.

ਭਾਈ ਲਾਲੋ ਬਨਾਮ ਮਲਿਕ ਭਾਗੋ

(3)

‘ਸਿੱਖ ਧਰਮ’ ਨੂੰ ਚਲਾਉਣ ਵਾਲੀ ਤੀਜੀ ਸੰਸਥਾ ਜਾਂ ਜਥੇਬੰਦੀ ਹੈ: ਧਰਮ ਦੇ, ਧੱਕੇ ਨਾਲ ਬਣੇ, ਠੇਕੇਦਾਰਾਂ ਦੁਆਰਾ ਸਥਾਪਿਤ ਕੀਤੇ ਪੰਜ ‘ਤਖ਼ਤ’, ਇਨ੍ਹਾਂ ਸੰਸਾਰਕ ਤਖ਼ਤਾਂ ਉੱਤੇ ਬਿਠਾਏ ਗਏ ਜਥੇਦਾਰ ਸਾਹਿਬ। ਅਤੇ ਉਨ੍ਹਾਂ ਜਥੇਦਾਰਾਂ ਦੇ ਹੁਕਮਾਧੀਨ ਕੰਮ ਕਰਨ ਵਾਲਾ ਪੂਜਾਰੀ ਲਾਣਾ (ਗ੍ਰੰਥੀ, ਭਾਈ, ਪਾਠੀ, ਪ੍ਰਚਾਰਕ, ਰਾਗੀ, ਕੀਰਤਨੀਏਂ, ਢਾਡੀ ਜਥੇ, ਮਿਸ਼ਨਰੀ, ਕਥਾਵਾਚਕ ਅਤੇ ਅਰਦਾਸੀਏ ਵਗ਼ੈਰਾ)। ਇਸ ਸੰਸਥਾ ਦੀ ਕਾਰਗੁਜ਼ਾਰੀ ਉੱਤੇ ਵਿਸਤ੍ਰਿਤ ਵਿਚਾਰ ਕਰਨ ਵਾਸਤੇ ਸਾਨੂੰ ਹੇਠ ਲਿਖੇ ਕੁੱਝ ਇੱਕ ਤੱਥਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ:

‘ਸਿੱਖਾਂ’ ਦੇ ਪੰਜ ਤਖ਼ਤ ਮੰਨੇਂ ਜਾਂਦੇ ਹਨ: ੧. ਅਕਾਲ ਤਖ਼ਤ, ਅੰਮ੍ਰਿਤਸਰ; ੨. ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ; ੩. ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ; ੪. ਤਖ਼ਤ ਪਟਨਾ ਸਾਹਿਬ; ਅਤੇ ੫. ਤਖ਼ਤ ਹਜ਼ੂਰ ਸਾਹਿਬ, ਨਾਦੇੜ। ਅਕਾਲ ਤਖ਼ਤ ਦਾ ਮੋਢੀ ਗੁਰੂ ਹਰਿ ਗੋਬਿੰਦ ਜੀ ਨੂੰ ਦੱਸਿਆ ਜਾਂਦਾ ਹੈ, ਅਤੇ ਬਾਕੀ ਚਾਰ ਤਖ਼ਤ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜੇ ਜਾਂਦੇ ਹਨ! ਇਨ੍ਹਾਂ ਦੋਨਾਂ ਗੁਰੂਆਂ ਦੀ ਬਾਣੀ ਨਹੀਂ ਹੈ! ਛੇ ਬਾਣੀਕਾਰ ਗੁਰੂਆਂ ਨੂੰ ਕਿਸੇ ਸੰਸਾਰਕ ਤਖ਼ਤ ਦੀ ਲੋੜ ਕਿਉਂ ਨਹੀਂ ਪਈ? ? ? ਇਸ ਪੇਚੀਦਾ ਸਵਾਲ ਦਾ ਜਵਾਬ ਕਿਤੋਂ ਨਹੀਂ ਮਿਲਿਆ! ! !

ਗੁਰਬਾਣੀ ਵਿੱਚ, ਸਿਰਫ਼ ਅਤੇ ਸਿਰਫ਼, ਸ੍ਰਿਸ਼ਟੀ ਦੇ ਇਕੋ-ਇਕ ਸੱਚੇ ਸਾਹਿਬ (ਸਰਵਸ਼ਕਤੀਮਾਨ ਕਰਤਾ ਪੁਰਖ) ਨੂੰ ਹੀ ਮਾਨਤਾ ਦਿੱਤੀ ਗਈ ਹੈ। ਦੂਜਾ, ਸੱਚੇ ਸਾਹਿਬ ਦਾ ਸਿਰਜਿਆ ਸੱਚਾ ਤਖ਼ਤ ਉਸ ਦੀ ਸਾਜੀ ਸਾਰੀ ਸ੍ਰਿਸ਼ਟੀ ਹੈ। ਗੁਰਬਾਣੀ ਵਿੱਚ ਮਨੁੱਖ ਦੇ ਹਿਰਦੇ/ਅੰਤਹਕਰਣ/ਮਨ ਨੂੰ ਵੀ ਤਖ਼ਤ ਕਿਹਾ ਗਿਆ ਹੈ! ਸਾਡੀ ਅਲਪ ਬੁੱਧਿ ਅਨੁਸਾਰ, ਅਸੀਮ ਸ੍ਰਿਸ਼ਟੀ ਦੇ ਸਿਰਜਨਹਾਰ ਪ੍ਰਭੂ-ਪਰਮਾਤਮਾ ਨੂੰ ਮਨ/ਅੰਤਹਕਰਣ ਰੂਪੀ ਤਖ਼ਤ ਉੱਤੇ ਬੈਠਾਉਣ ਵਾਸਤੇ ਕਿਸੇ ਸੰਸਾਰਕ ਤਖ਼ਤ ਦੀ ਜ਼ਰੂਰਤ ਨਹੀਂ ਹੈ!

ਅਤੇ ਤੀਜਾ, ਗੁਰਮਤਿ ਦੇ ਸਿੱਧਾਂਤਾਂ/ਨਿਯਮਾਂ ਨੂੰ ਸ਼੍ਰੱਧਾ ਅਤੇ ਸਤਿਕਾਰ ਨਾਲ ਗੁਰੁਹੁਕਮ ਜਾਂ ਹੁਕਮਨਾਮਾ ਮੰਨਿਆ ਜਾਂਦਾ ਹੈ।

ਸੱਚਾ ਗੁਰਸਿੱਖ ਉਹ ਹੀ ਹੈ ਜੋ ਉਕਤ ਤੱਥਾਂ ਨੂੰ ਸਮਝਦਾ, ਮੰਨਦਾ ਅਤੇ ਉਨ੍ਹਾਂ ਦੀ ਸੱਚੀ ਸ਼੍ਰੱਧਾ ਨਾਲ ਪਾਲਣਾ ਕਰਦਾ ਹੈ।

ਉਪਰੋਕਤ ਤੱਥਾਂ ਦੇ ਆਧਾਰ `ਤੇ, ਨਿਰਸੰਕੋਚ, ਕਿਹਾ ਜਾ ਸਕਦਾ ਹੈ ਕਿ, ਧਰਮ ਦੇ ਪ੍ਰਸੰਗ ਵਿੱਚ, ਕਿਸੇ ਦੁਨਿਆਵੀ ਤਖ਼ਤ ਨੂੰ ਮਾਨਤਾ ਦੇਣਾ, ਉਸ ਤਖ਼ਤ ਉੱਤੇ ਬੈਠਾਏ ਗਏ ਦੁਨੀਦਾਰ ਨੂੰ “ਜਥੇਦਾਰ ਸਾਹਬ” ਜਾਂ ਸਿੰਘ ਸਹਿਬ” ਕਹਿਣਾ ਅਤੇ ਕਿਸੇ ਹੋਰ ਸੰਸਾਰਕ ਜਾਂ ਪਦਾਰਥਕ ਹੋਂਦ ਨੂੰ “ਸਾਹਿਬ” ਦਾ ਦਰਜਾ ਦੇਣਾ ਗੁਰਸਿੱਧਾਂਤਾਂ ਦੀ ਘੋਰ ਬੇਅਦਬੀ ਹੈ! ਅਤੇ, ਗੁਰਹੁਕਮਾਂ (ਗੁਰਸਿੱਧਾਂਤਾਂ/ਨਿਯਮਾਂ) ਨੂੰ ਨਜ਼ਰ ਅੰਦਾਜ਼ ਕਰਕੇ ਜਥੇਦਾਰ ਦੇ ਹੁਕਮਨਾਮਿਆਂ ਨੂੰ ਮਨਵਾਉਣਾ ਜਾਂ ਮੰਨਣਾ ਗੁਰੂ (ਗ੍ਰੰਥ) ਦੀ ਗੰਭੀਰ ਅਵੱਗਿਆ ਅਤੇ ਅਪਮਾਨ ਹੈ!

ਗੁਰਬਾਣੀ ਵਿੱਚ ਕਿਸੇ ਸੰਸਾਰਕ ਤਖ਼ਤ ਦਾ ਜ਼ਿਕਰ ਨਹੀਂ ਹੈ ਅਤੇ ਨਾ ਹੀ ਕਿਸੇ ਜੜੇ ਜਥੇਦਾਰ ਅਤੇ ਉਸ ਦੇ ਹੁਕਮਨਾਮਿਆਂ ਦਾ ਕੋਈ ਵਰਣਨ ਜਾਂ ਸਮਰਥਨ ਮਿਲਦਾ ਹੈ! ਹਾਂ, ਗੁਰਬਾਣੀ ਵਿੱਚ ਧਰਮ-ਵਿਰੋਧੀ ਇਨ੍ਹਾਂ ਪਾਖੰਡਾਂ ਦਾ ਖੰਡਨ ਜ਼ਰੂਰ ਕੀਤਾ ਗਿਆ ਹੈ। ਇਸ ਕਥਨ ਦੀ ਪੁਸ਼ਟੀ ਲਈ ਕਬੀਰ ਜੀ ਦੇ ਇੱਕ ਸ਼ਬਦ ਦੀਆਂ ਕੁੱਝ ਇੱਕ ਤੁਕਾਂ ਦਾ ਹਵਾਲਾ ਹੀ ਕਾਫ਼ੀ ਹੈ:

ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ॥

ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ॥ ੧॥

ਕਾਜੀ ਬੋਲਿਆ ਬਨਿ ਨਹੀ ਆਵੈ॥ ੧॥ ਰਹਾਉ॥

ਭਾਵ ਅਰਥ:- ਓਏ ਕਾਜ਼ੀ! ਅਸੀਂ ਭਾਵੇਂ ਨਿਮਾਣੇ ਮਸਕੀਨ ਹਾਂ ਪਰ ਅਸੀਂ ਵੀ ਖ਼ੁਦਾ ਦੇ ਹੀ ਪੈਦਾ ਕੀਤੇ ਹੋਏ ਬੰਦੇ ਹਾਂ! ਤੁਹਾਨੂੰ ਆਪਣੇ ਸੰਸਾਰਕ ਰੁਤਬੇ ਅਤੇ ਗੱਦੀ ਦਾ ਮਾਨ-ਹੰਕਾਰ ਹੈ, (ਇਸ ਹੰਕਾਰ ਕਰਕੇ) ਤੁਹਾਨੂੰ ਧਰਮ ਦੇ ਨਾਂ `ਤੇ ਦੂਸਰਿਆਂ ਉੱਤੇ ਰਾਜ ਕਰਨ ਅਤੇ ਹੁਕਮ ਝਾੜਨਾ (ਫ਼ਤਵੇ ਦੇਣਾ) ਚੰਗਾ ਲਗਦਾ ਹੈ। (ਪਰੰਤੂ) ਦੀਨ-ਧਰਮ ਦਾ ਪਹਿਲਾ ਤੇ ਮੁੱਢਲਾ ਸੱਚਾ ਸਾਹਿਬ ਤਾਂ ਅਲਹ ਆਪ ਹੈ; ਉਹ ਕਿਸੇ ਉੱਤੇ ਜ਼ੋਰ-ਜ਼ੁਲਮ ਨਹੀਂ ਕਰਦਾ ਅਤੇ ਨਾ ਹੀ ਹੁਕਮ (ਫ਼ਤਵੇ) ਦਿੰਦਾ ਹੈ! !

