.

ਭਾਈ ਲਾਲੋ ਬਨਾਮ ਮਲਿਕ ਭਾਗੋ

(4)

ਲੇਖ ਦੇ ਪਿਛਲੇ ਭਾਗਾਂ ਵਿੱਚ ‘ਸਿੱਖ ਧਰਮ’ ਨੂੰ ਚਲਾਉਣ ਵਾਲੀਆਂ ਤਿੰਨ ਮੁੱਖ ਸੰਸਥਾਵਾਂ/ਜਥੇਬੰਦੀਆਂ: ਸ਼ਿਰੋਮਣੀ ਅਕਾਲੀ ਦਲ, ਗੁਰੂਦਵਾਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨਾਂ ਤੇ ਹੋਰ ਅਧਿਕਾਰੀਆਂ ਅਤੇ ‘ਤਖ਼ਤਾਂ’ ਦੇ ਜਥੇਦਾਰਾਂ ਦੀ ਗੁਰਮਤਿ-ਵਿਰੋਧੀ ਕਾਰਗੁਜ਼ਾਰੀ ਅਤੇ ਚਲਨ ਦਾ ਸੰਖੇਪ ਵਰਣਨ ਕੀਤਾ ਗਿਆ ਹੈ। ਆਓ! ਹੁਣ ਇਨ੍ਹਾਂ ਸੰਸਥਾਵਾਂ ਦੇ ਪ੍ਰਧਾਨਾਂ, ਹੋਰ ਅਧਿਕਾਰੀਆਂ ਅਤੇ ਜਥੇਦਾਰਾਂ ਦੇ ਹੁਕਮਾਂਧੀਨ ਕੰਮ ਕਰਨ ਵਾਲੇ ਪੁਜਾਰੀ ਟੋਲੇ (ਗ੍ਰੰਥੀ, ਭਾਈ, ਪਾਠੀ, ਕੀਰਤਨੀਏ, ਰਾਗੀ, ਢਾਡੀ ਜਥੇ, ਕਥਾਵਾਚਕ, ਪ੍ਰਚਾਰਕ (missionary) ਅਤੇ ਅਰਦਾਸੀਏ ਆਦਿਕ) ਦੀ ਕਾਰਗੁਜ਼ਾਰੀ ਅਤੇ ਕਿਰਦਾਰ ਦਾ ਸੰਖਿਪਤ ਜਿਹਾ ਵਰਣਨ ਕਰਦੇ ਹਾਂ। ਇਨ੍ਹਾਂ ਸਾਰਿਆਂ ਨੂੰ ਗੁਰੂ ਘਰ ਦੇ ਸੇਵਕ ਜਾਂ ਸੇਵਾਦਾਰ ਕਿਹਾ ਜਾਂਦਾ ਹੈ। ਪਰੰਤੂ, ਦਰਅਸਲ, ਇਹ ਸੇਵਾਦਾਰ ਨਹੀਂ ਹਨ ਸਗੋਂ ਤਨਖ਼ਾਹਦਾਰ ਕਰਮਚਾਰੀ ਹਨ ਜੋ, ਬਾਕਾਇਦਾ ਤਨਖ਼ਾਹ ਤੋਂ ਬਿਨਾਂ, ਭੇਟਾ ਦੇ ਨਾਮ `ਤੇ ਸ਼੍ਰੱਧਾਲੂਆਂ ਨੂੰ ਰੱਜ ਕੇ ਠੱਗਦੇ/ਲੁੱਟਦੇ ਹਨ। (ਨੋਟ:- ਭੇਟਾ ਦੇ ਨਾਮ `ਤੇ ਕੀਤੀ ਜਾਂਦੀ ਕਮਾਈ ਨੂੰ “ਉਪਰਲੀ ਕਮਾਈ” ਵੀ ਕਿਹਾ ਜਾ ਸਕਦਾ ਹੈ!)

ਆਮ ਸੂਝ ਅਨੁਸਾਰ, ਗੁਰਮੱਤ ਦੇ ਪ੍ਰਚਾਰਕਾਂ ਦਾ ਮੁੱਖ ਕਰਤੱਵ ਹੈ: ਨਿਰੋਲ ਗੁਰਬਾਣੀ ਦੇ ਹਵਾਲੇ ਨਾਲ, ਗੁਰਮਤਿ ਦਾ ਸੱਚਾ, ਸ਼ੁੱਧ ਅਤੇ ਨਿਸ਼ਕਾਮ ਪ੍ਰਚਾਰ ਕਰਨਾ। ਗੁਰਮਤਿ ਦੇ ਇਸ ਪ੍ਰਚਾਰ ਵਿੱਚ ਮਿਥਿਹਾਸ, ਮਾਇਆ, ਧਾਰਮਿਕ ਭੇਖ, ਵਿਕਾਰੀ ਰੁਚੀਆਂ (ਕਾਮ, ਕ੍ਰੋਧ, ਲੋਭ, ਮੋਹ ਹੰਕਾਰ, ਈਰਖਾ ਅਤੇ ਨਿੰਦਾ ਵਗ਼ੈਰਾ) ਅਤੇ ਕਰਮਕਾਂਡਾਂ ਦਾ ਖੰਡਨ ਹੋਣਾ ਵੀ ਜ਼ਰੂਰੀ ਹੈ। ਇਸ ਅਹਿਮ ਫ਼ਰਜ਼ ਨੂੰ ਨਿਭਾਉਣ ਲਈ ਇਨ੍ਹਾਂ ਪ੍ਰਚਾਰਕਾਂ ਨੂੰ ਪਹਿਲਾਂ ਆਪ ਨੈਤਿਕ ਗੁਣਾਂ ਦਾ ਧਾਰਨੀ, ਨਿਰਮਲ ਮਨ ਵਾਲਾ ਸੱਚਾ ਇਨਸਾਨ ਅਤੇ ਆਤਮਗਿਆਨੀ ਹੋਣਾ ਲਾਜ਼ਮੀ ਹੈ। ਅਤੇ, ਨਿਸ਼ਕਾਮ ਪ੍ਰਚਾਰ ਵਾਸਤੇ ਪ੍ਰਚਾਰਕਾਂ ਨੂੰ ਕਿਰਤੀ ਹੋਣਾ ਵੀ ਇੱਕ ਪੂਰਵ ਸ਼ਰਤ ਹੈ। ਪਰੰਤੂ, ਬੜੀ ਹੀ ਸ਼ਰਮ ਤੇ ਦੁੱਖ ਦੀ ਗੱਲ ਹੈ ਕਿ ‘ਸਿੱਖ ਧਰਮ’ ਦੇ ਮਾਇਆਮੂਠੇ ਹੱਡ-ਰਖ ਪ੍ਰਚਾਰਕ, ਅਧਿਕਤਰ, ਭੇਖੀ, ਪਾਖੰਡਧਰਮੀ, ਛਲੀਏ, ਧੋਖੇਬਾਜ਼, ਵਿਕਾਰੀ, ਕਰਮਾਕਾਰੀ (ਕਰਮਕਾਂਡੀ) ਅਤੇ ਅਗਿਆਨੀ ਹਨ ਜੋ, ਗੁਰਬਾਣੀ ਦੇ ਹਵਾਲੇ ਨਾਲ, ਗੁਰਮਤਿ (ਸਚਿਆਰਤਾ, ਇਨਸਾਨੀਯਤ ਅਤੇ ਆਤਮਗਿਆਨ) ਦਾ ਸ਼ੁੱਧ ਤੇ ਸੱਚਾ ਪ੍ਰਚਾਰ ਕਰਨ ਦੀ ਬਜਾਏ ਕੂੜ ਗ੍ਰੰਥਾਂ, ਮਨਘੜੰਤ ਮਿਥਿਹਾਸਿਕ ਕਥਾ-ਕਹਾਣੀਆਂ ਅਤੇ ਸਾਖੀਆਂ ਆਦਿ ਦੇ ਆਧਾਰ `ਤੇ ਕੂੜ ਪ੍ਰਚਾਰ ਕਰਕੇ ਅਗਿਆਨ-ਅੰਧੇਰਾ ਫੈਲਾਉਂਦੇ ਹਨ। ਕਿਉਂ? ਕਿਉਂਕਿ, ਅਗਿਆਨਤਾ ਦੇ ਅੰਧੇਰੇ ਵਿੱਚ ਜਨਤਾ ਨੂੰ ਛਲ-ਕਪਟ ਨਾਲ ਠੱਗਣਾ ਸੌਖਾ ਹੁੰਦਾ ਹੈ। ‘ਸਿੱਖ ਧਰਮ’ ਦੀ ਪੁਜਾਰੀ ਜੁੰਡਲੀ ਦੇ ਕਿਰਦਾਰ ਉੱਤੇ ਗੁਰਬਾਣੀ ਦੀ ਇਹ ਤੁਕ, ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ ਪਰਦ੍ਰੋਹੀ ਠਗ ਮਾਇਆ ਰਾਮ॥ …ਰਾਗੁ ਬਿਹਾਗੜਾ ਛੰਤ ਮ: ੪, ਪੂਰੀ ਢੁੱਕਦੀ ਹੈ।

