.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਮ ਦ੍ਰਿਸ਼ਟੀ

ਗੁਰਬਾਣੀ ਕਾਵਿਕ ਰੂਪ ਵਿੱਚ ਹੈ ਤੇ ਕਵਿਤਾ ਨੂੰ ਸਮਝਣ ਲਈ ਪਦ ਅਰਥ, ਤੁਕ ਅਰਥ ਤੇ ਨਾਲ ਨਾਲ ਭਾਵ ਅਰਥਾਂ ਨੂੰ ਵੀ ਸਮਝਣਾ ਪਏਗਾ। ਜੇ ਕਰ ਅਸੀਂ ਕੇਵਲ ਅੱਖਰੀਂ ਅਰਥਾਂ ਤਕ ਹੀ ਸੀਮਤ ਰਹਿੰਦੇ ਹਾਂ ਤਾਂ ਸਾਡੇ ਜੀਵਨ ਦੀ ਆਤਮਕ, ਪਰਵਾਰਕ, ਸਮਾਜਕ, ਰਾਜਨੀਤਕਿ ਅਤੇ ਸਵੈ ਪੜਚੋਲ ਨਹੀਂ ਹੋ ਸਕਦੀ। ਏਸੇ ਤਰ੍ਹਾਂ ਸੰਤ ਸ਼ਬਦ ਜਦੋਂ ਵੀ ਗੁਰਬਾਣੀ ਵਿੱਚ ਆਇਆ ਤਾਂ ਅਸਾਂ ਕੇਵਲ ਇੱਕ ਹੀ ਪ੍ਰਭਾਵ ਕਬੂਲਿਆ ਹੈ ਕਿ ਸ਼ਾਇਦ ਕੋਈ ਚੋਲ਼ੇ ਵਾਲਾ ਜਾਂ ਜਿਸ ਨੇ ਕੋਈ ਖਾਸ ਕਿਸਮ ਦਾ ਲਿਬਾਸ ਪਹਿਨਿਆ ਹੋਵੇ ਉਹ ਸੰਤ, ਬ੍ਰਹਮ ਗਿਆਨੀ ਜਾਂ ਪਹੁੰਚਿਆ ਹੋਇਆ ਕਰਨੀ ਵਾਲਾ ਦੇਵਤਾ ਹੋਣਾ ਏਂ ਜਿਹੜਾ ਰੱਬ ਦੇ ਬਹੁਤ ਨੇੜੇ ਹੈ ਤੇ ਉਹ ਮੰਤਰ ਮਾਰ ਕੇ ਸਾਡੇ ਸਭ ਦੇ ਵਿਗੜੇ ਤਿਗੜੇ ਕੰਮ ਸਵਾਰ ਦੇਂਦਾ ਹੈ। ਗੁਰਬਾਣੀ ਦੇ ਕਿਸੇ ਵੀ ਸ਼ਬਦ ਦੀ ਵਿਚਾਰ ਕਰਨੀ ਹੈ ਤਾਂ ਚਲ ਰਹੇ ਪ੍ਰਕਰਣ ਅਨੁਸਾਰ ਹੀ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ‘ਕਰ’ ਸ਼ਬਦ ਹੱਥ, ਪੰਜ ਫੁੱਟ ਦੀ ਕਰਮ, ਟੈਕਸ ਆਦਿ ਦੇ ਪ੍ਰਕਰਣ ਅਨੁਸਾਰ ਸਮਝ ਕੇ ਅਰਥ ਕਰਨ ਪੈਣਗੇ। ਏਸੇ ਤਰ੍ਹਾਂ ਸੰਤ ਸ਼ਬਦ ਕਿਸੇ ਖਾਸ ਲਿਬਾਸ ਲਈ ਨਹੀਂ ਸਗੋਂ ਗਿਆਨ-ਗੁਰੂ, ਰੱਬ ਤੇ ਸਮ ਦ੍ਰਿਸ਼ਟੀ ਲਈ ਆਇਆ ਹੈ। ਸੰਤ ਸ਼ਬਦ ਉੱਚੇ ਸੁੱਚੇ ਜੀਵਨ ਦਾ ਲਖਾਇਕ ਹੈ ਤੇ ਐਸੀ ਸੂਝ ਦਾ ਨਾਂ ਸੰਤ ਹੈ ਜਿਸ ਵਿੱਚ ਸਮਦ੍ਰਿਸ਼ਟੀ ਦੀ ਪ੍ਰਬਲ਼ਤਾ ਹੁੰਦੀ ਹੈ। ਗੁਰੂ ਕਾਲ ਵਿੱਚ ਕਿਸੇ ਵੀ ਸਿੱਖ ਦੇ ਨਾਂ ਨਾਲ ਸ਼ਬਦ ਦੀ ਵਰਤੋਂ ਨਹੀਂ ਹੋਈ---
ਸਹਣ ਸੀਲ ਸੰਤੰ, ਸਮ ਮਿਤ੍ਰਸ੍ਯ੍ਯ ਦੁਰਜਨਹ॥
ਨਾਨਕ ਭੋਜਨ ਅਨਿਕ ਪ੍ਰਕਾਰੇਣ, ਨਿੰਦਕ ਆਵਧ ਹੋਇ ਉਪਤਿਸਟਤੇ॥ ੨੭॥
ਅੱਖਰੀਂ ਅਰਥ--— ਸੰਤ ਜਨਾਂ ਨੂੰ ਮਿਤ੍ਰ ਅਤੇ ਦੁਰਜਨ ਇੱਕ-ਸਮਾਨ ਹੁੰਦੇ ਹਨ। ਦੂਜਿਆਂ ਦੀ ਵਧੀਕੀ ਨੂੰ ਸਹਾਰਨਾ—ਇਹ ਉਹਨਾਂ ਦਾ ਸੁਭਾਉ ਬਣ ਜਾਂਦਾ ਹੈ। ਹੇ ਨਾਨਕ! ਮਿਤ੍ਰ ਤਾਂ ਅਨੇਕਾਂ ਕਿਸਮਾਂ ਦੇ ਭੋਜਨ ਲੈ ਕੇ, ਪਰ ਨਿੰਦਕ (ਉਹਨਾਂ ਨੂੰ ਮਾਰਨ ਵਾਸਤੇ) ਸ਼ਸਤ੍ਰ ਲੈ ਕੇ ਉਹਨਾਂ ਪਾਸ ਜਾਂਦੇ ਹਨ (ਉਹ ਦੋਹਾਂ ਨੂੰ ਪਿਆਰ ਦੀ ਦਿਸ਼੍ਰਟੀ ਨਾਲ ਤੱਕਦੇ ਹਨ)।
ਵਿਚਾਰ ਚਰਚਾ-
੧ ਗੁਰਬਾਣੀ ਵਿੱਚ ਸੰਤ ਸ਼ਬਦ ਪਰਕਰਣ ਅਨੁਸਾਰ ਰੱਬ, ਗੁਰੂ-ਗਿਆਨ, ਸਮੁੱਚੇ ਜਗਿਆਸੂਆਂ, ਵਿਸ਼ਾ ਮਾਹਰ ਤੇ ਭੇਖੀਆਂ ਪਾਖੰਡੀਆਂ ਸੰਤਾਂ ਲਈ ਵਰਤਿਆ ਗਿਆ ਹੈ।
੨ ਸੰਤ ਸ਼ਬਦ ਦੀ ਵਰਤੋਂ ਗੁਰੂ ਕਾਲ ਵਿੱਚ ਕਿਸੇ ਮਨੁੱਖ ਨਾਲ ਨਹੀਂ ਹੋਈ। ਊਂ ਭੇਖੀ ਸਾਧਾਂ ਲਈ ਜਾਂ ਆਮ ਭਾਰਤ ਵਿੱਚ ਫਿਰਦੇ ਰਮਤਿਆਂ ਲਈ ਵਰਤਿਆ ਗਿਆ ਮਿਲਦਾ ਹੈ।
੩ ਇੰਝ ਵੀ ਕਹਿਆ ਜਾ ਸਕਦਾ ਹੈ ਕਿ ੧੯੧੦ ਤੱਕ ਸਿੱਖੀ ਦੇ ਵਿਹੜੇ ਵਿੱਚ ਕਿਸੇ ਵੀ ਲਿਖਤ ਵਿਚੋਂ ਸੰਤ ਸ਼ਬਦ ਦੀ ਵਰਤੋਂ ਕਿਸੇ ਵੀ ਸਿੱਖ ਨਾਲ ਹੋਈ ਨਹੀਂ ਮਿਲਦੀ।
੪ ਸੰਤ ਸ਼ਬਦ ਕਿਸੇ ਖਾਸ ਕਿਸਮ ਦੇ ਪਹਿਰਾਵੇ ਲਈ ਨਹੀਂ ਵਰਤਿਆ ਗਿਆ।
੫ ਪਿੱਛਲੀ ਇੱਕ ਸਦੀ ਤੋਂ ਲੈ ਕੇ ਅਜੋਕੇ ਸਮੇਂ ਤਕ ਸਾਧਾਂ ਨੇ ਸਿੱਖੀ ਦੀ ਜਿਹੜੀ ਰੂਪ ਰੇਖਾ ਘੜੀ ਹੈ ਉਸ ਵਿਚੋਂ ਅਣਖ, ਗੈਰਤ, ਸੂਰਮਗਤੀ, ਇਨਕਲਾਬੀ ਸੋਚ ਨੂੰ ਖਤਮ ਹੀ ਨਹੀਂ ਕੀਤਾ ਸਗੋਂ ਮਾਨਸਕ ਵਿਕਾਸ ਵਿੱਚ ਵੱਡੀ ਰੁਕਾਵਟ ਖੜੀ ਵੀ ਕੀਤੀ ਗਈ ਹੈ।
੬ ਸੰਤ ਇੱਕ ਅਜੇਹੇ ਗਿਆਨ ਰੂਪੀ ਕਿਰਦਾਰ ਦਾ ਨਾਂ ਹੈ ਜਿਹੜਾ ਭੈੜੀ ਮਤ ਵਾਲੇ ਨੂੰ ਪਿਆਰ ਗਲਵੱਕੜੀ ਵਿੱਚ ਲੈ ਕੇ ਉਸ ਦਾ ਸੁਧਾਰ ਕਰਦਾ ਹੈ ਤੇ ਆਪਣਿਆਂ ਮਿੱਤਰਾਂ ਨੂੰ ਸੰਸਾਰ ਦੇ ਭਲੇ ਲਈ ਤੋਰਦਾ ਹੈ।
੭ ਸੰਤ ਭਾਵ ਗੁਰ-ਗਿਆਨ ਦੂਜਿਆਂ ਦੀਆਂ ਵਧੀਕੀਆਂ ਸਹਾਰਨ ਦੀ ਜਾਚ ਦਸਦਾ ਹੈ ਭਾਵ ਦੂਸਰੇ ਦੀ ਗੱਲ ਨੂੰ ਧਿਆਨ ਪੂਰਵਕ ਸੁਣਨ ਦੀ ਪ੍ਰੇਰਨਾ ਦੇਂਦਾ ਹੈ। ਜੇ ਗੱਲ ਨੂੰ ਸਹਾਰੇਗਾ ਤਾਂ ਹੀ ਉਹ ਦੂਜਿਆਂ ਦੀ ਗੱਲ ਨੂੰ ਧਿਆਨ ਨਾਲ ਵੀ ਸੁਣੇਗਾ।
੮ ਜਿਸ ਤਰ੍ਹਾਂ ਖੁਲ੍ਹਾ ਪਾਣੀ ਤਬਾਹੀ ਮਚਾਉਂਦਾ ਪਰ ਜੇ ਉਸ ਨੂੰ ਬੰਨ੍ਹ ਮਾਰ ਕੇ ਸਾਂਭ ਸੰਭਾਲ਼ ਕੀਤੀ ਜਾਏ ਤਾਂ ਬਿਜਲੀ ਪੈਦਾ ਕਰਦਾ ਹੈ ਓੱਥੇ ਖੇਤੀ ਸਿੰਝਣ ਦਾ ਕੰਮ ਵੀ ਆਉਂਦਾ ਹੈ।
