.

ਸਬਦੁ ਗੁਰੂ ਸੁਰਤਿ ਧੁਨਿ ਚੇਲਾ॥

ਗੁਰਮਤਿ ਦੇ ਰੂਹਾਨੀ ਰਾਹ ਉੱਤੇ ਚੱਲਣ ਵਾਸਤੇ ਗੁਰਮਤਿ ਦੇ ਰਹੱਸਵਾਦੀ ਫ਼ਲਸਫ਼ੇ ਦੀਆਂ ਗੁੱਝੀਆਂ ਰਮਜ਼ਾਂ ਨੂੰ ਜਾਣਨਾ ਜ਼ਰੂਰੀ ਹੈ। ਗੁਰਫ਼ਲਸਫ਼ੇ ਦੀਆਂ ਗੁੱਝੀਆਂ ਰਮਜ਼ਾਂ ਨੂੰ ਸਮਝਣ ਲਈ ਗੁਰਬਾਣੀ ਦਾ ਸਹੀ ਗਿਆਨ ਹੋਣਾ ਲਾਜ਼ਮੀ ਹੈ। ਪਰੰਤੂ, ਹਮੇਸ਼ਾ ਤੋਂ ਹੀ, ਗੁਰਮਤਿ ਦੇ ਸ਼੍ਰੱਧਾਲੂਆਂ ਨੂੰ ਗੁਰਬਾਣੀ ਦੇ ਸਹੀ ਅਰਥਾਂ ਤੋਂ ਵਾਂਜਿਆ ਰੱਖਿਆ ਜਾਂਦਾ ਰਿਹਾ ਹੈ। ਗੁਰਬਾਣੀ ਦੀਆਂ ਕਈ ਤੁਕਾਂ ਅਜਿਹੀਆਂ ਹਨ ਜਿਨ੍ਹਾਂ ਦੇ ਸਹੀ ਅਰਥ ਭਾਵ ਸਮਝਣ ਦਾ ਵਿੱਦਵਾਨ ਸੱਜਨਾਂ ਜਾਂ ਧਾਰਮਿਕ ਸੰਸਥਾਵਾਂ ਨੇ ਕਸ਼ਟ ਹੀ ਨਹੀਂ ਕੀਤਾ। ਜੇ ਕਿਸੇ ਇੱਕੇ ਦੁੱਕੇ ਸੁਹਿਰਦ ਵਿੱਦਵਾਨ ਨੇ ਗੁਰਮਤਿ ਅਨੁਸਾਰ ਸਹੀ ਅਰਥ ਕੀਤੇ ਵੀ ਹਨ, ਤਾਂ ਉਨ੍ਹਾਂ ਨੂੰ ਧਰਮ ਦੇ ਵਪਾਰੀ ਪੁਜਾਰੀਆਂ, ਪ੍ਰਚਾਰਕਾਂ ਅਤੇ ਪ੍ਰਬੰਧਕਾਂ ਦੁਆਰਾ ਜਾਣਬੁੱਝ ਕੇ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਨਤੀਜਤਨ, ਗੁਰਮਤਿ ਦਾ ਸਤਧਰਮ ਇੱਕ ਸੰਪਰਦਾਇਕ ਧਰਮ ਬਣ ਕੇ ਰਹਿ ਗਿਆ ਹੈ; ਇਸ ਸੰਪਰਦਾਇਕ ਸੰਕੀਰਣ ਧਰਮ ਨੂੰ ‘ਸਿੱਖ ਧਰਮ’ ਕਿਹਾ ਜਾਂਦਾ ਹੈ! ‘ਸਿੱਖ ਧਰਮ’ ਦੇ ਸ਼੍ਰੱਧਾਲੂ, ਗੁਰਬਾਣੀ-ਗਿਆਨ ਦੀ ਘਾਟ ਕਾਰਣ, ਗੁਰਮਤਿ ਮਾਰਗ ਨੂੰ ਤਿਆਗ ਕੇ ਮਨਮਤਿ ਦੇ ਪੁੱਠੇ ਰਾਹ ਪਏ ਹੋਏ ਹਨ। ਇਸ ਕਥਨ ਦੀ ਪੁਸ਼ਟੀ ਲਈ ਅਸੀਂ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ "ਸਿਧਿ ਗੋਸਟਿ" ਵਿੱਚ ਆਈ ਇੱਕ ਤੁਕ "ਸਬਦੁ ਗੁਰੂ ਸੁਰਤਿ ਧੁਨਿ ਚੇਲਾ॥" ਉੱਤੇ ਬੀਚਾਰ ਕਰਾਂਗੇ। ਇਸ ਤੁਕ ਉੱਤੇ ਬਿਬੇਕਪੂਰਣ ਬੀਚਾਰ ਕਰਨ ਤੋਂ ਪਹਿਲਾਂ ਸਮੁੱਚੀ ਗੁਰਬਾਣੀ ਦੇ ਅਧਿਐਨ ਤੋਂ ਉਜਾਗਰ ਹੁੰਦੇ ਕੁੱਝ ਇੱਕ ਮਹੱਤਵਪੂਰਣ ਸਿੱਧਾਂਤਾਂ ਉੱਤੇ ਸੰਖੇਪ ਵਿਚਾਰ ਕਰ ਲੈਣੀ ਜ਼ਰੂਰੀ ਹੈ।

