.

(ਗੁਰੂ ਨਾਨਕ ਚਿੰਤਨ ਦੇ ਇਨਕਲਾਬੀ ਪਹਿਲੂ)
-ਜਸਵਿੰਦਰ ਸਿੰਘ ‘ਰੁਪਾਲ’
09814715796


ਮਨੁੱਖਤਾ ਦੇ ਇਤਿਹਾਸ ਵਿੱਚ ਸਦੀਆਂ ਪਿਛੋਂ ਕੋਈ ਅਜਹਿਾ ਰਹਿਬਰ ਪੈਦਾ ਹੁੰਦਾ ਹੈ, ਜਿਸ ਦੇ ਵਿਚਾਰ ਖੜ੍ਹੇ ਪਾਣੀਆਂ ਵਿੱਚ ਹਲਚਲ ਮਚਾ ਦਿਂਦੇ ਹਨ ਅਤੇ ਦੁਨੀਆਂ ਨੂੰ ਸੋਚਣ ਦਾ, ਜੀਊਣ ਦਾ ਇੱਕ ਨਵਾਂ ਮਾਰਗ ਮਿਲਦਾ ਹੈ, ਜਿਸ ਤੇ ਚਲ ਕੇ ਇੱਕ ਕਰਾਂਤੀ ਪੈਦਾ ਹੁੰਦੀ ਹੈ ਅਤੇ ਵਿਅਕਤੀ ਅਤੇ ਸਮਾਜ ਵਿੱਚ ਨਵੀਆਂ ਕਦਰਾਂ ਕੀਮਤਾਂ ਪੈਦਾ ਹੁੰਦੀਆਂ ਹਨ। ਗੁਰੂ ਨਾਨਕ ਜੀ ਦੇ ਆਗਮਨ ਨਾਲ ਵੀ ਸਦੀਆਂ ਤੋਂ ਭਰਮਾਂ ਅਗਿਆਨਤਾ ਵਿੱਚ ਫਸੀ ਹੋਈ ਲੋਕਾਈ ਨੂੰ ਜਿੱਥੇ ਇੱਕ ਨਵਾਂ ਜੀਵਨ ਮਿਲਿਆ, ਉਥੇ ਲੰਮੇ ਅਰਸੇ ਤੋਂ ਜਨਤਾ ਦੀ ਲੁੱਟ ਕਰਨ ਵਾਲੇ ਸਮਾਜਿਕ, ਰਾਜਨੀਤਿਕ, ਧਾਰਮਿਕ ਆਗੂਆਂ ਦਾ ਨਜਰੀਆ ਵੀ ਬਦਲਿਆ। …….
ਗੁਰੂ ਨਾਨਕ ਨੂੰ ਅਸੀਂ ਇੱਕ ਵਿਅਕਤੀ ਵਜੋਂ ਨਹੀਂ ਸਗੋਂ ਇੱਕ ਵਿਚਾਰਧਾਰਾ ਵਜੋਂ ਦੇਖਾਂਗੇ ਅਤੇ ਸਮਝਣ ਦਾ ਯਤਨ ਕਰਾਂਗੇ। ਕਿਸੇ ਵੀ ਵਿਅਕਤੀ ਦੀ ਵਿਚਾਰਧਾਰਾ ਨੂੰ ਉਸਦੇ ਜੀਵਨ ਵਿੱਚੋਂ ਦੇਖਿਆਂ ਹੀ ਅਸਲ ਵਿੱਚ ਉਸਦੇ ਨੇੜੇ ਹੋ ਸਕੀਦਾ ਹੈ। ਇਸ ਤਰਾਂ ਇੱਕ ਤਾਂ ਗੁਰੂ ਨਾਨਕ ਚਿੰਤਨ ਨੂੰ ਅਸੀਂ ਉਨ੍ਹਾਂ ਦੇ ਉਸ ਜੀਵਨ ਵਿੱਚੋਂ ਅਧਿਐਨ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਉਨ੍ਹਾਂ ਇਸ ਧਰਤੀ ਤੇ ਜੀਵਿਆ। ਦੂਸਰੀ ਗੱਲ ਗੁਰੂ ਨਾਨਕ ਜੀ ਇੱਕ ਮਹਾਨ ਸਾਹਿਤਕਾਰ ਸਨ ਅਤੇ ਇੱਕ ਲੇਖਕ ਨੂੰ ਅਤੇ ਉਸਦੀ ਦ੍ਰਿਸ਼ਟੀ ਨੂੰ ਉਸ ਦੀ ਲਿਖਤ ਵਿੱਚੋਂ ਬਹੁਤ ਪਾਰਦਰਸ਼ੀ ਢੰਗ ਨਾਲ ਦੇਖਿਆ ਜਾ ਸਕਦਾ ਹੈ ਕਿਉਂਕਿ ਇੱਕ ਰਚਨਾ ਆਪਣੇ ਕਰਤੇ ਦਾ ਪ੍ਰਤੀਬਿੰਬ ਹੀ ਹੁੰਦੀ ਹੈ। ਉਂਜ ਇਹ ਦੋਵੇਂ ਵਰਤਾਰੇ ਸਮਾਨਾਂਤਰ ਹੀ ਚੱਲਦੇ ਹਨ, ਕਿਉਕਿ ਬਾਣੀ ਵੱਖ ਵੱਖ ਘਟਨਾਵਾਂ ਅਤੇ ਸਥਾਨਾਂ ਤੇ ਉਸ ਸਮੇਂ ਦੇ ਹਾਲਾਤਾਂ ਦੇ ਮੱਦੇ-ਨਜਰ ਹੀ ਉਚਾਰੀ ਗਈ ਸੀ। ……. .
ਇਨਕਲਾਬ ਜਾਂ ਕਰਾਂਤੀ ਦੇ ਅਰਥ ਵਿਦਰੋਹ ਜਾਂ ਬਗਾਵਤ ਹਨ। ਆਪਣੇ ਸਮੇਂ ਦੀਆਂ ਪ੍ਰਚਲਿਤ ਕਦਰਾਂ ਕੀਮਤਾਂ, ਰਸਮਾਂ, ਵਿਸ਼ਵਾਸ਼ਾਂ, ਮਨੌਤਾਂ, ਮਿੱਥਾਂ, ਹੁਕਮਾਂ, ਨੂੰ ਵੰਗਾਰਨਾ। ਸਿਰਫ ਉਨ੍ਹਾਂ ਨੂੰ ਗਲਤ ਹੀ ਨਹੀਂ ਕਹਿਣਾ ਸਗੋਂ ੳਨ੍ਹਾਂ ਦੇ ੳਲਟ ਚੱਲਣਾ। ਪਰਿਵਾਰ, ਸਮਾਜ, ਕਾਨੂੰਨ, ਰਾਜ ਦੀ ਪਰਵਾਹ ਨਾ ਕਰਨੀ ਅਤੇ ਦ੍ਰਿੜਤਾ ਨਾਲ ਸਥਾਪਿਤ ਹੋ ਚੁੱਕੀਆਂ ਕੀਮਤਾਂ ਦੇ ੳਲਟ ਅਪਣੀ ਸੱਚ ਦੀ ਆਵਾਜ ਬੁਲੰਦ ਰੱਖਣੀ ਅਤੇ ਲੋਕਾਈ ਨੂੰ ਉਸ ਆਵਾਜ ਦੇ ਮਗਰ ਮਗਰ ਤੁਰਨ ਲਈ ਮਜਬੂਰ ਕਰ ਦੇਣਾ ਇੱਕ ਇਨਕਲਾਬੀ ਜਾਂ ਕਰਾਂਤੀਕਾਰੀ ਦਾ ਮੁਢਲਾ ਕਰਤੱਵ ਹੁੰਦਾ ਹੈ। ਅਸੀਂ ਇਨ੍ਹਾਂ ਮਾਪਦੰਡਾਂ ਦੇ ਆਧਾਰ ਤੇ ਗੁਰੂ ਨਾਨਕ ਚਿੰਤਨ ਨੂੰ ਸਮਝਣ ਦਾ ਯਤਨ ਕਰਦੇ ਹਾਂ। ………. .
ਗੁਰੂ ਸਾਹਿਬ ਦੇ ਬਚਪਨ ਵਿੱਚ ਦੀ ਸਭ ਤੋਂ ਪਹਿਲੀ ਘਟਨਾ ਉਨਾਂ ਦੀ ਸਿੱਖਿਆ ਗ੍ਰਹਿਣ ਕਰਨ ਦੀ ਹੈ, ਜਿਸ ਵਿੱਚ ਉਹ ‘ਇੱਕ’ (ਅਕਾਲਪੁਰਖ) ਤੋਂ ਬਿਨਾਂ ਹੋਰ ਕੁੱਝ ਵੀ ਸਿੱਖਣ ਤੋਂ ਇਨਕਾਰ ਕਰਦੇ ਹੋਏ ਆਪਣਾ ਸਿਧਾਂਤ “ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ” (ਆਸਾ ਮਹਲਾ ੧, ਪੰਨਾ 350) ਦ੍ਰਿੜ ਕਰਵਾਉਦੇ ਨਜਰ ਆਉਦੇ ਹਨ। ਕਿਸ਼ੋਰ ਅਵਸਥਾ ਦੀ ਉਮਰ ਵਿੱਚ ਗੁਰੂ ਸਾਹਿਬ ਪ੍ਰਭੂ-ਪ੍ਰੇਮ ਅਤੇ ਬੈਰਾਗ ਵਿੱਚ ਰੱਤੇ ਹੋਏ ਦਿਖਾਈ ਦਿੰਦੇ ਹਨ। ਕਿਤੇ ਸ਼ਮਸ਼ਾਨ-ਘਾਟ ਜਾ ਬੈਠਦੇ ਹਨ, ਕਿਤੇ ਸਾਧੂਆਂ ਫਕੀਰਾਂ ਦਾ ਸੰਗ ਕਰਦੇ ਨੇ। ਪ੍ਰਭੂ-ਪ੍ਰੇਮ ਦੀ ਸਿੱਕ ਅਤੇ ਤੜਪ ਦਿਨੋ-ਦਿਨ ਵਧ ਰਹੀ ਏ। ….
ਪਿਤਾ ਨੇ ਧਾਰਮਿਕ ਰਸਮ ਜਨੇਊ ਧਾਰਨ ਲਈ ਸਮਾਜਿਕ ਇਕੱਠ ਕੀਤਾ ਹੋਇਆ ਹੈ, ਪਾਂਧਾ ਜਨੇਊ ਪਵਾਉਣ ਲਈ ਆਖਦਾ ਹੈ, ਤਾਂ ਵਿਦਰੋਹੀ ਬਿਰਤੀ ਇਨਕਾਰ ਕਰਦੀ ਹੈ ਅਤੇ ਜਨੇਊ ਦੀ ਅਲੰਕਾਰਿਕ ਵਿਆਖਿਆ ਕਰਕੇ ਸਭ ਵੱਡੇ ਛੋਟੇ ਨੂੰ, ਧਾਰਮਿਕ ਪਤਵੰਤਿਆਂ ਨੂੰ ਹੈਰਾਨੀ ਵਿੱਚ ਪਾ ਦਿੰਦੀ ਹੈ। ਜਨੇਊ ਦੀ ਪਰਿਭਾਸ਼ਾ ਦਿਂਦੇ ਆਖਦੇ ਹਨ
• “ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।
ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤੁ। ॥
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ।।
ਧੰਨ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।। “
(ਆਸਾ ਮਹਲਾ ੧, ਪੰਨਾ ੪੭੧)

ਉਸ ਸਮੇ ਪਰਿਵਾਰ ਦੇ ਸਾਹਮਣੇ ਰਿਸ਼ਤੇਦਾਰਾਂ ਦੇ ਸਾਹਮਣੇ, ਪਿੰਡ ਦੇ ਸਮਾਜਿਕ ਅਤੇ ਧਾਰਮਿਕ ਮਾਣ ਪ੍ਰਤਿਸ਼ਠਾ ਰੱਖਣ ਵਾਲੇ ਵਿਅਕਤੀਆਂ ਦੇ ਸਾਹਮਣੇ ਸਦੀਆਂ ਤੋਂ ਚੱਲਦੀ ਆ ਰਹੀ ਰਸਮ ਦੀ ਆਲੋਚਨਾ ਕਰਨੀ ਅਤੇ ਸਾਫ ਸ਼ਬਦਾਂ ਵਿੱਚ ਇਨਕਾਰ ਕਰਨਾ ਕੋਈ ਛੋਟੀ ਗੱਲ ਨਹੀ, ਇਹ ਬਹੁਤ ਵੱਡੀ ਸੂਰਮਤਾਈ ਦੀ ਗੱਲ ਹੈ। ਵਿਵੇਕ –ਬੁੱਧੀ ਆਪਣੀਆਂ ਦਲੀਲਾਂ ਨਾਲ ਪਰੰਪਰਾਵਾਦੀ ਸੋਚ ਨੂੰ ਕਾਇਲ ਕਰਦੀ ਹੈ।
ਦੁਨੀਆਂਦਾਰੀ ਵਿੱਚ ਕੋਈ ਰੁਚੀ ਨਾ ਨਜਰ ਆਉਂਦੀ ਦੇਖ ਪਿਤਾ ਕਾਲੂ ਜੀ ਵਪਾਰਕ ਬਿਰਤੀ ਨਾਲ ਵਪਾਰ ਕਰਨ ਨੂੰ ਅਖਦੇ ਹਨ, ਪਰ ਨਾਨਕ ਨੂੰ ਉਹ 20 ਰੁਪਏ ਭੁੱਖੇ ਸਾਧੂਆਂ ਨੂੰ ਛਕਾਉਣਾ ਹੀ ਸੱਚਾ ਸੌਦਾ ਲੱਗਦਾ ਹੈ। ਉਹ ਇਹ ਸੌਦਾ ਕਰਕੇ ਖੁਸ਼ ਹਨ, ਪਿਤਾ ਦੀ ਚਪੇੜ ਉਸ ਵੱਡੇ ਸੌਦੇ ਦੇ ਲਾਭ ਅੱਗੇ ਕੁੱਝ ਵੀ ਨਹੀਂ। ਸੱਚ ਦੇ ਇਸ ਸੋਦੇ ਦੀ ਪ੍ਰੇਰਨਾ ਉਹ ਆਪਣੀ ਬਾਣੀ ਵਿੱਚ ਵੀ ਦਿੰਦੇ ਹਨ-
• “ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ।।
ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ।।
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ”।।
(ਸੋਰਠਿ ਮਹਲਾ ੧ ਘਰ ੧, ਪੰਨਾ ੫ ੯ ੫)

ਵੇਈਂ ਦੇ ਪ੍ਰਤੀਕਾਤਮਕ-ਇਸਨਾਨ ਕਰਦੇ ਹੋਏ ਉਹ ਇਸ ਸੰਜੋਗ ਤੋਂ “ਬਖਸ਼-ਦਰ” ਪ੍ਰਾਪਤ ਕਰਦੇ ਹਨ ਅਤੇ ਉਸ ਇੱਕ ਵਿੱਚ ਇੱਕ-ਮਿੱਕ ਹੋ ਕੇ ਇੱਕ ਨੂੰ ਸਭ ਵਿੱਚੋਂ ਦੇਖਦੇ ਹਨ। ਇਥੇ ਹੀ ਇਨਕਲਾਬੀ ਬੋਲ “ਨਾ ਕੋ ਹਿੰਦੂ ਨਾ ਮੁਸਲਮਾਨ” ਦੀ ਆਵਾਜ ਬੁਲੰਦ ਕਰਦੇ ਹਨ। ਜਗਤ ਜਲੰਦਾ ਮਹਿਸੂਸ ਕਰਦੇ ਹਨ ਅਤੇ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਆਰੰਭ ਕਰਦੇ ਹਨ। ….
