.

ਰੂਹਾਂ ਦੀ ਚੋਰੀ!

ਮਰਨ ਤੋਂ ਬਾਅਦ ਕੀ ਹੁੰਦਾ ਹੈ? ਇਸ ਬਾਰੇ ਮੈਨੂੰ ਠੋਸ ਸਬੂਤਾਂ ਦੇ ਅਧਾਰ ਵਾਲੀ ਕੋਈ ਜਾਣਕਾਰੀ ਨਹੀਂ ਹੈ। ਪਹਿਲਾਂ ਮੈਂ ਵੀ ਆਵਾਗਉਣ ਵਿੱਚ ਯਕੀਨ ਰੱਖਦਾ ਸੀ। ਇਸ ਬਾਰੇ ਹੋਰਨਾਂ ਨੂੰ ਵੀ ਦੱਸਦਾ ਹੁੰਦਾ ਸੀ ਅਤੇ ਕਈ ਵਾਰੀ ਬਹਿਸ ਵੀ ਕਰਦਾ ਹੁੰਦਾ ਸੀ। ਇੱਥੇ ਸਿੱਖ ਮਾਰਗ ਤੇ ਪਹਿਲਾਂ ਛਪੇ ਲੇਖਾਂ ਵਿੱਚ ਵੀ ਇਸ ਦਾ ਜ਼ਿਕਰ ਹੋਵੇਗਾ। ਪਰ ਹੁਣ ਉਮਰ ਦੇ ਲਿਹਾਜ ਨਾਲ ਅਤੇ ਪੜ੍ਹਨ ਵਿਚਾਰਨ ਨਾਲ, ਆਵਾਗਉਣ ਬਾਰੇ ਮੇਰੇ ਉਹ ਵਿਚਾਰ ਨਹੀਂ ਹਨ ਜੋ ਪਹਿਲਾਂ ਹੁੰਦੇ ਸਨ। ਇੱਥੇ ਲਿਖਣ ਵਾਲੇ ਹੋਰ ਲੇਖਕਾਂ ਦੇ ਵਿਚਾਰ ਵੀ ਇਸ ਵਿਸ਼ੇ ਬਾਰੇ ਅਲੱਗ-ਅਲੱਗ ਹਨ। ਥੋੜੇ ਜਿਹੇ ਆਵਾਗਉਣ ਵਿੱਚ ਯਕੀਨ ਰੱਖਦੇ ਹਨ ਪਰ ਬਹੁਤੇ ਨਹੀਂ ਰੱਖਦੇ। ਗੁਰਬਾਣੀ ਵਿੱਚ ਅਗਲੇ ਪਿਛਲੇ ਜਨਮਾ ਦਾ ਅਨੇਕਾਂ ਵਾਰੀ ਜ਼ਿਕਰ ਆਇਆ ਹੈ। ਆਵਾਗਉਣ ਨੂੰ ਮੰਨਣ ਵਾਲੇ ਅਤੇ ਨਾ ਮੰਨਣ ਵਾਲੇ ਗੁਰਬਾਣੀ ਦੇ ਉਨ੍ਹਾਂ ਸ਼ਬਦਾਂ ਦੇ ਅਰਥ ਆਪਣੇ ਹਿਸਾਬ ਨਾਲ ਵੱਖਰੋ-ਵੱਖਰੇ ਕਰਦੇ ਹਨ। ਹੇਠਾਂ ਮੈਂ ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥਾਂ ਸਮੇਤ ਕੁੱਝ ਸ਼ਬਦ ਲਿਖ ਰਿਹਾ ਹਾਂ। ਪਹਿਲਾ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ ਜੋ ਕਿ ਪੰਨਾ 156 ਤੇ ਦਰਜ਼ ਹੈ, ਦੂਸਰਾ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ ਜੋ ਕਿ ਪੰਨਾ 176 ਤੇ ਦਰਜ਼ ਹੈ ਅਤੇ ਤੀਸਰਾ ਸ਼ਬਦ ਭਗਤ ਕਬੀਰ ਜੀ ਦਾ ਹੈ ਜੋ ਕਿ ਪੰਨਾ 326 ਤੇ ਦਰਜ਼ ਹੈ। ਪਹਿਲਾਂ ਇਹ ਤਿੰਨੇ ਸ਼ਬਦ ਅਤੇ ਇਨ੍ਹਾਂ ਦੇ ਅਰਥ ਪੜ੍ਹ ਲਓ ਫਿਰ ਗੱਲ ਅੱਗੇ ਤੋਰਾਂਗੇ।

ਗਉੜੀ ਚੇਤੀ ਮਹਲਾ ੧॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ ੧॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ ਕਹੇ ਨ ਜਾਨੀ ਅਉਗਣ ਮੇਰੇ॥ ੧॥ ਰਹਾਉ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ॥ ੨॥ ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ॥ ੩॥ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ॥ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ॥ ੪॥ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ॥ ੫॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ॥ ੬॥ ੫॥ ੧੭॥ {ਪੰਨਾ ੧੫੬}

ਅਰਥ : —ਹੇ ਮੇਰੇ ਮਾਲਕ ਪ੍ਰਭੂ ! ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। (ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ) ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ (ਜੋ ਤੇਰੀ ਸਿਫ਼ਤਿ-ਸਾਲਾਹ ਵਿੱਚ ਜੁੜ ਸਕੇ)। ੧। ਰਹਾਉ।

(ਹੇ ਮੇਰੇ ਸਾਹਿਬ ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿੱਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ ? (ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿੱਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ। ੧।

(ਅਣਗਿਣਤ ਔਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿੱਚ ਅਸੀ ਜੰਮੇ, ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿੱਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ। ੨।

(ਜਨਮ ਜਨਮਾਂਤਰਾਂ ਵਿੱਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ, (ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ !) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ। ੩।

(ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ)। (ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿੱਚ ਹੀ ਵੱਸਦਾ ਹੈਂ। ੪।

(ਹੇ ਮੇਰੇ ਸਾਹਿਬ !) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ। (ਅਸੀ ਇਹਨਾਂ ਨੂੰ ਧੋ ਸਕਣ ਤੋਂ ਅਸਮਰਥ ਹਾਂ), ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ। ੫।

(ਹੇ ਮੇਰੇ ਸਾਹਿਬ !) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ। ਨਾਨਕ ਬੇਨਤੀ ਕਰਦਾ ਹੈ—ਜੋ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ (ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ। ੬। ੫। ੧੭।

ਗਉੜੀ ਗੁਆਰੇਰੀ ਮਹਲਾ ੫॥ ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧॥ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ ੧॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥ ੨॥ ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ ੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥ ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥ ੪॥ ੩॥ ੭੨॥ {ਪੰਨਾ ੧੭੬}

ਅਰਥ : — (ਹੇ ਭਾਈ !) ਚਿਰ ਪਿੱਛੋਂ ਤੈਨੂੰ ਇਹ (ਮਨੁੱਖਾ-) ਸਰੀਰ ਮਿਲਿਆ ਹੈ, ਜਗਤ ਦੇ ਮਾਲਕ ਪ੍ਰਭੂ ਨੂੰ (ਹੁਣ) ਮਿਲ, (ਇਹੀ ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾ ਹੈ। ੧। ਰਹਾਉ।

(ਹੇ ਭਾਈ !) ਤੂੰ ਕਈ ਜਨਮਾਂ ਵਿੱਚ ਕੀੜੇ ਪਤੰਗੇ ਬਣਦਾ ਰਿਹਾ, ਕਈ ਜਨਮਾਂ ਵਿੱਚ ਹਾਥੀ ਮੱਛ ਹਿਰਨ ਬਣਦਾ ਰਿਹਾ। ਕਈ ਜਨਮਾਂ ਵਿੱਚ ਤੂੰ ਪੰਛੀ ਤੇ ਸੱਪ ਬਣਿਆ, ਕਈ ਜਨਮਾਂ ਵਿੱਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ। ੧।

(ਹੇ ਭਾਈ !) ਕਈ ਜਨਮਾਂ ਵਿੱਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ, ਕਈ ਜਨਮਾਂ ਵਿੱਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ। ਕਈ ਜਨਮਾਂ ਵਿੱਚ ਤੈਨੂੰ (ਕਿਸਮ ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ, ਤੇ (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਵਿੱਚ ਤੈਨੂੰ ਭਵਾਇਆ ਗਿਆ। ੨।

(ਹੇ ਭਾਈ ! ਹੁਣ ਤੈਨੂੰ) ਮਨੁੱਖਾ ਜਨਮ ਮਿਲਿਆ ਹੈ, ਸਾਧ ਸੰਗਤਿ ਵਿੱਚ (ਆ), ਗੁਰੂ ਦੀ ਮਤਿ ਲੈ ਕੇ (ਖ਼ਲਕਤਿ ਦੀ) ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ। ਮਾਣ, ਝੂਠ ਤੇ ਅਹੰਕਾਰ ਛੱਡ ਦੇਹ। ਤੂੰ (ਪਰਮਾਤਮਾ ਦੀ) ਦਰਗਾਹ ਵਿੱਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ ਵਲੋਂ ਮਰੇਂਗਾ। ੩।

ਹੇ ਨਾਨਕ ! (ਪ੍ਰਭੂ ਅੱਗੇ ਅਰਦਾਸ ਕਰ ਤੇ) ਆਖ— (ਹੇ ਪ੍ਰਭੂ ! ਤੇਰਾ ਸਿਮਰਨ ਕਰਨ ਦੀ ਜੀਵ ਨੂੰ ਕੀਹ ਸਮਰੱਥਾ ਹੋ ਸਕਦੀ ਹੈ ?) ਜੋ ਕੁੱਝ (ਜਗਤ ਵਿਚ) ਹੁੰਦਾ ਹੈ ਉਹ ਤੇਰੇ (ਹੁਕਮ) ਤੋਂ ਹੀ ਹੁੰਦਾ ਹੈ। (ਤੈਥੋਂ ਬਿਨਾ) ਹੋਰ ਕੋਈ ਭੀ ਕੁੱਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ। ਹੇ ਪ੍ਰਭੂ ! ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ (ਆਪਣੇ ਚਰਨਾਂ ਵਿਚ) ਮਿਲਾ ਲਏਂ, ਤਦੋਂ ਹੀ ਜੀਵ ਹਰਿ-ਗੁਣ ਗਾ ਸਕਦਾ ਹੈ। ੪। ੩। ੭੨।

ਅਸਥਾਵਰ ਜੰਗਮ ਕੀਟ ਪਤੰਗਾ॥ ਅਨਿਕ ਜਨਮ ਕੀਏ ਬਹੁ ਰੰਗਾ॥ ੧॥ ਐਸੇ ਘਰ ਹਮ ਬਹੁਤੁ ਬਸਾਏ॥ ਜਬ ਹਮ ਰਾਮ ਗਰਭ ਹੋਇ ਆਏ॥ ੧॥ ਰਹਾਉ॥ ਜੋਗੀ ਜਤੀ ਤਪੀ ਬ੍ਰਹਮਚਾਰੀ॥ ਕਬਹੂ ਰਾਜਾ ਛਤ੍ਰਪਤਿ, ਕਬਹੂ ਭੇਖਾਰੀ॥ ੨॥ ਸਾਕਤ ਮਰਹਿ, ਸੰਤ ਸਭਿ ਜੀਵਹਿ॥ ਰਾਮ ਰਸਾਇਨੁ ਰਸਨਾ ਪੀਵਹਿ॥ ੩॥ ਕਹੁ ਕਬੀਰ ਪ੍ਰਭ ਕਿਰਪਾ ਕੀਜੈ॥ ਹਾਰਿ ਪਰੇ, ਅਬ ਪੂਰਾ ਦੀਜੈ॥ ੪॥ ੧੩॥ {ਪੰਨਾ ੩੨੬}

ਅਰਥ: —ਅਸੀ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿੱਚ ਆ ਚੁਕੇ ਹਾਂ। ੧।

ਹੇ ਰਾਮ! ਜਦੋਂ ਅਸੀ ਜੂਨਾਂ ਵਿੱਚ ਪੈਂਦੇ ਗਏ ਤਾਂ ਇਹੋ ਜਿਹੇ ਕਈ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ। ੧। ਰਹਾਉ।

ਕਦੇ ਅਸੀ ਜੋਗੀ ਬਣੇ, ਕਦੇ ਜਤੀ, ਕਦੇ ਤਪੀ, ਕਦੇ ਬ੍ਰਹਮਚਾਰੀ; ਕਦੇ ਛਤ੍ਰਪਤੀ ਰਾਜੇ ਬਣੇ ਕਦੇ ਮੰਗਤੇ। ੨।

ਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ (ਇਸੇ ਤਰ੍ਹਾਂ) ਕਈ ਜੂਨਾਂ ਵਿੱਚ ਪੈਂਦੇ ਰਹਿੰਦੇ ਹਨ, ਪਰ ਸੰਤ ਜਨ ਸਦਾ ਜੀਊਂਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ, ਕਿਉਂਕਿ) ਉਹ ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦੇ ਰਹਿੰਦੇ ਹਨ। ੩।

(ਸੋ) ਹੇ ਕਬੀਰ! (ਪਰਮਾਤਮਾ ਦੇ ਅੱਗੇ ਇਸ ਤਰ੍ਹਾਂ) ਅਰਦਾਸ ਕਰ—ਹੇ ਪ੍ਰਭੂ! ਅਸੀ ਥੱਕ-ਟੁੱਟ ਕੇ (ਤੇਰੇ ਦਰ ਤੇ) ਆ ਡਿੱਗੇ ਹਾਂ, ਮਿਹਰ ਕਰ ਤੇ ਹੁਣ ਆਪਣਾ ਗਿਆਨ ਬਖ਼ਸ਼। ੪। ੧੩।

ਸ਼ਬਦ ਦਾ ਭਾਵ: —ਪ੍ਰਭੂ ਤੋਂ ਵਿੱਛੜ ਕੇ ਜੀਵ ਨੂੰ ਕਈ ਜਨਮਾਂ ਵਿੱਚ ਭੌਣਾ ਪੈਂਦਾ ਹੈ। ਤਦੋਂ ਹੀ ਖ਼ਲਾਸੀ ਹੁੰਦੀ ਹੈ ਜਦੋਂ ਅੰਦਰੋਂ ਹਉਮੈ ਦੂਰ ਕਰ ਕੇ ਨਾਮ ਜਪੇ। ੧੩।

ਇਹ ਤਿੰਨ ਸ਼ਬਦ ਅਤੇ ਇਨ੍ਹਾਂ ਦੇ ਅਰਥ ਤੁਸੀਂ ਪੜ੍ਹ ਲਏ ਹਨ। ਇਨ੍ਹਾਂ ਵਿੱਚ ਅਗਲੇ ਪਿਛਲੇ ਜਨਮਾ ਦੀ ਗੱਲ ਕੀਤੀ ਹੋਈ ਹੈ। ਗੁਰਬਾਣੀ ਵਿੱਚ ਅਨੇਕਾਂ ਹੀ ਇਸ ਤਰ੍ਹਾਂ ਦੇ ਸ਼ਬਦ ਹਨ ਜੋ ਕਿ ਅਗਲੇ ਪਿਛਲੇ ਜਨਮਾਂ ਦੀ ਗੱਲ ਕਰਦੇ ਹਨ। ਪ੍ਰੋ: ਸਾਹਿਬ ਸਿੰਘ ਜੀ ਕਬੀਰ ਜੀ ਦੇ ਸ਼ਬਦ ਦੇ ਅਰਥ ਤੋਂ ਬਾਅਦ ਸ਼ਬਦ ਦਾ ਭਾਵ ਲਿਖਦੇ ਹੋਏ ਕਹਿੰਦੇ ਹਨ ਕਿ ਜੀਵ ਨੂੰ ਕਈ ਜਨਮਾ ਵਿੱਚ ਭੌਣਾ ਪੈਂਦਾ ਹੈ। ਇਨ੍ਹਾਂ ਜਨਮਾ ਵਿੱਚ ਕੀੜੇ ਵੀ ਆਉਂਦੇ ਹਨ। ਭਾਵ ਕਿ ਕੀੜਾ ਵੀ ਇੱਕ ਜੂਨ ਹੈ। ਜੇ ਕਰ ਮਾੜੇ ਕਰਮ ਕੀਤੇ ਹੋਵਣ ਤਾਂ ਬੰਦਾ (ਜੀਵ) ਮਰ ਕੇ ਕੀੜੇ ਦੀ ਜੂਨੀ ਵੀ ਪੈ ਸਕਦਾ ਹੈ।

ਤੁਹਾਡੇ ਵਿਚੋਂ ਬਹੁਤ ਸਾਰਿਆਂ ਨੇ ਖਬਰਾਂ ਵਿੱਚ ਸੁਣਿਆਂ/ਦੇਖਿਆ ਹੋਵੇਗਾ ਕਿ ਪਿਛਲੇ ਕੁੱਝ ਸਾਲਾਂ ਤੋਂ ਕਰਿਕਟ, ਜੋ ਕਿ ਇੱਕ ਕਿਸਮ ਦੇ ਕੀੜੇ ਹਨ ਉਨ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਨ੍ਹਾਂ ਦੇ ਫਾਰਮ ਹਨ। ਦੁਨੀਆ ਦਾ ਸਭ ਤੋਂ ਵੱਡਾ ਫਾਰਮ, ਕਨੇਡਾ ਦੇ ਸੂਬੇ ਉਨਟੇਰੀਓ ਵਿੱਚ ਹੈ ਜਿਸ ਦਾ ਲਿੰਕ ਅੱਗੇ ਦਿੱਤਾ ਜਾ ਰਿਹਾ ਹੈ। ਇੱਥੇ ਤੁਸੀਂ ਕੁੱਝ ਵੀਡੀਓ ਵੀ ਦੇਖ ਸਕਦੇ ਹੋ। ਇਨ੍ਹਾਂ ਕੀੜੇਆਂ ਤੋਂ ਆਟਾ ਬਣਾਇਆ ਜਾਂਦਾ ਹੈ ਜੋ ਕਿ ਆਮ ਸਟੋਰਾਂ ਤੇ ਮਿਲਦਾ ਹੈ। ਇਹ ਅਮਾਜ਼ੋਨ ਸਟੋਰ ਤੇ ਵੀ ਵਿਕਦਾ ਹੈ। ਇਸ ਦੀ ਕੀਮਤ ਤਕਰੀਬਨ 40 ਡਾਲਰ ਪੌਂਡ ਹੈ। ਇਸ ਆਟੇ ਵਿੱਚ ਬਹੁਤ ਸਾਰੀ ਪ੍ਰੋਟੀਨ ਹੁੰਦੀ ਹੈ ਅਤੇ ਇਹ ਕਾਫੀ ਮਹਿੰਗਾ ਵਿਕਦਾ ਹੈ। ਕੁੱਝ ਦਿਨ ਪਹਿਲਾਂ ਦੀ ਖ਼ਬਰ ਹੈ ਕਿ ਇਸ ਨੂੰ ਬੀਅਰ ਵਿੱਚ ਅਤੇ ਹੋਰ ਕਈ ਚੀਜਾਂ ਵਿੱਚ ਵੀ ਪਾਇਆ ਜਾਵੇਗਾ। ਜਿਹੜੇ ਲੋਕ ਮੀਟ ਤੋਂ ਪ੍ਰੋਟੀਨ ਲੈਂਦੇ ਹਨ ਉਨ੍ਹਾਂ ਲਈ ਇਹ ਇੱਕ ਖਾਸ ਵਰਤੋਂ ਵਾਲੀ ਚੀਜ ਹੈ। ਰਿਸਰਚ ਕਰਨ ਵਾਲੇ ਕਹਿੰਦੇ ਹਨ ਕਿ ਪਸ਼ੂਆਂ, ਖਾਸ ਕਰਕੇ ਗਾਵਾਂ ਦੇ ਮੀਟ ਦੇ ਪ੍ਰੋਟੀਨ ਨਾਲੋਂ ਇਨ੍ਹਾਂ ਕੀੜੇਆਂ ਦੀ ਪ੍ਰੋਟੀਨ ਤੇ ਪਾਣੀ ਅਤੇ ਹੋਰ ਖੁਰਾਕ ਲਈ ਘੱਟ ਵਰਤੋਂ ਹੁੰਦੀ ਹੈ ਅਤੇ ਇਹ ਵਾਤਾਵਰਣ ਲਈ ਵੀ ਇਤਨੇ ਹਾਨੀਕਾਰਕ ਨਹੀਂ ਹਨ ਜਿਤਨੇ ਮੀਟ ਲਈ ਪਾਲਣ ਵਾਲੇ ਹੋਰ ਪਸ਼ੂ।

