.

ਆ ਉਤਰਨਾ ਆਸਟ੍ਰੇਲੀਆ ਵਿਚ ਮੇਰਾ ਵੀ

ਗਿ: ਸੰਤੋਖ ਸਿੰਘ ਅਸਟ੍ਰੇਲੀਆ

ਅੱਜ ਪੰਜਾਬੀਆਂ ਵਾਸਤੇ ਆਸਟ੍ਰੇਲੀਆ ਕੋਈ ਓਪਰਾ ਨਾਂ ਨਹੀਂ ਹੈ। ਬੇਅੰਤ ਨੌਜਵਾਨ ਵਿਦਿਆਰਥੀ ਬਣ ਕੇ ਏਥੇ ਪੱਕੇ ਹੋਣ ਆਏ ਹਨ ਤੇ ਨਿਤ ਦਿਨ ਹੋਰ ਆ ਰਹੇ ਹਨ। ਇਸ 'ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਕਰਨ ਦਾ ਹੱਕ ਨਹੀਂ ਹੈ, ਇਸ ਦੇ ਉਲ਼ਟ ਸਗੋਂ ਸਾਨੂੰ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਏਥੇ ਸਾਡੇ ਭਾਈਚਾਰੇ ਵਿਚ ਵਾਧਾ ਹੋ ਰਿਹਾ ਹੈ। ਇਸ ਸੰਸਾਰ ਦੇ ਮਹਾਨ ਵਾਲੀ ਵਾਹਿਗੁਰੂ ਜੀ ਦੇ ਸਾਜੇ ਵਿਸ਼ਾਲ ਸੰਸਾਰ ਅੰਦਰ ਹਰ ਕੋਈ ਹੀ ਆਪਣੇ ਚੰਗੇਰੇ ਭਵਿਖ ਦੀ ਆਸ 'ਤੇ ਕਿਤੇ ਵੀ ਆ/ਜਾ ਤੇ ਵੱਸ ਸਕਦਾ ਹੈ। ਜਦੋਂ ੧੯੭੯ ਦੇ ਅਕਤੂਬਰ ਮਹੀਨੇ ਦੀ ੨੫ ਤਰੀਕ ਨੂੰ ਮੈਂ ਆਪਣੇ ਨਿੱਕੇ ਭਰਾ, ਸ. ਸੇਵਾ ਸਿੰਘ ਸਮੇਤ, ਪਹਿਲੀ ਵਾਰ ਏਥੇ ਆਇਆ ਸਾਂ ਤਾਂ ਏਥੇ ਕਿਸੇ ਵਿਰਲੇ ਹੀ ਸਿੱਖ ਦੇ ਦਰਸ਼ਨ ਹੁੰਦੇ ਸਨ। ਸਿਡਨੀ ਦੇ ਇਕ ਸਬਅਰਬ ਰੀਵਜ਼ਬੀ ਵਿਚ ਇਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁੰਦਾ ਸੀ। ਓਥੇ ਦੀਵਾਨ ਵੀ ਮਹੀਨੇ ਵਿਚ ਦੋ ਵਾਰ ਹੀ ਲੱਗਦਾ ਸੀ ਤੇ ਲੰਗਰ ਵੀ ਤਾਂ ਹੀ ਪੱਕਦਾ ਸੀ ਜੇਕਰ ਕੋਈ ਪਰਵਾਰ ਰਾਸ਼ਨ ਲਿਆਉਣ, ਪਕਾਉਣ, ਵਰਤਾਉਣ, ਛਕਾਉਣ ਆਦਿ ਦੀ ਖ਼ੁਦ ਜੁੰਮੇਵਾਰੀ ਲਵੇ ਤਾਂ। ਅੱਜ ਗੁਰੂ ਜੀ ਦੀ ਕਿਰਪਾ ਸਦਕਾ ਸਿਡਨੀ ਵਿਚ ਹੀ ਛੇ ਗੁਰਦੁਆਰੇ ਹਨ ਜਿਥੇ ਰੌਣਕਾਂ ਹੀ ਰੌਣਕਾਂ ਹੁੰਦੀਆਂ ਹਨ। ਇਹ ਕੁਝ ਏਥੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਦੇ ਆਉਣ ਸਦਕਾ ਹੀ ਸੰਭਵ ਹੋਇਆ ਹੈ।
ਮੁਲਕ ਆਸਟ੍ਰੇਲੀਆ ਧਰਤੀ ਦੇ ਦੱਖਣ ਵਾਲ਼ੇ ਪਾਸੇ, ਇੰਡੋਨੇਸ਼ੀਆ ਤੋਂ ਥੱਲੇ ਅਤੇ ਨਿਊਜ਼ੀਲੈਂਡ ਦੇ ਤਕਰੀਬਨ ਬਰਾਬਰ ਵਾਕਿਆ ਹੈ। ਇਸਦੀ ਧਰਤੀ ਭਾਰਤ ਨਾਲ਼ੋਂ ਤਕਰੀਬਨ ਢਾਈ ਗੁਣਾ ਵੱਡੀ ਹੈ ਤੇ ਆਬਾਦੀ ਸਿਰਫ਼ ਬਾਈ ਮਿਲੀਅਨ; ਅਥਵਾ ਸਵਾ ਦੋ ਕਰੋੜ ਨਾਲੋਂ ਵੀ ਘੱਟ। ਸਮੁੰਦਰ ਦੇ ਕਿਨਾਰੇ ਕਿਨਾਰੇ ਪੰਜ ਸੱਤ ਸ਼ਹਿਰਾਂ ਵਿਚ ਹੀ ਲੋਕ ਵੱਸਦੇ ਹਨ, ਅੰਦਰ ਸਾਰਾ ਮੁਲਕ ਖ਼ਾਲੀ ਪਿਆ ਹੈ ਜਿਥੇ ਰੇਤ ਦੇ ਟਿੱਬੇ, ਝਾੜੀਆਂ, ਪੱਥਰ ਆਦਿ ਸੋਭਾ ਪਾ ਰਹੇ ਹਨ। ਖੇਤੀ ਪ੍ਰਧਾਨ ਦੇਸ ਹੋਣ ਕਰਕੇ ਤਕਰੀਬਨ ਹਰੇਕ ਫ਼ਸਲ ਦੇ ਵੱਡੇ ਵੱਡੇ ਫ਼ਾਰਮ ਹਨ। ਕਈ ਫ਼ਾਰਮ ਤਾਂ ਹਜ਼ਾਰਾਂ ਏਕੜਾਂ ਵਿਚ ਵੀ ਹਨ।
ਏਥੋਂ ਦੇ ਅਸਲੀ ਵਸਨੀਕ, ਦੱਸਿਆ ਜਾਂਦਾ ਹੈ ਕਿ ਪੰਜਾਹ ਹਜ਼ਾਰ ਸਾਲਾਂ ਤੋਂ ਏਥੇ ਦੱਖਣੀ ਏਸ਼ੀਆ ਤੋਂ ਆ ਕੇ ਵੱਸ ਰਹੇ ਹਨ। ਇਹਨਾਂ ਨੂੰ ਐਬੋਰੀਜੀਨਜ਼ ਆਖਦੇ ਹਨ। ਇਹ ੩੦੦ ਗਰੁਪਾਂ ਵਿਚ ਵੰਡੇ ਹੋਏ ਸਨ ਤੇ ੨੫੦ ਜ਼ਬਾਨਾਂ ਤੇ ੭੦੦ ਡਾਇਲੈਕਟਾਂ ਵਿਚ ਬੋਲਦੇ ਸਨ। ਅੱਜ ਕਲ੍ਹ ਇਹਨਾਂ ਦੀ ਆਬਾਦੀ, ਆਸਟ੍ਰੇਲੀਆ ਦੀ ਸਮੁਚੀ ਆਬਾਦੀ ਵਿਚ ਦੋ ਕੁ ਫ਼ੀ ਸਦੀ ਸਮਝੀ ਜਾਂਦੀ ਹੈ। ਕਈ ਗੱਲਾਂ ਵਿਚ ਬਾਕੀ ਦੇ ਵਸਿੰਦਿਆਂ ਨਾਲ਼ੋਂ ਇਹਨਾਂ ਦੇ ਕੁਝ ਵਿਸ਼ੇਸ਼ ਅਧਿਕਾਰ ਹਨ।
ਭਾਵੇਂ ਕਿ ਇਸ ਦੀ ਖੋਜ ਪਹਿਲਾਂ ਵੀ ਹੋ ਚੁੱਕੀ ਹੋਈ ਸੀ ਪਰ ਜਦੋਂ ਜਾਰਜ ਵਾਸ਼ਿੰਗਟਨ ਦੀ ਅਗਵਾਈ ਹੇਠ ਅਮ੍ਰੀਕਾ ਨੇ ਲੰਮੀ ਲੜਾਈ ਲੜ ਕੇ ਵਲੈਤੀ ਅੰਗ੍ਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰ ਲਈ ਤਾਂ ਅੰਗ੍ਰੇਜ਼ਾਂ ਨੂੰ ਫਿਰ ਆਪਣੇ ਅਣਚਾਹੇ ਬੰਦੇ ਸੁੱਟਣ ਲਈ ਹੋਰ ਥਾਂ ਦੀ ਭਾਲ਼ ਕਰਨੀ ਪਈ ਤੇ ਇਸ ਕਾਰਜ ਲਈ ਉਹਨਾਂ ਨੇ ਆਸਟ੍ਰੇਲੀਆ ਨੂੰ ਵਰਤਣਾ ਆਰੰਭ ਦਿਤਾ। ਸਤਾਰ੍ਹਵੀਂ ਸਦੀ ਤੋਂ ਹੀ ਉਹ ਆਸਟ੍ਰੇਲੀਆ ਨੂੰ ਨਿਊ ਹਾਲੈਂਡ ਕਰਕੇ ਜਾਣਦੇ ਤਾਂ ਸਨ ਪਰ ਵਲੈਤੋਂ ਤੁਰ ਕੇ ਪਹਿਲਾ ਜਹਾਜ਼ ਕੈਪਟਨ ਜੇਮਜ਼ ਕੁਕ ਦੀ ਅਗਵਾਈ ਹੇਠ ੧੭੭੦ ਵਿਚ ਹੀ ਆਇਆ ਸੀ। ਫਿਰ ੨੬ ਜਨਵਰੀ ੧੭੮੮ ਨੂੰ, ੧੧ ਜਹਾਜ਼ਾਂ ਵਿਚ, ੧੫੦੦ ਅਣਚਾਹੇ ਬੰਦੇ ਏਥੇ ਲਿਆਂਦੇ ਗਏ। ਇਹ ਜਹਾਜ਼ ਸਿਡਨੀ ਹਾਰਬਰ ਆ ਕੇ ਲੱਗੇ ਸਨ। ੧੮੬੮ ਤੱਕ ੧, ੬੦, ੦੦੦ ਦੋਸ਼ੀ ਬੰਦੇ ਬੰਦੀਆਂ ਏਥੇ ਪਹੁੰਚ ਚੁੱਕੇ ਸਨ। ਨਵੇਂ ਆਇਆਂ ਨੇ ਏਥੇ ਦੇ ਵਸਨੀਕ ਐਬੋਰੀਜੀਨਲ ਲੋਕਾਂ ਦਾ ਸ਼ਿਕਾਰ ਖੇਡ ਖੇਡ ਕੇ ਕੁਝ ਭਜਾ ਦਿਤੇ, ਕੁਝ ਮਾਰ ਦਿਤੇ ਤੇ ਕੁਝ ਪਹਿਲਾਂ ਅਣਜਾਣੀਆਂ ਬੀਮਾਰੀਆਂ ਦੇ, ਨਵੇਂ ਆਇਆਂ ਨੇ, ਸ਼ਿਕਾਰ ਬਣਾ ਦਿਤੇ। ਅੱਜ ਆਸਟ੍ਰੇਲੀਆ ਵਿਚ ਸ਼ਾਇਦ ਹੀ ਕੋਈ ਸੌ ਫ਼ੀ ਸਦੀ ਸ਼ੁਧ ਐਬੋਰੀਜੀਨਲ ਬੰਦਾ ਜਾਂ ਬੰਦੀ ਮਿਲ਼ ਸਕੇ।
