.

ਗੁਰੂ ਤੇਗ ਬਹਾਦੁਰ ਸਾਹਿਬ ਦੇ ਜੀਵਨ ਵਾਰੇ ਸੰਖੇਪ ਜਾਣਕਾਰੀ


ਇਸ ਸਾਲ ਗੁਰੂ ਤੇਗ ਬਹਾਦੁਰ ਸਾਹਿਬ ਦਾ ੪੦੦ ਸਾਲਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ।

ਜਨਮ: ੧ ਅਪ੍ਰੈਲ ੧੬੨੧ ਈ.
ਜਨਮ ਸਥਾਨ: ਅੰਮ੍ਰਿਤਸਰ (ਪੰਜਾਬ, ਭਾਰਤ)
ਪਿਤਾ: ਗੁਰੂ ਹਰਗੋਬਿੰਦ ਸਾਹਿਬ
ਮਾਤਾ: ਮਾਤਾ ਨਾਨਕੀ ਜੀ
ਭਰਾ: ਬਾਬਾ ਗੁਰਦਿੱਤਾ
ਬਾਬਾ ਸੂਰਜ ਮੱਲ
ਬਾਬਾ ਅਣੀ ਰਾਏ
ਬਾਬਾ ਅੱਟਲ ਰਾਏ
ਭੈਣ: ਬੀਬੀ ਵੀਰੋ
ਵਿਆਹ: 14 ਸਤੰਬਰ 1632 ਈ: ਨੂੰ, ਲਖਨੋਰੀ ਪਿੰਡ (ਕਰਤਾਰਪੁਰ, ਜਲੰਧਰ) ਵਾਸੀ, ਲਾਲ ਚੰਦ ਅਤੇ ਬਿਸ਼ਨ ਕੌਰ ਦੀ ਸਪੁੱਤਰੀ ਮਾਤਾ ਗੁਜਰ ਕੌਰ ਨਾਲ ।
ਔਲਾਦ: ਗੋਬਿੰਦ ਰਾਇ (ਬਾਅਦ ਵਿੱਚ ਗੁਰੂ ਗੋਬਿੰਦ ਸਿੰਘ) ਦਾ ਜਨਮ 22 ਦਸੰਬਰ 1666 ਈ: ਨੂੰ ਪਟਨਾ ਵਿੱਚ
ਗੁਰਗਦੀ: 30 ਮਾਰਚ 1664 ਈਸਵੀ
ਸ਼ਹਾਦਤ: 11 ਨਵੰਬਰ, 1675 ਈ:, ਚਾਂਦਨੀ ਚੌਕ ਦਿੱਲੀ
ਬਾਣੀ: 15 ਰਾਗਾਂ ਵਿੱਚ ਕੁੱਲ 59 ਸ਼ਬਦ ਅਤੇ 57 ਸਲੋਕ
ਮੁੱਢਲਾ ਜੀਵਨ
ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ 1 ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦਵਾਰਾ ਗੁਰੂ ਕੇ ਮਹਿਲ ਤੇ ਹੋਇਆ । ਉਹ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ । ਉਨ੍ਹਾਂ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ । 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਬਹਾਦਰੀ ਨੂੰ ਦੇਖਦਿਆਂ ਉਨ੍ਹਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ।
ਗੁਰੂ ਸਾਹਿਬ ਨੇ 9 ਸਾਲ ਦੇ ਕਰੀਬ ਅੰਮ੍ਰਿਤਸਰ ਗੁਜ਼ਾਰੇ ਅਤੇ ਫਿਰ ਉਹ ਕਰਤਾਰਪੁਰ (ਜਿਲ੍ਹਾ ਜਲੰਧਰ) ਚਲੇ ਗਏ ।
ਗੁਰਗੱਦੀ ਉੱਪਰ ਬਿਰਾਜਮਾਨ ਹੋਣਾ
ਗੁਰੂ ਹਰ ਕਿਸ਼ਨ ਸਾਹਿਬ ਨੇ ਅਕਾਲ ਚਲਾਣੇ ਦੇ ਸਮੇਂ ਆਖਰੀ ਸ਼ਬਦ "ਬਾਬਾ ਬਕਾਲਾ" ਕਹੇ ਸਨ । ਜਿਸਦਾ ਅਰਥ ਅਗਲਾ ਗੁਰੂ ਦਾ ਬਾਬਾ ਬਕਾਲਾ ਵਿਖੇ ਹੋਣਾ ਸੀ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਾਂ ਦਾ ਨੌਵਾਂ ਗੁਰੂ ਮੰਨ ਲਿਆ ਗਿਆ। ਧੀਰ ਮੱਲ ਅਤੇ ਪ੍ਰਿਥੀ ਚੰਦ ਦੀ ਔਲਾਦ ਨੇ ਉਨ੍ਹਾਂ ਦਾ ਵਿਰੋਧ ਕੀਤਾ।
