.

ਤੁਹਾਡਾ ਨਹੀਂ ਬਈ ਇਹ ਤਾਂ ਵਿਸ਼ਨੂੰ ਦਾ

ਹਫਤਾ ਕੁ ਪਹਿਲਾਂ ਜਿਸ ਦਿਨ ਕਰਤਾਰਪੁਰ ਦਾ ਲਾਂਘਾ ਖੁੱਲਿਆ ਸੀ ਉਸੇ ਦਿਨ ਇੰਡੀਆ ਦੀ ਸਪਰੀਪ ਕੋਰਟ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਥਾਂ ਦਾ ਜੋ ਕੇਸ ਚੱਲਦਾ ਪਿਆ ਸੀ, ਉਸ ਦਾ ਫੈਸਲਾ ਸੁਣਾਇਆ ਸੀ। ਇਹ ਇਤਫਾਕ ਹੀ ਸੀ ਜਾਂ ਜਾਣ ਬੁੱਝ ਕੇ ਇਸ ਦਿਨ ਨੂੰ ਚੁਣਿਆ ਗਿਆ ਸੀ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਇੱਕ ਪਾਸੇ ਤਾਂ ਸਿੱਖ ਖੁਸ਼ੀਆਂ ਮਨਾ ਰਹੇ ਸਨ ਅਤੇ ਦੂਸਰੇ ਪਾਸੇ ਕੁੱਝ ਚਿੰਤਕ ਸੋਚਾਂ ਵਿੱਚ ਪੈ ਰਹੇ ਸਨ ਕਿ ਜੋ ਫੈਸਲਾ ਸਣਾਉਣ ਵਿੱਚ ਸਬੂਤ ਵਰਤੇ ਗਏ ਹਨ ਉਹ ਗੁਰੂ ਨਾਨਾਕ ਨੂੰ ਰਾਮ ਚੰਦਰ ਦਾ ਸ਼ਰਧਾਲੂ ਦੱਸ ਰਹੇ ਹਨ। ਜਿਨ੍ਹਾਂ ਜਨਮ ਸਾਖੀਆਂ ਦਾ ਸਹਾਰਾ ਲੈ ਕੈ ਇਹ ਫੈਸਲਾ ਲਿਆ ਗਿਆ ਹੈ ਉਨ੍ਹਾਂ ਵਿੱਚ ਤਾਂ ਸ਼ਾਇਦ ਨਾਮ ਮਾਤਰ ਵੀ ਸਚਾਈ ਨਾ ਹੋਵੇ। ਪਰ ਜਿਨ੍ਹਾਂ ਕਥਿਤ ਗ੍ਰੰਥਾਂ ਨੂੰ ਸਿੱਖ ਸਿਰਾਂ ਤੇ ਚੁੱਕੀ ਫਿਰਦੇ ਹਨ ਉਨ੍ਹਾਂ ਵਿੱਚ ਤਾਂ ਅਕੱਟ ਸਬੂਤ ਭਰੇ ਪਏ ਹਨ। ਜੇ ਕਰ ਕਿਸੇ ਨੇ ਉਨ੍ਹਾਂ ਸਬੂਤਾਂ ਦੇ ਅਧਾਰ ਤੇ ਸੁਪਰੀਮ ਕੋਰਟ ਵਿੱਚ ਕੇਸ ਕਰ ਦਿੱਤਾ ਫਿਰ ਸਿੱਖ ਕੀ ਕਰਨਗੇ? ਤਾਂ ਕੀ ਫਿਰ ਸਿੱਖਾਂ ਦੇ ਵਿਦਵਾਨਾ ਨੂੰ ਆਰ. ਐੱਸ. ਐੱਸ. ਦੇ ਹੱਕ ਵਿੱਚ ਨਹੀਂ ਭੁਗਤਣਾ ਚਾਹੀਦਾ? ਜੇ ਕਰ ਨਹੀਂ ਤਾਂ ਕਿਉਂ ਨਹੀਂ? ਜੇ ਕਰ ਹੁਣ ਤਕਰੀਬਨ ਸਾਰੇ ਹੀ ਭੁਗਤਦੇ ਹਨ ਤਾਂ ਫਿਰ ਇਤਰਾਜ਼ ਕਿਉਂ?

