.

"ਗੁਰਮੁਖ" ਤੇ "ਮਨਮੁਖ"

ਗਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਗੁਰਮੱਤ ਸਿਧਾਂਤ

"ਗੁਰਮੁਖ" ਤੇ "ਮਨਮੁਖ"

ਸਿੱਖ ਤਾਂ ਹੈ, ਪਰ ਸਿੱਖੀ ਜੀਵਨ ਤੋਂ ਖਾਲੀ- ਸਚਾਈ ਇਹ ਹੈ ਕਿ ਅੱਜ ਸਿੱਖ ਅਖਵਾਉਣ ਵਾਲੇ ਦੇ ਆਪਣੇ ਜੀਵਨ `ਚੋਂ ਬਾਣੀ ਵਾਲੇ ਗੁਣਾਂ-ਸੰਸਕਾਰਾਂ ਦੀ ਖੁਸ਼ਬੂ ਹੀ ਨਹੀਂ ਆ ਰਹੀ। ਜੀਵਨ ਅੰਦਰ ਅਨਮੱਤ, ਮਨਮੱਤ, ਹੂੜਮੱਤ, ਦੁਰਮੱਤ ਅਤੇ ਸਭ ਤੋਂ ਵੱਧ ਬ੍ਰਾਹਮਣ ਮੱਤ ਅਥਵਾ ਬਿਪਰਨ ਦੀਆਂ ਰੀਤਾਂ ਦੀ ਸੜ੍ਹਾਂਦ ਉਛਾਲੇ ਮਾਰ ਰਹੀ ਹੈ। ਉਸ ਦੇ ਜੀਵਨ ਵਿਚੋਂ ਬਾਣੀ ਜੀਵਨ ਵਾਲੀ ਹਰਿਆਵਲ ਮੁੱਕ ਚੁੱਕੀ ਹੈ। ਮਾਇਆ ਵੱਲੋਂ ਕਰੋੜਾਂ-ਅਰਬਾਂ ਦੇ ਮਾਲਕ, ਡਿਗਰੀਆਂ-ਡਿਪਲੋਮੀਆਂ ਨਾਲ ਭਰਪੂਰ, ਪਰ ਬਾਣੀ ‘ਜਪੁ’ ਦੀ ਪਹਿਲੀ ਪਉੜੀ ਤੋਂ ਵੀ ਅਨਜਾਣ। ‘ਅਮਾਨਤ `ਚ ਖਿਆਣਤ’ ਦੀ ਨਿਆਈਂ ਅਜ ਦਾ ਸਿੱਖ ਦਾਅਵਾ ਤਾਂ ਕਰਦਾ ਹੈ ਉਹ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਸਿੱਖ ਹੈ। ਦੁਨੀਆਂ ਵੀ ਉਸ ਤੋਂ ਇਹੀ ਪ੍ਰਭਾਵ ਲੈਂਦੀ ਹੈ, ਪਰ ਉਸ ਵਿਚੋਂ ਗੁਰੂ ਨਾਨਕ ਦੀ ਸਿੱਖੀ ਗਾਇਬ ਹੋਈ ਪਈ ਹੈ।

ਡੇਰੇ ਤਾਂ ਉਦੋਂ ਵੀ ਸਨ ਤੇ ਅੱਜ ਵੀ ਪਰ…- ਗੁਰਬਾਣੀ ਤੋਂ ਸਿੱਖ ਦਾ ਫ਼ਾਸਲਾ ਵਧਿਆ ਤਾਂ ਕਿਵੇਂ? ਸਿੱਖ ਦਾ ਜੀਵਨ ਗੁਰੂ ਦੀ ਸਿੱਖੀ ਤੋਂ ਇੰਨਾਂ ਦੂਰ ਗਿਆ ਤਾਂ ਕਿਉਂ? ਜਜ਼ਬਾਤੀ ਤੌਰ `ਤੇ ਤਾਂ ਸਿੱਖ ਅੱਜ ਵੀ ਗੁਰੂ ਤੋਂ ਵਾਰੇ ਵਾਰੇ ਜਾ ਰਿਹਾ ਹੈ। ਗੁਰੂ ਦਾ ਅਖਵਾ ਰਿਹਾ ਹੈ, ਅੱਜ ਵੀ ਗੁਰੂ ਦੇ ਕਾਜ਼ ਲਈ ਹਰ ਸਮੇਂ ਜਾਨਾਂ ਹੂਲਣ ਨੂੰ ਤਿਆਰ ਬੈਠਾ ਹੈ। ਆਪਣੀ ਸਮਝ ਅਨੁਸਾਰ ਤਾਂ ਉਹ ਅਜ ਵੀ ਆਪਣਾ ਤਨ-ਮਨ-ਧਨ, ਗੁਰੂ ਦੇ ਨਾਂ `ਤੇ ਕੁਰਬਾਨ ਕਰਣ ਨੂੰ ਅਗਲੀ ਕਤਾਰ `ਚ ਖੜਾ ਹੈ। ਇਸ ਦੇ ਨਾਲ ਇਹ ਗੱਲ ਵੀ ਸਮਝਣ ਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੀਕ ਸਿੱਖ ਧਰਮ ਵਿੱਚ ਨਿੱਤ ਵਾਧਾ ਹੋਇਆ। ਉਸ ਵੇਲੇ ਸਿੱਖਾਂ ਵਿਚਕਾਰ, ਸਿੱਖ ਧਰਮ ਬਾਰੇ ਨਾ ਕੋਈ ਸ਼ੰਕਾ ਸੀ ਨਾ ਸੁਆਲ। ਕਿਸੇ ਪਾਸਿਉਂ ਪਤਿਤ ਹੋਣ ਦੀ ਗੱਲ ਸੁਣਨੀ ਤਾਂ ਦੂਰ, ਸੋਚੀ ਵੀ ਨਹੀਂ ਸੀ ਜਾ ਸਕਦੀ। ਸਿੱਖ ਸਜਣ ਵਾਲਿਆਂ ਦੀਆਂ ਕਤਾਰਾਂ ਸਨ ਇਸਦੇ ਉਲਟ ਅਜ ਜੰਮਦਾ ਸਿੱਖ ਬੱਚਾ ਵੀ ਸ਼ੰਕੇ ਸੁਆਲਾਂ ਦੀਆਂ ਪੰਡਾਂ ਲੈ ਕੇ ਹੀ ਜੰਮਦਾ ਹੈ ਅਤੇ ਪਤਿਤ ਹੋਣ ਵਾਲਿਆਂ ਦੀਆਂ ਲਾਈਨਾ ਲੱਗੀਆਂ ਪਈਆਂ ਹਨ, ਕਿਉਂ?

ਡੇਰੇ-ਦੁਕਾਨਾਂ ਉਸ ਸਮੇਂ ਵੀ ਬਹੁਤ ਖੁਲ੍ਹਦੇ ਰਹੇ। ਬਲਕਿ ਉਹ ਡੇਰੇ ਤਾਂ ਖੁਲ੍ਹਦੇ ਵੀ ਗੁਰੂ ਪ੍ਰਵਾਰਾਂ ਵਿਚੋਂ ਸਨ ਫ਼ਿਰ ਵੀ ਚੱਲਿਆ ਇੱਕ ਨਹੀਂ, ਸਾਰੇ ਫ਼ੇਲ੍ਹ ਹੋਏ। ਕਿਉਂਕਿ ਉਸ ਸਮੇਂ ਸੰਗਤਾਂ ਨੂੰ ਗੁਮਰਾਹ ਕਰਨਾ ਸੌਖੀ ਖੇਡ ਨਹੀਂ ਸੀ। ਉਦੋਂ ਸਿੱਖ ਦਾ ਮਤਲਬ ਹੀ ਬਾਣੀ ਦੀ ਸਿੱਖਿਆ ਨਾਲ ਜੁੜਿਆ ਹੋਇਆ ਜੀਵਨ ਹੁੰਦਾ ਸੀ। ਅਜ ਕੀ ਹੋ ਰਿਹਾ ਹੈ? ਗੁਰਦੁਆਰੇ ਖਾਲੀ ਪਏ ਹਨ ਪਰ ਜੇ ਕੋਈ ਜ਼ਲੀਲ ਇਨਸਾਨ ਵੀ ਕੇਵਲ ਥੋੜ੍ਹਾ ਢੋਂਗ ਬਣਾ ਹੀ ਲੈਂਦਾ ਹੈ ਜਦਕਿ ਉਸਦਾ ਸਿੱਖੀ ਜਾਂ ਗੁਰੂਦਰ ਨਾਲ ਦੂਰ ਦਾ ਵੀ ਵਾਸਤਾ ਨਹੀਂ, ਉਥੇ ਵੀ ਸੰਗਤਾਂ ਦੀਆਂ ਲਾਈਨਾ ਲਗ ਜਾਂਦੀਆਂ ਹਨ। ਹਥਲੇ ਗੁਰਮੱਤ ਪਾਠ ਦੀ ਕੇਵਲ ਇਸ ਤੀਜੀ ਲਿਖਤ ਤੀਕ, ਬਿਹਾਰ ਤੋਂ ਕਿਸੇ ਭਈਏ ਆਸੂਤੋਸ਼ ਨੇ ਆ ਕੇ ਪੰਜਾਬ `ਚ ਆਪਣਾ ਜਾਲ ਵਿਛਾਇਆ ਤੇ ਉਥੇ ਲਾਈਨਾਂ, ਕਿਸੇ ਪਿਆਰਾ ਸਿੰਘ ਨੇ ਭਨਿਆਰੇ ਦੇ ਨਾਂ `ਤੇ ਡੇਰਾ ਖੋਲ੍ਹਿਆ ਅਤੇ ਆਪਣੇ ਢੋਂਗ ਦਾ ਗ੍ਰੰਥ ਸਥਾਪਤ ਕਰ ਕੇ ਬੈਠ ਗਿਆ ਤਾਂ ਉਥੇ ਲਾਈਨਾਂ। ਪੰਜਾਬ ਦੇ ਪਿੰਡ-ਪਿੰਡ `ਚ ਰੋਜ਼ਾਨਾ ਡੇਰੇ ਖੁਲ੍ਹ ਰਹੇ ਹਨ ਜਿਹੜੇ ਸਬੂਤ ਹਨ ਕਿ ਗੁਰਬਾਣੀ ਸੋਝੀ ਪੱਖੋਂ ਅਜ ਸਿੱਖ ਖਾਲੀ ਹਨ।

ਗੁਰਦੇਵ ਨੇ ਗੁਰਬਾਣੀ ਰਾਹੀਂ ਸਮੂਚੇ ਮਨੁੱਖ ਸਮਾਜ ਵਿਚਾਲੇ ਦੋ ਵਿਰੋਧੀ ਰਹਿਣੀਆਂ ਦੀ ਹੋਂਦ ਨੂੰ ਹੀ ਪ੍ਰਵਾਣਿਆ ਅਤੇ ਗੁਰਬਾਣੀ `ਚ ਉਨ੍ਹਾਂ ਦਾ ਭਰਵਾਂ ਵਰਨਣ ਵੀ ਕੀਤਾ ਹੋਇਆ ਹੈ। ਅਤੇ ਉਹ ਦੋ ਰਹਿਣੀਆਂ ਹਨ:-

"ਗੁਰਮੁਖ" ਦਾ ਜੀਵਨ ਅਤੇ "ਮਨਮੁਖ ਦਾ ਜੀਵਨ"

ਇਸ ਲਈ ਪੱਕਾ ਕਰਕੇ ਸਮਝਵਾ ਹੈ ਕਿ "ੴ" ਤੋਂ "ਤਨੁ ਮਨੁ ਥੀਵੈ ਹਰਿਆ ਤੀਕ" ਸਮੂਚੀ ਗੁਰਬਾਣੀ `ਚ ਗੁਰਦੇਵ ਨੇ, ਮਨੁੱਖ ਰਾਹੀਂ ਮਨੁੱਖ ਸਮਾਜ ਵਿਚਾਲੇ ਪ੍ਰਚਲਤ ਅਨੇਕਾਂ ਭਿੰਨ-ਭਿੰਨ ਧਰਮਾਂ, ਵਰਣਾਂ- ਜਾਤਾਂ, ਲਿੰਗ ਭੇਦ ਆਦਿ ਤੇ ਕਬੀਲਿਆਂ ਆਦਿ `ਤੇ ਆਧਾਰਤ ਮਨੁੱਖ ਵਿਚਾਲੇ ਵੰਡੀਆਂ ਤੇ ਵਖ੍ਰੇਵਿਆਂ ਨੂੰ ਉੱਕਾ ਹੀ ਪ੍ਰਵਾਣ ਨਹੀਂ ਕੀਤਾ।

ਹੋਰ ਤਾਂ ਹੋਰ, ਗੁਰਬਾਣੀ ਅਨੁਸਾਰ ਪ੍ਰਭੂ ਦੀ ਅਨੰਤ ਰਚਨਾ `ਚ, ਜਿੱਥੇ-ਕਿੱਥੇ ਵੀ ਮਨੁੱਖ ਵਿਚਰ ਰਿਹਾ ਹੈ ਮਨੁੱਖ ਸਮਾਜ ਵਿਚਾਲੇ ਕੇਵਲ ਉਪ੍ਰੋਕਤ ਦੋ ਵਿਰੋਧੀ ਜੀਵਨ ਰਹਿਣੀਆਂ ਹੀ ਹਨ ਅਤੇ ਉਹ ਹਨ "ਗੁਰਮੁਖ ਦਾ ਜੀਵਨ" ਅਤੇ "ਮਨਮੁਖ ਦਾ ਜੀਵਨ"।

ਤਾਂ ਤੇ ਗੁਰਬਾਣੀ ਅਨੁਸਾਰ "ਗੁਰਮੁਖ" ਅਤੇ "ਮਨਮੁਖ" ਸਮੂਚੇ ਮਨੁੱਖ ਸਮਾਜ ਵਿੱਚਲੀਆਂ ਇਹ ਦੋ ਵਿਰੋਧੀ ਜੀਵਨ-ਰਹਿਣੀਆਂ ਕੀ ਹਨ? ਇਸ ਵਿਸ਼ੇ `ਤੇ ਗੁਰਬਾਣੀ ਆਧਾਰਤ ਇੱਕ ਸਰਸਰੀ ਝਾਤ:-

