.

ਸਿੱਖ ਧਰਮ ਅਤੇ ਗੁਰਮਤਿ ਵਿੱਚ ਮੂਲ ਅੰਤਰ ਹੈ

ਹਾਕਮ ਸਿੰਘ

ਸਿੱਖ ਧਰਮ ਗੁਰਮਤਿ ਵਿਚਾਰਧਾਰਾ ਦੀ ਉਪਜ ਹੈ। ਪੰਜਾਬੀ ਸਭਿਆਚਾਰ ਦਾ ਭਾਗ ਬਨਣ ਨਾਲ ਇਹ ਪੰਜਾਬ ਦੇ ਇਤਹਾਸ ਦਾ ਵੀ ਭਾਗੀਦਾਰ ਬਣ ਗਿਆ ਸੀ ਅਤੇ ਇਤਹਾਸ ਦੇ ਉਤਾਰ ਚੜ੍ਹਾ ਇਸ ਨੂੰ ਗੁਰਮਤਿ ਨਾਲੋਂ ਦੂਰ ਕਰਦੇ ਚਲੇ ਗਏ। ਹੁਣ ਇਸ ਦਾ ਗੁਰਮਤਿ ਵਿਚਾਰਧਾਰਾ ਨਾਲ ਪੇਦਾਇਸ਼ੀ ਰਿਸ਼ਤਾ ਤੇ ਬਰਕਰਾਰ ਹੈ ਪਰ ਵਿਚਾਰਧਾਰਕ ਸਾਂਝ ਲਗਭਗ ਖਤਮ ਹੋ ਗਈ ਹੈ।

ਗੁਰਮਤਿ ਧਰਮ ਦੇ ਮਾਰਗ ਤੇ ਚਲਦਿਆਂ ਗੁਰਸ਼ਬਦ ਦੀ ਸਿਖਿਆ ਅਤੇ ਵਿਚਾਰ ਦੁਆਰਾ ਪ੍ਰਭੂ ਦਾ ਗਿਆਨ ਪ੍ਰਾਪਤ ਕਰਨ ਦੀ ਵਿਧੀ ਹੈ। ਇਸ ਦੇ ਵਿਪ੍ਰੀਤ ਸਿੱਖ ਧਰਮ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਆਪਣਾ ਇਸ਼ਟ ਅਤੇ ਮੁਕਤੀ ਦਾਤਾ ਮੰਨ ਕੇ ਪਰੰਪ੍ਰਾਗਤ ਧਾਰਮਕ ਰਹਿਤ ਅਨੁਸਾਰ ਅਕਾਲ ਪੁਰਖ ਦੀ ਉਪਾਸਨਾ ਕਰਨ ਦਾ ਵਿਹਾਰ ਹੈ। ਗੁਰਮਤਿ ਅਤੇ ਸਿੱਖ ਧਰਮ ਦੇ ਮਨੋਰਥਾਂ ਵਿੱਚ ਵੀ ਮੂਲ ਅੰਤਰ ਹੈ। ਗੁਰਮਤਿ ਅਧਿਆਤਮਕ ਗਿਆਨ ਦੀ ਪ੍ਰਾਪਤੀ ਲਈ ਮਨ ਸਾਧਣ ਦਾ ਢੰਗ ਹੈ ਅਤੇ ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਭੂ ਰੂਪ ਮੰਨ ਕੇ ਪੂਜਾ ਕਰਨ ਦੀ ਪੱਧਤੀ। ਗੁਰਮਤਿ ਦਾ ਉਦੇਸ਼ ਪ੍ਰਭੂ ਦੇ ਗਿਆਨ ਦੀ ਪ੍ਰਾਪਤੀ ਹੈ ਅਤੇ ਸਿੱਖ ਧਰਮ ਦਾ ਧਾਰਮਕ ਰਹਿਤ ਦੀ ਪਾਲਣਾ ਕਰਨਾ। ਅਸਲ ਵਿੱਚ ਸਿੱਖ ਧਰਮ ਇੱਕ ਧਾਰਮਕ ਸਭਿਆਚਾਰ ਹੈ ਜੋ ਗੁਰਬਾਣੀ ਸੁਨਣ, ਪੜ੍ਹਣ ਅਤੇ ਸਰੀਰਕ ਅਨੁਸਾਸ਼ਣ ਨੂੰ ਪ੍ਰਭੂ ਦੀ ਉਪਾਸਨਾ ਮੰਨਦਾ ਹੈ, ਜੀਵਨ ਵਿੱਚ ਸੁਖ ਅਤੇ ਸਫਲਤਾ ਲਈ ਅਰਦਾਸ ਨੂੰ ਕਾਰਗਰ ਸਮਝਦਾ ਹੈ ਅਤੇ ਜਿਸ ਦੀ ਹੋਂਦ ਅਤੇ ਵਿਕਾਸ ਸ਼ਕਤੀ ਤੇ ਨਿਰਭਰ ਕਰਦੇ ਹਨ। ਸ਼ਕਤੀ ਦੀ ਪ੍ਰਾਪਤੀ ਲਈ ਉਹ ਰਾਜਨੀਤੀ ਵਿੱਚ ਭਾਗ ਲੈਂਦਾ ਹੈ ਅਤੇ ਧਾਰਮਕ ਭਾਵਨਾਵਾਂ ਨੂੰ ਵੀ ਉਸੇ ਮੰਤਵ ਲਈ ਵਰਤਦਾ ਹੈ।

ਗੁਰੂ ਨਾਨਕ ਸਾਹਿਬ ਗੁਰਬਾਣੀ ਨੂੰ "ਖਸਮ ਕੀ ਬਾਣੀ" ਆਖਦੇ ਹਨ: "ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥" (ਪੰਨਾ 722)। ਉਹ ਆਪਣੀ ਬਾਣੀ ਨੂੰ ਪ੍ਰਭੂ ਵਲੋਂ ਬਖਸ਼ਿਸ਼ ਕੀਤਾ ਗਿਆਨ ਮੰਨਦੇ ਹਨ ਜੋ ਉਸ ਨੇ ਉਨ੍ਹਾਂ ਨੂੰ ਸੰਸਾਰ ਨਾਲ ਸਾਂਝਾ ਕਰਨ ਲਈ ਪਰਦਾਨ ਕੀਤਾ ਹੈ। ਇਸ ਗਿਆਨ ਨੂੰ ਹੀ ਗੁਰਮਤਿ ਆਖਿਆ ਗਿਆ ਹੈ। ਗੁਰਮਤਿ ਮੂਲ ਰੂਪ ਵਿੱਚ ਅਦ੍ਰਿਸ਼ਟ ਪ੍ਰਭੂ, ਉਸ ਵਲੋਂ ਸਾਜੇ ਸੰਸਾਰ ਵਿੱਚ ਵਿਆਪਕ ਮਾਇਆ ਅਤੇ ਮਨੁੱਖੀ ਸ਼ਰੀਰ ਦੇ ਮਾਲਕ ਮਨ ਨਾਲ ਸਬੰਧਾਂ ਦਾ ਗਿਆਨ ਹੈ।

ਗੁਰਮਤਿ ਅਨੁਸਾਰ ਪ੍ਰਭੂ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਅਤੇ ਆਪ ਉਸ ਵਿੱਚ ਵਿਆਪਕ ਹੈ। ਗੁਰੂ ਗ੍ਰੰਥ ਸਾਹਿਬ ਦੇ ਮੰਗਲਾਚਰਨ ਵਿੱਚ ਮਨੁੱਖ ਨੂੰ ਸਮਝ ਆਉਣ ਵਾਲੇ ਪ੍ਰਭੂ ਦੇ ਕੁੱਝ ਗੁਣਾਂ ਦਾ ਵਰਨਨ ਹੈ। ਪਰ ਗੁਰਬਾਣੀ ਪ੍ਰਭੂ ਨੂੰ ਅਨੰਤ ਆਖਦੀ ਹੈ। ਉਸ ਨੂੰ ਬਿਆਨ ਕਰਨਾ ਸੰਭਵ ਨਹੀਂ: "ਅਗਮ ਅਗੋਚਰਾ ਤੇਰਾ ਅੰਤੁ ਕਿਨੇ ਨ ਪਾਇਆ॥" (ਪੰਨਾ 918) ਅਤੇ "ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥" (ਪੰਨਾ 5)।

ਗੁਰਬਾਣੀ ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਦਾ ਗਿਆਨ ਪ੍ਰਾਪਤ ਕਰਕੇ ਉਸ ਨਾਲ ਮਿਲਾਪ ਦੱਸਦੀ ਹੈ। "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥" (ਪੰਨਾ 12)। ਪਰ ਪ੍ਰਭੂ ਅਦ੍ਰਿਸ਼ਟ ਹੈ। ਮਨੁੱਖ ਲਈ ਉਸ ਦੇ ਰੂਪ ਦੀ ਕਲਪਨਾ ਕਰਨੀ ਵੀ ਸੰਭਵ ਨਹੀਂ। ਇਸ ਲਈ ਗੁਰਬਾਣੀ ਪ੍ਰਭੂ ਦੇ ਗਿਆਨ ਦੀ ਪ੍ਰਾਪਤੀ ਨੂੰ ਹੀ ਮਿਲਾਪ ਨਾਲ ਸਮਾਨਤਾ ਦਿੰਦੀ ਹੈ ਕਿਊਂਕੇ "ਐਸਾ ਗਿਆਨੁ ਬੀਚਾਰੈ ਕੋਈ॥ ਤਿਸ ਤੇ ਮੁਕਤ ਪਰਮ ਗਤਿ ਹੋਈ॥" (ਪੰਨਾ 878)। ਪ੍ਰਭੂ ਦਾ ਗਿਆਨ ਨੂੰ ਵਿਚਾਰਣ ਅਤੇ ਸਮਝਣ ਲਈ ਗੁਰਬਾਣੀ ਮਨੁੱਖ ਨੂੰ ਸਤ, ਸੰਤੋਖ ਅਤੇ ਦਇਆ ਦੇ ਗੁਣ ਧਾਰਨ ਕਰਕੇ ਧਰਮ ਦੇ ਮਾਰਗ ਤੇ ਚਲਣ ਦਾ ਉਪਦੇਸ਼ ਕਰਦੀ ਹੈ। "ਸਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ॥" (ਪੰਨਾ 351)। ਗਿਆਨ ਦੀ ਪ੍ਰਾਪਤੀ ਮਨੁੱਖ ਦੇ ਜੀਵਨ ਵਿੱਚ ਆਨੰਦ ਲੈ ਆਉਂਦੀ ਹੈ: "ਗਿਆਨ ਖੰਡ ਮਹਿ ਗਿਆਨੁ ਪਰਚੰਡੁ। ਤਿਥੈ ਨਾਦ ਬਿਨੋਦ ਕੋਡ ਅਨੰਦੁ॥" (ਪੰਨਾ 7)। ਹੋਰ ਉਦਮ ਕਰਨ ਨਾਲ ਮਨੁੱਖ ਦੇ ਮਾਨਸਕ ਰੂਪ ਵਿੱਚ ਨਿਖਾਰ ਆ ਜਾਂਦਾ ਹੈ ਅਤੇ ਉਸ ਦੀ ਸੁਰਤ, ਮਤ, ਮਨ ਅਤੇ ਬੁਧੀ ਨਿਪੁੰਨ ਹੋ ਜਾਂਦੇ ਹਨ। ਉਸ ਦਾ ਸਿੱਧਾਂ ਵਾਲਾ ਜੀਵਨ ਬਣ ਜਾਂਦਾ ਹੈ: "ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥" (ਪੰਨਾ 7)। ਪ੍ਰਭੂ ਦੀ ਮੇਹਰ ਹੋਣ ਤੇ ਮਨੁੱਖ ਨੂੰ ਆਤਮ-ਬਲ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਸੱਚ ਖੰਡ ਵਿੱਚ ਪ੍ਰਵੇਸ਼ ਕਰ ਜਾਂਦਾ ਹੈ।

ਪ੍ਰਭੂ ਦਾ ਗਿਆਨ ਪ੍ਰਾਪਤ ਕਰਨ ਲਈ ਧਰਮ ਦੇ ਮਾਰਗ ਤੇ ਚਲਣ ਤੋਂ ਮਨੁੱਖ ਨੂੰ ਦੋ ਰੁਕਾਵਟਾਂ ਪੇਸ਼ ਆਉਂਦੀਆਂ ਹਨ: ਇੱਕ ਸੰਸਾਰਕ ਮਾਇਆ ਦੀ ਅਤੇ ਦੂਜੀ ਮਨੁੱਖੀ ਹਉਮੈ ਦੀ। ਗੁਰਬਾਣੀ ਵਿੱਚ ਮਾਇਆ ਕੋਈ ਧਨ, ਦੌਲਤ ਜਾਂ ਸੰਪੱਤੀ ਦਾ ਸੰਕਲਪ ਨਹੀਂ ਹੈ। ਉਹ ਤੇ ਮਨੁੱਖੀ ਮਨ ਨੂੰ ਪ੍ਰਭੂ ਵਲ ਧਿਆਨ ਦੇਣ ਤੋਂ ਰੋਕਣ ਵਾਲੀ ਭਾਵਨਾ ਦੇ ਸਰੋਤ ਦਾ ਸੰਕਲਪ ਹੈ। ਇਹ ਭਾਵਨਾ ਸੰਸਾਰ ਵਿੱਚ ਛਾਏ ਮਾਇਆ ਦੇ ਤ੍ਰੈਗੁਣਾਂ ਦੀ ਉਪਜ ਹੁੰਦੀ ਹੈ ਜਿਨ੍ਹਾਂ ਨੂੰ ਗੁਰਬਾਣੀ "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥" (ਪੰਨਾ 1123) ਆਖਦੀ ਹੈ। ਇਨ੍ਹਾਂ ਤ੍ਰੈਗੁਣਾਂ, ਰਜੋ ਗੁਣ (ਮਿਹਨਤ, ਸ਼ਕਤੀ), ਤਮੋ ਗੁਣ (ਅੰਧਕਾਰ, ਅਗਿਆਨ, ਜੜ੍ਹਤਾ) ਅਤੇ ਸਤੋ ਗੁਣ (ਜਤ ਸਤ, ਸ਼ਾਂਤੀ) ਦਾ ਮਿਸ਼ਰਣ ਮਨੁੱਖ ਦੀ ਮਨੋਬਿਰਤੀ ਨਿਰਧਾਰਤ ਕਰਦਾ ਹੈ। "ਤ੍ਰੈਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰੁ॥" (ਪੰਨਾ ੩੩)। ਇਹ ਮਨੋਬਿਰਤੀ ਹੀ ਮਨੁੱਖ ਨੂੰ ਪ੍ਰਭੂ ਬਾਰੇ ਸੋਚਣ ਤੋਂ ਰੋਕੀ ਰਖਦੀ ਹੈ।

ਮਨੁੱਖ ਵਿੱਚ ਵੀ ਪ੍ਰਭੂ ਦਾ ਵਾਸਾ ਹੈ: ਪਾਰਬ੍ਰਹਮੁ ਜਨੁ ਰਹਿਆ ਸਮਾਇ॥" (ਪੰਨਾ 193) ਪਰ ਮਨੁੱਖ ਆਪਣੇ ਅੰਦਰ ਵਸ ਰਹੇ ਪ੍ਰਭੂ (ਆਤਮਾ) ਨੂੰ ਦੇਖਣ, ਮਿਲਣ ਅਤੇ ਉਸ ਨਾਲ ਗੱਲ ਬਾਤ ਕਰਨਯੋਗ ਨਹੀਂ ਹੁੰਦਾ ਕਿਊਂਕੇ ਦੋਨਾਂ ਵਿਚਕਾਰ ਹਉਮੈ ਨੇ ਪੜਦਾ ਪਾਇਆ ਹੋਇਆ ਹੈ: "ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥ ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ॥ ੧॥ ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥" (ਪੰਨਾ 205)। ਗੁਰਬਾਣੀ ਵਿੱਚ ਹਉਮੈ ਮਨੁੱਖ ਦੀ ਸੁਤੰਤਰ ਹੋਂਦ ਦੇ ਵਿਸ਼ਵਾਸ ਨੂੰ ਆਖਿਆ ਗਿਆ ਹੈ। ਇਹ ਵਿਸ਼ਵਾਸ ਮਨੁੱਖ ਦੇ ਨਾਲ ਜਨਮ ਲੈਂਦਾ ਹੈ: "ਹਉਮੈ ਕਰਿ ਕਰਿ ਜੰਤ ਉਪਾਇਆ॥" (ਪੰਨਾ 466)। ਹਉਮੈ ਮਨੁੱਖ ਨੂੰ ਜੀਵਨ ਦੀ ਰਖਿਅਕ ਅਤੇ ਸ਼ਕਤੀ ਹੋਣ ਦਾ ਭਰਮ ਪਾਈ ਰਖਦੀ ਹੈ। ਪ੍ਰਭੂ ਦੀ ਕਿਰਪਾ ਹੋਣ ਤੇ ਹੀ ਇਸ ਨੂੰ ਮਾਰਿਆ ਜਾ ਸਕਦਾ ਹੈ, "ਜਾ ਹਰਿ ਪ੍ਰਭਿ ਕਿਰਪਾ ਧਾਰੀ॥ ਤਾ ਹਉਮੈ ਵਿਚਹੁ ਮਾਰੀ॥" (ਪੰਨਾ 879)