ਅੱਜ ਤੱਕ ਮੈਨੂੰ ਇੱਕ ਵੀ ਸਿੱਖਾਂ ਦਾ ਐਸਾ ਵਿਦਵਾਨ ਪੜ੍ਹਨ ਸੁਣਨ ਨੂੰ ਨਹੀਂ ਮਿਲਿਆ ਜੋ ਕਿ ਦਿਲੋਂ ਸੱਚੀ ਗੱਲ ਕਰਦਾ ਹੋਵੇ ਭਾਵ ਕਿ ਉਸ ਦੇ ਹਿਰਦੇ ਵਿੱਚ ਵੀ ਸੱਚ ਹੋਵੇ ਅਤੇ ਉਹ ਮੂੰਹ ਤੋਂ ਵੀ ਸੱਚੀ ਗੱਲ ਕਰਦਾ ਹੋਵੇ। ਜਿਸ ਦੇ ਅੰਦਰ ਕਪਟ ਬਿੱਲਕੁੱਲ ਨਾ ਹੋਵੇ। ਜੇ ਤੁਹਾਡੇ ਵਿਚੋਂ ਕੋਈ ਇਸ ਤਰ੍ਹਾਂ ਦੇ ਵਿਦਵਾਨ ਨੂੰ ਜਾਣਦਾ ਹੋਵੇ ਤਾਂ ਉਹ ਜਰੂਰ ਦੱਸ ਪਾਵੇ। ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵਾਰੀ ਲਿਖਿਆ ਹੈ ਅਤੇ ਹੁਣ ਫਿਰ ਲਿਖਦਾ ਹਾਂ ਕਿ ਵਿਦਵਾਨ ਤੋਂ ਮੇਰਾ ਭਾਵ ਉਨ੍ਹਾਂ ਵਿਦਵਾਨਾ ਤੋਂ ਹੈ ਜਿਹੜੇ ਦੇਸ਼-ਬਿਦੇਸ਼ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ ਅਤੇ ਮੀਡੀਏ ਵਿੱਚ ਜਾ ਕੇ ਆਪਣੀ ਗੱਲ ਦੱਸਦੇ ਹਨ। ਤਕਰੀਬਨ ਸਾਰੇ ਵਿਦਵਾਨ ਅੰਦਰੋਂ ਸਾਧਾਂ ਦੇ ਚੇਲੇ ਹਨ ਅਤੇ ਜਾਂ ਫਿਰ ਕਪਟੀ ਹਨ। ਇਨ੍ਹਾਂ ਦੀਆਂ ਵੀਡੀਓ-ਔਡੀਓ ਤਕਰੀਬਨ ਤੁਸੀਂ ਸਾਰਿਆਂ ਨੇ ਹੀ ਸੁਣੀਆਂ ਹੋਣਗੀਆਂ। ਕਈ ਤਾਂ ਇਤਨੇ ਕਮੀਨੇ ਹਨ ਕਿ ਝੂਠ ਬੋਲਣ ਲੱਗੇ ਵੀ ਅੱਗਾ-ਪਿੱਛਾ ਨਹੀਂ ਦੇਖਦੇ ਕਿ ਸਾਡੇ ਇਸ ਬੋਲੇ ਹੋਏ ਝੂਠ ਕਾਰਨ ਆਉਣ ਵਾਲੇ ਸਮੇਂ ਵਿੱਚ ਕਈ ਕੁੱਝ ਵਾਪਰ ਸਕਦਾ ਹੈ।