ਰੇ ਕਾਜ਼ੀ! (ਉਕਤ ਦਲੀਲ ਕਰਕੇ ਤੇਰੀ ਪਦਵੀ, ਇਸ ਪਦਵੀ ਦੇ ਅਧਿਕਾਰਾਂ ਅਤੇ, ਅਧਿਕਾਰਤਾ ਦੇ ਨਸ਼ੇ ਵਿੱਚ) ਤੇਰੀਆਂ ਬਕੀਆਂ ਹੋਈਆਂ ਗੱਲਾਂ ਜਚਦੀਆਂ ਨਹੀਂ! !

(ਨੋਟ:- ਇਸਲਾਮ ਵਿੱਚ ਜੋ ਰੁਤਬਾ ਕਾਜ਼ੀ ਦਾ ਹੈ, ‘ਸਿੱਖ ਧਰਮ’ ਵਿੱਚ ਉਹੀ ਰੁਤਬਾ ਜਥੇਦਾਰ ਦਾ ਹੈ।)

ਇੱਥੇ ਇਸ ਸੱਚ ਦਾ ਖ਼ੁਲਾਸਾ ਕਰ ਦੇਣਾ ਵੀ ਜ਼ਰੂਰੀ ਹੈ ਕਿ, “ਸਿੱਖ ਗੁਰਦੁਆਰਾ ਐਕਟ ੧੯੨੫” ਵਿੱਚ ਵੀ ਅਕਾਲ ਤਖ਼ਤ ਅਤੇ ਉਸ ਦੇ ਜਥੇਦਾਰ ਦੀ ਪਦਵੀ ਦਾ ਕੋਈ ਜ਼ਿਕਰ ਨਹੀਂ ਹੈ! ! ਸਪਸ਼ਟ ਹੈ ਕਿ “ਅਕਾਲ ਬੂੰਗੇ” ਨੂੰ ‘ਅਕਾਲ ਤਖ਼ਤ’ ਦਾ ਨਾਮ ਦੇਣਾ ਅਤੇ ਕਿਸੇ ਸੰਸਾਰੀ ਨੂੰ ਜਥੇਦਾਰ ਦੀ ਪਦਵੀ ਦੇ ਕੇ ਇਸ ਸੰਸਾਰਕ ਤਖ਼ਤ ਉੱਤੇ ਬਿਠਾਉਣਾ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਕੁਨਾਂ {ਸਮੇਂ ਦੇ ਸ਼ਾਸਕਾਂ/ਸਿਾਸਤਦਾਨਾਂ (ਮਲਿਕ ਭਾਗੋਆਂ)} ਦੀ ਕੁਟਿਲ ਸਾਜ਼ਿਸ਼ ਸੀ/ਹੈ!

‘ਸਿੱਖ ਧਰਮ’ ਦੇ ਹਜ਼ਾਰਾਂ ਪ੍ਰਚਾਰਕਾਂ ਅਤੇ ਸਮਰਥਕਾਂ ਤੋਂ ਅਸੀਂ ਇੱਕ ਸਾਧਾਰਨ ਜਿਹਾ ਸਵਾਲ ਪੁੱਛਿਆ: “ਜਥੇਦਾਰ ਦੀ ਪਦਵੀ ਦਾ ਅਧਿਕਾਰ ਖੇਤ੍ਰ (jurisdiction) ਕੀ ਹੈ? ਅਤੇ, ਜਥੇਦਾਰ ਦੀ ਜ਼ਿੱਮੇਵਾਰੀ (responsibility) ਅਤੇ ਉਸ ਦੇ ਫ਼ਰਜ਼ (duties) ਕੀ ਹਨ” ? ਬੜੀ ਹੀ ਨਮੋਸ਼ੀ ਅਤੇ ਸ਼ਰਮ ਦੀ ਗੱਲ ਹੈ ਕਿ, ਸਾਨੂੰ ਅੱਜ ਤਕ ਕਿਤੋਂ ਵੀ ਇਨ੍ਹਾਂ ਜਾਇਜ਼ ਸਵਾਲਾਂ ਦਾ ਸਿੱਧਾ, ਸਪਸ਼ਟ ਤੇ ਸਰਲ ਜਵਾਬ ਨਹੀਂ ਮਿਲਿਆ! ! ਜੇ ਕਿਸੇ ਸੱਜਨ ਨੂੰ ਇਸ ਸਵਾਲ ਦੇ ਜਵਾਬ ਦਾ ਪਤਾ ਹੋਵੇ ਤਾਂ ਸਾਨੂੰ ਵੀ ਜਾਣੂੰ ਕਰਵਾਏ! ਧੰਨਵਾਦੀ ਹੋਵਾਂਗੇ!

