.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਦਰਸ਼ਕ ਮਨੁੱਖ ਦੀਆਂ ਨਿਸ਼ਾਨੀਆਂ

ਗੁਰੂ ਨਾਨਕ ਸਾਹਿਬ ਜੀ ਨੇ ਤਿਲ਼ਾਂ ਦੇ ਬੂਟਿਆਂ ਦੀ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਤਿਲ਼ਾਂ ਦੇ ਬੂਟੇ ਜ਼ਮੀਨ ਵਿਚੋਂ ਇਕਸਾਰ ਜਨਮ ਲੈਂਦੇ ਹਨ। ਦੇਖਣ ਨੂੰ ਇਕੋ ਜੇਹੇ ਲਗਦੇ ਹਨ ਪਰ ਇਹਨਾਂ ਵਿੱਚ ਦਾਣਿਆਂ ਦੀ ਮਿਕਦਾਰ ਦਾ ਫਰਕ ਹੁੰਦਾ ਹੈ। ਤਿਲ਼ਾਂ ਦੀ ਫਸਲ `ਤੇ ਜਦੋਂ ਅਸਮਾਨੀ ਬਿਜਲੀ ਦੀ ਲਿਸ਼ਕ ਆਪਣਾ ਲਿਸ਼ਕਾਰਾ ਮਾਰਦੀ ਹੈ ਤਿਲ਼ਾਂ ਦੀਆਂ ਫਲੀਆਂ ਸੜ੍ਹ ਜਾਦੀਆਂ ਹਨ। ਸੜੀਆਂ ਫਲ਼ੀਆਂ ਵਿੱਚ ਦਾਣੇ ਨਹੀਂ ਹੁੰਦੇ ਪਰ ਦੂਰੋਂ ਦੇਖਣ ਨੂੰ ਬੂਟੇ ਇਕੋ ਜੇਹੇ ਲਗਦੇ ਹਨ। ਏਸੇ ਤਰ੍ਹਾਂ ਦੂਰੋਂ ਸਾਨੂੰ ਵੀ ਸਾਰੇ ਮਨੁੱਖ ਇਕੋ ਜੇਹੇ ਲਗਦੇ ਹਨ ਪਰ ਕਈ ਜ਼ਮਾਨੇ ਦੀ ਲਿਸ਼ਕ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਰਕੇ ਉਹਨਾਂ ਵਿੱਚ ਦੈਵੀ ਗੁਣਾਂ ਦੀ ਘਾਟ ਰਹਿ ਜਾਂਦੀ ਹੈ। ਅਜੇਹੇ ਮਨੁੱਖਾਂ ਦਾ ਵਰਤੋਂ ਵਿਹਾਰ ਦੇਖ ਕੇ ਇੰਝ ਲਗਦਾ ਹੈ ਕਿ ਜਿਵੇਂ ਪੂਰੀ ਤਰ੍ਹਾਂ ਸੜੇ ਹੋਏ ਹਨ। ਦੇਖਣ ਨੂੰ ਬਾਹਰੋਂ ਪੂਰਾ ਅਫਸਰ ਹੈ ਪਰ ਜਦੋਂ ਉਹ ਆਪਣੀ ਜ਼ਿੰਮੇਵਾਰੀ ਨਿਭਾਹੁੰਣ ਦੀ ਥਾਂ `ਤੇ ਕਿਸੇ ਕੋਲੋਂ ਨਜ਼ਾਇਜ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਸਮਝਿਆ ਜਾਏਗਾ ਕਿ ਇਹ ਵਿਚੋਂ ਇਨਸਾਨੀਅਤ ਵਾਲਾ ਮਾਦਾ ਖਤਮ ਹੋ ਗਇਆ ਹੈ।
ਲਾਲ ਗੋਦੜੀਆਂ ਵਿੱਚ ਹੀ ਦਿਸਦੇ ਹਨ ਦੇ ਮੁਹਾਵਰੇ ਅਨੁਸਾਰ ਇੱਕ ਉਹ ਮਨੁੱਖ ਹਨ ਜਿੰਨ੍ਹਾਂ ਵਿੱਚ ਗੁਣਾਂ ਦੀ ਭਰਪੂਰਤਾ ਹੁੰਦੀ ਹੈ। ਉਹ ਆਪਣਾ ਸੁੱਖ ਤਿਆਗ ਕੇ ਕਿਸੇ ਦੂਸਰੇ ਦਾ ਦੁੱਖ ਵੰਡਾਉਣ ਵਿੱਚ ਫਕਰ ਮਹਿਸੂਸ ਕਰਦੇ ਹਨ। ਅਜੇਹੇ ਅਦਰਸ਼ਕ ਮਨੁੱਖ ਦੀਆਂ ਕੀ ਨਿਸ਼ਾਨੀਆਂ ਹਨ ਹੱਥਲੇ ਸਲੋਕ ਵਿੱਚ ਅੰਕਤ ਕੀਤੀਆਂ ਗਈਆਂ ਹਨ—
ਮੰਤ੍ਰੰ ਰਾਮ ਰਾਮ ਨਾਮੰ, ਧ੍ਯ੍ਯਾਨੰ ਸਰਬਤ੍ਰ ਪੂਰਨਹ॥
ਗ੍ਯ੍ਯਾਨੰ ਸਮ ਦੁਖ ਸੁਖੰ, ਜੁਗਤਿ ਨਿਰਮਲ ਨਿਰਵੈਰਣਹ॥
ਦਯਾਲੰ ਸਰਬਤ੍ਰ ਜੀਆ, ਪੰਚ ਦੋਖ ਬਿਵਰਜਿਤਹ॥
ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ॥
ਉਪਦੇਸੰ ਸਮ ਮਿਤ੍ਰ ਸਤ੍ਰਹ, ਭਗਵੰਤ ਭਗਤਿ ਭਾਵਨੀ॥
ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤਿ੍ਯ੍ਯਾਗਿ ਸਗਲ ਰੇਣੁਕਹ॥
ਖਟ ਲਖ੍ਯ੍ਯਣ ਪੂਰਨੰ ਪੁਰਖਹ, ਨਾਨਕ ਨਾਮ ਸਾਧ ਸ੍ਵਜਨਹ॥ ੪੦॥

ਅੱਖਰੀਂ ਅਰਥ--— ਪਰਮਾਤਮਾ ਦਾ ਨਾਮ (ਜੀਭ ਨਾਲ) ਜਪਣਾ ਅਤੇ ਉਸ ਨੂੰ ਸਰਬ-ਵਿਆਪਕ ਜਾਣ ਕੇ ਉਸ ਵਿੱਚ ਸੁਰਤਿ ਜੋੜਨੀ; ਸੁਖਾਂ ਦੁਖਾਂ ਨੂੰ ਇਕੋ ਜਿਹਾ ਸਮਝਣਾ ਅਤੇ ਪਵਿਤ੍ਰ ਤੇ ਵੈਰ-ਰਹਿਤ ਜੀਵਨ ਜੀਊਣਾ; ਸਾਰੇ ਜੀਵਾਂ ਨਾਲ ਪਿਆਰ-ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ; ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਜ਼ਿੰਦਗੀ ਦਾ ਆਸਰਾ ਬਣਾਣਾ ਅਤੇ ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕਉਲ ਫੁੱਲ ਪਾਣੀ ਤੋਂ, ਸੱਜਣ ਤੇ ਵੈਰੀ ਨਾਲ ਇਕੋ ਜਿਹਾ ਪ੍ਰੇਮ-ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨੀ ਅਤੇ ਪਰਮਾਤਮਾ ਦੀ ਭਗਤੀ ਵਿੱਚ ਪਿਆਰ ਬਣਾਣਾ; ਪਰਾਈ ਨਿੰਦਿਆ ਆਪਣੇ ਕੰਨਾਂ ਨਾਲ ਨਾਹ ਸੁਣਨੀ ਅਤੇ ਆਪਾ-ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣਨਾ। ਹੇ ਨਾਨਕ! ਪੂਰਨ ਪੁਰਖਾਂ ਵਿੱਚ ਇਹ ਛੇ ਲੱਛਣ ਹੁੰਦੇ ਹਨ, ਉਹਨਾਂ ਨੂੰ ਹੀ ਸਾਧ ਗੁਰਮੁਖਿ ਆਖੀਦਾ ਹੈ। ੪੦।
ਵਿਚਾਰ ਚਰਚਾ—
੧ ਰੱਬ ਦੇ ਨਾਮ ਦਾ ਹਰ ਵੇਲੇ ਮੰਤ੍ਰ ਉਚਾਰਦੇ ਰਹਿਣਾ—ਏਦਾਂ ਨਹੀਂ ਹੈ ਕਿ ਕੇਵਲ ਇਕੋ ਸ਼ਬਦ ਦਾ ਬਾਰ ਬਾਰ ਉਚਾਰਣ ਕੀਤਾ ਜਾਏ-ਇਸ ਦਾ ਭਾਵ ਅਰਥ ਹੈ ਕਿ ਆਪਣੀ ਜ਼ਬਾਨ ਨਾਲ ਉਹ ਵਿਚਾਰ ਸਾਂਝਾ ਕਰਨਾ ਹੈ ਜਿਸ ਨਾਲ ਸਰਬੱਤ ਦਾ ਭਲਾ ਜਨਮ ਲੈਂਦਾ ਹੋਵੇ। ਹਰ ਵੇਲੇ ਇਮਾਨਦਾਰੀ ਵਿੱਚ ਮਗਨ ਰਹਿਣਾ
