.

ਜੋ ਗੱਲ ਸੱਚ ਤੇ ਪੂਰੀ ਨਾ ਉਤਰੇ?

ਸਿੱਖਾਂ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਪ੍ਰਚੱਲਤ ਹਨ ਜਿਨ੍ਹਾਂ ਦਾ ਸੁਚੱਜਾ ਜੀਵਨ ਜੀਉਣ ਨਾਲ ਕੋਈ ਵੀ ਸੰਬੰਧ ਨਹੀਂ ਹੈ। ਸਦੀਆਂ ਪਹਿਲਾਂ ਕਿਸੇ ਸਮੇ ਹੋ ਸਕਦਾ ਹੈ ਕਿ ਉਹ ਗੱਲਾਂ ਠੀਕ ਜਾਪਦੀਆਂ ਹੋਣ ਅਤੇ ਉਨ੍ਹਾਂ ਦੀ ਲੋੜ ਹੋਵੇ ਪਰ ਅਜੋਕੇ ਸਮੇ ਵਿੱਚ ਨਾ ਤਾਂ ਉਨ੍ਹਾਂ ਦੀ ਕੋਈ ਅਹਿਮੀਅਤ ਹੈ ਅਤੇ ਨਾ ਹੀ ਉਹ ਸੱਚ ਤੇ ਪੂਰੀਆਂ ਉੱਤਰਦੀਆਂ ਹਨ। ਇਸ ਲਈ ਉਨ੍ਹਾਂ ਗੱਲਾਂ ਦੇ ਹਵਾਲੇ ਦੇ ਕੇ ਕੀਤੇ ਜਾ ਰਹੇ ਕਰਮਕਾਂਡਾਂ ਨੂੰ ਜ਼ਾਇਜ਼ ਠਹਿਰਾਉਣਾ ਕੋਈ ਅਕਲਮੰਦੀ ਵਾਲੀ ਗੱਲ ਨਹੀਂ ਕਹੀ ਜਾ ਸਕਦੀ। ਪੁਰਾਤਨ ਗ੍ਰੰਥਾਂ ਅਤੇ ਰਹਿਤਨਾਮਿਆਂ ਵਿੱਚ ਬਹੁਤ ਕੁੱਝ ਐਸਾ ਲਿਖਿਆ ਮਿਲਦਾ ਹੈ ਜਿਸ ਦੇ ਕੁੱਝ ਹਵਾਲੇ ਮੈਂ ਇਸ ਲੇਖ ਵਿੱਚ ਦੇਣ ਦਾ ਜਤਨ ਕਰਾਂਗਾ। ਇੱਕ ਗੱਲ ਪਾਠਕ/ਲੇਖਕ ਘੁੱਟ ਕੇ ਪੱਲੇ ਬੰਨ ਲੈਣ ਕਿ ਜਿਹੜੀ ਗੱਲ ਸੱਚ ਤੇ ਪੂਰੀ ਨਾ ਉਤਰਦੀ ਹੋਵੇ, ਉਸ ਦਾ ਤੁਹਾਡੇ ਲਈ ਅਤੇ ਮੇਰੇ ਲਈ ਮੰਨਣਾ ਜ਼ਰੂਰੀ ਨਹੀਂ ਹੈ। ਉਹ ਗੱਲ ਭਾਵੇਂ ਕਿਸੇ ਵਲੋਂ ਵੀ ਲਿਖੀ ਜਾਂ ਕਹੀ ਗਈ ਹੋਵੇ। ਇੱਥੇ ਸਿੱਖ ਮਾਰਗ ਤੇ ਵੀ ਹੋ ਸਕਦਾ ਹੈ ਕਿ ਕਈ ਕੁੱਝ ਐਸਾ ਲਿਖਿਆ ਮਿਲ ਜਾਵੇ ਜੋ ਕਿ ਸੱਚ ਤੇ ਪੂਰਾ ਨਾ ਉਤਰਦਾ ਹੋਵੇ। ਇਸ ਲਈ ਉਸ ਗਲਤ ਨੂੰ ਵੀ ਠੀਕ ਕਹਿਣਾ ਜ਼ਾਇਜ਼ ਨਹੀਂ ਹੋਵੇਗਾ। ਮੇਰੀਆਂ ਅਤੇ ਹੋਰ ਬਾਕੀ ਲੇਖਕਾਂ ਦੀਆਂ ਲਿਖੀਆਂ ਪੁਰਾਣੀਆਂ ਲਿਖਤਾਂ ਵਿੱਚ ਇਸ ਤਰ੍ਹਾਂ ਦਾ ਲਿਖਿਆ ਕੁੱਝ ਮਿਲ ਸਕਦਾ ਹੈ। ਕਿਉਂਕਿ ਸਮੇ ਅਨੁਸਾਰ ਅਤੇ ਹੋਰ ਨਵੀਂ ਜਾਣਕਾਰੀ ਮਿਲਣ ਤੇ ਵਿਚਾਰਾਂ ਵਿੱਚ ਤਬਦੀਲੀ ਆਉਣੀ ਸੁਭਾਵਿਕ ਗੱਲ ਹੈ।

ਅਸਲ ਵਿੱਚ ਧਰਮ ਗਿਆਨ ਦਾ ਵਿਸ਼ਾ ਹੈ ਜਿਵੇਂ ਕਿ ਭਗਤ ਕਬੀਰ ਜੀ ਵੀ ਕਹਿੰਦੇ ਹਨ, ਕਬੀਰਾ ਜਹਾ ਗਿਆਨੁ ਤਾ ਧਰਮੁ ਹੈ ਜਹਾ ਝੂਠੁ ਤ ਪਾਪੁ॥ ਇਸੇ ਤਰ੍ਹਾਂ ਗੁਰਬਾਣੀ ਵਿੱਚ ਹੋਰ ਵੀ ਅਨੇਕਾਂ ਹੀ ਸ਼ਬਦ ਹਨ ਜਿਹੜੇ ਗਿਆਨ ਲੈਣ ਦੀ ਗੱਲ ਕਰਦੇ ਹਨ ਅਤੇ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਉਣ ਦੀ ਗੱਲ ਕਰਦੇ ਹਨ। ਪਰ ਧਰਮਾਂ ਨੂੰ ਮੰਨਣ ਵਾਲੇ ਬਹੁਤੇ ਲੋਕ ਅੰਨੀ ਸ਼ਰਧਾ ਨੂੰ ਹੀ ਧਰਮ ਸਮਝਦੇ ਹਨ। ਇਹ ਤੁਸੀਂ ਆਮ ਹੀ ਸੁਣਿਆਂ ਹੋਵੇਗਾ ਕਿ ਬੰਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ ਅਤੇ ਧੰਨੇ ਭਗਤ ਨੇ ਆਪਣੀ ਸ਼ਰਧਾ ਨਾਲ ਪੱਥਰ ਵਿਚੋਂ ਹੀ ਰੱਬ ਪਾ ਲਿਆ ਸੀ। ਜੋ ਕਿ ਸਚਾਈ ਤੋਂ ਕੋਹਾਂ ਦੂਰ ਹੈ। ਪਰ ਜਦੋਂ ਵੀ ਸਾਧਾਰਣ ਵਿਆਕਤੀ ਕਿਸੇ ਧਰਮ ਨੂੰ ਅਪਣਾ ਕੇ ਉਸ ਦੇ ਰਸਤੇ ਤੇ ਚਲਦਾ ਹੈ ਤਾਂ ਉਸ ਦੇ ਮਨ ਵਿੱਚ ਗਿਆਨ ਦੀ ਬਿਜਾਏ ਸ਼ਰਧਾ ਭਾਰੂ ਹੁੰਦੀ ਹੈ। ਉਹ ਵਿਆਕਤੀ ਸ਼ਰਧਾ ਦੇ ਅਧੀਨ ਫੋਕੇ ਕਰਮਕਾਂਡ ਧਰਮ ਦਾ ਅੰਗ ਜਾਣਕੇ ਕਰਦਾ ਹੈ। ਜਿਹੜੀ ਵੀ ਕੋਈ ਕਰਮਕਾਂਡ ਕਰਨ ਵਾਲੀ ਗੱਲ ਕਿਸੇ ਤੋਂ ਸੁਣ ਲਵੇ ਜਾਂ ਪੜ੍ਹ ਲਵੇ, ਉਹ ਉਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਸਭ ਤੋਂ ਵੱਧ ਧਰਮੀ ਗਿਣਿਆ ਜਾ ਸਕੇ। ਡੇਰਿਆਂ ਵਾਲੇ ਸਾਧ ਅਤੇ ਉਨ੍ਹਾਂ ਦੇ ਚੇਲੇ ਇਸ ਤਰ੍ਹਾਂ ਦੇ ਕਰਮਕਾਂਡ ਕਰਕੇ ਵੱਡੇ ਧਰਮੀ ਹੋਣ ਦਾ ਭਰਮ ਪਾਲੀ ਬੈਠੇ ਹਨ। ਅਗਿਆਨਤਾ ਵੱਸ ਮੈਂ ਖੁਦ ਵੀ ਇਹ ਸਾਰੇ ਕਰਮਕਾਂਡ ਕਰਕੇ ਦੇਖ ਲਏ ਹਨ। ਗੁਰੂ ਅਰਜਨ ਦੇਵ ਜੀ ਦਾ ਇੱਕ ਪਿਆਰਾ ਜਿਹਾ ਸ਼ਬਦ ਇੱਥੇ ਪੂਰਾ ਢਕਦਾ ਹੈ:

