.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਉਨੀਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਅਠਾਰਾਂ ਭਾਗ ਵੀ ਪੜੋ ਜੀ)

ਪਉੜੀ ਨੰ: ੮ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੩॥ ਇਹੁ ਤਨੁ ਸਭੋ ਰਤੁ ਹੈ, ਰਤੁ ਬਿਨੁ ਤੰਨੁ ਨ ਹੋਇ॥ ਜੋ ਸਹਿ ਰਤੇ ਆਪਣੈ, ਤਿਨ ਤਨਿ ਲੋਭ ਰਤੁ ਨ ਹੋਇ॥ ਭੈ ਪਇਐ ਤਨੁ ਖੀਣੁ ਹੋਇ, ਲੋਭ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ, ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥ ਨਾਨਕ ਤੇ ਜਨ ਸੋਹਣੇ, ਜੋ ਰਤੇ ਹਰਿ ਰੰਗੁ ਲਾਇ॥ ੧ 

ਮਃ ੩॥ ਰਾਮਕਲੀ ਰਾਮੁ ਮਨਿ ਵਸਿਆ, ਤਾ ਬਨਿਆ ਸੀਗਾਰੁ॥ ਗੁਰ ਕੈ ਸਬਦਿ ਕਮਲੁ ਬਿਗਸਿਆ, ਤਾ ਸਉਪਿਆ ਭਗਤਿ ਭੰਡਾਰੁ॥ ਭਰਮੁ ਗਇਆ ਤਾ ਜਾਗਿਆ, ਚੂਕਾ ਅਗਿਆਨ ਅੰਧਾਰੁ॥ ਤਿਸ ਨੋ ਰੂਪੁ ਅਤਿ ਅਗਲਾ, ਜਿਸੁ ਹਰਿ ਨਾਲਿ ਪਿਆਰੁ॥ ਸਦਾ ਰਵੈ ਪਿਰੁ ਆਪਣਾ, ਸੋਭਾਵੰਤੀ ਨਾਰਿ॥ ਮਨਮੁਖਿ ਸੀਗਾਰੁ ਨ ਜਾਣਨੀ, ਜਾਸਨਿ ਜਨਮੁ ਸਭੁ ਹਾਰਿ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿ, ਨਿਤ ਜੰਮਹਿ ਹੋਇ ਖੁਆਰੁ॥ ਸੈਸਾਰੈ ਵਿਚਿ ਸੋਭ ਨ ਪਾਇਨੀ, ਅਗੈ ਜਿ ਕਰੇ ਸੁ ਜਾਣੈ ਕਰਤਾਰੁ॥ ਨਾਨਕ ਸਚਾ ਏਕੁ ਹੈ, ਦੁਹੁ ਵਿਚਿ ਹੈ ਸੰਸਾਰੁ॥ ਚੰਗੈ ਮੰਦੈ ਆਪਿ ਲਾਇਅਨੁ, ਸੋ ਕਰਨਿ ਜਿ ਆਪਿ ਕਰਾਏ ਕਰਤਾਰੁ॥ ੨ 

ਮਃ ੩॥ ਬਿਨੁ ਸਤਿਗੁਰ ਸੇਵੇ, ਸਾਂਤਿ ਨ ਆਵਈ ਦੂਜੀ ਨਾਹੀ ਜਾਇ॥ ਜੇ ਬਹੁਤੇਰਾ ਲੋਚੀਐ, ਵਿਣੁ ਕਰਮਾ ਪਾਇਆ ਨ ਜਾਇ॥ ਅੰਤਰਿ ਲੋਭੁ ਵਿਕਾਰੁ ਹੈ, ਦੂਜੈ ਭਾਇ ਖੁਆਇ॥ ਤਿਨ ਜੰਮਣੁ ਮਰਣੁ ਨ ਚੁਕਈ, ਹਉਮੈ ਵਿਚਿ ਦੁਖੁ ਪਾਇ॥ ਜਿਨੀ ਸਤਿਗੁਰ ਸਿਉ ਚਿਤੁ ਲਾਇਆ, ਸੋ ਖਾਲੀ ਕੋਈ ਨਾਹਿ॥ ਤਿਨ ਜਮ ਕੀ ਤਲਬ ਨ ਹੋਵਈ, ਨਾ ਓਇ ਦੁਖ ਸਹਾਹਿ॥ ਨਾਨਕ ਗੁਰਮੁਖਿ ਉਬਰੇ, ਸਚੈ ਸਬਦਿ ਸਮਾਹਿ॥ ੩ 

ਪਉੜੀ॥ ਆਪਿ ਅਲਿਪਤੁ ਸਦਾ ਰਹੈ, ਹੋਰਿ ਧੰਧੈ ਸਭਿ ਧਾਵਹਿ॥ ਆਪਿ ਨਿਹਚਲੁ ਅਚਲੁ ਹੈ, ਹੋਰਿ ਆਵਹਿ ਜਾਵਹਿ॥ ਸਦਾ ਸਦਾ ਹਰਿ ਧਿਆਈਐ, ਗੁਰਮੁਖਿ ਸੁਖੁ ਪਾਵਹਿ॥ ਨਿਜ ਘਰਿ ਵਾਸਾ ਪਾਈਐ, ਸਚਿ ਸਿਫਤਿ ਸਮਾਵਹਿ॥ ਸਚਾ ਗਹਿਰ ਗੰਭੀਰੁ ਹੈ, ਗੁਰ ਸਬਦਿ ਬੁਝਾਈ॥ ੮ 

(ਪਉੜੀ ਨੰ: ੮ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਪਉੜੀ ਨੰ: ੮ ਦੀ ਵਿਚਾਰ ਨੂੰ ਯੋਗ ਢੰਗ ਨਾਲ ਸਮਝਣ ਲਈ, ਇਸ ਪਉੜੀ ਨਾਲ ਸੰਬੰਧਤ ਇਸ ਤੋਂ ਪਹਿਲਾਂ ਦਿੱਤੇ ਜਾ ਚੁੱਕੇ ਛੇ ਗੁਰਮੱਤ ਸਿਧਾਂਤਾਂ ਦੇ ਵੇਰਵੇ ਨੂੰ ਘੋਖਣ ਤੇ ਵਾਚਣ ਦੀ ਜ਼ਰੂਰੀ ਲੋੜ ਹੈ। ਉਪ੍ਰੰਤ ਇਸ ਪਉੜੀ ਦੀ ਕਿਸ਼ਤ ੧੭, ੧੮ ਤੋਂ ਅੱਗੇ ਹੁਣ ਆਖ਼ਰੀ ਕਿਸ਼ਤ ਨੰ: ੧੯:-

