.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਤੇਹ

ਜਦੋਂ ਮਨੁੱਖ ਨੂੰ ਪਿਆਸ ਲਗਦੀ ਹੈ ਤਾਂ ਉਹ ਪਾਣੀ ਲੱਭਦਾ ਹੈ। ਪਾਣੀ ਮਿਲਦਿਆਂ ਸਾਰ ਹੀ ਬੰਦਾ ਪਾਣੀ ਪੀਣ ਦਾ ਯਤਨ ਕਰਦਾ ਹੈ। ਵਿਕਸਤ ਹੋਇਆ ਸਮਾਜ ਰਾਹਾਂ ਵਿੱਚ ਛਬੀਲਾਂ ਲਗਾ ਕੇ ਪਿਆਸਿਆਂ ਦੀ ਪਿਆਸ ਬੁਝਾਉਣ ਦਾ ਹਮੇਸ਼ਾਂ ਯਤਨ ਕਰਦਾ ਰਹਿੰਦਾ ਹੈ। ਅਜ ਕਲ੍ਹ ਮਨੁੱਖ ਘਰੋਂ ਤੁਰਨ ਲੱਗਾ ਪਾਣੀ ਵਾਲੀ ਬੋਤਲ ਨਾਲ ਹੀ ਲੈ ਲੈਂਦਾ ਹੈ। ਮਨੁੱਖ ਦੀ ਪਿਆਸ ਬਝਾਉਣ ਲਈ ਵਪਾਰੀ ਤਬਕੇ ਨੇ ਪਾਣੀ ਦੇ ਕਈ ਰੂਪ ਤਿਆਰ ਕਰ ਦਿੱਤੇ ਹਨ। ਪਾਣੀ ਅਤੇ ਪਾਣੀ ਦੇ ਕਈ ਰੂਪ ਬਜ਼ਾਰਾਂ ਵਿੱਚ ਮੁੱਲ ਮਿਲਦੇ ਹਨ। ਪਾਣੀ ਸਬੰਧੀ ਜਾਣਕਾਰੀ ਰੱਖਣ ਵਾਲੇ ਸੂਝਵਾਨਾਂ ਨੂੰ ਹਮੇਸ਼ਾਂ ਖਦਸ਼ਾ ਬਣਿਆ ਰਹਿੰਦਾ ਹੈ ਕਿ ਜੇ ਪਾਣੀ ਦੀ ਸੰਭਾਲ ਨਾ ਕੀਤੀ ਗਈ ਤਾਂ ਹੋ ਸਕਦਾ ਹੈ ਸੰਸਾਰ ਦੀ ਤੀਜੀ ਲੜ੍ਹਾਈ ਪਾਣੀ ਦੀ ਵੰਡ ਕਰਕੇ ਹੀ ਹੋਵੇ। ਸਰੀਰ ਦੀ ਪਿਆਸ ਇੱਕ ਵਾਰ ਪਾਣੀ ਪੀਣ ਨਾਲ ਬੁਝ ਜਾਂਦੀ ਹੈ ਜੇ ਮਨੁੱਖ ਨੂੰ ਅੰਦਰੋਂ ਸੱਚ ਸਮਝਣ ਦੀ ਪਿਆਸ ਲੱਗ ਜਾਏ ਤਾਂ ਉਹ ਬੁੱਝਦੀ ਨਹੀਂ ਹੈ ਸਗੋਂ ਹੋਰ ਚੇਟਕ ਵੱਧਦੀ ਹੈ। ਏਸੇ ਚੇਟਕ ਸਦਕਾ ਹੀ ਵਿਗਿਆਨ ਨੇ ਬੇ-ਓੜਕਾ ਤਰੱਕੀਆਂ ਦੇ ਪੰਧ ਹਾਸਲ ਕੀਤੇ ਹਨ---
ਰਮਣੰ ਕੇਵਲੰ ਕੀਰਤਨੰ, ਸੁਧਰਮੰ ਦੇਹ ਧਾਰਣਹ॥
ਅੰਮ੍ਰਿਤ ਨਾਮੁ ਨਾਰਾਇਣ ਨਾਨਕ, ਪੀਵਤੰ ਸੰਤ ਨ ਤ੍ਰਿਪ੍ਯ੍ਯਤੇ॥ ੨੬॥
ਅੱਖਰੀਂ ਅਰਥ--- ਕੇਵਲ ਸਿਫ਼ਤਿ-ਸਾਲਾਹ ਕਰਨੀ ਮਨੁੱਖਾਂ ਦਾ ਸ੍ਰੇਸ਼ਟ ਧਰਮ ਹੈ। ਹੇ ਨਾਨਕ! ਸੰਤ ਜਨ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਿਆਂ ਰੱਜਦੇ ਨਹੀਂ।
ਵਿਚਾਰ ਚਰਚਾ—
੧ ਕੀ ਪ੍ਰਭੂ ਦਾ ਕੀਰਤਨ ਗਾ ਕੇ ਹਮੇਸ਼ਾਂ ਕਰਦੇ ਰਹਿ ਸਕੀਦਾ ਹੈ?
੨ ਕੀ ਸਾਰੀ ਦੁਨੀਆਂ ਕੀਰਤਨ ਕਰ ਸਕਦੀ ਹੈ?
੩ ਜਿਹੜੇ ਕੀਰਤਨ ਨਹੀਂ ਕਰਦੇ ਉਹ ਫਿਰ ਨਰਕਾਂ ਵਿੱਚ ਜਾਣਗੇ?