ਲਓ ਸੁਣੋ ਫਿਰ ਇੱਕ ਵਿਦਵਾਨ ਜੀ ਦਾ ਝੂਠ ਅਤੇ ਦਿਓ ਜਵਾਬ। ਭਿਡਰਾਂਵਾਲੇ ਸਾਧ ਦੀ ਸਿਫਤ ਕਰਦਾ ਹੋਇਆ ਇਹ ਵਿਦਵਾਨ ਜੀ ਆਮ ਹੀ ਕਿਹਾ ਕਰਦਾ ਹੈ ਕਿ ਉਹ ਬਹੁਤ ਹੀ ਅਧਿਆਤਮਿਕਵਾਦੀ ਸੀ। ਗੁਰੂ ਦੀ ਉਸ ਤੇ ਬਹੁਤ ਵੱਡੀ ਕਿਰਪਾ ਸੀ। ਇਸ ਵਿਦਵਾਨ ਜੀ ਦੇ ਕਹਿਣ ਅਨੁਸਾਰ ਜੋ ਕੁੱਝ ਵੀ ਉਸ ਨੇ ਕਿਹਾ ਜਾਂ ਕੀਤਾ ਉਹ ਠੀਕ ਅਤੇ ਸੱਚ ਸੀ ਅਤੇ ਉਸ ਦੀ ਹਰ ਗੱਲ ਠੀਕ ਹੀ ਹੋਵੇਗੀ। ਆਮ ਵਿਆਕਤੀ ਜੋ ਇਸ ਸਾਧ ਦੇ ਅੰਨੇ ਸ਼ਰਧਾਲੂ ਹਨ ਉਹ ਹੁਣ ਤੱਕ ਇਹੀ ਕਹਿੰਦੇ ਆ ਰਹੇ ਹਨ ਕਿ, "ਤੁਸੀਂ ਬਾਬਾ ਜਰਨ਼ੈਲ ਸਿੰਘ ਨਾਲੋਂ ਵੀ ਸਿਆਣੇ ਬਣ ਗਏ? ਜੇ ਕਰ ਉਹ ਦਸਮ ਗ੍ਰੰਥ ਨੂੰ ਮੰਨਦਾ ਸੀ ਤੁਸੀਂ ਕੋਣ ਹੁੰਦੇ ਹੋ ਇਸ ਦਾ ਵਿਰੋਧ ਕਰਨ ਵਾਲੇ" ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਾਧ ਦਸਮ ਗ੍ਰੰਥ ਨੂੰ ਵੀ ਮੰਨਦਾ ਸੀ ਅਤੇ ਹੋਰ ਵੀ ਸਾਰੇ ਇਤਿਹਾਸਕ/ਮਿਥਿਹਾਸਕ ਗ੍ਰੰਥਾਂ ਨੂੰ ਮੰਨਦਾ ਸੀ। ਇਸ ਦਾ ਮਤਲਬ ਹੈ ਕਿ ਉਨ੍ਹਾਂ ਵਿੱਚ ਜੋ ਕੁੱਝ ਲਿਖਿਆ ਹੈ ਉਹ ਸੱਚ ਹੈ ਜਿਸ ਨੂੰ ਉਹ ਵੀ ਮੰਨਦਾ ਸੀ ਅਤੇ ਤੁਸੀਂ ਵੀ ਮੰਨਦੇ ਹੋ। ਜਿਸ ਦਾ ਸਾਫ ਮਤਲਬ ਹੈ ਕਿ ਗੁਰੂ ਨਾਨਕ ਨੇ ਜੋ ਕੁੱਝ ਗੁਰਬਾਣੀ ਵਿੱਚ ਲਿਖਿਆ ਹੈ ਤੁਸੀਂ ਉਸ ਨੂੰ ਪੂਰਾ ਸੱਚ ਨਹੀਂ ਮੰਨਦੇ ਬਲਕਿ ਜੋ ਹੋਰ ਗ੍ਰੰਥਾਂ ਵਿੱਚ ਲਿਖਿਆ ਹੈ ਉਸ ਨੂੰ ਮੰਨਦੇ ਹੋ। ਫਿਰ ਤਾਂ ਤੁਹਾਨੂੰ ਸਾਰਿਆਂ ਨੂੰ ਸੁਪਰੀਮ ਕੋਰਟ ਦੇ ਅਯੁੱਧਿਆ ਵਾਲੇ ਫੈਸਲੇ ਦੀਆਂ ਮੁਬਾਰਕਾਂ ਹੋਣ। ਫਿਰ ਤਾਂ ਆਰ. ਐੱਸ. ਐੱਸ. ਵਾਲੇ ਸੁਪਰੀਮ ਕੋਰਟ ਰਾਹੀਂ ਜੋ ਵੀ ਫੈਸਲੇ ਕਰਵਾਉਣਗੇ ਉਸ ਤੇ ਤੁਹਾਨੂੰ ਖੁਸ਼ੀ ਹੋਵੇਗੀ। ਅਜਿਹੀ ਸੋਚਣੀ ਲਈ ਤੁਹਾਨੂੰ ਖੂਬ ਮੁਬਰਾਕਾਂ ਜੀ। ਅੱਗੇ ਗੁਰਬਾਣੀ ਪਾਠ ਦਰਪਣ ਵਿਚੋਂ ਕੁੱਝ ਕਾਪੀ ਪੇਸਟ ਕਰ ਰਿਹਾ ਹਾਂ ਜੋ ਕਿ ਇੱਕ ਕਥਿਤ ਬ੍ਰਹਮ ਗਿਆਨੀ ਗੁਰਬਚਨ ਸਿੰਘ ਦੀ ਲਿਖੀ ਹੋਈ ਹੈ ਜਿਸ ਤੋਂ ਤੁਹਾਡਾ ਇਹ ਸਾਧ ਸਾਰੀ ਸਿੱਖਿਆ ਲੈ ਕੇ ਆਇਆ ਸੀ। ਜੋ ਕੁੱਝ ਮੈਂ ਕਾਪੀ ਕਰਕੇ ਪਾ ਰਿਹਾ ਹਾਂ ਇਹ ਦਸਮ ਗ੍ਰੰਥ ਦੇ ਅਧਾਰ ਤੇ ਗੁਰਬਾਣੀ ਪਾਠ ਦਰਪਣ ਵਿੱਚ ਲਿਖੀ ਹੈ ਜਿਸ ਨੂੰ ਤੁਸੀਂ ਅਤੇ ਤੁਹਾਡਾ ਖਾਸ ਸਾਧ ਅਤੇ ਬਾਕੀ ਵੀ ਸਾਰੇ ਸਾਧ ਮੰਨਦੇ ਹਨ।