‘ਸਿੱਖ ਧਰਮ’ ਦੇ ਪ੍ਰਚਾਰਕਾਂ ਨੇ ਸੰਸਾਰ ਦੇ, ਲਗ ਪਗ, ਸਾਰੇ ਗੁਰੂਦੁਆਰਿਆਂ ਵਿੱਚ ਗੁਰਮਤਿ ਦੀ ਸੱਚੀ ਸਿੱਖੀ (ਗੁਰਸਿੱਖੀ) ਦੀ ਬਜਾਏ ‘ਸਿੱਖ ਧਰਮ’ ਦੀ ਕਰਮਕਾਂਡਾਂ, ਰੰਗ-ਬਰੰਗੇ ਭੇਖਾਂ, ਸੰਸਾਰਕ ਆਡੰਬਰਾਂ ਅਤੇ ਬਾਹਰੀ “ਜਾਹੋ ਜਲਾਲ” (?) ਵਾਲੀ ਦਿਖਾਵੇ ਦੀ ਸੰਸਾਰਕ ਸਿੱਖੀ ਦਾ ਪ੍ਰਚਾਰ ਕਰ ਕੇ ਸਿੱਧੜ ਸ਼੍ਰੱਧਾਲੂਆਂ ਨੂੰ ਅਉਝੜੇ ਪਇਆ ਹੋਇਆ ਹੈ। ਕਾਰਣ? ਅਉਝੜਾਂ ਉੱਤੇ ਭਟਕਦੇ ਰਾਹੀਆਂ ਨੂੰ ਠੱਗਣਾ/ਲੁੱਟਣਾ ਆਸਾਨ ਹੁੰਦਾ ਹੈ।

ਉਪਰੋਕਤ ਕੌੜੇ ਕਥਨਾਂ ਦੀ ਪੁਸ਼ਟੀ ਇਸ ਤੱਥ ਤੋਂ ਹੁੰਦੀ ਹੈ ਕਿ ਮਾਇਆਦਾਸ, ਕਾਮਚੋਰ ਅਤੇ ਅੰਧੇ ਆਗੂਆਂ ਦੇ ਕੀਤੇ ਸਦੀਆਂ ਦੇ ਪ੍ਰਚਾਰ ਦੇ ਬਾਵਜੂਦ ਵੀ “ਗੁਰੂ ਕੀਆਂ ਸੰਗਤਾਂ” ਅੱਜ ਵੀ ਅਗਿਆਨ ਅੰਧੇਰੇ ਵਿੱਚ ਠੇਡੇ ਖਾਂਦੀਆਂ ਫਿਰਦੀਆਂ ਹਨ! ਸਾਰੀ ਉਮਰ ਗੁਰੂਦੁਆਰਿਆਂ, ਗੁਰੂ ਦੀ ਦੇਹ ਅਤੇ ਗੁਰੂਆਂ ਨਾਲ ਜੋੜੇ ਜਾਂਦੇ ਪਦਾਰਥਾਂ ਦੇ ‘ਦਰਸ਼ਨ’ ਕਰ ਕਰ ਕੇ ਅਤੇ ਕਥਾ-ਕੀਰਤਨ ਸੁਣ ਸੁਣ ਕੇ ਵੀ ਅਸੀਂ ਗੁਰਮਤਿ ਗਿਆਨ ਪੱਖੋਂ ਕੋਰੇ ਦੇ ਕੋਰੇ ਹੀ ਰਹੇ ਹਾਂ!

