.

ਚੜਿਆ ਸੋਧਨ ਧਰਤਿ ਲੁਕਾਈ

ਨੋਟ: ਲੇਖ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਲਈ ਇਹ ਦੱਸਣਾ ਜਰੂਰੀ ਹੈ ਕਿ ਗੁਰਬਾਣੀ ਸ਼ਬਦਾਂ ਦੀ ਵਿਆਖਿਆ ਲਿਖਣਾ ਮੇਰਾ ਕੋਈ ਪੇਸ਼ਾ ਨਹੀਂ ਹੈ ਅਤੇ ਮੈਂ ਕੋਈ ਕਥਾਵਾਚਕ ਵੀ ਨਹੀਂ। ਮੇਰਾ ਇਸ਼ਟ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਮੈਂ ਕਿਸੇ ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਜਨਮ ਸਾਖੀ, ਸੰਤ ਅਤੇ ਬਾਬੇ ਆਦਿ ਨੂੰ ਨਹੀਂ ਮੰਨਦਾ। ਮੇਰਾ ਸੰਤ, ਬਾਬਾ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਕੋਈ ਬੰਦਾ ਸੰਤ ਹੋ ਹੀ ਨਹੀਂ ਸਕਦਾ। ਸਾਡੇ ਪ੍ਰਚਾਰਕ, ਰਾਗੀ, ਢਾਡੀ ਆਦਿ ਗੁਰਬਾਣੀ ਨਾਲ ਨਿਆਂ ਨਹੀਂ ਕਰਦੇ। ਉਹ ਆਪਣੀ ਮਰਜ਼ੀ ਮੁਤਾਬਕ ਗੁਰਬਾਣੀ ਦੇ ਅਰਥ ਕਰਦੇ ਹਨ। ਉਹ ਜਨਮ ਸਾਖੀਆਂ, ਦਸਮ ਗ੍ਰੰਥ ਆਦਿ ਨੂੰ ਗੁਰਬਾਣੀ ਨਾਲੋਂ ਵਧੇਰੇ ਮਹਾਨਤਾ ਦਿੰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੀ ਜਿੰਦ-ਜਾਨ ਹੈ। ਗੁਰਬਾਣੀ ਹੀ ਸਾਡਾ ਦਾ ਲੋਕ-ਪਰਲੋਕ ਨੂੰ ਸੁਹੇਲਾ ਬਣਾਉਣ ਦੇ ਸਮਰੱਥ ਹੈ। ਇਸ ਲਈ ਜਿਨ੍ਹਾਂ ਭੀ ਸਿਦਕ ਅਤੇ ਸ਼ਰਧਾ ਗੁਰਸਿੱਖ ਸਤਿਗੁਰੂ ਜੀ ਦੀ ਬਾਣੀ ਤੇ ਰਖਾਂਗੇ ਉਨ੍ਹਾਂ ਹੀ ਥੋੜ੍ਹਾ ਹੋਵੇਗਾ।
ਸਿੱਖ ਕੌਮ ਵਾਸਤੇ ਇਹ ਗੱਲ ਖ਼ਾਸ ਫ਼ਖ਼ਰ ਵਾਲੀ ਹੈ, ਕਿ ਪੰਥ ਦੀ ਆਤਮਕ ਰਾਹਬਰੀ ਵਾਸਤੇ ਸਤਿਗੁਰੂ ਜੀ ਆਪਣੀ ਹਾਜ਼ਰੀ ਵਿੱਚ ‘ਗੁਰਬਾਣੀ’ ਦੀ ਬਖ਼ਸ਼ਸ਼ ਕਰ ਗਏ ਹਨ, ਜਿਸ ਤੋਂ ਅਨੇਕਾਂ ਜੀਵਾਂ ਦਾ ਬੇੜਾ ਪਾਰ ਹੁੰਦਾ ਆ ਰਿਹਾ ਹੈ। ਜਿਥੇ ਗੁਰੂ ਸਾਹਿਬ ਨੇ ਸਾਨੂੰ ਰਜ਼ਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ, ਉੱਥੇ ਇਹ ਹੁਕਮ ਭੀ ਕੀਤਾ ਕਿ ਗੁਰਬਾਣੀ ਦੀ ਇਸ ‘ਦਾਤਿ’ ਵਿੱਚ ਹੁਣ ਕਿਸੇ ਲਗ ਮਾਤ੍ਰ ਦੀ ਤਬਦੀਲੀ ਭੀ ਨਹੀਂ ਹੋ ਸਕਣੀ। ਦੁੱਖ ਵਾਲੀ ਗੱਲ ਇਹ ਹੈ ਕਿ ਅੱਜ ਕਈ ਅਖੌਤੀ ਡੇਰੇਦਾਰ ਕਹਿੰਦੇ ਹਨ ਕਿ ਗੁਰਬਾਣੀ ਵਿੱਚ ਆਉਂਦੀਆਂ ਲਗਾਂ-ਮਾਤਰਾਂ ਦੀ ਅੱਜ ਕੋਈ ਲੋੜ੍ਹ ਨਹੀਂ, ਇਹ ਕੱਟ ਦੇਣੀਆਂ ਚਾਹੀਦੀਆਂ ਹਨ ਅਤੇ ਕਈਆਂ ਨੇ ਇਹ ਕੱਟ ਵੀ ਦਿੱਤੀਆਂ ਵੀ ਹਨ। ਉਦਾਹਰਣ ਵਜੋਂ ਧੁੱਮਾਂ ਟਕਸਾਲ ਨੇ ਆਪਣੇ ਗੁਟਕੇ ਇਨ੍ਹਾਂ ਲਗਾਂ-ਮਾਤਰਾਂ ਤੋਂ ਬਗੈਰ ਛਪਵਾ ਦਿੱਤੇ ਹਨ।
ਗੁਰੂ ਨਾਨਕ ਸਾਹਿਬ ਦੇ ਨਾਮ-ਲੇਵਾ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਨਵੰਬਰ 2019 ਮਹੀਨੇ ਵਿੱਚ ਮਨਾਉਣ ਜਾ ਰਹੇ ਹਨ। ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵਿਸਾਖ ਵਿੱਚ ਹੋਇਆ ਸੀ। ਭਾਈ ਬਾਲੇ ਵਾਲੀ ਜਨਮਸਾਖੀ ਤੋਂ ਬਗੈਰ ਸਾਰੇ ਪੁਰਾਤਨ ਸਰੋਤ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵਿਸਾਖ ਮਹੀਨੇ ਨੂੰ ਮੰਨਦੇ ਹਨ। ਇਹ ਪਹਿਲੀ ਵਾਰੀ ਦੇਖਿਆ ਗਿਆ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਕੱਤਕ ਦੇ ਮਹੀਨੇ ਵਿੱਚ ਲਿਖਿਆ ਹੋਇਆ ਹੈ।
ਇਥੇ ਇਹ ਗੱਲ ਵੀ ਸ਼ਪਸ਼ਟ ਕਰਨੀ ਜ਼ਰੂਰੀ ਹੈ ਕਿ ਕੋਈ ਭਾਈ ਬਾਲਾ ਗੁਰੂ ਨਾਨਕ ਸਾਹਿਬ ਦਾ ਸਾਥੀ ਕਦੇ ਵੀ ਨਹੀਂ ਸੀ ਹੋਇਆ। ਭਾਈ ਬਾਲੇ ਵਾਲੀ ਇਸ ਜਨਮ ਸਾਖੀ ਨੇ ਸਪਸ਼ਟ ਕਰ ਦਿੱਤਾ ਕਿ 1658 ਵਿੱਚ ਭਾਈ ਬਾਲੇ ਦੀ ਜਨਮ ਸਾਖੀ ਮੌਜ਼ੂਦ ਸੀ।
ਹੁਣ ਦੇਖੀਏ ਕਿ ਭਾਈ ਬਾਲੇ ਵਾਲੀ ਇਹ ਜਨਮ ਸਾਖੀ ਕਦੋਂ ਹੋਂਦ ਵਿੱਚ ਆਈ। ਇਹ ਗੱਲ ਮੰਨੀ ਜਾਂਦੀ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਬਾਬਾ ਹੰਦਾਲ ਦੀ ਪਰਚੀ ਦੇ ਪਿੱਛੋਂ ਲਿਖੀ ਗਈ ਹੈ। "ਗੁਰੂ ਹੰਦਾਲ ਪ੍ਰਕਾਸ਼" ਅਨੁਸਾਰ ਬਾਬੇ ਹੰਦਾਲ ਦਾ ਜਨਮ 1573 ਈਸਵੀ ਅਤੇ ਦਿਹਾਂਤ 1648 ਈਸਵੀ ਵਿਚ ਹੋਇਆ। ਹੰਦਾਲ ਦੇ ਪੁੱਤਰ ਬਿਧੀ ਚੰਦ ਦਾ ਦਿਹਾਂਤ 1658 ਈਸਵੀ ਵਿੱਚ ਹੋਇਆ ਅਤੇ ਇਸੇ ਸਾਲ ਹੀ ਭਾਈ ਬਾਲੇ ਵਾਲੀ ਜਨਮ ਸਾਖੀ ਪੈੜਾ ਮੋਖਾ ਵਲੋਂ ਲਿਖੀ ਗਈ।
ਇੱਕ ਸਿਧਾਂਤ ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਭਾਈ ਬਾਲੇ ਵਾਲੀ ਇਹ ਜਨਮ ਸਾਖੀ ਹੰਦਾਲੀਆਂ ਨੇ ਲਿਖਵਾਈ ਅਤੇ ਇਸ ਜਨਮ ਸਾਖੀ ਵਿੱਚ ਹੰਦਾਲ ਦਾ ਜਨਮ ਹੋਣਾ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਦੱਸਿਆ ਗਿਆ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ ਦਾ ਮੁੱਖ ਮੰਤਵ ਇੱਕੋ ਗੱਲ ਨੂੰ ਦ੍ਰਿੜ ਕਰਵਾਉਣਾ ਹੈ ਕਿ ਹੰਦਾਲ ਦੀ ਮਹਾਨਤਾ ਗੁਰੂ ਨਾਨਕ ਸਾਹਿਬ ਤੋਂ ਜਿਆਦਾ ਹੈ। ਭਾਈ ਬਾਲੇ ਦੀ ਜਨਮ ਸਾਖੀ ਤੋਂ ਇਹ ਵੀ ਪਤਾ ਲਗਦਾ ਹੈ ਕਿ ਭਾਈ ਬਾਲਾ ਸੰਧੂ ਜਾਤ ਦਾ ਜੱਟ ਸੀ। ਭਾਈ ਬਾਲਾ ਗੁਰੂ ਨਾਨਕ ਸਾਹਿਬ ਦਾ ਬਚਪਨ ਦਾ ਸਾਥੀ ਸੀ ਜੋ ਕਿ ਸੱਚ ਨਹੀ।
ਗੁਰੂ ਦੋਖੀਆਂ ਦੀ ਬਦੌਲਤ ਭਾਈ ਬਾਲੇ ਵਾਲੀ ਜਨਮ ਸਾਖੀ ਬਹੁਤ ਪ੍ਰਚਲੱਤ ਹੋਈ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਦੀ ਬਹੁਤ ਜ਼ਿਆਦਾ ਤੋਹੀਨ ਕੀਤੀ ਹੋਈ ਮਿਲਦੀ ਹੈ। ਇਸ ਗੱਲ ਨੂੰ ਸਮਝਣ ਵਾਸਤੇ ਇੱਥੇ ਅਸੀਂ ਭਾਈ ਬਾਲੇ ਵਾਲੀ ਸਾਖੀ ਵਿੱਚੋਂ ਇੱਕ ਉਦਾਹਰਣ ਦੇਣੀ ਉਚਿੱਤ ਸਮਝਦੇ ਹਾਂ।
ਇਹ ਕਹਾਣੀ ਝੂੱਠੀ ਸਾਬਤ ਕਰਨ ਲਈ ਪਹਿਲਾਂ ਸ੍ਰੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੬੨ ਤੇ ਗੁਰੂ ਨਾਨਕ ਸਾਹਿਬ ਦਾ ਆਪ ਉਪਦੇਸ਼ ਕਰਦੇ ਹਨ ਕਿ, "ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ।।" ਭਾਵ ਪ੍ਰਮਾਤਮਾ (ਸੱਚ) ਤੋਂ ਬਾਅਦ ਪ੍ਰਾਣੀ ਦਾ ਆਪਣਾ ਆਚਰਣ ਹੀ ਸੱਭ ਤੋਂ ਉੱਚਾ ਹੈ।
ਗੁਰੂ ਨਾਨਕ ਸਾਹਿਬ ਦੇ ਆਚਰਣ ਵਾਰੇ ਭਾਈ ਬਾਲੇ ਦੀ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਵਾਰੇ ਜੋ ਲਿਖਿਆ ਹੈ, ਉਸ ਨੂੰ ਪੜ੍ਹ ਕੇ ਸ਼ਰਮ ਤਾਂ ਆਵੇਗੀ ਪਰ ਸਚਾਈ ਜਾਨਣ ਵਾਸਤੇ ਅਸੀਂ ਉਸ ਦਾ ਉਤਾਰਾ ਇੱਥੇ ਦੇਣਾ ਜ਼ਰੂਰੀ ਸਮਝਦੇ ਹਾਂ। ਇਸ ਸਾਖੀ ਨੂੰ ਜ਼ਰਾ ਜਿਗਰਾ ਅਤੇ ਹੌਸਲਾ ਕਰਕੇ ਪੜ੍ਹਨ ਦੀ ਲੋੜ੍ਹ ਹੈ;
"ਹੈ ਤਾ ਸਭ ਕੁੱਝ ਕਰਤਾਰ ਦਾ ਪਰ ਦੇਹ ਦੁਨੀਆਂ ਦੀ ਵਰਤਨਿ ਹੈ।। ਮੇਰੀ ਧੀ ਆਹੀ ਜੋ ਨਜਰਿ ਗੁਰੂ ਨਾਨਕ ਦੀ ਪਈ।। ਤਾਂ ਗੁਰੂ ਨਾਨਕ ਕਹਿਆ ਬਚਾ ਆਪਣੀ ਧੀ ਨੂੰ ਰਾਤੀ ਬਣਾਇ ਕੇ ਲੈ ਆਵੇ।। ਮੈ ਸੀ ਨ ਕੀਤੀ ਰਾਤਿ ਨੂੰ ਬਣਾਇ ਕੇ ਲੈ ਆਇਆ।। ਤਾ ਗੁਰੂ ਨਾਨਕ ਕਹਿਆ ਤੂ ਜਾਹਿ ਬਚਾ ਤਾ ਮੈ ਆਖਿਆ ਜੀ ਮੈ ਇਸ ਤਾਈ ਨਾਲੇ ਲੈ ਜਾਸਾਂ।। ਤਾ ਗੁਰੂ ਨਾਨਕ ਕਹਿਆ ਤੂ ਜਾ ਬਚਾ ਬਹਿ ਰਹੁ ਬਾਹਰਿ।। ਤਾ ਮੈ ਬਹਰਿ ਡਿਉਡੀ ਵਿਚ ਆਇ ਬੈਠਾ।। ਤਾ ਗੁਰੂ ਨਾਨਕ ਸੰਗ ਲਗਾ ਕਰਨਿ ਤਾ ਮੰਜੀ ਦੀ ਹੀਂਹ ਟੁੱਟ ਗਈ ਤਾ ਗੁਰੂ ਨਾਨਕ ਆਪਣੇ ਖਿਆਲ ਵਿਚ ਆਹਾ ਮੈ ਜਾਤਾ ਜੋ ਗੁਰੂ ਨਾਨਕ ਦੇ ਸਹਜ ਵਿਚਿ ਕੁਸਹਜ ਹੋਇ ਜਾਂਦਾ ਹੈ ਤਾ ਮੈ ਹੀਂਹ ਦੀ ਜਾਹਗਾ ਆਪਣੀ ਢੂਹੀ ਦਿਤੀ।।"
ਅਸੀਂ ਇਸ ਲੇਖ ਵਿੱਚ ਭਾਈ ਗੁਰਦਾਸ ਦੀਆਂ ਵਾਰਾਂ ਰਾਹੀਂ ਗੁਰੂ ਨਾਨਕ ਸਾਹਿਬ ਦੀ ਸ਼ਖਸ਼ੀਅਤ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨ ਲੱਗੇ ਹਾਂ।

ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿ ਪਠਾਯਾ॥

ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿਖਾਂ ਪੀਲਾਯਾ॥

ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਯਾ॥

ਚਾਰੈ ਪੈਰ ਧਰੰਮ ਦੇ ਚਾਰ ਵਰਨ ਇਕ ਵਰਨ ਕਰਾਯਾ॥

ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ॥

ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ॥

ਕਲਿਜੁਗ ਬਾਬੇ ਤਾਰਿਆ ਸਤਨਾਮ ਪੜ੍ਹ ਮੰਤ੍ਰ ਸੁਣਾਯਾ॥

ਕਲਿ ਤਾਰਣ ਗੁਰ ਨਾਨਕ ਆਯਾ ॥੨੩॥

ਅਰਥ: ਅਕਾਲਪੁਰਖ ਨੇ ਆਪ ਹੀ ਗੁਰੂ ਨਾਨਕ ਸਾਹਿਬ ਨੂੰ ਸੰਸਾਰ ਵਿੱਚ ਭੇਜਿਆ। ਗੁਰੂ ਨਾਨਕ ਸਾਹਿਬ ਨੇ ਗੁਰੂ ਦੀ ਸਿਖਿਆ ਵਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਜ਼ਿੰਦਗੀ ਦਾ ਅਸਲੀ ਮਨੋਰਥ ਸਮਝਾਇਆ ਅਤੇ ਦੇਵਤਿਆਂ, ਮੂਰਤੀਆਂ ਆਦਿ ਦੀ ਪੂਜਾ ਛੱਡ ਕੇ ਇੱਕ ਅਕਾਲ ਨੂੰ ਪੂਜਨ ਦਾ ਉਪਦੇਸ਼ ਦਿੱਤਾ। ਇਸ ਤਰ੍ਹਾਂ ਊਚ-ਨੀਚ, ਜਾਤ-ਪਾਤ, ਅਮੀਰੀ-ਗਰੀਬੀ ਆਦਿ ਦੀ ਭਿਨਤਾ ਮਿਟਾ ਕੇ ਮਨੁਖਤਾ ਵਿੱਚ ਏਕਤਾ ਲਿਆਂਦੀ। ਪ੍ਰਮੇਸ਼ਰ ਦਾ ਕੌਤਕ ਦੇਖੋ ਲੋਕਾਂ ਨੂੰ ਨਿਮਰਤਾ ਦੀ ਸਿੱਖਿਆ ਦਿੱਤੀ। ਇੱਕ ਵਾਹਿਗੁਰੂ ਦਾ ਸਿਮਰਨ ਸਿੱਖਾ ਕੇ ਗੁਰੂ ਨਾਨਕ ਸਾਹਿਬ ਨੇ ਕਲਜੁਗ ਭਾਵ ਮਨ ਦੀ ਉਹ ਅਵਸਥਾ ਜਿਥੇ ਝੂਠ ਦਾ ਪਸਾਰਾ ਹੁੰਦਾ ਹੈ, ਨੂੰ ਤਾਰ ਦਿੱਤਾ।

ਪਹਿਲਾਂ ਬਾਬੇ ਪਾਯਾ ਬਖਸ਼ ਦਰ ਪਿਛੋਂ ਦੇ ਫਿਰ ਘਾਲ ਕਮਾਈ॥

ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ॥

ਭਾਰੀ ਕਰੀ ਤਪਸਿਆ ਬਡੇ ਭਾਗ ਹਰਿ ਸਿਉਂ ਬਣਿ ਆਈ॥

ਬਾਬਾ ਪੈਧਾ ਸਚ ਖੰਡ ਨਾਨਿਧਿ ਨਾਮ ਗਰੀਬੀ ਪਾਈ॥

ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥

ਬਾਝਹੁ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ॥

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥

ਚੜਿਆ ਸੋਧਨ ਧਰਤ ਲੁਕਾਈ ॥੨੪॥

ਅਰਥ: ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਬਖਸ਼ਸ਼ ਨਾਲ ਲੋਕਾਂ ਨੂੰ ਸੱਚ ਦਾ ਰਸਤਾ ਦਿਖਾਉਣ ਲਈ ਪ੍ਰਚਾਰਿਕ ਦੌਰਿਆਂ ਤੇ ਤੁਰ ਪਏ। ਜਿਸ ਦੌਰਾਨ ਉਨ੍ਹਾਂ ਨੂੰ ਅਨੇਕਾਂ ਤਕਲੀਫਾਂ ਕੱਟੀਆਂ ਜਿਵੇਂ ਭੁੱਖੇ ਰਹਿਣਾ, ਰੇਤੇ ਅਤੇ ਰੋੜ੍ਹਾ ਤੇ ਸੌਣਾ ਆਦਿ। ਪ੍ਰਚਾਰਿਕ ਦੌਰਿਆਂ ਦੌਰਾਨ ਗੁਰੂ ਨਾਨਕ ਸਾਹਿਬ ਨੇ ਦੇਖਿਆ ਕਿ ਸਾਰੀ ਲੁਕਾਈ ਬਹੁਤ ਦੁਖੀ ਹੈ।