ਗੁਰਬਾਣੀ ਪਾਠ ਦਰਪਣ ਵਿੱਚ ਗੁਰੂਆਂ ਦੇ ਪਿਛੋਕੜ ਬਾਰੇ ਜੋ ਲਿਖਿਆ ਹੈ ਉਹ ਤੁਸੀਂ ਪੜ੍ਹ ਹੀ ਲਿਆ ਹੈ। ਸਾਰੇ ਸਾਧ ਅਤੇ ਤੁਸੀਂ ਸਾਰੇ ਸਾਧਾਂ ਦੇ ਚੇਲੇ ਇਸ ਨੂੰ ਹੀ ਸੱਚ ਮੰਨਦੇ ਹੋ। ਜਿਸ ਦਾ ਸਾਫ ਮਤਲਬ ਹੈ ਕਿ ਗੁਰੂ ਨਾਨਕ ਨੇ ਜੋ ਬਾਣੀ ਵਿੱਚ ਲਿਖਿਆ ਹੈ ਉਸ ਨਾਲ ਤੁਹਾਡਾ ਕੋਈ ਸਰੋਕਾਰ ਨਹੀਂ ਹੈ। ਗੁਰੂ ਨਾਨਕ ਤਾਂ ਬਾਣੀ ਵਿੱਚ ਕਹਿੰਦਾ ਹੈ ਕਿ ਅੱਗੇ ਜਾਤ ਰੂਪ ਕੁੱਝ ਵੀ ਨਹੀਂ ਜਾਂਦਾ ਅਤੇ ਨਾ ਹੀ ਕਿਸੇ ਨੂੰ ਕੁੱਝ ਪਤਾ ਹੈ ਕਿ ਅੱਗੇ ਕੀ ਹੁੰਦਾ ਹੈ।

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ ਪੰਨਾ ੩੪੯

ਆਗੈ ਜਾਤਿ ਰੂਪੁ ਨ ਜਾਇ॥ ਤੇਹਾ ਹੋਵੈ ਜੇਹੇ ਕਰਮ ਕਮਾਇ॥ ਸਬਦੇ ਊਚੋ ਊਚਾ ਹੋਇ॥ ਨਾਨਕ ਸਾਚਿ ਸਮਾਵੈ ਸੋਇ॥ ੪॥ ੮॥ ੪੭॥ {ਪੰਨਾ ੩੬੩}

ਮਃ ੧॥ ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ॥ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥ ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ ੩॥ {ਪੰਨਾ ੪੬੯}

ਜੇ ਕਰ ਅੱਗੇ ਜਾਤ/ਕੁੱਲ ਕੁੱਝ ਵੀ ਨਾਲ ਨਹੀਂ ਜਾਂਦਾ ਤਾਂ ਫਿਰ ਗੁਰੂ ਨਾਨਕ ਦੇਵ ਜੀ ਕਈ ਯੁੱਗ, ਕਰੋੜਾਂ ਸਾਲ ਆਪਣੀ ਬੇਦੀ ਕੁੱਲ ਨੂੰ ਨਾਲ ਕਿਵੇਂ ਲਿਜਾਂਦੇ ਰਹੇ? ਕਿਉਂਕਿ ਪਿਛਲੇ ਜਨਮਾ ਵਿੱਚ ਬੇਦ ਪੜ੍ਹਨੇ ਕਰਕੇ ਹੀ ਬੇਦੀ ਕਹਾਏ ਸੀ। ਇੱਕ ਗੱਲ ਹੋਰ ਵੀ ਸੋਚਣ ਵਾਲੀ ਹੈ ਜਿਸ ਰਾਮ ਚੰਦਰ ਨਾਲ ਸਾਰੇ ਗੁਰੂਆਂ ਦਾ ਪਿਛੋਕੜ ਜੁੜਦਾ ਹੈ ਘੱਟੋ-ਘੱਟ ਉਸ ਰਾਮ ਚੰਦਰ ਬਾਰੇ ਤਾਂ ਗੁਰੂ ਨਾਨਕ ਨੂੰ ਕੁੱਝ ਚੰਗੀ ਜਿਹੀ ਸਿਫਤ ਤਾਂ ਕਰ ਹੀ ਦੇਣੀ ਚਾਹੀਦੀ ਸੀ। ਆਖਰ ਉਨ੍ਹਾਂ ਦੇ ਵੱਡੇ-ਵਡੇਰੇ ਸਨ। ਪਰ ਉਹ ਤਾਂ ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਰਾਮ ਤਾਂ ਵਿਛੋੜੇ ਵਿੱਚ ਰੋਂਦਾ ਰਹਿੰਦਾ ਸੀ:

ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ ਪੰਨਾ ੯੫੩

ਇਹ ਤਾਂ ਗੱਲ ਹੋ ਗਈ ਗੁਰੂਆਂ ਦੇ ਰਾਮ ਚੰਦਰ ਨਾਲ ਜੁੜਨ ਦੇ ਪਿਛੋਕੜ ਦੀ। ਆਓ ਹੁਣ ਵਿਸ਼ਨੂੰ ਨਾਲ ਜੁੜਨ ਦੀ ਗੱਲ ਵੀ ਕਰ ਲਈਏ। ਕੁੱਝ ਇੱਕ ਨੂੰ ਛੱਡ ਕੇ ਤਕਰੀਬਨ ਸਾਰੇ ਸਿੱਖ ਇਹ ਨਾਹਰਾ ਲਉਂਦੇ ਹਨ ਕਿ, "ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ"। ਜਿਸ ਪੁਸਤਕ/ਗ੍ਰੰਥ ਵਿੱਚ ਸਭ ਤੋਂ ਪਹਿਲਾਂ ਅਕਾਲ ਤਖ਼ਤ ਦਾ ਜ਼ਿਕਰ ਆਇਆ ਹੈ ਉਹ ਪੁਸਤਕ ਹੈ ਗੁਰ ਬਿਲਾਸ ਪਾਤਸ਼ਾਹੀ ਛੇਵੀਂ। ਲਓ ਪਹਿਲਾਂ ਪੜ੍ਹ ਲਓ ਕਿ ਉਸ ਪੁਸਤਕ ਵਿੱਚ ਕੀ ਲਿਖਿਆ ਹੈ? ਇਹ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚੋਂ, ਗਿ: ਸੋਹਣ ਸਿੰਘ ਸੀਤਲ ਦੀ ਕਿਤਾਬ ਵਿਚੋਂ ਕਾਪੀ/ਪੇਸਟ/ਸਕੈਨ ਕਰਕੇ ਪਾ ਰਿਹਾ ਹਾਂ।