ਸੰਖੇਪ ਵਿੱਚ, ਕਿਹਾ ਜਾ ਸਕਦਾ ਹੈ ਕਿ ਕਿਰਤ ਤੋਂ ਕੰਨੀ ਕਤਰਾਉਣ ਵਾਲੇ, ਲਗ ਪਗ, ਸਾਰੇ ਪ੍ਰਚਾਰਕ ਗੁਰਸੇਵਕ ਨਹੀਂ ਸਗੋਂ ਆਪਣੇ ਉੱਚ ਅਧਿਕਾਰੀਆਂ ਦੇ ਪਿੱਠੂ-ਪਰਛਾਵੇਂ ਅਤੇ ਟਹਿਲੂਏ ਹਨ ਜੋ ਉਨ੍ਹਾਂ ਦੁਆਰਾ ਪਾਏ ਗਏ ਅਨਮਤੀ ਪੂਰਨਿਆਂ ਉੱਤੇ ਚਲਦੇ ਹਨ! ਇਨ੍ਹਾਂ ਆਤਮਗਿਆਨਹੀਣ ਗਪੌੜਸੰਖ ਪ੍ਰਚਾਰਕਾਂ ਨੇ ‘ਗੁਰਮਤਿ ਵਿਚਾਰਾਂ’ ਕਰ ਕਰਕੇ ‘ਗੁਰੂ ਕੀਆਂ ਸੰਗਤਾਂ’ ਨੂੰ ਜੋ ‘ਨਿਹਾਲ’ ਕੀਤਾ ਹੈ, ਉਸ ਦਾ ਅੰਦਾਜ਼ਾ ਸਾਡੀ ‘ਸਿੱਖਾਂ’ ਦੀ ਬੂਝੜਤਾ ਤੋਂ ਲਗਾਇਆ ਜਾ ਸਕਦਾ ਹੈ। ਅਤੇ ਇਹ ਲਫ਼ੌੜੀ ਪ੍ਰਚਾਰਕ ‘ਗੁਰਮਤਿ ਵਿਚਾਰਾਂ’ ਕਰਕੇ ਭੇਟਾ ਦੇ ਨਾਮ `ਤੇ ਜੋ ਮਾਇਆ ਠੱਗਦੇ ਹਨ, ਉਸ ਦਾ ਅਨੁਮਾਨ ਇਨ੍ਹਾਂ ਦੀ ਸੁਖਭੋਗੀ ਅਤੇ ਵਿਲਾਸਮਈ ਜੀਵਨ-ਸ਼ੈਲੀ (life style) ਤੋਂ ਲਗਾਇਆ ਜਾ ਸਕਦਾ ਹੈ! ਇਨ੍ਹਾਂ ਪ੍ਰਚਾਰਕਾਂ ਦੀ ਧਨ-ਸੰਪਤੀ ਉੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ, ਨਿਰਸੰਦੇਹ, ਸਾਬਤ ਹੋ ਜਾਂਦਾ ਹੈ ਕਿ ਇਹ ਸਾਰੇ ਵੀ ਗੁਰਸੇਵਕ ਨਹੀਂ ਸਗੋਂ ਭੇਖਧਾਰੀ ਮਲਿਕ ਭਾਗੋ ਹੀ ਹਨ! ਅਤੇ, ਇਹ ਸੱਚ ਵੀ ਲੁਕਿਆ ਨਹੀਂ ਰਹਿੰਦਾ ਕਿ ਇਨ੍ਹਾਂ ਮਾਇਆਮੂਠੇ ਪ੍ਰਚਾਰਕਾਂ ਦੇ ਕਿਰਦਾਰ ਵਿੱਚ ਬਾਬੇ ਨਾਨਕ ਦੁਆਰਾ ਨਿਵਾਜੇ ਗਏ ਭਾਈ ਲਾਲੋ ਦੇ ਨੇਕ ਚਲਨ ਵਾਲਾ ਇੱਕ ਵੀ ਗੁਣ/ਲੱਛਣ ਨਹੀਂ ਹੈ!

ਆਓ ਹੁਣ ਗੁਰਮਤਿ ਦੀ ਦੋਖੀ ਚੌਥੀ ਸੰਸਥਾ ਬਾਰੇ ਵਿਚਾਰ ਕਰਦੇ ਹਾਂ। ਇਸ ਸ਼੍ਰੇਣੀ ਵਿੱਚ ਟਕਸਾਲੀਏ, ਡੇਰੇਦਾਰ ਅਤੇ ਨਾਮਧਰੀਕ ਸੰਤੜੇ-ਸਾਧੜੇ ਆਉਂਦੇ ਹਨ। ਇਨ੍ਹਾਂ ਦੇ ਕਾਲੇ ਕਿਰਦਾਰ ਅਤੇ ਗੁਰਮਤਿ-ਵਿਰੋਧੀ ਕਾਰਗੁਜ਼ਾਰੀ ਬਾਰੇ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਸਾਨੂੰ ਇਨ੍ਹਾਂ ਪਦਾਂ (ਟਕਸਾਲ, ਡੇਰਾ, ਦੇਹੁਰਾ ਅਤੇ ਸੰਤ ਆਦਿਕ ਦੇ ਸ਼ਾਬਦਿਕ ਅਰਥ ਅਤੇ ਅੰਤਰੀਵ ਭਾਵ ਸਮਝ ਲੈਣੇ ਜ਼ਰੂਰੀ ਹਨ।

ਟਕਸਾਲ: ਟਕਸਾਲ ਦੇ ਸ਼ਾਬਦਿਕ ਅਰਥ ਹਨ: ਉਹ ਜਗ੍ਹਾ ਜਿੱਥੇ ਟਕ (ਟਕੇ) ਸਿੱਕੇ ਘੜੇ/ਢਾਲੇ/ਬਣਾਏ ਜਾਣ। ਧਰਮ ਦੇ ਪ੍ਰਸੰਗ ਵਿੱਚ ਟਕਸਾਲ ਦੇ ਭਾਵ ਅਰਥ ਹਨ: ਸਤਿਸੰਗ, ਜਿੱਥੇ ਆਤਮ-ਗਿਆਨ ਦੀ ਸਿੱਖਿਆ ਦਿੱਤੀ ਜਾਵੇ।

ਡੇਰਾ: ਤੰਬੂ, ਖੇਮਾ, ਟੈਂਟ (tent), ਰਹਿਣ ਦਾ ਜੁਗਾੜ, ਟਿਕਾਣਾ।

ਦੇਹਰਾ: ਦੇਹ (ਸਰੀਰ) ਦੇ ਅੰਤਿਮ ਸੰਸਕਾਰ ਦਾ ਸਥਾਨ, ਸਮਾਧ; ਜਿਵੇਂ: ਦੇਹਰਾ ਬਾਬਾ ਨਾਨਕ, ਦੇਹਰਾ ਗੁਰੂ ਅਰਜਨ ਦੇਵ ਜੀ, ਦੇਹਰਾ ਦੂਨ ਆਦਿ। ਦੇਵ/ਇਸ਼ਟ ਮੰਦਿਰ।

