.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:04)

ਵੀਰ ਭੁਪਿੰਦਰ ਸਿੰਘ

16. ਨਰਕ ਭੋਗਣਾ (ਦੁਖੀ ਜੀਵਨ ਬਿਤਾਉਣਾ):

ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1073)

ਜੋ ਮਨੁੱਖ ਸਰੀਰਕ ਤੌਰ ’ਤੇ ਸੁਖਾਂ-ਸਹੂਲਤਾਂ ’ਚ ਰਹਿੰਦਾ ਹੈ, ਜ਼ਰੂਰੀ ਨਹੀਂ ਕਿ ਉਹ ਮਾਨਸਿਕ ਤੌਰ ’ਤੇ ਸੁਖ-ਚੈਨ ਵਾਲੀ ਅਵਸਥਾ ’ਚ ਹੈ। ਸੁਖ-ਚੈਨ ਦਾ ਸੰਬੰਧ ਮਨ ਨਾਲ ਹੈ। ਮਨ ਕਰਕੇ ਖੇੜੇ ਅਤੇ ਵਿਗਾਸ ਦੀ ਅਵਸਥਾ ਇਸੇ ਧਰਤੀ ਉੱਤੇ ਸਵਰਗ ਦੀ ਅਵਸਥਾ ਹੁੰਦੀ ਹੈ। ਇਸ ਤੋਂ ਵਿਪਰੀਤ ਬਾਹਰਲੇ ਸੁਖਾਂ ਦੀ ਖਾਤਰ ਭਟਕਦੇ ਰਹਿਣਾ ਅਤੇ ਵਿਕਾਰਾਂ ਭਰੇ ਅਸੰਤੋਖੀ, ਵਿਤਕਰੇ, ਵੈਰ-ਵਿਰੋਧ ਅਤੇ ਕ੍ਰੋਧ ਵਾਲੇ ਜੀਵਨ ਨੂੰ ‘ਨਰਕ ਭੋਗਣਾ’ ਹੀ ਕਹਿੰਦੇ ਹਨ। ਜਿਵੇਂ ਸਾਡਾ ਮਨ ਮਾੜੀ ਸੋਚਨੀ ਅਤੇ ਖਿਆਲਾਂ ਨਾਲ ਸਾਨੂੰ ਜਿਊਂਦਿਆਂ ਨਰਕ ਦੀ ਭੱਠੀ ਅਤੇ ਦੋਜ਼ਖ਼ ਦੀ ਅੱਗ ’ਚ ਤਪਾਈ ਰਖਦਾ ਹੈ, ਇਸੇ ਤਰਾਂ ਹੋਰਨਾਂ ਲਈ ਅਸੀਂ ਨਰਕ, ਦੋਜ਼ਖ਼ ਦੀ ਅੱਗ ਭਖਾ ਕੇ ਉਸ ‘ਨਰਕ ਦੀ ਭੱਠੀ’ ’ਚ ਉਨ੍ਹਾਂ ਨੂੰ ਵੀ ਝੋਂਕਦੇ ਰਹਿੰਦੇ ਹਾਂ।

17. ਟੋਏ ਟਿੱਬੇ ਲਾਉਣਾ:

ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥ ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1381)

ਊਚ-ਨੀਚ ਦੀ ਭਾਵਨਾ ਖਤਮ ਕਰਨਾ, ਧੜੇ ਬਾਜ਼ੀ ਨਾ ਕਰਨੀ। ਜਿਸ ਮਨੁੱਖ ਨੂੰ ‘ਕੁਦਰਤਿ ਕੇ ਸਭ ਬੰਦੇ’ ਦੀ ਸੂਝ-ਬੂਝ ਹੁੰਦੀ ਹੈ, ਉਹ ਮਨੁੱਖ ਲੋਕਾਂ ਨਾਲ ਊਚ-ਨੀਚ, ਅਮੀਰ-ਗਰੀਬ, ਪਾਪੀ-ਪੁੰਨੀ ਵਰਗੇ ਵਿਤਕਰੇ ਵਾਲਾ ਵਤੀਰਾ ਨਹੀਂ ਕਰਦਾ ਹੈ। ਉਸਦਾ ਮਨ ਊਚ-ਨੀਚ ਦੀ ਮਾੜੀ ਸੋਚ ਤੋਂ ਛੁਟ ਕੇ ਸਮਤਲ ਹੋ ਜਾਂਦਾ ਹੈ ਅਤੇ ਉਸਦੇ ਮਨ ’ਚ ਟੋਏ ਟਿੱਬੇ ਬਣਦੇ ਹੀ ਨਹੀਂ। ਕਿਸੀ ਦੇ ਔਗੁਣਾਂ ਨੂੰ ਅਣਡਿੱਠ ਕਰਕੇ ਮਾਫ ਕਰਨਾ ਅਤੇ ਨਾਲ ਹੀ ਬਿਨਾਂ ਵਿਤਕਰੇ ਤੋਂ ਪਿਆਰ ਵਾਲਾ ਵਤੀਰਾ ਕਰਨਾ ਹੀ ਟੋਏ ਟਿਬੇ ਲਾਉਣਾ ਹੈ।