ਗੁਰੂ ਜੀ ਦੇ ਵਿਸ਼ੇਸ਼ ਕੰਮ
ਗੁਰਗੱਦੀ ਤੇ ਬੈਠਣ ਤੋਂ ਬਾਅਦ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ । ਜਿਥੇ ਗੁਰੂ ਸਾਹਿਬ ਨੇ ਨਿਵਾਸ ਕੀਤਾ ਸੀ ਉਥੇ ਅੱਜ ਗੁਰਦੁਆਰਾ ਥੰਮ ਸਾਹਿਬ (ਥੜਾ ਸਾਹਿਬ) ਸ਼ਸ਼ੋਬਤ ਹੈ। ਫਿਰ ਗੁਰੂ ਸਾਹਿਬ ਨੇ ਅੰਮ੍ਰਿਤਸਰ ਦੁਆਲੇ ਧਰਮ ਪ੍ਰਚਾਰ ਲਈ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਉਹ ਘੁੱਕੇ ਵਾਲੀ ਗਏ। ਇਸ ਦਾ ਨਾਮ ਹੁਣ 'ਗੁਰੂ ਕਾ ਬਾਗ’ ਹੈ। ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਤੋਂ ਬਾਅਦ ਗੁਰੂ ਸਾਹਿਬ ਮਾਲਵਾ ਇਲਾਕੇ ਦੇ ਤਲਵੰਡੀ ਸਾਬੋ, ਮੋੜ ਮੰਡੀ, ਮਹਿਸਰਖਾਨਾ ਆਦਿ ਥਾਵਾਂ ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਗਏ ।
ਮਾਲਵੇ ਦੇ ਵੱਖ-ਵੱਖ ਇਲਾਕਿਆਂ ਵਿੱਚ ਧਰਮ ਪ੍ਰਚਾਰ ਕਰਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ, ਅਪ੍ਰੈਲ 1665 ਦੇ ਅਖ਼ੀਰ ਵਿੱਚ, ਧਮਤਾਨ (ਹੁਣ ਜ਼ਿਲ੍ਹਾ ਜੀਂਦ, ਹਰਿਆਣਾ) ਪੁੱਜੇ । ਧਮਤਾਨ ਵਿੱਚ ਭਾਈ ਦੱਗੋ ਸਿੱਖ ਪੰਥ ਦਾ ਮਸੰਦ ਸੀ । ਭਾਈ ਦੱਗੋ ਦਾ ਇਲਾਕੇ ਵਿੱਚ ਬੜਾ ਚੰਗਾ ਰਸੂਖ਼ ਸੀ । ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਉੱਥੇ ਪੁੱਜੇ ਤਾਂ ਸੈਂਕੜੇ ਸਿੱਖ ਗੁਰੂ ਸਾਹਿਬ ਨੂੰ ਮਿਲਣ ਲਈ ਆਉਂਦੇ ਰਹੇ । ਗੁਰੂ ਸਾਹਿਬ ਇਥੇ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। 28 ਅਕਤੂਬਰ, 1665 ਤੱਕ ਗੁਰੂ ਸਾਹਿਬ ਇੱਥੇ ਹੀ ਰਹੇ ਅਤੇ ਫਿਰ ਕੀਰਤਪੁਰ ਸਾਹਿਬ ਚਲੇ ਗਏ ।

ਅੰਨਦਪੁਰ ਵਸਾਉਣਾ:
16 ਜੂਨ 1665 ਈ. ਵਿੱਚ, ਗੁਰੂ ਤੇਗ ਬਹਾਦੁਰ ਸਾਹਿਬ ਨੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਦੀ ਰਾਣੀ ਜਲਾਲ ਦੇਵੀ ਤੋਂ 500 ਰੁਪਏ ਨਾਲ ਪਿੰਡ ਮਾਖੋਵਾਲ (ਰੋਪੜ) ਵਿੱਚ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ ਗਿਆ । ਹੁਣ ਇਸ ਦਾ ਨਾਮ ਆਨੰਦਪੁਰ ਸਾਹਿਬ ਹੈ ।
ਗੁਰੂ ਤੇਗ਼ ਬਹਾਦਰ ਸਾਹਿਬ; ਮਾਰਚ 1673 ਦੇ ਆਖ਼ਰੀ ਹਫ਼ਤੇ ਤੋਂ 10 ਜੁਲਾਈ 1675 ਤੱਕ ਚੱਕ ਨਾਨਕੀ ਵਿੱਚ ਰਹੇ ।
ਗੁਰੂ ਸਾਹਿਬ ਦੀ ਪੂਰਬੀ ਭਾਰਤ ਵਲ ਪ੍ਰਚਾਰਕ ਯਾਤਰਾ