ਸੰਤ:- ਉਹ ਮਨੁੱਖ ਜਿਸ ਨੇ ਮਨ ਨੂੰ ਵੱਸ ਵਿੱਚ ਕੀਤਾ ਹੋਇਆ ਹੈ; ਸ਼ਾਂਤ ਮਨ ਵਾਲਾ ਵਿਕਾਰ-ਮੁਕਤ ਵਿਅਕਤੀ। ਸਾਧ ਅਤੇ ਸੰਤ ਸਮਾਨਾਰਥੀ ਸ਼ਬਦ ਹਨ।

ਗੁਰਬਾਣੀ ਦੇ ਪ੍ਰਸੰਗ ਵਿੱਚ ਟਕਸਾਲ ਸ਼ਬਦ ਦੇ ਅਰਥ ਹਨ: ਉਹ ਸੰਸਥਾ ਜਾਂ ਉੱਚਤਮ ਆਤਮਿਕ ਅਵਸਥਾ ਜਿੱਥੇ ਸ਼ਬਦ, ਸੁਰਤ, ਮਤਿ, ਮਨ, ਬੁੱਧਿ, ਸੁਧ ਜਾਂ ਅਕਲ ਦੀ ਸੁਚੱਜੀ ਘਾੜਿਤ ਕੀਤੀ ਜਾਂਦੀ ਹੈ। ਇਸ ਟਕਸਾਲ ਦਾ ਸੰਬੰਧ ਅਧਿਆਤਮਿਕ ਗਿਆਨ ਅਤੇ ਮਨ-ਆਤਮਾ ਦੀ ਸ਼ੁੱਧ-ਸੁਚੱਜੀ ਘਾੜਤ ਨਾਲ ਹੈ, ਸੰਸਾਰਕਤਾ ਨਾਲ ਬਿਲਕੁਲ ਹੀ ਨਹੀਂ! ਇਸ ਕਥਨ ਦੀ ਪੁਸ਼ਟੀ ਬਾਣੀ ਜਪੁ ਦੀਆਂ ਦੋ ਪੌੜੀਆਂ ਨੰ: ੩੬ ਤੇ ੩੮ ਦੇ ਅਧਿਐਨ ਤੋਂ ਹੁੰਦੀ ਹੈ।

‘ਸਿੱਖ ਧਰਮ’ ਨਾਲ ਸੰਬੰਧਿਤ ਕਈ ਟਕਸਾਲਾਂ ਹਨ। ਇਨ੍ਹਾਂ ਵਿੱਚੋਂ “ਭਿੰਡਰਾਂ ਟਕਸਾਲ” ਜ਼ਿਆਦਾ ਸੁਰਖ਼ੀਆਂ ਵਿੱਚ ਰਹਿੰਦੀ ਰਹੀ ਹੈ। ਭਿੰਡਰਾਂ ਟਕਸਾਲ ਦੇ ਸੰਸਥਾਪਕ ਅਤੇ ਸੰਚਾਲਕ ਦਾਅਵਾ ਕਰਦੇ ਹਨ ਕਿ ਇਸ ਟਕਸਾਲ ਦੇ ਮੋਢੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਸਨ; ਜਿਨ੍ਹਾਂ ਨੇ ਸਨ ੧੭੦੬ ਵਿੱਚ ਇਸ ਸੰਸਥਾ ਦੀ ਸਥਾਪਨਾ ਕੀਤੀ ਸੀ! ਇਹ ਦਾਅਵਾ ਕੋਰਾ ਝੂਠ ਹੈ! ਇਸ ਕਥਨ ਦਾ ਪੁਖ਼ਤਾ ਪ੍ਰਮਾਣ ਇਹ ਹੈ ਕਿ ਅਜਿਹੀ ਕੋਈ ਲਿਖਿਤ ਨਹੀਂ ਮਿਲਦੀ ਜਿਸ ਵਿੱਚ ਕਿਸੇ ਵੀ ਸੰਸਾਰਕ ਟਕਸਾਲ ਦਾ ਜ਼ਿਕਰ ਕੀਤਾ ਗਿਆ ਹੋਵੇ! ਇੱਥੋਂ ਤਕ ਕਿ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਸਨ ੧੯੩੦ ਵਿੱਚ ਪ੍ਰਕਾਸ਼ਤ ਹੋਏ ਮਹਾਨ ਕੋਸ਼ ਵਿੱਚ ਵੀ ਕਿਸੇ ਸੰਸਾਰਕ ਟਕਸਾਲ ਦਾ ਜ਼ਿਕਰ ਨਹੀਂ ਕੀਤਾ ਗਿਆ! ! ! ਦੂਜਾ, ਅਜੋਕੀ ਦਮਦਮੀ ਟਕਸਾਲ ਨੂੰ ਪਿੰਡ ਬੋਪਾਰਾਏ ਕਲਾਂ (ਲੁਧਿਆਣਾ) ਦੇ ਰਹਿਣ ਵਾਲੇ ਸੁੰਦਰ ਸਿੰਘ ਨੇ ਸਨ ੧੯੦੬ ਵਿੱਚ ਸਥਾਪਿਤ ਕੀਤਾ ਸੀ! ! ਇੱਥੇ ਇਹ ਜਾਇਜ਼ ਤੇ ਗੰਭੀਰ ਸਵਾਲ ਇਹ ਉੱਠਦਾ ਹੈ ਕਿ ਸਨ ੧੭੦੬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ਕੀਤੀ ਗਈ ਕਥਿਤ ਟਕਸਾਲ ਦੇ ਦੋ ਸੌ ਸਾਲ (੧੭੦੬ ਤੋਂ ੧੯੦੬) ਦਾ ਪ੍ਰਮਾਣਿਤ ਇਤਿਹਾਸਿਕ ਵੇਰਵਾ ਕਿਤੇ ਵੀ ਨਜ਼ਰ ਕਿਉਂ ਨਹੀਂ ਆਉਂਦਾ? ? ?