੧੯ਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਵਿਚ ਬਹੁਤ ਸਾਰੇ ਫ਼ੌਜੀ, ਅਫ਼ਸਰ, ਦੋਸ਼ੀ ਆਦਿ ਨੇ ਸਰਕਾਰੋਂ ਜ਼ਮੀਨ ਪ੍ਰਾਪਤ ਹੋਈ ਨੂੰ ਆਬਾਦ ਕਰ ਕੇ ਫ਼ਾਰਮ ਬਣਾ ਲਏ। ਇਹ ਵੇਖ ਕੇ ਬਹੁਤ ਸਾਰੇ ਵਲੈਤੋਂ ਹੋਰ ਉਦਮੀ ਵਿਅਕਤੀ ਜਹਾਜ਼ ਭਰ ਭਰ ਕੇ ਆ ਗਏ। ਇਹ ਲੋਕ ਮਾਰੂ ਹਥਿਆਰਾਂ ਸਹਿਤ ਹੋਰ ਅੰਦਰ ਐਬੋਰੀਜੀਨਲ ਲੋਕਾਂ ਦੇ ਵਸੇਬੇ ਵਾਲ਼ੀ ਧਰਤੀ ਵੱਲ ਵਧਣੇ ਸ਼ੁਰੂ ਹੋ ਗਏ ਤੇ ਇਸ ਤਰ੍ਹਾਂ ਇਹਨਾਂ ਨਵੇਂ ਆਇਆਂ ਨੇ, ਹੋਰ ਕਈ ਸ਼ਹਿਰ ਵਸਾ ਲਏ। ਫਿਰ ਸੋਨਾ ਲਭਣ ਕਰਕੇ ਵੀ ਬਹੁਤ ਸਾਰੇ ਜਵਾਨ ਲੋਕੀਂ ਵਲੈਤੋਂ ਏਧਰ ਨੂੰ ਭੱਜ ਆਏ। ਬੇੜੀਆਂ ਭਰ ਭਰ ਕੇ ਚੀਨੇ ਵੀ ਏਥੇ ਆ ਵਸੇ। ਕਈ ਮਾੜੇ ਸਮਝੇ ਜਾਣ ਵਾਲ਼ੇ ਧੰਦੇ ਕਰਨ ਵਾਲ਼ੇ ਹੋਰ ਲੋਕ ਵੀ ਏਥੇ ਆ ਗਏ। ਦੋਹਾਂ ਸੰਸਾਰ ਜੰਗਾਂ ਤੋਂ ਉਪ੍ਰੰਤ ਲੋੜਵੰਦ, ਰਫ਼ਿਊਜੀ ਆਦਿ ਵੀ ਏਥੇ ਆ ਟਿਕੇ।
ਪਹਿਲਾਂ ਆਸਟ੍ਰੇਲੀਆ ਦੀਆਂ ਛੇ ਸਟੇਟਾਂ ਵੱਖ ਵੱਖ ਸਨ। ਫਿਰ ਇਹਨਾਂ ਨੇ ੧ ਜਨਵਰੀ ੧੯੦੧ ਵਾਲ਼ੇ ਦਿਨ, ਇਕ ਸੰਵਿਧਾਨ ਅਧੀਨ 'ਕਾਮਨਵੈਲਥ ਆਫ਼ ਆਸਟ੍ਰੇਲੀਆ' ਦੇ ਨਾਂ ਥੱਲੇ ਇਕ ਮੁਲਕ ਵਜੂਦ ਵਿਚ ਲੈ ਆਂਦਾ। ਹੁਣ ਸਟੇਟਾਂ ਦੀਆਂ ਸਰਕਾਰਾਂ ਤੋਂ ਉਪਰ ਸਾਰੇ ਮੁਲਕ ਦੀ ਆਪਣੀ ਇਕ ਸੰਘੀ ਸਰਕਾਰ ਹੈ ਜਿਸਦਾ ਹੈਡ ਕੁਆਰਟਰ, ਨਵੇਂ ਵਸਾਏ ਸ਼ਹਿਰ ਕੈਨਬਰਾ ਵਿਚ ਹੈ। ਇਸ ਦੀ ਪਾਰਲੀਮੈਂਟ ਦੇ ਦੋ ਸਦਨ ਹਨ। ਹੇਠਲੇ ਸਦਨ ਵਿਚ ਬਹੁ ਸੰਮਤੀ ਪ੍ਰਾਪਤ ਆਗੂ, ਸਾਡੀ ਲੋਕ ਸਭਾ ਵਾਂਗ ਹੀ, ਪ੍ਰਧਾਨ ਮੰਤਰੀ ਬਣਦਾ ਹੈ। ਨਾਮ ਮਾਤਰ ਰਾਜ ਦੀ ਮੁਖੀ ਵਲੈਤੀ ਰਾਣੀ ਹੈ ਅਤੇ ਨੋਟਾਂ ਤੇ ਸਿੱਕਿਆਂ ਉਪਰ ਉਸਦੀ ਫੋਟੋ ਛਪਦੀ ਹੈ ਪਰ ਸਿਧਾ ਦਖ਼ਲ ਉਸਦਾ ਪ੍ਰਬੰਧ ਵਿਚ ਕੋਈ ਨਹੀਂ। ਪ੍ਰਧਾਨ ਮੰਤਰੀ ਗਵਰਨਰ ਜਨਰਲ ਦਾ ਨਾਂ ਰਾਣੀ ਨੂੰ ਭੇਜਦਾ ਹੈ ਤੇ ਉਹ ਉਸ ਉਪਰ ਮੋਹਰ ਲਾ ਦਿੰਦੀ ਹੈ। ਫ਼ੌਜੀ ਤੌਰ 'ਤੇ ਆਸਟ੍ਰੇਲੀਆ ਦਾ ਅਮ੍ਰੀਕਾ ਨਾਲ਼ ਗੱਠ ਜੋੜ ਹੈ।
ਅਮ੍ਰੀਕਾ ਦੇ ਸਾਬਕਾ ਪ੍ਰਧਾਨ ਮਿਸਟਰ ਨਿਕਸਨ ਨੇ ਇਸ ਨੂੰ ਆਪਣੀ ਕਿਤਾਬ ਵਿਚ ਭਵਿਖ ਦਾ ਦੇਸ ਆਖਿਆ ਸੀ। ਕੁਝ ਲੋਕੀਂ ਇਸ ਦੇ ਵਸਨੀਕਾਂ ਦੀ ਮਾਨਸਿਕਤਾ ਨੂੰ ਵੇਖਦੇ ਹੋਏ 'ਨੇਸ਼ਨ ਆਫ਼ ਥਰੋ ਅਵੇਜ਼' ਅਤੇ 'ਕੰਟਰੀ ਆਫ਼ ਗੈਂਬਲਰਜ਼' ਵੀ ਆਖਦੇ ਹਨ। ਅਰਥਾਤ ਪੁਰਾਣੀਆਂ ਵਸਤਾਂ ਦੀ ਮੁਰੰਮਤ ਕਰ ਕੇ ਵਰਤਣ ਦੀ ਖੇਚਲ਼ ਕਰਨ ਦੀ ਬਜਾਇ ਉਹਨਾਂ ਨੂੰ ਬਾਹਰ ਸੁੱਟ ਕੇ ਨਵੀਆਂ ਖ਼ਰੀਦ ਲੈਂਦੇ ਹਨ ਅਤੇ ਹਰੇਕ ਸਾਲ ਨਵੰਬਰ ਦੇ ਪਹਿਲੇ ਮੰਗਲਵਾਰ ਨੂੰ ਏਥੇ ਘੋੜਿਆਂ ਦੀ ਦੌੜ ਦੇ ਜੂਏ ਵਿਚ ਪੈਸੇ ਲਾਉਣ ਤੋਂ ਸ਼ਾਇਦ ਹੀ ਕੋਈ ਮੇਰੇ ਵਰਗਾ ਵਾਂਝਾ ਰਹਿੰਦਾ ਹੋਵੇ।
੧੯੭੨ ਵਿਚ ਗਫ਼ ਵਿਟਲਮ ਦੀ ਅਗਵਾਈ ਹੇਠ ਲੇਬਰ ਪਾਰਟੀ ਦੀ ਸਰਕਾਰ ਨੇ ਕਈ ਹੋਰ ਚੰਗੇ ਕੰਮ ਕਰਨ ਦੇ ਨਾਲ਼ ਨਾਲ਼ 'ਵਾਈਟ ਆਸਟ੍ਰੇਲੀਆ' ਦੀ ਨੀਤੀ ਨੂੰ ਤਿਲਾਂਜਲੀ ਦੇ ਕੇ ਬਹੁ ਸਭਿਆਚਾਰਕ ਆਸਟ੍ਰੇਲੀਆ ਲਈ ਰਾਹ ਖੋਹਲ ਦਿਤਾ। ਇਸ ਕਾਰਨ ਹੁਣ ਏਥੇ ੨੦੦ ਤੋਂ ਉਪਰ ਮੁਲਕਾਂ ਦੇ ਵਿਅਕਤੀ ਵੱਸਦੇ ਹਨ। ਬਹੁਤੇ ਦੇਸਾਂ ਦੇ ਵਿਅਕਤੀਆਂ ਦਾ ਏਥੇ ਵਸੇਬਾ ਹੋਣ ਕਰਕੇ ਇਸਨੂੰ 'ਕੰਟਰੀ ਆਫ਼ ਮਾਈਗਰੈਂਟਸ' ਵੀ ਆਖਦੇ ਹਨ।
ਜਦੋਂ ਦਾ ਮੈਂ ਏਥੇ ਆਇਆ ਹਾਂ ਓਦੋਂ ਦਾ ਹੀ ਆਸਟ੍ਰੇਲੀਆ ਵਿਚ ਸਿੱਖਾਂ ਤੇ ਪੰਜਾਬੀ ਬੋਲਣ ਵਾਲ਼ਿਆਂ ਦੀ ਵਸੋਂ ਦਾ ਪਤਾ ਲਾਉਣ ਦੇ ਯਤਨਾਂ ਵਿਚ ਹਾਂ ਪਰ ਇਸ ਦਾ ਸਹੀ ਪਤਾ ਮੇਰੇ ਕੋਲ਼ੋਂ ਨਹੀਂ ਲੱਗ ਸਕਿਆ। ਕਾਰਨ ਸ਼ਾਇਦ ਇਹ ਹੈ ਕਿ ਹਰੇਕ ਮਰਦਮਸ਼ੁਮਾਰੀ ਸਮੇ ਧਰਮ ਦੇ ਖ਼ਾਨੇ ਵਿਚ ਸਿੱਖਾਂ ਦੀ ਗਿਣਤੀ ਉਹਨਾਂ ਦੀ ਅਸਲ ਗਿਣਤੀ ਦੇ ਮੁਕਾਬਲੇ ਕਈ ਗੁਣਾ ਘੱਟ ਹੁੰਦੀ ਹੈ ਤੇ ਪੰਜਾਬੀ ਬੋਲਣ ਵਾਲ਼ਿਆਂ ਦੀ ਤੇ ਉਸ ਤੋਂ ਵੀ ਕਿਤੇ ਘਟ ਹੁੰਦੀ ਹੈ। ਮੇਰੇ ਅੰਦਾਜ਼ੇ ਅਨੁਸਾਰ ਸਿੱਖਾਂ ਦੀ ਗਿਣਤੀ ਏਥੇ ਲੱਖਾਂ ਵਿਚ ਹੈ ਜਦੋਂ ਕਿ ਮਰਦਮ ਸ਼ੁਮਾਰੀ ਵਿਚ ਕੁਝ ਹਜ਼ਾਰ ਹੀ ਦਿਖਾਈ ਦਿੰਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਸਭ ਤੋਂ ਵੱਡਾ ਤਾਂ ਸ਼ਾਇਦ ਇਹ ਕਾਰਨ ਹੀ ਹੋਵੇ ਕਿ ਅਸੀਂ ਮਰਦਮ ਸ਼ੁਮਾਰੀ ਸਮੇ ਆਪਣੇ ਧਰਮ ਤੇ ਬੋਲੀ ਦਾ ਪ੍ਰਗਟਾਵਾ ਕਰਨ ਦੀ ਕਿਸੇ ਕਾਰਨ ਕਰਕੇ ਲੋੜ ਹੀ ਨਹੀਂ ਸਮਝਦੇ।
੧੯੮੮ ਵਿਚ ਏਥੋਂ ਦੀ ਸਰਕਾਰ ਨੇ ਬਾਹਰੋਂ ਵਿਦਿਆਰਥੀ ਫ਼ੀਸਾਂ ਦੇ ਕੇ ਪੜ੍ਹਨ ਲਈ ਆਉਣ ਹਿਤ ਪ੍ਰਚਾਰ ਕੀਤਾ। ਇਸ ਦੇ ਕਈ ਕਾਰਨ ਸਨ। ਓਦੋਂ ਤੋਂ ਲੈ ਕੇ ਵਿਦਿਆਰਥੀਆਂ ਦਾ ਹੜ੍ਹ ਹੀ ਆ ਗਿਆ ਹੈ। ਚਾਰ ਚੌਫੇਰੇ ਵਿਦਿਆਰਥੀਆਂ ਦਾ ਬੋਲ ਬਾਲਾ ਹੈ। ਇਹਨਾਂ ਵਿਚ ਪੰਜਾਬੀ ਨੌਜਵਾਨਾਂ ਦੀ ਵੀ ਸੱਬਰਕੱਤੀ ਗਿਣਤੀ ਹੈ। ਇਹਨਾਂ ਵਿਚ ਬਹੁਤ ਸਾਰੇ ਸਾਬਤ ਸੂਰਤ ਵੀ ਹਨ। ਪੰਜਾਬੀ ਨੌਜਵਾਨ ਬੱਚੇ ਬੱਚੀਆਂ ਜੋ ਕਿ ਆਪਣਾ ਆਰਥਿਕ ਭਵਿਖ ਸੁਧਾਰਨ ਦੀ ਤਸਵੀਰ ਲੈ ਕੇ ਏਥੇ ਆਉਂਦੇ ਹਨ, ਉਹਨਾਂ ਦੇ ਦਰਸ਼ਨ ਕਰ ਕੇ ਬੜਾ ਹੀ ਮਨ ਪ੍ਰਸੰਨ ਹੁੰਦਾ ਹੈ। ਸ਼ੁਰੂ ਵਿਚ ਉਹਨਾਂ ਵਿਚੋਂ ਬਹੁਤਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਅੰਤ ਵਿਚ 'ਸਭ ਭਲਾ' ਹੀ ਹੋ ਨਿੱਬੜਦਾ ਹੈ। ਕੋਈ ਵਿਰਲਾ ਹੀ ਮੁਸ਼ਕਲਾਂ ਦਾ ਸਾਹਮਣਾ ਨਾ ਕਰ ਸਕਣ ਕਰਕੇ ਵਾਪਸ ਮੁੜਦਾ ਹੈ। ਇਹਨਾਂ ਵਿਦਿਆਰਥੀਆਂ ਕਰਕੇ ਹੀ ਸਾਰੇ ਸ਼ਹਿਰਾਂ ਵਿਚਲੇ ਗੁਰਦੁਆਰਾ ਸਾਹਿਬਾਨ ਵਿਚ ਰੌਣਕਾਂ ਹੁੰਦੀਆਂ ਹਨ। ਕਿਸੇ ਵੀ ਗੁਰਦੁਆਰੇ ਵਿਚ ਦੀਵਾਨਾਂ ਤੇ ਲੰਗਰਾਂ ਦੀ ਕੋਈ ਤੋਟ ਨਹੀਂ। ਸੰਸਥਾਵਾਂ ਦੇ ਸੀਮਤ ਵਸੀਲਿਆਂ ਰਾਹੀਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਵੀ ਸਮੇ ਸਮੇ ਇਹਨਾਂ ਵਿਦਿਆਰਥੀਆਂ, ਹੋਰ ਯਾਤਰੂਆਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਯਤਨ ਕਰਦੇ ਹਨ। ਸੰਗਤਾਂ ਰਾਸ਼ਨ ਲਿਆਉਂਦੀਆਂ ਹਨ, ਪਕਾਉਂਦੀਆਂ ਹਨ, ਵਰਤਾਉਂਦੀਆਂ ਹਨ, ਖ਼ੁਦ ਛਕਦੀਆਂ ਤੇ ਹੋਰਨਾਂ ਨੂੰ ਛਕਾਉਂਦੀਆਂ ਹਨ। ਲੰਗਰ ਦੀ ਸੇਵਾ ਕਰਨ ਵਾਲ਼ਿਆਂ ਨੂੰ ਕਈ ਵਾਰ ਵਾਰੀ ਨਹੀਂ ਮਿਲਦੀ। ਲੰਗਰ ਦੀ ਸੇਵਾ ਲੈਣ ਵਾਸਤੇ ਕਈ ਕਈ ਮਹੀਨੇ ਵਾਰੀ ਲੈਣ ਲਈ ਵੀ ਉਡੀਕਣਾ ਪੈਂਦਾ ਹੈ। ਸਾਰੇ ਆਸਟ੍ਰੇਲੀਆ ਵਿਚ ਪੰਝੀ ਕੁ ਦੇ ਕਰੀਬ ਗੁਰਦੁਆਰੇ ਬਣ ਚੁੱਕੇ ਹਨ ਜਿਥੇ ਹਰ ਵੀਕ ਐਂਡ 'ਤੇ ਸੰਗਤਾਂ ਦੀ ਗਹਿਮਾ ਗਹਿਮੀ ਹੁੰਦੀ ਹੈ।
ਹੁਣ ਮੈਂ ਆਪਣੇ ਆਸਟ੍ਰੇਲੀਆ ਆਉਣ ਦੀ ਗੱਲ ਵੀ ਕਰ ਹੀ ਲਵਾਂ।
ਗੱਲ ਇਹ ੧੯੬੪ ਦੀਆਂ ਗਰਮੀਆਂ ਦੀ ਹੈ। ਮੈਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕੀਰਤਨ ਦੀ ਸੇਵਾ ਕਰਨ ਦੇ ਨਾਲ਼ ਨਾਲ਼ ਪੜ੍ਹਾਈ ਕਰਨ ਦੇ ਯਤਨਾਂ ਵਿਚ ਵੀ ਸਾਂ। ਮੇਰੇ ਮਿੱਤਰ ਰਾਗੀ ਸਿੰਘ ਭਾਈ ਕਰਮ ਸਿੰਘ ਦੇ ਕਮਰੇ ਦੀ ਕੰਧ ਉਪਰ ਦੁਨੀਆ ਦਾ ਨਕਸ਼ਾ ਲੱਗਾ ਹੋਇਆ ਮੈਨੂੰ ਦਿਸਿਆ। ਐਵੇਂ ਆਪਣੀ ਅੱਖਰਾਂ ਨਾਲ਼ ਮੱਥਾ ਮਾਰੀ ਜਾਣ ਦੀ ਆਦਤ ਵੱਸ ਮੈਂ ਉਹ ਵੇਖਣ ਲਗ ਪਿਆ। ਹੋਰ ਤਾਂ ਸਭ ਆਮ ਵਾਂਗ ਹੀ ਸੀ ਪਰ ਜਦੋਂ ਦੁਨੀਆ ਤੋਂ ਬਿਲਕੁਲ ਨਿਵੇਕਲੇ ਜਿਹੇ ਇਕ ਹਰੇ ਹਰੇ ਹਿੱਸੇ ਉਪਰ ਨਿਗਾਹ ਗਈ ਤਾਂ ਲਿਖਿਆ ਪੜ੍ਹਿਆ : ਆਸਟ੍ਰੇਲੀਆ। ਇਸ ਨਕਸ਼ੇ ਦੀ ਲਿਖਤ ਹਿੰਦੀ ਵਿਚ ਸੀ ਨਹੀਂ ਤਾਂ ਅੰਗ੍ਰੇਜ਼ੀ ਵਿਚ ਹੋਣ ਕਰਕੇ ਸ਼ਾਇਦ ਮੈਂ ਪੜ੍ਹ ਹੀ ਨਾ ਸਕਦਾ ਕਿਉਂਕਿ ਓਦੋਂ ਅਜੇ ਅੰਗ੍ਰੇਜ਼ੀ ਦੇ ਅੱਖਰ ਉਠਾਲ਼ ਸਕਣ ਦੇ ਮੈਂ ਕਾਬਲ ਨਹੀਂ ਸਾਂ ਹੋਇਆ। ਇਕ ਤਾਂ ਹਰੇ ਰੰਗ ਨੇ ਮੇਰਾ ਧਿਆਨ ਖਿੱਚਿਆ। ਪਤਾ ਨਹੀਂ ਕਿਉਂ ਚਿੱਟਾ, ਗੂਹੜਾ ਨੀਲਾ ਤੇ ਗੂਹੜਾ ਹੀ ਹਰਾ ਰੰਗ ਮੈਨੂੰ ਬਚਪਨ ਤੋਂ ਹੀ ਪ੍ਰਭਾਵਤ ਕਰਦੇ ਆ ਰਹੇ ਹਨ। ਇਹ ਮੇਰੀ 'ਕਮਜ਼ੋਰੀ' ਹੁਣ ਵੀ ਮੇਰਾ ਪੂਰਾ ਸਾਥ ਦੇ ਰਹੀ ਹੈ; ਕਾਰਨ ਦਾ ਪਤਾ ਨਹੀਂ। ਇਸ ਤੋਂ ਵੀ ਵਧ ਮੈਨੂੰ ਧਰਤੀ ਦੇ ਇਸ ਭੂ ਭਾਗ ਨੇ ਜਿਸ ਗੱਲ ਦੀ ਖਿੱਚ ਪਾਈ, ਉਹ ਇਹ ਸੀ ਕਿ ਇਸਦੀਆਂ ਵੱਖ ਵੱਖ ਸਟੇਟਾਂ ਦਰਮਿਆਨ ਇਹਨਾਂ ਨੂੰ ਵਖਰਿਆਉਣ ਵਾਲ਼ੀਆਂ ਲੀਕਾਂ ਬਿਲਕੁਲ ਸਿਧੀਆਂ ਵਾਹੀਆਂ ਹੋਈਆਂ ਸਨ। ਆਮ ਦੇਸ਼ਾਂ ਦੀ ਤੇ ਉਹਨਾਂ ਦੇ ਸੂਬਿਆਂ ਦੀ ਵੰਡ ਕਰਦੀਆਂ ਲਕੀਰਾਂ ਬੜੀਆਂ ਉਧੜ ਗੁਧੜ ਜਿਹੀਆਂ ਨਕਸ਼ਿਆਂ ਉਪਰ ਦਿਸਦੀਆਂ ਹਨ ਪਰ ਆਸਟ੍ਰੇਲੀਆ ਦੀਆਂ ਸਟੇਟਾਂ ਦੀ ਇਸ ਵੰਡ ਨੇ ਮੈਨੂੰ ਬੜਾ ਪ੍ਰਭਾਵਤ ਕੀਤਾ। ਜਦੋਂ ਵੀ ਭਾਈ ਕਰਮ ਸਿੰਘ ਦੇ ਕਮਰੇ ਵਿਚ ਜਾਣਾ ਜ਼ਿਆਦਾ ਸਮਾ ਮੇਰਾ ਉਸ ਨਕਸ਼ੇ ਨੂੰ ਵੇਖਣ ਉਤੇ ਅਤੇ ਸਭ ਤੋਂ ਵਧ ਆਸਟ੍ਰੇਲੀਆ ਵਾਲ਼ੇ ਹਿੱਸੇ ਉਪਰ ਹੀ ਧਿਆਨ ਕੇਂਦ੍ਰਿਤ ਰਹਿਣਾ। ਇਹ ਵੀ ਮੈਨੂੰ ਯਾਦ ਹੈ ਕਿ ਉਸ ਨਕਸ਼ੇ ਉਪਰ ਸਮੁੰਦਰੀ ਜਹਾਜ਼ ਦੀ ਫੋਟੋ ਬਣਾ ਕੇ ਇਕ ਰੂਟ ਇਹ ਵੀ ਦਰਸਾਇਆ ਹੁੰਦਾ ਸੀ ਜਿਸ ਉਪਰ, ਹਿੰਦੀ ਵਿਚ ਬੰਬੇ ਸੇ ਸਿਡਨੀ ਤੇ ਸਿਡਨੀ ਸੇ ਬੰਬੇ ਲਿਖਿਆ ਹੋਇਆ ਹੁੰਦਾ ਸੀ।
ਗੱਲ ਆਈ ਗਈ ਹੋ ਗਈ।
