.

ਸੰਪਾਦਕੀ ਲੇਖ ਸਬੰਧੀ ਕੁਝ ਵਿਚਾਰ

ਪਿਛਲੇ ਹਫਤੇ ਵੈਬਸਾਈਟ sikhmarg.com ਉੱਤੇ ਪਾਏ ਗਏ ਸੰਪਾਦਕ ਜੀ ਦੇ ‘ਬਾਣੀ ਕਿਹੜੇ ਰੱਬ ਕੋਲੋਂ ਆਈ ਹੈ ?’ ਸਿਰਲੇਖ ਵਾਲੇ ਲੇਖ ਵਿਚ ਕੁਝ ਆਮ ਜਿਹੇ ਨੁਕਤੇ ਉਭਾਰੇ ਗਏ ਹਨ। ਇਹਨਾਂ ਨੁਕਤਿਆਂ ਦੀ ਅਹਿਮ ਮਹੱਤਤਾ ਹੋਣ ਦੇ ਬਾਵਜੂਦ ਇਹਨਾਂ ਨੂੰ ‘ਆਮ ਜਿਹੇ’ ਕਹਿਣ ਤੋਂ ਭਾਵ ਇਹ ਹੈ ਕਿ ‘ਸਿਖ ਧਰਮ’ ਸਬੰਧੀ ਅਜਿਹੇ ਨੁਕਤੇ ਕਾਫੀ ਲੰਬੇ ਸਮੇਂ ਤੋਂ ਚਰਚਾ ਵਿਚ ਹਨ ਪਰੰਤੂ ਕੋਈ ਵੀ ਧਿਰ ਨਿੱਠ ਕੇ ਇਹਨਾਂ ਸਬੰਧੀ ਵਾਜਬ ਸਪਸ਼ਟੀਕਰਨ ਨਿਰਧਾਰਤ ਕਰਨ ਲਈ ਗੰਭੀਰ ਵਿਖਾਈ ਨਹੀਂ ਦੇਂਦੀ। ਜਦੋਂ ਕਿ ਸੰਪਾਦਕ ਜੀ ਨੇ ਇਹਨਾਂ ਨੁਕਤਿਆਂ ਅਤੇ ਸਬੰਧਤ ਸਵਾਲਾਂ ਸਬੰਧੀ ਪਾਠਕਾਂ ਦੇ ਪ੍ਰਤੀਕਰਮ ਦੀ ਮੰਗ ਕੀਤੀ ਹੈ, ਮੈਂ ਵੀ ਏਸ ਮੌਕੇ ਉੱਤੇ ਆਪਣੀ ਤੁੱਛ ਬੁੱਧੀ ਅਨੁਸਾਰ ਇਹਨਾਂ ਨੁਕਤਿਆਂ/ਸਵਾਲਾਂ ਨੂੰ ਲੈ ਕੇ ਆਪਣੇ ਕੁਝ ਵਿਚਾਰ ਦੇਣ ਦਾ ਯਤਨ ਕਰ ਰਿਹਾ ਹਾਂ।

ਸੰਪਾਦਕ ਜੀ ਦੇ ਵਿਚਾਰ-ਅਧੀਨ ਲੇਖ ਵਿਚ ਸ਼ਾਮਲ ਨੁਕਤਿਆਂ ਵਿੱਚੋਂ ਕੁਝ ਤਾਂ ‘ਰੱਬ’ ਦੇ ਬਾਰੇ ਵਿਚ ਹਨ ਅਤੇ ਕੁਝ ਗੁਰਬਾਣੀ ਦੀ ਰਚਨ-ਪ੍ਰੀਕਿਰਿਆ ਅਤੇ ਗੁਰਬਾਣੀ ਦੀ ਵਿਆਖਿਆ ਦੇ ਬਾਰੇ ਵਿਚ। ਪਰੰਤੂ ਇਹਨਾਂ ਵਿਸ਼ਿਆਂ ਨਾਲ ਸਬੰਧਤ ਮੁੱਢਲੇ ਅਤੇ ਸਭ ਤੋਂ ਮਹੱਤਵਪੂਰਨ ਦੋ ਨੁਕਤੇ ਜੋ ਛੱਡ ਦਿੱਤੇ ਗਏ ਹਨ ਉਹ ਹੇਠਾਂ ਦਿੱਤੇ ਅਨੁਸਾਰ ਹਨ:

  1. ਰੱਬ ਦੀ ਹੋਂਦ ਭਾਵ ਕੀ ਰੱਬ ਦੀ ਕੋਈ ਹੋਂਦ ਮੌਜੂਦ ਹੈ?
  2. ਗੁਰੂ ਨਾਨਕ ਜੀ ਦਾ ਯੋਗਦਾਨ ਭਾਵ ਕੀ ਗੁਰੂ ਨਾਨਕ ਜੀ ਨੇ ਕੋਈ ਸੰਪਰਦਾਈ ਧਰਮ/ ਮਜ਼ਹਬ (religion) ਚਲਾਇਆ ਸੀ?

ਇਹਨਾਂ ਦੋ ਨੁਕਤਿਆਂ ਨੂੰ ਵਿਚਾਰ-ਅਧੀਨ ਲੇਖ ਵਿਚ ਜਗਹ ਨਾ ਦਿੱਤੇ ਜਾਣ ਦਾ ਕਾਰਨ ਇਹ ਹੋ ਸਕਦਾ ਹੈ ਕਿ ਸੰਪਾਦਕ ਜੀ ਹੋਰਨਾਂ ਸਿਖ ਅਖਵਾਉਂਦੇ ਲੋਕਾਂ ਵਾਂਗ ਇਹ ਮੰਨ ਕੇ ਚੱਲਦੇ ਹਨ ਕਿ ਉੱਪਰ ਆਏ ਦੋਹਾਂ ਸਵਾਲਾਂ ਦਾ ਉੱਤਰ ‘ਹਾਂ’ ਵਿਚ ਹੈ ਭਾਵ ਰੱਬ ਤਾਂ ਹੁੰਦਾ ਹੀ ਹੈ ਅਤੇ ਇਸ ਵਿਚ ਕੋਈ ਸੰਦੇਹ ਨਹੀਂ ਕਿ ਗੁਰੂ ਨਾਨਕ ਜੀ ‘ਸਿਖ ਧਰਮ’ ਦੇ ਬਾਨੀ ਹਨ। ਜੇਕਰ ਅਜਿਹਾ ਹੈ ਤਾਂ ਸੰਪਾਦਕ ਜੀ ਵੱਲੋਂ ਪੇਸ਼ ਕੀਤੇ ਗਏ ਸਵਾਲਾਂ ਅਤੇ ਨੁਕਤਿਆਂ ਦੀ ਕੋਈ ਸਾਰਥਿਕਤਾ ਨਹੀਂ ਰਹਿ ਜਾਂਦੀ ਕਿਉਂਕਿ ਜਦੋਂ ਕਿਸੇ ਮਜ਼ਹਬ ਵਿਸ਼ੇਸ਼ ਨੂੰ ਮਾਨਤਾ ਪਰਦਾਨ ਕਰਦੇ ਹੋਏ ਉਸ ਵੱਲੋਂ ਨਿਰਧਾਰਤ ਇਸ਼ਟ ਦੀ ਹੋਂਦ ਵਿਚ ਵਿਸ਼ਵਾਸ/ਸ਼ਰਧਾ ਨੂੰ ਪਰਗਟ ਕੀਤਾ ਜਾਵੇਗਾ ਤਾਂ ਉਸ ਮਜ਼ਹਬ ਵਿਸ਼ੇਸ਼ ਦੇ ਅਨੇਕ ਅਜਿਹੇ ਅੰਸ਼ ਸਾਹਮਣੇ ਆਉਣਗੇ ਜਿਹਨਾਂ ਨੂੰ ਤਰਕ ਅਤੇ ਵਿਗਿਆਨਕ ਸੋਚ ਦੀ ਕਸਵੱਟੀ ਨਾਲ ਪਰਖਣਾ ਸੰਭਵ ਨਹੀਂ ਹੋਵੇਗਾ। ਮਜ਼ਹਬ ਦੇ ਖੇਤਰ ਵਿਚ ਗੈਰਵਿਗਿਆਨਕ ਅਤੇ ਅਤਾਰਕਿਕ ਮਾਨਤਾਵਾਂ ਦੀ ਭਰਮਾਰ ਹੁੰਦੀ ਹੈ, ਸ਼ਰਧਾਲੂ ਲੋਕ ਮਾਨਸਿਕ ਤੌਰ ਤੇ ਬਿਮਾਰ ਹੋ ਗਏ ਹੁੰਦੇ ਹਨ, ਕਿਸੇ ਕਿੰਤੂ-ਪ੍ਰੰਤੂ ਦੀ ਗੁੰਜਾਇਸ਼ ਨਹੀਂ ਹੁੰਦੀ, ਕੋਈ ਸਵਾਲ ਨਹੀਂ ਪੁੱਛਣਾ ਹੁੰਦਾ ਅਤੇ ਸਭ ਕੁਝ ਅੱਖਾਂ ਮੀਟ ਕੇ ਸਵੀਕਾਰ ਕਰਨਾ ਹੁੰਦਾ ਹੈ। ਫਿਰ ਵੀ ਜਦੋਂ ਸੰਪਾਦਕ ਜੀ ਵੱਲੋਂ ਮੰਗ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਪੇਸ਼ ਕੀਤੇ ਗਏ ਨੁਕਤਿਆਂ/ਸਵਾਲਾਂ ਉੱਤੇ ਵਿਚਾਰ ਕਰ ਲੈਣੀ ਬਣਦੀ ਹੈ। ਪਰੰਤੂ ਇਸ ਲਈ ਏਥੇ ਪਹਿਲਾਂ ਸਾਨੂੰ ਉੱਪਰ ਦਰਸਾਏ ਗਏ ਦੋਵ੍ਹਾਂ ਨੁਕਤਿਆਂ/ਸਵਾਲਾਂ ਪ੍ਰਤੀ ਸਪਸ਼ਟ ਹੋਣ ਦੀ ਲੋੜ ਹੈ।

ਇਸ ਸੰਦਰਭ ਵਿਚ ਹੇਠਾਂ ਦਿੱਤੇ ਤੱਥਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ

  1. ਗੁਰਬਾਣੀ ਪਰੰਪਰਾਗਤ ਕਾਲਪਨਿਕ ਰੱਬ ਦੀ ਹੋਂਦ ਨੂੰ ਮਾਨਤਾ ਨਹੀਂ ਦੇਂਦੀ ਭਾਵੇਂ ਉਹ ਸ਼ਖਸੀ (anthropomorphic) ਰੂਪ ਵਿਚ ਹੋਵੇ ਜਾਂ ਫਿਰ ਪਰਮਾਤਮਾ (supreme soul) ਦੇ ਰੂਪ ਵਿਚ। ਸਗੋਂ ਗੁਰਬਾਣੀ ਬ੍ਰਹਮੰਡੀ-ਪ੍ਰਬੰਧ (cosmic system) ਨੂੰ ਕਾਲਪਨਿਕ ਰੱਬ ਦੇ ਵਿਕਲਪ ਦੇ ਤੌਰ ਤੇ ਪੇਸ਼ ਕਰਦੀ ਹੈ ਅਤੇ ਇਸ ਨੂੰ ‘ਨਿਰੰਕਾਰ’ ਵਜੋਂ ਦਰਸਾਉਂਦੀ ਹੋਈ ‘ਹੁਕਮ’ ਦੇ ਨਾਮ ਹੇਠ ਪੇਸ਼ ਕਰਦੀ ਹੈ। ਇਸ ਕਰਕੇ ਸਾਨੂੰ ਗੁਰਬਾਣੀ ਸਬੰਧੀ ਆਪਣੀ ਪਹੁੰਚ ਕਾਲਪਨਿਕ ਰੱਬ ਦੇ ਸਥਾਨ ਤੇ ਬ੍ਰਹਮੰਡੀ-ਪ੍ਰਬੰਧ ਨੂੰ ਰੱਖਦੇ ਹੋਏ ਨਿਰਧਾਰਤ ਕਰਨੀ ਚਾਹੀਦੀ ਹੈ। ਇਸ ਸਬੰਧੀ ਵਿਸਥਾਰ ‘ਸਿਖਮਾਰਗ’ ਉੱਤੇ ਪਾਏ ਹੋਏ ਮੇਰੇ ਲੇਖਾਂ ਵਿਸ਼ੇਸ਼ ਕਰਕੇ ‘ਰੱਬ ਅਤੇ ਉਸ ਦਾ ਵਿਕਲਪ‘ ਵਿੱਚੋਂ ਪਰਾਪਤ ਕੀਤਾ ਜਾ ਸਕਦਾ ਹੈ।
  2. ਗੁਰੂ ਨਾਨਕ ਜੀ ਨੇ ਕੋਈ ਮਜ਼ਹਬ (religion) ਚਾਲੂ ਨਹੀਂ ਕੀਤਾ ਸੀ ਸਗੋਂ ਉਹਨਾਂ ਨੇ ਪ੍ਰਥਮ ਆਗੂ ਦੇ ਤੌਰ ਤੇ ਮਾਨਵਵਾਦ ਦੀ ਇਕ ਲਹਿਰ ਚਲਾਈ ਸੀ ਜੋ ਉਹਨਾਂ ਦੇ ਨੌਂ ਉੱਤਰਾਧਿਕਾਰੀਆਂ ਦੀ ਯੋਗ ਅਗਵਾਈ ਹੇਠਾਂ ਦੋ ਸੌ ਸਾਲ ਤੋਂ ਵਧੇਰੇ ਸਮੇਂ ਤਕ ਪੂਰੀ ਸਫਲਤਾ ਨਾਲ ਚੱਲੀ ਸੀ। ‘ਸਿਖ ਧਰਮ’ ਤਾਂ, ਹਿੰਦੂ ਮੱਤ ਨੂੰ ਮਾਡਲ ਬਣਾ ਕੇ, ਲਗ-ਭਗ ਸੰਨ 1740 ਈਸਵੀ ਦੇ ਸਮੇਂ ਤੋਂ ਉਦਾਸੀ ਅਤੇ ਨਿਰਮਲਾ ਬ੍ਰਾਹਮਣਵਾਦੀ ਸੰਪਰਦਾਵਾਂ ਦੇ ਪੈਰੋਕਾਰਾਂ ਦਾ ਚਲਾਇਆ ਹੋਇਆ ਹੈ। ਇਸ ਸਬੰਧੀ ਵਿਸਥਾਰ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਹੋਏ ਮੇਰੇ ਲੇਖਾਂ ਵਿਸ਼ੇਸ਼ ਕਰਕੇ ‘ਅੱਧੋਗਤੀ ਦਾ ਸ਼ਿਕਾਰ ਸਿਖ ਭਾਈਚਾਰਾ‘ ਵਿੱਚੋਂ ਅਤੇ ਸੰਨ 2018 ਈਸਵੀ ਵਿਚ ਪ੍ਰਕਾਸ਼ਿਤ ਹੋਈਆਂ ਮੇਰੀਆਂ ਦੋ ਪੁਸਤਕਾਂ ‘ਗੁਰੂ ਨਾਨਕ ਦਾ ਮਾਨਵਵਾਦ’ ਅਤੇ ‘Nanak and Humanism’ ਵਿਚੋਂ ਵੇਖਿਆ ਜਾ ਸਕਦਾ ਹੈ। ਮਾਨਵਵਾਦ (Humanism) ਸਬੰਧੀ ਜਾਣਕਾਰੀ ਇੰਟਰਨੈਟ ਤੋਂ ਵੀ ਪਰਾਪਤ ਕੀਤੀ ਜਾ ਸਕਦੀ ਹੈ।

ਏਥੇ ਵਿਸ਼ੇਸ਼ ਤੌਰ ਤੇ ਇਹ ਦੱਸਣਾ ਬਣਦਾ ਹੈ ਕਿ ਹੁਣ ਤੱਕ ਮੇਰੇ ਵੱਲੋਂ ਪੇਸ਼ ਕੀਤੇ ਗਏ ਉੱਪਰ ਦਰਸਾਏ ਇਹਨਾਂ ਮੌਲਿਕ ਵਿਚਾਰਾਂ ਉੱਤੇ ‘ਸਿਖ’ ਵਿਦਵਾਨਾਂ ਵਿੱਚੋਂ ਕਿਸੇ ਨੇ ਵੀ ਤਰਕ-ਅਧਾਰਿਤ ਦਲੀਲਾਂ ਦੇਂਦੇ ਹੋਏ ਨਾ ਹੀ ਕੋਈ ਕਿੰਤੂ ਕੀਤਾ ਹੈ ਅਤੇ ਨਾ ਹੀ ਉਹਨਾ ਵਿੱਚੋਂ ਕੋਈ ਇਹਨਾਂ ਦੋ ਨੁਕਤਿਆਂ ਉੱਤੇ ਵਿਚਾਰ-ਚਰਚਾ ਕਰਨ ਲਈ ਅੱਗੇ ਆਇਆ ਹੈ। ਇਸ ਸਥਿਤੀ ਪਿਛਲੇ ਕਾਰਨ ਪਰਤੱਖ ਹੀ ਹਨ।