ਗੁਰੂ ਨਾਨਕ ਦੇ ਧੁਰ ਅੰਦਰ ਉਸ ਸੱਚ ਦਾ ਵਾਸ ਇਂਨਾ ਡੂੰਘਾ ਸੀ ਕਿ ਉਹ ਹਰ ਛੋਟੀ ਤੋਂ ਛੋਟੀ ਘਟਨਾ ਵਿੱਚ ਵੀ ਉਸ ਇੱਕ ਦੀ ਗੱਲ ਕਰਦੇ ਹਨ। ਹਰਿਦੁਆਰ ਵਿੱਚ ਸੂਰਜ ਨੂੰ ਪਾਣੀ ਦੇਣ ਦੀ ਰਸਮ ਦੇਖ ਕੇ ਉਨ੍ਹਾਂ ਨੂਂ ਨਾਟਕੀ ਢੰਗ ਨਾਲ ਸਮਝਾਉਂਦੇ ਹਨ। ਕਰਤਾਰਪੁਰ ਦੇ ਖੇਤਾਂ ਨੂੰ ਪਾਣੀ ਦੇਣਾ, ਜਿੱਥੇ ਕਿਰਤ ਦੀ ਵਡਿਆਈ ਹੈ, ੳਥੇ ਅਵਿਗਿਆਨਕ ਵਿਸ਼ਵਾਸ਼ ਨੂੰ ਤਾਰਕਿਕ ਸੱਚਾਈ ਨਾਲ ਕੱਟਣ ਦੀ ਨਿਰਭੈਤਾ ਵੀ ਹੈ। ਗਿਆਨ ਦਾ ਹਥਿਆਰ ਕੋਲ ਹੋਣ ਕਰਕੇ ਹੀ ਸਥਾਪਤ ਹੋਏ ਧਾਰਿਮਕ ਪੁਜਾਰੀਆਂ ਦਾ ਖੰਡਨ ਕਰਨ ਦੀ ਜੁਅਰਤ ਆਉਂਦੀ ਹੈ।
ਜਗਨਨਾਥ ਪੁਰੀ ਵਿੱਚ ਹੋ ਰਹੀ ਆਰਤੀ ਵਿੱਚ ਸ਼ਾਮਲ ਨਾ ਹੋਣਾ ਅਤੇ ਪ੍ਰਭੂ ਦੀ ਵਿਆਪਕ ਆਰਤੀ ਦੀ ਵਿਆਖਿਆ ਕਰਨੀ ਕਿਸੇ ਸੂਰਮੇ ਦਾ ਹੀ ਕੰਮ ਹੋ ਸਕਦਾ ਏ।
• “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ,
ਤਾਰਿਕਾ ਮੰਡਲ ਜਨਕ ਮੋਤੀ।।
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ”।।
(ਰਾਗੁ ਧਨਾਸਰੀ ਮਹਲਾ ੧, ਪੰਨਾ ੧ ੩)
ਦੁਨੀਆਂ ਵਿੱਚ ਸਦਾ ਤੋਂ ਹੀ ਅਮੀਰ, ਸਰਕਾਰੇ ਦਰਬਾਰੇ ਪਹੁੰਚ ਵਾਲੇ, ਸਰਮਾਏਦਾਰ, ਨਵਾਬ, ਉਚੇ ਅਹੁਦਿਆਂ ਵਾਲਿਆ ਦਾ ਸਤਿਕਾਰ ਕੀਤਾ ਜਾਂਦਾ ਰਿਹਾ ਹੈ ਅਤੇ ਗਰੀਬ, ਕਿਰਤੀ, ਕਥਿਤ ਛੋਟੀ ਜਾਤ ਦੇ ਮਨੁੱਖ ਤੋ ਦੂਰ ਰਹਿਣ ਦੀ ਬਿਰਤੀ ਪਾਈ ਗਈ ਹੈ। ਅਕਸਰ ਹੀ ਧਨਾਢ ਅਤੇ ਉਚ ਅਹੁਦਿਆਂ ਤੇ ਬੈਠੇ ਵਿਅਕਤੀਆਂ ਦੇ ਤਲੇ ਚੱਟੇ ਜਾਂਦੇ ਹਨ ਅਤੇ ਛੋਟੇ, ਕਿਰਤੀ ਅਤੇ ਦਲਿਤ ਲੋਕਾਂ ਨੂੰ ਲਿਤਾੜਿਆ ਅਤੇ ਤ੍ਰਿਸਕਾਰਿਆ ਜਾਂਦਾ ਰਿਹਾ ਏ। ਗੁਰੂ ਨਾਨਕ ਜੀ ਵੱਲ ਝਾਤੀ ਮਾਰੀਏ, ਤਾਂ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਆਪਣੀਆਂ ਲੰਮੀਆਂ ਯਾਤਰਾਵਾਂ ਦਾ ਸਾਥੀ ਇੱਕ ਸ਼ੂਦਰ ਕਹੀ ਜਾਂਦੀ ਜਾਤੀ, ਡੂਮ, ਵਿੱਚੋਂ ਭਾਈ ਮਰਦਾਨਾ ਜੀ ਨੂੰ ਬਣਾਇਆ। ਸਿਰਫ ਸਾਰਾ ਸਮਾਂ ਆਪਣੇ ਨਾਲ ਹੀ ਨਹੀਂ ਰੱਖਿਆ, ਸਗੋਂ ੳਸਦੀ ਰਬਾਬ ਦੀ ਧੁਨ ਤੇ ਆਪਣੀ ਬਾਣੀ ਨੂੰ ਗਾਵਿਆ ਅਤੇ ਉਸ ਨੂੰ ਮਾਣ ਦੇਣ ਲਈ ਉਸ ਦੇ ਨਾਮ ਤੇ ਸਲੋਕ ਆਪਣੀ ਬਾਣੀ ਵਿੱਚ ਦਰਜ ਕੀਤੇ।
• “ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰ।।
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ”।।
(ਸਲੋਕੁ ਮਰਦਾਨਾ ੧, ਪੰਨਾ ੫ ੫ ੩)
ਉਦਾਸੀਆਂ ਦੌਰਾਨ ਵੱਖ-ਵੱਖ ਥਾਵਾਂ, ਵੱਖ ਵੱਖ ਜਾਤੀਆਂ ਦੇ ਭਗਤਾਂ ਦੀ ਬਾਣੀ ਨੂੰ ਇਕੱਠਾ ਕੀਤਾ ਅਤੇ ਆਪਣੀ ਬਾਣੀ ਦੇ ਨਾਲ ਹੀ ਪੋਥੀ ਦੇ ਰੂਪ ਵਿੱਚ ਗੁਰੂ ਅੰਗਦ ਜੀ ਨੂੰ ਸੌਂਪਣਾ ਕੀਤੀ।
ਜਾਤ-ਪਾਤ ਦੇ ਵਿਤਕਰੇ ਵਿਰੁੱਧ ਸਿਰਫ “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ” (ਆਸਾ ਮਹਲਾ ੧, ਪੰਨਾ ੩੪੯) ਕਹਿ ਕੇ ਉਪਦੇਸ਼ ਹੀ ਨਹੀਂ ਦਿੱਤਾ ਸਗੋ ਕਥਿਤ ਨੀਵੀਆ ਜਾਤਾਂ ਵਾਲਿਆਂ ਨਾਲ ਖੜੇ ਹੋਣ ਦਾ ਆਪਣਾ ਸੰਕਲਪ ਪੂਰੇ ਜੋਰ ਨਾਲ ਦੁਹਰਾਇਆ—
• “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸ਼ੀਸ਼”॥
(ਸਿਰੀਰਾਗ ਮਹਲਾ ੧, ਪੰਨਾ ੧ ੫)