ਟਕਸਾਲਾਂ ਦੇ ਜਥੇਦਾਰ ਗੱਦੀ ਦੇ ਦੀਵਾਨੇ ਹਨ। ਗੱਦੀ ਦੀ ਖ਼ਾਤਿਰ ਇਨ੍ਹਾਂ ਵਿਚਾਲੇ ਕਲ੍ਹਾ-ਕਲੇਸ਼ ਹੁੰਦਾ ਹੀ ਰਹਿੰਦਾ ਹੈ। ਬਾਬਾ ਸੁੰਦਰ ਸਿੰਘ ਤੋਂ ਬਾਅਦ ਭਿੰਡਰਾਂ ਕਲਾਂ ਦੇ ਗਿਆਨੀ ਗੁਰਬਚਨ ਸਿੰਘ ਟਕਸਾਲ ਦੇ ਜਥੇਦਾਰ ਬਣੇ। ਉਸ ਦੇ ਨਾਮ ਕਰਕੇ ਹੀ “ਭਿੰਡਰਾਂਵਾਲਾ” ਸੰਪਰਦਾ ਦਾ ਆਰੰਭ ਹੋਇਆ। ਗਿਆਨੀ ਗੁਰਬਚਨ ਸਿੰਘ ਦੇ ਦੇਹਾਂਤ ਤੋਂ ਬਾਅਦ ਗੱਦੀ ਦੇ ਦੋ ਦਾਅਵੇਦਾਰ ਸਨ: ਗਿਆਨੀ ਮੋਹਨ ਸਿੰਘ ਅਤੇ ਗਿ: ਕਰਤਾਰ ਸਿੰਘ। ਬੋਪਾਰਾਏ ਕਲਾਂ (ਜ਼ਿਲਾ ਲੁਧਿਆਨਾ) ਵਾਲੀ ਟਕਸਾਲ ਦੀ ਗੱਦੀ ਉੱਤੇ ਗਿਆਨੀ ਮੋਹਨ ਸਿੰਘ ਦੇ ਕਾਬਿਜ਼ ਹੋਣ ਤੋਂ ਬਾਅਦ ਕਰਤਾਰ ਸਿੰਘ ਨੇ ਚੌਕ ਮਹਿਤਾ (ਅੰਮ੍ਰਿਤਸਰ) ਵਿਖੇ ਆਪਣੀ ਟਕਸਾਲ ਸਥਾਪਿਤ ਕਰ ਲਈ। ਇਹ ਟਕਸਾਲ, ਸ਼ੁਰੂ ਤੋਂ ਹੀ, ਆਪਣੇ ਕਾਲੇ ਕਾਰਨਾਮਿਆਂ ਕਰਕੇ, ਸੁਰਖ਼ੀਆਂ ਵਿੱਚ ਰਹੀ ਹੈ। ਪਹਿਲਾਂ ਗਿਆਨੀ ਕਰਤਾਰ ਸਿੰਘ ਦਾ ਇੰਦਰਾ ਗਾਂਧੀ ਨਾਲ ਤਕਰਾਰ ਅਤੇ ਫਿਰ ਨੇੜਤਾ ਆਮ ਚਰਚਾ ਦਾ ਵਿਸ਼ਾ ਬਣੀ ਰਹੀ ਸੀ! ਸਨ ੧੯੭੮ ਤੋਂ ੧੯੮੪ ਤਕ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਸ ਦੇ ਦਹਿਸ਼ਤਗਰਦ ਚੇਲਿਆਂ ਨੇ ਪੰਜਾਬ ਦੀ ਧਰਤੀ `ਤੇ ਜੋ ਖਰੂਦ ਮਚਾਇਆ, ਉਸ ਦੀ ਸ਼ਰਮਨਾਕ ਦਾਸਤਾਂ ਇਤਿਹਾਸ ਦੇ ਕਾਲੇ ਪੰਨਿਆਂ ਉੱਤੇ ਹਮੇਸ਼ਾ ਲਈ ਉੱਕਰੀ ਗਈ ਹੈ! ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਸੰਤਪੁਣਾ ਅਤੇ ਉਸ ਦੇ ਸਿਧਾਏ ਹੋਏ ਚੇਲਿਆਂ ਦੇ ਲੱਛਣ ਅਤੇ ਕੁੱਝ ਇੱਕ ਕਾਰਨਾਮੇਂ: ਗੁਰੂ (ਗ੍ਰੰਥ) ਅਤੇ ਗੁਰੂਦਵਾਰਿਆਂ ਦੀ ਬੇਅਦਬੀ, ਦਹਿਸ਼ਤ, ਆਤੰਕ, ਗੁੰਡਾਗਰਦੀ, ਫਿਰੌਤੀਆਂ ਵਾਸਤੇ ਅਗਵਾਕਰਨ, ਡਕੈਤੀਆਂ, ਮਾਅਸੂਮਾਂ-ਨਿਰਦੋਸ਼ਿਆਂ ਨਿਹੱਥਿਆਂ ਦੇ ਬੇਦਰਦੀ ਨਾਲ ਕੀਤੇ ਕਤਲ ਅਤੇ ਬੂਝੜ ਬਿਆਨਾਂ ਨਾਲ ਹਿੰਦੂਆਂ-ਸਿੱਖਾਂ ਦੇ ਮਨਾਂ ਵਿੱਚ ਇੱਕ ਦੂਜੇ ਦੇ ਖ਼ਿਲਾਫ ਜ਼ਹਿਰ ਘੋਲਣਾ… ਵਗ਼ੈਰਾ।

