.

ਮਨੁੱਖੀ ਸੁਆਰਥ

ਹਉਮੈ ਤੋਂ ਪੈਦਾ ਹੋਏ ਮਨੁੱਖ ਦੀ ਫਿਤਰਤ ਸਦਾ ਸੁਆਰਥੀ ਹੀ ਹੁੰਦੀ ਹੈ ਕਿਉਂਕਿ ਕੁਦਰਤ ਨੇ ਹਰ ਜੀਵ ਨੂੰ ਆਪਣੀ ਹੋਂਦ ਦੀ ਸੁਰੱਖਿਆ ਲਈ ਸੁਆਰਥੀ ਬਣਾਇਆ ਹੈ, ਹਰ ਜੀਵ ਆਪਣੀ ਜਾਨ ਦੀ ਸੁਰੱਖਿਆ ਤੇ ਆਪਣੇ ਫੈਲਾਉ ਦਾ ਯਤਨ ਕਰਦਾ ਹੈ। ਇਸ ਲਈ ਮਨੁੱਖ ਦੇ ਹਰ ਕੰਮ ਵਿੱਚ ਉਸ ਦਾ ਆਪਣਾ ਸੁਆਰਥ ਹੀ ਹੁੰਦਾ ਹੈ, ਇਥੋਂ ਤਕ ਕਿ ਆਮ ਤੌਰ ਤੇ ਰੱਬੀ ਮਿਲਾਪ ਵਿੱਚ ਵੀ ਉਸ ਦੀ ਖੁਦਗਰਜ਼ੀ ਹੀ ਦਿਸਦੀ ਹੈ। ਇਸੇ ਕਾਰਨ ਕਰਕੇ ਮਨੁੱਖ ਦੇ ਅਸਥਾਪਤ ਕੀਤੇ (ਅਖੌਤੀ) ਧਰਮ ਵਿੱਚ ਵੀ ਉਸ ਦਾ ਸੁਆਰਥ ਝਲਕਾਂ ਮਾਰ ਰਿਹਾ ਹੈ। ਦੁਖਾਂ ਤੋਂ ਘਬਰਾਏ ਮਨੁੱਖ ਨੇ ਧਰਮ ਦੀ ਵਰਤੋਂ ਨੂੰ ਆਪਣੇ ਸੁਆਰਥ ਲਈ ਲੁਕਾਈ ਤੇ ਠੋਸ ਕੇ ਲੁਟ ਮਾਰ ਦਾ ਸਾਧਨ ਬਣਾ ਲਿਆ। ਇਹੋ ਜੇਹੇ ਅਖੌਤੀ ਧਰਮਾਂ ਤੋਂ ਹੀ ਗੁਰਬਾਣੀ ਸੁਚੇਤ ਕਰਦੀ ਹੈ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ 3 ਕੋਈ ਜਥੇਬੰਦੀ ਜਾਂ ਸੰਸਥਾ ਧਰਮ ਨਹੀ ਹੋ ਸਕਦੀ ਇਸ ਲਈ ਇਹਨਾਂ ਨੂੰ ਮੰਨ ਕੇ ਚਲਣਾ ਧਰਮ ਦਾ ਰਾਹ ਨਹੀ ਹੈ। ਧਰਮ ਦੇ ਰਾਹ ਵਿੱਚ ਵਹੀਰਾਂ ਨਹੀ ਹੁੰਦੀਆਂ, ਧਰਮ ਦੇ ਰਾਹ ਤੇ ਇਕੱਲੇ ਹੀ ਜਾਣਾ ਹੁੰਦਾ ਹੈ ਕਿਉਂਕਿ ਇਹ ਤਨ ਦਾ ਪੈਂਡਾ ਨਹੀ ਮਨ ਦਾ ਪੈਂਡਾ ਹੈ ਜਿਥੇ ਕੋਈ ਸਾਥੀ ਨਾਲ ਨਹੀ ਨਿੱਭ ਸਕਦਾ। ਗੁਰਬਾਣੀ ਕਥਨ ਹੈ ਕਿ: ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥ 1373 ਇਹ (ਧਰਮ ਦੀ) ਅਵਘਟ ਘਾਟੀ (ਪ੍ਰਭੂ ਦੇ ਹੁਕਮ ਨੂੰ ਜਾਣ ਕੇ ਨਿਰਮਲ ਕਰਮ ਕਰਨੇ) ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥266 ਹੀ ਮਨੁੱਖ ਦਾ ਨਿੱਜੀ ਧਰਮ ਪੰਥ ਹੈ ਜਿਸ ਤੇ ਸਭ ਨੂੰ ਆਪ ਇਕੱਲਿਆਂ ਹੀ ਚਲਣਾ ਪੈਂਦਾ ਹੈ ਜਿਵੇਂ ਕਬੀਰ ਜੀ ਵੀ ਇਸ ਪੰਥ ਤੇ ਇਕੱਲੇ ਹੀ ਹਨ। ਧਰਮ ਤਨ ਦਾ ਨਹੀ ਬਲਿਕੇ ਮਨ ਦਾ ਵਿਸ਼ਾ ਹੈ, ਆਕਾਰ ਦਾ ਨਹੀ ਬਲਿਕੇ ਨਿਰੰਕਾਰ ਦਾ ਵਿਸ਼ਾ ਹੈ ਪਰ ਮੌਜੂਦਾ ਅਖੌਤੀ ਧਰਮ ਅੰਦਰ ਮਨ ਦੀ ਵਿਸ਼ੇਸ਼ਤਾ ਨਹੀ ਬਲਿਕੇ ਤਨ ਦੀ ਵਿਸ਼ੇਸ਼ਤਾ ਹੈ ਇਸ ਲਈ ਮਨੁੱਖ ਦਾ ਬਣਾਇਆ ਧਰਮ ਵੀ (ਨਿਰ-ਆਕਾਰ) ਮਨ ਤੇ ਨਹੀ ਬਲਿਕੇ (ਆਕਾਰੀ) ਤਨ ਤੇ ਹੀ ਅਧਾਰਤ ਹੈ। ਕੈਸੀ ਅਸਚਰਜਤਾ ਹੈ ਕਿ ਧਰਮ ਦੇ ਆਗੂ ਇੱਕ ਪਾਸੇ ਸਿਖੀ ਬਾਣੇ ਦੀ ਮਹਾਨਤਾ ਦਰਸਾਉਂਦੇ ਨਹੀ ਥਕਦੇ ਤੇ ਦੂਜੇ ਪਾਸੇ, ਗੁਰਬਾਣੀ ਨੂੰ ਨਜ਼ਰ ਅੰਦਾਜ਼ ਕਰਕੇ, ਸਿਖੀ ਬਾਣੇ ਵਾਲਿਆਂ ਨੂੰ ਧਰਮ ਵਿਚੋਂ ਛੇਕੀ ਵੀ ਜਾਂਦੇ ਹਨ ਤਾਂ ਫਿਰ ਬਾਹਰੀ ਸਿਖੀ ਬਾਣੇ ਦੀ ਮਹੱਤਾ ਕੀ ਹੋਈ? ਧਰਮ ਪੰਥ ਤੇ ਤਾਂ ਕੇਵਲ ਗੁਣਾਂ ਦੇ ਨਿਰਆਕਾਰੀ ਬਾਣੇ ਦੀ ਹੀ ਮਹਾਨਤਾ ਹੈ ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥ 1384

ਕਿਉਂਕਿ ਧਰਮ ਦਾ ਪੰਥ ਤੇ ਉਸ ਪੰਥ ਦਾ ਪਾਂਧੀ ਮਨ, ਦੋਵੇਂ ਹੀ ਨਿਰਆਕਾਰ ਹਨ, ਇਸ ਲਈ ਉਹਨਾਂ ਦਾ ਬਾਣਾ ਵੀ ਨਿਰਆਕਾਰ ਹੀ ਹੋ ਸਕਦਾ ਹੈ। ਸੁਆਰਥੀ ਮਨੁੱਖ ਨੂੰ ਗੁਰੂ ਦੀ ਗਲ ਬੜੀ ਕੌੜੀ ਲਗਦੀ ਹੈ ਕਿਉਂਕਿ ਉਹ ਮਨੁੱਖ ਦੇ ਸੁਆਰਥ ਨੂੰ ਨੰਗਿਆਂ ਕਰਦੀ ਹੈ - ਮਨੁੱਖ ਆਪਣੇ ਹੱਥੀਂ ਹੀ ਬਣਾਈਆਂ (ਰੱਬ ਦੀਆਂ ਆਕਾਰੀ) ਮੂਰਤੀਆਂ, ਤਸਵੀਰਾਂ, ਮੜੀਆਂ ਮਸਾਣਾ ਜਾਂ ਹੋਰ ਆਕਾਰਾਂ ਅਗੇ ਹੱਥ ਜੋੜ ਕੇ ਮਨ ਦੀਆਂ ਮੁਰਾਦਾਂ ਦੀ ਪੂਰਤੀ ਲੋਚਦਾ ਹੈ। ਰੱਬ ਨੂੰ ਕਿਸੇ ਆਕਾਰ ਵਿੱਚ ਪੂਜਣ ਲਈ ਉਸ ਦਾ ਆਪਣਾ ਹੀ ਸੁਆਰਥ ਹੈ ਕਿਉਂਕਿ ਰੱਬ/ਗੁਰੂ ਦੇ ਆਕਾਰ ਤੋਂ ਬਿਨਾ ਲੁਕਾਈ ਨੂੰ ਸੰਸਥਾ ਦੇ ਰੂਪ ਵਿੱਚ ਵੱਸ ਨਹੀ ਕੀਤਾ ਜਾ ਸਕਦਾ, ਇਸ ਨੂੰ ਧੰਧਾ ਨਹੀ ਬਣਾਇਆ ਜਾ ਸਕਦਾ, ਇਸ ਲਈ (ਕਿਸੇ ਆਕਾਰੀ) ਆਪੂ ਥਾਪੇ ਰੱਬ/ਗੁਰੂ (ਦੀ ਮੂਰਤੀ) ਦਾ ਪਖੰਡ ਕਰਕੇ, ਸਹਾਰਾ ਲੈ ਕੇ ਉਸ ਦੀ ਪ੍ਰਸੰਨਤਾ ਲਈ, ਕਦੇ ਪਾਠ ਪੜ੍ਹਦਾ ਹੈ, ਟੱਲ ਖੜਕਾਉਂਦਾ ਹੈ, ਕਦੇ ਉਸ ਨੂੰ ਇਸ਼ਨਾਨ ਕਰਾਉਂਦਾ ਹੈ, ਕਦੇ ਉਸ ਨੂੰ ਤਿਲਕ ਤੇ ਗਹਿਣਿਆਂ ਨਾਲ ਸਜਾਉਂਦਾ ਹੈ, ਕਦੇ ਉਸ ਨੂੰ ਭੋਗ ਲਵਾਉਂਦਾ ਹੈ, ਕਦੇ ਧੂਫ ਦੀਪ ਨਾਲ ਉਸ ਦੀ ਆਰਤੀ ਉਤਾਰਦਾ ਹੈ, ਕਦੇ ਗਾ ਗਾ ਕੇ ਉਸ ਨੂੰ ਰਿਝਾਉਣਾ ਚਹੁੰਦਾ ਹੈ ਪਰ ਗੁਰਗਿਆਨ ਤੋਂ ਬਿਨਾ ਇਹ ਸਭ ਦਿਖਾਵੇ ਦੇ ਹੰਕਾਰੀ ਕਰਮ ਕਾਂਡ ਵਿਅਰਥ ਹੀ ਹਨ, ਗੁਰਬਾਣੀ ਸੁਚੇਤ ਕਰਦੀ ਹੈ ਕਿ: ਕਰਮ ਕਾਂਡ ਬਹੁ ਕਰਹਿ ਅਚਾਰ ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥ 162