ਇਹੀ ਗੱਲ ਮਲਕ ਭਾਗੋ ਅਤੇ ਭਾਈ ਲਾਲੋ ਦੇ ਪ੍ਰਸੰਗ ਵਿੱਚੋਂ ਸਪਸ਼ਟ ਹੁੰਦੀ ਹੈ। ਧਨਾਢ, ਅਸਰ-ਰਸੂਖ ਵਾਲੇ ਮਲਕ ਭਾਗੋ ਦੇ ਭੋਜ ਨੂੰ ਠੁਕਰਾਉਣਾ ਅਤੇ ਕਿਰਤੀ ਭਾਈ ਲਾਲੋ ਦੀ ਕਿਰਤ ਨੂੰ ਵਡਿਆਉਣ ਦਾ ਜੇਰਾ ਸਿਰਫ ਨਿਰਭਉ ਵਿਅਕਤੀ ਹੀ ਕਰ ਸਕਦਾ ਹੈ ਅਤੇ ਭਾਗੋ ਨੂੰ ਉਸ ਦੇ ਮੂੰਹ ਤੇ ਆਖਣਾ ਕਿ ਤੇਰੀਆ ਪੂਰੀਆ ਵਿੱਚ ਗਰੀਬਾਂ ਦਾ ਖੂਨ ਹੈ, ਇਸ ਵਰਤਾਰੇ ਵਿੱਚ ਇਨਕਲਾਬ ਦੇ ਉਹ ਬੀਜ ਹਨ ਜੋ ਗੁਰੂ ਸਾਹਿਬ ਤੋਂ ਬਾਅਦ ਦੇ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਦੇ ਜੀਵਨ ਵਿੱਚ ਉੱਗਦੇ, ਫੁੱਲਦੇ ਅਤੇ ਫਲਦੇ ਵੀ ਦੇਖੇ ਜਾ ਸਕਦੇ ਹਨ।
• “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ”॥
(ਮ: ੧, ਪੰਨਾ ੧ ੪ ੧)
ਸੱਜਣ ਠੱਗ, ਜੋ ਕਿ ਸੱਜਣਤਾਈ ਛੱਡ ਕੇ ਲੋਕਾਂ ਦੀ ਲੁੱਟ-ਮਾਰ ਵਿੱਚ ਰੁੱਝਿਆ ਹੋਇਆ ਸਿ, ਨੂੰ ਬਾਣੀ ਦੇ ਅਣੀਆਲੇ ਤੀਰਾਂ ਨਾਲ ਅਜਿਹਾ ਵਾਰ ਕੀਤਾ ਕਿ ਉਹ ਲੁੱਟ ਮਾਰ ਛੱਡ ਕੇ ਪਰਉਪਕਾਰੀ ਜੀਵਨ ਜੀਊਣ ਲੱਗਿਆ।
• ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥
(ਸੂਹੀ ਮਹਲਾ ੧ ਘਰ ੬, ਪੰਨਾ ੭ ੨ ੯)

ਗੁਰੂ ਬਾਬੇ ਨੇ ਅਕਾਲ-ਪੁਰਖ ਬਾਰੇ, ਕੁਦਰਤ ਬਾਰੇ, ਪ੍ਰਭੂ ਪ੍ਰਾਪਤੀ ਲਈ ਸਭ ਤੋ ਸਹਿਜ ਮਾਰਗ ਪ੍ਰੇਮ ਬਾਰੇ, ਖਲਕਤ ਦੀ ਸੇਵਾ ਬਾਰੇ, ਨਾਮ ਬਾਰੇ, ਸ਼ਬਦ ਗੁਰੂ ਬਾਰੇ ਆਪਣੀ ਬਾਣੀ ਵਿੱਚ ਪੂਰੇ ਵਿਸਥਾਰ ਨਾਲ ਅਤੇ ਫੈਸਲਾਕੁਨ ਲਹਿਜੇ ਵਿੱਚ ਲਿਖਿਆ ਹੈ। ਧਾਰਮਿਕ ਪਾਖੰਡਾਂ, ਰਾਜਿਆਂ ਦੇ ਜੁਲਮ, ਜਨਤਾ ਦੀ ਲੁੱਟ, ਜਨਤਾ ਦਾ ਆਪਣੇ ਹੱਕਾਂ ਲਈ ਵੀ ਖਾਮੋਸ਼ ਹੋਣਾ, ਦੂਹਰੇ ਮਾਪਦੰਡਾਂ ਵਾਲੇ ਜੀਵਨ ਤੇ ਇੰਨੇ ਤਿੱਖੇ ਵਾਰ ਬਾਣੀ ਦੇ ਅਣੀਆਲੇ ਤੀਰਾਂ ਨਾਲ ਕੀਤੇ ਹਨ ਕਿ ਵੱਡੇ ਵੱਡੇ ਰਾਜੇ ਮਾਹਾਰਾਜਿਆਂ ਦੀ ਬੋਲਤੀ ਬੰਦ ਹੋ ਗਈ।
ਗੁਰੂ ਸਾਹਿਬ ਦੇ ਰਾਜਨੀਤਿਕ ਵਿਚਾਰ:-
ਜਦੋਂ ਗੁਰੂ ਨਾਨਕ ਸਾਹਿਬ ਸੈਦਪੁਰ ਵਿੱਚ ਟਿਕੇ ਹੋਏ ਸਨ, ੳਦੋਂ ਮੁਗਲ ਸ਼ਾਸ਼ਕ ਬਾਬਰ ਨੇ ਹਿੰਦੁਸਤਾਨ ਉਤੇ ਹਮਲਾ ਕੀਤਾ। ਉਸ ਵੇਲੇ ਦੀ ਜਨਤਾ ਪੰਡਿਤਾਂ ਦੇ ਪ੍ਰਭਾਵ ਹੇਠ ਅੰਧਵਿਸ਼ਵਾਸ਼ੀ ਬਣੀ ਹੋਈ ਸੀ। ਹਾਕਮਾਂ ਨੇ ਪੰਡਿਤਾਂ ਦੇ ਇਸ ਕਥਨ ਤੇ ਵਿਸ਼ਵਾਸ਼ ਕੀਤਾ ਕਿ ਉਹ ਮੰਤਰ ਪੜ੍ਹ ਕੇ ਬਾਬਰ ਦੀਆਂ ਫੌਜਾਂ ਨੂੰ ਅੰਂਿਨਆਂ ਕਰ ਦੇਣਗੇ। ਪੰਡਿਤ ਮੰਤਰ ਪੜ੍ਹਦੇ ਰਹੇ ਅਤੇ ਮੁਗਲ ਸੈਨਾ ਸੋਮਨਾਥ ਦੇ ਮੰਦਰ ਚੋ ਸੋਨਾ, ਹੀਰੇ ਜਵਾਹਰਾਤ ਲੁੱਟਦੀ ਰਹੀ।
ਬਾਬਰ ਦੀ ਸੈਨਾ ਨੇ ਜਨਤਾ ਤੇ ਖੂਬ ਜੁਲਮ ਕੀਤੇ, ਦਇਆ ਦੇ ਸਾਗਰ ਬਾਬੇ ਨਾਨਕ ਦੀ ਕਲਮ ਬੋਲ ਪਈ। ਬਾਬਰਬਾਣੀ ਦੇ ਸ਼ਬਦ ਬਾਬਰ ਦੇ ਇਸ ਹਮਲੇ ਦਾ ਬਾਖੂਬੀ ਬਿਆਨ ਕਰਦੇ ਹਨ ਜਿੱਥੇ ਬਾਬਾ ਜੀ ਇਤਰਾਜ ਕਰਦੇ ਨੇ ਕਿ ਬਜਾਇ ਸ਼ਸ਼ਤਰ-ਵਿਦਿਆ ਸਿੱਖਣ ਦੇ ਅਤੇ ਜਾਲਮਾਂ ਦਾ ਮੁਕਾਬਲਾ ਕਰਨ ਦੇ, ਤੁਸੀਂ ਮੰਤਰ ਪੜ੍ਹਦੇ ਰਹੇ।
• “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥”
(ਆਸਾ ਮਹਲਾ ੧, ਪੰਨਾ ੩ ੬ ੦)
• “ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥
ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨ ਪਰਚਾ ਲਾਇਆ”॥
(ਆਸਾ ਮਹਲਾ ੧, ਪੰਨਾ ੪ ੧ ੭)

