.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:05)

ਵੀਰ ਭੁਪਿੰਦਰ ਸਿੰਘ

21. ਸੱਜਣ-ਮਿੱਤਰ:

ਸਰੀਰਕ ਤਲ ਉੱਤੇ ਜੋ ਸਾਡੇ ਸੱਜਣ-ਮਿੱਤਰ ਹੁੰਦੇ ਹਨ, ਉਹ ਸਭ ਜਗ੍ਹਾ ਸਾਡੇ ਨਾਲ ਨਹੀਂ ਜਾ ਸਕਦੇ। ਸਤਿਗੁਰ ਦੀ ਮਤ ਵਾਲੇ (ਰੱਬੀ ਗੁਣਾਂ ਵਾਲੇ) ਮਨ ਦੇ ਸੱਜਣ-ਮਿੱਤਰ ਚੰਗੇ ਗੁਣ ਹੁੰਦੇ ਹਨ, ਜੋ ਬਿਨਾ ਕਿਸੇ ਰੁਕਾਵਟ ਤੋਂ ਹਰ ਥਾਂ, ਹਰ ਵੇਲੇ ਨਾਲ ਹੁੰਦੇ ਹਨ। ਚੰਗੇ ਗੁਣਾਂ ਦੀ ਪ੍ਰਾਪਤੀ ਸ਼ਬਦ (ਗਿਆਨ) ਗੁਰੂ ਤੋਂ ਹੁੰਦੀ ਹੈ। ਜਦੋਂ ਚੰਗੇ-ਚੰਗੇ ਗੁਣਾਂ ਅਤੇ ਖਿਆਲਾਂ ਦੀ ਪ੍ਰਾਪਤੀ ਹੁੰਦੀ ਹੈ ਤਾਂ ਮਨ ਦੇ ਮੰਦੇ, ਅਵਗੁਣੀ ਖਿਆਲ ਮੁਕਦੇ ਹਨ, ਦੁਰਮਤ ਦੂਰ ਹੁੰਦੀ ਹੈ। ਗੁਰਬਾਣੀ ਕਹਿੰਦੀ ਹੈ,

ਜਿਨਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ (ਗੁਰੂ ਗ੍ਰੰਥ ਸਾਹਿਬ, ਪੰਨਾ 520)

22. ਲਿਖੇ ਲੇਖ ਭੋਗਣਾ:

ਸਾਡਾ ਮਨ ਨਿਰੰਤਰ (ਹਰੇਕ ਸਮੇਂ) ਨਵੇਂ-ਨਵੇਂ ਸੰਸਕਾਰ ਵੇਖ-ਸੁਣ ਕੇ ਮਹਿਸੂਸ ਕਰਦਾ ਹੈ ਅਤੇ ਨਿਤ ਨਵੇਂ-ਨਵੇਂ ਖਿਆਲਾਂ ਦਾ ਤਾਣਾ ਬੁਣਦਾ ਰਹਿੰਦਾ ਹੈ। ਸਿੱਟੇ ਵਜੋਂ ਸਾਡਾ ਕਿਰਦਾਰ ਉਸੀ ਤਰਾਂ ਬਣਦਾ ਜਾਂਦਾ ਹੈ ਜੈਸੇ ਲੇਖਾਂ (ਤਾਣੇ-ਬਾਣੇ) ਦਾ ਲੇਖ ਸਾਡਾ ਮਨ, ਸਾਡੀ ਮੱਤ ਉਤੇ ਲਿਖਦਾ ਜਾਂਦਾ ਹੈ। ਜਿਸ ਤਰ੍ਹਾਂ ਦੇ ਖਿਆਲਾਂ ਅਨੁਸਾਰ ਅਸੀਂ ਅਮਲੀ ਜੀਵਨ ਜਿਊਂਦੇ ਹਾਂ, ਉਨ੍ਹਾ ਦਾ ਚੰਗਾ, ਮੰਦਾ ਅਸਰ ਸਾਨੂੰ ਹੀ ਭੁਗਤਣਾ ਪੈਂਦਾ ਹੈ। ਇਸੇ ਨੂੰ ਹੀ ਲਿਖੇ ਲੇਖ (as you sow, so shall you reap) ਭੁਗਤਣਾ ਕਹਿੰਦੇ ਹਨ।

23. ਲਿਖਿਆ ਟਾਲਣਾ (ਰੱਬੀ ਰਜ਼ਾ ਤੋਂ ਉਲਟ ਚਲੀ ਜਾਣਾ):

ਮਨ ਦੀ ਜੈਸੀ ਮੱਤ ਹੁੰਦੀ ਹੈ ਵੈਸੀ ਹੀ ਸੁਰਤ, ਮੱਤ ਅਤੇ ਬੁੱਧੀ ਬਣ ਜਾਂਦੀ ਹੈ। ਇਸੇ ਮੁਤਾਬਕ ਅਸੀਂ ਸਰੀਰਕ ਕਰਮ ਕਰਦੇ ਹਾਂ। ਅਸੀਂ ਖਿਆਲਾਂ ਅਨੁਸਾਰ ਜੋ ਕਰਮ ਕਰਦੇ ਰਹਿੰਦੇ ਹਾਂ ਉਨ੍ਹਾਂ ਦੇ ਚੰਗੇ-ਮੰਦੇ ਨਤੀਜੇ ਨਿਕਲਦੇ ਹਨ। ਗੁਰਬਾਣੀ ਕਹਿੰਦੀ ਹੈ ਕਿ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਅਸੀਂ ਆਪਣੇ ਮੰਦੇ ਖਿਆਲਾਂ ਕਾਰਨ ਜੋ ਕਰਮ ਜਾਣੇ-ਅਨਜਾਣੇ ਕਰਦੇ ਹਾਂ, ਉਨ੍ਹਾਂ ਦੇ ਗਲਤ ਸਿੱਟੇ ਤੋਂ ਮੁਨਕਰ ਨਹੀਂ ਹੋ ਸਕਦੇ ਹਾਂ। ਪਰ ਸਾਨੂੰ ਆਪਣੇ ਮਾੜੇ ਖਿਆਲਾਂ ਕਾਰਨ ਜੋ ਭੁਗਤਣਾ ਪੈਂਦਾ ਹੈ, ਉਹ ਸਾਨੂੰ ਚੰਗਾ ਨਹੀਂ ਲਗਦਾ। ‘ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥’ ਦਾ ਅਟੱਲ ਨਿਯਮ ਹੈ। ਅਸੀਂ ਭਰਮ ਅਗਿਆਨਤਾ ਕਾਰਨ ਪਿਛਲੇ ਜਨਮ ਦੇ ਮੱਥੇ ਲਿਖੇ ਭਾਗ ਸਮਝ ਕੇ ਅਸਲੀਅਤ ਤੋਂ ਮੁਨਕਰ ਹੋ ਜਾਂਦੇ ਹਾਂ। ਦਰਅਸਲ ਆਪਣੀ ਗਲਤੀ ਨੂੰ ਮਹਿਸੂਸ ਨਾ ਕਰਨਾ ਅਤੇ ਨਿਕਲੇ ਗਲਤ ਸਿੱਟੇ ਨੂੰ ਨਾ ਮੰਨਣਾ ਹੀ ‘ਲਿਖਿਆ ਟਾਲਣਾ’ ਕਹਿਲਾਉਂਦਾ ਹੈ।

24.  ਦਮੜਾ ਜਾਂ ਟਕਾ ਪੱਲੇ ਨ ਹੋਣਾ:

ਚੰਗੇ ਗੁਣਾਂ ਨੂੰ ਵਰਤਣ ਵਾਲੀ ਉੱਚੀ ਸੁਰਤ, ਮੱਤ, ਮਨ ਅਤੇ ਬੁੱਧੀ ਦਾ ਨਾ ਹੋਣਾ। ਸਾਡੇ ਕੋਲ ਕੁਮੱਤ ਰੂਪੀ ਕੂੜਾ (ਕਾਚਾ ਧੰਨ) ਹੁੰਦਾ ਹੈ, ਜੋ ਸਾਨੂੰ ਕੀਮਤੀ ਰੱਬੀ ਗੁਣਾਂ ਨਾਲ ਜਿਊਣ ਨਹੀਂ ਦੇਂਦਾ। ਸਿੱਟੇ ਵਜੋਂ ਸਾਡੀ ਜੀਵਨੀ ’ਚੋ ਆਨੰਦ, ਖੇੜਾ, ਖੁਸ਼ੀ ਮੁੱਕ ਜਾਂਦਾ ਹੈ। ਜੀਵਨ ’ਚ ਬੇਚੈਨੀ, ਤੌਖਲਾ, ਡਰ, ਚਿੰਤਾ ਅਤੇ ਫਿਕਰ ਵੱਧਦੇ ਜਾਂਦੇ ਹਨ। ਅਸੀਂ ਚੰਗੇ ਗੁਣਾਂ ਵਲੋਂ ਕੰਗਾਲ ਹੁੰਦੇ ਜਾਂਦੇ ਹਾਂ। ਵਿਕਾਰ ਜਮ ਸਾਡਾ ਰੱਬੀ ਗੁਣਾਂ ਦਾ ਖਜ਼ਾਨਾ ਲੁੱਟ ਲੈਂਦੇ ਹਨ। ਇਹੋ ਅਵਸਥਾ ‘ਦਮੜਾ (ਟਕਾ) ਪੱਲੇ ਨਾ ਹੋਣਾ’ ਜਾਂ ਕੰਗਾਲ ਹੋਣਾ ਕਹਿਲਾਉਂਦੀ ਹੈ। ਗੁਰਬਾਣੀ ਕਹਿੰਦੀ ਹੈ,

ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥ ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥ (ਗੁਰੂ ਗ੍ਰੰਥ ਸਾਹਿਬ, ਪੰਨਾ 70)

25. ਲਿਖੇ ਨੂੰ ਰੋਣਾ (ਭੈੜੀ ਕਿਸਮਤ ਨੂੰ ਕੋਸਣਾ):

ਮਨ ਕੀ ਮੱਤ ਨਾਲ ਇਕੱਠੇ ਕੀਤੇ ਮੰਦੇ ਖਿਆਲਾਂ ਕਾਰਨ ਜੋ ਮੰਦੇ ਨਤੀਜੇ ਨਿਕਲਦੇ ਹਨ, ਉਨ੍ਹਾਂ ਨੂੰ ਭੁਗਤਣ ਵੇਲੇ ਰੋਈ ਜਾਣਾ। ਮਨੁੱਖ ਆਪਣੇ ਲਈ ਆਪ ਹੀ ਗੁਨਾਹਾਂ ਦੇ ਬੀਜ ਬੀਜਦਾ ਹੈ ਪਰ ਬਦਲੇ ’ਚ ਚੰਗੀ ਫਸਲ ਦੀ ਉਮੀਦ ਕਰਦਾ ਹੈ। ਮੰਦੀ ਫਸਲ ਉੱਗਣ ਉੱਤੇ, ਆਪਣੀ ਗਲਤੀ ਨੂੰ ਸਮਝੇ-ਵਿਚਾਰੇ ਬਿਨਾ ਕਿਸਮਤ ਦੇ ਮੱਥੇ ਮੜ ਕੇ ਰੋਈ ਜਾਂਦਾ ਹੈ। ਇਸੇ ਨੂੰ ‘ਲਿਖੇ ਨੂੰ ਰੋਣਾ’ ਕਹਿੰਦੇ ਹਨ। ਗੁਰਬਾਣੀ ਕਹਿੰਦੀ ਹੈ, ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1379)




.