.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:17)

ਵੀਰ ਭੁਪਿੰਦਰ ਸਿੰਘ

81. ਕਿਸੀ ਦੇ ਹੋਣਾ ਜਾਂ ਅਧੀਨ ਹੋ ਕੇ ਰਹਿਣਾ:

ਪ੍ਰੇਮੀ ਦੇ ਪ੍ਰੇਮ ਵੱਸ ਹੋਣਾ ਭਾਵ ਪ੍ਰੇਮੀ ਦੀ ਮੱਤ ਅਨੁਸਾਰ ਜਿਊਣਾ। ਜਦੋਂ ਸਾਨੂੰ ਸਾਡੇ ਗੁਣਾਂ ਤੋਂ ਵੱਧ ਕਿਸੀ ’ਚ ਹੋਰ ਚੰਗੇ ਗੁਣ ਨਜ਼ਰ ਆਉਂਦੇ ਹਨ ਤਾਂ ਸਾਨੂੰ ਉਹ ਵੱਡਾ, ਚੰਗਾ, ਸਿਆਣਾ ਲਗਦਾ ਹੈ। ਸਾਡੇ ਮਨ ਨੂੰ ਜੋ ਵੱਡਾ, ਉੱਚਾ, ਸਿਆਣਾ ਲਗਦਾ ਹੈ ਉਸਦੀ ਨੇੜਤਾ ਸਾਨੂੰ ਪਸੰਦ ਹੁੰਦੀ ਹੈ, ਦਿਲ ਤਾਂਘਦਾ ਹੈ ਕਿ ਮੈਂ ਵੱਡੇ-ਉੱਚੇ ਦੇ ਨੇੜੇ ਹਮੇਸ਼ਾ ਰਹਾਂ। ਪਲ-ਪਲ ਕਿਸੇ ਵੀ ਮੁਸੀਬਤ ਤੋਂ ਬੱਚ ਕੇ ਰਹਿਣ ਲਈ ਉਸਦੀ ਸਲਾਹ ਮੰਨਦੇ ਹਾਂ, ਇਸੇ ਅਵਸਥਾ ਨੂੰ ਪ੍ਰੇਮੀ ਦੀ ਅਵਸਥਾ ਕਹਿੰਦੇ ਹਨ। ਰੱਬ ਜੀ ਨੂੰ ਸਭ ਜਗ੍ਹਾ ਹਾਜ਼ਰ-ਨਾਜ਼ਰ ਮੰਨਿਆ ਜਾਂਦਾ ਹੈ ਪਰ ਮਨੁੱਖ ਹਰੇਕ ਜਗ੍ਹਾ ਮੌਜੂਦ ਨਹੀਂ ਰਹਿ ਸਕਦਾ। ਇਸ ਕਰਕੇ ਧਰਮ ਸਾਨੂੰ ਦ੍ਰਿੜਾਉਂਦਾ ਹੈ ਕਿ ਰੱਬ (ਸਤਿਗੁਰ) ਨੂੰ ਸੱਜਣ-ਮਿੱਤਰ ਬਣਾ ਕੇ ਉਸੀ ਨਾਲ ਪ੍ਰੇਮ ਕਰ ਲੈ। ਸਦਕੇ ’ਚ ਤੂੰ ਹਮੇਸ਼ਾ ਉਸ ਪ੍ਰੇਮੀ ਨਾਲ ਮਨ ਕਰ ਕੇ ਰਹਿ ਸਕੇਂਗਾ। ਸਤਿਗੁਰ ਸੱਜਣ ਦਾ ਹੋ ਕੇ ਰਹਿਣਾ ਭਾਵ ਉਸੀ ਦਾ ਸੁਨੇਹਾ, ਸਲਾਹ ਮੰਨ ਕੇ ਉਸੀ ਦੀ ਮਤ ਅਧੀਨ ਚਲਣਾ। ਜਦੋਂ ਪ੍ਰੇਮੀ ਦੇ ਖਿਆਲਾਂ (ਮੱਤ) ਅਨੁਸਾਰ ਜਿਊਂਦੇ ਹਾਂ ਤਾਂ ‘ਉਸੀ ਦੇ ਹੋ ਕੇ ਰਹਿਣਾ’ ਕਹਿਲਾਉਂਦਾ ਹੈ, ਇਸ ਕਾਰਨ ਅਸੀਂ ਪ੍ਰੇਮੀ ਦੀ ਸ਼ਰਣ ’ਚ ਰੋਗਾਂ-ਮੁਸੀਬਤਾਂ ਰੂਪੀ ਜਮ ਬਿਰਤੀ ਖਿਆਲਾਂ ਤੋਂ ਮਹਿਫੂਜ਼ ਰਹਿੰਦੇ ਹਾਂ। ਇਹੋ ਰੱਬੀ ਪ੍ਰੇਮ ਜਾਂ ਪ੍ਰੇਮੀ ਅਧੀਨ ਰਹਿਣਾ ਜਾਂ ਉਸੀ ਦੇ ਹੋ ਕੇ ਰਹਿਣਾ ਕਹਿਲਾਂਉਦਾ ਹੈ।

