.

ਸੱਚ -- ਇਨਸਾਨੀਯਤ -- ਧਰਮ

(2)

ਸੱਚ, ਇਨਸਾਨੀਯਤ ਅਤੇ ਧਰਮ ਦਾ ਪਰਸਪਰ ਸੰਬੰਧ ਹੈ। ਜਿੱਥੇ ਇਕ ਨਹੀਂ, ਉੱਥੇ ਦੂਜੇ ਦੋ ਦਾ ਹੋਣਾ ਵੀ ਸੰਭਵ ਨਹੀਂ ਹੈ। ਸੱਚ ਅਤੇ ਇਨਸਾਨੀਯਤ ਇਨਸਾਨ ਦੇ ਸਦਾਚਾਰਕ/ਨੈਤਿਕ ਗੁਣ ਹਨ; ਅਤੇ, ਧਰਮ ਇਨ੍ਹਾਂ ਗੁਣਾਂ ਨੂੰ ਧਾਰਨ ਕਰਨ ਦਾ ਪ੍ਰੇਰਣਾ-ਸ੍ਰੋਤ ਅਤੇ ਮਾਰਗ-ਦਰਸ਼ਕ ਹੈ। ਇਨ੍ਹਾਂ ਤਿੰਨਾਂ ਦਾ ਸੰਬੰਧ ਮਨੁੱਖ ਦੇ ਮਨ/ਅੰਤਹਕਰਣ ਨਾਲ ਹੈ, ਸਰੀਰ ਜਾਂ ਸੰਸਾਰਕਤਾ ਨਾਲ ਬਿਲਕੁਲ ਨਹੀਂ! ਇਨ੍ਹਾਂ ਸਿੱਧਾਂਤਕ ਨੁਕਤਿਆਂ ਉੱਤੇ ਦਲੀਲਮਈ ਵਿਚਾਰ ਕਰਨ ਤੋਂ ਪਹਿਲਾਂ, ਇਨ੍ਹਾਂ ਪਦਾਂ (ਸੱਚ, ਇਨਸਾਨੀਯਤ ਅਤੇ ਧਰਮ) ਦੇ ਅਰਥ ਸਮਝ ਲੈਣਾ ਜ਼ਰੂਰੀ ਹੈ।

ਸੱਚ: ਜੋ ਝੂਠ/ਮਿਥਿਆ ਨਹੀਂ, ਖਰਾ, ਖੋਟ-ਰਹਿਤ; ਸਦੀਵੀ (eternal)

ਇਨਸਾਨ:اِنسان:ع ਅ: ਆਦਮੀ, ਮਨੁੱਖ, ਸਚਿਆਰ, ਭਲਾ ਜਾਂ ਪੂਰਣ ਪੁਰਸ਼, ਕਾਮਿਲ ਮਰਦ। ਭਲਾਮਾਨਸ, ਮਰਦ; ਆਦਮੀ: ਆਦਮ ਦੀ ਔਲਾਦ, ਮਨੁੱਖ।

ਇਨਸਾਨੀਯਤ:  اِنسانِيت :عਲਮਾਨਸਾਈ, ਸਦਾਚਾਰਤਾ, ਆਦਮੀਯਤ, ਮਰਦਾਨਗੀ

ਧ੍ਰਮ: ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਕਈ ਅਰਥ ਹਨ, ਜਿਵੇਂ: ਮਾਨਵ-ਜੀਵਨ ਦਾ ਮਨੋਰਥ (purpose of human life), ਧਾਰਮਿਕ ਜਾਂ ਨੈਤਿਕ/ਸਦਾਚਾਰਕ ਗੁਣ ਅਤੇ ਉਨ੍ਹਾਂ ਗੁਣਾਂ ਨੂੰ ਧਾਰਨ ਕਰਨ ਦਾ ਕਰਤੱਵ, ਆਤਮਿਕ ਗੁਣ; ਧਾਰਮਿਕ ਗ੍ਰੰਥਾਂ ਵਿੱਚ ਦੱਸੇ ਸਦਾਚਾਰਕ ਕਰਮ; ਕਿਸੇ ਵੀ ਸੰਪਰਦਾ/ਫ਼ਿਰਕੇ ਵਿੱਚ ਪ੍ਰਚੱਲਿਤ ਰੀਤੀ-ਰਿਵਾਜ ਅਤੇ ਉਨ੍ਹਾਂ ਵਿੱਚ ਯਕੀਨ; ਮੱਤ, ਮਜ਼੍ਹਬ, ਦੀਨ; ਪੰਥ, ਰਾਹ, ਰਸਤਾ ਅਤੇ ਪੱਧਤੀ…… ਆਦਿਕ।