ਇਕਮਨ-ਇਕਚਿੱਤ ਹੋ ਕੇ ਗੁਰਬਾਣੀ ਦਾ ਅਧਿਐਨ ਕਰਨ ਨਾਲ ਸੱਚ ਦੇ ਅਭਿਲਾਸ਼ੀ ਨੂੰ ਬਿਬੇਕਬੁੱਧਿ, ਸੁਤੰਤਰ ਸੋਚ ਅਤੇ ਆਤਮਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪਰੰਤੂ, ਗੱਦੀ ਦੇ ਦਿਵਾਨੇ ਪਾਖੰਡਕਰਮੀ ਜਥੇਦਾਰਾਂ ਦਾ ਇਨ੍ਹਾਂ ਆਤਮਿਕ ਗੁਣਾਂ ਨਾਲ ਦੂਰ ਦਾ ਵੀ ਕੋਈ ਵਾਸਤਾ ਹੀ ਨਹੀਂ ਹੁੰਦਾ! ਗੁਰਮਤਿ ਗਿਆਨ ਤੋਂ ਕੋਰੇ ਸੰਸਾਰੀ ਜਥੇਦਾਰਾਂ ਦੀ ਸੰਸਾਰਕ ਪਦਵੀ ਅਤੇ ਇਸ ਪਦਵੀ ਦੇ ਅਨਅਧਿਕਾਰਿਤ ਅਧਿਕਾਰ ਤਾਂ ਮਨੁੱਖਾ ਮਨ ਦੇ ਸਦਗੁਣਾਂ (ਬਿਬੇਕਬੁੱਧਿ, ਸੁਤੰਤਰ ਸੋਚ ਅਤੇ ਆਤਮਗਿਆਨ) ਨੂੰ ਕੁਚਲ ਕੇ ਲੋਕਾਂ ਨੂੰ ਮਾਨਸਿਕ ਤੌਰ `ਤੇ ਨਿਪੁੰਸਕ ਬਣਾ ਕੇ ਆਪਣੇ ਅਧੀਨ ਕਰਨ ਦਾ ਇੱਕ ਅਧਾਰਮਿਕ ਅਤੇ ਅਮਾਨਵੀ ਸ਼ੜਯੰਤਰ ਹੈ।

ਮਨੁੱਖਾ ਸਮਾਜ ਵਿੱਚ ਕੋਈ ਵੀ ਉਹਦਾ ਜਾਂ ਪਦਵੀ ਪ੍ਰਾਪਤ ਕਰਨ ਵਾਸਤੇ ਉਸ ਉਹਦੇ ਦੇ ਉਮੀਦਵਾਰ ਦਾ ਚਾਲਚਲਨ, ਉਸ ਪਦਵੀ ਦੀਆਂ ਜ਼ਿੱਮੇਵਾਰੀਆਂ ਨਿਭਾਉਣ ਦੀ ਸਮਰਥਾ ਅਤੇ ਵਿਸ਼ੇਸ਼ ਯੋਗਤਾਵਾਂ (qualifications) ਦੇਖੀਆਂ-ਪਰਖੀਆਂ ਜਾਂਦੀਆਂ ਹਨ। ਪਰੰਤੂ, ਬੜੇ ਦੁੱਖ ਦੀ ਗੱਲ ਹੈ ਕਿ ‘ਸਿੱਖ ਧਰਮ’ ਦੀ ਸਰਵਉੱਚ ਕਹੀ ਜਾਂਦੀ ਜਥੇਦਾਰ ਦੀ ਪਦਵੀ ਉੱਤੇ ਬੈਠਾਏ ਜਾਣ ਵਾਲੇ ਵਿਅਕਤੀ ਵਾਸਤੇ ਕੋਈ ਵਿਸ਼ੇਸ ਯੋਗਤਾ ਜਾਂ ਜ਼ਿੱਮੇਦਾਰੀ ਨਿਰਧਾਰਤ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਦੇ ਕਿਰਦਾਰ ਨੂੰ ਘੋਖਿਆ-ਪਰਖਿਆ ਜਾਂਦਾ ਹੈ! ! !

‘ਤਖ਼ਤਾਂ’ ਦੇ ਜਥੇਦਾਰਾਂ ਦਾ ਨਾਮ ਵੀ, ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਦੀ ਤਰ੍ਹਾਂ, ਸ਼ਾਸਕਾਂ/ਸਿਆਸਤਦਾਨਾਂ (ਅਜੋਕੇ ਮਲਿਕ ਭਾਗੋਆਂ) ਦੇ ਲਿਫ਼ਾਫ਼ੇ ਵਿੱਚੋਂ ਹੀ ਨਿਕਲਦਾ ਹੈ! ਭ੍ਰਸ਼ਟ ਸ਼ਾਸਕਾਂ/ਸਿਆਸਤਦਾਨਾਂ ਦੇ ਲਿਫ਼ਾਫ਼ੇ ਵਿੱਚੋਂ ਨਿਕਲਿਆ ਹੋਇਆ ਜਥੇਦਾਰ, ਨਿਰਸੰਦੇਹ, ਉਨ੍ਹਾਂ ਦਾ ਪਿੱਠੂ-ਪਰਛਾਵਾਂ ਹੀ ਹੋਵੇਗਾ!