ਮੀਤੁ ਕਰੈ ਸੋਈ ਹਮ ਮਾਨਾ ॥ ਮੀਤ ਕੇ ਕਰਤਬ ਕੁਸਲ ਸਮਾਨਾ ॥ (ਗੁਰੂ ਗ੍ਰੰਥ ਸਾਹਿਬ, ਪੰਨਾ 187)

82. ਹੰਸਾਂ ਹੀਰਾ ਮੋਤੀ ਚੁਗਣਾ (ਚੰਗੇ ਗੁਣ ਲੱਭ-ਲੱਭ ਕੇ ਵਰਤਣੇ):

ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥

(ਗੁਰੂ ਗ੍ਰੰਥ ਸਾਹਿਬ, ਪੰਨਾ 956)

ਇਹ ਮੰਨਿਆ ਜਾਂਦਾ ਹੈ ਕਿ ਹੰਸ ਕੇਵਲ ਹੀਰੇ ਮੋਤੀ ਖਾਂਦਾ ਹੈ ਅਤੇ ਕਾਂ, ਬਗੁਲਾ, ਇਲਾਂ ਜਾਂ ਬਾਜ਼ ਇਹ ਸਭ ਮੁਰਦਾਰ (ਮਰੇ ਚੂਹੇ ਆਦਿ) ਖਾਂਦੇ ਹਨ। ਹੰਸ ਅਸਲੀਅਤ ’ਚ ਹੀਰੇ ਮੋਤੀ ਖਾ ਸਕਦਾ ਹੈ ਜਾਂ ਨਹੀਂ ਇਸ ਬਹਿਸ ’ਚ ਪੈਣਾ ਵਿਅਰਥ ਹੈ ਪਰ ਕਾਂ, ਬਗੁਲਾ, ਇੱਲਾਂ ਤਾਂ ਮੁਰਦਾਰ ਖਾਂਦੇ ਹੀ ਹਨ, ਇਹ ਕੁਦਰਤੀ ਸੱਚਾਈ ਹੈ। ਧਾਰਮਕ ਦੁਨੀਆ ਦੇ ਹਰੇਕ ਸੁਨੇਹੇ ਦਾ ਮਨੋਰਥ, ਮਨੁੱਖ ਨੂੰ ਇਨਸਾਨੀਅਤ ਭਰਪੂਰ ਜੀਵਨੀ ਵੱਲ ਪੇ੍ਰਰਨਾ ਹੈ। ਮਨੁੱਖੀ ਤਨ ਪ੍ਰਾਪਤ ਕਰਨ ਤੋਂ ਬਾਅਦ ਮਨੁੱਖ ਜੇ ਕਰ ਪਸ਼ੂ ਪੰਛੀਆਂ ਵਾਲੇ ਕਰਮ ਕਰਦਾ ਹੈ ਤਾਂ ਮਨੁੱਖਤਾ ਦੇ ਤਲ ਤੋਂ ਡਿਗ ਜਾਂਦਾ ਹੈ। ਵੇਖਣ ’ਚ ਭਾਵੇਂ 90-100 ਸਾਲ ਤੱਕ ਸਰੀਰ ਹੰਢਾਉਂਦਾ ਹੈ ਪਰ ਮਨੁੱਖਤਾ ਭਰਪੂਰ ਜੀਵਨੀ ਦੇ ਉੱਚੇ ਤਲ ਤਕ ਨਹੀਂ ਪੁਜਦਾ।

ਮੰਨਿਆ ਜਾਂਦਾ ਹੈ ਕਿ ਹੰਸ ਅੱਗੇ ਦੁਧ ਰੱਖੋ ਤਾਂ ਉਹ ਚੁੰਝ ਨਾਲ ਪੀਣ ਸਮੇਂ ਦੁੱਧ ਨਾਲੋਂ ਪਾਣੀ ਨੂੰ ਵੱਖ ਕਰ ਦਿੰਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ਮਹਾਨ ਕੋਸ਼ ਅਨੁਸਾਰ ‘ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇਸ ਦੀ ਚੁੰਝ ਵਿੱਚ ਖਟਾਸ ਹੁੰਦੀ ਹੈ, ਜਦ ਦੁੱਧ ਵਿੱਚ ਪਾਉਂਦਾ ਹੈ ਤਦ ਪਾਣੀ ਅਲਗ ਹੋ ਜਾਂਦਾ ਹੈ’।

ਭਾਵ ਅਸਲੀਅਤ ਵਿਚ ਹੰਸ ਕੀਮਤੀ ਗੁਣਾਂ ਦਾ ਆਹਾਰ ਹੀ ਕਰਦਾ ਹੈ। ਪਾਣੀ ’ਚ ਫੋਕ ਹੈ ਅਤੇ ਦੁੱਧ ’ਚ ਤਾਕਤ। ਦੁੱਧ ਦੇ ਕੀਮਤੀ ਗੁਣਾਂ ਦੀ ਹੀਰੇ ਮੋਤੀ ਨਾਲ ਤੁਲਨਾ ਕੀਤੀ ਜਾਂਦੀ ਹੈ। ਜਿਵੇਂ ਹੰਸ ਕੀਮਤੀ ਗੁਣਾਂ ਦਾ ਭੋਜਨ ਕਰਦਾ ਹੈ ਅਤੇ ਕਾਂ, ਇੱਲਾਂ, ਬਗੁਲੇ ਮੁਰਦਾਰ ਦਾ ਭੋਜਨ ਕਰਦੇ ਹਨ, ਇਸੇ ਤਰ੍ਹਾਂ ਚੰਗੇ ਮੰਦੇ ਖਿਆਲਾਂ ਦਾ ਭੋਜਨ ਮਨੁੱਖ ਦਾ ਮਨ ਕਰਦਾ ਹੈ। ਚੰਗੇ-ਮੰਦੇ ਖਿਆਲਾਂ ਦੀ ਪਰਖ ਕਰਕੇ ਕੇਵਲ ਚੰਗੇ ਗੁਣਾਂ ਦੇ ਖਿਆਲ ਲੈ ਕੇ ਜੀਵਨ ਬਣਾਉਣਾ ਹੰਸਾਂ ਦਾ ਹੀਰਾ ਮੋਤੀ ਚੁਗਣਾ ਕਹਿਲਾਉਂਦਾ ਹੈ ਅਤੇ ਮੰਦੇ ਦੀ ਪਰਖ ਕੀਤੇ ਬਿਨਾ ਮੰਦੇ ਮੈਲੇ ਮੁਰਦਾਰ ਭਰੇ ਗੰਦੇ ਖਿਆਲਾਂ ਨੂੰ ਖਾਣ ਨਾਲ ਸੁਭਾ ਵੀ ਮੰਦੇ ਕਿਰਦਾਰ ਵਾਲਾ ਬਣ ਜਾਂਦਾ ਹੈ।

83. ਕਾਗਹੁ ਹੰਸ ਕਰੇ (ਅਵਗੁਣੀ ਸੁਭਾ ਛੱਡ ਕੇ ਚੰਗੇ ਸੁਭਾ ਦੇ ਗੁਣ ਲੈਣੇ):