"ਗੁਰਮੁਖ" ? - "ਗੁਰਮੁਖ" ਉਹ ਹਨ ਜਿਹੜੇ ਸਾਧ-ਸੰਗਤ `ਚ ਸ਼ਾਮਲ ਹੋ ਕੇ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ। ਇਸ ਤਰ੍ਹਾਂ ਉਹ ਮਨੁੱਖਾ ਜਨਮ ਦੇ ਇਕੋ-ਇਕ ਵਿਸ਼ੇਸ਼ ਮਕਸਦ ਨੂੰ ਸਮਝਣ ਤੇ ਪਹਿਚਾਨਣ ਪ੍ਰਤੀ ਸਦਾ ਸੁਚੇਤ ਰਹਿੰਦੇ ਹਨ। ਉਹ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜੇ ਰਹਿਕੇ, ਸ਼ਬਦ-ਗੁਰੂ ਦੀ ਬਖ਼ਸ਼ਿਸ਼ ਸਦਕਾ ਪ੍ਰਭੂ ਵਲੋਂ ਪ੍ਰਾਪਤ ਇਸ ਮਨੁੱਖਾ ਜਨਮ ਵਾਲੇ ਵਿਸ਼ੇਸ਼ ਅਵਸਰ ਨੂੰ ਸਫ਼ਲ ਕਰਕੇ ਦੰਸਾਰ ਤੋਂ ਜਾਂਦੇ ਹਨ।

"ਗੁਰਮੁਖ ਜਨ" ਮਨ ਤੇ ਸੁਰਤ ਕਰਕੇ ਸ਼ਬਦ-ਗੁਰੂ ਦੇ ਆਦੇਸ਼ਾ ਤੇ ਸਿਖਿਆਵਾਂ ਦਾ ਪਾਲਨ ਕਰਦੇ ਹੋਏ ਸੁਆਸ-ਸੁਆਸ ਪ੍ਰਭੂ ਦੇ ਰੰਗ `ਚ ਰੰਗੇ ਰਹਿੰਦੇ ਹਨ। ਇਸੇ ਕਾਰਣ ਗੁਰਬਾਣੀ ਵਿਚਾਰਧਾਰਾ ਅਨੁਸਾਰ ਉਹ ਸਰੀਰ ਤਿਆਗਣ ਤੋਂ ਬਾਅਦ ਭਿੰਨ ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਨਹੀਂ ਪੈਂਦੇ। ਰਾਅਸਲ ਉਹ ਜੀਂਦੇ ਜੀਅ ਹੀ ਆਪਣੇ ਅਸਲੇ ਪ੍ਰਭੂ `ਚ ਸਮਾਅ ਚੁੱਕੇ ਹੁੰਦੇ ਹਨ, ਉਸ ਨਾਲ ਅਭੇਦ ਹੋ ਚੁੱਕੇ ਹੁੰਦੇ ਹਨ।

"ਮਨਮੁਖ" ? - ਮਨਮੁਖ, ਜਿਹੜੇ ਲੋਕ ਗੁਰੂ-ਗੁਰਬਾਣੀ ਦੀ ਸ਼ਰਣ `ਚ ਨਹੀਂ ਆਉਂਦੇਉਹ ਆਪ-ਹੁੱਦਰੇ, ਹੂੜਮਤੀਏ ਤੇ ਮਨਮਤੀਏ ਰਹਿਕੇ, ਆਪਣੇ ਮਨ ਦੀ ਮੱਤ ਦੇ ਪਿਛੇ ਟੁਰੇ ਰਹਿੰਦੇ ਹਨ। ਇਸ ਤਰ੍ਹਾਂ ਉਹ ਪ੍ਰਭੂ ਦੀ ਬਖ਼ਸ਼ਿਸ਼ ਰਾਹੀਂ ਪ੍ਰਾਪਤ ਇਸ ਦੁਰਲਭ ਮਨੁੱਖਾ ਜਨਮ ਵਾਲੇ ਵਿਸ਼ੇਸ਼ ਅਵਸਰ ਨੂੰ ਵੀ ਸੰਸਾਰ ਤੋਂ ਬਿਰਥਾ ਕਰ ਕੇ ਜਾਂਦੇ ਹਨ।

ਮਨਮੁਖ ਜੀਂਦੇ ਜੀਅ ਵੀ ਵਿਕਾਰਾਂ, ਅਉਗੁਣਾਂ ਤੇ ਕੁਕ੍ਰਮਾਂ ਦੀਆਂ ਚੋਟਾਂ ਸਹਿਣ ਨੂੰ ਮਜਬੂਰ ਹੁੰਦੇ ਅਤੇ ਉਹ ਹਰ ਸਮੇਂ ਆਪਣੇ ਲਈ "ਆਤਮਕ ਮੌਤ" ਹੀ ਸਹੇੜੀ ਰਖਦੇ ਹਨ। ਜਿਸ ਤੋਂ ਉਹ ਜੀਵਨ ਦੌਰਾਨ, ਸੁਭਾਅ ਕਰਕੇ ਵੀ ਅਨੇਕਾਂ ਜੂਨਾਂ ਦੀ ਗੰਦਗੀ ਢੋਂਦੇ ਹਨ ਉਪ੍ਰੰਤ ਗੁਰਬਾਣੀ-ਅਨੁਸਾਰ ਉਹ ਸਰੀਰਕ ਮੌਤ ਤੋਂ ਬਾਅਦ ਵੀ ਮੁੜ ਉਨ੍ਹਾਂ ਹੀ ਭਿੰਨ ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਪੈ ਕੇ ਪਛਤਾਉਂਦੇ ਤੇ ਦੁਖੀ ਹੁੰਦੇ ਹਨ। ਯਥਾ:-

() "ਗੁਰਮੁਖਿ ਲਾਧਾ, ਮਨਮੁਖਿ ਗਵਾਇਆ" (ਪੰ: ੧੧)

() "ਸਭ ਇਕਠੇ ਹੋਇ ਆਇਆ॥ ਘਰਿ ਜਾਸਨਿ ਵਾਟ ਵਟਾਇਆ॥ ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ (ਪੰ: ੭੪

() "ਮਨਮੁਖ ਮਨੁ ਤਨੁ ਅੰਧੁ ਹੈ, ਤਿਸ ਨਉ ਠਉਰ ਨ ਠਾਉ॥ ਬਹੁ ਜੋਨੀ ਭਉਦਾ ਫਿਰੈ, ਜਿਉ ਸੁੰਞੈਂ ਘਰਿ ਕਾਉ॥ ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ" (ਪੰ: ੩੦)

() "ਮਨਮੁਖਿ ਹਉਮੈ ਕਰਿ ਮੁਸੀ, ਗੁਰਮੁਖਿ ਪਲੈ ਪਾਇ" (ਪੰ: ੬੩)

() "ਮਨਮੁਖ ਭਉਜਲਿ ਪਚਿ ਮੁਏ, ਗੁਰਮੁਖਿ ਤਰੇ ਅਥਾਹੁ" (ਪੰ: ੬੪)

() "ਪੰਚ ਦੂਤ ਮੁਹਹਿ ਸੰਸਾਰਾਮਨਮੁਖ ਅੰਧੇ ਸੁਧਿ ਨ ਸਾਰਾ॥ ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ, ਪੰਚ ਦੂਤ ਸਬਦਿ ਪਚਾਵਣਿਆ" (ਪੰ: ੧੧੩)

() "ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ॥ ਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ॥ ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ" (ਪੰ: ੩੦੧)

() "ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ॥ ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ" (ਪੰ: ੬੪੯)

() "ਮਨਮੁਖ ਅੰਧੇ ਕਿਛੂ ਨਾ ਸੂਝੈ॥ ਮਰਣੁ ਲਿਖਾਇ ਆਏ ਨਹੀ ਬੂਝੈ॥ ਮਨਮੁਖ ਕਰਮ ਕਰੇ ਨਹੀ ਪਾਏ, ਬਿਨੁ ਨਾਵੈ ਜਨਮੁ ਗਵਾਵਣਿਆ" (ਪੰ: ੧੧੪॥

() "ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ॥ ਗੁਰਮੁਖਿ ਚਾਨਣੁ ਜਾਣੀਐ, ਮਨਮੁਖਿ ਮੁਗਧੁ ਗੁਬਾਰੁ॥ ਘਟਿ ਘਟਿ ਜੋਤਿ, ਨਿਰੰਤਰੀ ਬੂਝੈ ਗੁਰਮਤਿ ਸਾਰੁ" (ਪੰ: ੨੦)

ਦਸਮੇਸ਼ ਪਿਤਾ ਦੇ ਸਮੇਂ ਤੀਕ? - ਵਿਚਾਰਣ ਦਾ ਵਿਸ਼ਾ ਹੈ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਜਿੱਥੇ ਮਨੁਖ `ਚ ਦਿਨੋ-ਦਿਨ ਜਾਗ੍ਰਤੀ ਆ ਰਹੀ ਸੀ। ਉਥੇ ਨਾਲ ਹੀ ਉਹ ਲੋਕ ਵੀ ਉੱਭਰ ਰਹੇ ਸਨ ਜਿਹੜੇ ਸੱਚ ਦੇ ਜੀਵਨ ਦੀ ਪਛਾਣ ਨਹੀਂ ਸਨ ਕਰ ਸਕਦੇ। ਉਹ ਲੋਕ ਧਰਮ ਦੇ ਲੇਬਲ ਹੇਠ ਚਲਾ ਰਹੇ ਆਪਣੀ ਦੁਕਾਨਦਾਰੀ ਉਪਰ, ਸਿੱਖ ਧਰਮ ਦੇ ਪ੍ਰਸਾਰ ਨੂੰ ਵੱਡਾ ਹਮਲਾ ਤੇ ਵਾਰ ਮੰਣਦੇ ਸਨ। ਇਹ ਲੋਕ ਗੁਰੂਦਰ ਦੇ ਤਨੋਂ ਮਨੋਂ ਵਿਰੋਧੀ ਸਨ। ਰਾਇ ਬੁਲਾਰ ਪਾਸ ਸ਼ਿਕਾਇਤਾਂ ‘ਸਾਡਾ ਖੇਤ ਨਾਨਕ ਦੀਆਂ ਮੱਝੀਆਂ ਚਰ ਗਈਆਂ ਹਨ’ ਇਸ ਵਿਰੋਧੀ ਸੜ੍ਹਾਂਦ ਦਾ ਹੀ ਉਭਾਰ ਤੇ ਅਰੰਭ ਸੀ। ਬ੍ਰਾਹਮਣ ਮੱਤ ਕੀ ਸੀ? ਇਹ ਮੱਤ ਸੀ ਮਨੁੱਖ ਨੂੰ, ਅਕਾਲਪੁਰਖੁ ਤੋਂ ਤੋੜਣਾ ਅਤੇ ਆਪਣੀ ਪੂਜਾ ਕਰਵਾਉਣਾ ਤਰੀਕਾ ਸੀ ਅਨੇਕਾਂ ਫ਼ਰਜ਼ੀ ਭਗਵਾਨਾਂ-ਦੇਵੀ-ਦੇਵਤਿਆਂ, ਰੀਤਾਂ-ਵਹਿਮਾਂ-ਭਰਮਾਂ, ਵਰਾਂ-ਸਰਾਪਾਂ, ਸਗਨਾਂ-ਅਪਸਗਨਾਂ, ਟੇਵੇ-ਮਹੂਰਤਾਂ-ਜਨਮਪਤ੍ਰ੍ਰੀਆ-ਰਾਸ਼ੀਆਂ-ਹਾਰੋਸਕੋਪਾਂ, ਗ੍ਰਿਹ-ਨਖਤ੍ਰਾਂ ਦੇ ਪ੍ਰਭਾਵ ਤੇ ਉਨ੍ਹਾਂ ਦੇ ਉਪਾਵਾਂ ਦਾ ਤਾਨਾ-ਬਾਨਾ। ਫ਼ਿਰ ਉਸੇ ਤਾਨੇ-ਬਾਨੇ ਤੋਂ ਹੀ ਤਾਂ ਉਸਦੀ ਰੋਟੀ ਰੋਜ਼ੀ ਚੱਲਦੀ ਸੀ, ਇਸੇ ਲਈ ਗੁਰੂਦਰਬਾਰ ਦੀ ਪ੍ਰਫੁਲੱਤਾ ਤੋਂ ਉਹੀ ਸਭ ਤੋਂ ਵਧ ਦੁਖੀ ਸੀ। ਦਸਮੇਸ਼ ਪਿਤਾ ਦੇ ਸਮੇਂ ਤੀਕ ਇੰਨ੍ਹਾਂ ਵੱਲੋਂ ਵਿਰੋਧਤਾ ਅਤੇ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲੇ ਯਤਨ ਇੱਕ ਦਿਨ ਵੀ ਨਹੀਂ ਸਨ ਰੁਕੇ। ਵੱਖਰੀ ਗੱਲ ਹੈ ਕਿ ਉਸ ਵਰਗ ਵਿਚੋਂ ਵੀ, ਜਿਹੜੇ ਇਸ ਰੱਬੀ ਸੱਚ ਵੱਲ ਪਰੇਰੇ ਜਾਂਦੇ, ਉਹ ਸਿੱਖ ਧਰਮ ਦੇ ਪ੍ਰਚਾਰਕ ਤੀਕ ਹੋ ਨਿੱਬੜਦੇ।