ਇਹ ਕੀੜੇ ਦਿਨ ਨੂੰ ਸੌਂਦੇ ਹਨ ਅਤੇ ਰਾਤ ਨੂੰ ਗਾਣੇ ਗਉਂਦੇ ਹਨ। ਇੱਕ ਕੀੜਾ ਤਕਰੀਬਨ ਅੱਗੇ ਸੌ ਆਂਡੇ ਦਿੰਦਾ ਹੈ। ਇੱਕ ਪੌਂਡ ਆਟੇ ਲਈ ਤਕਰੀਬਨ ਪੰਜ ਹਜ਼ਾਰ ਕੀੜੇ (ਕਰਿਕਟ) ਦੀ ਲੋੜ ਹੁੰਦੀ ਹੈ। ਇੱਕ ਫਾਰਮ ਵਿੱਚ ਸਾਲ ਦੇ ਕਰੋੜਾਂ ਹੀ ਕੀੜੇ ਪਾਲ ਕੇ ਉਨ੍ਹਾਂ ਦਾ ਆਟਾ ਬਣਾ ਕੇ ਵੇਚਿਆ ਜਾਂਦਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਇਨ੍ਹਾਂ ਕੀੜੇਆਂ ਦੇ ਫਾਰਮ ਹਨ ਅਤੇ ਹਰ ਸਾਲ ਸਾਰੀ ਦੁਨੀਆ ਵਿੱਚ ਅਰਬਾਂ-ਖਰਬਾਂ ਕੀੜੇ ਪਾਲੇ ਜਾਂਦੇ ਹਨ। ਹੁਣ ਮੇਰਾ ਸਵਾਲ ਤੁਹਾਡੇ ਲਈ ਇਹ ਹੈ ਕਿ ਜੇ ਕਰ ਕੀੜੇ ਵੀ ਜੂਨਾ ਹਨ ਅਤੇ ਮਨੁੱਖਾ ਜਨਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਬੰਦਾ ਕੀੜੇ ਦੀ ਜੂਨ ਵਿੱਚ ਪੈ ਸਕਦਾ ਹੈ ਤਾਂ ਦੱਸੋ ਕਿ ਇਹ ਕੀੜੇਆਂ ਦੀ ਜੂਨ ਭੋਗਣ ਲਈ ਇਤਨੀਆਂ ਰੂਹਾਂ ਕਿਥੋਂ ਆਉਂਦੀਆਂ ਹਨ? ਕੀ ਇਹ ਧਰਮ ਰਾਜ ਦੇ ਦਰਬਾਰ ਵਿਚੋਂ ਚੋਰੀ ਕਰਕੇ ਉਨ੍ਹਾਂ ਦੀਆਂ ਜੂਨਾਂ ਭੁਗਤਾਈਆਂ ਜਾ ਰਹੀਆਂ ਹਨ? ਕੀ ਇਹ ਰੱਬ ਦੀ ਕਿਸੇ ਦਰਗਾਹ ਵਿਚੋਂ ਆਈਆਂ ਹਨ ਜਿਹੜੀਆਂ ਕਿ ਕੀੜੇ ਬਣਨ ਦੀ ਜੂਨ ਲਈ ਉਡੀਕ ਕਰ ਰਹੀਆਂ ਸਨ? ਜੇ ਕਰ ਮਰਨ ਤੋਂ ਬਾਅਦ ਲੇਖਾ ਧਰਮਰਾਜ ਕਰਦਾ ਹੈ ਤਾਂ ਇਹ ਰੂਹਾਂ ਉਸ ਨੇ ਕਿਤੇ ਕੈਦ ਕਰਕੇ ਰੱਖੀਆਂ ਹੋਣਗੀਆਂ? ਜੇ ਕਰ ਸਾਰੇ ਫੈਸਲੇ ਰੱਬ ਆਪ ਹੀ ਕਰਦਾ ਹੈ ਤਾਂ ਉਸ ਨੇ ਵੀ ਤਾਂ ਕਿਤੇ ਰੱਖੀਆਂ ਹੀ ਹੋਣਗੀਆਂ? ਅਰਬਾਂ-ਖਰਬਾਂ ਤਾਂ ਜੂਨਾ ਭੋਗੀਆਂ ਜਾ ਚੁੱਕੀਆਂ ਹੋਣਗੀਆਂ। ਹੁਣ ਬਾਕੀ ਹਾਲੇ ਹੋਰ ਕਿਤਨੀਆਂ ਕੁ ਬਚਦੀਆਂ ਹੋਣਗੀਆਂ? ਕੀ ਜੇ ਕਰ ਸਾਰੀਆਂ ਹੀ ਜੂਨਾ ਭੋਗੀਆਂ ਗਈਆਂ ਤਾਂ ਕੀ ਫਿਰ ਕੀੜੇ ਬਣਨੋ ਬੰਦ ਹੋ ਜਾਣਗੇ?

ਆਵਾਗਉਣ ਨੂੰ ਮੰਨਣ ਵਾਲੇ ਗੁਰਬਾਣੀ ਦੇ ਅਰਥ ਤਕਰੀਬਨ ਉਹੀ ਕਰਦੇ ਹਨ ਜੋ ਪ੍ਰੋ: ਸਾਹਿਬ ਸਿੰਘ ਨੇ ਕੀਤੇ ਹਨ। ਜਿਹੜੇ ਆਵਾਗਉਣ ਨੂੰ ਨਹੀਂ ਮੰਨਦੇ ਉਹ ਅਗਲੇ-ਪਿਛਲੇ ਜਨਮਾ ਦੀ ਥਾਂ ਤੇ ਇਸੇ ਜਨਮ ਵਿੱਚ ਮਨੁੱਖਾ ਸੁਭਾਅ ਦੀ ਗੱਲ ਕਰਦੇ ਹਨ। ਇਨ੍ਹਾਂ ਤੋਂ ਬਿਨਾ ਜਿਹੜੇ ਕੋਈ ਹੋਰ ਅਰਥ ਕਰਦੇ ਹਨ ਉਹ ਵੀ ਦੱਸਣ ਕਿ ਇਸ ਲੇਖ ਵਿੱਚ ਜਿਨ੍ਹਾਂ ਸ਼ਬਦਾ ਦੇ ਹਵਾਲੇ ਦਿੱਤੇ ਗਏ ਹਨ ਉਹ ਉਨ੍ਹਾਂ ਦੇ ਕੀ ਅਰਥ ਕਰਦੇ ਹਨ? ਇਨ੍ਹਾਂ ਸ਼ਬਦਾਂ ਵਿੱਚ ਕਿਹੜੀਆਂ ਜੂਨਾ ਵਿੱਚ ਪੈਣ ਦੀ ਗੱਲ ਕੀਤੀ ਗਈ ਹੈ?

ਇਨ੍ਹਾਂ ਕੀੜੇਆਂ (ਕਰਿਕਟ) ਬਾਰੇ ਯੂ-ਟਿਊਬ ਤੇ ਕਈ ਵੀਡੀਓ ਉਪਲਵੱਧ ਹਨ। ਜਿਹੜੇ ਕਨੇਡਾ ਵਿਚਲੇ ਫਾਰਮ ਦਾ ਮੈਂ ਇਸ ਲੇਖ ਵਿੱਚ ਜ਼ਿਕਰ ਕੀਤਾ ਸੀ ਉਸ ਦਾ ਲਿੰਕ ਇਹ ਹੇਠਾਂ ਹੈ:

https://entonation.com/glimpse-inside-largest-human-grade-cricket-farm-world/

ਮੱਖਣ ਸਿੰਘ ਪੁਰੇਵਾਲ,

ਦਸੰਬਰ 08, 2019.


(ਨੋਟ:- ਜਿਹੜੇ ਪਾਠਕਾਂ/ਲੇਖਕਾਂ ਨੇ ਇਕ ਹਫਤੇ ਦੌਰਾਨ ਆਪਣੇ ਵਿਚਾਰ ਇਸ ਲੇਖ ਪ੍ਰਤੀ ਦਿੱਤੇ ਸਨ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰਕੇ ਉਸੇ ਤਰਤੀਬ ਨਾਲ ਇਸ ਲੇਖ ਦੇ ਥੱਲੇ ਪਾ ਦਿੱਤਾ ਗਿਆ ਹੈ। ਕੁੱਝ ਸਪੈਲਿੰਗ ਠੀਕ ਕੀਤੇ ਹਨ ਪਰ ਹੋਰ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਆਪਣੀ ਅਤੇ ਪਾਠਕਾਂ ਦੀ ਸੌਖ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ-ਸੰਪਾਦਕ)

Hakam Singh

ਸ. ਮਖਣ ਸਿੰਘ ਜੀ,

ਗੁਰਬਾਣੀ ਆਵਾਗੌਣ ਨੂੰ ਮੰਨਦੀ ਹੈ। ਆਵਾਗੌਣ ਦੇ ਵਿਰੋਧੀ ਲੇਖਕ ਗੁਰਬਾਣੀ ਸ਼ਬਦਾਂ ਦੇ ਅਰਥਾਂ ਨੂੰ ਬਦਲ ਕੇ ਆਪਣੇ ਵਿਚਾਰਾਂ ਦੇ ਅਨੁਕੂਲ ਬਨਾਉਣ ਦਾ ਯਤਨ ਕਰਦੇ ਹਨ, ਜੋ ਸਹੀ ਨਹੀਂ ਹੈ। ਹਰ ਲੇਖਕ ਨੂੰ ਗੁਰਬਾਣੀ ਦੀ ਵਿਚਾਰਧਾਰਾ ਨਾਲ ਅਸਹਿਮਤੀ ਪ੍ਰਗਟਾਉਣ ਦਾ ਅਧਿਕਾਰ ਹੈ ਪਰ ਉਸ ਨੂੰ ਬਦਲਣ ਦਾ ਅਧਿਕਾਰ ਕੇਵਲ ਗੁਰਬਾਣੀ ਦੇ ਰਚਣਹਾਰ ਨੂੰ ਹੈ ਵਿਆਖਿਆਕਾਰ ਨੂੰ ਨਹੀਂ।

ਗੁਰਬਾਣੀ ਅਨੁਸਾਰ ਮਨੁੱਖ ਦਾ ਸਰੀਰ ਪੰਚ ਤੱਤ ਮਿੱਟੀ ਹੈ ਅਤੇ ਮਿੱਟੀ ਕਈ ਪ੍ਰਕਾਰ ਦੇ ਰੂਪ ਧਾਰਨ ਕਰਨਯੋਗ ਹੁੰਦੀ ਹੈ। ਇਸ ਮਿੱਟੀ ਨੂੰ ਮਨੁੱਖਾ ਜੀਵਨ ਆਤਮਾ ਜਾਂ ਮਨ ਪਰਦਾਨ ਕਰਦਾ ਹੈ। ਮਨ, ਪ੍ਰਭੂ ਦਾ ਅੰਸ਼, ਸ਼ਕਤੀ ਦਾ ਸੋਮਾ ਅਤੇ ਸਰੀਰ ਦਾ ਚਾਲਕ ਹੈ। ਮਨ ਦੀ ਮੌਤ ਨਹੀਂ ਹੁੰਦੀ ਪਰ ਮਨੁੱਖੀ ਹਉਮੈ ਇਸ ਨੂੰ ਮੈਲਾ ਕਰ ਦਿੰਦੀ ਹੈ। ਮੈਲਾ ਮਨ ਆਪਣੇ ਸਰੋਤ, ਪ੍ਰਭੂ ਨਾਲ ਮਿਲਣਯੋਗ ਨਹੀਂ ਹੁੰਦਾ। ਮਨੁੱਖ ਦੀ ਮੌਤ ਹੋਣ ਤੇ ਉਸ ਦੀ ਹਉਮੈ ਮਰ ਜਾਂਦੀ ਹੈ ਪਰ ਮਨ ਨਾ ਮਰਦਾ ਹੈ, ਨਾ ਹੀ ਉਸ ਦੀ ਮੈਲ ਲਹਿੰਦੀ ਹੈ ਅਤੇ ਨਾ ਹੀ ਉਹ ਪ੍ਰਭੂ ਨਾਲ ਮਿਲਾਪ ਕਰਨਯੋਗ ਹੁੰਦਾ ਹੈ। ਗੁਰਬਾਣੀ ਇਹ ਨਹੀਂ ਦੱਸਦੀ ਕਿ ਮਨੁੱਖ ਦੀ ਮੌਤ ਹੋਣ ਤੇ ਉਸ ਦਾ ਮੈਲਾ ਮਨ ਕਿਥੇ ਜਾਂਦਾ ਹੈ ਅਤੇ ਕੀ ਕਰਦਾ ਹੈ? ਗੁਰਬਾਣੀ ਤੇ ਬਾਰ ਬਾਰ ਇਹੋ ਦ੍ਰਿੜ ਕਰਵਾਉਂਦੀ ਹੈ ਕਿ ਪ੍ਰਭੂ ਬੇਅੰਤ ਹੈ ਅਤੇ ਉਸ ਦੇ ਗੁਣਾਂ ਅਤੇ ਲੀਲ੍ਹਾ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਗੁਰਬਾਣੀ ਕੋਈ ਸੰਸਾਰਕ ਗਿਆਨ ਜਾਂ ਵਿਗਿਆਨ ਨਹੀਂ ਹੈ। ਇਸ ਦੇ ਕਈ ਸ਼ਬਦਾਂ ਦੇ ਵਿਚਾਰ ਸੰਸਾਰਕ ਗਿਆਨ ਜਾਂ ਵਿਗਿਆਨ ਨਾਲ ਮਿਲਦੇ ਜੁਲਦੇ ਹੋ ਸਕਦੇ ਹਨ ਇਸ ਨਾਲ ਗੁਰਬਾਣੀ ਸੰਸਾਰਕ ਗਿਆਨ ਜਾਂ ਵਿਗਿਆਨ ਨਹੀਂ ਬਣ ਜਾਂਦੀ। ਅਸਲ ਵਿਚ ਗੁਰਬਾਣੀ ਅਦ੍ਰਿਸ਼ਟ ਵਾਸਤਵਿਕਤਾ ਦਾ ਅਧਿਆਤਮਕ ਗਿਆਨ ਹੈ ਜਿਸ ਨੂੰ ਮਨੁੱਖ ਲਈ ਅਨੁਭਵ ਕਰਨਾ ਜਾਂ ਉਸ ਦੀ ਕਲਪਨਾ ਕਰਨੀ ਸੰਭਵ ਨਹੀਂ। ਇਸ ਗਿਆਨ ਨੂੰ ਮਨੁੱਖੀ ਗਿਆਨ ਇੰਦਰੀਆਂ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਬੁਧੀ ਵਿਚ ਇਸ ਨੂੰ ਗ੍ਰੈਹਣ ਕਰਨ ਦੀ ਯੋਗਤਾ ਹੈ। ਗੁਰਬਾਣੀ ਪੜ੍ਹਣ ਜਾਂ ਸੁਨਣ ਨਾਲ ਵੀ ਇਸ ਗਿਆਨ ਦੀ ਪ੍ਰਾਪਤੀ ਸੰਭਵ ਨਹੀਂ। ਪ੍ਰਭੂ, ਉਸ ਦੀ ਸਾਜੀ ਸ੍ਰਿਸ਼ਟੀ ਅਤੇ ਮਨੁਖ ਨਾਲ ਉਨ੍ਹਾਂ ਦੇ ਸਬੰਧਾਂ ਦਾ ਗਿਆਨ ਪ੍ਰਾਪਤ ਕਰਨ ਲਈ ਗੁਰਬਾਣੀ ਸ਼ਰਧਾਲੂ ਨੂੰ ਤ੍ਰੈਗੁਣੀ ਸੰਸਾਰ ਦੀ ਮਾਇਆ ਦੇ ਪ੍ਰਭਾਵ ਅਤੇ ਆਪਣੀ ਹਉਮੈ ਤੋਂ ਮੁਕਤ ਹੋਣ ਦਾ ਉਪਦੇਸ਼ ਕਰਦੀ ਹੈ। ਇਹ ਮੁਕਤੀ ਗੁਰਬਾਣੀ ਵਿਚ ਦਰਸਾਏ ਧਰਮ ਦੇ ਮਾਰਗ ਤੇ ਚਲਣ ਨਾਲ ਸੰਭਵ ਹੁੰਦੀ ਹੈ। ਧਰਮ ਦੇ ਮਾਰਗ ਤੇ ਚਲਣ ਲਈ ਮਨੁੱਖ ਨੂੰ ਚਾਰ ਗੁਣ: ਦਇਆ, ਸੰਤੋਖ, ਜਤ ਅਤੇ ਸਤ ਧਾਰਨ ਕਰਨੇ ਪੈਂਦੇ ਹਨ। ਇਹ ਗੁਣ ਧਾਰਨ ਕਰਨ ਨਾਲ ਮਨੁੱਖ ਦੀ ਮਾਨਸਕ ਸਥਿੱਤੀ ਹਉਮੈ ਦੇ ਪ੍ਰਭਾਵ ਤੋਂ ਮੁਕਤ ਹੋਣ ਯੋਗ ਹੋ ਜਾਂਦੀ ਹੈ। ਪ੍ਰਭੂ ਦੀ ਕਿਰਪਾ ਹੋਣ ਤੇ ਸ਼ਬਦ ਗੁਰੂ ਦੀ ਅਗਵਾਈ ਹੇਠ ਹਉਮੈ ਦਾ ਖਾਤਮਾ ਅਤੇ ਅਧਿਆਤਮਕ ਗਿਆਨ ਦਾ ਚਾਨਣ ਹੋ ਜਾਂਦਾ ਹੈ। ਇਹ ਬਹੁਤ ਕਠਨ ਜੀਵਨ ਮਾਰਗ ਹੈ ਇਸ ਲਈ ਗੁਰਬਾਣੀ ਦੱਸਦੀ ਹੈ ਕਿ ਵਿਰਲੇ ਹੀ ਇਸ ਮਾਗ ਤੇ ਚਲਣ ਦਾ ਹੀਆ ਕਰ ਪਾਉਂਦੇ ਹਨ। ਵਿਗਿਆਨ ਦੇ ਕਈ ਉਪਾਸ਼ਕ ਇਹ ਦਾਅਵਾ ਕਰਦੇ ਹਨ ਕਿ ਐਸਾ ਕੁਝ ਨਹੀਂ ਜਿਸ ਨੂੰ ਵਿਗਿਆਨ ਜਾਣ ਨਹੀਂ ਸਕਦਾ। ਅਧਿਆਤਮਕ ਗਿਆਨ ਪ੍ਰਭੂ ਨੂੰ ਬੇਅੰਤ ਮੰਨਦਾ ਹੈ ਅਤੇ ਜਿਨ੍ਹਾਂ ਨੂੰ ਉਹ ਗਿਆਨ ਪ੍ਰਾਪਤ ਹੋਇਆ ਹੁੰਦਾ ਹੈ ਉਨ੍ਹਾਂ ਦੀ ਸਥਿੱਤੀ ਗੂੰਗੇ ਦੇ ਗੁੜ ਵਾਲੀ ਹੁੰਦੀ ਹੈ। ਵਿਗਿਆਨ ਅਤੇ ਅਧਿਆਤਮਕ ਗਿਆਨ ਦੇ ਰਾਹ ਵਖਰੇ ਹਨ। ਵਿਗਿਆਨ, ਅਸਲ ਵਿਚ, ਦਿਖਾਈ ਦੇ ਰਹੇ, ਚਾਲੇ ਪਏ ਪਦਾਰਥਕ ਜਗਤ ਅਤੇ ਉਸ ਨੂੰ ਕੰਟਰੋਲ ਕਰ ਰਹੇ ਕੁਦਰਤੀ ਨਿਯਮਾਂ ਦੀ ਜਾਣਕਾਰੀ ਹੈ। ਅਦ੍ਰਿਸ਼ਟ ਅਤੇ ਅਚੱਲ ਪ੍ਰਭੂ ਵਿਗਿਆਨ ਦੀ ਸੀਮਾ ਤੋਂ ਬਾਹਰ ਵਸਦਾ ਹੈ। ਵਿਗਿਆਨ ਸ੍ਰਿਸ਼ਟੀ ਦੇ ਸਿਰਜਣਹਾਰ ਬਾਰੇ ਕੋਈ ਰਾਏ ਨਹੀਂ ਦਿੰਦਾ। ਅਸਲ ਵਿਚ ਵਿਗਿਆਨ ਨੇ ਮਾਨਵਤਾ ਨੂੰ ਸਰਵ-ਵਿਨਾਸ਼ਤਾ ਤੇ ਪੁਚਾ ਦਿੱਤਾ ਹੈ। ਵਿਗਿਆਨਕ ਜਾਣਕਾਰੀ ਦੇ ਮਾਲਕਾਂ ਨੇ ਅੱਧੀ ਤੋਂ ਵਧ ਮਨੁੱਖਤਾ ਨੂੰ ਗਰੀਬੀ, ਭੁਖਮਰੀ ਅਤੇ ਰੋਗਾਂ ਦਾ ਸ਼ਿਕਾਰ ਬਣਾ ਛੱਡਿਆ ਹੈ। ਪਹਿਲੋਂ ਮਨੁੱਖ ਕੁਦਰਤ ਦੇ ਅਧੀਨ ਸੀ ਪਰ ਵਿਗਿਆਨ ਨੇ ਮਨੁੱਖ ਨੂੰ ਮਨੁੱਖ ਦਾ ਗੁਲਾਮ ਅਤੇ ਮਨੁੱਖਾ ਜੀਵਨ ਨੂੰ ਇੱਕ ਅਮੁਕ ਦਿਸ਼ਾਹੀਣ ਦੌੜ ਬਣਾ ਦਿੱਤਾ ਹੈ।