ਕਈ ਮਨੁੱਖ ਮੈਲੇ ਮਨ ਕਾਰਨ ਕਾਂ ਵਾਂਗੂੰ ਕਾਂਓ-ਕਾਂਓ ਕਰਦੇ ਰਹਿੰਦੇ ਹਨ। ਸਰੋਵਰ, ਦਰਿਆ ’ਚ ਕਾਂ ਅਤੇ ਹੰਸ ਦੋਵੇਂ ਜਾਂਦੇ ਹਨ। ਸਰੋਵਰ (ਦਰਿਆ) ਨੂੰ ਦੋਵਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਅਤੇ ਨਾ ਹੀ ਵਿਤਕਰਾ ਹੁੰਦਾ ਹੈ। ਪਾਣੀ ’ਚ ਨਹਾ ਕੇ ਵੀ ਕਾਂ ਕਾਲੇ ਰੰਗ ਦਾ ਰਹਿੰਦਾ ਹੈ, ਬਗੁਲਾ ਚਿੱਟਾ ਰਹਿੰਦਾ ਹੈ ਅਤੇ ਹੰਸ ਵੀ ਚਿੱਟਾ ਹੀ ਰਹਿੰਦਾ ਹੈ। ਇਸ ‘ਕਾਗਹੁ ਹੰਸ ਕਰੇ’ ਵਾਲੇ ਅਖਾਣ ’ਚ ਹੰਸ ਅਤੇ ਕਾਂ ਦੀ ਬਿਰਤੀ ਦਰਸਾ ਕੇ ਮਨੁੱਖੀ ਮਨ ਨੂੰ ਸੁਚੇਤ ਕੀਤਾ ਗਿਆ ਹੈ।

ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 2)

ਜਦੋਂ ਸਤਿਗੁਰ ਦੇ ਸਰੋਵਰ ’ਚ ਹੰਸ ਬਿਰਤੀ ਵਾਲਾ ਮਨ ਨਹਾਏ ਤਾਂ ਉਸਦੇ ਗੁਣਾਂ ’ਚ ਵਾਧਾ ਹੋ ਜਾਂਦਾ ਹੈ ਅਤੇ ਦੁਰਮਤ ਦੀ ਮੈਲ (ਕਾਲਖ਼) ਨਹੀਂ ਲਗਦੀ। ਲੇਕਿਨ ਕਾਂ ਬਿਰਤੀ ਵਾਲਾ ਮਨ ਜਦੋਂ ਗੁਰ ਸਾਗਰ (ਸਰੋਵਰ) ’ਚ ਮਨ ਦੀ ਕਾਲਖ ਧੋਣ ਲਈ ਨਹਾਉਂਦਾ ਹੈ  ਤਾਂ ਉਸ ਦੀ ਮਨ ਦੀ ਕਾਲਖ਼ ਧੁੱਲ ਜਾਂਦੀ ਹੈ, ਉਹ ਹੰਸ ਵਾਂਗੂ ਚਿੱਟਾ ਸਾਫ ਮਨ ਹੋ ਜਾਂਦਾ ਹੈ। ਕਾਂ ਬਿਰਤੀ ਦਾ ਮਨ ਅਵਗੁਣੀ ਸੁਭਾ ਛੱਡ ਕੇ, ਚੰਗੇ ਗੁਣਾਂ ਰੂਪੀ ਸੁਮੱਤ ਪ੍ਰਾਪਤ ਕਰਕੇ ਚੰਗੇ ਗੁਣਾਂ ਦਾ ਸੁਭਾ ਦ੍ਰਿੜ ਕਰਦਾ ਹੈ ਤਾਂ ਇਸ ਅਵਸਥਾ ਨੂੰ ਹੀ ‘ਕਾਗਹੁ ਹੰਸ ਕਰੇ’ ਕਿਹਾ ਜਾਂਦਾ ਹੈ। ਮਨ ਨਿੰਦਾ, ਚੁਗਲੀ, ਠੱਗੀ ਦਾ ਮੁਰਦਾਰ ਖਾਣਾ ਛੱਡ ਦਿੰਦਾ ਹੈ, ਮਨ ਕਾਂਉਂ-ਕਾਂਉਂ ਕਰਨ ਦੇ ਭੈੜੇ ਸੁਭਾ ਤੋਂ ਛੁੱਟ ਜਾਂਦਾ ਹੈ।