ਧਰਮ ਦੇ ਕੁਝ ਇਕ ਸਮਾਨਾਰਥਕ ਸ਼ਬਦਾਂ ਦੇ ਅਰਥ ਜਾਣ ਲੈਣਾ ਵੀ ਕੁਥਾਂ ਨਹੀਂ ਹੋਵੇ ਗਾ:

ਮਜ਼੍ਹਬ: مزھب . ਅਰਬੀ ਬੋਲੀ ਦਾ ਲਫ਼ਜ਼ ਹੈ। ਇਸ ਦੇ ਮਾਅਨੇ ਹਨ: ਜ਼ਹਬ (ਚੱਲਣ) ਦਾ ਥਾਂ/ਰਾਹ/ਪੰਥ…।

ਦੀਨ:دِين -ਇਹ ਵੀ ਅਰਬੀ ਬੋਲੀ ਦਾ ਲਫ਼ਜ਼ ਹੈ ਜਿਸ ਦੇ ਅਰਥ ਹਨ: ਤਰੀਕਾ/ਤਰੀਕਤ, ਆਈਨ (ਕਾਇਦਾ/ਕਾਨੂੰਨ/ਦਸਤੂਰ)…ਵਗ਼ੈਰਾ।

ਈਮਾਨ:اِيمان :ਦਿਲ ਸੇ ਖ਼ੁਦਾ ਪਰ ਯਕੀਨ ਲਾਨਾ, ਮਾਨ ਲੇਨਾ, ਕਬੂਲ ਕਰਨਾ; ਧਰਮ।

(ਨੋਟ:- ਇਸ ਲੇਖ ਦੇ ਵਿਸ਼ੇ ਉੱਤੇ ਦਿੱਤੇ ਗਏ ਵਿਚਾਰਾਂ ਦੇ ਸਮਰਥਨ ਲਈ, ਧਰਮ ਨੂੰ ਥੋੜਾ ਹੋਰ ਵਿਸਤਾਰ ਵਿੱਚ ਵਿਚਾਰਨ ਅਤੇ ਸਮਝਣ ਦੀ ਲੋੜ ਹੈ!)

