.

ਜਪੁ-ਬਾਣੀ ਅਤੇ ਰੱਬ ਦਾ ਸੰਕਲਪ


ਗੁਰਬਾਣੀ-ਗ੍ਰੰਥ ਵਿਚ ਸ਼ਾਮਲ ਸਭ ਤੋਂ ਪਹਿਲੀ ਰਚਨਾ (ਪੰਨਾਂ 1 ਤੋਂ 8) ਨੂੰ ਕੋਈ ਸਿਰਲੇਖ ਦਿੱਤਾ ਹੋਇਆ ਪਰਾਪਤ ਨਹੀਂ ਹੁੰਦਾ। ਪਰੰਤੂ ਗ੍ਰੰਥ ਦੀ ਪਰਚਲਤ ਬੀੜ ਵਿਚ ਸ਼ਾਮਲ ਤਤਕਰੇ ਵਿਚ ਇਸ ਆਰੰਭਕ ਰਚਨਾ ਦਾ ਹਵਾਲਾ ‘ਜਪੁ ਨੀਸਾਣ’ ਦੇ ਤੌਰ ਤੇ ਦਰਜ ਕੀਤਾ ਹੋਇਆ ਮਿਲਦਾ ਹੈ। ਇਸ ਲਈ ਸਪਸ਼ਟ ਹੋ ਜਾਂਦਾ ਹੈ ਕਿ ਜੇਕਰ ਇਸ ਰਚਨਾ ਦਾ ਕੋਈ ਸਿਰਲੇਖ ਬਣਦਾ ਹੈ ਤਾਂ ਇਹ ‘ਜਪੁ ਨੀਸਾਣ’ ਹੀ ਹੋਵੇਗਾ ਨਾ ਕਿ ‘ਜਪੁਜੀ’ ਜਾਂ ‘ਜਪੁਜੀ ਸਾਹਿਬ’ ਜਿਵੇਂ ਕਿ ਆਮ ਕਰਕੇ ਕਹਿਣ ਦੀ ਪਰੰਪਰਾ ਬਣੀ ਹੋਈ ਹੈ। ਉਂਜ ਇਸ ਰਚਨਾ ਵਿਚ ਸ਼ਬਦ ‘ਜਪੁ’ ਨੂੰ ਦਿੱਤੀ ਗਈ ਪਰਮੁੱਖਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ‘ਜਪੁ ਬਾਣੀ’ ਦਾ ਨਾਮ ਦਿੱਤਾ ਜਾ ਸਕਦਾ ਹੈ ਕਿਉਂਕਿ ਇਸ ਰਚਨਾ ਦੇ ਪਾਠ
(text) ਵਿਚ ਅਰੰਭਕ ਸਤਰ ਤੋਂ ਅੱਗੇ ਸ਼ਬਦ ‘ਜਪੁ’ ਨੂੰ ਨਿਵੇਕਲੇ ਤੌਰ ਤੇ ਅੰਕਿਤ ਕਰਦੇ ਹੋਏ ਇਸ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੋਇਆ ਹੈ। ਹੱਥਲੀ ਲਿਖਤ ਵਿਚ ਸ਼ਬਦ-ਜੁੱਟ ‘ਜਪੁ ਬਾਣੀ’ ਨੂੰ ਆਰਜ਼ੀ ਤੌਰ ਤੇ ਇਸ ਰਚਨਾ ਦੇ ਕੇਵਲ ਇਕ ਨਾਮ ਦੇ ਤੌਰ ਤੇ ਪਰਯੋਗ ਕੀਤਾ ਜਾ ਰਿਹਾ ਹੈ ਨਾ ਕਿ ਇਸ ਦੇ ‘ਸਿਰਲੇਖ’ ਦੇ ਤੌਰ ਤੇ।

ਵੱਖ-ਵੱਖ ਧਿਰਾਂ ਵੱਲੋਂ ਰਚਨਾ ‘ਜਪੁ ਬਾਣੀ’ ਦੀ ਹੁਣ ਤਕ ਦੀ ਕੀਤੀ ਗਈ ਵਿਆਖਿਆ ਮੁੱਢਲੇ ਤੌਰ ਤੇ ਹੇਠਾਂ ਦਰਸਾਈਆਂ ਦੋ ਧਾਰਨਾਵਾਂ ਉੱਤੇ ਅਧਾਰਿਤ ਹੈ:
ਪਹਿਲੀ: ‘ਜਪੁ ਬਾਣੀ’ ਵਿਚ ਮੁੱਖ ਤੌਰ ਤੇ ‘ਰੱਬ’ ਨੂੰ ਵਿਸ਼ਾ ਬਣਾਇਆ ਗਿਆ ਹੈ (ਇਸ ਸੰਦਰਭ ਵਿਚ ਆਮ ਕਰਕੇ ‘ਰੱਬ’ ਲਈ ‘ਪਰਮਾਤਮਾ’, ‘ਪਰਮੇਸ਼ਰ’, ‘ਅਕਾਲ ਪੁਰਖ’ ਅਤੇ ‘ਬ੍ਰਹਮ’ ਸ਼ਬਦਾਂ ਦੀ ਵੀ ਵਰਤੋਂ ਕਰ ਲਈ ਜਾਂਦੀ ਹੈ)।
ਦੂਜੀ : ‘ਜਪੁ ਬਾਣੀ’ ਵਿਚ ਦੱਸਿਆ ਗਿਆ ਹੈ ਕਿ ਮਨੁੱਖ ਨੇ ਉਸ ਰੱਬ (ਪਰਮਾਤਮਾ/ਪਰਮੇਸ਼ਰ/ਅਕਾਲ-ਪੁਰਖ/ਬ੍ਰਹਮ) ਨਾਲ ਕਿਸ ਤਰ੍ਹਾਂ ਨਾਲ ਮੇਲ ਪਰਾਪਤ ਕਰਨਾ ਹੈ। ਪਰੰਤੂ ਧਿਆਨ ਨਾਲ ਵਾਚਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉੱਪਰ ਦਰਸਾਈਆਂ ਦੋਵ੍ਹੇਂ ਧਾਰਨਾਵਾਂ ਸਹੀ ਨਹੀਂ।

ਇਸ ਸਬੰਧ ਵਿਚ ਵਿਸਥਾਰ ਪੇਸ਼ ਕਰਨ ਤੋਂ ਪਹਿਲਾਂ ਜ਼ਰੂਰੀ ਹੋ ਜਾਂਦਾ ਹੈ ਕਿ ਰੱਬ ਦੇ ਆਮ ਤੌਰ ਤੇ ਮਾਨਤਾ-ਪਰਪਤ ਸੰਕਲਪ ਬਾਰੇ ਗੱਲ ਕਰ ਲਈ ਜਾਵੇ। ਪਰੰਪਰਾਗਤ ਤੌਰ ਤੇ ਵੱਖ-ਵੱਖ ਧਿਰਾਂ ਵੱਲੋਂ ਰੱਬ ਦੀ ਹੋਂਦ ਨੂੰ ਦੋ ਢੰਗਾਂ ਨਾਲ ਕਿਆਸਿਆ ਜਾਂਦਾ ਹੈ ਜਿਵੇਂ ਕਿ
1. ਸ਼ਖਸੀ
(anthropomorphic) ਰੂਪ ਵਜੋਂ।
ਏਥੇ ਰੱਬ ਦੀ ਹੋਂਦ ਨੂੰ ਕੋਈ ਅਕਾਰ, ਆਕ੍ਰਿਤੀ, ਸ਼ਕਲ ਜਾਂ ਸ਼ਖਸੀਅਤ ਪਰਦਾਨ ਕਰਦੇ ਹੋਏ ਕਿਆਸਿਆ ਜਾਂਦਾ ਹੈ। ਰੱਬ ਦੇ ਅਜਿਹੇ ਰੂਪ ਨੂੰ ਕੇਵਲ ਕਾਲਪਨਿਕ ਹੀ ਸਮਝਿਆ ਜਾ ਸਕਦਾ ਹੈ ਕਿਉਂਕਿ ਅਜ ਤਕ ਕਿਸੇ ਨੇ ਵੀ ਰੱਬ ਦੇ ਸ਼ਖਸੀ ਰੂਪ ਦਾ ਕੋਈ ਪ੍ਰਤੀਬਿੰਬ ਜਾਂ ਮਾਡਲ ਪੇਸ਼ ਨਹੀਂ ਕੀਤਾ ਅਤੇ ਨਾ ਹੀ ਉਸਦੀ ਅਜਿਹੀ ਹੋਂਦ ਦਾ ਕੋਈ ਵਿਗਿਆਨਕ ਅਧਾਰ ਪੇਸ਼ ਕੀਤਾ ਹੈ। ਰੱਬ, ਪਰਮੇਸ਼ਰ, ਅਕਾਲ-ਪੁਰਖ, ਅੱਲਾਹ/ਖੁਦਾ, ਗੌਡ
(God) ਆਦਿਕ ਸ਼ਬਦ ਇਸ ਸ਼ਖਸੀ ਰੂਪ ਲਈ ਹੀ ਵਰਤੇ ਜਾਂਦੇ ਹਨ। ਅਜਿਹੇ ਰੱਬ ਦੇ ਵਿਚਰਣ ਅਤੇ ਰਹਿਣ-ਸਹਿਣ ਦੇ ਸਥਾਨ ਵਜੋਂ ਹੀ ਪਰਲੋਕ, ਨਰਕ, ਸੁਰਗ ਆਦਿਕ ਦੀ ਵੀ ਕਲਪਨਾ ਕਰ ਲਈ ਗਈ ਹੋਈ ਹੈ ਅਤੇ ਪਰਲੋਕ ਵਿਚ ਵਿਚਰਨ ਵਾਲੀਆਂ ਹੋਰ ਹਸਤੀਆਂ ਜਿਵੇਂ ਦੇਵੀ-ਦੇਵਤੇ, ਫਰਿਸ਼ਤੇ, ਪਰੀਆਂ, ਸ਼ੈਤਾਨ, ਦੈਂਤ ਆਦਿਕ ਦੇ ਨਾਲ-ਨਾਲ ਪੁਨਰ-ਜਨਮ, ਕਈ ਲੱਖ ਜੂਨਾਂ, ਪੈਗੰਬਰਾਂ ਦੀ ਆਮਦ, ਕਰਾਮਾਤਾਂ ਆਦਿਕ ਵਰਗੇ ਸੰਕਲਪਾਂ ਦੀ ਵੀ।
2. ਪਰਮਾਤਮਾ (ਪਰਮ+ਆਤਮਾ ਭਾਵ
supreme soul) ਵਜੋਂ।
ਏਥੇ ਰੱਬ ਨੂੰ ਸਰਵਸ੍ਰੇਸ਼ਟ ਆਤਮਾ/ਰੂਹ
(supreme soul) ਵਜੋਂ ਪੇਸ਼ ਕੀਤਾ ਜਾਂਦਾ ਹੈ ਜਿਸਦਾ ਕੋਈ ਸ਼ਖਸੀ ਰੂਪ ਤਾਂ ਨਹੀਂ ਹੁੰਦਾ ਪਰੰਤੂ ਉਸਦਾ ਕੋਈ ਵਿਸ਼ੇਸ਼ ਅਸਤਿੱਤਵ ਜ਼ਰੂਰ ਹੁੰਦਾ ਹੈ (ਭਾਵੇਂ ਕਿ ਆਤਮਾ ਨੂੰ ਇਸਤਰੀਲਿੰਗ ਵਜੋਂ ਦਰਸਾਇਆ ਜਾਂਦਾ ਹੈ ਅਤੇ ਪਰਮਾਤਮਾ ਨੂੰ ਪੁਲਿੰਗ ਵਜੋਂ)। ਪਹਿਲਾਂ ਮਨੁੱਖਾਂ ਵਿਚ ਆਤਮਾ/ਰੂਹ (soul) ਦੀ ਮੌਜੂਦਗੀ ਕਿਆਸ ਲਈ ਜਾਂਦੀ ਹੈ ਜੋ ਇਸ ਸਰਵਸ੍ਰੇਸ਼ਟ ਆਤਮਾ ਦੇ ਅੰਸ਼ ਦੇ ਤੌਰ ਤੇ ਵਿਚਰਦੀ ਸਮਝੀ ਜਾਂਦੀ ਹੈ। ਮਨੁੱਖੀ ਰੂਹ ਨੂੰ ਅਮਰ ਮੰਨਿਆਂ ਜਾਂਦਾ ਹੈ ਅਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹਰੇਕ ਮਨੁੱਖ ਦੀ ਮੌਤ ਤੋਂ ਬਾਦ ਉਸ ਦੇ ਜੀਵਨ ਵਿਚਲੀ ਨੈਤਿਕ ਕਰਗੁਜ਼ਾਰੀ ਦੇ ਅਧਾਰ ਤੇ ਉਸ ਦੀ ਆਤਮਾ ਨੇ ਪਰਮਾਤਮਾ (ਪਰਮ+ਆਤਮਾ) ਨਾਲ ਸਬੰਧ ਸਥਾਪਤ ਕਰਨਾ ਹੁੰਦਾ ਹੈ। ਪਰਮਾਤਮਾ ਦਾ ਨਿਵਾਸ ਅਸਥਾਨ ਵੀ ਪਰਲੋਕ ਵਿਚ ਹੀ ਸਥਿਤ ਮੰਨਿਆਂ ਜਾਂਦਾ ਹੈ। ਪਰਮਾਤਮਾ ਨੂੰ ਬ੍ਰਹਮ ਵੀ ਕਹਿ ਲਿਆ ਜਾਂਦਾ ਹੈ ਅਤੇ ਕੁਝ ਲੋਕ ਰੱਬ ਅਤੇ ਅਕਾਲ-ਪੁਰਖ ਸ਼ਬਦਾਂ ਨੂੰ ਵੀ ਪਰਮਾਤਮਾ ਲਈ ਵਰਤਦੇ ਵੇਖੇ ਜਾਂਦੇ ਹਨ। ਹਿੰਦੂ ਮੱਤ ਦੇ ਤਿੰਨ ਪ੍ਰਮੁੱਖ ਦੇਵਤਿਆਂ ਵਿੱਚੋਂ ਬ੍ਰਹਮਾਂ ਉੱਪਰ ਦਰਸਾਏ ਬ੍ਰਹਮ ਤੋਂ ਭਿੰਨ ਹਸਤੀ ਹੈ ਅਤੇ ਵਿਸ਼ਨੂੰ ਨੂੰ ਕਈ ਵਾਰ ‘ਪਰਮਾਤਮਾ’ ਵੀ ਕਹਿ ਲਿਆ ਜਾਂਦਾ ਹੈ। ਅਜ ਤਕ ਕਿਸੇ ਨੇ ਵੀ ਆਤਮਾ ਜਾਂ ਪਰਮਾਤਮਾ ਦੀ ਹੋਂਦ ਬਾਰੇ ਵਿਗਿਆਨਕ ਅਧਾਰ ਵਾਲਾ ਸਬੂਤ ਪੇਸ਼ ਨਹੀਂ ਕੀਤਾ।

ਰਚਨਾ ‘ਜਪੁ ਬਾਣੀ’ ਦੇ ਅਧਿਐਨ ਤੋਂ ਸਹਿਜੇ ਹੀ ਪਤਾ ਲਗ ਜਾਂਦਾ ਹੈ ਕਿ ਇਸ ਵਿਚ ਰੱਬ, ਪਰਮਾਤਮਾ, ਪਰਮੇਸ਼ਰ, ਅਕਾਲ-ਪੁਰਖ ਅਤੇ ਬ੍ਰਹਮ ਸ਼ਬਦਾਂ ਵਿੱਚੋਂ ਕਿਸੇ ਇਕ ਦੀ ਵੀ ਵਰਤੋਂ ਕੀਤੀ ਹੋਈ ਨਹੀਂ ਮਿਲਦੀ। ਨਾ ਹੀ ਇਸ ਰਚਨਾ ਵਿਚ ਮਨੁੱਖ ਲਈ ਉੱਪਰ 1. ਅਤੇ 2. ਉੱਤੇ ਦਰਸਾਈਆਂ ਹਸਤੀਆਂ ਵਿੱਚੋਂ ਕਿਸੇ ਇਕ ਜਾਂ ਦੋਵ੍ਹਾਂ ਨਾਲ ਨੇੜਤਾ ਜਾਂ ਮੇਲ ਪਰਾਪਤ ਕਰਨ ਦੀ ਲੋੜ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਨਾ ਹੀ ਇਸ ਰਚਨਾ ਵਿਚ ਕਿਸੇ ਅਜਿਹੀ ਵਿਧੀ ਦਾ ਵਰਨਣ ਕੀਤਾ ਗਿਆ ਹੈ ਜਿਸ ਦੀ ਵਰਤੋਂ ਕਰਦੇ ਹੋਏ ਮਨੁੱਖ ਉੱਪਰ 1. ਅਤੇ 2. ਉੱਤੇ ਦਰਸਾਈ ਕਿਸੇ ਹਸਤੀ ਨਾਲ ਸਬੰਧ ਸਥਾਪਤ ਕਰ ਸਕਦਾ ਹੋਵੇ। ਇਸ ਤੋਂ ਸਹਿਜੇ ਹੀ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਜੀ ਦੀ ਦਿੱਤੀ ਹੋਈ ਵਿਚਾਰਧਾਰਾ ਰੱਬ ਦੇ ਸੰਕਲਪ ਸਬੰਧੀ ਉੱਪਰ ਦਰਸਾਈਆਂ ਦੋਵ੍ਹਾਂ ਸਥਿਤੀਆਂ ਨੂੰ ਮਾਨਤਾ ਨਹੀਂ ਦੇਂਦੀ (ਗੁਰੂ ਨਾਨਕ ਜੀ ਦੀ ਦਿੱਤੀ ਹੋਈ ਵਿਚਾਰਧਾਰਾ ਨੂੰ ਗੁਰਮੱਤ ਵੀ ਕਹਿ ਲਿਆ ਜਾਂਦਾ ਹੈ ਅਤੇ ਸਾਰੀ ਗੁਰਬਾਣੀ ਏਸੇ ਗੁਰਮੱਤ ਵਿਚਾਰਧਾਰਾ ਉੱਤੇ ਕੇਂਦ੍ਰਿਤ ਹੈ।) ਇਹਨਾਂ ਦੋ ਹਸਤੀਆਂ ਦੀ ਜਗਹ ਤੇ ਗੁਰਮੱਤ ਕਿਸ ਨਿਵੇਕਲੀ ਹੋਂਦ ਨੂੰ ਮਾਨਤਾ ਦੇਂਦੀ ਹੈ, ਇਹ ਅੱਗੇ ਜਾ ਕੇ ਸਪਸ਼ਟ ਕੀਤਾ ਜਾਵੇਗਾ।

