.

ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥

ਸੰਸਾਰ ਵਿੱਚ ਅਨੇਕਾਂ ਧਰਮ (ਅਸਲੀਅਤ ਵਿੱਚ ਫਿਰਕੇ) ਪ੍ਰਚਲਤ ਹਨ ਤੇ ਹਰ ਧਰਮ ਦਾ ਸ਼ਰਧਾਲੂ ਇਹੀ ਮੰਨਦਾ ਹੈ ਕਿ ਉਸ ਦਾ ਆਪਣਾ ਧਰਮ ਦੂਜੇ ਧਰਮਾਂ ਨਾਲੋਂ ਵਿਸ਼ੇਸ਼ ਹੈ। ਉਸ ਦੀ ਇਹੀ ਪੱਕੀ ਮਨੌਤ ਜਾਂ ਅੰਨ੍ਹੀ ਸ਼ਰਧਾ ਸੱਚ ਦੇ ਰਾਹ ਦਾ ਰੋੜਾ ਬਣ ਜਾਂਦੀ ਹੈ ਤੇ ਦੂਜੇ ਧਰਮਾਂ ਨਾਲੋਂ ਸਾਂਝ ਟੁੱਟ ਜਾਂਦੀ ਹੈ। ਦੂਜੇ ਧਰਮਾਂ ਵਾਲੇ ਉਸ ਨੂੰ ਕਾਫਰ ਜਾਂ ਨਾਸਤਿਕ ਦਿਖਾਈ ਦਿੰਦੇ ਹਨ। ਆਮ ਤੌਰ ਤੇ ਮਨੁੱਖ ਦੇ ਧਰਮੀ ਪਹਿਰਾਵੇ, ਧਰਮੀ ਕਰਮ ਕਾਂਡਾਂ ਤੇ ਉਸ ਦੀ ਦਿਖਾਵੇ ਦੀ ਨਿਮਰਤਾ ਤੋਂ ਹੀ ਉਸ ਨੂੰ ਧਰਮੀ ਮੰਨ ਲਿਆ ਜਾਂਦਾ ਹੈ ਪਰ ਇਸੇ ਮਨੌਤ ਨੇ ਹੀ ਅਨੇਕਾਂ ਫਰੇਬੀ ਜਾਂ ਪਖੰਡੀ ਧਰਮੀ ਆਗੂ ਪੈਦਾ ਕੀਤੇ ਹਨ। ਸਿੱਖ ਜਗਤ ਵਿੱਚ ਗੁਰਮਤ ਤੋਂ ਅਗਿਆਨਤਾ ਹੀ ਇਸ ਧੋਖੇ ਦਾ ਕਾਰਨ ਹੈ ਕਿਉਂਕਿ ਗੁਰਬਾਣੀ ਨੇ ਤਾਂ ਬਹੁਤ ਸੁਚੇਤ ਕੀਤਾ ਕਿ:- (1) ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥ ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥ 1380 (2) ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥ 476 (3) ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥ ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥ ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ ॥ 751 (4) ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ 471

ਜਿਨ੍ਹਾਂ ਦਾ ਬਾਹਰੋਂ ਧਾਰਮਿਕ ਦਿਖਾਵਾ ਕੁਛ ਹੋਰ ਤੇ ਚਿੱਤ (ਮਨ) ਵਿੱਚ ਕੁਛ ਹੋਰ ਹੋਵੇ ਉਹਨਾਂ ਬਹੁਰੂਪੀਆਂ ਨੂੰ ਹੀ ਗੁਰਬਾਣੀ ਠੱਗ, ਚੋਰ, ਭੇਖੀ, ਪਸੂ, ਕਸਾਈ, ਤੇ ਮਹਾਂ ਮੂਰਖ ਮੰਨਦੀ ਹੈ ਕਿਉਂਕਿ ਬਾਹਰਲੀ ਦਿੱਖ ਦਾ ਅੰਦਰੂਨੀ ਧਰਮ ਨਾਲ ਕੋਈ ਸੰਬੰਧ ਨਹੀ ਗੁਰਬਾਣੀ ਦਾ ਫੈਸਲਾ ਹੈ, ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥ ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥ 488 ਮਨ ਦੀ ਪਵਿੱਤ੍ਰਤਾ ਹੀ ਮਨੁੱਖ ਨੂੰ ਸਚਿਆਰਾ (ਧਰਮੀ) ਬਣਾਉਂਦੀ ਹੈ। ਗੁਰਬਾਣੀ ਦੀ ਦਿਲੋਂ ਸਚਿਆਰਾ ਹੋਣ ਦੀ ਇਹ ਕਸਵੱਟੀ ਹਰ ਧਰਮ ਦੇ ਹਰ ਮਨੁੱਖ ਤੇ ਲਾਗੂ ਹੁੰਦੀ ਹੈ ਤੇ ਜ਼ਿਆਦਾਤਰ ਧਰਮੀ ਅਖਵਾਉਣ ਵਾਲਿਆਂ ਤੇ, ਕਿਉਂਕਿ ਧਰਮ ਦਿਲ ਦੇ ਸਚਿਆਰੇ ਤੇ ਪਵਿੱਤ੍ਰ ਹੋਣ ਤੇ ਹੀ ਅਧਾਰਤ ਹੈ। ਧਰਮੀ ਹੋਣਾ ਕਿਉਂਕਿ ਇੱਕ ਅੰਦਰੂਨੀ ਮਨ ਦੀ ਕਿਰਿਆ ਹੈ ਇਸ ਲਈ ਇਸ ਦਾ ਬਾਹਰੀ ਰੂਪ ਨਾ ਹੋਣ ਕਰਕੇ ਧਰਮ ਦੀ ਪੁਜਾਰੀ ਸ਼੍ਰੇਣੀ ਨੇ ਇਸ ਦਾ ਖੂਬ ਲਾਭ ਉਠਾਇਆ ਤੇ ਧਰਮ ਦੀ ਪਰਿਭਾਸ਼ਾ ਨੂੰ ਆਕਾਰਾਂ ਤੇ ਅਧਾਰਤ ਕਰਕੇ ਇਸ ਦਾ ਦੁਰਉਪਯੋਗ ਸ਼ੁਰੂ ਕਰ ਦਿੱਤਾ। ਮੌਜੂਦਾ ਅਖੌਤੀ ਧਰਮ ਤੇ ਉਸ ਦੇ ਠੇਕੇਦਾਰ (ਪੁਜਾਰੀ) ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ। ਗੁਰਬਾਣੀ ਵਿੱਚ ਇੱਕ ਵੀ ਐਸਾ ਗੁਰਪ੍ਰਮਾਣ ਨਹੀ ਮਿਲੇਗਾ ਜੋ ਬਿਨਸਣਹਾਰ ਆਕਾਰਾਂ ਜਾਂ ਵਿਅਰਥ ਕਰਮ ਕਾਂਡਾਂ ਨੂੰ ਧਰਮੀ ਤੌਰ ਤੇ ਮਹਾਨਤਾ ਦਿੰਦਾ ਹੋਵੇ ਕਿਉਂਕਿ ਧਰਮ ਤਨ ਦਾ ਨਹੀ ਮਨ ਦਾ ਵਿਸ਼ਾ ਹੈ। ਰੱਬੀ ਧਰਮ (ਰੱਬੀ ਨਿਯਮ) ਤੇ ਮਨੁੱਖ ਦੇ ਬਣਾਏ ਅਖੌਤੀ ਧਰਮਾਂ ਵਿੱਚ ਅੰਤਰ ਹੈ ਜਿਵੇਂ:- (1) ਮਨੁੱਖ ਦਾ ਬਣਾਇਆ ਅਖੌਤੀ ਧਰਮ ਸਮੁਚੀ ਲੋਕਾਈ ਤੇ ਲਾਗੂ ਨਹੀ ਹੁੰਦਾ ਪਰ ਕਰਤੇ ਦਾ ਧਰਮ (ਕੁਦਰਤੀ ਨਿਯਮ, ਹੁਕਮ) ਸਭ ਜੀਵਾਂ ਤੇ ਲਾਗੂ ਹੈ (ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥1)। (2) ਮਨੁੱਖ ਦਾ ਬਣਾਇਆ ਅਖੌਤੀ ਧਰਮ ਬੰਧਨ ਪਾਉਂਦਾ ਹੈ ਪਰ ਕਾਦਰ ਦਾ ਧਰਮ ਬੰਧਨ ਤੋੜਦਾ ਹੈ (ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ ॥