ਗੁਰੂ ਪ੍ਰਵਾਰਾਂ ਵਿਚਾਲੇ ਘੁਸਪੈਠ ਤੇ ਗੁਰੂਡੰਮ ਚਲਵਾਉਣੇ, ਲੰਗਰਾਂ `ਚ ਵਿਘਣ ਤੇ ਬਹੁਤ ਕੁੱਝ ਚੱਲਦਾ ਰਿਹਾ। ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ `ਚ ਵੀ ਇਸੇ ਵਰਗ ਦਾ ਹੀ ਹੱਥ ਸੀ। ਬੀਰਬਲ, ਮੂਲ ਰੂਪ `ਚ ਮਹੇਸ਼ਦਾਸ ਬ੍ਰਹਾਮਣ ਹੀ ਸੀ ਅਤੇ ਸਰਕਾਰੀ ਦਰਬਾਰੇ ਇੰਨ੍ਹਾਂ ਜਾਤ ਅਭਿਮਾਨੀਆਂ ਦਾ ਆਗੂ ਵੀ ਸੀ। ਗੰਗੂ ਰਸੋਈਆ, ਵਜੀਦੇ ਦੇ ਦਰਬਾਰ `ਚ ਸੁੱਚਾਨੰਦ, ਇਤਿਹਾਸ ਦੇ ਪੰਨਿਆਂ ਉਪਰ ਕਾਲੇ ਧੱਬੇ ਹਮੇਸ਼ਾਂ ਕਾਇਮ ਰਹਿਣਗੇ। ਇਹ ਸਚਾਈ ਵੀ ਦਿਨ ਦੀਵੀਂ ਪ੍ਰਗਟ ਹੈ ਕਿ ਇਸ ਤਰ੍ਹਾਂ ਬੇਅੰਤ ਹਮਲੇ ਕਰ ਕੇ ਵੀ ਦਸਮੇਸ਼ ਜੀ ਦੇ ਸਮੇਂ ਤੀਕ ਗੁਰੂ ਦਰਬਾਰ `ਚ ਘੁਸਪੈਠ ਲਈ ਵਿਰੋਧੀਆਂ ਦੀ ਦਾਲ ਨਹੀਂ ਸੀ ਗਲੀ। ਇਸਦਾ ਮੁੱਖ ਕਾਰਣ ਗੁਰਬਾਣੀ ਦਾ ਸਿੱਕੇ-ਬੰਦ ਪ੍ਰਚਾਰ ਅਤੇ ਗੁਰੂ ਸਾਹਿਬਾਨ ਦਾ ਇਸ ਉਪਰ ਸਖ਼ਤ ਪਹਿਰਾ ਸੀ। ਪ੍ਰਚਾਰਕ ਥਾਪੇ ਜਾਂਦੇ, ਮੰਜੀਆਂ ਅਤੇ ਪੀੜ੍ਹੇ ਕਾਇਮ ਕੀਤੇ ਜਾਂਦੇ, ਮਸੰਦ ਪ੍ਰਥਾ ਚਲਾਈ, ਫ਼ਿਰ ਜੇਕਰ ਉਸ `ਚ ਨੁਕਸ ਆ ਗਿਆ ਤਾਂ ਦਸਮੇਸ਼ ਜੀ ਨੇ ਪ੍ਰਥਾ ਨੂੰ ਹੀ ਬੰਦ ਕਰ ਦਿਤਾ। ਪ੍ਰਚਾਰ ਤੇ ਪ੍ਰਚਾਰਕ `ਤੇ ਸਖਤ ਕੁੰਡੇ ਦਾ ਮਕਸਦ ਹੀ ਬਾਣੀ ਦੀ ਵਿਚਾਰਧਾਰਾ ਦਾ ਹਰੇਕ ਪੜ੍ਹੇ-ਅਨਪੜ੍ਹ ਤੀਕ ਉਸਦੇ ਸ਼ੁੱਧ ਸਰੂਪ ਵਿੱਚ ਪਹੁੰਚਾਣਾ ਸੀ। ਇਹੀ ਕਾਰਣ ਹੈ ਕਿ ਉਸਦੇ ਪ੍ਰਚਾਰ ਲਈ ਥਾਪੇ ਪ੍ਰਚਾਰਕਾਂ ਉਪਰ ਗੁਰੂ ਸਾਹਿਬਾਨ ਦਾ ਸਖਤ ਪਹਿਰਾ ਵੀ ਹੁੰਦਾ ਸੀ।

ਸਿੱਖੀ ਜੀਵਨ ਅਤੇ ਗੁਰਬਾਣੀ ਵਿੱਚਕਾਰ ਫ਼ਾਸਲੇ ਦਾ ਆਰੰਭ ਕਦੋਂ ਤੋਂ? - ਦਸੰਬਰ ਸੰਨ ੧੭੦੪ `ਚ ਦਸਮੇਸ਼ ਜੀ ਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਅਰੰਭ ਹੋ ਕੇ ਸੰਨ ੧੭੧੫ ਬਾਬਾ ਬੰਦਾ ਸਿੰਘ ਬਹਾਦੁਰ ਦੀ ਗ੍ਰਿਫਤਾਰੀ ਤੀਕ, ਪੰਥ ਕੋਲ ਟਿਕਾਅ ਦਾ ਉਕਾ ਸਮਾਂ ਨਹੀਂ ਸੀ। ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਸ਼ਹਿਰੀ ਜੀਵਨ ਦਾ ਤਿਆਗ ਕਰਣਾ ਪਿਆ। ਇਤਿਹਾਸਕ ਸਥਾਨ, ਗੁਰਦੁਆਰੇ, ਸ਼ਰਧਾਲੂ ਪ੍ਰਵਾਰ ਤਾਂ ਵੱਸੋਂ `ਚ ਰਹੇ, ਪਰ ਜੁਝਾਰੂ ਸਿੱਖ ਅਤੇ ਉਨ੍ਹਾਂ ਦੇ ਪ੍ਰਵਾਰਾਂ ਦਾ ਵਾਸਾ ਬਹੁਤਾ ਕਰ ਕੇ ਜੰਗਲਾਂ, ਪਹਾੜਾਂ ਜਾਂ ਮਾਰੂਥਲਾਂ ਵਿੱਚ ਬਦਲ ਗਿਆ। ਇੰਨ੍ਹਾਂ ਪਿੱਛੇ ਹਰ ਸਮੇਂ ਵੈਰੀ ਦਲ ਦੀਆ ਫੋਜਾਂ ਦੀ ਚੜ੍ਹਤ, ਟਿਕਾਅ ਕਿਤੇ ਨਹੀਂ। ਅਤਿ ਦੀ ਭੀੜਾ ਦਾ ਸਮਾਂ ਸੀ ਇਹ ਅਤੇ ਉਸ ਨਾਲ ਹੀ ਅਰੰਭ ਹੁੰਦਾ ਹੈ ਗੁਰਬਾਣੀ ਜੀਵਨ ਅਤੇ ਸਿੱਖ ਵਿਚਕਾਰ ਫ਼ਾਸਲਾ।

ਗੁਰਦੁਆਰਿਆਂ `ਚ ਬਿਪਰ ਦਾ ਪ੍ਰਵੇਸ਼- ਲਗਭਗ ਚੌਰਾਸੀ ਸਾਲਾਂ ਬਾਅਦ, ਸੰਨ ੧੭੯੯ `ਚ ਜਾ ਕੇ ਮਹਾਰਾਜਾ ਰਣਜੀਤ ਸਿੰਘ ਰਾਹੀਂ ਖਾਲਸਾ ਰਾਜ ਸਥਾਪਤ ਹੋਇਆ। ਇੰਨ੍ਹਾਂ ਚੌਰਾਸੀ ਸਾਲਾਂ ਦੌਰਾਨ, ਸ਼ਹਿਰਾਂ ਵਿੱਚ ਸਿੱਖੀ ਦਾ ਸੋਮਾਂ ਗੁਰਦੁਆਰੇ ਪੂਰੀ ਤਰ੍ਹਾਂ ਵਿਰੋਧੀਆਂ ਦੇ ਕਬਜ਼ੇ `ਚ ਚਲੇ ਗਏ। ਵਿਰੋਧੀਆਂ ਨੂੰ ਜਿਹੜੀ ਸਫਲਤਾ ਪਿਛਲੇ ਢਾਈ ਸੌ ਸਾਲਾਂ `ਚ ਨਹੀਂ ਸੀ ਮਿਲੀ, ਇੰਨ੍ਹਾਂ ਲਈ ਤਾਂ ਰਾਤੋ-ਰਾਤ, ਜਿਵੇਂ ਸਾਰੇ ਰਸਤੇ ਹੀ ਖੁੱਲ੍ਹ ਗਏ ਸਨ। ਬ੍ਰਾਹਮਣ ਵਰਗ ਵਿਚੋਂ ਹੀ ਮਿਠਬੋਲੜੇ ਬਣ, ਕਈਆਂ ਨੇ ਬਾਣੀ ਦਾ ਉਹਲਾ ਲਿਆ ਅਤੇ ਗੁਰਦੁਆਰਿਆਂ ਦੇ ਮਹੰਤ, ਪੁਜਾਰੀ ਬਣ ਬੈਠੇ। ਕਈਆਂ ਦੇ ਰਿਸ਼ਤੇਦਾਰ ਬਜ਼ੁਰਗ, ਜਿੰਨ੍ਹਾਂ ਨੇ ਬ੍ਰਾਹਮਣ ਮੱਤ ਨੂੰ ਤਿਆਗ ਕੇ, ਸਿੱਖੀ `ਚ ਨਾਮਨਾ ਖੱਟਿਆ ਸੀ, ਸ਼ਹੀਦੀਆਂ ਤੀਕ ਦਿੱਤੀਆਂ ਸਨ, ਪ੍ਰਚਾਰਕ ਥਾਪੇ ਗਏ ਸਨ-ਆਪਣੇ ਉਨ੍ਹਾਂ ਸੰਬੰਧੀਆਂ, ਬਜ਼ੁਰਗਾਂ ਨਾਲ ਟਾਂਕਾ ਜੋੜ ਕੇ, ਸਿੱਖੀ ਪ੍ਰਚਾਰ ਸਿਸਟਮ ਚ ਘੁਸਪੈਠ ਕਰ ਲਈ, ਬਲਕਿ ਗੱਦੀਦਾਰ ਤੀਕ ਬਣ ਬੈਠੇ ਅਤੇ ਅਜ ਵੀ ਅਜੇਹੇ ਬਹੁਤੇਰੇ ਮਿਲ ਸਕਦੇ ਹਨ।

ਸਚਾਈ ਇਹ ਹੈ ਕਿ ਕਿਸੇ ਗੁਰੂ ਵਿਅਕਤੀ ਨੇ ਜੇਕਰ ਕਦੇ ਕੋਈ ਪ੍ਰਚਾਰਕ, ਗੱਦੀਦਾਰ ਥਾਪਿਆ ਜਾਂ ਬਖ਼ਸ਼ਿਸ਼ ਕੀਤੀ ਤਾਂ ਉਸ ਦੀ ਸੀਮਾਂ ਉਸ ਵਿਅਕਤੀ ਤੀਕ ਹੀ ਸੀ। ਆਮ ਮਨੁੱਖ ਦੀ ਤਾਂ ਗੱਲ ਹੀ ਛਡ ਦਿਉ! ਜਿਹੜੀ ਬਖਸ਼ਿਸ਼ ਬਾਬਾ ਲਹਿਣਾ ਜੀ, ਬਾਬਾ ਅਮਰਦਾਸ ਜੀ, ਭਾਈ ਜੇਠਾ ਜੀ ਨੂੰ ਪ੍ਰਾਪਤ ਹੋਈ, ਉਸਦੇ ਹੱਕਦਾਰ ਕੇਵਲ ਉਹ ਹੀ ਸਨ, ਉਨ੍ਹਾਂ ਦੇ ਪ੍ਰਵਾਰ ਦੇ ਦੂਜੇ ਸੱਜਨ ਨਹੀਂ। ਇਸੇ ਤਰ੍ਹਾਂ ਜਿਹੜੀ ਬਖਸ਼ਿਸ਼ ਪੰਚਮ ਪਾਤਸ਼ਾਹ ਨੂੰ ਪ੍ਰਾਪਤ ਹੋਈ, ਉਨ੍ਹਾਂ ਦੇ ਭ੍ਰਾਤਾ ਹੋਣ ਦੇ ਬਾਵਜੂਦ ਪ੍ਰਿਥੀ ਚੰਦ, ਮਹਾਂਦੇਵ ਉਸਦੇ ਹੱਕਦਾਰ ਨਹੀਂ ਸਨ। ਇਸਦੇ ਉਲਟ, ਅੱਜ ਅਨੇਕਾਂ ਪਾਖੰਡੀ; ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਠੇਕੇਦਾਰ ਅਤੇ ਗੱਦੀਦਾਰ ਬਣ ਕੇ ਬਰਸਾਤੀ ਖੁੰਬਾਂ ਦੀ ਵਾਂਙ ਨਿੱਤ ਪ੍ਰਗਟ ਹੋ ਰਹੇ ਹਨ। ਆਪਣੇ ਅੰਤਮ ਸਮੇਂ ਬਾਬਾ ਸ੍ਰੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਦੇ ਸਨਮੁੱਖ, ਆਪਣੀ ਭੁੱਲ ਸਵੀਕਾਰ ਕਰ ਲਈ ਅਤੇ ਗੁਰੂ ਦਰਬਾਰ ਤੋਂ ਵਖ੍ਰੇਵਾਂ ਤਿਆਗ ਦਿੱਤਾ। ਆਪਣੇ ਚਾਰੋਂ ਧੂਨੀਏ (ਪ੍ਰਚਾਰਕ) ਗੁਰੂ ਪਾਤਸ਼ਾਹ ਦੇ ਸਪੁਰਦ ਕਰ ਦਿੱਤੇ। ਫ਼ਿਰ ਵੀ ਇਸ ਬਿਖੜੇ ਸਮੇਂ ਅਨੇਕਾਂ ਅਖੌਤੀ ਉਦਾਸੀ, ਸਿੱਖ ਇਤਿਹਾਸਕ ਸਥਾਨਾਂ `ਤੇ ਕਾਬਜ਼ ਹੋ ਗਏ ਜਾਂ ਆਪਣੇ ਡੇਰਿਆਂ ਦਾ ਟਾਂਕਾ ਸਿੱਖ ਧਰਮ ਨਾਲ ਜੋੜ ਕੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਪਿੱਛੇ ਲਾ ਲਿਆ।