ਮਃ ੩॥ ਰਾਮਕਲੀ ਰਾਮੁ ਮਨਿ ਵਸਿਆ, ਤਾ ਬਨਿਆ ਸੀਗਾਰੁ॥ ਗੁਰ ਕੈ ਸਬਦਿ ਕਮਲੁ ਬਿਗਸਿਆ, ਤਾ ਸਉਪਿਆ ਭਗਤਿ ਭੰਡਾਰੁ॥ ਭਰਮੁ ਗਇਆ ਤਾ ਜਾਗਿਆ, ਚੂਕਾ ਅਗਿਆਨ ਅੰਧਾਰੁ॥ ਤਿਸ ਨੋ ਰੂਪੁ ਅਤਿ ਅਗਲਾ, ਜਿਸੁ ਹਰਿ ਨਾਲਿ ਪਿਆਰੁ॥ ਸਦਾ ਰਵੈ ਪਿਰੁ ਆਪਣਾ, ਸੋਭਾਵੰਤੀ ਨਾਰਿ॥ ਮਨਮੁਖਿ ਸੀਗਾਰੁ ਨ ਜਾਣਨੀ, ਜਾਸਨਿ ਜਨਮੁ ਸਭੁ ਹਾਰਿ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿ, ਨਿਤ ਜੰਮਹਿ ਹੋਇ ਖੁਆਰੁ॥ ਸੈਸਾਰੈ ਵਿਚਿ ਸੋਭ ਨ ਪਾਇਨੀ, ਅਗੈ ਜਿ ਕਰੇ ਸੁ ਜਾਣੈ ਕਰਤਾਰੁ॥ ਨਾਨਕ ਸਚਾ ਏਕੁ ਹੈ, ਦੁਹੁ ਵਿਚਿ ਹੈ ਸੰਸਾਰੁ॥ ਚੰਗੈ ਮੰਦੈ ਆਪਿ ਲਾਇਅਨੁ, ਸੋ ਕਰਨਿ ਜਿ ਆਪਿ ਕਰਾਏ ਕਰਤਾਰੁ॥ ੨॥ {ਪੰਨਾ ੯੫੦}

ਪਦ ਅਰਥ : —ਮਨਿ—ਮਨ `ਚ। ਬਨਿਆ—ਫਬਿਆ, ਸਫ਼ਲ ਹੋਇਆ। ਕਮਲੁ ਬਿਗਸਿਆ— ਹਿਰਦਾ ਰੂਪੀ ਕਮਲ ਖਿੜ ਗਿਆ। ਸਉਪਿਆ—ਸਤਿਗੁਰੂ ਨੇ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਖਜ਼ਾਨਾ ਸੌਂਪ ਤੇ ਬਖ਼ਸ਼ ਦਿੱਤਾ। ਭੰਡਾਰੁ—ਪ੍ਰਭੂ ਦੀ ਸਿਫ਼ਤ ਸਲਾਹ ਦਾ ਖਜ਼ਾਨਾ। ਭਰਮੁ ਗਇਆ— ਮਨੁੱਖੀ ਮਨ `ਚੋਂ ਦੁੱਚਿਤੀ, ਦੁਬਿਧਾ ਤੇ ਭਟਕਣਾ ਆਦਿ ਮੁੱਕ ਗਈ। ਅਗਲਾ—ਬਹੁਤਾ। ਰਵੈ—ਮਾਣਦੀ ਹੈ।

ਜਾਸਨਿ—ਜਾਣਗੇ। ਹਾਰਿ—ਹਾਰ ਕੇ, ਪ੍ਰਾਪਤ ਮਨੁੱਖਾ ਜਨਮ ਨੂੰ ਬਿਰਥਾ ਕਰਕੇ। ਹੋਇ ਖੁਆਰੁ—ਖ਼ੁਆਰ ਹੋ ਕੇ, ਦੁਖੀ ਹੋ ਕੇ। ਪਾਇਨੀ—ਪਾਂਦੇ ਹਨ। ਅਗੈ—ਪ੍ਰਲੋਕ `ਚ, ਪ੍ਰਭੂ ਦੇ ਸੱਚ ਨਿਆਂ `ਚ। ਜਿ ਕਰੇ—ਜੋ ਕੁੱਝ ਵੀ ਪ੍ਰਭੂ ਕਰਦਾ ਹੈ। ਦੁਹੁ `ਚ—ਜਨਮ ਮਰਨ ਦੇ ਗੇੜ `ਚ। ਚੰਗੈ—ਚੰਗੇ ਕੰਮ `ਚ। ਲਾਇਅਨੁ—ਪ੍ਰਭੂ ਨੇ ਆਪ ਲਾਏ ਹੋਏ ਹਨ।

ਅਰਥ : — "ਰਾਮਕਲੀ, ਰਾਮੁ ਮਨਿ ਵਸਿਆ, ਤਾ ਬਨਿਆ ਸੀਗਾਰੁ" - ਜੇ ਰਾਮਕਲੀ ਰਾਗ ਰਾਹੀਂ ਪ੍ਰਭੂ ਦੇ ਰੰਗ `ਚ ਰੰਗੇ ਰਹਿਕੇ ਜੀਵ-ਇਸਤ੍ਰੀ ਦੇ ਮਨ `ਚ ਰਮਈਆ ਰਾਮ, ਆਪ ਆ ਵੱਸੇ ਭਾਵ ਉਸ ਦੇ ਹਿਰਦੇਘਰ `ਚੋਂ ਪ੍ਰਗਟ ਹੋ ਜਾਏ ਤਾਂ ਹੀ ਉਸ ਜੀਵ ਇਸਤ੍ਰੀ ਦਾ ਪ੍ਰਭੂ-ਪਤੀ ਦੇ ਮਿਲਾਪ ਲਈ ਕੀਤਾ ਹੋਇਆ ਉੱਦਮ ਰੂਪੀ ਸਿੰਗਾਰ ਸਫਲ ਹੈ।