551)। (3) ਮਨੁੱਖ ਦੇ ਬਣਾਏ ਅਖੌਤੀ ਧਰਮ (ਫਿਰਕੇ) ਪੱਖਪਾਤੀ ਹਨ ਪਰ ਅਵਲ ਅੱਲ੍ਹਾ ਦਾ ਧਰਮ ਨਿਰਪੱਖ ਹੈ। ( ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥ 83) (4) ਮਨੁੱਖ ਦਾ ਬਣਾਇਆ ਅਖੌਤੀ ਧਰਮ ਆਕਾਰ ਪੂਜਾ ਤੇ ਨਿਰਭਰ ਹੈ ਪਰ ਨਿਰੰਕਾਰ ਦਾ ਧਰਮ ਨਿਰਆਕਾਰ (ਨਾਮ, ਗਿਆਨ) ਹੈ। ( ਹਰਿ ਕੋ ਨਾਮੁ ਲੈ ਊਤਮ ਧਰਮਾ ॥874)। (5) ਵੱਖ ਵੱਖ ਮਨੁਖੀ ਧਰਮਾਂ (ਫਿਰਕਿਆਂ) ਦੇ ਵੱਖ ਵੱਖ ਕਰਮ ਧਰਮ ਹਨ ਪਰ ਪ੍ਰਭੂ ਦੇ ਧਰਮ ਦਾ ਕੋਈ ਕਰਮ ਕਾਂਡ ਨਹੀ (ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥747)। ਕਰਤੇ ਦੇ ਨਿਯਮਾ ਨੂੰ ਧਾਰਨ ਕਰਨ ਲਈ ਕੋਈ ਕਰਮ ਕਾਂਡ ਨਹੀ ਕਰਨਾ ਪੈਂਦਾ। ਸਪਸ਼ਟ ਹੈ ਕਿ ਮਨੁੱਖ ਦਾ ਅਸਥਾਪਤ ਕੀਤਾ ਅਖੌਤੀ ਧਰਮ ਰੱਬੀ ਨਿਯਮਾਂ (ਧਰਮ) ਨਾਲ ਮੇਲ ਨਹੀ ਖਾਂਦਾ, ਇਸ ਲਈ ਉਹ ਸਮੁੱਚੀ ਮਨੁਖਤਾ ਦੀ ਭਲਾਈ ਦੇ ਸਮਰੱਥ ਨਹੀ ਹੋ ਸਕਦਾ। ਸਰਬੱਤ ਸਾਂਝੀਵਾਲਤਾ ਦੇ ਸੱਚੇ ਗਿਆਨ (ਸਤਿਗੁਰ) (ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥ 72) ਨੂੰ ਛੱਡ ਕੇ ਇਤਿਹਾਸ (ਜੋ ਭੁੱਲੜ ਮਨੁੱਖ ਦਾ ਲਿਖਿਆ ਹੈ) ਨੂੰ ਪੂਰਨ ਸੱਚ ਮੰਨ ਬੈਠਣਾ ਜਾਂ ਗੁਰਬਾਣੀ ਨਾਲ ਰਲਗੱਡ ਕਰਨਾ ਹੀ ਮਨੁੱਖ ਦੀ ਵਡ੍ਹੀ ਭੁੱਲ ਹੈ ਕਿੱਉਂਕਿ ਜਦੋਂ ਇਤਿਹਾਸ ਗਿਆਨ (ਸਚਾਈ) ਨਾਲ ਮੇਲ ਨਹੀ ਖਾਂਦਾ (ਜੋ ਮੌਜੂਦਾ ਕਾਲ ਵਿੱਚ ਹੋ ਰਿਹਾ ਹੈ) ਤਾਂ ਧਰਮ ਦੀ ਅੰਨ੍ਹੀ ਸ਼ਰਧਾ ਵਲੂੰਦਰੀ ਜਾਂਦੀ ਹੈ ਤੇ ਮਨੁੱਖ ਭੜਕ ਉਠਦਾ ਹੈ। ਮਾਈ ਭਾਗੋ ਦੇ ਇਤਿਹਾਸ ਤੇ, ਧਰਮ ਦੇ ਅਖੌਤੀ ਵਿਦਵਾਨਾਂ ਨੇ ਕੀ ਗੁਲ ਖਿਲਾਏ, ਇਹ ਸਭ ਇੰਟਰਨੈੱਟ ਤੇ ਵੇਖਿਆ ਜਾ ਸਕਦਾ ਹੈ। ਇਹ ਮਨੁਖੀ ਧਰਮਾਂ ਦੇ ਇਤਿਹਾਸ ਹੀ ਮਨੁਖਤਾ ਵਿੱਚ ਵੰਡੀਆਂ, ਵੈਰ ਵਿਰੋਧ ਤੇ ਅਨੇਕ ਜੰਗਾਂ ਯੁਧਾਂ ਦਾ ਕਾਰਨ ਮੰਨੇ ਗਏ ਹਨ। ਪ੍ਰਚਾਰਕਾਂ ਤੋਂ ਇਹ ਸੁਣਦੇ ਰਹੇ ਹਾਂ ਕਿ ਧਰਮ ਅਤੇ ਇਤਿਹਾਸ ਹੀ ਕੌਮ ਦੀ ਜਿੰਦ ਜਾਨ ਹੋਇਆ ਕਰਦੇ ਹਨ ਪਰ ਇਸ ਹਕੀਕਤ ਤੋਂ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਸੰਸਾਰ ਵਿੱਚ ਜਿਨੇ ਜ਼ਿਆਦਾ ਧਰਮ (ਫਿਰਕੇ), ਕੌਮਾਂ ਤੇ ਉਹਨਾਂ ਦੇ ਇਤਿਹਾਸ ਹਨ ਉਤਨੇ ਜ਼ਿਆਦਾ ਹੀ ਮਨੁਖਤਾ ਵਿੱਚ ਵਖਰੇਵੇਂ, ਝਗੜੇ ਤੇ ਵੈਰ ਵਿਰੋਧ ਹਨ। ਕੀ ਧਰਮ ਮਨੁਖਤਾ ਦੀ ਏਕਤਾ ਲਈ ਹੈ ਜਾਂ ਬਖੇੜੇ ਲਈ? ਜਿਥੇ ਹਰ ਕੋਈ ਆਪਣੇ ਅਖੌਤੀ ਧਰਮ (ਫਿਰਕੇ) ਦੀ ਵਿਸ਼ੇਸ਼ਤਾ ਤੇ ਰਾਖੀ ਲਈ ਆਪਣੀ ਜਾਨ ਵਾਰਨ ਨੂੰ ਤਿਆਰ ਹੋਵੇ, ਉਥੇ ਅਮਨ ਤੇ ਸੁੱਖ ਚੈਨ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਧੁਖਦੇ ਬਾਲਣ ਦਾ ਭਾਂਬੜ ਤਾਂ ਇੱਕ ਦਿਨ ਮੱਚਦਾ ਹੀ ਹੈ।

ਬੇਗਾਨੇ ਧਰਮ ਤੇ ਉਂਗਲ ਚੁਕਣੀ ਤਾਂ ਮਖੀਲ ਦੇ ਖੱਖਰ ਨੂੰ ਹੱਥ ਪਾਉਣਾ ਹੈ, ਇਸ ਲਈ ਸੱਚ ਦੇ ਬਾਨੀਆਂ ਨੇ ਅਖੌਤੀ ਧਰਮਾਂ ਤੇ ਪਈ ਧੂੜ (ਬੇਸਮਝੀ) ਨੂੰ ਝਾੜ ਕੇ ਸੱਚ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ। ਉਹਨਾਂ ਨੇ ਧਰਮ ਗ੍ਰੰਥਾਂ ਨੂੰ ਨਹੀ ਨਕਾਰਿਆ (1) ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ 1350 (2) ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥ ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥ 919 ਬਲਿਕੇ ਧਰਮ ਦੀ ਵਿਆਖਿਆ ਨੂੰ ਹੀ ਤਨ (ਦੇ ਦਿਖਾਵੇ) ਤੋਂ ਬਦਲ ਕੇ ਮਨ ਤੇ ਅਧਾਰਤ ਕੀਤਾ ਹੈ। ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥ 558

ਲਕੀਰ ਹੀ ਖਿੱਚ ਦਿੱਤੀ ਕਿ ਮੈਲੇ ਮਨ ਨਾਲ ਤਨ ਦਾ ਕੀਤਾ ਹਰ ਕਰਮ ਮੈਲਾ (ਵਿਅਰਥ) ਹੀ ਹੋਵੇਗਾ, ਵੇਸ ਭੇਖ ਤੇ ਕਰਮ ਕਾਂਡਾਂ ਦੀਆਂ ਚਤੁਰਾਈਆਂ ਦੀ ਜੜ੍ਹ ਹੀ ਉਖਾੜ ਦਿੱਤੀ। "ਮਨ ਹੋਰ ਮੁੱਖ ਹੋਰ" ਹੋਣਾ ਹੀ ਭੇਖ ਹੈ ਇਸ ਲਈ ਸ਼ਬਦ ਦੁਆਰਾ ਮਨ ਦੀ ਪਵਿੱਤ੍ਰਤਾ ਬਿਨਾ, ਧਾਰਿਆ ਕੋਈ ਵੀ ਬਾਹਰੀ ਧਾਰਮਿਕ ਵੇਸ ਜਾਂ ਕਰਮ ਕਾਂਡ ਮਨੁੱਖ ਨੂੰ ਧਰਮੀ ਨਹੀ ਬਣਾ ਸਕਦਾ। ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥ 26 "ਮਨ ਹੋਰ ਮੁਖ ਹੋਰ" ਵਾਲੀ ਚਲਾਕੀ ਤੇ ਦਬਿਧਾ ਹੀ ਬਾਹਰਲੇ ਧਾਰਮਿਕ ਭੇਖ ਦੀ ਉਪਜ ਹੈ ਤੇ ਇਸ ਦੋ ਰੁਖੀ ਚਾਲ ਨੂੰ ਧਰਮ ਦਾ ਫਲ ਨਹੀ ਲਗ ਸਕਦਾ ਭਾਵ ਕਿੱਕਰ ਦੇ ਬੀਜ ਨੂੰ ਦਾਖਾਂ ਨਹੀ ਲਗ ਸਕਦੀਆਂ। ਗੁਰਬਾਣੀ ਵਿੱਚ ਵੇਸ ਭੇਖ ਦੀ ਚਤੁਰਾਈ ਨੂੰ ਛੱਡਣ ਦੀ ਤਾਕੀਦ ਕੀਤੀ ਗਈ ਹੈ ਕਿਉਂਕਿ ਇਸ ਦੁਬਿਧਾ ਨੂੰ ਧਰਮ ਦਾ ਫਲ ਨਹੀ ਲਗ ਸਕਦਾ। ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥ 598

ਧਰਮ ਦੀ ਸਹੀ ਵਿਆਖਿਆ (ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥266) ਕਰਨ ਨਾਲ ਧਰਮੀ ਧੜਿਆਂ (ਸੰਪ੍ਰਦਾਈ ਧਰਮ) ਤੇ ਕੌਮਾ ਦੀ ਕੋਈ ਮਹਾਨਤਾ ਨਹੀ ਰਹਿ ਜਾਂਦੀ ਤੇ ਮਨੁਖੀ ਏਕਤਾ ਦੀ ਸਾਂਝ ਵਧ ਫੁਲ ਸਕਦੀ ਹੈ। ਰੱਬੀ ਪੁਰਖਾਂ ਦਾ ਇਹੀ ਸੱਚਾ ਆਦੇਸ਼ ਰਿਹਾ ਹੈ, ਉਹ ਸਮੁਚੀ ਮਨੁਖਤਾ ਦੇ ਮਣਕਿਆਂ ਨੂੰ ਇਕੋ ਸੂਤ ਵਿੱਚ ਪਰੋਣਾ ਚਹੁੰਦੇ ਸਨ, ਪਰ ਪੁਜਾਰੀ ਨੇ ਉਹਨਾਂ ਦੇ ਉਪਦੇਸ਼ ਨੂੰ ਵਿਗਾੜ ਕੇ ਆਪਣੇ ਲਾਭ ਲਈ ਵਰਤ ਲਿਆ। ਪੁਜਾਰੀ ਸ਼੍ਰੇਣੀ ਨੇ ਮਨੁੱਖ ਨੂੰ ਧਰਮ ਦੇ ਜਾਲ ਵਿੱਚ ਫਸਾ ਕੇ ਆਪਣੀ ਉਪਜੀਵਕਾ ਦਾ ਸਾਧਨ ਬਣਾ ਲਿਆ ਹੈ ਜਿਵੇਂ ਪਸੂ, ਪੰਛੀ ਤੇ ਜੰਗਲੀ ਜਾਨਵਰਾਂ ਨੂੰ ਫਸਾ ਕੇ ਉਹਨਾਂ ਨੂੰ ਆਪਣੀ ਉਪਜੀਵਕਾ ਲਈ ਵਰਤਿਆ ਜਾਂਦਾ ਹੈ। ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥------ ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥ ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥ ------ ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥ ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥ 336