ਸੰਸਾਰ ਵਿੱਚ ਪ੍ਰਭੂ ਦਾ ਵਾਸਾ ਹੈ ਅਤੇ ਗੁਰਬਾਣੀ ਸੰਸਾਰ ਨੂੰ ਉਸ ਦਾ ਰੂਪ ਆਖਦੀ ਹੈ। "ਇਹੁ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥" (ਪੰਨਾ 463) ਅਤੇ "ਏਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ॥" (ਪੰਨਾ 922)। ਪ੍ਰਭੂ ਸੰਸਾਰ ਵਿੱਚ ਵਸਦਾ ਹੈ ਪਰ ਮਨੁੱਖਾਂ ਨੂੰ ਨਜ਼ਰ ਨਹੀਂ ਆਉਂਦਾ ਕਿਊਂਕੇ ਓਥੇ ਮਾਇਆ ਦੇ ਤ੍ਰੈਗੁਣਾਂ ਦਾ ਵਰਤਾਰਾ ਹੈ: "ਤਿਹੁ ਗੁਣ ਮਹਿ ਵਰਤੈ ਸੰਸਾਰਾ॥" (ਪੰਨਾ 389) ਅਤੇ "ਮਾਇਆ ਮੋਹੁ ਜਗਤੁ ਸਬਾਇਆ॥ ਤ੍ਰੈਗੁਣ ਦੀਸਹਿ ਮੋਹੇ ਮਾਇਆ॥" (ਪੰਨਾ 129)। ਪ੍ਰਭੂ ਤ੍ਰੈਗੁਣੀ ਸੰਸਾਰ ਵਿੱਚ ਸਮਾਇਆ ਹੋਇਆ ਹੈ ਜਾਂ ਵਰਤ ਰਿਹਾ ਹੈ ਪਰ ਨਜ਼ਰ ਨਹੀਂ ਆਉਂਦਾ ਕਿਊਂਕੇ ਉਹ ਓਥੇ ਵਸਦਾ ਹੀ ਨਹੀਂ। ਉਹ ਤ੍ਰੈਗੁਣਾਂ ਤੋਂ ਬਾਹਰ ਚੌਥੇ ਪਦ ਵਿੱਚ ਵਸਦਾ ਹੈ: "ਤੀਨਿ ਸਮਾਵੈ ਚਉਥੇ ਵਾਸਾ॥" (ਪੰਨਾ 839) ਅਤੇ "ਤ੍ਰੈ ਵਰਤਾਇ ਚਉਥੈ ਘਰਿ ਵਾਸਾ॥" (ਪੰਨਾ 1038)। ਉਸ ਨੂੰ ਚੌਥੇ ਪਦ ਵਿੱਚ ਪ੍ਰਵੇਸ਼ ਕਰਕੇ ਹੀ ਜਾਣਿਆ ਜਾ ਸਕਦਾ ਹੈ। ਚੌਥੇ ਪਦ ਵਿੱਚ ਪ੍ਰਵੇਸ਼ ਕਰਨ ਲਈ ਮਨੁੱਖ ਨੂੰ ਆਪਣੀ ਹਉਮੈ ਮਾਰਨੀ ਪੈਂਦੀ ਹੈ। ਚੌਥਾ ਪਦ, ਅਸਲ ਵਿਚ, ਹਉਮੈ ਰਹਿਤ ਮਨੁੱਖ ਦੀ ਮਾਨਸਕ ਅਵਸਥਾ ਦਾ ਸੰਕਲਪ ਹੈ। ਹਉਮੈ ਰਹਿਤ ਮਨੁੱਖੀ ਮਨ ਹੀ ਮਾਇਆ ਰਹਿਤ ਸੰਸਾਰ ਦੇ ਚੌਥੇ ਪਦ ਵਿੱਚ ਪ੍ਰਵੇਸ਼ ਕਰਕੇ ਪ੍ਰਭੂ ਦਾ ਗਿਆਨ ਪ੍ਰਾਪਤ ਕਰਨਯੋਗ ਹੁੰਦਾ ਹੈ: "ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥" (ਪੰਨਾ 1123)। ਸਾਧਾਰਣ ਮਨੁੱਖ ਲਈ ਮਾਇਆ ਦੇ ਤ੍ਰੈਗੁਣਾਂ ਨੂੰ ਤਿਆਗਣਾ ਬਹੁਤ ਔਖਾ ਹੁੰਦਾ ਹੈ ਕਿਊਂਕੇ ਮਾਇਆ ਦੇ ਪੰਜ ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਮਨੁੱਖ ਨੂੰ ਆਪਣੇ ਭਰਮਜਾਲ ਵਿੱਚ ਫਸਾਈ ਰਖਦੇ ਹਨ। ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਗੁਰਬਾਣੀ ਮਨੁੱਖ ਨੂੰ ਸ਼ਬਦ ਨੂੰ ਗੁਰੂ ਧਾਰ ਕੇ ਉਸ ਨਾਲ ਸੁਰਤ ਜੋੜਨ ਦਾ ਉਪਦੇਸ਼ ਕਰਦੀ ਹੈ: "ਸਬਦੁ ਗੁਰੂ ਸੁਰਤਿ ਧੁਨਿ ਚੇਲਾ॥" (ਪੰਨਾ 943)। ਸੁਰਤ ਜੋੜ ਕੇ ਸ਼ਬਦ ਦੀ ਵਿਚਾਰ ਕਰਨ ਅਤੇ ਸ਼ਬਦ ਦੀ ਓਟ ਲੈਣ ਤੇ ਮਾਇਆ ਦਾ ਭਰਮ ਮਿਟ ਜਾਂਦਾ ਹੈ: "ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ॥" (ਪੰਨਾ 908)।