ੴ ਸਤਿਗੁਰ ਪ੍ਰਸਾਦਿ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥ ੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ ਰਹਾਉ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ॥ ੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ॥ ੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ॥ ੪॥ {ਪੰਨਾ ੬੪੧-੬੪੨}

ਇਸ ਸ਼ਬਦ ਵਿੱਚ ਉਸ ਸਮੇਂ ਕੀਤੇ ਜਾ ਰਹੇ ਕਰਮਕਾਂਡਾ ਦਾ ਜ਼ਿਕਰ ਹੈ ਅਤੇ ਬਿਬੇਕ ਬੁੱਧੀ ਦੀ ਗੱਲ ਕੀਤੀ ਗਈ ਹੈ। ਪਰ ਜਿਨ੍ਹਾਂ ਨੇ ਧਰਮ ਨੂੰ ਕਰਮਕਾਂਡਾਂ ਵਿੱਚ ਬਦਲਣਾ ਹੋਵੇ ਉਹ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਛੱਡ ਕੇ ਆਪਣੀ ਮਤਲਬ ਦੇ ਹੋਰ ਸ਼ਬਦ ਜਾਂ ਕੁੱਝ ਪੰਗਤੀਆਂ ਲੈ ਕੇ ਅਤੇ ਆਪਣੀ ਮਤ ਅਨੁਸਾਰ ਹੀ ਅਰਥ ਕਰਕੇ ਕਰਮਕਾਂਡਾਂ ਨਾਲ ਜੋੜ ਲੈਂਦੇ ਹਨ। ਉਹ ਇਨ੍ਹਾਂ ਕਰਮਕਾਂਡਾਂ ਨੂੰ ਧਰਮ ਦਾ ਹਿੱਸਾ ਬਣਾ ਕੇ ਪੇਸ਼ ਕਰਦੇ ਹਨ ਅਤੇ ਆਪਣੇ ਆਪ ਨੂੰ ਹੋਰਨਾਂ ਨਾਲੋਂ ਪੱਕਾ ਧਰਮੀ ਹੋਣ ਦਾ ਭਰਮ ਪਾਲਦੇ ਹਨ। ਗਿਆਨ ਤੋਂ ਸੱਖਣੇ ਵਿਆਕਤੀ ਵੀ ਇਸ ਤਰ੍ਹਾਂ ਦੇ ਕਰਮ ਕਰਕੇ ਵੱਡੇ ਧਰਮੀ ਹੋਣ ਦਾ ਭਰਮ ਪਾਲਦੇ ਹਨ। ਹੋਰਨਾ ਬਾਰੇ ਤਾਂ ਕੀ ਕਹਿਣਾ ਮੈਂ ਖੁਦ ਵੀ ਕਰਦਾ ਰਿਹਾ ਹਾਂ। ਕੋਈ 20 ਸਾਲ ਤੋਂ ਵੀ ਵੱਧ ਸਮਾ ਮੈਂ ਰੋਜ਼ ਕੇਸੀ ਇਸ਼ਨਾਨ ਕਰਕੇ ਪਾਠ ਕਰਦਾ ਰਿਹਾ ਹਾਂ। ਪਹਿਲਾਂ ਸਿਰ ਵਿੱਚ ਪਾਣੀ ਪਉਣਾ ਫਿਰ ਕੁੱਝ ਮਿੰਟਾਂ ਬਾਅਦ ਹੀ ਪਾਠ ਕਰਦੇ ਸਮੇਂ ਪਿੱਛੇ ਹੀਟਰ ਲਾ ਕੇ ਵਾਲ ਸਕਾਉਣੇ ਅਤੇ ਕੇਸ ਵਾਹ ਕੇ, ਖਾਣਾ ਖਾਹ ਕੇ ਕੰਮ ਤੇ ਜਾਣਾ। ਚਲੋ ਘਰੇ ਤਾਂ ਕੋਈ ਬਹੁਤੀ ਔਖੀ ਗੱਲ ਨਹੀਂ ਸੀ ਪਰ ਜਦੋਂ ਕਿਤੇ ਬਾਹਰ ਜਾ ਕੇ ਰਹਿਣਾ ਪੈਂਦਾ ਸੀ ਤਾਂ ਔਖਾ ਹੁੰਦਾ ਸੀ। ਕਈ ਵਾਰੀ ਕਈ-ਕਈ ਦਿਨ ਵਾਲ ਨਾ ਸੁੱਕਣ ਦੇ ਕਾਰਨ ਸਰਦੀਆਂ ਵਿੱਚ ਜ਼ੁਕਾਮ ਹੋਇਆ ਰਹਿਣਾ। ਪਰ ਹੱਠ ਕਰਕੇ ਇਹ ਕਰਮਕਾਂਡ ਜ਼ਰੂਰ ਕਰਨੇ ਜਿਵੇਂ ਹੁਣ ਵੀ ਬਹੁਤੇ ਕਰਦੇ ਹੋਣਗੇ।

ਆਓ ਹੁਣ ਰਹਿਤਨਾਮਿਆਂ ਵਿਚੋਂ ਕੁੱਝ ਵਿਚਾਰ ਸਾਂਝੇ ਕਰੀਏ। ਭਾਈ ਨੰਦ ਲਾਲ ਦੇ ਰਹਿਤਨਾਮੇ (ਤਨਖਾਹਨਾਮਾ) ਵਿੱਚ ਲਿਖਿਆ ਹੈ:

1-ਪ੍ਰਾਤਹ ਕਾਲ ਸਤਿਸੰਗ ਨ ਜਾਵਿਹ। ਤਨਖਾਹਦਾਰ ਵਹ ਵਡਾ ਕਹਾਵਹਿ।

ਹੁਣ ਜੇ ਕਰ ਇਨ੍ਹਾਂ ਉਪਰ ਵਾਲੀਆਂ ਪੰਗਤੀਆਂ ਨੂੰ ਗੁਰਮਤਿ ਮੰਨੀਏ ਤਾਂ ਤਕਰੀਬਨ 90% ਤੋਂ ਉਪਰ ਸਿੱਖ ਤਨਖਾਈਏ ਸਾਬਤ ਹੋਣਗੇ। ਜੇ ਕਰ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਸਿੱਖਾਂ ਦੀ ਗੱਲ ਕਰੀਏ ਤਾਂ ਕਈ ਇਤਨੇ ਦੂਰ ਰਹਿੰਦੇ ਹੋਣਗੇ ਕਿ ਉਨ੍ਹਾਂ ਨੂੰ ਕਿਸੇ ਗੁਰਦੁਆਰੇ ਵਿੱਚ ਜਾ ਕੇ ਸਤਿਸੰਗ ਕਰਨ ਲਈ ਕਾਫੀ ਸਮਾਂ ਲੱਗ ਜਾਵੇਗਾ। ਕੀ ਆਪਣੇ ਰੋਜ ਦੇ ਕੰਮਕਾਰਾਂ ਵਿੱਚ ਅਜਿਹਾ ਸੰਭਵ ਹੋ ਸਕਦਾ ਹੈ? ਜੇ ਕਰ ਛੋਟੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਉਥੇ ਤਾਂ ਰੋਜ ਸਤਿਸੰਗ ਹੋਣਾ ਸੰਭਵ ਹੀ ਨਹੀਂ ਹੈ। ਉਥੇ ਤਾਂ ਦੀਵਾਨ ਵੀ ਹਫਤੇ ਬਾਅਦ ਹੀ ਲੱਗਦੇ ਹਨ। ਹਾਂ, ਕਿਸੇ ਸਮੇ ਪਿੰਡਾਂ ਵਿੱਚ ਅਜਿਹਾ ਸੰਭਵ ਹੋ ਸਕਦਾ ਸੀ। ਪਰ ਹੁਣ ਤਾਂ ਕਰੋਨਾ ਵਾਇਰਸ ਨੇ ਤਕਰੀਬਨ ਸਾਰੀ ਦੁਨੀਆ ਦੇ ਗੁਰਦੁਆਰੇ ਵੀ ਇੱਕ ਕਿਸਮ ਦੇ ਬੰਦ ਹੀ ਕਰਵਾ ਦਿੱਤੇ ਹਨ ਜਾਂ ਮਜ਼ਬੂਰੀ ਵੱਸ ਕੁੱਝ ਹਫਤਿਆਂ ਲਈ ਸੰਗਤ ਦਾ ਇਕੱਠ ਨਾ ਕਰਨ ਲਈ ਕਹਿੰਦੇ ਹਨ।

2- ਠੰਡੇ ਪਾਣੀ ਜੋ ਨਹੀਂ ਨ੍ਹਾਵੈ। ਬਿਨ ਜਪੁ ਪੜ੍ਹੇ ਪ੍ਰਸ਼ਾਦ ਜੁ ਖਾਵੈ।

ਗਰਮੀਆਂ ਵਿੱਚ ਤਾਂ ਠੰਡੇ ਪਾਣੀ ਨਾਲ ਨਹਾਉਣ ਦੀ ਕੋਈ ਦਿੱਕਤ ਨਹੀਂ ਹੋਵੇਗੀ ਖਾਸ ਕਰਕੇ ਪੰਜਾਬ ਵਿਚ। ਉਥੇ ਤਾਂ ਸਰਦੀਆਂ ਵਿੱਚ ਵੀ ਅਸੀਂ ਛੋਟੇ ਹੁੰਦੇ ਕੇਸੀ ਇਸ਼ਨਾਨ ਕਰਨ ਵੇਲੇ ਬਾਹਰ ਟਿਊਬਲ ਤੇ ਨਹਾਉਣ ਨੂੰ ਤਰਜੀਹ ਦਿੰਦੇ ਹੁੰਦੇ ਸੀ ਕਿਉਂਕਿ ਉਹ ਪਾਣੀ ਕੋਸਾ ਜਿਹਾ ਲਗਦਾ ਹੁੰਦਾ ਸੀ ਠੰਡਾ ਨਹੀਂ। ਜਿਨ੍ਹਾਂ ਨੇ ਪਿੰਡਾਂ ਵਿੱਚ ਖੂਹ ਚਲਦੇ ਦੇਖੇ ਹਨ ਉਹ ਵੀ ਜਾਣਦੇ ਹੋਣਗੇ ਕਿ ਜਦੋਂ ਸਰਦੀਆਂ ਵਿੱਚ ਕਈ ਵਾਰੀ ਕੋਰਾ ਪੈ ਜਾਂਦਾ ਸੀ ਤਾਂ ਖੂਹ ਦਾ ਪਾਣੀ ਵੀ ਕੋਸਾ ਜਿਹਾ ਹੁੰਦਾ ਸੀ। ਉਸ ਵੇਲੇ ਕਣਕ ਨੂੰ ਪਾਣੀ ਦੇਣ ਸਮੇ ਠੰਡ ਤੋਂ ਬਚਣ ਲਈ ਪਾਣੀ ਵਿੱਚ ਖੜਨਾ ਪੈਂਦਾ ਸੀ। ਪਰ ਬਿਦੇਸ਼ਾਂ ਵਿੱਚ ਠੰਡੇ ਪਾਣੀ ਦਾ ਤਾਪਮਾਨ ਵੱਖ-ਵੱਖ ਸ਼ਹਿਰਾਂ ਵਿੱਚ ਵੱਖਰਾ-ਵੱਖਰਾ ਹੈ। ਕਈ ਸ਼ਹਿਰਾਂ ਵਿੱਚ ਠੰਡੇ ਪਾਣੀ ਨਾਲ ਨਹਾਇਆ ਜਾ ਸਕਦਾ ਹੈ ਅਤੇ ਕਈਆਂ ਵਿੱਚ ਨਹੀਂ। ਸਾਡੇ ਬੀ. ਸੀ. ਦੇ ਸੂਬੇ ਵਿਚ, ਵੈਨਕੂਵਰ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿਚ, ਝੀਲ ਦਾ ਪਾਣੀ ਵਰਤਿਆ ਜਾਂਦਾ ਹੈ ਜੋ ਕਿ ਬਹੁਤਾ ਠੰਡਾ ਨਹੀਂ ਹੁੰਦਾ ਅਤੇ ਸਰਦੀਆਂ ਵਿੱਚ ਵੀ ਉਥੇ ਘੱਟ ਠੰਡ ਪੈਂਦੀ ਹੈ। ਪਰ ਸਾਡੇ ਛੋਟੇ ਜਿਹੇ ਸ਼ਹਿਰ ਵਿੱਚ ਪਾਣੀ ਧਰਤੀ ਵਿਚੋਂ ਕੱਢ ਕੇ ਧਰਤੀ ਦੇ ਉਪਰ ਵੱਡੇ-ਵੱਡੇ ਖੂਹ ਬਣਾ ਕੇ ਭਰੇ ਜਾਂਦੇ ਹਨ ਅਤੇ ਫਿਰ ਉਹ ਪਾਣੀ ਵਰਤਿਆ ਜਾਂਦਾ ਹੈ ਜੋ ਕਿ ਕਾਫੀ ਠੰਡਾ ਹੁੰਦਾ ਹੈ। ਉਸ ਠੰਡੇ ਪਾਣੀ ਨਾਲ ਤਾਂ ਗਰਮੀਆਂ ਵਿੱਚ ਵੀ ਨਹਾਉਣਾ ਔਖਾ ਹੈ ਸਰਦੀਆਂ ਵਿੱਚ ਤਾਂ ਕੀ ਨਹਾ ਹੋਣਾ ਹੈ। ਸਾਡੇ ਸ਼ਹਿਰ ਵਿੱਚ ਇਸ ਸਾਲ ਸਰਦੀਆਂ ਵਿੱਚ 15 ਜਨਵਰੀ 2020 ਨੂੰ ਸਵੇਰ ਵੇਲੇ ਮਾਈਨਸ – 40 ਡਿਗਰੀ ਸਿਲਸੀਅਸ ਤਾਪਮਾਨ ਸੀ। ਉਂਜ ਵੀ ਨਹਾਉਣ ਦਾ ਮਤਲਬ ਸਿਰਫ ਸਰੀਰ ਦੀ ਸਫਾਈ ਨਾਲ ਹੈ ਨਾ ਕਿ ਕਿਸੇ ਦੇ ਧਰਮੀ ਹੋਣ ਨਾਲ। ਇਸੇ ਤਰ੍ਹਾਂ ਜਪੁਜੀ ਦੇ ਪਾਠ ਕਰਨ ਤੋਂ ਪਹਿਲਾਂ ਖਾਣਾ ਖਾਣ ਨਾਲ ਵੀ ਬੰਦਾ ਤਨਖਾਹੀਆ ਬਣ ਜਾਂਦਾ ਹੈ। ਕੈਸੇ ਕਰਮਕਾਂਡਾ ਵਿੱਚ ਉਲਝਾਇਆ ਗਿਆ ਹੈ?