ਇਸੇ ਤਰਾਂ ਪੁਜਾਰੀ ਨੇ ਡਰ ਤੇ ਲਾਲਚ ਨਾਲ ਬੁਣੇ ਧਰਮ ਜਾਲ ਵਿੱਚ ਮਨੁੱਖ ਨੂੰ ਗੁਲਾਮ ਬਣਾ ਰੱਖਿਆ ਹੈ। ਮਨੁੱਖ ਨੂੰ ਰੱਬ ਦੀ ਕ੍ਰੋਪੀ ਦਾ ਡਰ, ਨਰਕਾਂ ਦਾ ਡਰ, ਪਾਪਾਂ ਦਾ ਡਰ, ਜੂਨਾਂ ਜਨਮਾਂ ਦਾ ਡਰ, ਧਰਮਰਾਜ ਦਾ ਡਰ, ਸਰਾਪਾਂ ਦਾ ਡਰ, ਭੂਤਾਂ ਪ੍ਰੇਤਾਂ ਦਾ ਡਰ, ਗ਼ੈਬੀ ਸ਼ਕਤੀਆਂ ਦਾ ਡਰ --- ਆਦਿ--- ਅਤੇ ਸਵਰਗਾਂ ਦਾ ਲਾਲਚ, ਹੂਰਾਂ ਤੇ ਦੁੱਧ ਦੀਆਂ ਨਹਿਰਾਂ ਦਾ ਲਾਲਚ, ਕਾਮਧੇਨ ਦਾ ਲਾਲਚ, ਪਾਪਾਂ ਤੋਂ ਮੁਕਤੀ ਦਾ ਲਾਲਚ, ਪੁੰਨਾਂ ਦੇ ਫਲ ਦਾ ਲਾਲਚ, ਪ੍ਰਭਤਾ ਦਾ ਲਾਲਚ, ਤੀਰਥ ਯਾਤਰਾ ਦੇ ਫਲ ਦਾ ਲਾਲਚ ---ਅਦਿ --- ਦੇ ਕੇ ਧਰਮ ਜਾਲ ਵਿੱਚ ਫਸਾ ਲਿਆ ਜਾਂਦਾ ਹੈ। ਇਹਨਾਂ ਸੋਨੇ ਦੀਆਂ ਬੇੜੀਆਂ (ਅਖੌਤੀ ਧਰਮਾਂ ਦੇ ਬੰਧਨਾਂ) ਨੂੰ ਮਨੁੱਖ ਵਡ੍ਹੇ ਭਾਗ ਸਮਝ ਕੇ ਬੜੇ ਚਾਅ ਨਾਲ ਅਪਨਾ ਲੈਂਦਾ ਹੈ। ਫਿਰ ਸਾਰੀ ਉਮਰ ਕਿਸੇ ਨਾ ਕਿਸੇ ਢੰਗ ਨਾਲ, ਗੁਰੂ ਦੀ ਸੇਵਾ ਸਮਝ ਕੇ, ਇਹਨਾਂ ਪੁਜਾਰੀਆਂ ਦੀ ਮਿੱਠੀ ਗੁਲਾਮੀ ਝਲਦਾ ਰਹਿੰਦਾ ਹੈ। ਕੀ ਇਹ ਪੁਜਾਰੀ ਦੀ "ਮਨ ਹੋਰ ਮੁਖ ਹੋਰ" ਵਾਲੀ ਚਾਲ ਨਹੀ? ਇਹਨਾਂ ਪੁਜਾਰੀਆਂ ਨੇ ਅਕਾਲ ਤਖਤ ਦਾ ਢਾਂਚਾ ਮਨੁੱਖ ਤੇ ਹਕੂਮਤ ਕਰਨ ਲਈ ਹੀ ਘੜਿਆ ਹੈ ਕਿਉਂਕਿ ਗੁਰਬਾਣੀ ਅਨੁਸਾਰ ਤਾਂ ਸਾਰੀ ਕੁਦਰਤ ਹੀ ਉਸ ਅਕਾਲ ਦਾ ਤਖਤ ਹੈ ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥ 580 ਅਤੇ ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥ 1092 ਸਭ ਜੀਵਾਂ ਦੇ ਅੰਦਰ ਅਕਾਲ ਦਾ ਤਖਤ ਹੈ ਇਸ ਲਈ ਜੇ ਅੰਦਰ ਬਾਹਰ ਓਸੇ ਦਾ ਹੀ ਤਖਤ ਹੈ ਤਾਂ ਕੋਈ ਖਾਸ ਇੱਕ ਜਗ੍ਹਾ ਉਸ ਦਾ ਤਖਤ ਨਹੀ ਹੋ ਸਕਦੀ। ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥ 1349 ਸਮੁੱਚੀ ਕਾਇਨਾਤ ਅਕਾਲ ਦਾ ਤਖਤ ਹੈ ਜਿਥੇ ਅਕਾਲ ਦਾ ਹੁਕਮ (ਨਿਯਮ) ਲਾਗੂ ਹੈ ਤੇ ਜਿਥੇ ਕੋਈ ਗਲਤ ਫੈਸਲਾ ਜਾਂ ਅਨਿਆਇ ਨਹੀ ਹੁੰਦਾ ਪਰ ਪੁਜਾਰੀ ਨੇ ਆਪਣੀ ਹਕੂਮਤ ਲਈ ਗੁਰੂ ਦੇ ਨਾਮ ਤੇ ਆਪ ਹੀ ਅਕਾਲ ਤਖਤ ਸਾਜ ਲਿਆ ਜਿਥੋਂ ਗਲਤ ਫੈਸਲੇ ਵੀ ਅਕਸਰ ਹੁੰਦੇ ਹਨ। ਕੀ ਇਹ "ਮਨ ਹੋਰ ਮੁਖ ਹੋਰ" ਵਾਲੀ ਗੈਰ ਧਰਮੀ ਚਾਲ ਨਹੀ?

