.

ਗੁਰਮਤਿ

ਹਾਕਮ ਸਿੰਘ

ਗੁਰਮਤਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਆਤਮਕ ਗਿਆਨ ਹੈ। ਇਹ ਮੂਲ ਰੂਪ ਵਿੱਚ ਅਦ੍ਰਿਸ਼ਟ ਪ੍ਰਭੂ ਅਤੇ ਉਸ ਦੀ ਸਿਰਜੀ ਕਾਇਨਾਤ ਅਤੇ ਉਨ੍ਹਾਂ ਦੇ ਸਬੰਧਾਂ ਦਾ ਗਿਆਨ ਹੈ। ਇਸ ਅਨੁਸਾਰ ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਦਰਸ਼ਨ ਜਾਂ ਮਿਲਾਪ ਹੈ। ਪ੍ਰਭੂ ਮਨੁੱਖੀ ਸਰੀਰ ਦੇ ਅੰਦਰ ਵਸਦਾ ਹੈ, ਇਸ ਲਈ ਉਸ ਨੂੰ ਮੰਦਰਾਂ, ਗਿਰਜਿਆਂ, ਮਸੀਤਾਂ, ਗੁਰਦੁਆਰਿਆਂ ਅਤੇ ਤੀਰਥਾਂ ਵਿੱਚ ਨਹੀਂ ਮਨ ਵਿੱਚ ਹੀ ਮਿਲ ਸਕੀਦਾ ਹੈ। ਅਦ੍ਰਿਸ਼ਟ ਹੋਣ ਕਾਰਨ ਉਸ ਦੇ ਦਰਸ਼ਨ ਜਾਂ ਮਿਲਾਪ ਤੇ ਦੂਰ ਦੀ ਗੱਲ ਮਨੁੱਖ ਲਈ ਤੇ ਉਸ ਦੀ ਕਲਪਨਾ ਕਰਨੀ ਵੀ ਸੰਭਵ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਦੀ "ਜਪੁ" ਬਾਣੀ ਵਿੱਚ ਉਸ ਦੇ ਦਰਸ਼ਨ ਅਧਿਆਤਮਕ ਗਿਆਨ ਦੀ ਪ੍ਰਾਪਤੀ ਦੁਆਰਾ ਹੀ ਸੰਭਵ ਦਸੇ ਗਏ ਹਨ। ਅਸਲ ਵਿੱਚ ਉਸ ਦੇ ਸੱਚੇ ਗਿਆਨ ਦੀ ਪ੍ਰਾਪਤੀ ਦੀ ਸਚਾਈ ਹੀ ਉਸ ਦਾ ਦਰਸ਼ਨ ਜਾਂ ਮਿਲਾਪ ਹੁੰਦਾ ਹੈ। ਗਿਆਨ ਕੇਵਲ ਗੁਰੂ ਹੀ ਪ੍ਰਦਾਨ ਕਰ ਸਕਦਾ ਹੈ। ਗੁਰਬਾਣੀ ਅਨੁਸਾਰ ਅਧਿਆਤਮਕ ਗਿਆਨ ਪ੍ਰਦਾਨ ਕਰਨ ਵਾਲਾ ਗੁਰੂ ਕੋਈ ਵਿਅਕਤੀ ਜਾਂ ਲਿਖਤ ਨਹੀਂ ਹੁੰਦਾ, ਸ਼ਬਦ ਹੁੰਦਾ ਹੈ ਕਿਊਂਕੇ ਗਿਆਨ ਦਾ ਸੰਚਾਰ ਕੇਵਲ ਸ਼ਬਦ ਦੁਆਰਾ ਹੀ ਸੰਭਵ ਹੁੰਦਾ ਹੈ। ਮਨੁੱਖੀ ਮਨ ਨੂੰ ਸ਼ਬਦ ਨਾਲ ਜੋੜਣ ਲਈ ਗੁਰਬਾਣੀ ਨਾਮ ਵਿੱਚ ਲੀਨ ਹੋਣ ਦਾ ਉਪਦੇਸ਼ ਕਰਦੀ ਹੈ।