Makhan Singh Purewal In reply to Hakam Singh

ਸ: ਹਾਕਮ ਸਿੰਘ ਜੀ,

ਲੇਖ ਬਾਰੇ ਵਿਚਾਰ ਦੇਣ ਲਈ ਤੁਹਾਡਾ ਧੰਨਵਾਦ। ਮੈਂ ਸੋਚਦਾ ਸੀ ਸ਼ਾਇਦ ਹੋਰ ਵੀ ਕੋਈ ਆਵੇਗਾ ਅਤੇ ਜਵਾਬ ਇਕੱਠਾ ਹੀ ਦੇ ਦੇਵਾਂਗਾ। ਸ਼ਾਇਦ ਸਿੱਖਾਂ ਦੇ ਮਨਾਂ ਵਿੱਚ ਧਰਮ ਰਾਜ ਦੀ ਦਹਿਸ਼ਤ ਹੀ ਇੰਨੀ ਹੈ ਕਿ ਕੋਈ ਖੁੱਲ ਕੇ ਗੱਲ ਕਰਨ ਲਈ ਤਿਆਰ ਨਹੀਂ ਹੈ। ਸਿੱਖ ਸੋਚਦੇ ਹਨ ਕਿ ਜੇ ਕਰ ਮੈਂ ਧਰਮ ਰਾਜ ਬਾਰੇ ਕੁੱਝ ਕਹਿ ਦਿੱਤਾ ਮਤਾਂ ਅੱਗੇ ਮੌਤ ਤੋਂ ਬਾਅਦ ਕੋਈ ਭਿਆਨਕ ਸਜਾ ਹੀ ਨਾ ਦੇ ਦੇਵੇ।

ਤੁਸੀਂ ਲਿਖਿਆ ਹੈ ਕਿ, "ਹਰ ਲੇਖਕ ਨੂੰ ਗੁਰਬਾਣੀ ਦੀ ਵਿਚਾਰਧਾਰਾ ਨਾਲ ਅਸਹਿਮਤੀ ਪ੍ਰਗਟਾਉਣ ਦਾ ਅਧਿਕਾਰ ਹੈ ਪਰ ਉਸ ਨੂੰ ਬਦਲਣ ਦਾ ਅਧਿਕਾਰ ਕੇਵਲ ਗੁਰਬਾਣੀ ਦੇ ਰਚਣਹਾਰ ਨੂੰ ਹੈ ਵਿਆਖਿਆਕਾਰ ਨੂੰ ਨਹੀਂ।" ਇੱਥੇ ਬਦਲਣ ਦਾ ਮਤਲਬ ਜੋ ਮੈਂ ਸਮਝਿਆ ਹੈ ਉਹ ਇਹੀ ਹੈ ਕਿ ਜੋ ਆਵਾਗਉਣ ਨੂੰ ਨਹੀਂ ਮੰਨਦੇ ਉਹ ਗੁਰਬਾਣੀ ਦੇ ਗਲਤ ਅਰਥ ਕਰਦੇ ਹਨ। ਜੇ ਕਰ ਤੁਹਾਡਾ ਕੋਈ ਹੋਰ ਮਤਲਬ ਹੈ ਤਾਂ ਸਪਸ਼ਟ ਕਰ ਦੇਣਾ। ਇੱਕ ਮਿੰਟ ਲਈ ਗੁਰਬਾਣੀ ਦੇ ਅਰਥਾਂ ਦੀ ਗੱਲ ਨੂੰ ਇੱਕ ਪਾਸੇ ਰੱਖ ਦਿਓ। ਪਰ ਲੇਖ ਵਿੱਚ ਮੈਂ ਜੋ ਸਵਾਲ ਉਠਾਏ ਹਨ ਉਸ ਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ। ਉਹ ਸਵਾਲ ਮੈਂ ਫਿਰ ਹੋਰ ਸਪੱਸ਼ਟਤਾ ਨਾਲ ਦੁਹਰਾ ਦਿੰਦਾ ਹਾਂ। 1- ਜਿਹੜੇ ਵੀ ਤੁਸੀਂ ਵਿਦਵਾਨ/ਸਿੱਖ ਆਵਾਗਉਣ ਤੇ ਵਿਸ਼ਵਾਸ਼ ਕਰਦੇ ਹੋ ਕੀ ਤੁਸੀਂ ਹਿੰਦੂ ਫਿਲਾਸਫੀ ਵਾਲੇ ਤਿੰਨ ਦੇਵਤਿਆਂ ਨੂੰ ਵੀ ਮੰਨਦੇ ਹੋ ਕਿ ਇਹ ਤਿੰਨੇ ਬ੍ਰਹਮਾ, ਬਿਸ਼ਨ, ਮਹੇਸ਼ ਸੰਸਾਰ ਦੀ ਕਾਰ ਚਲਾਉਂਦੇ ਹਨ? 2- ਕੀ ਤੁਸੀਂ ਧਰਮਰਾਜ ਦੀ ਹੋਂਦ ਨੂੰ ਮੰਨਦੇ ਹੋ? ਕਿਉਂਕਿ ਗੁਰਬਾਣੀ ਵਿੱਚ ਤਾਂ ਇਸ ਦਾ ਬਾਰ-ਬਾਰ ਜ਼ਿਕਰ ਆਉਂਦਾ ਹੈ। ਜੇ ਕਰ ਨਹੀਂ ਮੰਨਦੇ ਤਾਂ ਕਿਉਂ ਨਹੀਂ? ਜੇ ਕਰ ਮੰਨਦੇ ਹੋ ਤਾਂ ਤੁਸੀਂ ਉਸ ਦੇ ਕੀ ਅਰਥ ਕਰਦੇ ਹੋ? 3- ਗੁਰਬਾਣੀ ਵਿੱਚ ਚਿਤ੍ਰ ਗੁਪਤ ਦਾ ਵੀ ਜ਼ਿਕਰ ਆਉਂਦਾ ਹੈ। ਕੀ ਤੁਸੀਂ ਇਨ੍ਹਾਂ ਦੀ ਹੋਂਦ ਨੂੰ ਵੀ ਮੰਨਦੇ ਹੋ? ਜੇ ਕਰ ਨਹੀਂ ਤਾਂ ਕਿਉਂ ਨਹੀਂ?

4- ਕੀ ਮਰਨ ਤੋਂ ਬਾਅਦ ਲੇਖਾ ਧਰਮਰਾਜ ਕਰਦਾ ਹੈ ਜਾਂ ਅਕਾਲ ਪੁਰਖ ਆਪ ਹੀ ਕਰਦਾ ਹੈ? ਕੀ ਕਰਮਾ ਦੀ ਸਜ਼ਾ ਉਸੇ ਵੇਲੇ ਹੀ ਮਿਲ ਜਾਂਦੀ ਹੈ ਜਾਂ ਕਾਫੀ ਦੇਰ ਬਾਅਦ ਵਾਰੀ ਆਉਂਦੀ ਹੈ?

5- ਮਰਨ ਤੋਂ ਬਾਅਦ ਜੇ ਕਰ ਕਿਸੇ ਨੂੰ ਕੀੜੇ ਦੀ ਜੂਨੇ ਪਉਣਾ ਹੋਵੇ ਤਾਂ ਕੀ ਉਸੇ ਵੇਲੇ ਪਾ ਦਿੱਤਾ ਜਾਂਦਾ ਹੈ ਜਾਂ ਕਾਫੀ ਸਮਾ ਇੰਤਜ਼ਾਰ ਕਰਨਾ ਪੈਂਦਾ ਹੈ? ਜੇ ਕਰ ਇੰਤਜ਼ਾਰ ਕਰਨਾ ਪੈਂਦਾ ਹੈ ਤਾਂ ਫਿਰ ਰੂਹਾਂ ਨੂੰ ਕਿੱਥੇ ਰੱਖਿਆ ਜਾਂਦਾ ਹੈ? ਕੀ ਉਹ ਜਗਾਹ ਇੱਥੇ ਧਰਤੀ ਤੇ ਹੀ ਹੈ ਜਾਂ ਕਿਸੇ ਹੋਰ ਪਲਾਨਟ (ਗ੍ਰਿਹ) ਤੇ ਹੈ? ਜੇ ਕਰ ਉਸੇ ਵੇਲੇ ਪਾ ਦਿੱਤਾ ਜਾਂਦਾ ਹੈ ਤਾਂ ਤੁਸੀਂ ਇਹ ਦੱਸੋ ਕਿ ਇਹ ਜੋ ਕੀੜੇ ਫਾਰਮਾ ਵਿੱਚ ਪਾਲੇ ਜਾਂਦੇ ਹਨ ਕੀ ਇਹ ਪਿਛਲੇ ਜਨਮਾ ਵਿੱਚ ਇਨਸਾਨੀ ਜਾਮੇ ਵਿੱਚ ਸਨ?

ਹਾਕਮ ਸਿੰਘ ਜੀ ਉਮੀਦ ਹੈ ਕਿ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਆਵਾਗਉਣ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਗੁਰਬਾਣੀ ਦੇ ਅਧਾਰ ਤੇ ਦੇਵੋਂਗੇ। ਤੁਹਾਡੀ ਇਸ ਟਿੱਪਣੀ ਤੋਂ ਅਤੇ ਹੋਰ ਵੀ ਤੁਹਾਡੀਆਂ ਲਿਖਤਾਂ ਤੋਂ ਲੱਗਦਾ ਹੈ ਕਿ ਤੁਹਾਨੂੰ ਅਧਿਆਤਮਿਕ ਗਿਆਨ ਹੋਇਆ ਹੋਵੇਗਾ। ਉਸ ਗਿਆਨ ਨੂੰ ਵੀ ਜਰੂਰ ਸਾਹਮਣੇ ਰੱਖਣਾ। ਤੁਹਾਡੇ ਜੋ ਵਿਚਾਰ ਦਸਮ ਗ੍ਰੰਥ ਬਾਰੇ, ਭਿੰਡਰਾਂਵਾਲੇ ਸਾਧ ਬਾਰੇ ਅਤੇ ਕਥਿਤ ਅਕਾਲ ਤਖ਼ਤ ਬਾਰੇ ਬਾਰੇ ਹਨ ਉਹ ਮੇਰੇ ਵਿਚਾਰਾਂ ਨਾਲ ਕਾਫੀ ਮਿਲਦੇ ਹਨ ਪਰ ਆਵਾਗਉਣ ਬਾਰੇ ਨਹੀਂ ਮਿਲਦੇ। ਇਸੇ ਤਰ੍ਹਾਂ ਕਈਆਂ ਹੋਰਨਾ ਲੇਖਕਾਂ ਨਾਲ ਹੋਰ ਵਿਸ਼ਿਆਂ ਤੇ ਮਿਲਦੇ ਹਨ ਪਰ ਕਈ ਵਿਸ਼ਿਆਂ ਤੇ ਨਹੀਂ ਵੀ ਮਿਲਦੇ। ਅਖੀਰ ਤੇ ਫਿਰ ਬੇਨਤੀ ਕਰਦਾ ਹਾਂ ਕਿ ਜਵਾਬ ਸਿੱਧੇ ਅਤੇ ਸਪਸ਼ਟ ਦੇਣ ਦੀ ਖੇਚਲ ਕਰਨੀ ਜੀ। ਸਾਧਾਂ ਵਰਗੇ ਜਵਾਬ ਨਾ ਦੇਣੇ।


Hakam Singh In reply to Makhan Singh Purewal

ਸ. ਮਖਣ ਸਿੰਘ ਜੀ,

ਧੰਨਵਾਦ। ਜੋ ਗੁਰਬਾਣੀ ਵਿਚ ਲਿਖਿਆ ਹੈ, ਖਾਸ ਕਰਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ, ਮੈਂ ਉਸ ਨੂੰ ਸੱਚ ਅਤੇ ਗੁਰਬਾਣੀ ਵਿਚਾਰਧਾਰਾ ਦਾ ਆਧਾਰ ਮੰਨਦਾ ਹਾਂ।

ਗੁਰਬਾਣੀ ਵਿਚ ਆਵਾਗੌਣ ਦਾ ਜ਼ਿਕਰ "ਜੰਮਣੁ ਮਰਨਾ ਹੁਕਮ ਹੈ ਭਾਣੈ ਆਵੈ ਜਾਇ॥" (ਪੰਨਾ ੪੭੨), "ਇਹੁ ਜੀਉ ਬਹੁਤੇ ਜਨਮ ਭਰੰਮਿਆ॥" (ਪੰਨਾ ੪੬੫) ਅਤੇ "ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ॥ ਇਕ ਸਖਨੀ ਹੋਰ ਫੇਰ ਭਰੀਅਤ ਹੈ॥ ਤੈਸੇ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ॥" (ਪੰਨਾ ੧੩੨੯) ਵਿਚ ਵੀ ਕੀਤਾ ਗਿਆ ਹੈ। ਆਵਾਗੌਣ ਦੇ ਵਿਸ਼ੇ ਦਾ ਗੁਰਬਾਣੀ ਵਿਚ ਭਾਣੇ ਅਤੇ ਹੁਕਮ ਦੇ ਸੰਕਲਪਾਂ ਤੋਂ ਵਧ ਕੋਈ ਬਹੁਤਾ ਮਹਤਵ ਨਹੀਂ ਹੈ।

ਆਪ ਦਾ ਪਹਿਲਾ ਸਵਾਲ ਹੈ ਕਿ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀ ਹੋਂਦ ਬਾਰੇ ਮੇਰਾ ਕੀ ਵਿਚਾਰ ਹੈ? ਮੇਰੀ ਸਮਝ ਅਨੁਸਾਰ ਗੁਰਬਾਣੀ ਵਿਚ ਇਸ ਬਾਰੇ ਦੋ ਕਥਨ ਧਿਆਨਯੋਗ ਹਨ। ਇੱਕ, "ਬ੍ਰਹਮਾ ਬਿਸਨੁ ਮਹੁਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥ ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨ ਕੋ ਦੁਖੁ ਸੁਖੁ ਪਾਇਦਾ॥" (ਪੰਨਾ ੧੦੩੫) ਅਤੇ "ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ ਓਹ ਵੇਖੈ ਓਨਾ ਨਦਰਿ ਨਾ ਆਵੈ ਬਹੁਤਾ ਏਹੁ ਵਿਡਾਣੁ॥"  (ਪੰਨਾ ੭)। ਗੁਰਬਾਣੀ ਇਨ੍ਹਾਂ ਨੂੰ ਮਾਇਆ ਦੇ ਪੁਤਰ ਆਖਦੀ ਹੈ। ਸੰਸਾਰ ਵਿਚ ਮਾਇਆ ਇਨ੍ਹਾਂ ਰਾਹੀਂ ਕਾਰਜਸ਼ੀਲ ਹੈ ਪਰ ਸੰਸਾਰ ਦੀ ਕਾਰ ਅਦ੍ਰਿਸ਼ਟ ਪ੍ਰਭੂ ਆਪ ਚਲਾ ਰਿਹਾ ਹੈ, ਜੋ ਸਾਨੂੰ ਨਜ਼ਰ ਨਹੀਂ ਆਉਂਦਾ। ਆਪ ਜੀ ਦਾ ਦੂਜਾ ਸਵਾਲ ਧਰਮ ਰਾਜ ਬਾਰੇ ਹੈ। ਗੁਰਬਾਣੀ ਦੇ ਕਥਨ ਹਨ: "ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮ ਬਹਾਲਿਆ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ॥" (ਪੰਨਾ ੪੬੩) ਅਤੇ "ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਦੂਰਿ॥" (ਪੰਨਾ ੮)। ਮੇਰੀ ਸਮਝ ਅਨੁਸਾਰ ਗੁਰਬਾਣੀ ਮਨੁੱਖਾ ਸਮਾਜ ਵਿਚ ਧਰਮ ਦੀ ਪ੍ਰਥਮਕਤਾ ਜਾਂ ਰਾਜ ਦੀ ਸਮ੍ਰਥਕ ਹੈ। ਗੁਰਬਾਣੀ ਦਾ ਧਰਮ ਸੰਪ੍ਰਦਾਇਕ ਧਰਮ ਨਾਲੋਂ ਵਖਰਾ ਹੈ। ਧਰਮ ਦੇ ਰਾਜ ਨੂੰ ਧਰਮਰਾਜ (ਬੰਦਾ ਜਾਂ ਦੇਵ) ਆਖਣਾ ਮੈਂਨੂੰ ਸਹੀ ਨਹੀਂ ਜਾਪਦਾ।

ਆਪ ਦਾ ਤੀਜਾ ਸਵਾਲ ਚਿਤ੍ਰਗੁਪਤ ਦੀ ਹੋਂਦ ਬਾਰੇ ਹੈ। ਮੈਂ ਚਿਤ੍ਰਗੁਪਤ ਬਾਰੇ ਕਦੇ ਸੋਚਿਆ ਨਹੀਂ। ਮੇਰਾ ਵਿਸ਼ਵਾਸ ਹੈ ਕਿ ਹਰ ਕਰਮ ਦਾ ਫਲ ਹੁੰਦਾ ਹੈ ਪਰ ਕਰਮ ਦਾ ਫਲ ਸਾਡੀ ਸੋਚ ਅਨੁਸਾਰ ਨਹੀਂ ਬਲਕਿ ਕੁਦਰਤੀ ਨਿਯਮਾਂ ਅਨੁਸਾਰ ਕੁਦਰਤ ਵਲੋਂ ਮਿਥੇ ਸਮੇਂ ਤੇ ਮਿਲਦਾ ਹੈ। ਕੁਦਰਤ ਦੇ ਨਿਯਮ ਕਿਸ ਨੇ ਬਣਾਏ ਹਨ ਅਤੇ ਓਨ੍ਹਾਂ ਨੂੰ ਕੌਣ ਲਾਗੂ ਕਰਦਾ ਹੈ, ਇਹੋ ਪ੍ਰਭੂ ਦੀ ਖੇਡ ਹੈ।

ਆਪ ਜੀ ਦੇ ਚੌਥੇ ਅਤੇ ਪੰਜਵੇਂ ਸਵਾਲਾਂ ਦਾ ਜਵਾਬ ਮੇਰੀ ਲਿਖਤ ਵਿਚ ਪਹਿਲੋਂ ਹੀ ਦਿੱਤਾ ਹੋੲਆ ਹੈ। ਮੈਂ ਲਿਖਿਆ ਸੀ ਕਿ ਗੁਰਬਾਣੀ ਇਹ ਨਹੀਂ ਦੱਸਦੀ ਕਿ ਮਨੁੱਖ ਦੀ ਮੌਤ ਹੋਣ ਤੇ ਉਸ ਦਾ ਮੈਲਾ ਮਨ ਕਿਥੇ ਜਾਂਦਾ ਹੈ ਅਤੇ ਕੀ ਕਰਦਾ ਹੈ? ਗੁਰਬਾਣੀ ਤੇ ਬਾਰ ਬਾਰ ਇਹੋ ਦ੍ਰਿੜ ਕਰਵਾਉਂਦੀ ਹੈ ਕਿ ਪ੍ਰਭੂ ਬੇਅੰਤ ਹੈ ਅਤੇ ਉਸ ਦੇ ਗੁਣਾਂ ਅਤੇ ਲੀਲ੍ਹਾ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਗੁਰਬਾਣੀ ਕਈ ਪੁਰਾਣੇ ਅਤੇ ਰਵਾਇਤੀ ਧਾਰਮਕ ਸੰਕਲਪਾਂ ਨੂੰ ਨਵੇਂ ਅਰਥ ਦਿੰਦੀ ਹੈ। ਪਰ ਆਮ ਲੋਕ ਆਪਣੀ ਸੋਚ ਬਦਲਣ ਦੀ ਥਾਂ ਗੁਰਬਾਣੀ ਨੂੰ ਹੀ ਪਰੰਪਰਾਗਤ ਵਿਚਾਰਾਂ ਨਾਲ ਜੋੜ ਲੈਂਦੇ ਹਨ। ਗੁਰਬਾਣੀ ਦੇ ਉਪਦੇਸ਼ ਨੂੰ ਜਾਨਣ, ਵਿਚਾਰਣ ਅਤੇ ਸਮਝਣ ਦੀ ਲੋੜ ਹੈ।