ਅੱਜ ਪੁਜਾਰੀ ਨੇ ਸਿਖੀ ਨੂੰ ਆਪਣੇ ਲਾਭ ਲਈ ਇੱਕ ਆਕਾਰੀ ਰੂਪ ਦੇ ਦਿੱਤਾ ਹੈ ਪਰ ਅਸਲ ਵਿੱਚ ਸਿੱਖਿਆ, ਗਿਆਨ, ਸੂਝ ਬੂਝ ਜਾਂ ਬਿਬੇਕ ਹੀ ਸਿੱਖੀ ਹੈ ਜਿਸ ਦਾ ਕੋਈ ਬਾਹਰੀ ਸਰੂਪ ਨਹੀ ਅਤੇ ਜਿਸ ਬਿਨਾ ਸਿੱਖ ਹੋਇਆ ਨਹੀ ਜਾ ਸਕਦਾ। ਸਿਖੀ ਦੀ ਇਹ ਵਿਆਖਿਆ ਹਰ ਧਰਮੀ ਪੁਰਖ ਤੇ ਢੁਕਵੀਂ ਹੈ। ਇਸ ਅਨੁਸਾਰ ਗੋਰਖ, ਜੀਸਸ, ਮੁਹੰਮਦ, ਬੁੱਧ, ਅਤੇ ਸਮੂਹ ਭਗਤ ਸਭ ਸਿੱਖ ਹੀ ਸਨ ਕਿਉਂਕਿ ਨਾ ਸਿਖੀ ਬਿਨਾ ਗੁਰੂ ਹੈ ਤੇ ਨਾ ਗੁਰੂ ਬਿਨਾ ਸਿੱਖੀ ਹੋ ਸਕਦੀ ਹੈ। ਨਾ ਗਿਆਨ ਬਿਨਾ ਗੁਰੂ ਹੈ ਤੇ ਨਾਂ ਗੁਰੂ ਬਿਨਾ ਗਿਆਨ ਹੈ। ਦੋਨੋ ਇਕੋ ਸਿਕੇ ਦੇ ਦੋ ਪਾਸੇ ਹਨ। ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥ ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥444 ਗੁਰੂ ਦੀ ਸਿਖਿਆ (ਗਿਆਨ) ਨੂੰ ਗ੍ਰਹਿਣ ਕਰਨਾ, ਦ੍ਰਿੜ ਕਰਨਾ ਹੀ ਸਿਖੀ ਹੈ ਸਿਖੀ ਸਿਖਿਆ ਗੁਰ ਵੀਚਾਰਿ ॥ 465 ਜੋ ਬਿਨਾ ਕਿਸੇ ਰੂਪ, ਰੰਗ, ਰੇਖ, ਭੇਖ ਦੇ, ਸਮੁੱਚੀ ਮਨੁਖਤਾ ਤੇ ਲਾਗੂ ਹੈ। ਗੁਰਬਾਣੀ ਦਾ ਫੈਸਲਾ ਹੈ ਕਿ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥601 ਗੁਰੂ ਦਾ ਭਾਣਾ ਹੀ ਗਿਆਨ ਹੈ, ਸਿਖਿਆ ਹੈ ਜਿਸ ਦੀ ਸਿਖਾਈ ਕੀਤੇ ਬਿਨਾ ਸਿੱਖ ਹੋਇਆ ਨਹੀ ਜਾ ਸਕਦਾ, ਭਾਵੇਂ ਉਹ ਅੰਮ੍ਰਿਤਧਾਰੀ ਹੋਵੇ ਜਾਂ ਗੈਰ ਅੰਮ੍ਰਿਤਧਾਰੀ ਪਰ ਇਸ ਦੇ ਉਲਟ ਅੱਜ ਦੇ ਧਰਮ ਪੁਜਾਰੀ ਨੇ ਸਿੱਖੀ ਦੀ ਪਹਿਚਾਨ ਨੂੰ ਇੱਕ ਖਾਸ ਪਹਿਰਾਵੇ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੇ ਹੀ ਨਿਰਭਰ ਕਰ ਦਿੱਤਾ ਹੈ। ਇਹ ਸੁਦਾ ਧੋਖਾ/ਕਪਟ ਹੈ ਜੋ "ਮਨ ਹੋਰ ਤੇ ਮੁਖ ਹੋਰ" ਦੀ ਚਾਲ ਦਾ ਪ੍ਰਤੱਖ ਪ੍ਰਮਾਣ ਹੈ। ਪੰਡਿਤ, ਮੁੱਲਾਂ, ਜੋਗੀ, ਪਾਦਰੀ ਜਾਂ ਗਿਆਨੀ ਦੀ ਪਛਾਣ ਆਮ ਤੌਰ ਤੇ ਉਹਨਾਂ ਦੇ ਬਾਹਰੀ ਵੇਸ ਜਾਂ ਕਰਮ ਕਾਂਡ ਤੋਂ ਹੀ ਕੀਤੀ ਜਾਂਦੀ ਹੈ ਪਰ ਗੁਰਬਾਣੀ ਦਾ ਹੀ ਕਥਨ ਹੈ ਕਿ:- ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥ ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥ 785 ਬਾਹਰੀ ਵੇਸਾਂ ਨਾਲ ਧਰਮੀ ਨਹੀ ਹੋਇਆ ਜਾ ਸਕਦਾ, ਗੁਰੂ ਦੀ ਸਿਖਿਆ ਧਾਰਨ ਕੀਤੇ ਬਿਨਾ ਕੀਤੇ ਸਭ ਬਾਹਰੀ ਧਾਰਮਿਕ ਸ਼ਿੰਗਾਰ (ਅਤੇ ਕਰਮ ਕਾਂਡ) ਵਿਅਰਥ ਹੀ ਹਨ। ਗੁਰ ਆਦੇਸ਼ ਤਾਂ ਇਹ ਹੈ ਕਿ ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ 788 ਮਨੁੱਖ ਧਰਮ ਸ਼ਿੰਗਾਰ ਤਾਂ ਅਨੇਕ ਤਰਾਂ ਨਾਲ ਕਰੀ ਜਾਂਦਾ ਹੈ ਪਰ ਪਹਿਲੀ, ਕੰਤ ਨੂੰ ਮਨਾਉਣ ਵਾਲੀ, ਸ਼ਰਤ ਭੁੱਲ ਹੀ ਗਿਆ। ਤਾਂ ਇਸ ਕੀਤੇ ਧਰਮ ਸ਼ਿੰਗਾਰ ਦਾ ਕੀ ਲਾਭ? ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥ 788 ਇਹ ਦਿਖਾਵੇ ਦੀ ਸਿੱਖੀ ਸਭ ਧੋਖਾ "ਮਨ ਹੋਰ ਮੁਖ ਹੋਰ" ਵਾਲੀ ਹੀ ਚਾਲ ਹੈ। ਅੱਜ ਸਮੇ ਦੀ ਮੰਗ ਹੈ ਕਿ ਗੁਰਬਾਣੀ ਦੁਆਰਾ ਅਖੌਤੀ ਧਰਮ ਦੀਆਂ ਸੁਨਿਹਰੀ ਬੇੜੀਆਂ ਤੋਂ ਜਾਣੂ ਹੋ ਕੇ ਉਹਨਾਂ ਤੋਂ ਮੁਕਤ ਹੋਇਆ ਜਾ ਸਕੇ। ਕੁਦਰਤ ਨੇ ਮਨੁੱਖ ਨੂੰ ਸੁਤੰਤਰ ਪੈਦਾ ਕੀਤਾ ਹੈ ਪਰ ਅਗਿਆਨਤਾ ਕਾਰਨ ਇਹ ਸਮੁਚਾ ਜੀਵਨ ਆਪਣੀਆਂ ਹੀ ਬਣਾਈਆਂ ਬੇੜੀਆਂ ਦੀ ਕੈਦ ਵਿੱਚ ਵਿਅਰਥ ਗਵਾ ਲੈਂਦਾ ਹੈ। ਜਿਨ੍ਹਾਂ ਨੇ ਗੁਰੂ ਦੀ ਸਿਖਿਆ ਨੂੰ ਅਪਨਾਇਆ ਕੇਵਲ ਉਹਨਾਂ ਨੇ ਹੀ ਸੁਤੰਤਰਤਾ ਦਾ ਜੀਵਨ ਮਾਣਿਆ ਹੈ। ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥ ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥ 19

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.