ਬਨਾਰਸ ਦੇ ਪੜ੍ਹੇ ਲਿਖੇ ਵਿਦਵਾਨ ਪੰਡਤਾਂ ਨੇ ਹੋਰ ਖੇਡ ਖੇਡੀ। ਸਿੱਖਾਂ ਵਿਚਕਾਰ ਇੱਕ ਨਵਾਂ ‘ਨਿਰਮਲੇ’ ਨਾਂ ਦਾ ਸੰਪ੍ਰਦਾਇ ਸਥਾਪਤ ਕਰ ਦਿੱਤਾ। ਇਸ ਸਮੇਂ ਕਲਮ ਤਾਂ ਉਨ੍ਹਾਂ ਕੋਲ ਹੀ ਸੀ, ਇਸ ਨਵੇਂ ਫ਼ਿਰਕੇ ਨੂੰ ਦਸਮੇਸ਼ ਜੀ ਰਾਹੀਂ ਥਾਪਿਆ ਦੱਸਿਆ ਗਿਆ। ਭਾਵੇਂ ਕਿ ਗੁਰਮੱਤ ਦੀ ਕਸਵੱਟੀ `ਤੇ ਉਹ ਫ਼ਰਜ਼ੀ ਸਾਖੀ ਕਿਸੇ ਤਰ੍ਹਾਂ ਵੀ ਪੂਰੀ ਨਹੀਂ ਉਤਰਦੀ। ਸੰਸਕ੍ਰਿਤ ਗੁਰੂ ਦਰ ਲਈ ਵਿਸ਼ੇਸ਼ ਜਾਂ ਲੋੜੀਂਦੀ ਭਾਸ਼ਾ ਨਹੀਂ ਸੀ, ਨਾ ਹੀ ਇਸਦੀ ਵਿੱਦਿਆ ਪ੍ਰਾਪਤੀ ਲਈ ਸਿੱਖ ਨੇ ਆਪਣੇ ਕਛਹਿਰੇ, ਕੜੇ, ਕ੍ਰਿਪਾਨਾਂ ਆਦਿ ਕਕਾਰਾਂ ਦਾ ਤਿਆਗ ਕਰਣਾ ਸੀ। ਉਹ ਵੀ ਇਸ ਲਈ ਕਿ ਬ੍ਰਾਹਮਣਾਂ ਕੋਲੋਂ ਵੈਦਿਕ ਵਿੱਦਿਆ ਲੈਣ ਲਈ ਬਨਾਰਸ ਜਾਣਾ ਸੀ। ਵੇਦਾਂ, ਸ਼ਾਸਤ੍ਰਾਂ ਜਾਂ ਬ੍ਰਾਹਮਣ ਬਾਰੇ ਗੁਰਬਾਣੀ ਦਾ ਫੈਸਲਾ, ਛੁਪੀ ਗੁੱਝੀ ਚੀਜ਼ ਕਦੇ ਨਹੀਂ ਸੀ। ਕੀ ਪਾਹੁਲਧਾਰੀ ਸਿੱਖਾਂ ਕੋਲੋਂ ਸਿੱਖੀ ਰਹਿਨੀ ਤੇ ਮਰਿਆਦਾ ਤਿਆਗ ਕਰਵਾ ਕੇ ਇਸੇ ‘ਬ੍ਰਾਹਮਣ ਗੁਰੂ’ ਤੋਂ ਦੀਖਿਆ ਦੀ ਲੋੜ ਪੈ ਗਈ ਅਤੇ ਉਹ ਵੀ ਦਸਮੇਸ਼ ਜੀ ਨੂੰ? ਬ੍ਰਾਹਮਣ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ "ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ" (ਪੰ: ੧੩੭੭)। ਹੋਰ ਤਾਂ ਹੋਰ ਅਜ ਵੀ ਇੰਨ੍ਹਾਂ ਨਿਰਮਲਿਆਂ ਦੀ ਰਹਿਨੀ ਕੱਟੜ ਬ੍ਰਾਹਮਣਾਂ ਵਾਲੀ ਹੀ ਹੈ, ਜਿਹੜੀ ਕਿ ਗੁਰਮੱਤ ਰਹਿਨੀ ਉਪਰ ਸਿੱਧਾ ਹਮਲਾ ਹੈ।

ਫ਼ਿਰ ਬਨਾਰਸ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰਮੱਤ ਪ੍ਰਚਾਰ ਦਾ ਕੇਂਦ੍ਰ ਸੀ। ਪੰਜਵੇਂ ਪਾਤਸ਼ਾਹ ਸਮੇਂ ਭਾਈ ਗੁਰਦਾਸ ਜੀ ਵਰਗੇ ਮਹਾਨ ਪ੍ਰਚਾਰਕ ਉਸ ਇਲਾਕੇ `ਚ ਹੀ ਲਗਾਤਾਰ ਪ੍ਰਚਾਰ ਕਰਦੇ ਰਹੇ। ਵਿਚਾਰਣ ਦਾ ਵਿਸ਼ਾ ਹੈ, ਕਿ ਫ਼ਿਰ ਸਿੱਖਾਂ ਨੇ ਉਥੋਂ ਜਾ ਕੇ ਉਨ੍ਹਾਂ ਬ੍ਰਾਹਮਣਾਂ ਕੋਲੋ ਕਿਹੜੀ ਵਿੱਦਿਆ ਲੈਣੀ ਸੀ? ਸਚਾਈ ਦੀ ਤਹਿ ਤੀਕ ਪੁੱਜਦੇ ਦੇਰ ਨਹੀਂ ਲਗਦੀ। ਇਸੇ ਤਰ੍ਹਾਂ ਸਮੇਂ ਦਾ ਲਾਭ ਲੈ ਕੇ ਅਨੇਕਾਂ ਬੇਦੀ-ਸੋਢੀ ਵੀ ਗੱਦੀਦਾਰ ਬਣ ਬੈਠੇ ਜਦਕਿ ਸਿੱਖ ਧਰਮ ਦੀ ਅਜੇਹੀ ਕੋਈ ਸੇਧ ਹੈ ਨਾ ਨਿਯਮ। ਇਥੇ ਤਾਂ ਸਿਧਾਂਤ ਹੀ "ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ" (ਪੰ: ੮) ਦਾ ਹੈ ਜਾਤ-ਕੁਲ ਲਈ ਤਾਂ "ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ" (ਪੰ: ੮੩) ਜਾਂ "ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥   ॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ" (ਪ: ੩੨੪) ਵਾਲੇ ਸਪਸ਼ਟ ਫ਼ੈਸਲੇ ਹਨ।

ਮਰਜ਼ ਲਗਾਤਾਰ ਵਾਧੇ `ਤੇ ਹੀ ਹੈ- ਇੰਨ੍ਹਾਂ ਚੌਰਾਸੀ ਸਾਲਾਂ ਦੌਰਾਨ ਕਿੰਨੀਆਂ ਹੀ ਪੀੜ੍ਹੀਆਂ ਤੀਕ ਗੁਰਬਾਣੀ ਦੇ ਪ੍ਰਚਾਰਕ, ਲਿਖਾਰੀ, ਕੀਰਤਨੀ, ਸ਼ਕਲ `ਚ ਤਾਂ ਭਾਂਵੇ ਹੋਣਗੇ ਪਰ ਸਿੱਖ ਨਹੀਂ ਸਨ। ਇਹ ਸਨ ਉਦਾਸੀ-ਨਿਰਮਲੇ-ਮਹੰਤਾਂ-ਪੁਜਾਰੀਆਂ, ਬੇਦੀਆਂ-ਸੋਢੀਆਂ ਜਾਂ ਅਨਪੜ੍ਹ ਤੇ ਪੜ੍ਹੇ ਲਿਖੇ ਵਰਗਾਂ ਦੇ ਬ੍ਰਾਹਮਣ। ਧਿਆਨ ਦੇਣ ਗੱਲ ਹੈ ਕਿ ਬ੍ਰਾਹਮਣ ਵੀ ਕੋਈ ਹੋਰ ਨਹੀਂ ਬਲਕਿ ਉਹੀ ਸੀ-ਜਿਸ ਨੇ ਭਾਰਤ `ਚ ਜਨਮੇ, ਪ੍ਰਵਾਣ ਚੜ੍ਹੇ, ਸਮ੍ਰਾਟ ਅਸ਼ੋਕ-ਹਰਸ਼ਵਰਧਨ ਸਮੇਂ ਮਹਾਨ ਬਲਸ਼ਾਲੀ ਰਾਜ ਧਰਮ ਦੇ ਮਾਲਿਕ ਰਹਿ ਚੁੱਕੇ, ਲਗਾਤਾਰ ੧੩੦੦ ਸਾਲਾਂ ਤੀਕ ਭਾਰਤ `ਚ ਜੜ੍ਹਾਂ ਜਮਾ ਚੁੱਕੇ, ਬੁਧ ਮੱਤ ਨੂੰ-ਸ਼ੰਕਰਾਚਾਰੀਆ (ਬ੍ਰਾਹਮਣ) ਦੀ ਅਗਵਾਈ ਵਿੱਚ ਨੇਸਤੋ-ਨਾਬੂਦ ਕਰ ਦਿੱਤਾ ਗਿਆ। ਫ਼ਿਰ ਜੇ ਬੁੱਧ ਮੱਤ ਬਚਿਆ ਤਾਂ ਭਾਰਤ ਤੋਂ ਬਾਹਰ ਜਾ ਕੇ, ਭਾਰਤ ਚ ਨਹੀਂ। ਬੜੀ ਕੁਟਲਨੀਤੀ ਨਾਲ, ਮਹਾਤਮਾ ਬੁੱਧ ਨੂੰ ਵਿਸ਼ਨੂੰ ਦਾ ਦਸਵਾਂ ਅਵਤਾਰ ਘੋਸ਼ਤ ਕਰ ਕੇ ਆਪਣੇ ਇਸ਼ਟਾਂ ਦੀ ਲਿਸਟ `ਚ ਜੋੜ ਲਿਆ, ਉਸ ਦੀਆਂ ਮੂਰਤੀਆਂ ਨੂੰ ਆਪਣੇ ਮੰਦਰਾਂ ਚ ਦਿੱਤਾ।

ਬੁੱਧ ਮੱਤ ਦੀ ਰਹਿਤ ਮਰਿਆਦਾ ਨੂੰ ਖਲਤ-ਮਲਤ ਕਰ ਕੇ, ਬ੍ਰਹਾਮਣੀ ਰੰਗ ਚੜ੍ਹਾ ਦਿਤਾ ਤੇ ਬੋਧੀਆਂ ਦੇ ਜੀਵਨ ਵਿਚੋਂ ਬੁੱਧ ਮੱਤ ਦੀ ਅਸਲੀਅਤ ਨੂੰ ਹੀ ਭੁਲਵਾ ਦਿੱਤੀ। ਸਿੱਧੇ ਹਮਲੇ ਕਰ ਕੇ ਗਇਆ ਦੇ ਵੱਟ ਬਿਰਖ ਸਮੇਤ ਉਨ੍ਹਾਂ ਦੇ ਮੱਠਾਂ, ਧਰਮ ਸਥਾਨਾਂ ਨੂੰ ਬਰਬਾਦ ਕਰ ਦਿਤਾ ਜਾਂ ਰੰਗ ਰੂਪ ਬਦਲ ਕੇ ਅਪਣੇ ‘ਇਤਿਹਾਸਕ’ ਮੰਦਰਾਂ `ਚ ਤਬਦੀਲ ਕਰ ਲਿਆ। ਅਨੇਕਾਂ ਬੌਧ ਭਿਕਸ਼ੂ ਮਾਰ ਮੁਕਾਏ ਜਾਂ ਮੁਲਕ ਛੱਡ ਕੇ ਦੌੜਣ ਲਈ ਮਜਬੂਰ ਕੀਤੇ ਗਏ। ਕਾਮ, ਸਾਮ, ਰਾਜ ਦੰਡ `ਚ ਮਾਹਿਰ ਜਿਸ ਬ੍ਰਾਹਮਣ ਨੇ ਬੁੱਧ ਮੱਤ ਦਾ ਭਾਰਤ ਵਿਚੋਂ ਬੀਜ ਨਾਸ ਕੀਤਾ ਸੀ, ਹੁਣ ਇਸਦੇ ਉਹੀ ਹਥਿਆਰ ਸਿੱਖ ਧਰਮ ਵੱਲ ਸਨ। ਬਲਕਿ ਅਜ ਉਸ ਨੂੰ ਗੁਰਦੁਆਰਿਆਂ ਉਪਰ ਹਮਲੇ ਕਰਣ ਦੀ ਵੀ ਲੋੜ ਨਹੀਂ ਸੀ ਕਿਉਂਕਿ ਇਥੇ ਤਾਂ ਉਹ ਸਿੱਖੀ ਪ੍ਰਚਾਰ ਦਾ ਕਰਤਾ-ਧਰਤਾ ਹੀ ਬਣ ਚੁੱਕਾ ਦਾ ਸੀ।

ਬ੍ਰਾਹਮਣ, ਉਦਾਸੀ, ਨਿਰਮਲੇ, ਮਹੰਤ, ਪੁਜਾਰੀ ਇੰਨ੍ਹਾਂ ਵਿਚੋਂ ਸਾਰੇ ਦੇ ਸਾਰੇ ਹੀ ਗੁਰੂ ਦਰ ਵਾਸਤੇ ਇੱਕ ਤੋਂ ਵਧ ਦੂਜਾ ਖਤਰਨਾਕ ਸਨ। ਹਰ ਕਿਸੇ ਦਾ ਜ਼ੋਰ `ਤੇ ਕਰਨੀ ਅਪਣੇ ਅਪਣੇ ਢੰਗ ਨਾਲ ਸਿੱਖੀ ਨੂੰ ਤਬਾਹ ਤੇ ਬਰਬਾਦ ਕਰਣ ਵਾਲੀ ਹੀ ਸੀ। ਉਦਾਸੀ ਤਾਂ ਆਪਣਾ ਸਿੱਧਾ ਰਿਸ਼ਤਾ ਹੀ ਗੁਰੂ ਨਾਨਕ ਪਾਤਸ਼ਾਹ ਨਾਲ ਜੋੜਦੇ ਸਨ। ਇੰਨ੍ਹਾਂ ਨੇ ਅਜੇਹੀਆਂ ਬੇਸਿਰਪੈਰ ਸਾਖੀਆਂ ਦੇ ਨਾਂ ਹੇਠ ਕਹਾਣੀਆਂ ਪ੍ਰਚਲਤ ਕੀਤੀਆਂ ਕਿ ਰੱਬ ਹੀ ਮੇਹਰ ਕਰੇ। ਗੁਰੂ ਕੀਆਂ ਸੰਗਤਾਂ ਤਾਂ ਹੁਣ ਸਨ ਹੀ ਇੰਨ੍ਹਾਂ ਦੇ ਰਹਿਮੋ-ਕਰਮ `ਤੇ। ਜਿਹੜਾ ਮਸਾਲਾ ਦਿੱਤਾ ਜਾ ਰਿਹਾ ਸੀ, ਸਾਰੇ ਦਾ ਮਕਸਦ ਉਦਾਸੀ ਸੰਪ੍ਰਦਾਇ ਦੀ ਸਮ੍ਰਥਾ ਨੂੰ ਗੁਰੂ ਸਾਹਿਬ ਤੋਂ ਵੱਧ ਸਾਬਤ ਕਰਣਾ ਸੀ।