ਧਰਮ ਦੋ ਪ੍ਰਕਾਰ ਦਾ ਹੈ: ਪਹਿਲਾ, ਸੱਚਾ, ਸਾਧਾਰਨ ਧਰਮ, ਅਤੇ ਦੂਜਾ, ਸੰਸਾਰਕ, ਸੰਕੀਰਣ ਧਰਮ

ਸਾਧਾਰਣ ਧਰਮ: ਇਹ ਸਾਰੀ ਮਨੁੱਖਤਾ ਦਾ ਧਰਮ ਹੁੰਦਾ ਹੈ। ਸਦਾਚਾਰਕ ਗੁਣਾਂ ਅਤੇ ਨੇਕ ਕਰਮਾਂ ਵਾਲਾ ਇਹ ਸੱਚ ਧਰਮ ਅਧਿਆਤਮਿਕ ਅਤੇ ਅੰਤਰਮੁਖੀ ਹੁੰਦਾ ਹੈ। ਇਸ ਧਰਮ ਦਾ ਸੰਬੰਧ ਮਨ/ਆਤਮਾ ਨਾਲ ਹੈ, ਬਾਹਰੀ ਦਿੱਖ ਨਾਲ ਬਿਲਕੁਲ ਹੀ ਨਹੀਂ! ਇਹ ਧਰਮ ਮਨੁੱਖ ਦੀ ਆਤਮਾ/ਮਨ ਦੇ ਸੱਚੇ-ਸੁੱਚੇ ਵਿਕਾਸ ਵਾਸਤੇ ਗੁਣਕਾਰੀ ਹੁੰਦਾ ਹੈ। ਸੱਚੇ ਸਾਧਾਰਣ ਧਰਮ ਦੀ ਆਧਾਰ-ਸ਼ਿਲਾ ਪ੍ਰਭੂ-ਭਗਤੀ (ਖ਼ੁਦਾ-ਪਰਸਤੀ), ਬਿਬੇਕ, ਚਿੰਤਨ, ਆਤਮ-ਗਿਆਨ, ਪਰਮਾਰਥ ਅਤੇ ਪਰਸੁਆਰਥ ਹੈ। ਸਚ ਧਰਮ ਵਿੱਚ ਮਿਥਿਆ ਕਥਾ-ਕਹਾਣੀਆਂ ਵਾਸਤੇ ਕੋਈ ਜਗ੍ਹਾ ਨਹੀਂ ਹੁੰਦੀ। ਹਰ ਤਰ੍ਹਾਂ ਦੇ ਸੰਸਾਰਕ ਹੱਦ-ਬੰਨਿਆਂ ਤੋਂ ਉਚੇਰਾ, ਸਾਧਾਰਨ ਧਰਮ ਸਾਰੀ ਮਨੁੱਖਤਾ ਦੇ ਭਲੇ ਲਈ ਹੁੰਦਾ ਹੈ; ਅਤੇ ਇਹ ਸਾਰੀ ਮਾਨਵ ਜਾਤੀ ਵਿੱਚ ਸਾਂਝੀਵਾਲਤਾ ਅਤੇ ਭਰਾਤ੍ਰੀ ਭਾਵ ਦੀ ਭਾਵਨਾ ਪੈਦਾ ਕਰਦਾ ਹੈ। ਸਾਧਾਰਣ ਧਰਮ ਦਾ ਮਾਇਆ, ਪਦਾਰਥਕ ਜਗਤ ਅਤੇ ਦਿਖਾਵੇ ਦੇ ਸੰਸਾਰਕ ਆਡੰਬਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।  ਆਤਮ-ਗਿਆਨ, ਆਤਮ-ਤਿਆਗ, ਸੱਚ, ਸੰਤੋਖ, ਦਯਾ, ਧਰਮ, ਧੀਰਜ, ਹਲੀਮੀ/ਨਮ੍ਰਤਾ, ਖਿਮਾਂ ਅਤੇ ਸਹਿਣਸ਼ੀਲਤਾ ਆਦਿਕ ਨੈਤਿਕ ਗੁਣ ਸਾਧਾਰਣ ਧਰਮ ਦੇ ਧਾਰਨੀ ਮਨੁੱਖ ਦੀ ਪਹਿਚਾਨ ਹਨ।

ਗੁਰਮਤਿ ਦਾ ਧਰਮ ਬਿਬੇਕ, ਚਿੰਤਨ ਅਤੇ ਗਿਆਨ ਉੱਤੇ ਆਧਾਰਿਤ ਹੈ। ਅਤੇ, ਇਸ ਵਿੱਚ ਸੰਸਾਰਕ ਆਡੰਬਰਾਂ (ਧਾਰਮਿਕ ਰੀਤੀ-ਰਿਵਾਜ, ਪੂਜਾ-ਭਗਤੀ ਦੀਆਂ ਰੂੜ੍ਹੀਵਾਦੀ ਘਸੀਆਂ-ਪਿਟੀਆਂ ਰੀਤਾਂ, ਧਾਰਮਿਕ ਭੇਖਾਂ ਅਤੇ ਚਿੰਨ੍ਹਾਂ ਵਗ਼ੈਰਾ) ਦਾ ਪੂਰਣ ਅਭਾਵ ਹੈ।

ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ॥ ਸਲੋਕ ਮ:੫

ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ॥ ਦੇਵਗੰਧਾਰੀ ਮ:੫

ਇਸੇ ਲਈ ਗੁਰਬਾਣੀ ਗ੍ਰੰਥ ਵਿੱਚ ਦਰਸਾਏ ਪਵਿੱਤਰ ਧਰਮ ਨੂੰ ਸੱਚ ਧਰਮ ਜਾਂ ਨਿਰਮਲ ਧਰਮ ਵੀ ਕਹਿੰਦੇ ਹਨ। ਇਸ ਨਿਰਮਲ ਧਰਮ ਦਾ ਸੱਚਾ ਜਿਗਿਆਸੂ ਤੇ ਪੈਰੋਕਾਰ ਹੋਣਾ ਮਨੁੱਖ ਦੀ ਖ਼ੁਸ਼ਕਿਸਮਤੀ ਹੈ।

(ਸਾਧਾਰਣ: ਵਿਸ਼ਵਵਿਆਪੀ, ਸਾਰਵਜਨਿਕ, ਸਾਰੀ ਮਨੁੱਖਤਾ ਦੇ ਭਲੇ ਵਾਸਤੇ, ਮਾਨਵ-ਵਾਦੀ।)

ਸੰਸਾਰਕ ਧਰਮ ਜਾਂ ਸੰਪਰਦਾਈ/ਫ਼ਿਰਕੂ ਧਰਮ (sectarian religion): ਇਹ ਧਰਮ, ਧਰਮ ਦੇ ਧਾਂਦਲੀਆਂ ਦੁਆਰਾ ਸਥਾਪਿਤ ਕੀਤਾ ਗਿਆ ਕਿਸੇ ਇਕ ਸੰਪਰਦਾ/ਫ਼ਿਰਕੇ ਦੇ ਲੋਕਾਂ ਦਾ ਧਰਮ ਹੁੰਦਾ ਹੈ; ਇਹ ਧਰਮ ਮਨੁੱਖਤਾ ਵਿੱਚ ਵੰਡੀਆਂ ਪਾਉਂਦਾ ਅਤੇ ਲੋਕਾਂ ਨੂੰ ਧਰਮ ਦੇ ਨਾਂ ’ਤੇ ਆਪਸ ਵਿੱਚ ਲੜਵਾਉਂਦਾ-ਮਰਵਾਉਂਦਾ ਹੈ। ਸੰਪਰਦਾਇਕ ਧਰਮ ਦੰਭ, ਅੰਧਵਿਸ਼ਵਾਸ, ਮਿਥਿਹਾਸ ਅਤੇ ਅਗਿਆਨਤਾ ਦੀਆਂ ਖੋਖਲੀਆਂ ਅਤੇ ਕੱਚੀਆਂ ਨੀਂਹਾਂ ਉੱਤੇ ਉਸਾਰਿਆ ਜਾਂਦਾ ਹੈ। ਇਹ ਬਾਹਰਮੁਖੀ ਦਿਖਾਵੇ ਦਾ ਧਰਮ ਹੁੰਦਾ ਹੈ; ਇਸ ਦਿਖਾਵੇ ਦੇ ਕਰਮਕਾਂਡਾਂ ਵਾਲੇ ਧਰਮ ਦਾ ਮਨ/ਆਤਮਾ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਫ਼ਿਰਕੂ ਧਰਮ ਦੇ ਮਾਇਆ-ਮੂਠੇ ਆਤਮ-ਪ੍ਰੇਮੀ (ਖ਼ੁਦ-ਪਰਸਤ) ਸੰਸਥਾਪਕ ਅਤੇ ਪ੍ਰਚਾਰਕ ਬਿਬੇਕ, ਚਿੰਤਨ ਅਤੇ ਗਿਆਨ ਦੇ ਕੱਟੜ ਵੈਰੀ ਹੁੰਦੇ ਹਨ। ਉਨ੍ਹਾਂ ਦਾ ਜੀਵਨ-ਮਨੋਰਥ ਪ੍ਰਭੂ-ਭਗਤੀ (ਖ਼ੁਦਾ-ਪਰਸਤੀ) ਨਹੀਂ ਸਗੋਂ ਸਵੈ-ਭਗਤੀ (ਖ਼ੁਦ-ਪਰਸਤੀ), ਮਾਇਆ-ਭਗਤੀ ਹੁੰਦਾ ਹੈ। ਅਤੇ, ਮਾਇਆ ਦੀ ਖ਼ਾਤਿਰ ਉਹ ਸੰਸਾਰਕ ਆਡੰਬਰਾਂ (ਰੰਗ-ਬਰੰਗੇ ਭੇਖ, ਚਿੰਨ੍ਹ ਅਤੇ ਕਰਮਕਾਂਡ ਵਗ਼ੈਰਾ) ਦੇ ਛਲ, ਕਪਟ ਅਤੇ ਮੱਕਾਰੀ ਨਾਲ ਮਗਰ ਲਾਏ ਅੰਧਵਿਸ਼ਵਾਸੀ ਪੈਰੋਕਾਰਾਂ ਨੂੰ ਬੇਦਰਦੀ ਨਾਲ ਛਲਦੇ ਤੇ ਠੱਗਦੇ ਹਨ। ਆਤਮ-ਮੋਹ, ਮਾਇਕ ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ ਅਤੇ ਨਿਰਦਯਤਾ/ਬੇ-ਰਹਿਮੀ ਆਦਿਕ ਵਿਕਾਰ ਸੰਸਾਰਕ ਧਰਮ ਦੇ ਸੰਸਥਾਪਕਾਂ, ਸਮਰਥਕਾਂ ਅਤੇ ਪ੍ਰਚਾਰਕਾਂ ਦੇ ਕੋਝੇ ਕਿਰਦਾਰ ਦੇ ਲੱਛਣ ਹਨ; ਇਨ੍ਹਾਂ ਲੱਛਣਾਂ ਤੋਂ ਉਨ੍ਹਾਂ ਦੀ ਪਹਿਚਾਨ ਹੁੰਦੀ ਹੈ। ਸਚਿਆਰਤਾ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੁੰਦਾ। ਆਤਮ-ਮੋਹ ਅਤੇ ਨਿੱਜਸੁਆਰਥ ਦੀ ਤ੍ਰਿਸ਼ਨਾ ਵਿੱਚ ਉਹ ਇਤਨੇ ਅੰਨ੍ਹੇ ਹੋਏ ਹੁੰਦੇ ਹਨ ਕਿ ਉਨ੍ਹਾਂ ਨੂੰ ਦੂਸਰਿਆਂ ਦੇ ਦੁੱਖੜੇ ਮਹਿਸੂਸ ਹੀ ਨਹੀਂ ਹੁੰਦੇ।