3- ਗੁਰ ਕੀ ਨਿੰਦਾ ਸੁਨਹਿ ਨ ਕਾਨ। ਭੇਟਨ ਕਰੈ ਸੰਗਿ ਕ੍ਰਿਪਾਨ।

ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲੇ ਤੇ ਬਹਾਨਾ ਬਣਾ ਕੇ ਹਮਲਾ ਕਰਕੇ ਗੁੰਡਾ ਗਰਦੀ ਕਰਨ ਦੀ ਖੁੱਲੀ ਛੁੱਟੀ। ਸਿੱਖੀ ਭੇਸ ਵਿਚਲੇ ਗੁੰਡੇ ਕਿਸਮ ਦੇ ਲੋਕ ਇਨ੍ਹਾਂ ਪੰਗਤੀਆਂ ਦਾ ਇਸਤੇਮਾਲ ਕਰਕੇ ਆਮ ਹੀ ਲੋਕਾਈ ਨੂੰ ਭੜਕਾਉਂਦੇ ਹਨ। ਕਈ ਤਾਂ ਇਨ੍ਹਾਂ ਪੰਗਤੀਆਂ ਨੂੰ ਗੁਰਬਾਣੀ ਕਹਿ ਕੇ ਆਪਣੀ ਅਕਲ ਦਾ ਜਨਾਜ਼ਾ ਕੱਢਦੇ ਹਨ। ਅਸਲ ਵਿੱਚ ਜੇ ਕਰ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਗੁਰੂ ਕੇ ਨਿੰਦਕ ਉਹ ਲੋਕ ਹਨ ਜੋ ਦਸਮ ਗ੍ਰੰਥ ਅਤੇ ਹੋਰ ਕੂੜ ਗ੍ਰੰਥਾਂ ਨੂੰ ਮੰਨਦੇ ਹਨ। ਇਨ੍ਹਾਂ ਗ੍ਰੰਥਾਂ ਵਿੱਚ ਗੁਰੂਆਂ ਤੋਂ ਘਟੀਆ ਤੋਂ ਘਟੀਆ ਕੰਮ ਕਰਵਾਏ ਗਏ ਹਨ ਪਰ ਸ਼ਰਧਾ ਦੀਆਂ ਗੋਲੀਆਂ ਵਿੱਚ ਜ਼ਹਿਰ ਲਪੇਟ ਕੇ ਦਿੱਤੀ ਗਈ ਹੈ। ਸਾਰੇ ਸਾਧ ਅਤੇ ਸਾਧਾਂ ਦੇ ਚੇਲੇ ਪੂਰੇ ਪੱਕੇ ਗੁਰੂ ਕੇ ਨਿੰਦਕ ਹਨ। ਜਿਤਨੀਆਂ ਘਟੀਆਂ ਗੱਲਾਂ ਇਹ ਸਾਰੇ ਰਲ ਕੇ ਗੁਰੂਆਂ ਨਾਲ ਜੋੜਦੇ ਹਨ ਉਸ ਅਨੁਸਾਰ ਤਾਂ ਇਹ ਆਪਣੇ ਆਪ ਹੀ ਗੁਰੂ ਕੇ ਨਿੰਦਕ ਬਣ ਜਾਂਦੇ ਹਨ।

4- ਅਤੈ ਜੋ ਸਰਾਧ ਆਵਨ ਤਾਂ ਛੱਤੀ ਪ੍ਰਕਾਰ ਦਾ ਪ੍ਰਸਾਦੁ ਕਰੈ।

ਇਸ ਪੰਗਤੀ ਨਾਲ ਸੰਬੰਧਿਤ ਪੂਰੇ ਪੈਰੇ ਵਿੱਚ ਸਿੱਖਾਂ ਨੂੰ ਪ੍ਰਸਾਦ ਖਵਾਣ ਨਾਲ ਪਿੱਤਰਾਂ ਤੱਕ ਪਹੁੰਚਣ ਦੀ ਗੱਲ ਕੀਤੀ ਗਈ ਹੈ ਜਦੋਂ ਕਿ ਗੁਰਬਾਣੀ ਵਿੱਚ ਇਸ ਦਾ ਖੰਡਣ ਕੀਤਾ ਗਿਆ ਹੈ।

ਜੀਵਤ ਪਿਤਰ ਨ ਮਾਨੈ ਕੋਊ, ਮੂਏਂ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ, ਕਹੁ, ਕਿਉ ਪਾਵਹਿ, ਕਊਆ ਕੂਕਰ ਖਾਹੀ॥ ਪੰਨਾ 332॥