ਮਿਸਾਲ ਵਜੇਂ ‘ਸੁਖਮਨੀ ਸਾਹਿਬ ਦੀ ਸੋਲ੍ਹਵੀਂ (੧੬ਵੀਂ) ਅਸ਼ਟਪਦੀ ਤੋਂ ਅੱਗੇ ਪੰਜਵੇਂ ਪਾਤਸ਼ਾਹ ਨੂੰ ਬਾਣੀ ਫੁਰਣੀ ਬੰਦ ਹੋ ਗਈ: ਇਹ ਬਖਸ਼ਿਸ਼ ਸ੍ਰੀ ਚੰਦ ਨੇ ਕੀਤੀ ਤਾਂ ਜਾ ਕੇ ਚੌਵੀ ਅਸ਼ਟਪਦੀਆਂ ਸੰਪੂਰਣ ਹੋਈਆਂ’। ‘ਲਖਮੀਚੰਦ ਆਪਣੇ ਪ੍ਰਵਾਰ ਸਮੇਤ ਘੋੜੇ `ਤੇ ਸੁਆਰ, ਜਦੋਂ ਸੁਰਗ ਨੂੰ ਜਾਣ ਲੱਗੇ ਤਾਂ ਇਹ ਚਿੰਤਾ ਵੀ ਸ੍ਰੀ ਚੰਦ ਨੂੰ ਹੋ ਗਈ ਕਿ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਵੰਸ਼ ਹੀ ਮੁੱਕ ਜਾਵੇਗਾ। ਸ੍ਰੀ ਚੰਦ ਨੇ ਬਾਂਹ ਲੰਮੀ ਕਰਕੇ ਉਨ੍ਹਾਂ ਨੂੰ ਵਾਪਸ ਮੋੜਿਆ ਅਤੇ ਗੁਰੂ ਨਾਨਕ ਜੀ ਦੀ ਕੁਲ਼ ਨੂੰ ਬਚਾਅ ਲਿਆ ਆਦਿ। ਇਸੇ ਤਰ੍ਹਾਂ ਅਨੇਕਾਂ ਊਲ-ਜਲੂਲ, ਮਨਘੜੰਤ ਸਾਖੀਆਂ ਦੇ ਨਾਂ ਹੇਠ ਕਹਾਣੀਆਂ ਬੜੇ ਰੋਚਕ ਤੇ ਨਾਟਕੀ ਤਰੀਕੇ ਪ੍ਰਚਲਤ ਕੀਤੀਆਂ ਗਈਆਂ।

ਨਿਰਮਲੇ ਸੰਤਾਂ-ਸਾਧਾਂ ਨੇ ਵੀ ਚੰਗਾ ਰੰਗ ਬੰਨ੍ਹਿਆ-ਵਿਦਵਾਨ ਤਾਂ ਉਹ ਸਨ ਹੀ ਪਰ ਹੁਣ ਇਹ ਵਿਦਵਾਨ ਸਨ ਸਿੱਖ ਵਿਚਾਰਧਾਰਾ ਦੀ ਤਬਾਹੀ ਲਈ। ਸੰਗਤਾਂ ਦਾ ਪ੍ਰਭਾਵ ਲੈਣ `ਚ ਸਭ ਤੋਂ ਵੱਧ ਸਫ਼ਲ ਵੀ ਇਹੀ ਹੋਏ। ਕਿਉਂਕਿ ਸੰਗਤ ਮੰਨ ਚੁਕੀ ਸੀ ਕਿ ਬਾਣੀ ਨੂੰ ਸਭ ਤੋਂ ਵੱਧ ਸਮਝਣ ਵਾਲੇ ਤੇ ਵੇਦਾਂ ਦੇ ਗਿਆਤਾ ਵੀ ਹਨ। ਇਹ ਆਪਣੇ ਨਾਵਾਂ ਨਾਲ ਅਜ ਤੀਕ ਲਿਖਵਾਉਂਦੇ ਵੀ ਪੰਡਤ ਹਨ, ਫਿਰ ਇੰਨ੍ਹਾਂ ਨੇ ਆਪਣਾ ਨਾਤਾ ਵੀ ਦਸਮੇਸ਼ ਜੀ ਨਾਲ ਜੋੜ ਰੱਖਿਆ ਸੀ। ਇੰਨ੍ਹਾਂ ਨੇ ਗੁਰਬਾਣੀ ਦੇ ਸਿਧਾਂਤ, ਸੇਧ, ਵਿਆਕਰਨ ਆਦਿ ਨੂੰ ਛਿੱਕੇ ਟੰਗ ਕੇ, ਗੁਰਬਾਣੀ ਦੇ ਅਰਥ ਪੂਰੇ ਵੈਦਕ ਢੰਗ ਨਾਲ ਕੀਤੇ। ਵਿਗਾੜ ਕੇ ਪੇਸ਼ ਕੀਤੇ, ਇੰਨ੍ਹਾਂ ਅਰਥਾਂ ਨੂੰ ਪੌਰਾਣਕ ਕਹਾਣੀਆਂ ਨਾਲ ਸ਼ਿੰਗਾਰਿਆ ਅਤੇ ਲੋੜ ਅਨੁਸਾਰ ਪ੍ਰਚਲਤ ਕਰ ਕੇ ਵੀ ਜੋੜੀਆਂ। ਇਸ ਤਰ੍ਹਾਂ ਸ਼ਹਿਦ ਚੜ੍ਹੇ ਇੰਨ੍ਹਾਂ ਬ੍ਰਾਹਮਣੀ ਕੈਪਸੂਲਾਂ ਨੂੰ ਵਰਤ ਕੇ ਸੰਗਤਾਂ ਨੂੰ ਪੂਰੀ ਤਰ੍ਹਾਂ ਗੁਰੂ ਪਾਤਸ਼ਾਹ ਦੀ ਨਿੱਘੀ ਗੋਦ `ਚੋਂ ਕਢਿਆ ਅਤੇ ਬ੍ਰਾਹਮਣ ਦਾ ਅਨੁਯਾਯੀ ਬਨਾਉਣ `ਚ ਕਸਰ ਨਾ ਰਹਿਣ ਦਿਤੀ। ਅਜ ਵੀ ਨਿਰਮਲਾ ਸੰਪ੍ਰਦਾਇ ਦੀ ਕੋਈ ਰਚਨਾ ਚੁੱਕ ਕੇ ਪੜ੍ਹ ਲਈ ਜਾਵੇ, ਮਾਮੂਲੀ ਗੁਰਮੱਤ ਸੋਝੀ ਵਾਲਾ ਬੰਦਾ ਵੀ ਦੇਖ ਸਕਦਾ ਹੈ ਕਿ ਇਹ ਰਚਨਾਵਾਂ ਕਿਵੇਂ ਵੈਦਕ ਰੰਗ ਤੇ ਪੌਰਾਣਕ ਕਹਾਣੀਆਂ ਨਾਲ ਓਤ-ਪ੍ਰੋਤ ਹਨ ਪਰ ਕਹਿਣ ਲਈ ਅਰਥ ਹੋਏ ਹਨ-ਗੁਰਬਾਣੀ ਦੇ।

ਇਸ ਤੋਂ ਬਾਅਦ ਆਉਂਦੇ ਹਨ ਸਾਡੇ ਉਹ ਮਹੰਤ ਅਤੇ ਪੁਜਾਰੀ ਜਿੰਨ੍ਹਾਂ ਦੀ ਮਾਨੋਂ ਲਾਟਰੀ ਹੀ ਖੁੱਲ੍ਹ ਚੁੱਕੀ ਸੀ। ਉਨ੍ਹਾਂ ਕੋਲ ਨਾ ਬਹੁਤੀ ਵਿੱਦਿਆ ਸੀ ਅਤੇ ਨ ਹੀ ਉਨ੍ਹਾਂ ਨੂੰ ਇਸਦੀ ਲੋੜ ਸੀ। ਗੁਰਬਾਣੀ ਵਿੱਚ ਹਰੇਕ ਪੌਰਾਣਕ ਰੈਫਰੈਸ ਭਾਵੇਂ ਅਵਤਾਰਾਂ ਸੰਬੰਧੀ ਸੀ, ਦੇਵੀ ਦੇਵਤਿਆਂ, ਪ੍ਰਚਲਤ ਭਗਵਾਨਾਂ ਜਾਂ ਗਣਿਕਾ, ਅਜਾਮਲ, ਧਰੁਵ, ਪ੍ਰਹਿਲਾਦ, ਦ੍ਰੋਪਦੀ ਆਦਿ ਸੰਬੰਧੀ। ਜਿਹੜੀਆਂ ਕਹਾਣੀਆਂ ਉਹ ਮੰਦਰਾਂ `ਚ ਭੈਠ ਕੇ ਸੁਨਾਉਂਦੇ ਸਨ, ਗੁਰਦੁਆਰਿਆਂ `ਚ ਬੈਠ ਕੇ ਸੁਨਾਉਣ ਲਈ ਉਨ੍ਹਾਂ ਕੋਲ ਖੁਲ੍ਹਾ ਮੌਕਾ ਸੀ। ਇਹ ਵੱਖਰੀ ਗੱਲ ਹੈ ਕਿ ਗੁਰੂ ਸਾਹਿਬ ਉਸ ਕਹਾਣੀ ਜਾਂ ਘਟਨਾ ਦਾ ਖੰਡਣ ਕਰ ਰਹੇ ਹਨ ਜਾਂ ਉਸਦੀ ਮਿਸਾਲ ਦੇ ਰਹੇ ਹਨ ਪਰ ਇੰਨ੍ਹਾਂ ਨੂੰ ਉਸ ਨਾਲ ਕੀ? ਇਸ ਰਸਤੇ ਇੰਨ੍ਹਾਂ ਦਾ ਤਾਂ ਆਪਣੇ ਮਤਲਬ ਲਈ ਸੌਖਾ ਹੱਲ ਬਣਿਆ ਦਾ ਸੀ। ਇਸ ਸਾਰੇ ਦਾ ਨਤੀਜਾ ਸ਼ਿਵਲਿੰਗ ਦੀ ਬਜਾਏ ਇਥੇ ਉਸੇ ਕੱਚੀ ਲਸੀ ਨਾਲ ਥੜ੍ਹਿਆਂ-ਫ਼ਰਸ਼ਾਂ ਦੇ ਸਨਾਨ, ਪਿੱਪਲ ਪੂਜਾ, ਸੰਗ੍ਰਾਂਦਾਂ-ਮੱਸਿਆਵਾਂ-ਪੂਰਨਮਾਸ਼ੀਆਂ, ਨੌਰਾਤੇ, ਸ਼ਰਾਧ, ਥਿੱਤ ਵਾਰ, ਅਸ਼ਟਮੀਆਂ, ਨੌਮੀਆਂ- ਸਮਸਤ ਬ੍ਰਾਹਮਣੀ ਤਿਉਹਾਰ, ਰੀਤਾਂ-ਸਗਨ ਗੁਰੂ ਦਰਬਾਰ ਰਸਤੇ ਹੀ ਸੰਗਤਾਂ ਵਿਚਾਲੇ ਪੁਜ ਰਹੇ ਸਨ। ਗੁਰਬਾਣੀ ਨੂੰ ਮਨੁੱਖਾ ਜੀਵਨ-ਜਾਚ ਤੋਂ ਤੋੜ ਕੇ, ਵੇਚਣ-ਖਰੀਦਣ ਦਾ ਉਹੀ ਰੂਪ ਦੇ ਦਿੱਤਾ ਜਿਹੜਾ ਮੰਦਰਾਂ-ਸ਼ਿਵਾਲਿਆਂ `ਚ ਵੇਦ-ਮੰਤ੍ਰਾਂ ਲਈ ਚੱਲ ਰਿਹਾ ਸੀ। ਮੂਰਤੀ ਪੂਜਾ ਅਤੇ ਉਸਦੇ ਸਾਰੇ ਢੰਗਾਂ ਨੂੰ ਬੜੀ ਸ਼ਾਨ ਨਾਲ ਗੁਰਦੁਆਰਿਆਂ ਦਾ ਅੰਗ ਬਣਾ ਦਿੱਤਾ ਗਿਆ। ਤੰਤ੍ਰ ਸ਼ਾਸਤ੍ਰ ਦੇ ਆਧਾਰ `ਤੇ ‘ਗੁਰੂ ਗ੍ਰੰਥ ਸਾਹਿਬ’ ਦੇ ਅਖੰਡ, ਸਪਤਾਹ, ਪਾਕਸ਼ਕ, ਖੁੱਲ੍ਹੇ (ਸਾਧਾਰਣ) ਤੇ ਸੰਪਟ ਪਾਠ ਅਰੰਭ ਕਰ ਕੇ ਗੁਰਦੁਆਰਿਆਂ `ਚ ਨਵੇਂ ਵਪਾਰ ਦੇ ਕੇਂਦਰ ਖੋਲ੍ਹ ਦਿਤੇ ਗਏ।