"ਗੁਰ ਕੈ ਸਬਦਿ ਕਮਲੁ ਬਿਗਸਿਆ, ਤਾ ਸਉਪਿਆ ਭਗਤਿ ਭੰਡਾਰੁ" -ਜੇ ਸਤਿਗੁਰੂ ਦੇ ਸ਼ਬਦ ਭਾਵ ਸ਼ਬਦ-ਗੁਰੂ ਦੀ ਕਮਾਈ ਰਾਹੀਂ ਜੀਵ-ਇਸਤ੍ਰੀ ਦਾ ਹਿਰਦਾ ਰੂਪੀ ਕਮਲ ਖਿੜ ਪਏ, ਜੇ ਜੀਵ-ਇਸਤ੍ਰੀ ਦੇ ਹਿਰਦੇ-ਘਰ `ਚ ਆਤਮਕ ਆਨੰਦ ਦਾ ਸੋਮਾ ਫੁਟ ਪਵੇ ਤਾਂ ਸਮਝ ਲਵੋ ਕਿ ਸਤਿਗੁਰੂ ਨੇ ਭਾਵ ਸ਼ਬਦ-ਗੁਰੂ ਦੀ ਕਮਾਈ ਕਾਰਣ ਉਸ ਜੀਵ-ਇਸਤ੍ਰੀ ਨੂੰ ਪ੍ਰਭੂ ਦੀ ਸਿਫ਼ਤ-ਸਲਾਹ ਵਾਲਾ ਖ਼ਜ਼ਾਨਾ ਪ੍ਰਾਪਤ ਹੋ ਗਿਆ ਹੈ।

"ਭਰਮੁ ਗਇਆ ਤਾ ਜਾਗਿਆ, ਚੂਕਾ ਅਗਿਆਨ ਅੰਧਾਰੁ" - ਇਸਤਰ੍ਹਾਂ ਜੇ ਸ਼ਬਦ-ਗੁਰੂ-ਦੀ ਕਮਾਈ ਰਾਹੀਂ ਜੀਵ-ਇਸਤ੍ਰੀ ਦੇ ਮਨ ਚੋਂ ਭਟਕਣਾ ਦੁਚਿੱਤੀ, ਦੁਬਿਧਾ ਤੇ ਵਿਸ਼ੇ ਵਿਕਾਰਾਂ ਦੀ ਤਪਸ਼ ਆਦਿ ਦਾ ਨਾਸ ਹੋ ਜਾਵੇ ਤਾਂ ਸਮਝ ਲਵੋ ਕਿ ਉਸ ਜੀਵ-ਇਸਤ੍ਰੀ ਦਾ ਮਨ, ਪ੍ਰਭੂ ਪਿਆਰ ਦੇ ਰੰਗ `ਚ ਰੰਗਿਆ ਜਾ ਚੁੱਕਾ ਹੈ।

ਕਿਉਂਕਿ ਪ੍ਰਭੂ ਦੇ ਰੰਗ `ਚ ਰੰਗੀ ਜਾ ਚੁੱਕੀ ਜੀਵ-ਇਸਤ੍ਰੀ ਦੇ ਮਨ ਦੀ ਅਜਿਹੀ ਹੋ ਚੁੱਕੀ ਆਤਮ-ਰਸ ਨਾਲ ਭਰਪੂਰ ਅਵਸਥਾ ਸਮੇਂ ਉਸ ਦੇ ਮਨ ਚੋਂ ਅਗਿਆਨਤਾ ਦਾ ਘੋਰ ਹਨੇਰਾ ਆਪਣੇ-ਆਪ ਖ਼ਤਮ ਹੋ ਜਾਂਦਾ ਹੈ ਤੇ ਉਥੇ ਸ਼ਬਦ-ਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ।

"ਤਿਸ ਨੋ ਰੂਪੁ ਅਤਿ ਅਗਲਾ, ਜਿਸੁ ਹਰਿ ਨਾਲਿ ਪਿਆਰੁ" - ਇਸ ਤਰ੍ਹਾਂ ਜਿਸ ਜੀਵ-ਇਸਤ੍ਰੀ ਦੀ ਆਪਣੇ ਪ੍ਰਭੂ-ਪਤੀ ਨਾਲ ਸਾਂਝ ਬਣ ਆਉਂਦੀ ਹੈ ਉਸ ਦੀ ਆਤਮਕ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ, ਜਿਸ ਤੋਂ ਉਸ ਦੇ ਜੀਵਨ ਅੰਦਰੋਂ ਇਲਾਹੀ ਗੁਣ ਵੀ ਸਹਿਜੇ ਤੇ ਸੁਭਾਵਕ ਹੀ ਪ੍ਰਗਟ ਹੋਣ ਲਗ ਜਾਂਦੇ ਹਨ, ਉਹ ਸੰਸਾਰ `ਚ ਵੀ ਸ਼ੋਭਾ ਪਾਂਦੀ ਹੈ।

"ਸਦਾ ਰਵੈ ਪਿਰੁ ਆਪਣਾ, ਸੋਭਾਵੰਤੀ ਨਾਰਿ" -ਉਹ ਸੋਭਾਵੰਤੀ ਜੀਵ-ਇਸਤ੍ਰੀ ਸਦਾ ਆਪਣੇ ਪ੍ਰਭੂ-ਪਤੀ ਨੂੰ ਹੀ ਸਿਮਰਦੀ, ਉਸ ਦੇ ਰੰਗ `ਚ ਰੰਗੀ ਰਹਿੰਦੀ ਤੇ ਸੁਰਤ ਕਰਕੇ ਸੁਆਸ-ਸੁਆਸ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੀ ਰਹਿੰਦੀ ਹੈ। ਯਥਾ:-