ਸਲੋਕੁ ਮਃ ੧॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ ੧॥ ਪੰਨਾ 472॥

5- ਇਸਤ੍ਰੀ ਦੇ ਜਾਮੇ ਤੇ ਵਿਸਾਹ ਨਹੀਂ ਕਰਨਾ।

ਭਾਵ ਕਿ ਆਪਣੀ ਮਾਂ, ਭੈਣ, ਧੀ ਅਤੇ ਘਰਵਾਲੀ ਨੂੰ ਘਟੀਆ ਇਨਸਾਨ ਅਮਝਣਾ ਅਤੇ ਅੱਧੀ ਦੁਨੀਆ ਨਾਲ ਨਫਰਤ ਕਰਨੀ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਸਤ੍ਰੀਆਂ ਦੇਸ਼ ਦੀਆਂ ਪ੍ਰਧਾਨ ਮੰਤ੍ਰੀ, ਮੁਖ ਮੰਤ੍ਰੀ ਅਤੇ ਹੋਰ ਬਹੁਤ ਸਾਰੇ ਅਹੁਦਿਆਂ ਤੇ ਬਿਰਾਜਮਾਨ ਹਨ। ਕਨੇਡਾ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚੋਂ ਇੱਕ ਚੰਗਾ ਦੇਸ਼ ਗਿਣਿਆਂ ਜਾਂਦਾ ਹੈ। ਇੱਥੇ ਦੀ ਟਰੂਡੋ ਦੀ ਫੈਡਰਲ ਸਰਕਾਰ ਵਿੱਚ ਤਕਰੀਬਨ ਅੱਧੀਆਂ ਇਸਤ੍ਰੀਆਂ ਮਨਿਸਟਰਜ਼ ਹਨ ਜੋ ਕਿ ਸਰਕਾਰ ਨੂੰ ਚਲਾ ਰਹੀਆਂ ਹਨ। ਦੁਨੀਆ ਦੇ ਸਭ ਤੋਂ ਬੜਬੋਲੇ ਰਾਸ਼ਟਰਪਤੀ ਟਰੰਪ ਨਾਲ ਫਰੀ ਟਰੇਡ ਕਨੇਡਾ ਦੀ ਇੱਕ ਇਸਤ੍ਰੀ ਮਨਿਸਟਰ ਨੇ ਹੀ ਨੇਪਰੇ ਚਾੜੀ ਸੀ। ਨਿਊਜ਼ੀਲੈਂਡ ਦੇਸ਼ ਦੀ ਪ੍ਰਧਾਨ ਮੰਤਰੀ ਇੱਕ ਇਸਤ੍ਰੀ ਹੈ। ਜਿਹੜੇ ਲੋਕ ਇਸ ਤਰਹਾਂ ਦੇ ਰਹਿਤਨਾਮਿਆਂ ਨੂੰ ਮੰਨਦੇ ਹਨ ਉਨਹਾਂ ਨੂੰ ਉਹ ਸਾਰੇ ਦੇਸ਼ ਛੱਡ ਕੇ ਉਥੇ ਜਾ ਕੇ ਵਸਣਾ ਚਾਹੀਦਾ ਹੈ ਜਿੱਥੇ ਸਿਰਫ ਆਦਮੀ ਹੀ ਰਾਜ ਕਰਦੇ ਹੋਣ ਅਤੇ ਉਹ ਵੀ ਸਾਰੇ ਕਿਸੇ ਇਸਤ੍ਰੀ ਦੇ ਪੇਟੋਂ ਨਾ ਜੰਮੇ ਹੋਣ। ਦਸਮ ਗ੍ਰੰਥ ਦੇ ਗੰਦੇ ਪੋਥੇ ਦੀ ਵੀ ਇਹੀ ਸਿੱਖਿਆ ਹੈ ਉਸ ਵਿੱਚ ਲਿਖਿਆ ਹੋਇਆ ਹੈ ਕਿ ਰੱਬ ਇਸਤ੍ਰੀਆਂ ਨੂੰ ਬਣਾ ਕੇ ਪਛਤਾਇਆ ਸੀ।

6- ਹੋਇ ਸਿੱਖ ਸਿਰ ਟੋਪੀ ਧਰੈ। ਸਾਤ ਜਨਮ ਕੁਸ਼ਟੀ ਹੁਇ ਮਰੈ।

ਬਿਪਰਾਂ ਨੂੰ ਵੀ ਮਾਤ ਪਉਣ ਵਾਲੀ ਗੱਲ। ਸੱਤ ਜਨਮ ਕੋਹੜੀ ਹੋਣ ਦਾ ਸਰਾਪ। ਕੇਸਾਧਾਰੀ ਸਿੱਖ ਦਸਤਾਰ ਹੀ ਸਜਾਉਂਦੇ ਹਨ। ਜੇ ਕਰ ਦਸਤਾਰ ਲਾਹ ਕੇ ਕੋਈ ਟੋਪੀ ਪਹਿਨੇ ਤਾਂ ਚੰਗੀ ਗੱਲ ਨਹੀਂ ਹੈ। ਪਰ ਜੇ ਕਰ ਸੇਫਟੀ ਹੈਟ/ਟੋਪੀ ਦਸਤਾਰ ਦੇ ਉਪਰ ਪਹਿਨੀ ਜਾਵੇ ਤਾਂ ਉਸ ਨਾਲ ਸਿੱਖੀ ਟੁੱਟ ਨਹੀਂ ਜਾਂਦੀ। ਕਨੇਡਾ ਵਿੱਚ ਸਿੱਖਾਂ ਦੀ ਸਭ ਤੋਂ ਵੱਧ ਅਬਾਦੀ ਬੀ. ਸੀ. ਸੂਬੇ ਵਿੱਚ ਸੀ ਅਤੇ ਸ਼ਾਇਦ ਹੁਣ ਵੀ ਹੋਵੇ। ਇੱਥੇ ਦੇ ਬਹੁਤੇ ਸਿੱਖ ਲੱਕੜ ਦੀਆਂ ਮਿੱਲਾਂ ਵਿੱਚ ਕਰਦੇ ਹੁੰਦੇ ਸਨ ਅਤੇ ਹੁਣ ਵੀ ਕਰਦੇ ਹਨ। ਭਾਵੇਂ ਪਹਿਲਾਂ ਜਿੰਨੇ ਨਹੀਂ। ਇਹ ਤਕਰੀਬਨ ਸਾਰੇ ਹੀ ਦਸਤਾਰ ਉਪਰ ਹੈਟ ਪਉਂਦੇ ਰਹੇ ਹਨ ਅਤੇ ਪਉਂਦੇ ਹਨ। ਇੱਥੇ ਰਹਿਣ ਵਾਲੇ ਇੱਕ ਸਿੱਖ ਨੇ ਕਿਸੇ ਤੋਂ ਇਹ ਪੰਗਤੀਆਂ ਸੁਣ ਕੇ ਇਸ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਕੰਮ ਤੇ ਟੋਪੀ ਲਾਹ ਕੇ ਪਰੇ ਵਗਾਹ ਕੇ ਮਾਰੀ ਕਿ ਇਹ ਸਾਡੇ ਧਰਮ ਦੇ ਖਿਲਾਫ ਹੈ। ਕੰਪਨੀ ਨੇ ਉਸ ਨੂੰ ਕੰਮ ਤੋਂ ਹਟਾ ਦਿੱਤਾ। ਕੋਰਟ ਵਿੱਚ ਕਈ ਸਾਲ ਕੇਸ ਚੱਲਿਆ ਤਾਂ ਉਹ ਕੇਸ ਹਾਰ ਗਿਆ। ਅਖੀਰ ਤੇ ਉਸ ਸਿੱਖ ਨੇ ਉਸੇ ਕੰਪਨੀ ਵਿੱਚ ਜਾ ਕੇ ਕੀਤੇ ਦੀ ਮੁਆਫੀ ਮੰਗੀ ਅਤੇ ਦੁਬਾਰਾ ਪੱਗ ਉਪਰ ਟੋਪੀ ਪਾ ਕੇ ਕੰਮ ਕਰਨ ਲੱਗਾ। ਕਈ ਮੋਟਰਸਾਈਕਲ ਵਾਲਿਆਂ ਨੇ ਕੇਸ ਜਿੱਤੇ ਵੀ ਹਨ। ਪਰ ਉਨ੍ਹਾਂ ਤੇ ਵੀ ਕਈ ਲੋਕ ਕਿੰਤੂ ਕਰਦੇ ਹਨ ਕਿ ਜੇ ਕਰ ਕਿਸੇ ਐਕਸੀਡਿੰਟ ਦੌਰਾਨ ਇਨ੍ਹਾਂ ਦੇ ਸਿਰਾਂ ਵਿੱਚ ਸੱਟਾਂ ਲੱਗਦੀਆਂ ਹਨ ਤਾਂ ਮੈਡੀਕਲ ਦਾ ਖਰਚਾ ਇਨ੍ਹਾਂ ਨੂੰ ਆਪਣੇ ਕੋਲੋਂ ਕਰਨਾ ਚਾਹੀਦਾ ਹੈ। ਕੁੱਝ ਦਿਨ ਪਹਿਲਾਂ ਅਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਦੌਰਾਂਨ ਕਈ ਨਿਹੰਗ ਸਿੰਘ ਜਬਰੀ ਟੋਪੀਆਂ ਉਤਾਰ ਕੇ ਆਪਣੀ ਅਕਲ ਦਾ ਜਨਾਜ਼ਾਂ ਕੱਢਦੇ ਅਖਬਾਰਾਂ ਵਿੱਚ ਫੋਟੋਆਂ ਸਮੇਤ ਛਪੇ ਸਨ।