ਅਨੇਕਾਂ ਸ਼ਬਦਾਂ ਨੂੰ ਮੰਤ੍ਰਾਂ ਦੀ ਤਰਜ਼ `ਤੇ ਕਾਮਨਾ ਸਿੱਧੀ, ਬਿਮਾਰੀਆਂ ਦੇ ਇਲਾਜ, ਮੁਕਦਮਿਆਂ ਦੀ ਸਫ਼ਲਤਾ ਦਾ ਰੂਪ ਦੇ ਕੇ ਪ੍ਰਚਲਤ ਕੀਤਾ ਗਿਆ। ਇਸੇ ਆਧਾਰ `ਤੇ ਸ਼ਬਦਾਂ ਨੂੰ ਵੰਡਣ ਦੀ ਪ੍ਰਥਾ ਵੀ ਅਰੰਭ ਕਰ ਦਿਤੀ ਗਈ। ਜਨਮ-ਮਰਨ, ਅਨੰਦ ਕਾਰਜ ਆਦਿ ਲਈ ਸਾਰੀਆਂ ਬ੍ਰਾਹਮਣੀ ਰਸਮਾਂ ਰੀਤਾਂ-ਕਰਮਕਾਂਡਾਂ ਨੂੰ ਸਿੱਖ ਸੰਗਤਾਂ ਦੇ ਘਰਾਂ ਤੀਕ ਪੁਚਾ ਦਿਤਾ ਅਤੇ ਇਸ ਲਈ ਬਹੁਤੀ ਮੇਹਨਤ ਵੀ ਨਹੀਂ ਕਰਣੀ ਪਈ। ਹੋਰ ਤਾਂ ਹੋਰ ਕੇਵਲ ਕਾਮਨਾ ਸਿੱਧੀਆਂ ਹੀ ਨਹੀਂ, ਹਰ ਤਰ੍ਹਾਂ ਦੀਆਂ ਮੰਗਾਂ ਨੂੰ ਅਰਦਾਸਾਂ, ਪਾਠਾਂ ਅਤੇ ਭਿੰਨ ਭਿੰਨ ਸ਼ਬਦਾਂ, ਬਾਣੀਆਂ ਅਤੇ ਉਨ੍ਹਾਂ ਨੂੰ ਗਿਣਤੀ ਪਾਠਾਂ ਨਾਲ ਜੋੜ ਦਿਤਾ ਗਿਆ। ਮੰਦਰਾਂ `ਚ ਜਿਵੇਂ ਪੰਡਤ ਕਾਮਨਾਵਾਂ ਦੀ ਪੂਰਤੀ ਲਈ ਭਿੰਨ ਭਿੰਨ ਮੰਤ੍ਰ ਜਾਪ ਕਰਕੇ ਦੇਂਦੇ ਤੇ ਮਨ ਮਰਜ਼ੀ ਦੀ ਭੇਟਾ ਲੈਂਦੇ ਸਨ। ਠੀਕ ਉਹੀ ਨਿਯਮ ਪਾਠਾਂ ਅਤੇ ਵੱਖ ਵੱਖ ਸ਼ਬਦਾਂ ਤੇ ਅਰਦਾਸਾਂ ਉਪਰ ਵੀ ਲਾਗੂ ਹੋ ਗਿਆ। ਪਾਠ ਆਪਣੇ ਆਪ ਜਾਂ ਮਿਲ ਕੇ ਕਰਣ ਦੇ ਬਦਲੇ-ਪੈਸੇ ਖਰਚ ਕੇ ਕਰਵਾਉਣ ਦੀ ਚੀਜ਼ ਬਣ ਗਏ। ਇਸੇ ਖੇਡ ਦਾ ਵਿਕ੍ਰਤ ਰੂਪ ਸੀ ਜਦੋਂ ਬਾਣੀ ਤੇ ਵੱਖ ਵੱਖ ਸ਼ਬਦਾਂ ਉਪਰ ਅਥਰਬਣ ਵੇਦ ਵਾਲੇ ਧਾਗੇ-ਤਵੀਤਾਂ-ਰਿਧੀਆਂ-ਸਿਧੀਆਂ, ਵਸ਼ੀਕਰਣ, ਦੁਖ-ਬਿਮਾਰੀ ਹਰਣ ਵਾਲੇ ਨਿਯਮ ਵੀ ਲਾਗੂ ਕਰ ਦਿਤੇ ਗਏ। ਇਸ ਸਾਰੇ ਦਾ ਉਭਰਵਾਂ ਰੂਪ ਗੁਰਦੁਆਰਿਆਂ `ਚ ਅਜ ਵੀ ਦੇਖਿਆ ਜਾ ਸਕਦਾ ਹੈ ਅਤੇ ਸੰਗਤਾਂ ਦਿਨ ਦੀਵੀਂ ਲੁੱਟੀਆਂ ਜਾ ਰਹੀਆਂ ਹਨ। ਭਾਈ ਸਾਹਿਬ ਨੂੰ ਅਰਦਾਸ ਭੇਟ ਦੇ ਕੇ, ਕਾਮਣਾ ਸਿਧੀ ਲਈ ਅਰਦਾਸ ਕਰਵਾਉਣਾ, ਕਿਸੇ ਵੀ ਗੁਰਦੁਆਰੇ `ਚ ਕਿਸੇ ਵੀ ਦਿਨ ਦੇਖ ਸਕਦੇ ਹੋ।

ਧਰਮਸਾਲਾਵਾਂ ਤੋਂ ਗੁਰਦੁਆਰੇ- ਥੋੜ੍ਹੇ ਹੀ ਸਮੇਂ `ਚ ਗੁਰੂ ਕੀਆਂ ਸੰਗਤਾਂ ਜਿਹੜੀਆਂ ਕਲ੍ਹ ਤੀਕ, ਯੋਗ ਪ੍ਰਚਾਰਕਾਂ ਪਾਸੋਂ ਗੁਰਬਾਣੀ ਤੋਂ ਜੀਵਨ-ਜਾਚ ਲੈ ਰਹੀਆਂ ਸਨ, ਉਸੇ ਹੀ ਗੁਰਬਾਣੀ ਦੇ ਪ੍ਰਚਾਰ ਦੇ ਮਾਲਕ ਗੁਰਦੁਆਰੇ ਵਿੱਚ ਬੈਠੇ ਹੁਣ ਉਹ ਲੋਕ ਸਨ, ਜੋ ਮੂਲੋਂ ਗੁਰੂਦਰ ਦੇ ਵੱਡੇ ਵੈਰੀ ਸਨ ਪਰ ਬਾਹਰੋਂ ਸੱਜਨ। ਸਾਰੇ ਹੀ ਆਪਣੇ ਆਪਣੇ ਢੰਗ ਨਾਲ ਗੁਰੂ ਕੀਆਂ ਸੰਗਤਾਂ ਦੇ ਜੀਵਨ ਦੇ ਵਪਾਰੀ ਬਣੇ ਹੋਏ ਸਨ। ਹੋਰ ਤਾਂ ਹੋਰ ਸਿੱਖ ਧਰਮ ਸਥਾਨਾਂ ਦੇ ਨਾਮ ‘ਧਰਮਸਾਲ’ ਤੋਂ ਬਦਲ ਕੇ ‘ਗੁਰਦੁਆਰੇ’ ਉਸੇ ਸਮੇਂ ਦੇਣ ਹਨ। ਹਾਲਾਂਕਿ ਗੁਰਬਾਣੀ ਅੰਦਰ ਜਾਂ ਇਸ ਤੋਂ ਪਹਿਲਾਂ ਸਿੱਖ ਇਤਿਹਾਸ ਅੰਦਰ ‘ਗੁਰਦੁਆਰਾ’ ਲਫ਼ਜ਼ ਕਿਸੇ ਵੀ ਇਮਾਰਤਾਂ ਲਈ ਨਹੀਂ ਸੀ ਬਲਕਿ ਬਾਣੀ ਜੀਵਨ ਰਾਹੀਂ ਗੁਰੂ ਦਰ ਵੱਲ ਵਧਣ ਦਾ ਨਾਂ ਹੀ ਗੁਰੂ ਦਰ ਜਾਂ ਗੁਰਦੁਆਰੇ ਦਾ ਰਾਹੀ ਹੋਣਾ ਸੀ। ਅਜ ਦੀ ਤਰ੍ਹਾਂ ਗੁਰਦੁਆਰੇ ਦੀ ਇਮਾਰਤ ਨੂੰ ਹੱਥ ਲਾ ਆਉਣ ਨਾਲ ਕੋਈ ਗੁਰਦੁਆਰੇ ਹੋ ਕੇ ਵਾਪਿਸ ਨਹੀਂ ਸੀ ਆ ਜਾਂਦਾ।

ਬਲਿਕ ਗੁਰੂ ਦੇ ਦਰ `ਤੇ (ਗੁਰਦੁਆਰੇ) ਪ੍ਰਵਾਣ ਹੋਣ ਲਈ ਤਾਂ ਜੀਵਨ ਦਾ ਸੁਆਸ-ਸੁਆਸ ਗੁਰਬਾਣੀ ਗੁਰੂ ਦੀ ਸਿੱਖਿਆ ਨੂੰ ਭੇਟ ਕਰਣਾ ਹੁੰਦਾ ਸੀ। ਇਥੋਂ ਤੀਕ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਵੀ ‘ਹਰਿਮੰਦਿਰ’ ਦਾ ਲਫ਼ਜ਼ ਵੀ ਲਗਭਗ ਇਸੇ ਜੁਗ ਦੀ ਹੀ ਦੇਣ ਸਾਬਤ ਹੁੰਦੀ ਹੈ ਨਹੀਂ ਤਾਂ ਗੁਰਬਾਣੀ ਵਿੱਚ ਲਫ਼ਜ਼ ‘ਹਰਿਮੰਦਿਰ ਜਾਂ ਹਰਮੰਦਰ’ ੨੦ (ਵੀਹ) ਵਾਰੀ ਆਇਆ ਹੈ ਪਰ ਕਿਸੇ ਬਿਲਡਿੰਗ ਲਈ ਨਹੀਂ, ਹਿਰਦੇ ਘਰ ਜਾਂ ਸਾਧ ਸੰਗਤ ਲਈ। ਮਾਲੂਮ ਹੁੰਦਾ ਹੈ ਕਿ ਗੁਰੂ ਕੀਆਂ ਸੰਗਤਾਂ ਨੂੰ ਬ੍ਰਾਹਮਣੀ ਮੰਦਰਾਂ ਵਾਲੇ ਤਾਨੇ-ਬਾਨੇ `ਚ ਉਲਝਾਉਣ ਲਈ ਹੀ, ਦਰਬਾਰ ਸਾਹਿਬ ਨੂੰ ‘ਹਰਿਮੰਦਿਰ’ ਦਾ ਨਾਂ ਦੇਣ ਨਾਲ ਇਹ ਕੰਮ ਬੜਾ ਸੌਖਾ ਸੀ ਤੇ ਲਗਭਗ ਹੋ ਵੀ ਗਿਆ। ਇਥੇ ਹੀ ਬਸ ਨਹੀਂ, ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਉਪਰ ਸੋਨੇ ਦਾ ਪੱਤ੍ਰਾ ਚੜ੍ਹਾਉਣ ਬਾਅਦ ਇਸਦਾ ਨਾਂ ‘ਸੁਅਰਣ ਮੰਦਿਰ’ ਤੇ ‘ਗੋਲਡਨ ਟੈਂਪਲ’ ਵੀ ਪ੍ਰਚਲਤ ਹੋ ਗਿਆ। ਇਸ ਗੁਰਮੱਤ ਪਾਠ ਦੀ ਕੇਵਲ ਤੀਜੀ ਲਿਖਤ ਤੀਕ ਵਕਤ ਦੇ ਕੁੱਝ ਸਿਆਣੇ ਆਗੂਆਂ ਕਾਰਣ ਦਰਬਾਰ ਸਾਹਿਬ ਲਈ ‘ਸੁਅਰਣ ਮੰਦਿਰ’ ਤੇ ‘ਗੋਲਡਨ ਟੈਂਪਲ’ ਨਾਂ ਖਤਮ ਕਰ ਦਿਤੇ ਗਏ।

ਇਤਿਹਾਸਕ ਮਿਲਾਵਟਾਂ ਦੀ ਦੌੜ- ਇਸ ਦੌਰ `ਚ ਸਿੱਖ ਇਤਿਹਾਸ ਦੀ ਵੀ ਭਰਵੀਂ ਉਲਟਾ-ਪਲਟੀ ਕੀਤੀ ਗਈ, ਇਸ ਨੇ ਵੀ ਸਿੱਖ ਮਾਨਸ ਨੂੰ ਗੁਰਬਾਣੀ ਜੀਵਨ ਤੋਂ ਦੂਰ ਲੈ ਜਾਣ ਲਈ ਵੱਡਾ ਹਿੱਸਾ ਪਾਇਆ। ਕਿਧਰੇ ਗੁਰੂ ਸਾਹਿਬਾਨ ਦੇਵੀਆਂ ਦੀ ਪੂਜਾ ਕਰ ਰਹੇ ਹਨ, ਕਿਧਰੇ ਭੰਗ ਦੇ ਪ੍ਰਸ਼ਾਦਿ ਵੰਡੇ ਰਹੇ ਜਾ ਹਨ, ਕਿਧਰੇ ਗੁਰੂ ਸਾਹਿਬ ਨੂੰ ਪੁੱਤਰ ਕਾਮਨਾ ਲਈ ਬ੍ਰਾਹਮਣੀ ਤੀਰਥਾਂ ਦੇ ਸਨਾਨ ਅਤੇ ਬ੍ਰਾਹਮਣਾਂ ਨੂੰ ਦਾਨ-ਪੁੰਨ ਕਰਦੇ ਪ੍ਰਗਟ ਕੀਤਾ ਹੈ। ਕਿਧਰੇ ਤੀਜੇ ਪਾਤਸ਼ਾਹ ਰਾਤਾਂ ਬੱਧੀ ਬੈਠ ਕੇ ਤਪੱਸਿਆ ਕਰਦੇ ਹਨ ਅਤੇ ਤਪੱਸਿਆ ਦੌਰਾਨ ਨੀਂਦ ਆਉਣ `ਤੇ ਕੇਸਾਂ ਨੂੰ ਕਿੱਲੀ ਨਾਲ ਬੰਣ੍ਹਦੇ ਸਾਬਤ ਕੀਤਾ ਹੈ। ਕਿੱਧਰੇ ਤੀਜੇ ਪਾਤਸ਼ਾਹ ਆਪਣੀ ਬਾਕੀ ਉਮਰ, ਚੌਥੇ ਪਾਤਸ਼ਾਹ ਨੂੰ ਦੇ ਰਹੇ ਹਨ, ਨਾਰੀਅਲ-ਤਿਲਕ ਦੀ ਵਰਤੋਂ ਕਰ ਕੇ ਗੁਰੱਗਦੀਆਂ ਸੋਂਪੀਆਂ ਜਾ ਰਹੀਆਂ ਹਨ।

