.

ਅੱਜ ਮਈ 18, 2020 ਦਾ ਸਵਾਲ

ਕੀ ਤੁਸੀਂ ਗੁਰਬਾਣੀ ਵਿੱਚ ਮਿਥਿਹਾਸ ਦੀ ਗੱਲ ਪ੍ਰਵਾਨ ਕਰਦੇ ਹੋ?

ਇਸ ਗੱਲ ਤੋਂ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਗੁਰਬਾਣੀ ਇੱਕ ਜੀਵਨ ਜਾਂਚ ਦਾ ਖਜਾਨਾ ਹੈ। ਚੰਗੇ ਸਮਾਜ ਦੀ ਸਿਰਜਨਾ ਲਈ ਅਸੀਂ ਗੁਰਬਾਣੀ ਤੋਂ ਸੇਧ ਲੈ ਕੇ ਆਪਣਾ ਯੋਗਦਾਨ ਪਾ ਸਕਦੇ ਹਾਂ। ਪਰ ਜਦੋਂ ਅਸੀਂ ਇਹ ਸਮਝਣ ਲੱਗ ਪੈਂਦੇ ਹਾਂ ਕਿ ਗੁਰਬਾਣੀ ਜੀਵਨ ਜਾਂਚ ਦੀ ਥਾਂ ਤੇ ਕੋਈ ਅਲੌਕਿਕ ਰਚਨਾ ਹੈ ਅਤੇ ਇਹ ਰੱਬ ਨੇ ਗੁਰੂਆਂ ਅਤੇ ਭਗਤਾਂ ਰਾਹੀਂ ਸੰਸਾਰ ਤੇ ਭੇਜੀ ਹੈ ਅਤੇ ਇਹ ਅੱਖਰ-ਅੱਖਰ ਸੱਚ ਹੈ। ਫਿਰ ਇਸ ਨੂੰ ਅੱਖਰ-ਅੱਖਰ ਸੱਚ ਸਿੱਧ ਕਰਨ ਲਈ ਇਸ ਦੇ ਅਰਥ ਵੀ ਆਪਣੀ ਮਰਜ਼ੀ ਅਨੁਸਾਰ ਕਰਨੇ ਪੈਂਦੇ ਹਨ ਤਾਂ ਕਿ ਉਹ ਸੱਚ ਤੇ ਪੂਰੇ ਉਤਰ ਸਕਣ ਅਤੇ ਉਸ ਨੂੰ ਕੋਈ ਗਲਤ ਸਿੱਧ ਨਾ ਕਰ ਸਕੇ। ਮਿਸਾਲ ਦੇ ਤੌਰ ਤੇ, “ਨਰੂ ਮਰੈ ਨਰੁ ਕਾਮਿ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥” ਵਾਲੇ ਸ਼ਬਦ ਦੇ ਅਰਥ ਕਈ ਤਰ੍ਹਾਂ ਕੀਤੇ ਹੋਏ ਮਿਲਦੇ ਹਨ। ਇੱਥੇ ਸਿੱਖ ਮਾਰਗ ਤੇ ਵੀ ਇਸ ਦੇ ਅਰਥ ਕਈ ਲੇਖਕਾਂ ਵਲੋਂ ਵੱਖ-ਵੱਖ ਕੀਤੇ ਹੋਏ ਤੁਸੀਂ ਪੜ੍ਹ ਸਕਦੇ ਹੋ। ਇਸ ਤਰ੍ਹਾਂ ਹਰ ਸ਼ਬਦ ਦੇ ਅਰਥ ਕਰਕੇ ਉਸ ਨੂੰ ਪੂਰਾ ਸੱਚ ਸਿੱਧ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ ਅਤੇ ਕੋਈ ਇਸ ਤਰ੍ਹਾਂ ਸਾਰੇ ਸ਼ਬਦਾਂ ਦੇ ਅਰਥ ਕਰ ਵੀ ਨਹੀਂ ਸਕਦਾ। ਮਿਸਾਲ ਦੇ ਤੌਰ ਤੇ ਹੇਠ ਲਿਖੇ ਦੋ ਸ਼ਬਦਾਂ ਨੂੰ ਕੋਈ ਅੱਖਰ-ਅੱਖਰ ਕਿਵੇਂ ਸੱਚ ਸਿੱਧ ਕਰ ਸਕਦਾ ਹੈ? ਪੂਰਾ ਸੱਚ ਸਿੱਧ ਕਰਨ ਲਈ ਗੁਰਮਤਿ ਦੇ ਮੁਢਲੇ ਸਿਧਾਂਤ ਦਾ ਖੁਦ ਖੰਡਨ ਕਰਨਾ ਪਵੇਗਾ।

