.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਿਪਾਹੀ

ਹਰ ਦੇਸ ਨੇ ਆਪਣੀ ਸੁਰੱਖਿਆ ਲਈ ਹਥਿਆਰਬੰਦ ਫੌਜਾਂ ਕਾਇਮ ਕੀਤੀਆਂ ਹੁੰਦੀਆਂ ਹਨ, ਮੁਲਕ ਵਿੱਚ ਅਮਨ ਕਾਨਨੂੰ ਦੀ ਅਵਸਥਾ ਨੂੰ ਕਾਇਮ ਰੱਖਣ ਲਈ ਪੁਲੀਸ ਹੁੰਦੀ ਹੈ। ਜਿੱਥੇ ਬਾਹਰਲੇ ਹਮਲਾਵਰਾਂ ਦੇ ਟਾਕਰੇ ਲਈ ਹਰ ਵੱਡੇ ਤੋਂ ਵੱਡਾ ਹਥਿਆਰ ਖਰੀਦਿਆ ਤੇ ਬਣਾਇਆ ਜਾਂਦਾ ਹੈ ਓੱਥੇ ਹਰ ਸਰਕਾਰ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਵੀ ਹਥਿਆਰਬੰਦ ਸਿਪਾਹੀਆਂ ਦੀ ਵਰਤੋਂ ਕਰਨ ਤੋਂ ਸੰਕੋਚ ਨਹੀਂ ਕਰਦੀ। ਹਰ ਸਿਪਾਹੀ ਆਪਣੀ ਅਤੇ ਆਪਣੇ ਮੁਲਕ ਦੀ ਸੁਰੱਖਿਆ ਲਈ ਹਮੇਸ਼ਾਂ ਤਿਆਰ-ਬਰ-ਤਿਆਰ ਰਹਿੰਦਾ ਹੈ। ਜਿੱਥੇ ਬਾਹਰੀ ਹਮਲਾਵਰਾਂ ਦਾ ਹਮੇਸ਼ਾਂ ਡਰ ਬਣਿਆ ਰਹਿੰਦਾ ਹੈ ਓੱਥੇ ਸਾਡੇ ਸੁਭਾਅ ਵਿੱਚ ਵੀ ਵਿਕਾਰਾਂ ਰੂਪੀ ਦੁਸ਼ਮਣ ਬੈਠੇ ਹੋਏ ਹਨ। ਇਹਨਾਂ ਵਿਕਾਰਾਂ ਨੂੰ ਮਾਰਨ ਲਈ ਵੀ ਗੁਰੇਦਵ ਪਿਤਾ ਜੀ ਨੇ ਮਨੁੱਖ ਨੂੰ ਆਤਮਕ ਗੁਣਾਂ ਨਾਲ ਹਥਿਆਰ ਬੰਦ ਹੋਣ ਲਈ ਸਮਝਾ ਰਹੇ ਹਨ। ਇਸ ਸਲੋਕ ਤੋਂ ਇਹ ਵੀ ਸੌਖੀ ਸਮਝ ਆਉਂਦੀ ਹੈ ਕਿ ਸਚਿਆਰ ਬਣਨ ਲਈ ਸਭ ਤੋਂ ਪਹਿਲਾਂ ਅੰਦਰਲੇ ਵਿਕਾਰਾਂ ਨੂੰ ਮਾਰਨਾ ਹੈ। ਦੁਖਾਂਤ ਇਹ ਹੋਇਆ ਹੈ ਕਿ ਅੰਦਰਲੇ ਵਿਕਾਰਾਂ ਨੂੰ ਸਮਝਣ ਦੀ ਥਾਂ `ਤੇ ਬਾਹਰੀ ਤੌਰ `ਤੇ ਧਰਮ ਦੇ ਨਾਂ `ਤੇ ਕਰਮ-ਕਾਂਡਾਂ ਵਿੱਚ ਫਸ ਕੇ ਰਹਿ ਗਏ ਹਾਂ---

ਸੈਨਾ ਸਾਧ ਸਮੂਹ ਸੂਰ ਅਜਿਤੰ, ਸੰਨਾਹੰ ਤਨਿ ਨਿੰਮ੍ਰਤਾਹ॥

ਆਵਧਹ ਗੁਣ ਗੋਬਿੰਦ ਰਮਣੰ, ਓਟ ਗੁਰ ਸਬਦ ਕਰ ਚਰਮਣਹ॥

ਆਰੂੜਤੇ ਅਸ੍ਵ ਰਥ ਨਾਗਹ, ਬੁਝੰਤੇ ਪ੍ਰਭ ਮਾਰਗਹ॥

ਬਿਚਰਤੇ ਨਿਰਭਯੰ ਸਤ੍ਰੁ ਸੈਨਾ, ਧਾਯੰਤੇ ਗ+ਪਾਲ ਕੀਰਤਨਹ॥

ਜਿਤਤੇ ਬਿਸ੍ਵ ਸੰਸਾਰਹ, ਨਾਨਕ ਵਸ੍ਯ੍ਯੰ ਕਰੋਤਿ ਪੰਚ ਤਸਕਰਹ॥ ੨੯॥

ਅੱਖਰੀਂ ਅਰਥ--— ਸੰਤ-ਜਨ ਅਜਿੱਤ ਸੂਰਮਿਆਂ ਦੀ ਸੈਨਾ ਹੈ। ਗ਼ਰੀਬੀ ਸੁਭਾਉ ਉਹਨਾਂ ਦੇ ਸਰੀਰ ਉਤੇ ਸੰਜੋਅ ਹੈ; ਗੋਬਿੰਦ ਦੇ ਗੁਣ ਗਾਉਣੇ ਉਹਨਾਂ ਪਾਸ ਸ਼ਸਤ੍ਰ ਹਨ; ਗੁਰ-ਸ਼ਬਦ ਦੀ ਓਟ ਉਹਨਾਂ ਦੇ ਹੱਥ ਦੀ ਢਾਲ ਹੈ। ਸੰਤ-ਜਨ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਭਾਲਦੇ ਰਹਿੰਦੇ ਹਨ—ਇਹ, ਮਾਨੋ, ਉਹ ਘੋੜੇ ਰਥ ਹਾਥੀਆਂ ਦੀ ਸਵਾਰੀ ਕਰਦੇ ਹਨ। ਸੰਤ-ਜਨ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਸਹੈਤਾ) ਨਾਲ (ਕਾਮਾਦਿਕ) ਵੈਰੀ-ਦਲ ਉਤੇ ਹੱਲਾ ਕਰਦੇ ਹਨ, ਅਤੇ (ਇਸ ਤਰ੍ਹਾਂ ਉਹਨਾਂ ਵਿਚ) ਨਿਡਰ ਹੋ ਕੇ ਤੁਰੇ ਫਿਰਦੇ ਹਨ। ਹੇ ਨਾਨਕ! ਸੰਤ-ਜਨ ਉਹਨਾਂ ਪੰਜਾਂ ਚੋਰਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਹਨ ਜੋ ਸਾਰੇ ਸੰਸਾਰ ਨੂੰ ਜਿੱਤ ਰਹੇ ਹਨ।

ਵਿਚਾਰ ਚਰਚਾ—

ਆਪਣੀ ਤੇ ਮੁਲਕ ਦੀ ਸੁਰੱਖਿਆ ਲਈ ਸਰਕਾਰਾਂ ਵਲੋਂ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਏਸੇ ਤਰ੍ਹਾਂ ਸਾਡੇ ਆਤਮਕ ਗੁਣਾਂ ਦੇ ਦੁਸ਼ਮਣ ਵੀ ਸਾਡੇ ਸੁਭਾਅ ਵਿੱਚ ਬੈਠੇ ਹਨ ਜਿਹੜੇ ਆਤਮਕ ਗੁਣਾਂ ਨੂੰ ਖਾ ਜਾਂਦੇ ਹਨ।

੨ ਸਾਧ ਦਾ ਸਮੂੰਹ ਭਾਵ ਸਤਿ ਸੰਗੀ ਜਨ ਭਾਵ ਸਚਿਆਰ ਮਨੁੱਖ ਜਿਸ ਨੂੰ ਵਿਕਾਰਾਂ ਪ੍ਰਤੀ ਗਿਆਨ ਹਾਸਲ ਹੋ ਜਾਂਦਾ ਹੈ ਉਹ ਵਿਕਾਰਾਂ `ਤੇ ਆਪਣੀ ਜਿੱਤ ਹਾਸਲ ਕਰਨ ਲਈ ਸਦਾ ਅੰਦਰੋਂ ਲਾੜਾਈ ਲੜਦੇ ਰਹਿੰਦੇ ਹਨ।

੩ ਫੌਜ ਦਾ ਸਿਪਾਹੀ ਆਪਣੇ ਸਰੀਰ ਦੇ ਬਚਾ ਲਈ ਲੋਹੇ ਦੀ ਸੰਜੋਅ ਪਉਂਦਾ ਹੈ ਏਸੇ ਤਰ੍ਹਾਂ ਗਿਆਨ ੲ੍ਰਿੰਦਿਆਂ ਦੀ ਸੁਰਖਿਆ ਲਈ ਨ੍ਰਿੰਮਤਾ ਵਾਲੇ ਸੁਭਾਅ ਦੀ ਵਰਤੋਂ ਕਰਦਾ ਹੈ। ਨ੍ਰਿੰਮਤਾ ਵਾਲਾ ਸੁਭਾਅ ਹੀ ਕੁੱਝ ਸਿੱਖਣ ਦੀ ਤਮੰਨਾ ਰੱਖਦਾ ਹੈ। ਏੱਥੇ ਜੇ ਮਨ ਤਗੜਾ ਹੋਏਗਾ ਤਾਂ ਸੁਭਾਵਕ ਸਾਡੇ ਗਿਆਨ ਇੰਦ੍ਰੇ ਭਟਕਣਾ ਵਿੱਚ ਨਹੀਂ ਜਾਣਗੇ।