() "ਜਿਨੀ ਰਾਵਿਆ ਪ੍ਰਭੁ ਆਪਣਾ, ਸੇ ਦਿਸਨਿ ਨਿਤ ਖੜੀਆਹ॥ ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ" (ਪੰ: ੧੩੫) ਆਦਿ

"ਮਨਮੁਖਿ ਸੀਗਾਰੁ ਨ ਜਾਣਨੀ, ਜਾਸਨਿ ਜਨਮੁ ਸਭੁ ਹਾਰਿ" - ਜਦਕਿ ਦੂਜੇ ਪਾਸੇ ਆਪਣੇ ਮਨ ਦੇ ਪਿੱਛੇ ਟੁਰਣ ਵਾਲੀਆਂ, ਆਪਹੁੱਦਰਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਲੇ ਸਿੰਗਾਰ ਬਾਰੇ ਜਾਣਦੀਆਂ ਹੀ ਨਹੀ, ਉਹ ਮਨੁੱਖਾ ਜੀਵਨ ਦੇ ਉਸ ਇਕ-ਇਕ ਮਕਸਦ ਤੋਂ ਅਣਜਾਣ ਤੇ ਅਨਾੜੀ ਤੇ ਹੀ ਹੁੰਦੀਆਂ ਹਨ; ਇਸੇ ਲਈ ਉਹ ਆਪਣੇ ਪ੍ਰਾਪਤ ਇਸ ਮਨੁੱਖ-ਜਨਮ ਨੂੰ ਵੀ ਸੰਸਾਰ ਤੋਂ ਬਿਰਥਾ ਕਰਕੇ ਜਾਣਗੀਆਂ। ਯਥਾ:-

() "ਬਿਨੁ ਪਿਰ ਧਨ ਸੀਗਾਰੀਐ, ਜੋਬਨੁ ਬਾਦਿ ਖੁਆਰੁ॥ ਨਾ ਮਾਣੇ ਸੁਖਿ ਸੇਜੜੀ, ਬਿਨੁ ਪਿਰ ਬਾਦਿ ਸੀਗਾਰੁ॥ ਦੂਖੁ ਘਣੋ ਦੋਹਾਗਣੀ, ਨਾ ਘਰਿ ਸੇਜ ਭਤਾਰੁ" (ਪੰ: ੫੮-੫੯) ਆਦਿ

"ਬਿਨੁ ਹਰਿ ਭਗਤੀ ਸੀਗਾਰੁ ਕਰਹਿ, ਨਿਤ ਜੰਮਹਿ ਹੋਇ ਖੁਆਰੁ" -ਪ੍ਰਭੂ-ਪਤੀ ਦੀ ਸਿਫ਼ਤ ਸਲਾਹ ਰਾਹੀਂ ਪ੍ਰਭੂ ਮਿਲਾਪ ਵਾਲੇ ਇਕੋ-ਇਕ ਮਕਸਦ ਤੋਂ ਅਣਜਾਣ ਹੋਣ ਕਾਰਣ, ਅਜਿਹੀ ਜੀਵ-ਇਸਤ੍ਰੀ ਰਾਹੀਂ ਕੀਤੇ ਹੋਏ ਜ਼ਾਹਿਰਾ ਬੇਅੰਤ ਧਾਰਮਿਕ-ਕਾਂਡ ਤੇ ਹੱਠ-ਕਰਮ ਵੀ ਉਸ ਲਈ ਜੀਂਦੇ ਜੀਅ ਵੀ ਆਤਮਕ ਮੌਤ ਦਾ ਕਰਣ ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਉਸ ਨੂੰ ਬਾਰ-ਬਾਰ ਦੀਆਂ ਜੂਨਾਂ-ਜਨਮਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਪੈ ਕੇ ਦੁਖੀ ਹੋਣਾ ਅਤੇ ਪਛਤਾਉਣਾ ਹੀ ਪੈਂਦਾ ਹੈ।

() "ਬਿਨੁ ਸਬਦੈ ਅੰਤਰਿ ਆਨੇਰਾ॥ ਨ ਵਸਤੁ ਲਹੈ ਨ ਚੂਕੈ ਫੇਰਾ॥ ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ, ਗੁਰੁ ਪੂਰੈ ਭਾਗਿ ਮਿਲਾਵਣਿਆ" (ਪੰ: ੧੨੫) ਆਦਿ

"ਸੈਸਾਰੈ ਵਿਚਿ ਸੋਭ ਨ ਪਾਇਨੀ, ਅਗੈ ਜਿ ਕਰੇ ਸੁ ਜਾਣੈ ਕਰਤਾਰੁ" - ਨਾ ਤਾਂ ਅਜਿਹੀਆਂ ਮਨਮੁਖ ਜੀਵ-ਇਸਤ੍ਰੀਆਂ ਨੂੰ ਇਸ ਸੰਸਾਰ ਤੇ ਲੋਕ `ਚ ਸ਼ੋਭਾ ਮਿਲਦੀ ਹੈ ਉਪ੍ਰੰਤ ਸਰੀਰ ਤਿਆਗਣ ਬਾਅਦ ਅਜਿਹੀਆਂ ਮਨਮੁਖ ਜੀਵ-ਇਸਤ੍ਰੀਆਂ ਨਾਲ ਕੀ ਬੀਤਦੀ ਹੈ ਉਹ ਤਾਂ ਕੇਵਲ ਕਰਤਾ-ਅਕਾਪੁਰਖ ਆਪ ਹੀ ਜਾਣਦਾ ਹੈ।

() "ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ॥ ਪਰ ਪਿਰ ਰਾਤੀ ਖਸਮੁ ਵਿਸਾਰਾ॥ ਜਿਉ ਬੇਸੁਆ ਪੂਤ, ਬਾਪੁ ਕੋ ਕਹੀਐ, ਤਿਉ ਫੋਕਟ ਕਾਰ ਵਿਕਾਰਾ ਹੇ" (ਪੰ: ੧੦੩੦) ਆਦਿ