ਉਂਧਰ ‘ਜਪੁ ਬਾਣੀ’ ਵਿਚ ਕੁਝ ਅਜਿਹੇ ਸ਼ਬਦ ਮੌਜੂਦ ਹਨ ਜੋ ਬ੍ਰਹਮੰਡ ਦੇ ਕਿਸੇ ਇਕ ਜਾਂ ਜ਼ਿਆਦਾ ਸਤਹਾਂ
(levels) ਉੱਤੇ ਮੌਜੂਦ ਕਿਸੇ ਹੋਂਦ ਵੱਲ ਇਸ਼ਾਰਾ ਕਰਦੇ ਹਨ ਅਤੇ ਇਸ ਰਚਨਾ ਵਿਚ ਮਨੁੱਖ ਦਾ ਉਚੇਚੇ ਤੌਰ ਤੇ ਧਿਆਨ ਉਸ ਹੋਂਦ ਵੱਲ ਦਿਵਾਇਆ ਗਿਆ ਹੈ। ਇਹ ਸ਼ਬਦ ਹੇਠਾਂ ਦਿੱਤੇ ਅਨੁਸਾਰ ਹਨ:
ੴ : ਉਹ ਜੋ ਸਾਰੇ ਬ੍ਰਹਮੰਡ ਵਿਚ ਆਪਣੇ ਵਰਗੀ ਕੇਵਲ ਇੱਕੋ-ਇਕ ਹੋਂਦ ਹੈ। (ੴ ਦਾ ਸਹੀ ਉਚਾਰਨ ‘ਇੱਕੋ’ ਜਾਂ ‘ਏਕੋ’ ਹੈ, ‘ਓਅੰਕਾਰ’ ਨਹੀਂ।
ਸਤਿ ਨਾਮੁ : ਉਹ ਹੋਂਦ (‘ਨਾਮੁ’) ਜੋ ਕਾਲਪਨਿਕ ਨਹੀਂ ਅਤੇ ਜਿਸ ਦੀ ਮੌਜੂਦਗੀ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।
ਕਰਤਾ ਪੁਰਖ : ਉਹ ਜੋ ਬ੍ਰਹਮੰਡ ਦਾ ਸਿਰਜਣਹਾਰ ਹੈ।
ਨਿਰਭਉ : ਉਹ ਜਿਸ ਉੱਤੇ ਕਿਸੇ ਬਾਹਰੀ ਧਿਰ ਦਾ ਨਿਯੰਤਰਨ ਨਹੀਂ।
ਨਿਰਵੈਰੁ : ਉਹ ਜਿਸਦਾ ਵਰਤਾਰਾ ਕਦੀ ਨਕਾਰਾਤਮਿਕ ਨਹੀਂ ਹੁੰਦਾ।
ਅਕਾਲ ਮੂਰਤਿ : ਉਹ ਜੋ ਨਾਸ਼ਵਾਨ ਨਹੀਂ ਸਗੋਂ ਸਦੀਵੀ ਹੈ।
ਅਜੂਨੀ : ਉਹ ਜੋ ਸ਼ਖਸੀ ਨਹੀਂ ਅਤੇ ਜਨਮ-ਮਰਨ ਦੀ ਪ੍ਰਕਿਰਿਆ ਤੋਂ ਸੁਤੰਤਰ ਹੈ।
ਸੈਭੰ : ਉਹ ਜੋ ਆਪਣੇ-ਆਪ ਤੋਂ ਉਤਪੰਨ ਹੋਇਆ ਹੈ।
ਗੁਰ/ਗੁਰੁ : ਉਹ ਜੋ ਵੱਡਾ ਹੈ।
ਪ੍ਰਸਾਦਿ : ਉਹ ਜਿਸਦਾ ਵਰਤਾਰਾ ਸਕਾਰਾਤਮਿਕ ਹੈ।
ਕਰਤਾ : ਉਹ ਜੋ ਬ੍ਰਹਮੰਡੀ ਪਸਾਰੇ ਦਾ ਰਚਨਹਾਰ ਹੈ।
ਹਾਦਰਾ ਹਦੂਰਿ : ਉਹ ਜੋ ਸਰਵ-ਵਿਆਪਕ ਸਤਿਕਾਰਿਤ ਹੋਂਦ ਹੈ।
ਸਾਹਿਬ : ਉਹ ਜੋ ਸਭ ਦਾ ਮਾਲਕ ਹੈ।
ਨਿਰੰਜਨ : ਉਹ ਜੋ ਨਿਸਵਾਰਥ ਅਤੇ ਨਿਰਲੇਪ ਹਸਤੀ ਹੈ।
ਨਿਰੰਕਾਰ : ਉਹ ਜੋ ਸ਼ਖਸੀ
(anthropomorphic) ਅਸਤਿੱਤਵ ਨਹੀਂ।
ਪਾਤਸਾਹ (ਬਾਦ+ਸ਼ਾਹ) : ਉਹ ਜੋ ਸਾਰੀ ਸ੍ਰਿਸ਼ਟੀ ਵਿਚ ਸਰਵਸ੍ਰੇਸ਼ਟ ਪਦਵੀ ਤੇ ਬਿਰਾਜਮਾਨ ਹੈ।
ਸਾਚਾ : ਉਹ ਜੋ ‘ਸਤਿ’ ਹੈ ਭਾਵ ਜੋ ਸਚੀਂ-ਮੁੱਚੀਂ ਹੈ, ਕਾਲਪਨਿਕ ਨਹੀਂ।
ਦਾਤਾ/ਦਾਤਾਰ : ਉਹ ਜੋ ਸ੍ਰਿਸ਼ਟੀ ਦੇ ਸਾਰੇ ਅੰਗਾਂ-ਅੰਸ਼ਾਂ ਨੂੰ ਸੰਭਾਲਣ ਅਤੇ ਚਲਾਉਣ ਵਾਲਾ ਹੈ।
ਰਾਮ : ਉਹ ਜੋ ਸ੍ਰਿਸ਼ਟੀ ਦੇ ਹਰ ਅੰਗ-ਅੰਸ਼ ਵਿਚ ਸਮਾਇਆ ਹੋਇਆ ਹੈ।
ਸਿਰਜਣਹਾਰੁ : ਉਹ ਜੋ ਸਾਰੀ ਸ੍ਰਿਸ਼ਟੀ ਦਾ ਰਚੇਤਾ ਹੈ।
ਜਗਦੀਸ (ਜਗਤ+ਈਸ਼) : ਉਹ ਜੋ ਸਾਰੇ ਸੰਸਾਰ ਵਿਚਲਾ ਸਰਵੋਤਮ ਅਸਤਿੱਤਵ ਹੈ।
ਧਰਮ ਹਦੂਰਿ : ਉਹ ਜੋ ਆਦਰਸ਼ਕ ਮਨੁੱਖੀ ਵਰਤਾਰੇ ਲਈ ਪ੍ਰੇਰਣਾ-ਸਰੋਤ ਸਤਿਕਾਰਿਤ ਹਸਤੀ ਹੈ।