ਆਕਾਰੀ ਰੱਬ/ਗੁਰੂ ਤੇ ਉਸ ਦੀ ਖੁਸ਼ੀ ਜਾਂ ਉਸ ਨੂੰ ਮਨਾਉਣ ਲਈ ਕੀਤੇ ਕਰਮ ਕਾਂਡ ਸਭ ਮਨੁੱਖ ਦੇ ਆਪਣੇ ਸੁਆਰਥ ਲਈ ਹੀ ਹਨ ਕਿਉਂਕਿ ਸੁਆਰਥ ਤੋਂ ਬਿਨਾ ਉਸ ਦਾ ਘੜਿਆ (ਆਕਾਰੀ) ਰੱਬ ਤੇ ਉਸ ਨੂੰ ਖੁਸ਼ ਕਰਨ ਦੇ ਕਰਮ ਕਾਂਡਾਂ ਦਾ ਸੰਕਲਪ ਵੀ ਨਿਰਰਥਕ ਹੋ ਜਾਵੇਗਾ। ਸਿੱਖ ਜਗਤ ਵਿੱਚ ਵੀ ਮਨੁੱਖ ਗੁਰੂ ਨੂੰ ਆਕਾਰ ਰੂਪ ਵਿੱਚ ਹੀ ਪੂਜਣਾ ਚਹੁੰਦਾ ਹੈ ਤਾਂ ਕੇ ਉਸ ਅਗੇ ਖਲੋ ਕੇ ਆਪਣੇ ਦੁਖਾਂ ਤੇ ਲੋੜਾਂ ਦੀ ਨਵਿਰਤੀ ਲਈ ਮੰਗ ਕੀਤੀ ਜਾ ਸਕੇ, ਪਰ ਅਸਲ ਵਿੱਚ ਆਕਾਰ ਰਹਿਤ ਨਿਰੰਕਾਰ/ਗੁਰੂ ਅਗੇ ਨਾ ਹੱਥ ਜੋੜਨੇ ਪੈਂਦੇ ਹਨ, ਨਾ ਮੱਥਾ ਰਗੜਨਾ ਪੈਦਾ ਹੈ, ਨਾ ਹੀ ਕੁੱਝ ਬੋਲਣਾ ਪੈਂਦਾ ਹੈ, ਨਾ ਕਿਤੇ ਜਾਣਾ ਪੈਂਦਾ ਹੈ, ਨਾ ਕਿਸੇ ਮਸਜਦ, ਮੰਦਰ ਜਾਂ ਗੁਰਦੁਆਰੇ ਅੰਦਰ ਟੱਲ, ਢੋਲਕੀਆਂ ਜਾਂ ਛੈਣੇ ਖੜਕਾਉਣ ਦੀ ਲੋੜ ਹੈ, ਨਾ ਕਿਸੇ ਭੇਟਾ ਦੀ ਲੋੜ ਹੈ ਤੇ ਨਾ ਕੋਈ ਰਸਮ ਜਾਂ ਕਰਮ ਕਾਂਡ ਕਰਨਾ ਪੈਂਦਾ ਹੈ, ਕਿਉਂਕਿ ਉਹ ਬਾਹਰ ਨਹੀ ਬਲਿਕੇ ਅੰਦਰ ਹੈ, ਘਟਿ ਘਟਿ ਵਿੱਚ ਬੈਠਾ -- (1) ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥ 1000 (2) ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ (3) ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ ਕਿਆ ਤੁਧੁ ਪਹਿ ਆਖਿ ਸੁਣਾਈਐ ॥ 735 -- ਸਭ ਕੁੱਝ ਜਾਣਦਾ ਹੈ। ਉਹ ਮਨੁੱਖ ਨੂੰ ਦੁੱਖਾਂ, ਮੁਸੀਬਤਾਂ ਤੋਂ ਬਚਾਉਂਦਾ ਨਹੀ, ਦੁਖਾਂ ਨੂੰ ਟਾਲਦਾ ਨਹੀ, ਬਲਿਕੇ ਗਿਆਨ ਦੁਆਰਾ ਉਹਨਾ ਦਾ ਸ੍ਹਾਮਣਾ (ਮੁਕਾਬਲਾ) ਕਰਨਾ ਸਿਖਾਉਂਦਾ ਹੈ, ਉਹਨਾਂ ਨਾਲ ਜੂਝਣਾ ਸਿਖਾਉਂਦਾ ਹੈ। ਦੁੱਖ ਸੁੱਖ ਤਾਂ ਅਟੱਲ ਕੁਦਰਤੀ ਮਨੋਰੰਜਕ ਨਿਯਮ ਹਨ ਜੋ ਜੀਵਨ ਨੂੰ ਇਤਨਾ ਰੰਗੀਨ ਬਣਾਉਂਦੇ ਹਨ ਕਿ ਕੋਈ ਇਥੋਂ ਜਾਣਾ ਨਹੀ ਚਹੁੰਦਾ। ਹਰ ਕੋਈ ਲੰਬੀ ਉਮਰ ਦੀ ਯਾਚਨਾ ਕਰਦਾ ਹੈ ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥ 62 . ਇਹਨਾ (ਸੁੱਖ ਦੁੱਖ) ਬਿਨਾ ਜੀਵਨ ਸੁਸਤ, ਆਲਸੀ ਜਾਂ ਅਕਾਊ (boring) ਹੀ ਰਹਿ ਜਾਵੇਗਾ। ਇਹ ਹਰ ਮਨੁੱਖ ਤੇ ਲਾਗੂ ਹੁੰਦੇ ਹਨ ਭਾਵੇਂ ਉਹ ਧਰਮੀ ਹੋਵੇ ਜਾਂ ਅਧਰਮੀ, ਪਰ ਗੁਰਬਾਣੀ ਉਹਨਾਂ ਤੋਂ ਨਿਰਲੇਪ ਹੋਣ ਦੀ ਸੋਝੀ ਤੇ ਬਲ ਬਖਸ਼ਦੀ ਹੈ ਜਿਵੇਂ: ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥ ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥ 57, ਸਮਤਾ ਵਿੱਚ ਰਹਿ ਕੇ, ਦੁੱਖ ਸੁੱਖ ਤੋਂ ਨਿਰਲੇਪ ਹੋ ਕੇ, ਸਦੀਵੀ ਸੁੱਖ (ਸਹਿਜ ਅਵਸਥਾ) ਨੂੰ ਮਾਨਣ ਦੀ ਸੂਝ ਦਿੰਦੀ ਹੈ। ਪਰ ਮਨੁੱਖ ਨੂੰ ਗੁਰਗਿਆਨ ਲੈਣਾ ਔਖਾ ਲਗਦਾ ਹੈ ਤੇ ਬਾਹਰੀ ਕਰਮ ਕਾਂਡ ਕਰਨੇ ਸੌਖੇ ਲਗਦੇ ਹਨ ਕਿਉਂਕਿ ਉਹਨਾਂ ਵਿੱਚ ਮਾਇਆ ਦਾ ਸੁਆਰਥ ਛੁਪਿਆ ਹੋਇਆ ਹੈ। ਇਸ ਲਈ ਦਿਖਾਵੇ ਲਈ ਕੋਈ ਮਾਲਾ ਫੇਰਕੇ ਸਿਮਰਨ ਕਰਦਾ ਹੈ, ਕੋਈ (ਸਰੋਤਿਆਂ ਤੋਂ ਬਿਨਾ ਹੀ) ਅਖੰਡ ਪਾਠਾਂ ਦੀਆਂ ਲੜੀਆਂ ਲਾਈ ਜਾਂਦਾ ਹੈ, ਕੋਈ ਅਨੇਕ ਤਰਾਂ ਨਾਲ ਵਾਜੇ ਢੋਲਕੀਆਂ ਨਾਲ ਰਾਗਾਂ ਵਿੱਚ ਗਾ ਕੇ ਉਸ ਨੂੰ ਰਝਾਉਣਾ ਚਹੁੰਦਾ ਹੈ, ਕੋਈ ਛਬੀਲਾਂ ਜਾਂ ਲੰਗਰ ਲਾ ਕੇ ਉਸ ਦੀ ਪ੍ਰਸੰਨਤਾ ਲੋਚਦਾ ਹੈ, ਕੋਈ ਤੀਰਥਾਂ ਦੇ ਦਰਸ਼ਨ ਇਸ਼ਨਾਨਾਂ ਤੇ ਦਾਨ ਪੁੰਨ ਵਿੱਚ ਹੀ ਉਸ ਦੀ ਖੁਸ਼ੀ ਸਮਝਦਾ ਹੈ-- ਇਤਿ ਆਦ-- ਪਰ ਇਸ ਦਾ ਰੱਬ ਨਾਲ ਕੋਈ ਵਾਸਤਾ ਹੀ ਨਹੀ ਕਿਉਂਕਿ ਜੇ ਸਭ ਕੁਛ ਉਸ ਦੇ ਹੁਕਮ ਅਨੁਸਾਰ ਹੀ ਚਲ ਰਿਹਾ ਹੈ (ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥1) ਤਾਂ ਉਸ ਨੂੰ ਕਿਹੜਾ ਗ਼ਮ, ਉਦਾਸੀ, ਰੋਸਾ, ਨਿਰਾਸਤਾ ਜਾਂ ਫਿਕਰ ਹੋ ਸਕਦਾ ਹੈ ਜਿਸ ਕਰਕੇ ਉਸ ਨੂੰ ਖੁਸ਼ ਕਰਨ ਜਾਂ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ? ਮਨਾਉਣਾ ਤਾਂ ਆਪਣੇ ਕੁਰਾਹੇ ਪਏ ਮਨ ਨੂੰ ਹੀ ਹੁੰਦਾ ਹੈ ਜਿਸ ਲਈ ਕੋਈ ਵੀ ਕਰਮ ਕਾਂਡ ਕਰਨ ਦੀ ਲੋੜ ਨਹੀ। ਰੱਬ ਦੀ ਖੁਸ਼ੀ ਮਨੁੱਖ ਦੇ ਕਰਮਾਂ ਤੇ ਨਿਰਭਰ ਨਹੀ, ਅਗਰ ਹੁੰਦੀ, ਤਾਂ ਰੱਬ ਕਦੇ ਸਦਾ ਅਨੰਦਿਤ ਨਹੀ ਹੋ ਸਕਦਾ ਸੀ। ਪਰ ਉਹ ਤਾਂ ਸਦਾ ਅਨੰਦਿਤ ਹੈ, ਮੰਦਰਿ ਮੇਰੈ ਸਬਦਿ ਉਜਾਰਾ ॥ ਅਨਦ ਬਿਨੋਦੀ ਖਸਮੁ ਹਮਾਰਾ ॥384 ਇਹ ਰੱਬ/ਗੁਰੂ ਨੂੰ ਖੁਸ਼ ਕਰਨ ਦਾ ਸਾਰਾ ਪਖੰਡ ਮਨੁੱਖ ਆਪਣੇ ਹੀ ਸੁਆਰਥ ਲਈ ਕਰਦਾ ਹੈ। ਗੁਰੂ, ਗਿਆਨ ਦਾ ਭੰਡਾਰ ਹੈ ਤੇ ਉਸ ਤੋਂ ਗਿਆਨ ਦੀ ਹੀ ਪ੍ਰਾਪਤੀ ਹੋਵੇਗੀ, ਉਹ ਮਨੁੱਖ ਦੀ ਮੰਗ, ਮਨ ਭਉਂਦੀਆਂ ਲੋੜਾਂ ਦੀ ਪੂਰਤੀ ਨਾਲ ਨਹੀ ਕਰਦਾ ਬਲਿਕੇ ਮੰਗ ਨੂੰ ਹੀ ਜੜੋਂ ਪੁੱਟ ਦਿੰਦਾ ਹੈ ਤਾਂ ਕੇ ਦੁਬਾਰਾ ਮੰਗਣਾ ਹੀ ਨਾ ਪਵੇ, ਨਾ ਰਹੇ ਬਾਂਸ ਤੇ ਨਾ ਬਜੇ ਬਾਂਸੁਰੀ। ਸਗਲ ਆਕਾਰ ਬਿਨਸਣਹਾਰ ਹਨ (ਸਗਲ ਪਾਸਾਰੁ ਦੀਸੈ ਪਾਸਾਰਾ ॥ ਬਿਨਸਿ ਜਾਇਗੋ ਸਗਲ ਆਕਾਰਾ ॥ 237)

ਇਸ ਲਈ ਬਿਨਸਣਹਾਰ ਆਕਾਰਾਂ ਦੀ ਪੂਜਾ ਬੇਕਾਰ ਹੈ ਪਰ ਆਕਾਰਾਂ ਦੀ ਪੂਜਾ ਬਿਨਾ ਮਾਇਆ ਦਾ ਧੰਦਾ ਕਿਵੇਂ ਚੱਲੇ? ਮਨੁੱਖ ਦੇ ਸੁਆਰਥ ਨੇ ਹੀ ਧਰਮ ਨੂੰ ਧੰਦਾ ਬਣਾਇਆ ਹੈ। ਧਰਮ ਧੰਦਾ ਨਹੀ ਬਲਿਕੇ ਮਨੁੱਖੀ ਮਨ ਨੂੰ ਸਾਧ ਕੇ ਜੀਵਨ ਨੂੰ ਸੁਖੀ ਬਨਾਉਣ ਦੀ ਜਾਚ ਹੈ ਪਰ ਮਤਲਬੀ ਮਨੁੱਖ ਨੇ ਧਰਮ ਨੂੰ ਵੀ ਧੰਦਾ ਬਣਾ ਦਿੱਤਾ। ਮੰਨਿਆ, ਕਿ ਮੌਜੂਦਾ ਸਮੇ ਅੰਦਰ ਕੋਈ ਵੀ ਕੰਮ ਮਾਇਆ (ਧਨ) ਤੋਂ ਬਿਨਾ ਨਹੀ ਹੁੰਦਾ ਪਰ ਅੰਦਰੂਨੀ ਮਨ ਦੀ ਸਾਧਨਾ (ਧਰਮ ਦਾ ਕੰਮ) ਤਾਂ ਆਪਣੇ ਹੀ ਮਨ ਨਾਲ ਲੁੱਝਣਾ ਹੈ, ਨਿੱਜੀ ਹੈ। ਕੋਈ ਦੂਸਰਾ ਇਸ ਵਿੱਚ ਦਖਲ ਨਹੀ ਦੇ ਸਕਦਾ, ਆਪਣਾ ਕੰਮ ਆਪ ਹੀ ਕਰਨਾ ਪੈਂਦਾ ਹੈ, ਆਪਣੇ ਮਨ ਨੂੰ ਆਪ ਹੀ ਸਮਝਾਉਣਾ ਪੈਂਦਾ ਹੈ, ਧਰਮ ਦੇ ਅੰਦਰੂਨੀ ਪੰਥ (ਰਾਹ) ਤੇ ਇਕੱਲਿਆਂ ਹੀ ਚਲਣਾ ਪੈਂਦਾ ਹੈ, ਇਸ ਲਈ ਮਾਇਆ (ਧਨ) ਦਾ ਸਵਾਲ ਹੀ ਪੈਦਾ ਨਹੀ ਹੁੰਦਾ ਪਰ ਜਦੋਂ ਧਰਮ ਦੇ ਕਰਮ ਨੂੰ ਆਕਾਰਾਂ ਤੇ ਅਧਾਰਤ ਕੀਤਾ ਤਾਂ ਮਾਇਆ ਦਾ ਧਰਮ ਵਿੱਚ ਪ੍ਰਵੇਸ਼ ਹੋ ਗਿਆ ਤੇ ਸਿੱਟਾ ਇਹ ਕਿ ਲੋਭੀ ਤੇ ਸੁਆਰਥੀ ਮਨੁੱਖ ਦਾ ਅਖੌਤੀ ਧਰਮ ਅੱਜ ਮਾਇਆ ਦਾ ਵਾਪਾਰ ਹੀ ਬਣ ਗਿਆ ਹੈ। ਸੁਆਰਥੀ ਮਨੁੱਖ ਨੇ ਧਰਮ ਨੂੰ ਆਪਣੀ ਉਪਜੀਵਕਾ ਲਈ ਕਿੱਤਾ ਹੀ ਬਣਾ ਲਿਆ। ਗੁਰਮਤ ਆਦੇਸ਼ ਹੈ ਕਿ: ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥ ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥ 1091 