ਇਸ ਵਿਸ਼ੇ `ਤੇ ਅੱਗੇ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਇਹ ਸੱਚ ਯਾਦ ਰੱਖਣਾ ਚਾਹੀਦਾ ਹੈ ਕਿ ਦਮਦਮੀ ਟਕਸਾਲ ਦੇ ਮੁਖੀਏ ਦੀ ਚੋਣ ਅਤੇ ਉਸ ਦੀਆਂ ਕਾਲੀਆਂ ਕਰਤੂਤਾਂ ਪਿੱਛੇ ਸ਼ਾਸਕਾਂ/ਸਿਆਸਤਦਾਨਾਂ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਕੁਨਾਂ, ਜਥੇਦਾਰਾਂ ਵਗ਼ੈਰਾ ਦਾ ਪੂਰਾ ਹੱਥ ਤੇ ਸਮਰਥਨ ਹੁੰਦਾ ਹੈ। ਉਹ ਉਸੇ ਨੂੰ ਗੱਦੀ ਉੱਤੇ ਬਿਠਾਉਂਦੇ ਹਨ ਜੋ ਉਨ੍ਹਾਂ ਦਾ ਹੱਥ ਠੋਕਾ, ਚਾਪਲੂਸ ਅਤੇ ਪਿਆਦਾ ਬਣ ਕੇ ਰਹੇ। ਜਰਨੈਲ ਸਿੰਘ ਭਿੰਡਰਾਂਵਾਲਾ ਦੇ ਮਾਰੇ ਜਾਣ ਤੋਂ ਬਾਅਦ ਟਕਸਾਲ ਦੀ ਗੱਦੀ ਲਈ ਕਈ ਦਾਅਵੇਦਾਰ ਸਨ। ਪਰੰਤੂ, ਠਾਕੁਰ ਸਿੰਘ ਨੂੰ ਜਥੇਦਾਰ ਬਣਾਏ ਜਾਣ ਤੋਂ ਬਾਅਦ, ਕੁੱਝ ਇੱਕ ਦਾਅਵੇਦਾਰਾਂ ਨੇ ਆਪਣੀ ਆਪਣੀ ਟਕਸਾਲ ਸਥਾਪਿਤ ਕਰ ਲਈ ਸੀ। ਠਾਕੁਰ ਸਿੰਘ ਤੋਂ ਬਾਅਦ ਰਾਮ ਸਿੰਘ ਟਕਸਾਲ ਦਾ ਮੁਖੀਆ ਬਣਾਇਆ ਗਿਆ। ਰਾਮ ਸਿੰਘ ਤੋਂ ਬਾਅਦ ਹੁਣ ਹਰਨਾਮ ਸਿੰਘ ਧੁੱਮਾ ਗੱਦੀ ਨਸ਼ੀਨ ਹੈ। ਹਰਨਾਮ ਸਿੰਘ ਦਾ ਅਮਾਨਵੀ ਪਿਛੋਕੜ, ਗ਼ਲੀਜ਼ ਚਲਨ ਅਤੇ ਅਣਅਧਿਆਤਮਿਕ ਕਾਲੇ ਕਾਰਨਾਮੇਂ ਬਹੁਤ ਸ਼ਰਮਨਾਕ ਹਨ! ਸਨ ੧੯੮੪ ਤੋਂ ੧੯੯੫ ਤਕ ਦਾ ਸਮਾਂ ਆਤੰਕੀਆਂ ਦੇ ਸੰਘਾਰ, ਨਾਮ ਮਾਤ੍ਰ ਪੰਜਾਬ ਦੀ ਬਰਬਾਦੀ ਅਤੇ ‘ਸਿੱਖਾਂ’ ਦੀ ਨਸਲਕੁਸ਼ੀ ਦਾ ਸਮਾਂ ਸੀ। ਇਸ ਤਬਾਹੀ ਦੇ ਮੁਖ ਜ਼ਿਮੇਦਾਰ ਸਮੇਂ ਦੇ ਸਿਆਸਤਦਾਨਾਂ ਅਤੇ ਦੋ ਪੁਲਿਸ ਅਧਿਕਾਰੀਆਂ- ਕੰਵਰਪਾਲ ਸਿੰਘ ਗਿੱਲ ਅਤੇ ਇਜ਼ਹਾਰ ਆਲਮ -– ਨੂੰ ਠਹਿਰਾਇਆ ਜਾਂਦਾ ਹੈ। ਖ਼ਬਰਾਂ ਅਨੁਸਾਰ, ਹਰਨਾਮ ਸਿੰਘ ਧੁੱਮਾ ਇਨ੍ਹਾਂ ਦਾ ਜਸੂਸ ਤੇ ਮੁਖ਼ਬਰ ਸੀ ਜੋ ਪੁਲਿਸ ਨੂੰ ਆਤੰਕਵਾਦੀਆਂ ਦੇ ਨਾਂਵਾਂ ਤੇ ਟਿਕਾਣਿਆਂ ਦੀ ਸੂਹ ਦਿਆ ਕਰਦਾ ਸੀ। ਇਸ ਦੀਆਂ ਇਨ੍ਹਾਂ ਕਰਤੂਤਾਂ ਕਰਕੇ, ਜਦੋਂ ਇਸ ਦੇ ਆਪਣੇ ਸਿਰ `ਤੇ ਮੌਤ ਦੇ ਬੱਦਲ ਮੰਡਰਾਉਣ ਲੱਗੇ ਤਾਂ, ਕਿਹਾ ਜਾਂਦਾ ਹੈ ਕਿ, ਕੇ: ਪੀ: ਐਸ: ਗਿੱਲ ਨੇ ਹੀ ਇਸ ਨੂੰ ਬਾਹਰ (ਅਮਰੀਕਾ) ਭਜਾਉਣ ਦਾ ਇੰਤਜ਼ਾਮ ਕੀਤਾ ਸੀ। ਧੁੱਮੇ ਦੀ ਭਾਰਤੀ ਖ਼ੁਫ਼ੀਆ ਏਜੰਸੀਆਂ ਨਾਲ ਵੀ ਗੰਢ-ਤੁਪ ਦੱਸੀ ਜਾਂਦੀ ਹੈ! !

ਸਰਕਾਰਾਂ/ਸਿਆਸਤਦਾਨਾਂ ਅਤੇ ਅਧਿਕਾਰੀਆਂ ਨੂੰ ਅਜਿਹੇ ਗ਼ੱਦਾਰ ਘੁਸਪੈਠੀਆਂ ਦੀ ਲੋੜ ਹੁੰਦੀ ਹੈ ਜੋ ਆਪਣੇ ਮਤਲਬ ਦੀ ਖ਼ਾਤਿਰ ਆਪਣਿਆਂ ਨਾਲ ਹੀ ਵਿਸ਼ਵਾਸਘਾਤ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਾ ਕਰੇ। ਇਸ ਪੱਖੋਂ ਹਰਨਾਮ ਸਿੰਘ ਧੁੱਮੇ ਤੋਂ ਵੱਧ ਕਾਬਲ ਕੋਈ ਹੋਰ ਸੀ ਹੀ ਨਹੀਂ; ਇਸ ਲਈ ਧੁੱਮੇ ਨੂੰ ਅਮਰੀਕਾ ਤੋਂ ਵਾਪਸ ਲਿਆ ਕੇ ਦਮਦਮੀ ਟਕਸਾਲ ਦੀ ਗੱਦੀ ਉੱਤੇ ਬਿਠਾਇਆ ਗਿਆ! ਧੁੱਮੇ ਦੀ ਦਸਤਾਰਬੰਦੀ ਦੀ ਰਸਮ ਸਮੇਂ ਅਕਾਲੀ ਦਲ ਦੇ ਪ੍ਰਧਾਨ ਅਤੇ ਅਧਿਕਾਰੀ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਕਾਰਕੁਨ, ਤਖ਼ਤਾਂ ਦੇ ਜਥੇਦਾਰ, ਸੰਤ ਸਮਾਜ ਅਤੇ ਕਈ ਹੋਰ ‘ਪੰਥਕ’ ਜਥੇਬੰਦੀਆਂ ਦੇ ਪ੍ਰਨਿਤਧਿੀ ਵੀ ਸ਼ਾਮਿਲ ਹੋਏ ਸਨ। ਧੁੱਮਾ ਇਨਸਾਨੀਯਤ ਤੋਂ ਗਿਰੇ ਹੋਏ ਆਪਣੇ ਕਾਲੇ ਕਰਨਾਮਿਆਂ ਕਰਕੇ ਸੁਰਖ਼ੀਆਂ ਵਿੱਚ ਰਹਿੰਦਾ ਹੈ। ਇਨ੍ਹਾਂ ਵਿੱਚੋਂ ਇੱਕ ਹੈ, ਰਣਜੀਤ ਸਿੰਘ ਢਡਰੀਆਂ ਵਾਲੇ ਉੱਤੇ ਕਾਤਲਾਨਾ ਹਮਲਾ ਅਤੇ ਉਸ ਦੇ ਸਾਥੀ ਭੂਪਿੰਦਰ ਸਿੰਘ ਦਾ ਕਤਲ ਕਰਵਾਉਣਾ। ਸਰਕਾਰਾਂ ਦੀ ਪੁਸ਼ਤ ਪਨਾਹੀ ਕਰਕੇ ਉਸ ਦਾ ਕੋਈ ਕੁੱਝ ਨਹੀਂ ਵਿਗਾੜ ਸਕਿਆ! ! !