ਧਾਰਮਿਕ ਗ੍ਰੰਥਾਂ ਵਿੱਚ ਮਨੁੱਖਾ ਸਰੀਰ ਦੀਆਂ ਦਸ ਇੰਦ੍ਰੀਆਂ ਦਾ ਵਰਣਨ ਹੈ। ਇਹ ਇੰਦ੍ਰੀਆਂ ਗਿਆਨ ਪ੍ਰਾਪਤੀ ਦਾ ਸਾਧਨ ਹਨ। ਇਨ੍ਹਾਂ ਵਿੱਚੋਂ ਪੰਜ ਗਿਆਨ ਇੰਦ੍ਰੀਆਂ (ਅੱਖਾਂ, ਕੰਨ, ਨੱਕ, ਜੀਭ ਅਤੇ ਤਵਚਾ/ਚਮੜੀ), ਅਤੇ ਪੰਜ ਕਰਮਇੰਦ੍ਰੀਆਂ (ਹੱਥ, ਪੈਰ, ਮੂੰਹ ਅਤੇ ਦੋ ਗੁਪਤ ਅੰਗ) ਹਨ। ਇਹ ਦਸੇ ਇੰਦ੍ਰੀਆਂ ਨਾਸ਼ਮਾਨ ਸਥੂਲ ਸਰੀਰ ਦੇ ਅੰਗ ਹਨ ਜੋ ਸਰੀਰ ਨਾਲ ਹੀ ਖ਼ਤਮ ਹੋ ਜਾਂਦੇ ਹਨ। ਗੁਰਮਤਿ ਅਨੁਸਾਰ, ਅਧਿਆਤਮਿਕ ਜੀਵਨ ਵਾਸਤੇ ਇਨ੍ਹਾਂ ਦਾ ਕੋਈ ਖ਼ਾਸ ਮਹੱਤਵ ਨਹੀਂ ਹੈ।

ਅੰਤਹਕਰਣ*/ਅੰਤਰ-ਆਤਮਾ ਜਾਂ ਹਿਰਦੇ ਨੂੰ ਗਿਆਰਵੀਂ ਅੰਦਰ ਦੀ ਸੂਖਮ ਇੰਦ੍ਰੀ ਕਿਹਾ ਜਾਂਦਾ ਹੈ। ਬਾਹਰਲੀਆਂ ਦੱਸ ਇੰਦ੍ਰੀਆਂ ਇਸ ਗਿਆਰਵੀਂ ਸੂਖਮ ਇੰਦ੍ਰੀ (ਅੰਤਹਕਰਣ/ਹਿਰਦਾ) ਅਨੁਸਾਰ ਹੀ ਕਰਮ ਕਰਦੀਆਂ ਹਨ। ਜੇ ਹਿਰਦਾ ਸ਼ੁੱਧ, ਪਵਿਤ੍ਰ ਤੇ ਦੈਵੀ ਗੁਣਾਂ ਨਾਲ ਸੰਪੰਨ ਹੈ ਤਾਂ ਬਾਹਰਲੀਆਂ ਇੰਦ੍ਰੀਆਂ ਸ਼ੁਭ, ਨੈਤਿਕ, ਨੇਕ ਅਤੇ ਅਧਿਆਤਮ ਕਰਮ ਕਰਨ ਗੀਆਂ; ਅਤੇ ਜੇ ਹਿਰਦਾ ਵਿਕਾਰਾਂ ਨਾਲ ਮਲੀਨ, ਅਸ਼ੁੱਧ ਅਤੇ ਅਪਵਿੱਤਰ ਹੈ ਤਾਂ ਬਾਹਰਲੀਆਂ ਇੰਦ੍ਰੀਆਂ ਅਨਅਧਿਆਤਮਿਕ, ਅਮਾਨਵੀ, ਅਨੈਤਿਕ, ਬੁਰੇ ਅਤੇ ਨੀਚ ਕਰਮ ਹੀ ਕਰਨਗੀਆਂ। ਸੋ, ਸਚਿਆਰ ਬਣਕੇ ਉੱਚਤਮ ਆਤਮਿਕ ਅਵਸਥਾ ਹਾਸਿਲ ਕਰਨ ਲਈ ਵਿਕਾਰੀ ਵਿਰਤੀਆਂ ਉੱਤੇ ਕਾਬੂ ਪਾ ਕੇ ਹਿਰਦੇ ਨੂੰ ਸ਼ੁੱਧ ਕਰਨਾ ਪੂਰਵ ਸ਼ਰਤ ਹੈ!

ਅਧਿਆਤਮਿਕ ਗਿਆਨ ਦਾ ਕੇਂਦਰ ਅਸਥੂਲ ਅੰਤਹਕਰਣ/ਹਿਰਦਾ ਹੈ ਨਾ ਕਿ ਸਥੂਲ ਸਰੀਰ। ਗੁਰਬਾਣੀ ਅਧਿਐਨ ਤੋਂ ਗੁਰਮਤਿ ਦਾ ਇਹ ਸਿੱਧਾਂਤ ਭਲੀਭਾਂਤ ਸਪਸ਼ਟ ਹੁੰਦਾ ਹੈ ਕਿ ਗੁਰਸਿੱਖਿਆ, ਆਤਮਗਿਆਨ ਅਤੇ ਸਚਿਆਰ ਜੀਵਨ ਦਾ ਸੰਬੰਧ ਅੰਤਹਕਰਣ/ਹਿਰਦੇ ਨਾਲ ਹੈ, ਬਾਹਰਲੀਆਂ ਇੰਦ੍ਰੀਆਂ ਅਰਥਾਤ ਸਰੀਰ ਨਾਲ ਸਿੱਧਾ ਸੰਬੰਧ ਬਿਲਕੁਲ ਹੀ ਨਹੀਂ।

(*ਅੰਤਹਕਰਣ: ਸੁਰਤ, ਮਤਿ, ਮਨ ਅਤੇ ਬੁਧਿ ਦੇ ਸਮੂਹ ਨੂੰ ਅੰਤਹਕਰਣ ਕਿਹਾ ਜਾਂਦਾ ਹੈ!)

ਗੁਰਮਤਿ ਅਨੁਸਾਰ, ਆਤਮਗਿਆਨ ਦਾ ਸੰਬੰਧ ਅਭਿਲਾਸ਼ੀ ਮਨੁੱਖ ਦੇ ਅਰੂਪ (ਨਿਰਾਕਾਰ) ਅੰਤਹਕਰਣ/ਹਿਰਦੇ ਨਾਲ ਹੈ; ਰੂਪ, ਆਕਾਰ ਜਾਂ ਸਰੀਰ ਨਾਲ ਬਿਲਕੁਲ ਨਹੀਂ। ਇਸ ਤੱਥ ਦੇ ਆਧਾਰ `ਤੇ, ਨਿਰਸੰਕੋਚ, ਕਿਹਾ ਜਾ ਸਕਦਾ ਹੈ ਕਿ, ਸ਼ਬਦ ਦੀ ਸੱਚੀ ਰੂਹਾਨੀ ਟਕਸਾਲ ਵਿੱਚ ਆਪਣੇ ਅੰਤਹਕਰਣ (ਸੁਰਤਿ, ਮਤਿ, ਮਨ, ਬੁਧਿ) ਦੀ ਸੁੰਦਰ ਘਾੜਿਤ ਘੜਨ ਦਾ ਯਤਨ ਕਰਨ ਵਾਲੇ ਮਨੁੱਖ ਨੂੰ ਹੀ ਚੇਲਾ, ਸ਼ਿਸ਼ ਜਾਂ ਸਿੱਖ ਕਿਹਾ ਜਾ ਸਕਦਾ ਹੈ। ਇਸ ਸੁੰਦਰ ਘਾੜਤ ਦਾ ਸਰਲ ਤੇ ਸਪਸ਼ਟ ਵਰਣਨ ਬਾਣੀ ਜਪੁ ਦੀ ੩੮ਵੀਂ ਪਉੜੀ, ਜਤੁ ਪਾਹਾਰਾ ਧੀਰਜੁ ਸੁਨਿਆਰ॥ …ਘੜੀਐ ਸਬਦੁ ਸਚੀ ਟਕਸਾਲ॥ … ਵਿੱਚ ਕੀਤਾ ਗਿਆ ਹੈ।

ਬਾਣੀ ਜਪ ਦੀਆਂ ਪੰਜ ਪਉੜੀਆਂ (੩੪-੩੮) ਵਿੱਚ, ਸਚਿਆਰ ਬਣਕੇ, ਪਰਮ ਪਦ ਅਰਥਾਤ ਤੁਰੀਆ ਅਵਸਥਾ ਤਕ ਪਹੁੰਚਣ ਵਾਸਤੇ ਜਿਨ੍ਹਾਂ ਪੰਜ ਪੜਾਵਾਂ (ਆਤਮਿਕ ਅਵਸਥਾਵਾਂ) ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਦਾ ਸੰਬੰਧ ਸਿੱਖ/ਸ਼ਿਸ਼ ਜਾਂ ਚੇਲੇ ਦੇ ਅੰਤਹਕਰਣ (ਸੁਰਤਿ, ਮਤਿ, ਮਨ ਅਤੇ ਬੁਧਿ) ਨਾਲ ਹੈ, ਸਿੱਖਿਆਰਥੀ ਦੇ ਸਰੀਰ ਜਾਂ ਸਰੀਰ ਦੀ ਖ਼ਾਸ ਢੰਗ ਨਾਲ ਕੀਤੀ ਸਜਾਵਟ ਨਾਲ ਬਣਾਏ ਰੂਪ ਨਾਲ ਉੱਕਾ ਹੀ ਨਹੀਂ। ਸਰੀਰਕ ਢਾਂਚੇ ਦਾ ਆਤਮਿਕ ਗਿਆਨ ਅਤੇ ਸਚਿਆਰਤਾ ਨਾਲ ਕੋਈ ਵੀ ਲੇਣਾ-ਦੇਣਾ ਨਹੀਂ ਹੁੰਦਾ। ਗੁਰਫ਼ਰਮਾਨ ਹਨ:

ਆਗੈ ਜਾਤਿ ਰੂਪ ਨ ਜਾਇ॥ ਤੇਹਾ ਹੋਵੈ ਜੇਹੇ ਕਰਮ ਕਮਾਇ॥

ਸ਼ਬਦੇ ਊਚੋ ਊਚਾ ਹੋਇ॥ ਨਾਨਕ ਸਾਚਿ ਸਮਾਵੈ ਸੋਇ॥ ਆਸਾ ਮ: ੩

ਸਾਰੇ ਸੰਪਰਦਾਈ ਧਰਮਾਂ ਦੀ ਇਹ ਪਰੰਪਰਾ ਰਹੀ ਹੈ ਕਿ ਇਨ੍ਹਾਂ ਸੰਸਾਰਕ ਧਰਮਾਂ ਦੇ ਪੈਰੋਕਾਰਾਂ ਦੀ ਪਹਿਚਾਨ ਪੁਜਾਰੀਆਂ ਦੁਆਰਾ ਨਿਰਧਾਰਤ ਖ਼ਾਸ ਤਰ੍ਹਾਂ ਦੇ ਰੰਗ-ਬਰੰਗੇ ਭੇਖਾਂ ਅਤੇ ਚਿੰਨ੍ਹਾਂ ਨਾਲ ਬਣਾਈ ਬਾਹਰੀ ਦਿੱਖ ਜਾਂ ਰੂਪ, ਜਨਮ-ਜਾਤ, ਵਰਣ ਅਤੇ ਵਿਸ਼ੇਸ਼ ਢੰਗ ਨਾਲ ਰੱਖੇ ਗਏ ਨਾਂਵਾਂ ਨਾਲ ਕੀਤੀ ਜਾਂਦੀ ਹੈ। ਗੁਰਬਾਣੀ ਵਿੱਚ ਇਸ ਨਿਰਾਰਥਕ ਅਤੇ ਅਮਾਨਵੀ ਰਵਾਇਤ ਦਾ ਪੁਰਜ਼ੋਰ ਖੰਡਨ ਕੀਤਾ ਗਿਆ ਹੈ। ਗੁਰਮਤਿ ਮੁਤਾਬਿਕ, ਰੰਗ-ਬਰੰਗੇ ਭੇਖਾਂ ਅਤੇ ਚਿੰਨ੍ਹਾਂ ਨਾਲ ‘ਸ਼ਿੰਗਾਰੇ’ ਸਰੀਰ, ਜਨਮ-ਜਾਤ ਅਤੇ ਖ਼ਾਸ ਢੰਗ ਨਾਲ ਰੱਖੇ ਗਏ ਨਾਂਵਾਂ ਨਾਲ ਮਨੁੱਖ ਚੇਲਾ, ਸਿੱਖ ਜਾਂ ਸ਼ਿਸ਼ ਨਹੀਂ ਬਣ ਸਕਦਾ! ਇਸ ਤੱਥ ਤੋਂ, ਨਿਰਸੰਦੇਹ, ਇਹ ਵੀ ਸਪਸ਼ਟ ਹੈ ਕਿ ਚੇਲੇ, ਸ਼ਿਸ਼ ਜਾਂ ਸਿੱਖ ਦੀ ਪਹਿਚਾਨ ਉਸ ਦੇ ਆਤਮਗਿਆਨ ਅਤੇ ਗੁਣਾਂ ਤੋਂ ਕਰਨੀ ਚਾਹੀਦੀ ਹੈ ਨਾਕਿ ਬਾਹਰਲੀ ਭੇਖੀ ਭਰਮਾਊ ਸੂਰਤ, ਰੂਪ, ਜਨਮ-ਜਾਤ ਜਾਂ ਨਾਮ ਵਗ਼ੈਰਾ ਤੋਂ!

ਨਾਮ-ਵਿਹੂਣੇ ਨਾਥ-ਜੋਗੀਆਂ ਦੇ ਭੇਖ ਨੂੰ ਬਿਬੇਕ ਨਾਲ ਨਕਾਰ ਕੇ ਉਸ ਦਾ ਬਦਲ ਦੱਸਦੇ ਹੋਏ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ॥ ਸਿਧ ਗੋਸਟਿ

ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ॥

ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੈ॥ ਰਾਮਕਲੀ ਮ: ੧

ਨਿਰੰਕਾਰ ਪ੍ਰਭੂ ਦਾ ਗਿਆਨ ਅਤੇ ਬਿਬੇਕ ਬੁਧਿ ਸਰੀਰਾਂ ਦੀ ਖੇਡ ਨਹੀਂ ਸਗੋਂ ਅੰਤਹਕਰਣ/ਮਨ ਜਾਂ ਹਿਰਦੇ ਦੀ ਘਾਲਣਾ ਹੈ। ਸੱਚੀ ਗੁਰਸਿੱਖੀ ਆਤਮਿਕ ਗਿਆਨ ਦੀ ਉੱਚਤਮ ਅਵਸਥਾ ਦਾ ਨਾਮ ਹੈ। ਇਸ ਅਵਸਥਾ ਦਾ ਸੰਬੰਧ ਸਰੀਰ ਨਾਲ ਨਹੀਂ ਸਗੋਂ ਮਨ/ਆਤਮਾ ਨਾਲ ਹੈ।

ਹੇਠ ਲਿਖੇ ਗੁਰਫ਼ਰਮਾਨ ਉਪਰੋਕਤ ਕਥਨਾਂ ਦਾ ਪੁਖ਼ਤਾ ਪ੍ਰਮਾਣ ਹਨ:

ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਜਪੁ ਮ: ੧

ਸਰਮ ਖੰਡ ਕੀ ਬਾਣੀ ਰੂਪ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥ …

ਤਿਥੈ ਘੜੀਐ ਸੁਰਤਿ ਮਤਿ ਮਨ ਬੁਧਿ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ ੩੬॥ ਜਪੁ ਮ: ੧