84. ਕਰੰਗ ਢੰਢੋਲਨਾ (ਚੂੰਢਣਾ):

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1382)

ਚੂਹੇ ਜਾਂ ਮਰੇ ਜਾਨਵਰ ਦਾ ਮਾਸ ਕਾਂ ਖਾਂਦੇ ਹਨ। ਜਿੱਥੇ-ਕਿੱਥੇ ਵੀ ਮੁਰਦਾਰ ਪਿਆ ਹੋਵੇ ਤਾਂ ਮੱਖੀਆਂ, ਇੱਲਾਂ, ਕਾਂਵਾਂ ਨੂੰ ਇੱਕ ਦਮ ਪਤਾ ਲਗ ਜਾਂਦਾ ਹੈ। ਧਾਰਮਿਕ ਦੁਨੀਆ ਦਾ ਤਾਅਲੁਕ ਸਾਡੀ ਮਾਨਸਿਕਤਾ ਨਾਲ ਹੁੰਦਾ ਹੈ। ਜਿਵੇਂ ਸਾਡਾ ਤਨ ਹੱਡੀਆਂ, ਮਾਸ ਅਤੇ ਨਾੜੀਆਂ ਦਾ ਬਣਿਆ ਹੁੰਦਾ ਹੈ ਅਤੇ ਅੰਦਰ ਲਗਾਤਾਰ ਵਗਦੀ ਪਵਣ ਨਾਲ ਜੀਵਿਤ ਰਹਿੰਦਾ ਹੈ, ਉਸੀ ਤਰ੍ਹਾਂ ਸਾਡੇ ਮਨ ਦੀ ਦੁਨੀਆ ਦਾ ਅੰਦਰਲਾ ਤਨ ਹੁੰਦਾ ਹੈ। ਅੰਦਰਲੀ ਦੁਨੀਆ ਦਾ ਤਨ ਸਤਿਗੁਰ ਦੀ ਮੱਤ ਰੂਪੀ ਪਵਣ ਨਾਲ ਚਲਦਾ ਹੈ ਅਤੇ ਨਿਰਮਲ ਭਉ ਵਾਲੇ ਤਨ ਦੇ ਅੰਗ ਬਣਦੇ ਹਨ।

ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ (ਗੁਰੂ ਗ੍ਰੰਥ ਸਾਹਿਬ, ਪੰਨਾ 643)

ਆਖਾ ਜੀਵਾ ਵਿਸਰੈ ਮਰਿ ਜਾਉ ॥ (ਗੁਰੂ ਗ੍ਰੰਥ ਸਾਹਿਬ, ਪੰਨਾ 9)