ਬਾਬਾ ਆਇਆ ਤੀਰਥੀਂ ਤੀਰਥ ਪੁਰਬ ਸਭੇ ਫਿਰ ਦੇਖੈ॥

ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ॥

ਭਾਉ ਨ ਬ੍ਰਹਮੇ ਲਿਖਿਆ ਚਾਰ ਬੇਦ ਸਿੰਮ੍ਰਤਿ ਪੜ੍ਹ ਦੇਖੈ॥

ਢੂੰਡੀ ਸਗਲੀ ਪਿਰਥਮੀ ਸਤਿਜੁਗ ਆਦਿ ਦੁਆਪਰ ਤ੍ਰੇਤੈ॥

ਕਲਿਜੁਗ ਧੁੰਧੂਕਾਰ ਹੈ ਭਰਮ ਭੁਲਾਈ ਬਹੁ ਬਿਧਿ ਭੇਖੈ॥

ਭੇਖੀਂ ਪ੍ਰਭੂ ਨ ਪਾਈਐ ਆਪ ਗਵਾਏ ਰੂਪ ਨ ਰੇਖੈ॥

ਗੁਰਮੁਖ ਵਰਨ ਅਵਰਨ ਹੋਇ ਨਿਵ ਚਲੈ ਗੁਰਸਿਖ ਵਿਸੇਖੈ॥

ਤਾਂ ਕੁਛ ਘਾਲ ਪਵੈ ਦਰ ਲੇਖੈ ॥੨੫॥

ਗੁਰੂ ਨਾਨਕ ਸਾਹਿਬ ਭਿੰਨ-ਭਿੰਨ ਤੀਰਥਾਂ ਤੇ ਗਏ ਅਤੇ ਉਥੇ ਜਾ ਕੇ ਉਨ੍ਹਾਂ ਦੇਖਿਆ ਕਿ ਲੋਕ ਕ੍ਰਮ-ਕਾਂਡਾਂ ਵਿੱਚ ਫਸੇ ਹੋਏ ਸਨ। ਲੋਕ ਪ੍ਰੇਮ ਅਤੇ ਭਗਤੀ ਤੋਂ ਸੁਨ੍ਹੇਂ ਪਏ ਸਨ ਅਤੇ ਚਾਰੇ ਪਾਸੇ ਅਨ੍ਹੇਰਾ ਛਾਇਆ ਹੋਇਆ ਹੈ

ਜਤ ਸਤੀ ਚਿਰ ਜੀਵਣੇ ਸਾਧਿਕ ਸਿਧ ਨਾਥ ਗੁਰ ਚੇਲੇ॥

ਦੇਵੀ ਦੇਵ ਰਖੀਸ਼ਰਾਂ ਭੈਰੋਂ ਖੇਤ੍ਰ ਪਾਲ ਬਹੁ ਮੇਲੇ॥

ਗਣ ਗੰਧਰਬ ਅਪਸ਼ਰਾਂ ਕਿੰਨਰ ਜਛ ਚਲਿਤ ਬਹੁ ਖੇਲੇ॥

ਰਾਕਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦੁਹੇਲੇ॥

ਹਉਮੈਂ ਅੰਦਰ ਸਭਕੋ ਡੁਬੇ ਗੁਰੂ ਸਣੇਂ ਬਹੁ ਚੇਲੇ॥

ਗੁਰਮੁਖ ਕੋਇ ਨ ਦਿਸਈ ਢੂੰਡੇ ਤੀਰਥ ਜਾਤ੍ਰੀ ਮੇਲੇ॥

ਢੂੰਡੇ ਹਿੰਦੂ ਤੁਰਕ ਸਭ ਪੀਰ ਪੈਕੰਬਰ ਕਉਮਿ ਕਤੇਲੇ॥

ਅੰਧੀ ਅੰਧੇ ਖੂਹੇ ਠੇਲੇ ॥੨੬॥

ਉਪਰ ਵਾਲੀ ਪਉੜੀ ਵਿੱਚ ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਧਾਰਮਿਕ ਹਾਲਾਤਾਂ ਵਾਰੇ ਦੱਸਦੇ ਹਨ ਕਿ ਜਤੀ, ਸਤੀ, ਚਿਰੰਜੀਵੀ, ਸਾਧਨਾ ਕਰਨ ਵਾਲੇ, ਸਿਧ, ਨਾਥ, ਦੇਵੀ ਦੇਵਤੇ, ਰਿਖੀਸ਼ੁਰ, ਆਦਿ ਧਰਮੀ ਲੋਕ ਇੱਕਠੇ ਹੋਏ-ਹੋਏ ਹਨ ਪਰ ਇਹ ਸਾਰੇ ਹਉਮੈ ਵਿੱਚ ਗ੍ਰਸਤ ਹਨ। ਕਿਸੇ ਪਾਸੇ ਕੋਈ ਧਰਮੀ ਅਤੇ ਗੁਰਮੁਖ ਬੰਦਾ ਦਿਖਾਈ ਨਹੀਂ ਦਿੰਦਾ ਅਤੇ ਅਨ੍ਹਿਆਂ ਨੇ ਅਨ੍ਹਿਆਂ ਨੂੰ ਖੂਹ ਵਿੱਚ ਸੁੱਟ ਦਿੱਤਾ ਹੈ ਅਤੇ ਸਭ ਥਾਂ ਧੋਖਾ ਦਾ ਵਿਹਾਰ ਹੋ ਰਿਹਾ ਹੈ।

ਸੁਮੇਰ ਪਰਬਤ ਤੇ ਸਿਧਾਂ ਨਾਲ ਗੁਰੂ ਨਾਨਕ ਸਾਹਿਬ ਦੀ ਗੋਸਤੀ: ਆਉ ਹੁਣ ਆਪਾਂ ਗੁਰੂ ਨਾਨਕ ਸਾਹਿਬ ਦੀ ਸੁਮੇਰ ਪਰਬਤ ਤੇ ਸਿੱਧਾਂ ਨਾਲ ਹੋਈ ਗੋਸਟੀ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਰਾਹੀਂ ਸੁਣੀਏ| ਇਨ੍ਹਾਂ ਪਉੜੀਆਂ ਵਿੱਚ ਦਿੱਤੀ "ਸਿਧ ਗੋਸਟਿ" ਦਾ ਸੰਖੇਪ ਭਾਵ ਇਹ ਹੈ ਕਿ ਉਸ ਵੇਲੇ ਰਾਜੇ ਬੜੇ ਜ਼ਾਲਮ ਹੋ ਚੁੱਕੇ ਸਨ, ਲੋਕ ਅਗਿਆਨੀ ਸਨ, ਝੂਠ ਦਾ ਹਰ ਪਾਸੇ ਬੋਲਬਾਲਾ ਸੀ, ਕਾਜ਼ੀ ਰਿਸ਼ਵਤੀ ਸਨ ਜੋ ਨਿਆਂ ਰਿਸ਼ਵਤ ਲੈ ਕੇ ਹੀ ਕਰਦੇ ਸਨ, ਇਸਤਰੀਆਂ ਦਾ ਪਿਆਰ ਆਪਣੇ ਭਰਤਿਆਂ ਨਾਲ ਕੇਵਲ ਪੈਸੇ ਕਰਕੇ ਸੀ| ਉਨ੍ਹਾਂ ਨੂੰ ਕੋਈ ਮਤਲਬ ਨਹੀਂ ਸੀ ਕਿ ਉਹ ਇਹ ਪੈਸੇ ਕਿਥੋਂ ਅਤੇ ਕਿਵੇਂ ਲੈ ਕੇ ਆਉਂਦੇ ਸਨ |

ਗੁਰੂ ਨਾਨਕ ਸਾਹਿਬ ਨੇ ਜਦੋਂ ਪ੍ਰਚਾਰਿਕ ਦੌਰਿਆਂ ਤੇ ਗਏ ਤਾਂ ਉਨ੍ਹਾਂ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਅਤੇ ਲੋਕਾਂ ਵਲੋਂ ਕੀਤੇ ਜਾ ਰਹੇ ਕ੍ਰਮ-ਕਾਂਡ,ਅੰਧ-ਵਿਸ਼ਵਾਸ਼ਾਂ, ਅਗਿਆਨਤਾ ਆਦਿ ਨੂੰ ਦੂਰ ਕੀਤਾ| ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਘਰ ਘਰ ਵਡਿਆਈ ਹੋਣ ਲੱਗ ਪਈ|