‘ਅਕਾਲ ਤਖ਼ਤ’ ਦੇ ਜਥੇਦਾਰ ਦੀ ਪਦਵੀ ਹਾਸਿਲ ਕਰਨ ਵਾਸਤੇ ਪੂਰਵ ਸ਼ਰਤ ਅਤੇ ਹੋਰ ਯੋਗਤਾਵਾਂ: ਆਪਣੀ ਜ਼ਮੀਰ ਅਕਾਲੀ ਦਲ ਦੇ ਪ੍ਰਧਾਨ ਕੋਲ ਗਹਿਣੇ ਰੱਖਣਾ ਪੂਰਵ ਸ਼ਰਤ ਹੈ। ਜ਼ਮੀਰ ਗਹਿਣੇ ਰੱਖਣ ਦੀ ਮੁੱਢਲੀ ਸ਼ਰਤ ਤੋਂ ਬਿਨਾਂ ਕੁੱਝ ਇੱਕ ਹੋਰ ਜ਼ਰੂਰੀ ਯੋਗਤਾਵਾਂ: ਜਥੇਦਾਰ ਵਾਸਤੇ ਪਾਖੰਡਧਰਮੀ ਹੋਣਾ ਲਾਜ਼ਮੀ ਹੈ। ਪਾਖੰਡ ਧਰਮ ਨਿਭਾਉਣ ਲਈ, ਜਥੇਦਾਰ ਵਾਸਤੇ ਵਿਸ਼ੇਸ਼ ਭੇਖ ਅਤੇ ਚਿੰਨ੍ਹਾਂ ਦਾ ਧਾਰਨੀ ਹੋਣਾ ਵੀ ਆਵੱਸ਼ਕ ਹੈ! (ਨੋਟ:-ਕਈ ਸਾਲਾਂ ਤੋਂ, ਇਸ ਭੇਖ ਲਈ ਬੰਨ੍ਹੀ ਜਾਂਦੀ ਪਗੜੀ (ਸਜਾਈ ਜਾਂਦੀ ਦਸਤਾਰ) ਦਾ ਨੋਕਦਾਰ ਹੋਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ)! ‘ਤਖ਼ਤ’ ਦੇ ਸੰਭਾਵੀ ਜਥੇਦਾਰ ਲਈ ਗ੍ਰੰਥ-ਗਿਆਨ ਦਾ ਹਮਾਯਤੀ ਅਤੇ ਗੁਰਮਤਿਗਿਆਨ ਦਾ ਦੋਖੀ ਹੋਣਾ ਵੀ ਲਾਜ਼ਮੀ ਹੈ। ਉਹ, ਗੁਰਮੱਤ ਨੂੰ ਪਰੋਖੇ ਰੱਖ ਕੇ, ਮਨਮੱਤ ਦਾ ਪ੍ਰਚਾਰ ਕਰਨ ਵਿੱਚ ਕੋਈ ਸ਼ਰਮ ਜਾਂ ਡਰ ਮਹਿਸੂਸ ਨਾ ਕਰੇ! ਆਪਣੇ ਮਾਲਿਕਾਂ (ਮਲਿਕ ਭਾਗੋਆਂ) ਦੇ ਕਾਲੇ ਕਿਰਦਾਰ ਉੱਤੇ ਝੂਠ-ਫ਼ਰੇਬ ਦਾ ਪਰਦਾ ਪਾਉਣ ਵਾਸਤੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕਰਨ ਅਤੇ ਉਨ੍ਹਾਂ ਦੀ ਫ਼ਿਤਰਤ ਦੇ ਉਲਟ ਲਕਬ/ਉਪਾਧੀਆਂ (ਪੰਥ ਰਤਨ, ਫ਼ਖ਼ਰੇ ਕੌਮ, ਸੇਵਾ ਰਤਨ, ਗੌਹਰ-ਏ-ਮਸਕੀਨ ਅਤੇ ਸੰਤ ਆਦਿਕ) ਨਾਲ ਨਿਵਾਜਨ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਭ੍ਰਸ਼ਟ ਮਾਲਿਕਾਂ ਦੀ ਝੂਠੀ ਤਾਅਰੀਫ਼ ਦੇ ਪੁਲ ਬੰਨ੍ਹਣ, ਉਨ੍ਹਾਂ ਦੀ ਫ਼ਰਮਾਂਬਰਦਾਰੀ ਤੇ ਖ਼ੁਸ਼ਾਮਦ ਕਰਨਾ ਵੀ ਜਥੇਦਾਰ ਦੀ ਇੱਕ ਲੋੜਿੰਦੀ ਯੋਗਤਾ ਹੈ। ਇਸ ਤੋਂ ਬਿਨਾਂ, ਥੋਥੇ, ਝੂਠੇ, ਬੇਤੁਕੇ, ਬੇਬੁਨਿਆਦ ਅਤੇ ਬੇਹੂਦਾ ਬਿਆਨ ਦੇਣ, ਗਿੱਦੜ-ਭਬਕਾਂ ਮਾਰਨ ਅਤੇ ਵਿਰੋਧੀਆਂ ਦੀ ਪੁਰਜ਼ੋਰ ਨਿੰਦਾ ਕਰਨੀ ਆਦਿਕ ਜਥੇਦਾਰ ਦੇ ਮੁਖ ਕਰਤੱਵਾਂ/ਫ਼ਰਜ਼ਾਂ ਵਿੱਚੋਂ ਇੱਕ ਹੈ। ਜਥੇਦਾਰ ਨੂੰ ਹੱਥ ਜੋੜਨ ਅਤੇ ਹੱਥ ਫੇਰਨ ਦਾ ਵੱਲ ਵੀ ਆਉਣਾ ਚਾਹੀਦਾ ਹੈ। ਜਥੇਦਾਰ ਵਾਸਤੇ, ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਵਾਂਙ, ਅਕਾਲੀ ਦਲ ਦੇ ਪ੍ਰਧਾਨ ਦੀ ਡੁਗਡੁਗੀ ਦੀ ਬੇਸੁਰੀ ਤਾਨ ਉੱਤੇ ਨੱਚਣ ਵਾਲਾ ਜਮੂਰਾ ਹੋਣਾ ਲਾਜ਼ਮੀ ਹੈ! …. .