7- ਬਿਨਾ ਜਪੁ ਜਾਪੁ ਜਪੇ, ਜੋ ਸੇਵਹਿ ਪ੍ਰਸਾਦਿ। ਸੋ ਬਿਸਟਾ ਕਾ ਕਿਰਮ ਹੁਇ, ਜਨਮ ਗਵਾਵੈ ਬਾਦ।

ਭਾਵ ਕਿ ਜਿਹੜਾ ਵਿਆਕਤੀ ਬਾਣੀ ਪੜ੍ਹਨ ਤੋਂ ਪਹਿਲਾਂ ਕੁੱਝ ਖਾਹ ਲਵੇ ਤਾਂ ਉਸ ਨੂੰ ਗੰਦਗੀ ਦੇ ਕੀੜੇ ਨਾਲ ਤੁਲਨਾ ਕੀਤੀ ਗਈ ਹੈ। ਬਹੁਤ ਸਾਰੇ ਲੋਕ ਇਸ ਤਰ੍ਹਾਂ ਕਰਦੇ ਹੋਣਗੇ। ਕਿਉਂਕਿ ਉਹ ਸਮਝਦੇ ਹਨ ਕਿ ਜੋ ਕੁੱਝ ਵੀ ਰਹਿਤਨਾਮਿਆਂ ਵਿੱਚ ਲਿਖਿਆ ਹੈ ਉਹ ਠੀਕ ਹੀ ਹੋਵੇਗਾ। ਕੁੱਝ ਸਮਾ ਮੈਂ ਵੀ ਕਰਦਾ ਰਿਹਾ ਹਾਂ। ਜਿੱਦਾਂ-ਜਿੱਦਾਂ ਸਮਝ ਆਉਂਦੀ ਗਈ ੳਸੇ ਤਰ੍ਹਾਂ ਇਸ ਤਰ੍ਹਾਂ ਦੇ ਪਖੰਡ ਛੱਡਦਾ ਗਿਆ। ਇਹ ਕਰਮਕਾਂਡ ਅਤੇ ਪਖੰਡ ਤੋਂ ਵੱਧ ਕੁੱਝ ਵੀ ਨਹੀਂ ਹੈ। ਕਈਆਂ ਨੂੰ ਕਈ ਐਸੀਆਂ ਬਿਮਾਰੀਆਂ ਹੁੰਦੀਆਂ ਹਨ ਕਿ ਉਹ ਬਹੁਤਾ ਚਿਰ ਭੁੱਖੇ ਨਹੀਂ ਰਹਿ ਸਕਦੇ, ਖਾਸ ਕਰਕੇ ਜੇ ਕਰ ਰਾਤ ਦਾ ਖਾਣਾ ਖਾਹ ਕੇ ਸਵੇਰੇ ਕੁੱਝ ਨਾ ਖਾਧਾ ਹੋਵੇ। ਕਈ ਸ਼ੂਗਰ ਦੇ ਰੋਗੀਆਂ ਦੀ ਕਈ ਵਾਰੀ ਸ਼ੂਗਰ ਘਟ ਵੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਛੇਤੀਂ ਕੁੱਝ ਖਾਣਾ ਪੈਂਦਾ ਹੈ।

8- ਅਰਬੀ ਪਾਰਸੀ ਅੱਖਰ ਨ ਪਢਹਿ। ਮੇਰਾ ਸਿੱਖ ਨੌਕਰੀ ਨਹਿ ਕਰਹਿ।

ਕਿਹੜੀ ਗੱਲ ਹੈ ਇਹਦੇ ਵਿੱਚ ਅਕਲ ਵਾਲੀ? ਇੱਕ ਪਾਸੇ ਤਾਂ ਇਹ ਕਹੀ ਜਾਂਦੇ ਹਨ ਕਿ ਗੁਰੂ ਸਾਹਿਬ ਕਈ ਭਾਸ਼ਾਵਾਂ ਦੇ ਜਾਣੂ ਸਨ ਅਤੇ ਦੂਸਰੇ ਪਾਸੇ ਹੋਰ ਭਾਸ਼ਾਵਾਂ ਨੂੰ ਪੜ੍ਹਨ ਨੂੰ ਗਲਤ ਕਹੀ ਜਾਂਦੇ ਹਨ। ਆਹ ਗੱਲ ਕਿੰਨੀ ਸਿਆਣੀ ਹੈ ਕਿ ਨੌਕਰੀ ਨਾ ਕਰੇ ਭੁੱਖਾ ਭਾਵੇਂ ਮਰ ਜਾਵੇ। ਕਿਤਨੇ ਕੁ ਸਿੱਖ ਹਨ ਜਿਹੜੇ ਇਸ ਤੇ ਅਮਲ ਕਰ ਸਕਦੇ ਹਨ। ਭਾਵੇਂ ਆਪਣਾ ਵੀ ਕਿਸੇ ਦਾ ਕੋਈ ਕਾਰੋਬਾਰ ਹੋਵੇ ਫਿਰ ਵੀ ਬਹੁਤ ਸਾਰੀਆਂ ਗੱਲਾਂ ਹੋਰਨਾ ਤੇ ਨਿਰਭਰ ਕਰਦੀਆਂ ਹਨ। ਹਾਂ, ਇਹ ਹੋ ਸਕਦਾ ਹੈ ਅਤੇ ਉਹ ਵੀ ਸ਼ਾਇਦ ਪੰਜਾਬ ਵਿੱਚ ਕਿ ਆਪਣੀ ਜਮੀਨ ਤੇ ਖੇਤੀ ਕਰੇ ਅਤੇ ਉਹ ਵੀ ਮੀਂਹ ਤੇ ਨਿਰਭਰ ਕਰੇ। ਜੇ ਕਰ ਫਸਲ ਹੋ ਗਈ ਤਾਂ ਖਾਹ ਕੇ ਢਿੱਡ ਭਰ ਲਿਆ ਕਰੇ ਨਹੀਂ ਤਾਂ ਭੁੱਖਾ ਮਰੇ। ਹਾਂ ਮੁਗਲਾਂ ਦੀ ਹਕੂਮਤ ਵੇਲੇ ਇਹ ਗੱਲ ਕੁੱਝ ਹੱਦ ਤੱਕ ਠੀਕ ਮੰਨੀ ਜਾ ਸਕਦੀ ਹੈ।

9- ਜਬ ਜਬ ਰਵਨੇ ਸਿੰਘ ਫਰੇਹੀ। ਜਲ ਭਰ ਹਾਥ ਕਮੰਡਲ ਲੇਈ।

ਜੰਗਲ ਪਾਣੀ ਜਾਣ ਸਮੇ ਲੋਹੇ ਦਾ ਕਮੰਡਲ ਪਾਣੀ ਨਾਲ ਭਰਕੇ ਨਾਲ ਲਿਜਾਣ ਦੀ ਤਕੀਦ ਕੀਤੀ ਗਈ ਹੈ। ਕਿਸੇ ਸਮੇ ਇਹ ਸਫਾਈ ਦੇ ਪੱਖੋਂ ਠੀਕ ਸੀ ਜਦੋਂ ਬਾਹਰ ਖੇਤਾਂ ਵਿੱਚ ਜੰਗਲ ਪਾਣੀ ਜਾਣਾ ਹੁੰਦਾ ਸੀ। ਜੇ ਕਰ ਅੱਜ ਦੇ ਬਣੇ ਬਾਥਰੂਮਾਂ ਵਿਚ, ਖਾਸ ਕਰਕੇ ਬਿਦੇਸ਼ਾਂ ਵਿੱਚ ਕੋਈ ਇਸ ਤਰ੍ਹਾਂ ਕਰੇ ਤਾਂ ਫਿਰ ਉਸ ਨੂੰ ਪਾਗਲ ਹੀ ਕਿਹਾ ਜਾ ਸਕਦਾ ਹੈ। ਰੇਤੇ ਨਾਲ ਭਾਂਡੇ ਮਾਜਣ ਵਾਲਿਆਂ ਵਿਚੋਂ ਸ਼ਾਇਦ ਕੋਈ ਕਰਦਾ ਹੀ ਹੋਵੇ?

10- ਮੁਕਤ ਹੋਣ ਦਾ ਰਹਿਤਨਾਮਾ

ਇਸ ਬਾਰੇ ਬਹੁਤਾ ਕੁੱਝ ਲਿਖਣ ਦੀ ਲੋੜ ਨਹੀਂ ਹੈ ਤੁਸੀਂ ਖੁਦ ਹੀ ਪੜ੍ਹ ਸਕਦੇ ਹੋ ਜੋ ਕੁੱਝ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਕਿ ਪਹੁਲ ਦੇਣ ਸਮੇਂ ਕਕਾਰ ਅਤੇ ਹੋਰ ਵਸਤਾਂ ਕਿਥੋਂ ਆਈਆਂ ਹਨ। ਇਹ ਸੀ ਕੁੱਝ ਗੱਲਾਂ ਬਾਰੇ ਸੰਖੇਪ ਜਿਹੀ ਵਿਚਾਰ। ਇਸ ਤਰ੍ਹਾਂ ਦਾ ਹੋਰ ਵੀ ਬਹੁਤ ਕੁੱਝ ਲਿਖਿਆ ਮਿਲਦਾ ਹੈ ਜੋ ਕਿ ਸੱਚ ਤੇ ਪੂਰਾ ਨਹੀਂ ਉਤਰਦਾ। ਇਸ ਲਈ ਉਹ ਮੰਨਣ ਯੋਗ ਨਹੀਂ ਹੈ ਭਾਵੇਂ ਕਿ ਕਿਸੇ ਦਾ ਵੀ ਲਿਖਿਆ ਹੋਵੇ। ਹਮੇਸ਼ਾਂ ਸੱਚ ਨੂੰ ਮੂਹਰੇ ਰੱਖੋ। ਕਿਸੇ ਖਾਸ ਵਿਆਕਤੀ ਨੂੰ ਜਾਂ ਉਸ ਦੀ ਲਿਖਤ ਨੂੰ ਨਹੀਂ।