ਨਾਨਕ ਸਚਾ ਏਕੁ ਹੈ, ਦੁਹੁ ਵਿਚਿ ਹੈ ਸੰਸਾਰੁ" -ਹੇ ਨਾਨਕ! ਜਨਮ ਮਰਨ ਤੋਂ ਰਹਿਤ ਕੇਵਲ ਸਦਾ ਕਾਇਮ ਰਹਿਣ ਵਾਲੀ ਪ੍ਰਭੂ-ਪ੍ਰਮਾਤਮਾ ਹੀ ਇਕੋ-ਇਕ ਅਜਿਹੀ ਹੱਸਤੀ ਹੈ, ਜਿਹੜੀ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੀ ਅਤੇ ਸਦਾ ਥਿਰ ਹੈ। ਜਦਕਿ ਪ੍ਰਭੂ ਦੀ ਬਾਕੀ ਸਮੂਚੀ ਰਚਨਾ ਜਨਮ-ਮਰਣ ਅਤੇ ਘੜਣ-ਭੰਨਣ ਦੇ ਗੇੜ `ਚ ਹੈ।

"ਚੰਗੈ ਮੰਦੈ ਆਪਿ ਲਾਇਅਨੁ, ਸੋ ਕਰਨਿ ਜਿ ਆਪਿ ਕਰਾਏ ਕਰਤਾਰੁ" -ਨਹੀਂ ਤਾਂ ਜੀਵਾਂ ਨੂੰ ਚੰਗੇ ਕੰਮਾਂ `ਚ ਤੇ ਮੰਦੇ ਕੰਮ `ਚ ਵੀ ਪ੍ਰਭੂ ਨੇ ਆਪ ਹੀ ਲਾਇਆ ਹੋਇਆ ਹੈ, ਤੇ ਜੋ ਕੁੱਝ ਪ੍ਰਭੂ ਉਨ੍ਹਾਂ ਜੀਵਾਂ ਤੋਂ ਕਰਵਾਂਦਾ ਹੈ ਜੀਵ ਉਹੀ ਕਰਦੇ ਹਨ। ੨।

(ਵਿਸ਼ੇਸ਼ ਨੋਟ:- ਵਿਸ਼ੇਸ਼ ਧਿਆਨ ਦੇਣਾ ਹੈ ਕਿ ਕੇਵਲ ਮਨੁਖਾ ਜੂਨ ਦੌਰਾਨਂ ਹੀ ਪ੍ਰਭੂ ਨੇ ਜੀਵ ਨੂੰ ਮਨ ਵਾਲੀ ਵਿਸ਼ੇਸ਼ ਦਾਤ ਵੀ ਬਖ਼ਸ਼ੀ ਹੋਈ ਹੁੰਦੀ ਹੈ।

ਉਪ੍ਰੰਤ ਪ੍ਰਭੂ ਦੀ ਬਖ਼ਸ਼ਿਸ਼ ਨਾਲ ਮਨੁੱਖਾ ਜਨਮ ਪ੍ਰਾਪਤ ਹੋਣ `ਤੇ ਜੇ ਮਨੁੱਖ, ਪ੍ਰਭੂ ਰਾਹੀਂ ਬਖ਼ਸ਼ੇ ਹੋਏ ਇਸ ਮਨ ਨਾਲ ਸ਼ਬਦ-ਗੁਰੂ ਦੀ ਕਮਾਈ ਕਰਦਾ ਹੈ ਤਾਂ ਉਹ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜ ਸਕਦਾ ਹੈ। ਇਸੇ ਤੋਂ ਪ੍ਰਭੂ ਦੇ ਆਂਪਣੇ ਹੀ ਸੱਚ ਨਿਆਂ `ਚ ਉਸ ਦੇ ਜੀਵਨ ਅੰਦਰ ਇਲਾਹੀ ਗੁਣ ਉਪਜਦੇ ਅਤੇ ਉੱਤਮ ਸੰਸਕਾਰ ਵੀ ਬਣਦੇ ਹਨ।

ਉਸਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਉਹ ਜੀਂਦੇ ਜੀਅ ਆਪਣੇ ਅਸਲੇ ਪ੍ਰਭੂ `ਚ ਸਮਾਅ ਜਾਂਦਾ ਹੈ ਅਤੇ ਸਰੀਰ ਤਿਆਗਣ ਬਾਅਦ ਪ੍ਰਭੂ ਦੇ ਸੱਚ ਨਿਆਂ `ਚ ਉਹ ਮੁੜ ਜਨਮ-ਮਰਣ ਦੇ ਗੇੜ `ਚ ਨਹੀਂ ਪੈਂਦਾ, ਨਹੀਂ ਤਾਂ ਇਸ ਸਾਰੇ ਦੇ ਨਿਤਾਂਤ ਉਲਟ।

ਤਾਂ ਤੇ ਇਥੇ ਇਹੀ ਮੂਲ ਅਰਥ ਭਾਵ ਹਨ "ਚੰਗੈ ਮੰਦੈ ਆਪਿ ਲਾਇਅਨੁ, ਸੋ ਕਰਨਿ ਜਿ ਆਪਿ ਕਰਾਏ ਕਰਤਾਰੁ" ਵਾਲੇ ਉਪ੍ਰੋਕਤ ਗੁਰਬਾਣੀ ਫ਼ੁਰਮਾਨ ਦੇ)

ਮਃ ੩॥ ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ, ਦੂਜੀ ਨਾਹੀ ਜਾਇ॥ ਜੇ ਬਹੁਤੇਰਾ ਲੋਚੀਐ, ਵਿਣੁ ਕਰਮਾ ਪਾਇਆ ਨ ਜਾਇ॥ ਅੰਤਰਿ ਲੋਭੁ ਵਿਕਾਰੁ ਹੈ, ਦੂਜੈ ਭਾਇ ਖੁਆਇ॥ ਤਿਨ ਜੰਮਣੁ ਮਰਣੁ ਨ ਚੁਕਈ, ਹਉਮੈ ਵਿਚਿ ਦੁਖੁ ਪਾਇ॥ ਜਿਨੀ ਸਤਿਗੁਰ ਸਿਉ ਚਿਤੁ ਲਾਇਆ, ਸੋ ਖਾਲੀ ਕੋਈ ਨਾਹਿ॥ ਤਿਨ ਜਮ ਕੀ ਤਲਬ ਨ ਹੋਵਈ, ਨਾ ਓਇ ਦੁਖ ਸਹਾਹਿ॥ ਨਾਨਕ ਗੁਰਮੁਖਿ ਉਬਰੇ, ਸਚੈ ਸਬਦਿ ਸਮਾਹਿ॥ ੩॥ {ਪੰਨਾ ੯੫੦}

ਪਦ ਅਰਥ : —ਜਾਇ—ਥਾਂ। ਖੁਆਇ—ਖ਼ੁਆਰ ਹੁੰਦਾ ਹੈ। ਦੂਜੈ ਭਾਇ—ਪ੍ਰਭੂ ਤੋਂ ਬਿਨਾ ਹੋਰ ਨਾਲ ਪਿਆਰ ਕਰਣ ਕਰਕੇ। ਤਲਬ—ਸੱਦਾ। ਓਇ—ਉਹ ਬੰਦੇ।

ਅਰਥ : — "ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ, ਦੂਜੀ ਨਾਹੀ ਜਾਇ" - ਸ਼ਬਦ-ਗੁਰੂ ਦੀ ਕਮਾਈ ਅਤੇ ਸ਼ਬਦ-ਗੁਰੂ ਦੇ ਅਦੇਸ਼ਾਂ ਅਨੁਸਾਰ ਆਪਣੇ ਜੀਵਨ ਨੂੰ ਢਾਲੇ ਬਿਨਾ ਮਨੁੱਖ ਦੇ ਮਨ `ਚ ਕਦੇ ਵੀ ਸ਼ਾਂਤੀ ਤੇ ਟਿਕਾਅ ਨਹੀਂ ਆ ਸਕਦਾ। ਕਿਉਕਿ ਇਸ ਮਾਨਸਿਕ ਸ਼ਾਂਤੀ ਤੇ ਮਾਨਸਿਕ ਅਡੋਲਤਾ ਨੂੰ ਪ੍ਰਾਪਤ ਕਰਣ ਲਈ ਸ਼ਬਦ-ਗੁਰੂ ਦੀ ਕਮਾਈ ਕਰਣਾ ਤੇ ਸ਼ਬਦ-ਗੁਰੂ ਦੇ ਆਦੇਸ਼ਾ ਦਾ ਅਨੁਸਾਰੀ ਹੋਣਾ ਹੀ ਪ੍ਰਾਪਤ ਮਨੁੱਖਾ ਜਨਮ ਨੂੰ ਸਫ਼ਲ ਕਰਣ ਦਾ ਇਕੋ-ਇਕ ਰਾਹ ਹੈ; ਉਸ ਤੋਂ ਬਿਨਾ ਅਜਿਹਾ ਹੋਣਾ ਹੀ ਸੰਭਵ ਨਹੀਂ।

"ਜੇ ਬਹੁਤੇਰਾ ਲੋਚੀਐ, ਵਿਣੁ ਕਰਮਾ ਪਾਇਆ ਨ ਜਾਇ" -ਭਾਵੇਂ ਇਸ ਮਾਨਸਿਕ ਸ਼ਾਂਤੀ ਤੇ ਟਿਕਾਅ ਲਈ ਹੋਰ ਕਿਤਣੀ ਵੀ ਦੌੜ-ਭਜ, ਤਾਂਘ ਤੇ ਯਤਣ ਕਰ ਲਵੀਏ ਪਰ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਾਪਤ ਹੋਣ ਵਾਲੀ ਪ੍ਰਭੂ ਦੀ ਮਿਹਰ ਤੇ ਬਖ਼ਸ਼ਿਸ਼ ਤੋਂ ਬਿਨਾ ਮਨੁੱਖ ਨੂੰ ਇਸ ਮਾਨਸਿਕ ਸ਼ਾਂਤੀ ਤੇ ਅਡੋਲਤਾ ਦੀ ਪ੍ਰਪਤੀ ਸੰਭਵ ਨਹੀਂ।

"ਅੰਤਰਿ ਲੋਭੁ ਵਿਕਾਰੁ ਹੈ, ਦੂਜੈ ਭਾਇ ਖੁਆਇ" -ਕਿਉਂਕਿ ਜਿਤਨਾ ਚਿਰ ਮਨੁੱਖ ਦੇ ਮਨ ਤੇ ਜੀਵਨ ਅੰਦਰ ਲੋਭ ਤੇ ਹਊਮੈ ਆਦਿ ਵਿਸ਼ੇ ਵਿਕਾਰਾਂ ਦੀ ਤਪਸ਼ ਤੇ ਪਕੜ ਹੁੰਦੀ ਹੈ ਉਤਨੀ ਦੇਰ ਮਨੁੱਖ ਦਾ ਜੀਵਨ, ਸੰਸਾਰਕ ਮੋਹ-ਮਾਇਆ `ਚ ਖੱਚਤ, ਹਉੇਮੈ ਆਦਿ ਵਿਸ਼ੇ-ਵਿਕਾਰਾਂ ਨਾਲ ਹੀ ਗ੍ਰਸਿਆ ਤੇ ਉਨ੍ਹਾਂ ਨਾਲ ਹੀ ਜਕੜਿਆ ਰਹਿੰਦਾ ਹੈ।

"ਤਿਨ ਜੰਮਣੁ ਮਰਣੁ ਨ ਚੁਕਈ, ਹਉਮੈ ਵਿਚਿ ਦੁਖੁ ਪਾਇ" - ਇਸ ਲਈ ਜਦੋਂ ਤੀਕ ਅਜਿਹੇ ਲੋਕਾਂ ਦੇ ਜੀਵਨ ਹਉਮੈ ਆਦਿ ਵਿਸ਼ੇ-ਵਿਕਾਰਾਂ ਅਤੇ ਮੋਹ-ਮਾਇਆ `ਚ ਗ੍ਰਸੇ ਰਹਿੰਦੇ ਹਨ, ਪ੍ਰਭੂ ਦੇ ਸੱਚ ਨਿਆ `ਚ ਉਨ੍ਹਾਂ ਲਈ ਜਨਮ-ਮਰਨ ਦਾ ਗੇੜ ਨਹੀਂ ਮੁੱਕਦਾ।