ਜਦੋਂ ਮੈਂ ਮਲਾਵੀ ਤੋਂ ੧੯੭੭ ਦੇ ਮਾਰਚ ਮਹੀਨੇ ਵਿਚ ਰੁਖ਼ਸਤ ਲਈ ਤਾਂ ਦੁਨੀਆ ਦੇ ਦੁਆਲ਼ੇ ਦੀ ਟਿਕਟ ਇਸ ਤਰ੍ਹਾਂ ਬਣਵਾਈ : ਮਲਾਵੀ ਤੋਂ ਨੈਰੋਬੀ, ਕੰਪਾਲਾ, ਕੈਰੋ, ਏਥਨਜ਼, ਰੋਮ, ਫ਼ਟੈਂਕਫ਼ਟ, ਲਕਸਮ ਬਰਗ, ਪੈਰਿਸ, ਐਮਸਟਰਡੈਮ, ਲੰਡਨ, ਨਿਊ ਯਾਰਕ, ਵੈਨਕੂਵਰ, ਹੋਨੋਲੋਲੋ, ਔਕਲੈਂਡ, ਸਿਡਨੀ, ਸਿੰਘਾਪੁਰ, ਬੰਬਈ, ਦਿੱਲੀ, ਅੰਮ੍ਰਿਤਸਰ। ਪਰ ਲੰਡਨ ਪਹੁੰਚ ਕੇ ਸੱਤ ਕੁ ਮਹੀਨੇ ਓਥੇ ਹੀ ਕਿਸੇ ਖ਼ਾਸ ਕਾਰਨ ਰੁਕਿਆ ਰਿਹਾ। ਇਸ ਦੌਰਾਨ ਮੇਰਾ ਕੀਤਾ ਖ਼ਰਚ ਪੱਠਾ ਵੀ ਲੰਡਨੋਂ ਪੂਰਾ ਹੋ ਗਿਆ। ਇਕ ਦਿਨ ਏਥੇ ਲੰਡਨ ਸਥਿਤ ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਜਾ ਕੇ ਵੀਜ਼ੇ ਆਦਿ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। ਜਾਣ ਦਾ ਪ੍ਰਯੋਜਨ ਕਵੀਨਜ਼ਲੈਂਡ ਵਿਚ ਪੁਰਾਣੇ ਫ਼ਾਰਮਰ ਸਿੱਖਾਂ ਨਾਲ਼ ਮੇਲ਼ ਮਿਲ਼ਾਪ ਕਰਨਾ ਦੱਸਿਆ। ਉਹਨਾਂ ਆਖਿਆ ਕਿ ਮੈਂ ਵੀਜ਼ੇ ਲਈ ਅਪਲਾਈ ਕਰਾਂ ਪਰ ਮੈਂ ਫਿਰ ਅੰਮ੍ਰਿਤਸਰ ਜਾ ਵੜਿਆ। ਓਥੋਂ ਫਿਰ ਲੰਡਨ ਆ ਕੇ ਵੰਨ ਵੇ ਸਟੈਂਡ ਬਾਈ ਸਸਤੀ ੬੪ ਪੌਂਡ ਦੀ ਟਿਕਟ ਲੈ ਕੇ, ੧੩ ਅਪ੍ਰੈਲ ੧੯੭੮ ਵਾਲ਼ੇ ਦਿਨ, ਨਿਊਯਾਰਕ ਜਾ ਉਤਰਿਆ। ਇਮੀਗ੍ਰੇਸ਼ਨ ਅਫ਼ਸਰ ਵੱਲੋਂ ਅੱਗੇ ਦੀ ਟਿਕਟ ਪੁੱਛਣ 'ਤੇ ਆਖ ਦਿਤਾ ਕਿ ਮੇਰੇ ਪਾਸ ਪੈਸੇ ਹੈਗੇ ਨੇ; ਮੈਂ ਜਦੋਂ ਮੁੜਨਾ ਜਾਂ ਅੱਗੇ ਜਾਣਾ ਹੋਊ ਤਾਂ ਏਥੋਂ ਖ਼ਰੀਦ ਲਊਂਗਾ।
ਪੌਣਾ ਕੁ ਸਾਲ ਅਮ੍ਰੀਕਾ ਤੇ ਕੈਨੇਡਾ ਦੇ ਦੋਹਾਂ ਮੁਲਕਾਂ ਦੇ ਪੂਰਬੀ ਸਿਰੇ ਤੋਂ ਲੈ ਕੇ ਪੱਛਮੀ ਸਿਰੇ ਤੱਕ ਬੱਸਾਂ ਤੇ ਕਾਰਾਂ ਰਾਹੀਂ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਕੈਲੇਫ਼ੋਰਨੀਆ ਦੇ ਸ਼ਹਿਰ, ਸਨ ਫ਼੍ਰਾਂਸਿਸਕੋ ਸਥਿਤ ਆਸਟ੍ਰੇਲੀਅਨ ਕੌਂਸੂਲੇਟ ਵਿਚ ਜਾ ਕੇ, ਵੀਜ਼ੇ ਬਾਰੇ ਫਿਰ ਗੱਲ ਕੀਤੀ ਤਾਂ ਰੀਸੈਪਸ਼ਨਿਸਟ ਲੜਕੀ ਮੇਰਾ ਪਾਸਪੋਰਟ ਲੈ ਕੇ ਅੰਦਰ ਗਈ ਤੇ ਕੁਝ ਮਿੰਟਾਂ ਪਿਛੋਂ ਮੈਨੂੰ ਪਾਸਪੋਰਟ ਮੋੜਦਿਆਂ ਆਖਿਆ ਕਿ ਮੈਂ ਟਿਕਟ ਤੇ ਪੈਸੇ ਲੈ ਕੇ ਆ ਜਾਵਾਂ ਤੇ ਵੀਜ਼ਾ ਲੈ ਜਾਵਾਂ। ਲਾਸ ਏਂਜਲਸ ਵਿਖੇ ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਯੋਗੀ ਹਰਿਭਜਨ ਸਿੰਘ ਖ਼ਾਲਸਾ ਜੀ ਨੇ ਮੇਰਾ ਵਿਚਾਰ ਬਦਲ ਦਿਤਾ। ਉਹਨਾਂ ਨੇ ਮੈਨੂੰ ਪ੍ਰੇਰ ਕੇ ਅੱਗੇ ਜਾਣ ਦੀ ਬਜਾਇ 'ਯੂ ਟਰਨ' ਕਰਵਾ ਕੇ ਮੇਰਾ ਮੂੰਹ ਅੰਮ੍ਰਿਤਸਰ ਵੱਲ ਮੋੜ ਦਿਤਾ। ਇਸ ਦਾ ਵੀ ਖ਼ਾਸ ਕਾਰਨ ਸੀ। ੨੫ ਜਨਵਰੀ ੧੯੭੯ ਨੂੰ ਮੈਂ ਲਾਸ ਏਂਜਲਸ ਤੋਂ ੧੨੫ ਡਾਲਰ ਦੀ ਵਨ ਵੇ ਟਿਕਟ ਲੈ ਕੇ ਲੰਡਨ ਜਾ ਉਤਰਿਆ ਤੇ ਓਥੋਂ ਇਕ ਮਹੀਨੇ ਪਿਛੋਂ ੮੦ ਪੌਂਡ ਦੀ ਆਰੀਆਨਾ ਏਅਰਵੇਜ਼ ਦੀ ਵਨ ਵੇ ਟਿਕਟ ਲੈ ਕੇ ਫ਼ਰਵਰੀ ਵਿਚ ਅੰਮ੍ਰਿਤਸਰ ਜਾ ਉਤਰਿਆ।
ਚੌਥੀ ਵਾਰ ਦੇਸੋਂ ਬਾਹਰ ਨਿਕਲ਼ਨ ਵਾਸਤੇ ਫਿਰ ਤਿਆਰੀਆਂ ਆਰੰਭੀਆਂ। ਆਪਣੇ ਨਿੱਕੇ ਭਰਾ ਸ. ਸੇਵਾ ਸਿੰਘ ਨੂੰ ਨਾਲ਼ ਲੈ ਕੇ, ੨੯ ਅਪ੍ਰੈਲ ੧੯੭੯ ਨੂੰ ਦਿੱਲੀ ਤੋਂ ਜਹਾਜ਼ ਰਾਹੀਂ ਅਸੀਂ ਦੋਵੇਂ ਬੈਂਕਾਕ ਆ ਉਤਰੇ। ਦੋ ਹਫ਼ਤੇ ਥਾਈਲੈਂਡ ਵਿਚ ਵਿਚਰਨ ਉਪ੍ਰੰਤ ਸੜਕ ਰਸਤੇ ਹੀ ਥਾਈਲੈਂਡ ਤੇ ਮਲੇਸ਼ੀਆ ਦੇ ਸ਼ਹਿਰਾਂ ਵਿਚ ਦੀ ਹੁੰਦੇ ਹੋਏ ਸਿੰਘਾਪੁਰ ਆ ਰੁਕੇ। ਇਹ ਗੱਲ ਸ਼ਾਇਦ ਪਾਠਕਾਂ ਨੂੰ ਅਜੀਬ ਲੱਗੇ ਪਰ ਮੇਰੇ ਨਾਲ਼ ਤਾਂ ਵਾਪਰੀ ਹੋਣ ਕਰਕੇ ਅਜੀਬ ਨਹੀਂ ਲੱਗਦੀ। ਜਦੋਂ ਮੈਂ ਏਧਰ ਦਾ ਚੱਕਰ ਲਾਉਣ ਦੀ ਉਧੇੜ ਬੁਣ ਜਿਹੀ ਵਿਚ ਸਾਂ ਤਾਂ ਇਕ ਰਾਤ ਸੁਪਨਾ ਆਇਆ ਕਿ ਇਸ ਆਪਣੀ ਚੌਥੀ ਸੰਸਾਰ ਯਾਤਰਾ ਸਮੇ ਮੈਂ ਦੱਖਣ ਦੇ ਦੇਸਾਂ ਵੱਲ ਗਿਆ ਹਾਂ ਤੇ ਓਥੇ ਹੀ ਰਹਿ ਗਿਆ ਹਾਂ। ਜਦੋਂ ਮਾਰਚ ੧੯੭੭ ਵਿਚ ਮਲਾਵੀ ਤੋਂ ਤੁਰਨ ਦਾ ਪ੍ਰੋਗਰਾਮ ਬਣਾ ਰਿਹਾ ਸਾਂ ਤਾਂ ਇਕ ਨੌਜਵਾਨ ਇੰਜੀਨੀਅਰ ਨੇ ਐਵੇਂ ਹੀ ਮੇਰਾ ਹੱਥ ਫੜ ਕੇ ਗਹੁ ਨਾਲ਼ ਵੇਖਦਿਆਂ ਹੋਇਆਂ ਆਖਿਆ ਕਿ ਮੈਂ ਦੁਨੀਆ ਦੇ ਉਤਰੀ ਖਿੱਤੇ ਦੇ ਕਿਸੇ ਮੁਲਕ ਵਿਚ ਨਹੀਂ ਟਿਕਾਂਗਾ; ਦੱਖਣੀ ਹਿੱਸੇ ਵਿਚ ਹੀ ਟਿਕ ਸਕਦਾ ਹਾਂ। ਗੱਲ ਮੈਂ ਉਸ ਦੀ ਕੋਈ ਗੌਲ਼ੀ ਨਾ।