{(ਇਹ ਗੱਲ ਅੱਜ ਦੇ ਸੰਤ ਬਾਬਿਆਂ ਅਤੇ ਸ਼ਰਧਾਲੂ ਸਿੱਖਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਜਿਹੜੇ ਬਾਣੀ ਨੂੰ ਸਿਰਫ ਮੰਤਰ-ਜਾਪ ਵਾਂਗ ਜਪਣ ਤੇ ਜੋਰ ਦਿੰਦੇ ਹਨ ਕਿ ਸਿਰਫ ਪੜ੍ਹਨ ਨਾਲ ਹੀ ਸੰਕਟ ਦੂਰ ਨਹੀਂ ਹੋਇਆ ਕਰਦੇ।}
ਬਾਬਰ ਦੀ ਸੈਨਾ ਨੂੰ ਮਜਦੂਰਾਂ ਦੀ ਲੋੜ ਸੀ ਜਿਸ ਕਾਰਨ ਉਸ ਨੇ ਸ਼ਹਿਰ ਵਿਚੋਂ ਬਹੁਤ ਸਾਰੇ ਲੋਕਾਂ ਤੋ ਮਜਦੂਰੀ ਕਰਵਾਈ। ਬਾਬਾ ਨਾਨਕ ਨੂੰ ਵੀ ਸੈਨਾ ਨੇ ਫੜ ਲਿਆ। ਬਾਬੇ ਨੇ ਨਿਰਭੈਤਾ ਦਾ ਸਬੂਤ ਦਿੰਦੇ ਰਾਜੇ ਨਾਲ ਗੱਲ ਕਰਦਿਆਂ “ਬਾਬਰ ਨੂੰ ਜਾਬਰ” ਅਖਿਆ। ਜੇਲ੍ਹ ਵਿੱਚ ਵੀ ਸੁੱਟਿਆ ਗਿਆ, ਜਿੱਥੇ ਬਾਬੇ ਦੀ ਬਾਣੀ ਨੇ ਸਭ ਕੈਦੀਆਂ ਅਤੇ ਜੇਲ੍ਹ ਅਧਿਕਾਰੀਆਂ ਦੇ ਦਿਲ ਜਿੱਤ ਲਏ। ਜਦੋਂ ਮਜਬੂਰਨ ਬਾਬਰ ਨੇ ਬਾਬੇ ਨਾਨਕ ਨੂੰ ਰਿਹਾ ਕੀਤਾ, ਤਾਂ ਬਾਬਾ ਜੀ ਨੇ ਜੇਲ੍ਹ ਵਿੱਚ ਬੰਦ ਸਭ ਕੈਦੀ ਛੁਡਵਾ ਦਿੱਤੇ।
ਜੁਲਮੀ, ਅਨਿਆਂਕਾਰੀ ਅਤੇ ਗਲਤ ਰਾਜ-ਪ੍ਰਬੰਧ ਨੂੰ ਬਾਬੇ ਦੀ ਬਾਣੀ ਵੰਗਾਰਦੀ ਐ-
• “ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
(ਮ ੧, ਪੰਨਾ ੧੨੮੮)
• ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ॥
ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ॥
ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ॥
ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ॥
(ਸਲੋਕ ਮਹਲਾ ੧, ਪੰਨਾ ੧੨੪੨)
• ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੈ ਬੀਚਾਰੁ॥
(ਮ ੧, ਪੰਨਾ ੪੬੮)
• ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
(ਸਲੋਕ ਮਹਲਾ ੧, ਪੰਨਾ ੧੪੫)

ਬਾਬਰ ਨੇ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਜਨਤਾ ਦਾ ਟੈਕਸ ਵੀ ਮੁਆਫ ਕੀਤਾ ਅਤੇ ਸੈਦਪੁਰ ਨੂੰ ਅਮਨ ਵਾਲੀ ਧਰਤ ਰਹਿਣ ਦੇਣ ਦਾ ਵਾਅਦਾ ਕੀਤਾ। ਸੈਦਪੁਰ ਦਾ ਨਾਂ ਬਦਲ ਕੇ ਐਮਨਾਬਾਦ (ਅਮਨ+ਆਬਾਦ) ਰੱਖਿਆ ਗਿਆ।
ਗੁਰੂ ਜੀ ਦੀ ਬਾਣੀ ਲੋਕਾਈ ਨੂੰ ਜੁਲਮ ਅਤੇ ਲੁੱਟ ਦੇ ਵਿਰੁਧ ਆਵਾਜ ਉਠਾਉਣ ਲਈ ਲਾਮਬੰਦ ਕਰਦੀ ਹੈ ਅਤੇ ਆਪਾ-ਪੜਚੋਲਣ ਦਾ ਸੰਦੇਸ਼ ਦਿੰਦੀ ਹੈ। ਨਾਨਕ-ਬਾਣੀ ਦਾ ਫੁਰਮਾਨ ਦੇਖੋ-
• ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
(ਮਹਲਾ ੧, ਸਲੋਕੁ ਪੰਨਾ ੧੪੨)
ਅਕਸਰ ਹੀ ਹਾਕਮ ਧਿਰ ਆਪਣੀ ਭਾਸ਼ਾ ਲਾਗੂ ਕਰਦੀ ਹੈ। ਉਸ ਸਮੇ ਦੇ ਲੋਕ ਡਰ ਕੇ ਆਪਣੀ ਭਾਸ਼ਾ ਛੱਡ ਕੇ ਮੁਗਲਾਂ ਦੀ ਬੋਲੀ ਬੋਲਣ ਲੱਗ ਪਏ ਸਨ। ਗੁਰੂ ਸਾਹਿਬ ਜੀ ਲਿਖਦੇ ਹਨ-
“ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ॥
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥”
(ਬਸੰਤ ਮਹਲਾ ੧ ਘਰੁ, ਪੰਨਾ ੧੧੯੦)

• “ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
ਸ੍ਰਿਸਟਿ ਸਭ ਇੱਕ ਵਰਨ ਹੋਈ ਧਰਮ ਕੀ ਗਤਿ ਰਹੀ”॥
(ਧਨਾਸਰੀ ਮਹਲਾ ੧ ਘਰ ੩ ਪੰਨਾ ੬੬੨)

ਉਨ੍ਹਾਂ ਨੇ ਖੁਦ ਦੇਵ-ਬਾਣੀ ਕਰਕੇ ਮੰਨੀ ਜਾਂਦੀ ਸੰਸਕ੍ਰਿਤ ਛੱਡ ਕੇ ਅਪਣੀ ਬਾਣੀ ਆਮ ਲੋਕਾਂ ਦੀ ਭਾਸ਼ਾ ਵਿੱਚ ਲਿਖੀ। ….