ਇਕੋ ਇੱਕ ਗੁਰੂ ‘ਗੁਰੂ ਗ੍ਰੰਥ ਸਾਹਿਬ" ਦੀ ਸੰਪਾਦਨਾ ਸੰਬੰਧੀ ਮੋਹਨ ਜੀ ਦੇ ਚੁਬਾਰੇ ਤੋਂ, ਸੰਗਲਾ ਦੀਪ ਤੋਂ ਤੇ ਹੋਰ ਬੇਸਿਰਪੈਰ ਕਹਾਣੀਆਂ ਘੜ ਕੇ ਪ੍ਰਭਾਵ ਦਿਤਾ ਜਾਂਦਾ ਹੈ, ਬੀੜ ਅਧੂਰੀ ਹੈ ਤੇ ਬਾਣੀ ਬਾਹਰ ਵੀ ਛੁੱਟ ਗਈ ਹੈ। ਹੋਰ ਤਾਂ ਹੋਰ ਦਸਮੇਸ਼ ਪਿਤਾ ਨੂੰ ਬਾਕੀ ਨੌਂ ਗੁਰੂ ਵਿਅਕਤੀਆਂ ਤੋਂ ਨਿਖੇੜ ਕੇ ਪੇਸ਼ ਕਰਣਾ ਅਤੇ ਅਖੌਤੀ ‘ਦਸਮ ਗ੍ਰੰਥ’ ਜਿਸ `ਚ ਵਿਦਵਾਨਾਂ ਮੁਤਾਬਕ ਕੇਵਲ ਚਾਰ-ਪੰਜ ਰਚਨਾਵਾਂ ਦਸਮੇਸ਼ ਜੀ ਦੀਆਂ ਮੰਨੀਆਂ ਹਨ ਉਸਦੀ ਉਤਪਤੀ ਵੀ ਇਸੇ ਕਾਲ ਦੀ ਹੈ। ਇਸ ਤਰ੍ਹਾਂ ਪੌਰਾਣਕ ਆਧਾਰ `ਤੇ ਵੀ ਸਿੱਖ ਇਤਿਹਾਸ ਉਸ ਦੀਆਂ ਤਾਰੀਖਾਂ ਤੇ ਬਾਣੀ ਅਰਥਾਂ ਵਿੱਚ ਅੰਤਾਂ ਦਾ ਰਲ-ਗੱਡ। ਆਖਿਰ ਕਿਸ-ਕਿਸ ਇਤਿਹਾਸਕ ਮਿਲਾਵਟ ਦਾ ਵਰਨਣ ਕੀਤਾ ਜਾਵੇ, ਸਿਆਣੇ ਕਹਿੰਦੇ ਹਨ ਜਿਸ ਕੌਮ ਨੂੰ ਖਤਮ ਕਰਣਾ ਹੋਵੇ ਉਸ ਦੇ ਇਤਿਹਾਸ, ਰਹਿਤ-ਮਰਿਆਦਾ `ਚ ਰਲ-ਗੱਡ ਕਰ ਦੇਵੋ, ਕੌਮ ਆਪੇ ਮੁੱਕ ਜਾਵੇਗੀ। ਇਹ ਸਾਰੀ ਖੇਡ ਵਰਤਾਉਣ ਲਈ ਹੁਣ ਤਾਂ ਵਿਰੋਧੀਆਂ ਕੋਲ ਖੁਲ੍ਹਾ ਮੈਦਾਨ ਤੇ ਖੁਲ੍ਹਾ ਸਮਾਂ ਵੀ ਸੀ।

ਜੇ ਕਰ ਥੋੜ੍ਹਾ ਜਾਗ ਕੇ ਦੇਖੀਏ ਤਾਂ ਵਿਰੋਧੀਆਂ ਨੇ, ਸੰਨ ੧੪੬੯ ਤੋਂ ਸੰਨ ੧੬੯੯ ਭਾਵ ੨੩੦ ਸਾਲਾਂ ਦੇ ਸਿੱਖ ਇਤਿਹਾਸ ਨੂੰ ਕੱਟ ਕੇ ਹੀ ਇੱਕ ਪਾਸੇ ਕਰ ਦਿੱਤਾ। ਉਸੇ ਦਾ ਨਤੀਜਾ ਹੈ ਕਿ ਅਜ ਸਿੱਖ ਦੀ ਗੱਲ ਸ਼ੁਰੂ ਹੋ ਰਹੀ ਹੈ ਤਾਂ ਵਿਸਾਖੀ ੧੬੯੯ ਤੋਂ ਨਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ। ਬਲਕਿ ਕੌਮ ਨੇ ਬੜੀ ਸ਼ਾਨ ਨਾਲ, ਸੰਸਾਰ ਪੱਧਰ `ਤੇ ‘ਖਾਲਸੇ ਭਾਵ ਸਿੱਖ ਦਾ ਜਨਮ ਦਿਨ ਵੀ ਮਨਾ ਲਿਆ ਤੇ ਸੰਸਾਰ ਨੂੰ ਵੀ ਸਾਬਤ ਕਰ ਦਿਤਾ ਕਿ ਇਸ ਤੋਂ ਪਹਿਲਾਂ ਸਾਡੀ ਕੋਈ ਹੋਂਦ ਹੈ ਹੀ ਨਹੀਂ ਸੀ। ਇਸ ਨੂੰ ਪੂਰੀ ਤਰ੍ਹਾਂ ਸਮਝਣ ਲਈ ਗੁਰਮੱਤ ਪਾਠ ੬੩ ਅਤੇ ੬੭ ‘ਵਿਸਾਖੀ-੧੪੬੯’ ਅਤੇ ‘ਲੇਖਾ ਜੋਖਾ ਤਿੰਨ ਸੌ ਸਾਲਾ’ ਸੰਗਤਾਂ ਦੀ ਸੇਵਾ `ਚ ਦਿਤੇ ਜਾ ਚੁੱਕੇ ਹਨ।

ਜਿਸ ਮਨੁੱਖ ਨੂੰ ਗੁਰੂ ਪਾਤਸ਼ਾਹ ਨੇ ੨੩੯ ਵਰ੍ਹੇ ਲਾ ਕੇ ਬ੍ਰਾਹਮਣੀ ਚਿੱਕੜ `ਚੋਂ ਕਢਿਆ ਸੀ। ਇੰਨ੍ਹਾਂ ਚੌਰਾਸੀ ਸਾਲਾਂ `ਚ, ਉਸੇ ਮਨੁੱਖ ਨੂੰ ਸਿਰ ਤੋਂ ਪੈਰਾਂ ਤੀਕ ਬ੍ਰਾਹਮਣੀ ਚਿੱਕੜ ਦੀ ਗਹਿਰੀ ਖੱਡ `ਚ ਡੁਬੋ ਦਿਤਾ ਗਿਆ। ਗੁਰਬਾਣੀ ਸੋਝੀ ਸਿੱਖ ਦੇ ਜੀਵਨ ਵਿਚੋਂ ਮਾਨੋਂ ਪਰ ਲਾ ਕੇ ਉੱਡ ਚੁੱਕੀ ਸੀ। ਕਲ੍ਹ ਤੀਕ ਤਨੋਂ-ਮਨੋਂ ਗੁਰਬਾਣੀ ਦਾ ਸਿੱਖ, ਅੱਜ ਕੁੱਝ ਹੀ ਪੁਸ਼ਤਾਂ ਬਾਅਦ, ਅੰਨ੍ਹੀਂ ਸ਼ਰਧਾ ਨਾਲ ਭਰਪੂਰ, ਨਿਰਾ ਕਰਮਕਾਂਡੀ ਅਤੇ ਫੋਕਟ ਰੀਤੀ ਰਿਵਾਜਾਂ `ਚ ਡੁੱਬਾ ਹੋਇਆ, ਗੁਰੂ ਦਾ ਨਹੀਂ ਬਲਕਿ ਜਜ਼ਬਾਤੀ ਤੇ ਬ੍ਰਾਹਮਣੀ ਸਿੱਖ ਹੀ ਸੀ। ਉਹ ਸਰਬ ਉੱਤਮ ਜੀਵਨ ਵਿਗਿਆਨ ਦੇ ਦਾਤੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਉਸੇ ਤਰ੍ਹਾਂ ਸੰਸਾਰਕ ਮੰਗਾਂ ਮੰਗ ਰਿਹਾ ਸੀ, ਜਿਵੇਂ ਕੋਈ ਮੂਰਤੀ ਪੂਜਕ ਮੂਰਤੀਆਂ, ਕਬਰਾ, ਮੜ੍ਹੀਆਂ, ਪਿੱਪਲਾਂ, ਸੱਪਾਂ, ਪੋਕਿਆਂ ਦਾ ਪੁਜਾਰੀ ਕਰਦਾ ਆ ਰਿਹਾ ਸੀ। ਮੰਤ੍ਰ ਜਾਪ ਨਾਲ ਜਿਹੜੇ ਉਪਾਅ ਬ੍ਰਾਹਮਣ ਹਜ਼ਾਰਾਂ ਸਾਲਾਂ ਤੋਂ ਕਰਦਾ ਆਇਆ ਸੀ ਅਤੇ ਪਾਤਸ਼ਾਹ ਨੇ ਮਨੁੱਖ ਨੂੰ ਇਸ ਠੱਗੀ ਵਾਲੇ ਚਕ੍ਰਵਿਊਹ ਵਿੱਚੋਂ ਕਢਿਆ ਸੀ, ਅਜ ਗੁਰਬਾਣੀ ਨੂੰ ਵਰਤ ਕੇ ਵੀ ਮਨੁੱਖ ਉਨ੍ਹਾਂ ਹੀ ਉਪਾਵਾਂ ਦਾ ਰਾਹੀਗੀਰ ਬਣਿਆ, ਨਵੇਂ ਰੂਪ `ਚ ਉਭਰੇ ਬ੍ਰਾਹਮਣ ਕੋਲ ਹੀ ਵਾਪਸ ਪੁੱਜ ਚੁੱਕਾ ਸੀ।

ਉਪ੍ਰੰਤ ਇਸ ਡਰਾਉਣੀ ਖੇਡ ਤੋਂ ਪਿੱਛਾ ਛੁੱਟਣਾ ਤਾਂ ਦੂਰ, ਸਾਡੇ ਗਿਰਦ ਇਸਦੀ ਪਕੜ ਦਿਨੋਂ ਦਿਨ ਪੱਕੀ ਹੋ ਰਹੀ ਹੈ। ਇੰਨ੍ਹਾਂ ਚੁਰਾਸੀ ਸਾਲਾਂ `ਚ ਸਾਡੇ ਕੋਲ ਕੇਵਲ ਜਜ਼ਬਾਤਾਂ ਦੀ ਸਿੱਖੀ ਅਤੇ ਸਿੱਖੀ ਦਾ ਕੇਵਲ ਢਾਂਚਾ ਹੀ ਬਚਿਆ ਸੀ। ਸਿੱਖੀ ਤਾਂ ਸਿੱਖ ਅੰਦਰੋਂ ਅਲੋਪ ਹੋ ਚੁੱਕੀ ਸੀ, ਨਾ ਨੂੰ ਉਹ ਅਜੇ ਵੀ ਗੁਰੂ ਦਾ ਸਿੱਖ ਸੀ ਪਰ ਉਸ ਦੇ ਜੰਮਨੇ-ਮਰਨੇ, ਖੁਸ਼ੀ-ਗਮੀ ਸਭ ਗੁਰਬਾਣੀ ਸੇਧ ਦੇ ਉਲਟ ਸਨ।

ਸਿੱਖ-ਸੰਗਤਾਂ ਵਿਚਾਲੇ ਪੁਜਾਰੀ ਸ਼੍ਰੇਣੀ ਅਤੇ ਉਸਦਾ ਪਹਿਰਾਵਾ? - ਦਸਮੇਸ਼ ਪਿਤਾ ਤੀਕ ਸਿੱਖ ਧਰਮ `ਚ, ਪ੍ਰਚਾਰਕਾਂ ਦੀ ਕੋਈ ਵੱਖਰੀ ਸ਼੍ਰੇਣੀ ਜਾਂ ਪਛਾਣ ਨਹੀਂ ਸੀ। ਉਦੋਂ ਤੀਕ ਇਹ ਕੇਵਲ ਇੱਕ ਸਤਿਕਾਰ ਯੋਗ ਕਿੱਤਾ ਸੀ, ਫ਼ਿਰ ਭਾਵੇਂ ਵਪਾਰੀ ਭਾਈ ਕਲਿਆਣਾ ਜੀ ਸਨ ਜਾਂ ਇਸ ਸੇਵਾ ਨੂੰ ਪੂਰਾ ਸਮਾਂ ਸਮਰਪਤ ਭਾਈ ਗੁਰਦਾਸ ਜੀ। ਇਸ ਬਾਰੇ ਵੇਰਵਾ ਗੁਰਮੱਤ ਪਾਠ ਨੰ: ੨੩ "ਸਵਾਸ ਕੀਮਤੀ ਹਨ ਧਨ ਪਦਾਰਥ ਨਹੀਂ" `ਚ ਦੇ ਚੁਕੇ ਹਾਂ। ਇਸ ਵਿਚਲੇ ਸਮੇਂ ਬ੍ਰਾਹਮਣਾਂ ਦੀ ਤਰਜ਼ `ਤੇ ਹੀ ਸਿੱਖਾਂ `ਚ ਵੀ ਪੁਜਾਰੀ ਸ਼੍ਰੇਣੀ ਪੈਦਾ ਕਰ ਦਿਤੀ ਗਈ। ਲਫ਼ਜ਼ ‘ਪੁਜਾਰੀ’ ਅਸਲ `ਚ ‘ਪਰਜਾਰੀ’ ਤੋਂ ਬਣਿਆ ਹੈ, ਜਿਸਦੇ ਅਰਥ ਹਨ "ਦੂਜਿਆਂ ਦੀ ਕਮਾਈ ਤੇ ਪਲਣ ਵਾਲੇ"।