ਗੁਰਬਾਣੀ ਅਨੁਸਾਰ, ਉਹ ਜੀਂਦੇ ਜੀਅ ਸੁਭਾਅ ਕਰਕੇਵੀ ਭਿੰਨ-ਭਿੰਨ ਜੂਨਾਂ ਭੋਗਦੇ ਤੇ ਆਪਣੇ ਲਈ ਆਤਮਕ ਮੌਤ ਸਹੇੜੀ ਰਖਦੇ ਹਨ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਉਹ ਮੁੜ ਜੂਨਾਂ-ਜਨਮਾਂ ਤੇ ਭਿੰਨ-ਭਿੰਨ ਗਰਭਾਂ ਦੇ ਦੁਖ ਸਹਾਰਦੇ ਤੇ ਪਛਤਾਉਂਦੇ ਹਨ।

"ਜਿਨੀ ਸਤਿਗੁਰ ਸਿਉ ਚਿਤੁ ਲਾਇਆ, ਸੋ ਖਾਲੀ ਕੋਈ ਨਾਹਿ" - ਪਰ ਜਿਹੜੇ ਮਨ ਕਰਕੇ ਸ਼ਬਦ-ਗੁਰੂ ਦੀ ਕਮਾਈ ਕਰਦੇ ਤੇ ਸ਼ਬਦ-ਗੁਰੂ ਦੇ ਅਨੁਸਾਰੀ ਹੋ ਕੇ ਆਪਣੇ ਜੀਵਨ ਨੂੰ ਬਿਤਾਉਂਦੇ ਹਨ ਉਨ੍ਹਾਂ ਚੋਂ ਕੋਈ ਜੀਊੜਾ ਵੀ ਪ੍ਰਭੂ ਮਿਾਲਪ ਤੋਂ ਵਾਂਞਾ ਨਹੀਂ ਰਹਿੰਦਾ ਭਾਵ ਉਹ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦੇ ਹਨ।

"ਤਿਨ ਜਮ ਕੀ ਤਲਬ ਨ ਹੋਵਈ, ਨਾ ਓਇ ਦੁਖ ਸਹਾਹਿ" - "ਜਮ ਕੀ ਤਲਬ ਨ ਹੋਵਈ" ਦੇ ਅਰਥ ਹਨ ਕਿ ਉਹ ਜੀਂਦੇ-ਜੀਅ ਵੀ ਆਤਮਕ ਤਲ `ਤੇ ਚੜ੍ਹਦੀਆਂ ਕਲਾ `ਚ ਰਹਿੰਦੇ ਹਨ ਤੇ ਸਰੀਰ ਤਿਆਗਣ ਬਾਅਦ ਵੀ ਉਨ੍ਹਾਂ ਨੂੰ ਮੁੜ ਭਿੰਨ-ਭਿੰਨ ਜਨਮਾਂ-ਜੂਨਾਂ ਤੇ ਗਰਭਾਂ ਆਦਿ ਦੇ ਦੁਖ ਨਹੀਂ ਸਹਾਰਨੇ ਪੈਂਦੇ।

"ਨਾਨਕ ਗੁਰਮੁਖਿ ਉਬਰੇ, ਸਚੈ ਸਬਦਿ ਸਮਾਹਿ" -ਹੇ ਨਾਨਕ! ਗੁਰੂ ਦੇ ਹੁਕਮ `ਚ ਟੁਰਣ ਤੇ ਸ਼ਬਦ-ਗੁਰੂ ਦੀ ਕਮਾਈ ਕਰਣ ਵਾਲੇ ਜੀਊੜੇ, ਜੀਂਦੇ-ਜੀਅ ਵੀ ਸੁਰਤ ਕਰਕੇ ਸੁਆਸ-ਸੁਆਸ ਆਪਣੇ ਅਸਲੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਉਪ੍ਰੰਤ ਸਰੀਰ ਤਿਆਗਣ ਬਾਅਦ ਵੀ ਉਹ ਸਦਾ ਲਈ ਪ੍ਰਭੂ `ਚ ਹੀ ਸਮਾਅ ਜਾਂਦੇ ਹਨ। ਉਨ੍ਹਾਂ ਦੇ ਪ੍ਰਾਪਤ ਮਨੁਖਾ ਜਨਮ ਹੀ ਸਫ਼ਲ ਹੋ ਜਾਂਦੇ ਹਨ। ੩।

ਪਉੜੀ॥ ਆਪਿ ਅਲਿਪਤੁ ਸਦਾ ਰਹੈ, ਹੋਰਿ ਧੰਧੈ ਸਭਿ ਧਾਵਹਿ॥ ਆਪਿ ਨਿਹਚਲੁ ਅਚਲੁ ਹੈ, ਹੋਰਿ ਆਵਹਿ ਜਾਵਹਿ॥ ਸਦਾ ਸਦਾ ਹਰਿ ਧਿਆਈਐ, ਗੁਰਮੁਖਿ ਸੁਖੁ ਪਾਵਹਿ॥ ਨਿਜ ਘਰਿ ਵਾਸਾ ਪਾਈਐ, ਸਚਿ ਸਿਫਤਿ ਸਮਾਵਹਿ॥ ਸਚਾ ਗਹਿਰ ਗੰਭੀਰੁ ਹੈ, ਗੁਰ ਸਬਦਿ ਬੁਝਾਈ॥ ੮॥ {ਪੰਨਾ ੯੫੦}

