.

ਧਰਮ ਦੇ ਨਾਮ ਤੇ ਅਧਰਮ ਫੈਲਾਉਣ ਵਾਲਿਆਂ ਤੋਂ ਸੁਚੇਤ ਰਹੋ

ਭਾਵੇਂ ਕਿ ਮੇਰਾ ਕਿਸੇ ਵੀ ਧਰਮ ਨਾਲ ਕੋਈ ਵੀ ਸੰਬੰਧ ਨਹੀਂ ਹੈ ਪਰ ਫਿਰ ਵੀ ਜੋ ਲੋਕ ਧਰਮ ਦੇ ਨਾਮ ਤੇ ਲੋਕਾਈ ਨੂੰ ਗੁਮਰਾਹ ਕਰਕੇ ਅਧਰਮ ਫੈਲਾ ਰਹੇ ਹਨ ਅਜਿਹੇ ਲੋਕਾਂ ਬਾਰੇ ਹਰ ਇੱਕ ਇਨਸਾਨ ਦਾ ਥੋੜਾ ਬਹੁਤ ਫ਼ਰਜ ਜਰੂਰ ਬਣਦਾ ਹੈ ਕਿ ਉਹ ਅਜਿਹੇ ਲੋਕਾਂ ਬਾਰੇ ਆਮ ਲੋਕਾਈ ਨੂੰ ਸੁਚੇਤ ਕਰਨ ਬਾਰੇ ਆਪਣਾ ਥੋੜਾ ਬਹੁਤ ਯੋਗਦਾਨ ਜਰੂਰ ਪਉਣ ਤਾਂ ਕਿ ਸੰਸਾਰ ਨੂੰ ਗੰਧਲਾ ਕਰਨ ਬਾਰੇ ਅਜਿਹੇ ਲੋਕਾਂ ਦੇ ਮਨਸੂਬਿਆਂ ਬਾਰੇ ਜਾਣਕਾਰੀ ਹੋਵੇ। ਸੰਸਾਰ ਨੂੰ ਗੰਧਲਾ ਕਰਨ ਵਾਲੇ ਲੋਕ ਵਾਪਰ ਰਹੀਆਂ ਘਟਨਾਵਾਂ ਨੂੰ ਪਿਛਲੇ ਇਤਿਹਾਸ ਨਾਲ ਮਿਲਾ ਕੇ ਇਸ ਤਰ੍ਹਾਂ ਪੇਸ਼ ਕਰ ਰਹੇ ਹਨ ਕਿ ਲੋਕਾਂ ਦੇ ਮਨਾ ਵਿੱਚ ਵੱਧ ਤੋਂ ਵੱਧ ਜ਼ਹਿਰ ਭਰੀ ਜਾ ਸਕੇ ਅਤੇ ਪਤਾ ਵੀ ਨਾ ਲੱਗੇ ਪੁੜੀਆਂ ਵਿੱਚ ਲਪੇਟ ਕੇ ਉਹ ਜ਼ਹਿਰ ਦੇ ਰਹੇ ਹਨ ਜਾਂ ਖੰਡ।
ਸਾਇੰਸ ਦੀਆਂ ਨਵੀਆਂ ਕਾਢਾਂ ਨੇ ਸੰਸਾਰ ਨੂੰ ਇਸ ਵੇਲੇ ਇੱਕ ਦੂਸਰੇ ਦੇ ਇਤਨਾ ਨੇੜੇ ਕਰ ਦਿੱਤਾ ਹੈ। ਚੰਗੀ ਮਾੜੀ ਘਟਨਾ ਮਿੰਟਾਂ ਸਕਿੰਟਾਂ ਵਿੱਚ ਹੀ ਸਾਰੀ ਦੁਨੀਆਂ ਵਿੱਚ ਪਹੁੰਚ ਜਾਦੀ ਹੈ। ਕੋਈ ਵੀ ਘਟਨਾ ਜਦੋਂ ਵਾਪਰਦੀ ਹੈ ਤਾਂ ਉਸ ਦਾ ਪ੍ਰਤੀਕਰਮ ਵੀ ਸੰਬੰਧਿਤ ਭਾਈਚਾਰੇ ਵਿੱਚ ਦੇਖਣ ਨੂੰ ਮਿਲਦਾ ਹੈ। ਹਿੰਸਕ ਘਟਨਾਵਾਂ ਸਾਰੀ ਦੁਨੀਆਂ ਵਿੱਚ ਹੀ ਵਾਪਰਦੀਆਂ ਹਨ। ਪਰ ਚੰਗੇ ਸਮਾਜ ਵਿੱਚ ਇਨ੍ਹਾਂ ਘਟਨਾਵਾਂ ਦੀ ਨਿੰਦਿਆ ਕੀਤੀ ਜਾਂਦੀ ਹੈ ਅਤੇ ਪਛੜੇ ਸਮਾਜ ਵਿੱਚ ਸਲਾਹਿਆ ਜਾਂਦਾ ਹੈ। ਨਸਲਵਾਦੀ ਅਤੇ ਧਾਰਮਿਕ ਕੱਟੜਵਾਦੀ ਲੋਕ ਆਮ ਤੌਰ ਤੇ ਹਿੰਸਕ ਘਟਨਾਵਾਂ ਦੀ ਪ੍ਰਸੰਸਾ ਕਰਦੇ ਹਨ ਪਰ ਸਮਝਦਾਰ ਲੋਕ ਇਸ ਤਰ੍ਹਾਂ ਨਹੀ ਕਰਦੇ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ। ਇਸੇ ਸਾਲ ਭਾਵ ਕਿ ਜਨਵਰੀ 2021 ਵਿੱਚ ਜਦੋਂ ਡੌਨਲ ਟਰੰਪ ਨੇ ਨਸਲਵਾਦੀ ਲੋਕਾਂ ਨੂੰ ਭੜਕਾ ਕੇ ਕੈਪੀਟਲ ਹਿੱਲ ਤੇ ਹਮਲਾ ਕਰਵਾਇਆ ਸੀ ਤਾਂ ਉਸ ਦੇ ਸ਼ੋਸ਼ਲ ਮੀਡੀਆ ਦੇ ਅਕਾਉਂਟ ਬੰਦ ਕਰ ਦਿੱਤੇ ਗਏ ਸਨ ਜੋ ਕਿ ਇਹ ਲੇਖ ਲਿਖਣ ਤੱਕ ਹਾਲੇ ਵੀ ਬੰਦ ਹਨ।
ਕੁੱਝ ਦਿਨ ਪਹਿਲਾਂ ਸਿੰਘੂ ਬਾਰਡਰ ਤੇ ਲਖਬੀਰ ਸਿੰਘ ਨਾਮ ਦੇ ਇੱਕ ਵਿਆਕਤੀ ਨੂੰ ਸਰਬ ਲੋਹ ਗ੍ਰੰਥ ਦੀ ਬੇਅਦਬੀ ਦੇ ਦੋਸ਼ ਵਿੱਚ ਜਿਸ ਤਰ੍ਹਾਂ ਵਹਿਸ਼ੀ ਤਰੀਕੇ ਨਾਲ ਨਿਹੰਗਾਂ ਵਲੋਂ ਸਜਾ ਦਿੱਤੀ ਗਈ ਹੈ, ਕੁੱਝ ਇੱਕ ਨੂੰ ਛੱਡ ਕੇ ਬਹੁਤਿਆਂ ਨੇ ਉਸ ਕਾਰੇ ਦੀ ਨਿੰਦਿਆ ਕਰਨ ਦੀ ਥਾਂ ਤੇ ਸਲਾਹੁਣਾ ਕੀਤੀ ਹੈ। ਜੋ ਕਿ ਇੱਕ ਸ਼ਰਮਨਾਕ ਵਰਤਾਰਾ ਹੈ। ਹਜੂਮੀ ਕਤਲ ਅਤੇ ਇਨ੍ਹਾਂ ਦੀ ਸਾਲਹੁਣਾ ਸ਼ਰਮਨਾਕ ਵਰਤਾਰੇ ਹੁੰਦੇ ਹਨ। ਉਹ ਭਾਵੇਂ ਕਿਸੇ ਵੀ ਫਿਰਕੇ ਵਲੋਂ ਕੀਤੇ ਜਾਂਦੇ ਹੋਣ।