ਨਿਰਮਲ ਧਰਮ ਦੇ ਦੁਸ਼ਮਨ ਪੁਜਾਰੀਆਂ ਦੁਆਰਾ ਸਥਾਪਿਤ ਕੀਤੇ ਗਏ ‘ਸਿੱਖ ਧਰਮ’ ਵਿੱਚ ਸੰਕੀਰਣ ਧਰਮ ਵਾਲੇ ਉਪਰੋਕਤ ਸਾਰੇ ਲੱਛਣ ਮੌਜੂਦ ਹਨ। ਇਸ ‘ਸਿੱਖ ਧਰਮ’ ਦਾ ਆਧਾਰ ਅਗਿਆਨਤਾ, ਅੰਧਵਿਸ਼ਵਾਸ, ਮਿਥਿਹਾਸ, ਝੂਠ ਅਤੇ ਦਿਖਾਵਾ ਹੈ। ਅਤੇ, ਇਹ ਇਕ ਪ੍ਰਮਾਣਿਤ ਸੱਚ ਹੈ ਕਿ, ਅਗਿਆਨ ਅੰਧਵਿਸ਼ਵਾਸੀਆਂ ਦਾ ਕੋਈ ਧਰਮ-ਈਮਾਨ ਹੁੰਦਾ ਹੀ ਨਹੀਂ                                                        

(ਸੰਪਰਦਾਯ: ਪਰੰਪਰਾ, ਪਰੰਪਰਾਗਤ ਨਿਯਮ ਜਿਨ੍ਹਾਂ ਦੁਆਰਾ ਇਸ਼ਟ/ਪੂਜਯ-ਦੇਵ ਦੀ ਸਥੂਲ ਰੂਪ ਵਿੱਚ ਪੂਜਾ ਕੀਤੀ ਜਾਵੇ, ਪ੍ਰਚੱਲਿਤ ਪ੍ਰਥਾ, ਪੱਧਤੀ।)

ਸੱਚ, ਇਨਸਾਨੀਯਤ ਅਤੇ ਧਰਮ ਦੀ ਉਪਰ ਕੀਤੀ ਗਈ ਅਰਥ-ਵਿਚਾਰ ਦੇ ਆਧਾਰ ’ਤੇ, ਗੁਰਬਾਣੀ ਵਿੱਚ ਦਰਸਾਏ ਨਿਰਮਲ ਧਰਮ, ਅਤੇ ਧਰਮ ਦੇ ਨਾਮ ਉੱਤੇ, ਧਾਂਦਲੀ ਪੁਜਾਰੀਆਂ ਦੁਆਰਾ, ਸਿਆਸਤਦਾਨਾਂ ਦੇ ਸਮਰਥਨ ਤੇ ਸਹਿਯੋਗ ਨਾਲ, ਸਥਾਪਿਤ ਕੀਤੇ ਗਏ ‘ਸਿੱਖ ਧਰਮ’ ਵਿਚਲੇ ਫ਼ਰਕ ਨੂੰ ਠੋਸ ਪ੍ਰਮਾਣਾਂ ਨਾਲ ਵਿਚਾਰਦੇ ਹਾਂ:

ਮਹਾਂਪੁਰਸ਼ ਬਾਣੀਕਾਰ ਸੱਚੇ ਧਰਮੀ ਇਨਸਾਨ ਸਨ। ਸੱਚੇ ਇਨਸਾਨ ਵਿੱਚ ਸੱਚ ਕਹਿਣ, ਸੱਚ ਸੁਣਨ ਅਤੇ ਸੱਚ ਸਹਿਣ ਦੀ ਹਿੰਮਤ ਹੁੰਦੀ ਹੈ। ਅਜਿਹਾ ਸੱਚਾ ਇਨਸਾਨ ਹੀ ਮਰਦ ਕਹਿਲਾਉਣ ਦਾ ਹੱਕਦਾਰ ਹੈ। ਇਸੇ ਲਈ ਉਨ੍ਹਾਂ (ਬਾਣੀਕਾਰਾਂ) ਨੂੰ ਮਰਦ ਮਰਦਾਨਾ ਵੀ ਕਿਹਾ ਜਾਂਦਾ ਹੈ। ਪਰੰਤੂ, ਜਦੋਂ ਇਨਸਾਨ (ਮਰਦ) ਵਿੱਚੋਂ ਇਨਸਾਨੀਅਤ (ਮਰਦਾਨਗੀ) ਮਰ ਜਾਂਦੀ ਹੈ ਤਾਂ ਉਹ ਸ਼ੈਤਾਨ (ਨਾਮਰਦ) ਬਣ ਜਾਂਦਾ ਹੈ। ਅਤੇ, ਆਪਣੀ ਸ਼ੈਤਾਨੀਯਤ (ਨਾਮਰਦਾਨਗੀ) ਛੁਪਾਉਣ ਵਾਸਤੇ ਉਹ ਝੂਠ, ਛਲ-ਕਪਟ ਅਤੇ ਰੰਗ ਬਰੰਗੇ ਭੇਖਾਂ, ਚਿੰਨ੍ਹਾਂ ਅਤੇ ਕੂੜ-ਗ੍ਰੰਥਾਂ ਆਦਿਕ ਦਾ ਸਹਾਰਾ ਲੈਂਦਾ ਹੈ। ਨਤੀਜਤਨ, ਉਹ ਨਾਮਰਦ (ਡਰਪੋਕ) ਗੁੰਡਾ ਬਣ ਜਾਂਦਾ ਹੈ। ਅਤੇ, ਇਹ ਇਕ ਪ੍ਰਮਾਣਿਤ ਸੱਚ ਹੈ ਕਿ ਇਨਸਾਨੀਯਤ ਤੋਂ ਗਿਰ ਚੁੱਕੇ ਸ਼ੈਤਾਨ (ਨਾਮਰਦ) ਗੁੰਡਿਆਂ ਵਾਸਤੇ ਮਨੁੱਖਾ ਸਮਾਜ ਵਿੱਚ ਦੋ ਹੀ ਸੁਰੱਖਿਅਤ ਪਨਾਹਗਾਹ (safe heaven) ਹਨ; ਇਕ, ਸਿਆਸਤ ਅਤੇ ਦੂਜਾ, ਸੰਪਰਦਾਈ/ਸੰਸਾਰਕ ਧਰਮ! ਇਸ ਸੱਚ ਦੇ ਅਕੱਟ ਪ੍ਰਮਾਣ ਸਾਰੇ ਪਾਸੇ ਪ੍ਰਤੱਖ ਦਿਖਾਈ ਦੇ ਰਹੇ ਹਨ!