ਧਰਮ ਦੇ ਪ੍ਰਸੰਗ ਵਿੱਚ, ਸੇਵਾ ਦਾ ਅਰਥ ਹੈ: ਉਪਾਸਨਾ, ਪੂਜਾ-ਭਗਤੀ, ਟਹਿਲ; ਬਿਨਾਂ ਵੇਤਨ ਦੇ ਧਰਮਅਰਥ ਕੀਤਾ ਕੰਮ। ਸੇਵਾਦਾਰ: ਬਿਨਾਂ ਵੇਤਨ (ਤਨਖ਼ਾਹ) ਦੇ ਧਰਮਅਰਥ ਕਰਮ ਕਰਨ ਵਾਲਾ ਸਵੈਸੇਵਕ/ਟਹਿਲੂਆ (volunteer)। ਸੇਵਾਦਾਰ ਜਾਂ ਟਹਿਲੂਏ ਦੇ ਕਿਰਦਾਰ ਦਾ ਪਹਿਲਾ ਗੁਣ ਹੈ: ਮਸਕੀਨਤਾ/ਨਮਰਤਾ/ਨਿਰਮਾਣਤਾ/ਦੀਨਤਾ ਅਤੇ ਨਿਸ਼ਕਾਮਤਾ ਆਦਿਕ। ਦੂਜਾ, ਸੇਵਾਦਾਰ ਕੋਈ ਵੇਤਨ ਜਾਂ ਤਨਖ਼ਾਹ ਨਹੀਂ ਲੈਂਦਾ! ਅਕਾਲ ਤਖ਼ਤ ਦੇ ਜਥੇਦਾਰ ਨੂੰ “ਮੁੱਖ ਸੇਵਾਦਾਰ” ਕਿਹਾ ਜਾਂਦਾ ਹੈ! ਇਹ ਇੱਕ ਬਹੁਤ ਵੱਡਾ ਢੋਂਗ ਹੈ! ਕਿਉਂਕਿ, ਮੁੱਖ ਸੇਵਾਦਾਰ ਅਖਵਾਉਣ ਵਾਲਾ ਜਥੇਦਾਰ ਕੋਈ ਸੇਵਕ ਨਹੀਂ ਸਗੋਂ ਉਹ ਤਾਂ ਖ਼ੁਦ ਸੇਵਾ ਕਰਵਾਉਣ ਵਾਲਾ ਇੱਕ ਗੱਦੀ-ਨਸ਼ੀਨ ਮੁੱਖ ਅਧਿਕਾਰੀ ਹੈ ਜੋ, ਆਪਣੀ ਗੱਦੀ ਦੇ ਹੰਕਾਰ ਵਿੱਚ ਉਫ਼ਨਿਆ ਹੋਇਆ, ਗੁਰੁਹੁਕਮਾਂ (ਗੁਰਸਿੱਧਾਂਤਾਂ/ਨਿਯਮਾਂ) ਨੂੰ ਨਜ਼ਰ ਅੰਦਾਜ਼ ਕਰਕੇ, ਤਾਨਾਸ਼ਾਹ ਵਾਂਙ, ਧਰਮੀ ਸੱਜਨਾਂ ਅਤੇ ਵਿਰੋਧੀਆਂ ਖ਼ਿਲਾਫ਼ ਹਾਸੋਹੀਣੇ ਹੁਕਮਨਾਮੇ (ਫ਼ਰਮਾਨ) ਜਾਰੀ ਕਰਦਾ, ਫ਼ਤਵੇ ਦਿੰਦਾ ਅਤੇ ਤਨਖ਼ਾਹ ਲਾਉਂਦਾ ਹੈ। ਉਸ ਦੇ ਕਿਰਦਾਰ ਵਿੱਚ ਦੀਨਤਾ, ਮਸਕੀਨਤਾ, ਨਿਰਮਾਣਤਾ ਅਤੇ ਦਾਸਪਨ ਆਦਿ ਆਤਮਿਕ ਗੁਣਾਂ ਦੀ ਪੂਰਣ ਅਣਹੋਂਦ ਦੇਖੀ ਜਾਂਦੀ ਹੈ! ਦੂਸਰਾ, ਜਥੇਦਾਰ ਕੋਈ ਉਪਾਸਕ ਜਾਂ ਸਵੈਸੇਵਕ ਨਹੀਂ ਸਗੋਂ ਉਹ ਤਾਂ ਭਾਰੀ ਵੇਤਨ ਲੈਣ ਵਾਲਾ ਮੁੱਖ ਅਧਿਕਾਰੀ/ਕਰਮਚਾਰੀ ਹੈ ਜਿਸ ਨੂੰ, ਭਾਰੀ ਵੇਤਨ (salary) ਤੋਂ ਬਿਨਾਂ, ਤਾਨਾਸ਼ਾਹ ਅਧਿਕਾਰੀ ਵਾਲੀਆਂ ਸਾਰੀਆਂ ਸਹੂਲਤਾਂ (ਭੱਤੇ, ਉਪਰਲੀ ਆਮਦਨ ਦੇ ਖੁਲ੍ਹੇ ਗੱਫੇ, ਆਲੀਸ਼ਾਨ ਰਿਹਾਇਸ਼, ਲਗ਼ਜ਼ਰੀ ਗੱਡੀਆਂ, ਹਵਾਈ ਜਹਾਜ਼ ਦਾ ਮੁਫ਼ਤ ਸਫ਼ਰ, ਨੌਕਰ-ਚਾਕਰ ਅਤੇ ਅੰਗ-ਰੱਖਿਅਕਾਂ ਦੀ ਫ਼ੌਜ… ਵਗ਼ੈਰਾ ਵਗ਼ੈਰਾ) ਵੀ ਪ੍ਰਾਪਤ ਹਨ!