੯ ਗੁਰ-ਗਿਆਨ (ਸੰਤ) ਸਭ ਨੂੰ ਬਰਾਬਰਤਾ ਦਾ ਉਪਦੇਸ਼ ਦੇਂਦਾ ਹੈ। ਏੱਥੇ ਇਹ ਨਹੀਂ ਕਿ ਕੋਈ ਸੋਨਾ ਚੜ੍ਹਾ ਦੇਵੇ ਤੇ ਇਹ ਕਹੇ ਕਿ ਮੈਂ ਧਰਮ ਬਣ ਗਿਆ ਹਾਂ। ਇਹ ਸੋਚ ਪ੍ਰਵਾਨ ਨਹੀਂ ਹੋ ਸਕਦੀ ਜਿੰਨ੍ਹਾਂ ਚਿਰ ਆਪਣਾ ਸੁਭਾਅ ਨਹੀਂ ਬਦਲਦਾ। ਗੁਰ-ਗਿਆਨ ਅਜੇਹੀ ਸੋਚ ਹੈ ਜਿਹੜੀ ਹਰੇਕ ਵਰਗ ਨੂੰ ਆਪਣਾ ਜੀਵਨ ਸੁਧਾਰਨ ਅਤੇ ਸਮਾਜ ਭਲਾਈ ਦੇ ਕੰਮ ਕਰਨ ਦੀ ਪ੍ਰ੍ਰੇਰਨਾ ਦੇਂਦੀ ਹੈ।
੧੦ ਐਸੀ ਸੋਚ ਰੱਖ ਕੇ ਇਸ ਰਾਹ `ਤੇ ਚੱਲਣ ਵਾਲਾ ਹੀ ਰੱਬ ਦਾ ਨਾਮ ਜੱਪ ਰਿਹਾ ਹੈ।
੧੧ ਸਮ ਦਿਸ਼ਟੀ ਰੱਖਣ ਵਾਲੇ ਕਿਰਦਾਰ ਨੂੰ ਹੀ ਸੰਤ ਭਾਵ ਚੰਗਾ ਇਨਸਾਨ ਕਹਿਆ ਗਇਆ ਹੈ। ਸੰਤ ਸ਼ਬਦ ਉਸ ਅਧਿਆਪਕ ਦੀ ਘਾੜਤ ਘੜਦਾ ਹੈ ਜਿਹੜਾ ਬਿਨਾ ਭਿੰਨ੍ਹ ਭਾਵ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇਂਦਾ ਹੈ।
ਸੰਤ ਰਹਤ ਸੁਨਹੁ ਮੇਰੇ ਭਾਈ॥
ਉਆ ਕੀ ਮਹਿਮਾ ਕਥਨੁ ਨ ਜਾਈ॥ ੧॥ ਰਹਾਉ॥
ਵਰਤਣਿ ਜਾ ਕੈ ਕੇਵਲ ਨਾਮ॥
ਅਨਦ ਰੂਪ ਕੀਰਤਨੁ ਬਿਸ੍ਰਾਮ॥
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ॥
ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ॥ ੨॥
ਆਸਾ ਮਹਲਾ ੫ ਪੰਨਾ ੩੯੨




.