ਉਕਤ ਬੀਚਾਰ ਦੀ ਰੋਸ਼ਨੀ ਵਿੱਚ, ਗੁਰਮਤਿ ਦੇ ਫ਼ਲਸਫ਼ੇ ਨੂੰ ਧਿਆਨ ਵਿੱਚ ਰੱਖ ਕੇ, ਜੇ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਤੁਕ ਉੱਤੇ ਬਿਬੇਕਪੂਰਣ ਬੀਚਾਰ ਕਰੀਏ ਤਾਂ ਇਸ ਤੁਕ ਵਿੱਚ ਇੱਕ ਅਲੌਕਿਕ ਸਿੱਧਾਂਤ ਨਜ਼ਰ ਆਵੇਗਾ! ਇਸ ਅਣਗੌਲੇ ਅਣੋਖੇ ਸਿੱਧਾਂਤ ਵਿੱਚ ਜੋ ਅਦੁੱਤੀ ਅਤੇ ਅਣਮੋਲ ਸਿੱਖਿਆਦਾਇਕ ਉਪਦੇਸ਼ ਹੈ ਉਸ ਨੂੰ, ਜਾਣੇ-ਅਣਜਾਣੇ, ਹਮੇਸ਼ਾ ਤੋਂ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਇਸ ਕਥਨ ਨੂੰ ਤਰਕਸੰਗਤ ਸਾਬਤ ਕਰਨ ਵਾਸਤੇ ਪਹਿਲਾਂ "ਸਿਧਿ ਗੋਸਟਿ" ਦੇ ਉਨ੍ਹਾਂ ਦੋ ਸ਼ਬਦਾਂ/ਪਦਾਂ ਉੱਤੇ ਸਰਸਰੀ ਜਿਹੀ ਨਿਗਾਹ ਮਾਰ ਲਈਏ ਜਿਨ੍ਹਾਂ ਨਾਲ ਇਸ ਤੁਕ ਦਾ ਸਿੱਧਾ ਸੰਬੰਧ ਹੈ। ਬਾਣੀ "ਸਿਧਿ ਗੋਸਟਿ" ਵਿੱਚ ਨਾਥ-ਜੋਗੀ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕਰਦੇ ਹਨ:

ਜੋਗੀਆਂ ਦਾ ਸਵਾਲ:

ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥

ਕਵਣ ਕਥਾ ਲੇ ਰਹਹੁ ਨਿਰਾਲੇ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ॥

ਏਸੁ ਕਥਾ ਕਾ ਦੇਹਿ ਬੀਚਾਰੁ॥ ਭਵਜਲੁ ਸਬਦਿ ਲੰਘਾਵਣਹਾਰੁ॥ ੪੩॥

ਪਦ ਅਰਥ:-

ਕਵਣ: ਕਿਹੜਾ, ਕੌਣ। ਮੂਲ: ਮੁੱਢ, ਮੂਲ, ਸ੍ਰੋਤ, ਅਰੰਭ, ਆਦਿ। ਕਵਣ ਮੂਲ: ਗਿਆਨ ਦਾ ਮੂਲ ਸਰੋਤ ਕਿਹੜਾ ਹੈ। ਮਤਿ: ਗਿਆਨ। ਵੇਲਾ: ਸਮਾਂ। ਕਵਣ ਮਤਿ ਵੇਲਾ: ਗਿਆਨ ਪ੍ਰਾਪਤ ਕਰਨ ਦਾ ਵੇਲਾ/ਅਵਸਰ ਕਿਹੜਾ ਹੈ। ਗੁਰੂ: ਅਗਿਆਨ-ਅੰਧੇਰਾ ਦੂਰ ਕਰਕੇ ਗਿਆਨ ਦੇਣ ਵਾਲਾ ਧਰਮ-ਉਪਦੇਸ਼ਕ, ਧਰਮ/ਮਜ਼੍ਹਬ ਦਾ ਉਪਦੇਸ਼ ਦੇਣ ਵਾਲਾ ਵਿੱਦਵਾਨ। ਚੇਲਾ: ਗੁਰੂ ਦੇ ਦੱਸੇ ਮਾਰਗ ਉੱਤੇ ਚੱਲਣ ਵਾਲਾ, ਸ਼ਿਸ਼, ਸਿੱਖ, ਮੁਰੀਦ। ਕਥਾ: (ਗਿਆਨ ਦੀ) ਵਿਆਖਿਆ, ਵਖਿਆਨ, ਗਿਆਨ ਗੋਸਟਿ। ਨਿਰਾਲੇ: ਵਖਰੇ। ਭਵਜਲ: ਸੰਸਾਰ ਸਾਗਰ। ਸਬਦ: ਸਬਦ ਪਦ ਦੇ ਕਈ ਅਰਥ ਕੀਤੇ ਜਾਂਦੇ ਹਨ, ਪਰੰਤੂ ਇਸ ਤੁਕ/ਸ਼ਬਦ ਦੇ ਪ੍ਰਸੰਗ ਵਿੱਚ ਸਿਰਫ਼ ਦੋ ਹੀ ਅਰਥ ਢੁੱਕਦੇ ਹਨ; ਇਕ, ਬ੍ਰਹਮ, ਕਰਤਾਰ; ਅਤੇ ਦੂਜਾ ਗੁਰੁਗਿਆਨ, ਗੁਰੁਸਿੱਖਿਆ ਜਾਂ ਗੁਰੁਉਪਦੇਸ਼