ਪ੍ਰਚਾਰ ਪ੍ਰਸਾਰ ਤਾਂ ਕਰਣਾ ਹੈ ਗੁਰਬਾਣੀ ਜੀਵਨ ਦਾ ਪਰ ਇਸ ਸ਼੍ਰੇਣੀ ਲਈ ਹੁਣ ਯੋਗਤਾ, ਪੜ੍ਹਾਈ ਜਾਂ ਗੁਰਮੱਤ ਰਹਿਣੀ ਵਾਲੇ ਜੀਵਨ ਦੀ ਲੋੜ ਹੀ ਬਾਕੀ ਨਹੀਂ ਸੀ ਰਹਿ ਗਈ। ਠੀਕ ਉਸੇ ਬ੍ਰਾਹਮਣੀ ਤਰਜ਼ `ਤੇ ਇਥੇ ਵੀ ਹੁਣ ਕੇਵਲ ਵਿਸ਼ੇਸ਼ ਪਹਿਰਾਵੇ ਦੀ ਹੀ ਲੋੜ ਸੀ। ਫ਼ਿਰ ਭਾਵੇਂ ਸਿੱਖੀ ਦਾ ਇਹ ਪੁਜਾਰੀ (ਪ੍ਰਚਾਰਕ) ਜੀਵਨ ਪੱਖੋਂ ਕਿਸੇ ਵੀ ਪੱਧਰ ਦਾ ਕਿਉਂ ਨਾ ਹੋਵੇ ਅਤੇ ਅਜ ਤੀਕ ਇਹੀ ਚੱਲ ਰਿਹਾ ਹੈ। ਇਸ ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝਣ ਲਈ ਗੁਰਮੱਤ ਪਾਠ ਨੰ: ੯੪ ਸਿੱਖ ਪ੍ਰਚਾਰਕ ਦੀ ਪਦਵੀ ਅਤੇ ਸਤਿਕਾਰ `ਚ ਵਿਘਣ?’ ਸੰਗਤਾਂ ਲਈ ਦਿਤਾ ਜਾ ਚੁਕਾ ਹੈ। ਵਰਣ ਵੰਡ ਅਨੁਸਾਰ ਉਥੇ ਬ੍ਰਾਹਮਣ ਤਾਂ ਸੀ ਹੀ, ਵੱਖ ਪੁਜਾਰੀ ਸ਼੍ਰੇਣੀ। ਉਥੇ ਤਾਂ ਵੱਖਰਾ ਰੂਪ ਕਾਇਮ ਕਰ ਕੇ, ਬ੍ਰਾਹਮਣ ਨੇ ਬਾਕੀ ਵਰਣਾਂ ਉਪਰ ਰਾਜ ਚਲਾਉਣਾ ਸੀ, ਪਰ ਗੁਰੂਦਰ `ਤੇ ਵੀ ਚੂਂਕਿ ਹੁਣ ਉਹੀ ਬ੍ਰਾਹਮਣ ਹਾਵੀ ਸੀ ਅਤੇ ਇਥੇ ਵੀ ਉਹੀ ਸਿਲਸਿਲਾ ਚਾਲੂ ਕਰ ਦਿਤਾ ਗਿਆ।

ਅੰਮ੍ਰਿਤ ਛਕਣਾ ਤੇ ਖੰਡੇ ਦੀ ਪਾਹੁਲ- ਸੰਨ ੧੮੬੦ ਤੋਂ ਪਹਿਲਾਂ ਦੀਆਂ ਲਿਖਤਾਂ `ਚ ਸਿੱਖ ਧਰਮ `ਚ ਪ੍ਰਵੇਸ਼ ਵਾਲੀ ਰਸਮ ਦਾ ਨਾਂ ‘ਖੰਡੇ ਦੀ ਪਾਹੁਲ’ ਹੀ ਮਿਲਦਾ ਹੈ ‘ਅੰਮ੍ਰਿਤ ਛਕਣਾ’ ਨਹੀਂ। ਖੰਡੇ ਦੀ ਪਾਹੁਲ ਰਾਹੀਂ ਤਾਂ ਅਸਾਂ ਆਖਿਰੀ ਸੁਆਸਾਂ ਤੀਕ ਬਾਣੀ ਅੰੰਿਮ੍ਰਤ ਨੂੰ ਛਕਣ ਲਈ ਹੀ ਤਾਂ ਪ੍ਰਣ ਲੈਣਾ ਹੁੰਦਾ ਹੈ। ਇਸਦੇ ਉਲਟ ਜੇਕਰ ਅੰਮ੍ਰਿਤ ਵਾਲੇ ਦਰਵਾਜ਼ੇ ਦੀ ਦਹਿਲੀਜ਼ `ਤੇ ਹੱਥ ਲਾ ਕੇ ਹੀ ਅਸੀਂ ‘ਅੰਮ੍ਰਿਤ ਧਾਰੀ’ ਹੋ ਗਏ ਤਾਂ ਅਗਲੀ ਗੱਲ ਚੱਲੇ ਗੀ ਕਿਥੋਂ? ਬਾਣੀ ਅੰਮ੍ਰਿਤ ਨੂੰ ਤਾਂ ਆਖਰੀ ਸੁਆਸਾਂ ਤੀਕ ਛਕਣਾ ਹੈ ਉਸ ਤੋਂ ਬਿਨਾ ਸਾਡਾ ਜੀਵਨ ਹੀ ਨਹੀਂ ਬਣ ਸਕਦਾ ਪਰ ਇਥੇ ਤਾਂ ਅਸੀਂ ਕੁੱਝ ਹੀ ਸਮੇਂ `ਚ ‘ਅੰਮ੍ਰਿਤ ਛਕ ਕੇ ਵੀ ਵਿਹਲੇ ਹੋ ਜਾਂਦੇ ਹਾਂ ਫ਼ਿਰ ਭਾਵੇਂ ਇਹ ਅੰਮ੍ਰਿਤ ਕਿਸੇ ਗੁਰਦੁਆਰੇ ਦੀ ਮੈਂਬਰੀ ਜਾਂ ਨੌਕਰੀ ਲਈ ਹੀ ਛਕਿਆ ਹੋਵੇ। ਇਸ ਬਾਰੇ ਗੁਰਮੱਤ ਪਾਠ ਨੰ ੧੫੨ "ਅੰਮ੍ਰਿਤੁ ਹਰਿ ਕਾ ਨਾਮੁ ਹੈ …. ਅਤੇ ਗੁਰਮੱਤ ਪਾਠ ਨੰ: ੯੨ "ਨਾਨਕ ਅੰਮ੍ਰਿਤ ਏਕੁ ਹੈ…" ਦਿੱਤੇ ਜਾ ਚੁਕੇ ਹਨ। ਸੰਗਤਾਂ ਉਨ੍ਹਾਂ ਦਾ ਪੂਰਾ ਲਾਹਾ ਲੈ ਸਕਦੀਆਂ ਹਨ।

ਮੁੱਕਦੀ ਗੱਲ ‘ਖੰਡੇ ਦੀ ਪਾਹੁਲ ਲਈ’ ਸ਼ਬਦਾਵਲੀ, ‘ਅੰਮ੍ਰਿਤ ਛਕਣਾ-ਛਕਾਉਣਾ’ ਵੀ ਲਗਭਗ ਸੰਨ ੧੮੬੦ ਦੇ ਆਸ ਪਾਸ ਦੀ ਹੀ ਸ਼ਬਦਾਵਲੀ ਅਤੇ ਪੰਥ ਅੰਦਰ ਇਹ ਵੀ ਕੁੱਝ ਲਫ਼ਜ਼ਾਂ ਦੀ ਅੱਦਲਾ-ਬਦਲੀ ਜ਼ਾਹਿਰ ਹੁੰਦੀ ਹੈ ਜਿਸਦਾ ਨੁਕਸਾਨ ਤਾਂ ਅਸੀਂ ਭੋਗ ਹੀ ਰਹੇ ਹਾਂ। ਇੰਨਾਂ ਹੀ ਨਹੀਂ, ਮੂਲੋਂ ਬ੍ਰਾਹਮਣ ਪਰ ਸ਼ਕਲੋਂ ਸਿੱਖ, ਇਸ ਪੁਜਾਰੀ ਸ਼੍ਰੇਣੀ ਵੱਲੋਂ ਪਾਹੁਲ ਬਾਰੇ ਅਜੇਹੀ ਬੇਰੁਖੀ ਪੈਦਾ ਕੀਤੀ ਗਈ ਕਿ ਇੱਕ ਤਰੀਕੇ ਇਸ ਨੂੰ ਪੁਜਾਰੀ ਸ਼੍ਰੇਣੀ ਤੀਕ ਹੀ ਸੀਮਤ ਕਰ ਦਿਤਾ ਗਿਆ ਅਤੇ ਬਾਕੀਆਂ ਲਈ ਇਸ ਦੀ ਲੋੜ ਹੀ ਮੁਕਾ ਦਿੱਤੀ ਗਈ। ਸੰਗਤਾਂ ਵਿਚਾਲੇ ਪਾਹੁਲ ਨੂੰ ਅਜੇਹਾ ਹਊਆ ਬਣਾਇਆ ਜਿਵੇਂ ‘ਅੰਮ੍ਰਿਤ, ਬੜੀ ਉੱਤਮ ਵਸਤੂ ਹੈ, ਨਿਭੇਗਾ ਨਹੀਂ’, ‘ਖੰਡਤ ਹੋ ਜਾਵੇਗਾ’, ‘ਪਾਬੰਦੀਆਂ `ਚ ਰਹਿਣਾ ਪਵੇਗਾ’ ਆਦਿ।

ਇਸੇ ਦਾ ਨਤੀਜਾ ਜਿੱਥੇ ਸਿੱਖ ਦਾ ਮਤਲਬ ਹੀ ਪਾਹੁਲਧਾਰੀ ਸੀ, ਅਜ ਜ਼ੋਰ ਲਾ ਕੇ ਵੀ ਪਾਹੁਲਧਾਰੀਆਂ ਦੀ ਗਿਣਤੀ ਪੰਜ ਪ੍ਰਤੀਸ਼ਤ ਤੋਂ ਅੱਗੇ ਨਹੀਂ ਟੱਪ ਰਹੀ। ਜੇ ਇਮਾਨਦਾਰੀ ਨਾਲ ਸਰਵੇ ਕੀਤਾ ਜਾਵੇ ਤਾਂ ਅਜ ਵੀ ਬਹੁਤੇ ਭਾਈ ਸਾਹਿਬਾਨ, ਪ੍ਰਚਾਰਕ ਉਹੀ ਹਨ ਜਿੰਨ੍ਹਾਂ ਦਾ ਪਿਛੋਕੜ ਖਾਸਕਰ ਬ੍ਰਾਹਮਣ ਵਰਗ ਵਿਚੋਂ ਹੀ ਹੈ ਅਤੇ ਅਜ ਵੀ ਉਨ੍ਹਾਂ ਨੂੰ ਸਿੱਖੀ ਤੋਂ ਬਹੁਤਾ ਕੁੱਝ ਲੈਣਾ ਦੇਣਾ ਨਹੀਂ। ਉਹ ਇਸ ਪਾਸੇ ਇਸ ਲਈ ਹਨ ਕਿ ਇਹ ਉਨ੍ਹਾਂ ਦੀ ਰੋਟੀ-ਰੋਜ਼ੀ ਦਾ ਵਧੀਆ ਤੇ ਸੌਖਾ ਵਸੀਲਾ ਬਣਿਆ ਹੋਇਆ ਹੈ। ਸਰੂਪ ਦੇਖੋ ਤਾਂ ਦਿਲਖਿਚਵੇਂ ਪੰਜ ਕਕਾਰੀ ਹਨ ਪਰ ਮੂਲ ਰੂਪ `ਚ ਗੁਰੂ ਪਾਤਸ਼ਾਹ ਲਈ ਉਨ੍ਹਾਂ ਦੇ ਮਨ `ਚ ਨਾ ਸਤਿਕਾਰ ਹੈ ਨਾ ਭੈਅ। ਅਜ ਸੰਗਤਾਂ ਵਿਚਾਲੇ ਇਹ ਸ਼ਬਦਾਵਲੀ ਆਮ ਪ੍ਰਚਲਤ ਹੈ, ‘ਬਾਣੀ ਅਗਾਧਬੋਧ-ਹੈ’, ‘ਗੁਰੂ ਦੀ ਬਾਣੀ ਗੁਰੂ ਹੀ ਸਮਝ ਸਕਦਾ ਹੈ’, ‘ਬਾਣੀ ਦੇ ਅਰਥ ਤਾਂ ਹੋ ਨਹੀਂ ਸਕਦੇ, ਕਰਣੇ ਹੁੰਦੇ ਤਾਂ ਗੁਰੂ ਸਾਹਿਬ ਆਪ ਨਾ ਕਰ ਦੇਂਦੇ? ਆਦਿ’ ਇਹ ਫ਼ਿਕਰੇ ਕਿਧਰੋਂ ਬਾਹਰੋਂ ਨਹੀਂ ਬਲਕਿ ਸਾਡੀ ਇਸ ਪੁਜਾਰੀ-ਪ੍ਰਚਾਰਕ (ਪਰਜਾਰੀ) ਸ਼੍ਰੇਣੀ ਦੀ ਹੀ ਦੇਣ ਹਨ।

--Self Learning Gurmat Lesson R-0504No.R MG-R-5O4,,… "ਗੁਰਮੁਖ" ਤੇ "ਮਨਮੁਖ" R504 MG.v

#Including this Self Learning Gurmat Lesson R-05 04No.R MGO4,,… R504 MG #

"ਗੁਰਮੁਖ" ਤੇ "ਮਨਮੁਖ"

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.