Makhan Singh Purewal In reply to Hakam Singh

ਸ: ਹਾਕਮ ਸਿੰਘ ਜੀ,

ਤੁਹਾਡੇ ਇਸ ਉਤਰ ਦੀਆਂ ਅਖੀਰਲੀਆਂ ਦੋ ਪੰਗਤੀਆਂ ਬਹੁਤ ਹੀ ਭਾਵ ਪੂਰਤ ਅਰਥ ਰੱਖਦੀਆਂ ਹਨ ਜੋ ਕਿ ਇਸ ਤਰ੍ਹਾਂ ਹਨ:

"ਗੁਰਬਾਣੀ ਕਈ ਪੁਰਾਣੇ ਅਤੇ ਰਵਾਇਤੀ ਧਾਰਮਕ ਸੰਕਲਪਾਂ ਨੂੰ ਨਵੇਂ ਅਰਥ ਦਿੰਦੀ ਹੈ। ਪਰ ਆਮ ਲੋਕ ਆਪਣੀ ਸੋਚ ਬਦਲਣ ਦੀ ਥਾਂ ਗੁਰਬਾਣੀ ਨੂੰ ਹੀ ਪਰੰਪਰਾਗਤ ਵਿਚਾਰਾਂ ਨਾਲ ਜੋੜ ਲੈਂਦੇ ਹਨ। ਗੁਰਬਾਣੀ ਦੇ ਉਪਦੇਸ਼ ਨੂੰ ਜਾਨਣ, ਵਿਚਾਰਣ ਅਤੇ ਸਮਝਣ ਦੀ ਲੋੜ ਹੈ।"

ਇਹ ਪੰਗਤੀਆਂ ਤੁਹਾਡੇ ਤੇ ਵੀ ਉਤਨੀਆਂ ਹੀ ਢੁਕਦੀਆਂ ਹਨ ਜਿਤਨੀਆਂ ਤੁਸੀਂ ਹੋਰਨਾ ਤੇ ਢੁਕਾਉਂਦੇ ਹੋ। ਤੁਸੀਂ ਤਿੰਨ ਵਿਆਕਤੀ, ਪ੍ਰਿੰ: ਗਿ: ਸੁਰਜੀਤ ਸਿੰਘ, ਗੁਰਇੰਦਰ ਸਿੰਘ ਪਾਲ ਅਤੇ ਤੁਸੀਂ, ਐਸੇ ਹੋ ਜਿਹੜੇ ਕਿ 80 ਸਾਲ ਤੋਂ ਉਪਰ ਹੀ ਹੋਵੋਂਗੇ। ਤੁਹਾਡੀ ਸੋਚ ਐਸੀ ਪੱਕੀ ਹੋਈ ਹੈ ਕਿ ਉਨ੍ਹਾ ਨੂੰ ਬਦਲਣਾ ਮੁਸ਼ਕਲ ਹੈ। ਇਸ ਲਈ ਤੁਹਾਨੂੰ ਹੋਰ ਕੋਈ ਸਵਾਲ ਪੁੱਛਣਾ ਬਹੁਤਾ ਜਚਦਾ ਨਹੀਂ ਕਿਉਂਕਿ ਪਤਾ ਹੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਵਿਚਾਰ ਦੇਣੇ ਹਨ। ਤੁਸੀਂ ਅਤੇ ਬਾਕੀ ਹੋਰਨਾ ਨੇ ਜੋ ਲਿਖਿਆ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਇਸ ਲਈ ਪਾਠਕ ਆਪਣੇ ਆਪ ਹੀ ਸਮਝ ਜਾਣਗੇ ਕਿ ਕਿਨ੍ਹਾਂ ਦੀ ਗੱਲ ਸੱਚ ਤੇ ਜ਼ਿਆਦਾ ਢੁਕਦੀ ਹੈ।

ਜਿਹੜੇ ਚਿਤ੍ਰ ਗੁਪਤ ਆਵਾਗਉਣ ਦੇ ਸਿਧਾਂਤ ਵਿੱਚ ਅਹਿਮ ਭੁਮਿਕਾ ਨਿਭਾਂਉਂਦੇ ਹਨ ਉਨ੍ਹਾਂ ਬਾਰੇ ਤੁਸੀਂ ਲਿਖਦੇ ਹੋ ਕਿ ਮੈਂ ਕਦੀ ਸੋਚਿਆ ਹੀ ਨਹੀਂ। ਇਹੀ ਤਾਂ ਦੋ ਧਰਮਰਾਜ ਦੇ ਮੁਨਸ਼ੀ ਹਨ ਜੋ ਜੀਵ ਦੇ ਚੰਗੇ-ਮੰਦੇ ਵਿਚਾਰਾਂ ਦੀ ਰਿਪੋਰਟ ਲਿਖ ਕੇ ਧਰਮਰਾਜ ਦੇ ਪੇਸ਼ ਕਰਦੇ ਹਨ। ਇਸ ਰਿਪੋਰਟ ਦੇ ਅਧਾਰ ਤੇ ਹੀ ਤਾਂ ਜੀਵ ਨੂੰ ਸਜਾ ਜਾਂ ਅਗਲਾ ਜੀਵਨ ਮਿਲਦਾ ਹੈ। ਗੁਰਬਾਣੀ ਵਿੱਚ ਇਨ੍ਹਾਂ ਦਾ ਕਈ ਵਾਰੀ ਜ਼ਿਕਰ ਆਉਂਦਾ ਹੈ। ਹੇਠਾਂ ਕੁੱਝ ਪੰਗਤੀਆਂ ਲਿਖ ਰਿਹਾ ਹਾਂ ਜਿਨ੍ਹਾਂ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਏ ਹਨ।

ਚਿਤ੍ਰ ਗੁਪਤੁ ਸਭ ਲਿਖਤੇ ਲੇਖਾ॥ ਭਗਤ ਜਨਾ ਕਉ ਦ੍ਰਿਸਟਿ ਨ ਪੇਖਾ॥ ੪॥ ਪੰਨਾ ੩੯੩

(ਹੇ ਭਾਈ ! ਮਾਇਆ-ਵੇੜ੍ਹੇ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਵਾਲੇ) ਚਿਤ੍ਰ ਗੁਪਤ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਹਿਸਾਬ ਲਿਖਦੇ ਰਹਿੰਦੇ ਹਨ, ਪਰ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਵਲ ਉਹ ਅੱਖ ਪੁੱਟ ਕੇ ਭੀ ਨਹੀਂ ਤੱਕ ਸਕਦੇ। ੪।

ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ॥ ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ॥ ੩॥ ਪੰਨਾ ੬੧੬

(ਮਾਇਆ ਦੇ ਮੋਹ ਦੇ ਹਨੇਰੇ ਵਿੱਚ ਫਸਿਆ ਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ। (ਪਰ, ਹੇ ਭਾਈ !) ਜਦੋਂ (ਧਰਮ ਰਾਜ ਦੇ ਦੂਤ) ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ। ੩।

ਹੁਣ ਜਾਂ ਤਾਂ ਉਪਰ ਲਿਖੀਆਂ ਗੁਰਬਾਣੀ ਦੀਆਂ ਪੰਗਤੀਆਂ ਅਤੇ ਅਰਥਾਂ ਨੂੰ ਠੀਕ ਮੰਨੋ ਜੇ ਕਰ ਨਹੀਂ ਮੰਨਦੇ ਅਤੇ ਇਨ੍ਹਾਂ ਦੇ ਅਰਥ ਆਪਣੀ ਮਰਜ਼ੀ ਅਨੁਸਾਰ ਹੋਰ ਕਰਦੇ ਹੋ ਤਾਂ ਤੁਹਾਡੇ ਤੇ ਵੀ ਉਹੀ ਗੱਲ ਢੁਕਦੀ ਹੈ ਜੋ ਤੁਸੀਂ ਦੂਸਰਿਆਂ ਤੇ ਢਕਾਉਂਦੇ ਹੋ। ਕਿਉਂਕਿ ਇਨ੍ਹਾਂ ਦੋਹਾਂ ਨੂੰ ਧਰਮਰਾਜ ਅਤੇ ਆਵਾਗਉਣ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਸ ਲੇਖ ਤੇ ਟਿੱਪਣੀ ਕਰਨ ਵਾਲੇ ਦੋ ਸੱਜਣਾ ਨੂੰ ਇਸ ਦਾ ਸਿਰਲੇਖ ‘ਰੂਹਾਂ ਦੀ ਚੋਰੀ’ ਠੀਕ ਨਹੀਂ ਲੱਗਾ। ਇਸ ਦੇ ਜਵਾਬ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਇਸ ਕਰਕੇ ਲਿਖਿਆ ਸੀ ਕਿ ਜੇ ਕਰ ਕੀੜੇ ਵੀ ਜੂਨਾ ਹਨ ਅਤੇ ਮਨੁੱਖਾ ਜੀਵ ਮਰਨ ਤੋਂ ਬਾਅਦ ਮਾੜੇ ਕਰਮਾ ਕਰਕੇ ਕੀੜੇ ਦੀ ਜੂਨੇ ਵੀ ਪੈ ਸਕਦਾ ਹੈ ਤਾਂ ਫਿਰ ਮਰਨ ਤੋਂ ਬਾਅਦ ਦੀਆਂ ਇਤਨੀਆਂ ਇਕੱਠੀਆਂ ਰੂਹਾਂ ਕਿਥੋਂ ਆ ਗਈਆਂ? ਕੀ ਉਨ੍ਹਾਂ ਦੇ ਜੰਮਣ ਦੀ ਪਹਿਲਾਂ ਵਾਰੀ ਨਹੀਂ ਸੀ ਆਈ? ਕੀ ਉਹ ਧਰਮਰਾਜ ਦੀ ਕਿਸੇ ਕੈਦ ਵਿਚੋਂ ਤਾਂ ਨਹੀਂ ਚੋਰੀ ਕਰਕੇ ਜੰਮਣ ਲਈ ਲਿਆਂਦੀਆਂ ਗਈਆਂ? ਜੇ ਕਰ ਆਵਾਗਉਣ ਦਾ ਸਿਧਾਂਤ ਗੁਰਬਾਣੀ ਦੇ ਅਧਾਰ ਤੇ ਰੱਦ ਹੁੰਦਾ ਹੈ ਤਾਂ ਬਚਿੱਤ੍ਰ ਨਾਟਕ ਦਾ ਉਹ ਹਿੱਸਾ ਵੀ ਆਪਣੇ ਆਪ ਹੀ ਰੱਦ ਹੋ ਜਾਂਦਾ ਹੈ ਜਿਹੜਾ ਅਗਲੇ ਪਿਛਲੇ ਜਨਮਾਂ ਦੇ ਅਧਾਰ ਤੇ ਗੁਰੂਆਂ ਨੂੰ ਲਵ ਕੁਛ ਜਾਂ ਇਉਂ ਕਹਿ ਲਓ ਕਿ ਹਿੰਦੂਆਂ ਦੇ ਅਵਤਾਰਾਂ ਨਾਲ ਜੋੜਦਾ ਹੈ। ਇਸ ਲਈ ਆਵਾਗਉਣ ਦਾ ਸਿਧਾਂਤ ਦਸਮ ਗ੍ਰੰਥੀਆਂ ਲਈ ਵੀ ਵਰਦਾਨ ਸਾਬਤ ਹੁੰਦਾ ਹੈ। ਇੱਥੇ ਮੇਰਾ ਇਸ ਤਰ੍ਹਾਂ ਲਿਖਣ ਦਾ ਇਹ ਮਕਸਦ ਨਹੀਂ ਕਿ ਦਸਮ ਗ੍ਰੰਥ ਨੂੰ ਰੱਦ ਕਰਨ ਲਈ ਆਵਾਗਉਣ ਦਾ ਸਿਧਾਂਤ ਰੱਦ ਕਰਨਾ ਜਰੂਰੀ ਹੈ। ਕਿਉਂਕਿ ਦਸਮ ਗ੍ਰੰਥ ਤਾਂ ਇੱਥੇ ਸਿੱਖ ਮਾਰਗ ਤੇ ਬਹੁਤ ਸਮਾ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ ਜਦੋਂ ਹਾਲੇ ਮੈਂ ਵੀ ਆਵਾਗਉਣ ਬਾਰੇ ਬਹੁਤਾ ਸਪਸ਼ਟ ਨਹੀਂ ਸੀ।


Gurindar Singh Paul

ਸ:ਮੱਖਣ ਸਿੰਘ ਜੀ, ਆਪ ਦਾ ਸਵਾਲ ਬਿਲਕੁਲ ਜਾਇਜ਼ ਹੈ, ਪਰੰਤੂ ਲੇਖ ਨੂੰ ਦਿੱਤਾ ਗਿਆ ਸਿਰਲੇਖ "ਰੂਹਾਂ ਦੀ ਚੋਰੀ!..." ਜਚਿਆ ਨਹੀਂ! ਇਹ ਸਵਾਲ ਮੇਰੇ ਮਨ ਵਿੱਚ ਵੀ ਕਈ ਸਾਲ ਗੂੰਜਦਾ ਰਿਹਾ। ਜਦੋਂ ਮੈਂ ਸੰਸਾਰ ਦੀ ਵੱਧਦੀ ਆਬਾਦੀ, ਮੁਰਗ਼ੀ ਫ਼ਾਰਮ ਜਾਂ ਮੱਛੀ-ਫ਼ਾਰਮ ਵਗ਼ੈਰਾ ਵੱਲ ਵੇਖਦਾ ਤਾਂ ਸੋਚ ਵਿੱਚ ਇਹੀ ਸਵਾਲ ਉੱਠਦਾ। ਇਸ ਸਵਾਲ ਦਾ ਸਹੀ ਜਵਾਬ ਜਾਣਨ ਲਈ ਗੁਰਬਾਣੀ ਨੂੰ ਸਮਝਣ ਦੀ ਲੋੜ ਹੈ। ਸ:ਹਾਕਮ ਸਿੰਘ ਜੀ ਦੀ ਕੀਤੀ ਸੰਖੇਪ ਸੁੰਦਰ ਟਿੱਪਣੀ ਨੂੰ ਜੇ ਧਿਆਨ ਨਾਲ ਵਾਚੀਏ ਤਾਂ ਉਕਤ ਸਵਾਲ ਦਾ ਜਵਾਬ ਸਮਝ ਆ ਜਾਵੇਗਾ। ਮੈਂ ਸ:ਹਾਕਮ ਸਿੰਘ ਜੀ ਦੀ ਗੁਰਫ਼ਲਸਫ਼ੇ ਉੱਤੇ ਆਧਾਰਿਤ ਸੂਝ ਭਰਪੂਰ ਅਤੇ ਬਿਬੇਕਪੂਰਣ ਟਿੱਪਣੀ ਨਾਲ ਪੂਰਣ ਤੌਰ ’ਤੇ ਸਹਿਮਤ ਹਾਂ। ਗੁਰਬਾਣੀ ਦੀਆਂ ਕਈ ਤੁਕਾਂ/ਸ਼ਬਦਾਂ ਦੇ ਅੰਤਰੀਵ ਭਾਵ ਵਿੱਚ ਉਕਤ ਸਵਾਲ ਦਾ ਜਵਾਬ ਦੇਖਿਆ ਜਾ ਸਕਦਾ ਹੈ। ਉਦਾ੍ਹਰਣ ਦੇ ਤੌਰ ’ਤੇ: "ਆਸਣ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੁ ਏਕਾ ਵਾਰ॥" ਮੈਂ ਵਿਦੇਸ ਵਿੱਚ ਹਾਂ, ਵਾਪਸ ਪਰਤ ਕੇ ਇਸ ਸਵਾਲ ਬਾਰੇ ਹੋਰ ਖੋਜ ਕਰਨ ਦੀ ਕੋਸ਼ਿਸ਼ ਕਰਾਂਗਾ।


Jarnail

ਸ ਮੱਖਣ ਸਿੰਘ ਜੀ

ਗੁਰ ਫਤਿਹ ਪਰਿਵਾਨ ਕਰਨਾ।

ਤੁਸੀਂ ਕੀੜਿਆਂ ਤੋਂ ਆਟਾ ਬਣਨ ਦੀ ਬੜੀ ਹੀ ਦਿਲਚਾਪ ਜਾਣਕਾਰੀ ਦਿੱਤੀ ਹੈ।ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਜਿਸ ਵਿੱਚ ਲਿਖਿਆ ਸੀ ਕਿ ਸਾਡੀ ਚਮੜੀ ਦੇ ਇੱਕ ਸੈਂਟੀਮੀਟਰ ਵਰਗ ਥਾਂ ਵਿੱਚ ਹੀ ਕੋਈ ਇੱਕ ਲੱਖ ਦੇ ਕਰੀਬ ਮਾਈਕ੍ਰੋਬਜ਼ ਪਾਏ ਜਾਂਦੇ ਹਨ ਜੋ ਸਾਡੀ ਚਮੜੀ ਚੋਂ ਰਿਸਦੇ ਤੇਲ ਅਤੇ ਉੱਖੜੀ ਪਪੜੀ ਜਾਂ ਫਲੇਕ ਖਾ ਕੇ ਗੁਜ਼ਾਰਾ ਕਰਦੇ ਨੇ।ਇਸ ਤੋਂ ਇਲਾਵਾ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਸਾਡੇ ਸਰੀਰ ਦੇ ਅੰਦਰ ਵੀ ਮੌਜ਼ੂਦ ਨੇ।ਇਹ ਸਾਰੇ ਜੀੳਂਦੇ ਜਾਗਦੇ ਜੀਵ ਨੇ ਅਤੇ ਅਗਰ ਹਰ ਇੱਕ ਦੇ ਅੰਦਰ ਰੂਹ ਹੈ ਤਾਂ ਹਰ ਬੰਦਾ ਅਸੰਖ ਬਲਕਿ ਅਣਗਿਣਤ ਰੂਹਾਂ ਚੁੱਕੀ ਫਿਰਦਾ ਹੈ।

ਇਹ ਤੁਹਾਡਾ ਬਹੁਤ ਹੀ ਵਧੀਆ ਉੱਦਮ ਹੈ ਕਿ ਅਜਿਹੇ ਸ਼ਬਦਾਂ (ਜੋ ਆਵਾਗਵਣ ਦਾ ਭੁਲੇਖਾ ਪਾਉਂਦੇ ਨੇ) ਦੇ ਅਰਥਾਂ ਦਾ ਸਪਸ਼ਟੀਕਰਣ ਹੋ ਸਕੇ ਤਾਂ ਜੋ ਬਿਬੇਕੀ ਸੱਜਣ ਸਹੀ ਸੇਧ ਲੈ ਸਕਣ। ਗੁਰਬਾਣੀ ਵਿੱਚ ਆਵਾਗਵਣ ਦਾ ਜ਼ਿਕਰ ਜਰੂਰ ਆਉਂਦਾ ਹੈ ਜੋ ਕਿ ਆਪਣੀ ਗੱਲ ਸਮਝਾਉਣ ਲਈ ਬੇਹੱਦ ਜ਼ਰੂਰੀ ਸੀ।ਪਰ ਗੁਰਬਾਣੀ ਇਸ ਦੀ ਪ੍ਰੋੜਤਾ ਨਹੀਂ ਕਰਦੀ।ਬਲਕਿ ਗੁਰਬਾਣੀ ਆਵਾਗਵਣ ਨੂੰ ਨਿਵੇਕਲੇ ਅਰਥ ਵੀ ਦਿੰਦੀ ਹੈ। ਅੱਜਕਲ ਮੈ ਆਪਣੇ ਜਾਤੀ ਮਸਲਿਆਂ ਵਿੱਚ ਕੁਝ ਜ਼ਿਆਦਾ ਹੀ ਮਸਰੂਫ ਹਾਂ ਇਸ ਲਈ ਮੈ ਇਹਨਾਂ ਸ਼ਬਦਾਂ ਦੇ ਪੂਰੇ ਅਰਥ ਕਰਨ ਤੋਂ ਤਾਂ ਅਸਮਰਥ ਹਾਂ।ਪਰ ਪੰਨਾ 156 ਵਾਲੇ ਸ਼ਬਦ ਦੇ ਸੰਖੇਪ ਅਰਥ ਮੇਰੀ ਸਮਝ ਮੁਤਾਬਿਕ ਇਸ ਤਰ੍ਹਾਂ ਹਨ।