ਅਸਲ ਵਿਚ ਅਜਿਹੇ ਨੁਕਤਿਆਂ ਨੂੰ ਲੈ ਕੇ ਸਿਖ ਭਾਈਚਾਰੇ ਸਬੰਧੀ ਬੜੀ ਅਜੀਬ ਸਥਿਤੀ ਬਣੀ ਹੋਈ ਹੈ। ਇਕ ਪਾਸੇ ਤਾਂ ਇਸ ਭਾਈਚਾਰੇ ਵਿਚਲੀ ਪਰੰਪਰਾਵਾਦੀ ਧਿਰ ਹੈ ਜਿਸ ਵਿਚ ਸ਼ਾਮਲ ਲੋਕਾਂ ਨੂੰ ‘ਸਿਖ ਧਰਮ’ ਦੇ ਬਾਰੇ ਕੋਈ ਭੰਬਲਭੂਸਾ ਨਹੀਂ ਕਿਉਂਕਿ ਸੰਸਾਰ ਦੇ ਦੂਸਰੇ ਮਜ਼ਹਬਾਂ ਦੇ ਸ਼ਰਧਾਲੂਆਂ ਵਾਂਗ ਉਹ ਵੀ ਆਪਣੀਆਂ ਧਾਰਮਿਕ ਧਾਰਨਾਵਾਂ/ਮਾਨਤਾਵਾਂ ਨਾਲ ਸੰਤੁਸ਼ਟ ਹਨ ਅਤੇ ਆਪਣਾ ‘ਧਾਰਮਿਕ’ ਕਾਰੋਬਾਰ ਪੂਰੀ ਸਫਲਤਾ ਨਾਲ ਚਲਾ ਰਹੇ ਹਨ ਭਾਵੇਂ ਕਿ ਬਾਕੀ ਮਜ਼ਹਬਾਂ ਸਬੰਧੀ ਧਾਰਨਾਵਾਂ/ਮਾਨਤਾਵਾਂ ਵਾਂਗ ਉਹਨਾਂ ਦੀਆਂ ਆਪਣੀਆਂ ਧਾਰਨਾਵਾਂ/ਮਾਨਤਾਵਾਂ ਵੀ ਗੈਰਵਿਗਿਆਨਕ ਹੀ ਹਨ। ਦੂਸਰੇ ਪਾਸੇ ਸਿਖ ਭਾਈਚਾਰੇ ਵਿਚਲੀ ‘ਜਾਗਰੂਕ’ ਧਿਰ ਹੈ ਜਿਸ ਵਿਚ ਕਾਫੀ ਪੜ੍ਹੇ-ਲਿਖੇ ਅਤੇ ਵਿਦਵਾਨ ਅਖਵਾਉਂਦੇ ਲੋਕ ਵੀ ਸ਼ਾਮਲ ਹਨ। ਇਸ ਧਿਰ ਵਿਚ ਸ਼ਾਮਲ ਲੋਕ ‘ਸਿਖ ਧਰਮ’ ਸਬੰਧੀ ਧਾਰਨਾਵਾਂ/ ਮਾਨਤਾਵਾਂ ਨੂੰ ਤਰਕਸ਼ੀਲਤਾ ਦੇ ਅਧਾਰ ਤੇ ਪਰਖਦੇ ਹੋਏ ਇਸ ‘ਧਰਮ’ ਵਿਚ ਸੁਧਾਰ ਕਰਨ ਲਈ ਤੱਤਪਰਤਾ ਵਿਖਾਉਂਦੇ ਹਨ ਜਿਸ ਕਰਕੇ ਉਹਨਾਂ ਦਾ ਉੱਪਰ ਦਰਸਾਈ ਪਰੰਪਰਾਵਾਦੀ ਧਿਰ ਨਾਲ ਟਕਰਾਓ ਵੀ ਬਣਿਆਂ ਹੋਇਆ ਹੈ। ਜਾਗਰੂਕ ਧਿਰ ਵਿਚ ਬਹੁਤੇ ਲੋਕ ਰੱਬ ਦੇ ਸੰਕਲਪ ਸਬੰਧੀ ਸਪਸ਼ਟ ਰਾਇ ਨਹੀਂ ਰੱਖਦੇ। ਉਹ ਆਪਣੇ ‘ਰੱਬ’ ਨੂੰ ਗੁਰਬਾਣੀ ਦਾ ਹਵਾਲੇ ਅਨੁਸਾਰ ‘ਨਿਰੰਕਾਰ’ ਤਾਂ ਕਹਿੰਦੇ ਹਨ ਪਰੰਤੂ ਜ਼ਿਆਦਾ ਕਰਕੇ ਉਹ ਉਸ ਲਈ ‘ਅਕਾਲ ਪੁਰਖ’ ਅਤੇ ‘ਪਰਮਾਤਮਾ’ ਦੇ ਨਾਮ ਹੀ ਵਰਤਦੇ ਹਨ ਭਾਵ ਕਿ ਉਹ ‘ਅਕਾਲ ਪੁਰਖ’ ਅਤੇ ‘ਪਰਮਾਤਮਾ’ ਨੂੰ ਪਰਿਆਇਵਾਚੀ ਸ਼ਬਦਾਂ ਦੇ ਤੌਰ ਤੇ ਵਰਤਦੇ ਵਿਖਾਈ ਦੇਂਦੇ ਹਨ ਜੋ ਕਿ ਬਿਲਕੁਲ ਵੀ ਸਹੀ ਨਹੀਂ ਕਿਉਂਕਿ ‘ਅਕਾਲ ਪੁਰਖ’ ਵਾਲਾ ਨਾਮ ‘ਰੱਬ’ ਦੀ ਸ਼ਖਸੀ ਹੋਂਦ ਵੱਲ ਇਸ਼ਾਰਾ ਕਰਦਾ ਹੈ ਅਤੇ ‘ਪਰਮਾਤਮਾ’ ਦਾ ਅਰਥ ‘ਸਰਵਸ੍ਰੇਸ਼ਟ ਆਤਮਾ’ (ਪਰਮ+ਆਤਮਾ) ਬਣਦਾ ਹੈ। ਮਨ ਹੀ ਮਨ ਵਿਚ ਉਹ ਆਪਣੇ ‘ਰੱਬ’ ਨੂੰ ਦੁਨੀਆਂ ਤੋਂ ਵੱਖਰੀ ਕੋਈ ਦੈਵੀ ਸ਼ਕਤੀ ਦੇ ਤੌਰ ਤੇ ਕਿਆਸਦੇ ਹਨ ਜਿਸ ਅੱਗੇ ਉਹ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸਾਂ ਕਰਦੇ ਰਹਿੰਦੇ ਹਨ। ਅਜਿਹੇ ਲੋਕ ‘ਸਿਖ ਧਰਮ’ ਦੇ ਸਮਰਪਿਤ ਪੈਰੋਕਾਰ ਵੀ ਹਨ। ਉਹ ‘ਆਤਮਾ’ ਨੂੰ ਮਾਨਤਾ ਦੇਂਦੇ ਹਨ ਅਤੇ ਗੁਰੂ ਸਾਹਿਬਾਨ ਨੂੰ ਦੈਵੀ ਪੁਰਸ਼ਾਂ ਦੇ ਤੌਰ ਤੇ ਕਿਆਸਣ ਵੱਲ ਰੁਚਿਤ ਹੁੰਦੇ ਹਨ। ਜਾਗਰੂਕ ਧਿਰ ਵਿੱਚੋਂ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਅਤੇ ਰੇਡੀਓ ਵਿਰਸਾ (Radio Virsa NZ) ਵਾਲੇ ਆਪਣੇ-ਆਪ ਨੂੰ ਬਾਕੀ ਜਾਗਰੂਕਾਂ ਦੇ ਮੁਕਾਬਲੇ ਤੇ ਵਧੇਰੇ ਅਗਾਂਹਵਧੂ ਅਤੇ ਬੇਬਾਕ ਹੋ ਕੇ ਪੇਸ਼ ਕਰਦੇ ਹਨ ਅਤੇ ਉਹਨਾਂ ਨੂੰ ਪਰੰਪਰਾਵਾਦੀ ਧਿਰ ਵੱਲੋਂ ਖੁਲ੍ਹੀ ਅਤੇ ਹਿੰਸਕ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਕੁਦਰਤ ਜਾਂ ਬ੍ਰਹਮੰਡੀ ਨਿਯਮ-ਤੰਤਰ ਨੂੰ ਰੱਬ ਦਾ ਨਾਮ ਦੇਂਦੇ ਹਨ ਅਤੇ ਗੁਰੂ ਸਾਹਿਬਾਨ ਨੂੰ ਆਮ ਇਨਸਾਨਾਂ ਦਾ ਹੀ ਦਰਜਾ ਦੇਂਦੇ ਹਨ। ਪਰੰਤੂ ਉਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਵੀ ਬਹੁਤ ਹਨ ਜਿਵੇਂ ਉਹ ‘ਰੱਬ’ ਦੇ ਸੰਕਲਪ ਨੂੰ ਤਿਆਗਣਾ ਨਹੀਂ ਚਾਹੁੰਦੇ, ਉਹ ਆਪ ਤਾਂ ਮਜ਼ਹਬ (ਸਿਖ ਧਰਮ) ਨੂੰ ਮਾਨਤਾ ਦੇਦੇ ਹਨ ਪਰੰਤੂ ਨਾਲ ਹੀ ‘ਪੁਜਾਰੀ’ ਨੂੰ ਖੂਬ ਭੰਡਦੇ ਹਨ, ਉਹ ਗੁਰੂ ਸਾਹਿਬਾਨ ਨੂੰ ‘ਪਾਤਸ਼ਾਹ’ ਕਹਿਕੇ ਸੰਬੋਧਨ ਹੁੰਦੇ ਹਨ ਜਦੋਂ ਕਿ ਗੁਰੂ ਸਾਹਿਬਾਨ ਸਾਦਗੀ ਅਤੇ ਨਿਮਰਤਾ ਦੇ ਪੁੰਜ ਸਨ, ਉਹ ਗੁਰਦੁਆਰੇ ਚਲਾਉਂਦੇ ਹਨ, ਉਹ ਅੰਮ੍ਰਿਤਪਾਨ ਕਰਦੇ ਹਨ, ਉਹ ਗੁਰਬਾਣੀ-ਗ੍ਰੰਥ ਨੂੰ ਮੱਥੇ ਟੇਕਦੇ ਹਨ (ਮੂਰਤੀ-ਪੂਜਾ ਦੀ ਤਰਜ਼ ਤੇ), ਉਹ ਅਖੌਤੀ ਅਕਾਲ-ਤਖਤ ਨੂੰ ਮਾਨਤਾ ਦੇਂਦੇ ਹਨ ਆਦਿਕ। ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਤਾਂ ‘ਰਹਿਤ-ਮਰਿਆਦਾ’ ਨੂੰ ਮੰਨਦਾ ਹੋਇਆ ਅਸਿੱਧੇ ਢੰਗ ਨਾਲ ਅਖੌਤੀ ਦਸਮ-ਗ੍ਰੰਥ ਨੂੰ ਵੀ ਮਾਨਤਾ ਦੇਈ ਜਾ ਰਿਹਾ ਹੈ।