ਨਾਥਾਂ, ਜੋਗੀਆਂ, ਸਿੱਧਾਂ, ਪੰਡਿਤਾਂ, ਮੌਲਾਣਿਆਂ, ਕਾਜੀਆਂ ਆਦਿ ਨਾਲ ਗੁਰੂ ਸਾਹਿਬ ਜੀ ਦੀਆਂ ਗੋਸ਼ਟਾਂ, ਸੰਵਾਦ ਅਤੇ ਚਰਚਾ ਗੁਰੂ ਜੀ ਦੀ ਨਿਰਭਉ ਸ਼ਖਸ਼ੀਅਤ ਦੇ ਝਲਕਾਰੇ ਦੇ ਨਾਲ ਨਾਲ ਹੀ, ਉਨ੍ਹਾਂ ਦੀ ਆਪਣੇ ਸਿਧਾਂਤ ਤੇ ਮਜਬੂਤ ਪਕੜ ਵੀ ਪ੍ਰਗਟਾਉਂਦੀਆਂ ਹਨ।
• ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥
(ਧਨਾਸਰੀ ਮਹਲਾ ੧ ਪੰਨਾ ੬੬੨)
ਸਿੱਧਾ ਨਾਲ ਹੋਈ ਗੋਸ਼ਟਿ ਜੋ ਗੁਰੂ ਗਰੰਥ ਸਾਹਿਬ ਜੀ ਵਿੱਚ ਸਿਧ ਗੋਸ਼ਟਿ ਸਿਰਲੇਖ ਹੇਠ ਦਰਜ ਹੈ, ਉਸ ਵਿੱਚ ਸਿਧਾਂ ਦੇ ਸਵਾਲ ਅਤੇ ਗੁਰੂ ਜੀ ਦੇ ਜਵਾਬ ਦਲੇਰਾਨਾ ਅਤੇ ਦਲੀਲ ਭਰਪੂਰ ਸੰਵਾਦ ਦਾ ਮੁੱਢ ਬੰਨਦੇ ਹਨ। {ਅਜੋਕਾ ਸਿੱਖ ਅੱਜ ਇਸ ਸੰਵਾਦ ਨੂੰ ਭੁੱਲ ਕੇ ਲੜਨ-ਮਾਰਨ ਲਈ ਤਿਆਰ ਕਿਉਂ ਰਹਿੰਦਾ ਹੈ, ਕਿਉਕਿ ਉਸ ਕੋਲ ਬਾਦਲੀਲ ਗਿਆਨ ਦੀ ਘਾਟ ਹੈ}। ਉਹ ਧਰਮ, ਭਗਤੀ, ਤਪਸਿਆ ਗੁਰੂ ਨਾਨਕ ਨੂੰ ਮਨਜੂਰ ਨਹੀਂ ਜੋ ਜਨਤਾ ਜਾਂ ਸਮਾਜ ਦੇ ਕੰਮ ਨਹੀਂ ਆਉਂਦੀ। ਗੁਰੂ ਸਾਹਿਬ ਸਿੱਧਾਂ ਦੇ ਪਰਬਤਾਂ ਵਿੱਚ ਬੈਠ ਕੇ ਤਪਸਿਆ ਕਰਨ ਤੇ ਸਖਤ ਇਤਰਾਜ ਕਰਦੇ ਹਨ। ਭਾਈ ਗੁਰਦਾਸ ਜੀ ਅਪਣੀ ਵਾਰ ਵਿੱਚ ਲਿਖਦੇ ਹਨ ਕਿ ਸਿਧਾਂ ਨੇ ਬਾਬੇ ਨੂੰ ਜਦੋ ਮਾਤ ਲੋਕ ਦਾ ਹਾਲ ਪੁਛਿਆ ਤਾਂ ਬਾਬੇ ਨੇ ਜਵਾਬ ਵਿੱਚ ਕਿਹਾ-
• “ਬਾਬੇ ਅਖਿਆ ਨਾਥ ਜੀ ਸਚ ਚੰਦ੍ਰਮਾ ਕੂੜ ਅੰਧਾਰਾ।
ਪਾਪ ਗਿਰਾਸੀ ਪਿਰਥਮੀ ਧਉਲ ਖੜਾ ਧਰਿ ਹੇਠ ਪੁਕਾਰਾ।
ਸਿਧ ਛਪਿ ਬੈਠੇ ਪਰਬਤੀ, ਕਉਣੁ ਜਗਤ੍ਰਿ ਕਉ ਪਾਰਿ ਉਤਾਰਾ।
ਜੋਗੀ ਗਿਆਨ ਵਿਹੂਣਿਆ ਨਿਸਦਿਨ ਅੰਗਿ ਲਗਾਇਨਿ ਛਾਰਾ।”
(ਭਾਈ ਗੁਰਦਾਸ ਵਾਰ ੧ ਪਉੜੀ ੨੯,)

ਤੇ ਜਦੋਂ ਸਿੱਧਾਂ ਨੇ ਕਰਾਮਾਤ ਬਾਰੇ ਸਵਾਲ ਕੀਤਾ ਅਤੇ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਬਾਬਾ ਜੀ ਦਾ ਜਵਾਬ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ –
• “ਬਾਬਾ ਬੋਲੇ ਨਾਥ ਜੀ ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ।
ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ”।
(ਭਾਈ ਗੁਰਦਾਸ, ਵਾਰ ੧, ਪਉੜੀ ੪੨)
ਇਨ੍ਹਾਂ ਦੋਵੇਂ ਤਾਕਤਾਂ ਤੇ ਵਿਚਾਰ ਕਰਨਾ ਬਣਦਾ ਹੈ। “ਸੰਗਤ” ਲੋਕ-ਸ਼ਕਤੀ ਦਾ ਪ੍ਰਤੀਕ ਹੈ, ਜਿਹੜੀ “ਗੁਰਬਾਣੀ” ਦੇ ਗਿਆਨ ਰਾਹੀਂ ਇਨਕਲਾਬ ਲਿਆ ਸਕਣ ਦੀ ਸਮਰੱਥਾ ਰੱਖਦੀ ਹੈ। …. .