ਤ੍ਰੈਗੁਣੀ ਸੰਸਾਰ ਵਿੱਚ ਪ੍ਰਭੂ ਦਾ ਵਾਸਾ ਨਾ ਹੋਣ ਕਾਰਨ ਗੁਰਬਾਣੀ ਉਸ ਨੂੰ ਮਾਇਆ ਰੂਪ, ਦੂਜਾ, ਖੇਲ੍ਹ, ਭਰਮ, ਸੁਪਨਾ, ਝੂਠ ਅਤੇ ਭੌਜਲ ਆਖਦੀ ਹੈ। ਗੁਰਫੁਰਮਾਨ ਹਨ: "ਇਨਿ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ॥" (ਪੰਨਾ 595), "ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ॥" (ਪੰਨਾ 950), "ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ॥" (ਪੰਨਾ 139), "ਮਾਧਵੇ ਕਿਆ ਕਹੀਐ ਭ੍ਰਮ ਐਸਾ॥ ਜੈਸਾ ਮਾਨੀਐ ਹੋਇ ਨ ਤੈਸਾ॥" (ਪੰਨਾ 657), "ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥" (ਪੰਨਾ 433), "ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ॥" (ਪੰਨਾ 808), "ਢੰਢਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ॥" (ਪੰਨਾ 138), "ਜਗ ਰਚਨਾ ਸਭ ਝੂਠ ਹੈ ਜਾਨਿ ਲੇਹੋ ਰੇ ਮੀਤ॥" (ਪੰਨਾ 1428) ਅਤੇ "ਦ੍ਰਿਸਟਮਾਨ ਹੈ ਸਗਲ ਮਿਥੇਨਾ॥" (ਪੰਨਾ 1083)।

ਇਹ ਗੁਰਬਾਣੀ ਦਾ ਮੂਲ ਸਿਧਾਂਤ ਹੈ। ਗੁਰਬਾਣੀ ਮਨੁੱਖ ਨੂੰ ਅਧਿਆਤਮਕ ਜੀਵਨ ਨਾਲ ਸਬੰਧਤ ਹੋਰ ਵੀ ਕਈ ਉਪਦੇਸ਼ ਕਰਦੀ ਹੈ, ਜਿਵੇਂ ਮਨੁੱਖ ਨੂੰ ਗੁਰਮੁਖਾਂ ਵਾਲਾ ਜੀਵਨ ਧਾਰਨ ਕਰਕੇ ਨਿਰਭੈਤਾ ਅਤੇ ਨਿਰਵੈਰਤਾ ਦੇ ਗੁਣ ਧਾਰਨ ਕਰਨੇ ਚਾਹੀਦੇ ਹਨ ਕਿਊਂਕੇ "ਵਿਣੁ ਗੁਣ ਕੀਤੇ ਭਗਤਿ ਨ ਹੋਇ॥" (ਪੰਨਾ 4)। ਸੰਸਾਰ ਵਿੱਚ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ, ਇਸ ਲਈ ਆਪਣੀ ਇੱਛਾ ਦੀ ਥਾਂ ਮਨੁੱਖ ਨੂੰ ਪ੍ਰਭੂ ਦੇ ਹੁਕਮ ਅਤੇ ਰਜ਼ਾ ਅਨੁਸਾਰ ਚਲਣਾ ਚਾਹੀਦਾ ਹੈ: "ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥" (ਪੰਨਾ 1) ਅਤੇ "ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ॥" (ਪੰਨਾ 209)। ਗੁਰਬਾਣੀ ਦੀ ਸਮਝ ਪੜ੍ਹਣ ਜਾਂ ਪਾਠ ਕਰਨ ਨਾਲ ਨਹੀਂ ਵਿਚਾਰ ਕਰਨ ਨਾਲ ਆਉਂਦੀ ਹੈ ਅਤੇ ਸਮਝ ਆਉਣ ਤੇ ਜੀਵਨ ਪਰਉਪਕਾਰੀ ਬਣ ਜਾਂਦਾ ਹੈ। "ਪੜਿਐ ਨਾਹੀ ਭੇਦੁ ਬੁਝੀਐ ਪਾਵਣਾ॥" (ਪੰਨਾ 148) ਅਤੇ "ਵਿਦਿਆ ਵੀਚਾਰੀ ਤਾ ਪਰਉਪਕਾਰੀ॥" (ਪੰਨਾ 356)। ਕਰਮ ਜੀਵਨ ਦਾ ਆਧਾਰ ਹੁੰਦੇ ਹਨ: "ਜੇਹੇ ਕਰਮ ਕਮਾਇ ਤੇਹਾ ਹੋਇਸੀ॥" (ਪੰਨਾ 730), "ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥" (ਪੰਨਾ 470-471) ਅਤੇ "ਆਪੇ ਬੀਜਿ ਆਪ ਹੀ ਖਾਹੁ॥" (ਪੰਨਾ 4)। ਅਭਿਮਾਨ ਨਹੀਂ ਕਰਨਾ ਚਾਹੀਦਾ ਅਤੇ ਨੇਕੀ ਕਰਕੇ ਭੁਲਾ ਦੇਣੀ ਚਾਹੀਦੀ ਹੈ। "ਕਬੀਰਾ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨ॥" (ਪੰਨਾ 1372) ਅਤੇ "ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ॥" (ਪੰਨਾ 485)। ਪ੍ਰਭੂ ਨੇ ਹਰ ਬੰਦੇ ਨੂੰ ਨਿੱਜੀ ਸੁਤੰਤਰਤਾ ਅਤੇ ਬਰਬਾਰੀ ਦੀ ਬਖਸ਼ਿਸ਼ ਕੀਤੀ ਹੈ। ਬੰਦੇ ਦਾ ਸਤਕਾਰ ਕਰਨਾ ਅਤੇ ਉਸ ਦੇ ਹੱਕਾਂ ਦੀ ਰਖਿਆ ਕਰਨੀ ਪ੍ਰਭੂ ਦੀ ਬੰਦਗੀ ਹੈ ਕਿਊਂਕੇ "ਘਟ ਘਟ ਅੰਤਰਿ ਬ੍ਰਹਮ ਸਮਾਹੂ॥" (ਪੰਨਾ 259), ਆਦਿ।