ਅਸਲ ਵਿਚ ਸਿੱਖਾਂ ਦੀ ਜਾਗਰੂਕ ਧਿਰ ਵਿਚ ਸ਼ਾਮਲ ਸਾਰੇ ਵਰਗਾਂ ਦੇ ਲੋਕ ਭਾਰੀ ਭੰਬਲਭੂਸੇ ਦੇ ਸ਼ਿਕਾਰ ਹਨ ਕਿਉਂਕਿ ਉਹ ਆਪ ਤਾਂ ਰੱਬ ਅਤੇ ਮਜ਼ਹਬ ਸਬੰਧੀ ਗੈਰਵਿਗਿਆਨਕ ਧਾਰਨਾਵਾਂ ਨੂੰ ਮਾਨਤਾ ਦੇ ਰਹੇ ਹਨ ਅਤੇ ਦੂਸਰੇ ਪਾਸੇ ਉਹ ਆਪਣੇ ਮਜ਼ਹਬ ਨੂੰ ਤਰਕ ਦੀ ਤੱਕੜੀ ਉੱਤੇ ਤੋਲਦੇ ਹੋਏ ਇਸ ਵਿਚ ਸੁਧਾਰ ਕਰਨ ਲਈ ਯਤਨਸ਼ੀਲ ਹਨ। ਉਹ ਇਸ ਤੱਥ ਨੂੰ ਸਮਝਣ ਅਤੇ ਸਵੀਕਾਰਨ ਲਈ ਤਿਆਰ ਨਹੀਂ ਕਿ ਕਿਸੇ ਮਜ਼ਹਬ ਦਾ ਕਦੀ ਵੀ ਕੋਈ ਤਰਕ-ਅਧਾਰਿਤ ਸੁਧਾਰ ਹੋਣਾ ਸੰਭਵ ਨਹੀਂ ਹੁੰਦਾ। ਇਹ ਜਾਗਰੂਕ ਸੱਜਣ ਆਪਣੇ ਮਜ਼ਹਬ ਨੂੰ ਲੈਕੇ ਭਾਰੀ ਮਾਨਸਿਕ ਦਬਾਅ ਹੇਠ ਵਿਚਰਦੇ ਹਨ ਜੋ ਪਰਿਵਾਰਕ ਮਾਹੌਲ, ਸਮਾਜਕ ਪਰੰਪਰਾਵਾਂ, ਅਖੌਤੀ ਅਕਾਲ-ਤਖਤ ਦਾ ਭੈ, ਪਰੰਪਰਾਵਾਦੀ ਧਿਰ ਦੀ ਦਹਿਸ਼ਤ, ਨਾਸਤਿਕ ਗਰਦਾਨੇ ਜਾਣ ਦਾ ਡਰ, ਆਤਮ-ਵਿਸ਼ਵਾਸ ਦੀ ਕਮੀ ਆਦਿਕ ਕਰਕੇ ਉਪਜਦਾ ਹੈ। ਇਸ ਮਾਨਸਿਕ ਦਬਾਅ ਹੇਠਾਂ ਹੋਣ ਦੀ ਸਥਿਤੀ ਵਿਚ ਉਹ ਲਗਾਤਾਰ ਦਵੰਦ ਵਿਚ ਫਸੇ ਰਹਿੰਦੇ ਹਨ। ਉਹਨਾਂ ਦੀ ਜਾਗਰੂਕਤਾ ਇਕ ਵਿਖਾਵਾ ਬਣ ਕੇ ਹੀ ਰਹਿ ਜਾਂਦੀ ਹੈ ਅਤੇ ਉਹਨਾਂ ਦੀ ਤਰਕਸ਼ੀਲਤਾ ਕੇਵਲ ਨੁਕਤਾਚੀਨੀ ਦੇ ਪੱਧਰ ਤੇ ਹੀ ਟਿਕੀ ਰਹਿੰਦੀ ਹੈ।

ਹੁਣ ਅਸੀਂ ਹੇਠਾਂ ਸੰਪਾਦਕ ਜੀ ਵੱਲੋਂ ਪੇਸ਼ ਕੀਤੇ ਸਵਾਲਾਂ/ਨੁਕਤਿਆਂ ਬਾਰੇ ਇਕ-ਇਕ ਕਰਕੇ ਵਿਚਾਰ ਪੇਸ਼ ਕਰਨ ਦਾ ਯਤਨ ਕਰਦੇ ਹਾਂ। ਇਹ ਵਿਚਾਰ ਸ਼ੁਧ ਵਿਗਿਆਨਕ ਅਤੇ ਮਾਨਵਵਾਦੀ ਸੋਚ ਉੱਤੇ ਅਧਾਰਿਤ ਹਨ, ਉਹ ਸੋਚ ਜਿਸ ਦੇ ਗੁਰੂ ਨਾਨਕ ਜੀ ਨਾ ਕੇਵਲ ਧਾਰਨੀ ਸਨ ਸਗੋਂ ਮੋਢੀ ਵੀ ਸਨ।

(ੳ) ਰੱਬ ਦਾ ਸੰਕਲਪ

  1. ਕਿਹੜਾ ਰੱਬ ?

    ਗੁਰੂ ਨਾਨਕ ਜੀ ਅਨੁਸਾਰ ਪ੍ਰੰਪਰਾਈ ਕਾਲਪਨਿਕ ਰੱਬ ਦੀ ਸ਼ਖਸੀ ਜਾਂ ਪਰਮਾਤਮਾ ਦੇ ਰੂਪ ਵਿਚ ਕੋਈ ਹੋਂਦ ਮੌਜੂਦ ਹੀ ਨਹੀਂ। ਗੁਰਬਾਣੀ ਪ੍ਰੰਪਰਾਈ ਰੱਬ ਦੀ ਜਗਹ ਉੱਤੇ ਬ੍ਰਹਮੰਡੀ-ਪ੍ਰਬੰਧ (cosmic system) ਨੂੰ ਮਾਨਤਾ ਦੇਂਦੀ ਹੈ ਅਤੇ ਇਸ ਬ੍ਰਹਮੰਡ ਵਿਚਲੀ ਹਰ ਸਜੀਵ ਅਤੇ ਨਿਰਜੀਵ ਹੋਂਦ ਵਾਂਗ ਮਨੁੱਖ ਨੂੰ ਵੀ ਇਸ ਬ੍ਰਹਮੰਡੀ-ਪ੍ਰਬੰਧ ਦਾ ਇਕ ਅੰਸ਼ ਮਾਤਰ ਮੰਨਦੀ ਹੈ। ਗੁਰਬਾਣੀ ਮਨੁੱਖ ਨੂੰ ਪ੍ਰੇਰਨਾ ਦੇਂਦੀ ਹੈ ਕਿ ਉਹ ਆਪਣੇ ਅਤੇ ਬ੍ਰਹਿਮੰਡੀ-ਪ੍ਰਬੰਧ ਵਿਚਲੇ ਸਬੰਧ ਨੂੰ ਪਛਾਣਨ ਦਾ ਯਤਨ ਕਰੇ।

  2. ਰੱਬ ਜੀ ਕਿੱਥੇ ਰਹਿੰਦੇ ਹਨ?