ਲਖਬੀਰ ਸਿੰਘ ਦੇ ਕਤਲ ਜਾਂ ਸਜਾ ਨੂੰ ਸਲਾਹੁਣ ਵਾਲਿਆਂ ਦੀ ਦਲੀਲ ਹੈ ਕਿ ਹੁਣ ਤੱਕ ਇਤਨੀਆਂ ਬੇਅਦਵੀਆਂ ਹੋ ਚੁੱਕੀਆਂ ਹਨ ਪਰ ਕਾਨੂੰਨ ਨੇ ਕਿਸੇ ਨੂੰ ਵੀ ਸਜਾ ਨਹੀਂ ਦਿੱਤੀ ਇਸ ਲਈ ਇਹ ਸਜਾ ਠੀਕ ਹੈ ਤਾਂ ਕਿ ਅਗਾਹ ਨੂੰ ਕੋਈ ਇਸ ਤਰ੍ਹਾਂ ਨਾ ਕਰ ਸਕੇ। ਦੇਖਣ ਸੁਣਨ ਨੂੰ ਤਾਂ ਇਹ ਦਲੀਲ ਵਜ਼ਨਦਾਰ ਲੱਗਦੀ ਹੈ ਪਰ ਅਸਲ ਵਿੱਚ ਇਹ ਹੈ ਨਹੀਂ। ਕੁੱਝ ਸਾਲ ਪਹਿਲਾਂ ਆਲਮਗੀਰ ਅਤੇ ਤਰਨਤਾਰਨ ਦੇ ਵਿੱਚ ਦੋ ਔਰਤਾਂ ਦੇ ਕਤਲ ਕਥਿਤ ਬੇਅਦਵੀ ਦੇ ਦੋਸ਼ ਲਾ ਕੇ ਕੀਤੇ ਗਏ ਸਨ। ਫਿਰ ਤਾਂ ਉਨ੍ਹਾਂ ਔਰਤਾਂ ਦੇ ਕਤਲਾਂ ਤੋਂ ਬਾਅਦ ਬੇਅਦਵੀਆਂ ਰੁਕ ਜਾਣੀਆਂ ਚਾਹੀਦੀਆਂ ਸਨ? ਕੀ ਉਹ ਰੁਕ ਗਈਆਂ ਸਨ? ਤਾਲੇਬਾਨੀ ਅਤੇ ਹੋਰ ਬਹੁਤ ਸਾਰੇ ਇਸਲਾਮੀ ਦੇਸ਼ ਬਹੁਤ ਹੀ ਵਹਿਸ਼ੀ ਸਜਾਵਾਂ ਦਿੰਦੇ ਹਨ। ਕੀ ਉਥੇ ਅਪਰਾਧ ਖਤਮ ਹੋ ਗਏ ਹਨ? ਇਰਾਨ ਵਾਲੇ ਆਪਣੇ ਵਿਰੋਧੀਆਂ ਨੂੰ ਫਾਂਸੀ ਦੇ ਕੇ ਕਈ ਕਈ ਦਿਨ ਕਰੇਨਾਂ ਤੇ ਲਟਕਾਈ ਰੱਖਦੇ ਹਨ। ਇਰਾਨ ਅਤੇ ਇਰਾਕ ਦੋਵੇਂ ਇਸਲਾਮੀ ਦੇਸ਼ ਕਿਵੇਂ ਇੱਕ ਦੂਸਰੇ ਦੇ ਆਹੂ ਲਉਂਦੇ ਰਹੇ ਹਨ ਇਹ ਵੀ ਸਾਰੀ ਦੁਨੀਆ ਨੂੰ ਪਤਾ ਹੀ ਹੈ। ਤਾਲੇਬਾਨੀ, ਆਈਸਸ ਵਾਲੇ ਅਤੇ ਖੁਰਾਸਾਨ ਵਾਲੇ ਇੱਕ ਦੂਸਰੇ ਨੂੰ ਸਜਾ ਦੇਣ ਲਈ ਬੰਬਾਂ ਨਾਲ ਉਡਾ ਰਹੇ ਹਨ। ਕੀ ਉਨਹਾਂ ਵਿਚੋਂ ਕਿਸੇ ਨੇ ਇੱਕ ਦੂਸਰੇ ਦੀ ਈਨ ਮੰਨੀ ਹੈ? ਇਸਲਾਮ ਦੇ ਵੱਖਰੇ ਵੱਖਰੇ ਫਿਰਕੇ ਆਪਣੇ ਢੰਗ ਨਾਲ ਸਾਰੀ ਦੁਨੀਆ ਤੇ ਇਸਲਾਮ ਦਾ ਸ਼ਰੀਆ ਰਾਜ ਕਾਇਮ ਕਰਨਾ ਚਾਹੁੰਦੇ ਹਨ। ਕੀ ਕੋਈ ਅਕਲਮੰਦ ਵਿਆਕਤੀ ਉਨ੍ਹਾਂ ਦੇ ਕਰੂਰਤਾ ਭਰੇ ਵਰਤਾਰੇ ਨੂੰ ਦੇਖ ਕੇ ਉਨ੍ਹਾਂ ਦੇ ਰਾਜ ਵਿੱਚ ਰਹਿਣਾ ਪਸੰਦ ਕਰੇਗਾ? ਜਿਹੜੇ ਬੇ-ਅਕਲੇ ਸਿੱਖ ਤਾਲੇਬਾਨੇ ਦੀ ਸਾਲਾਹੁਣਾ ਕਰਦੇ ਨਹੀਂ ਸੀ ਥੱਕਦੇ ਉਨ੍ਹਾਂ ਨੇ ਵੀ ਕੱਲ ਵਾਲੀ ਖ਼ਬਰ ਪੜ੍ਹ ਹੀ ਲਈ ਹੋਵੇਗੀ। ਤਾਲੇਬਾਨਾ ਨੇ ਹੁਕਮ ਚਾੜ ਦਿੱਤਾ ਹੈ ਕਿ ਜਾਂ ਤਾਂ ਇਸਲਾਮ ਕਬੂਲ ਕਰ ਲਓ ਅਤੇ ਜਾਂ ਫਿਰ ਇੱਥੋਂ ਚਲੇ ਜਾਓ।
ਕਥਿਤ ਖਾਲਿਸਤਾਨੀ ਅਥਵਾ ਪਾਗਲਸਤਾਨੀ ਪਾਕਿਸਤਾਨ ਵਿੱਚ ਜਾ ਕੇ ਪਨਾਹਾਂ ਲੈਂਦੇ ਹਨ ਅਤੇ ਉਨ੍ਹਾਂ ਦੀ ਪ੍ਰਸੰਸਾ ਵੀ ਕਰਦੇ ਹਨ। ਇਨ੍ਹਾਂ ਨੂੰ ਇਹ ਭੁਲੇਖਾ ਹੈ ਕਿ ਪਾਕਿਸਤਾਨ ਦੀ ਸਹਾਇਤਾ ਨਾਲ ਅਸੀਂ ਆਪਣਾ ਕਥਿਤ ਖਾਲਸਤਾਨ ਬਣਾ ਲਵਾਂਗੇ। ਜਿਹੜੇ ਸਾਰੀ ਦੁਨੀਆ ਵਿੱਚ ਇਸਲਾਮ ਕਾਇਮ ਕਰਨਾ ਚਾਹੁੰਦੇ ਹਨ ਉਹ ਭਲਾ ਕਿਵੇਂ ਤੁਹਾਡੇ ਲਈ ਕੁੱਝ ਕਰ ਸਕਦੇ ਹਨ। ਹਾਂ, ਤੁਹਾਨੂੰ ਬਲਦੀ ਦੇ ਬੂਥੇ ਝੋਕ ਸਕਦੇ ਹਨ, ਤੁਹਾਡੀਆਂ ਲੜਕੀਆਂ ਉਧਾਲ ਸਕਦੇ ਹਨ ਜਿਵੇਂ ਕੁੱਝ ਸਮਾ ਪਹਿਲਾਂ ਇੰਗਲੈਂਡ ਵਿੱਚ ਕਰਦੇ ਰਹੇ ਹਨ। ਕਤਲ ਅਤੇ ਜਬਰੀ ਇਸਲਾਮ ਕਬੂਲ ਕਰਨ ਦੀਆਂ ਘਟਨਾਵਾਂ ਤਾਂ ਆਮ ਹੀ ਪਾਕਿਸਤਾਨ ਵਿੱਚ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਖਾਲਿਸਤਾਨੀ ਦਬਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਇੰਡੀਆ ਵਿੱਚ ਕਾਨੂੰਨ ਰਾਹੀਂ ਇਨਸਾਫ ਮਿਲਣ ਦੇ ਆਸਾਰ ਭਾਵੇਂ ਘੱਟ ਹਨ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਿੱਖਾਂ ਨਾਲ ਕਦੀ ਵੀ ਕਾਨੂੰਨ ਨੇ ਇਨਸਾਫ ਨਹੀਂ ਕੀਤਾ। ਜੇ ਕਰ ਇਸ ਤਰ੍ਹਾਂ ਹੁੰਦੀ ਤਾਂ ਕਈ-ਕਈ ਕਤਲ ਕਰਨ ਵਾਲੇ ਅਤੇ ਕਤਲ ਕਰਾਉਣ ਵਾਲੇ ਕਿਵੇਂ ਅੱਜ ਲੀਡਰ ਅਤੇ ਵਿਦਵਾਨ ਬਣੀ ਫਿਰਦੇ ਹਨ? ਇਹ ਸਾਰਿਆਂ ਦੇ ਸਾਹਮਣੇ ਹੈ। ਹਰਮਿੰਦਰ ਸਿੰਘ ਸੰਧੂ ਦਾ ਕਤਲ ਕਰਨ ਅਤੇ ਕਰਾਉਣ ਵਾਲੀਆਂ ਕਿਹੜੀਆਂ ਧਿਰਾਂ ਸ਼ਾਮਲ ਸਨ ਇਸ ਬਾਰੇ ਹੁਣ ਕਈ ਖੁਲਾਸੇ ਹੋ ਚੁੱਕੇ ਹਨ। ਸਾਧਾਂ ਦੇ ਚੇਲੇ ਆਪਣੀਆਂ ਤੋਪਾਂ ਨਾਲ ਖੂਬ ਇੱਕ ਦੂਸਰੇ ਤੇ ਸ਼ਬਦੀ ਗੋਲੇ ਦਾਗ ਰਹੇ ਹਨ। ਅਨੇਕਾਂ ਹੀ ਕਥਿਤ ਖਾੜਕੂ ਬਿਦੇਸ਼ਾਂ ਵਿੱਚ ਜਾ ਕੇ ਸੈੱਟ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਬਹੁਤੇ ਕਤਲਾਂ ਅਤੇ ਲੁੱਟਾਂ ਖੋਹਾਂ ਵਿੱਚ ਵੀ ਸ਼ਾਮਲ ਹੋਣਗੇ।
ਸਿਰਸੇ ਵਾਲਾ ਰਾਮ ਰਹੀਮ ਅਥਵਾ ਸੌਦਾ ਸਾਧ ਇਸ ਵੇਲੇ ਜੇਲ ਵਿੱਚ ਬੰਦ ਹੈ। ਸ਼ਾਇਦ ਸਾਰੀ ਉਮਰ ਜੇਲ ਵਿੱਚ ਹੀ ਕੱਟਣੀ ਪਵੇ। ਪੰਜਾਬ ਅਤੇ ਹਰਿਆਣੇ ਦੀਆਂ ਸਰਕਾਰਾਂ ਉਸ ਦੀ ਪਿੱਠ ਤੇ ਸਨ। ਬਾਦਲ ਪਿਓ ਪੁੱਤ ਵੋਟਾਂ ਲੈਣ ਲਈ ਇਸ ਸਾਧ ਮੂਹਰੇ ਹੱਥ ਜੋੜ ਕੇ ਖੜੇ ਹੁੰਦੇ ਸਨ। ਕੀ ਕੋਈ ਸੋਚ ਸਕਦਾ ਸੀ ਕਿ ਉਸ ਨੂੰ ਵੀ ਕੋਈ ਕਾਨੂੰਨੀ ਸਜਾ ਹੋ ਸਕਦੀ ਹੈ? ਪਰ ਹੋ ਗਈ, ਕਿਉਂਕਿ ਹਾਲੇ ਕੁੱਝ ਇਮਾਨਦਾਰੀ ਕਾਨੂੰਨੀ ਸਿਸਟਮ ਵਿੱਚ ਮੌਜੂਦ ਹੈ। ਜੇ ਕਰ ਸਾਰੇ ਇਹੀ ਸਮਝਣ ਕਿ ਕਾਨੂੰਨ ਨੂੰ ਅਸੀਂ ਆਪਣੇ ਹੱਥ ਵਿੱਚ ਲੈ ਕੇ ਆਪ ਸਜਾ ਦੇਣੀ ਹੈ ਤਾਂ ਸਮਾਜ ਵਿੱਚ ਬਦਮਾਸ਼ਾਂ ਦਾ ਬੋਲਬਾਲਾ ਹੋ ਜਾਵੇਗਾ। ਲਖੀਮਪੁਰ ਦੀ ਘਟਨਾ ਯਾਦ ਕਰੋ ਜਦੋਂ ਮੰਤ੍ਰੀ ਦੇ ਮੁੰਡੇ ਨੇ ਕਰਾ ਚਾੜ ਕੇ 4 ਕਿਰਸਾਨ ਮੌਤ ਦੇ ਘਾਟ ਉਤਾਰ ਦਿੱਤੇ ਸਨ। ਕਿਸਾਨਾ ਨੇ ਵੀ ਮੌਕੇ ਤੇ ਗੁੱਸੇ ਵਿੱਚ ਆ ਕੇ 4 ਭਾਜਪਾ ਦੇ ਬੰਦੇ ਮਾਰ ਦਿੱਤੇ ਸਨ। ਜੇ ਕਰ ਹੁਣ ਕਿਸਾਨ ਇਹ ਸਮਝਣ ਕਿ ਸਾਨੂੰ ਇਤਨਾ ਸਮਾ ਹੋ ਗਿਆ ਹੈ ਸਾਂਤੀ ਨਾਲ ਬੈਠ ਕੇ ਪ੍ਰੋਟੈਸਟ ਕਰਦਿਆਂ ਨੂੰ ਹੁਣ ਹੋਰ ਸ਼ਾਂਤੀ ਅਸੀਂ ਨਹੀਂ ਰੱਖ ਸਕਦੇ। ਅਸੀਂ ਆਪਣੇ ਹੱਕ ਆਪਣੀ ਮਰਜੀ ਨਾਲ ਹਿੰਸਕ ਤਰੀਕੇ ਨਾਲ ਲੈਣੇ ਹਨ। ਜਿਵੇਂ ਭਿੰਡਰਾਂਵਾਲਾ ਗੁੰਡਾ ਸਾਧ ਕਹਿੰਦਾ ਹੁੰਦਾ ਸੀ ਕਿ, ‘ਕਿਤਨਾ ਚਿਰ ਸ਼ਾਂਤੀਂ ਸ਼ਾਂਤੀਂ ਕੂਕੀ ਜਾਣੀ ਹੈ? ਹੱਥਾਂ ਬਾਜ ਕਰਾਰਿਆਂ ਵੈਰੀ ਨੀ ਹੁੰਦਾ ਮਿੱਤ।” ਜੇ ਕਰ ਕਿਸਾਨ ਇਸ ਤਰ੍ਹਾਂ ਕਹਿਣ ਲੱਗ ਪੈਣ ਤਾਂ ਫਿਰ ਸਭ ਨੂੰ ਪਤਾ ਹੀ ਹੈ ਕਿ ਸਰਕਾਰ ਲਈ ਇਨ੍ਹਾਂ ਕਿਸਾਨਾ ਨੂੰ ਕੁਚਲਣਾ ਕਿਤਨਾ ਸੌਖਾ ਹੋਵੇਗਾ।
ਸਮਝਦਾਰ ਪਾਠਕਾਂ ਨੂੰ ਬੇਨਤੀ ਹੈ ਕਿ ਉਨ੍ਹਾਂ ਵਿਦਵਾਨਾ ਤੋਂ ਦੂਰ ਰਹਿਣ ਜਿਹੜੇ ਕਿ ਇਤਿਹਾਸ ਦੀਆਂ ਸਦੀਆਂ ਪਿਛਲੀਆਂ ਮਿਸਾਲਾਂ ਦੇ ਕੇ ਧਰਮ ਦੇ ਨਾਮ ਤੇ ਲੋਕਾਈ ਦੇ ਮਨਾ ਵਿੱਚ ਜਹਿਰ ਭਰ ਰਹੇ ਹਨ। ਕਈ ਵਾਰੀ ਤਾਂ ਇਹ ਵਿਦਵਾਨ ਇਤਨੀਆਂ ਬੇਹੂਦੀਆਂ ਗੱਲਾਂ ਕਰਦੇ ਹਨ ਕਿ ਸੁਣ ਕੇ ਘਿਰਣਾ ਆਉਂਦੀ ਹੈ। ਜਿਹੜੀਆਂ ਗੱਲਾਂ ਤੇ ਸ਼ਰਮ ਆਉਣੀ ਚਾਹੀਦੀ ਹੈ ਉਨ੍ਹਾਂ ਤੇ ਇਹ ਵਿਦਵਾਨ ਮਾਣ ਮਹਿਸੂਸ ਕਰਦੇ ਹਨ। ਕੁੱਝ ਦਿਨ ਪਹਿਲਾਂ ਇੱਕ ਵਿਦਵਾਨ ਜੀ ਇੱਕ ਰੇਡੀਓ ਤੇ ਬੜੇ ਮਾਣ ਨਾਲ ਪ੍ਰਵਚਨ ਕਰ ਰਹੇ ਸਨ ਕਿ ਸਿੰਘਾਂ ਨੇ ਆਪਣੇ ਵਿਰੋਧੀ ਨੂੰ ਮਿਸਾਲੀ ਸਜਾ ਦੇਣ ਲਈ ਇੱਕ ਕੋਠੇ ਵਿੱਚ ਬੰਦ ਕਰ ਦਿੱਤਾ ਅਤੇ ਕੋਠੇ ਦੀ ਛੱਤ ਤੇ ਮਘੋਰਾ ਕਰ ਕੇ ਉਸ ਦੇ ਸਿਰ ਉਪਰ ਸਿੰਘ ਰੋਜ ਹੀ ਜੰਗਲ-ਪਾਣੀ (ਟੱਟੀ-ਪਿਸ਼ਾਬ) ਕਰਿਆ ਕਰਦੇ ਸਨ। ਇਹ ਗੱਲ ਪਤਾ ਨਹੀਂ ਕਿਤਨੀ ਕੁ ਠੀਕ ਜਾਂ ਗਲਤ ਹੈ ਪਰ ਪੜ੍ਹੀ ਤਾਂ ਮੈਂ ਵੀ ਸੀ। ਇਸ ਤਰ੍ਹਾਂ ਦਾ ਪਸ਼ੂ ਪੁਣਾ ਮਾਣ ਵਾਲੀ ਨਹੀਂ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਹੈ। ਪਰ ਜਿਹੜੇ ਲੋਕ ਭਿੰਡਰਾਂਵਾਲੇ ਪਸ਼ੂ ਬਿਰਤੀ ਵਾਲੇ ਸਾਧ ਨੂੰ ਝੂਠ ਬੋਲ-ਬੋਲ ਕੇ ਲੋਕਾਂ ਦੇ ਸਿਰਾਂ ਵਿੱਚ ਧੱਸ ਰਹੇ ਹੋਣ ਉਨ੍ਹਾਂ ਤੋਂ ਚੰਗਿਆਈ ਦੀ ਕੀ ਆਸ ਰੱਖੀ ਜਾ ਸਕਦੀ ਹੈ? ਜੇ ਕਰ ਕੋਈ ਪਾਠਕ ਮਾੜੀ ਮੋਟੀ ਅਕਲ ਰੱਖਦਾ ਹੈ ਤਾਂ ਅਜਿਹੇ ਲੋਕਾਂ ਦੀ ਸੰਗਤ ਕਰਨ ਤੋਂ ਗੁਰੇਜ਼ ਕਰਨ, ਇਨ੍ਹਾਂ ਦਾ ਪ੍ਰਭਾਵ ਨਾ ਕਬੂਲਣ। ਇਨ੍ਹਾਂ ਦਾ ਕੰਮ ਹੈ ਝੂਠ ਬੋਲ-ਬੋਲ ਕੇ ਧਰਮ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰਨਾ ਅਤੇ ਸੰਸਾਰ ਨੂੰ ਗੰਧਲਾ ਕਰਨਾ। ਇਹ ਲੋਕ ਧਰਮ ਨਹੀਂ, ਧਰਮ ਦੇ ਨਾਮ ਤੇ ਅਧਰਮ ਫੈਲਾ ਰਹੇ ਹਨ। ਇਨ੍ਹਾਂ ਸਾਰਿਆਂ ਲਈ ਝੂਠ, ਕਪਟ, ਬੇਈਬਾਨੀ, ਗੁੰਡਾਗਰਦੀ ਅਤੇ ਬਦਮਾਸ਼ੀ ਹੀ ਧਰਮ ਹੈ। ਬਚੋ ਇਨ੍ਹਾਂ ਲੋਕਾਂ ਤੋਂ ਜਿਤਨਾ ਬਚ ਹੁੰਦਾ ਹੈ।
ਮੱਖਣ ਪੁਰੇਵਾਲ,
ਅਕਤੂਬਰ 25, 2021.




.