ਨਾਮ (ਗੁਰਗਿਆਨ) ਬਿਨਾ ਆਕਾਰਾਂ ਨਾਲ ਜੁੜਨਾ ਮਨ ਨੂੰ ਮੈਲਾ ਕਰਨਾ ਹੈ ਪਰ ਕਰਤਾਰ ਪੁਰ ਵਲ ਜਾਂਦੀ ਭੀੜ ਸਪਸ਼ਟ ਕਰਦੀ ਹੈ ਕਿ ਸਿੱਖ ਅਜੇ ਵੀ ਸ਼ਬਦ (ਗੁਰਗਿਆਨ) ਨਾਲ ਨਹੀ ਬਲਿਕੇ ਬਿਨਸਣਹਾਰ ਇਮਾਰਤਾਂ ਜਾਂ ਅਸਥਾਨਾਂ (ਆਕਾਰਾਂ) ਨਾਲ ਜੁੜਿਆ ਹੈ ਕਿਉਂਕਿ ਆਕਾਰਾਂ ਦੀ ਮਨੌਤ ਬਿਨਾ ਮਾਇਆ ਦੇ ਮਨੋਰਥ ਦੀ ਪੂਰਤੀ ਨਹੀ ਹੋ ਸਕਦੀ।

ਨਿਸ਼ਕਾਮ ਸੇਵਾ ਨੂੰ ਸਿੱਖ ਜਗਤ ਦਾ ਇੱਕ ਥੰਮ ਮੰਨਿਆ ਗਿਆ ਹੈ ਪਰ ਮੁਸ਼ਕਿਲ ਤੋ ਯੇਹ ਹੈ ਕਿ ਯੇਹ ਬੜੀ ਮੁਸ਼ਕਿਲ ਸੇ ਹੋਤੀ ਹੈ, ਕਿਉਂਕਿ ਹਉਮੈ ਤੋਂ ਪੈਦਾ ਹੋਇ ਖੁਦਗਰਜ਼ ਮਨੁੱਖ ਲਈ ਨਿਸ਼ਕਾਮ ਹੋਣਾ, ਬੇਗਰਜ਼ ਹੋਣਾ, ਨਿਹਕਾਮੀ ਹੋਣਾ, ਬੇਸੁਆਰਥ ਹੋਣਾ ਬੜਾ ਕਠਨ ਹੈ ਤੇ ਕੋਈ ਵਿਰਲਾ ਗੁਰਮੁਖ ਹੀ ਮਨ ਦੀ ਸਾਧਨਾ ਦੀ ਅਵਘਟ ਘਾਟੀ ਚੜਦਾ ਹੈ। ਗੁਰਬਾਣੀ ਨਿਸ਼ਕਾਮ (ਬੇਸੁਆਰਥ) ਸੇਵਾ ਲਈ ਪ੍ਰੇਰਦੀ ਹੈ ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥286 ਕਿਉਂਕਿ ਅੰਦਰੋਂ ਮਨ ਦੀ ਅਸ਼ੁੱਧਤਾ (ਸੁਆਰਥੀ ਮੈਲ) ਹੀ ਕੀਤੀ ਹਰ ਸੇਵਾ ਤੇ ਪਾਣੀ ਫੇਰ ਦਿੰਦੀ ਹੈ। ਮਨ ਦੀ ਮੈਲ (ਖੁਦਗਰਜ਼ੀ) ਹੀ ਸਾਰੇ ਕਰਮ ਧਰਮ ਵਿਅਰਥ ਕਰ ਦਿੰਦੀ ਹੈ ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥558 ਇਸ ਲਈ ਗੁਰਬਾਣੀ, ਸੇਵਾ ਕਰਨ ਨਾਲੋਂ ਪਹਿਲਾਂ, ਮਨ ਦੀ ਸੁਧਾਈ (ਪਵਿੱਤ੍ਰਤਾ) ਲਈ ਪ੍ਰੇਰਨਾ ਦਿੰਦੀ ਹੈ ਕਿਉਂਕਿ ਬੇਗਰਜ਼ ਜਾਂ ਨਿਸ਼ਕਾਮ ਹੋਏ ਬਿਨਾ ਹਿਰਦੇ ਦੀ ਸੁਧਾਈ ਸੰਭਵ ਨਹੀ। (ਆਕਾਰੀ) ਸੰਸਾਰ ਦੀ ਸੇਵਾ ਨਾਲੋਂ ਪਹਿਲਾਂ (ਨਿਰੰਕਾਰੀ) ਗੁਰੂ ਦੀ ਉਤਮ ਸੇਵਾ (ਗੁਰ ਕੀ ਸੇਵਾ ਸ਼ਬਦ ਵੀਚਾਰ) ਨੂੰ ਮਹੱਤਾ ਦਿੰਦੀ ਹੈ (ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥ 638) ਤਾਂ ਕੇ ਮਨੁਖੀ ਮਨ ਵਿਚੋਂ ਗੁਰੂ ਦੇ ਸ਼ਬਦ ਰਾਹੀਂ ਹਉਮੈ (ਖੁਦਗਰਜ਼ੀ) ਜਾਂ ਸੁਆਰਥ ਦੀ ਮੈਲ ਧੋਤੀ ਜਾ ਸਕੇ ਤੇ ਕੀਤੀ ਹਰ ਸੇਵਾ ਸਫਲ ਹੋ ਸਕੇ।