੪ ਰਹਿਤ ਮਰਯਾਦਾ ਅਨੁਸਾਰ ਗੁਰਬਾਣੀ ਨੂੰ ਰਾਗਾਂ ਅਨੁਸਾਰ ਗਉਣ ਨੂੰ ਕੀਰਤਨ ਕਹਿਆ ਗਿਆ ਹੈ।
੫ ਕੀਰਤਨ, ਕੀਰਤੀ ਸ਼ਬਦ ਤੋਂ ਬਣਿਆ ਹੈ ਤੇ ਇਸ ਦਾ ਅਰਥ ਹੈ ਰੱਬ ਦੀ ਸਿਫਤੋ ਸਲਾਹ ਕਰਨੀ। ਗੁਰਬਾਣੀ ਨੂੰ ਸਮਝਣ ਲਈ ਸ਼ਬਦ ਕੀਰਤਨ ਅਤੇ ਸ਼ਬਦ ਦੀ ਵਿਚਾਰ ਦੋ ਮਾਧੀਅਮ ਵਿੱਚ ਆਉਂਦੀ ਹੈ।
੬ ਰੱਬ ਜੀ ਦੀ ਸਿਫਤੋ ਸਲਾਹ ਕਰਨੀ ਹੀ ਮਨੁੱਖਾਂ ਦਾ ਸ੍ਰੇਸ਼ਟ ਧਰਮ ਕਿਸ ਤਰ੍ਹਾਂ ਬਣਦਾ ਹੈ?
੭ ਉਹ ਕਿਹੜਾ ਕੀਰਤਨ ਹੈ ਜਿਹੜਾ ਸੰਸਾਰ ਨੂੰ ਹਰ ਸਮੇਂ ਕਰਦੇ ਰਹਿਣਾ ਚਾਹੀਦਾ ਹੈ? ਦੂਸਰਾ ਕੀ ਸਾਨੂੰ ਸੰਸਾਰੀ ਕੰਮ ਨਹੀਂ ਕਰਨੇ ਚਾਹੀਦੇ?
੭ ਇਸ ਦਾ ਅਰਥ ਹੈ ਕਿ ਰੱਬੀ ਸੱਚ ਅਨੁਸਾਰ, ਰੱਬੀ ਹੁਕਮ ਵਿੱਚ ਤੁਰਨਾ, ਇਮਾਨਦਾਰੀ ਰੱਖਣੀ, ਜੀਵਨ ਵਿੱਚ ਮਿਹਨਤ ਕਰਨੀ, ਸਮਾਜ ਦੀ ਸੇਵਾ ਵਿੱਚ ਜੁੜੇ ਰਹਿਣਾ ਅਤੇ ਆਪਣੀ ਜ਼ਿੰਮੇਵਾਰੀ ਨੂੰ ਸੰਭਾਲਣਾ ਹੀ ਅਸਲੀ ਰੱਬ ਜੀ ਦਾ ਕੀਰਤਨ ਹੈ ਤੇ ਇਸ ਕੀਰਤਨ ਨੂੰ ਹਰ ਵੇਲੇ ਕਰਨ ਦੀ ਤਾਗੀਦ ਕੀਤੀ ਗਈ ਹੈ।
੮ ਕੀਰਤਨ ਰਾਗ ਤਾਲ ਵਿੱਚ ਹੰਦਾ ਹੈ ਤੇ ਮਨੁੱਖ ਨੇ ਵੀ ਆਪਣੇ ਆਪ ਵਿੱਚ ਤਾਲ ਅਤੇ ਪਿਆਰ ਦੀ ਭਾਵਨਾ ਨੂੰ ਪੈਦਾ ਕਰਨਾ ਚਾਹੀਦਾ ਹੈ।
੯ ਹਾਂ ਸਚਾਈ ਦੇ ਰਸਤੇ `ਤੇ ਤੁਰਨ ਦੀ ਜਿਸ ਨੂੰ ਸਮਝ ਆ ਜਾਂਦੀ ਹੈ ਉਸ ਦੀ ਤਾਂਘ ਤਥਾ ਪਿਆਸ ਹਰ ਰੋਜ਼ ਵੱਧਦੀ ਹੀ ਜਾਂਦੀ ਹੈ ਜੋ ਕਦੇ ਵੀ ਨਹੀਂ ਘੱਟਦੀ ਹੈ।
੧੦ ਜਿਵੇਂ ਜਿਵੇਂ ਸਚਾਈ ਦੇ ਰਸਤੇ `ਤੇ ਮਨੁੱਖ ਤੁਰਦਾ ਹੈ ਤਿਵੇਂ ਤਿਵੇਂ ਆਤਮਕ ਅਨੰਦ ਵੱਧਦਾ ਜਾਂਦਾ ਹੈ।
੧੧ ਕਹਿ ਸਕਦੇ ਹਾਂ ਕਿ ਜਿਸ ਮਨੁੱਖ ਨੇ ਵੀ ਮਨੱਖੀ ਕਰਤਵ ਦੇ ਮਹੱਤਵ ਅਤੇ ਰੱਬੀ ਹੁਕਮ ਦੀ ਕਾਰ ਸਮਝ ਲਈ ਹੈ ਉਹ ਮਨੁੱਖ ਆਤਮਕ ਖੇੜੇ ਵਿੱਚ ਰਹਿੰਦਾ ਹੈ ਤੇ ਏਸੇ ਨੂੰ ਨਾਮ ਰੱਸ ਕਹਿਆ ਹੈ---
ਸਤਿਗੁਰੁ ਸੇਵਨਿ ਸੇ ਵਡਭਾਗੀ॥
ਸਚੈ ਸਬਦਿ ਜਿਨਾੑ ਏਕ ਲਿਵ ਲਾਗੀ॥
ਗਿਰਹ ਕੁਟੰਬ ਮਹਿ ਸਹਜਿ ਸਮਾਧੀ॥
ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ॥ ੧॥
ਸਲੋਕ ਮ: ੪ ਪੰਨਾ ੧੨੪੬




.