ਇਸ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਵਿਸ਼ਨੂੰ ਜੀ ਚਾਰ ਬਾਹਵਾਂ ਵਾਲਾ ਰੂਪ ਧਾਰਨ ਕਰਕੇ, ਗੁਰੂ ਅਰਜਨ ਦੇਵ ਜੀ ਨੂੰ ਗਲ ਲਾ ਕੇ ਕਹਿ ਰਹੇ ਹਨ ਕਿ ਇਸ ਹਰਿਮੰਦਰ ਦੇ ਸਾਹਮਣੇ ਤੁਹਾਡਾ ਪੁੱਤਰ ਮੇਰਾ ਤਖ਼ਤ ਬਣਾਏਗਾ। ਭਾਵ ਕਿ ਵਿਸ਼ਨੂੰ ਦਾ ਤਖ਼ਤ ਬਣਾਏਗਾ। ਜਿਸ ਕਿਤਾਬ ਦੇ ਅਧਾਰ ਤੇ ਸਿੱਖ ਸੰਘ ਪਾੜ-ਪਾੜ ਕੇ ਕਹੀ ਜਾਂਦੇ ਹਨ ਕਿ ਸਾਡਾ ਅਕਾਲ ਤਖ਼ਤ ਮਹਾਨ ਹੈ ਇਹ ਸਿੱਖ ਪੰਥ ਦੀ ਸ਼ਾਨ ਹੈ ਅਤੇ ਜਿਸ ਨੇ ਵੀ ਇਸ ਨਾਲ ਮੱਥਾ ਲਾਇਆ ਉਸ ਨੂੰ ਮੂੰਹ ਦੀ ਖਾਣੀ ਪਈ। ਪਰ ਉਹ ਕਿਤਾਬ ਤਾਂ ਕਹਿ ਰਹੀ ਹੈ ਕਿ ਇਹ ਤਖ਼ਤ ਤਾਂ ਵਿਸ਼ਨੂੰ ਨੇ ਆਪਣੇ ਲਈ ਬਣਵਾਇਆ ਸੀ। ਸਿੱਖ ਤਾਂ ਧੱਕੇ ਨਾਲ ਹੀ ਇਸ ਤੇ ਕਬਜ਼ਾ ਕਰੀ ਬੈਠੇ ਹਨ। ਇਹ ਕੇਸ ਤਾਂ ਫਿਰ ਜਰੂਰ ਹੀ ਸਪਰੀਪ ਕੋਰਟ ਵਿੱਚ ਜਾਣਾ ਚਾਹੀਦਾ ਹੈ ਅਤੇ ਇਸ ਦਾ ਕਬਜ਼ਾ ਵੀ ਵਿਸ਼ਨੂੰ ਭਗਤਾਂ ਨੂੰ ਹੀ ਮਿਲਣਾ ਚਾਹੀਦਾ ਹੈ। ਤੁਹਾਡਾ ਕੀ ਖਿਆਲ ਹੈ ਕਿ ਸਿੱਖ ਵਿਸ਼ਨੂੰ ਦੇ ਭਗਤਾਂ ਨਾਲ ਜ਼ਿਆਦਤੀ ਨਹੀਂ ਕਰ ਰਹੇ? ਕਿਉਂਕਿ ਜਿਸ ਕਿਸੇ ਨੇ ਵੀ ਇਸ ਕਿਤਾਬ ਨੂੰ ਗੁਰਮਤਿ ਵਿਰੋਧੀ ਕਹਿਣ ਦੀ ਹਿੰਮਤ ਕੀਤੀ ਉਸ ਨੂੰ ਤਾਂ ਸਿੱਖਾਂ ਨੇ ਆਪਣੇ ਕਥਿਤ ਪੰਥ ਵਿਚੋਂ ਵਾਲ ਵਾਂਗ ਕੱਢ ਕੇ ਔਹ ਮਾਰਿਆ। ਸਭ ਤੋਂ ਪਹਿਲਾਂ ਵਿਸਥਾਰ ਨਾਲ ਕਾਲੇ ਅਫਗਾਨੇ ਨੇ ਇਸ ਕਿਤਾਬ ਬਾਰੇ ਲਿਖਿਆ ਸੀ ਉਸ ਨਾਲ ਕੀ ਬੀਤੀ ਸਭ ਨੂੰ ਪਤਾ ਹੈ। ਫਿਰ ਸਪੋਕਸਮੈਨ ਕੇ ਕਾਲੇ ਅਫਗਾਨੇ ਦੇ ਹੱਕ ਵਿੱਚ ਕੁੱਝ ਲਿਖ ਦਿੱਤਾ ਉਸ ਨੂੰ ਕੱਢ ਕੇ ਔਹ ਮਾਰਿਆ। ਇਹ ਵੀ ਤਾਂ ਸਭ ਨੂੰ ਪਤਾ ਹੀ ਹੈ ਕਿ ਇਸ ਦੀ ਮੁੜ ਕੇ ਸੰਪਾਦਨਾ ਕਰਨ ਵਾਲੇ ਕਥਿਤ ਜਥੇਦਾਰ ਵੇਦਾਂਤੀ ਜੀ ਅਤੇ ਡਾ: ਅਮਰਜੀਤ ਸਿੰਘ ਸਨ। ਉਨ੍ਹਾਂ ਦੀ ਖਾਸ ਖਾਹਿਸ਼ ਸੀ ਕਿ ਇਸ ਗ੍ਰੰਥ ਦੀ ਕਥਾ ਮੁੜ ਕੇ ਗੁਰਦੁਆਰਿਆਂ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਕਿ ਸਾਰੇ ਸਿੱਖਾਂ ਨੂੰ ਪਤਾ ਲੱਗ ਸਕੇ ਕਿ ਇਹ ਤਖ਼ਤ ਕਿਸ ਦਾ ਹੈ। ਸਿੱਖਾਂ ਦੇ ਵਿਦਵਾਨ ਜਿਸ ਸਾਧ ਨੂੰ ਅਧਿਆਤਮਿਕਵਾਦੀ ਮੰਨਦੇ ਹਨ ਉਹ ਸਾਧ ਵੀ ਤਾਂ ਇਸ ਗ੍ਰੰਥ ਨੂੰ ਮੰਨਦਾ ਹੀ ਸੀ। ਫਿਰ ਸਿੱਖਾਂ ਦੇ ਵਿਦਵਾਨ ਇਸ ਗੱਲ ਤੋਂ ਕਿਵੇਂ ਮੁਨਕਰ ਹੋ ਸਕਦੇ ਹਨ ਕਿ ਇਹ ਤਖ਼ਤ ਵਿਸ਼ਨੂੰ ਦਾ ਨਹੀਂ ਹੈ?

