.

ਗੁਰੂ ਨਾਨਕ ਸੰਤ ਸਿਪਾਹੀ


ਸਮੇਂ ਸਮੇਂ ਆਤਮਿਕ ਸ਼ਕਤੀ ਵਾਲੇ ਮਹਾਂਪੁਰਖ ਸੰਸਾਰ ਵਿੱਚ ਧਾਰਮਿਕ ਅਤੇ ਰਾਜਨੀਤਕ ਅਧੋਗਤੀ ਦੇ ਹਲ ਵਾਸਤੇ ਪੈਦਾ ਹੋਏ। ਉਹ ਆਪਣੇ ਆਪਣੇ ਢੰਗ ਨਾਲ ਪੇਸ਼ ਆਏ ਹਾਲਾਤ ਦਾ ਹਲ ਕਰਦੇ ਹਨ। ਇੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੀ ਨਿਰੰਕਾਰੀ ਆਤਮਿਕ ਸ਼ਕਤੀ ਨੂੰ ਨਿਰਾਲੇ ਢੰਗ ਨਾਲ ਵਰਤਿਆ ਜਾਣਾ, ਜੋ ਅਦੁੱਤੀ ਹੋ ਨਿਬੜਿਦਾ ਹੈ, ਬਾਰੇ ਗੱਲ ਕੀਤੀ ਜਾਵੇਗੀ।
ਜਿਵੇਂ ਕੋਈ ਬੰਦਾ ਮਖੀਲ (ਸ਼ਹਿਦ) ਦੀਆਂ ਮੱਖੀਆਂ ਨੂੰ ਛੇੜ ਕੇ ਆਪਣੇ ਮਗਰ ਲਾ ਲੈਂਦਾ ਹੈ, ਐਨ੍ਹ ਉਸੇ ਤਰ੍ਹਾਂ ਹੀ ਕੁੱਛ ਗੁਰੂ ਨਾਨਕ ਦੇਵ ਜੀ ਬਾਰੇ ਭੀ ਕਿਹਾ ਜਾ ਸਕਦਾ ਹੈ। ਮਖੀਲ ਦੀਆਂ ਮੱਖੀਆਂ ਨੂੰ ਛੇੜ ਕੇ ਤਾਂ ਬੰਦਾ ਉਨ੍ਹਾਂ ਤੋਂ ਬਚਣ ਦੇ ਕਈ ਹੀਲੇ ਵਰਤਦਾ ਹੈ ਪਰ ਗੁਰੂ ਜੀ ਮੱਖੀਆਂ ਵਾਲੇ ਡੰਗ ਦੇ ਮਾਲਿਕ ਬੰਦਿਆਂ ਦੇ ਡੰਗ ਨੂੰ ਐਸਾ ਖੁੰਢਾ ਕਰਦੇ ਹਨ ਕਿ ਉਹ ਗੁਰੂ ਜੀ ਅੱਗੇ ਸੱਪ ਵਾਂਗੂ ਕੀਲੇ ਜਾਂਦੇ ਹਨ ਤੇ ਗੁਰੂ ਜੀ ਦੇ ਹੀ ਬਣ ਜਾਂਦੇ ਹਨ। ਐਸਾ ਕਰਦੇ ਹੋਏ ਉਹ ਕਿਸੇ ਦੇ ਧਰਮ ਨੂੰ ਨਹੀਂ ਨਿੰਦਦੇ, ਉਹ ਇਕੱਲੇ ਇਕੱਲੇ ਸਿਰ ਕੱਢ ਬੰਦੇ ਦੀ ਕਮਜ਼ੋਰੀ ਤੇ ਗਲਤ ਸੋਚਣੀ ਨੂੰ ਲੈਂਦੇ ਹਨ। ਇਨ੍ਹਾਂ ਵਿੱਚ ਸੱਜਣ ਠੱਗ, ਵਲੀ ਕੰਧਾਰੀ, ਕੌਡਾ ਭੀਲ ਆਦਿ ਵਰਗੇ ਆਉਂਦੇ ਹਨ। ਇਸ ਦੇ ਨਾਲ ਹੀ ਗੁਰੂ ਜੀ ਦਾ ਵਾਹ ਕੁੱਛ ਐਸੇ ਬੰਦਿਆਂ ਨਾਲ ਪੈਂਦਾ ਹੈ ਜੋ ਆਪਣੀ ਗਲਤੀ ਨੂੰ ਦਿਲੋਂ ਮੰਨਦੇ ਹੋਏ ਭੀ, ਆਪਣੇ ਵਹਿਮਾਂ ਭਰਮਾਂ ਦੇ ਅਧੀਨ, ਆਪਣੀ ਅਪਣਾਈ ਚਾਲ ਨੂੰ ਛੱਡਣ ਲਈ ਬਿਲਕੁਲ ਤਿਆਰ ਨਹੀਂ, ਜਿਸ ਨੇ ਮਨੁੱਖਤਾ ਨੂੰ ਚੌਂਹ ਵਰਨਾਂ ਵਿੱਚ ਵੰਡਿਆ ਹੋਇਆ ਸੀ। ਗੁਰੂ ਜੀ ਨੇ ਇਸ, ਭਾਵ ਬ੍ਰਾਹਮਣ, ਨੂੰ ‘ਬ੍ਰਹਮ (ਪ੍ਰਮਾਤਮਾ) ਨੂੰ ਜਾਨਣ, ਭਾਵ ਖਾਲਕ (ਬ੍ਰਹਮ) ਨੂੰ ਖਲਕਤ ਵਿੱਚ ਵੇਖਣ ਤੇ ਮਨੁੱਖ ਨੂੰ ਮਨੁੱਖ ਸਮਝਣ ਅਤੇ ਸਬਰ ਸੰਤੋਖ ਦਾ ਲੜ ਫੜ ਕੇ ਚੱਲਣ ਨੂੰ ਕਿਹਾ ਸੀ। ਇਹ ਪਰਮਾਤਮਾ ਤੇ ਮਨੁੱਖਤਾ ਦੇ ਪਿਆਰ ਨਾਲ ਲਬਰੇਜ਼, ਭਾਵ ਮਨੁੱਖਤਾਵਾਦੀ ਵਿਚਾਰ, ਜੋ ਉੱਸ ਸਮੇਂ ਤੋਂ ਬਹੁਤ ਅੱਗੇ ਤੇ ਬ੍ਰਾਹਮਣ ਦੀ ਸੋਚ ਨਾਲ ਮੇਚ ਨਹੀਂ ਖਾਂਦੇ ਸਨ। ਬ੍ਰਾਹਮਣ ਆਪਣੇ ਹੱਠ ਤੇ ਕਾਇਮ ਰਿਹਾ ਤੇ ਲੱਗਦਾ ਹੈ ਕਿ ਉਹ ਆਪਣੇ ਹੱਠ ਨੂੰ ਕਦੇ ਛੱਡੇਗਾ ਭੀ ਨਹੀਂ।
ਇਹ ਆਪਣੇ ਸਵਾਰਥ ਭਰੇ ਲਾਹੇਵੰਦ ਰਾਹ ਨੂੰ ਇਸ ਲਈ ਨਹੀਂ ਛੱਡ ਰਿਹਾ ਕਿ ਇਹ ਆਪ ਹਰ ਤਰ੍ਹਾਂ ਸੁਜਾਖਾ ਹੁੰਦਾ ਹੋਇਆ ਆਪਣੇ ਪਿੱਛ ਲਾਈ ਅੰਨ੍ਹੀ ਭੀੜ, ਜੋ ਹਰ ਪੱਖੋਂ ਘਾਟੇ ਵਿੱਚ ਚਲੀ ਆ ਰਹੀ ਹੈ, ਨੂੰ ਕਈ ਤਰ੍ਹਾਂ ਦੀ ਭਟਕਣ ਵਿੱਚ ਪਾ ਕੇ ਆਪਣੇ ਪਿੱਛੇ ਤੋਰੀ ਫਿਰਦਾ ਹੈ। ਵੈਸੇ ਬ੍ਰਾਹਮਣ ਬੜੇ ਬੜੇ ਨਾਟਕਕਾਰਾਂ ਅਤੇ ਨਾਵਲਕਾਰਾਂ ਨੂੰ ਭੀ ਮਾਤ ਪਾ ਜਾਂਦਾ ਹੈ ਜਦ ਉਹ ਹਜ਼ਾਰਾਂ ਮਨੋਂ-ਕਲਪਤ ਦੇਵੀ ਦੇਵਤਿਆਂ ਅਤੇ ਅਵਤਾਰਾਂ (ਇੱਕ ਹੀ ਮਿਸਾਲ ਬੱਚੇ ਦੇ ਗਲੇ ਤੇ ਮੁੜ ਕੇ ਬੱਚੇ ਦਾ ਸਿਰ ਲਾਉਣ ਦੀ ਥਾਂ ਹਾਥੀ ਦਾ ਸਿਰ ਲਾਉਣ ਵਾਲੇ ਗਣੇਸ਼ ਦੇਵਤੇ ਦੀ ਲਵੋ, ਜਿੱਸ ਨੂੰ ਸੱਭ ਪੜ੍ਹੇ ਲਿਖੇ ਵਿਦਵਾਨ ਹਿੰਦੂ ਤੱਕ ਸੱਚ ਮੰਨ ਕੇ ਉਸ ਦੀ ਪੂਜਾ ਤੱਕ ਕਰੀ ਜਾਂਦੇ ਹਨ) ਬਾਰੇ ਬੜੇ ਰੋਚਕ ਢੰਗ ਨਾਲ ਲਿਖ ਕੇ ਅਤੇ ਉਨ੍ਹਾਂ ਦੇ ਮੰਦਰ ਬਣਾ ਕੇ ਮਨ-ਭਾਉਂਦੀ ਲੁੱਟ ਸ਼ੁਰੂ ਕਰਦਾ ਹੈ ਤੇ ਕਰੀ ਜਾ ਰਿਹਾ ਹੈ।
ਗੁਰੂ ਨਾਨਕ ਸਾਹਿਬ ਨੇ ਛੋਟੀ ਉਮਰ ਵਿੱਚ ਹੀ ਇਸ ਅੰਨ੍ਹੇਰੇ ਵਿੱਚ ਭਟਕਦੇ ਹਿੰਦੂ ਕਾਫਲੇ ਤੋਂ, ਜਿੱਸ ਬਾਰੇ ਭਗਤ ਨਾਮਦੇਵ ਜੀ ਨੇ ਪਹਿਲਾਂ ਹੀ ‘ਹਿੰਦੂ ਅੰਨ੍ਹਾ’ ਕਿਹਾ ਹੋਇਆ ਸੀ, ਵੱਖਰਾ ਰਾਹ ਅਖਤਿਆਰ ਕਰ ਲਿਆ। ਭਾਵ ਗੁਰੂ ਸਾਹਿਬ ਨੇ ਚੱਲ ਰਹੀ ਧਾਰਾ ਦੇ ਨਾਲ ਨਾਲ ਆਪਣਾ ਵੱਖਰਾ ਰਾਹ ਬਣਾ ਲਿਆ ਅਤੇ ਉਸ ਤੋਂ ਵੱਖ ਹੋ ਗਏ ਤੇ ਕਿਤੇ ਕਿਤੇ ਉਸ ਦੇ ਨਾਲ ਭੀ ਚੱਲੇ। ਗੁਰੂ ਜੀ ਦਾ ਇਹ ਰਾਹ ਫਰਾਂਸ ਦੇ ਦਾਰਸ਼ਨਿਕ ਵਾਲਟੇਅਰ ਅਨੁਸਾਰ ਸੀ, ਜੋ ਕਹਿੰਦਾ ਹੈ ਕਿ ‘ਦਰਸ਼ਨ ਦੇ ਦੋ ਮਹਾਨ ਅਵੱਸ਼ਕ ਨਿਸ਼ਾਨੇ ਹਨ, ‘ਇਕ ਇਹ ਲੱਭਣਾ ਕਿ ਸੱਚ ਕੀ ਹੈ ਅਤੇ ਦੂਸਰਾ ਜੋ ਯੋਗ ਹੈ ਉਸ ਨੂੰ ਵਰਤੋਂ ਵਿੱਚ ਲਿਆਉਣ’। ਗੁਰੂ ਸਾਹਿਬ ਦੇ ਇਹ ਵਿਚਾਰ ਸਨ ਕਿ ਆਪਸੀ ਵਿਚਾਰ ਵੱਖਰੇ ਹੋਣ ਕਾਰਨ ਆਪਸੀ ਦੁਸ਼ਮਣੀ ਨਹੀਂ ਹੋਣੀ ਚਾਹੀਦੀ, ਜਿੱਸ ਤੇ ਉਨ੍ਹਾਂ ਨੇ ਇਹ ਕਹਿ ਕੇ ਮੁਹਰ ਲਾਈ ‘ਅਸੀਂ ਸਭਨਾਂ ਦੇ ਸਾਜਨ ਹਾਂ’। ਗੁਰੂ ਸਾਹਿਬ ਨੇ ਸੱਚ (ਰੱਬ ਜੀ) ਅਤੇ ਉਸ ਦੇ ਦੱਸੇ ਸੱਚੇ ਰਾਹ ਤੇ ਆਪ ਚੱਲਣ ਤੇ ਸੱਭ ਲੁਕਾਈ ਨੂੰ ਆਪਣੇ ਹਲਤ ਪਲਤ ਦੇ ਸਵਾਰਨ ਲਈ ਸੱਚ ਤੇ ਚੱਲਣ ਲਈ ਹੋਕਾ ਦੇਣ ਦਾ ਬੀੜਾ ਚੁੱਕ ਲਿਆ। ਇਹ ਕੰਮ ਗੁਰੂ ਨਾਨਕ ਸਾਹਿਬ ਨੇ ਆਪਣੇ ਅਤੇ ਭਗਤ ਸਾਹਿਬਾਨ ਦੇ ਵਿਚਾਰਾਂ ਸਮੇਤ ਮਿਸ਼ਨ ਬਣਾ ਕੇ ਚੌਹਾਂ ਕੁੰਟਾਂ ਤੱਕ ਪਹੁੰਚਾਉਣ ਦਾ ਕੰਮ ਅਰੰਭਿਆ। ਸੱਭ ਤੋਂ ਪਹਿਲਾਂ ਉਨ੍ਹਾਂ ਨੇ ਭਾਰਤੀ ਅੰਨ੍ਹੀ ਤੇ ਗਿਆਨ ਵਿਹੂਣੀ ਪਰਜਾ ਨੂੰ ਜਗਾ ਕੇ ਕਰਮ ਕਾਂਡ ਦੇ ਚੁੰਗਲ, ਜੋ ਬ੍ਰਾਹਮਣ ਨੇ ਖਾਸ ਕਰਕੇ ਤੇ ਨਾਲ ਲੱਗਦੇ ਮੌਲਾਣਿਆਂ ਨੇ ਘੜਿਆ ਹੋਇਆ ਸੀ, ਵਿੱਚੋਂ ਕੱਢ ਕੇ ਆਪਣੇ ਪੈਰਾਂ ਤੇ ਖੜੇ ਕਰਨ ਤੇ ਸਿੱਧੇ ਪ੍ਰਮਾਤਮਾ ਨਾਲ ਜੋੜਨ ਦਾ ਐਸਾ ਕਾਰਜ ਅਰੰਭਿਆ ਕਿ ਜੋ ਲੋਕ ਆਪਣੇ ਆਪ ਨੂੰ ਦੱਬੇ ਘੁੱਟੇ ਮਹਿਸੂਸ ਕਰਦੇ ਸਨ ਉਹ ਗੁਰੂ ਸਾਹਿਬ ਨਾਲ ਜੁੜਨ ਲੱਗੇ ਤੇ ਸੱਭ ‘ਇੱਕ ਪਿਤਾ ਤੇ ਇੱਕ ਪਿਤਾ (ਪ੍ਰਭੂ) ਦੇ ਬਾਲਕ’ ਵਜੋਂ ਸੰਗਤੀ ਰੂਪ ਵਿੱਚ ਜੁੜ ਕੇ ਆਪਣੇ ਆਪ ਨੂੰ ਹਲਕੇ ਫੁਲਕੇ ਤੇ ਆਜ਼ਾਦ ਅਨੁਭਵ ਕਰਨ ਲੱਗੇ। ਇਹ ਦੇਖ ਕੇ ਹੀ ਮੁਹੰਮਦ ਇਕਬਾਲ ਨੇ ਕਿਹਾ ਸੀ ਕਿ ਇੱਕ ਮਰਦੇ ਕਮਾਲ ਨੇ ਸੁੱਤੇ ਪਏ ਹਿੰਦੁਸਤਾਨ ਨੂੰ ਜਗਾ ਦਿੱਤਾ ਹੈ ਅਤੇ ਡਾ. ਨਰੇਸ਼ ਨੇ ਭੀ ਗੁਰੂ ਸਾਹਿਬ ਨੂੰ ‘ਸੁੱਤੇ ਪਏ ਭਾਰਤ ਨੂੰ ਜਗਾਉਣ ਵਾਲਾ ਦਰਵੇਸ਼ ਗੁਰੂ ਨਾਨਕ’ ਕਹਿ ਕੇ ਨਿਵਾਜ਼ਿਆ ਸੀ। ਸਾਬਕਾ ਰਾਸ਼ਟਰਪਤੀ ਡਾ. ਐਸ. ਰਾਧਾਕ੍ਰਿਸ਼ਨਨ, ਗੁਰੂ ਸਾਹਿਬ ਨੂੰ ‘ਵਿਸ਼ਵ ਮਹਾਂਪੁਰਖ ਗੁਰੂ ਨਾਨਕ’ ਕਹਿ ਕੇ ਬਿਆਨ ਕਰਦੇ ਹਨ ਕਿ ਗੁਰੂ ਜੀ ‘ਧਰਮ ਅਤੇ ਮਨੁੱਖਤਾ ਦੀ ਭਾਵਨਾ ਸੁਰਜੀਤ ਕਰਨ ਲਈ ਪ੍ਰਗਟ ਹੋਏ ਸਨ ਅਤੇ ਉਨ੍ਹਾਂ ਨੇ ਪਰਮਾਤਮਾ ਵਿੱਚ ਸ਼ਰਧਾ ਰੱਖਣ ਵਾਲੇ ਅਤੇ ਸਭਨਾਂ ਲਈ ਬਰਾਬਰੀ ਅਤੇ ਭਾਈਵਾਰੇ ਦੇ ਭਾਵਾਂ ਨਾਲ ਪਰੀਪੂਰਨ ਪੁਰਖਾਂ ਇਸਤਰੀਆਂ ਦਾ ਇੱਕ ਰਾਸ਼ਟਰ ਬਣਾਉਣਾ ਚਾਹਿਆ’। ਇਹ ਕਿਤਨੀ ਢੁੱਕਵੀਂ ਸੋਚ ਹੈ, ਕਿਉਂਕਿ ਭਾਈ ਗੁਰਦਾਸ ਜੀ ਨੇ ਪਹਿਲਾਂ ਹੀ ਇਨ੍ਹਾਂ ਸ਼ਬਦਾਂ ਵਿੱਚ ਦਰਸਾਇਆ ਹੋਇਆ ਸੀ ਕਿ ਗੁਰੂ ਜੀ ਨੇ ‘ਕੀਤੋਨ ਪੰਥ ਨਿਰਾਲਾ’, ਜੋ ਬਾਅਦ ਵਿੱਚ ਖਾਲਸਾ ਪੰਥ ਹੋ ਨਿਬੜਿਆ।
ਗੁਰੂ ਨਾਨਕ ਸਾਹਿਬ ਵਲੋਂ ਧਰਮਨਿਰਪੇਖ ਧਾਰਮਿਕਤਾ ਨੂੰ ਪੁਖਤਾ ਇੱਕਰੂਪਤਾ ਵਿੱਚ ਪੇਸ ਕਰਨਾ, ਪ੍ਰਮਾਤਮਾ ਵਲੋਂ ਬਿਨਾਂ ਮੰਗੇ ਪ੍ਰਾਪਤ ਹੋ ਰਹੀਆਂ ਕੁਦਰਤੀ ਨਿਹਮਤਾਂ ਹਵਾ, ਬਾਰਿਸ਼, ਰੌਸ਼ਨੀ, ਗਰਮਾਇਸ਼ ਆਦਿ ਵਾਂਗ ਸੀ। ਆਪਣੀਆਂ ਉਦਾਸੀਆਂ ਰਾਹੀਂ, ਰੱਬ ਜੀ ਨੂੰ ਲੱਭਣ ਲਈ ਭਟਕਣਾਂ ਦੇ ਰਾਹ ਪਏ ਧਾਰਮਿਕ ਆਗੂਆਂ ਅਤੇ ਪਰਜਾ ਨੂੰ ਇੰਨਸਾਫ ਦਾ ਰਾਜ ਦੇਣ ਦੀ ਥਾਂ ਪਰਜਾ ਤੇ ਜ਼ੁਲਮ ਕਰਨ ਵਾਲੇ ਰਾਜਿਆਂ ਨੂੰ ਢੁੱਕਵੀਂਆਂ ਥਾਵਾਂ ਤੇ ਆਪ ਜਾ ਕੇ, ਹਾਂ ਜੀ ਆਪ ਜਾ ਕੇ, ਢੁੱਕਵੀਂ ਸਿਖਿਆ ਔਖੇ ਪੈਂਡੇ ਤੈ ਕਰਕੇ ਸੰਸਾਰ ਵਿੱਚ ਸੁੱਖ ਸ਼ਾਂਤੀ ਦਾ ਮਾਹੌਲ ਪੈਦਾ ਕਰਨ ਲਈ ਦਿੱਤੀ। ਉਨ੍ਹਾਂ ਦੀ ਇਹ ਸਿੱਖਿਆ ਤਾਜ਼ੇ ਫੁੱਲਾਂ ਦੀ ਮਹਿਕ ਹੋ ਨਿਬੜੀ। ਕਿਉਂਕਿ ਐਸਾ ਕਰਦੇ ਹੋਏ ਗੁਰੂ ਸਾਹਿਬ ਨੇ ਕਿਸੇ ਦੀ ਨਿਖੇਧੀ ਨਹੀਂ ਕੀਤੀ, ਉਨ੍ਹਾਂ ਦੀਆਂ ਕਮਜ਼ੋਰੀਆਂ ਤੇ ਗਲਤ ਢੰਗਾਂ ਦੀ ਸੋਧ ਕਰਨ ਲਈ ਜ਼ਰੂਰ ਕਿਹਾ, ਜਿਵੇਂ ‘ਆਰਤੀ ਕਿਸ ਦੀ ਤੇ ਕਿਵੇਂ ਕਰਨੀ ਹੈ ਤੇ ਖੁਦਾ ਦੀ ਨਮਾਜ਼ ਕਿਵੇਂ ਪੜ੍ਹਨੀ ਹੈ’ ਅਤੇ ਬਾਬਰ ਵਰਗੇ ਨੂੰ ਸਮਝਾ ਦਿੱਤਾ ਕਿ ਕਿਵੇਂ ‘ਇੱੰਨਸਾਫ ਦਾ ਰਾਜ ਕਰਨਾ ਹੈ’। ਅੱਜ ਦੇ ਹੁਕਮਰਾਨ ਤਾਂ, ਖਾਸ ਕਰਕੇ ਭਾਰਤੀ ਹੁਕਮਰਾਨ, ਪੜ੍ਹੇ ਲਿਖੇ ਯੁਗ ਵਿੱਚ ਭੀ, ਉਸ ਸਮੇਂ ਨਾਲੋਂ ਭੀ ਵੱਧ ਪਰਜਾ ਦੇ ਹੱਕ ਮਾਰਨ ਤੇ ਜ਼ੁਲਮ ਕਰਨ ਵਿੱਚ ਉਸ ਯੁੱਗ ਨੂੰ ਮਾਤ ਪਾ ਰਹੇ ਹਨ, ਖਾਸ ਕਰਕੇ ਵਰਤਮਾਨ ਹੁਕਮਰਾਨ, ਜੋ ਦੇਸ ਦੀ ਆਜ਼ਾਦੀ ਦੇ ਘੋਲ ਸਮੇਂ ਲੁਕ ਕੇ ਬੈਠੇ ਰਹੇ ਪਰ ਹੁਣ ਹੱਥ ਆਈ ਤਾਕਤ ਦੇ ਨਸ਼ੇ ਵਿੱਚ …. ! ੧੯੪੭ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਇਦਿਆਂ (ਲਾਰਿਆਂ) ਤੋਂ ਮੁਕਰਨਾਂ ਅਤੇ ਅੰਤਰ-ਰਾਸ਼ਟਰੀ ਕਾਨੂੰਨ ਤੇ ਭਾਰਤੀ ਵਿਧਾਨਿਕ ਕਾਨੂੰਨ ਵਿਰੁੱਧ ਪੰਜਾਬ ਦੇ ਦਰਿਆਂਵਾਂ ਦੇ ਪਾਣੀ ਤੇ ਸਿਰਫ ਪੰਜਾਬ ਦੇ ਹੱਕ ਦੇ ਉਲਟ ਪਾਣੀ ਆਪਣੇ ਕਬਜ਼ੇ ਵਿੱਚ ਲੈ ਕੇ, ਇਸ ਪਾਣੀ ਤੇ ਕਿਸੇ ਤਰ੍ਹਾਂ ਦਾ ਹੱਕ ਨਾ ਹੋਣ ਵਾਲੇ ਪ੍ਰਾਂਤਾਂ ਨੂੰ ਮੁਫਤੋ ਮੁਫਤੀ ਦੇਣਾ। ਪੰਜਾਬ ਕੋਲ ਆਪਣਾ ਪਾਣੀ ਤੇ ਬਿਜਲੀ ਹੋਣ ਕਰਕੇ ਪੰਜਾਬ ਕੋਲੇ ਨਾਲ ਬਿਜਲੀ ਕਿਉਂ ਬਣਾਏ, ਦੂਸਰੇ ਪਰਾਂਤ ਬਨਾਉਣ। ਹੋਰ ਬਹੁਤ ਕੁੱਛ ਸਿੱਖਾਂ ਅਤੇ ਘੱਟ-ਗਿਣਤੀਆਂ ਨਾਲ ਜ਼ਾਲਮਾਨਾਂ ਵਤੀਰੇ ਦੇ ਹਨ।
