.

ਅੱਧੋਗਿਤੀ ਦਾ ਸ਼ਿਕਾਰ ਸਿਖ ਭਾਈਚਾਰਾ
ਭਾਗ ਪਹਿਲਾ


ਅਜੋਕੇ ਸਮੇਂ ਵਿਚ ‘ਸਿਖ’ ਭਾਈਚਾਰੇ ਦੀ ਅੰਦਰੂਨੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਆਧੁਨਿਕ ਦੌਰ ਦੀ ਸਮਾਜਿਕ ਹਫੜਾ-ਦਫੜੀ ਅਤੇ ਆਰਥਿਕ ਹਲਚਲ ਨੇ ਇਸ ਭਾਈਚਾਰੇ ਦੇ ਸਮੂਹਿਕ ਜੀਵਨ ਉੱਤੇ ਤਾਂ ਆਪਣਾ ਨਾਂਹ-ਪੱਖੀ ਪਰਭਾਵ ਪਾਇਆ ਹੀ ਹੈ, ਧਾਰਮਿਕ ਖੇਤਰ ਵਿਚ ਵੀ ਇਸ ਭਾਈਚਾਰੇ ਨੂੰ ਭਾਰੀ ਉੱਥਲ-ਪੁੱਥਲ ਅਤੇ ਹੁਲੱੜਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਭਾਈਚਾਰੇ ਨੇ ਸਿਆਸਤ ਨੂੰ ਵੀ ਆਪਣੇ ਧਾਰਮਿਕ ਅਕੀਦੇ ਦਾ ਹਿੱਸਾ ਮੰਨਿਆਂ ਹੋਇਆ ਹੈ ਜਿਸ ਕਰਕੇ ਇਸ ਭਾਈਚਾਰੇ ਦਾ ਸਮੂਹਿਕ ਜੀਵਨ ਇਸ ਨਿਵੇਕਲੀ ਸੋਚ ਕਰਕੇ ਅਤੇ ਦੇਸ਼-ਵਿਦੇਸ਼ ਵਿਚ ਵਾਪਰਦੇ ਵੱਖ-ਵੱਖ ਤਰ੍ਹਾਂ ਦੇ ਘਟਨਾਕ੍ਰਮ ਸਬੰਧੀ ਆਪਣਾ ਸਿਆਸੀ ਪ੍ਰਤੀਕਰਮ ਪੇਸ਼ ਕਰਦੇ ਹੋਏ ਅਣਸੁਖਾਵੇਂ ਅਨੁਭਵ ਹੰਡਾਉਂਦਾ ਰਹਿੰਦਾ ਹੈ। ਨਾਲ ਹੀ ਮੌਕਾਪ੍ਰਸਤ ਦੁਸ਼ਮਣ ਧਿਰਾਂ ਇਸ ਮੰਦਭਾਗੀ ਸਥਿਤੀ ਦਾ ਪੂਰਾ ਲਾਹਾ ਲੈਣ ਵਿਚ ਲੱਗੀਆਂ ਹੋਈਆਂ ਹਨ ਅਤੇ ਇਸ ਭਾਈਚਾਰੇ ਦੀਆਂ ਮੁਸ਼ਕਲਾਂ ਵਿਚ ਵਾਧਾ ਕਰਨ ਵਿਚ ਕਾਫੀ ਹੱਦ ਤਕ ਸਫਲ ਹਨ। ਇਸ ਲੇਖ ਵਿਚ ਮੁੱਖ ਤੌਰ ਤੇ ‘ਸਿਖ’ ਭਾਈਚਾਰੇ ਦੇ ਧਾਰਮਿਕ ਪੱਖ ਨੂੰ ਵਿਚਾਰਿਆ ਜਾਵੇਗਾ।

ਅਜੋਕੇ ‘ਸਿਖ’ ਭਾਈਚਾਰੇ ਵਿਚ ਸ਼ਾਮਲ ਪੰਜਾਬ ਅਤੇ ਪੰਜਾਬੋ ਬਾਹਰ ਦੇਸ਼-ਵਿਦੇਸ਼ ਵਿਚ ਵਸੇ ਹੋਏ ਲੋਕਾਂ ਦੀ ਗਿਣਤੀ ਢਾਈ ਕਰੋੜ ਦੇ ਲਗ-ਭਗ ਹੋਣ ਦਾ ਦਾਵਾ ਕੀਤਾ ਜਾਂਦਾ ਹੈ। ਇਹਨਾਂ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਸ਼ੇਸ਼ ਕਰਕੇ ਦੱਖਣੀ ਭਾਰਤ ਵਿਚ ਵੱਸਦੇ ਵਣਜਾਰੇ ਅਤੇ ਸਿਕਲੀਗਰ ਵਰਗਾਂ ਦੇ ‘ਸਿਖ’ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਜਿਹਨਾਂ ਦੀ ਗਿਣਤੀ ਪੰਜ ਕਰੋੜ ਤੋਂ ਵੀ ਵੱਧ ਦੱਸੀ ਜਾਂਦੀ ਹੈ (ਅਜਿਹਾ ਕਿਉਂ ਹੈ, ਕਿਸੇ ਨੂੰ ਕੁਝ ਪਤਾ ਨਹੀਂ)। ‘ ਸਿਖ ’ ਭਾਈਚਾਰੇ ਦਾ ਇਕ ਵਿਸ਼ੇਸ਼ ਪਹਿਲੂ ਇਹ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਦੂਰ-ਦੂਰ ਤੱਕ ਖਿੱਲਰੇ ਹੋਏ ਇਸ ਭਾਈਚਾਰੇ ਵਿਚ ਸ਼ਾਮਲ ਲੋਕਾਂ ਦੀ ਸੀਮਿਤ ਗਿਣਤੀ ਅਤੇ ਉਹਨਾਂ ਦੇ ਆਪਸੀ ਮੱਤ-ਭੇਦਾਂ ਦੀ ਬਹੁਤਾਤ ਹੁੰਦਿਆਂ ਹੋਇਆਂ ਵੀ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਦੀਆਂ ਤੰਦਾਂ ਆਪਸ-ਵਿਚ ਕਾਫੀ ਨੇੜਿਓਂ ਜੁੜੀਆਂ ਹੋਈਆਂ ਹਨ ਜਿਸ ਕਰਕੇ ਇਕ ਸੰਗਠਿਤ ਸਮਾਜਿਕ ਇਕਾਈ ਨਾ ਹੋਣ ਦੇ ਬਾਵਜੂਦ ਇਸ ਭਾਈਚਾਰੇ ਦੇ ਸਮੂਹਿਕ ਜੀਵਨ ਦੀਆਂ ਪਰਤਾਂ ਅਸਾਨੀ ਨਾਲ ਪਕੜ ਵਿਚ ਆ ਜਾਂਦੀਆ ਹਨ।

ਮੁੱਢਲਾ ਪੜਾਅ

ਇਸ ਸੰਦਰਭ ਵਿਚ ਸਭ ਤੋਂ ਪਹਿਲਾਂ ਇਹ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਗੁਰੂ ਨਾਨਕ ਜੀ ਅਤੇ ਉਹਨਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਮਜ਼ਹਬ ਭਾਵ
religion ਨੂੰ ਮੂਲੋਂ ਹੀ ਨਕਾਰ ਦਿੱਤਾ ਸੀ। ਉਹਨਾਂ ਵਿੱਚੋਂ ਕਿਸੇ ਨੇ ਵੀ ਆਪਣੇ ਵੱਲੋ ਕੋਈ ਨਵਾਂ ਅਤੇ ਨਿਵੇਕਲਾ ਮਜ਼ਹਬ ਨਹੀਂ ਚਲਾਇਆ ਸੀ। ਅਸਲ ਵਿਚ ਉਹਨਾਂ ਨੇ ਮਾਨਵਵਾਦ ਦੇ ਸੰਕਲਪ ਨੂੰ ਚਿਤਵਿਆ ਅਤੇ ਅਪਣਾਇਆ ਸੀ ਅਤੇ ਮਾਨਵਵਾਦ ਦੀ ਵਿਚਾਰਧਾਰਾ ਨੂੰ ਲੈ ਕੇ ਇਕ ਲਹਿਰ ਚਲਾਈ ਸੀ ਜੋ ਦੋ ਸਦੀਆਂ ਤੋਂ ਵੱਧ ਤਕ ਦੇ ਸਮੇਂ ਲਈ ਪੂਰੀ ਸਫਲਤਾ ਨਾਲ ਚੱਲੀ ਸੀ। ਮਾਨਵਵਾਦ ਮੁਕੰਮਲ ਤੌਰ ਤੇ ਧਰਮ-ਨਿਰਪੇਖ ਵਿਚਾਰਧਾਰਾ ਹੈ ਜੋ ਤਰਕਸ਼ੀਲਤਾ ਅਧਾਰਿਤ ਜੀਵਨ ਜਾਚ ਨੁੰ ਅਪਣਾਉਣ ਤੇ ਜ਼ੋਰ ਦਿੰਦੀ ਹੈ। ਅਜੋਕੇ ਸਮੇਂ ਵਿਚ ਮਾਨਵਵਾਦ ਦੀ ਲਹਿਰ ਅੰਤਰਰਾਸ਼ਟਰੀ ਪੱਧਰ ਉੱਤੇ ਵੀਹਵੀਂ ਸਦੀ ਦੇ ਪਹਿਲੇ ਅੱਧ ਤੋਂ ਉੱਠੀ ਹੈ। ਗੁਰੂ ਨਾਨਕ ਜੀ ਖੁਦ ‘ ਜਪੁ ਬਾਣੀ ’ ਵਿਚ ਸਪਸ਼ਟ ਕਰਦੇ ਹਨ
ਮੰਨੈ ਮਗੁ ਨ ਚਲੈ ਪੰਥੁ ॥
ਮੰਨੈ ਧਰਮ ਸੇਤੀ ਸਨਬੰਧੁ ॥