    ਗੁਰਬਾਣੀ ਦੇ ਸੰਦਰਭ ਵਿਚ ਇਹ ਸਵਾਲ ਗੈਰਪ੍ਰਸੰਗਿਕ ਹੈ ਕਿਉਂਕਿ ਗੁਰਬਾਣੀ ਵਿਚ ਕਿਸੇ ਕਾਲਪਨਿਕ ‘ਰੱਬ’ (ਸ਼ਖਸੀ ਰੂਪ ਵਿਚ ਜਾਂ ‘ਪਰਮ ਆਤਮਾ’ ਦੇ ਤੌਰ ਤੇ) ਨੂੰ ਮਾਨਤਾ ਹੀ ਨਹੀਂ ਦਿੱਤੀ ਗਈ। ਗੁਰਬਾਣੀ ਅਨੁਸਾਰ ਮਨੁੱਖ ਬ੍ਰਹਮੰਡੀ-ਪ੍ਰਬੰਧ (cosmic system) ਦਾ ਅੰਸ਼ ਹੈ ਅਤੇ ਮਨੁੱਖ ਦੀ ਹੋਂਦ ਅਤੇ ਕਾਰਗੁਜ਼ਾਰੀ ਬ੍ਰਹਮੰਡੀ ਨਿਯਮ-ਤੰਤਰ ਦੇ ਅਧੀਨ ਚੱਲਦੀ ਹੈ। ਬ੍ਰਹਮੰਡੀ-ਪ੍ਰਬੰਧ ਕੋਈ ਸ਼ਖਸੀ ਹੋਂਦ ਨਹੀਂ ਜੋ ਕਿਸੇ ਵਿਸ਼ੇਸ਼ ਅਸਥਾਨ ਉੱਤੇ ਬਿਰਾਜਮਾਨ ਹੋਵੇਗੀ। ਸਗੋਂ ਬ੍ਰਹਮੰਡੀ-ਪ੍ਰਬੰਧ ਕੁਦਰਤ ਦੇ ਨਿਯਮਾਂ ਰਾਹੀਂ ਹਰ ਜਗਹ ਮੌਜੂਦ ਹੈ, ਮਨੁੱਖ ਦੇ ਅੰਦਰਵਾਰ ਵੀ ਅਤੇ ਬਾਹਰਵਾਰ ਵੀ। ਗੁਰਬਾਣੀ ਵਿਚ “ਤੋਹੀ ਸੰਗਿ ਸਮਾਈ”, “ਸਭ ਮਹਿ ਰਹਿਆ ਸਮਾਇਓ”, “ਸਭੈ ਘਟ ਰਾਮੁ ਬੋਲੈ” ਅਤੇ “ਵਸੀ ਰਬੁ ਹਿਆਲੀਐ” ਵਰਗੀਆਂ ਤੁੱਕਾਂ ਰਾਹੀਂ ਏਹੋ ਗੱਲ ਸਮਝਾਈ ਗਈ ਹੈ। ਜੇਕਰ ਗੁਰਬਾਣੀ ਵਿਚ ਕਿਧਰੇ ਇਸ ਬ੍ਰਹਮੰਡੀ-ਪ੍ਰਬੰਧ ਨੂੰ ਕਿਸੇ ਨਾਮ ਹੇਠ ਪੇਸ਼ ਕੀਤਾ ਗਿਆ ਹੈ ਜਿਵੇਂ ਕਿ ਗੋਪਾਲ, ਗੋਬਿੰਦ, ਪ੍ਰਭੂ, ਰਾਮ, ਪਰਮੇਸਰ, ਓਅੰਕਾਰ ਆਦਿਕ ਤਾਂ ਇਹ ਮਾਨਵੀਕਰਨ (personification) ਦੀ ਕਾਵਿ-ਜੁਗਤ ਦੀ ਵਰਤੋਂ ਕਰਨ ਦੀ ਕਾਰਵਾਈ ਹੇਠ ਕੀਤਾ ਗਿਆ ਹੈ। ਏਸੇ ਕਰਕੇ ਬ੍ਰਹਮੰਡੀ-ਪ੍ਰਬੰਧ ਦੇ ਅਜਿਹੇ ਸਾਰੇ ਨਾਵਾਂ ਨੂੰ ਗੁਰਬਾਣੀ ਵਿਚ ‘ਕਿਰਤਮ ਨਾਮ’ ਦੇ ਤੌਰ ਤੇ ਦਰਸਾਇਆ ਗਿਆ ਹੈ।

  3. ਨਿਰਗੁਣ ਅਤੇ ਸਰਗੁਣ ਰੂਪ

ਬ੍ਰਾਹਮਣਵਾਦੀ ਵਿਚਾਰਧਾਰਾ ਵਿਚ ‘ਸਰਗੁਣ’ ਦਾ ਅਰਥ ਹੈ ਮਾਇਆ ਦੇ ਤਿੰਨ ਗੁਣਾਂ ਭਾਵ ਸਤ, ਰਜ ਅਤੇ ਤਮ ਦਾ ਧਾਰਨੀ ਵਿਅਕਤੀ ਅਤੇ ‘ਨਿਰਗੁਣ’ ਦਾ ਅਰਥ ਹੈ ਮਾਇਆ ਦੇ ਇਹਨਾਂ ਤਿੰਨਾ ਗੁਣਾਂ ਤੋਂ ਰਹਿਤ ਵਿਅਕਤੀ। ਪਰੰਤੂ ਗੁਰਬਾਣੀ ਮਾਇਆ (ਪਦਾਰਥਕ ਪਸਾਰੇ) ਸਬੰਧੀ ਬ੍ਰਾਹਮਣਵਾਦੀ ਸੰਕਲਪ ਨੂੰ ਨਹੀਂ ਸਵੀਕਾਰਦੀ ਅਤੇ ਇਹਨਾਂ ਤਿੰਨਾਂ ਗੁਣਾਂ ਨੂੰ ਬ੍ਰਹਮੰਡੀ-ਪ੍ਰਬੰਧ ਦਾ ਅੰਗ ਮੰਨਦੀ ਹੈ। ਗੁਰਬਾਣੀ ਅਨੁਸਾਰ ‘ਸਰਗੁਣ’ ਬ੍ਰਹਮੰਡੀ-ਪ੍ਰਬੰਧ ਦਾ ਭੌਤਿਕ ਰੂਪ ਹੈ ਅਤੇ ‘ਨਿਰਗੁਣ’ ਇਸ ਬ੍ਰਹਮੰਡੀ ਪਸਾਰੇ ਦੀ ਉਤਪੱਤੀ ਕਰਕੇ ਇਸ ਨੂੰ ਚਲਾਉਣ ਵਾਲੀ ਸਿਰਜਣਾਤਮਕ ਊਰਜਾ ਅਤੇ ਬ੍ਰਹਮੰਡੀ-ਪ੍ਰਬੰਧ ਦੀ ਵਿਕਾਸ-ਪ੍ਰੀਕਿਰਿਆ (evolution) ਨੂੰ ਨਿਭਾਉਣ ਵਾਲਾ ਨਿਯਮ-ਤੰਤਰ। ਅਜੋਕੇ ਸਮੇਂ ਵਿਚ ਵਿਗਿਆਨ ਨੇ ਸਮੁੱਚੀ ਬ੍ਰਹਮੰਡੀ-ਪ੍ਰਣਾਲੀ ਦੀ ਅਜਿਹੀ ਤਸਵੀਰ ਸਾਡੇ ਸਾਹਮਣੇ ਪੇਸ਼ ਕਰ ਦਿੱਤੀ ਹੋਈ ਹੈ ਜੋ ਗੁਰੂ ਨਾਨਕ ਜੀ ਨੇ ਪੰਜ ਸੌ ਸਾਲ ਤੋਂ ਵੱਧ ਸਮਾਂ ਪਹਿਲਾਂ ਹੀ ਕਿਆਸ ਲਈ ਸੀ।

ਸੰਪਾਦਕ ਜੀ ਦੇ ਲੇਖ ਦੇ ਆਖਰੀ ਪੈਰੇ ਵਿਚ ਸ਼ਾਮਲ ਲਗ-ਭਗ ਸਾਰੇ ਸਵਾਲ ਰੱਬ ਦੇ ਸੰਕਲਪ ਨਾਲ ਹੀ ਜੁੜੇ ਹੋਏ ਹਨ ਅਤੇ ਉਹਨਾਂ ਸਬੰਧੀ ਸਪਸ਼ਟੀਕਰਨ ਉੱਪਰ ਦਿੱਤੇ ਗਏ ਵਿਸਥਾਰ ਵਿੱਚੋਂ ਪਰਾਪਤ ਹੋ ਜਾਂਦਾ ਹੈ।

(ਅ) ਗੁਰਬਾਣੀ ਦੀ ਰਚਨ-ਪ੍ਰੀਕਿਰਿਆ

  1. ਬਾਣੀ ਕਿਹੜੇ ਰੱਬ ਕੋਲੋਂ ਆਈ ਹੈ?