ਇਨ੍ਹਾਂ ਫੁਰਮਾਣਾਂ ਰਾਹੀਂ ਸਮਝ ਪੈਂਦੀ ਹੈ ਕਿ ਜਦੋਂ ਸਾਡਾ ਮਨ ਸਤਿਗੁਰ ਰੂਪੀ ਪਵਣ ਲੈ ਕੇ ਨਹੀਂ ਜਿਊਂਦਾ ਤਾਂ ਉਸੀ ਪਲ ਮਨ ਦੀ ਮੌਤ ਭਾਵ ਅੰਦਰਲੀ ਦੇਹ ਦੀ ਮੌਤ ਹੋ ਜਾਂਦੀ ਹੈ। ਵੇਖਣ ਨੂੰ ਸਰੀਰ ਜਿੰਦਾ ਪਰ ਆਤਮਕ ਮੌਤ ਵਾਲੀ ਟੁਰਦੀ-ਫਿਰਦੀ ਲਾਸ਼ ਹੁੰਦਾ ਹੈ। ਵਿਕਾਰਾਂ ਨੂੰ ਹੀ ਕਾਂ-ਇੱਲ ਕਿਹਾ ਜਾਂਦਾ ਹੈ। ਅਸੀਂ ਆਤਮਕ ਮੌਤ ਮਰੇ ਹੁੰਦੇ ਹਾਂ ਤਾਂ ਅਵਗੁਣ ਰੂਪੀ ਕਾਂ ਇੱਲਾਂ ਇਕ ਦਮ ਆ ਕੇ ਸਾਡੇ ਤੋਂ ਚੰਗੇ-ਚੰਗੇ ਗੁਣਾਂ ਨੂੰ ਚੂੰਢ-ਚੂੰਢ ਕੇ ਖਾਣਾ ਸ਼ੁਰੂ ਕਰ ਦਿੰਦੇ ਹਨ। ਚੰਗੇ ਗੁਣ ਮੁਕਦੇ ਜਾਂਦੇ ਹਨ ਅਤੇ ਅਵਗੁਣੀ ਸੁਭਾ ਵਾਲਾ ਤਨ ਵੱਡਾ ਹੁੰਦਾ ਜਾਂਦਾ ਹੈ। ਗੁਣਾਂ ਦੀ ਖੁਸ਼ਬੂ ਬਦਲੇ ਮੰਦੇ ਕਿਰਦਾਰ ਵਾਲਾ, ਮੁਰਦਾਰ ਵਾਲਾ ਬਦਬੂ ਦਾਰ ਜੀਵਨ ਹੁੰਦਾ ਜਾਂਦਾ ਹੈ, ਸਿੱਟੇ ਵੱਜੋਂ ਰੱਬੀ ਮਿਲਨ ਦੀ ਅਵਸਥਾ ਨਹੀਂ ਮਿਲਦੀ। ਵਿਕਾਰਾਂ ਨਾਲ ਜਿਊਣਾ ਆਪਣੇ ਆਪ ਦਾ ਮਾਸ ਚੂੰਢਣਾ ਹੀ ਹੈ। ਕਾਮੀ ਕ੍ਰੋਧੀ ਹੋ ਕੇ ਆਪ ਵੀ ਦੁਖੀ ਰਹਿੰਦੇ ਹਾਂ ਅਤੇ ਹੋਰਨਾਂ ਲਈ ਵੀ ਜ਼ਹਿਮਤ ਬਣ ਜਾਂਦੇ ਹਾਂ।

85. ਅਮੁਲ ਗੁਣਾਂ ਦਾ ਵਾਪਾਰ (ਚੰਗੇ-ਚੰਗੇ ਗੁਣਾਂ ਨੂੰ ਲੈ ਕੇ ਵਰਤਣਾ):

ਅਮੁਲ ਗੁਣ ਅਮੁਲ ਵਾਪਾਰ ॥ (ਗੁਰੂ ਗ੍ਰੰਥ ਸਾਹਿਬ, ਪੰਨਾ 5)

ਜਿਸ ਵੀ ਵਸਤ ਦੀ ਮਨੁੱਖ ਕੋਈ ਕੀਮਤ ਰੱਖਦਾ ਹੈ, ਉਹ ਕੀਮਤ ਦੇ ਕੇ ਉਸ ਵਸਤ ਨੂੰ ਖਰੀਦਿਆ ਜਾਂਦਾ ਹੈ। ਖਰੀਦਨ ਲਈ ਧਨ ਦੀ ਲੋੜ ਪੈਂਦੀ ਹੈ। ਦੁਨੀਆ ’ਚ ਬੇਅੰਤ ਚੀਜ਼ਾਂ ਮਨੁੱਖਾਂ ਵਾਸਤੇ ਹਨ ਅਤੇ ਬਹੁਤ ਸਾਰੀਆਂ ਕਿਸਮਾ ’ਚ ਧਨ ਵੀ ਹੈ।