ਭਾਵ ਅਰਥ:-

ਗਿਆਨ ਦਾ ਮੂਲ ਸਰੋਤ ਕਿਹੜਾ ਹੈ। ਉਹ ਕਿਹੜਾ ਸਮਾਂ ਹੈ ਜਦੋਂ ਮਨੁੱਖ ਨੇ ਗਿਆਨ ਪ੍ਰਾਪਤ ਕਰਨਾ ਹੈ। ਤੇਰਾ ਗੁਰੂ ਕੌਣ ਹੈ ਜਿਸ ਦਾ ਤੂੰ ਚੇਲਾ (ਸਿੱਖ) ਹੈਂ। (ਗਿਆਨ ਦੀ) ਕਿਹੜੀ ਕਥਾ/ਵਿਆਖਿਆ/ਵੀਚਾਰ ਸੁਣ ਕੇ ਤੂੰ ਦੂਸਰਿਆਂ ਨਾਲੋਂ ਵੱਖਰਾ ਹੈਂ। ਗਿਆਨ ਦੀ ਇਸ ਕਥਾ ਬਾਰੇ ਬੀਚਾਰ ਕਰ ਕਿ ਕਿਹੜੀ ਗਿਆਨ-ਕਥਾ ਜਾਂ ਕਿਹੜਾ ਗੁਰਉਪਦੇਸ ਸੰਸਾਰ-ਸਾਗਰ ਤੋਂ ਪਾਰ ਲੰਘਾਉਣ ਦੇ ਸਮਰੱਥ ਹੈ।

ਗੁਰੂ ਨਾਨਕ ਦੇਵ ਜੀ ਦਾ ਜਵਾਬ:

ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥

ਅਕਥ ਕਥਾ ਲੇ ਰਹਉ ਨਿਰਾਲਾ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ॥

ਏਕੁ ਸਬਦੁ ਜਿਤੁ ਕਥਾ ਵੀਚਾਰੀ॥ ਗੁਰਮੁਖਿ ਹਉਮੈ ਅਗਨਿ ਨਿਵਾਰੀ॥ ੪੪॥ ਸਿਧਿ

ਗੋਸਟਿ ਮ: ੧

ਪਦ ਅਰਥ:-

ਪਵਨ: ਸਵਾਸ, ਪ੍ਰਾਣ, ਹਵਾ, ਸ਼ੁੱਧੀਕਰਣ ਜਾਂ ਪਵਿੱਤਰੀਕਰਣ। ਅਰੰਭੁ: ਮੁੱਢ, ਆਦਿ। ਸਤਿਗੁਰ: ਗਿਆਨ ਦਾ ਸੱਚਾ ਸਦੀਵੀ ਸਰੋਤ ਤੇ ਦਾਤਾ, ਪਰਮਾਤਮਾ। ਮਤਿ: ਗਿਆਨ, ਸਿੱਖਿਆ, ਉਪਦੇਸ਼। ਮਤਿਵੇਲਾ: ਗਿਆਨ ਪ੍ਰਾਪਤ ਕਰਨ ਦਾ ਵੇਲਾ/ਸਮਾਂ। ਗੁਰੂ: ਅਗਿਆਨ-ਅੰਧੇਰਾ ਦੂਰ ਕਰਕੇ ਗਿਆਨ ਦੀ ਰੋਸ਼ਨੀ ਦੇਣ ਵਾਲਾ ਧਰਮ-ਉਪਦੇਸ਼ਕ, ਧਰਮ/ਮਜ਼੍ਹਬ ਦਾ ਉਪਦੇਸ਼ ਦੇਣ ਵਾਲਾ ਵਿੱਦਵਾਨ। ਚੇਲਾ: ਗੁਰੂ ਦੇ ਦੱਸੇ ਮਾਰਗ ਉੱਤੇ ਚੱਲਣ ਵਾਲਾ, ਸ਼ਿਸ਼, ਸਿੱਖ, ਮੁਰੀਦ। ਸਬਦ: ਸਬਦ ਪਦ ਦੇ ਕਈ ਅਰਥ ਕੀਤੇ ਜਾਂਦੇ ਹਨ, ਪਰੰਤੂ ਇਸ ਤੁਕ/ਸ਼ਬਦ ਦੇ ਪ੍ਰਸੰਗ ਵਿੱਚ ਸਿਰਫ਼ ਦੋ ਹੀ ਅਰਥ ਢੁੱਕਦੇ ਹਨ; ਇਕ, ਬ੍ਰਹਮ, ਕਰਤਾਰ; ਅਤੇ ਦੂਜਾ ਗੁਰੁਗਿਆਨ, ਗੁਰੁਸਿੱਖਿਆ ਜਾਂ ਗੁਰਉਪਦੇਸ਼ ਸੁਰਤਿ: ਸੁ: ਸੱਚਾ ਸ੍ਰੇਸ਼ਠ+ਰਤਿ: ਪ੍ਰੇਮ= ਸੱਚਾ ਸ੍ਰੇਸ਼ਠ ਪ੍ਰੇਮ; ਮਾਨਸਿਕ ਬਿਰਤੀ, ਧਿਆਨ, ਮਨ ਦੀ ਇਕਾਗਰਤਾ। ਕਈ ਵਿਦਵਾਨਾਂ ਨੇ ਸੁਰਤਿ ਦੇ ਅਰਥ ਅੰਤਹਕਰਣ ਵੀ ਕੀਤੇ ਹਨਧੁਨਿ: ਲਗਨ, ਤੀਬਰ ਇੱਛਾ। ਕਥਾ: (ਰੱਬੀ ਗਿਆਨ ਦੀ) ਵਿਆਖਿਆ, ਵਰਣਨ, ਬਿਆਨ। ਅਕਥ: ਬਿਆਨ ਤੋਂ ਬਾਹਰ, ਅਕਥਨੀਯ ਪ੍ਰਭੂ ਪਾਰਬ੍ਰਹਮ ਜਿਸ ਦੇ ਅਣਗਿਣਤ ਗੁਣ ਬਿਆਨ ਨਹੀਂ ਕੀਤੇ ਜਾ ਦਕਦੇ; ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ॥ …ਮ: ੩ਕਥਾ: ਪ੍ਰਭੂ ਦੇ ਗੁਣਾਂ ਦੀ /ਬੀਚਾਰ। ਨਿਵਾਰੀ: ਨਿਵਾਰਣਾ: ਦੂਰ ਕਰਨਾ, ਮੁਕਤ ਕਰਨਾ, ਛੁਟਕਾਰਾ ਪਾਉਣਾ। ਗੋਪਾਲਾ: ਗੋ: ਧਰਤੀ+ਪਾਲਾ: ਪਾਲਣ ਵਾਲਾ; ਗੋਪਾਲਾ: ਪਾਲਣਹਾਰ ਪ੍ਰਭੂ ਪਰਮਾਤਮਾ, ਰੱਬ। ੪।

