.

ਧੀਏ ਨੀ ਧੀਏ ਆਪਣਾ ਹਾਲ ਸੁਣਾਵੇਗੀ ਕਿਹਨੂੰ?

ਰਾਮ ਸਿੰਘ ਗ੍ਰੇਵਜ਼ੈਂਡ


ਖੇਤੀ ਦੇ ਕੰਮ ਵਿਚ ਦਿਨ ਰਾਤ ਰੁਝਾ ਸ. ਸੁਚਾ ਸਿੰਘ ਪਿੰਡ ਵਿੱਚ ਭੀ ਹਰ ਤਰ੍ਹਾਂ ਦੇ ਕੰਮਾਂ ਵਿੱਚ ਦਿਲੋਂ ਲਾ ਕੇ ਹਿੱਸਾ ਲੈਂਦਾ ਸੀ। ਇੱਸ ਕਰਕੇ ਲੋਕੀਂ ਉੱਸ ਦਾ ਬੜਾ ਸਤਿਕਾਰ ਕਰਦੇ ਸਨ। ਉਸ ਦੀ ਭਲਮਾਣਸੀ ਭੀ ਇੱਸ ਹੱਦ ਤੱਕ ਸੀ ਕਿ ਵਾਰ ਵਾਰ ਕਹਿਣ ਤੇ ਭੀ ੳਸਨੇ ਪਿੰਡ ਦਾ ਸਰਪੰਚ ਬਣਨ ਤੋਂ ਨਾਂਹ ਹੀ ਰੱਖੀ। ਇੱਸ ਕਰਕੇ ਪਿੰਡ ਦੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਹੀ ਉਸਦੀ ਇੱਜ਼ਤ ਕਰਦੇ ਸਨ। ਇਸਦੇ ਚਾਰ ਭਰਾ ਜੁਗਿੰਦਰ ਸਿੰਘ, ਤੇਜਾ ਸਿੰਘ , ਝੰਡਾ ਸਿੰਘ ਤੇ ਹਰਭਜਨ ਸਿੰਘ ਇੱਸ ਤੋਂ ਬੜੇ ਸਨ। ਤੇਜਾ ਸਿੰਘ ਤੋਂ ਬਿਨਾਂ ਦੂਸਰੇ ਸੱਭ ਵਿਆਹੇ ਹੋਏ ਸਨ।
ਉਪਰ ਦੱਸੇ ਵਾਂਗ ਸਾਰਾ ਪਿੰਡ ਤਾਂ ਸੁੱਚਾ ਸਿੰਘ ਦਾ ਬੜਾ ਸਤਿਕਾਰ ਕਰਦੇ ਸਨ, ਕਿਉਂਕਿ ਜਿੱਥੇ ਉਹ ਪਿੰਡ ਦੇ ਕੰਮਾਂ ਵਿੱਚ ਤਨਦਿਹੀ ਨਾਲ ਹਿੱਸਾ ਲੈਂਦਾ ਸੀ , ਉਹ ਆਪਣਾ ਕੰਮ ਵਿੱਚ ਹੀ ਛੱਡ ਕੇ ਹੋਰਨਾਂ ਦੇ ਖੇਤੀ ਦੇ ਕੰਮਾਂ ਵਿੱਚ ਦਿਲੋਂ ਲਾ ਕੇ ਸਹਾਇਤਾ ਕਰਿਆ ਕਰਦਾ ਸੀ। ਇੱਸ ਦੇ ਉਲਟ ਇੱਸ ਦੇ ਬੜੇ ਭਰਾ ਇੱਸ ਦੇ ਛੜੇ ਭਰਾ ਤੇਜਾ ਸਿੰਘ ਤੋਂ ਬਿਨਾਂ , ਦੂਸਰੇ ਭਰਾ ਇੱਸ ਨਾਲ ਬੜੀ ਖਾਰ ਖਾਂਦੇ ਸਨ। ਇਹ ਹੀ ਨਹੀਂ ਉਹ ਇੱਸ ਨੂੰ ਤੇ ਇੱਸ ਦੇ ਟੱਬਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਪੁਜਾ ਕੇ ਖੁਸ਼ ਹੁੰਦੇ ਸਨ। ਖਾਸ ਕਰਕੇ ਇਨ੍ਹਾਂ ਦੀ ਛੋਟੀ ਲੜਕੀ ਅਤੇ ਪਿੰਡ ਦੀਆਂ ਇਸ ਲੜਕੀ ਵਰਗੀਆਂ ਹੋਰ ਲੜਕੀਆਂ ਨੂੰ ਬਦਮਾਸ਼ ਕਿਸਮ ਦੀਆਂ ਬਨਾਉਣਾ ਚਾਹੁੰਦੇ ਸਨ। ਲੜਕੀਉ (ਧੀਉ) ਤੁਸੀਂ ਇਸ ਤਰ੍ਹਾਂ ਦੇ ਵਰਤਾਵੇ ਕਦ ਤੱਕ ਸਹੀ ਜਾਵੋਗੇ? ਕੀ ਕੋਈ ਬਣੇਗੀ ਮਾਈ ਭਾਗੋ!
ਇੱਸ ਦੇ ਬੜੇ ਭਰਾ ਜੁਗਿੰਦਰ ਸਿੰਘ ਕੋਲ ਘੋੜੀ ਤੇ ਬੰਦੂਕ ਸਦਾ ਹੁੰਦੀ ਸੀ। ਉਸ ਨੇ ਪਿੰਡ ਵਿੱਚ ਦਹਿਸ਼ਤ ਫੈਲਾਈ ਹੋਈ ਸੀ।ਉਹ ਪਿੰਡ ਵਿੱਚ ਗੇੜੇ ਲਾਉਂਦਾ ਜੇ ਕਿਸੇ ਜਵਾਨ ਸੁੰਦਰ ਕੁੜੀ ਨੂੰ ਦੇਖਦਾ, ਚੁੱਕ ਕੇ ਲੈ ਜਾਂਦਾ ਤੇ ਉਸਦੀ ਬੇਇੱਜ਼ਤੀ ਕਰਕੇ ਛੱਡ ਜਾਂਦਾ। ਲੜਕੀ ਵਾਲੇ ਪੁਲਸ ਕੋਲ ਸ਼ਕਾਇਤ ਕਰਦੇ ਤੇ ਪੁਲਸ ਇਹ ਕਹਿ ਕੇ, ਕਿ ਉਸ ਨੂੰ ਛੇਤੀ ਫੜਕੇ ਬਣਦੀ ਸਜ਼ਾ ਦੇਵਾਂਗੇ, ਘਰ ਤੋਰ ਦਿੰਦੀ। ਵਿਚਾਰੇ ਕਰਦੇ ਭੀ ਕੀ, ਪੁਲਸ ਦਾ ਉਸ ਬਦਮਾਸ਼ ਬੰਦੇ ਨੇ ਪਹਿਲਾਂ ਹੀ ਮੂੰਹ ਕਾਲਾ ਕੀਤਾ ਹੋਇਆ ਸੀ। ਪਿੰਡ ਦੇ ਲੋਕਾਂ ਵਲੋਂ ਉਸ ਨੂੰ ਬਾਈਕਾਟ ਕੀਤਾ ਗਿਆ। ਪਰ ਉਸ ਬੇਸ਼ਰਮ ਬੰਦੇ ਨੇ ਕਿਹਾ ਕਿ ਉਸਨੂੰ ਕੋਈ ਪ੍ਰਵਾਹ ਨਹੀਂ।
ਸੁੱਚਾ ਸਿਂਘ ਦੀਆਂ ਦੋ ਕੁੜੀਆਂ ਤੇ ਦੋ ਮੁੰਡੇ ਸਨ। ਅਚਨਚੇਤ ਉਹ ਬੀਮਾਰ ਹੋ ਗਿਆ ਤੇ ਇਲਾਜ ਕਰਨ ਤੇ ਭੀ ਸਿਹਤ ਵਿਗੜਦੀ ਗਈ ਤੇ ਉਹ ਰੱਬ ਨੂੰ ਪਿਆਰਾ ਹੋ ਗਿਆ। ਮੌਤ ਕੀ ਹੋਈ ਘਰ ਹੀ ਹਿਲ ਗਿਆ। ਮਾਂ ਤੇਰਾਂ ਤੇ ਪੰਦਰਾਂ ਸਾਲ ਦੀਆਂ ਧੀਆਂ ਕਰਕੇ ਡਰ ਦੇ ਮਾਹੌਲ ਵਿੱਚ ਦਿਨਕਟੀ ਕਰਨ ਲੱਗੀ। ਉਸਨੂੰ ਇਹ ਦੁੱਖ ਖਾਈ ਜਾਂਦਾ ਸੀ ਕਿ ਉੱਸ ਦੇ ਜੇਠ ਨੇ ਜੋ ਪਿੰਡ ਵਿੱਚ ਕਾਰੇ ਕੀਤੇ ਹੋਏ ਹਨ, ਉਹ ਮੈਨੂੰ ਰੰਡੀ ਔਰਤ ਤੇ ਮੇਰੀਆਂ ਧੀਆਂ ਨੂੰ ਨਾ ਕਿਤੇ ਝੱਲਣੇ ਪੈਣ, ਕਿਉਂਕਿ ਦੂਸਰੇ ਜੇਠ ਤਾਂ ਪਹਿਲਾਂ ਹੀ ਕੋਝੀਆਂ ਚਾਲਾਂ ਚੱਲ ਰਹੇ ਸਨ। ਘਰ ਵਿੱਚ ਆਦਮੀ ਨਾ ਹੋਣ ਕਰਕੇ ਗਰੀਬੀ ਦਾ ਮਾਹੌਲ ਹੈ। ਇਸ ਹਾਲਤ ਵਿੱਚ ਘਿਰੀ ਹੋਈ ਨੂੰ ਭੀ ਕੁੜੀਆਂ ਦਾ ਵਿਆਹ ਕਰਕੇ ਹੀ ਡਰ ਦਿਲੋਂ ਕੱਢਿਆ ਜਾ ਸਕਦਾ ਹੈ। ਸੋ ਉਸਨੇ ਆਪਣੀ ਨਿਨਾਣ ਨੂੰ ਆਪਣੀ ਹਮਦਰਦ ( ਜਦਕਿ ਉਹ ਦਿਲੋਂ ਲਾ ਕੇ ਹਮਦਰਦ ਨਹੀਂ ਸੀ) ਸਮਝਕੇ ਕੋਈ ਚੰਗਾ ਵਰ ਲੱਭ ਕੇ ਵਿਆਹ ਕਰਨ ਲਈ ਕਿਹਾ।
ਕੁੜੀਆਂ ਦੀ ਮਾਂ ਭੀ ਆਪਣੇ ਪਤੀ ਵਾਂਗ ਬੜੀ ਭਲੀਮਿਾਣਸ ਸੀ। ਨਨਾਣ ਨੇ ਉਸਦੀ ਭਲਮਾਣਸੀ ਦਾ ਫਾਇਦਾ ਉਠਾਉਂਣ ਦਾ ਚੰਗਾ ਮੌਕਾ ਸਮਝਿਆ। ਉਸਨੇ ਆਪਣੀ ਭਾਬੀ ਨੂੰ ਵਿਆਹ ਲਈ ਬਰੀ ਲੈਣ, ਕੁੜੀਆਂ ਲਈ ਕਪੜੇ ਤੇ ਗਹਿਣੇ ਅਤੇ ਮੁੰਡਿਆਂ ਤੇ ਸਹੁਰਿਆਂ ਲਈ ਮੁੰਦੀਆਂ ਆਦਿ ਲੈਣ ਲਈ ਪੈਸੇ ਮੰਗੇ। ਉਸ ਵਿਚਾਰੀ ਕੋਲ ਇੰਨੇ ਪੈਸੇ ਕਿੱਥੇ ਸਨ। ਉਸ ਨੂੰ ਆਪਣੇ ਹਿੱਸੇ ਆਉਂਦੀ ਜ਼ਮੀਨ ਵਿੱਚੋਂ ਕੁੱਛ ਜ਼ਮੀਨ ਵੇਚ ਕੇ ਪੈਸੇ ਦੇਣੇ ਪਏ।
ਪੈਸੇ ਕਿੱਦਾਂ ਵਰਤੇ ਗਏ, ਦੇਖ ਸੁਣ ਕੇ ਤਾਂ ਬੰਦਾ ਹੈਰਾਨ ਹੀ ਰਹਿ ਸਕਦਾ ਹੈ ਤੇ ਕੁੜੀਆਂ ਦੀ ਮਾਂ ਤੇ ਰਹਿਮ ਜ਼ਰੂਰ ਕਰੇਗਾ। ਨਨਾਣ ਆਪਣੇ ਭਰਾਵੋਂ ਤੋਂ ਭੀ ਦੋ ਕਦਮ ਅੱਗੇ ਨਿਕਲੀ। ਬਰੀ ਮਹਿੰਗੀ ਤੋਂ ਮਹਿੰਗੀ ਲਿਆ ਕੇ ਘਰ ਰੱਖ ਲਈ ਤੇ ਆਪਣੇ ਕੋਲੋਂ ਲੈਣ ਦੇਣ ਵਾਲੇ ਕਪੜੇ ਲਿਆ ਕੇ ਆਪਣੀ ਭਾਬੀ ਨੂੰ ਦੇ ਦਿੱਤੇ। ਇਸੇ ਤਰ੍ਹਾਂ ਹੀ ਗਹਿਣੇ ਘਰ ਰੱਖ ਕੇ, ਆਪਣੇ ਅਤੇ ਆਪਣੀ ਨੋਂਹ ਕੰਨੋਂ, ਗਲੋਂ ਆਦਿ ਵਿੱਚੋਂ ਲਾਹ ਤੇ ਝਾਲ ਫਰਾਕੇ ਕੇ ਦੇ ਦਿੱਤੇ। ਮੁੰਡੇ, ਸਾਹੁਰੇ ਆਦਿ ਨੂੰ ਦੇਣ ਦਾ ਬਹਾਨਾ ਲਾ ਕੇ, ਕਿ ਉਹ ਆਪ ਹੀ ਉਨ੍ਹਾਂ ਨੂੰ ਦੇ ਦੇਵੇਗੀ, ਗਹਿਣੇ ਘਰ ਰੱਖ ਲਏ। ਦੇਖੋ ਗਰੀਬ ਨੂੰ ਆਪਣੇ ਹਮਦਰਦ ਬਣਕੇ ਕਿਵੇਂ ਲੁੱਟਦੇ ਹਨ! ਲਾਲਚ ਇੱਸ ਹੱਦ ਤੱਕ ਕਿ ਅੱਜਕੱਲ ਕਿਸੇ ਇੱਕ ਘਰ ਦੀ ਖਬਰ ਨਹੀਂ, ਕਈ ਅਨਭੋਲ ਘਰ ਲੁੱਟੇ ਜਾ ਰਹੇ ਹਨ।ਕਿਉਂ ਭਲਾ, ਲੋਕੀਂ ਬਾਣੀ ਨਾਲੋਂ ਟੁੱਟੇ ਹੋਏ ਹਨ।
ਇੱਸ ਤੋਂ ਅੱਗੇ ਹੋਰ ਕੁਫਰ ਤੋਲਿਆ। ਉਸ ਨੇ ਉੱਪਰ ਦੱਸੀਆਂ ਛੋਟੀ ਉਮਰ ਦੀਆਂ ਕੁੜੀਆਂ ਲਈ ਬੜੀ ਉਮਰ ਦੇ ਮੁੰਡੇ, ਇਹ ਕਹਿ ਕੇ ਕਿ ਇਹ ਚੰਗੇ ਰੱਜੇ ਪੁੱਜੇ ਘਰਾਂ ਦੇ ਮੁੰਡੇ ਹਨ, ਕੁੜੀਆਂ ਸੁਖੀ ਵਸਣਗੀਆਂ, ਵਿਆਹ ਰੱਖ ਦਿੱਤੇ। ਕੁੜੀਆਂ ਦੀ ਮਾਂ ਮੰਨ ਗਈ। ਜਾਪਦਾ ਹੈ ਕਿ ਮੁੰਡਿਆਂ ਵਾਲਿਆਂ ਤੋਂ ਭੀ ਕੁੱਛ ਵਟੋਰਿਆ ਹੋਵੇ। ਲਾਲਚ ਦੀ ਹੱਦ ਸ਼ਾਇਦ ਧੁਰ ਤੱਕ ਨਹੀਂ ਪੁੱਜੀ। ਵਿਆਹ ਕੀਤੇ ਗਏ। ਦੋ ਕੁ ਸਾਲਾਂ ਬਾਅਦ ਮੁੰਡੇ ਆਪਾ ਦਿਖਾਉਣ ਲੱਗੇ। ਸ਼ਰਾਬੀ , ਨਸ਼ਈ ਆਦਿ ਹੋਣ ਕਰਕੇ ਕੁੱਟ ਮਾਰ ਤੱਕ ਨੌਬਤ ਪੁੱਜ ਜਾਂਦੀ। ਬੜੀ ਕੁੜੀ ਤਾਂ ਝੱਲਦੀ ਗਈ। ਪਰ ਛੋਟੀ ਕੁੜੀ, ਜੋ ਬਹੁਤ ਕਰਕੇ ਗੁਰਦੁਆਰੇ ਜਾਣ ਵਾਲੀ ਸੀ, ਉਸਤੇ ਗੁਰਬਾਣiੀ ਦਾ ਕਾਫੀ ਅਸਰ ਸੀ। ਉਹ ਆਪਣੇ ਪਤੀ ਨੂੰ ਨੇਕ ਬਣਨ ਲਈ ਪ੍ਰੇਰਦੀ ਰਹੀ ਪਰ ਉਸ ਤੇ ਕਿਸੇ ਤਰ੍ਹਾਂ ਦਾ ਅਸਰ ਨਾ ਹੁੰਦਾ ਦੇਖ ਕੇ ਉਸ ਦੇ ਮਨ ਵਿੱਚ ਆਇਆ, ਜਿਵੇਂ ਕਹਿੰਦੇ ਹੁੰਦੇ ਹਨ, ‘ਉਹ ਸੋਨਾ ਭੱਠ ਪਵੇ ਜੋ ਕੰਨਾਂ ਨੂੰ ਖਾਵੇ’ ਕਿ ਇੱਸ ਆਦਮੀ ਤੋਂ ਛੁਟਕਾਰਾ ਪਾਇਆ ਜਾਵੇ। ਉਸਨੇ ਤਲਾਕ ਲੈਣ ਲਈ ਅਰਜ਼ੀ ਦੇ ਦਿੱਤੀ। ਕਈ ਤਰੀਕਾਂ ਤੇ ਉਹ ਨਾ ਆਇਆ ਤਾਂ ਪੁਲਸ ਨੇ ਘਰੋਂ ਜਾ ਕੇ ਲਿਆਂਦਾ। ਪਰ ਕਚਿਹਰੀ ਵਿੱਚ ਭੀ ਕਿਸੇ ਦੀ ਨਾਂ ਮੰਨੇ। ਇੱਸ ਤੇ ਕੁੜੀ ਨੂੰ ਇੱਨਾਂ ਗੁੱਸਾ ਆਇਆ ਕਿ ਉਸ ਨੇ ਛੋਟਾ ਕੱਦ ਹੁੰਦਿਆਂ ਭੀ ਉਸ ਬੰਦੇ ਨੂੰ ਢਾਹ ਕੇ ਚੰਗਾ ਕੁੱਟਿਆ, ਪੁਲਸ ਉਸ ਨੂੰ ਛਡਾਉਂਦੀ ਹੋਈ ਭੀ ਅੰਦਰੋਂ ਖੁਸ਼ ਸੀ। ਇਹ ਹੀ ਨਹੀਂ ਜੱਜ ਭੀ ਖੁਸ਼ ਸੀ। ਆਖਰ ਉਨਾਂ੍ਹ ਨੂੰ ਕਹਿਣਾ ਪਿਆ ਕਿ ਜੋ ਮਾਮਲਾ ਸਾਤੋਂ ਹੱਲ ਨਹੀਂ ਸੀ ਹੁੰਦਾ ਤੂੰ ਤਾਂ ਮਿੰਟਾਂ ਵਿੱਚ ਹਲ ਕਰ ਦਿੱਤਾ। ਉਸ ਆਦਮੀ ਨੂੰ ਤਲਾਕ ਤੇ ਦਸਤਖਤ ਕਰਨੇ ਪਏ। ਪਰ ਉਹ ਇੱਨਾਂ ਬੇਸ਼ਰਮ ਨਿਕਲਿਆ ਕਿ ਉਸਨੇ ਕਿਸੇ ਤਰ੍ਹਾਂ ਦਾ ਖਰਚਾ ਦੇਣ ਤੋਂ ਨਾਂਹ ਕਰ ਦਿੱਤੀ। ਕੁੜੀ ਨੇ ਬੜੇ ਦਿਲ ਨਾਲ ਕਚਹਿਰੀ ਵਿੱਚ ਹੀ ਬਾਬਾ ਫਰੀਦ ਜੀ ਦਾ ਇਹ ਸ਼ਲੋਕ ‘ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ’ ਉਚਾਰ ਕੇ ਕਿਹਾ ਕਿ ਇੱਸ ਕੋਲੋਂ ਖਰਚਾ ਲੈਣ ਦੀ ਕੋਈ ਲੋੜ ਨਹੀਂ ਮੈਂ ਆਪ ਹੀ ਕੰਮ ਕਰਕੇ ਗੁਜ਼ਾਰਾ ਕਰ ਲਵਾਂਗੀ। ਇਹ ਹੈ ਇੱਕ ਢੰਗ ਕੁੜੀਆਂ (ਧੀਆਂ) ਨੂੰ ਮਾਈ ਭਾਗੋ ਬਣ ਕੇ ਵਿਚਰਨ ਦਾ! ਵੇਖੋ ਫਿਰ ਸਬਰ ਦਾ ਸਿੱਟਾ! ਪਿੰਡ ਵਾਲੇ ਜੋ ਪਹਿਲਾਂ ਹੀ ਇੱਸ ਟੱਬਰ ਦੇ ਹਮਦਰਦ ਸਨ, ਹੁਣ ਪੇਕੇ ਦਰ ਮਾਂ ਕੋਲ ਆਈ ਧੀ ਦੇ ਨਾਲ ਟੱਬਰ ਦੀ ਹਰ ਤਰ੍ਹਾਂ ਦੀ ਖਾਣ ਪੀਣ ਵਿੱਚ ਮਦਦ ਕਰਨ ਲੱਗੇ।
ਇਤਿਹਾਸ ਵਿੱਚ ਬੀਬੀ ਕੁਲਵੰਤ ਕੌਰ ਜਾ ਸ਼ਰਨ ਕੌਰ (ਪੂਰਾ ਪਤਾ ਨਹੀਂ) ਸ. ਹਰੀ ਸਿੰਘ ਨਲੂਆ ਪਾਸੋਂ , ਹੋਰ ਫੌਜੀ ਮਦਦ ਲਈ ਚਿੱਠੀ ਮ. ਰਣਜੀਤ ਸਿੰਘ ਕੋਲ ਪਹੁੰਚਾਉਣ ਲਈ ਬੜੇ ਖਤਰਨਾਕ ਇਲਾਕੇ ਵਿੱਚੋਂ ਲੰਘ ਕੇ ਦਰਬਾਰ ਵਿੱਚ ਪਹੁੰਚੀ। ਚਿੱਠੀ ਡੋਗਰੇ ਲੱਖ ਲੈਂਦੇ ਹਨ ਤੇ ਫੌਜ ਨਹੀਂ ਭੇਜੀ ਜਾਂਦੀ ਇੱਸ ਦਾ ਮਾਹਾਂਰਾਜੇ ਨੂੰ ਬਾਅਦ ਵਿੱਚ ਪਤਾ ਲੱਗਦਾ ਹੈ। ਇੱਧਰ ਇੱਸ ਬੀਬੀ ਦੇ ਮਨ ਵਿੱਚ ਆਉਂਦਾ ਹੈ ਕਿ ਮੈਨੂੰ ਹੁਣ ਉਸ ਬੀਬੀ (ਸ਼ਰਨ ਕੌਰ) ਦੇ ਖਤਰਨਾਕ ਸਫਰ ਵਾਂਗ ਖਤਰਨਾਕ ਸਫਰ ਕਰਨਾ ਚਾਹੀਦਾ ਹੈ ਤਾਕਿ ਖਾਣ ਪੀਣ ਲਈ ਹੋਰਨਾਂ ਤੇ ਨਿਰਭਰ ਨਾ ਕਰਨਾ ਪਵੇ। ਉਸਨੇ ਇੰਗਲੈਡ ਦਾ ਵੀਜ਼ਾ, ਲੱਖਾਂ ਰੁਪਏ, ਕੁੱਛ ਉਧਾਰ ਤੇ ਕੁੱਛ ਜ਼ਮੀਨ ਵੇਚ ਕੇ, ਲਿਆ ਤੇ ਇੰਗਲੈਂ ਪਹੁੰਚ ਗਈ। ਚੰਗੀ ਕਿਸਮਤ ਨੂੰ ਇੱਕ ਚੰਗੇ ਕਾਰੋਬਾਰੀ ਪਾਸ ਚੰਗੀ ਤਨਖਾਹ ਤੇ ਨੌਕਰੀ ਮਿਲ ਗਈ। ਦਿਲ ਲਾਕੇ ਕੰਮ ਕਰਦੀ ਦੇਖ ਕੇ ਉਨ੍ਹਾਂ ਨੇ ਤਨਖਾਹ ਹੋਰ ਵਧਾ ਦਿੱਤੀ। ਪਿੱਛੇ ਘਰ ਦੀ ਹਾਲਤ ਦੱਸਣ ਕਰਕੇ , ਉਨ੍ਹਾਂ ਨੇ ਇੱਸਦਾ ਚੰਗਾ ਕੰਮ ਕਰਨ ਬਦਲੇ ਇੱਸਦਾ ਸਾਰਾ ਉਧਾਰ ਆਦਿ ਲਾਹ ਦਿੱਤਾ। ਕੁੱਛ ਦੇਰ ਬਾਅਦ, ਉਹ ਦੂਸਰੇ ਮੁਲਕ ਤੋਂ ਆਏ ਹੋਣ ਕਰਕੇ ਆਪਣੇ ਮੁਲਕ ਨੂੰ ਵਾਪਸ ਚਲੇ ਗਏ।
ਇੱਸ ਬੀਬੀ ਨੇ ਮਰਦਾਂ ਵਾਲੀ ਹਿੰਮਤ ਕੀਤੀ ਤੇ ਇੱਕ ਰੈਸਟੋਰੈਂਟ ਵਿੱਚ ਕੰਮ ਲੱਭ ਲਿਆ। ਕੰਮ ਕਰਨ ਦੇ ਨਾਲ ਰੈਸਟੋਰੈਂਟ ਦਾ ਕੰਮ ਭੀ ਸਿੱਖ ਲਿਆ। ਪਰ ਲੌਕਡਾਊਨ ਹੋਣ ਕਰਕੇ ਰੈਸਟੋਰੈਂਟ ਦਾ ਕੰਮ ਬੰਦ ਹੋ ਗਿਆ। ਪਰ ਬੀਬੀ ਨੇ ਕਰਾਏ ਤੇ ਕਮਰਾ ਲੈਕੇ ਰੈਸਟੋਰੈਂਟ ਵਰਗਾ ਕੰਮ ਸ਼ੁਰੂ ਕਰ ਦਿੱਤਾ। ਬੀਬੀ ਇਤਨੀ ਨੇਕਦਿਲ ਨਿਕਲੀ, ਕਿਉਂਕਿ ਉਹ ਨਿਤਨੇਮ ਕਰਦੀ ਤੇ ਬਾਣੀ ਪੜ੍ਹਦੀ ਰਹਿੰਦੀ ਸੀ, ਕਿ ਬਹੁਤ ਸਾਰੇ ਉਸ ਪਾਸੋਂ ਮੁਫਤ ਖਾ ਜਾਂਦੇ ਤੇ ਕੋਈ ਕੋਈ ਹੀ ਉਸਨੂੰ ਪੈਸੇ ਦਿੰਦਾ ਸੀ। ਇੱਕ ਇੱਸ ਕਰਕੇ ਤੇ ਇੱਕ ਹੋਰ ਗੱਲ, ਬਿਪਤਾ ਹੀ ਕਹੀ ਜਾ ਸਕਦੀ ਹੈ, ਕਿ ਇੱਕ ਸ਼ਰਾਬੀ ਬੰਦੇ ਦੀ ਤੀਵੀਂ ਜੋ ਇੱਕ ਛਿਆਂ ਮਹੀਨਿਆਂ ਦਾ ਮੁੰਡਾ ਛੱਡ ਕੇ ਚਲੇ ਗਈ ਸੀ, ਨੇ ਮੁੰਡਾ ਪਾਲਣ ਲਈ, ਕਿ ਉਹ ਇੱਸਦਾ ਖਰਚਾ ਦਿਆ ਕਰੇਗਾ, ਪਾਲਣ ਲਈ ਕਿਹਾ। ਬਿਪਤਾ ਇੱਸ ਕਰਕੇ ਕਿ ਉਹ ਕਦੇ ਪੈਸੇ ਦਿੰਦਾ ਕਦੇ ਨਹੀਂ। ਇਹ ਬੀਬੀ ਕੋਲੋਂ ਖਰਚ ਕਰਦੀ ਰਹੀ ਤੇ ਕਾਫੀ ਕਰਜ਼ਾ ਸਿਰ ਹੋ ਗਿਆ । ਆਖਰ ਤੰਗ ਆਕੇ ਮੁੰਡੇ ਨੂੰ ਸੋਸ਼ਲ ਸਰਵਿਸ ਰਾਹੀਂ ਉਸ ਸ਼ਰਾਬੀ ਕੋਲ ਛੱਡਕੇ ਉਸ ਤੋਂ ਛੁਟਕਾਰਾ ਪਾਇਆ। ਹੁਣ ਇਹ ਇਹ ਹੀ ਹੋ ਸਕਦਾ ਹੈ ਕਿ ਬੀਬੀ ਹੋਰ ਕਿਤੇ ਕੰਮ ਕਰਕੇ ਥੋੜਾ ਥੋੜਾ ਕਰਕੇ ਕਰਜ਼ਾ ਉਤਾਰੇਗੀ।
ਆਖਰ ਕਹਿਣਾ ਪਵੇਗਾ ਕਿ ਧੀਏ ਤੇਰਾ ਹਾਲ ਨਾ ਕਿਸੇ ਧੀਆਂ ਦੇ ਹੱਕਾਂ ਵਾਲੇ ਅਦਾਰੇ ਜਾ ਸਰਕਾਰ ਨੇ ਸੁਣਨਾ ਹੈ, ਤੈਨੂੰ ਆਪ ਹੀ ਮਾਈ ਭਾਗੋ ਬਣ ਕੇ, ਅਤੇ ਇੱਸ ਕਹਾਵਤ, ‘ਹਿੰਮਤੇ ਮਰਦਾਂ ਮਦਦੇ ਖੁਦਾ’ ਵਾਂਗ ਹਰ ਤਰ੍ਹਾਂ ਦੇ ਹੱਕਾਂ ਅਤੇ ਧੀਆਂ ਤੇ ਹੋ ਰਹੇ ਜ਼ੁਲਮਾਂ ਲਈ, ਵਿਚਰਨਾਂ ਪਵੇਗਾ।




.