ਇਹ ਤਾਂ ਮੈਂ ਐਵੇਂ ਹੀ ਮਗਜ਼ ਖਪਾਈ ਕਰ ਰਿਹਾ ਹਾਂ ਉਂਜ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਿੱਖੇ ਦੇ ਸਾਰੇ ਅਦਾਰੇ ਪਹਿਲਾਂ ਹੀ ਵਿਸ਼ਨੂੰ ਅਤੇ ਰਾਮ ਭਗਤਾਂ ਦੇ ਕਬਜ਼ੇ ਵਿੱਚ ਹਨ। ਹਾਲੇ ਕੁੱਝ ਦਿਨ ਪਹਿਲਾਂ ਦੀ ਗੱਲ ਹੈ ਕਿ ਧੁੰਮੇ ਨੇ ਕਿਹਾ ਸੀ ਕਿ ਅਸੀਂ ਸੀਨਾ-ਬਸੀਨਾ ਚਲੀ ਆ ਰਹੀ ਮਰਯਾਦਾ ਨੂੰ ਤੋੜ ਕੇ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਨਹੀਂ ਦੇ ਸਕਦੇ। ਉਸ ਦੇ ਇਸ ਬਿਆਨ ਤੋਂ ਬਾਅਦ ਇੱਕ ਪੜ੍ਹੇ ਲਿਖੇ ਕਥਿਤ ਜਥੇਦਾਰ ਨੇ ਉਸ ਧੁੰਮੇ ਨੂੰ ਇਸ ਸੇਵਾ ਬਦਲੇ ਸਨਮਾਨਿਤ ਵੀ ਕੀਤਾ ਸੀ। ਇਹ ਸਨਮਾਨਿਤ ਕਰਨ ਵਾਲੀ ਫੋਟੋ ਅਜੀਤ ਅਖਬਾਰ ਵਿਚੋਂ ਲੈ ਕੇ ਛਾਪ ਰਿਹਾ ਹਾਂ ਜੋ ਕਿ 15 ਨਵੰਬਰ 2019 ਦੇ ਐਡੀਸ਼ਨ ਵਿੱਚ ਛਪੀ ਸੀ। ਇਸ ਤੋਂ ਕੀ ਸਾਬਤ ਹੁੰਦਾ ਹੈ ਬਹੁਤਾ ਸੋਚਣ ਦੀ ਲੋੜ ਨਹੀਂ ਹੈ। ਭਿੰਡਰਾਂਵਾਲੇ ਸਾਧ ਦਾ ਮਰਨਾ ਨਾਗਪੁਰੀਆਂ ਨੂੰ ਬਹੁਤ ਹੀ ਰਾਸ ਆਇਆ ਹੈ। ਕਿਉਂਕਿ ਉਹ ਦਸਮ ਗ੍ਰੰਥ ਨੂੰ ਮੰਨਦਾ ਸੀ ਇਸ ਲਈ ਇਨ੍ਹਾਂ ਨੂੰ ਦਸਮ ਗ੍ਰੰਥ ਨੂੰ ਪਰਮੋਟ ਕਰਨਾ ਹੋਰ ਵੀ ਸੌਖਾ ਹੋ ਗਿਆ ਹੈ। ਯੂਨੀਵਰਸਿਟੀਆਂ ਦੇ ਬਹੁਤੇ ਵਿਦਵਾਨ ਤਾਂ ਪਹਿਲਾਂ ਹੀ ਦਸਮ ਗ੍ਰੰਥ ਤੇ ਪੀ. ਐੱਚ. ਡੀ. ਦੀਆਂ ਡਿਗਰੀਆਂ ਕਰਕੇ ਇਸ ਨੂੰ ਪ੍ਰਮੋਟ ਕਰਨ ਤੇ ਲੱਗੇ ਹੋਏ ਹਨ। ਸੰਨ 1999 ਦੀ ਸ਼ਤਾਬਦੀ ਸਮੇ ਦਿੱਲੀ ਦੀ ਕੇਂਦਰ ਸਰਕਾਰ ਨੇ ਕਿੰਨਾ ਪੈਸਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਅਤੇ ਕਿੰਨਾ ਪੈਸਾ ਆਰ. ਐੱਸ. ਐੱਸ. ਨੂੰ ਦਸਮ ਗ੍ਰੰਥ ਦੇ ਪ੍ਰਚਾਰ ਲਈ ਦਿੱਤਾ ਸੀ, ਇਸ ਬਾਰੇ ਵੀ ਤੁਹਾਡੇ ਵਿਚੋਂ ਕਈ ਜਾਣਦੇ ਹੀ ਹੋਣਗੇ। ਜੇ ਕਰ ਬਾਦਲ ਦੀ ਸਿੱਧੀ ਹੀ ਭਾਜਪਾ ਅਤੇ ਭਾਜਪਾ ਨੂੰ ਚਲਾਉਣ ਵਾਲਿਆਂ ਨਾਲ ਯਾਰੀ ਹੈ ਤਾਂ ਬਾਦਲਾਂ ਦਾ ਵਿਰੋਧ ਕਰਨ ਵਾਲੇ ਵੀ ਤਕਰੀਬਨ ਸਾਰੇ ਇਸ ਭਿੰਡਰਾਂਵਾਲੇ ਸਾਧ ਦੇ ਹੀ ਚੇਲੇ ਹਨ। ਉਨ੍ਹਾਂ ਦਾ ਏਜੰਡਾ ਵੀ ਤਾਂ ਉਹੀ ਹੈ। ਇੱਕ ਸਿੱਧੇ ਉਹੀ ਕੰਮ ਕਰਦੇ ਹਨ ਅਤੇ ਦੂਸਰੇ ਘੁਮਾ ਕੇ ਉਹੀ ਕੰਮ ਕਰਦੇ ਹਨ ਜਾਂ ਕਰਨਾ ਚਾਹੁੰਦੇ ਹਨ। ਕੋਈ ਬਹੁਤਾ ਫਰਕ ਨਹੀਂ ਹੈ।