ਰਹਾਓ ਵਾਲੀ ਤੁਕ ਵਿੱਚ ਬੰਦੇ ਦੇ ਔਗਣਾ ਅਤੇ ਰੱਬ ਦੇ ਗੁਣਾਂ ਦਾ ਬੇਅੰਤ ਹੋਣਾ ਦੱਸਿਆ ਹੈ। ਗੁਰਬਾਣੀ ਦਾ ਇੱਕ ਸਿਧਾਂਤ ਹੈ ਕਿ ਦੁਨੀਆਂ ਵਿੱਚ ਦੋ ਰਾਹ ਹਨ- ਲਿਵ ਅਤੇ ਧਾਤ।ਸੰਸਾਰ ਦੀ ਸਾਰੀ ਉੱਤਪਤੀ ਧਾਤ ਰਾਹੀਂ ਹੁੰਦੀ ਹੈ।ਲਿਵ ਨਾਲ ਇਸ ਉਤਪਤੀ ਨੂੰ ਚਲਾਉਂਦੇ ਹੁਕਮ ਦੀ ਸੋਝੀ ਹੁੰਦੀ ਹੈ।ਧਾਤ ਔਗਣਾ ਨੂੰ ਜਨਮ ਦਿੰਦੀ ਹੈ ਅਤੇ ਲਿਵ ਗੁਣ ਪੈਦਾ ਕਰਦੀ ਹੈ।ਇਹ ਸ਼ਬਦ ਇਸ ਭੇਤ ਨੂੰ ਹੀ ਖੋਲਦਾ ਹੈ।

ਸ਼ਬਦ ਦੀ ਪਹਿਲੀ ਸਤਰ ਹੀ ਆਵਾਗਵਣ ਦੇ ਸਿਧਾਂਤ ਨੂੰ ਨਕਾਰਦੀ ਹੈ।ਗੁਰੂ ਸਾਹਿਬ ਸਵਾਲ ਕਰਦੇ ਨੇ ਕਿ ਕੋਈ ਪਤਾ ਨਹੀ ਸਾਡੇ ਮਾਪੇ ਕੌਣ ਨੇ ਅਤੇ ਅਸੀਂ ਕਿਸ ਜਗ੍ਹਾ ਤੋਂ ਆਏ ਹਾਂ।ਇਸ ਦੇ ਉਲਟ ਆਵਾਗਵਣ ਦਾ ਸਿਧਾਂਤ ਇਹ ਮੰਨਦਾ ਹੈ ਕਿ ਬੰਦਾ ਆਪਣੇ ਕਰਮਾਂ ਅਨੁਸਾਰ ਹੀ ਕਿਸੇ ਮਾਂ-ਬਾਪ (ਭਾਵ ਅਮੀਰ, ਗਰੀਬ , ਬਾਦਸ਼ਾਹ ਜਾਂ ਫਕੀਰ) ਦੀ ਅੋਲਾਦ ਬਣਦਾ ਹੈ।ਦੂਜੀ ਸਤਰ ਵਿੱਚ ਆਵਾਗਵਣ ਦੇ ਸਿਧਾਂਤ ਨੂੰ ਇੱਕ ਹੋਰ ਪਹਿਲੂ ਤੋਂ ਨਕਾਰਦੇ ਹੋਏ ਗੁਰੂ ਸਾਹਿਬ ਕਹਿੰਦੇ ਨੇ ਕਿ ਕਿਸੇ ਨੂੰ ਕੋਈ ਇਲਮ ਨਹੀ ਕਿ ਇਨਸਾਨ ਦਾ ਜਨਮ ਕਿਸ ਕਾਰਣ ਹੁੰਦਾ ਹੈ ਜਦ ਕਿ ਆਵਾਗਵਣ ਦਾ ਸਿਧਾਂਤ ਇਹ ਕਹਿੰਦਾ ਹੈ ਕਿ ਜਨਮ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਹੈ। ਸ਼ਬਦ ਦੀ ਦੂਸਰੀ ਸਤਰ ਵਿੱਚ ਜਨਮ ਨੂੰ ਕੁਦਰਤੀ ਵਰਤਾਰਾ (ਅਗਨਿ ਬਿੰਬ ਜਲ ਭਤਿਰਿ ਨਿਪਜੇ) ਦੱਸ ਕੇ ਸ਼ਬਦ ਦੇ ਦੂਜੈ ਬੰਦ ਵਿੱਚ ਗੁਰੂ ਸਾਹਿਬ ਸੰਸਾਰ ਵਿੱਚ ਉਤਪਤੀ ਦਾ ਸੰਖੇਪ ਵਰਣਨ ਕਰਦੇ ਨੇ।ਰੁਖ ਜੋ ਸਥਿਰ ਹਨ, ਪਸ਼ੂ ਜੋ ਤੁਰਦੇ ਫਿਰਦੇ ਨੇ, ਨਾਗ ਜੋ ਧਰਤੀ ਹੇਠ ਵਸਦੇ ਨੇ ਅਤੇ ਪੰਛੀ ਜੋ ਹਵਾ ਚ ਉੜਦੇ ਨੇ।

ਸ਼ਬਦ ਦੀ ਤੀਜੇ ਬੰਦ ਵਿਚ ਧਾਤ ਵਸ ਔਗਣ ਸਹੇੜਦੇ ਬੰਦੇ ਦੀ ਤਸਵੀਰ ਹੈ ਕਿਵੇਂ ਠੱਗੀ ਠੋਰੀ ਕਰਦਾ ਰੱਬ ਨੂੰ ਵੀ ਵਿਸਾਰ ਦਿੰਦਾ ਹੈ ਜਦ ਕਿ ਰੱਬ ਤੋਂ ਤਾਂ ਕੁਝ ਵੀ ਨਹੀਂ ਛੁਪ ਸਕਦਾ।ਚੌਥੇ ਬੰਦ ਵਿੱਚ ਵੀ ਧਾਤ ਵਸ ਕੀਤੇ ਗਲਤ ਕੰਮਾ ਦਾ ਪਸ਼ਚਾਤਾਪ ਕਰਦੇ ਬੰਦੇ ਦੀ ਤਸਵੀਰ ਹੈ ਪਰ ਨਾਲ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਫੈਸਲਾ ਰੱਬ ਦੇ ਹੱਥ ਹੈ ਨਾ ਕਿਸੇ ਕਰਮ ਕਾਂਡ ਦੇ।ਇਹ ਗੱਲ ਵੀ ਆਵਾਗਵਣ ਦੇ ਸਿਧਾਂਤ ਦੇ ਉਲਟ ਜਾਂਦੀ ਹੈ ਜਿਸ ਵਿੱਚ ਕੁਝ ਨਿਸ਼ਚਤ ਪੁੰਨ ਦਾਨ ਜਾਂ ਕਰਮ ਕਾਂਡ ਕਰਨ ਨਾਲ ਆਵਾਗਵਣ ਤੋਂ ਛੁਟਕਾਰਾ ਮਿਲ ਸਕਦਾ ਹੈ।ਪੰਜਵੇ ਬੰਦ ਵਿੱਚ ਇਨਸਾਨ ਦੇ ਅੋਗਣਾ ਨਾਲ ਨੱਕੋ ਨੱਕ ਭਰੇ ਹੋਣ ਦੀ ਅਸਲੀਅਤ ਬਿਆਨ ਕਰ ਕੇ ਰੱਬ ਅਗੇ ਬਖਸ਼ਿਸ਼ ਲਈ ਅਰਜੋਈ ਕੀਤੀ ਹੈ।ਜਾਹਰ ਹੈ ਇਹ ਅਰਜੋਈ ਲਿਵ ਲਈ ਹੈ ਜਿਸ ਨਾਲ ਹੁਕਮ ਦੀ ਪਛਾਣ ਹੁੰਦੀ ਹੈ।ਆਖਰੀ ਬੰਦ ਵਿੱਚ ਬਹੁਤ ਹੀ ਵਧੀਆ ਕਾਵਿਕ ਅੰਦਾਜ਼ ਵਿੱਚ ਅੋਗਣਾ ਦੀ ਅਗਨ ਵਿੱਚ ਤੜਪਦੇ ਮਨੁੱਖ ਦੀ ਤਸਵੀਰ ਪੇਸ਼ ਕਰ ਕੇ ਫੈਸਲਾ ਸੁਣਾਇਆ ਹੈ ਕਿ ਬਚਣ ਦਾ ਇੱਕੋ ਇੱਕੋ ਰਾਹ ਹੁਕਮ ਦੀ ਸੋਝੀ ਹੈ। ਮੇਰਾ ਖਿਆਲ ਹੈ ਕਿ ਇਸ ਸ਼ਬਦ ਵਿੱਚ ਲਫਜ "ਕੁਲੀ" ਦੇ ਆਉਣ ਨਾਲ ਇਸ ਨੂੰ ਆਵਾਗਵਣ ਨਾਲ ਜੋੜਿਆ ਜਾਣ ਲਗ ਪਿਆ ਹੈ।ਕੁਲ ਅਤੇ ਜੂਨ ਵਿੱਚ ਬਹੁਤ ਫਰਕ ਹੈ।ਇਸੇ ਤਰ੍ਹਾਂ ਰੁਖਾਂ ਨੂੰ ਚੀਨਣ ਦੀ ਗੱਲ ਕੀਤੀ ਹੈ, ਪਸ਼ੂ ਉਪਾਉਣ ਦੀ ਅਤੇ ਪੰਖ ਉਡਾਉਣ ਦੀ ਨਾ ਕਿ ਇਹਨਾ ਜੂਨਾ ਵਿੱਚ ਆਉਣ ਦੀ।ਦਰਅਸਲ ਆਵਾਗਵਣ ਦਾ ਫਲਸਫਾ ਭਾਰਤ ਵਿੱਚ ਪੈਦਾ ਹੋਏ ਹਰ ਸ਼ਖਸ ਦੇ ਦਿਮਾਗ ਵਿੱਚ ਜਨਮ ਤੋਂ ਹੀ ਘਸੋੜ ਦਿੱਤਾ ਜਾਦਾ ਹੈ ਜਿਸ ਦਾ ਨਿਕਲਣਾ ਬਹੁਤ ਮੁਸਕਿਲ ਹੈ।

ਸ਼ ਮੱਖਣ ਸਿੰਘ ਜੀ ਹੋ ਸਕਦਾ ਹੈ ਸਮੇ ਦੀ ਘਾਟ ਕਾਰਨ ਮੈਂ ਉਪਰ ਆਪਣੀ ਗੱਲ ਪੂਰੀ ਸਪੱਸ਼ਟ ਨਾ ਕਰ ਸਕਿਆ ਹੋਵਾਂ।ਜਿਵੇ ਹੀ ਕੁਝ ਫੁਰਸਤ ਹੁੰਦੀ ਹੈ ਮੈਂ ਇਹਨਾਂ ਤਿੰਨਾਂ ਸ਼ਬਦਾਂ ਦੇ ਵਿਸਥਾਰ ਵਿੱਚ ਅਰਖ ਕਰਕੇ ਭੇਜਾਂਗਾ। ਅੰਤ ਵਿੱਚ ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਬੇਸ਼ੱਕ ਮੈਂ ਪ੍ਰੌ ਸਾਹਿਬ ਸਿੰਘ ਨਾਲ ਇਸ ਮਸਲੇ ਤੇ ਸਹਿਮਤ ਨਹੀਂ ਹਾਂ ਪਰ ਮੈਂ ਉਹਨਾਂ ਦੀ ਬੇਹੱਦ ਕਦਰ ਕਰਦਾ ਹਾਂ ਅਤੇ ਕਰਦਾ ਰਹਾਂਗਾ। ਧੰਨਵਾਦ ਸਹਿਤ

ਜਰਨੈਲ ਸਿੰਘ


Eng Darshan Singh Khalsa

"ਰੂਹਾਂ ਦੀ ਚੋਰੀ" :

(( ਲੇਖ ਦਾ ਸਬੰਧ ਮਨੁੱਖੀ ਰੂਹਾਂ ਦੇ ਪੁਨਰ-ਜਨਮ ਨਾਲ ਹੈ, ਪਰ ‘ਰੂਹਾਂ ਦੀ ਚੋਰੀ’ ਸਿਰਲੇਖ ਵਿਸ਼ੇ ਨਾਲ ਮੇਲ ਖਾਂਦਾ ਹਜ਼ਮ ਨਹੀਂ ਹੋ ਪਾ ਰਿਹਾ।))

ਪੂਜਾਰੀ ਅਤੇ ਗੂੜ੍ਹ ਧਾਰਮਿੱਕ ਬਿੱਰਤੀ ਵਾਲੇ ਲੋਕਾਂ ਦੀ ਸੋਚ ਦੇ ਅਨੁਸਾਰ,  ਵਰਤਮਾਨ ਜੀਵਨ ਵਿਚ ਜਿਉਂ ਰਹੇ ਮਨੁੱਖਾਂ ਦੇ ਮੰਦੇ/ਮਾੜੇ, ਪਾਪੀ ਕਰਮਾਂ  ਦੇ ਕਰਨ ਕਰਕੇ, ਕਮਾਉਣ ਕਰਕੇ,  ਮਰਨ ਤੋਂ ਬਾਅਦ, ਹੋਰਨਾਂ ਜੀਵ-ਜੋਨੀਆਂ . . .  ( ਕੀੜੇ-ਮਕੌੜੇ, ਹਾਥੀ, ਸੱਪ, ਮੱਛੀ, ਗਾਂ, ਖੋਤਾ-ਘੋੜਾ, ਸੂਰ, ਕੁੱਤਾ, ਬਿੱਲੀ ਆਦਿ. . .) ਵਿਚ ਮਨੁੱਖ ਦੇ ਜਨਮ ਲੈਣ, ਅਤੇ ਹੋਰਨਾਂ ਜੀਵ-ਜੋਨੀਆਂ ਦੇ ਜੀਵਾਂ ਦੇ, ਉਹਨਾਂ ਦੀਆਂ ਆਪਣੀਆਂ ਜੋਨੀਆਂ ਭੋਗਣ ਤੋਂ ਬਾਅਦ ਮਨੁੱਖ ਬਨਣ ਬਾਰੇ ਜੋ ਵਿਚਾਰ ਚਰਚਾ ਸੁਰੂ ਕੀਤੀ ਹੈ, ਵਾਕਿਆ ਹੀ ਬਹੁਤ ਡੂੰਗੀ ਵਿਚਾਰ ਚਰਚਾ ਆਧਾਰਤ ਵਿਸ਼ਾ ਹੈ।

ਸਿੱਖ ਮਾਰਗ ਦੇ ਪੜ੍ਹਨ ਵਾਲਿਆਂ ਪਾਠਕਾਂ ਅਤੇ ਲਿਖਣ ਵਾਲੇ ਲੇਖਕ ਵੀਰਾਂ-ਭੈਣਾਂ ਵਿਚੋਂ ਬਹੁਤ ਸਾਰੇ ਅਜੇਹੇ ਵੀ ਹੋਣਗੇ, ਜੋ, ਪੁਨਰ-ਜਨਮ, ਪੂਰਬ-ਜਨਮ, ਪੂਰਬਲੇ ਕਰਮਾਂ  ਅਤੇ ਹੋਰਨਾਂ ਖਾਣੀਆਂ ਦੀਆਂ ਜੀਵ-ਜੋਨੀਆਂ ਵਿਚ ਮਾੜੇ/ਮੰਦੇ ਕਰਮਾਂ ਕਰਕੇਜਨਮ ਲੈਣਾ ਮੰਨਦੇ ਹੋਣਗੇ। ਬਹੁਤ ਸਾਰੇ ਇਸ ਤਰਾਂ ਜਨਮ ਲੈਣਾ ਨਹੀਂ ਵੀ ਮੰਨਦੇ ਹੋਣਗੇ।

. ਸਾਰੇ ਮਨੁੱਖ ਆਜ਼ਾਦ ਹਨ, ਆਪਣੀ-ਆਪਣੀ ਨਿਜ਼ੀ ਰਾਇ ਰੱਖਣ ਲਈ। ਕੋਈ ਕਿਸੇ ਨੂੰ ਧੱਕੇ ਨਾਲ, ਜ਼ਬਰਦੱਸਤੀ ਕੋਈ ਗੱਲ ਨਹੀਂ ਮਨਵਾ ਸਕਦਾ।

. ਪੂਰਬ, ਪੂਰਬਿ, ਪੂਰਬਲੇ, ਅੱਗਲੇ, ਪਿੱਛਲੇ ਜਨਮਾਂ ਦਾ ਜ਼ਿਕਰ ਅਨੇਕਾਂ ਵਾਰ ਗੁਰਬਾਣੀ ਵਿਚ ਆਇਆ ਹੈ।

. . ਪੂਰਬ, ਪੂਰਬਿ, ਪੂਰਬਲੇ, ਅੱਗਲੇ, ਪਿੱਛਲੇ ਜਨਮਾਂ ਦਾ ਜਦ ਸਾਨੂੰ ਕੋਈ ਗਿਆਨ ਹੀ ਨਹੀਂ ਹੈ. ਸੋਝੀ ਹੀ ਨਹੀਂ ਹੈ, ਕੋਈ ਯਾਦ ਹੀ ਨਹੀਂ ਤਾਂ ; ਤਾਂ ਅਸੀਂ ਕਿਉਂ ਐਵੇਂ ਆਪਣੇ ਆਪ ਨੂੰ ਇਹਨਾਂ ਬੀਤੇ ਸਮੇਂ ਦੀਆਂ ਬੇ-ਮਾਇਨੇ ਗੱਲਾਂਬਾਤਾਂ ਵਿਚ ਉਲਝਾਉਂਣਾ ਕਰੀਏ।

. ਸਵਾਲ ਉਠਦਾ ਹੈ ਕਿ ਸਾਨੂੰ ਫ਼ਿਕਰ ਕਿਹੜੀ ਗੱਲ ਦਾ ਹੋਣਾ ਚਾਹੀਦਾ ਹੈ, ਵਰਤਮਾਨ ਜੀਵਨ ਦਾ ਜਾਂ ਪੂਰਬਲੇ ਜੀਵਨ ਦਾ ??

. ਵਰਤਮਾਨ ਮਨੁੱਖਾ ਜੀਵਨ ਤਾਂ ‘ਮਨੁੱਖ’ ਬਣ ਕੇ ਜਿਉਂਣਾ ਕਰੀਏ . . . . .। ਕਿਉਂ ਅੱਗਲਿਆਂ-ਪਿੱਛਲਿਆਂ ਜੀਵਨਾਂ ਦੇ ਚਕਰਾਂ ਵਿਚ ਪੈ ਕੇ ਇਹ ਆਪਣਾ ਵਰਤਮਾਨ ਮਨੁੱਖਾ ਜੀਵਨ ਅਜ਼ਾਈਂ ਗਵਾ ਰਹੇ ਹਾਂ।

. ਕੁੱਦਰਤ ਨੇ ਚਾਰੇ ਖਾਣੀਆਂ ਵਿਚ ਅਨੇਕਾਂ ਕਿਸਮ ਦੇ ਜੀਵਾਂ ਨੂੰ ਬਨਾਉਣਾ ਕੀਤਾ ਹੈ। ਸਾਰੇ ਜੀਵ ਆਪਣੀ ਆਪਣੀ ਕਿਸਮ ਵਿਚ ਆਪਣੇ ਜੀਵਨ ਦਾ ਆਨੰਦ ਲੈ ਰਹੇ ਹਨ। ਇਕ ਮਨੁੱਖ ਹੈ, ਕਿ ਅੱਗਲੀਆਂ-ਪਿੱਛਲੀਆਂ ਉਧੇੜਬੁਣ ਗਿਣਤੀਆਂ-ਮਿਣਤੀਆਂ ਵਿਚ ਪਿਆ ਹੋਇਆ ਹੈ। ਤੂੰ ਮਾੜੇ ਕਰਮ ਕੀਤਾ ਆ . . . ਫਲਾਂ ਜੀਵ ਬਣੇਗਾ, ਤੂੰ ਮੰਦੇ ਕਰਮ ਕੀਤੇ ਆ . . ਫਲਾਂ ਫਲਾਂ ਜੀਵ ਬਣੇਗਾਂ . . . . . . । ਇਹ ਮਨੁੱਖ ਨੂੰ ਮਾੜੇ ਕੰਮਾਂ ਤੋਂ ਵਰਜਣ ਲਈ ਇੱਕ ‘ਡਰ’ ਪਾਇਆ ਗਿਆ ਹੈ। ਮਨੁੱਖ .. ਮਨੁੱਖ ਹੀ ਰਹੇਗਾ। ਕਿੱਕਰ … ਕਿੱਕਰ ਹੀ ਰਹੇਗੀ। ਖੋਤਾ . .. ਖੋਤਾ ਹੀ ਰਹੇਗਾ। ਡੱਡੂ … ਡੱਡੂ ਹੀ ਰਹੇਗਾ ……. ਆਦਿ ਆਦਿ ।

. ਮੰਨ ਲਉ !! ਅਗਰ ਕਿਸੇ ਮਨੁੱਖੀ ਚੇਤਨਤਾ (ਮਨ-ਆਤਮਾ) ਦਾ ਦੁਬਾਰਾ ਆਉਣਾ ਹੋ ਜਾਂਦਾ ਹੈ ਤਾਂ ਕੌਣ ਉਸਨੂੰ ਪਹਿਚਾਣੇਗਾ ????? ਕੌਣ ਉਸਨੂੰ ਜਾਣੇਗਾ ??? . ਨਵੀਂ ਚੇਤਨਤਾ (ਮਨ-ਆਤਮਾ) ਦੇ ਨਵੇਂ ਮਨੁੱਖੀ ਸਰੀਰ ਦੇ ਨੈਣਾਂ-ਨਕਸ਼ਾਂ ਦੀ ਨੁਹਾਰ ਹੀ ਬਦਲੀ ਹੋਵੇਗੀ। ਕੋਈ ਉਸਨੂੰ ਪਹਿਚਾਣ ਹੀ ਨਹੀਂ ਪਾਏਗਾ। ਮਨੁੱਖ ਕੇਵਲ ਬਾਹਰ ਮੁੱਖੀ ਸਰੀਰ ਦੀ ਪਹਿਚਾਣ ਕਰ ਸਕਦਾ ਹੈ। ਚੇਤਨਤਾ (ਮਨ-ਆਤਮਾ) ਤਾਂ ਕਿਸੇ ਨੇ ਦੇਖੀ ਨਹੀਂ ਨਹੀਂ, ਨਾ ਹੀ ਕੋਈ ਦੇਖ ਸਕਦਾ ਹੈ। ਤਾਂ ਤੇ, ਕਿਸੇ ਮਨੁੱਖ ਨੂੰ ਕਿਸੇ ਹੋਰ ਮਨੁੱਖ ਨਾਲ ਵਾਸਤਾ ਨਹੀਂ। ਸਾਰੇ ਆਪਣਾ ਆਪਣਾ ਜੀਵਨ ਜਿਉਂਦੇ ਹਨ। ਮਰਨ ਤੋਂ ਬਾਅਦ ਕੌਣ ਕਿਥੇ ਜਾਂਦਾ ਹੈ, ਕੋਈ ਨਹੀਂ ਜਾਣਦਾ। 

ਬਾਬਾ ਭਗਤ ਕਬੀਰ ਸਾਹਿਬ ਜੀ ਰਾਗ ਗੌਂਡ ਵਿਚ ਪੰਨਾ 871 ਉੱਪਰ, ਮਨੁੱਖਾ-ਸਰੀਰ ਵਿਚ ਵਿਚਰਦੀ ਚੇਤਨਤਾ (ਮਨ, ਜਾਂ ਆਤਮਾ, ਜਿਸ ਤਰਾਂ ਆਮ ਮਨੁੱਖਾ ਸਮਾਜ ਵਿਚ ਵਿਸਵਾਸ਼ ਕੀਤਾ ਜਾਂਦਾ ਹੈ) ਦੇ ਬਾਰੇ ਆਪਣੇ ਵਿਚਾਰਾਂ ਵਿਚਾਰਾਂ ਵਿਚ ਚੇਤਨਤਾ ਨੂੰ, (ਮਨ ਨੂੰ, ਆਤਮਾ ਨੂੰ) ਰਾਮ ਦੀ ਅੰਸ਼ ਕਹਿ ਰਹੇ ਹਨ। ਗੋਂਡ ॥ ਨਾ ਇਹੁ ਮਾਨਸੁ ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥ ਨਾ ਇਹੁ ਜੋਗੀ ਨਾ ਅਵਧੂਤਾ ॥ ਨਾ ਇਸੁ ਮਾਇ ਨ ਕਾਹੂ ਪੂਤਾ ॥੧॥ ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥ ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥ ਨਾ ਇਸੁ ਪਿੰਡੁ ਨ ਰਕਤੂ ਰਾਤੀ ॥ ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥੨॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ ਦੇਖੁ ॥ ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ ॥੩॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥ ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥

. ਅਗਰ!! ਮਨੁੱਖੀ-ਚੇਤਨਤਾ (ਮਨ-ਆਤਮਾ) ਰਾਮ ਦੀ ਅੰਸ਼ ਹੈ ਤਾਂ ਰਾਮ ਤਾਂ ਸਾਰੇ ਬ੍ਰਹਿਮੰਡ ਵਿਚ ਰਮਿਆ ਹੋਇਆ ਹੈ, ਕੁੱਦਰਤ ਵਿਚ ਸਮਾਇਆ ਹੋਇਆ ਹੈ।

. "ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ਰਹਾਉ॥ ਮ1 ॥469॥ ਤਾਂ ਤੇ, . ਮਨੁੱਖ ਦੇ ਮਰਨ ਤੋਂ ਬਾਅਦ ਵਿਚ ਇਹ ਚੇਤਨਤਾ (ਮਨ-ਆਤਮਾ) ਤਾਂ ਕਿਸੇ ਹੋਰ ਜੂਨੀ ਵਿਚ ਜਾ ਹੀ ਨਹੀਂ ਸਕਦਾ। . ਕਿਉਂਕਿ !! ਰਾਮ ਦੀ ਅੰਸ਼ ਤਾਂ ਫਿਰ ਰਾਮ ਵਾਂਗ ਹੀ ਕੁੱਦਰਤ ਵਿਚ ਸਮਾ ਜਾਂਦੀ ਹੋਵੇਗੀ।

. ਮਨੁੱਖ ਦੇ ਕੀਤੇ ਕਰਮਾਂ ਦਾ ਲੇਖਾ ਜੋਖਾ ਇਸੇ ਮਨੁੱਖਾ ਸਰੀਰ ਰਾਹੀਂ ਇਸੇ ਸੰਸਾਰ ਰਹਿੰਦੇ ਮਨੁੱਖੀ ਜੀਵਨ ਵਿਚ ਹੀ ਹੁੰਦਾ ਹੈ। ਮਨੁੱਖੀ ਜੀਵਨ ਦੇ ਕਾਰ ਵਿਹਾਰ ਮਨੁੱਖਾ ਸਰੀਰ ਰਾਹੀਂ ਹੀ ਕੀਤੇ ਜਾ ਸਕਦੇ ਹਨ। ਮਨੁੱਖਾ-ਸਰੀਰ ਤੋਂ ਬਿਨਾਂ ‘ਮਨੁੱਖ’ ਤਾਂ ਮਨੁੱਖ ਹੈ ਹੀ ਨਹੀਂ।

. ਪੂਰਬਲੇ, ਪਿੱਛਲੇ ਜਨਮਾਂ ਦੀ ਜਦ ਕੋਈ ਯਾਦ ਹੀ ਨਹੀਂ ਹੈ, ਤਾਂ ਪਰੇਸ਼ਾਨ ਕਿਉਂ ਹੋਣਾ ਹੈ ???? . ਗੁਰਬਾਣੀ ਰਚਾਇਤਾ ਵੀ ਤਾਂ ਮਨੁੱਖਾ ਦੇਹੀ ਵਿਚ ਵਿਚਰਦੇ ਹੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਹਨ। ਉਹਨਾਂ ਨੂੰ ਵੀ ਪੂਰਬਲੇ ਜੀਵਨ ਬਾਰੇ ਕੋਈ ਜਾਣਕਾਰੀ ਨਹੀਂ ਹੋਵੇਗੀ। ਬਹੁਤ ਸਾਰ ਵੀਰ-ਭੈਣ ਇਸ ਸੱਚਾਈ ਨੂੰ ਮੰਨਣ ਨੂੰ ਤਿਆਰ ਨਹੀਂ ਹੋਣਗੇ, ਆਪਣੇ ਬਣੇ ਵਿਸਵਾਸ਼ਾ ਕਰਕੇ। ਇਹੀ ਧਰਮ ਦੇ ਨਾਮ ਦਾ ‘ਡਰ’ ਸਾਨੂੰ ਅਗਾਂਹ ਨਹੀਂ ਵੱਧਣ ਦੇ ਰਿਹਾ। ਇਸੇ ਡਰ ਕਰਕੇ ਅਸੀਂ ਮਨੁੱਖ, ਮਨੁੱਖਾ ਜੀਵਨ ਦੀ ਸੱਚਾਈ ਤੋਂ ਅੱਖਾਂ ਮੀਚ ਲੈਂਦੇ ਹਾਂ। ਕਦੇ ਉਹ ਸਮਾਂ ਸੀ ਮਨੁੱਖ ਜੰਗਲਾਂ-ਬੇਲਿਆਂ ਵਿਚ ਪਸੂਆਂ ਵਾਂਗ ਰਹਿੰਦਾ ਸੀ, ਅੱਜ ਉਹ ਸਮਾਂ ਹੈ ਮਨੁੱਖ ਆਕਾਸ਼ ਵਿਚ ਉਡਾਰੀਆਂ ਭਰਦਾ ਚੰਦਰਮਾ ਤੱਕ ਜਾ ਪਹੁੰਚਿਆ ਹੈ। ਇਹ ਮਨੁੱਖਾਂ ਦੇ ਜੀਵਨ ਵਿਚ ਤਰੱਕੀਆਂ ਦੀ ਨਿਸ਼ਾਨੀ ਹੈ। ਮਨੁੱਖ ਨੇ ਜੀਵਨ ਵਿਚ ਹਰ ਪਾਸੇ ਤਰੱਕੀ ਕੀਤੀ ਹੈ, ਪਰ ਧਰਮ ਦੇ ਖੇਤਰ ਵਿਚ ਅੱਜ ਵੀ ਡਰਦਾ ਹੈ। ਡਰਦਾ ਅੱਜ ਵੀ ਉਸੇ ਤਰਾਂ ਦੇ ਵਹਿਮਾਂ ਭਰਮਾਂ ਪਾਖੰਡਾਂ ਆਡੰਬਰਾ ਵਿਚ ਪਿਆ ਹੈ।

. ਮਨੁੱਖਾ ਜੀਵਨ ਦੀ ਸੱਚਾਈ ਇਹ ਹੈ ਕਿ ਮਨੁੱਖ ਨੂੰ ਹੋਰ ਤਰੱਕੀ ਕਰਨ ਦੀ ਅਜ਼ਾਦੀ ਮਿਲੇ, ਪਰ ਧਰਮ ਦਾ ਡੰਡਾ/ਕੁੰਡਾ, ਮਨੁੱਖ ਨੂੰ ਅੱਗੇ ਵਧਣ ਤੋਂ ਰੋਕਦਾ ਹੈ।

. ਗੁਰਬਾਣੀ ਗਿਆਨ ਵਿਚਾਰਾਂ ਦਾ ਪ੍ਰਗਟਾਵਾ ਬਾਣੀਕਾਰਾਂ ਦਾ ਨਿਜ਼ੀ ਮਨੁੱਖਾ ਜੀਵਨ ਦਾ ਤਾਜ਼ੁਰਬਾ ਹੈ। ਬਾਣੀਕਾਰਾਂ ਵਲੋਂ ਵਰਤੇ ਗਏ ਲਫ਼ਜ ਪੂਰਬ, ਪੂਰਬਲੇ, ਅੱਗਲੇ. ਪਿੱਛਲਿਆਂ ਦਾ ਕੀ ਭਾਵ ਹੈ, ਇਹ ਤਾਂ ਬਾਣੀਕਾਰ ਹੀ ਦੱਸ ਸਕਦੇ ਹਨ।

. ਹੋ ਸਕਦਾ ਹੈ, ਇਹਨਾਂ ਲਫ਼ਜਾਂ ਦੇ ਭਾਵ-ਅਰਥ ਵਰਤਮਾਨ ਜੀਵਨ ਨਾਲ ਸੰਬੰਧਤ ਹੋਣ, . ਹੋ ਸਕਦਾ ਹੈ ਇਹਨਾਂ ਲਫ਼ਜਾਂ ਦੇ ਭਾਵ-ਅਰਥ ਪੂਰਬਲੇ ਜਨਮਾਂ ਨਾਲ ਸੰਬੰਧਤ ਹੋਣ।

. ਇਸ ਦਾ ਫੈਸਲਾ ਤਾਂ ਗਿਆਨ ਲੈਣ ਵਾਲੇ ਮਨੁੱਖੀ ਬਿੱਰਤੀ ਉੱਪਰ ਨਿਰਭਰ ਹੈ, ਕਿ ਉਹ ਕਿਸ ਤਰਾਂ ਦੀ ਸੋਚ ਰੱਖਦੀ ਹੈ ਜਾਂ ਰੱਖਦਾ ਹੈ। ਕਿਸ ਤਰਾਂ ਸੋਚਦਾ ਹੈ/ਸੋਚਦੀ ਹੈ।

‘ਗੁਰਬਾਣੀ’ ਸਬਦਾਂ ਦੇ ‘ਗਿਆਨ-ਵਿਚਾਰ’ ਨੂੰ, ਹੋਰ ਡੂੰਗਿਆਈ ਵਿਚ ਸਮਝਣ ਦੀ ਲੋੜ ਹੈ। ਜਾਨਣ ਦੀ ਲੋੜ ਹੈ। ਬੁੱਝਣ ਦੀ ਲੋੜ ਹੈ। ਕਿ ਬਾਣੀ ਰਚਣਹਾਰਿਆਂ ਨੇ ਕਿਸ ਭਾਵ ਨੂੰ ਲੈ ਕੇ, ਕਿਸ ਮਕਸਦ ਨਾਲ ਮਨੁੱਖ ਨੂੰ ‘ਗਿਆਨ-ਉਪਦੇਸ਼’ ਦੇਣਾ ਕਰ ਰਹੇ ਹਨ, ਕਿਹੜੇ ਸੰਦੇਸ਼/ਸੁਨੇਹੇ ਨੂੰ ਲੋਕਾਈ ਨੂੰ ਦੇਣ ਵਾਸਤੇ ਇਹਨਾਂ ਸਬਦਾਂ ਨੂੰ ਲਿਖਤ ਵਿਚ ਲਿਆਉਣਾ ਕੀਤਾ। . ਸਮੱਗਰ ‘ਗੁਰਬਾਣੀ’ ਗਿਆਨ ਭਰਪੂਰ ਹੈ। 35 ਬਾਣੀ ਰਚਣਹਾਰਿਆਂ ਨ ਆਪਣੇ ਉਚਾਰੇ ਬਾਣੀ ਸਬਦਾਂ ਵਿਚ ਆਪਣੇ-ਆਪਣੇ ਭਾਵ ਵਿਅੱਕਤ ਕੀਤੇ ਹਨ, ਆਪਣੇ ਭਾਵ ਨੂੰ, ਵਿਚਾਰ ਨੂੰ, ਨਜ਼ਰੀਏ ਨੂੰ, ਆਪਣੀ ਸੋਚ ਅਨੁਸਾਰ, ਆਪਣੇ ਤਰੀਕੇ ਨਾਲ ਅੱਖਰਾਂ-ਲਫਜ਼ਾਂ-ਸਬਦਾਂ ਦਾ ਸੁਮੇਲ ਬਨਾਉਣਾ ਕੀਤਾ ਹੈ, ਲਿਖਣ ਵਿਚ ਲਿਆਉਣਾ ਕੀਤਾ ਹੈ।

• ਮ1॥ ਇਕ ਦਝਹਿ ਇਕ ਸਬੀਅਹਿ ਇਕਨਾ ਕੁਤੇ ਖਾਹਿ॥ • ਇਕਿ ਪਾਣੀ ਵਿਚ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ • ਨਾਨਕ ਏਵ ਨਾ ਜਾਪਈ ਕਿਥੈ ਜਾਇ ਸਮਾਹਿ॥648॥ • • . . . . ਬਾਬਾ ਨਾਨਕ ਜੀ ਦਾ ਆਪਣਾ ਵਿਚਾਰ ਹੈ, ਕਿ ਉਹ ਨਹੀਂ ਜਾਣਦੇ ਕਿ ਮਨੁੱਖੀ ਚੇਤਨਤਾ (ਮਨ-ਆਤਮਾ) ਇਸ ਸੰਸਾਰ ਨੂੰ ਛੱਡ ਕੇ ਕਿਥੇ ਚਲੇ ਜਾਂਦੇ ਹਨ। ਕਿਥੇ ਸਮਾਅ ਜਾਂਦੇ ਹਨ। ਕਿਥੇ ਰਹਿਣਾ ਸੁਰੂ ਕਰ ਦਿੰਦੇ ਹਨ। • ਇਹ ਮਨੁੱਖਾ ਸਮਾਜ ਦੀ ਸੱਚਾਈ ਹੈ ਕਿ ਜੋ ਮਨੁੱਖ ਇੱਕ ਵਾਰ ਆਪਣੀ ਮਨੁੱਖੀ ਜੀਵਨ ਯਾਤਰਾ ਖਤਮ ਕਰ ਕੇ ਗਿਆ, ਉਹ ਵਾਪਸ ਨਹੀਂ ਆਇਆ। • ਕਬੀਰ ਸਾਹਿਬ ਜੀ ਦੇ ਅਨੁਸਾਰ ਇਹ ਰਾਮ ਕੀ ਅੰਸ਼ੁ ਹੈ ਤਾਂ ਇਹ ਰਾਮ ਵਿਚ ਹੀ ਸਮਾ ਜਾਂਦੀ ਹੈ।

. ਗਉੜੀ ਚੇਤੀ ਮਹਲਾ ੧॥ . ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ . . . . . . . . . .। . ਸਬਦ ਵਿਚ ਰਹਾਉ ਦੀ ਪੰਕਤੀ ਹੈ, "ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ ਕਹੇ ਨ ਜਾਨੀ ਅਉਗਣ ਮੇਰੇ॥ ੧॥" . ਇਸ ਪੰਕਤੀ ਵਿਚ ‘ਰੱਬੀ ਗੁਣਾਂ’ ਅਤੇ ਆਪਣੇ ‘ਨਿਜ਼ੀ-ਅਉਗੁਣਾਂ’ ਦਾ ਜ਼ਿਕਰ ਹੈ। ਬਾਕੀ ਸਾਰੇ ਪਦੇ ਇਸ ਕੇਂਦਰੀ ਭਾਵ ਨੂੰ ਦ੍ਰਿੜ ਕਰਵਾ ਰਹੇ ਹਨ। ਪੁਨਰ ਜਾਂ ਪੂਰਬ ਜਨਮ ਦਾ ਕੋਈ ਜ਼ਿਕਰ ਨਹੀਂ ਹੈ। ਇਸ ਰਹਾਉ ਦੀ ਪੰਕਤੀ ਵਿਚ ਬਾਬਾ ਨਾਨਕ ਜੀ ਆਪਣੇ ‘ਸਾਹਿਬ’ ਅਕਾਲ-ਪੁਰਖ, ਰੱਬ, ਪਰਮ-ਆਤਮਾ, ਪ੍ਰਮੇਸ਼ਰ, ਕੁੱਦਰਤ ਬਾਰੇ ਆਪਣੇ ਵਿਚਾਰ/ਭਾਵ ਉਚਾਰਨ ਕਰ ਰਹੇ ਹਨ, ਕਿ ਐ!! ਮੇਰੇ ‘ਸਾਹਿਬ’ ਤੇਰੇ ‘ਗੁਣ’ ਕਉਣ ਜਾਣ ਸਕਦਾ ਹੈ?? , ਤੇਰੇ ਬਾਰੇ ਕਉਣ ਜਾਣ ਸਕਦਾ ਹੈ ?, ਬੁੱਝ ਸਕਦਾ ਹੈ? ਭਾਵ ਕੋਈ ਨਹੀਂ ਜਾਣ ਸਕਦਾ। . . . . . ਮੇਰੇ ਵਿਚ ਇੱਤਨੇ ਅਉਗਣ ਹਨ, ਕਿ ਕਹੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ‘ਰੱਬੀ ਗੁਣ, ਅਕਾਲ-ਪੁਰਖੀ ਸਦਗੁਣ,’ ‘ਆਪਣੇ ਅਉਗੁਣ’ . . . ਵਿਚਾਰ/ਭਾਵ ਦਾ ਕੇਂਦਰਤ ਵਿਸ਼ਾ ਹੈ। (ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ।ਮ4॥ 735॥) Ø