ਅਸੀਂ ਵੇਖ ਸਕਦੇ ਹਾਂ ਕਿ ਉੱਪਰ ਪੇਸ਼ ਕੀਤੀ ਸੂਚੀ ਵਿਚਲੇ ਸਾਰੇ ਸ਼ਬਦ ਵਿਸ਼ੇਸ਼ਣੀ ਭੂਮਿਕਾ ਵਾਲੇ ਹਨ ਅਤੇ ਇਸ ਵਿਚ ਕੋਈ ਵੀ ਖਾਸ ਨਾਂਵ
(proper noun) ਸ਼ਾਮਲ ਨਹੀਂ। ਏਸੇ ਕਰਕੇ ਹੀ ਜਿਸ ਵਿਸ਼ੇਸ਼ ਹੋਂਦ ਲਈ ਇਹ ਸ਼ਬਦ ਵਰਤੇ ਗਏ ਹਨ ਉਸ ਨੂੰ ਉੱਪਰ ‘ਉਹ’ ਕਰਕੇ ਦਰਸਾਉਣਾ ਪਿਆ ਹੈ। ਪਰੰਤੂ ਉਸ ਵਿਸ਼ੇਸ਼ ਹੋਂਦ ਨੂੰ ਪ੍ਰੰਪਰਾਈ ਰੱਬ, ਪਰਮਾਤਮਾ, ਪਰਮੇਸ਼ਰ, ਅਕਾਲ-ਪੁਰਖ ਜਾਂ ਬ੍ਰਹਮ ਮੰਨ ਲੈਣਾ ਸਹੀ ਨਹੀਂ ਹੋਵੇਗਾ। ਇਸ ਸਥਿਤੀ ਦੇ ਦੋ ਕਾਰਨ ਹਨ:
1.ਹਰੇਕ ਰਚਨਾਕਾਰ ਆਪਣੀ ਰਚਨਾ ਨੂੰ ਸੁਚੇਤ ਹੋ ਕੇ ਤਿਆਰ ਕਰਦਾ ਹੈ ਅਤੇ ਰਚਨਾ ਵਿਚ ਸ਼ਾਮਲ ਕੀਤੀ ਜਾ ਰਹੀ ਜਾਂ ਉਸ ਤੋਂ ਬਾਹਰ ਛੱਡੀ ਜਾ ਰਹੀ ਸਮੱਗਰੀ ਪ੍ਰਤੀ ਉਸ ਨੇ ਸੋਚ-ਸਮਝ ਕੇ ਫੈਸਲਾ ਲਿਆ ਹੁੰਦਾ ਹੈ। ਇਹ ਤੱਥ ਵਿਸ਼ੇਸ਼ ਤੌਰ ਤੇ ਧਿਆਨ ਮੰਗਦਾ ਹੈ ਕਿ ਗੁਰੂ ਨਾਨਕ ਜੀ ਨੇ ਆਪਣੀ ਇਸ ਰਚਨਾ ਵਿਚ ਸੁਚੇਤ ਤੌਰ ਤੇ ਰੱਬ, ਪਰਮਾਤਮਾ, ਪਰਮੇਸ਼ਰ, ਅਕਾਲ-ਪੁਰਖ ਜਾਂ ਬ੍ਰਹਮ ਸ਼ਬਦਾਂ ਨੂੰ ਸ਼ਾਮਲ ਕਰਨ ਤੋਂ ਪਰਹੇਜ਼ ਕੀਤਾ ਹੈ। ਸਪਸ਼ਟ ਤੌਰ ਤੇ ਆਪਣੀ ਇਸ ਰਚਨਾ ਵਿਚ ਉਹ ਜਿਹੜੀ ਨਿਵੇਕਲੀ ਹੋਂਦ ਵੱਲ ਇਸ਼ਾਰਾ ਕਰ ਰਹੇ ਹਨ ਉਹ ਰੱਬ, ਪਰਮਾਤਮਾ, ਪਰਮੇਸ਼ਰ, ਅਕਾਲ-ਪੁਰਖ ਜਾਂ ਬ੍ਰਹਮ ਨਾਲੋਂ ਬਿਲਕੁਲ ਭਿੰਨ ਹੈ।
2.ਜਿਵੇਂ ਕਿ ਉੱਪਰ ਦਰਸਾਇਆ ਗਿਆ ਹੈ ਰੱਬ ਦੇ ਦੋਵ੍ਹਾਂ ਰੂਪਾਂ (ਸ਼ਖਸੀ ਅਤੇ ਪਰਮਾਤਮਾ ਵਾਲੇ) ਵਿੱਚੋਂ ਹਰੇਕ ਨੂੰ ਕਿਸੇ ਹਸਤੀ ਵਜੋਂ ਹੀ ਕਿਆਸਿਆ ਜਾਵੇਗਾ ਅਤੇ ਗੁਰੂ ਨਾਨਕ ਜੀ ਇਹਨਾਂ ਦੋਵ੍ਹਾਂ ਹਸਤੀਆਂ ਵਿੱਚੋਂ ਕਿਸੇ ਨੂੰ ਵੀ ਮਾਨਤਾ ਦੇਣ ਤੋਂ ਇਨਕਾਰੀ ਹਨ। ਸਗੋਂ ਉਹ ਆਪਣੇ ਵੱਲੋਂ ਏਥੇ ਦਰਸਾਈ ਜਾ ਰਹੀ ਨਿਵੇਕਲੀ ਹੋਂਦ ਨੂੰ ਨਿਰੰਕਾਰ ਮੰਨਦੇ ਹਨ। ਇਹ ਦਲੀਲ ਕਿ ਪਰਮਾਤਮਾ ਵੀ ਨਿਰੰਕਾਰ ਹੀ ਹੈ ਤਰਕ-ਸੰਗਤ ਨਹੀਂ ਕਿਉਂਕਿ ਇਕ ਪਾਸੇ ‘ਜਪੁ ਬਾਣੀ’ ਰਚਨਾ ਵਿਚ (ਸਮੁੱਚੀ ਗੁਰਬਾਣੀ ਵਾਂਗ) ਕਿਧਰੇ ਆਤਮਾ ਅਤੇ ਪਰਮਾਤਮਾ ਨੂੰ ਮਾਨਤਾ ਨਹੀਂ ਦਿੱਤੀ ਗਈ ਅਤੇ ਦੂਸਰੇ ਪਾਸੇ ਹੁਣ ਤਕ ਆਤਮਾ ਜਾਂ ਪਰਮਾਤਮਾ ਦੀ ਹੋਂਦ ਦੀ ਕੋਈ ਵਿਆਖਿਆ ਪੇਸ਼ ਕਰਨੀ ਸੰਭਵ ਨਹੀਂ ਹੋ ਸਕੀ ਜਦੋਂ ਕਿ ਵਿਗਿਆਨ ਦੇ ਯੁਗ ਵਿਚ ਅਜਿਹਾ ਸੁਨਿਸਚਤ ਕੀਤਾ ਜਾਣਾ ਬਿਲਕੁਲ ਜ਼ਰੂਰੀ ਹੈ। ਓਧਰ ਗੁਰੂ ਨਾਨਕ ਜੀ ਵੱਲੋਂ ਕਿਆਸੀ ਗਈ ਨਿਰੰਕਾਰ ਬ੍ਰਹਮੰਡੀ ਹੋਂਦ ਦੀ ਪਛਾਣ ਸਹਿਜੇ ਹੀ ਕੀਤੀ ਜਾ ਸਕਦੀ ਹੈ ਅਤੇ ਉਹ ਵੀ ਵਿਗਿਆਨਕ ਅਧਾਰ ਤੇ। ਗੁਰੂ ਨਾਨਕ ਜੀ ਨੇ ਖੁਦ ਹੀ ਉੱਪਰ ਦਿੱਤੀ ਸੂਚੀ ਵਿਚ ਸ਼ਾਮਲ ਵਿਸ਼ੇਸ਼ਣੀ ਸ਼ਬਦਾਂ ਦੀ ਵਰਤੋਂ ਅਤੇ ‘ਜਪੁ ਬਾਣੀ’ ਵਿਚ ਦਿੱਤੇ ਵਿਸਥਾਰ ਰਾਹੀਂ ਉਸ ਨਿਵੇਕਲੀ ਹੋਂਦ ਦੀ ਪਛਾਣ ਵੀ ਪੇਸ਼ ਕੀਤੀ ਹੈ ਅਤੇ ਉਸ ਨੂੰ ਸਥਾਪਤ ਵੀ ਕਰ ਦਿੱਤਾ ਹੈ।

ਅਸਲ ਵਿਚ ਗੁਰਮੱਤ ਮਜ਼ਹਬਾਂ ਵੱਲੋਂ ਪੇਸ਼ ਕੀਤੇ ਗਏ ਸ਼ਖਸੀ ਰੱਬ ਜਾਂ ਪਰਮਾਤਮਾ (ਬ੍ਰਹਮ) ਨੂੰ ਰੱਦ ਕਰਦੇ ਹੋਏ ਉਹਨਾਂ ਦੀ ਜਗਹ ਤੇ ਬ੍ਰਹਮੰਡੀ ਊਰਜਾ ਕੇਂਦਰ/ਸਰੋਤ ਨੂੰ ਮਾਨਤਾ ਦਿੰਦੀ ਹੈ ਅਤੇ ਇਹ ਧਾਰਨਾ ਪ੍ਰਾਲੌਕਿਕ ਜਾਂ ਰਹੱਸਵਾਦੀ ਹੋਣ ਦੀ ਬਜਾਇ ਪੂਰੀ ਤਰ੍ਹਾਂ ਵਿਗਿਆਨਕ ਹੈ। ਗੁਰਮੱਤ ਇਸ ਬ੍ਰਹਮੰਡੀ ਊਰਜਾ ਕੇਂਦਰ/ਸਰੋਤ ਨੂੰ ‘ਕਰਤਾ’, ‘ਕਰਤਾ ਪੁਰਖ’ ‘ਕਰਤਾਰ’ ਜਾਂ ‘ਸਿਰਜਣਹਾਰ’ ਦਾ ਨਾਮ ਦਿੰਦੀ ਹੈ। ਗੁਰੂ ਨਾਨਕ ਜੀ ‘ਸਿਰਜਣਹਾਰ’ ਨੂੰ ਬ੍ਰਹਮੰਡੀ ਨਿਯਮਾਂ ਦੇ ਇਕ ਸੰਘਟਿਤ ਪ੍ਰਬੰਧ ਦੇ ਤੌਰ ਤੇ ਮੰਨਦੇ ਹਨ ਜਿਸ ਕਰਕੇ ਇਹ ਰੂਪਰਹਿਤ, ਸਦੀਵੀ (ਅਕਾਲ ਮੂਰਤ), ਸੰਪੂਰਣ ਅਤੇ ਵਿਗਿਆਨਕ ਹੋਂਦ ਹੈ। ਇਹ ‘ਨਿਰੰਕਾਰ’ ਸਿਰਜਣਹਾਰ ਇਕ ਨਿਯਮ-ਅਧਾਰਿਤ ਪ੍ਰਬੰਧ ਦੇ ਤੌਰ ਤੇ ਸਾਰੇ ਜੀਵਾਂ ਅਤੇ ਬਾਕੀ ਪਦਾਰਥਕ ਰੂਪਾਂ ਵਿਚ ਵੀ ਰਮਿਆ ਹੋਇਆ ਹੈ ਅਤੇ ਇਸ ਕਰਕੇ ਇਸ ਨੂੰ ‘ਰਾਮ’ ਦੇ ਤੌਰ ਤੇ ਵੀ ਦਰਸਾਇਆ ਗਿਆ ਹੈ। ਸਪਸ਼ਟ ਤੌਰ ਤੇ ਮਨੁੱਖ ਜਾਤੀ ਧਰਤੀ ਉਤਲੀਆਂ ਬਾਕੀ ਪਰਜਾਤੀਆਂ ਅਤੇ ਨਿਰਜੀਵ ਤਤਾਂ/ਵਸਤਾਂ ਨਾਲ ਮਿਲ ਕੇ ਇਕ ਛੋਟਾ ਜਿਹਾ ਪ੍ਰਬੰਧ ਬਣਾਉਂਦੀ ਹੈ ਜੋ ਬਹੁਤ ਵਿਸ਼ਾਲ ਪਸਾਰੇ ਭਾਵ ਬ੍ਰਹਮੰਡੀ-ਪ੍ਰਬੰਧ ਦਾ ਨਿਗੂਣਾ ਜਿਹਾ ਹਿੱਸਾ ਹੈ। ਬ੍ਰਹਮੰਡੀ ਨਿਯਮ-ਤੰਤਰ
(system) ਨੂੰ ਗੁਰਬਾਣੀ ਵਿਚ ‘ਹੁਕਮ’ ਕਿਹਾ ਗਿਆ ਹੈ। ਮਨੁੱਖ ਸਮੇਤ ਬ੍ਰਹਮੰਡ ਦੇ ਸਾਰੇ ਅੰਗ-ਅੰਸ਼ ਇਸ ਬ੍ਰਹਮੰਡੀ-ਪ੍ਰਬੰਧ ਨਾਲ ਸਹਿਜੀਵਤਾ (symbiosis) ਦੇ ਸਬੰਧ ਰਾਹੀਂ ਜੁੜੇ ਹੋਏ ਹਨ।

ਗੁਰੂ ਨਾਨਕ ਜੀ ਵੱਲੋਂ ‘ਜਪੁ ਬਾਣੀ’ ਰਾਹੀਂ ਪੇਸ਼ ਕੀਤੇ ਗਏ ਉੱਪਰ ਦਰਸਾਏ ਸਿਧਾਂਤ ਵਿਚ ਨਾ ਪ੍ਰਾਲੌਕਿਕਤਾ ਹੈ, ਨਾ ਹੀ ਆਤਮਿਕਤਾ ਅਤੇ ਨਾ ਹੀ ਦਿੱਵਤਾ। ਅਜੋਕਾ ਵਿਗਿਆਨ ਵੀ ਬ੍ਰਹਮੰਡ ਦੀ ਉਤਪੱਤੀ ਇੱਕੋ-ਇਕ ਉਰਜਾ ਕੇਂਦਰ/ਸਰੋਤ ਤੋਂ ਹੋਈ ਮੰਨਦਾ ਹੈ ਭਾਵੇਂ ਇਸ ਉਤਪੱਤੀ ਦਾ ਅਰੰਭ ‘ਬਿਗ-ਬੈਂਗ’ ਰਾਹੀਂ ਹੋਇਆ ਹੈ ਜਾਂ ਕਿਸੇ ਹੋਰ ਤਰੀਕੇ ਨਾਲ (ਜਿਸ ਬਾਰੇ ਵਿਗਿਆਨ ਅਗਲੀ ਖੋਜ ਵਿਚ ਜੁੱਟਿਆ ਹੋਇਆ ਹੈ)। ਉਂਜ ਬਿਗ-ਬੈਂਗ ਵਰਗਾ ਸਿਧਾਂਤ ‘ਜਪੁ ਬਾਣੀ’ ਵਿਚ ਵੀ ਦਿੱਤਾ ਹੋਇਆ ਮਿਲਦਾ ਹੈ ਜਿਵੇਂ ਕਿ
ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰਿਆਉ॥ (ਗੁਰਬਾਣੀ-ਗ੍ਰੰਥ ਪੰਨਾਂ 3)