ਗੁਰੂ ਜੀ ਦੀ ਵਿਚਾਰਧਾਰਾ ਵੱਖ ਵੱਖ ਮਤਾਂ ਨੂੰ ਜੋੜਨ ਲਈ ਸਰਬ-ਸਾਂਝੀ ਹੈ। ਇੱਸ ਤੇ ਚੱਲ ਕੇ ਹੀ ਸੰਸਾਰ ਵਿੱਚ ਸ਼ਾਂਤੀ ਦਾ ਮਾਹੌਲ ਪੈਦਾ ਹੋ ਸਕਦਾ ਹੈ। ਇਸ ਦੇ ਨਾਲ ਗੁਰੂ ਸਾਹਿਬ ਦੀ ਸੱਭ ਤੋਂ ਬੜੀ ਸੰਸਾਰ ਨੂੰ ਦੇਣ, ‘ਜਿੱਥੇ ਉੱਚੀ ਜਾਤੀ (ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ) ਉਨ੍ਹਾਂ ਦੇ ਗਿਆਨ (ਸ਼ਬਦ) ਤੋਂ ਵਾਂਝੀ ਰਹੀ ਉੱਥੇ ਦੱਬੀ ਕੁਚਲੀ ਜੰਤਾ ਨੇ ਇਹ ਗਿਆਨ ਆਪਣੇ ਧੁਰ-ਅੰਦਰ ਦਿਲਾਂ ਵਿੱਚ ਵਸਾ ਲਿਆ ਤੇ ਆਪਣੇ ਵਿੱਚ ਸਵੈ-ਵਿਸ਼ਵਾਸ਼ ਭਰ ਕੇ ਆਪਣੇ ਆਪ ਨੂੰ ਬਰਾਬਰ ਦੇ ਮਨੁੱਖ ਸਮਝ ਕੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਅਤੇ ਸ਼ਹੀਦੀ ਦਾ ਸੋਮਾ ਤੱਕ ਬਣਾ ਲਿਆ।
ਜਿੱਥੇ ਗੁਰੂ ਸਾਹਿਬ ਦਾ ਧਾਰਮਿਕ ਤੇ ਰਾਜਨੀਤਕ ਸ਼ਖਸੀਅਤਾਂ ਨੂੰ ਸਿੱਖਿਆ ਦੇਣ ਦਾ ਆਪਣਾ ਹੀ ਨਿਰਾਲਾ ਢੰਗ ਸੀ ਉੱਥੇ ਆਮ ਜੰਤਾ ਨੂੰ ਆਪਣੇ ਜੀਵਨ ਨੂੰ ਸੁਧਾਰਨ ਲਈ ਉਨ੍ਹਾਂ ਦੀ ਬੋਲੀ ਅਤੇ ਉਨ੍ਹਾਂ ਦੇ ਕੰਮ ਕਾਰ ਤੇ ਸਮਝਣ ਵਾਲੇ ਸੰਕੇਤਾਂ ਰਾਹੀਂ ਬੜੀ ਨਿਮਰਤਾ ਸਹਿਤ ਭਾਵ ‘ਨੀਚਾਂ ਅੰਦਰ ਨੀਚ’ ਬਣ ਕੇ ਸਿੱਖਿਆ ਦਿੱਤੀ ਗਈ। ਸੰਖੇਪ ਵਿੱਚ, ਇੱਸ ਸਬੰਧੀ ਕਿਸਾਨ, ਸੁਨਿਆਰਾ ਆਦਿ ਦਾ ਵੇਰਵਾ ਖਾਸ ਮਹੱਤਤਾ ਰੱਖਦਾ ਹੈ। ਕਿਸਾਨ ਨੂੰ ਉਸ ਦੇ ਕੰਮ ਰਾਹੀਂ ਅਮਲਾਂ ਦੀ ਧਰਤੀ ਵਿੱਚ ਨਾਮ ਦਾ ਬੀਜ ਬੀਜ ਕੇ ਜੀਵਨ ਦੀ ਘਾੜਤ ਦਾ ਹੁਨਰ ਦੱਸਿਆ ਅਤੇ ਮੌਤ ਨੂੰ ਮੁਖ ਰੱਖ ਕੇ ਕਿਸਾਨ ਨੂੰ ਪੱਕੀ ਫਸਲ ਵੱਢਣ ਵਾਂਗ ਮੌਤ ਲਈ ਤਿਆਰ ਰਹਿਣ ਦਾ ਸੰਦੇਸ਼ ਦਿੱਤਾ ਹੈ। ਇੱਸ ਦੇ ਨਾਲ ਹੀ ਜਤ ਸਤ ਦਾ ਸੁਹਾਗਾ ਦੇ ਕੇ ਚੰਗੀ ਫਸਲ ਉਗਾਉਣ ਅਤੇ ਗੋਡੀ ਰਾਹੀਂ ਉਸ ਵਿੱਚੋਂ ਨਦੀਣ ਕੱਢਣ ਵਾਂਗ, ਅਤੇ ਜ਼ਬਤ ਦੀ ਵਾੜ ਬਣਾ ਕੇ ਜੀਵਨ ਨੂੰ ਢਾਹ ਲਾਉਣ ਵਾਲੇ ਪੰਜ ਦੂਤਾਂ ਨੂੰ ਕਾਬੂ ਵਿੱਚ ਰੱਖਣ ਦਾ ਨਿਯਮ ਦੱਸਿਆ। ਸੱਚ ਭਾਵ ਰੱਬ ਜੀ ਨੂੰ ਮਨ ਵਿੱਚ ਵਸਾ ਕੇ ਸੁਨਿਆਰੇ, ਚਾਕਰੀ ਤੇ ਸੌਦਾਗਰੀ ਤੱਕ ਕਰਨ ਵਾਲਿਆਂ ਨੂੰ ਬੜੀ ਢੁੱਕਵੀਂ ਸਿੱਖਿਆ ਹੈ। ਐਸੇ ਜ਼ਾਬਤੇ ਵਿੱਚ ਵਿਚਰਨ ਵਾਲਿਆਂ ਨੇ ਗੁਰੂ ਸਾਹਿਬ ਦੇ ‘ਸ਼ਬਦ’ - ‘ਨਾਮ’ ਰਾਹੀਂ ਮਿਲੀ ਸ਼ਕਤੀ ਦੇ ਆਧਾਰ ਤੇ ਸਿਰ ਤਲੀ ਤੇ ਇੱਸ ਤਰ੍ਹਾਂ ਰੱਖ ਲਿਆ ਕਿ ਜੀਉਂਦੇ ਜੀ ਪੱਤ ਦੀ ਰਾਖੀ ਕਰਨੀ, ਆਜ਼ਾਦੀ ਨਾਲ ਰਹਿਣ ਅਤੇ ਮੌਕਾ ਮਿਲਣ ਤੇ ਰਾਜ ਤੱਕ ਕਰਨ ਦੀ ਸੋਚ ਨੂੰ ਮਨਾਂ ਵਿੱਚ ਵਸਾ ਲਿਆ। ਸ਼ਬਦ ਨੂੰ ਮਨ ਵਿੱਚ ਵਸਾ ਕੇ ਅਤੇ ਗੁਰੂ ਸਾਹਿਬ ਦੀ ਸਿੱਖਿਆ ਤੇ ਫੁੱਲ ਚੜ੍ਹਾਉਂਦੇ ਹੋਏ ਗੁਰੂ ਦੇ ਦੁਲਾਰਿਆਂ ਨੇ ਅਠ੍ਹਾਰਵੀਂ ਸਦੀ ਵਿੱਚ ਜੋ ਮ੍ਹਾਰਕੇ ਮਾਰੇ ਤੇ ਗੁਰੂ ਜੀ ਦੀ ਸੋਚ ਨੂੰ ਸਮਰਪਤ (ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ (ਜਿੱਸ ਨੇ ਜਾਗੀਰਦਾਰਾਂ ਤੋਂ ਜ਼ਮੀਨ ਖੋਹ ਕੇ ਕਿਸਾਨਾਂ ਨੂੰ ਦਿੱਤੀ ਤੇ ਜੋ ਅੱਜ ਪਰਧਾਨ ਮੰਤਰੀ ਮੋਦੀ ਕਿਸਾਨਾਂ ਤੋਂ ਖੋਹ ਕੇ ਜਾਗੀਦਾਰਾਂ ਨੂੰ ਦੇਣਾਂ ਚਾਹੁੰਦਾ ਹੈ) ਤੇ ਫਿਰ ਮਾਹਾਰਾਜਾ ਰਣਜੀਤ ਸਿੰਘ ਨੇ) ਜੋ ਰਾਜ ਕਰ ਵਿਖਾਇਆ, ਉਸ ਨੇ ਤਾਂ ਦੁਨੀਆਂ ਦੇ ਉੱਚ-ਕੋਟੀ ਦੇ ਵਿਦਵਾਨਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਗੁਰੂ ਜੀ ਦੇ ਖਾਲਸੇ ਅਤੇ ਗੁਰੂ ਸਾਹਿਬ ਦੀ ਦਿਲੋਂ ਲਾ ਕੇ ਸਿਫਤ ਕੀਤੀ।
ਗੁਰੂ ਸਾਹਿਬ ਦੀਆਂ ਬਹੁਪੱਖੀ ਬਖਸ਼ਿਸ਼ਾਂ ਵਿੱਚੋਂ ਖਾਸ ਬਖਸ਼ਿਸ਼, ਸਾਰੇ ਰੱਬ ਜੀ ਦੇ ਬਾਰਕ ਹੋਣ ਕਰਕੇ ਸੰਗਤੀ ਰੂਪ ਵਿੱਚ ਇਸਤਰੀ ਮਰਦ ਇਕੱਠੇ ਸੁਹਾਗਣ ਪਤਨੀ ਵਾਂਗ ਰੱਬ ਜੀ ਦੀ ਭਗਤੀ ਵਿੱਚ ਜੁੜਨ ਦੀ ਹੈ। ਗੁਰੂ ਸਾਹਿਬ ਨੇ ਸੱਭ ਮਰਦਾਂ ਇਸਤਰੀਆਂ ਨੂੰ ਇਸਤਰੀ ਰੂਪ ਵਿੱਚ ਤੇ ਰੱਬ ਜੀ ਨੂੰ ਪਤੀ ਦੇ ਰੂਪ ਵਿੱਚ ਦਰਸਾਇਆ ਹੈ। ਪਰਮਾਤਮਾ ਤੇ ਪੁੱਤ ਦੇ ਰੂਪ ਵਿੱਚ ਨਹੀਂ, ਕਿਉਂਕਿ ਪੁੱਤ ਕਪੁੱਤ ਹੋ ਸਕਦਾ ਹੈ, ਸੁਹਾਗਣ, ਸੁਹਾਗਣ ਹੀ ਰਹਿੰਦੀ ਹੈ। ਇੱਥੋਂ ਸ਼ੁਰੂ ਹੁੰਦੀ ਹੈ ਇਸਤਰੀ ਜਾਤੀ ਦੀ ਇਨਸਾਨੀ ਖੇਤਰ ਵਿੱਚ ਬਰਾਬਰਤਾ ਤੇ ਢੁੱਕਵੀਂ ਇੱਜ਼ਤ, ਜਿਸ ਤੋਂ ਉਹ ਸਦੀਆਂ ਤੋਂ ਵਾਂਝੀ ਹੀ ਨਹੀਂ ਸੀ, ਕਈ ਨਿਰਾਦਰੀ ਭਰੇ ਸ਼ਬਦਾਂ ਰਾਹੀਂ ਦੁਰਕਾਰੀ ਜਾਂਦੀ ਸੀ। ਗੁਰੂ ਸਾਹਿਬ ਨੇ ਤਾਂ ਇਸਤਰੀ ਨੂੰ ਮਨੁੱਖ ਜਾਤੀ ਦੀ ਜਨਮ-ਦਾਤੀ ਕਹਿ ਕੇ ਸਤਿਕਾਰ ਬਖਸ਼ਿਆ। ਕਈ ਸਮਾਜਾਂ ਵਿੱਚ ਤਾਂ ਇਸਤਰੀ ਨੂ ਬੜੀ ਜਦੋ-ਜਿਹਦ ਕਰਕੇ ਬਰਾਬਰਤਾ ਦੇ ਹੱਕ ਮਲੇ ਹਨ। ਸੋ ਗੁਰੂ ਸਾਹਿਬ ਦੀ ਸੋਚ ਤੇ ਪਹਿਰਾ ਦੇ ਕੇ ਸਮੁੱਚੀ ਦੁਨੀਆਂ ਨੂੰ ਇਸਤਰੀ ਨੂੰ ਬਣਦੀ ਥਾਂ ਦੇ ਕੇ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ। ਇਸ ਨਾਲ ਉਹ ਬੱਚਿਆਂ ਨੂੰ ਚੰਗੇ ਆਚਰਨ ਵਾਲੇ ਸ਼ਹਿਰੀ ਸਿਰਜਣ ਵਿੱਚ ਐਸਾ ਹਿੱਸਾ ਪਾ ਸਕਦੀ ਹੈ ਜੋ ਮਰਦ ਭੀ ਨਹੀਂ ਪਾ ਸਕਦਾ।
ਅੰਤ ਵਿੱਚ ਗੁਰੂ ਜੀ ਦੇ ਸਬੰਧ ਵਿੱਚ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਗੁਰੂ ਜੀ ਮੀਰੀ ਪੀਰੀ ਦੇ ਮਾਲਿਕ ਹੁੰਦੇ ਹੋਏ, ਬਾਬਰ ਨੂੰ ਜਾਬਰ ਕਹਿਣ ਤੇ ਮਲਕ ਭਾਗੋ ਦੇ ਮਹਾਂ-ਭੋਜ ਨੂੰ ਠੁਕਰਾਉਣ ਵਾਲੇ, ਉਹ ਮਹਾਨ ਸੰਤ-ਸਿਪਾਹੀ ਸਨ ਜਿਨ੍ਹਾਂ ਨੇ ਉਪਰੋਕਤ ਦਰਸਾਈਆਂ ਪਰਾਪਤੀਆਂ ਦੁਆਰਾ ‘ਅਜਿਹੇ ਪੰਥ ਦੀ ਨੀਂਹ ਰੱਖੀ ਹੈ, ਜੋ ਦਿਨ ਬਾ ਦਿਨ ਵੱਧਦਾ-ਫੁੱਲਦਾ ਰਹੇਗਾ ਤੇ ਕਿਸੇ ਭੀ ਸਮੇਂ ਡੋਲੇਗਾ ਨਹੀਂ। ਯਥਾ ਗੁਰਵਾਕ: ‘ਅਬਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜ੍ਹੈ ਸਵਾਈ’॥ (ਅੰਗ. ੫੦੦) ‘ਅਬਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ’॥ (ਅੰਗ. ੧੨੨੬)

(ਸ. ਗੁਰਸਾਗਰ ਸਿੰਘ ਐਮ. ਏ. ਪੰਜਾਬੀ ਅਤੇ ਅੰਗਰੇਜ਼ੀ)




.