੪ ਰੱਬੀ ਗੁਣਾਂ ਦੇ ਸ਼ਸਤ੍ਰ--ਸਤ, ਸੰਤੋਖ, ਧੀਰਜ, ਹਲੇਮੀ, ਦਇਆ ਆਦ ਧਾਰਨ ਕੀਤੇ ਹਨ ਜਿਹੜੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਰਗੇ ਦੁਸ਼ਮਣਾਂ `ਤੇ ਫਤਹ ਪਉਂਦੇ ਹਨ।

੫ ਸ਼ਬਦ ਦੀ ਓਟ ਗੈਂਡੇ ਦੇ ਚੰਮ੍ਹ ਦੀ ਢਾਲ ਹੈ ਭਾਵ ਗੁਰ-ਗਿਆਨ ਦੇ ਉਪਦੇਸ਼ ਦੀ ਢਾਲ ਦੁਆਰਾ ਮਨ ਵਿੱਚ ਉੱਠ ਰਹੀ ਵਿਕਾਰੀ ਬਿਰਤੀ ਤੋਂ ਬਚਾ ਕਰਨ ਦੀ ਜੁਗਤੀ ਆ ਜਾਂਦੀ ਹੈ।

੬ ਜ਼ਿੰਦਗੀ ਦੇ ਸਹੀ ਮਹੱਤਵ ਨੂੰ ਸਮਝ ਕੇ ਤੁਰ ਪੈਣਾ ਘੋੜਿਆਂ, ਰੱਥਾਂ ਤੇ ਹਾਥੀਆਂ ਦੀ ਸਵਾਰੀ ਕਰਨ ਤੋਂ ਹੈ। ਆਤਮਕ ਸੂਝ ਦੀ ਪ੍ਰਾਪਤੀ ਹੀ ਰੱਬ ਦੇ ਰਾਹ ਤੁਰਨ ਨੂੰ ਕਹਿਆ ਹੈ।

੭ ਨਿੰਮ੍ਰਤਾ ਵਾਲੀ ਬਿਰਤੀ, ਸਤ, ਸੰਤਖ ਤੇ ਇਮਾਨਦਾਰੀ ਵਰਗੇ ਦੈਵੀ ਗੁਣਾਂ ਦੇ ਸ਼ਸਤ੍ਰ, ਸ਼ਬਦ ਦੀ ਵਿਚਾਰ ਢਾਲ, ਰੱਬੀ ਰਾਹ ਦੀ ਸੂਝ ਨਾਲ ਸੋਚਣਾ ਆਦ ਗੁਣਾਂ ਨਾਲ ਭਰਪੂਰ ਹੋ ਕੇ ਗੁਰਮੁਖ ਜਨ ਕਾਮਾਦਾਇਕ ਵੈਰੀ ਦਲ `ਤੇ ਜ਼ੋਰਦਾਰ ਹੱਲਾ ਬੋਲਦੇ ਹਨ। ਅਜੇਹੀ ਅਵਸਥਾ ਵਿੱਚ ਵਿਕਾਰੀ ਬਿਰਤੀ ਖਤਮ ਹੁੰਦੀ ਹੈ।

੮ ਅਜੇਹੇ ਸਚਿਆਰ ਮਨੁੱਖ ਬੇ-ਖ਼ੌਫ਼ ਤੇ ਨਿਡੱਰ ਹੋ ਕੇ ਵਿਚਰਦੇ ਹਨ। ਦੁਨੀਆਂ ਦਾ ਕੋਈ ਲਾਲਚ, ਲੋਭ ਨੇੜੇ ਵੀ ਨਹੀਂ ਫੜਕ ਸਕਦਾ।

੯ ਸੂਝਵਾਨ ਮਨੁੱਖ ਉਹਨਾਂ ਪੰਜਾਂ ਚੋਰਾਂ ਨੂੰ ਆਪਣੇ ਵੱਸ ਕਰ ਲੈਂਦੇ ਹਨ ਜਿੰਨ੍ਹਾਂ ਚੋਰਾਂ ਦੇ ਅਧੀਨ ਸਾਰਾ ਸੰਸਾਰ ਚੱਲ ਰਿਹਾ ਹੈ---

ਸਗਲ ਸ੍ਰਿਸਟਿ ਕੇ ਪੰਚ ਸਿਕਦਾਰ॥

ਰਾਮ ਭਗਤ ਕੇ ਪਾਨੀਹਾਰ॥ ੧॥ ਰਹਾਉ॥

ਜਗਤ ਪਾਸ ਤੇ ਲੇਤੇ ਦਾਨੁ॥

ਗੋਬਿੰਦ ਭਗਤ ਕਉ ਕਰਹਿ ਸਲਾਮੁ॥

ਲੂਟਿ ਲੇਹਿ ਸਾਕਤ ਪਤਿ ਖੋਵਹਿ॥

ਸਾਧ ਜਨਾ ਪਗ ਮਲਿ ਮਲਿ ਧੋਵਹਿ॥ ੨॥  

ਗੋਂਡ ਮਹਲਾ ਪੰਨਾ ੮੬੫




.