ਵੇਖਣ ਨੂੰ ਤਾਂ ਹਰ ਕੋਈ ਸੇਵਾ ਦਾ ਤਗਮਾ ਲਾਈ ਫਿਰਦਾ ਹੈ ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥ ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ 27 ਪਰ ਗੁਰੂ ਦੀ ਸੇਵਾ ਕਿਸੇ ਪਵਿੱਤ੍ਰ ਜਾਂ ਸ਼ੁੱਧ (ਨਿਹਕਾਮੀ, ਬੇਗਰਜ਼) ਹਿਰਦੇ ਵਾਲੇ ਦੀ ਹੀ ਥਾਇਂ ਪੈਂਦੀ ਹੈ।

ਅਖੌਤੀ ਧਰਮ ਵਿੱਚ ਨਗਰ ਕੀਰਤਨ ਦੀ ਬੜੀ ਮਹਾਨਤਾ ਦਰਸਾਈ ਜਾਂਦੀ ਹੈ ਤੇ ਬੇਅੰਤ ਸੰਗਤਾਂ ਇਸ ਵਿੱਚ ਭਾਗ ਲੈਂਦੀਆਂ ਹਨ, ਪਰ ਵੇਖ ਕੇ ਬੜੀ ਅਸਚਰਜਤਾ ਹੁੰਦੀ ਹੈ ਜਦੋਂ ਆਮ ਤੌਰ ਤੇ ਗੁਰਦੁਆਰੇ ਦੇ ਨਿੱਘੇ ਤੇ ਸ਼ਾਂਤਮਈ ਮਹੌਲ ਵਿੱਚ ਬੈਠ ਕੇ ਕੀਰਤਨ ਸੁਣਨ ਲਈ ਤਾਂ ਸੰਗਤ ਸਵਾਈ ਹੀ ਹੁੰਦੀ ਹੈ ਤੇ ਕੋਈ ਟਾਵਾਂ ਟਾਵਾਂ ਉਠ ਕੇ ਕੀਰਤਨੀਏ ਜਾਂ ਕਥਾਕਾਰ ਨੂੰ ਮਾਇਆ ਭੇਟ ਕਰਦਾ ਹੈ ਪਰ ਬਾਹਰ ਪੈਂਦੇ ਮੀਂਹ, ਚਿੱਕੜ, ਤੇ ਰੌਲੇ ਰੱਪੇ ਵਿੱਚ ਖੜੋ ਕੇ ਲੰਘਦੇ ਨਗਰ ਕੀਰਤਨ ਨੂੰ ਵੇਖਣ ਲਈ ਤੇ ਉਸ ਤੋਂ ਚੋਖੀ ਮਾਇਆ ਵਾਰਨ ਲਈ ਸੰਗਤਾਂ ਦਾ ਵਡ੍ਹਾ ਇਕੱਠ ਠਾਠਾਂ ਮਾਰਦਾ ਵੇਖਿਆ ਜਾ ਸਕਦਾ ਹੈ। ਅਸਲ ਵਿੱਚ ਨਗਰ ਕੀਰਤਨ ਦਾ ਜੇ ਕਿਸੇ ਨੂੰ ਕੋਈ ਲਾਭ ਹੈ ਤਾਂ ਉਹ ਕੇਵਲ ਪ੍ਰਬੰਧਕਾਂ ਨੂੰ ਹੀ ਮਾਇਆ ਇਕੱਠੀ ਕਰਨ ਦਾ ਹੈ ਇਸ ਲਈ ਇਹ ਨਗਰ ਕੀਰਤਨ ਦਾ ਮਨੋਰਥ ਜਾਂ ਸੁਆਰਥ ਕੇਵਲ ਧਨ ਦੀ ਇਕੱਤ੍ਰਤਾ ਹੀ ਹੁੰਦਾ ਹੈ। ਅਧਿਆਤਮਿਕ ਤੌਰ ਤੇ ਸੁਣਨ ਵਾਲੇ ਦੇ ਪੱਲੇ ਕੁੱਝ ਨਹੀ ਪੈਂਦਾ ਪਰ ਅੰਨ੍ਹੀ ਸ਼ਰਧਾ ਕੋਈ ਪੇਸ਼ ਨਹੀ ਜਾਣ ਦਿੰਦੀ। ਅੰਨ੍ਹੀ ਸ਼ਰਧਾ ਹੀ ਲੁੱਟ ਦਾ ਕਾਰਨ ਬਣ ਜਾਂਦੀ ਹੈ। ਮਨੁੱਖ ਦੀ ਤਰਸਯੋਗ ਹਾਲਤ ਹੈ ਕਿ ਗੁਰਗਿਆਨ (ਗੁਰਬਾਣੀ) ਦਾ ਦੀਪਕ ਕੋਲ ਹੁੰਦਿਆਂ ਅਗਿਆਨਤਾ ਦੇ ਖੂਹ ਵਿੱਚ ਡਿਗ ਰਿਹਾ ਹੈ ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥ 1376 ਜਿਸ ਅਨਮੋਲ ਦੀਪਕ (ਗੁਰਗਿਆਨ) ਦੀ ਰੌਸ਼ਨੀ ਵਿੱਚ ਧਰਮ ਪੰਥ ਨੇ ਰੌਸ਼ਨ ਹੋਣਾ ਸੀ, ਸਹੀ ਰਾਹ ਦੀ ਸੂਝ ਮਿਲਨੀ ਸੀ, ਓਸੇ ਨੂੰ ਮਨੁੱਖ ਦੀ ਅਗਿਆਨਤਾ, ਅੰਨ੍ਹੀ ਸ਼ਰਧਾ ਤੇ ਸੁਆਰਥ ਦੀ ਧੁੰਧ ਨੇ ਧੁੰਧਲਾ ਕਰ ਦਿੱਤਾ। ਇਹ ਅਉਗਨ ਮਨੁੱਖ ਜਾਣ ਬੁੱਝ ਕੇ ਹੀ ਕਰ ਰਿਹਾ ਹੈ।