ਮੇਰੀਆਂ ਲਿਖੀਆਂ ਗੱਲਾਂ ਦੀ ਤੁਹਾਨੂੰ ਤਕਲੀਫ ਤਾਂ ਬਹੁਤ ਹੁੰਦੀ ਹੋਵੇਗੀ। ਪਰ ਮੈਂ ਵੀ ਕੀ ਕਰਾਂ, ਜਦੋਂ ਦਿਮਾਗ ਵਿੱਚ ਕੋਈ ਗੱਲ ਆ ਜਾਂਦੀ ਹੈ ਐਂਵੇਂ ਹੀ ਲਿਖ ਦਿੰਦਾ ਹਾਂ ਕਿ ਸ਼ਾਇਦ ਕਿਸੇ ਦੇ ਮਨ ਨੂੰ ਚੰਗੀ ਲੱਗ ਹੀ ਜਾਵੇ। ਉਂਜ ਤੇ ਤੁਹਾਨੂੰ ਵੀ ਪਤਾ ਹੈ ਅਤੇ ਮੈਨੂੰ ਵੀ ਪਤਾ ਹੈ ਕਿ ਬਹੁਤਾ ਚਿਰ ਤਾਂ ਨਿਭਣੀ ਨਹੀਂ ਹੈ। ਇਸ ਲਈ ਔਖੇ ਸੌਖੇ ਹੋ ਕਿ ਥੋੜਾ ਕੁ ਚਿਰ ਹੋਰ ਕੱਢ ਲਓ ਫਿਰ ਅਸੀਂ ਆਪ ਹੀ ਸਾਰਿਆਂ ਤੋਂ ਕਿਨਾਰਾ ਕਰ ਲੈਣਾ ਹੈ। ਕਿਉਂਕਿ ਜਿਸ ਤਰ੍ਹਾਂ ਦੀ ਸਿੱਖੀ ਤੁਸੀਂ ਲਈ ਬੈਠੇ ਹੋ ਉਹ ਤਾਂ ਤਕਰੀਬਨ ਮੈਂ ਛੱਡੀ ਹੋਈ ਹੈ। ਜਿਸ ਤਰ੍ਹਾਂ ਦੀ ਮੇਰੇ ਕੋਲ ਹੈ ਉਹ ਤੁਹਾਡੇ ਮੁਆਫਕ ਨਹੀਂ ਹੈ। ਜਦੋਂ ਵੀ ਸਮਾ ਮਿਲਿਆ ਤਾਂ ਇਹ ਗੱਲਾਂ ਆਉਣ ਵਾਲੇ ਲੇਖਾਂ ਵਿੱਚ ਆਪੇ ਹੀ ਸਪਸ਼ਟ ਹੁੰਦੀਆਂ ਜਾਣੀਆਂ ਹਨ।

ਵਿਸ਼ਨੂੰ ਦੇ ਭਗਤ ਆਪਣੇ ਤਖ਼ਤ ਤੇ ਕਦੋਂ ਹੱਕ ਜਮਾਉਂਦੇ ਹਨ, ਇਸ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। ਪਰ ਸਾਧਾਂ ਵਲੋਂ ਅਤੇ ਸਾਧਾਂ ਦੇ ਭਗਤਾਂ ਵਲੋਂ ਤਾਂ ਪੂਰੀ ਕੋਸ਼ਿਸ਼ ਹੈ ਕਿ ਇਹ ਛੇਤੀਂ ਹੀ ਉਨ੍ਹਾਂ ਨੂੰ ਮਿਲਣੇ ਚਾਹੀਦੇ ਹਨ। ਤੁਹਾਡਾ ਕੀ ਵਿਚਾਰ ਹੈ ਕਿ ਇਸ ਤਰ੍ਹਾਂ ਹੋਣ ਵਿੱਚ ਕਿਤਨਾ ਕੁ ਸਮਾ ਲੱਗ ਸਕਦਾ ਹੈ? ਉਂਜ ਵੀ ਸੀਨਾ-ਬਸੀਨਾ ਮਰਯਾਦਾ ਦੀ ਗੱਲ ਕਰਨ ਵਾਲੇ ਖੁਦ ਆਪ ਵੀ ਵਿਸ਼ਨੂੰ ਦੇ ਭਗਤ ਹੋਣ ਦੀ ਰੋਜ ਤਾਂ ਅਰਜੋਈ ਕਰਦੇ ਹਨ ਅਤੇ ਚੌਪਈ ਵਿੱਚ ਪੜ੍ਹਦੇ ਹਨ ਕਿ ਵਿਸ਼ਨੰ ਭਗਤੀ ਕਰਨ ਨਾਲ ਕੋਈ ਵੀ ਦੁਖ ਤਕਲੀਫ ਨੇੜੇ ਨਹੀਂ ਆਉਂਦਾ। "ਬਿਸ਼ਨ ਭਗਤ ਕੀ ਇਹ ਫਲ ਹੋਈ, ਆਧ ਬਿਆਧ ਛਵੈ ਸਕੈ ਨ ਕੋਈ"

ਮੱਖਣ ਸਿੰਘ ਪੁਰੇਵਾਲ,

ਨਵੰਬਰ 17, 2019.




.