ਗੁਰਬਾਣੀ ਅਦ੍ਰਿਸ਼ਟ ਪ੍ਰਭੂ ਅਤੇ ਉਸ ਦੀ ਸਿਰਜੀ ਕਾਇਨਾਤ ਅਤੇ ਉਨ੍ਹਾਂ ਦੇ ਸਬੰਧਾਂ ਦਾ ਗਿਆਨ ਹੈ। ਇਹ ਗਿਆਨ ਮਨੁੱਖੀ ਅਨੁਭੱਵ ਤੋਂ ਉਪਜੀ ਜਾਣਕਾਰੀ, ਵਿਗਿਆਨ ਅਤੇ ਸਮਾਜ ਵਿੱਚ ਪ੍ਰਚਲਤ ਸੋਚ ਅਤੇ ਵਿਸ਼ਵਾਸ ਤੋਂ ਭਿੰਨ ਹੈ। ਸਭਿਆਚਾਰਕ ਸੰਗਠਨ ਹੋਣ ਦੇ ਨਾਤੇ ਸਿੱਖ ਧਰਮ ਨੇ ਸਮਾਜ ਵਿੱਚ ਪ੍ਰਚਲਤ ਸੋਚ ਨੂੰ ਅਪਣਾਇਆ ਹੋਇਆ ਹੈ। ਉਹ ਆਪਣੇ ਸ਼ਰਧਾਲੂਆਂ ਨੂੰ ਸਫਲਤਾ, ਵਡਿਆਈ, ਸੰਪੱਤੀ, ਸ਼ਕਤੀ ਅਤੇ ਸੁਖ ਲਈ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਲਈ ਪ੍ਰੇਰਤ ਕਰਦਾ ਹੈ। ਗੁਰਮਤਿ ਗੁਰਬਾਣੀ ਨੂੰ ਮਨੁੱਖ ਦੀ ਰਹਿਨੁਮਾ ਮੰਨਦੀ ਹੈ ਪਰ ਸਿੱਖ ਧਰਮ ਪਰੰਪਰਾਗਤ ਰਹਿਤ ਨੂੰ ਧਾਰਮਕ ਜੀਵਨ ਦਾ ਆਧਾਰ ਮੰਨਦਾ ਹੈ।

ਸਿੱਖ ਧਰਮ ਵਿੱਚ ਗੁਰਬਾਣੀ ਸੰਚਾਰ ਨੂੰ ਨਿਤ ਨੇਮ ਕਰਨ, ਸ਼ਬਦਾਂ ਦੀ ਵਿਆਖਿਆ ਅਤੇ ਕੀਰਤਨ ਸੁਨਣ ਅਤੇ ਅਖੰਡ ਜਾਂ ਸਾਧਾਰਣ ਪਾਠ ਕਰਵਾਉਣ ਤਕ ਸੀਮਤ ਰਖਿਆ ਗਿਆ ਹੈ। ਗੁਰਬਾਣੀ ਦੀ ਵਿਆਖਿਆ ਗੁਰਮਤਿ ਸਿਧਾਂਤ ਦੀ ਥਾਂ ਸਮਾਜ ਵਿੱਚ ਪ੍ਰਚਲਤ ਸੋਚ ਅਨੁਸਾਰ ਕੀਤੀ ਜਾਂਦੀ ਹੈ ਜਾਂ ਉਸ ਨੂੰ ਇਤਹਾਸਕ ਵਾਰਦਾਤਾਂ ਰਾਹੀਂ ਸਮਝਾਇਆ ਜਾਂਦਾ ਹੈ, ਜੋ ਗੁਰਬਾਣੀ ਦੀ ਸਹੀ ਤਰਜਮਾਨੀ ਕਰਨਯੋਗ ਨਹੀਂ ਹਨ। ਗੁਰਦੁਆਰੇ ਗੁਰਬਾਣੀ ਦੀ ਸਿਖਿਆ ਦੇਣ ਨਾਲੋਂ ਧਾਰਮਕ ਰਹਿਤ ਦੀ ਪਾਲਣਾ ਕਰਨ ਨੂੰ ਜ਼ਰੂਰੀ ਸਮਝਦੇ ਹਨ। ਸਿੱਖ ਧਾਰਮਕ ਸੰਸਥਾਵਾਂ ਗੁਰਮਤਿ ਤੇ ਆਪਣਾ ਹੱਕ ਜਮਾਉਂਦੀਆਂ ਅਤੇ ਉਸ ਤੇ ਆਪਣੀ ਇਜਾਰੇਦਾਰੀ ਚਲਾਉਂਦੀਆਂ ਹਨ। ਉਹ ਅੰਮ੍ਰਿਤਧਾਰੀਆਂ ਨੂੰ ਹੀ ਗੁਰਬਾਣੀ ਪੜ੍ਹਣ ਅਤੇ ਵਿਚਾਰਣ ਦੇ ਅਧਿਕਾਰੀ ਮੰਨਦੀਆਂ ਹਨ ਅਤੇ ਸਿੱਖ ਵਿਦਵਾਨਾਂ ਨੂੰ ਗੁਰਬਾਣੀ ਬਾਰੇ ਸੁਤੰਤਰ ਅਤੇ ਸੰਸਥਾਵਾਂ ਨਾਲੋਂ ਵਖਰੇ ਵਿਚਾਰ ਪੇਸ਼ ਕਰਨ ਤੇ ਸਜ਼ਾਵਾਂ ਦਿੰਦੀਆਂ ਹਨ।