18. ਲਿਖਿਆ ਨਾਲਿ:

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1)

ਹਰੇਕ ਮਨੁੱਖ ਰੱਬੀ ਰਜ਼ਾ, ਹੁਕਮ, ਨਿਯਮ ’ਚ ਬਣਦਾ (ਜਨਮਦਾ) ਹੈ। ਹਰੇਕ ਮਨੁੱਖ ਦੇ ਨਿਜਘਰ (ਅੰਤਰ ਆਤਮੇ) ਵਿੱਚ ਰੱਬ ਜੀ ਵਸਦੇ ਹਨ। ਅੰਤਰ ਆਤਮੇ (ਜ਼ਮੀਰ) ਦੀ ਅਵਾਜ਼ ਹੀ ਹਰੇਕ ਮਨੁੱਖ ਦੇ ਨਿਜਘਰ ’ਚ ਲਿਖਿਆ ਰੱਬੀ ਕਲਾਮ (ਪੈਗਾਮ) ਜਾਂ ‘ਧੁਰ ਕੀ ਬਾਣੀ’ ਹੈ। ਅੰਦਰ ਦੀ ਆਵਾਜ਼ ਨੂੰ ਪੜਨਾ ਅਤੇ ਉਸੀ ਅਨੁਸਾਰ ਚਲਣਾ ਹੀ ‘ਲਿਖਿਆ ਨਾਲਿ’ ਹੁੰਦਾ ਹੈ। ਇਸਨੂੰ ਪੜ੍ਹਨ ਦੀ ਕਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸਿਖਾਉਂਦੀ ਹੈ।

19. ਲਿਖਿਆ ਪੜਨਾ (ਵਿਦਿਆ ਹਾਸਲ ਕਰਨਾ):

ਬਾਹਰਲੀ ਵਿਦਿਆ ਨਾਲ ਅਸੀਂ ਕੇਵਲ ਦੁਨਿਆਵੀ ਕਾਮਯਾਬੀਆਂ ਬਾਹਰੋਂ-ਬਾਹਰੋਂ ਪ੍ਰਾਪਤ ਕਰਦੇ ਹਾਂ। ਅੰਦਰ ਦੇ ‘ਲਿਖਿਆ ਨਾਲਿ’ ਨੂੰ ਪੜਨ ਦੀ ਬਿਬੇਕ ਬੁੱਧੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਪ੍ਰਾਪਤ ਕਰਦੇ ਹਾਂ। ਅੰਤਰ ਆਤਮੇ ਦੀ ਵਾਣੀ ਨੂੰ ਪੜਨਾ ਜਾਂ ਸੁਣਨਾ ਹੀ ਅਸਲੀ ਵਿਦਿਆ ਹਾਸਲ ਕਰਨਾ ਹੁੰਦਾ ਹੈ। ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’। ਜੋ ਮਨੁੱਖ ‘ਲਿਖਿਆ ਨਾਲਿ’ ਦੀ ਲੇਖਨੀ ਨੂੰ ਪੜਨਾ, ਸੁਣਨਾ ਅਤੇ ਸਮਝਕੇ ਅਮਲੀ ਜੀਵਨ ਜਿਊਣ ਲਗਦਾ ਹੈ, ਉਹ ਪਰਉਪਕਾਰੀ ਮਨ ਦੀ ਅਵਸਥਾ ਵਾਲਾ ਬਣ ਜਾਂਦਾ ਹੈ। ਮਨ ਨੂੰ ਅਸਲੀ ਵਿਦਿਆ ਪੜਨੀ ਆ ਜਾਵੇ ਤਾਂ ਅਸੀਂ ਹੋਰਨਾਂ ਦੇ ਭਲੇ ਵਾਲੀ ਜੀਵਨੀ ਜਿਊਣ ਲਗ ਪੈਂਦੇ ਹਾਂ। ਰਜ਼ਾ ’ਚ ਟੁਰਨਾ ਵੀ ‘ਲਿਖਿਆ ਨਾਲਿ’ ਨੂੰ ਪੜਕੇ ਅਮਲੀ ਜਿਊਣਾ ਹੀ ਹੈ।