    ਗੁਰਬਾਣੀ ਵਿਚ ਮਨੁੱਖ ਨੂੰ ਬ੍ਰਹਮੰਡੀ-ਪ੍ਰਬੰਧ (cosmic system) ਦਾ ਅੰਸ਼ ਮੰਨਿਆਂ ਗਿਆ ਹੈ। ਮਨੁੱਖ ਨੂੰ ਬੋਲੀ ਦੀ ਵਰਤੋਂ ਦਾ ਗੁਣ ਕਿਸੇ ਦੈਵੀ ਤਾਕਤ ਕੋਲੋਂ ਨਹੀਂ ਮਿਲਿਆ ਸਗੋਂ ਇਹ ਬ੍ਰਹਮੰਡੀ ਵਿਕਾਸ-ਪ੍ਰੀਕਿਰਿਆ (evolution) ਰਾਹੀਂ ਹਾਸਲ ਹੋਇਆ ਹੈ। ਬੋਲੀ ਦੀ ਕਿਸੇ ਵਿਸ਼ੇਸ਼ ਕਾਰਜ ਜਿਵੇਂ ਕਿ ਕਾਵਿ-ਰਚਨਾ ਲਈ ਵਰਤੋਂ ਇਕ ਮਨੁੱਖੀ ਕਾਰਜ ਹੈ। ਬਾਣੀ ਦੇ ਸਾਰੇ ਰਚਨਾਕਾਰ ਮਨੁੱਖ ਹੀ ਸਨ ਅਤੇ ਬਾਣੀ ਦੀ ਰਚਨਾ ਮਨੁੱਖੀ ਕਾਰਜ ਹੀ ਹੈ। ਇਸ ਲਈ ਬਾਣੀ ਕਿਸੇ ‘ਰੱਬ’ ਕੋਲੋਂ ਨਹੀਂ ਆਈ ਕਿਉਂਕਿ ਰੱਬ ਕੇਵਲ ਇਕ ਕਾਲਪਨਿਕ ਸੰਕਲਪ ਹੈ। ਨਿਸਚੇ ਹੀ ਬਾਣੀ ਦੇ ਰਚਨਾਕਾਰ ਉੱਚ-ਪੱਧਰ ਦੀ ਬੌਧਿਕਤਾ (IQ) ਅਤੇ ਸਿਰਜਣਾਤਮਿਕ ਸਮਰੱਥਾ (creative potential) ਦੇ ਮਾਲਕ ਸਨ।

  2. ਗੁਰਬਾਣੀ ਵਿਚ ਪੇਸ਼ ਕੀਤੇ ਗਏ ‘ਧੁਰ ਕੀ ਬਾਣੀ’, ‘ਖਸਮ ਕੀ ਬਾਣੀ’, ‘ਮੈ ਕਹਿਆ ਸਭੁ ਹੁਕਮਾਉ’, ‘ਆਪ ਮੁਹਹੁ ਕਢਾਏ’, ‘ਬੋਲਾਇਆ ਬੋਲੀ ਖਸਮ ਦਾ’,ਸਚ ਕੀ ਬਾਣੀ ਨਾਨਕੁ ਆਖੈ’ ਵਰਗੇ ਸੰਕਲਪਾਂ ਦਾ ਕੀ ਭਾਵ ਹੈ?

ਏਥੇ ‘ਧੁਰ’, ‘ਖਸਮ’, ‘ਹੁਕਮਾਉ’, ‘ਆਪ’ ਅਤੇ ‘ਸਚ’ ਵਰਗੇ ਸ਼ਬਦ ਬ੍ਰਹਮੰਡੀ-ਪ੍ਰਬੰਧ (cosmic system) ਲਈ ਵਰਤੇ ਗਏ ਹਨ ਨਾ ਕਿ ਕਿਸੇ ਕਾਲਪਨਿਕ ਰੱਬ ਜਾਂ ਕਿਸੇ ਹੋਰ ਦੈਵੀ ਸ਼ਕਤੀ ਲਈ। ਸਾਰੀ ਗੁਰਬਾਣੀ ਵੱਖ-ਵੱਖ ਵੰਨਗੀਆਂ ਦੀ ਕਾਵਿ-ਰਚਨਾ ਹੈ ਅਤੇ ਇਹ ਸਾਰੇ ਸ਼ਬਦ ਰੂਪਕ (metaphor) ਨਾਮ ਦੇ ਅਲੰਕਾਰ ਵਜੋਂ ਵਰਤੇ ਹੋਏ ਹਨ। ਜੇਕਰ ਗੁਰਬਾਣੀ ਕਿਸੇ ਦੈਵੀ ਸ਼ਕਤੀ ਵੱਲੋਂ ਪਰਾਪਤ ਹੋਈ ਹੁੰਦੀ ਤਾਂ ਨਾਂ ਇਸ ਵਿਚ ‘ਰਾਗਮਾਲਾ’ ਸ਼ਾਮਲ ਹੋ ਸਕਣੀ ਸੀ ਅਤੇ ਨਾ ਹੀ ਸੂਰਦਾਸ (ਕ੍ਰਿਸ਼ਨ-ਭਗਤ) ਦਾ ਇਕ ਪੰਕਤੀ ਵਾਲਾ ‘ਸ਼ਬਦ’ (ਅਜਿਹੀਆਂ ਹੋਰ ਵੀ ਕਈ ਉਦਾਹਰਨਾਂ ਮੌਜੂਦ ਹਨ। ਵਿਸਥਾਰ ਲਈ ਮੇਰਾ ਲੇਖ ‘ਆਦਿ ਬੀੜ ਤੋਂ ਅਜੋਕੀ ਬੀੜ ਤਕ’ ਵੇਖਿਆ ਜਾ ਸਕਦਾ ਹੈ ਜੋ ‘ਸਿਖਮਾਰਗ’ ਵੈਬਸਾਇਟ ਉੱਤੇ ਉਪਲਭਦ ਹੈ।)

(ੲ) ਗੁਰਬਾਣੀ ਦੀ ਵਿਆਖਿਆ

  1. ਜੋ ਕੁੱਝ ਲਿਖਿਆ ਹੈ ਕੀ ਉਹ ਸੱਚ ਤੇ ਪੂਰਾ ਉੱਤਰ ਸਕਦਾ ਹੈ?

    ਬਾਣੀ ਦੇ ਸਾਰੇ ਰਚਨਾਕਾਰ ਮਨੁੱਖ ਹੀ ਸਨ ਅਤੇ ਉਹਨਾਂ ਨੇ ਆਪਣੇ ਸਮੇਂ ਵਿਚ ਜੋ ਕੁਝ ਵੇਖਿਆ/ਪੜ੍ਹਿਆ/ ਸੁਣਿਆਂ ਸੀ ਉਸ ਦੇ ਅਨੁਸਾਰ ਹੀ ਲਿਖਿਆ ਸੀ। ਇਸ ਲਈ ਹੋ ਸਕਦਾ ਹੈ ਉਹਨਾਂ ਵੱਲੋਂ ਦਿੱਤੇ ਗਏ ਕੁਝ ਤੱਥ ਅਜੋਕੇ ਸਮੇਂ ਮੁਤਾਬਿਕ ਸਹੀ ਨਾ ਨਿਕਲਣ ਪਰੰਤੂ ਅਜਿਹੇ ਤੱਥਾਂ ਦੀ ਕਿਸੇ ਬਾਣੀ ਰਚਨਾਕਾਰ ਵੱਲੋਂ ਦਿੱਤੇ ਜਾ ਰਹੇ ਵਿਚਾਰ ਲਈ ਅਲੰਕਾਰ ਜਾਂ ਉਦਾਹਰਨ ਦੇ ਤੌਰ ਤੇ ਪ੍ਰਸੰਗਿਕਤਾ ਬਣੀ ਹੀ ਰਹੇਗੀ। ਗੁਰਬਾਣੀ ਦੇ ਸੰਦਰਭ ਵਿਚ ‘ਸਚ’ ਕਿਸੇ ਰਚਨਾਕਾਰ ਵੱਲੋਂ ਦਿੱਤਾ ਜਾ ਰਿਹਾ ਉੱਚਾ-ਸੁੱਚਾ ਵਿਚਾਰ ਜਾਂ ਸੰਦੇਸ਼ ਹੈ, ਉਸ ਵੱਲੋਂ ਪੇਸ਼ ਕੀਤੇ ਗਏ ਤੱਥ ਨਹੀਂ ਅਤੇ ਅਜਿਹੇ ਤੱਥਾਂ ਦੀ ਵਿਆਖਿਆ ਉਸ ਵਿਚਾਰ/ਸੰਦੇਸ਼ ਦੇ ਪੱਖੋਂ ਹੀ ਕਰਨੀ ਬਣਦੀ ਹੈ।