. ਦੂਸਰੇ ਸਬਦ ਵਿਚ ਰਹਾਉ ਦੀ ਪੰਕਤੀ ਹੈ, . . . . . " ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥1॥ਰਹਾਉ"॥ . ਪੰਜਵੇਂ ਗੁਰੂ ਸਾਹਿਬ ਗਿਆਨ ਦੇ ਰਹੇ ਹਨ ਕਿ . . . ਐ !! ਮਨੁੱਖ, ਐ !! ਇਨਸਾਨ . . ਤੈਨੂੰ ਚਿੰਰਾਂ ਬਾਅਦ (ਚਿਰੰਕਾਲ) ਇਹ ਮਨੁੱਖੀ ਦੇਹੀ ਮਿਲਣੀ ਹੋਈ ਹੈ। ਤੂੰ ਆਪਣੇ ਸੁਆਮੀ, ਸਾਹਿਬ, ਜਗਦੀਸ਼, ਅਕਾਲ-ਪੁਰਖ ਵਾਹਿਗੁਰੂ ਜੀ ਨੂੰ ਮਿਲਣਾ ਕਰਨ ਦਾ ਉਪਰਾਲਾ ਕਰ। ਇਹ ਤੇਰਾ ਮੌਕਾ ਹੈ, ਬਰੀਆ ਹੈ। ਭਾਵ . . . ‘ਸਚਿਆਰਤਾ’ ਵਾਲੇ ਰਾਹ ਦਾ ਪਾਂਧੀ ਬਨਣ ਦਾ।ਸਤੋਗੁਣੀਂ ਭਾਵਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਦਾ।

. ਬਾਕੀ ਪਦੇ ਇਸੇ ਭਾਵ ਨੂੰ ਦ੍ਰਿੜ ਕਰ ਰਹੇ ਹਨ। 1. ਜਨਮ – ਜੋਨੀਆਂ/ਜੀਵਨ। ਕੀਟ-ਪਤੰਗਾਂ ਦੀਆਂ ਕਈ ਜੋਨੀਆਂ/ਜੀਵਨ ਹਨ। ਪੰਛੀਆਂ ਸੱਪਾਂ ਦੀਆਂ ਕਈ ਜੋਨੀਆਂ/ਜੀਵਨ ਹਨ।ਘੋੜਿਆਂ ਬ੍ਰਿਖਾਂ ਦੀਆਂ ਕਈ ਜੋਨੀਆਂ/ਜੀਵਨ ਹਨ। 2. ਪੱਥਰ-ਪਹਾੜਾਂ ਦੀਆਂ ਕਈ ਕਿਸਮਾਂ ਹਨ, ਕਈ ਜੀਵ ਪੈਦਾ ਹੋਣ ਵੇਲੇ ਮਾਤਾ ਦੇ ਗਰਭ ਵਿਚ ਹੀ ਖਤਮ ਹੋ ਜਾਂਦੇ ਹਨ। ਕਈ ਕਿਸਮ ਦੀਆਂ ਬਨਾਸਪੱਤੀਆਂ ਹਨ।ਅਨੇਕਾਂ ਜੀਵ (ਲਖ ਚਉਰਾਸੀ) ਜਨਮਦੇ ਹਨ ਮਰਦੇ ਹਨ। 3. ਭਲੇ ਪੁਰਸ਼ਾਂ ਦੀ ਸੰਗਤ ਵਿਚ ਹੀ ‘ਸਚਿਆਰਤਾ’ ਵਾਲੇ ਜੀਵਨ ਦਾ ਗਿਆਨ ਪਰਾਪਤ ਹੁੰਦਾ ਹੈ। ਭਲੇ ਪੁਰਸ਼ਾਂ ਦੀ ਸੰਗਤ ਅਤੇ ਸੇਵਾਭਾਵ ਨਾਲ ‘ਗੁਰਮੱਤ-ਗਿਆਨ’ ਪਰਾਪਤ ਕਰਨਾ ਹੀ ਜੀਵਨ ਹੈ। ਝੂਠੀ ਸ਼ਾਨੋਂ ਸ਼ੌਕਤ ਅਤੇ ਹੰਕਾਰ ਦਾ ਤਿਆਗ ਕਰਕੇ, ਇਉੰ ਜਿਉਂਦੇ ਜੀਅ ਮਰਨਾ ਹੀ ਮਨੁੱਖ ਜੀਵਨ ਦਾ ਮਕਸਦ ਹੈ। 4. ਐ !! ਸੁਆਮੀ, ਸਾਹਿਬ, ਜਗਦੀਸ਼, ਅਕਾਲ-ਪੁਰਖ ਵਾਹਿਗੁਰੂ ਜੀ, ਜੋ ਹੋ ਰਿਹਾ ਹੈ, ਉਹ ਤੁਹਾਡੇ ਬਣਾਏ ਅਟੱਲ ਵਿੱਧੀ-ਵਿਧਾਨ ਦੇ ਤਹਿਤ ਹੀ ਹੋ ਰਿਹਾ ਹੈ, ਹੋਰ ਦੂਜਾ ਕੋਈ ਐਸਾ ਨਹੀਂ ਕਰ ਸਕਦਾ। ਮਨ ਅੰਦਰ ਲਗਨ ਹੋਵੇ, ਭਾਵਨਾ ਹੋਵੇ ਤਾਂ ਹੀ ਸਤੋਗੁਣੀ ਗੁਣ ਲਏ ਜਾ ਕਸਦੇ ਹਨ ਮਿਲ ਸਕਦੇ ਹਨ। ਨਾਨਕ ਜੀ ਫੁਰਮਾਅ ਰਹੇ ਹਨ ਕੁੱਦਰਤ, ਸੁਆਮੀ, ਸਾਹਿਬ, ਜਗਦੀਸ਼, ਅਕਾਲ-ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਣਾ ਕਰੋ, ਭਾਵ ਸਿਫਤ ਸਾਲਾਹ ਵਾਲੇ ਗੁਣਾਂ ਦੇ ਅਨੁਸਾਰ ਮਨੁੱਖਾ ਜੀਵਨ ਜਿਉਂਣਾ ਕਰੋ।

. ਤੀਸਰਾ ਸਬਦ ਬਾਬਾ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੈ, ਜਿਸਦੀ ਰਹਉ ਵਾਲੀ ਪੰਖਤੀ ਹੈ; "ਐਸੇ ਘਰ ਹਮ ਬਹੁਤੁ ਬਸਾਏ॥ ਜਬ ਹਮ ਰਾਮ ਗਰਭ ਹੋਇ ਆਏ"॥ ੧॥ ਰਹਾਉ॥ . ਹੇ ! ਮੇਰੇ ਰਮੇ ਹੋਏ ਰਾਮ ਜੀ, ਮਾਤਾ ਦੇ ਗਰਭ ਦੇ ਰਾਂਹੀ ਮਨੁੱਖਾ ਜੀਵਨ ਵਿਚ ਆਉਂਣਾ ਕੀਤਾ ਤਾਂ ਅਸੀਂ ਇਸ ਤਰਾਂ ਦੇ ਘਰਾਂ/ਕਿਸਮਾਂ/ਜੋਨੀਆਂ ਬਾਰੇ ਬਹੁਤ ਸੋਚਣਾ ਵਿਚਾਰਨਾ ਵਸਾਉਣਾ ਬਨਾਉਣਾ ਕੀਤਾ। . ਕਿਸ ਤਰਾਂ ਦੇ ਘਰ/ਕਿਸਮਾਂ/ਜੋਨੀਆਂ ?? . ਅਸਥਾਵਰ – ਸਥਿਰ ਚੀਜ਼ਾਂ, . ਜੰਗਮ – ਤੁਰਨ ਵਾਲੇ ਪਸੂ-ਪੰਛੀ . ਕੀਟ – ਕੀੜੇ ਮਕੌੜੇ। . ਪਤੰਗਾ – ਖੰਬਾਂ ਵਾਲੇ ਕੀੜੇ। . ਹੋਰ ਬਹੁ ਰੰਗੀਆਂ ਕਿਸਮਾਂ/ਜੋਨੀਆਂ। . ਜੋਗੀ – ਜਪੀ – ਤਪੀ – ਬ੍ਰਹਮਚਾਰੀ, ਰਾਜੇ ਛੱਤ੍ਰਪੱਤ ਭੇਖਾਰੀ। **. ਸਤੋ ਗੁਣੀ ਪ੍ਰਭਾਵ ਹੇਠ ਜਿਉਂਣ ਵਾਲੇ ਹੀ ਸਚਿਆਰ ਜਾਗਦੀ ਜ਼ਮੀਰ ਵਾਲੇ ਜਿਉਂਦੇ ਹਨ ਅਤੇ ਸਾਕਤ ਆਤਮਿੱਕ ਮੌਤ ਮਰ ਜਾਂਦੇ ਹਨ। ਸਚਿਆਰਤਾ ਭਰੇ ਜੀਵਨ ਵਾਲਿਆਂ ਦੀ ਰਸਨਾ ਹੀ ਰਾਮ ਰਸਾਇਣ ਦਾ ਅਨੰਦ ਮਾਣਦੀ ਹੈ। ਭਾਵ ਸਤੋ ਗੁਣੀ ਗੁਣਾਂ ਨੂੰ ਧਾਰਨ ਕਰਕੇ ਸਚਿਆਰਤਾ ਵਾਲਾ ਜੀਵਨ ਜਿਉਂਦੇ ਹਨ।

** ਕਬੀਰ ਜੀ ! ਆਪਣੇ ਰਮੇ ਹੋਏ ‘ਰਾਮ’ ਜੀ ਨਾਲ ਆਪਾ ਜੋੜਦੇ ਆਪਣਾ ਆਪ ਸਮਰਪਣ ਕਰ ਰਹੇ ਹਨ ਕਿ ਮੈਨੂੰ ਆਪਣੇ ਗਿਆਨ-ਗੁਣਾਂ ਦੀ ਸੋਝੀ ਦੇਣਾ ਕਰੋ ਜੀ।

. ‘ਗੁਰਬਾਣੀ’ ਆਪਣੇ ਨਵੇਕਲੇ ਅੰਦਾਜ਼ ਵਿਚ ਪੁਨਰ ਜਨਮ ਨੂੰ ਨਕਾਰਦੀ ਹੈ। . ਜਿਹੜਾ ਜੀਵ ਜਿਸ ਵੀ ਖਾਣੀ ਦਾ ਹੈ, ਉਸੇ ਵਿਚ ਜੰਮਦਾ ਹੈ ਅਤੇ ਉਸੇ ਵਿਚ ਹੀ ਮਰਦਾ ਹੈ। ਅਰਬਾਂ-ਖਰਬਾਂ ਪਤੰਗਿਆਂ ਦਾ ਮਰਨਾ ਇਹ ਸਾਬਿਤ ਨਹੀਂ ਕਰਦਾ ਕਿ ਉਹਨਾਂ ਪਤੰਗਿਆ ਦੀ ਜੀਵ ਖੁਲਾਸੀ ਹੋ ਗਈ ਅਤੇ ਹੁਣ ਉਹ ਮਨੁੱਖ ਬਣ ਜਾਣਗੇ।

. ਮਨੁੱਖਾ ਦੇ ਪੂਰਬ ਜਨਮ ਅਤੇ ਪੁਨਰ-ਜਨਮ ਬਾਰੇ ਇਕ ਹਊਆ ਖੜਾ ਕੀਤਾ ਗਿਆ ਹੈ। ਜੋ ਕੱਟੜ ਧਾਰਮਿੱਕ ਮਨੁੱਖਾ ਨੂੰ ਹਮੇਸ਼ਾ ਡਰਾਉਂਦਾ ਹੈ ਅਤੇ ਡਰਾਉਂਦਾ ਰਹੇਗਾ ਕਿ ਮੈਂ ਫਲਾਂ- ਫਲਾਂ ਕੀੜਾ ਮਕੌੜਾ ਨਾ ਬਣ ਜਾਵਾਂ।


Manohar Singh Purewal

ਮੱਖਣ ਸਿੰਘ ਜੀ ਜੇ ਅਸੀਂ ਇਹ ਮੰਨਦੇ ਹਾਂ ਕਿ ਗੁਰਬਾਣੀ ਸਾਨੂੰ ਦੁਚਿੱਤੀ ਵਿੱਚ ਨਹੀਂ ਪਾਉਂਦੀ ਤਾਂ ਇਹ ਗੱਲ ਪੱਕੀ ਹੈ ਕਿ ਆਵਾਗੌਣ ਜਾਂ ਪਸ਼ੂਆਂ ਦੀਆਂ ਜੂਨਾਂ ਵਿੱਚ ਪੈਣਾ ਇਸ ਦਾ ਸਿਧਾਂਤ ਨਹੀਂ ਹੋ ਸਕਦਾ ਕਿਉਂਕਿ ਗੁਰਬਾਣੀ ਗਰੰਥ ਵਿੱਚ ਫ਼ਰੀਦ ਜੀ ਭੀ ਬੈਠੇ ਹਨ ਅਤੇ ਉਹ ਜੂਨਾਂ ਵਿੱਚ ਪੈਣ ਦੇ ਸਿਧਾਂਤ ਨੂੰ ਨਹੀਂ ਮੰਨਦੇ। ਉਹ ਮਰਨ ਤੋੰ ਬਾਅਦ ਰੂਹਾਂ ਦਾ ਕਬਰਾਂ ਵਿੱਚ ਬੈਠਣ ਦਾ ਜ਼ਿਕਰ ਕਰਦੇ ਹਨ-ਸਲੋਕ ਨੰ ੯੭। ਇਨਾਂ ਬਾਰੇ ਜੋ ਭੀ ਜ਼ਿਕਰ ਹਨ ਉਨਾਂ ਦੇ ਅੱਖਰੀ ਅਰਥ ਨਾ ਲੈਕੇ ਡੂੰਘੇ ਭਾਵ ਸਮਝਣ ਦੀ ਲੋੜ ਹੈ। ਗੁਰਬਾਣੀ ਵਿੱਚ ਸਮਝਣ ਲਈ ਸੇਧ-ਕਰਤੂਤਿ ਪਸੂ ਕੀ ਮਾਨਸ ਜਾਤਿ-੨੬੭ ਅਤੇ ਕੂਕਰ ਸੂਕਰ ਕਹੀਅਹਿ ਕੂੜਿਆਰਾ-੧੦੨੯ ਵਰਗੀਆਂ ਤੁਕਾਂ ਰਾਹੀਂ ਦਿਤੀ ਹੋਈ ਹੈ। ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ।ਜੈਸੇ ਸੂਕਰ ਸੁਆਨ ਮਾਨੋ ਤਾਹਿ ਤਨ-੧੪੨੮ ਵਿੱਚ ਤਾਂ ਬਿਲਕੁਲ ਹੀ ਸਾਫ ਹੈ।ਇੱਥੇ ਉਸ ਮਨੁਖ ਦੇ ਮਨੁੱਖਾ ਤਨ ਨੂੰ ਹੀ ਸੂਕਰ ਸੁਆਨ ਮੰਨਣ ਲਈ ਕਿਹਾ ਹੈ ਜਿਸਦੇ ਅੰਦਰ ਪ੍ਰਭੂ ਭਗਤੀ ਨਹੀਂ ਹੈ।ਜੇ ਅਸੀਂ ਖੁੱਲੇ ਮਨ ਰਾਹੀਂ ਵਿਚਾਰ ਕਰਾਂਗੇ ਤਾਂ ਮਸਲੇ ਨੂੰ ਸਾਫ਼ ਕਰਦੇ ਹੋਰ ਬਹੁਤ ਹਵਾਲੇ ਹਨ। ਦੂਸਰੀ ਗੱਲ ਇਹ ਹੈ ਕਿ ਜੇਕਰ ਅਸੀਂ ਮਨੁੱਖ ਦੇ ਗ਼ਲਤ ਕੰਮਾਂ ਕਰਕੇ ਪਸ਼ੂ ਜੂਨ ਵਿੱਚ ਪੈਣਾ ਮੰਨਾਂਗੇ ਤਾਂ ਮੰਨਣਾ ਪਵੇਗਾ ਕਿ ਇੰਨੀ ਬੁੱਧੀ ਇੰਨੇ ਧਰਮ ਗ੍ਰੰਥ ਅਤੇ ਧਰਮ ਗੁਰੂਆਂ ਦੇ ਹੁੰਦਿਆਂ ਹੋਇਆਂ ਭੀ ਅਸੀਂ ਬਚ ਨਹੀਂ ਸਕੇ।ਫਿਰ ਜੇ ਕੀੜੇ ਮਕੌੜੇ ਬਣ ਗਏ ਤਾਂ ਵਾਪਸ ਮਨੁੱਖ ਕਿਸ ਤਰਾਂ ਬਣਾਂਗੇ। ਕੀ ਇੱਕ ਵਾਰ ਗਲਤੀ ਕਰਨ ਕਰਕੇ ਸਦਾ ਸਦਾ ਲਈ ਗ਼ਰਕ ਜਾਵਾਂਗੇ? ਸਮਝਣ ਲਈ ਇੱਕ ਹੋਰ ਸੇਧ ਪੰਨਾ ੪੭੭ ਤੇ ਆਏ ਸ਼ਬਦ ਦੇ ਅਰਥ ਕਰਦਿਆਂ ਪ੍ਰੋ ਸਾਹਿਬ ਸਿੰਘ ਤੋਂ ਮਿਲਦੀ ਹੈ।ਕਿਹਾ ਹੈ:ਮਨ ਦੀਆਂ ਪਹਿਲੀਆਂ ਭੈੜੀਆਂ ਵਾਦੀਆਂ ਨੂੰ ਫੀਲ ਬਲਦ ਆਦਿਕ ਪਸ਼ੂਆਂ ਦੇ ਪ੍ਰਸਿੱਧ ਸੁਭਾਵਾਂ ਰਾਹੀਂ ਦਿਖਲਾਇਆ ਹੈ। ਉਸ ਥਾਂ ਹੀ ਹੋਰ ਕਿਹਾ ਹੈ:ਉਪਰ ਆਈਆਂ ਤਿ੍ਗਦ ਜੂਨੀਆਂ ਤੋਂ ਮਨ ਦੇ ਅਹੰਕਾਰ ਅਤਿ ਚਤੁਰਾਈ ਕਾਮ ਅਤੇ ਅਮੋੜਪੁਨਾ ਦੇ ਚਾਰੇ ਸੁਭਾ ਲੈਣੇ ਹਨ।ਜਦੋਂ ਅਸੀਂ ਆਪਣੇ ਖਿਆਲਾਂ ਨਾਲ ਲਿਖੀ ਫੱਟੀ ਨੂੰ ਪੂਰਨ ਤੌਰ ਤੇ ਸਾਫ ਕਰਕੇ ਸਿਰਫ ਗੁਰਬਾਣੀ ਦੇ ਸਿਧਾਂਤਾਂ ਨੂੰ ਪੂਰਨ ਤੌਰ ਤੇ ਸਮਝ ਕੇ ਵਿਚਾਰ ਬਣਾਵਾਂਗੇ ਤਾਂ ਸਾਫ ਜ਼ਾਹਰ ਹੋ ਜਾਏਗਾ ਕਿ ਸਮਾਜ ਵਿੱਚੋਂ ਹਰ ਤਰਾਂ ਦੀਆਂ ਚੱਲ ਰਹੀਆਂ ਗੱਲਾਂ ਦੇ ਹਵਾਲੇ ਸਾਨੂੰ ਆਪਣੇ ਆਪ ਨੂੰ ਸੁਧਾਰਨ ਲਈ ਹੀ ਦਿੱਤੇ ਹਨ। ਜੇ ਅਸੀਂ ਬਾਣੀ ਪੜ ਕੇ ਉਸਦੀ ਸਿੱਖਿਆ ਨਹੀਂ ਬੁੱਝੀ ਤਾਂ ਭੀ ਅਸੀਂ ਮਨੁੱਖਾ ਤਨ ਵਿੱਚ ਹੁੰਦੇ ਹੋਏ ਪਸ਼ੂ ਹੀ ਬਣੇ ਹੋਏ ਹਾਂ।ਸਚ ਮੁੱਚ ਦੇ ਪਸ਼ੂਆਂ ਦੀਆਂ ਗੱਲਾਂ ਕਰਨ ਦੀ ਥਾਂ ਸਾਨੂੰ ਉਹ ਗੱਲਾਂ ਲੱਭਣ ਦੀ ਲੋੜ੍ਹ ਹੈ ਜਿਨਾਂ ਨੇ ਮਨੁੱਖਾ ਦੇਹੀ ਵਿੱਚ ਰਹਿੰਦਿਆਂ ਨੂੰ ਸਾਨੂੰ ਪਸ਼ੂ ਬਣਾਇਆ ਹੋਇਆ ਹੈ।ਇਹ ਹਨ ਸਾਡਾ ਅਗਿਆਨੀ ਬਣੇ ਰਹਿ ਕੇ ਮਾਇਆ ਦੇ ਮੋਹ ਵਿੱਚ ਫਸੇ ਰਹਿਣਾ। ਜੇ ਕੋਈ ਜੂਨਾਂ ਵਿੱਚ ਪੈਣ ਦੇ ਵਿਚਾਰ ਤੇ ਟਿਕਿਆ ਰਹਿਣਾ ਚਾਹੁੰਦਾ ਹੈ ਤਾਂ ਇਹ ਭੀ ਉਸਦੀ ਮਰਜੀ ਹੈ ਕਿਉਂਕਿ ਛੁਟਕਾਰਾ ਤਾਂ ਸਭਨਾਂ ਦਾ ਇੱਕ ਹੀ ਕੰਮ ਰਾਹੀਂ ਹੋਣਾ ਹੈ ਅਤੇ ਉਹ ਹੈ ਬਾਣੀ ਦੀ ਪੂਰੀ ਸਿਖਿਆ ਨੂੰ ਪੂਰਨ ਤੌਰ ਤੇ ਸਮਝ ਕੇ ਪੂਰੀ ਤਰਾਂ ਅਪਣੀ ਜ਼ਿੰਦਗੀ ਵਿੱਚ ਢਾਲਣਾ। ਆਮ ਜਿੰਦਗੀ ਵਿੱਚ ਜੇ ਕੋਈ ਬੰਦਾ ਘਰੋਂ ਕੋਈ ਕੰਮ ਕਰਨ ਲਈ ਜਾਵੇ ਅਤੇ ਸਾਰਾ ਦਿਨ ਘੁੰਮ ਕੇ ਉਹ ਕੰਮ ਕਰਨ ਤੋਂ ਬਿਨਾਂ ਆ ਜਾਵੇ ਤਾਂ ਅਸੀਂ ਕਹਿੰਦੇ ਹਾਂ ਕਿ ਤੂੰ ਤਾਂ ਆਵਾਗਵਣ ਘੁੰਮ ਕੇ ਹੀ ਸਮਾਂ ਗੁਆ ਦਿੱਤਾ।ਜਦੋਂ ਬਾਣੀ ਆਵਾਗਵਣ ਦੀ ਗੱਲ ਕਰਦੀ ਹੈ ਤਾਂ ਉਹ ਸਾਨੂੰ ਲਗਾ ਕਿਤੁ ਕੁਫਕੜੈ ਸਭ ਮੁਕਦੀ ਚਲੀ ਰੈਣਿ ਦੀ ਯਾਦ ਹੀ ਦੁਆਉਣਾ ਚਾਹੁੰਦੀ ਹੈ। ਬਾਣੀ ਦੀਆਂ ਕਹੀਆਂ ਹੋਈਆਂ ਸਿੱਧੀਆਂ ਗੱਲਾਂ ਨੂੰ ਗੁੰਝਲਦਾਰ ਬਨਾਉਣ ਵਿੱਚ ਨੁਕਸਾਨ ਸਾਡਾ ਹੀ ਹੋਣਾ ਹੈ।ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਬਾਣੀ ਦੇ ਸਿਧਾਂਤ ਦੀ ਗੱਲ ਕਰਨ ਦੀ।ਹੋਰ ਬਹੁਤ ਹਵਾਲੇ ਦਿੱਤੇ ਜਾ ਸਕਦੇ ਹਨ ਪਰ ਸੇਧ ਲੈਣ ਲਈ ਇੱਕ ਭੀ ਬਹੁਤ ਹੁੰਦਾ ਹੈ।