ਭਾਵ ਅਰਥ:-

ਪ੍ਰੋ: ਸਾਹਿਬ ਸਿੰਘ ਜੀ ਸ਼ਬਦ ਦੀ ਪਹਿਲੀ ਤੁਕ ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਦੇ ਅਰਥ ਇਉਂ ਕਰਦੇ ਹਨ: ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾਂ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ।

ਭਾਈ ਕਾਨ੍ਹ ਸਿੰਘ ਜੀ ਨਾਭਾ ਉਕਤ ਤੁਕ ਦੇ ਅਰਥ ਇਸ ਤਰ੍ਹਾਂ ਕਰਦੇ ਹਨ: ਸਵਾਸ ਸਵਾਸ ਨਾਮ ਅਭਯਾਸ ਦਾ ਆਰੰਭ ਮੂਲ ਹੈ, ਗੁਰੂ ਦਾ ਮਿਲਾਪ ਗਯਾਨਮਤਿ ਪ੍ਰਾਪਤ ਕਰਨ ਦਾ ਵੇਲਾ ਹੈ।

ਸਬਦੁ ਗੁਰੂ ਸੁਰਤਿ ਧੁਨਿ ਚੇਲਾ॥

ਪ੍ਰੋ: ਸਾਹਿਬ ਸਿੰਘ: ਸਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ। ਅਰਥਾਤ ਸਰਵਗਿਆਨੀ ਕਰਤਾਰ ਮੇਰਾ ਗੁਰੂ ਹੈ, (ਉਸ ਗਿਆਨ-ਗੁਰੂ ਦੇ ਚਰਣਾਂ ਵਿੱਚ ਲੱਗੀ ਮੇਰੀ) ਮਾਨਸਿਕ ਬਿਰਤੀ ਅਤੇ ਲਗਨ (ਉਸ ਗੁਰੂ ਦਾ) ਚੇਲਾ ਜਾਂ ਸਿੱਖ ਹੈ।

(ਭੇਖ ਕਰਨ ਦੀ ਬਜਾਏ) ਮੈਂ ਅਕਥਨੀਯ ਕਰਤਾਰ ਦੇ ਗੁਣਾਂ ਦਾ ਗਿਆਨ ਪ੍ਰਾਪਤ ਕਰਨ ਸਦਕਾ ਦੂਸਰਿਆਂ ਤੋਂ ਵੱਖਰਾ ਹਾਂ। ਨਾਨਕ ਕਥਨ ਕਰਦਾ ਹੈ ਕਿ ਮੇਰਾ ਗੁਰੂ ਜੁਗਾਜੁਗੰਤਰਿ ਵਿਆਪਕ ਹੈ ਅਤੇ ਉਹ ਧਰਤੀ ਅਰਥਾਤ ਸਾਰੇ ਜਗਤ ਦਾ ਪਾਲਣਹਾਰ ਹੈ। ਮੈਂ ਅਦੁੱਤੀ ਪਰਮਾਤਮਾ ਦੇ ਦੈਵੀ ਗੁਣਾਂ ਦੀ ਵੀਚਾਰ ਸੁਣਦਾ/ਕਰਦਾ ਹਾਂ। (ਕਿਉਂਕਿ) ਗੁਰੂ ਦੀ ਸਿੱਖਿਆ ਉੱਤੇ ਚਲ ਕੇ ਹੀ (ਅੰਤਹਕਰਣ ਨੂੰ ਮਲੀਨ ਕਰਨ ਵਾਲੀ) ਹਉਮੈ ਤੋਂ ਮੁਕਤ ਹੋਇਆ ਜਾ ਸਕਦਾ ਹੈ।