  2. ‘ਆਵਨ ਅਠਤਰੈ ਜਾਣਿ ਸਤਾਨਵੈ’ ਦਾ ਭਾਵ-ਅਰਥ

    ਆਮ ਕਰਕੇ ਪੰਕਤੀ “ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥” ਨੂੰ ਗੁਰੂ ਨਾਨਕ ਜੀ ਵੱਲੋਂ ਕੀਤੀ ਭਵਿਖਬਾਣੀ ਦੇ ਤੌਰ ਤੇ ਕਿਆਸਿਆ ਜਾਂਦਾ ਹੈ। ਪਰੰਤੂ ਅਸੀਂ ਜਾਣਦੇ ਹਾਂ ਕਿ ਭਵਿਖਬਾਣੀ ਕਰਨਾ ਕਰਾਮਾਤ ਵਰਤਾਉਣ ਦੇ ਤੁੱਲ ਹੈ ਅਤੇ ਅਜਿਹੀ ਕਾਰਵਾਈ ਗੁਰਬਾਣੀ ਦੇ ਫਲਸਫੇ ਦੇ ਵਿਪਰੀਤ ਜਾਂਦੀ ਹੈ। ਇਸ ਲਈ ਇਸ ਪੰਕਤੀ ਦੇ ਤਰਕ-ਅਧਾਰਿਤ ਅਰਥ ਹੀ ਪੇਸ਼ ਕਰਨੇ ਪੈਣਗੇ। ਗੁਰੂ ਜੀ ਸਬੰਧਿਤ ਸ਼ਬਦ ਵਿਚ ਬਦੇਸ਼ੀ ਹਮਲਾਵਰ ਬਾਬਰ ਵੱਲੋਂ ਭਾਰਤ ਉੱਤੇ ਕੀਤੇ ਹਮਲੇ ਸਮੇਂ ਪੰਜਾਬ ਖਿੱਤੇ ਵਿਚ ਲੋਕਾਂ ਉੱਤੇ ਢਾਏ ਜ਼ੁਲਮ ਦਾ ਬਿਰਤਾਂਤ ਦੇ ਰਹੇ ਹਨ ਅਤੇ ਨਾਲ ਹੀ ਇਸ ਨੂੰ ਉਹ ਇਕ ਸਾਧਾਰਨ ਬ੍ਰਹਮੰਡੀ ਵਰਤਾਰੇ ਦੇ ਤੌਰ ਤੇ ਵੀ ਪੇਸ਼ ਕਰ ਰਹੇ ਹਨ। ਇਸ ਪੱਖੋਂ ਇਸ ਪੰਕਤੀ ਦੀ ਇਕ ਵਿਆਖਿਆ ਇਹ ਬਣ ਸਕਦੀ ਹੈ ਕਿ ਜੇਕਰ ਮਨੁੱਖ ਲਈ ਦੁੱਖ ਵੱਡੀ ਗਿਣਤੀ (ਜਿਵੇਂ ਕਿ ਅਠੱਤਰ) ਵਿਚ ਆ ਸਕਦੇ ਹਨ ਤਾਂ ਇਸ ਤੋਂ ਵਡੇਰੀ ਗਿਣਤੀ (ਜਿਵੇਂ ਕਿ ਸਤਾਨਵੇਂ) ਵਿਚ ਚਲੇ ਵੀ ਜਾਂਦੇ ਹਨ ਕਿਉਂਕਿ ਸਮਾਂ ਬਦਲਣ ਨਾਲ ਕੋਈ ਸਕਾਰਾਤਮਕ ਸੋਚ ਰੱਖਣ ਵਾਲਾ ਮਾਨਵਵਾਦੀ ਅਤੇ ਸਾਹਸੀ (‘ਮਰਦ ਕਾ ਚੇਲਾ’) ਵਿਅਕਤੀ ਸਮਾਜ ਨੂੰ ਯੋਗ ਅਗਵਾਈ ਦੇਣ ਲਈ ਅੱਗੇ ਆ ਹੀ ਜਾਂਦਾ ਹੈ।

  3. ‘ਅਉਰਤ ਕਾ ਕਿਆ ਕਰੀਐ’ ਦਾ ਭਾਵ-ਅਰਥ

    ਕਬੀਰ ਜੀ ਵੱਲੋਂ ਇਸਲਾਮ ਦੇ ਪੈਰੋਕਾਰਾਂ ਵੱਲੋਂ ਮਰਦਾਂ ਦੀ ‘ਸੁੰਨਤ’ ਕਰਨ ਦੀ ਪਰੰਪਰਾ ਉੱਤੇ ਚੋਟ ਕਰਦਿਆਂ ‘ਅੳਰਤ ਕਾ ਕਿਆ ਕਰੀਐ’ ਕਿਹਾ ਗਿਆ ਹੈ ਭਾਵ ਕਬੀਰ ਜੀ ਕਹਿ ਰਹੇ ਹਨ ਜੇਕਰ ਕੋਈ ਮਰਦ ਸੁੰਨਤ ਕਰਵਾਉਣ ਨਾਲ ਚੰਗਾ ਮੁਸਲਮਾਨ ਬਣ ਸਕਦਾ ਹੈ ਤਾਂ ਔਰਤ ਦਾ ਕੀ ਕੀਤਾ ਜਾਵੇ। ਕਬੀਰ ਜੀ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿਉਂਕਿ ਪੁਰਾਣੇ ਸਮੇਂ ਦੇ ਅਰਬੀ ਅਤੇ ਅਫਰੀਕੀ ਕਬੀਲਿਆਂ ਦੇ ਸਭਿਆਚਾਰ ਵਿਚ ਔਰਤ ਦੇ ਜਣਨ ਅੰਗਾਂ ਨਾਲ ਛੇੜ-ਛਾੜ ਕਰਨ ਦੀ ਪਰੰਪਰਾ ਰਹੀ ਹੈ (ਹੋ ਸਕਦਾ ਹੈ ਭਾਰਤੀ ਉਪਦੀਪ ਦੇ ਖਿੱਤੇ ਵਿਚ ਵੀ ਕੋਈ ਅਜਿਹੇ ਕਬੀਲੇ ਰਹੇ ਹੋਣ) ਪਰੰਤੂ ਇਸ ਪਰੰਪਰਾ ਦਾ ਇਸਲਾਮ ਨਾਲ ਕਦੀ ਕੋਈ ਸਬੰਧ ਨਹੀਂ ਰਿਹਾ (ਉਂਜ ਇਸਲਾਮ ਦੀ ਧਾਰਮਿਕ ਪੁਸਤਕ ‘ਕੁਰਾਨ’ ਵਿਚ ‘ਸੁੰਨਤ’ ਦਾ ਕੋਈ ਜ਼ਿਕਰ ਨਹੀਂ ਅਤੇ ਹਜ਼ਰਤ ਮੁਹੰਮਦ ਵੱਲੋਂ ਸੁੰਨਤ ਕਰਵਾਏ ਜਾਣ ਦੀ ਕਹਾਣੀ ਵੀ ਸਹੀ ਨਹੀਂ ਮੰਨੀਂ ਜਾਂਦੀ)। ਕਬੀਰ ਜੀ ਅਤੇ ਗੁਰੂ ਸਾਹਿਬਾਨ ਜਿਹੜੇ ਸਮਾਜ ਵਿਚ ਵਿਚਰ ਰਹੇ ਸਨ ਉਸ ਵਿਚ ਉਹਨਾਂ ਦੇ ਸਮੇਂ ਇਸਲਾਮ ਨਾਲ ਸਬੰਧਤ ਕਰਕੇ ਔਰਤ ਦੀ ਸੁੰਨਤ ਕਰਨ ਦਾ ਕੋਈ ਰਿਵਾਜ ਨਹੀਂ ਸੀ।

  4. ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ॥“ ਦਾ ਭਾਵ-ਅਰਥ

    ਗੁਰੂ ਰਾਮਦਾਸ ਜੀ ਦੀ ਰਚੀ ਹੋਈ ਇਸ ਪੰਕਤੀ ਵਿਚ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਜਿਸ ਬਾਲਕ ਨੂੰ ਕਿਸੇ ਵੇਸਵਾ ਇਸਤਰੀ ਨੇ ਜਨਮ ਦਿੱਤਾ ਹੈ ਉਸ ਨੂੰ ਸਮਾਜਿਕ ਜੀਵਨ ਵਿਚ ਪਿਤਾ ਦਾ ‘ਨਾਮ’ ਪਰਾਪਤ ਨਹੀਂ ਹੋ ਸਕੇਗਾ। ਏਥੇ ਅਜਿਹੇ ਬਾਲਕ ਦੇ ਪਿਤਾ ਦੀ ਪਛਾਣ ਕਰਨ ਦੀ ਗੱਲ ਨਹੀਂ ਕੀਤੀ ਗਈ ਕੇਵਲ ਅਜਿਹੇ ਬਾਲਕ ਵੱਲੋਂ ਪਿਤਾ ਦਾ ਨਾਮ ਪਰਾਪਤ ਕਰਨ ਦੀ ਗੱਲ ਕੀਤੀ ਗਈ ਹੈ (ਉਂਜ ਅਜੋਕੇ ਸਮੇਂ ਵਿਚ DNA Test ਦੀ ਸੁਵਿਧਾ ਉਪਲਭਦ ਹੋਣ ਤੇ ਵੀ ਕਿਸੇ ਬਾਲਕ ਜਾਂ ਵਿਅਕਤੀ ਨੂੰ ਇਸ ਸੁਵਿਧਾ ਰਾਹੀਂ ਆਪਣੇ ਪਿਤਾ ਦੀ ਪਛਾਣ ਕਰਨ ਵਿਚ ਕਿਤਨੀਆਂ ਕਠਨਾਈਆਂ ਦਾ ਸਾਹਮਣਾ ਕਰਨਾ ਪਵੇਗਾ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ)।