ਔਰੰਗਜ਼ੇਬ ਨੇ ਹਿੰਦੂਆਂ ਉੱਪਰ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਗੁਰੂ ਤੇਗ਼ ਬਹਾਦੁਰ ਜੀ; ਹਿੰਦੂ ਜਨਤਾ ਨੂੰ ਦਿਲਾਸਾ ਦੇਣ ਅਤੇ ਸਿੱਖੀ ਪ੍ਰਚਾਰ ਲਈ ਪੂਰਬ ਦੇਸ਼ ਵੱਲ ਚੱਲ ਪਏ ।
੬ ਜੂਨ ੧੬੫੬ ਈ.: ਗੁਰੂ ਸਾਹਿਬ ਨੇ ਅਨੰਦਪੁਰ ਤੋਂ ਭਾਰਤ ਦਾ ਪ੍ਰਚਾਰਿਕ ਦੌਰਾ ਸ਼ੁਰੂ ਕੀਤਾ । ਅਨੰਦਪੁਰ ਤੋਂ ਘਨੌਲੀ, ਰੋਪੜ, ਮੂਲੇਵਾਲ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ ।
੨੯ ਮਾਰਚ ੧੬੫੭ ਈ.: ਗੁਰੂ ਸਾਹਿਬ ਹਰਦੁਆਰ ਪਹੁੰਚੇ ਅਤੇ ਉਥੇ ਉਹ ਡੇਢ ਮਹੀਨਾ ਰਹੇ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਪ੍ਰਚਾਰ ਕਰਨ ਗਏ । ਉਸ ਤੋਂ ਬਾਅਦ ਗੁਰੂ ਸਾਹਿਬ ਧਮਧਾਨ, ਕੁਰਕਸ਼ੇਤਰ, ਮਥੁਰਾ ਅਤੇ ਅਗਰਾ ਗਏ ।
ਜੂਨ ੧੬੬੧ ਈ.: ਗੁਰੂ ਸਾਹਿਬ ਗਯਾ ਗਏ । ਇੱਥੋਂ ਆਗਰਾ, ਕਾਨਪੁਰ, ਅਲਾਹਾਬਾਦ, ਪ੍ਰਯਾਗ, ਕਾਂਸ਼ੀ ਆਦਿ ਹਿੰਦੂ ਤੀਰਥਾਂ ਤੇ ਗਏ । ਇਕੱਠੇ ਹੋਏ ਲੋਕਾਂ ਨੂੰ ਗੁਰਮਤਿ ਦ੍ਰਿੜ੍ਹ ਕਰਵਾਈ ਅਤੇ ਦੱਸਿਆ ਕਿ ਸਤਸੰਗਤ ਹੀ ਸੱਚਾ ਤੀਰਥ ਹੈ ।
ਜੁਲਾਈ ੧੬੬੧ ਈ.: ਗਯਾ ਤੋਂ ਪਟਨਾ ਪਹੁੰਚੇ । ਇੱਥੇ ਭਾਈ ਜੈਤਾ ਹਲਵਾਈ ਦੇ ਘਰ ਮਾਤਾ ਗੁਜਰੀ ਜੀ (ਜੋ ਮਾਂ ਬਣਨ ਵਾਲ਼ੇ ਸਨ) ਨੂੰ ਛੱਡ ਕੇ ਆਪ ਪੂਰਬੀ ਭਾਰਤ ਚੱਲੇ ਗਏ ।
ਪੂਰਬੀ ਭਾਰਤ: ਗੁਰੂ ਸਾਹਿਬ ਬਿਹਾਰ, ਆਸਾਮ ਬੰਗਾਲ ਅਤੇ ਢਾਕਾ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਚਲੇ ਗਏ ।

ਪੁੱਤਰ ਦਾ ਜਨਮ:
22 ਦਸੰਬਰ 1666 ਈ: ਨੂੰ ਪਟਨਾ ਵਿੱਚ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਹੋਇਆ ।
ਚੱਕ ਨਾਨਕੀ ਵਾਪਸ ਆਉਣਾ: ਪੂਰਬੀ ਭਾਰਤ ਤੋਂ ਗੁਰੂ ਸਾਹਿਬ ਵਾਪਸ ਚੱਕ ਨਾਨਕੀ ਆ ਗਏ ਅਤੇ ਪਟਨੇ ਤੋਂ ਪ੍ਰਵਾਰ ਨੂੰ ਵੀ ਇਥੇ ਬੁਲਾ ਲਿਆ । ਇਥੇ ਹੀ ਪਹਿਲੀ ਵਾਰ ਗੋਬਿੰਦ ਰਾਇ ਨੂੰ ਮਿਲੇ ।

ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ
ਔਰੰਗਜ਼ੇਬ ਬਹੁਤ ਹੀ ਯਨੂੰਨੀ ਅਤੇ ਜ਼ੁਲਮੀ ਬਾਦਸ਼ਾਹ ਸੀ। ਉਸ ਨੇ ਗੈਰ ਮੁਸਲਮਾਨਾਂ ਅਤੇ ਕਸ਼ਮੀਰੀ ਪੰਡਿਤ ਉੱਤੇ ਬਹੁਤ ਜ਼ੁਲਮ ਢਾਹਿਆ। ਉਹ ਉਨ੍ਹਾਂ ਨੂੰ ਹਰ ਰੋਜ਼ ਜਬਰੀ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰੀ ਪੰਡਿਤ, ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਬਹੁਤ ਤੰਗ ਆ ਚੁੱਕੇ ਸਨ । ਆਪਣੀ ਸਹਾਇਤਾ ਲਈ ਕਸ਼ਮੀਰੀ ਪੰਡਿਤ ਕੇਦਾਰ ਨਾਥ, ਬਦਰੀ ਨਾਥ, ਦੁਆਰਕਾ ਪੁਰੀ, ਕਾਂਚੀ, ਮਥਰਾ ਅਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੇ ਗਏ ਪਰ ਕਿਸੇ ਨੇ ਵੀ ਉਨ੍ਹਾਂ ਦੀ ਫ਼ਰਿਆਦ ਕਿਸੇ ਨਾ ਸੁਣੀ । ਉਨ੍ਹਾਂ ਨੇ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤੱਕ ਵੀ ਪਹੁੰਚ ਕੀਤੀ ਹੈ ਪਰ ਉਨ੍ਹਾਂ ਨੇ ਵੀ ਅਪਣੀ ਬੇਬਸੀ ਜ਼ਾਹਰ ਕਰ ਦਿੱਤੀ । ਉਨ੍ਹਾਂ ਦੀ ਆਖ਼ਰੀ ਆਸ ਕੇਵਲ ਗੁਰੂ ਨਾਨਕ ਸਾਹਿਬ ਤੇ ਸੀ । 25 ਮਈ, 1675 ਈ. ਨੂੰ, ੧੬ ਕਸ਼ਮੀਰੀ ਪੰਡਿਤਾਂ ਦਾ ਇੱਕ ਜੱਥਾ, ਭਾਈ ਕਿਰਪਾ ਰਾਮ ਦੱਤ ਦੀ ਅਗਵਾਈ ਵਿੱਚ, ਗੁਰੂ ਤੇਗ ਬਹਾਦਰ ਸਾਹਿਬ ਕੋਲ ਚੱਕ ਨਾਨਕੀ ਆਇਆ । ਭਾਈ ਕਿਰਪਾ ਰਾਮ, ਕਸ਼ਮੀਰ ਵਿੱਚ ਸਿੱਖ ਧਰਮ ਦੇ ਸੱਭ ਤੋਂ ਵੱਡੇ ਪ੍ਰਚਾਰਕਾਂ ਵਿੱਚੋਂ ਇੱਕ ਸਨ । ਜਦੋਂ ਕਸ਼ਮੀਰੀ ਪੰਡਿਤਾਂ ਨੇ ਮਦਦ ਲਈ ਫਰਿਆਦ ਕੀਤੀ ਤਾਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਪੰਡਿਤਾਂ ਨੂੰ ਉਨ੍ਹਾਂ ਦੀ ਮਦਦ ਕਰਨ ਦਾ ਭਰੋਸਾ ਦੇ ਦਿੱਤਾ ਅਤੇ ਕਿਹਾ ਉਹ ਔਰੰਗਜ਼ੇਬ ਦੱਸ ਦੇਣ ਕਿ ਜੇ ਉਹ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਹੀ ਕਸ਼ਮੀਰੀ ਪੰਡਿਤ ਮੁਸਲਮਾਨ ਬਣ ਜਾਣਗੇ ।
ਸ਼ਹੀਦੀ
ਗੁਰੂ ਤੇਗ ਬਹਾਦੁਰ ਸਾਹਿਬ ਸਮਝ ਗਏ ਸਨ ਕਿ ਉਸ ਸਮੇਂ ਸ਼ਹੀਦੀ ਦੀ ਲੋੜ ਹੈ ਜਿਸ ਨਾਲ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ । ਉਨ੍ਹਾਂ ਆਪਣੇ ਪੁੱਤਰ, ਗੋਬਿੰਦ ਰਾਇ ਨੂੰ ਦੱਸਿਆ ਕਿ ਔਰੰਗਜ਼ੇਬ ਦੇ ਜ਼ੁਲਮ ਨੂੰ ਰੋਕਣ ਲਈ ਕਿਸੇ ਮਹਾਂਪੁਰਖ ਦੀ ਸ਼ਹੀਦੀ ਦੀ ਲੋੜ ਹੈ । ਗੋਬਿੰਦ ਰਾਇ ਜੀ ਨੇ ਕਿਹਾ ਕਿ ਉਨ੍ਹਾਂ ਤੋਂ ਬਿਨਾਂ ਹੋਰ ਕੋਈ ਮਹਾਂਪੁਰਖ ਨਹੀਂ ਹੋ ਸਕਦਾ । ਇਸ ਤਰ੍ਹਾਂ ਗੁਰੂ ਤੇਗ ਬਹਾਦੁਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦ ਹੋਣ ਦਾ ਫ਼ੈਸਲਾ ਕਰ ਲਿਆ ।
ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਹੁਕਮ: ਜਦੋਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਸਾਹਿਬ ਦਾ ਸੁਨੇਹਾ ਔਰੰਗਜ਼ੇਬ ਨੂੰ ਦੇ ਦਿੱਤਾ ਤਾਂ ਉਸ ਨੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜ਼ਾਰੀ ਕਰ ਦਿੱਤੇ ।
8 ਜੁਲਾਈ 1675 ਗੋਬਿੰਦ ਰਾਇ ਨੂੰ ਗੁਰਗੱਦੀ: ਗੋਬਿੰਦ ਰਾਇ ਨੂੰ ਗੁਰਗੱਦੀ ਥਾਪ ਕੇ, ਗੁਰੂ ਸਾਹਿਬ; ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜੈਤਾ ਅਤੇ ਭਾਈ ਦਿਆਲਾ ਆਦਿ ਕੁੱਝ ਸਿੱਖਾਂ ਨਾਲ ਦਿੱਲੀ ਵੱਲ ਚੱਲ ਪਏ ।
ਜਦੋ ਆਗਰੇ ਪਹੁੰਚੇ ਤਾਂ ਗੁਰੂ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜੈਤਾ ਅਤੇ ਭਾਈ ਦਿਆਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਗਰਾ ਤੋਂ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ। ਗੁਰੂ ਤੇਗ ਬਹਾਦੁਰ ਸਾਹਿਬ ਨੂੰ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਜਾਨ ਬਖਸ਼ਣ ਲਈ ਤਿੰਨ ਸ਼ਰਤਾਂ ਰੱਖੀਆਂ ਗਈਆਂ;
੧. ਇਸਲਾਮ ਕਬੂਲਣਾ ਜਾਂ
੨. ਕੋਈ ਚਮਤਕਾਰ ਦਿਖਾਉਣਾ ਜਾਂ
੩. ਸ਼ਹੀਦ ਹੋਣ ਲਈ ਤਿਆਰ ਹੋਣ
ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ;
੧. ਹਰੇਕ ਜੀਵ ਨੂੰ ਆਪਣਾ ਧਰਮ ਨਿਭਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਧਰਮ ਬਦਲਣ ਲਈ ਕਿਸੇ ਨੂੰ ਮਜ਼ਬੂਰ ਨਹੀਂ ਕਰਨਾ ਚਾਹੀਦਾ,
੨. ਚਮਤਕਾਰ ਦਿਖਾਉਣੇ ਗੁਰੂ ਦੀ ਰਜ਼ਾ ਦੇ ਉਲਟ ਹੈ ਅਤੇ
੩. ਜੀਉਣਾ ਅਤੇ ਮਾਰਨਾ ਰੱਬ ਦੇ ਹੈ, ਇਸ ਲਈ ਉਹ ਮਰਨ ਤੋਂ ਨਹੀਂ ਡਰਦੇ ।
ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਕਿਹਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ । ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਉਹ ਨਾ ਤਾਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਿਹਾ ਹੈ, ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲਣ ਦਾ ਅਤੇ ਨਾ ਹੀ ਉਹ ਆਪਣੀ ਪਰਜਾ ਪ੍ਰਤੀ ਆਪਣੇ ਫ਼ਰਜ਼ ਦਾ ਪਾਲਣ ਕਰ ਰਿਹਾ ਹੈ । ਬਾਦਸ਼ਾਹ ਹੋਣ ਦੇ ਨਾਤੇ ਉਸ ਦਾ ਫ਼ਰਜ਼ ਹੈ ਕਿ ਉਹ ਹਿੰਦੂਆਂ, ਅਤੇ ਹੋਰ ਗੈਰ ਮੁਸਲਮਾਨਾਂ ਨੂੰ ਮੁਸਲਮਾਨਾਂ ਦੇ ਬਰਾਬਰ ਸਮਝੇ। ਪਰ ਉਸ ਨੇ ਹਿੰਦੂਆਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ ਹੋਇਆ ਹੈ । ਇਸ ਲਈ ਉਨ੍ਹਾਂ ਨੇ ਮਜ਼ਲੂਮਾਂ ਦੀ ਬਾਂਹ ਪਕੜ ਲਈ ਹੈ ।
ਔਰੰਗਜ਼ੇਬ ਗੁੱਸੇ ਵਿੱਚ ਕੰਬ ਉੱਠਿਆ ਅਤੇ ਹੁਕਮ ਦਿੱਤਾ ਕਿ ਗੁਰੂ ਸਾਹਿਬ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਮੁਰੀਦਾਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ ।
ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਫਿਰ ਭਾਈ ਸਤੀ ਦਾਸ ਨੂੰ ਰੂੰ ਵਿੱਚ ਬੰਨ ਕੇ ਸਾੜਿਆ ਗਿਆ ਅਤੇ ਫਿਰ ਭਾਈ ਦਿਆਲਾ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ । ਇਸ ਪ੍ਰਕਾਰ ਉਨ੍ਹਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਾਹਿਦ ਕਰ ਦਿੱਤਾ ਗਿਆ ।
11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਦਿੱਲੀ ਵਿਖੇ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਵੀ ਸ਼ਹੀਦ ਕਰਨ ਲਈ ਕਾਜ਼ੀ ਨੇ ਫ਼ਤਵਾ ਪੜ੍ਹ ਦਿੱਤਾ । ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕਰਕੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਜਿਸ ਨਾਲ ਗੁਰੂ ਸਾਹਿਬ ਸ਼ਹੀਦ ਹੋ ਗਏ।
ਗੁਰੂ ਸਾਹਿਬ ਦਾ ਸੰਸਕਾਰ:
ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਦੇ ਨਾਲ-ਨਾਲ ਔਰੰਗਜ਼ੇਬ ਦਾ ਇਹ ਵੀ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਚਾਰ ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਚਾਰੇ ਪਾਸੇ ਚਾਰ ਦਰਵਾਜ਼ਿਆਂ ਤੇ ਲਟਕਾ ਦਿਤੇ ਜਾਣ ਪਰ ਹਨੇਰਾ ਹੋ ਜਾਣ ਕਰਕੇ ਉਸ ਦੇ ਇਸ ਹੁਕਮ ਦੀ ਪਾਲਣਾ ਨਾ ਹੋ ਸਕੀ ।