ਅੰਮ੍ਰਿਤਸਰੋਂ ਤੁਰਨ ਸਮੇ ਸੋਚ ਵਿਚ ਨਿਸ਼ਾਨਾ ਸੀ ਕਿ ਵਧ ਤੋਂ ਵਧ ਦੇਸ਼ਾਂ ਤੇ ਸਥਾਨਾਂ ਥਾਣੀ ਹੁੰਦੇ ਹੋਏ ਧਰਤੀ ਦੇ ਨਾਲ਼ ਨਾਲ਼ ਹੀ ਈਸਟ ਤੀਮੋਰ ਦੀ ਰਾਜਧਾਨੀ ਦਿੱਲੀ ਤੋਂ ਕੋਈ ਬੋਟ ਜਾਂ ਸਮੁੰਦਰੀ ਜਹਾਜ਼ ਫੜ ਕੇ ਆਸਟ੍ਰੇਲੀਆ ਦੇ ਉਤਰੀ ਸ਼ਹਿਰ ਡਾਰਵਿਨ ਜਾ ਕੇ ਫਿਰ ਅੱਗੋਂ ਸੜਕਾਂ ਰਾਹੀਂ ਹੀ ਆਸਟ੍ਰੇਲੀਆ ਘੁੰਮਿਆ ਜਾਵੇ ਪਰ ਜਦੋਂ ਇਸ ਕਾਰਜ ਲਈ ਇੰਡੋਨੇਸ਼ੀਆ ਦੇ ਵੀਜ਼ੇ ਲਈ ਅਪਲਾਈ ਕੀਤਾ ਤਾਂ ਅਗਲੇ ਦਿਨ ਮੇਰਾ ਵੀਜ਼ਾ ਲੱਗਿਆ ਹੋਇਆ ਤੇ ਭਰਾ ਦਾ ਖ਼ਾਲੀ ਪਾਸਪੋਰਟ ਤੇ ਨਾਲ਼ ਹੀ ਉਸ ਦੇ ਵੀਜ਼ੇ ਵਾਲੀ ਫ਼ੀਸ ਦੇ ਪੈਸੇ ਮੈਨੂੰ ਫੜਾ ਦਿਤੇ ਗਏ। ਵੀਜ਼ਾ ਨਾ ਮਿਲ਼ਣ ਦਾ ਕਾਰਨ ਪੁਛਣ 'ਤੇ ਐਂਬੈਸੀ ਦੇ ਨੌਜਵਾਨ ਕਰਮਚਾਰੀ ਵਹਾਬ ਨੇ, "ਸੇਵਾ ਸਿੰਘ ਇਜ਼ ਗੱਬਰ ਸਿੰਘ ਟੂ ਇੰਡੋਨੇਸ਼ੀਆ।" (ਸੇਵਾ ਸਿੰਘ ਇੰਡੋਨੇਸ਼ੀਆ ਵਾਸਤੇ ਗੱਬਰ ਸਿੰਘ ਹੈ।) ਆਖ ਕੇ ਗੱਲ ਮੁਕਾ ਦਿਤੀ। ਓਹਨੀਂ ਦਿਨੀਂ ਸ਼ੋਅਲੇ ਫ਼ਿਲਮ ਦੇ ਖਲ ਨਾਇਕ ਗੱਬਰ ਸਿੰਘ ਦੇ ਡਾਇਲਾਗ ਬੜੇ ਪ੍ਰਸਿਧ ਸਨ। ਗੱਲ ਇਹ ਸੀ ਕਿ ਸੇਵਾ ਸਿੰਘ ਨਾਂ ਦਾ ਕੋਈ ਬਹੁਰੂਪੀਆ ਓਥੇ ਸ਼ਾਇਦ ਕੋਈ ਠੱਗੀ ਠੁੱਗੀ ਮਾਰ ਆਇਆ ਹੋਣ ਕਰਕੇ, ਇਸ ਨਾਂ ਦੇ ਬੰਦਿਆਂ ਲਈ ਇੰਡੋਨੇਸ਼ੀਆ ਦਾ ਵੀਜ਼ਾ ਬੰਦ ਸੀ। ਉਸ ਦੀ ਰਾਜਧਾਨੀ ਜਕਾਰਤਾ ਤੋਂ ਮਿਲ਼ ਮਿਲ਼ਾ ਕੇ ਭਰਾ ਦੇ ਵੀਜ਼ੇ ਦੀ ਪ੍ਰਾਪਤੀ ਦੀ ਆਸ 'ਤੇ ਮੈਂ ਰੂਸੀ ਸਮੁੰਦਰੀ ਜਹਾਜ਼ ਰਾਹੀਂ ਜਕਾਰਤਾ ਜਾ ਅੱਪੜਿਆ। ਕੁਝ ਸੱਜਣਾਂ ਨਾਲ਼ ਗੱਲ ਬਾਤ ਕੀਤੀ ਪਰ ਸਭ ਨੇ ਨਾਕਾਰਤਮਿਕ ਹੁੰਗਾਰਾ ਹੀ ਭਰਿਆ। ਮੈਂ ਇਹ ਸਲਾਹ ਛੱਡ ਕੇ ਓਥੋਂ ਸ਼ਿਪ ਰਾਹੀਂ ਇੰਡੋਨੇਸ਼ੀਆ ਦੇ ਵੱਡੇ ਟਾਪੂ ਸੁਮਾਤਰਾ ਦੀ ਰਾਜਧਾਨੀ ਮੈਦਾਨ ਜਾਣ ਦਾ ਵਿਚਾਰ ਬਣਾ ਲਿਆ ਪਰ ਫਿਰ ਗਿਆ ਮਰਪਾਤੀ ਏਅਰ ਲਾਈਨ ਦੇ ਜਹਾਜ ਰਹੀਂ ਹੀ। ਓਥੇ ਇਕ ਸਿੰਧੀ ਪ੍ਰੇਮੀ ਦੇ ਘਰ ਟਿਕਾਣਾ ਕਰਨ ਉਪ੍ਰੰਤ ਸ. ਮਹਿੰਦਰ ਸਿੰਘ ਜੀ ਨੇ ਆਪਣੀ ਵੈਨ ਵਿਚ ਕਈ ਸ਼ਹਿਰਾਂ ਦੀ ਯਾਤਰਾ ਕਰਵਾ ਦਿਤੀ। ਮੈਦਾਨੋਂ ਜਹਾਜ਼, ਬੱਸਾਂ ਆਦਿ ਰਾਹੀਂ ਫਿਰ ਸਿੰਘਾਪੁਰ ਪਹੁੰਚ ਗਿਆ।
ਸਾਨ ਫ਼੍ਰਾਸਿਸਕੋ ਦੇ ਕੌਂਸੂਲੇਟ ਵਾਲ਼ੀ ਲੜਕੀ ਨੇ ਮੇਰੇ ਪਾਸਪੋਰਟ ਨਾਲ਼ ਅੰਦਰ ਜਾ ਕੇ ਕੀ ਕੀਤਾ, ਇਸ ਗੱਲ ਦਾ ਪਤਾ ਸਿੰਘਾਪੁਰ ਵਿਚਲੇ ਆਸਟ੍ਰੇਲੀਅਨ ਹਾਈ ਕਮਿਸ਼ਨ ਵਿਚੋਂ ਵੀਜ਼ਾ ਮੰਗਣ ਸਮੇ ਲੱਗਾ। ਉਸ ਬੀਬੀ ਨੇ ਮੇਰੇ ਪਾਸਪੋਰਟ ਉਪਰ ਨਿਸ਼ਾਨੀ ਲਾ ਦਿਤੀ ਸੀ ਜਿਸ ਕਰਕੇ ਸਿੰਘਾਪੁਰ ਵਾਲ਼ੇ ਹਾਈ ਕਮਿਸ਼ਨ ਵਾਲ਼ਿਆਂ ਨੇ ਮੈਨੂੰ ਵੀਜ਼ਾ ਦੇਣ ਤੋਂ ਪਹਿਲਾਂ ਦਿੱਲੀ ਦੇ ਨਾਲ਼ ਨਾਲ਼ ਓਥੋਂ ਵੀ ਮੇਰੇ ਬਾਰੇ ਪਤਾ ਮੰਗਾਇਆ। ਨਿਸ਼ਾਨੀ ਸੀ ਸ਼ਢੌ ੭੯। ਇਸ ਤਰ੍ਹਾਂ ਵੀਜ਼ਾ ਦੇਣ ਲਈ ਦੋ ਦਿਨ ਲੱਗਣ ਦੀ ਬਜਾਇ ਸਾਨੂੰ ਤੇਰ੍ਹਵੇਂ ਦਿਨ ਫ਼ਸਟ ਸੈਕਟਰੀ ਨੇ ਸੱਦ ਕੇ, ਦੋਹਾਂ ਭਰਾਵਾਂ ਨੂੰ ਆਪਣੇ ਦਫ਼ਤਰ ਅੰਦਰ ਕੁਰਸੀਆਂ 'ਤੇ ਬਹਾ ਕੇ, ਵੀਜ਼ੇ ਤੋਂ ਕੁਝ ਕਾਰਨ ਦੱਸ ਕੇ ਨਾਂਹ ਕਰ ਦਿਤੀ। ਮੇਰੇ ਵਿਆਖਿਆ ਕਰਨ 'ਤੇ ਉਸ ਨੇ ਫਿਰ ਸਾਨੂੰ ਦੋ ਮਹੀਨੇ ਦਾ ਵੀਜ਼ਾ ਦੋਹਾਂ ਭਰਾਵਾਂ ਨੂੰ ਲਾ ਦਿਤਾ। ਇਹ ਕਰਾਮਾਤ ਹੀ ਵਾਪਰੀ ਕਿ ਮੇਰੇ ਭਰਾ ਸ. ਸੇਵਾ ਸਿੰਘ ਨੂੰ ਇੰਡੋਨੇਸ਼ੀਆ ਨੇ ਤਾਂ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ ਪਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਾਲ਼ਿਆਂ ਨੇ ਵੀਜ਼ੇ ਦੇ ਦਿਤੇ।
ਅਖ਼ੀਰ ਸਿੰਘਾਪੁਰੋਂ ਫ਼ਰਾਂਸ ਦੀ ਯੂਨਾਈਟਡ ਏਅਰ ਲਾਈਨ ਰਾਹੀਂ, ਫ਼੍ਰਾਸੀਸੀ ਇਲਾਕਾ ਨੌਮੀਆਂ ਤੋਂ ਹੁੰਦੇ ਹੋਏ ਅਸੀਂ ਦੋਵੇਂ ਭਰਾ, ੨੫ ਅਕਤੂਬਰ ੧੯੭੯ ਦੀ ਸ਼ਾਮ ਨੂੰ ਸਿਡਨੀ ਆ ਉਤਰੇ। ਹਵਾਈ ਅੱਡੇ ਦੇ ਇਨਫ਼ਰਮੇਸ਼ਨ ਡੈਸਕ ਤੋਂ ਯੂਥ ਸੈਂਟਰ ਦਾ ਪਤਾ ਪੁੱਛ ਕੇ ਬਸ ਫੜ ਕੇ ਓਥੇ ਜਾ ਡੇਰਾ ਲਾਇਆ। ਉਹ ਅਲੈਜ਼ਬੈਥ ਬੇ, ਕਿੰਗ ਕਰਾਸ ਦੇ ਨੇੜੇ ਸਥਾਨ ਸੀ। ਦੋ ਕੁ ਰਾਤਾਂ ਏਥੇ ਰਹਿਣਾ ਪਿਆ। ਫੇਰ ਓਥੋਂ ਸਿੰਘ ਸਭਾ ਦੇ ਸਕੱਤਰ ਸ. ਚਰਨ ਸਿੰਘ ਕੂੰਨਰ ਹੋਰਾਂ ਦੇ ਭੇਜੇ ਹੋਏ, ਸਿੰਘ ਸਭਾ ਦੇ ਖ਼ਜ਼ਾਨਚੀ ਸ. ਬਾਵਾ ਸਿੰਘ ਜਗਦੇਵ ਜੀ, ਸਾਨੂੰ ਚੁੱਕ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੀਵਜ਼ਬੀ ਲੈ ਗਏ। ਏਥੇ ਨਿਰੰਕਾਰੀ ਗੁਰਪੁਰਬ ਸਮੇ ਅਖੰਡ ਪਾਠ ਤੇ ਦੀਵਾਨ ਵਿਚ ਹਾਜ਼ਰੀ ਭਰੀ। ਦੋ ਮਹੀਨੇ ਦਾ ਸਾਡੇ ਪਾਸ ਵਿਜ਼ਟਰ ਵੀਜ਼ਾ ਸੀ। ਦੋ ਮਹੀਨੇ ਪਿਛੋਂ ਮੇਰਾ ਭਰਾ ਤੇ ਅੱਗੇ ਨਿਊਜ਼ੀਲੈਂਡ ਨੂੰ ਤੁਰ ਗਿਆ ਤੇ ਮੇਰੇ ਲਈ ਗੁਰੂ ਨਾਨਕ ਫ਼ਾਊਂਡੇਸ਼ਨ ਵਾਲ਼ਿਆਂ ਨੇ ਪੱਕੇ ਵੀਜ਼ੇ ਲਈ ਅਪਲਾਈ ਕਰ ਦਿਤਾ।