ਮਨੁੱਖ ਦੇ ਆਪਣੇ ਸੁਆਰਥ ਨੇ ਹੀ ਇਸ ਭੁੱਲੜ, ਭੇਖੀ ਤੇ ਅਖੌਤੀ ਸੰਤ ਸਮਾਜ ਨੂੰ ਪੈਦਾ ਕੀਤਾ ਹੈ ਜੋ ਅੱਜ ਇਸ ਨੂੰ ਘੁਣ ਵਾਂਙ ਖਾਈ ਜਾ ਰਿਹਾ ਹੈ। ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਲਿਆ। ਇਹ ਠਾਠ, ਟਕਸਾਲ, ਦਰਬਾਰ ਅਤੇ ਬਾਬਿਆਂ ਦੇ ਡੇਰੇ ਮਨੁੱਖ ਦੇ ਸੁਆਰਥ ਦੀ ਹੀ ਉਪਜ ਹਨ, ਜੋ ਇਸ ਨੂੰ ਸ਼ਰੇਆਮ ਦਿਨ ਦਿਹਾੜੇ ਲੁੱਟੀ ਜਾ ਰਹੇ ਹਨ। ਅੱਜ ਇੰਟਰਨੈੱਟ ਤੋਂ ਇਹਨਾਂ ਦੀ ਅਸਲੀਅਤ ਜਾਣਦਾ ਹੋਇਆ ਵੀ ਮਨੁੱਖ (ਮਨ ਜਾਨੈ ਸਭ ਬਾਤ) ਅੰਨ੍ਹੀ ਸ਼ਰਧਾ ਤੇ ਅਗਿਆਨਤਾ ਵੱਸ ਹੋਇਆ ਇਹਨਾਂ ਦੀ ਗੁਲਾਮੀ ਤੇ ਸੰਮੋਹਨ (hypnotism) ਤੋਂ ਛੁਟਕਾਰਾ ਨਹੀ ਪਾ ਸਕਦਾ ਕਿਉਂਕਿ ਇਹਨਾਂ ਨੇ ਮਨੁੱਖ ਨੂੰ ਸੱਪ ਦੇ ਵਲੇਟੇ ਵਾਂਙ ਜਕੜਿਆ ਹੋਇਆ ਹੈ। ਆਮ ਤੌਰ ਤੇ ਇਹਨਾਂ ਦੀ ਉਪਜ ਦਾ ਦੋਸ਼ ਅੰਗਰੇਜ਼ਾਂ ਜਾਂ ਸ਼ਿਆਸਤਦਾਨਾਂ ਦਾ ਕਿਹਾ ਜਾਂਦਾ ਹੈ ਪਰ ਅਸਲੀਅਤ ਵਿੱਚ ਇਹ ਦੋਸ਼ ਮਨੁੱਖ ਦੀ ਆਪਣੀ ਅਗਿਆਨਤਾ ਦਾ ਹੀ ਹੈ, ਇਹਨਾਂ ਨੂੰ ਮੰਨਣ ਦੀ ਕੋਈ ਮਜਬੂਰੀ ਨਹੀ ਸੀ, ਬਲਿਕੇ ਮਨੁੱਖ ਦਾ ਆਪਣਾ ਸੁਆਰਥ ਹੀ ਸੀ। ਅੱਜ ਵੀ ਇਹਨਾਂ ਨੂੰ ਮੰਨਣ ਦੀ ਕੋਈ ਮਜਬੂਰੀ ਨਹੀ, ਪਰ ਅੰਨ੍ਹੀ ਸ਼ਰਧਾ, ਅਗਿਆਨਤਾ ਤੇ ਸੁਆਰਥ ਇਹਨਾਂ ਤੋਂ ਮੁਕਤ ਨਹੀ ਹੋਣ ਦਿੰਦੇ। ਅੰਗਰੇਜ਼ੀ ਦੀ ਇੱਕ ਬੜੀ ਪ੍ਰਸਿੱਧ ਕਹਾਵਤ ਹੈ ਕਿ (Necessasity is the mother of invention) ਭਾਵ ਜ਼ਰੂਰਤ ਹੀ ਨਵੀਆਂ ਕਾਢਾਂ ਦੀ ਮਾਂ ਹੈ। ਮਨੁੱਖ ਦੀ ਜ਼ਰੂਰਤ (ਲੋੜਾਂ) ਨੇ ਹੀ ਅਖੌਤੀ ਸੰਤ ਸਮਾਜ ਦੀ ਸਿਉਂਕ (ਨਵੀਂ ਕਾਢ) ਨੂੰ ਜਨਮ ਦਿੱਤਾ ਹੈ ਤੇ ਹੁਣ ਜ਼ਰੂਰਤ ਖਤਮ ਹੋਣ ਨਾਲ ਹੀ ਇਹਨਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ, ਆਪਣੀ ਕਰਨੀ ਦਾ ਕਿਸੇ ਹੋਰ ਨੂੰ ਦੋਸ਼ ਦੇਣਾ ਮਸਲੇ ਦਾ ਹੱਲ ਨਹੀ, ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ 643 ਆਪਣੇ ਸੁਆਰਥਾਂ, ਅਗਿਆਨਤਾ ਤੇ ਅੰਨ੍ਹੀ ਸ਼ਰਧਾ ਦੇ ਪਏ ਬੰਧਨਾਂ ਤੋਂ, ਗੁਰਗਿਆਨ ਦੁਆਰਾ ਆਪ ਮੁਕਤ ਹੋ ਜਾਣ ਨਾਲ ਹੀ ਮਸਲਾ ਹੱਲ ਹੋ ਸਕਦਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.