.

ਨਰਕ ਸੁਰਗ ਦਾ ਖਹਿੜਾ ਛੱਡ ਕੇ ਆਓ ਰਲ ਮਿਲ ਰਹੀਏ

ਤਕਰੀਬਨ ਸਾਰੇ ਹੀ ਵੱਡੇ ਧਰਮਾਂ ਨੂੰ ਮੰਨਣ ਵਾਲੇ ਲੋਕ ਨਰਕ ਸੁਰਗ ਤੇ ਵਿਸ਼ਵਾਸ਼ ਕਰਦੇ ਹਨ। ਦੁਨੀਆ ਦੇ ਦੋਵੇਂ ਵੱਡੇ ਧਰਮ, ਇਸਾਈ ਅਤੇ ਇਸਲਾਮ ਵਾਲੇ ਨਰਕ ਸੁਰਗ ਵਿੱਚ ਅਕੱਟ ਵਿਸ਼ਵਾਸ਼ ਰੱਖਦੇ ਹਨ। ਇਹ ਦੋਵੇਂ ਧਰਮਾਂ ਨੂੰ ਮੰਨਣ ਵਾਲੇ ਲੋਕ ਕਿਸੇ ਕਿਆਮਤ ਵਾਲੇ ਦਿਨ ਦੀ ਉਡੀਕ ਕਰਦੇ ਹਨ ਜਿਸ ਦਿਨ ਮਰ ਚੁੱਕੇ ਵਿਆਕਤੀਆਂ ਦਾ ਹਿਸਾਬ ਕਿਤਾਬ ਹੋਵੇਗਾ। ਫਿਰ ਚੰਗੇ ਮੰਦੇ ਕਰਮਾ ਅਨੁਸਾਰ ਸਜਾ ਮਿਲੇਗੀ। ਚੰਗੇ ਕਰਮਾ ਵਾਲਿਆਂ ਨੂੰ ਸੁਰਗਾਂ ਵਿੱਚ ਵਾਸਾ ਮਿਲੇਗਾ ਅਤੇ ਮਾੜੇ ਕਰਮਾ ਵਾਲਿਆਂ ਨੂੰ ਨਰਕਾਂ ਵਿੱਚ ਜਾਣਾ ਪਵੇਗਾ। ਇਸੇ ਕਰਕੇ ਇਹ ਮੁਰਦਿਆਂ ਨੂੰ ਜਾਲਣ ਦੀ ਬਿਜਾਏ ਦੱਬਦੇ (ਦਫਨਾਉਂਦੇ) ਹਨ। ਹਿੰਦੂਆਂ ਅਤੇ ਸਿੱਖਾਂ ਦੇ ਵਿਸ਼ਵਾਸ਼ ਅਨੁਸਾਰ ਮਰਨ ਤੋਂ ਬਾਅਦ ਛੇਤੀਂ ਹੀ ਨਰਕ, ਸੁਰਗ, ਮੁਕਤੀ ਜਾਂ ਸੱਚਖੰਡ ਵਿੱਚ ਵਾਸਾ ਮਿਲ ਜਾਂਦਾ ਹੈ। ਇਨ੍ਹਾਂ ਦੀ ਮਨੌਤ ਅਨੁਸਾਰ ਚਿਤ੍ਰ ਗੁਪਤ ਨਾਲ ਦੀ ਨਾਲ ਹੀ ਲੇਖਾ ਲਿਖੀ ਜਾਂਦੇ ਹਨ। ਮੋਢਿਆਂ ਦੇ ਉਪਰ ਇੱਕ ਪਾਸੇ ਚਿਤ੍ਰ ਬੈਠਾ ਹੁੰਦਾ ਹੈ ਅਤੇ ਦੂਸਰੇ ਪਾਸੇ ਗੁਪਤ। ਮੌਤ ਤੋਂ ਬਾਅਦ ਇਹ ਦੋਵੇਂ ਧਰਮ ਰਾਜ ਦੇ ਕੋਲ ਜਾ ਕੇ ਆਪਣੇ ਹਿਸਾਬ-ਕਿਤਾਬ ਵਾਲੀ ਵਹੀ ਸੌਂਪ ਦਿੰਦੇ ਹਨ। ਜਿਸ ਵਹੀ ਨੂੰ ਵੇਖ ਕੇ ਧਰਮਰਾਜ ਆਪਣਾ ਫੈਸਲਾ ਸੁਣਾ ਦਿੰਦਾ ਹੈ ਬਈ ਬੰਦਿਆ ਆਹ ਤੈਂ ਮਾੜੇ ਕੰਮ ਕੀਤੇ ਹਨ ਅਤੇ ਆਹ ਚੰਗੇ। ਇਸ ਤਰ੍ਹਾਂ ਦੇ ਤੇਰੇ ਕੀਤੇ ਹੋਏ ਕੰਮਾ ਅਨੁਸਾਰ ਇਸ ਤਰ੍ਹਾਂ ਦੀ ਸਜ਼ਾ ਜਾਂ ਇਨਾਮ ਦਾ ਤੂੰ ਹੱਕਦਾਰ ਹੈਂ। ਧਰਮ ਰਾਜ ਦੇ ਫੈਸਲੇ ਅਟੱਲ ਹੁੰਦੇ ਹਨ ਉਥੇ ਕੋਈ ਵੀ ਦਲੀਲ ਜਾਂ ਅਪੀਲ ਕੰਮ ਨਹੀਂ ਕਰ ਸਕਦੀ। ਬਸਾ ਸਜਾ ਭੁਗਤਣੀ ਹੀ ਪੈਣੀ ਹੈ। ਹਾਂ ਸੱਚ ਕਈ ਕਥਿਤ ਮਹਾਂਪੁਰਸ਼ਾਂ ਦੇ ਬਚਨਾ ਅਨੁਸਾਰ ਜੇ ਕਰ ਕੇਸ ਰੱਖੇ ਹੋਣ ਤਾਂ ਸਾਰੀਆਂ ਗਲਤੀਆਂ ਮੁਆਫ ਕਰਕੇ ਦਸਮੇਂ ਗੁਰੂ ਜੀ ਕੇਸ ਦੇਖ ਕੇ ਨਰਕਾਂ ਵਿੱਚ ਜਾਣ ਤੋਂ ਬਚਾ ਲੈਣਗੇ।
ਓਏ ਭਰਾਵੋ ਇਹ ਸਾਰਾ ਕੁੱਝ ਅੰਧਵਿਸ਼ਵਾਸ਼ ਤੋਂ ਬਿਨਾ ਕੁੱਝ ਨਹੀਂ ਹੈ। ਨਾਹ ਤਾਂ ਅੱਜ ਤੱਕ ਕਦੀ ਕਿਆਮਤ ਆਈ ਹੈ ਅਤੇ ਨਾਹ ਹੀ ਆਉਣੀ ਹੈ। ਨਾਹ ਤਾਂ ਸਾਲਾਂ-ਸਦੀਆਂ ਬਾਅਦ ਕੋਈ ਮੁਰਦਾ ਕਬਰਾਂ ਵਿੱਚ ਉਠਿਆ ਹੈ ਅਤੇ ਨਾਹ ਹੀ ਕਦੀ ਉਠੇਗਾ। ਨਰਕਾਂ ਸੁਰਗਾਂ ਅਤੇ ਧਰਮਰਾਜ ਦਾ ਡਰ ਮਨ ਵਿਚੋਂ ਕੱਢ ਕੇ ਆਪਣੇ ਦੇਸ਼ ਦੇ ਕਾਨੂੰਨ ਦਾ ਡਰ ਆਪਣੇ ਮਨ ਵਿੱਚ ਵਸਾਓ। ਚੰਗੇ ਰਾਜਨੀਤਕ ਨੇਤਾ ਚੁਣੋਂ ਅਤੇ ਉਨ੍ਹਾਂ ਤੋਂ ਚੰਗੇ ਇਨਸਾਨੀਅਤ ਦੀ ਭਲਾਈ ਵਾਲੇ ਕਾਨੂੰਨ ਬਣਾਓ। ਸਾਂਇੰਸ ਦੀਆਂ ਨਵੀਆਂ ਤਕਨੀਕਾਂ ਅਤੇ ਪਰਵਾਸ ਨੇ ਸਾਰੀ ਦੁਨੀਆ ਨੂੰ ਇੱਕ ਗਲੋਬਲ ਪਿੰਡ ਬਣਾ ਦਿੱਤਾ ਹੈ। ਵੱਖ-ਵੱਖ ਧਰਮਾਂ ਅਤੇ ਸਮਾਜਕ ਰੀਤਾਂ ਰਸਮਾਂ ਨੂੰ ਮੰਨਣ ਵਾਲੇ ਲੋਕ ਸਾਰੀ ਦੁਨੀਆ ਵਿੱਚ ਹੀ ਜਾ ਕੇ ਵਸ ਰਹੇ ਹਨ। ਖਾਸ ਕਰਕੇ ਨੌਰਥ ਅਮਰੀਕਾ ਅਤੇ ਯੂਰਪ ਵਿਚ। ਜੇ ਕਰ ਸਾਰਿਆਂ ਨੇ ਰਲ ਕੇ ਰਹਿਣਾ ਹੈ ਅਤੇ ਆਪਸੀ ਨਫਰਤ ਦੀਆਂ ਦੂਰੀਆਂ ਘਟਾਉਣੀਆਂ ਹਨ ਸਾਰੀਆਂ ਧਿਰਾਂ ਨੂੰ ਥੋੜਾ-ਥੋੜਾ ਕੱਟੜਪੁਣਾਂ ਛੱਡਣਾ ਪੈਣਾ ਹੈ। ਕੋਈ ਵੀ ਧਰਮ ਕਿਸੇ ਰੱਬ ਨੇ ਨਹੀਂ ਚਲਾਇਆ ਕਿ ਉਸ ਧਰਮ ਦੀਆਂ ਰੀਤਾਂ ਰਸਮਾ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਸਾਰੇ ਹੀ ਧਰਮ ਉਸ ਇਲਾਕੇ ਦੇ ਰਹਿਣ ਵਾਲੇ ਕੁੱਝ ਸਿਆਣੇ ਪੁਰਸ਼ਾਂ ਨੇ ਸਮਾਜ ਨੂੰ ਚੰਗਾ ਬਣਾਉਣ ਲਈ ਕੁੱਝ ਧਾਰਮਿਕ ਨਿਯਮ ਬਣਾਏ ਸਨ। ਉਹ ਉਸ ਸਮੇਂ ਭਾਵੇ 100% ਠੀਕ ਹੋਣ ਪਰ ਅੱਜ ਦੇ ਸਮੇਂ ਵਿੱਚ ਉਸ ਸਮੇਂ ਦੀਆਂ ਰੀਤਾਂ ਰਸਮਾ ਨੂੰ ਬਿੱਲਕੁੱਲ ਉਸੇ ਤਰ੍ਹਾਂ ਮੰਨਣਾ ਸੰਭਵ ਨਹੀਂ ਹੋ ਸਕਦਾ। ਬਹੁਤੀਆਂ ਗੱਲਾਂ ਸਮਾਜਿਕ ਹੁੰਦੀਆਂ ਹਨ ਪਰ ਉਸ ਨੂੰ ਧਰਮ ਨਾਲ ਜੋੜ ਲਿਆ ਜਾਂਦਾ ਹੈ। ਮਿਸਾਲ ਦੇ ਤੌਰ ਤੇ ਅੱਜ ਤੋਂ ਕੋਈ 60 ਕੁ ਸਾਲ ਪਹਿਲਾਂ ਪੰਜਾਬ ਦਿਆਂ ਪਿੰਡਾਂ ਵਿੱਚ ਘੁੰਡ ਕੱਢਣ ਦਾ ਰਿਵਾਜ ਸੀ। ਜਦੋਂ ਕੋਈ ਲੜਕੀ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਜਾਂਦੀ ਸੀ ਤਾਂ ਉਹ ਆਪਣੇ ਘਰ ਵਾਲੇ ਤੋਂ ਵੱਡੀ ਉਮਰ ਦੇ ਵਿਆਕਤੀਆਂ ਤੋਂ ਘੁੰਡ ਕੱਢਦੀ ਹੁੰਦੀ ਸੀ। ਆਪਣੇ ਸੌਹਰੇ ਤੋਂ ਤਾਂ ਅਵੱਛ ਹੀ ਕੱਢਦੀ ਹੁੰਦੀ ਸੀ। ਮੇਰਾ ਨਹੀਂ ਖਿਆਲ ਕਿ ਹੁਣ ਕੋਈ ਇਸ ਤਰ੍ਹਾਂ ਕਰਦਾ ਹੋਵੇਗਾ। ਇਸੇ ਤਰਹਾਂ ਮੁਸਲਮਾਨਾ ਵਿੱਚ ਬੁਰਕਾ ਪਉਣ ਦਾ ਰਿਵਾਜ ਹੈ। ਸਿਰ ਢਕਣਾ ਹੋਰ ਗੱਲ ਹੈ ਪਰ ਆਪਣੇ ਚਿਹਰੇ ਨੂੰ ਬੁਰਕੇ ਨਾਲ ਬਿੱਲਕੁੱਲ ਢੱਕ ਕੇ ਰੱਖਣਾ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਕਹੀ ਜਾ ਸਕਦੀ। ਪੱਛਵੀਂ ਦੇਸ਼ਾਂ ਵਿੱਚ ਰਹਿਣ ਵਾਲੇ ਮੁਸਲਮਾਨਾ ਨੂੰ ਠੰਡੇ ਦਿਲ ਨਾਲ ਇਸ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਆਪਣੀ ਤਾਲੇਬਾਨ ਵਰਗੀ ਸੋਚ ਨੂੰ ਕੁੱਝ ਨਰਮ ਕਰਨਾ ਚਾਹੀਦਾ ਹੈ। ਉਂਜ ਸ਼ਰਾਬ ਪੀਣ ਦੀ ਮਨਾਹੀ ਪਰ ਸਵਰਗਾਂ ਵਿੱਚ ਹੂਰਾਂ ਅਤੇ ਅੰਗੂਰਾਂ ਦੀ ਸ਼ਰਾਬ ਦਾ ਲਾਲਚ। ਇਸਲਾਮ ਦੀ ਹੱਤਕ ਕਰਨ ਦਾ ਇਲਜ਼ਾਮ ਲਾ ਕੇ ਜਦੋਂ ਮਰਜੀ ਕਿਸੇ ਦੀ ਹੱਤਿਆ ਕਰ ਦਿਓ। ਜਿਹੜੇ ਜਿਆਦਾ ਇਸਲਾਮੀ ਕੱਟੜ ਦੇਸ਼ ਹਨ ਉਥੇ ਹੋਰ ਧਰਮਾਂ ਨੂੰ ਮੰਨਣ ਵਾਲੇ ਕਿਤਨੇ ਕੁ ਸੁਰੱਖਿਅਤ ਹਨ ਇਸ ਬਾਰੇ ਬਹੁਤਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਸਾਰੇ ਹੀ ਜਾਣਦੇ ਹਨ। ਤਾਲੇਬਾਨੀ ਅਤੇ ਆਈਸਸ ਵਾਲਿਆਂ ਦੇ ਕਾਰਨਾਮੇ ਸਾਰੀ ਦੁਨੀਆ ਜਾਣਦੀ ਹੈ। ਪੱਛਵੀ ਦੇਸ਼ਾਂ ਵਿੱਚ ਜਿਹੜੇ ਨਸਲਵਾਦੀ ਗੋਰੇ ਮੁਸਲਮਾਨਾ ਤੇ ਹਮਲੇ ਕਰਦੇ ਹਨ ਉਨ੍ਹਾਂ ਪਿਛੇ ਇੱਕ ਕਾਰਨ ਮੁਸਲਮਾਨਾ ਦਾ ਹੱਦੋਂ ਵੱਧ ਕੱਟੜ ਹੋਣਾ ਅਤੇ ਜਿਆਦਾ ਬੱਚੇ ਪੈਦਾ ਕਰਨਾ ਵੀ ਹੈ।
ਇਸ ਵੇਲੇ ਕਨੇਡਾ ਦੇ ਕਿਊਬਕ ਸੂਬੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਹੋਇਆ ਹੈ ਕਿ ਕੋਈ ਵੀ ਧਾਰਮਿਕ ਵਿਆਕਤੀ ਆਪਣੇ ਧਾਰਮਿਕ ਚਿੰਨ ਪਾ ਕੇ ਕੋਈ ਵੀ ਸਰਕਾਰੀ ਨੌਕਰੀ ਨਹੀਂ ਕਰ ਸਕਦਾ। ਇਹ ਕਾਨੂੰਨ/ਬਿੱਲ 21 ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਪਹਿਲਾਂ ਫਰਾਂਸ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਕਾਨੂੰਨ ਬਣਿਆ ਸੀ। ਡਰਾਈਵਿੰਗ ਲਾਇਸੈਂਸ ਬਣਾਉਣ ਲਈ ਸਿਰ ਨੰਗਾ ਰੱਖਣਾ ਪੈਂਦਾ ਸੀ। ਦਸਤਾਰ ਜਾਂ ਹਿਜਾਬ ਲਾਹੁਣਾਂ ਪੈਂਦਾ ਸੀ। ਕੀ ਹੁਣ ਵੀ ਇਸੇ ਤਰ੍ਹਾਂ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ? ਉਥੇ ਵੀ ਧਾਰਮਿਕ ਚਿੰਨਾਂ ਦੀ ਪਬੰਦੀ ਵਾਲੀ ਗੱਲ ਸੀ ਅਤੇ ਇੱਥੇ ਕਿਊਬਕ ਵਿੱਚ ਵੀ ਇਹੀ ਗੱਲ ਹੈ। ਜਿਵੇਂ ਕਿ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਕਈ ਵਾਰੀ ਸਮਾਜਿਕ ਗੱਲਾਂ ਨੂੰ ਵੀ ਜਦੋਂ ਧਰਮ ਨਾਲ ਜੋੜ ਲਿਆ ਜਾਂਦਾ ਹੈ ਕਈ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ। ਦਸਤਾਰ ਨਾਲ, ਹਿਜਾਬ ਨਾਲ ਜਾਂ ਹੋਰ ਕਿਸੇ ਢੰਗ ਨਾਲ ਸਿਰ ਢਕਣਾ ਧਰਮ ਨਾਲੋਂ ਸਮਾਜਿਕ ਵਧੇਰੇ ਹੈ। ਕਈ ਲੋਕ ਧਰਮ ਨੂੰ ਬਿੱਲਕੁੱਲ ਨਹੀਂ ਮੰਨਦੇ ਪਰ ਫਿਰ ਵੀ ਉਹ ਸਿਰ ਢੱਕਦੇ ਹਨ। ਪੰਜਾਬ ਦੇ ਬਹੁਤ ਸਾਰੇ ਕਾਮਰੇਡ ਕੇਸ ਰੱਖ ਕੇ ਪੱਗਾਂ ਬੰਨਦੇ ਹਨ। ਇਸਲਾਮ ਨੂੰ ਮੰਨਣ ਵਾਲੇ ਖਾਸ ਕਰਕੇ ਇਰਾਨ ਵਿੱਚ ਬਹੁਤ ਸਾਰੇ ਧਾਰਮਿਕ ਨੇਤਾ ਪੱਗਾਂ ਬੰਨਦੇ ਹਨ। ਭਾਵੇਂ ਕਿ ਉਨ੍ਹਾਂ ਦਾ ਪੱਗ ਬੰਨਣ ਦਾ ਸਟਾਇਲ ਥੋੜਾ ਜਿਹਾ ਵੱਖ ਕਿਸਮ ਦਾ ਹੁੰਦਾ ਹੈ। ਜ਼ਿਆਦਾ ਗਰਮੀ ਵਿੱਚ ਅਤੇ ਫਾਰਮਾਂ ਵਿੱਚ ਕੰਮ ਕਰਨ ਵਾਲੇ ਕਈ ਲੋਕ ਗਰਮੀ ਤੋਂ ਬਚਣ ਲਈ ਸਿਰ ਉਪਰ ਵੱਡਾ ਸਾਰਾ ਗੋਲ ਜਿਹਾ ਹੈਟ ਪਹਿਨ ਲੈਂਦੇ ਹਨ। ਇਸੇ ਤਰ੍ਹਾਂ ਜਿਆਦਾ ਠੰਡ ਵਿੱਚ ਵੀ ਬਹੁਤੇ ਲੋਕ ਆਪਣੇ ਸਿਰ ਨੂੰ ਠੰਡ ਤੋਂ ਬਚਾਉਣ ਲਈ ਸਿਰ ਉਪਰ ਗਰਮ ਟੋਪਾ ਪਉਂਦੇ ਹਨ। ਸੋ ਸਿਰ ਨੂੰ ਢੱਕਣਾ ਧਰਮ ਨਾਲੋਂ ਜਿਆਦਾ ਸਮਾਜਿਕ ਅਤੇ ਮੌਸਮ ਨਾਲ ਸੰਬੰਧ ਰੱਖਦਾ ਹੈ।
ਸਿੱਖਾਂ ਵਲੋਂ ਬਿਦੇਸ਼ਾਂ ਵਿੱਚ ਬਹੁਤੇ ਕੇਸ ਕੋਰਟਾਂ ਵਿੱਚ ਕ੍ਰਿਪਾਨ ਨੂੰ ਪਹਿਨਣ ਕਰਕੇ ਚੱਲੇ ਹਨ। ਜਿਸ ਤਰ੍ਹਾਂ ਬਹੁਤ ਸਾਰੇ ਕੱਟੜ ਸਿੱਖ ਕਿਰਪਾਨ ਨੂੰ ਸਰੀਰ ਤੋਂ ਅਲੱਗ ਨਹੀਂ ਕਰਦੇ ਅਤੇ ਨਾ ਹੀ ਕਰਨਾ ਚਾਹੁੰਦੇ ਹਨ। ਉਹ ਇਸ ਨੂੰ ਧਰਮ ਦਾ ਇੱਕ ਅੰਗ ਮੰਨਦੇ ਹਨ। ਉਨ੍ਹਾਂ ਦੇ ਵੀ ਵੱਸ ਦੀ ਗੱਲ ਨਹੀਂ ਹੈ। ਮੈਂ ਖੁਦ ਇਸ ਸਾਰੇ ਕੁੱਝ ਵਿਚੋਂ ਲੰਘ ਚੁੱਕਾ ਹਾਂ। ਹੁਣ ਤੱਕ ਪ੍ਰਚਾਰ ਹੀ ਕੁੱਝ ਇਸ ਤਰ੍ਹਾਂ ਦਾ ਕੀਤਾ ਗਿਆ ਹੈ ਕਿ ਜੇ ਕਰ ਕਿਰਪਾਨ ਨੂੰ ਸਰੀਰ ਤੋਂ ਅਲੱਗ ਕਰ ਦਿੱਤਾ ਤਾਂ ਪਤਾ ਨਹੀਂ ਕੀ ਹੋ ਜਾਣਾ ਹੈ। ਉਂਜ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਜਹਾਜ ਵਿੱਚ ਸਫਰ ਕਰਨ ਸਮੇ ਕਿਰਪਾਨ ਹਰ ਇੱਕ ਨੂੰ ਉਤਾਰਨੀ ਪੈਂਦੀ ਹੈ ਭਾਵੇਂ ਕਿ ਕੋਈ ਵੀ ਹੋਵੇ। ਸਾਰੇ ਇਸ ਤਰ੍ਹਾਂ ਕਰਦੇ ਵੀ ਹਨ। ਤਾਂ ਫਿਰ ਕੀ ਉਹ ਸਿੱਖ ਨਹੀਂ ਰਹਿੰਦੇ। ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਆਪ ਹੀ ਇਸ ਬਾਰੇ ਸਪਸ਼ਟ ਨਹੀਂ ਹਨ ਕਿ ਕਿਰਪਾਨ ਇੱਕ ਚਿੰਨ ਹੈ ਜਾਂ ਹਥਿਆਰ। ਲੋੜ ਪੈਣ ਤੇ ਕੋਰਟਾਂ ਵਿੱਚ ਇਸ ਨੂੰ ਚਿੰਨ ਕਹਿੰਦੇ ਹਨ ਪਰ ਉਦਾਂ ਇਸ ਨੂੰ ਹਥਿਆਰ ਕਹਿੰਦੇ ਹਨ। ਇਸ ਨੂੰ ਕਿਰਪਾ ਆਨ ਦਾ ਨਾਮ ਦਿੱਤਾ ਜਾਂਦਾ ਹੈ। ਜੇ ਕਰ ਕਿਰਪਾਨ ਚਿੰਨ ਹੈ ਤਾਂ ਜਨੇਊ ਵੀ ਹਿੰਦੂਆਂ ਦਾ ਚਿੰਨ ਸੀ ਜਿਸ ਨੂੰ ਪਹਿਲੇ ਨਾਨਕ ਨੇ ਰੱਦ ਕਰ ਦਿੱਤਾ ਸੀ। ਜਿਹੜੀ ਦਲੀਲ ਨਾਲ ਗੁਰਬਾਣੀ ਵਿੱਚ ਜਨੇਊ ਨੂੰ ਰੱਦ ਕੀਤਾ ਗਿਆ ਹੈ ਉਸੇ ਦਲੀਲ ਨਾਲ ਕਿਰਪਾਨ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਕਿਸੇ ਇੱਕ ਧਰਮ ਦੇ ਚਿੰਨ ਦੂਸਰੇ ਧਰਮ ਨਾਲੋਂ ਜਿਆਦਾ ਮਹੱਤਵ ਰੱਖਦੇ ਹਨ। ਅਤੇ ਜੇ ਕਰ ਕਿਰਪਾਨ ਹਥਿਆਰ ਹੈ ਤਾਂ ਹਥਿਆਰ ਰੱਖਣ ਦੀ ਖੁੱਲ ਸਿਰਫ ਪੁਲੀਸ ਅਤੇ ਮਿਲਟਰੀ ਨੂੰ ਹੋਣੀ ਚਾਹੀਦੀ ਹੈ। ਉਹ ਵੀ ਉਦੋਂ ਜਦੋਂ ਉਹ ਡਿਊਟੀ ਤੇ ਹੋਣ।
ਮੈਂ ਵੀ ਬਹੁਤ ਕੱਟੜ ਸੀ ਇਸ ਬਾਰੇ ਮੈਂ ਪਹਿਲਾਂ ਕਈ ਵਾਰੀ ਲਿਖ ਚੁੱਕਾ ਹਾਂ। ਕਈ ਦਹਾਕੇ ਰੋਜ ਸਵੇਰ ਨੂੰ ਕੇਸੀ ਇਸ਼ਨਾਨ ਵੀ ਕਰਦਾ ਰਿਹਾ ਹਾਂ। ਪਰ ਹੁਣ ਉਮਰ ਮੁਤਾਬਕ ਅਤੇ ਬਹੁਤ ਕੁੱਝ ਪੜ੍ਹ ਲਿਖ ਕੇ ਸਮਝ ਆ ਗਈ ਹੈ ਕਿ ਕੋਈ ਵੀ ਕਰਮਕਾਂਡ, ਸੁੱਚ ਭਿੱਟ ਜਾਂ ਧਾਰਮਿਕ ਚਿੰਨਾਂ ਨਾਲ ਕੋਈ ਵੀ ਵਿਆਕਤੀ ਧਰਮੀ ਨਹੀਂ ਬਣ ਸਕਦਾ। ਪਰ ਉਸ ਨੂੰ ਭਰਮ ਇਹ ਹੁੰਦਾ ਹੈ ਕਿ ਮੈਂ ਬਹੁਤ ਵੱਡਾ ਧਰਮੀ ਹਾਂ। ਸਾਰਿਆਂ ਧਰਮਾਂ ਵਿੱਚ ਹੀ ਇਹ ਵਰਤਾਰਾ ਚੱਲ ਰਿਹਾ ਹੈ। ਪਹਿਲਾਂ ਸਾਰ ਅਤੇ ਹੁਣ ਕਰੋਨਾ ਵਾਇਰਸ ਨੇ ਬਹੁਤ ਸਾਰੀਆਂ ਮਿੱਥਾਂ ਅਤੇ ਭਰਮ ਦੂਰ ਕਰ ਦਿੱਤੇ ਹਨ। ਸਫਾਈ ਜਰੂਰੀ ਹੈ ਪਰ ਸੁੱਚ ਭਰਮ ਇੱਕ ਵਹਿਮ ਹੈ। ਅਰਦਾਸਾਂ ਕਿਸ ਦਾ ਕੁੱਝ ਨਹੀਂ ਸਵਾਰ ਸਕਦੀਆਂ ਪਰ ਆਰਜੀ ਤੌਰ ਤੇ ਕੁੱਝ ਸਮੇ ਲਈ ਵਿਆਕਤੀ ਨੂੰ ਮਾਨਸਿਕ ਤਸੱਲੀ ਜਰੂਰ ਹੋ ਜਾਂਦੀ ਹੈ। ਇਸਾਈਆਂ ਦਾ ਪੋਪ ਇਟਲੀ ਵਿੱਚ ਹੀ ਰਹਿੰਦਾ ਹੈ। ਕਰੋਨਾ ਦੀ ਪਹਿਲੀ ਲਹਿਰ ਸਮੇਂ ਸਾਰੀ ਦੁਨੀਆ ਵਿਚੋਂ ਵੱਧ ਮੌਤਾਂ ਇਟਲੀ ਵਿੱਚ ਹੀ ਹੋਈਆਂ ਸਨ। ਕੀ ਪੋਪ ਨੇ ਜੀਸਸ ਅੱਗੇ ਅਰਦਾਸ ਨਹੀਂ ਕੀਤੀ ਹੋਵੇਗੀ? ਹੋਰਨਾਂ ਨੂੰ ਨਰਕ ਸੁਰਗ ਦੇ ਡਰਾਵੇ ਦੇਣ ਵਾਲੇ ਆਪ ਬੇ-ਖੌਫ ਹੋ ਕਿ ਇਸਾਈ ਪਾਦਰੀ ਕਿਵੇਂ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਨ ਕਰਦੇ ਹਨ ਇਹ ਗੱਲ ਸਾਰੀ ਦੁਨੀਆ ਵਿੱਚ ਸਾਬਤ ਹੋ ਚੁੱਕੀ ਹੈ। ਇੱਥੇ ਕਨੇਡਾ ਵਿੱਚ ਡਿਸਨਸ ਬੱਚਿਆਂ ਨਾਲ ਕੀ ਕੁੱਝ ਕਰਦੇ ਰਹੇ ਹਨ ਇਹ ਵੀ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ।
ਅਖੀਰ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਵੀ ਧਰਮ ਨਾਲ ਮੇਰਾ ਕੋਈ ਵੀ ਸੰਬੰਧ ਨਹੀਂ ਹੈ ਅਤੇ ਨਾ ਹੀ ਮੈਂ ਕਿਸੇ ਧਰਮ ਦੀ ਕੋਈ ਨਿੰਦਾ ਜਾਂ ਉਸਤਤੀ ਕਰਨਾ ਚਾਹੁੰਦਾ ਹਾਂ। ਮੈਂ ਸਿਰਫ ਅਸਲੀਅਤ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸੰਸਾਰ ਵਿੱਚ ਧਰਮ ਦੇ ਨਾਮ ਤੇ ਨਫਰਤ ਘਟ ਸਕੇ ਅਤੇ ਸਾਰੇ ਰਲ ਮਿਲ ਕੇ ਰਹਿ ਸਕਣ। ਕੋਈ ਵੀ ਧਰਮ ਰੱਬ ਨੇ ਨਹੀਂ ਚਲਾਇਆ ਅਤੇ ਨਾ ਹੀ ਕਿਸੇ ਮਹਾਂਪੁਰਸ਼ ਨੂੰ ਕੋਈ ਰੱਬੀ ਤਾਕਤਾਂ ਦੇ ਕੇ ਇਸ ਸੰਸਾਰ ਵਿੱਚ ਘੱਲਿਆ ਸੀ। ਇਹ ਸਾਰੇ ਧਰਮਾਂ ਵਿੱਚ ਬਾਅਦ ਵਿੱਚ ਜੋੜੀਆਂ ਕਹਾਣੀਆਂ ਤੋਂ ਵੱਧ ਕੁੱਝ ਨਹੀਂ ਹੈ। ਧਰਮਾਂ ਦੇ ਸੰਚਾਲਕਾਂ ਨੇ ਆਪਣੇ ਸਮੇਂ ਸਮਾਜ ਨੂੰ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਸਾਰੇ ਧਰਮਾਂ ਦੇ ਮੁਖੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਕਿਸੇ ਵੀ ਧਰਮ ਦੇ ਮੁਖੀ ਨੂੰ ਇੱਕ ਦੂਸਰੇ ਤੋਂ ਵੱਡਾ ਛੋਟਾ ਦੱਸਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਜੇ ਕਰ ਜਨੇਊ ਪਉਣ ਨਾਲ ਧਰਮੀ ਨਹੀਂ ਬਣਿਆਂ ਜਾ ਸਕਦਾ ਤਾਂ ਕਿਰਪਾਨ ਪਉਣ ਨਾਲ ਵੀ ਨਹੀਂ ਬਣਿਆਂ ਜਾ ਸਕਦਾ। ਇਸ ਲਈ ਕਿਰਪਾਨ ਪਉਣ ਦੀ ਪਬਲਿਕ ਥਾਵਾਂ ਤੇ ਮਨਾਹੀ ਹੋਣੀ ਚਾਹੀਦੀ ਹੈ। ਸਕੂਲਾਂ ਵਿੱਚ ਤਾਂ ਬਿੱਲਕੁੱਲ ਵੀ ਇਜ਼ਾਜਤ ਨਹੀਂ ਹੋਣੀ ਚਾਹੀਦੀ। ਸਿੱਖ ਕਿਰਪਾਨ ਪਉਣ ਦੀ ਜ਼ਿਦ ਕਰਕੇ ਅਸਲ ਵਿੱਚ ਆਪਣੇ ਗੁਰੂ ਨੂੰ ਬੇਸਮਝ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜਾ ਗੁਰੂ ਗਿਆਨ ਦੀ ਗੱਲ ਕਰਦਾ ਸੀ ਅਤੇ ਧਾਰਮਿਕ ਚਿੰਨਾ ਨੂੰ ਮੂਲੋਂ ਮੁੱਢੋਂ ਹੀ ਰੱਦ ਕਰਦਾ ਸੀ ਉਸ ਗਿਆਨ ਦੇਣ ਵਾਲੇ ਗੁਰੂ ਨੂੰ ਇਹ ਕਰਮਕਾਂਡੀ ਅਤੇ ਬੇਸਮਝਾ ਸਾਬਤ ਕਰਨ ਤੇ ਲੱਗੇ ਹੋਏ ਹਨ। ਕੇਸ ਕੁਦਰਤੀ ਹਨ ਇਨ੍ਹਾਂ ਨੂੰ ਢੱਕ ਕੇ ਰੱਖਣਾ ਸਾਡਾ ਸਮਾਜਿਕ ਅਤੇ ਸਭਿਅਕ ਅੰਗ ਹੈ ਨਾ ਕਿ ਧਾਰਮਿਕ। ਕਿਊਬਕ ਵਿੱਚ ਸਾਰੇ ਸਰਕਾਰੀ ਅਦਾਰਿਆਂ ਵਿੱਚ ਦਸਤਾਰ ਬੰਨਣ ਅਤੇ ਹਿਜਾਬ ਪਉਣ ਦੀ ਇਜਾਜਤ ਹੋਣੀ ਚਾਹੀਦੀ ਹੈ ਪਰ ਕਿਰਪਾਨ ਅਤੇ ਬੁਰਕਾ ਪਉਣ ਦੀ ਮਨਾਹੀ ਹੋਣੀ ਚਾਹੀਦੀ ਹੈ। ਆਓ ਸਾਰੇ ਨਰਕਾਂ ਸੁਰਗਾਂ ਦਾ ਅਤੇ ਹੋਰ ਵਹਿਮਾਂ ਭਰਮਾਂ ਪਖੰਡਾਂ ਦਾ ਖਹਿੜਾ ਛੱਡ ਕੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ।
ਮੱਖਣ ਪੁਰੇਵਾਲ,
ਅਗਸਤ 03, 2021.




.