ਉੱਪਰ ਦਿੱਤੀਆਂ ਸਤਰਾਂ ਵਿਚ ਦੱਸਿਆ ਗਿਆ ਹੈ ਕਿ ਬ੍ਰਹਮੰਡ ਦਾ ਪਸਾਰ ਇੰਜ ਹੋਇਆ ਜਿਵੇਂ ਇੱਕੋ ਹੀ ਖੂਹ (ਕੂਆ) ਦੇ ਵਿੱਚੋਂ ਲੱਖਾਂ ਦਰਿਆ ਫੁੱਟ ਤੁਰੇ ਹੋਣ। ਇਹਨਾਂ ਸਤਰਾਂ ਵਿਚ ਸ਼ਬਦ ‘ਕੂਆ’ (ਜਿਸ ਤੋਂ ਸ਼ਬਦ ‘ਕਵਾਉ’ ਬਣਿਆਂ ਹੈ) ਅਤੇ ‘ਦਰਿਆਉ’ ਅੱਖਰੀ ਰੂਪ ਵਿਚ
(literally) ਨਹੀਂ ਵਰਤੇ ਗਏ, ਕੇਵਲ ਰੂਪਕਾਂ (metaphors) ਦੇ ਤੌਰ ਤੇ ਵਰਤੇ ਹਨ। (ਇਹਨਾਂ ਸਤਰਾਂ ਦੀ ਪਰੰਪਰਾਗਤ ਵਿਆਖਿਆ ਵਿਚ ‘ਕਵਾਉ’ ਦੇ ਅਰਥ ‘ਬੋਲਣਾ’ ਵਜੋਂ ਕਰਦੇ ਹੋਏ ਬ੍ਰਹਮੰਡ ਦੀ ਉਤਪੱਤੀ ਨੂੰ ‘ਦਰਿਆਵਾਂ’ ਨਾਲ ਤੁਲਨਾ ਦੇ ਦੇਣੀ ਤਰਕ-ਸੰਗਤ ਨਹੀਂ ਅਤੇ ਅਜਿਹੀ ਵਿਆਖਿਆ ਹਿੰਦੂ ਅਤੇ ਇਸਲਾਮੀ ਗ੍ਰੰਥਾਂ ਵਿਚ ਦਿੱਤੇ ਹੋਏ ਬ੍ਰਹਮੰਡੀ ਉਤਪੱਤੀ ਦੇ ਸਿਧਾਂਤਾਂ ਦੀ ਨਕਲ ਕਰਨ ਦਾ ਯਤਨ ਮਾਤਰ ਹੀ ਹੈ।) ਬ੍ਰਹਮੰਡ ਸਬੰਧੀ ਵਿਗਿਆਨ ਦੇ ਸਿਧਾਂਤਾਂ ਅਤੇ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਵਿਚ ਫਰਕ ਕੇਵਲ ਇਤਨਾ ਹੈ ਜਿੱਥੇ ਵਿਗਿਆਨ ਬ੍ਰਹਮੰਡ ਦੇ ਖੇਤਰ ਵਿਚ ਕੀਤੀ ਆਪਣੀ ਹੁਣ ਤੱਕ ਦੀ ਖੋਜ ਨੂੰ ਸੰਪੂਰਨ ਨਹੀਂ ਮੰਨਦਾ ਓਥੇ ਗੁਰੂ ਨਾਨਕ ਜੀ ਇਸ ਖੇਤਰ ਵਿਚ ਅਗਲੇਰੀਆਂ ਖੋਜਾਂ ਨੂੰ ਉਤਨਾ ਚਿਰ ਬੇਲੋੜਾ ਸਮਝਦੇ ਹਨ ਜਿਤਨਾ ਚਿਰ ਮਨੁੱਖ ਸਚਿਆਰ ਦੀ ਅਵਸਥਾ ਵਿਚ ਪਹੁੰਚ ਕੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਹੋਣ ਦੇ ਯੋਗ ਨਹੀਂ ਹੋ ਜਾਂਦਾ।

‘ਜਪੁ ਬਾਣੀ’ ਵਿਚ ਪਰੰਪਰਾਗਤ ਰੱਬ ਦੇ ਵਿਕਲਪ ਦੇ ਤੌਰ ਤੇ ਜਿਸ ਸਰਵਸ੍ਰੇਸ਼ਟ ਬ੍ਰਹਮੰਡੀ ਹੋਂਦ ਨੂੰ ਸਵੀਕਾਰਿਆ ਗਿਆ ਹੈ ਉਹ ਸੈਭੰ ਹੈ, ਕਰਤਾ ਹੈ, ਦਾਤਾਰ ਹੈ, ਸਦੀਵੀ ਹੈ ਅਤੇ ਨਿਰੰਕਾਰ ਹੈ। ਇਸ ਵਿਆਖਿਆ ਵਿੱਚੋਂ ਬ੍ਰਹਮੰਡੀ-ਤੰਤਰ ਦੇ ਤਿੰਨ ਪਰਮੁੱਖ ਪਹਿਲੂ ਕਿਆਸੇ ਜਾ ਸਕਦੇ ਹਨ;
1. ਬ੍ਰਹਮੰਡੀ ਊਰਜਾ-ਸਰੋਤ
(creative cosmic energy source)
2. ਬ੍ਰਹਮੰਡੀ ਪਸਾਰਾ
(cosmic expanse)
3. ਬ੍ਰਹਮੰਡੀ ਨਿਯਮ-ਪ੍ਰਬੰਧ
(collective functioning of cosmic laws)

ਗੁਰੂ ਨਾਨਕ ਜੀ ‘ਜਪੁ ਬਾਣੀ’ ਵਿਚ ਬ੍ਰਹਮੰਡ ਦੀ ਉਤਪੱਤੀ, ਇਸ ਦਾ ਉਤਪੱਤੀ ਸਰੋਤ, ਇਸ ਦਾ ਪਸਾਰਾ, ਇਸ ਦਾ ਪ੍ਰਬੰਧ ਅਤੇ ਮਨੁੱਖ ਦੇ ਇਸ ਪ੍ਰਬੰਧ ਵਿਚਲੇ ਸਥਾਨ ਦਾ ਕਾਵਿ-ਸ਼ੈਲੀ ਵਿਚ ਖੁਲ੍ਹ ਕੇ ਵਿਸਥਾਰ ਦੇਂਦੇ ਹਨ। ਅਸਲ ਵਿਚ ਉਹ ਸਮੁੱਚੇ ਬ੍ਰਹਮੰਡੀ-ਪ੍ਰਬੰਧ ਨੂੰ ‘ਵਡੇਰਾ ਸਵੈ’ ਮੰਨਦੇ ਹਨ ਅਤੇ ਮਨੁੱਖ ਨੂੰ, ਬ੍ਰਹਮੰਡ ਦੇ ਹਰੇਕ ਅੰਗ-ਅੰਸ਼ ਵਾਂਗ, ਇਕ ਛੋਟਾ ‘ਸਵੈ’ ਮੰਨਦੇ ਹਨ ਅਤੇ ਉਹ ਇਹ ਵੀ ਮੰਨਦੇ ਹਨ ਕਿ ਹਰੇਕ ‘ਛੋਟਾ ਸਵੈ’ ਉਸ ‘ਵਡੇਰੇ ਸਵੈ’ ਨਾਲ ਸਹਿਜੀਵਤਾ ਦੇ ਸਬੰਧ ਰਾਹੀਂ ਜੁੜਿਆ ਹੋਇਆ ਹੈ। ਉਹ ਮਨੁੱਖ ਨੂੰ ਹਦਾਇਤ ਦੇਂਦੇ ਹਨ ਕਿ ਮਨੁੱਖ ਆਪਣੇ-ਆਪ ਦੇ ਇਸ ਬ੍ਰਹਮੰਡੀ-ਪ੍ਰਬੰਧ ਨਾਲ ਬਣਦੇ ਸਬੰਧ ਨੂੰ ਸਮਝੇ, ਉਸ ਸਬੰਧ ਦੇ ਅਨੰਦ ਨੂੰ ਮਹਿਸੂਸ ਕਰੇ ਅਤੇ ਇਸ ਪ੍ਰਬੰਧ ਦਾ ਗੁਣ-ਗਾਣ ਕਰਦਾ ਹੋਇਆ ਇਸ ਸਬੰਧ ਦਾ ਅਨੁਸਾਰੀ ਹੋ ਕੇ ਸੱਚਾ-ਸੁੱਚਾ ਜੀਵਨ ਬਤੀਤ ਕਰੇ।

ਇਸ ਤਰ੍ਹਾਂ ਗੁਰੂ ਨਾਨਕ ਜੀ ਵੱਲੋਂ ਵੱਖ-ਵੱਖ ਮਜ਼ਹਬਾਂ/ਧਰਮਾਂ
(religions) ਵੱਲੋਂ ਮੰਨੇਂ ਅਤੇ ਪਰਚਾਰੇ ਜਾਂਦੇ ਕਾਲਪਨਿਕ ਰੱਬ/ਪਰਮਾਤਮਾ ਨੂੰ ਅਸਵੀਕਾਰ ਕਰਦੇ ਹੋਏ ਬ੍ਰਹਮੰਡ ਨੂੰ ਆਪਣੀ ਵਿਚਾਰਧਾਰਾ ਦਾ ਕੇਂਦਰ ਬਣਾਉਣਾ ਅਤੇ ਉਸ ਵਿਚ ਮਨੁੱਖ ਦੇ ਸਥਾਨ ਅਤੇ ਭੂਮਿਕਾ ਨੂੰ ਸਪਸ਼ਟ ਕਰਨਾ ਨਿਸਚੇ ਹੀ ਇਕ ਕਰਾਂਤੀਕਾਰੀ ਕਦਮ ਸੀ।

ਇਹ ਵੀ ਧਿਆਨ ਦੇਣ ਯੋਗ ਹੈ ਕਿ ਗੁਰੂ ਜੀ ਨੇ ਬ੍ਰਹਮੰਡ ਦੀ ਕਿਸੇ ਰੂਪ ਪ੍ਰਤੀ ਧਾਰਮਿਕ ਸ਼ਰਧਾ ਜਾਂ ਕੋਈ ਪੂਜਾ-ਵਿਧਾਨ ਨਿਸਚਤ ਨਹੀਂ ਕੀਤਾ। ਇਸ ਬ੍ਰਹਮੰਡੀ ਹੋਂਦ ਪ੍ਰਤੀ ਮਨੁੱਖ ਵਾਸਤੇ ਇੱਕੋ-ਇਕ ਟੀਚਾ ਜੋ ਗੁਰੂ ਜੀ ਨੇ ਕਿਆਸਿਆ ਹੈ ਉਹ ਹੈ ਮਨੁੱਖ ਵੱਲੋਂ ਇਸ ਬ੍ਰਹਮੰਡੀ ਹੋਂਦ ਨਾਲ ਬਣਦੇ ਸਬੰਧ ਦੀ ਪਛਾਣ ਕਰਨਾ। ਬ੍ਰਹਮੰਡੀ ਹੋਂਦ ਬਾਰੇ ਸੰਖੇਪ ਜਿਹੀ ਜਾਣਕਾਰੀ ਦੇਣ ਉਪਰੰਤ ਗੁਰੂ ਜੀ ਮਨੁੱਖ ਨੂੰ ਆਪਣੀ ਰਚਨਾ ਦਾ ਮੁੱਖ ਪਾਤਰ ਘੋਸ਼ਿਤ ਕਰ ਦੇਂਦੇ ਹਨ ਜਦੋਂ ਉਹ ਇਹ ਸਵਾਲ ਪੇਸ਼ ਕਰਦੇ ਹਨ, ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥‘ ਭਾਵ ਮਨੁੱਖ ਆਪਣੇ ਆਲੇ-ਦੁਆਲੇ ਉੱਸਰੀ ਹੋਈ ਝੂਠ ਅਤੇ ਅਗਿਆਨਤਾ ਦੀ ਦੀਵਾਰ ਨੂੰ ਹਟਾਉਂਦੇ ਹੋਏ ਸਚਿਆਰਾ ਕਿਵੇਂ ਬਣੇ। ਨਾਲ ਹੀ ਉਹ ਇਸ ਸਵਾਲ ਦਾ ਉੱਤਰ ਪੇਸ਼ ਕਰ ਦੇਂਦੇ ਹਨ: ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥‘ ਭਾਵ ਬ੍ਰਹਮੰਡੀ-ਪ੍ਰਬੰਧ ਦੀ ਖੋਜ ਜਾਂ ਵਿਆਖਿਆ ਵੱਲ ਰੁਚਿਤ ਹੋਣ ਤੋਂ ਪਰਹੇਜ਼ ਕਰਦੇ ਹੋਏ ਅਤੇ ਬ੍ਰਹਮੰਡੀ ਹੋਂਦ ਦੇ ਨਿਯਮ-ਤੰਤਰ ਨੂੰ ਸਮਝ ਕੇ ਉਸ ਦੀ ਅਨੁਭੂਤੀ ਨੂੰ ਮਾਣਦੇ ਹੋਏ ਮਨੁੱਖ ਸਚਿਆਰ ਦੀ ਅਵਸਥਾ ਤਕ ਪਹੁੰਚ ਸਕਦਾ ਹੈ। ਇਸ ਉੱਤਰ ਵਿਚ ਹੀ ‘ਜਪੁ ਬਾਣੀ’ ਦਾ ਕੇਂਦਰੀ ਭਾਵ ਸਮਾਇਆ ਹੋਇਆ ਹੈ ਅਤੇ ਇਸ ਰਚਨਾ ਦਾ ਬਾਕੀ ਸਾਰਾ ਹਿੱਸਾ (ਅਗਲਾ ਅਤੇ ਪਿਛਲਾ) ਇਸ ਕੇਂਦਰੀ ਭਾਵ ਦਾ ਕੇਵਲ ਵਿਸਥਾਰ ਹੀ ਹੈ। ਇਸ ਤਰ੍ਹਾਂ ‘ਜਪੁ ਬਾਣੀ’ ਦਾ ਕੇਂਦਰੀ ਭਾਵ ਕਿਸੇ ਕਾਲਪਨਿਕ ਰੱਬ ਦੀ ਪਰਾਪਤੀ ਨਹੀਂ ਸਗੋਂ ਮਨੁੱਖ ਨੂੰ ਪਰੇਰਣਾ ਕਰਨ ਦਾ ਹੈ ਕਿ ਉਹ ਬ੍ਰਹਮੰਡੀ ਹੋਂਦ ਦੀ ਅਨੁਭੂਤੀ ਰਾਹੀਂ ਸਚਿਆਰ ਹੋਣ ਦੀ ਅਵਸਥਾ ਪਰਾਪਤ ਕਰੇ। ਇਸ ਬ੍ਰਹਮੰਡੀ-ਪ੍ਰਬੰਧ ਪ੍ਰਤੀ ਸੁਚੇਤ ਹੋਕੇ ਵਿਚਰਨਾ, ਇਸ ਦੇ ਅਤੇ ਆਪਣੇ ਸਵੈ ਵਿਚਲੇ ਸਬੰਧ ਨੂੰ ਮਹਿਸੂਸ ਕਰਦੇ ਰਹਿਣਾ ਹੀ ਜਪਣ, ਮੰਨਨ ਕਰਨ, ਸਿਮਰਨ ਅਤੇ ਨਾਮ ਧਿਆਉਣ ਦੀ ਪ੍ਰਕਿਰਿਆ ਹੈ। ਇਸ ਅਵਸਥਾ ਵਿਚ ਪਹੁੰਚ ਚੁੱਕੇ ਵਿਅਕਤੀ ਲਈ ਕਿਸੇ ਮਜ਼ਹਬ ਨੂੰ ਮਾਨਤਾ ਦੇਣਾ ਜ਼ਰੂਰੀ ਨਹੀਂ ਰਹਿ ਜਾਂਦਾ ਕਿਉਂਕਿ ਜਿਵੇਂ ‘ਜਪੁ ਬਾਣੀ’ ਵਿਚ ਦਰਜ ਹੈ
ਮੰਨੈ ਮਗੁ ਨ ਚਲੈ ਪੰਥੁ॥
ਮੰਨੈ ਧਰਮ ਸੇਤੀ ਸਨਬੰਧੁ॥
ਭਾਵ ‘ਸਚਿਆਰ’ ਦੀ ਅਵਸਥਾ ਨੂੰ ਪਰਾਪਤ ਵਿਅਕਤੀ ਆਪਣੇ ਜੀਵਨ-ਪੰਧ ਵਿਚ ਕਿਸੇ ਮਜ਼ਹਬ (‘ਪੰਥੁ’) ਨੂੰ ਮਾਨਤਾ ਨਹੀਂ ਦੇਂਦਾ ਕਿਉਂਕਿ ਉਸ ਦਾ ਨਿਸ਼ਾਨਾ ਕੇਵਲ ਸਚਿਆਰਤਾ (‘ਧਰਮੁ’) ਦੇ ਰਸਤੇ ਉੱਤੇ ਚੱਲਣ ਦਾ ਬਣ ਗਿਆ ਹੁੰਦਾ ਹੈ।