ਭਾਈ ਜੈਤਾ ਗੁਰੂ ਸਾਹਿਬ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਿਆ ਜਿਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਤੇਗ ਬਹਾਦੁਰ ਸਾਹਿਬ ਦੇ ਸੀਸ ਦਾ ਸੰਸਕਾਰ ਕਰ ਦਿੱਤਾ । ਗੁਰੂ ਤੇਗ ਬਹਾਦੁਰ ਸਾਹਿਬ ਦੇ ਧੜ ਨੂੰ ਭਾਈ ਲੱਖੀ ਸ਼ਾਹ ਆਪਣੇ ਘਰ ਲੈ ਗਿਆ । ਉਸ ਨੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਤੇਗ ਬਹਾਦੁਰ ਸਾਹਿਬ ਦੀ ਧੜ ਦਾ ਸੰਸਕਾਰ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਅਸਥੀਆਂ ਨੂੰ ਉੱਥੇ ਹੀ ਦੱਬ ਦਿੱਤਾ । ਅੱਜ ਇਸ ਅਸਥਾਨ ਦਾ ਨਾਮ ਗੁਰਦੁਆਰਾ ਰਕਾਬ ਗੰਜ ਹੈ ।
ਗੁਰੂ ਤੇਗ ਬਹਾਦੁਰ ਸਾਹਿਬ ਦੇ ਸੀਸ ਅਤੇ ਧੜ ਦੇ ਸੰਸਕਾਰ ਬਾਰੇ ਭੱਟ ਵਹੀ ਵਿੱਚ ਇਹ ਲਿਖਿਆ ਹੈ, “ਲਖੀਆ ਬੇਟਾ ਗੋਧੂ ਕਾ, ਨਗਾਹੀਆ-ਹੇਮਾ-ਹਾੜੀ ਬੇਟੇ ਲਖੀਏ ਕੇ, ਜਾਦੋ ਬੰਸੀਏ, ਬੜਤੀਏ ਕਨਾਉਤ, ਨਾਇਕ ਧੂੰਮਾ ਬੇਟਾ ਕਾਨ੍ਹੇ ਕਾ, ਤੂੰਮਰ ਬਿੰਜਲਉਤ, ਗੁਰੂ ਤੇਗ਼ ਬਹਾਦਰ ਜੀ ਮਹਲ ਨਾਂਵਾਂ ਕੀ ਲਾਸ਼ ਉਠਾਏ ਲਾਏ, ਸਾਲ ਸਤਰਾਂ ਸੈ ਬੱਤੀਸ, ਮੰਗਹਰ ਸੁਦੀ ਛੱਟ, ਗੁਰੂਵਾਰ ਕੇ ਦਿਹੁੰ । ਦਾਗ਼ ਕੀਆ ਰਸੀਨਾ ਗਾਮ ਮੇਂ ਆਧ ਘਰੀ ਰੈਨ ਰਹੀ ।“ (ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਏ ਕਨਾਉਾਤੋਂ ਕਾ) । ਉਦੋਂ ਰਾਇਸੀਨਾ ਪਿੰਡ ਦੀ ਸਾਰੀ ਜ਼ਮੀਨ ਭਾਈ ਲੱਖੀ ਰਾਏ ਵਣਜਾਰਾ ਦੀ ਸੀ ।
ਗੁਰੂ ਸਾਹਿਬ ਦੀ ਸ਼ਹੀਦੀ ਵਿਲੱਖਣ ਅਤੇ ਵਿਸ਼ੇਸ਼ਤਾ: ਇਤਿਹਾਸ ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ ਵਿਲੱਖਣ ਅਤੇ ਵਿਸ਼ੇਸ਼ ਅਰਥ ਰੱਖਦੀ ਹੈ । ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਸ਼ਹੀਦੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ । ਇਸ ਗੌਰਵਮਈ ਸ਼ਹਾਦਤ ਨੇ ਨਾ ਕੇਵਲ ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਅਤੇ ਦੂਜੇ ਪਾਸੇ ਪੂਰੇ ਸੰਸਾਰ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਵੀ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ । ਗੁਰੂ ਸਾਹਿਬ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ । ਗੁਰੂ ਸਾਹਿਬ ਦੀ ਕੁਰਬਾਨੀ ਨਾ ਕੇਵਲ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣ ਗਈ ।
21ਵੀਂ ਸਦੀ ਵਿੱਚ ਇਸ ਸ਼ਹਾਦਤ ਦੀ ਮਹੱਤਤਾ ਹੋਰ ਵੀ ਦ੍ਰਿੜ੍ਹ ਹੋ ਜਾਂਦੀ ਹੈ ਕਿਉਂਕਿ ਅੱਜ ਫਿਰ ਸਾਡਾ ਸਮਾਜ ਭਾਸ਼ਾ, ਇਲਾਕੇ ਅਤੇ ਧਰਮ ਆਦਿ ਦੇ ਨਾਂ ’ਤੇ ਅਣਗਿਣਤ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ । ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਦੀ ਰੋਸ਼ਨੀ ਹੀ ਕੱਟੜਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਹਿੰਸਾਵਾਦੀਆਂ ਨੂੰ ਚਾਨਣ ਦੀ ਕਿਰਨ ਦੇ ਸਕਦੀ ਹੈ ।
ਗੁਰੂ ਸਾਹਿਬ ਨੂੰ ਸ਼ਰਧਾਂਜਲੀ: ਅੱਜ ਦੇ ਦਿਨ ਗੁਰੂ ਸਾਹਿਬ ਦੀ ਮਹਾਨ ਸ਼ਹੀਦੀ ਨੂੰ ਸਾਡੀ ਸ਼ਰਧਾਂਜਲੀ ਇਹ ਹੀ ਹੋਵੇਗੀ ਕਿ ਅਸੀਂ ਮਨੁੱਖਾਂ ਦੇ ਬਣਾਏ ਧਰਮਾਂ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਦਇਆ, ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਕਦਮ ਧਰੀਏ ।
ਗੁਰੂ ਸਾਹਿਬ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਤੇਗ਼ ਬਹਾਦਰ ਸਾਹਿਬ ਦੇ 15 ਰਾਗਾਂ ਵਿੱਚ 59 ਸ਼ਬਦ ਅਤੇ 57 ਸਲੋਕ ਦਰਜ਼ ਹਨ । ਉਨ੍ਹਾਂ ਦੀ ਬਾਣੀ, ਗੁਰੂ ਗੋਬਿੰਦ ਸਿੰਘ ਨੇ, 1706 ਈ. ਵਿੱਚ, ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਵਿਖੇ, ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹਾਈ ।
ਰਾਗਾਂ ਅਨੁਸਾਰ ਗੁਰੂ ਤੇਗ਼ ਬਹਾਦਰ ਸਾਹਿਬ ਦੇ ਬਾਣੀ ਦਾ ਵੇਰਵਾ ਇਸ ਤਰ੍ਹਾਂ ਹੈ;
1. ਰਾਗੁ ਗਉੜੀ = 9 ਸ਼ਬਦ
2. ਰਾਗੁ ਆਸਾ = 1 ਸ਼ਬਦ
3. ਰਾਗੁ ਦੇਵਗੰਧਾਰੀ = 3 ਸ਼ਬਦ
4. ਰਾਗੁ ਬਿਹਾਗੜਾ = 1 ਸ਼ਬਦ
5. ਰਾਗੁ ਸੋਰਠਿ = 12 ਸ਼ਬਦ
6. ਰਾਗੁ ਧਨਾਸਰੀ = 4 ਸ਼ਬਦ
7. ਰਾਗੁ ਜੈਤਸਰੀ = 3 ਸ਼ਬਦ
8. ਰਾਗੁ ਟੋਡੀ = 1 ਸ਼ਬਦ
9. ਰਾਗੁ ਤਿਲੰਗ = 3 ਸ਼ਬਦ
10. ਰਾਗੁ ਬਿਲਾਵਲ = 3 ਸ਼ਬਦ
11. ਰਾਗੁ ਰਾਮਕਲੀ = 3 ਸ਼ਬਦ
12. ਰਾਗੁ ਮਾਰੂ = 3 ਸ਼ਬਦ
13. ਰਾਗੁ ਬਸੰਤੁ = 5 ਸ਼ਬਦ
14. ਰਾਗੁ ਸਾਰੰਗ = 4 ਸ਼ਬਦ
15. ਰਾਗੁ ਜੈਜਾਵੰਤੀ = 4 ਸ਼ਬਦ
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ।।
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ।।੧੬।। ਪੰਨਾ ੧੪੨੭

ਵਾਹਿ ਗੁਰੂ ਜੀ ਕਾ ਖਾਲਸਾ ।।
ਵਾਹਿ ਗੁਰੂ ਜੀ ਕੀ ਫ਼ਤਿਹ ।।
ਬਲਬਿੰਦਰ ਸਿੰਘ ਅਸਟ੍ਰੇਲੀਆ




.