ਇਸ ਤਰ੍ਹਾਂ ਪੰਜ ਮਹੀਨੇ ਹੋਰ ਕੁੱਲ ਸੱਤ ਮਹੀਨੇ ਮੈਨੂੰ ਬਿਨਾ ਕਿਸੇ ਕੰਮ ਦੇ ਏਥੇ ਵੇਹਲੇ ਹੀ ਰਹਿਣਾ ਪਿਆ, ਜਿਸ ਕਰਕੇ ਮੇਰਾ ਮਨ ਏਥੋਂ ਉਪ੍ਰਾਮ ਹੋ ਗਿਆ। ਫਿਰ ਇਸ ਸਮੇ ਦੌਰਾਨ ਦੋ ਅੰਗ੍ਰੇਜ਼ੀ ਦੀਆਂ ਕਿਤਾਬਾਂ ਨੇ ਮੇਰੀ ਇਸ ਉਪਰਾਮਤਾ ਵਿਚ ਹੋਰ ਵੀ ਵਾਧਾ ਕਰ ਦਿਤਾ। ਉਹ ਦੋ ਕਿਤਾਬਾਂ ਸਨ ਇਕ ਦ ਰੂਟਸ ਅਤੇ ਦੂਜੀ ਦ ਆਸਟ੍ਰੇਲੀਅਨ ਐਟ ਰਿਸਕ। ਦ ਰੂਟਸ ਇਕ ਅਫ਼੍ਰੀਕਨ ਮੂਲ ਦੇ ਅਮ੍ਰੀਕਨ ਦਾ ਲਿਖਿਆ ਹੋਇਆ ਜਗਤ ਪ੍ਰਸਿਧ ਨਾਵਲ ਹੈ ਜਿਸ ਵਿਚ ਅਮ੍ਰੀਕਾ ਵਿਚ ਰਹਿਣ ਵਾਲ਼ੇ ਕਾਲ਼ੇ ਗ਼ੁਲਾਮਾਂ ਦੀ ਹਾਲਤ ਦਾ ਵਰਨਣ ਹੈ। ਦੂਜੀ ਕਿਤਾਬ ਦਾ ਆਸਟ੍ਰੇਲੀਅਨ ਐਟ ਰਿਸਕ ਆਸਟ੍ਰੇਲੀਆ ਦੀ ਇਕ ਸਟੇਟ ਕਵੀਨਜ਼ਲੈਂਡ ਦੀ ਸਰਕਾਰ ਵੱਲੋਂ ਸਥਾਪਤ ਕਮਿਸ਼ਨ ਦੀ ਰੀਪੋਰਟ ਹੈ। ਇਸ ਵਿਚ ਆਸਟ੍ਰੇਲੀਅਨ ਲੋਕਾਂ ਦੇ ਵੱਖ ਵੱਖ ਸਮੂਹਾਂ ਦਾ ਹਨੇਰਾ ਪੱਖ ਦੱਸਿਆ ਹੋਇਆ ਹੈ। ਇਸ ਲਈ ਮੈਂ ੩੦ ਮਈ ੧੯੮੦ ਨੂੰ ਬਿਨਾ ਵੀਜ਼ੇ ਤੇ ਬਿਨਾ ਅੱਗੇ ਕਿਸੇ ਮੁਲ਼ਕ ਦੀ ਟਿਕਟ ਦੇ ਸਿਡਨੀ ਤੋਂ ਨਿਊਜ਼ੀਲੈਂਡ ਨੂੰ ਉਡਾਰੀ ਮਾਰ ਗਿਆ। ਇਹ ਯਾਤਰਾ ਨਿਊਜ਼ੀਲੈਂਡ ਦੇ ਵੀਜ਼ੇ ਤੋਂ ਬਿਨਾ ਹੀ ਕਰਨੀ ਪਈ। ਦੋ ਵਾਰ ਪਹਿਲਾਂ ਵੀਜ਼ਾ ਨਿਊਜ਼ੀਲੈਂਡ ਦਾ ਪ੍ਰਾਪਤ ਕੀਤਾ ਸੀ ਪਰ ਉਹ ਦੋਵੇਂ ਵਾਰ ਆਪਣੀ ਮਿਆਦ ਪੁਗਾ ਚੁੱਕਾ ਸੀ। ਤੀਜੀ ਵਾਰ ਸਿਡਨੀ ਵਿਖੇ ਉਹਨਾਂ ਦੇ ਕੌਂਸੂਲੇਟ ਵਿਚਲੀ ਵੀਜ਼ੇ ਦੀ ਇਨਚਾਰਜ ਬੀਬੀ ਨੇ ਵੀਜ਼ਾ ਦੇਣ ਤੋਂ ਨਾਂਹ ਕਰ ਦਿਤੀ। ਓਦੋਂ ਮੈਂ ਹੁਣ ਨਾਲ਼ੋਂ ਦਲੇਰ ਹੁੰਦਾ ਸਾਂ। ਉਸ ਦੇ ਦਫ਼ਤਰ ਵਿਚ ਹੀ ਉਸ ਵੱਲ ਉਂਗਲ਼ ਕਰ ਕੇ, ਉਹਨੂੰ ਕੁਝ ਇਸ ਤਰ੍ਹਾਂ, "ਭਲਕੇ ਮੈਂ ਨਿਊਜ਼ੀਲੈਂਡ ਜਾ ਰਿਹਾ ਹਾਂ ਅਤੇ ਇਕ ਹਫ਼ਤਾ ਓਥੇ ਰੁਕਾਂਗਾ। ਵੇਖਦਾ ਹਾਂ ਮੈਨੂੰ ਕੌਣ ਰੋਕਦਾ ਹੈ!" ਆਖਦਾ ਹੋਇਆ, ਉਸਦੇ ਦਫ਼ਤਰੋਂ ਬਾਹਰ ਆ ਗਿਆ। ਉਹ ਵਿਚਾਰੀ ਹੈਰਾਨੀ ਨਾਲ਼ ਮੇਰੇ ਵੱਲ ਵੇਖਦੀ ਹੀ ਰਹਿ ਗਈ। ਨੇੜੇ ਹੀ ਕਾਂਟਾਜ਼ ਏਅਰ ਲਾਈਨ ਦਾ ਦਫ਼ਤਰ ਸੀ। ਓਥੇ ਜਾ ਕੇ ਕਾਊਂਟਰ ਵਾਲੀ ਬੀਬੀ ਨੂੰ 'ਟਿਮ' ਨਾਮੀ ਕਿਤਾਬ ਖੋਹਲ ਕੇ, ਇੰਡੀਅਨ ਸਿਟੀਜ਼ਨ ਲਈ ਨਿਊਜ਼ੀਲੈਂਡ ਦਾ ਇਮੀਗ੍ਰੇਸ਼ਨ ਕਾਨੂੰਨ ਵੇਖਣ ਲਈ ਆਖਿਆ। ਮੇਰੇ ਇਸ ਸਵਾਲ ਕਿ ਮੈਂ ਓਥੇ ਵੀਜ਼ੇ ਬਿਨਾ ਕਿੰਨੇ ਘੰਟੇ ਰੁਕ ਸਕਦਾ ਹਾਂ, ਦੇ ਜਵਾਬ ਵਿਚ ਕਿਤਾਬ ਵੇਖ ਕੇ ਉਸ ਨੇ ਜਦੋਂ ੪੮ ਘੰਟੇ ਆਖਿਆ ਤਾਂ ਮੈਂ ਇਕ ਰਾਤ ਦੀ ਰੁਕਾਵਟ ਪਾ ਕੇ ਅੱਗੇ ਦੀ ਨੰਦੀ ਵਾਸਤੇ ਸੀਟ ਬੁੱਕ ਕਰਵਾ ਕੇ ਔਕਲੈਂਡ ਜਾ ਉਤਰਿਆ। ਸਿਡਨੀ ਹਵਾਈ ਅੱਡੇ 'ਤੇ ਇਕ ਦਿਲਚਸਪ ਘਟਨਾ ਘਟੀ। ਮੈਂ ਆਪਣੇ ਪਾਸਪੋਰਟ 'ਤੇ ਏਥੋਂ  ਨਾ ਹੋ ਕੇ ਡੀਪੋਰਟਡ ਨਾ ਲੱਗਾ ਹੋਵੇ! ਮੈਂ ਤਸੱਲੀ ਲਈ ਵਾਪਸ ਜਾ ਕੇ ਸੰਬੰਧਤ ਅਫ਼ਸਰ ਪਾਸੋਂ ਜਦੋਂ ਪੁਛਿਆ ਤਾਂ ਉਸਨੇ ਹੱਸ ਕੇ ਆਖਿਆ ਕਿ ਨਹੀਂ ਇਹ ਡੀਪਾਰਟਡ  ਹੀ ਹੈ; ਡੀਪੋਰਟਡ  ਨਹੀਂ। ਜਦੋਂ ਉਸ ਦੇ ਦੂਜੇ ਸਾਥੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਹੱਸ ਪਏ। ਮੈਨੂੰ ਸ਼ੱਕ ਦੋ ਗੱਲਾਂ ਕਰਕੇ ਪਿਆ। ਇਕ ਤਾਂ ਮੈਂ ਦੋ ਮਹੀਨੇ ਦੇ ਵੀਜ਼ੇ ਦੀ ਬਜਾਇ ਸੱਤ ਮਹੀਨੇ ਰਹਿ ਲਿਆ ਸੀ ਤੇ ਇਸ ਦਾ ਜ਼ਿਕਰ ਮੇਰੇ ਪਾਸਪੋਰਟ ਉਪਰ ਨਹੀਂ ਸੀ ਕਿ ਮੈਂ ਏਥੇ ਗ਼ੈਰ ਕਾਨੂੰਨੀ ਨਹੀਂ ਹਾਂ ਤੇ ਦੂਜਾ 'a' ਅੱਖਰ ਕੁਝ ਘਸਿਆ ਜਿਹਾ ਹੋਣ ਕਰਕੇ 'ੋ' ਦਾ ਭੁਲੇਖਾ ਪਾਉਂਦਾ ਸੀ।
ਖ਼ੈਰ, ਸਿਡਨੀ ਤੋਂ ਔਕਲੈਂਡ ਲਈ ੩੦ ਮਈ ਨੂੰ ਜਹਾਜ਼ੇ ਚੜ੍ਹ ਗਿਆ। ਓਥੇ ਦੇ ਇਮੀਗ੍ਰੇਸ਼ਨ ਵਾਲ਼ਿਆਂ ਜਦੋਂ ਮੈਨੂੰ ਵੀਜ਼ਾ ਨਾ ਹੋਣ ਬਾਰੇ ਸਵਾਲ ਕੀਤਾ ਤਾਂ ਮੈਂ ਆਖਿਆ ਕਿ ਭਲਕੇ ਮੈਂ ਅੱਗੇ ਤੁਰ ਜਾਣਾ ਹੈ। ਇਸ ਲਈ ਵੀਜ਼ੇ ਦੀ ਕੋਈ ਲੋੜ ਨਹੀਂ। ਦੋ ਚਾਰ ਦਿਨ ਪਿਛੋਂ ਜਦੋਂ ਮੈਂ ਹਵਾਈ ਅੱਡੇ ਉਪਰ ਅੱਗੇ ਫਿਜੀ ਜਾਣ ਲਈ ਗਿਆ ਤਾਂ ਮੈਨੂੰ ਕੋਈ ਜਹਾਜ਼ ਨਾ ਚੁੱਕੇ। ਭੁਲੇਖੇ ਵਿਚ ਇਕ ਜਹਾਜ਼ ਵਾਲ਼ਿਆਂ ਨੇ ਮੇਰਾ ਸਾਮਾਨ ਅੰਦਰ ਭੇਜ ਦਿਤਾ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਮੇਰੇ ਪਾਸ ਅੱਗੇ ਦੀ ਕੋਈ ਟਿਕਟ ਨਹੀਂ ਤੇ ਨਾ ਹੀ ਕਿਸੇ ਮੁਲਕ ਦਾ ਵੀਜ਼ਾ, ਤਾਂ ਉਹਨਾਂ ਫ਼ੌਰਨ ਸਾਮਾਨ ਵਾਪਸ ਮੰਗਵਾ ਕੇ ਮੈਨੂੰ ਠੁੱਠ ਵਿਖਾ ਦਿਤਾ। ਇਸ ਲਈ ਮੈਨੂੰ ਓਥੇ ਦਸ ਦਿਨ ਤੱਕ ਰੁਕਣਾ ਪੈ ਗਿਆ। ਪਹਿਲਾਂ ਮੇਰਾ ਵਿਚਾਰ ਦੋ ਚਾਰ ਦਿਨ ਰੁਕਣ ਦਾ ਹੀ ਸੀ।