ਦੋ ਹੋਰ ਨੁਕਤੇ ਹਨ ਜਿਹਨਾਂ ਸਬੰਧੀ ਏਥੇ ਵਿਚਾਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਹ ਨੁਕਤੇ ਹੇਠਾਂ ਦਿੱਤੇ ਅਨੁਸਾਰ ਹਨ:
1.ਸ਼ਬਦ ‘ਓਅੰਕਾਰ’ ਸਬੰਧੀ
‘ਜਪੁ ਬਾਣੀ’ ਦੇ ਪਹਿਲੇ ਸ਼ਬਦ ੴ ਨੂੰ ‘ਇਕ ਓਅੰਕਾਰ’ ਕਰਕੇ ਉਚਾਰਨ ਦੀ ਪਰੰਪਰਾ ਬਣੀ ਹੋਈ ਹੈ ਜੋ ਕਿ ਸਹੀ ਨਹੀਂ। ੴ ਦਾ ਉਚਾਰਨ ‘ਇੱਕੋ’ ਜਾਂ ‘ਏਕੋ’ ਹੈ ਨਾ ਕਿ ‘ਇਕ ਓਅੰਕਾਰ’ ਕਿਉਂਕਿ ‘ਜਪੁ ਬਾਣੀ’ ਵਾਲੀ ਰਚਨਾ ਦੀ ੴ ਵਾਲੀ ਪਹਿਲੀ ਸਤਰ ਵਿਚ ‘ਓਅੰਕਾਰ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਹੋਈ ਅਤੇ ਨਾ ਹੀ ਇਸ ਪੂਰੀ ਰਚਨਾ ਵਿਚ ਕਿਧਰੇ ‘ਓਅੰਕਾਰ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਗੁਰਬਾਣੀ-ਗ੍ਰੰਥ ਵਿਚ ਅੱਗੇ ਜਾਕੇ ‘ਓਅੰਕਾਰ’ ਸ਼ਬਦ ਦੀ ਵਰਤੋਂ ਹੋਈ ਹੈ ਅਤੇ ਉਸ ਦੇ ਅਧਾਰ ਤੇ ਹੀ ਵਿਆਖਿਆਕਾਰਾਂ ਵੱਲੋਂ ਅਟਕਲ-ਪੱਚੂ ਲਗਾਉਂਦਿਆਂ ਹੋਇਆ ੴ ਦੇ ਉਚਾਰਨ ਵਿਚ ‘ਓਅੰਕਾਰ’ ਦੇ ਉਚਾਰਨ ਨੂੰ ਸ਼ਾਮਲ ਕਰ ਲਿਆ ਗਿਆ ਹੈ। ਜਾਣੇ-ਅਣਜਾਣੇ ਕੀਤੀ ਗਈ ਇਹ ਕੁਤਾਹੀ ਨਿਸਚੇ ਹੀ ਇਸ ਰਚਨਾ ਨਾਲ ਘੋਰ ਅਨਿਆਇ ਹੈ।
2.ਕਿਰਤਮ ਨਾਮ
ਗੁਰਬਾਣੀ-ਗ੍ਰੰਥ ਵਿਚ ਅੱਗੇ ਜਾ ਕੇ ਬ੍ਰਹਮੰਡੀ ਨਿਯਮ-ਤੰਤਰ ਲਈ ਕੁਝ ਖਾਸ ਨਾਂਵ ਵੀ ਵਰਤੇ ਗਏ ਹਨ ਜਿਵੇਂ ਅੱਲਾਹ, ਰੱਬ, ਖੁਦਾ, ਓਅੰਕਾਰ, ਗੁਸਾਈਂ, ਪੀਤੰਬਰ, ਬੀਠਲ, ਪਰਾਤਮਾ, ਪਰਮਾਤਮੁ, ਗੋਬਿੰਦ, ਪਰਮੇਸਰ, ਸਤਿਗੁਰੂ, ਪਾਰਬ੍ਰਹਮ, ਪ੍ਰਭ/ਪ੍ਰਭੂ, ਵਾਹ ਗੁਰੂ, ਧਰਮ ਰਾਜ, ਆਤਮਾ ਰਾਮ, ਆਤਮਾ ਦੇਓ, ਹਰੀ, ਸਵਾਮੀ, ਮਾਲਿਕ, ਠਾਕੁਰ, ਖਾਲਿਕ, ਪੀਤੰਬਰ ਆਦਿਕ। ਪਰੰਪਰਾਗਤ ਤੌਰ ਤੇ ਤਾਂ ਇਹ ਸਾਰੇ ਰੱਬ ਜਾਂ ਪਰਮਾਤਮਾ ਦੇ ਨਾਮ ਹਨ। ਪਰੰਤੂ ਏਥੇ ਇਹ ਸਮਝਣ ਦੀ ਲੋੜ ਹੈ ਕਿ ਸਮੁੱਚੀ ਗੁਰਬਾਣੀ ਇਕ ਕਾਵਿ-ਵੰਨਗੀ ਦੀ ਰਚਨਾ ਹੈ ਅਤੇ ਵੱਖ-ਵੱਖ ਰਚਨਾਕਾਰਾਂ ਨੇ ਕਾਵਿ-ਕਲਾ ਦੀ ਅਲੰਕਾਰ ਤਕਨੀਕ ਦੀ ਖੁਲ੍ਹ ਕੇ ਵਰਤੋਂ ਕੀਤੀ ਹੈ। ਅਲੰਕਾਰਾ ਦੀਆਂ ਅੱਗੋਂ ਕਈ ਵੰਨਗੀਆਂ ਹਨ ਜਿਹਨਾਂ ਵਿੱਚੋਂ ਇਕ ਹੈ ਮਾਨਵੀਕਰਨ
(personification)। ਇਹਨਾਂ ਰਚਨਾਕਾਰਾਂ ਨੇ ਕਾਵਿ-ਕਲਾ ਦੀ ਮਾਨਵੀਕਰਣ (personification) ਦੀ ਵਿਧੀ ਨੂੰ ਅਪਣਾਉਂਦੇ ਹੋਏ ਆਪਣੇ ਵੇਲੇ ਦੀਆਂ ਬੋਲੀਆਂ ਵਿੱਚੋਂ ਕੁਝ ਰੱਬ ਦੇ ਨਾਮ ਵਜੋਂ ਪਰਚਲਤ ਕੀਤੇ ਗਏ ਨਾਂਵ-ਰੂਪ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਅਜਿਹਾ ਕੀਤਾ ਹੈ। ਪਰੰਤੂ ਇਹਨਾਂ ਨਾਵਾਂ ਵਿੱਚੋਂ ਕੋਈ ਵੀ ਬ੍ਰਹਮੰਡੀ-ਪ੍ਰਬੰਧ ਨੂੰ ਰੱਬ ਦੇ ਸ਼ਖਸੀ ਰੂਪ ਜਾਂ ਉਸ ਦੇ ਪਰਮਾਤਮਾ ਵਜੋਂ ਪੇਸ਼ ਕਰਨ ਦੇ ਮਨਸ਼ੇ ਨਾਲ ਨਹੀਂ ਵਰਤਿਆ ਗਿਆ। ਗੁਰਬਾਣੀ-ਗ੍ਰੰਥ ਵਿਚ ਅੱਗੇ ਜਾ ਕੇ ਅਜਿਹੇ ਨਾਵਾਂ ਨੂੰ ‘ਕਿਰਤਮ’ (ਬਨਾਵਟੀ) ਨਾਮ ਕਿਹਾ ਗਿਆ ਹੈ ਅਤੇ ਕੇਵਲ ‘ਸਤਿ’ ਨੂੰ ਹੀ ਅਸਲੀ ਨਾਮ ਕਿਹਾ ਗਿਆ ਹੈ ਜਿਵੇਂ ਕਿ
ਕਿਰਤਮ ਨਾਮੁ ਕਥੇ ਤੇਰੇ ਜਿਹਬਾ॥
ਸਤਿ ਨਾਮੁ ਤੇਰਾ ਪਰਾਪੂਰਬਲਾ॥ (ਗੁਰਬਾਣੀ-ਗ੍ਰੰਥ ਪੰਨਾਂ 1083)

ਨਿਸ਼ਕਰਸ਼

‘ਜਪੁ ਬਾਣੀ’ ਵਿਚ ਗੁਰੂ ਨਾਨਕ ਜੀ ਨੇ ਕਿਸੇ ਪਰੰਪਰਾਈ ਤੌਰ ਤੇ ਮੰਨੇਂ ਜਾਂਦੇ ਕਾਲਪਨਿਕ ਰੱਬ/ਪਰਮਾਤਮਾ ਦੀ ਗੱਲ ਨਹੀਂ ਕੀਤੀ। ਉਹ ਵਿਗਿਆਨਕ ਪਹੁੰਚ ਅਪਣਾਉਂਦੇ ਹੋਏ ਬ੍ਰਹਮੰਡੀ ਪ੍ਰਬੰਧ ਨੂੰ ਪਰੰਪਰਾਗਤ ਰੱਬ ਦੇ ਬਦਲ ਦੇ ਤੌਰ ਤੇ ਪੇਸ਼ ਕਰਦੇ ਹਨ ਅਤੇ ਮਨੁੱਖ ਨੂੰ ਸਚਿਆਰ ਭਾਵ ਇਕ ਆਦਰਸ਼ਕ ਵਿਅਕਤੀ ਬਣਨ ਦਾ ਰਾਹ ਦਰਸਾਉਂਦੇ ਹੋਏ ਉਸ ਨੂੰ ਧਾਰਮਿਕ ਰਹੁ-ਰੀਤਾਂ, ਅੰਧ-ਵਿਸ਼ਵਾਸ, ਪਾਠ-ਪੂਜਾ, ਮੰਤਰ-ਰਟਨ, ਰਿਧੀਆਂ-ਸਿੱਧੀਆਂ, ਤਪੋ-ਭਗਤੀ, ਕਰਮ-ਕਾਂਡਾਂ ਆਦਿਕ ਤੋਂ ਛੁਟਕਾਰਾ ਦਿਵਾਉਂਦੇ ਹਨ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
.