‘ਸਿੱਖ ਧਰਮ’ ਨਾਲ ਸੰਬੰਧਿਤ ਦੇਸ-ਵਿਦੇਸ ਵਿੱਚ ਲਗ ਪਗ ੧੩-੧੪ ਹਜ਼ਾਰ ਛੋਟੇ-ਵੱਡੇ ਡੇਰੇ ਦੱਸੇ ਜਾਂਦੇ ਹਨ। ਇਕੱਲੇ ਛੋਟੇ ਜਿਹੇ ਨਾਮਧਰੀਕ ਪੰਜਾਬ ਵਿੱਚ ੧੦-੧੨ ਹਜ਼ਾਰ ਡੇਰੇ ਹਨ! ਬਹੁਤੇ ਡੇਰਿਆਂ ਅੰਦਰ ਗੁਰੂਦੁਆਰੇ ਉਸਾਰੇ ਹੋਏ ਹਨ ਜਿੱਥੇ, ਅੰਧਵਿਸ਼ਵਾਸੀ ਸ਼੍ਰੱਧਾਲੂਆਂ ਨੂੰ ਪ੍ਰਲੋਭਿਤ ਕਰਨ ਵਾਸਤੇ ਗੁਰਬਾਣੀ ਗ੍ਰੰਥ ਦਾ ਪ੍ਰਕਾਸ਼ ਵੀ ਕੀਤਾ ਜਾਂਦਾ ਹੈ। ਪਰੰਤੂ, ਸਾਰੇ ਡੇਰੇਦਾਰ ਆਪਣੇ ਆਪ ਨੂੰ ਗੁਰੂ ਕਹਿੰਦੇ/ਕਹਾਉਂਦੇ ਹਨ। ਸੋ, ਇਨ੍ਹਾਂ ਡੇਰਿਆਂ ਵਿੱਚ ਸੇਵਾ-ਭਗਤੀ ਆਤਮ-ਪਰਸਤ ਡੇਰੇਦਾਰਾਂ ਦੀ ਹੀ ਕੀਤੀ/ਕਰਵਾਈ ਜਾਂਦੀ ਹੈ! ਬੜੇ ਹੀ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਦੇਸ-ਬਿਦੇਸ ਵਿੱਚ ‘ਸਿੱਖ ਧਰਮ’ ਨਾਲ ਸੰਬੰਧਿਤ ਜਿਤਨੇ ਵੀ ਡੇਰੇ ਅਤੇ ਡੇਰੇਦਾਰ ਹਨ, ਉਤਨੀਆਂ ਹੀ ਸੰਪਰਦਾਵਾਂ ਸਥਾਪਿਤ ਕੀਤੀਆਂ ਹੋਈਆਂ ਹਨ। ਟਕਸਾਲਾਂ ਦੇ ਜਥੇਦਾਰਾਂ ਅਤੇ ਡੇਰਿਆਂ ਦੇ ਡੇਰੇਦਾਰਾਂ ਦਾ ਚਲਨ ਅਤੇ ਕਾਰਗੁਜ਼ਾਰੀ ਤਕਰੀਬਨ ਇੱਕ ਸਮਾਨ ਹੀ ਹੈ। ਇਨ੍ਹਾਂ ਦਾ ਗੁਰਮੱਤ, ਸੱਚ ਅਤੇ ਇਨਸਾਨੀਅਤ ਨਾਲ ਕੋਈ ਵਾਸਤਾ ਹੀ ਨਹੀਂ ਹੈ! ਇਹ ਪਰਮਾਰਥੀ ਨਹੀਂ ਸਗੋਂ ਰੱਜ ਕੇ ਸਵਾਰਥੀ ਹਨ। ਇਹ ਸਾਰੇ ਖ਼ੁਦਾ-ਪ੍ਰਸਤ ਨਹੀਂ ਸਗੋਂ ਰੱਜ ਕੇ ਖ਼ੁਦ-ਪ੍ਰਸਤ (narcissist) ਹਨ! ਸਦਗੁਣਾਂ (ਸਤ, ਸੰਤੋਖ, ਦਯਾ, ਧਰਮ ਅਤੇ ਧੀਰਜ ਆਦਿ) ਤੋਂ ਇਨ੍ਹਾਂ ਨੂੰ ਗੰਭੀਰ ਐਲਰਜੀ ਹੈ, ਅਤੇ ਅਵਗੁਣਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦਹਿਸ਼ਤ, ਗੁੰਡਾਗਰਦੀ ਵਗ਼ੈਰਾ) ਨਾਲ ਇਨ੍ਹਾਂ ਦੀ ਗੂੜ੍ਹੀ ਸਾਂਝ ਹੈ। ਇਹ ਸਾਰੇ ਭੇਖੀ-ਪਾਖੰਡੀ ਹਨ ਜੋ ਦਿਖਾਵੇ ਵਿੱਚ ਵਿਸ਼ਵਾਸ ਰੱਖਣ ਵਾਲੇ ਕਰਮਕਾਂਡੀ ਹਨ। ਟਕਸਾਲਾਂ ਅਤੇ ਡੇਰਿਆਂ ਸਭ ਦੀ ਆਪਣੀ ਆਪਣੀ ਮਨਮਤੀ ਰਹਿਤ ਮਰਯਾਦਾ ਹੈ ਜੋ ਕਿ, ਐਸ: ਜੀ: ਪੀ: ਸੀ: ਦੁਆਰਾ ਬਣਾਈ ਗਈ “ਸਿੱਖ ਰਹਿਤ ਮਰਿਆਦਾ” ਵਾਂਙ, ਗੁਰਮਤਿ ਵਾਲੀ “ਆਤਮ ਕੀ ਰਹਿਤ” ਨੂੰ ਪੂਰੀ ਤਰ੍ਹਾਂ ਪਰੋਖੇ ਰੱਖ ਕੇ ਬਣਾਈ ਗਈ ਹੈ! ਇਨ੍ਹਾਂ ਰਹਿਤ ਮਰਿਅਦਾਵਾਂ ਵਿੱਚ ਕੇਵਲ ਮਾਇਆ ਠੱਗਣ ਵਾਲੇ ਸੰਸਾਰਕ ਸੰਸਕਾਰਾਂ (ਕਰਮਕਾਂਡਾਂ) ਦਾ ਜ਼ਿਕਰ ਹੀ ਕੀਤਾ ਗਿਆ ਹੈ। ਟਕਸਾਲਾਂ ਦੇ ਜਥੇਦਾਰ ਅਤੇ ਡੇਰਿਆਂ ਦੇ ਡੇਰੇਦਾਰ ਅਧਿਆਤਮਵਾਦੀ ਨਹੀਂ ਸਗੋਂ ਪਦਾਰਥਵਾਦੀ ਸੰਸਾਰੀ ਹਨ। ਡੇਰਿਆਂ ਨੂੰ ਨਾਜਾਇਜ਼ ਵਾਪਾਰ ਦੇ ਕੇਂਦਰ (ਠੱਗੀ ਦੇ ਅੱਡੇ) ਕਹਿਣਾ ਗ਼ਲਤ ਨਹੀਂ ਹੋਵੇ ਗਾ। ਡੇਰੇਦਾਰ ਬੇ-ਸ਼ੁਮਾਰ ਚਲ-ਅਚਲ ਸੰਪਤੀ ਦੇ ਮਾਲਿਕ ਹਨ! ਵੱਡੇ ਡੇਰੇਦਾਰਾਂ ਨੇ ਹਜ਼ਾਰਾਂ ਏਕੜ ਧਰਤੀ ਉੱਤੇ ਕਬਜ਼ਾ ਕੀਤਾ ਹੋਇਆ ਹੈ!