20. ਵਾਤ ਨ ਪੁਛਣਾ (ਵਾਤ ਨ ਪੁਛੈ ਕੇ):

ਜਿਸ ਨਾਲ ਸਾਡਾ ਪਿਆਰ ਹੁੰਦਾ ਹੈ ਉਹ ਸਾਡੇ ਵਾਸਤੇ ਸਾਰੀ ਦੁਨੀਆ ਤੋਂ ਵਖਰੀ ਅਹਿਮੀਅਤ ਰੱਖਦਾ ਹੈ। ਉਸ ਦੀ ਗੱਲ ਜਾਂ ਬਾਤ ਸੁਣਨਾ ਸਾਨੂੰ ਭਾਉਂਦਾ ਹੈ। ਜਿਸਦੀ ਗੱਲ ਸਾਨੂੰ ਭਾਉਂਦੀ ਹੀ ਨਹੀ ਉਸ ਦੀ ਜਾਂ ਉਸ ਬਾਰੇ ਅਸੀ ਗੱਲ ਬਾਤ ਸੁਣਨਾ ਪਸੰਦ ਹੀ ਨਹੀਂ ਕਰਦੇ ਅਤੇ ਮੰਨਣਾ ਤਾਂ ਨਾਮੁਮਕਿਨ ਹੈ। ਜਦੋਂ ਅਸੀਂ ਕਿਸੇ ਦੀ ਗੱਲ-ਬਾਤ ਸੁਣਨਾ ਹੀ ਨਹੀ ਚਾਹੁੰਦੇ ਤਾਂ ਇਸੇ ਅਵਸਥਾ ਨੂੰ ‘ਵਾਤ ਨ ਪੁਛਣਾ’ (ਵਾਤ ਨ ਪੁਛੈ ਕੇ) ਕਹਿੰਦੇ ਹਨ। ਭਾਵ ਸਾਡੀ ‘ਮਨ ਕੀ ਮਤ’ ਬਾਤ (ਵਾਤ) ਪੁਛਣਾ, ਸੁਣਨਾ ਅਤੇ ਮੰਨਣਾ ਨਹੀਂ ਚਾਹੁੰਦੀ। ਜਦੋਂ ਮਨ ਕੀ ਮੱਤ ਵਲੋਂ ਆਪਣੇ ਆਪ ਨੂੰ ਅਸਹਾਇਕ, ਅਸਮਰਥ ਸਮਝ ਕੇ ਨਿਮਰਤਾ ਵਿਚ ਹੁੰਦੇ ਹਾਂ ਤਾਂ ਵਾਤ ਪੁਛਣ ਦਾ, ਸੁਣਨ ਅਤੇ ਮੰਨਣ ਦਾ ਚਿਤ ਕਰਦਾ ਹੈ। ਇਹੋ ‘ਵਾਤ ਪੁਛਣਾ’ ਕਹਿਲਾਉਂਦਾ ਹੈ। ਜਿਸ ਮਨ ਨੂੰ ਸਤਿਗੁਰ ਦੀ ਗਲ (ਵਾਤ) ਆਪਣੇ ਆਪ ਤੋਂ ਸਿਆਣੀ ਲਗਦੀ ਹੈ ਤਾਂ ਉਹ ਸਤਿਗੁਰ ਪਾਸੋਂ ਪੁਛ ਕੇ ਅਮਲ ਕਰਦਨਾ ਪਸੰਦ ਕਰਦਾ ਹੈ।




.