  5. “ਪਿਤਾ ਕਾ ਜਨਮੁ ਕਿ ਜਾਨੈ ਪੂਤੁ” ਦਾ ਭਾਵ-ਅਰਥ

    ਇਸ ਪੰਕਤੀ ਦੇ ਜੋ ਅਰਥ ਗਿ. ਸੰਤ ਸਿੰਘ ਮਸਕੀਨ ਵੱਲੋਂ ਕੀਤੇ ਹੋਏ ਏਥੇ ਵਿਖਾਏ ਗਏ ਹਨ ਉਹ ਸਹੀ ਨਹੀਂ ਹਨ (ਕਥਨ “ਮੈਨੂੰ ਤਾਂ ਤੇਰੇ ਪਿਉ ਤੇ ਵੀ ਸ਼ੱਕ ਹੈ ਕਿ ਵਾਕਿਆ ਈ ਉਹ ਤੇਰਾ ਬਾਪ ਹੋਵੇਗਾ” ਰਾਹੀਂ) ਕਿਉਂਕਿ ਕਿਸੇ ਵਿਅਕਤੀ ਨੂੰ ਆਪਣੇ ਪਿਤਾ ਦੇ ਜਨਮ ਬਾਰੇ ਜਾਣਕਾਰੀ ਨਾ ਹੋਣ ਦਾ ਅਰਥ ਇਹ ਨਹੀਂ ਬਣਦਾ ਕਿ ਉਹ ਆਪਣੇ ਪਿਤਾ ਦੀ ਔਲਾਦ ਹੀ ਨਹੀ।

     

  6. ਗੁਰਬਾਣੀ ਵਿਚ ਆਈਆਂ ਮਿਥਹਾਸਿਕ ਘਟਨਾਵਾ ਦਾ ਮਹੱਤਵ
  • ਅਲੰਕਾਰ, ਬਿੰਬਾਵਲੀ, ਮੁਹਾਵਰੇ ਆਦਿਕ ਵਾਂਗ ਮਿੱਥ ਦਾ ਵੀ ਕਾਵਿ-ਰਚਨਾ ਵਿਚ ਇਕ ਸਾਹਿਤਕ-ਜੁਗਤ ਦੇ ਤੌਰ ਤੇ ਪਰਯੋਗ ਕੀਤਾ ਜਾਂਦਾ ਹੈ। ਗੁਰਬਾਣੀ ਵਿਚ ਆਈਆਂ ਮਿਥਹਾਸਿਕ ਘਟਨਾਵਾਂ ਓਸੇ ਤਰ੍ਹਾਂ ਹਨ ਜਿਵੇਂ ਕਾਂ ਵੱਲੋਂ ਪਾਣੀ ਦੇ ਜੱਗ ਵਿਚ ਪੱਥਰ-ਗੀਟੇ ਸੁਟ ਕੇ ਪਾਣੀ ਦੀ ਸਤਹ ਨੂੰ ਉੱਪਰ ਲਿਆਉਣ ਦੀ ਕਹਾਣੀ ਜਾਂ ਕਛੂਕੁੰਮੇਂ ਅਤੇ ਖਰਗੋਸ਼ ਵਿਚਲੇ ਦੌੜ-ਮੁਕਾਬਲੇ ਦੀ ਗਾਥਾ। ਇਹਨਾਂ ਕਹਾਣੀਆਂ ਦਾ ਮਕਸਦ ਨੈਤਿਕ ਸੰਦੇਸ਼ ਦੇਣ ਦਾ ਹੈ ਨਾ ਕਿ ਕਾਂ ਜਾਂ ਕੱਛੂਕੁੰਮੇਂ ਦੀ ਪੂਜਾ ਕਰਵਾਉਣ ਦਾ ਜਾਂ ਇਹ ਵਿਸ਼ਵਾਸ ਪੱਕਾ ਕਰਵਾਉਣ ਦਾ ਕਿ ਇਹ ਕਹਾਣੀਆਂ ਤੱਥ-ਅਧਾਰਿਤ ਹਨ। ਗੁਰਬਾਣੀ ਵਿਚ ਆਈ ਪ੍ਰਹਿਲਾਦ/ਹਰਨਾਕਸ਼/ਨਰਸਿੰਘ ਦੀ ਕਹਾਣੀ ਏਸੇ ਕਿਸਮ ਦੀ ਕਹਾਣੀ ਹੈ ਜਿਸ ਰਾਹੀਂ ਮਨੁੱਖ ਦੇ ਸੱਚੇ-ਸੁੱਚੇ ਕਿਰਦਾਰ ਦੀ ਮਹੱਤਤਾ ਦਰਸਾਈ ਗਈ ਹੈ। ਏਸੇ ਤਰ੍ਹਾਂ ਗੁਰਬਾਣੀ ਵਿਚ ਕਈ ਹੋਰ ਪਰਚਲਤ ਮਿਥਹਾਸਿਕ ਕਹਾਣੀਆਂ ਨੂੰ ਕਾਵਿਕ-ਜੁਗਤ ਦੇ ਤੌਰ ਤੇ ਵਰਤਦੇ ਹੋਏ ਉੱਚੇ ਵਿਚਾਰਾਂ ਅਤੇ ਨੈਤਿਕ ਸਿਖਿਆਵਾਂ ਦਾ ਸੰਚਾਰ ਕਰਨ ਹਿਤ ਸ਼ਾਮਲ ਕੀਤਾ ਗਿਆ ਹੈ। ਏਥੋਂ ਤਕ ਕਿ ਗੁਰਬਾਣੀ ਵਿਚ ਥਾਂ-ਥਾਂ ਤੇ ਕਾਲਪਨਿਕ ਰੱਬ ਨੂੰ ਵੀ ਉਸ ਦੇ ਪਰਚਲਤ ਨਾਵਾਂ ਹੇਠ ਇਕ ਮਿਥਹਾਸਿਕ ਪਾਤਰ ਦੇ ਤੌਰ ਤੇ ਹੀ ਪੇਸ਼ ਕੀਤਾ ਗਿਆ ਹੈ।

  • ਉੱਪਰ ਦਿੱਤੇ ਸਮੁੱਚੇ ਸਪਸ਼ਟੀਕਰਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਸਲੀ ਸਮੱਸਿਆ ਗੁਰਬਾਣੀ ਸਿਧਾਂਤ ਜਾਂ ਗੁਰਬਾਣੀ ਦੀ ਵਿਆਖਿਆ ਦੀ ਨਹੀਂ ਸਗੋਂ ਸਿਖ ਭਾਈਚਾਰੇ ਦੇ ਜਾਗਰੂਕ ਅਖਵਾਉਂਦੇ ਸਾਰੇ ਵਰਗਾਂ ਵਿਚ ਸ਼ਾਮਲ ਲੋਕਾਂ ਦੀ ਮਾਨਸਿਕਤਾ ਦੀ ਹੈ ਜੋ ਗੁਰਬਾਣੀ ਦੇ ਅਸਲੀ ਵਿਧਾਨ ਨੂੰ ਸਮਝ ਨਹੀਂ ਰਹੇ ਅਤੇ ਆਪਣੀਆਂ ਰੂੜ੍ਹੀਵਾਦੀ ‘ਧਾਰਮਿਕ’ ਮਾਨਤਾਵਾਂ ਨਾਲ ਚਿੰਬੜੇ ਰਹਿ ਕੇ ਫੋਕੀ ਤਰਕਸ਼ੀਲਤਾ ਨੂੰ ਅਪਣਾਈ ਬੈਠੇ ਹਨ। ਗੁਰਬਾਣੀ ਦੇ ਸਿਧਾਂਤ ਦੇ ਵਿਗਿਆਨਕ ਪਹਿਲੂ, ਇਸ ਦਾ ਸਮਕਾਲੀ ਸੰਦਰਭ, ਇਸ ਦੀ ਕਾਵਿਕ-ਤਕਨੀਕ ਅਤੇ ਇਸ ਰਾਹੀਂ ਸੁਝਾਈ ਗਈ ਮਾਨਵਵਾਦੀ ਪਹੁੰਚ ਨੂੰ ਚੰਗੀ ਤਰ੍ਹਾਂ ਸਮਝ ਲੈਣ ਨਾਲ ਉਹਨਾਂ ਸਾਰੇ ਸਵਾਲਾਂ/ਨੁਕਤਿਆਂ ਪ੍ਰਤੀ ਸਥਿਤੀ ਆਪਣੇ-ਆਪ ਹੀ ਸਪਸ਼ਟ ਹੋ ਜਾਂਦੀ ਹੈ ਜਿਹਨਾਂ ਨੂੰ ਸੰਪਾਦਕ ਜੀ ਨੇ ਆਪਣੇ ਵਿਚਾਰ-ਅਧੀਨ ਲੇਖ ਵਿਚ ਸ਼ਾਮਲ ਕੀਤਾ ਹੈ।

    ਇਕਬਾਲ ਸਿੰਘ ਢਿੱਲੋਂ

    ਚੰਡੀਗੜ੍ਹ।




    .