੨ ਸੁੱਖ ਤੇ ਦੁੱਖ ਦਾ ਗਿਆਨ ਹੁੰਦਾ ਹੈ, ਨਿਰਵੈਰ ਭਾਵਨਾ ਜਨਮ ਲੈਂਦੀ ਹੈ। ਜ਼ਿੰਦਗੀ ਦੇ ਅਸਲ ਮਹੱਤਵ ਨੂੰ ਸਮਝਦਾ ਹੈ। ਏਸ ਭਾਵਨਾ ਵਿਚੋਂ ਸ਼ਹੀਦੀਆਂ ਸਾਕਾਰ ਹੁੰਦੀਆਂ ਹਨ।
੩ ਪੰਜ ਵਿਕਾਰਾਂ ਨੂੰ ਆਪਣੇ ਅਧੀਨ ਕਰ ਲੈਂਦਾ ਹੈ ਤੇ ਹਰੇਕ ਨਾਲ ਹਮਦਰਦੀ ਨਾਲ ਪੇਸ਼ ਆਉਂਦਾ ਹੈ। ਉੱਚਾ ਨੀਵਾਂ ਖਤਮ ਹੁੰਦਾ ਹੈ। ਅੱਜ ਸਾਡੀਆਂ ਜੱਥੇਬੰਦੀਆਂ ਇੱਕ ਦੂਜੇ ਦੇ ਹੱਥ ਦਾ ਪਰਸ਼ਾਦਾ ਤਾਂ ਇੱਕ ਪਾਸੇ ਰਿਹਾ ਕੜਾਹ ਪ੍ਰਸ਼ਾਦ ਵੀ ਲੈਣ ਲਈ ਤਿਆਰ ਨਹੀਂ ਹੁੰਦੀਆਂ। ਉਂਜ ਪੜ੍ਹਦੇ ਗੁਰਬਾਣੀ ਹਨ।
੪ ਜ਼ਿੰਦਗੀ ਸਚਾਈ ਦੇ ਅਧਾਰਤ ਹੋ ਜਾਂਦੀ ਹੈ ਅਤੇ ਭੋਜਨ ਰੱਬ ਦੀ ਸਿਫਤੋ ਸਲਾਹ ਹੁੰਦੀ ਹੈ। ਕੀਰਤਨ ਦਾ ਅਰਥ ਇਹ ਨਹੀਂ ਹੈ ਕਿ ਹਰ ਵੇਲੇ ਵਾਜਾ ਤਬਲਾ ਫੜ ਕੇ ਰਾਗ ਅਲਾਪਦੇ ਰਹਿੰਦੇ ਹਨ ਤੇ ਬਾਕੀ ਦੇ ਕੰਮ ਛੱਡ ਦੇਂਦੇ ਹਨ। ਜਿਸ ਤਰ੍ਹਾਂ ਪਾਣੀ ਵਿੱਚ ਕਮਲਦਾ ਫੁੱਲ ਭਿੱਜਦਾ ਨਹੀਂ ਹੈ ਏਸੇ ਤਰ੍ਹਾਂ ਤਰ੍ਹਾਂ ਮਨੁੱਖ ਪ੍ਰਵਾਰਕ ਮੋਹ ਵਿੱਚ ਨਹੀਂ ਫਸਦਾ।
੫ ਵੈਰੀ ਅਤੇ ਮਿੱਤਰ ਨਾਲ ਇਕੋ ਜੇਹੀ ਪ੍ਰੇਮ ਭਾਵਨਾ ਰੱਖਣ ਤੋਂ ਭਾਵ ਹੈ ਕਿ ਲੜਾਈ ਝਗੜੇ ਵਲ ਪ੍ਰੇਰਤ ਨਹੀਂ ਹੁੰਦਾ। ਹਰ ਮਸਲੇ ਨੂੰ ਗੱਲਬਾਤ ਰਾਂਹੀ ਹੱਲ ਕਰਦਾ ਹੈ। ਰੱਬ ਦੀ ਬੋਲੀ ਪਿਆਰ ਦੀ ਹੈ ਤੇ ਪਿਆਰ ਹੀ ਰੱਬ ਦੀ ਅਸਲ ਬੰਦਗੀ ਹੈ। ਜਨੀ ਕਿ ਮੇਰ ਤੇਰ ਦੀ ਦੁਬਿਧਾ ਖਤਮ ਹੋ ਜਾਂਦੀ ਹੈ॥
੬ ਕਿਸੇ ਦੀਆਂ ਬੇ-ਲੋੜੀਆਂ ਚੁਗਲ਼ੀਆਂ ਨਹੀਂ ਸੁਣਦਾ। ਭਾਵ ਲੜਾਈ ਝਗੜੇ ਨੂੰ ਉਤਸ਼ਾਹਤ ਨਹੀਂ ਕਰਦਾ। ਆਪਣਾ ਆਪ ਤਿਆਗਦਾ ਹੈ ਕਿ ਹਰ ਵੇਲੇ ਸਿੱਖਣ ਦੀ ਤਮੰਨਾ ਰੱਖਦਾ ਹੈ।
੭ ਇਹ ਛੇ ਲੱਛਣ ਧਾਰਨ ਕਰਨ ਵਾਲੇ ਨੂੰ ਅਦਰਸ਼ਕ ਮਨੁੱਖ ਆਖਿਆ ਜਾਂਦਾ ਹੈ।
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ॥ ੧੩
ਸਲੋਕ ਮਹਲਾ ੯ ਪੰਨਾ ੧੪੨੭




.