ਗੁਰਮਤਿ ਅਨੁਸਾਰ, ਮਨੁੱਖ ਦੇ ਅਧਿਆਤਮਿਕ ਜੀਵਨ ਲਈ ਕਿਸੇ ਸੰਸਾਰਕ ਤਖ਼ਤ ਜਾਂ ਜਥੇਦਾਰ ਦੀ ਪਦਵੀ ਦਾ ਨਾ ਤਾਂ ਕੋਈ ਮਹੱਤਵ ਹੈ ਅਤੇ ਨਾ ਹੀ ਕੋਈ ਲੋੜ। ‘ਸਿੱਖਾਂ’ ਉੱਤੇ ਧਿਙਾਣੇ ਥੋਪੀ ਗਈ ਇਸ ਪਦਵੀ ਨੂੰ ਜੇ ਮੰਨ ਵੀ ਲਈਏ ਤਾਂ, ਸਾਧਾਰਨ ਸੂਝ ਅਨੁਸਾਰ, ਇਸ ਪਦਵੀ ਉੱਤੇ ਬੈਠਾਏ ਗਏ ਵਿਅਕਤੀ ਦਾ ਗੁਰਮਤਿ-ਗਿਆਨੀ (ਆਤਮਗਿਆਨੀ) ਹੋਣਾ ਲਾਜ਼ਮੀ ਹੈ! ਅਤੇ ਉਸ ਦਾ ਪਰਮੁੱਖ ਕਰਤੱਵ ਇਹ ਹੈ ਕਿ ਉਹ ਗੁਰੂਦਵਾਰਿਆਂ ਵਿੱਚ, ਸਿਰਫ਼ ਅਤੇ ਸਿਰਫ਼, ਗੁਰਬਾਣੀ ਦੀ ਸ਼ੁੱਧ ਵਿਆਖਿਆ ਰਾਹੀਂ ਨਾਮ-ਚਰਚਾ ਹੀ ਹੋਣ ਦੇਵੇ। ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ …। ਬੜੇ ਭਰੇ ਮਨ ਨਾਲ ਲਿਖਣਾ ਪੈ ਰਿਹਾ ਹੈ ਕਿ ਜਥੇਦਾਰ ਆਤਮਗਿਆਨੀ ਨਹੀਂ ਹਨ। ਫਲਸਰੂਪ, ਜਥੇਦਾਰਾਂ ਦੀ ਛਤ੍ਰ-ਛਾਇਆ ਹੇਠ ਗੁਰੂਦਵਾਰਿਆਂ ਵਿੱਚ ਜੋ ਕੁੱਝ ਵੀ ਹੋ ਰਿਹਾ ਹੈ ਉਹ ਗੁਰਮਤਿ-ਵਿਰੋਧੀ ਹੈ। ਸੰਸਾਰ ਦੇ ਕਿਸੇ ਵੀ ਗੁਰੂਦੁਆਰੇ ਵਿੱਚ ਗੁਰਮਤਿ ਗਿਆਨ ਦੀ ਭੋਰਾ ਵੀ ਗੱਲ ਨਹੀਂ ਕੀਤੀ ਜਾਂਦੀ; ਸਭ ਪਾਸੇ ਮਨਮਤਿ ਦਾ ਬੋਲਬਾਲਾ ਹੈ!

ਜੇ ਕਿਸੇ ਸੱਜਨ ਨੂੰ ਕਿਸੇ ਵੀ ਗੁਰੂਦਵਾਰੇ ਵਿੱਚ ਗੁਰਮਤਿ ਦੀ ਗੱਲ ਹੁੰਦੀ ਸੁਣੇ/ਦਿਖੇ ਤਾਂ ਸਾਨੂੰ ਵੀ ਦੱਸ ਪਾਉਣਾ! ਧੰਨਵਾਦੀ ਹੋਵਾਂਗੇ!

ਜਥੇਦਾਰਾਂ ਦੀਆਂ ਅੱਖਾਂ ਸਾਹਮਨੇ ਦਰਬਾਰ ਸਾਹਿਬ ਭਵਨ-ਸਮੂਹ ਵਿੱਚ ਅਤੇ ਅਕਾਲ ਤਖ਼ਤ ਉੱਤੇ ਵਾਪਰੀਆਂ ਕੁਝਇਕ ਘਟਨਾਵਾਂ ਦਾ ਸੰਖੇਪ ਵਰਣਨ:

ਹਜ਼ਾਰਾਂ ਮਾਸੂਮ ਭਾਰਤੀਆਂ ਦੇ ਕਾਤਿਲ ਜਨਰਲ ਡਾਇਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਅਰੂੜ ਸਿੰਘ ਦੁਆਰਾ ਸਿਰੋਪਾ ਦੇਕੇ ਸਨਮਾਨਤ ਕੀਤਾ ਗਿਆ; ਸਮੇਂ ਦੇ ਜ਼ਾਲਿਮ ਆਚਰਣ-ਹੀਣ ਸ਼ਾਸਕਾਂ/ਸਿਆਸਤਦਾਨਾਂ (ਮਲਿਕ ਭਾਗੋਆਂ) ਨੂੰ ਸਿਰੋਪਿਆਂ ਨਾਲ ਸਨਮਾਨਤ ਕਰਨ ਦੀ ਕੁਰੀਤਿ; ‘ਸੰਤ’ ਫ਼ਤਹਿ ਸਿੰਘ ਨੇ ਅਕਾਲ ਤਖ਼ਤ ਉੱਪਰ ਅਗਨ-ਕੁੰਡ ਬਣਵਾ ਕੇ ਜ਼ਿੰਦਾ ਸੜ ਮਰਨ ਦਾ ਹਾਸੋਹੀਣਾ ਤੇ ਸ਼ਰਮਨਾਕ ਨਾਟਕ ਖੇਡਿਆ; ਭੁੱਖ ਹੜਤਾਲਾਂ ਅਤੇ ਮਰਨ ਵਰਤਾਂ ਦਾ ਪਾਖੰਡ; ਗੁਰੂਦਵਾਰੇ ਦੀ ਪਰਿਕਰਮਾ ਵਿੱਚ ਮਿਥਿਹਾਸਿਕ ਕਰਾਮਾਤੀ ਕਹਾਣੀਆਂ ਦੇ ਆਧਾਰ `ਤੇ ਕਈ ਪੂਜਾ-ਸਥਾਨ ਸਥਾਪਿਤ ਕਰਕੇ ਅੰਧਵਿਸ਼ਵਾਸੀ ਸੰਗਤਾਂ ਨੂੰ ਠੱਗਣ ਦਾ ਧੰਦਾ……! !

ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਸ ਦੇ ਆਤੰਕਵਾਦੀ ਸਾਥੀਆਂ ਦਾ ਮਾਰੂ ਹਥਿਅਰਾਂ ਸਮੇਤ ਗੁਰੂਦੁਆਰਾ ਭਵਨ ਸਮੂਹ ਵਿੱਚ ਦਾਖ਼ਲ ਹੋ ਕੇ ਧਰਮਸਥਾਨ ਦੀ ਘੋਰ ਬੇਅਦਬੀ ਕਰਨਾ; ਉਸ ਦਾ ਗੁਰੂਦੁਆਰੇ ਅਤੇ ਅਕਾਲ ਤਖ਼ਤ ਨੂੰ ਪਨਾਹਗਾਹ ਬਣਾਉਣ ਕਾਰਣ ਉੱਥੇ ਖ਼ੂਨੀ ਸਾਕੇ ਨੂੰ ਅੰਜਾਮ ਦਿੱਤਾ ਗਿਆ…। ਗੁਰੂਦਵਾਰੇ (ਧਰਮ-ਦੁਆਰੇ) ਨੂੰ ਸਿਆਸਤ ਦਾ ਅਖਾੜਾ ਬਣਾਇਆ ਜਾਣਾ……! ! ਜਥੇਦਾਰਾਂ ਦਾ ਇੱਕ ਦੂਜੇ ਉੱਤੇ ਘੋਰ ਇਲਜ਼ਾਮ ਲਾਉਣ, ਆਪਸ ਵਿੱਚ ਗੁੱਥਮ-ਗੁੱਥਾ ਹੋਣ, ਇਕ-ਦੂਜੇ ਦੇ ਜੂੰਡੇ ਤੇ ਦਾਹੜੇ ਪੁੱਟਣ ਅਤੇ ਸਿਰ ਪਾੜਣ ਦੀਆਂ ਸਚਿਤ੍ਰ ਖ਼ਬਰਾਂ ਦਾ ਆਮ ਛਪਦੇ ਰਹਿਣਾ…। ਜਥੇਦਾਰ ਦੁਆਰਾ ਅਕਾਲ ਤਖ਼ਤ ਤੋਂ ਜਾਰੀ ਕੀਤੇ ਹੁਕਮਨਾਮੇ ਨੂੰ ਸੌ ਸਾਲ ਬਾਅਦ ਰੱਦ ਕੀਤਾ ਗਿਆ; ਬਲਾਤਕਾਰੀਆਂ ਨੂੰ ‘ਪੰਥ’ ਵਿੱਚੋਂ ਛੇਕਣਾ ਅਤੇ ਫਿਰ ਮੁਆਫ਼ ਕਰਨਾ; ਆਪਣੇ ਮਾਲਿਕਾਂ (ਸ਼ਾਸਕਾਂ/ਸਿਆਸਤਦਾਨਾਂ ਅਤੇ ਡੇਰੇਦਾਰਾਂ ਅਤੇ ਟਕਸਾਲੀਆਂ ਦੇ ਗੁਰਮਤਿ ਵਿਰੋਧੀ ਪਾਪ-ਕਰਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ……। ……

ਜਥੇਦਾਰਾਂ ਦੀ ਪਿਛਲੇ ਸੌ ਸਾਲਾਂ ਦੀ ਕਾਰਗੁਜ਼ਾਰੀ ਉੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸੰਸਾਰਕ ‘ਤਖ਼ਤਾਂ’ ਦੇ ਜਥੇਦਾਰਾਂ ਦੀ ਪਦਵੀ ਦਾ ਮੁੱਖ ਕਰਤੱਵ ਸਿਆਸਤ ਅਤੇ ‘ਧਰਮ’ ਵਿੱਚ ਤਾਲ-ਮੇਲ ਪੈਦਾ ਕਰਕੇ ਆਪਣੇ ਮਿਹਰਬਾਨ ਸਰਪ੍ਰਸਤ ਸਿਆਸਤਦਾਨਾਂ ਨੂੰ ਸਿਆਸੀ ਗੱਦੀਆਂ ਹਾਸਿਲ ਕਰਵਾਉਣਾ ਹੈ। ਦੂਜਾ, ਕਰਮਕਾਂਡਾਂ ਨੂੰ ਮਾਨਤਾ ਦੇ ਕੇ ਧਰਮ ਦੇ ਧੰਦੇ ਨੂੰ ਪ੍ਰਫ਼ੁੱਲਿਤ ਕਰਕੇ ਅੰਧਵਿਸ਼ਵਾਸੀ ਸ਼੍ਰੱਧਾਲੂਆਂ ਨੂੰ ਬੇਰਹਿਮੀ ਨਾਲ ਠੱਗਣਾ ਅਤੇ ਉਨ੍ਹਾਂ ਕੋਲੋਂ ਮਾਇਆ ਬਟੋਰਨਾ ਹੈ। ਇਸ ਬਦਲੇ ਗੱਦੀ-ਨਸ਼ੀਨ ਸਿਆਸਤਦਾਨ (ਅਜੋਕੇ ਮਲਿਕ ਭਾਗੋ) ਜਥੇਦਾਰਾਂ ਨੂੰ ਮਾਇਆ ਠੱਗ ਕੇ ਅਯਾਸ਼ ਜੀਵਨ ਜੀਉਣ ਦੀ ਪੂਰੀ ਆਜ਼ਾਦੀ ਦਿੰਦੇ ਹਨ। ਬਹੁਗਿਣਤੀ ਜਥੇਦਾਰ ਵੀ, ਆਪਣੀ ਗੱਦੀ ਤੇ ਪਦਵੀ ਸਦਕਾ, ਦੇਸ-ਬਿਦੇਸ ਵਿੱਚ ਕਰੋੜਾਂ-ਅਰਬਾਂ ਦੀ ਸੰਪਤੀ ਦੇ ਮਾਲਿਕ ਬਣ ਗਏ ਹਨ! ! ਇਸ ਲਈ, ਇਨ੍ਹਾਂ ਜਥੇਦਾਰਾਂ ਨੂੰ ਵੀ ਅਜੋਕੇ ਮਲਿਕ ਭਾਗੋਆਂ ਦੀ ਸ਼੍ਰੇਣੀ ਵਿੱਚ ਗਿਣਿਆ ਜਾ ਸਕਦਾ ਹੈ!

ਚਲਦਾ……

ਗੁਰਇੰਦਰ ਸਿੰਘ ਪਾਲ

30 ਜਨਵਰੀ, 2022.




.