ਐਸ ਵੇਲੇ ਦੁਨੀਆ ਤੇ ਕਰੋਨਾ ਵਾਇਰਸ ਨੇ ਜੋ ਕਹਿਰ ਫੈਲਾਇਆ ਹੋਇਆ ਹੈ ਉਸ ਨੇ ਇੱਕ ਗੱਲ ਤਾਂ ਸਾਬਤ ਕਰ ਦਿੱਤੀ ਹੈ ਕਿ ਸਾਰੇ ਧਰਮਾਂ ਨੂੰ ਮੰਨਣ ਵਾਲੇ ਆਪਣੀਆਂ ਅਰਦਾਸਾਂ ਨਾਲ ਜਾਂ ਹੋਰ ਕਿਸੇ ਕਰਾਮਾਤੀ ਸ਼ਕਤੀਆਂ ਨਾਲ ਇਸ ਬਿਮਾਰੀ ਨੂੰ ਠੀਕ ਨਹੀਂ ਕਰ ਸਕਦੇ। ਸਰੋਵਰਾਂ ਦੇ ਪਾਣੀਆਂ ਵਿੱਚ ਨਹਾਉਣ ਨਾਲ ਵੀ ਕੋਈ ਠੀਕ ਨਹੀਂ ਹੋ ਸਕਦਾ ਅਤੇ ਪਹਿਲਾਂ ਵੀ ਇਸ ਤਰ੍ਹਾਂ ਨਹੀਂ ਹੋਇਆ ਹੋਵੇਗਾ। ਲੋਕਾਈ ਨੂੰ ਬੁੱਧੂ ਬਣਾਉਣ ਤੋਂ ਬਿਨਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਕੋਈ ਵੁੱਕਤ ਨਹੀਂ ਰਹਿੰਦੀ। ਇੱਥੇ ਇੱਕ ਗੱਲ ਹੋਰ ਵੀ ਸਾਰਿਆਂ ਦੀ ਸਮਝ ਵਿੱਚ ਆ ਜਾਣੀ ਚਾਹੀਦੀ ਹੈ ਕਿ ਦੁਨੀਆ ਦਾ ਕੋਈ ਵੀ ਵਿਆਕਤੀ ਜਿਹੜਾ ਕਿ ਸੁੱਚ ਭਿੱਟ ਨੂੰ ਮੰਨਣ ਵਾਲਾ ਸੀ ਜਾਂ ਹੁਣ ਵੀ ਕੋਈ ਹੈ ਉਹ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਸੁੱਚਮ ਨਹੀਂ ਰੱਖ ਸਕਦਾ, ਹਾਂ, ਸੁੱਚਮ ਰੱਖਣ ਦਾ ਭਰਮ ਜਰੂਰ ਪਾਲ ਸਕਦਾ ਹੈ। ਅਸੀਂ ਸਾਰੇ ਹੀ ਇੱਕ ਦੂਸਰੇ ਦੀ ਜੂਠ ਖਾਂਦੇ ਹਾਂ। ਅਤੇ ਖਾਸ ਕਰਕੇ ਉਦੋਂ ਜਦੋਂ ਇਕੱਠੇ ਸਫਰ ਕਰਦੇ ਹਾਂ। ਇਹ ਸਫਰ ਭਾਵੇਂ ਕਾਰ ਦਾ ਹੋਵੇ ਤੇ ਭਾਵੇਂ ਕਿਸੇ ਵੀ ਹੋਰ ਚੱਲਣ ਵਾਲੀ ਜਾਂ ਉਡਣ ਵਾਲੀ ਵਸਤੂ ਦਾ ਹੋਵੇ। ਹਾਂ, ਜੇ ਕਰ ਕਿਸੇ ਨੇ ਅਸਲੀ ਸੁੱਚਮ ਰੱਖਣੀ ਹੋਵੇ ਤਾਂ ਉਸ ਨੂੰ ਆਪਣੇ ਸਾਰੇ ਮੂੰਹ ਨੂੰ ਢਕ ਕੇ ਉਸ ਵਿਚੋਂ ਇੱਕ ਨਾਲੀ ਕੱਢ ਕੇ ਉਪਰ ਅਸਮਾਨ ਵੱਲ ਕਈ ਮੀਲ ਤੱਕ ਉਪਰ ਲੈ ਜਾਣੀ ਚਾਹੀਦੀ ਹੈ ਤਾਂ ਭਾਵੇਂ ਕੋਈ ਸੁਚਮ ਰਹਿ ਸਕੇ। ਇਹ ਕਰੋਨਾ ਵਾਇਰਸ ਦੇ ਕਟਾਣੂ ਵੀ ਮੂੰਹ ਰਾਹੀਂ ਜਾਂ ਨੱਕ ਰਾਹੀਂ ਨਿੱਕਲ ਕੇ ਦੂਸਰੇ ਵਿਆਕਤੀ ਤੱਕ ਪਹੁੰਚਦੇ ਹਨ। ਇਸ ਲਈ ਇੱਕ ਦੂਸਰੇ ਤੋਂ ਛੇ ਕੁ ਫੁੱਟ ਦਾ ਫਾਸਲਾ ਰੱਖ ਕੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣ ਦੀ ਤਾਗੀਦ ਕੀਤੀ ਜਾਂਦੀ ਹੈ। ਜਿਹੜੇ ਲੋਕ ਰੇਤੇ ਨਾਲ ਭਾਂਡੇ ਮਾਜ ਕੇ ਸੁੱਚਮ ਹੋਣ ਦਾ ਭਰਮ ਪਾਲਦੇ ਹਨ ਉਹਨਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਕਰ ਕਰੋਨਾ ਵਾਰਸ ਦਾ ਰੋਗੀ ਹੋਵੇ ਅਤੇ ਭਾਂਡੇ ਰੇਤੇ ਨਾਲ ਮਾਂਜਦਾ ਹੋਵੇ ਤਾਂ ਇਸ ਵਾਇਰਸ ਦੇ ਕਟਾਣੂ ਉਸ ਰਾਹੀਂ ਉਸ ਰੇਤੇ ਵਿੱਚ ਸਮਾ ਕੇ ਦੂਸਰਿਆਂ ਨੂੰ ਵੀ ਲੱਗ ਸਕਦੇ ਹਨ। ਸਫਾਈ ਰੱਖਣੀ ਹੋਰ ਗੱਲ ਹੈ ਅਤੇ ਸੁੱਚ-ਭਿੱਟ ਰੱਖਣੀ ਹੋਰ ਗੱਲ ਹੈ। ਸਫਾਈ ਹਰ ਇੱਕ ਨੂੰ ਰੱਖਣੀ ਚਾਹੀਦੀ ਹੈ ਉਹ ਭਾਵੇਂ ਘਰ ਦੀ ਹੋਵੇ ਤੇ ਭਾਵੇਂ ਸਰੀਰ ਦੀ।

ਸਾਰਾ ਕੁੱਝ ਬੰਦ ਹੋਣ ਦੇ ਕਾਰਨ ਸਾਨੂੰ ਵੀ ਇੱਕ ਹਫਤੇ ਲਈ ਘਰੇ ਰਹਿਣਾ ਪਿਆ ਸੀ ਜਿਸ ਕਾਰਨ ਦੋ ਲੇਖ ਲਿਖੇ ਹਨ। ਇੱਕ ਇਹ ਹੈ ਅਤੇ ਇੱਕ ਅਗਲੇ ਹਫਤੇ ਪਾਵਾਂਗਾ। ਇਸ ਲੇਖ ਬਾਰੇ ਜੇ ਕਰ ਕੋਈ ਵਿਚਾਰ ਦੇਣਾ ਚਾਹੇ ਤਾਂ ਤੁਹਾਡੇ ਆਪਣੇ ਪੰਨੇ ਤੇ ਦੇ ਸਕਦਾ ਹੈ। ਪਰ ਅਗਲੇ ਹਫਤੇ ਦੇ ਲੇਖ ਬਾਰੇ ਜਿੰਨੇ ਵੀ ਸਮਝਦਾਰ ਪਾਠਕ/ਲੇਖਕ ਵਿਚਾਰ ਦੇ ਸਕਦੇ ਹੋਣ ਤਾਂ ਜਰੂਰ ਦੇਣ ਤਾਂ ਕਿ ਗੱਲ ਸਪਸ਼ਟ ਹੋ ਸਕੇ। ਕਿਉਂਕਿ ਉਹ ਲੇਖ ਰੱਬ ਅਤੇ ਗੁਰਬਾਣੀ ਬਾਰੇ ਹੈ। ਜੋ ਕਿ ਬਹੁਤ ਹੀ ਜਰੂਰੀ ਵਿਸ਼ਾ ਹੈ। ਜਦੋਂ ਰੱਬ ਅਤੇ ਗੁਰਬਾਣੀ ਬਾਰੇ ਗੱਲ ਸਪਸ਼ਟ ਹੋ ਗਈ ਫਿਰ ਅਗਾਂਹ ਚੱਲਾਂਗੇ। ਨਹੀਂ ਤਾਂ ਮੁੜ-ਮੁੜ ਕੇ ਉਹੀ ਗੱਲਾਂ ਦੁਹਰਾਈ ਜਾਣੀਆਂ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਲਗਦੀ। ਸੋ ਅਗਲੇ ਹਫਤੇ ਲਈ ਸੋਚ ਕੇ ਵਿਚਾਰ ਕਰਨ ਦੀ ਤਿਆਰੀ ਰੱਖੋ। ਅੰਤ ਵਿੱਚ ਫਿਰ ਦੁਹਰਾ ਰਿਹਾ ਹਾਂ ਕਿ ਜੋ ਗੱਲ ਸੱਚ ਤੇ ਪੂਰੀ ਉਤਰੇ ਉਸ ਨੂੰ ਹੀ ਮੰਨੋ।

ਮੱਖਣ ਸਿੰਘ ਪੁਰੇਵਾਲ,

ਅਪ੍ਰੈਲ 05, 2020.




.