ਇਨ੍ਹਾਂ ਪ੍ਰਚਾਰਿਕ ਦੌਰਿਆਂ ਦੌਰਾਨ ਗੁਰੂ ਸਾਹਿਬ ਇੱਕ ਵਾਰ ਸੁਮੇਰ ਪਰਬਤ ਤੇ ਚਲੇ ਗਏ| ਉਥੇ ਉਨ੍ਹਾਂ ਨੂੰ ਸਿੱਧ ਮਿਲ ਗਏ| ਸਿੱਧਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਕਿਹੜੀ ਸ਼ਕਤੀ ਨਾਲ ਉਥੇ ਪਹੁੰਚ ਗਏ? ਗੁਰੂ ਸਾਹਿਬ ਨੇ ਕਿਹਾ ਕਿ ਮਾਲਕ ਪ੍ਰਭੂ ਦੀ ਕ੍ਰਿਪਾ ਉਨ੍ਹਾਂ ਨੂੰ ਸੁਮੇਰ ਪਰਬਤ ਤੇ ਲੈ ਕੇ ਆਈ ਸੀ| ਸਿੱਧਾਂ ਨੇ ਪੁੱਛਿਆ ਕੇ ਮਾਤ ਲੋਕ ਵਿੱਚ ਪਰਜਾ ਦਾ ਕੀ ਹਾਲ ਸੀ ਤਾਂ ਗੁਰੂ ਸਾਹਿਬ ਨੇ ਸਿੱਧਾਂ ਨੂੰ ਲਾਹਨਤ ਪਾਈ ਕਿ ਜੇ ਤੁਹਾਡੇ ਵਰਗੇ ਸਿਆਣੇ ਲੋਕ ਪਰਜਾ ਦੀ ਅਗਵਾਈ ਨਹੀਂ ਕਰਨਗੇ ਤਾਂ ਪਰਜਾ ਦੀ ਹਾਨੀ ਹੀ ਹੋਵੇਗੀ| ਸੱਚ ਤੋਂ ਬਗੈਰ ਸੰਸਾਰ ਡੁੱਬ ਰਿਹਾ ਹੈ| ਗੱਲ ਬਾਤ ਦੌਰਾਨ ਸਿੱਧਾਂ ਨੇ ਭਾਂਪ ਲਿਆ ਕਿ ਗੁਰੂ ਸਾਹਿਬ ਬਹੁਤ ਸਿਆਣੇ ਹਨ| ਕਿਵੇਂ ਨਾ ਕਿਵੇਂ ਉਨ੍ਹਾਂ ਨੂੰ ਯੋਗ ਮੱਤ ਵਲ ਪਰੇਰ ਕੇ ਲਿਆਂਦਾ ਜਾਵੇ| ਜੇ ਗੁਰੂ ਸਾਹਿਬ ਸਿੱਧ ਬਣ ਜਾਨਣ ਤਾਂ ਯੋਗ ਮੱਤ ਦੀ ਬਹੁਤ ਤਰੱਕੀ ਹੋ ਜਾਵੇਗੀ| ਇਸ ਲਈ ਉਨ੍ਹਾਂ ਗੁਰੂ ਸਾਹਿਬ ਨੂੰ ਲਾਲਚ ਅਤੇ ਕਰਾਮਾਤਾਂ ਦਿਖਾ ਕੇ ਭਰਮਾਉਣ ਦਾ ਯਤਨ ਕੀਤਾ| ਉਨ੍ਹਾਂ ਨੇ ਗੁਰੂ ਸਾਹਿਬ ਨੂੰ ਇੱਕ ਭਾਂਡਾ ਦੇ ਕੇ ਨੇੜਲੇ ਤਲਾਬ ਵਿਚੋਂ ਪਾਣੀ ਲਿਆਉਣ ਲਈ ਕਿਹਾ| ਜਦ ਗੁਰੂ ਸਾਹਿਬ ਉਥੇ ਪਹੁੰਚੇ ਤਾਂ ਦੇਖਿਆ ਕਿ ਤਲਾਬ ਪਾਣੀ ਤਾਂ ਹੈ ਨਹੀਂ ਸੀ ਪਰ ਉਹ ਤਾਂ ਹੀਰੇ ਮੋਤੀਆਂ ਨਾਲ ਭਰਿਆ ਹੋਇਆ ਸੀ| ਆਪ ਸਮਝ ਗਏ ਕਿ ਇਹ ਜੋਗੀਆਂ ਦੀ ਕਰਮਾਤ ਸੀ ਤਾਂ ਜੋ ਉਨ੍ਹਾਂ ਨੂੰ ਸੱਚ ਤੋਂ ਭਰਮਾ ਲਿਆ ਜਾਵੇ| ਗੁਰੂ ਸਾਹਿਬ ਖਾਲੀ ਵਾਪਸ ਆ ਗਏ ਅਤੇ ਸਿੱਧਾਂ ਨੂੰ ਕਹਿਣ ਲੱਗੇ ਕਿ ਪਾਣੀ ਉੱਥੇ ਨਹੀਂ ਸੀ| ਇਸ ਘਟਨਾ ਨਾਲ ਸਿੱਧ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋ ਗਏ, ਉਨ੍ਹਾਂ ਵਿੱਚੋਂ ਬਹੁਤ ਸਾਰੇ ਸਿੱਧਾਂ ਨੇ ਸਿੱਖ ਮੱਤ ਧਾਰਨ ਕਰ ਲਿਆ ਅਤੇ ਗੁਰੂ ਸਾਹਿਬ ਦੇ ਸਿੱਖ ਬਣ ਗਏ| ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਸਿੱਧ ਮੰਡਲੀ ਨੂੰ ਜਿੱਤ ਲਿਆ ਅਤੇ ਉਨ੍ਹਾਂ ਨੂੰ ਸੱਚ ਦਾ ਨਿਰਾਲਾ ਰਸਤਾ ਦਿਖਾ ਕੇ ਸਹੀ ਜੀਵਨ ਦੀ ਸੇਧ ਬਖਸ਼ੀ| ਹੁਣ ਆਓ ਇਨ੍ਹਾਂ ਵਾਰਾਂ ਨੂੰ ਪੜ੍ਹੋ;

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥

ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥

ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥

ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥

ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥

ਗੁਰਮੁਖ ਕਲਿ ਵਿਚ ਪਰਗਟ ਹੋਆ ॥੨੭॥

ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥

ਫਿਰ ਜਾ ਚੜੇ ਸੁਮੇਰ ਪਰ ਸਿਧ ਮੰਡਲੀ ਦ੍ਰਿਸ਼ਟੀ ਆਈ॥

ਚੌਰਾਸੀਹ ਸਿਧ ਗੋਰਖਾਦਿ ਮਨ ਅੰਦਰ ਗਣਤੀ ਵਰਤਾਈ॥

ਸਿਧ ਪੁਛਣ ਸੁਣ ਬਾਲਿਆ ਕਉਣੁ ਸਕਤ ਤੁਹਿ ਏਥੇ ਲਿਆਈ॥
ਹਉਂ ਜਪਿਆ ਪਰਮੇਸਰੋ ਭਾਉ ਭਗਤ ਸੰਗ ਤਾੜੀ ਲਾਈ॥