ਗੁਰੂ ਜੀ ਦੀ ਮਾਨਵ-ਪੱਖੀ ਅਤੇ ਸਭ ਨੂੰ ਸਮਾਨ ਸਮਝਣ ਵਾਲੀ ਸੋਚ ਨੂੰ ਸਮਾਜ ਵਿੱਚ ਲਾਗੂ ਹੁੰਦੀ ਦੇਖਣ ਦੀ ਤੀਬਰ ਇੱਛਾ ਹੀ ਉਨ੍ਹਾਂ ਨੂੰ ਕੌਡੇ ਰਾਖਸ਼ ਨੂੰ ਲਲਕਾਰਨ ਦੀ ਤਾਕਤ ਬਖਸ਼ਦੀ ਹੈ। ਕੌਡਾ ਰਾਖਸ਼ ਅੱਜ ਦੇ ਸਰਮਾਏਦਾਰਾਂ ਦਾ ਪ੍ਰਤੀਨਿਧ ਹੈ, ਜਿਸ ਨੇ ਕੁਦਰਤੀ ਸਾਧਨ (ਪਾਣੀ) ਤੇ ਆਪਣਾ ਕਬਜਾ ਜਮਾਇਆ ਹੋਇਆ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਕੁਦਰਤੀ ਦਾਤ ਦਾ ਉਹ ਇਕੱਲਾ ਮਾਲਿਕ ਨਹੀਂ ਹੋ ਸਕਦਾ ਅਤੇ ਜਲ ਵਰਗਾ ਕੁਦਰਤੀ ਸੋਮਾ ਕਿਸੇ ਵੀ ਵਿਤਕਰੇ ਨਾਲ ਨਹੀਂ ਵਰਤਿਆ ਜਾ ਸਕਦਾ।
ਮੁਸਲਮਾਨਾਂ ਦੇ ਪ੍ਰਮੁੱਖ ਸਥਾਨ ਮੱਕਾ ਵਿਖੇ ਜਾ ਕੇ ਉਨ੍ਹਾਂ ਦਾ ਸਦੀਆ ਦੇ ਬਣੇ ਵਿਸ਼ਵਾਸ਼ ਨੂੰ ਨਾਟਕੀ ਢੰਗ ਨਾਲ ਅਤੇ ਦਲੀਲਪੂਰਨ ਲਹਿਜੇ ਵਿੱਚ ਸਮਝਾਉਣਾ ਸਾਡਾ ਧਿਆਨ ਖਿੱਚਦਾ ਹੈ।। ਸਿਰਫ ਅਤੇ ਸਿਰਫ ਇੱਕ ਅਕਾਲਪੁਰਖ ਦੀ ਵਿਆਪਕਤਾ ਨੂੰ ਧੁਰ ਅੰਦਰ ਤੱਕ ਵਸਾਏ ਹੋਣ ਕਾਰਨ ਹੀ ਇਹ ਸੰਭਵ ਹੋ ਸਕਿਆ।
• ਸਰਬ ਜੋਤਿ ਤੇਰੀ ਪਸਰਿ ਰਹੀ॥
ਜਹ ਜਹ ਦੇਖਾ ਤਹ ਨਰਹਰੀ॥
(ਰਾਮਕਲੀ ਮਹਲਾ ੧, ਪੰਨਾ ੮ ੭ ੬)

ਗੁਰੂ ਸਾਹਿਬ ਦੇ ਜੀਵਨ ਵਿੱਚੋਂ ਸਾਖੀਆਂ ਦੀ ਉਦਾਹਰਣ ਲੈਣ ਲੱਗੀਏ, ਤਾਂ ਸਮਾਂ ਅਤੇ ਸਥਾਨ ਛੋਟੇ ਰਹਿ ਜਾਣਗੇ। ਗੁਰੂ ਸਾਹਿਬ ਨੇ ਮਨੁੱਖ ਨੂੰ ਇੱਕ ਅਕਾਲਪੁਰਖ ਨਾਲ ਪ੍ਰੇਮ ਕਰਨਾ ਸਿਖਾਇਆ ੳਤੇ ਉਸ ਪ੍ਰੇਮ ਲਈ, ਉਸ ਸੱਚ ਲਈ ਆਪਣੀ ਜਾਨ ਤੱਕ ਦੀ ਵੀ ਪਰਵਾਹ ਨਹੀਂ ਕਰਨੀ।
• ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
(ਸਲੋਕ ਵਾਰਾਂ ਤੇ ਵਧੀਕ॥ ਮਹਲਾ ੧ ਪੰਨਾ ੧ ੪ ੧ ੨)
ਨਿਰਭਉ ਅਤੇ ਨਿਰਵੈਰ ਬਣ ਕੇ ਇੱਕ ਐਸਾ ਜੀਵਨ ਜਿਊਣਾ ਹੈ ਜੋ ਕਿਰਤ ਕਰਦਿਆਂ ਹੋਇਆ, ਪ੍ਰਭੂ ਨੂੰ ਯਾਦ ਰੱਖਦਿਆਂ ਹੋਇਆਂ, ਮਨੁੱਖਤਾ ਨੂੰ ਇੱਕ ਸਮਝਦਿਆਂ ਹੋਇਆਂ, ਖਲਕਤ ਵਿੱਚ ਖਾਲਕ ਨੂੰ ਦੇਖ ਸਕੇ ਅਤੇ ਧਰਮਾਂ, ਜਾਤਾਂ, ਨਸਲਾਂ, ਆਦਿ ਦੇ ਵਿਤਕਰਿਆਂ ਤੋਂ ਉਪਰ ਉਠ ਕੇ ਪਰਮ-ਜੋਤ ਨੂੰ ਪਹਿਚਾਣ ਕੇ ਸਾਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿੱਚ ਲੈ ਸਕੇ। ਧਾਰਮਿਕ ਕਰਮ-ਕਾਂਡਾਂ ਜਿਵੇਂ ਤੀਰਥ-ਇਸ਼ਨਾਨ, ਵਰਤ, ਸਰਾਧ, ਸੁੱਚ-ਜੂਠ, ਛੂਤ-ਛਾਤ, ਭਿੱਟ, ਸੂਤਕ-ਪਾਤਕ, ਦਿਖਾਵੇ ਦੇ ਜਪ, ਤਪ, ਆਸਣ, ਭੇਖ-ਪਹਿਰਾਵੇ ਆਦਿ ਸਭ ਨੂੰ ਪਾਖੰਡ ਆਖ ਕੇ ਪ੍ਰਭੁ ਦੇ ਨਿਰਮਲ ਭਉ ਵਿੱਚ ਸਹਿਜ ਜੀਵਨ ਦੀ ਵਕਾਲਤ ਕੀਤੀ।
ਗੁਰਬਾਣੀ ਦੇ ਕੁੱਝ ਕੁ ਅਜਿਹੇ ਹਵਾਲੇ ਦੇਣੇ ਜਰੂਰੀ ਸਮਝਦੇ ਹਾਂ ਜੋ ਅੰਤਰ-ਆਤਮਾ ਦੀ ਪੜਚੋਲ ਕਰਕੇ ਸਹਿਜ-ਮਾਰਗ ਵਾਲੇ ਨਿਮਰਤਾ ਭਰਪੂਰ ਪਰ ਅਣਖ ਵਾਲੇ ਜੀਵਨ ਦੀ ਪ੍ਰੋੜਤਾ ਕਰਦੇ ਹਨ। ਇਕੱਲੇ ਇਕੱਲੇ ਦੀ ਵਿਆਖਿਆ ਨਾਲ ਸਮੇਂ ਅਤੇ ਸਥਾਨ ਦੀ ਸੀਮਾ ਵਿੱਚ ਸੰਭਵ ਨਹੀਂ।
• ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥
(ਮ ੧, ਪੰਨਾ ੮ ੫)
• ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵੈ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥
(ਸਲੋਕ ਮਹਲਾ ੧, ਪੰਨਾ ੧ ੪ ੦)
• ਹਉਮੈ ਬੂਝੈ ਤਾ ਦਰ ਸੂਝੈ॥
ਗਿਆਨ ਵਿਹੂਣਾ ਕਥਿ ਕਥਿ ਲੂਝੈ॥
(ਸਲੋਕ ਮਹਲਾ ੧, ਪੰਨਾ ੪ ੬ ੬)
• ਖਸਮੁ ਵਿਸਾਰਹਿ ਤੇ ਕਮਜਾਤਿ॥
ਨਾਨਕ ਨਾਵੈ ਬਾਝੁ ਸਨਾਤਿ॥
(ਆਸਾ ਮਹਲਾ ੧, ਅੰਕ ੧ ੦)
• ਕੂਕਰ ਸੂਕਰ ਕਹੀਅਹਿ ਕੂੜਿਆਰਾ॥ ਭਉਕਿ ਮਰਹਿ ਭਉ ਭਉ ਭਉ ਹਾਰਾ॥
ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹਿ ਹਾਰਾ ਹੇ॥
(ਮਾਰੂ ਮਹਲਾ ੧, ਪੰਨਾ ੧ ੦ ੨ ੯)
• ਕਲ ਮਹਿ ਰਾਮ ਨਾਮੁ ਸਾਰੁ॥
ਅਖੀ ਤ ਮੀਟਹਿ ਨਾਕ ਪਕੜਹਿ ਠਗਣੁ ਕਉ ਸੰਸਾਰੁ॥
(ਧਨਾਸਰੀ ਮਹਲਾ ੧, ਘਰ ੩, ਪੰਨਾ ੬ ੬ ੨)
• ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀਂ ਜਾਣੈ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥
(ਮਹਲਾ ੧, ਪੰਨਾ ੧੨੮੯)

ਇਸ ਤਰਾਂ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੂੰ ਸਿਰਫ ਨਾਮ ਜਾਂ ਭਗਤੀ ਤੱਕ ਹੀ ਸੀਮਿਤ ਕਰ ਕੇ ਦੇਖਣਾ ਜਾਇਜ ਨਹੀਂ। ਉਨ੍ਹਾਂ ਨੇ ਆਪਣੇ ਸਮੇਂ ਦੇ ਵਿਅਕਤੀਗਤ ਸਮਾਜਿਕ, ਰਾਜਨੀਤਿਕ, ਧਾਰਮਿਕ ਗਿਰਾਵਟ ਨੂੰ ਸਿਰਫ ਦੇਖਿਆ ਹੀ ਨਹੀਂ ਸਗੋਂ ਇਸ ਗਿਰਾਵਟ ਦੇ ਵਿਰੁੱਧ ਆਵਾਜ ਵੀ ਉਠਾਈ ਅਤੇ ਇਸ ਤੋਂ ਉਚਾ ੳਠੱਣ ਦੇ ਤਰੀਕੇ ਵੀ ਦੱਸੇ। ਗੁਰੂ ਸਾਹਿਬ ਦੀ ਬਾਣੀ ਦਾ ਇੱਕ ਇੱਕ ਸ਼ਬਦ ਇੱਕ ਨਵੇਂ ਇਨਕਲਾਬ ਵੱਲ ਸੰਕੇਤ ਕਰਦਾ ਹੈ। ਇਹ ਇਨਕਲਾਬ ਨਿੱਜ ਤੋ ਸ਼ੁਰੂ ਹੋ ਕੇ ਪੂਰੀ ਦੁਨੀਆਂ ਨੂੰ ਬਦਲਣ ਦਾ ਦਮ ਭਰਦਾ ਹੈ। ਵੈਸੇ ਤਾਂ ਸਾਰੀ ਬਾਣੀ ਹੀ ਇੱਕ ਪਰੀਵਰਤਨ ਦੀ ਲਖਾਇਕ ਹੈ, ਪਰ ਖਾਸ ਤੌਰ ਤੇ ਆਸਾ ਦੀ ਵਾਰ, ਸਿੱਧ ਗੋਸ਼ਟਿ, ਮਾਝ ਕੀ ਵਾਰ ਅਤੇ ਬਾਬਰਬਾਣੀ ਦੇ ਸ਼ਬਦਾਂ ਨੂੰ ਵਿਚਾਰਨਾ ਸਾਡੇ ਸਾਰਿਆਂ ਲਈ ਬਹੁਤ ਜਰੂਰੀ ਹੈ। ਜੇ ਅੱਜ ਅਸੀਂ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਸਿਰਫ ਗੁਰਦੁਆਰੇ ਮੱਥਾ ਟੇਕਣ, ਰੁਮਾਲੇ ਚੜ੍ਹਾਉਣ, ਲਂਗਰ ਚਲਾਉਣ, ਨਗਰ ਕੀਰਤਨ ਕੱਢਣ, ਪਾਠ ਕਰਵਾਉਣ, ਇਮਾਰਤਾਂ ਬਣਵਾਉਣ, ੳਤੇ ਸੋਨੇ ਜਾਂ ਮਾਰਬਲ ਲਗਵਾਉਣ ਵਿੱਚ ਹੀ ਸੰਤੁਸ਼ਟ ਹਾਂ, ਤਾਂ ਮੁਆਫ ਕਰਨਾ ਅਸੀਂ ਗੁਰੂ ਨਾਨਕ ਦੇ ਸਿੱਖ ਬਿਲਕੁਲ ਨਹੀਂ। ਸਿਰਫ ਕਰਮ-ਕਾਂਡੀ ਪੂਜਾ ਤੋਂ ਗੁਰੂ ਸਾਹਿਬ ਨੇ ਪੂਰੇ ਜੋਰ ਨਾਲ ਵਰਜਿਆ ਸੀ, ਅਸੀਂ ਉਸੇ ਪਾਸੇ ਫਿਰ ਚਲ ਪਏ ਹਾਂ। ਗੁਰੂ ਨਾਨਕ ਸਾਡੇ ਕਿਰਦਾਰ ਨੂੰ ਸਾਡੇ ਚਰਿ ਤਰ ਨੂੰ ਬਦਲ ਕੇ ਆਪ ਦੂਜਿਆਂ ਲਈ ਨਮੂਨਾ ਬਣਨ ਲਈ ਆਖ ਰਿਹਾ ਏ। ਆਓ ਗੁਰੂ ਨਾਨਕ ਦਾ ਸੰਦੇਸ਼ ਸੁਣੀਏ ਅਤੇ ਸਵੈ-ਸੁਧਾਰ ਰਾਹੀਂ ਇੱਕ ਨਵੇਂ ਇਨਕਲਾਬ ਵੱਲ ਕਦਮ ਵਧਾਈਏ।
----------------------0000000---------------------------




.