ਸਾਰੇ ਬਾਣੀਕਾਰ ਸੱਚੇ ਧਰਮੀ ਇਨਸਾਨ (ਮਰਦ) ਸਨ। ਸੱਚੇ ਮਰਦ ਨੂੰ ਸੱਚ ਦੇ ਮਾਰਗ ਉੱਤੇ ਚਲਦਿਆਂ ਮੌਤ ਦਾ ਡਰ ਨਹੀਂ ਹੁੰਦਾ। ਬਾਬੇ ਨਾਨਕ ਨੇ ਸਮੇਂ ਦੇ ਜ਼ਾਲਿਮ ਧਾੜਵੀਆਂ, ਰਾਜਿਆਂ-ਰਜਵਾੜਿਆਂ ਵਗ਼ੈਰਾ ਨੂੰ ਨਿਡਰ ਹੋ ਕੇ ਲਾਅਨਤਾਂ ਪਾਈਆਂ; ਸਮੇਂ ਦੇ ਸੰਪਰਦਾਈ ਧਰਮਾਂ (ਹਿੰਦੂ, ਇਸਲਾਮ, ਜੋਗ, ਜੈਨ ਅਤੇ ਬੁੱਧ ਧਰਮ ਆਦਿਕ) ਵਿੱਚ ਪੁਜਾਰੀਆਂ ਦੁਆਰਾ ਪ੍ਰਚੱਲਿਤ ਕੀਤੀਆਂ ਹੋਈਆਂ ਅਮਾਨਵੀ ਧਰਮ-ਰੀਤੀਆਂ ਨੂੰ ਨਕਾਰਿਆ ਅਤੇ ਇਨ੍ਹਾਂ ਰੀਤਾਂ ਦੇ ਬਹਾਨੇ ਲੋਕਾਂ ਨੂੰ ਗੁਮਰਾਹ ਕਰਕੇ ਠੱਗਣ ਵਾਲੇ ਪੁਜਾਰੀਆਂ ਨੂੰ ਫਿਟਕਾਰਾਂ ਵੀ ਪਾਈਆਂ ਹਨ। ਧਾਰਮਿਕ ਭ੍ਰਸ਼ਟਾਚਾਰ ਦੇ ਖ਼ਿਲਾਫ਼ ਡੰਕੇ ਦੀ ਚੋਟ ’ਤੇ ਹੋਕਾ ਦੇਣ ਵਾਲੇ ਬਾਬੇ ਨਾਨਕ ਨੇ ਸਿਰਫ਼ ਇਕ ਭਾਈ ਮਰਦਾਨੇ ਦੇ ਸਾਥ ਨਾਲ ਹਜ਼ਾਰਾਂ ਮੀਲ ਦੇ ਬਿਖੜੇ ਪੈਂਡੇ ਪੈਦਲ ਗਾਹ ਮਾਰੇ; ਉਨ੍ਹਾਂ ਨਾਲ ਕਦੀ ਵੀ ਕੋਈ ਹਥਿਆਰਬੰਦ ਅੰਗ-ਰੱਖਿਅਕ (bodyguard) ਨਹੀਂ ਸੀ ਹੁੰਦਾ! ਗੁਰਬਾਣੀ ਦੇ ਸੱਚੇ ਬੋਲ ਅਤੇ ਇਤਿਹਾਸ ਗਵਾਹ ਹਨ ਕਿ ਬਾਕੀ ਸਾਰੇ ਬਾਣੀਕਾਰ ਵੀ ਮਰਦਾਂ ਵਾਲੇੇ ਸੱਚੇ-ਸੁੱਚੇ ਅਤੇ ਨਿਡਰ ਕਿਰਦਾਰ ਦੇ ਮਾਲਿਕ ਸਨ।