ਕਾਰਨ ਇਹ ਸੀ ਕਿ ਜਦੋਂ ਤੱਕ ਓਥੋਂ ਦੀ ਸਵਾਰੀ ਕੋਲ਼ ਟਿਕਟ ਨਾ ਹੋਵੇ ਜਿਸ ਮੁਲਕ ਦਾ ਉਹ ਵਸਨੀਕ ਹੈ, ਜਹਾਜ਼ ਵਾਲ਼ੇ ਨਹੀਂ ਚੁੱਕਦੇ। ਜੇਕਰ ਉਹ ਅਜਿਹੀ ਗ਼ਲਤੀ ਕਰ ਲੈਣ ਤਾਂ ਜੇਕਰ ਅਗਲਾ ਮੁਲਕ ਉਸ ਨੂੰ ਆਪਣੇ ਦੇਸ਼ ਵਿਚ ਨਾ ਵੜਨ ਦੇਵੇ ਤਾਂ ਹਵਾਈ ਜਹਾਜ਼ ਵਾਲ਼ਿਆਂ ਨੂੰ, ਉਸ ਸਵਾਰੀ ਨੂੰ ਆਪਣੇ ਖ਼ਰਚ 'ਤੇ, ਜਿਥੋਂ ਲਿਆਂਦੀ ਹੈ ਓਥੇ ਵਾਪਸ ਲਿਜਾਣਾ ਪੈਂਦਾ ਹੈ। ਇਹ ਜਾਣਕਾਰੀ ਭਾਵੇਂ ਮੇਰੇ ਮਿੱਤਰ ਲੰਡਨ ਵਾਸੀ ਪ੍ਰਸਿੱਧ ਰਾਗੀ ਭਾਈ ਭਗਵੰਤ ਸਿੰਘ ਜੀ ਨੇ ੧੯੭੭ ਵਿਚ ਲੰਡਨ ਵਿਖੇ ਮੈਨੂੰ ਦਿਤੀ ਸੀ ਪਰ ਮੈਂ ਇਸ 'ਤੇ ਯਕੀਨ ਨਹੀਂ ਸੀ ਕੀਤਾ ਕਿਉਂਕਿ ਮੈਂ ਤਾਂ ਸਦਾ ਹੀ ਅਜਿਹੀ ਲਾਪਰਵਾਹੀ ਨਾਲ਼ ਸਾਰੀ ਦੁਨੀਆਂ 'ਤੇ ਤੁਰਿਆ ਫਿਰਦਾ ਸਾਂ ਤੇ ਕਦੀ ਕਿਤੇ ਇਸ ਕਾਰਨ ਰੁਕਾਵਟ ਨਹੀਂ ਸੀ ਪਈ। ਇਸ ਲਈ ਮੈਂ ਉਹਨਾਂ ਦੀ ਗੱਲ ਕਿਵੇਂ ਮੰਨ ਲੈਂਦਾ! ਹੁਣ ਵੀ ਮੇਰਾ ਏਹੋ ਹਾਲ ਹੈ। ਫਿਰ ੧੯੮੦ ਦੇ ਜੂਨ ਮਹੀਨੇ ਸਮੇ ਨਿਊਜ਼ੀਲੈਂਡ ਵਿਚ ਆ ਕੇ ਉਹਨਾਂ ਦੀ ਗੱਲ ਦੀ ਅਸਲੀਅਤ ਦਾ ਪਤਾ ਲੱਗਾ। ਠੀਕ ਹੀ ਸਿਆਣੇ ਆਖਦੇ ਨੇ, "ਔਲ਼ੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਬਾਅਦ ਵਿਚ ਸਵਾਦ ਦਿੰਦਾ ਹੈ।"
ਅਖ਼ੀਰ ਇਕ ਪੰਜਾਬੀ ਟ੍ਰੈਵਲ ਏਜੰਟ ਮਿਸਟਰ ਬਜਾਜ ਦੀ ਪ੍ਰੋਫ਼ੈਸਨਲ ਯੋਗਤਾ ਦਾ ਸਦਕਾ ਮੈਨੂੰ ਜਹਾਜ਼ ਨੇ ਫਿਜੀ ਲਈ ਚੁੱਕ ਹੀ ਲਿਆ। ਉਸ ਨੇ ਮੇਰੇ ਲਈ ਨਵੀਂ ਟਿਕਟ, ਮੇਰੀ ਪਹਿਲੀ ਟਿਕਟ ਨੂੰ ਵਿਚ ਲੈ ਕੇ ਇਸ ਤਰ੍ਹਾਂ ਬਣਾ ਦਿਤੀ : ਔਕਲੈਂਡ ਤੋਂ ਨੰਦੀ, ਨੰਦੀ ਤੋਂ ਸਿਆਟਲ ਤੇ ਸਿਆਟਲ ਤੋਂ ਵੈਨਕੂਵਰ। ਨਾਲ਼ ਆਖਿਆ ਕਿ ਮੈਂ ਸਿਆਟਲ ਤੋਂ ਜਹਾਜ਼ ਦੀ ਬਜਾਇ ਬਸ ਰਾਹੀਂ ਵੈਨਕੂਵਰ ਚਲਿਆ ਜਾਵਾਂ। ਇਸ ਬਾਰੇ ਮੈਂ ਉਸਨੂੰ ਆਖਿਆ ਕਿ ਉਹ ਕੋਈ ਫ਼ਿਕਰ ਨਾ ਕਰੇ। ਮੈਂ ਉਸ ਪਾਸੇ ਬੱਸਾਂ ਰਾਹੀਂ ਵਿਚਰਦਾ ਰਿਹਾ ਹਾਂ। ਇਸ ਸਾਰੇ ਕੁਝ ਦੇ ਉਸਨੇ ੫੨੫ ਡਾਲਰ ਲਏ। ਖ਼ੈਰ, ਰੱਬ ਰੱਬ ਕਰਕੇ ਮੈਂ ਔਕਲੈਂਡ ਤੋਂ, ਦਸ ਦਿਨ ਪਿਛੋਂ, ੮ ਜੂਨ ਨੂੰ, ਫਿਜੀ ਲਈ ਜਹਾਜ਼ 'ਤੇ ਬੈਠ ਗਿਆ। ਜਦੋਂ ਜਹਾਜ਼ ਨੇ ਔਕਲੈਂਡ ਅੱਡੇ ਤੋਂ ਉਡ ਕੇ, ਆਸਮਾਨ ਵਿਚ ਮਛਲੀ ਤਾਰੀ ਲਾਉਣੀ ਸ਼ੁਰੂ ਕਰ ਦਿਤੀ ਤਾਂ ਮੈਨੂੰ ਖ਼ਿਆਲ ਆਇਆ ਕਿ ਮੇਰਾ ਉਹ ਸੁਪਨਾ, ਜੋ ਮੈਨੂੰ ਅਪ੍ਰੈਲ ੧੯੭੯ ਵਿਚ ਅੰਮ੍ਰਿਤਸਰ ਵਿਚ ਆਇਆ ਸੀ, ਉਹ ਝੂਠਾ ਹੋ ਗਿਆ; ਅਰਥਾਤ ਮੈਂ ਇਹਨਾਂ ਦੋਹਾਂ ਦੱਖਣੀ ਮੁਲਕਾਂ ਵਿਚ ਨਹੀਂ ਰਿਹਾ ਤੇ ਹੁਣ ਅੱਗੇ ਤੋਂ ਮੈਨੂੰ ਕਦੀ ਵੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਵੀ ਨਹੀਂ ਮਿਲ਼ਨਗੇ ਕਿਉਂਕਿ ਮੈਂ ਦੋਹਾਂ ਮੁਲਕਾਂ ਦੇ ਇਮੀਗ੍ਰੇਸ਼ਨ ਕਰਮਚਾਰੀਆਂ ਨਾਲ਼ ਕੀਤੇ ਇਕਰਾਰ ਨਿਭਾਏ ਨਹੀਂ ਅਤੇ ਦਿਤੇ ਗਏ ਸਮੇ ਤੋਂ ਵੱਧ ਸਮਾ ਇਹਨਾਂ ਮੁਲਕਾਂ ਵਿਚ ਠਹਿਰ ਗਿਆ ਸਾਂ। ਆਸਟ੍ਰੇਲੀਆ ਵਿਚ ਦੋ ਮਹੀਨੇ ਦੀ ਬਜਾਇ ਸੱਤ ਮਹੀਨੇ ਤੇ ਨਿਊਜ਼ੀਲੈਂਡ ਵਿਚ ਇਕ ਰਾਤ ਦੀ ਬਜਾਇ ਦਸ ਦਿਨ ਰਿਹਾ।
ਓਥੋਂ ਤਿੰਨ ਹਫ਼ਤਿਆਂ ਪਿਛੋਂ ਫੇਰ ਦੋ ਹਫ਼ਤਿਆਂ ਦਾ ਵਿਜ਼ਟਰ ਵੀਜ਼ਾ ਲੈ ਕੇ ਵਾਪਸ ਸਿਡਨੀ ਆ ਗਿਆ। ਫ਼ਾਰਮ ਭਰਦਿਆਂ ਏਧਰੋਂ ਓਧਰੋਂ ਕਾਗ਼ਜ਼ ਪੂਰੇ ਕਰਦਿਆਂ ਸੱਤ ਕੁ ਮਹੀਨੇ ਦਾ ਸਮਾ ਹੋਰ ਵੇਹਲੇ ਰਹਿਣਾ ਪਿਆ; ਜਿਸ ਵੇਹਲ ਤੋਂ ਉਕਤਾ ਕੇ ਮੈਂ ਆਸਟ੍ਰੇਲੀਆ ਤਿਆਗਿਆ ਸੀ। ਅਖ਼ੀਰ, "ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ।" ਅਨੁਸਾਰ ੧੯ ਦਸੰਬਰ ੧੯੮੦ ਨੂੰ ਮੇਰੇ ਅੱਠ ਖੂੰਜੀ ਪੱਕੀ ਮੋਹਰ ਲੱਗ ਗਈ ਪਰ ਕੁਝ ਸ਼ਰਤਾਂ ਸਮੇਤ। ਇਹ ਵੀ ਤਾਂ ਲੱਗੀ ਜਦੋਂ ਮੈਂ ਉਹਨਾਂ ਦੇ ਦਫ਼ਤਰ ਜਾ ਕੇ ਗ਼ੁੱਸੇ ਨਾਲ਼ ਆਖਿਆ ਕਿ ਮੈਨੂੰ ਨਹੀਂ ਤੁਹਾਡੀ ਇਮੀਗ੍ਰੇਸ਼ਨ ਚਾਹੀਦੀ। ਮੇਰਾ ਪਾਸਪੋਰਟ ਦੇ ਦਿਓ; ਮੈਂ ਵਾਪਸ ਚਲੇ ਜਾਣਾ ਹੈ। ਮੇਰੀ ਦਾਦੀ ਮਾਂ ਬੀਮਾਰ ਹੈ। ਅਫ਼ਸਰ ਵਿਚਾਰਾ ਭਲਾ ਲੋਕ ਸੀ। ਉਹ ਅੰਦਰ ਗਿਆ ਤੇ ਕੁਝ ਮਿੰਟਾਂ ਬਾਅਦ ਮੋਹਰ ਲੱਗਾ ਪਾਸਪੋਰਟ ਮੇਰੇ ਹੱਥ ਫੜਾਉਂਦਾ ਹੋਇਆ ਵਧਾਈ ਦੇ ਕੇ ਆਖਣ ਲੱਗਾ, "ਪਰ ਇਹ ਮੋਹਰ ਲਾਗੂ ੩੦ ਜਨਵਰੀ ੧੯੮੧ ਤੋਂ ਹੀ ਸਮਝੀ ਜਾਵੇਗੀ; ਲਾ ਭਾਵੇਂ ਮੈਂ ਹੁਣ ਦਿਤੀ ਹੈ।"
ਫਿਰ ਗੁਜ਼ਾਰੇ ਲਈ ਨੌਕਰੀ ਲੱਭਣ ਤੁਰਿਆ। "ਵੇਲ਼ੇ ਦਾ ਰਾਗ ਤੇ ਕੁਵੇਲ਼ੇ ਦੀਆਂ ਟੱਕਰਾਂ।" ਅਨੁਸਾਰ ਆਪਣੇ ਦਾਇਰੇ ਤੋਂ ਬਾਹਰ ਕੰਮ ਲਭਣਾ ਬੜਾ ਮੁਸ਼ਕਲ ਹੋਇਆ। ਠੀਕ ਹੈ, "ਤਾਲੋਂ ਘੁੱਥੀ ਡੂਮਣੀ ਗਾਵੇ ਆਲ ਬੇਤਾਲ।" ਵਾਲ਼ੀ ਹੀ ਮੇਰੇ ਨਾਲ਼ ਹੋਈ। ਏਧਰ ਓਧਰ ਕਈ ਥਾਵਾਂ 'ਤੇ ਝਖਾਂ ਮਾਰੀਆਂ। ਕਦੀ ਕਿਸੇ ਫ਼ੈਕਟਰੀ ਵਿਚ ਤੇ ਕਦੀ ਕਿਸੇ ਹੋਰ ਫ਼ੈਕਟਰੀ ਵਿਚ। ਦੋ ਵਾਰੀਂ ਡਾਕਖ਼ਾਨੇ ਵਿਚ, ਬਸ ਕੰਡਕਟਰੀ, ਰੇਲਵੇ ਵਿਚ। ੨੮ ਮਾਰਚ ੧੯੮੧ ਨੂੰ ਚਾਰ ਮੈਂਬਰੀ ਪਰਵਾਰ ਵੀ ਏਥੇ ਆ ਗਿਆ। ਛੇ ਕੁ ਸਾਲ ਦਾ ਪੁੱਤਰ ਸੰਦੀਪ ਤੇ ਪੰਜ ਕੁ ਸਾਲ ਦੀ ਬੱਚੀ ਰਵੀਨ ਤੇ ਦਸ ਕੁ ਮਹੀਨਿਆਂ ਦੀ ਦੂਜੀ ਬੱਚੀ ਕੁਲਬੀਰ ਏਥੇ ਆ ਪਹੁੰਚੇ। ਫਿਰ ਇਹਨਾਂ ਵਾਸਤੇ ਰੈਣ ਬਸੇਰੇ ਹਿਤ ਸਿਰ ਦੀ ਛੱਤ ਦਾ ਪ੍ਰਬੰਧ ਕਰਨ ਦਾ ਫ਼ਿਕਰ ਲੱਗਾ। ਚੌਥਾ ਬੱਚਾ ਗੁਰਬਾਲ, ਜੂਨ ੧੯੮੩ ਵਿਚ ਏਥੇ ਪੈਦਾ ਹੋਇਆ ਸੀ। ਕੁਝ ਪੈਸੇ ਮੈਂ ੧੯੭੭ ਤੋਂ ਟਰੈਵਲ ਚੈਕਾਂ ਦੇ ਰੂਪ ਵਿਚ ਪੱਲੇ ਬੰਨ੍ਹੀ ਫਿਰਦਾ ਸਾਂ, ਜਿਨ੍ਹਾਂ ਦੇ ਹਾਥੀ ਦੇ ਬਾਹਰਲੇ ਸੋਹਣੇ ਦੰਦਾਂ ਵਾਂਗ ਵਿਖਾਵੇ ਨਾਲ਼, ਮੈਨੂੰ ਹਰੇਕ ਮੁਲਕ ਦਾ ਵੀਜ਼ਾ ਮਿਲ਼ ਜਾਂਦਾ ਸੀ। ਕੁਝ ਹੋਰ ਏਥੇ ਮਜ਼ਦੂਰੀ ਵਿਚੋਂ ਬਚਾਏ ਸਨ। ੩੦੦੦੦ ਬੈਂਕ ਤੋਂ ਕਰਜ਼ਾ ਮਿਲ਼ ਗਿਆ। ਇਸ ਤਰ੍ਹਾਂ ਉਸ ਸਮੇ ਪੰਜਾਹ ਕੁ ਹਜ਼ਾਰ ਦਾ ਘਰ ਖ਼ਰੀਦ ਕੇ ਇਸ ਵਿਚ ਝੰਡੇ ਬੁੰਗੇ ਗੱਡ ਲਏ। ਟੱਬਰੀ ਦੇ ਸਿਰ 'ਤੇ ਛੱਤ ਦਾ ਸਾਇਆ ਮਿਲ਼ ਜਾਣ ਕਰਕੇ ਏਧਰੋਂ ਬੇਫ਼ਿਕਰ ਹੋ ਗਿਆ। ਕਰਜ਼ਾ ਆਪੇ ਕਿਸ਼ਤਾਂ ਵਿਚ ਲਹਿੰਦਾ ਰਹੇਗਾ ਸੋਚ ਲਿਆ। ਭਾਵੇਂ ਕਿ ਪਹਿਲੀ ਵਾਰ ਵਿਆਜੀ ਕਰਜ਼ਾ ਬੈਂਕ ਤੋਂ ਲੈਣ ਕਰਕੇ ਤੇ ਉਸਨੂੰ ਭਾਰਤੀ ਕਰੰਸੀ ਵਿਚ ਦਸ ਗੁਣਾ ਵਾਲ਼ੀ ਸੋਚ ਹੋਣ ਕਰਕੇ, ਇਸ ਦਾ ਫ਼ਿਕਰ ਤਾਂ ਸੀ ਪਰ ਇਸ ਤੋਂ ਬਿਨਾ ਹੋਰ ਚਾਰਾ ਕੋਈ ਨਹੀਂ ਸੀ।
੯ ਨਵੰਬਰ ੧੯੮੧ ਦਾ ਦਿਨ ਮੇਰੇ ਸੰਸਾਰਕ ਤੇ ਪਰਵਾਰਕ ਜੀਵਨ ਲਈ ਖ਼ਾਸ ਹੋ ਨਿੱਬੜਿਆ। ਇਕ ਤਾਂ ਇਸ ਦਿਨ ਮੈਨੂੰ ਸਿੱਖ ਸੰਸਾਰ ਤੋਂ ਬਾਹਰ ਜਾ ਕੇ ਬਿਲਕੁਲ ਆਪਣੇ ਪਿਛੋਕੜ, ਵਿਦਿਆ, ਤਜਰਬਾ ਆਦਿ ਤੋਂ ਵੱਖਰੀ ਨੌਕਰੀ 'ਵੈਸਟਪੈਕ' ਬੈਂਕ ਵਿਚ ਮਿਲ਼ ਗਈ। ਓਦੋਂ ਇਸ ਦਾ ਨਾਂ 'ਬੈਂਕ ਆਫ਼ ਵੇਲਜ਼' ਹੁੰਦਾ ਸੀ। ਇਹ ਮੇਰੇ ਪੈਰ ਹੇਠ ਬਟੇਰਾ ਆਉਣ ਵਾਂਗ ਹੀ ਸੀ। ਏਸੇ ਦਿਨ ਹੀ ਜੀਵਨ ਵਿਚ ਮੈਂ ਸਭ ਤੋਂ ਪਹਿਲਾਂ ਤੇ ਹੁਣ ਤੱਕ ਆਖ਼ਰੀ ਘਰ ਖ਼ਰੀਦਿਆ। ਉਹ ਵੀ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਸਿਡਨੀ ਵਿਚ। ਅਜਿਹਾ ਕੁਝ ਹੋ ਜਾਣ ਦੀ ਮੇਰੇ ਵਾਸਤੇ ਕੋਈ ਸੋਚ ਅੰਦਰ ਆ ਸਕਣ ਵਾਲ਼ੀ ਗੱਲ ਵੀ ਨਹੀਂ ਸੀ। ਭਾਵੇਂ ਕਿ ਬੈਂਕ ਦੀ ਚੰਗੀ ਨੌਕਰੀ ਮਿਲ਼ ਗਈ ਪਰ ਮਨ ਕਿਤੇ ਵੀ ਨਾ ਟਿਕਿਆ। ਦੋ ਢਾਈ ਸਾਲ ਏਥੇ ਕੰਮ ਕੀਤਾ। ਇਸ ਨਾਲ਼ ਆਸਟ੍ਰੇਲੀਆ ਵਿਚ ਮੇਰੇ ਪਰਵਾਰਕ ਤੌਰ 'ਤੇ ਤਾਂ ਪੈਰ ਬਝ ਗਏ ਪਰ ਮਾਨਸਿਕ ਪੱਖੋਂ ਮੈਂ ਚਾਵਾਂ ਚੁਲ੍ਹਾ ਹੀ ਰਿਹਾ। ਕਦੀ ਅੰਗ੍ਰੇਜ਼ੀ ਪੜ੍ਹਨ ਤੇ ਕੰਪਿਊਟਰ ਸਿੱਖਣ ਲਈ ਨੌਕਰੀਆਂ ਦਾ 'ਚੱਕਰ' ਛੱਡ ਕੇ, ਕਦੀ ਕਿਸੇ ਯੂਨੀਵਰਸਿਟੀ ਤੇ ਕਦੀ ਕਿਸੇ ਕਾਲਜ ਵਿਚ 'ਪੜ੍ਹਨ' ਲਈ ਜਾ ਬੈਠਦਾ। ਘਰ ਵਾਲ਼ੀ ਨੇ ਏਥੇ ਵਾਹਵਾ ਚਿਰ ਚੰਗੀ ਨੌਕਰੀ ਕਰ ਲਈ। ਹੌਲ਼ੀ ਹੌਲ਼ੀ ਮਕਾਨ ਦੀਆਂ ਕਿਸ਼ਤਾਂ ਵੀ ਉਤਰ ਗਈਆਂ ਅਤੇ ਬੱਚੇ ਵੀ ਹੁਸ਼ਿਆਰ ਹੋ ਕੇ ਨੌਕਰੀਆਂ 'ਤੇ ਲੱਗ ਗਏ। ਇਸ ਤਰ੍ਹਾਂ ਸਭ ਪਾਸੇ ਤੋਂ ਵੇਹਲੇ ਹੋ ਕੇ ਹੁਣ ਫਿਰ ਘੁਮੱਕੜਪੁਣਾ ਕਰਨਾ ਅਤੇ ਇਹ ਝਰੀਟਾਂ ਵਾਹੁਣੀਆਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ।
ਆਸਟ੍ਰੇਲੀਆ ਵਿਚ ਰਿਹਾਇਸ਼ ਦੇ ਸਮੇ ਦੌਰਾਨ ਹੀ ਸਾਢੇ ਕੁ ਛੇ ਸਾਲ "ਘਰੋਂ ਘਰ ਗਵਾ ਕੇ ਬਾਹਰੋਂ ਭੜੂਆ" ਅਖਵਾਉਣ ਵਾਂਗ, ਪੰਜਾਬੀ ਤੇ ਅੰਗ੍ਰੇਜ਼ੀ ਦਾ ਪਰਚਾ ਵੀ ਚਲਾਇਆ। ਡੇਢ ਕੁ ਸਾਲ ਸਪਤਾਹਿਕ ਤੇ ਫਿਰ ਮਾਸਕ ਪਰ ਇਹ ਪੰਗਾ ਸਮੇ ਤੋਂ ਬਹੁਤ ਪਹਿਲਾਂ ਲੈ ਲੈਣ, ਵਸੀਲਿਆਂ ਦੀ ਪੂਰੀ ਦੀ ਪੂਰੀ ਥੁੜ ਅਤੇ ਇਸ ਪਾਸੇ ਦਾ ਕੋਈ ਗਿਆਨ ਨਾ ਹੋਣ ਕਰਕੇ, ਅੰਨ੍ਹੇ ਦੇ ਸੌਣ ਵਾਂਗ, ਇਹ ਵੀ ਚੁੱਪ ਹੀ ਹੋ ਗਿਆ।
ਚਾਰਾਂ ਵਿਚੋਂ ਤਿੰਨ ਬੱਚੇ ਵਿਆਹੇ ਹੋਏ, ਨੌਕਰੀਆਂ ਕਰਦੇ, ਆਪੋ ਆਪਣੇ ਘਰਾਂ ਤੇ ਪਰਵਾਰਾਂ ਵਿਚ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਰਹਿ ਰਹੇ ਹਨ। ਚੌਥਾ ਬੱਚਾ ਗੁਰਬਾਲ ਸਿੰਘ ਯੂਨੀ ਤੋਂ ਡਿਗਰੀ ਕਰ ਕੇ, ਆਪਣੀ ਵਿੱਦਿਆ ਵਾਲੀ ਹੀ ਨੌਕਰੀ ਉਪਰ ਲੱਗਾ ਹੋਇਆ ਸੀ, ਸਭ ਕੁਝ ਛੱਡ ਕੇ ਲੰਡਨ ਜਾ ਬੈਠਾ ਸੀ। ਹੁਣ ਕੁਝ ਸਾਲਾਂ ਤੋਂ ਵਾਪਸ ਆ ਕੇ ਫ਼ੈਡਰਲ ਸਰਕਾਰ ਦੀ ਨੌਕਰੀ ਵਿਚ ਹੈ। ਮੇਰੇ ਵਾਂਗ ਹੀ ਘੁਮੱਕੜ ਜਿਹੀ ਸੋਚ ਵਾਲਾ ਹੈ। ਜਿਵੇਂ ਰੱਬ ਨੂੰ ਮਨਜ਼ੂਰ! "ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥" ਦੇ ਮਹਾਂਵਾਕ ਅਨੁਸਾਰ, ਉਸ ਦੇ ਹੁਕਮ ਦੇ ਅੰਦਰ ਰਹਿਣ ਦੇ ਯਤਨਾਂ ਵਿਚ ਹਾਂ।
ਉਪ੍ਰੋਕਤ ਤੋਂ ਇਲਾਵਾ ਦੋ ਛੋਟੇ ਭਰਾ ਵੀ ਆਪੋ ਆਪਣੇ ਪਰਵਾਰਾਂ ਸਮੇਤ ਏੇਥੇ ਵੱਸ ਰਹੇ ਹਨ। ਸਭਨਾਂ ਉਪਰ ਰੱਬ ਦੀ ਰਹਿਮਤ ਦਾ ਸਾਇਆ ਹੈ। ਉਸ ਦਾਤਾਰ ਦੇ ਚਰਨਾਂ ਵਿਚ ਬੇਨਤੀ ਹੈ ਕਿ ਉਹ ਬਾਕੀ ਸੰਸਾਰ ਦੇ ਜੀਆਂ ਵਾਂਗ ਇਹਨਾਂ ਸਾਰਿਆਂ ਦੇ ਸਿਰਾਂ ਉਪਰ ਵੀ ਆਪਣੀ ਮੇਹਰ ਦਾ ਹੱਥ ਰੱਖੇ!




.