ਆਖਣ ਸਿਧ ਸੁਣ ਬਾਲਿਆ ਅਪਣਾ ਨਾਉ ਤੁਮ ਦੇਹੁ ਬਤਾਈ ॥

ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ॥

ਨੀਚ ਕਹਾਇ ਊਚ ਘਰ ਆਈ ॥੨੮॥

ਫਿਰ ਪੁਛਣ ਸਿਧ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ॥

ਸਭ ਸਿਧੀਂ ਏਹ ਬੁਝਿਆ ਕਲਿ ਤਾਰਣ ਨਾਨਕ ਅਵਤਾਰਾ॥

ਬਾਬੇ ਕਹਿਆ ਨਾਥ ਜੀ ਸਚ ਚੰਦ੍ਰਮਾ ਕੂੜ ਅੰਧਾਰਾ॥

ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ॥

ਪਾਪ ਗਿਰਾਸੀ ਪਿਰਥਮੀ ਧਉਲੁ ਖੜਾ ਧਰ ਹੇਠ ਪੁਕਾਰਾ॥

ਸਿਧ ਛਪ ਬੈਠੇ ਪਰਬਤੀਂ ਕਉਣੁ ਜਗ ਕਉ ਪਾਰ ਉਤਾਰਾ॥

ਜੋਗੀ ਗਿਆਨ ਵਿਹੂਣਿਆਂ ਨਿਸਦਿਨ ਅੰਗ ਲਗਾਇਨ ਛਾਰਾ॥
ਬਾਝ ਗੁਰੂ ਡੁਬਾ ਜਗ ਸਾਰਾ ॥੨੯॥

ਕਲ ਆਈ ਕੁਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥

ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥

ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥

ਚੇਲੇ ਸਾਜ ਵਜਾਇੰਦੇ ਨਚਣ ਗੁਰੂ ਬਹੁਤ ਬਿਧ ਭਾਈ॥

ਸੇਵਕ ਬੈਠਨ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ॥

ਕਾਜ਼ੀ ਹੋਏ ਰਿਸ਼ਵਤੀ ਵਢੀ ਲੈਕੇ ਹਕ ਗਵਾਈ॥

ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ॥

ਵਰਤਿਆ ਪਾਪ ਸਭਸ ਜਗ ਮਾਂਹੀ ॥੩੦॥

ਸਿਧੀਂ ਮਨੇ ਬਿਚਾਰਿਆ ਕਿਵ ਦਰਸਨ ਏਹ ਲੇਵੇ ਬਾਲਾ॥

ਐਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ॥

ਖਪਰ ਦਿਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ॥

ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ॥

ਸਤਿਗੁਰ ਅਗਮ ਅਗਾਧ ਪੁਰਖ ਕੇਹੜਾ ਝਲੇ ਗੁਰ ਦੀ ਝਾਲਾ॥

ਫਿਰ ਆਯਾ ਗੁਰ ਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ॥

ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ॥

ਕਲਿਜੁਗ ਨਾਨਕ ਨਾਮ ਸੁਖਾਲਾ ॥੩੧॥

ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਸਾਊਦੀ ਅਰਬ ਵਲ ਮੱਕੇ ਚਲੇ ਗਏ। ਬਾਬਾ ਗੁਰੂ ਨਾਨਕ ਫੇਰ ਮੱਕੇ ਨੂੰ ਗਿਆ, ਨੀਲੇ ਕੱਪੜੇ ਪਹਿਨ ਕੇ ਮਾਨੋ ਬਨਵਾਰੀ ਹਰੀ ਰੂਪ ਧਾਰ ਕੇ। ਆਸਾ ਸੌਦਾ ਹੱਥ ਵਿਖੇ, ਕਿਤਾਬ ਕੱਛ ਵਿਚ, ਅਸਤਾਵਾ ਤੇ ਬਾਂਗ ਦੇਣ ਵਾਲਾ ਮੁਸੱਲਾ ਆਸਣ ਭੀ ਕੋਲ ਹੈ। ਬਾਬਾ ਮਸੀਤ ਵਿਚ ਜਾ ਕੇ ਬੈਠ ਗਿਆ, ਜਿਥੇ ਹਾਜੀਆਂ ਨੇ ਹਜ ਕੀਤਾ ਹੋਇਆ ਸੀ। ਜਦੋਂ ਰਾਤ ਪੈ ਗਈ ਤਾਂ ਬਾਬਾ ਨਾਨਕ ਮੱਕੇ ਵੱਲ ਲੱਤਾਂ-ਪੈਰ ਪਸਾਰ ਕੇ ਸੌ ਗਿਆ। ਜੀਵਣ ਨਾਮੀ, ਮੁੱਨੇ ਨੇ ਵੱਟ ਕੇ ਲੱਤ ਦੀ ਚੋਟ ਬਾਬੇ ਨਾਨਕ ਦੇ ਮਾਰੀ ਤੇ ਕਿਹਾ, ‘ਕਿਹੜਾ ਨਾਸ਼ੁਕਰਾ ਕਾਫਰ ਇੱਥੇ ਸੁੱਤਾ ਹੈ। ਲੱਤਾਂ ਖੁਦਾ ਮੱਕੇ ਵੱਲ ਕੀਤੀਆਂ ਹਨ, ਕਿਉਂ ਪਾਪੀ ਹੋ ਕੇ ਲੰਮਾ ਪੈ ਰਿਹਾ ਹੈ।’ ਬਾਬੇ ਹੁਰੁ ਨਾਨਕ ਨੇ ਕਿਹਾ ਲੱਤਾਂ ਉਧਰ ਕਰ ਦਿਓ ਜਿਧਰ ਰੱਬ ਮੱਕਾ) ਨਹੀਂ ਤਾਂ ਜਦ ਜੀਵਣ ਮੁੱਲੇ ਨੇ ਟੰਗਾਂ ਤੋਂ ਫੜ ਕੇ ਗੁਰੂ ਨਾਨਕ ਸਾਹਿਬ ਨੂੰ ਘਸੀਟਿਆ ਤਾਂ ਐਸੀ ਕਲਾ ਵਰਤੀ ਕਿ ਮੱਕਾ ਭੀ ਫਿਰ ਗਿਆ। ਸਾਰੇ ਰੌਲਾ ਪੈ ਗਿਆ ਤੇ ਸਾਰੇ ਹਾਜ਼ੀ ਅਚਰਜ ਹੋ ਕੇ ਫਿਰ ਬਾਬੇ ਗੁਰੂ ਨਾਨਕ ਨੂੰ ਨਮਸਕਾਰਾਂ ਕਰਨ ਲੱਗ ਪਏ।

ਭਾਵ: ਗੁਰੂ ਨਾਨਕ ਮੱਕੇ ਦੇ ਮੌਲਵੀਆਂ ਦਾ ਹੰਕਾਰ ਤੋੜਣ ਲਈ ਉਨ੍ਹਾਂ ਦਾ ਹੀ ਭੇਖ (ਪਹਿਰਾਵਾ) ਧਾਰ ਕੇ ਮੱਕੇ ਜਾ ਪੁੱਜੇ। ਬਨਵਾਰੀ ਵਿਸ਼ੇਸ਼ਣ ਦਾ ਭਾਵ ਹੈ ਫਤੇਹ ਦਾ ਚਿੰਨ੍ਹ ਵੈਜਯੰਤੀ ਮਾਲਾ, ਪਹਿਲੇ ਹੀ ਮਾਨੋ ਗਲ ਵਿਚ ਪਹਿਨੀ ਹੋਈ ਸੀ। ਜਿਧਰ ਗੁਰੂ ਜੀ ਦੀਆਂ ਲੱਤਾਂ ਕਰਨ, ਉਧਰ ਹੀ ਮੱਕੇ ਹੁਰੀਂ ਪਏ ਫਿਰਨ। ਸਾਰੇ ਮੁਲਾਣੇ ਗੁਰੂ ਜੀ ਦੀ ਚਰਨੀ ਡਿੱਗ ਪਏ ਅਤੇ ਸਤਿਗੁਰ ਜੀ ਦੀ ਅਲੂਹੀਅਤ ਦੇ ਕਾਇਲ ਹੋ ਗਏ।

ਬਾਬਾ ਫਿਰ ਮਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥

ਆਸਾ ਹਥ ਕਿਤਾਬ ਕਛ ਕੂਜਾ ਬਾਂਗ ਮੁਸਲਾ ਧਾਰੀ॥

ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹਜ ਗੁਜਾਰੀ॥

ਜਾਂ ਬਾਬਾ ਸੁੱਤਾ ਰਾਤ ਨੂੰ ਵਲ ਮਹਿਰਾਬੇ ਪਾਂਇ ਪਸਾਰੀ॥

ਜੀਵਨ ਮਾਰੀ ਲਤ ਦੀ ਕੇਹੜਾ ਸੁਤਾ ਕੁਫ਼ਰ ਕੁਫ਼ਾਰੀ॥

ਲਤਾਂ ਵਲ ਖ਼ੁਦਾਇ ਦੇ ਕਿਉਕਰ ਪਇਆ ਹੋਇ ਬਜਗਾਰੀ॥

ਟੰਗੋਂ ਪਕੜ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ॥

ਹੋਇ ਹੈਰਾਨ ਕਰੇਨ ਜੁਹਾਰੀ ॥੩੨॥

ਮੱਕੇ ਵਿੱਚ ਕਾਜ਼ੀ ਅਤੇ ਮੁੱਲਾਂ ਇੱਕਠੇ ਹੋ ਕੇ ਗੁਰੂ ਸਾਹਿਬ ਤੋਂ ਮਜ਼ਬ ਦੀ ਗੱਲ ਪੁਛਣ ਲਗ ਪਏ ਅਤੇ ਪੁਛਿਆ ਕਿ ਕੌਣ ਵੱਡਾ ਹੈ ਹਿੰਦੂ ਕਿ ਮੁਸਲਮਾਨ?

ਗੁਰੂ ਸਾਹਿਬ ਨੇ ਦੱਸਿਆ ਕਿ ਨੇਕ ਅਮਲਾਂ ਤੋ ਬਗੈਰ ਸਭ ਰੋਂਦੇ ਪਏ ਹਨ ਅਤੇ ਉਨ੍ਹਾਂ ਨੂੰ ਰੱਬ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਮਿਲੇਗੀ ।

ਕਸੁੰਭੇ ਦਾ ਰੰਗ ਕੱਚਾ ਹੁੰਦਾ ਹੈ ਅਤੇ ਧੋਣ ਨਾਲ ਉਤਰ ਜਾਂਦਾ ਹੈ। ਇਹ ਲੋਕ ਆਪਸ ਵਿੱਚ ਈਰਖਾ ਕਰਦੇ ਹਨ ਰਾਮ ਅਤੇ ਰਹੀਮ ਦਾ ਇੱਕੋ ਦਰਜ਼ਾ ਹੈ। ਬਦੀ ਦੇ ਰਸਤਿਆਂ ਵਿੱਚ ਦੁਨੀਆਂ ਭੁੱਲੀ ਫਿਰਦੀ ਹੈ

ਪੁਛਨ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ॥

ਵਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤਿ ਕੋਈ॥

ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥

ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ॥

ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ॥

ਕਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ॥

ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕੁਥਾਇ ਖਲੋਈ॥

ਰਾਹ ਸੈਤਾਨੀ ਦੁਨੀਆ ਗੋਈ ॥੩੩॥

ਮੱਕੇ ਵਿੱਚ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਬਹੁਤ ਆਦਰ ਦਿੱਤਾ। ਜਿਥੇ-ਜਿਥੇ ਵੀ ਗੁਰੂ ਨਾਨਕ ਸਾਹਿਬ ਗਏ ਉਥੇ ਉਨ੍ਹਾਂ ਨੇ ਸੰਗਤਾਂ ਨੂੰ ਗੁਰ ਉਪਦੇਸ਼ ਨਾਲ ਤਾਰ ਦਿੱਤਾ। ਘਰ-ਘਰ ਲੋਕ ਗੁਰੂ ਨਾਨਕ ਸਾਹਿਬ ਨੂੰ ਪੂਜਨ ਲੱਗ ਪਏ, ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਨਾਲ ਸਾਰੇ ਪਾਸੇ ਚਾਨਣ ਹੋ ਜਾਂਦਾ ਹੈ, ਜਿਵੇਂ ਉਜਾੜ ਵਿੱਚ ਸ਼ੇਰ ਦੀ ਭਵਕ ਨਾਲ ਹਰਨਾਂ ਨੂੰ ਭਾਜੜ ਪੈ ਜਾਂਦੀ ਹੈ, ਜਿਵੇਂ ਜਦੋਂ ਚੰਦ ਚੜ੍ਹ ਜਾਂਦਾ ਹੈ ਤਾਂ ਉਸ ਦੀ ਜੋਤ ਨੂੰ ਕੋਈ ਛੁਪਾ ਨਹੀਂ ਸਕਦਾ ਉਸ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਸਾਰੇ ਪਾਸੇ ਮਸ਼ਹੂਰ ਹੋ ਗਏ।

ਧਰੀ ਨਿਸਨੀ ਕਉਸ ਦੀ ਮਕੇ ਅੰਦਰ ਪੂਜ ਕਰਾਈ॥

ਜਿਥੇ ਜਾਈ ਜਗਤ ਵਿਚ ਬਾਬੇ ਬਾਝ ਨ ਖਾਲੀ ਜਾਈ॥

ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਗੁਆਈ॥

ਛਪੇ ਨਾਂਹਿ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਈ॥

ਬੁਕਿਆ ਸਿੰਘ ਉਜਾੜ ਵਿਚ ਸਬ ਮਿਰਗਾਵਲ ਭੰਨੀ ਜਾਈ॥

ਚੜਿਆ ਚੰਦੁ ਨ ਲੁਕਈ ਕਢ ਕੁਨਾਲੀ ਜੋਤ ਛਪਾਈ॥

ਉਗਵਣਹੁ ਤੇ ਆਥਵਣਹੁ ਨਉ ਖੰਡ ਪ੍ਰਿਥਵੀ ਸਭ ਝੁਕਾਈ॥

ਜਗ ਅੰਦਰ ਕੁਦਰਤ ਵਰਤਾਈ ॥੩੪॥

ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਬਗਦਾਦ ਗਿਆ। ਉਥੇ ਪੀਰ ਦਸਤਗੀਰ ਨਾਲ ਮੁਲਾਕਤ ਕੀਤੀ ਅਤੇ ਰੱਬੀ ਉਪਦੇਸ਼ ਨਾਲ ਲੁਕਾਈ ਨੂੰ ਤਾਰਿਆ।

ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥

ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥

ਦਿਤੀ ਬਾਂਗ ਨਿਮਾਜ ਕਰ ਸੁੰਨ ਸਮਾਨ ਹੋਯਾ ਜਹਾਨਾ॥

ਸੁੰਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ॥

ਵੇਖੈ ਧਿਆਨ ਲਗਾਇ ਕਰ ਇਕ ਫਕੀਰ ਵਡਾ ਮਸਤਾਨਾ॥

ਪੁਛਿਆ ਫਿਰਕੇ ਦਸਤਗੀਰ ਕੌਨ ਫਕੀਰ ਕਿਸ ਕਾ ਘਰਾਨਾ॥

ਨਾਨਕ ਕਲਿ ਵਿਚ ਆਇਆ ਰਬ ਫਕੀਰ ਇਕ ਪਹਿਚਾਨਾ॥

ਧਰਤ ਅਕਾਸ ਚਹੁਦਿਸ ਜਾਨਾ ॥੩੫॥

ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ ਆਤਾਈ॥

ਏਥੇ ਵਿਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ॥

ਪਾਤਾਲਾਂ ਆਕਾਸ ਲਖ ਓੜਕ ਭਾਲੀ ਖਬਰ ਸੁ ਸਾਈ॥

ਫੇਰ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤੁਹਿ ਪਾਈ॥

ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥

ਲਖ ਅਕਾਸ ਪਤਾਲ ਲਖ ਅਖ ਫੁਰੰਕ ਵਿਚ ਸਭ ਦਿਖਲਾਈ॥

ਭਰ ਕਚਕੌਲ ਪ੍ਰਸਾਦਿ ਦਾ ਧੁਰੋ ਪਤਾਲੋ ਲਈ ਕੜਾਈ॥

ਜਾਹਰ ਕਲਾ ਨ ਛਪੈ ਛਪਾਈ ॥੩੬॥

ਗੜ੍ਹ ਬਗਦਾਦ ਨਿਵਾਇਕੈ ਮਕਾ ਮਦੀਨਾ ਸਭ ਨਿਵਾਯਾ॥

ਸਿਧ ਚੌਰਾਸੀਹ ਮੰਡਲੀ ਖਟ ਦਰਸਨ ਪਾਖੰਡ ਜਣਾਯਾ॥

ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਯਾ॥

ਜਿਤੀ ਨਵਖੰਡ ਮੇਦਨੀ ਸਤਨਾਮ ਕਾ ਚਕ੍ਰ ਫਿਰਾਯਾ॥

ਦੇਵਦਾਨੋ ਰਾਕਸ ਦੈਂਤ ਸਭ ਚਿਤ੍ਰ ਗੁਪਤ ਸਭ ਚਰਨੀ ਲਾਯਾ॥

ਇੰਦ੍ਰਾਸਣ ਅਪਛਰਾਂ ਰਾਗ ਰਾਗਨੀ ਮੰਗਲ ਗਾਯਾ॥

ਹਿੰਦੂ ਮੁਸਲਮਾਨ ਨਿਵਾਇਆ ॥੩੭॥

ਹੁਣ ਅਸੀਂ ਅਚੱਲ ਬਟਾਲੇ ਵਾਲੀ "ਸਿਧ ਗੋਸਟਿ" ਦਾ ਜ਼ਿਕਰ ਕਰਦੇ ਹਾਂ| ਅਸੀਂ ਉਪਰ ਦੱਸ ਆਏ ਹਾਂ ਕਿ ੧੫੨੧ਈ. ਵਿੱਚ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਨਗਰ ਵਸਾਇਆ ਸੀ | ਕਰਤਾਰਪੁਰ ਰਾਵੀ ਦਰਿਆ ਦੇ ਕੰਢੇ ਤੇ ਹੈ ਅਤੇ ਅੱਜ ਕੱਲ ਇਹ ਨਗਰ ਪਾਕਿਸਤਾਨ ਵਿੱਚ ਹੈ| ਗੁਰੂ ਸਾਹਿਬ ਇਥੇ ਹਰ ਰੋਜ਼ ਸਵੇਰੇ ਸ਼ਾਮ ਧਰਮਸਾਲਾ ਵਿੱਚ ਸਤ ਸੰਗਤ ਲਗਾਉਂਦੇ ਸਨ ਅਤੇ ਲੋਕਾਂ ਨੂੰ ਕ੍ਰਮ-ਕਾਂਡਾਂ ਤੋਂ ਹਟਾ ਕੇ ਸੱਚ ਦੇ ਰਸਤੇ ਤੇ ਪਾਉਂਦੇ ਸਨ| ਕਰਤਾਰਪੁਰ ਵਿੱਚ ਗੁਰੂ ਸਾਹਿਬ ਨੇ ਆਪ ਹੱਥੀਂ ਧਰਮ ਦੀ ਕਿਰਤ ਕਰਨੀ, ਨਾਮ ਜਪਣ ਅਤੇ ਵੰਡ ਛੱਕਣ ਦੀ ਅਮਲੀ ਸਿੱਖਿਆ ਦਿੱਤੀ| ਇਥੋਂ ਆਪ ਦੂਰ-ਦੂਰ ਪ੍ਰਚਾਰ ਕਰਨ ਲਈ ਜਾਂਦੇ ਰਹੇ| ਇਥੋਂ ਹੀ ਆਪ ਮੁਲਤਾਨ ਅਤੇ ਸਿਆਲਕੋਟ ਦੀ ਪ੍ਰਚਾਰਕ ਫੇਰੀਆਂ ਤੇ ਗਏ| ਸ਼ਿਵਰਾਤਰੀ ਦੇ ਮੌਕੇ ਤੇ ਇੱਕ ਵਾਰ ਆਪ ਭਾਈ ਮਰਦਾਨਾ ਜੀ ਨਾਲ ਅਚੱਲ ਬਟਾਲੇ ਗਏ| ਉਸ ਸਮੇਂ ਤੱਕ ਗੁਰੂ ਸਾਹਿਬ ਜੀ ਦੀ ਸ਼ੋਭਾ ਦੂਰ-ਦੂਰ ਤੱਕ ਫੈਲ ਚੁੱਕੀ ਸੀ| "ਅੱਚਲ", ਬਟਾਲੇ ਤੋਂ ਤਿੰਨ ਮੀਲ ਦੂਰ ਹੈ| ਇਥੇ ਮਹਾਂਦੇਵ (ਸ਼ਿਵ ਜੀ) ਦਾ ਮੰਦਰ ਬਣਿਆਂ ਹੋਇਆ ਸੀ| ਇਥੇ ਹਰ ਸਾਲ ਸ਼ਿਵਰਾਤਰੀ ਦੇ ਸਮੇਂ ਫਗਣ ਮਹੀਨੇ ਭਾਰੀ ਮੇਲਾ ਲਗਦਾ ਸੀ| ਯੋਗੀ ਭੀ ਦੂਰੋਂ ਦੂਰੋਂ ਸ਼ਿਵਰਾਤਰੀ ਦੇ ਇਸ ਮੇਲੇ ਵਿੱਚ ਪਹੁੰਚੇ ਹੋਏ ਸਨ|

ਜਦੋਂ ਗੁਰੂ ਜੀ ਇਸ ਮੇਲੇ ਤੇ ਪਹੁੰਚੇ ਤਾਂ ਬਹੁਤ ਭਾਰੀ ਗਿਣਤੀ ਵਿੱਚ ਲੋਕ ਗੁਰੂ ਸਾਹਿਬ ਦੇ ਉਪਦੇਸ਼ ਸੁਣਨ ਲਈ ਸਤ-ਸੰਗਤ ਵਿੱਚ ਆ ਗਏ| ਯੋਗੀਆਂ ਵਾਲੇ ਪਾਸੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ| ਇਹ ਦੇਖ ਕੇ ਯੋਗੀਆਂ ਨੂੰ ਬਹੁਤ ਈਰਖਾ ਹੋਈ|

ਗੁਰੂ ਸਾਹਿਬ ਦੇ ਨੇੜੇ ਰਾਸਧਾਰੀਏ ਭਾਵ ਨਾਟਕ-ਮੰਡਲੀ ਰਾਸ ਪਾ ਰਹੇ ਸਨ| ਲੋਕਾਂ ਤੋਂ ਪੈਸੇ ਇੱਕਠੇ ਕਰਨ ਲਈ ਉਨ੍ਹਾਂ ਉੱਥੇ ਇੱਕ ਲੋਟਾ ਰੱਖਿਆ ਹੋਇਆ ਸੀ| ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਯੋਗੀਆਂ ਨੇ ਕਰਾਮਾਤੀ ਸ਼ਕਤੀ ਨਾਲ ਰਾਸਧਾਰੀਆਂ ਦੇ ਪੈਸਿਆਂ ਵਾਲਾ ਲੋਟਾ ਚੁੱਕ ਕੇ ਲੁਕਾ ਲਿਆ| ਗਰੀਬ ਰਾਸਧਾਰੀਏ ਰਾਸ ਭੁੱਲ ਗਾਏ ਅਤੇ ਲੋਟਾ ਵਾਪਸ ਲੈਣ ਲਈ ਯੋਗੀਆਂ ਅੱਗੇ ਤਰਲੇ ਕਢਣ ਲੱਗੇ ਪਰ ਯੋਗੀਆਂ ਨੇ ਲੋਟਾ ਵਾਪਸ ਨਾ ਕੀਤਾ| ਗੁਰੂ ਨਾਨਕ ਸਾਹਿਬ ਨੂੰ ਗਰੀਬ ਰਾਸਧਾਰੀਆਂ ਤੇ ਬਹੁਤ ਤਰਸ ਆਇਆ ਅਤੇ ਯੋਗੀਆਂ ਵਲੋਂ ਉਨ੍ਹਾਂ ਦੀ ਕੀਤੀ ਨਿਰਾਦਰੀ ਸਹਾਰ ਨਾ ਸਕੇ| ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜਾਣੀ-ਜਾਣ ਗੁਰੂ ਨਾਨਕ ਸਾਹਿਬ ਨੇ ਯੋਗੀਆਂ ਵਲੋਂ ਲੁਕਾਇਆ ਹੋਇਆ ਉਹ ਲੋਟਾ ਲੱਭ ਕੇ ਗਰੀਬ ਰਾਸਧਾਰੀਆਂ ਨੂੰ ਦੇ ਦਿੱਤਾ| ਇਸ ਤਰ੍ਹਾਂ ਯੋਗੀਆਂ ਦੀ ਕਰਾਮਾਤ ਦਾ ਹਥਿਆਰ ਫ਼ੇਲ ਹੋ ਗਿਆ|

ਇਸ ਤੋਂ ਬਾਅਦ ਯੋਗੀਆਂ ਦੀ ਈਰਖਾ ਹੋਰ ਬਹੁਤ ਜ਼ਿਆਦਾ ਵਧ ਗਈ ਅਤੇ ਉਹ ਗੁਰੂ ਸਾਹਿਬ ਨਾਲ ਬਹਿਸ ਕਰਨ ਲੱਗ ਪਏ| ਯੋਗੀ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਇੱਕ ਵਾਰ ਤੁਸੀਂ ਫਕੀਰੀ ਬਾਣਾ ਧਾਰਨ ਕਰ ਲਿਆ ਸੀ ਹੁਣ ਫਿਰ ਦਵਾਰਾ ਗ੍ਰਹਸਤੀ ਕਿਉਂ ਬਣ ਗਏ? ਤੁਸੀਂ ਤਾਂ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ| ਗੁਰੂ ਸਾਹਿਬ ਨੇ ਯੋਗੀਆਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਉਨ੍ਹਾਂ ਨੇ ਕਦੇ ਵੀ ਫਕੀਰੀ ਧਾਰਨ ਨਹੀਂ ਸੀ ਕੀਤੀ ਉਹ ਤਾਂ ਪਹਿਲਾਂ ਤੋਂ ਹੀ ਗ੍ਰਿਹਸਤੀ ਸਨ| ਉਹ ਆਪਣੀ ਸਹੂਲਤ ਵਾਸਤੇ ਲੋੜ ਮੁਤਾਬਕ ਕਪੜੇ ਪਾਉਂਦੇ ਸਨ ਅਤੇ ਦੂਰ-ਦੂਰ ਤੱਕ ਸੱਚ ਦਾ ਪ੍ਰਚਾਰ ਕਰਨ ਲਈ ਥਾਂ-ਥਾਂ ਜਾਂਦੇ ਰਹੇ ਹਨ| ਤੁਸੀਂ ਗ੍ਰਿਸਤੀ ਲੋਕਾਂ ਨੂੰ ਕਿਉਂ ਨਿੰਦਦੇ ਹੋ| ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਕਿਉਂਕਿ ਤੁਸੀਂ ਅੰਨ-ਦਾਣੇ, ਬਸਤਰ ਅਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਇਨ੍ਹਾਂ ਗ੍ਰਿਸਤੀਆਂ ਦੇ ਦਰ ਤੇ ਜਾ ਕੇ ਹੀ ਅਲੱਖ ਜਗਾਉਂਦੇ ਹੋ| ਤੁਹਾਡੇ ਨਾਲੋਂ ਤਾਂ ਮਿਹਨਤਕਸ਼ ਗ੍ਰਿਸਤੀ ਕਈ ਦਰਜ਼ੇ ਚੰਗੇ ਹਨ| ਉਹ ਆਪ ਹਥੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ, ਆਏ ਗਏ ਦੀ ਸੇਵਾ ਕਰਦੇ ਹਨ ਅਤੇ ਤੁਹਾਡੇ ਵਰਗੇ ਵਿਹਲੜਾਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਹਨ|

ਗੁਰੂ ਨਾਨਕ ਸਾਹਿਬ ਦੇ ਇਹ ਬਚਨ ਸੁਣ ਕੇ ਯੋਗੀ ਨਿਰੁੱਤਰ ਤਾਂ ਹੋ ਗਏ ਪਰ ਉਨ੍ਹਾਂ ਹੱਠ ਨਾ ਛੱਡਿਆ ਅਤੇ ਉਹ ਕਰਾਮਾਤਾਂ ਦਿਖਾਉਂਣ ਲੱਗ ਪਏ| ਉਨ੍ਹਾਂ ਵਿਚੋਂ ਕਈਆਂ ਨੇ ਭੱਬਕਾਂ ਮਾਰ ਕੇ ਭੂਤ-ਪ੍ਰੇਤ ਆਦਿ ਦੇ ਰੂਪ ਧਾਰ ਲਏ ਅਤੇ ਕਹਿਣ ਲੱਗੇ ਕਿ ਖੱਟ(ਛੇ) ਦਰਸ਼ਨਾਂ ਨੂੰ ਗੁਰੂ ਨਾਨਕ ਨੇ ਨਿਖੇੜਿਆ ਹੈ| ਕਈ ਸਿੱਧ ਲੋਕ ਜੰਤ੍ਰਾਂ, ਮੰਤ੍ਰਾਂ ਅਤੇ ਤੰਤ੍ਰਾਂ ਦੀਆਂ ਧੁਨੀਆਂ-ਵਾਜਾਂ ਲਾ ਕੇ ਅਲੱਗ-ਅਲੱਗ ਬੀਮਾਰੀਆਂ ਦੇ ਇਲਾਜ ਦੱਸਣ ਲੱਗ ਪਏ| ਸਿੱਧਾਂ ਨੇ ਸ਼ੇਰ, ਬਘਿਆੜ ਆਦਿ ਬਣ ਕੇ ਭੀ ਕਈ ਕੌਤਕ ਕੀਤੇ| ਕਈ ਜੋਗੀ ਖੰਬ ਲਾ ਕੇ ਆਕਾਸ਼ ਵਿੱਚ ਪੰਛੀਆਂ ਵਾਂਗ ਉੱਡਣ ਲੱਗ ਪਏ| ਕਈ ਜੋਗੀ ਸੱਪ ਬਣਕੇ ਫੁੰਕਾਰੇ ਮਾਰਨ ਲੱਗ ਗਏ ਅਤੇ ਕਈ ਯੋਗੀ ਅੱਗ ਦੀ ਵਰਖਾ ਕਰਨ ਲੱਗੇ| ਜੋਗੀ ਭੰਗਰਨਾਥ ਆਕਾਸ਼ ਵਿਚੋਂ ਤਾਰੇ ਤੋੜਨ ਲੱਗ ਪਿਆ| ਕਈ ਯੋਗੀ ਮਿਰਗ ਬਣ ਕੇ ਪਾਣੀ ਉੱਪਰ ਤਰਨ ਲੱਗ ਪਏ| ਸਿੱਧਾਂ ਦੀ ਇਹ ਈਰਖਾ ਦੀ ਲਾਈ ਹੋਈ ਇਹ ਅੱਗ ਬੁਝਾਈ ਬੁਝ ਨਹੀਂ ਰਹੀ ਸੀ| ਫਿਰ ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਉਹ ਵੀ ਕਰਾਮਾਤਾਂ ਦਿਖਾਉਂਣ | ਗੁਰੂ ਜੀ ਨੇ ਸਿੱਧਾਂ ਨੂੰਸਮਝਾਇਆ ਕਿ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਅਤੇ ਉਸ ਦੇ ਭਾਣੇ ਵਿੱਚ ਰਹਿਣਾ ਹੀ ਸਭ ਤੋਂ ਵਡੀ ਕਰਾਮਾਤ ਹੈ| ਪ੍ਰਭੂ ਆਪਣੇ ਸੇਵਕਾਂ ਦੇ ਆਪ ਪਰਦੇ ਢੱਕਦਾ ਹੈ ਅਤੇ ਉਨ੍ਹਾਂ ਦੇ ਮਨ ਨੂੰ ਦੁਖ-ਸੁਖ ਵੇਲੇ ਅਡੋਲ ਰਹਿਣ ਦੀ ਤਾਕਤ ਬਖਸ਼ਦਾ ਹੈ| ਪ੍ਰਮਾਤਮਾ ਦੇ ਸੇਵਕ ਉਸ ਦੀ ਰਜ਼ਾ ਵਿੱਚ ਹੀ ਖ਼ੁਸ਼ ਰਹਿੰਦੇ ਹਨ| ਇਸ ਲਈ ਪ੍ਰਮਾਤਮਾ ਦੇ ਸੇਵਕ ਨੂੰ ਆਪਣੀ ਹਉਂਮੈ, ਖੁਦਗਰਜ਼ੀ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕਦੇ ਵੀ ਕੋਈ ਕਰਾਮਾਤ ਨਹੀਂ ਦਿਖਾਉਂਣੀ ਚਾਹੀਦੀ|

ਗੁਰੂ ਸਾਹਿਬ ਦੇ ਉਪਦੇਸ਼ਾਂ ਨੇ ਲੋਕਾਂ ਦੇ ਮਨਾਂ ਨੂੰ ਕੀਲ ਲਿਆ ਅਤੇ ਯੋਗੀ ਭੀ ਬਹੁਤ ਪ੍ਰਭਾਵਿਤ ਹੋਏ| ਯੋਗੀਆਂ ਨੂੰ ਵਿਸ਼ਵਾਸ਼ ਹੋ ਗਿਆ ਗੁਰੂ ਸਾਹਿਬ ਨੂੰ ਚਰਚਾ ਵਿੱਚ ਹਰਾਉਣਾ ਸੰਭਵ ਨਹੀਂ| ਇਸ ਦਾ ਕਾਰਨ ਇਹ ਸੀ ਕਿ ਗੁਰੂ ਸਾਹਿਬ ਕੇਵਲ ਉਨ੍ਹਾਂ ਵਿਚਾਰਾਂ ਦਾ ਪ੍ਰਚਾਰ ਕਰ ਰਹੇ ਸਨ ਜੋ ਗਿਆਨ ਉਨ੍ਹਾਂ ਪ੍ਰਭੂ ਨਾਲ ਇੱਕ ਸੁਰ ਹੋ ਕੇ ਪ੍ਰਾਪਤ ਕੀਤਾ ਸੀ| ਇਹ ਬਚਨ ਸੁਣਨ ਤੋਂ ਬਾਅਦ ਯੋਗੀ ਆਰਾਮ ਨਾਲ ਬੈਠ ਗਏ ਅਤੇ ਗੁਰੂ ਸਾਹਿਬ ਨਾਲ ਪਿਆਰ ਨਾਲ ਗੱਲਾਂ ਕਰਨ ਲੱਗ ਪਏ| ਉਨ੍ਹਾਂ ਗੁਰੂ ਸਾਹਿਬ ਤੋਂ ਬਹੁਤ ਸਵਾਲ ਪੁੱਛੇ| ਭਾਈ ਗੁਰਦਾਸ ਦੀਆਂ ਵਾਰਾਂ ਰਾਹੀਂ ਅਸੀਂ ਇਸ ਚਰਚਾ/ਗੋਸਟੀ ਦਾ ਵੇਰਵਾ ਹੇਠਾਂ ਦੇ ਰਹੇ ਹਾਂ| ਉਮੀਦ ਹੈ ਕਿ ਪਾਠਕ ਇਨ੍ਹਾਂ ਨੂੰ ਪੜ੍ਹ ਕੇ ਲਾਹਾ ਪ੍ਰਾਪਤ ਕਰਨਗੇ|


ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ॥

ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥

ਉਲਟੀ ਗੰਗ ਵਹਾਈਓਨ ਗੁਰ ਅੰਗਦ ਸਿਰ ਉਪਰ ਧਾਰਾ॥

ਪੁਤੀਂ ਕਉਲੁ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥

ਬਾਣੀ ਮੁਖਹੁ ਉਚਾਰੀਐ ਹੋਇ ਰੁਸਨਾਈ ਮਿਟੈ ਅੰਧਾਰਾ॥

ਗਿਆਨ ਗੋਸ ਚਰਚਾ ਸਦਾ ਅਨਹਦ ਸਬਦ ਉਠੇ ਧੁਨਕਾਰਾ॥

ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ॥

ਗੁਰਮੁਖ ਭਾਰ ਅਥਰਬਣ ਧਾਰਾ ॥੩੮॥

ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਵਟਾਲੇ ਆਈ॥

ਦਰਸਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ॥

ਲਗੀ ਬਰਸਨ ਲਛਮੀ ਰਿਧ ਸਿਧ ਨਉ ਨਿਧਿ ਸਵਾਈ॥

ਜੋਗੀ ਵੇਖ ਚਲਿਤ੍ਰ ਨੋ ਮਨ ਵਿਚ ਰਿਸਕ ਘਨੇਰੀ ਖਾਈ॥

ਭਗਤੀਆ ਪਾਈ ਭਗਤਿ ਆਨਿ ਲੋਟਾ ਜੋਗੀ ਲਇਆ ਛਪਾਈ॥

ਭਗਤੀਆ ਗਈ ਭਗਤ ਬੂਲ ਲੋਟੇ ਅੰਦਰ ਸੁਰਤ ਭੁਲਾਈ॥

ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾ ਲੁਕਾਈ॥

ਵੇਖ ਚਲਿਤ੍ਰ ਜੋਗੀ ਖੁਣਸਾਈ ॥੩੯॥

ਖਾਧੀ ਖੁਣਸ ਜੋਗੀਸਰਾਂ ਗੋਸਟ ਕਰਨ ਸਭੇ ਉਠ ਆਈ॥

ਪੁਛੇ ਜੋਗੀ ਭੰਗ੍ਰ ਨਾਥ ਤੁਹਿ ਦੁਧ ਵਿਚ ਕਿਉਂ ਕਾਂਜੀ ਪਾਈ॥

ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣ ਹਥ ਨ ਆਈ॥

ਭੇਖ ਉਾਤਰ ਉਦਾਸ ਦਾ ਵਤ ਕਿਉ ਸਸਾਰੀ ਰੀਤ ਚਲਾਈ॥

ਨਾਨਕ ਆਖੇ ਭੰਗ੍ਰਨਾਥ ਤੇਰੀ ਮਾਉ ਕੁਚਜੀ ਆਈ॥

ਭਾਂਡਾ ਧੋਇ ਨ ਜਾਤਿਓਨ ਭਾਇ ਕੁਚਜੇ ਫੁਲ ਸੜਾਈ॥

ਹੋਇ ਅਤੀਤ ਗ੍ਰਿਹਸਤ ਤਜ ਫਿਰ ਉਨਕੇ ਘਰ ਮੰਗਨ ਜਾਈ॥

ਬਿਨ ਦਿਤੇ ਕਿਛ ਹਥ ਨ ਆਈ ॥੪੦॥

ਏਹ ਸੁਣ ਬਚਨ ਜੁਗੀਸਰਾਂ ਮਾਰ ਕਿਲਕ ਬਹੁ ਰੂਪ ਉਠਾਈ॥

ਖਟ ਦਰਸਨ ਕਉ ਖੇਦਿਆ ਕਲਿਜੁਗ ਬੇਦੀ ਨਾਨਕ ਆਈ॥

ਸਿਧ ਬੋਲਨ ਸਭ ਅਉਖਧੀਆਂ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ॥

ਰੂਪ ਵਟਾਇਆ ਜੋਗੀਆਂ ਸਿੰਘ ਬਾਘ ਬਹੁ ਚਲਿਤ ਦਿਖਾਈ॥

ਇਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹੇ ਲੀਲਾਈ॥

ਇਕ ਨਾਗ ਹੋਇ ਪਵਨ ਛੋਡ ਇਕਨਾ ਵਰਖਾ ਅਗਨ ਵਸਾਈ॥

ਤਾਰੇ ਤੋੜੇ ਭੰਗ੍ਰਨਾਥ ਇਕ ਚੜ ਮਿਰਗਾਨੀ ਜਲ ਤਰ ਜਾਈ॥

ਸਿਧਾਂ ਅਗਨ ਨ ਬੁਝੇ ਬੁਝਾਈ ॥੪੧॥

ਸਿਧ ਬੋਲਨਿ ਸੁਣ ਨਾਨਕਾ ਤੁਹਿ ਜਗ ਨੂੰ ਕਰਾਮਾਤ ਦਿਖਲਾਈ॥

ਕੁਝ ਦਿਖਾਈਂ ਅਸ ਨੋ ਭੀ ਤੁਹਿ ਕਿਉ ਢਿਲ ਅਵੇਹੀ ਲਾਈ॥

ਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤੁ ਨ ਕਾਈ॥

ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥

ਸਿਵ ਰੂਪੀ ਕਰਤਾ ਪੁਰਖ ਚਲੇ ਨਾਹੀਂ ਧਰਤ ਚਲਾਈ॥

ਸਿਧ ਤੰਤ੍ਰ ਮੰਤ੍ਰ ਕਰ ਝੜ ਪਏ ਸਬਦ ਗੁਰੂ ਕੈ ਕਲਾ ਛਪਾਈ॥

ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੈ ਨ ਪਾਈ॥

ਸੋ ਦੀਨ ਨਾਨਕ ਸਤਿਗੁਰ ਸਰਣਾਈ ॥੪੨॥

ਬਾਬਾ ਬੋਲੇ ਨਾਥ ਜੀ ਸਬਦ ਸੁਨਹੁ ਸਚ ਮੁਖਹੁ ਅਲਾਈ॥

ਬਾਜਹੁ ਸਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀ॥

ਬਸਤਰ ਪਹਿਰੋਂ ਅਗਨਿ ਕੇ ਬਰਫ ਹਿਮਾਲੇ ਮੰਦਰ ਛਾਈ॥

ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ॥

ਏਵਡ ਕਰੀ ਵਿਥਾਰ ਕਉ ਸਗਲੀ ਧਰਤੀ ਹੱਕੀ ਜਾਈ॥

ਤੋਲੀਂ ਧਰਤਿ ਆਕਾਸ਼ ਦੁਇ ਪਿਛੇ ਛਾਬੇ ਟੰਕੁ ਚੜਾਈ॥

ਏਹ ਬਲ ਰਖਾਂ ਆਪ ਵਿਚ ਜਿਸ ਆਖਾਂ ਤਿਸ ਪਾਰ ਕਰਾਈ॥

ਸਤਿਨਾਮ ਬਿਨੁ ਬਾਦਰ ਛਾਈ ॥੪੩॥

ਬਾਬੇ ਕੀਤੀ ਸਿਧ ਗੋਸਟ ਸਬਦ ਸਾਂਤਿ ਸਿਧਾਂ ਵਿਚ ਆਈ ॥

ਜਿਣ ਮੇਲਾ ਸਿਵਰਾਤ ਦਾ ਖਟ ਦਰਨ ਆਦੇਸ਼ ਕਰਾਈ॥

ਸਿਧ ਬੋਲਨ ਸੁਭ ਬਚਨ ਧੰਨ ਨਾਨਕ ਤੇਰੀ ਵਡੀ ਕਮਾਈ॥

ਵਡਾ ਪੁਰਖ ਪ੍ਰਗਟਿਆ ਕਲਿਜੁਗ ਅੰਦਰ ਜੋਤ ਜਗਾਈ॥

ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜਿਆਰਤ ਜਾਈ॥

ਅਗੋਂ ਪੀਰ ਮੁਲਤਾਨ ਦੇ ਦੁਧ ਕਟੋਰਾ ਭਰ ਲੈ ਆਈ॥

ਬਾਬੇ ਕਢ ਕਰ ਬਗਲ ਤੇ ਚੰਬੇਲੀ ਦੁਧ ਵਿਚ ਮਿਲਾਈ॥

ਜਿਉ ਸਾਗਰ ਵਿਚ ਗੰਗ ਸਮਾਈ ॥੪੪॥

ਜਿਆਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਯਾ॥

ਚੜੇ ਸਵਾਈ ਦਹਦਿਹੀ ਕਲਿਜੁਗ ਨਾਨਕ ਨਾਮ ਧਿਆਯਾ॥

ਵਿਣ ਨਾਵੈ ਹੋਰ ਮੰਗਣਾ ਸਿਰ ਦੁਖਾਂ ਦੇ ਦੁਖ ਸਬਾਯਾ॥

ਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥

ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰ ਛਤ੍ਰ ਫਿਰਾਯਾ॥

ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ॥

ਲਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਯਾ॥

ਕਾਇਆ ਪਲਟ ਸਰੂਪ ਬਣਾਇਆ ॥੪੫॥

ਗੁਰੂ ਨਾਨਕ ਸਾਹਿਬ ਦੀ ਵਡਿਆਈ ਜਾਨਣ ਵਾਸਤੇ, ਭਾਈ ਗੁਰਦਾਸ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਛੱਡ ਕੇ ਕਿਸੇ ਜਨਮ ਸਾਖੀ ਜਾਂ ਕਿਸੇ ਹੋਰ ਗ੍ਰੰਥ ਦਾ ਆਸਰਾ ਲੈਣਾ ਸਾਡੇ ਲਈ ਬਹੁਤ ਵੱਡੀ ਭੁੱਲ ਹੋਵੇਗੀ।

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ ਜੀ।

ਵਾਹਿ ਗੁਰੂ ਜੀ ਕਾ ਖਾਲਸਾ॥

ਵਾਹਿ ਗੁਰੂ ਜੀ ਕੀ ਫਤਹਿ॥

ਬਲਬਿੰਦਰ ਸਿੰਘ ਅਸਟ੍ਰੇਲੀਆ




.