ਰੱਬੀ (ਧਾਰਮਿਕ) ਦੁਨੀਆ ਦੇ ਦੇਸ਼ ਦੀ ਕਿਸੀ ਵੀ ਵਸਤ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਇਹ ਕੇਵਲ ਰੱਬ ਵੱਲੋਂ ਦਾਤ (ਗੁਰਪ੍ਰਸਾਦਿ) ਦੇ ਰੂਪ ’ਚ ਵਸਤ ਪ੍ਰਾਪਤ ਹੁੰਦੀ ਹੈ। ਸਤਿਗੁਰ ਦੀ ਮੱਤ  ਰਾਹੀਂ ਪ੍ਰਾਪਤ ਰੱਬੀ ਗੁਣ ਜਿਵੇਂ ਕਿ ਸਹਿਜ, ਸੰਤੋਖ, ਨਿਮ੍ਰਤਾ, ਮਿਠਾਸ ਦੀ ਬੋਲੀ ਜੈਸੇ ਬੇਸ਼ੁਮਾਰ ਗੁਣਾਂ ਦੀ ਕੀਮਤ ਵੀ ਮਨੁੱਖ ਵੱਲੋਂ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਦੁਨਿਆਵੀ ਧੰਨ, ਪਦਾਰਥ, ਸੋਨਾ ਜਾਂ ਕੁਝ ਵੀ ਦੇ ਕੇ ਰੱਬੀ ਗੁਣਾਂ ਨੂੰ ਖਰੀਦਿਆ ਜਾ ਸਕਦਾ ਹੈ। ਰੱਬੀ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਇਹ ਅਮੁੱਲ ਹਨ। ਜੇ ਕੁਝ ਵੀ ਮੁੱਲ ਪਾ ਕੇ ਲੈਣਾ ਚਾਹੋ ਤਾਂ ਨਹੀਂ ਮਿਲ ਸਕਦੇ -

ਕੰਚਨ ਸਿਉ ਪਾਈਐ ਨਹੀਂ ਤੋਲਿ ॥ ਮਨੁ ਦੇ ਰਾਮੁ ਲੀਆ ਹੈ ਮੋਲਿ ॥ (ਗੁਰੂ ਗ੍ਰੰਥ ਸਾਹਿਬ, ਪੰਨਾ 327)

ਇਹ ਅਮੁਲ ਗੁਣਾਂ ਦਾ ਵਾਪਾਰ ਉਹੋ ਮਨ ਕਰ ਸਕਦਾ ਹੈ, ਜਿਸਨੂੰ ਇਨ੍ਹਾਂ ਦੀ ਅਹਿਮੀਅਤ ਹੁੰਦੀ ਹੈ।

ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ (ਗੁਰੂ ਗ੍ਰੰਥ ਸਾਹਿਬ, ਪੰਨਾ 604)

ਦੁਨਿਆਵੀ ਵਪਾਰ ਨਾਲ ਸਰੀਰਕ ਸੁਖ ਮਿਲੇ ਜਾਂ ਨਾ ਮਿਲੇ ਪਰ ਆਤਮਕ ਸੁਖ ਨਹੀਂ ਮਿਲ ਸਕਦਾ। ਰੱਬੀ ਗੁਣਾਂ ਦੀ ਵਡਿਆਈ ਹੈ ਕਿ ਰੱਬੀ ਦਰਬਾਰ ’ਚ ਇਹ ਪ੍ਰਵਾਨ ਹੁੰਦੇ ਹਨ, ਸਦਕੇ ’ਚ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਵੀ ਹੁੰਦਾ ਹੈ। ਜਿਨ੍ਹਾਂ ਨੂੰ ਅਮੁਲ ਗੁਣਾਂ ਦਾ ਵਪਾਰ ਕਰਨਾ ਹੁੰਦਾ ਹੈ ਉਹ ਮਨ ਕੀ ਮੱਤ ਸਮਰਪਣ ਕਰਕੇ ਇਨ੍ਹਾਂ ਗੁਣਾਂ ਨੂੰ ਜਲਦ ਤੋਂ ਜਲਦ, ਛੇਤੀ ਤੋਂ ਛੇਤੀ ਪਹਿਲ ਦੇ ਕੇ ਲੈ ਲੈਂਦੇ ਹਨ।




.