ਉਪਰੋਕਤ ਬੀਚਾਰ ਦਾ ਸੰਖੇਪ ਸਾਰੰਸ਼:

ਨਾਨਕ ਫ਼ਲਸਫ਼ੇ ਅਨੁਸਾਰ, ਸ਼੍ਰੱਧਾਲੂ ਦਾ ਅੰਤਹਕਰਣ (ਸੁਰਤਿ, ਮਤਿ, ਮਨ ਅਤੇ ਬੁਧਿ) ਹੀ ਚੇਲਾ, ਸ਼ਿਸ਼, ਸਿੱਖ ਜਾਂ ਮੁਰੀਦ ਹੈ। ਸਰੀਰਕ ਢਾਂਚੇ ਨੂੰ ਰੰਗ-ਬਰੰਗੇ ਭੇਖਾਂ ਅਤੇ ਚਿੰਨ੍ਹਾਂ ਨਾਲ ਖ਼ਾਸ ਰੂਪ ਅਤੇ ਨਾਮ ਦੇ ਕੇ ਉਸ ਨੂੰ ਸ਼ਿਸ਼, ਸਿੱਖ, ਚੇਲਾ ਜਾਂ ਮੁਰੀਦ ਕਹਿਣਾ/ਸਮਝਣਾ ਮੂਲੋਂ ਹੀ ਗ਼ਲਤ ਹੈ। ਪਰੰਤੂ ਦੁੱਖ ਦੀ ਗੱਲ ਇਹ ਹੈ ਕਿ, ਗੁਰੂ ਨਾਨਕ ਦੇਵ ਜੀ ਦੇ ਉਪਰ ਬੀਚਾਰੇ ਸਿੱਧਾਂਤ ਨੂੰ ਮੂਲੋਂ ਹੀ ਅਣਗੌਲਿਆ ਕਰਕੇ, ਗੁਰਮਤਿ ਅਤੇ ਗੁਰਸਿੱਖੀ ਦੇ ਆਪੂੰ ਬਣੇ ਠੇਕੇਦਾਰਾਂ ਨੇ ਸੰਪਰਦਾਈ ਧਰਮਾਂ ਦੀ ਉਪਰ ਬੀਚਾਰੀ ਅਧਾਰਮਿਕ ਅਤੇ ਅਮਾਨਵੀ ਰਵਾਇਤ ਨੂੰ ਗੁਰਮਤਿ ਦੇ ਪਵਿੱਤਰ ਵਿਹੜੇ ਵਿੱਚ ਵੀ ‘ਹੁਕਮਨ’ ਪ੍ਰਚੱਲਿਤ ਕਰ ਦਿੱਤਾ ਹੈ। ਕੁਸੰਭੀ ਰੰਗਾਂ ਦੇ ਭਾਂਤ ਭਾਂਤ ਦੇ ਬਾਣਿਆਂ ਅਤੇ ਚਿਨ੍ਹਾਂ ਨਾਲ ਸ਼ਿੰਗਾਰੇ ਭੱਦੇ ਸਰੀਰਾਂ ਨੂੰ ‘ਸਿੱਖੀ ਸਰੂਪ’ ਦਾ ਨਾਮ ਦੇ ਕੇ ਭੇਖ ਦੀ ਪੂਜਾ ਕੀਤੀ/ਕਰਵਾਈ ਜਾ ਰਹੀ ਹੈ।

ਭੇਖ ਨੂੰ "ਸਿੱਖੀ ਸਰੂਪ" ਕਹਿਣਾ ਮਨੁੱਖਤਾ ਦੇ ਗੁਰੂ ਬਾਬਾ ਨਾਨਕ ਦੇ ਸਰਵਕਾਲਿਕ, ਸਰਵਵਿਆਪਕ ਅਤੇ ਪਾਕ-ਪਵਿੱਤਰ ਲਾਸਾਨੀ ਫ਼ਲਸਫ਼ੇ ਨਾਲ ਕੋਝਾ ਮਜ਼ਾਕ ਹੈ!

ਪਾਠਕ ਸੱਜਨੋਂ! ਸਰੀਰ ਨੂੰ ਰੰਗ-ਬਰੰਗੇ ਭੇਖਾਂ ਅਤੇ ਚਿੰਨ੍ਹਾਂ ਨਾਲ ‘ਸਿੱਖੀ ਸਰੂਪ’ ਵਾਲਾ ਬਣਾਉਣ ਦੀ ਬਜਾਏ, ਸਾਨੂੰ ਆਪਣੇ ਅੰਤਹਕਰਣ/ਹਿਰਦੇ (ਸੁਰਤਿ, ਮਤ, ਮਨ ਅਤੇ ਬੁੱਧਿ) ਨੂੰ ਹਰਿਨਾਮ ਦੇ ਮਜੀਠੀ ਰੰਗ ਵਿੱਚ ਰੰਗ ਕੇ ਗੁਰੂ ਨਾਨਕ ਦੇ ਸੱਚੇ ਸਿੱਖ ਬਣਨ ਦਾ ਯਤਨ ਕਰਨਾ ਚਾਹੀਦਾ ਹੈ।

ਗੁਰਇੰਦਰ ਸਿੰਘ ਪਾਲ

10 ਨਵੰਬਰ, 2019.




.