ਦਰਸ਼ਨ ਸਿੰਘ ਵੂਲਵਰਹੇਪਟਨ

ਸਰੀਰਕ ਜੂਨਾਂ/ਜਨਮਾਂ ਤੇ ਉਹਨਾਂ ਦੇ ਸੰਤੁਲਨ ਦਾ ਫੈਸਲਾ ਕਰਤੇ ਦੇ ਹੱਥ ਹੈ ਤੇ ਇਸ ਵਿੱਚ ਕਿਸੇ ਦਾ ਕੋਈ ਦਖਲ ਨਹੀ ਹੋ ਸਕਦਾ। ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥ ਪੰਚ ਧਾਤੁ ਕਰਿ ਪੁਤਲਾ ਕੀਆ ॥ ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥1007 -- ਆਵਣੁ ਜਾਣਾ ਰਖੈ ਨ ਕੋਈ ॥ ਜੰਮਣੁ ਮਰਣੁ ਤਿਸੈ ਤੇ ਹੋਈ ॥1057 -- ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥ ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥281 -- ਸਭ ਦਿਸਦੇ ਜਾਂ ਅਨਦਿਸਦੇ ਦਾ ਸੰਤੁਲਨ ਉਸ ਦੇ ਥਾਪੇ ਨਿਯਮਾਂ ਅਨੁਸਾਰ ਹੀ ਹੁੰਦਾ ਹੈ। ਸ੍ਰਿਸ਼ਟੀ ਦਾ ਸੰਤੁਲਨ ਇਕ ਜੂਨ ਨੂੰ ਦੂਜੇ ਦੀ ਖੁਰਾਕ ਬਣਾ ਕੇ ਕੀਤਾ ਗਿਆ ਹੈ, ਅਗਰ ਕਿਸੇ ਜੂਨ ਦਾ ਫੈਲਾਉ ਵੱਧਦਾ ਹੈ ਤਾਂ (ਕਰਤੇ ਦੇ ਨਿਯਮਾਂ ਅਨੁਸਾਰ) ਉਸ ਦੇ ਨਾਸ ਹੋਣ ਦਾ ਕਾਰਨ ਵੀ ਪੈਦਾ ਹੋ ਜਾਂਦਾ ਹੈ। ਜਦੋਂ ਕਿਸੇ ਨੂੰ ਇਹ ਵੀ ਪਤਾ ਨਹੀ ਕਿ ਮਨੁੱਖ ਕਿੱਥੋਂ ਆਉਂਦਾ ਹੈ ਤੇ ਮੌਤ ੳਪਰੰਤ ਕਿਥੇ ਚਲਾ ਜਾਂਦਾ ਹੈ ਤਾਂ ਜੂਨਾਂ/ਜਨਮਾਂ ਬਾਰੇ ਕਿਵੇਂ ਕੁਛ ਕਿਹਾ ਜਾ ਸਕਦਾ ਹੈ ? ਇਸ ਲਈ ਜੋ ਜੂਨਾ ਜਨਮਾ ਦਾ ਵਰਨਨ ਹੈ ਉਹ ਵਰਤਮਾਨ ਜੀਵਨ ਦੇ ਮਨ ਦੀ ਸਤਿੱਥੀ ਨਾਲ ਹੀ ਸੰਬੰਧਿਤ ਹੋ ਸਕਦਾ ਹੈ। ਸਾਗਰ ਵਿੱਚ ਡਿੱਗੀ ਬੂੰਦ ਆਪਣੀ ਪਛਾਣ ਗਵਾ ਦਿੰਦੀ ਹੈ ਇਸ ਲਈ ਸਰੀਰ ਦੇ ਨਾਸ ਹੋਣ ਨਾਲ ਜੂਨ ਦੀ ਪਛਾਣ ਮਿਟ ਜਾਂਦੀ ਹੈ ਕਿਉੇਂਕਿ ਸਰੀਰ ਹੀ ਜੂਨ ਦੀ ਪਛਾਣ ਹੈ ਜੋ ਕਰਤੇ ਹੱਥ ਹੈ। ਇਹ ਇਕ ਸਚਾਈ ਹੈ ਕਿ ਇਕ ਜੂਨ ਤੋਂ ਉਹੀ ਜੂਨ ਪੈਦਾ ਹੁੰਦੀ ਹੈ ਜਿਵੇਂ ਮਨੁੱਖ ਤੋਂ ਮਨੁੱਖ, ਪਸੂਆਂ ਤੋਂ ਪਸੂ, ਪੰਛੀਆਂ ਤੋਂ ਪੰਛੀ ਤੇ ਕੀੜੇ ਮਕੌੜਿਆਂ ਤੋਂ ਕੀੜੇ ਮਕੌੜੇ ਅਤੇ ਇਹਨਾਂ ਜੂਨਾਂ ਦਾ ਜੀਵਨ, ਮੌਤ ਤੇ ਸੰਤੁਲਨ ਵੀ ਕਰਤੇ ਦੇ ਨਿਯਮਾ ਅਨੁਸਾਰ ਹੀ ਹੈ। ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥281 ਅਗਰ ਕ੍ਰਿਕਟ (ਟਿੱਡਿਆਂ) ਦੀ ਪਾਲ ਪੋਸਣਾ ਕਰਕੇ ਸੰਖਯਾ ਵਧਾ ਦਿੱਤੀ ਗਈ ਹੈ ਤਾਂ ਉਸ ਦੇ ਨਾਸ ਹੋਣ ਦਾ ਕਾਰਨ (ਆਟਾ ਬਣਨਾ) ਵੀ ਪੈਦਾ ਹੋ ਗਿਆ ਹੈ। ਸਮੇ ਦੀਆਂ ਪ੍ਰਾਚੀਨ ਤੇ ਪ੍ਰਚਲਤ ਮਾਣਤਾਵਾਂ (ਨਰਕ, ਬੈਕੁੰਠ, ਧਰਮਰਾਜ, ਚਿਤਰਗੁਪਤ, ਦੇਵੀ ਦੇਵਤਿਆਂ, ਆਵਾਗਉਣ - ਆਦਿ) ਦਾ ਗੁਰਬਾਣੀ ਵਿੱਚ ਜ਼ਿਕਰ ਜ਼ਰੂਰ ਹੈ ਪਰ ਇਹਨਾਂ ਨੂੰ ਸਵੀਕਾਰ ਨਹੀ ਕੀਤਾ ਗਿਆ ਕਿਉਂਕਿ ਇਹ ਖੇਡ ਸਭ ਕੇਵਲ ਕਰਤੇ ਦੇ ਹੱਥ ਹੀ ਹੈ। ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥ 11 ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ ॥ 223 ਅਤੀਤ ਸਵਾਰਿਆ ਨਹੀ ਜਾ ਸਕਦਾ, ਭਵਿੱਖ ਜਾਣਿਆ ਨਹੀ ਜਾ ਸਕਦਾ ਇਸ ਲਈ ਗੁਰਬਾਣੀ ਦਾ ਸਾਰਾ ਉਪਦੇਸ਼ ਵਰਤਮਾਨ ਸਮੇ (ਇਸੇ ਜੀਵਨ) ਨੂੰ ਸਵਾਰਨ ਲਈ ਹੀ ਹੈ। ਵਰਤਮਾਨ ਦਾ ਸਵਾਰਨਾ ਹੀ ਭਵਿੱਖ ਦਾ ਸਵਾਰਨਾ ਹੈ। ਆਵਾਗਉਣ ਦੀ ਮਨੌਤ ਦੇ ਵਿਚਾਰ ਤਾਂ ਵੱਖਰੇ ਹੋ ਸਕਦੇ ਹਨ ਪਰ ਦੋਨਾ ਦਾ ਹੱਲ ਗੁਰਬਾਣੀ ਤੇ ਚੱਲਣ ਨਾਲ ਹੀ ਹੋ ਸਕਦਾ ਹੈ।


Makhan Singh Purewal

ਹੁਣ ਤੱਕ ਜਿਹੜੇ ਪਾਠਕਾਂ/ਲੇਖਕਾਂ ਨੇ ਆਪਣੇ ਵਿਚਾਰ ਦਿੱਤੇ ਹਨ ਉਨ੍ਹਾਂ ਸਾਰਿਆਂ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਸ: ਹਾਕਮ ਸਿੰਘ ਜੀ ਦਾ। ਕਿਉਂਕਿ ਜੇ ਕਰ ਸਭ ਤੋਂ ਪਹਿਲਾਂ ਉਹ ਟਿੱਪਣੀ ਨਾ ਕਰਦੇ ਤਾਂ ਹੋ ਸਕਦਾ ਹੈ ਕਿ ਹੋਰ ਵੀ ਬਹੁਤਾ ਕੁੱਝ ਨਾ ਲਿਖਦੇ। ਪਰ ਹੁਣ ਤਾਂ ਟਿੱਪਣੀ ਕਰਨ ਦੀ ਬਿਜਾਏ ਤਕਰੀਬਨ ਸਾਰੇ ਜਣਿਆਂ ਨੇ ਇੱਕ ਕਿਸਮ ਦੇ ਲੇਖ ਹੀ ਲਿਖੇ ਹਨ। ਉਮੀਦ ਹੈ ਕਿ ਸਿੱਖ ਮਾਰਗ ਦੇ ਹਜ਼ਾਰਾਂ ਹੀ ਪਾਠਕ ਜਰੂਰ ਹੀ ਇਸ ਲੇਖ ਨਾਲ ਸੰਬੰਧਿਤ ਟਿੱਪਣੀ ਰੂਪੀ ਲੇਖਾਂ ਤੋਂ ਕੋਈ ਚੰਗੀ ਸੇਧ ਲੈਣਗੇ ਅਤੇ ਕਈਆਂ ਦੇ ਸ਼ੰਕੇ ਵੀ ਦੂਰ ਹੋਏ ਹੋਣਗੇ।


baldev singh toronto
ਗਉੜੀ ਗੁਆਰੇਰੀ ਮਹਲਾ ੫॥ ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧॥ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ ੧॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥ ੨॥ ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ ੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥ ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥ ੪॥ ੩॥ ੭੨॥ {ਪੰਨਾ ੧੭੬}
ਸਰਦਾਰ ਮੱਖਣ ਸਿੰਘ ਜੀ ਗੁਰਬਾਣੀ ਸਿਧਾਂਤ ਬੜਾ ਸਾਫ ਅਤੇ ਸਪਸਟ ਹੈ ਹਰੇਕ ਤਰ੍ਹਾਂ ਦੇ ਭਰਮ ਭੁਲੇਖੇ ਵਿੱਚੋ ਸਾਨੂੰ ਕੱਢਦਾ ਹੈ। ਪਰ ਅਫਸੋਸ ਇਹ ਭਰਮ ਅੱਜ ਵੀ ਜਿਉ ਦਾ ਤਿਉ ਹੀ ਖੜਾ ਹੈ, ਕੁਝ ਤਾਂ ਅਜਿਹੀ ਕਿਸਮ ਦੇ ਭਰਮਾ ਨੂੰ ਜਿਉ ਦੇ ਤਿਉ ਹੀ ਪਾਲੀ ਜਾਂਦੇ ਹਨ ਕਈ ਇਸ ਭਰਮ ਤੋਂ ਵੀ ਮੁਕਤ ਹਨ। ਕਈ ਇਸ ਉਪਰ ਦਿੱਤੇ ਸਬਦ ਨੂੰ ਜਸਟੀਫਾਈ ਕਰਨ ਲਈ ਇਹ ਕਹਿ ਦਿੰਦੇ ਹਨ ਕਿ ਇਸੇ ਜਨਮ ਵਿੱਚ ਹੀ ਮਨੁੱਖ ਇਹ ਸਾਰੀਆ ਜੂਨਾ ਭੋਗਦਾ ਹੈ। ਜਦੋਂ ਕਿ ਸਾਫ ਤੇ ਸਪਸਟ ਹੈ ਇਹ ਅੰਧਵਿਸਵਾਸ ਨੁਮਾ ਪਾਖੰਡ ਜਿਨ੍ਹਾਂ ਲੋਕਾਂ ਵਲੋਂ ਫੈਲਾਕੇ ਮਾਨਵਤਾ ਦਾ ਸੋਸਣ ਕੀਤਾ ਜਾਂਦਾ ਹੈ ਜਾ ਕੀਤਾ ਜਾ ਰਿਹਾ ਹੈ ਨੂੰ, ਇਸੇ ਹੀ ਸਬਦ ਅੰਦਰ “ਲਖ ਚਉਰਾਸੀਹ ਜੋਨਿ ਭ੍ਰਮਾਇਆ॥੨॥ ਤੋਂ ਭਾਵ ਇਹ ਹੈ ਕਿ ਦੰਬੀ ਕਿਸਮ ਦੇ ਲੋਕਾ ਨੇ ਲੋਕਾਈ ਨੂੰ ਚੌਰਾਸੀ ਲੱਖ ਜੂਨਾਂ ਦੇ ਭਰਮ ਅੰਦਰ ਭਰਮਾਇਆ ਹੋਇਆ ਹੈ ਅਤੇ ਭਰਮਾਇਆ ਜਾ ਰਿਹਾ ਹੈ। ਸਾਧਿਸੰਗਿ- ਜਿਨ੍ਹਾਂ ਅੰਦਰ ਸਿਧਾਰਵਾਦੀਆਂ ਦੀ ਸੰਗਤਿ ਕਰਕੇ, ਭਇਉ ਜਨਮੁ ਪਰਾਪਤਿ, ਇਸ ਗੁਰਮਤਿ ਵੀਚਾਰਧਾਰਾ ਦੀ ਪ੍ਰਾਪਤੀ ਦਾ ਜਨਮ/ਉਤਪਤ ਹੋਇਆ (ਉਨ੍ਹਾਂ ਨੇ ਆਖਿਆ) ਕਿ ਵਾਕਿਆ ਹੀ ਇਹ (ਚੌਰਾਸੀ ਲੱਖ) ਜੋਨ ਦਾ ਇਕ ਬੜਾ ਵੱਡਾ ਭਰਮ ਹੈ, ਜਿਸ ਵਿੱਚ ਲੋਕਾਈ ਨੂੰ ਭਰਮਾਇਆ ਜਾ ਰਿਹਾ ਹੈ। ਸੇਵਾ – ਨਿਰ ਸਵਾਰਥ, ਜਿਸ ਗੱਲ ਵਿੱਚ ਕੋਈ ਸਵਾਰਥ ਨਾ ਛੁੱਪਿਆ ਹੋਵੇ। ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ, ਹਰੇਕ ਨੂੰ ਇਸ ਗੁਰਮਤਿ ਵੀਚਾਰਧਾਰਾ ਨੂੰ ਭਜੁ/ਦ੍ਰਿੜ ਕਰਨਾ ਚਾਹੀਦਾ ਹੈ। (ਕਿਉਕਿ ਗੁਰਮਤਿ ਵੀਚਾਰਧਾਰਾ ਉਤਪਨ ਕਰਨ ਵਾਲਿਆ ਸਿਧਾਰਵਾਦੀਆਂ ਦਾ ਕੋਈ ਮਾਨਵਤਾ ਨੂੰ ਭਰਮ ਵਿੱਚ ਪਾਉਣ ਵਾਲਿਆ ਵਾਂਗ ਇਸ ਪਿਛੇ ਕੋਈ ਆਪਣਾ ਸਵਾਰਥ ਨਹੀਂ ਛੁਪਿਆ ਹੋਇਆ ਜਿਵੇਂ ਜੂਨਾਂ ਵਿੱਚ ਭਰਮਾਉਣ ਵਾਲਿਆ ਦਾ ਛੁੱਪਿਆ ਹੋਇਆਂ ਹੈ, ਉਹ ਲੋਕਾਈ ਨੂੰ ਭਰਮ ਵਿੱਚੋ ਕੱਢਣਾ ਚਾਹੁੰਦੇ ਹਨ ਅਤੇ ਲੋਕਾਂਈ ਨੂੰ ਇਸ ਭਰਮ ਵਿੱਚੋ ਬਾਹਰ ਆਉਣਾ ਚਾਹੀਦਾ ਹੈ)। ਤਿਆਗਿ ਮਾਨੁ ਝੂਠੁ ਅਭਿਮਾਨੁ॥ਜੀਵਤ ਮਰਹਿ ਦਰਗਹ ਪਰਵਾਨੁ॥ ਇਸ ਚੌਰਾਸੀ ਲੱਖ ਜੂਨ ਦੇ ਝੂਠੇ ਹੰਕਾਰ ਦਾ ਮਾਣ ਤਿਆਗਦੇ ਨਹੀ, ਜਿਊਦੇ (ਵੀਚਾਰਧਾਰਕ ਤੌਰ ਤੇ) ਮਰੇ ਹੋਇ ਹਨ ਅਤੇ (ਮਰਨ ਤੋਂ ਬਾਅਦ ਵਾਲੀ) ਦਰਗਹਿ ਪ੍ਰਵਾਣੁ ਹੋਣ ਦੀ ਦੀਆਂ ਗੱਲਾਂ ਕਰਦੇ, ਲੋਕਾਈ ਨੂੰ ਭਰਮ ਵਿੱਚ ਪਾਉਦੇ ਹਨ।




.