ਗੁਰਮੱਤ ਦਾ ਪਰਮੁਖ ਸਿੱਧਾਂਤ ਹੈ: ਹਲੀਮੀ, ਨਮਰਤਾ, ਦੀਨਤਾ, ਦਾਸਤਾ, ਨਿਮਾਣਾਪਣ। ਇਸ ਕਥਨ ਦਾ ਪੁਖ਼ਤਾ ਪ੍ਰਮਾਣ ਇਹ ਹੈ ਕਿ ਕਿਸੇ ਵੀ ਬਾਣੀਕਾਰ ਨੇ ਆਪਣੇ ਨਾਮ ਨਾਲ ਕੋਈ ਵੀ ਗੁਣਵਾਚੀ ਵਿਸ਼ੇਸ਼ਣ ਜਾਂ ਲਕਬ ਨਹੀਂ ਲਾਇਆ। ਪਰੰਤੂ ਟਕਸਾਲਾਂ ਦੇ ਜਥੇਦਾਰ ਅਤੇ ਡੇਰੇਦਾਰ ਰੱਜ ਕੇ ਸ਼ੇਖ਼ੀ ਖੋਰੇ ਅਤੇ ਆਤਮ-ਪ੍ਰੇਮੀ (narcissist) ਹਨ ਜੋ ਆਪਣੀ ਇਨਸਾਨੀਯਤ ਤੋਂ ਗਿਰੀ ਹੋਈ ਭ੍ਰਸ਼ਟ ਸ਼ਖ਼ਸੀਅਤ ਨੂੰ ਛੁਪਾਉਣ ਵਾਸਤੇ ਭੇਖ ਤੋਂ ਬਿਨਾਂ ਆਪਣੇ ਨਾਮ ਨਾਲ ਕਈ ਤਰ੍ਹਾਂ ਦੇ ਲਕਬ ਲਾਉਂਦੇ ਹਨ ਜਿਵੇਂ: ਸਾਧ, ਸੰਤ, ਬਾਬਾ, ਬ੍ਰਹਮਗਿਆਨੀ, ਖ਼ਾਲਸਾ, ਸੱਚਾ ਸਤਿਗੁਰੂ ਮਹਾਰਾਜ, ਸਿਰੀ ੧੦੮, ਸਿਰੀ ੧੦੦੮ ਅਤੇ ਸਚਖੰਡ ਵਾਸੀ ਵਗ਼ੈਰਾ ਵਗ਼ੈਰਾ! !

ਸਾਰੰਸ਼, ਸ਼ਾਸਕ/ਸਿਆਸਤਦਾਨ, ਸ਼ਿਰੋਮਣੀ ਕਮੇਟੀਆਂ ਦੇ ਪ੍ਰਧਾਨ, ਤਖ਼ਤਾਂ ਦੇ ਜਥੇਦਾਰ, ਪੁਜਾਰੀ ਟੋਲਾ, ਟਕਸਾਲੀਏ ਅਤੇ ਡੇਰੇਦਾਰ ਆਦਿਕ ਸੱਭ ਇੱਕੋ ਥਾਲੀ ਦੇ ਚੱਟੇ ਵਟੇ ਹਨ। ਇਹ ਸਾਰੇ ਆਪਸ ਵਿੱਚ ਜੁੰਡੀਦਾਰ ਹਨ ਜੋ, ਰੱਬ ਦੀ ਮਾਅਸੂਮ ਰਿਆਇਆ ਦਾ ਬੇਰਹਿਮੀ ਨਾਲ ਖ਼ੂਨ ਚੂਸਦੇ ਰਹਿੰਦੇ ਹਨ। ਆਪਣੇ ਮਤਲਬ ਦੀ ਖ਼ਾਤਿਰ, ਹਰ ਰੋਜ਼ ਇਕ-ਦੂਜੇ ਦੇ ਤਲੂਏ ਚੱਟਦੇ ਦੇਖੇ ਜਾਂਦੇ ਹਨ!

……ਚਲਦਾ

ਗੁਰਇੰਦਰ ਸਿੰਘ ਪਾਲ

10 ਮਾਰਚ, 2022.
.