ਗੁਰਮਤਿ ਅਤੇ ਸਿੱਖ ਧਰਮ ਦਾ ਉਗਮਨ ਸਮਾਨਾਂਤਰ ਧਾਰਮਕ ਲਹਿਰਾਂ ਦੇ ਰੂਪ ਵਿੱਚ ਹੋਇਆ ਸੀ। ਗੁਰਮਤਿ ਵਿਚਾਰਧਾਰਾ ਗੁਰਬਾਣੀ ਵਿੱਚ ਪ੍ਰਗਟ ਹੋਈ ਸੀ ਅਤੇ ਸਿੱਖ ਧਾਰਮਕ ਲਹਿਰ ਗੁਰਗੱਦੀ ਦੀ ਉਪਜ ਸੀ। ਗੁਰਗੱਦੀ ਦਾ ਸੰਕਲਪ ਗੁਰਮਤਿ ਦੇ ਵਿਪ੍ਰੀਤ ਹੈ ਅਤੇ ਗੁਰੂ ਸਾਹਿਬਾਨ ਦੀ ਗੱਦੀ ਵਿੱਚ ਕੋਈ ਦਿਲਚਸਪੀ ਨਹੀਂ ਸੀ। ਪਰ ਗੁਰਪ੍ਰਵਾਰਾਂ ਦੇ ਬਹੁਤੇ ਮੈਂਬਰ ਗੁਰਗੱਦੀ ਤੇ ਆਪਣਾ ਅਧਿਕਾਰ ਸਮਝਦੇ ਸਨ। ਗੁਰਗੱਦੀ ਦੇ ਅਭਿਲਾਸ਼ੀ ਗੁਰਮਤਿ ਦੀ ਥਾਂ ਲੋਕਾਂ ਦੇ ਪਸੰਦੀਦਾ, ਪ੍ਰਭਾਵੀ, ਸੁਖਾਲੇ ਅਤੇ ਵਖਰੇ ਧਾਰਮਕ ਵਿਹਾਰ ਦੇ ਸਮ੍ਰਥਕ ਅਤੇ ਗੱਦੀ ਦੀ ਸੰਪੱਤੀ ਵਿੱਚ ਵਾਧਾ ਕਰਨ ਦੇ ਚਾਹਵਾਨ ਸਨ। ਗੁਰਬਾਣੀ ਵਿੱਚ ਉਨ੍ਹਾਂ ਨੂੰ "ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥" ਅਤੇ "ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾੲਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ॥" (ਪੰਨਾ 304) ਆਖਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਵਲੋਂ ਪੋਥੀ ਸਾਹਿਬ ਦੇ ਸੰਪਾਦਨ ਉਪਰੰਤ ਪੋਥੀ ਸਾਹਿਬ ਨੂੰ ਵੀ ਸਿੱਖ ਧਾਰਮਕ ਲਹਿਰ ਦੇ ਵਿਕਾਸ ਦਾ ਅੰਗ ਬਣਾ ਲਿਆ ਗਿਆ ਸੀ।

ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਉਪਰੰਤ ਦਰਬਾਰ ਸਾਹਿਬ ਤੇ ਪ੍ਰਿਥੀ ਚੰਦ ਅਤੇ ਉਸ ਦੀ ਸੰਤਾਨ ਦਾ ਕਬਜ਼ਾ ਹੋ ਗਿਆ। ਕਰਤਾਰ ਪੁਰ ਅਤੇ ਪੋਥੀ ਸਾਹਿਬ ਧੀਰ ਮੱਲ ਦੀ ਮਲਕੀਤ ਬਣ ਗਏ। ਉਸ ਦੀ ਸੰਤਾਨ ਨੇ ਗੁਰਗੱਦੀ ਦੇ ਅਧਿਕਾਰ ਦਾ ਇੰਦਰਾਜ ਵੀ ਪੋਥੀ ਸਾਹਿਬ ਵਿੱਚ ਕਰ ਲਿਆ। ਗੁਰੂ ਹਰਿਗੋਬਿੰਦ ਸਾਹਿਬ ਨੂੰ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਸਾਹਿਬ ਟਿਕਾਣਾ ਬਨਾਉਣਾ ਪਿਆ। ਗੁਰੂ ਹਰਿਕ੍ਰਿਸਨ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਗੁਰਗੱਦੀ ਦੇ ਬੇਸ਼ੁਮਾਰ ਦਾਹਵੇਦਾਰ ਆਪਣਾ ਹੱਕ ਜਤਾਉਣ ਲੱਗ ਪਏ। ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀ ਸੰਤਾਨ ਨੂੰ ਗੁਰੂ ਪਦਵੀ ਅਤੇ ਉਸ ਦੀ ਰਖਿਆ ਲਈ ਬਹੁਤ ਭਾਰੀ ਮੁੱਲ ਚੁਕਾਉਣਾ ਪਿਆ।

ਬੰਦਾ ਬਹਾਦਰ ਦੇ ਮੁਗਲ ਰਾਜ ਤੇ ਹਮਲੇ ਨੇ ਸਿੱਖ ਧਾਰਮਕ ਲਹਿਰ ਵਿੱਚ ਮੂਲ ਪਰਿਵਰਤਣ ਲੈ ਆਂਦਾ। ਸਿੱਖ ਧਰਮ ਸਿਆਸਤ ਨਾਲ ਜੁੜ ਗਿਆ। ਗੁਰਮਤਿ ਦਾ ਪ੍ਰਚਾਰ ਬੰਦ ਹੋ ਗਿਆ। ਉਦਾਸੀ ਅਤੇ ਨਿਰਮਲੇ ਸਾਧੂਆਂ ਨੂੰ ਮੁਗਲ ਪ੍ਰਸ਼ਾਸਨ ਵਿੱਚ ਧਾਰਮਕ ਪ੍ਰਚਾਰ ਦੀ ਖੁਲ੍ਹ ਸੀ। ਉਨ੍ਹਾਂ ਗੁਰਮਤਿ ਦੇ ਪ੍ਰਚਾਰ ਕੇਂਦਰਾਂ ਤੇ ਕਬਜ਼ੇ ਕਰ ਲਏ, ਉਦਾਸੀ ਮੱਤ ਨਾਲ ਗੁਰਬਾਣੀ ਦੇ ਅੰਸ਼ ਮਿਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਅਤੇ ਸਨਾਤਨੀ ਕਰਮ ਕਾਂਡਾਂ ਨਾਲ ਮੇਲ ਖਾਂਦੀ ਰਹਿਤ ਤੇ ਆਧਾਰਤ ਸਿੱਖ ਧਰਮ ਦੀ ਸਥਾਪਨਾ ਕਰ ਦਿੱਤੀ। ਸਿੱਖ ਮਿਸਲਾਂ ਅਤੇ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖ ਧਰਮ ਦੇ ਅਨੁਯਾਈਆਂ ਵਿੱਚ ਬਹੁਤ ਵਾਧਾ ਹੋਇਆ। ਉਦਾਸੀ ਅਤੇ ਨਿਰਮਲੇ ਵਿਦਵਾਨਾਂ ਨੇ ਸਿੱਖ ਧਰਮ ਦਾ ਪ੍ਰਭਾਵਸ਼ਾਲੀ ਮਿਥੱਕ ਇਤਹਾਸ ਰਚ ਕੇ ਧਾਰਮਕ ਵਿਹਾਰ ਪ੍ਰਤੀ ਸ਼ਰਧਾ ਅਤੇ ਸਿੱਖ ਵਿਰਸੇ ਤੇ ਮਾਨ ਕਰਨ ਦੀ ਪ੍ਰਥਾ ਪਾ ਦਿੱਤੀ।