ਉਪਰੋਕਤ ਦੇ ਬਿਲਕੁਲ ਉਲਟ, ‘ਸਿੱਖ ਧਰਮ’ ਦੇ (ਇਨਸਾਨੀਯਤ/ਮਰਦਾਨਗੀ ਗਵਾ ਚੁੱਕੇ) ਖ਼ੁਦ-ਪਰਸਤ, ਝੂਠੇ, ਕਪਟੀ, ਭੇਖੀ, ਪਾਖੰਡੀ ਤੇ ਛਲੀਏ ਸੰਸਥਾਪਕ ਅਤੇ ਪ੍ਰਚਾਰਕ ਮੌਤ ਦੇ ਡਰ ਨਾਲ ਇਤਨੇ ਡਰਪੋਕ ਨਾਮਰਦ ਬਣ ਗਏ ਹਨ ਕਿ ਆਪਣੀ ਜਾਨ ਬਚਾਉਣ ਲਈ ਉਹ ਹਰ ਵਕਤ ਹਥਿਆਰਬੰਦ ਅੰਗਰੱਖਿਅਕਾਂ ਦੇ ਘੇਰੇ ਵਿੱਚ ਰਹਿੰਦੇ ਹਨ। ‘ਸਿੱਖ’ ਸਿਆਸੀ ਲੀਡਰ, ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਅਤੇ ਕਾਰਕੁਨ, ਜਥੇਦਾਰ, ਰਾਗੀ, ਗ੍ਰੰਥੀ ਅਤੇ ਪ੍ਰਚਾਰਕ ਵਗ਼ੈਰਾ ਮੌਤ ਦੇ ਡਰੋਂ ਆਪਣੇ ਦੁਆਲੇ ਅੰਧਵਿਸ਼ਵਾਸੀ ਅੰਗਰੱਖਿਅਕ ਜਮੂਰਿਆਂ ਦੀ ਭੀੜ ਇਕੱਠੀ ਕਰਕੇ ਰੱਖਦੇ ਹਨ! ਟਕਸਾਲਾਂ ਦੇ ਮੁਖੀਏ, ਡੇਰਿਆਂ ਦੇ ਗੱਦੀ-ਨਸ਼ੀਨਾਂ ਆਦਿਕ ਦੀ ਵੀ ਇਹੋ ਘਿਣਾਉਣੀ ਕਹਾਣੀ ਹੈ। ਇਹ ਸਾਰੇ ਰੱਜ ਕੇ ਈਰਖਾਲੂ ਹਨ; ਈਰਖਾ ਦੇ ਮਾਰੇ ਹੋਏ ਇਹ ਇਕ ਦੂਜੇ ’ਤੇ ਸ਼ਾਬਦਿਕ ਅਤੇ ਜਾਨ-ਲੇਵਾ ਹਮਲੇ ਵੀ ਕਰਦੇ/ਕਰਵਾਉਂਦੇ ਰਹਿੰਦੇ ਹਨ। ਇਸ ਤੱਥ ਦੇ ਆਧਾਰ ’ਤੇ ਨਿਸੰਗ ਹੋ ਕੇ ਇਹ ਕਿਹਾ ਜਾ ਸਕਦਾ ਹੈ ਇਨ੍ਹਾਂ ਸਾਰਿਆਂ ਦੀ ਸਥਿਤੀ ਧਰਮੀਆਂ ਵਾਲੀ ਨਹੀਂ ਸਗੋਂ ਸ਼ੈਤਾਨ ਗੈਂਗਸਟਰਾਂ ਵਾਲੀ ਹੀ ਹੈ!

ਚਲਦਾ……

ਗੁਰਇੰਦਰ ਸਿੰਘ ਪਾਲ

ਸਤੰਬਰ 25, 2021.




.