ਪਦ ਅਰਥ : —ਅਲਿਪਤੁ— ਮਾਇਕ ਪ੍ਰਭਾਵਾਂ ਤੋਂ ਨਿਰਲੇਪ, ਨਿਰਾਲਾ। ਹੋਰਿ—ਹੋਰ ਸਾਰੇ ਜੀਵ। ਧੰਧੈ—ਦੁਨੀਆ ਦੇ ਝੰਬੇਲੇ `ਚ। ਧਾਵਹਿ—ਦੌੜਦੇ ਤੇ ਖੱਚਤ ਰਹਿੰਦੇ ਹਨ। ਨਿਹਚਲੁ—ਨਾ ਹਿੱਲਣ ਵਾਲਾ, ਅਟੱਲ, ਸਦਾ ਥਿਰ। ਨਿਜ ਘਰਿ—ਆਪਣੇ ਅਸਲ ਘਰ `ਚ। ਸਚਿ—ਸੱਚੇ ਪ੍ਰਭੂ `ਚ। ਗਹਿਰ ਗੰਭੀਰੁ—ਡੂੰਘਾ, ਅਥਾਹ।

ਅਰਥ : — "ਆਪਿ ਅਲਿਪਤੁ ਸਦਾ ਰਹੈ, ਹੋਰਿ ਧੰਧੈ ਸਭਿ ਧਾਵਹਿ" -ਪ੍ਰਭੂ-ਪ੍ਰਮਾਤਮਾ ਆਪ ਸਦ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ, ਜਦਕਿ ਹੋਰ ਸਾਰੇ ਜੀਵ ਮੋਹ-ਮਾਇਆ ਦੇ ਝੰਬੇਲਿਆਂ `ਚ ਭਟਕਦੇ ਰਹਿੰਦੇ ਹਨ।

"ਆਪਿ ਨਿਹਚਲੁ ਅਚਲੁ ਹੈ, ਹੋਰਿ ਆਵਹਿ ਜਾਵਹਿ" -ਪ੍ਰਭੂ ਆਪ ਇਕੋ-ਇਕ ਸਦਾ-ਥਿਰ ਰਹਿਣ ਵਾਲੀ ਅਟੱਲ ਹੱਸਤੀ ਹੈ, ਜਦਕਿ ਹੋਰ ਸਾਰੇ ਜੰਮਦੇ-ਮਰਦੇ ਰਹਿੰਦੇ ਹਨ।

() "ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ" (ਪੰ: ੨੯੪)

() "ਤੁਧੁ ਆਪੇ ਆਪੁ ਉਪਾਇਆ॥ ਦੂਜਾ ਖੇਲੁ ਕਰਿ ਦਿਖਲਾਇਆ" (ਪੰਨਾ੭੩) ਆਦਿ

"ਸਦਾ ਸਦਾ ਹਰਿ ਧਿਆਈਐ, ਗੁਰਮੁਖਿ ਸੁਖੁ ਪਾਵਹਿ" - ਐ ਭਾਈ! ਤਾਂ ਤੇ ਮਨੁੱਖਾ ਜਨਮ ਪਾ ਕੇ ਸਦਾ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ, ਭਾਵ ਸ਼ਬਦ-ਗੁਰੂ ਦੀ ਕਮਾਈ ਰਾਹੀਂ ਮਨ ਤੇ ਸੁਰਤ ਕਰਕੇ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜੇ ਰਹਿਣਾ ਚਾਹੀਦਾ ਹੈ।

ਕਿਉਂਕਿ ਜਿਹੜੇ ਮਨ ਤੇ ਸੁਰਤ ਕਰਕੇ ਸਦਾ ਸ਼ਬਦ-ਗੁਰੂ ਦੀ ਕਮਾਈ ਤੇ ਸ਼ਬਦ-ਗੁਰੂ ਦੀਆਂ ਸਿਖਿਆਵਾਂ ਦਾ ਪਾਲਨ ਕਰਦੇ ਹਨ, ਉਹ ਸੁਆਸ-ਸੁਆਸ ਪ੍ਰਭੂ ਦੇ ਰੰਗ `ਚ ਰੰਗੇ ਰਹਿਕੇ ਜੀਂਦੇ-ਜੀਅ ਪ੍ਰਭੂ ਮਿਲਾਪ ਵਾਲੇ ਸੁਖ ਨੂੰ ਮਾਣ ਲੈਂਦੇ ਹਨ।

"ਨਿਜ ਘਰਿ ਵਾਸਾ ਪਾਈਐ, ਸਚਿ ਸਿਫਤਿ ਸਮਾਵਹਿ" - ਇਸ ਤਰ੍ਹਾਂ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜ ਕੇ ਜੀਂਦੇ ਜੀਅ ਮਨ ਤੇ ਸੁਰਤ ਕਰਕੇ ਆਪਣੇ ਅਸਲੇ ਪ੍ਰਭੂ `ਚ ਸਮਾਏ ਰਹਿਣ ਵਾਲਿਆਂ ਨੂੰ ਪ੍ਰਭੂ ਵਲੋਂ ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਪਾਇਆ ਜਾਂਦਾ। ਸਰੀਰ ਤਿਆਗਣ ਬਾਅਦ ਵੀ ਉਹ ਆਤਮਕ ਤਲ `ਤੇ ਸਦਾ ਲਈ ਅਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦੇ ਹਨ।

"ਸਚਾ ਗਹਿਰ ਗੰਭੀਰੁ ਹੈ, ਗੁਰ ਸਬਦਿ ਬੁਝਾਈ" -ਪ੍ਰਭੂ ਸਦਾ ਕਾਇਮ ਰਹਿਣ ਵਾਲੀ ਹੱਸਤੀ ਤੇ ਉਹ ਅਥਾਹ ਵੀ ਹੈ। ਜਦਕਿ ਜਗਿਆਸੂ ਨੂੰ ਇਸ ਇਲਾਹੀ ਸੱਚ ਦੀ ਪਹਿਚਾਣ ਕੇਵਲ ਤੇ ਕੇਵਲ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੀ ਸਿਫ਼ਤ-ਸਲਾਹ ਤੇ ਨਾਮ ਸਿਮਰਨ ਨਾਲ ਜੁੜ ਕੇ ਹੀ ਆਉਂਦੀ ਹੈ, ਉਂਝ ਨਹੀਂ। ੮। (ਚਲਦਾ) #Instt.P.8 (cond.) instt.19th.v..Ramkali ki vaar M.-3-02.19-P.8#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਉਨੀਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.