ਹਨ ਤੇ ਖੁਸ਼ੀ ਖੁਸ਼ੀ ਮਨਾਉਂਦੇ ਹਨ। ਵੱਖ-ਵੱਖ ਗੁਰਦੁਆਰਿਆਂ ਵਿੱਚ ਦੀਵਾਨ ਸੱਜਦੇ ਹਨ। ਰਾਗੀ, ਢਾਡੀ ਤੇ ਕਵੀਸ਼ਰ ਜਥੇ ਇਸ ਦਿਨ ਦੀ ਮਹਾਨਤਾ ਨੂੰ ਆਪੋ-ਆਪਣੇ ਅੰਦਾਜ਼ ਵਿੱਚ ਬਿਆਨ ਕਰਦੇ ਹਨ। ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ('ਗੁਰੂ ਕੀ ਕਾਂਸ਼ੀ') ਵਿੱਚ ਵਿਸਾਖੀ ਦਾ ਪੁਰਬ ਬਹੁਤ ਹੀ ਜੋਸ਼-ਓ-ਖ਼ਰੋਸ਼ ਨਾਲ ਮਨਾਇਆ ਜਾਂਦਾ ਹੈ। ਉਥੇ ਇਸ ਮੌਕੇ ਸੰਗਤਾਂ ਦੀ ਰੌਣਕ ਵੇਖਣ ਹੀ ਵਾਲੀ ਹੁੰਦੀ ਹੈ। ਲੋਕ ਦੂਰੋਂ ਦੂਰੋਂ ਚੱਲ ਕੇ ਇਨ੍ਹਾਂ ਧਾਰਮਿਕ ਅਸਥਾਨਾਂ `ਤੇ ਪਹੁੰਚਦੇ ਹਨ ਤੇ ਆਪਣੀ ਸ਼ਰਧਾ ਦਾ ਇਜ਼ਹਾਰ ਕਰਦੇ ਹਨ। ਇਨ੍ਹਾਂ ਮੌਕਿਆਂ `ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ-ਕਾਨਫਰੰਸਾਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ। ਨੇਤਾ ਲੋਕ ਆਪਣੀਆਂ ਪਾਰਟੀਆਂ ਦੀਆਂ ਨੀਤੀਆਂ ਦਾ ਜਿੱਥੇ ਵਿਖਿਆਨ ਕਰਦੇ ਹਨ, ਉੱਥੇ ਦੂਸਰੀਆਂ ਪਾਰਟੀਆਂ `ਤੇ ਚਿੱਕੜ ਵੀ ਖੂਬ ਸੁੱਟਦੇ ਹਨ। ਇਸ ਤਰ੍ਹਾਂ ਇਸ ਤਿਉਹਾਰ ਦਾ ਇਹ ਸਿਆਸੀ-ਪੱਖ ਵੀ ਮਹੱਤਵਪੂਰਨ ਹੈ।
ਇਸ ਦੇ ਨਾਲ ਹੀ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿੱਚ ‘ਜੱਲ੍ਹਿਆਂ ਵਾਲੇ ਬਾਗ਼’ ਵਿੱਚ ਵਾਪਰੇ ਖੁਨੀ ਸਾਕੇ ਦੀ ਵੀ ਆਪਣੀ ਹੀ ਇਤਿਹਾਸਕ ਮਹੱਤਤਾ ਹੈ ਜਿੱਥੇ ਅੰਗਰੇਜ਼ੀ ਹਕੂਮਤ ਦੇ ਜਨਰਲ ਡਾਇਰ ਦੇ ਹੁਕਮ ਨਾਲ ਚੱਲੀਆਂ ਗੋਲੀਆਂ ਨਾਲ ਹਿੰਦੂ, ਸਿੱਖ ਤੇ ਮੁਸਲਮਾਨਾਂ ਦਾ ਸਾਂਝਾ ਖੁਨ ਡੁੱਲ੍ਹਿਆ ਅਤੇ ਇਹ 'ਖ਼ੂਨੀ ਸਾਕਾ' ਭਾਰਤ ਦੀ ਆਜ਼ਾਦੀ ਲਈ ਲੜੀ ਗਈ ਲੜਾਈ ਦਾ ਅਹਿਮ ਹਿੱਸਾ ਬਣਿਆ। ਸੈਂਕੜੇ ਲੋਕ ਮਾਰੇ ਗਏ ਤੇ ਹਜ਼ਾਰਾਂ ਜ਼ਖ਼ਮੀ ਹੋਏ। ਬਹੁਤ ਸਾਰਿਆਂ ਨੇ ਉਸ ਥਾਂ `ਤੇ ਬਣੇ ਇੱਕ ਖੂਹ ਵਿੱਚ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ। ਇਸ ਦਿਨ ਅਸੀ ਇਨ੍ਹਾਂ ਸ਼ਹੀਦਾਂ ਸੂਰਬੀਰਾਂ ਨੂੰ ਵੀ ਪੂਰੇ ਸਤਿਕਾਰ ਨਾਲ ਯਾਦ ਕਰਦੇ ਹਾਂ ਤੇ ਉਨ੍ਹਾਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਂਦੇ ਹਾਂ।
ਇਹ ਤਾਂ ਹੈ, ਵਿਸਾਖੀ ਦਾ ਇਤਿਹਾਸਕ ਤੇ ਧਾਰਮਿਕ ਪੱਖ। ਇਸ ਦੇ ਨਾਲ ਹੀ ਇਸ ਦੀ ਸਮਾਜਿਕ ਤੇ ਸਭਿਆਚਾਰਕ ਮਹੱਤਤਾ ਵੀ ਓਨੀ ਹੀ ਹੈ। ਖੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ਵਿਸਾਖੀ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਸਾਖੀ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਹੋਰ ਕਈ ਤਿਉਹਾਰਾਂ ਵਾਂਗ ਵਿਸਾਖੀ ਵੀ ਇੱਕ ਮੌਸਮੀ ਤਿੳਹਾਰ ਹੈ। ਸਰਦੀ ਦਾ ਮੌਸਮ ਖਤਮ ਹੋ ਜਾਣ `ਤੇ ਗਰਮੀ ਦੀ ਸ਼ੁਰੂਆਤ ਹੁੰਦੀ ਹੈ ਤੇ ਹਾੜੀ ਦੀਆਂ ਫਸਲਾਂ ਪੱਕਣ ਲੱਗਦੀਆਂ ਹਨ। ਆਮ ਤੌਰ `ਤੇ ਵਿਸਾਖੀ ਦਾ ਮੇਲਾ ਦਰਿਆਵਾਂ, ਝੀਲਾਂ ਜਾਂ ਸਰੋਵਰਾਂ ਦੇ ਕੰਢਿਆਂ `ਤੇ ਲੱਗਦਾ ਹੈ। ਇਸ ਸ਼ੁਭ-ਮੌਕੇ `ਤੇ ਲੋਕ ਇਨ੍ਹਾਂ ਵਿੱਚ ਇਸ਼ਨਾਨ ਕਰਨਾ ਪਵਿੱਤਰ ਸਮਝਦੇ ਹਨ। ਇਹ ਉਨ੍ਹਾਂ ਦਾ ਵਿਸ਼ਵਾਸ ਹੈ ਜਿਸ ਦੇ ਨਾਲ ਸ਼ਾਇਦ ਸੁੱਚਤਾ ਦਾ ਇਹਸਾਸ ਜੁੜਿਆ ਹੋਇਆ ਹੈ। ਹਿਮਾਚਲ-ਪ੍ਰਦੇਸ਼ ਦੇ ਮੰਡੀ ਜ਼ਿਲੇ ਦੇ 'ਰਵਾਲਸਰ' ਕਸਬੇ ਵਿੱਚ ਬਣੇ ਇੱਕ ਤਲਾਅ ਵਿੱਚ ਰੋਗੀਆਂ ਨੂੰ ਇਸ਼ਨਾਨ ਕਰਾਉਣ ਦੀ ਪਰੰਪਰਾ ਚਲੀ ਆਉਂਦੀ ਹੈ। ਪਤਾ ਨਹੀਂ ਇਸ ਇਸ਼ਨਾਨ ਨਾਲ ਕਿੰਨੇ ਕੁ ਰੋਗੀ ਰਾਜ਼ੀ ਹੁੰਦੇ ਹੋਣਗੇ। ਕੀ ਇਸ ਦਾ ਕੋਈ ਵਿਗਿਆਨਕ–ਆਧਾਰ ਹੋਵੇਗਾ ਜਾਂ ਨਹੀਂ, ਪਰ ਗੱਲ ਇਥੇ ਫੇਰ ਲੋਕ-ਵਿਸ਼ਵਾਸ ਦੀ ਹੈ ਤੇ ‘ਲੋਕ-ਧਾਰਾ’
(Folk- Lore) ਵਿੱਚ ‘ਲੋਕ-ਵਿਸ਼ਵਾਸ’ (Faith) ਦਾ ਆਪਣਾ ਹੀ ਵਿਸ਼ੇਸ਼ ਅਸਥਾਨ ਹੈ। ਇੰਜ ਹੀ, ਕਈ ਲੋਕ ਇਸ ਦਿਨ ਦਰਿਆ ਗੰਗਾ ਦੇ ਕੰਢੇ ਹਰਿਦੁਆਰ ਜਾਂ ਕਈ ਹੋਰ ਦਰਿਆਵਾਂ ਵਿੱਚ ਇਸ਼ਨਾਨ ਕਰਨਾ ਸ਼ੁਭ ਸਮਝਦੇ ਹਨ। ਹਰੇਕ ਵਿਅੱਕਤੀ ਦਾ ਆਪਣਾ ਆਪਣਾ ਅਕੀਦਾ ਹੈ ਤੇ ਇਸ `ਤੇ ਕਿੰਤੂ-ਪ੍ਰੰਤੂ ਕਰਨਾ ਫਜ਼ੂਲ ਹੈ।
ਉੱਤਰੀ ਭਾਰਤ, ਖਾਸ ਤੌਰ `ਤੇ ਪੰਜਾਬ ਵਿੱਚ ਵਿਸਾਖੀ ਮੁੱਖ ਤੌਰ `ਤੇ ਕਿਸਾਨਾਂ ਦਾ ਤਿਉਹਾਰ ਹੈ। ਇਸ ਖਿੱਤੇ ਦੀ ਮੁੱਖ ਫਸਲ ਕਣਕ ਇਨ੍ਹੀਂ ਦਿਨੀਂ ਪੱਕ ਕੇ ਤਿਆਰ ਹੋ ਜਾਂਦੀ ਹੈ ਜਿਸ ਨੂੰ ਵੇਖ ਕੇ ਕਿਸਾਨ ਝੂਮ ਉੱਠਦਾ ਹੈ ਕਿਉਂਕਿ ਉਸਦੀ ਆਰਥਿਕਤਾ ਇਸ ਦੇ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ। ਬੇਸ਼ਕ, ਹੁਣ ਪੰਜਾਬ ਵਿੱਚ ਕਈ ਥਾਈਂ ਸਾਲ ਵਿੱਚ ਤਿੰਨ-ਤਿੰਨ ਫਸਲਾਂ ਵੀ ਲਈਆਂ ਜਾਂਦੀਆਂ ਹਨ ਪਰ ਅਜੇ ਵੀ ਬਹੁਤੇ ਇਲਾਕਿਆਂ ਵਿੱਚ ਕਣਕ ਹੀ ਹਾੜੀ ਦੀ ਮੁੱਖ ਫਸਲ ਹੈ। ਜੱਟ-ਜ਼ਿਮੀਂਦਾਰ ਪਹਿਲਾਂ ਆਪਣੀਆਂ ਬੈਲ-ਗੱਡੀਆਂ ਵਿੱਚ ਪ੍ਰੀਵਾਰਾਂ ਸਮੇਤ ਬੈਠ ਕੇ ਇਨ੍ਹਾਂ ਮੇਲਿਆਂ ਵਿੱਚ ਜਾਇਆ ਕਰਦੇ ਸਨ, ਭਾਵੇਂ ਹੁਣ ਇਨ੍ਹਾਂ ਬੈਲ-ਗੱਡੀਆਂ ਦੀ ਥਾਂ ਟ੍ਰੈਕਟਰਾਂ-ਟਰਾਲੀਆਂ, ਸਕੂਟਰਾਂ, ਮੋਟਰ-ਸਾਈਕਲਾਂ ਤੇ ਕਾਰਾਂ ਨੇ ਲੈ ਲਈ ਹੈ। ਮੇਲਿਆਂ ਵਿੱਚ ਕਵੀਸ਼ਰਾਂ, ਗਵੱਈਆਂ, ਨਚਾਰਾਂ, ਨਕਲਾਂ ਤੇ ਤਮਾਸ਼ੇ ਕਰਨ ਵਾਲਿਆਂ ਨੇ ਆਪੋ ਆਪਣੇ ਅਖਾੜੇ ਸਜਾਏ ਹੁੰਦੇ ਸਨ ਤੇ ਇਹ ‘ਲੋਕ-ਕਲਾਕਾਰ’ ਆਏ ਹੋਏ ਲੋਕਾਂ ਦਾ ਭਰਪੂਰ ਮਨੋਰੰਜਨ ਕਰਿਆ ਕਰਦੇ ਸਨ। ਇਥੇ ਰੱਸਾਕਸ਼ੀ, ਗੱਤਕਾ, ਨੇਜ਼ਾਬਾਜ਼ੀ, ਮੂੰਗਲੀਆਂ ਫੇਰਨ, ਮੁਗਦਰ ਚੁੱਕਣ, ਵੀਣੀ ਫੜ੍ਹਨ ਆਦਿ ਦੇ ਮੁਕਾਬਲੇ ਹੁੰਦੇ ਸਨ। ਪਹਿਲਵਾਨਾਂ ਦੇ ਘੋਲ ਤੇ ਕਬੱਡੀ ਦੇ ਮੈਚ ਵੀ ਹੁੰਦੇ ਸਨ। ਹੁਣ ਵੀ ਕਈ ਥਾਈਂ ਇਹ ਨਜ਼ਾਰੇ ਵੇਖਣ ਨੂੰ ਮਿਲਦੇ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਅਮੀਰ-ਸੱਭਿਆਚਾਰ ਦੀ ਵਧੀਆ ਝਲਕ ਪੈਂਦੀ ਹੈ। ਗੱਭਰੂ ਢੋਲ ਦੀ ਤਾਲ `ਤੇ “ਜੱਟਾ ਆਈ ਵਿਸਾਖੀ, ਕਣਕਾਂ ਦੀ ਮੁੱਕ ਗਈ ਰਾਖੀ” ਦੀ ਬੋਲੀ ਤੇ ਹੋਰ ਬੋਲੀਆਂ ਪਾ ਕੇ ਪੰਜਾਬ ਦਾ ਮਸ਼ਹੂਰ ਲੋਕ-ਨਾਚ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ।
ਵਿਸਾਖੀ ਦੇ ਇਨ੍ਹਾਂ ਮੇਲਿਆਂ ਨੂੰ ਤੱਕ ਕੇ ਹੀ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਇਹ ਬੋਲ ਉਚਾਰੇ ਹਨ ਜੋ ਅੱਜ ਵੀ ਹਰੇਕ ਪੰਜਾਬੀ ਦੀ ਜ਼ਬਾਨ `ਤੇ ਹਨ:
“ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਹਾਂ ਦੀ ਉਡੀਕ `ਚ ਸਿਆੜ ਕੱਢ ਕੇ,
(ਕਾਮੇ) ਨੂੰ ਘਰ-ਬਾਹਰ ਦੀ ਰਾਖੀ ਛੱਡ ਕੇ।
ਪੱਗ, ਝੱਗਾ, ਚਾਦਰ ਨਵੀਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ……।”
ਮੇਰੇ ਖਿਆਲ ਵਿੱਚ ਜਦੋਂ ਚਾਤ੍ਰਿਕ ਜੀ ਨੇ ਇਹ ਗੀਤ ਲਿਖਿਆ ਹੈ, ਉਦੋਂ ਕਣਕ ਦੀ ਫਸਲ ਅੱਜ ਨਾਲੋਂ ਬਹੁਤ ਪਹਿਲਾਂ ਪੱਕ ਜਾਂਦੀ ਹੋਵੇਗੀ ਤੇ ਇਸ ਦੀ ਵਾਢੀ ਵਿਸਾਖੀ ਤੋਂ ਪਹਿਲਾਂ ਚੇਤਰ ਮਹੀਨੇ ਵਿੱਚ ਹੀ ਹਰ ਹਾਲਤ ਵਿੱਚ ਹੋ ਜਾਂਦੀ ਹੋਵੇਗੀ। ਤਾਂ ਹੀ ਜੱਟ ‘ਹਾੜੀ ਵੇਚ-ਵੱਟਣ’ ਅਤੇ ‘ਲੰਬੜਾਂ-ਸ਼ਾਹਾਂ ਦਾ ਹਿਸਾਬ-ਕਿਤਾਬ ਚੁਕਾਉਣ’ ਉਪਰੰਤ ਵਿਹਲਾ ਹੋ ਕੇ ਵਿਸਾਖੀ ਦੇ ਮੇਲੇ `ਤੇ ਆਉਂਦਾ ਹੋਵੇਗਾ। ਹੁਣ ਸਾਲੋ-ਸਾਲ ਬਦਲ ਰਹੇ ਮੌਸਮ ਕਾਰਨ ਪੰਜਾਬ ਵਿੱਚ ਕਣਕ ਦੇਰ ਨਾਲ ਪੱਕਣ ਕਰਕੇ ਇਸ ਦੀ ਵਾਢੀ ਕਾਫੀ ਲੇਟ ਹੋ ਜਾਂਦੀ ਹੈ ਤੇ ਇਹ ਆਮ ਤੌਰ `ਤੇ ਵਿਸਾਖੀ ਤੋਂ ਬਾਦ ਹੀ ਸ਼ੁਰੂ ਹੁੰਦੀ ਹੈ। ਪਰ ਇਹ ਗੀਤ ਜੋ ਇੱਕ ‘ਲੋਕ-ਗੀਤ’ ਦਾ ਦਰਜਾ ਅਖ਼ਤਿਆਰ ਕਰ ਚੁੱਕਾ ਹੈ ਅਤੇ ਹਰੇਕ ਮੇਲੇ ਤੇ ਭੰਗੜਾ-ਮੁਕਾਬਲਿਆਂ ਦਾ ਸ਼ਿੰਗਾਰ ਹੁੰਦਾ ਹੈ, ਦੀ ਆਪਣੀ ਹੀ ਇਤਿਹਾਸਕ ਤੇ ਸਭਿਆਚਾਰਕ-ਮਹੱਤਤਾ ਹੈ ਤੇ ਇਹ ਅੱਜ ਦੇ ਸੰਦਰਭ ਵਿੱਚ ਵੀ ਓਨਾ ਹੀ ਪ੍ਰਸੰਗਕ ਹੈ।
ਇੰਜ, ਸਾਡੇ ਭਾਰਤ ਦੇ ਉੱਤਰੀ-ਖਿੱਤੇ ਵਿੱਚ ਵਿਸਾਖੀ ਦੇ ਇਸ ਦਿਹਾੜੇ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਦੇ ਨਾਲ ਨਾਲ ਸਮਾਜਿਕ ਤੇ ਸਭਿਆਚਾਰਕ ਤਿਓਹਾਰ ਹੋਣ ਕਰਕੇ ਓਨੀ ਹੀ ਮਹਾਨਤਾ ਹੈ। ਇੱਥੇ ਕੈਨੇਡਾ ਵਿੱਚ ਵੀ ਵਿਸਾਖੀ ਦਾ ਦਿਹਾੜਾ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਕ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਜਾ ਕੇ ਨਤ-ਮਸਤਕ ਹੁੰਦੇ ਹਨ ਅਤੇ ਰਾਗੀਆਂ, ਢਾਡੀਆਂ ਅਤੇ ਕਥਾਕਾਰਾਂ ਕੋਲੋਂ ਇਸ ਦਿਨ ਦੀ ਮਹੱਤਤਾ ਬਾਰੇ ਵਿਖਿਆਨ ਸੁਣਦੇ ਹਨ। ਹੁਣ ਤਾਂ ਇਹ ਧਾਰਮਿਕ ਅਤੇ ਸਭਿਆਚਾਰਕ ਤਿਓਹਾਰ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਜਾ ਪਹੁੰਚਾ ਹੈ ਜਿੱਥੇ ਇਸ ਪਵਿੱਤਰ ਦਿਹਾੜੇ ਤੋਂ ਦੋ ਦਿਨ ਪਹਿਲਾਂ ਗੁਰਬਾਣੀ ਦਾ ਅਖੰਡ ਪਾਠ ਆਰੰਭ ਕੀਤਾ ਜਾਂਦਾ ਹੈ ਅਤੇ ਇਸ ਦਾ ਭੋਗ ਵਿਸਾਖੀ ਵਾਲੇ ਦਿਨ ਪਾਇਆ ਜਾਂਦਾ ਹੈ। ਉਪਰੰਤ, ਗੁਰਬਾਣੀ ਦਾ ਕੀਰਤਨ, ਕਥਾ ਅਤੇ ਗੁਰਬਾਣੀ ਵਿਚਾਰ ਸਾਂਝੇ ਕੀਤੇ ਜਾਂਦੇ ਹਨ। ਉਪਰੰਤ, 'ਗੁਰੂ ਕਾ ਲੰਗਰ' ਅਟੁੱਟ ਵਰਤਾਇਆ ਜਾਂਦਾ ਹੈ।
ਵਿਸਾਖੀ ਦਾ ਇਹ ਤਿਉਹਾਰ ਸਾਡੇ ਸਾਂਝੇ-ਸਭਿਆਚਾਰ ਦਾ ਪ੍ਰਤੀਕ ਹੈ ਅਤੇ ਇਹ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਅਜਿਹੇ ਤਿਓਹਾਰ ਸਾਨੂੰ ਸਾਰਿਆਂ ਮਿਲ ਕੇ ਸੁਚੱਜੀ ਤੇ ਪਵਿੱਤਰ ਭਾਵਨਾ ਨਾਲ ਮਨਾਉਣੇ ਚਾਹੀਦੇ ਹਨ। ਇਸ ਦਿਨ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਨਹੀਂ ਹੋਣਾ ਚਾਹੀਦਾ, ਸਗੋਂ ਪ੍ਰੀਵਾਰ ਨਾਲ ਮਿਲ ਕੇ ਇਸ ਨੂੰ ਹੱਸ-ਖੇਡ ਕੇ ਖੁਸ਼ੀਆਂ ਨਾਲ ਮਨਾਇਆ ਜਾਣਾ ਚਾਹੀਦਾ ਹੈ।




.