ਗੁਰਬਾਣੀ ਅਨੁਸਾਰ ਅਧਿਆਤਮਕ ਗਿਆਨ ਦਾ ਸਬੰਧ ਮਨੁੱਖੀ ਬੁੱਧੀ ਨਾਲ ਨਹੀਂ ਮਨ ਨਾਲ ਹੈ। ਮਨ ਸਰੀਰ ਦਾ ਮਾਲਕ ਅਤੇ ਚਾਲਕ ਹੈ, "ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ॥" (ਪੰਨਾ ੯੦੭)। ਪਰ ਮਨੁੱਖੀ ਮਨ ਹਉਮੈ ਅਤੇ ਸੰਸਾਰਕ ਮਾਇਆ ਦੇ ਪ੍ਰਭਾਵ ਕਾਰਨ ਮੈਲਾ ਹੋਇਆ ਰਹਿੰਦਾ ਹੈ ਅਤੇ ਉਸ ਵਿੱਚ ਅਧਿਆਤਮਕ ਗਿਆਨ ਪ੍ਰਾਪਤ ਕਰਨ ਦੀ ਯੋਗਤਾ ਨਹੀਂ ਹੁੰਦੀ। ਮੈਲ਼ ਉਤਰਨ ਨਾਲ ਹੀ ਉਹ ਗਿਆਨ ਪ੍ਰਾਪਤ ਕਰਨਯੋਗ ਬਣ ਸਕਦਾ ਹੈ। ਗੁਰਬਾਣੀ ਮੈਲੇ ਮਨ ਨੂੰ ਨਿਰਮਲ ਕਰਨ ਲਈ ਮਨ ਵਿਚੋਂ ਹਉਮੈ, ਮੈਂ ਹਾਂ, ਦਾ ਵਿਸ਼ਵਾਸ ਮਿਟਾਉਣ ਅਤੇ ਉਸ ਨੂੰ ਸੰਸਾਰ ਵਿੱਚ ਵਰਤ ਰਹੀ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਦਾ ਸੁਝਾ ਦਿੰਦੀ ਹੈ ਅਤੇ ਐਸਾ ਕਰਨ ਲਈ ਉਸ ਨੂੰ ਪ੍ਰਭੂ ਦੇ ਨਾਮ ਨੂੰ ਪ੍ਰੇਮ ਸਹਿਤ ਧਾਰਨ ਦਾ ਉਪਦੇਸ਼ ਕਰਦੀ ਹੈ। ਗੁਰਫੁਰਮਾਨ ਹਨ: "ਭਰੀਐ ਮਤਿ ਪਾਪਾ ਕੈ ਸੰਗ॥ ਓਹੁ ਧੋਪੈ ਨਾਵੈ ਕੈ ਰੰਗਿ॥" (ਪੰਨਾ ੪), "ਨਾਨਕ ਨਾਮਿ ਰਤੇ ਸੇ ਨਿਰਮਲ ਹੋਰ ਹਉਮੈ ਮੈਲੁ ਭਰੀਜੈ॥" (ਪੰਨਾ ੫੭੦), "ਨਾਮਿ ਰਤੇ ਮਨੁ ਨਿਰਮਲੁ ਹੋਇ॥ ਹਰਿ ਗੁਣ ਗਾਵੈ ਹਉਮੈ ਮਲੁ ਖੋਇ॥" (ਪੰਨਾ ੮੪੧) ਅਤੇ "ਨਿਰਮਲੁ ਕਾਇਆ ਊਜਲ ਹੰਸਾ॥ ਤਿਸੁ ਵਿੱਚ ਨਾਮੁ ਨਿਰੰਜਨ ਅੰਸਾ॥" (ਪੰਨਾ ੧੦੩੪)।

ਗੁਰਬਾਣੀ ਵਿੱਚ ਨਾਮ ਦੀ ਵਡਿਆਈ ਦਾ ਵਿਸਤ੍ਰਤ ਵਰਨਨ ਹੈ। ਨਾਮ ਸਾਰੀ ਸ੍ਰਿਸ਼ਟੀ ਵਿੱਚ ਵਰਤ ਰਿਹਾ ਹੈ, "ਜੇਤਾ ਕੀਤਾ ਤੇਤਾ ਨਾਉ॥ ਵਿਣ ਨਾਵੈ ਨਾਹੀ ਕੋ ਥਾਉ॥" (ਪੰਨਾ ੪) ਅਤੇ "ਚਹੁਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁਦਿਸਿ ਨਾਮੁ ਪਤਾਲੰ॥ ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ॥" (ਪੰਨਾ ੧੨੭੫)। ਮਨ ਨੂੰ ਨਿਰਮਲ ਕਰਨ ਵਾਲ਼ੇ ਨਾਮ ਦੀ ਪ੍ਰਾਪਤੀ ਜੀਵਨ ਵਿੱਚ ਜਤ, ਸਤ ਅਤੇ ਸੰਜਮ ਦੇ ਗੁਣ ਧਾਰਨ ਕਰਨ ਨਾਲ ਸੰਭਵ ਹੁੰਦੀ ਹੈ। "ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲ ਨ ਹੋਇ॥ ਪੂਰੈ ਭਾਗਿ ਨਾਮੁ ਮਨ ਵਸੈ ਸਬਦਿ ਮਿਲਾਵਾ ਹੋਇ॥" (ਪੰਨਾ ੩੩) ਅਤੇ "ਜਤੁ ਸਤੁ ਤੀਰਥੁ ਮਜਨੁ ਨਾਮਿ॥ ਅਧਿਕ ਇਥਾਰੁ ਕਹਉ ਕਿਸੁ ਕਾਮਿ॥" (ਪੰਨਾ ੧੫੩)। ਨਾਮ ਧਰਮ ਦੇ ਵਿਹਾਰ ਅਤੇ ਸੱਚ ਨੂੰ ਆਖਿਆ ਗਿਆ ਹੈ। "ਕਰਮੁ ਧਰਮੁ ਸਚੁ ਸਾਚਾ ਨਾਉ॥" (ਪੰਨਾ ੩੫੩)। ਇਹ ਅਗਿਆਨਤਾ ਅਤੇ ਦੁਖਾਂ ਦਾ ਨਾਸ ਕਰਨ ਵਾਲਾ ਹੈ। "ਦੀਵਾ ਮੇਰਾ ਏਕੁ ਨਾਮੁ ਦੁਖੁ ਵਿੱਚ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥" (ਪੰਨਾ ੩੫੮) ਅਤੇ ਮਨੁੱਖੀ ਜੀਵਨ ਦਾ ਰਾਹਬਰ, ਸਹਾਰਾ ਅਤੇ ਆਧਾਰ ਹੈ। "ਜਿਉ ਅੰਧਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ॥ ਰਾਮ ਨਾਮ ਹਰਿ ਟੇਕ ਹੈ ਨਿਸਿ ਦਉਤ ਸਵਾਰੈ॥" (ਪੰਨਾ ੪੨੨) ਅਤੇ "ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਆਧਾਰਾ॥" (ਪੰਨਾ ੭੨੭)।

ਨਾਮ ਦੁਆਰਾ ਸ਼ਬਦ ਦੀ ਪ੍ਰਾਪਤੀ ਸੰਭਵ ਹੁੰਦੀ ਹੈ ਅਤੇ ਸ਼ਬਦ ਪ੍ਰਭੂ ਦੇ ਗਿਆਨ ਦੀ ਪ੍ਰਾਪਤੀ ਦਾ ਇਕੋ ਇੱਕ ਸਾਧਨ ਹੈ। ਇਸੇ ਲਈ ਗੁਰਬਾਣੀ ਸ਼ਬਦ ਨੂੰ ਗੁਰੂ ਆਖਦੀ ਹੈ। "ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥" (ਪੰਨਾ ੬੩੫), "ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਪੰਨਾ ੯੪੩) ਅਤੇ "ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ॥ ਬਿਨੁ ਸਬਦੈ ਹੋਰ ਮੋਹੁ ਗੁਬਾਰੁ॥ ਸਬਦੇ ਨਾਮੁ ਰਖੈ ਉਰਿ ਧਾਰਿ॥ ਸਬਦੈ ਗਤਿ ਮਤਿ ਮੋਖ ਦੁਆਰੁ॥" (ਪੰਨਾ ੧੩੪੨)। ਗੁਰਬਾਣੀ ਵਿੱਚ ਕੇਵਲ ਸ਼ਬਦ ਨੂੰ ਹੀ ਗੁਰੂ ਆਖਿਆ ਗਿਆ ਹੈ। ਭੱਟਾਂ ਦੇ ਸਵੱਈਆਂ ਵਿੱਚ ਹੀ ਵਿਅਕਤੀ ਗੁਰੂ ਦੀ ਮਹਿਮਾ ਦਾ ਵਰਨਨ ਹੈ। ਪਰ ਵਿਅਕਤੀ ਵੀ ਸ਼ਬਦ ਦੇ ਬੋਲ, ਵਰਡ (Word) ਅਤੇ ਲਿਖਤ ਦੁਆਰਾ ਹੀ ਗਿਆਨ ਦਾ ਸੰਚਾਰ ਕਰਦਾ ਹੈ। ਬੋਲ ਹੀ ਗਿਆਨ ਸੰਚਾਰ ਦਾ ਸਾਧਨ ਹੁੰਦੇ ਹਨ, ਇਸ ਲਈ ਗਿਆਨ ਦਾ ਅਸਲੀ ਮਾਧਿਅਮ ਤੇ ਸ਼ਬਦ ਹੀ ਹੈ ਅਤੇ ਗੁਰਬਾਣੀ ਇਸੇ ਨੂੰ ਗੁਰੂ ਆਖਦੀ ਹੈ। ਗੁਰੂ ਬਿਨਾ ਗਿਆਨ ਦੀ ਪ੍ਰਾਪਤੀ ਸੰਭਵ ਨਹੀਂ ਹੁੰਦੀ, "ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ॥" (ਪੰਨਾ ੫੯) ਅਤੇ "ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨ ਨ ਹੋਇ॥" (ਪੰਨਾ ੪੬੯)।

ਗੁਰੂ ਗ੍ਰੰਥ ਸਾਹਿਬ ਦੀ "ਜਪੁ" ਬਾਣੀ ਵਿੱਚ ਪ੍ਰਭੂ ਦੇ ਗੁਣਾਂ ਦੇ ਨਾਲ ਨਾਲ ਉਸ ਦੇ ਗਿਆਨ ਦੀ ਪ੍ਰਾਪਤੀ ਅਤੇ ਉਸ ਦੇ ਦਰਸ਼ਨਾਂ ਦੀ ਵਿਧੀ ਦਾ ਵੀ ਵਰਨਨ ਹੈ। ਪ੍ਰਭੂ ਦੇ ਗਿਆਨ ਦੀ ਪ੍ਰਾਪਤੀ ਅਤੇ ਉਸ ਦੇ ਦਰਸ਼ਨ ਧਰਮ ਦੇ ਮਾਰਗ ਦੀ ਮੰਜ਼ਲ ਹੈ ਜਿਸ ਨੂੰ ਸੰਸਾਰ ਵਿੱਚ ਰਹਿ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ ਗੁਰਬਾਣੀ ਧਰਤੀ ਨੂੰ ਰੁਤਾਂ, ਪੌਣ, ਪਾਣੀ ਅਤੇ ਅਗਨੀ ਵਿੱਚ ਥਾਪੀ ਧਰਮਸਾਲ ਆਖਦੀ ਹੈ ਜਿਸ ਵਿੱਚ ਅਨੇਕ ਨਾਵਾਂ ਵਾਲੇ ਬੁਹਪ੍ਰਕਾਰ ਦੇ ਜੀਵ ਜੰਤ ਵਸਦੇ ਹਨ ਜਿਨ੍ਹਾਂ ਦਾ ਨਬੇੜਾ ਕਰਮਾਂ ਅਨੁਸਾਰ ਹੁੰਦਾ ਹੈ ਅਤੇ ਜਿਸ ਵਿੱਚ ਸੰਤ ਜਨ ਪ੍ਰਭੂ ਦੀ ਕਿਰਪਾ ਹੋਣ ਤੇ ਪ੍ਰਵਾਨ ਚੜ੍ਹਦੇ ਹਨ। ਗੁਰਬਾਣੀ ਅਨੁਸਾਰ ਧਰਮ ਕੋਈ ਸਮਾਜਕ ਸਮੂਹ, ਸੰਸਥਾ ਜਾਂ ਅਨੁਸਾਸ਼ਨ ਨਹੀਂ ਹੈ। ਮਨੁੱਖ ਨੂੰ ਧਰਮੀ ਬਨਣ ਲਈ ਕੁੱਝ ਵਿਸ਼ੇਸ਼ ਗੁਣ ਧਾਰਨ ਕਰਨੇ ਪੈਂਦੇ ਹਨ। ਗੁਰਫੁਰਮਾਨ ਹੈ: "ਸਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ॥" (ਪੰਨਾ ੩੫੧) ਅਤੇ "ਦਇਆ ਕਪਾਹੁ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤਾ ਪਾਡੇ ਘਤੁ॥" (ਪੰਨਾ ੪੭੧)। ਸੱਚਾ ਕੰਮ, ਜਤ, ਸੱਚ, ਸੰਤੋਖ ਅਤੇ ਦਇਆ ਦੇ ਗੁਣ ਧਾਰਨ ਕਰਨ ਨਾਲ ਬੰਦਾ ਧਰਮੀ ਬਣਦਾ ਹੈ ਨਾ ਕਿ ਬਾਹਰੀ ਪੁਸ਼ਾਕ ਪਹਿਨਣ ਨਾਲ। ਗੁਰਬਾਣੀ ਧਰਮ ਨੂੰ ਅਧਿਆਤਮਕ ਜੀਵਨ ਦੇ ਮਾਰਗ ਦਾ ਪਹਿਲਾ ਪੜਾ ਦੱਸਦੀ ਹੈ। ਉਹ ਧਰਮ ਨੂੰ ਕਰਮ ਦੇ ਪੇੜ ਤੇ ਲੱਗੇ ਫੁੱਲ ਆਖਦੀ ਹੈ, ਜੋ ਗਿਆਨ ਦੇ ਫਲ ਦਾ ਸੰਕੇਤ ਕਰਦੇ ਹਨ। "ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨ॥" (ਪੰਨਾ ੧੧੬੮) ਅਤੇ "ਨਾਨਕ ਸੰਤੋਖ ਰੁਖ ਧਰਮੁ ਫੁਲੁ ਫਲ ਗਿਆਨੁ॥" (ਪੰਨਾ ੧੪੭)।

ਧਰਮ ਦੇ ਮਾਰਗ ਤੇ ਚਲਣ ਨਾਲ ਹੀ ਅਧਿਆਤਮਕ ਗਿਆਨ ਦੀ ਪ੍ਰਾਪਤੀ ਸੰਭਵ ਹੁੰਦੀ ਹੈ। ਗਿਆਨ ਪ੍ਰਾਪਤੀ ਦੀ ਅਵਸਥਾ ਵਿੱਚ ਪਤਾ ਚਲਦਾ ਹੈ ਕਿ ਕਿਤਨੀਆਂ ਹੀ ਪੌਣਾਂ, ਪਾਣੀ, ਅਗਨੀਆਂ, ਕਰਮ ਭੂਮੀਆਂ, ਮੇਰੂ ਪਰਬਤ, ਚੰਦ, ਸੂਰਜ, ਮੰਡਲ, ਦੇਸ, ਰਤਨਾਂ ਦੇ ਸਮੁੰਦਰ, ਜੀਵਾਂ ਦੀਆਂ ਖਾਣੀਆਂ, ਬੋਲੀਆਂ, ਰਾਜੇ, ਅਤੇ ਬਾਦਸ਼ਾਹ ਹਨ। ਇਸ ਸਭ ਦੇ ਪ੍ਰਬੰਧ ਲਈ ਨਿਯਮ ਅਤੇ ਪ੍ਰਬੰਧਕ ਹਨ ਜਿਨ੍ਹਾ ਦੇ ਕਈ ਰੂਪ, ਰੰਗ ਅਤੇ ਵੇਸ ਹਨ। ਕਿਤਨੀਆਂ ਹੀ ਸੁਰਤੀਆਂ ਬਿਰਤੀਆਂ ਅਤੇ ਸੇਵਕ ਹਨ। ਇਨ੍ਹਾਂ ਸਭਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਬਾਣੀ ਦਾ ਇਹ ਅਧਿਆਤਮਕ ਗਿਆਨ ਸੰਸਾਰਕ ਗਿਆਨ ਨਾਲੋਂ ਵਖਰਾ ਹੈ। ਵਿਗਿਆਨ ਅਤੇ ਹੋਰ ਸੰਸਾਰਕ ਗਿਆਨ ਦਿਖਾਈ ਦੇ ਰਹੇ, ਨਿਰੰਤਰ ਬਦਲਦੇ ਪਦਾਰਥਕ ਜਗਤ ਦੀ ਜਾਣਕਾਰੀ ਹੁੰਦਾ ਹੈ, ਜਿਸ ਨੂੰ ਮਨੁੱਖੀ ਗਿਆਨ ਇੰਦਰੀਆਂ ਦੁਆਰਾ ਅਨੁਭੱਵ ਕੀਤਾ ਜਾ ਸਕਦਾ ਹੈ ਅਤੇ ਜਿਸ ਦਾ ਮਨੁੱਖੀ ਬੁੱਧੀ ਨਾਲ ਡੂੰਘਾ ਸਬੰਧ ਹੁੰਦਾ ਹੈ। ਇਸ ਦੇ ਉਲਟ ਅਧਿਆਤਮਕ ਗਿਆਨ ਅਦ੍ਰਿਸ਼ਟ ਪ੍ਰਭੂ, ਉਸ ਦੀ ਸਾਜੀ ਸ੍ਰਿਸ਼ਟੀ, ਸੰਸਾਰਕ ਮਾਇਆ ਅਤੇ ਮਨੁੱਖੀ ਮਨ ਅਤੇ ਉਨ੍ਹਾਂ ਦੇ ਪਰਸਪਰ ਸਬੰਧਾਂ ਦਾ ਗਿਆਨ ਹੈ। ਅਦ੍ਰਿਸ਼ਟ ਅਸਤਿੱਤਵਾਂ ਦਾ ਗਿਆਨ ਹੋਣ ਕਾਰਨ ਅਧਿਆਤਮਕ ਗਿਆਨ ਨੂੰ ਪ੍ਰਦਰਸ਼ਤ ਜਾਂ ਸਾਬਤ ਕਰਨਾ ਸੰਭਵ ਨਹੀਂ ਹੁੰਦਾ, ਇਸ ਤੇ ਵਿਸ਼ਵਾਸ ਕਰਨਾ ਪੈਂਦਾ ਹੈ। ਇਸ ਦਾ ਬੁਧੀ ਨਾਲ ਸਿਧਾ ਸਬੰਧ ਵੀ ਨਹੀਂ ਹੁੰਦਾ ਕਿਊਂਕੇ ਬੁਧੀ ਸਰੀਰ ਦਾ ਭਾਗ ਹੋਣ ਕਾਰਨ ਕੇਵਲ ਗਿਆਨ ਇੰਦਰੀਆਂ ਦੁਆਰਾ ਪ੍ਰਾਪਤ ਜਾਣਕਾਰੀ ਨੂੰ ਵਰਤਣ ਦੇ ਸਮ੍ਰਥ ਤੇ ਹੁੰਦੀ ਹੈ ਪਰ ਅਦ੍ਰਿਸ਼ਟ ਅਸਤਿੱਤਵਾਂ ਬਾਰੇ ਤੇ ਕਲਪਨਾ ਵੀ ਨਹੀਂ ਕਰ ਸਕਦੀ। ਇਸ ਗਿਆਨ ਦੀ ਪ੍ਰਾਪਤੀ ਹੋਣ ਤੇ ਹੀ ਪ੍ਰਭੂ ਦੇ ਦਰਸ਼ਨਾਂ ਦੀ ਸੰਭਾਵਨਾ ਬਣਦੀ ਹੈ। ਗੁਰਬਾਣੀ ਅਨੁਸਾਰ ਅਧਿਆਤਮਕ ਗਿਆਨ ਰਾਗਾਂ, ਤਮਾਸ਼ਿਆਂ ਅਤੇ ਕੌਤਕਾਂ ਦਾ ਅਨੰਦ ਪ੍ਰਦਾਨ ਕਰਦਾ ਹੈ ਪਰ ਪ੍ਰਭੂ ਦੇ ਦਰਸ਼ਨਾਂ ਦਾ ਅਨੰਦ ਉਸ ਨੂੰ ਦੋ ਹੋਰ ਪੜਾਵਾਂ ਵਿਚੋਂ ਬਿਬੇਕ ਬੁੱਧੀ ਅਤੇ ਆਤਮ-ਬਲ ਪ੍ਰਾਪਤ ਕਰਨ ਅਤੇ ਪ੍ਰਭੂ ਦੀ ਬਖਸ਼ਿਸ਼ ਹੋਣ ਨਾਲ ਹੀ ਪ੍ਰਾਪਤ ਹੁੰਦਾ ਹੈ।

ਗੁਰਬਾਣੀ ਵਿੱਚ ਅਗਲੇ ਪੜਾ ਦਾ ਨਾਂ ਸਰਮ ਖੰਡ ਹੈ। ਇਸ ਖੰਡ ਵਿੱਚ ਸੁੰਦਰਤਾ ਦਾ ਮਾਹੌਲ ਹੁੰਦਾ ਹੈ ਜਿਸ ਵਿੱਚ ਮਨੁੱਖੀ ਮਨ ਬਹੁਤ ਅਨੂਪਮ ਢੰਗ ਨਾਲ ਸੁੰਦਰ ਬਣ ਜਾਂਦਾ ਹੈ। ਓਥੇ ਸੁਰਤ, ਮਤ ਅਤੇ ਬੁਧ ਸੋਧੇ ਜਾਂਦੇ ਹਨ ਅਤੇ ਮਨ ਪ੍ਰਬੁਧ ਹੋ ਕੇ ਸਿਧਾਂ ਵਾਲੀ ਵਿਵੇਕ ਬੁਧੀ ਦਾ ਮਾਲਕ ਹੋਣ ਨਾਲ ਮਨੁੱਖ ਦੇ ਜੀਵਨ ਵਿੱਚ ਬਦਲਾਓ ਲਿਆ ਦਿੰਦਾ ਹੈ। ਇਹ ਮਨੁੱਖ ਵਲੋਂ ਅਧਿਆਤਮਕ ਗਿਆਨ ਨੂੰ ਪੂਰੀ ਤਰ੍ਹਾਂ ਸਮਝਣ ਦੀ ਅਵਸਥਾ ਹੈ ਜਿਸ ਨੂੰ ਬਿਆਨ ਕਰਨਾ ਸੰਭਵ ਨਹੀਂ। ਉਸ ਤੋਂ ਅਗਲੇ ਪੜਾ ਨੂੰ ਕਰਮ ਖੰਡ ਆਖਿਆ ਗਿਆ ਹੈ। ਇਸ ਵਿੱਚ ਪ੍ਰਭੂ ਅਤੇ ਸਾਧਕ ਵਿਅਕਤੀ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ ਅਤੇ ਪ੍ਰਭੂ ਦੀ ਮਿਹਰ ਦੁਆਰਾ ਸਾਧਕ ਨੂੰ ਆਤਮ-ਬਲ ਪ੍ਰਾਪਤ ਹੋ ਜਾਂਦਾ ਹੈ। ਸਿਧਾਂ ਵਾਲੀ ਬਿਬੇਕ ਬੁਧੀ ਵਾਲੇ ਸਾਧਕ ਤੇ ਪ੍ਰਭੂ ਦੀ ਬਖਸ਼ਿਸ਼ ਹੋਣ ਨਾਲ ਉਸ ਦੇ ਰੋਮ ਰੋਮ ਵਿੱਚ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ, ਜਿਸ ਨੂੰ ਗੁਰਬਾਣੀ "ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ॥ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦ ਲਿਵ ਲਾਈ" (ਪੰਨਾ ੮੭੯)। ਉਹ ਕਾਲ ਅਤੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ। ਉਸ ਨਾਲ ਹੋਰ ਭਗਤ ਜਨ ਵੀ ਅਨੰਦ ਮਾਣਦੇ ਹਨ। ਅਗਲੇ ਸੱਚ ਖੰਡ ਵਿੱਚ ਨਿਰੰਕਾਰ ਆਪ ਵਸਦਾ ਹੈ ਜਿਥੋਂ ਉਹ ਆਪਣੀ ਸਿਰਜੀ ਕਾਇਨਾਤ ਨੂੰ ਮਿਹਰ ਦੀ ਨਜ਼ਰ ਨਾਲ ਸੰਭਾਲਦਾ ਅਤੇ ਖੁਸ਼ ਹੁੰਦਾ ਹੈ।

ਗੁਰਬਾਣੀ ਅਨੁਸਾਰ ਮਨੁੱਖ ਵਿੱਚ ਜਤ, ਧੀਰਜ, ਸਿਆਣਪ, ਗਿਆਨ, ਭੈ, ਕੋਸ਼ਿਸ਼ ਅਤੇ ਪ੍ਰੇਮ ਦੇ ਗੁਣ ਹੋਣ ਨਾਲ ਉਸ ਵਿੱਚ ਸ਼ਬਦ ਘੜਣ ਦੀ ਯੋਗਤਾ ਆ ਜਾਂਦੀ ਹੈ। ਸ਼ਬਦ ਗਿਆਨ ਪ੍ਰਾਪਤੀ ਦਾ ਸਾਧਨ ਹੁੰਦੇ ਹਨ ਅਤੇ ਗਿਆਨ ਪ੍ਰਾਪਤੀ ਦੀ ਸਚਾਈ ਨੂੰ ਹੀ ਪ੍ਰਭੂ ਦੇ ਦਰਸ਼ਨ ਆਖਿਆ ਗਿਆ ਹੈ। ਪ੍ਰਭੂ ਦਾ ਕੋਈ ਰੂਪ, ਰੇਖ ਜਾਂ ਰੰਗ ਨਹੀਂ ਹੈ ਇਸ ਲਈ ਉਸ ਦੇ ਦਰਸ਼ਨ ਇੱਕ ਭਾਵਨਾ ਹੀ ਹੁੰਦੀ ਹੈ। ਅਸਲ ਵਿੱਚ ਪ੍ਰਭੂ ਦੇ ਦਰਸ਼ਨ ਕਿਸੇ ਵਿਸ਼ੇਸ਼ ਅਸਤਿੱਤਵ ਦੇ ਦਰਸ਼ਨ ਜਾਂ ਮਿਲਾਪ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਸੁਰਗ ਜਾਂ ਬਹਿਸ਼ਤ ਦੀ ਪ੍ਰਾਪਤੀ ਹੁੰਦੇ ਹਨ। ਇਹ ਤੇ ਕੇਵਲ ਮਨੁੱਖ ਵਲੋਂ ਉਪਰ ਦਿੱਤੇ ਗੁਣਾਂ ਨੂੰ ਧਾਰਨ ਕਰਨ ਦੀ ਸਚਾਈ ਦੀ ਅਵਸਥਾ ਦਾ ਨਾਂ ਹੈ। ਗੁਰਬਾਣੀ ਦਾ ਕਥਨ ਹੈ: "ਭੋਜਨ ਗਿਆਨੁ ਮਹਾ ਰਸ ਮੀਠਾ॥ ਜਿਨਿ ਚਾਖਿਆ ਤਿਨਿ ਦਰਸਨੁ ਡੀਠਾ॥" (ਪੰਨਾ ੧੦੩੨)। ਇਹ ਗੁਣ ਧਾਰਨ ਨਾਲ ਹੀ ਮਨੁੱਖ ਪ੍ਰਭੂ ਦਾ ਗਿਆਨ ਪ੍ਰਾਪਤ ਕਰਕੇ ਪ੍ਰਭੂ ਰੂਪ ਹੋ ਜਾਂਦਾ ਹੈ। ਐਸੀ ਸਥਿਤੀ ਬਾਰੇ ਕਬੀਰ ਜੀ ਦਾ ਬਚਨ ਹੈ: "ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਣੀ॥" (ਪੰਨਾ ੯੬੯)। ਪ੍ਰਭੂ ਦੇ ਦਰਸ਼ਨਾ ਲਈ ਧਰਮਾਂ ਵਲੋਂ ਸਿਰਜੀਆਂ ਮੂਰਤੀਆਂ ਅਤੇ ਰਚੇ ਅਡੰਬਰਾਂ ਨੂੰ ਗੁਰਬਾਣੀ ਕੋਈ ਮਹਤੱਤਾ ਨਹੀਂ ਦਿੰਦੀ।

ਗੁਰਮਤਿ ਸਮਾਜ ਸੁਧਾਰ ਦਾ ਉਪਦੇਸ਼ ਨਹੀਂ ਕਰਦੀ ਕਿਊਂਕੇ ਸਮਾਜ ਵਿੱਚ ਮਾਇਆ ਦਾ ਵਿਆਪਕ ਪ੍ਰਭਾਵ ਹੈ ਅਤੇ ਮਾਇਆ ਦੀ ਖੇਲ੍ਹ ਪ੍ਰਭੂ ਨੇ ਆਪ ਰਚੀ ਹੈ। ਮਨੁੱਖ ਵਿੱਚ ਪ੍ਰਭੂ ਵਲੋਂ ਰਚੀ ਮਾਇਆ ਦੇ ਪ੍ਰਭਾਵ ਨੂੰ ਦੂਰ ਕਰਨ ਦੀ ਸਮ੍ਰਥਾ ਨਹੀਂ ਹੈ। ਗੁਰਬਾਣੀ ਸਮਾਜ ਸੁਧਾਰ ਦੀ ਹਾਮੀ ਨਹੀਂ ਹੈ ਪਰ ਮਾਨਵਤਾ ਦੇ ਉਧਾਰ ਦੀ ਭਾਰੀ ਸਮ੍ਰਥਕ ਹੈ। ਗੁਰਬਾਣੀ ਅਨੁਸਾਰ ਮਾਨਵਤਾ ਦਾ ਉਧਾਰ ਮਨੁੱਖਾਂ ਦੇ ਸਹੀ ਜੀਵਨ ਮਾਰਗ ਅਪਨਾਉਣ ਤੇ ਨਿਰਭਰ ਕਰਦਾ ਹੈ ਸਮਾਜ ਵਲੋਂ ਸਿਰਜੀਆਂ ਨੀਤੀਆਂ ਦੁਆਰਾ ਨਹੀਂ। ਧਰਮ ਦੇ ਮਾਰਗ ਤੇ ਚਲਣ ਵਾਲੇ ਬੰਦੇ ਹੀ ਮਾਨਵਤਾ ਦਾ ਸੁਧਾਰ ਕਰਨਯੋਗ ਹੁੰਦੇ ਹਨ। ਸਮਾਜ ਸੁਧਾਰਕ ਹਉਮੈ ਅਤੇ ਮਾਇਆ ਦੇ ਪ੍ਰਭਾਵ ਅਧੀਨ ਪ੍ਰਭਾਵਸ਼ਾਲੀ ਨੀਤੀਆਂ ਤੇ ਘੜ ਸਕਦੇ ਹਨ ਪਰ ਉਹ ਸਮੇਂ ਦੀ ਚਾਲ ਤੋਂ ਉਪਜੀਆਂ ਨਵੀਆਂ ਸਮਸਿਆਵਾਂ ਤੋਂ ਨਹੀਂ ਬਚ ਸਕਦੇ ਕਿਊਂਕੇ ਸਮਾਜ ਵਿੱਚ ਦਵੰਦ (Dialectic) ਦਾ ਵਰਤਾਰਾ ਹੈ।

******************




.