ਬ੍ਰਿਟਿਸ਼ ਰਾਜ ਸਮੇਂ ਆਰੀਆ ਸਮਾਜੀਆਂ ਨੇ ਸਿੱਖ ਧਰਮ ਦੀ ਵਖਰੀ ਹੋਂਦ ਨੂੰ ਖਤਮ ਕਰਨ ਲਈ ਗੁਰੂ ਨਾਨਕ ਸਾਹਿਬ ਦਾ ਅਪਮਾਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ। ਗੁਰਮਤਿ ਵਿਰੋਧੀ ਉਦਾਸੀ ਅਤੇ ਨਿਰਮਲੇ ਮਹੰਤ ਪਹਿਲੋਂ ਹੀ ਗੁਰਦੁਆਰਿਆਂ ਤੇ ਕਾਬਜ਼ ਸਨ। ਆਰੀਆ ਸਮਾਜੀਆਂ ਦੇ ਪ੍ਰਚਾਰ ਦਾ ਟਾਕਰਾ ਕਰਨ, ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਅਤੇ ਗੁਰਮਤਿ ਦਾ ਪ੍ਰਸਾਰ ਕਰਨ ਲਈ ਨਵੀਂ ਸੋਚ ਵਾਲੀਆਂ ਸਿੰਘ ਸਭਾਵਾਂ ਹੋਂਦ ਵਿੱਚ ਆਈਆਂ। ਗੁਰਦੁਆਰਿਆਂ ਨੂੰ ਮਹੰਤਾਂ ਦੇ ਕੰਟਰੋਲ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੂੰ ਸੰਘਰਸ਼ ਕਰਨਾ ਪਿਆ ਜੋ ਸਿਆਸੀ ਰੂਪ ਧਾਰਨ ਕਰ ਗਿਆ। ਸਿੱਖ ਧਰਮ ਮੁੜ ਨਵੀਂ ਸਿਆਸਤ ਨਾਲ ਜੁੜ ਗਿਆ ਅਤੇ ਆਰੀਆਂ ਸਮਾਜੀਆਂ ਦੀ ਸਿਰਤੋੜ ਵਿਰੋਧਤਾ ਦੇ ਬਾਵਜੂਦ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਬਣ ਗਿਆ।

ਜਦੋਂ ਹਿੰਦੂਤਵ ਦੀ ਫਾਸ਼ਿਸਟ ਵਿਾਰਧਾਰਾ ਭਾਰਤੀ ਰਾਜਨੀਤੀ ਵਿੱਚ ਉਭਰ ਰਹੀ ਸੀ ਅਤੇ ਆਰੀਆ ਸਮਾਜੀ ਭਾਰਤੀ ਰਾਜ ਸ਼ਕਤੀ ਦੇ ਪ੍ਰਭਾਵਸ਼ਾਲੀ ਭਾਈਵਾਲ ਸਨ, ਸਿੱਖਾਂ ਨੇ ਭਾਰਤੀ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਅਤੇ ਆਨੰਦਪੁਰ ਸਾਹਿਬ ਦਾ ਮਤਾ ਪਾਸ ਕਰਕੇ ਭਾਰਤੀ ਸੰਘੀ ਵਿਧਾਨ ਵਿੱਚ ਵਿਸ਼ੇਸ਼ ਅਧਿਕਾਰਾਂ ਦੀ ਮੰਗ ਰੱਖ ਦਿੱਤੀ। ਅਜਿਹੇ ਨਾਜ਼ਕ ਸਮੇਂ ਭਾਵਨਾਵਾਂ ਦੀ ਰੌ ਵਿੱਚ ਸਿਆਸਤ ਵਿੱਚ ਅਨਾੜੀ ਅਤੇ ਬੇਸਮਝ ਧਾਰਮਕ ਆਗੂ ਦੇ ਪਿਛੇ ਲੱਗ ਕੇ ਗਰਮ ਖਿਆਲੀ ਸਿੱਖਾਂ ਵਲੋਂ ਭਾਰਤ ਸਰਕਾਰ ਵਿਰੁਧ ਸਿਆਸੀ ਜੰਗ ਛੇੜਣ ਦੀ ਗਲਤੀ ਕਾਰਨ ਸਿੱਖ ਜਗਤ ਨੂੰ ਵੀਹਵੀਂ ਸ਼ਤਾਬਦੀ ਦੇ ਪਿਛਲੇ ਦੋ ਦਹਾਕੇ ਭਾਰੀ ਸੰਤਾਪ ਹੰਢਾਉਣਾ ਪਿਆ।

ਅਜੋਕਾ ਸਿੱਖ ਧਰਮ ਹੁਣ ਸਾਰੇ ਸੰਸਾਰ ਵਿੱਚ ਫੈਲ ਚੁਕਾ ਹੈ ਪਰ ਗੁਰਮਤਿ ਨਾਲੋਂ ਵੱਖ ਹੋ ਗਿਆ ਹੈ।




.