ਪ੍ਰਭਾਤੀ ਮਹਲਾ ੧ ਦਖਣੀ॥ ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ॥ ----- (ਪੰਨਾ ੧੩੪੪) ਵਾਲਾ ਸ਼ਬਦ

ਅਤੇ

ਭੈਰਉ ਮਹਲਾ ੩॥ ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ॥ (ਪੰਨਾ 1133) ਵਾਲਾ ਸ਼ਬਦ।

ਰੱਬ ਦੀ ਹੋਂਦ ਵਾਲੇ ਸਵਾਲ ਵਿੱਚ ਤੁਸੀਂ ਤਕਰੀਬਨ ਸਾਰੇ ਹੀ ਇਹ ਮੰਨ ਚੁੱਕੇ ਹੋ ਕਿ ਕੁਦਰਤੀ ਨਿਯਮ ਆਪਣੀ ਮਰਜ਼ੀ ਨਾਲ ਕੋਈ ਵੀ ਬਦਲ ਨਹੀਂ ਸਕਦਾ। ਫਿਰ ਇਨ੍ਹਾਂ ਸ਼ਬਦਾ ਵਿੱਚ ਜੋ ਦੁਹਰਾਇਆ ਗਿਆ ਹੈ ਉਸ ਵਿੱਚ ਤਾਂ ਰੱਬ ਥੰਮ ਵਿਚੋਂ ਵੀ ਨਿਕਲ ਸਕਦਾ ਹੈ, ਸਰੀਰ ਧਾਰ ਕੇ ਸਾਰੀ ਧਰਤੀ ਨੂੰ ਢਾਈ ਕਦਮਾਂ ਵਿੱਚ ਹੀ ਮਿਣ ਸਕਦਾ ਹੈ, ਸਰਾਪ ਨਾਲ ਇੰਦਰ ਦੇਵਤਾ ਦੇ ਸਰੀਰ ਤੇ ਹਜ਼ਾਰਾਂ ਭਗਾਂ ਦੇ ਨਿਸ਼ਾਨ ਬਣ ਸਕਦੇ ਹਨ ਅਤੇ ਹੋਰ ਵੀ ਕਈ ਕੁੱਝ ਹੋ ਸਕਦਾ ਹੈ। ਹੁਣ ਤੁਸੀਂ ਦੱਸੋ ਕਿ ਇਹ ਕਹਾਣੀਆਂ ਮਿਥਿਹਾਸ ਹਨ ਜਾਂ ਸੱਚੀਆਂ? ਕੀ ਤੁਸੀਂ ਗੁਰਬਾਣੀ ਵਿੱਚ ਮਿਥਿਹਾਸ ਦੀ ਗੱਲ ਪ੍ਰਵਾਨ ਕਰਦੇ ਹੋ? ਜੇ ਕਰ ਕੋਈ ਲੇਖਕ ਇਨ੍ਹਾਂ ਦੋ ਸ਼ਬਦਾਂ ਦੀ ਪੂਰੀ ਵਿਆਖਿਆ ਕਰਕੇ ਦੱਸਣਾ ਚਾਹੁੰਦਾ ਹੈ ਤਾਂ ਉਹ ਕਿਰਪਾ ਕਰਕੇ ਵੱਖਰੇ ਲੇਖ ਵਿੱਚ ਕਰਕੇ ਭੇਜ ਦੇਵੇ। ਉਸ ਨੂੰ ਵੱਖਰੇ ਲੇਖ ਵਿੱਚ ਪਾ ਕੇ, ਉਸ ਦਾ ਲਿੰਕ ਤੁਹਾਡੇ ਇੱਥੇ ਕੀਤੇ ਗਏ ਕੁਮਿੰਟਸ ਦੇ ਥੱਲੇ ਐਡ ਕਰ ਦਿੱਤਾ ਜਾਵੇਗਾ। ਇੱਥੇ ਸਿਰਫ ਸੰਖੇਪ ਸ਼ਬਦਾਂ ਵਿੱਚ ਹੀ ਸਿੱਧੇ ਤੇ ਸਪਸ਼ਟ ਵਿਚਾਰ ਦਿਓ ਜੀ-ਸੰਪਾਦਕ।

(ਨੋਟ:- ਇਸ ਲੇਖ ਨਾਲ ਸੰਬੰਧਿਤ ਕੁਮਿੰਟਸ ਪੜ੍ਹਨ ਲਈ ਇੱਥੇ ਇਸ ਲਾਈਨ ਤੇ ਕਲਿਕ ਕਰੋ। ਇਹ ਫਾਈਲ ਪੀ.ਡੀ.ਐੱਫ. ਫੌਰਮੇਟ ਵਿਚ ਹੈ-ਸੰਪਾਦਕ)
.