ਭਾਵ ਬ੍ਰਹਮੰਡੀ ਨਿਯਮ-ਤੰਤਰ
(Cosmic System) ਨੂੰ ਮੰਨਣ ਵਾਲਾ ਸੁਚੇਤ ਵਿਅਕਤੀ ਕਿਸੇ ‘ ਪੰਥ ’ ਭਾਵ ਕਿਸੇ ਮਜ਼ਹਬੀ ਫਿਰਕੇ (religious sect) ਵਿਚ ਸ਼ਾਮਲ ਨਹੀਂ ਹੁੰਦਾ ਅਤੇ ਉਹ ਸਦਾ ‘ ਧਰਮ ’ ਭਾਵ ਮਾਨਵਵਾਦੀ ਫਲਸਫੇ ਅਤੇ ਜੀਵਨ-ਜਾਚ ਨੂੰ ਹੀ ਸਮਰਪਿਤ ਰਹਿੰਦਾ ਹੈ। ਏਸੇ ਭਾਵ ਨੂੰ ਹੀ ਗੁਰੂ ਅਰਜਨ ਜੀ ਗੁਰਬਾਣੀ-ਗ੍ਰੰਥ ਵਿਚ ਇਸ ਤਰ੍ਹਾਂ ਪਰਗਟ ਕਰਦੇ ਹਨ
ਨਾ ਹਮ ਹਿੰਦੂ ਨਾ ਮੁਸਲਮਾਨ॥
ਅਲਹ ਰਾਮ ਕੇ ਪਿੰਡ ਪਰਾਣ॥ (ਪੰਨਾਂ 1136)
ਭਾਵ ਅਸੀਂ ਕਿਸੇ ਮਜ਼ਹਬ
(religion) ਨੂੰ ਮਾਨਤਾ ਨਹੀਂ ਦਿੰਦੇ, ਕੇਵਲ ਬ੍ਰਹਮੰਡੀ ਨਿਯਮ-ਤੰਤਰ (Cosmic System) ਨਾਲ ਬਣਦੇ ਆਪਣੀ ਹੋਂਦ (ਸਰੀਰਕ ਅਤੇ ਮਾਨਸਿਕ) ਦੇ ਸਬੰਧ ਨੂੰ ਹੀ ਮਹੱਤਵ ਦੇਂਦੇ ਹਾਂ। ਗੁਰਬਾਣੀ ਵਿਚ ਸ਼ਾਮਲ ਇਸ ਭਾਵ ਨੂੰ ਪਰਗਟ ਕਰਦੀਆਂ ਕਈ ਹੋਰ ਟੂਕਾਂ ਵੀ ਪੇਸ਼ ਕੀਤੀਆਂ ਜਾ ਸਕਦੀਆਂ ਹਨ ਅਤੇ ਇਹਨਾਂ ਸਾਰੀਆਂ ਉਦਾਹਰਨਾਂ ਦਾ ਸਪਸ਼ਟ ਭਾਵ ਇਹ ਹੈ ਕਿ ਗੁਰੂ ਸਾਹਿਬਾਨ ਨੇ ਮਜ਼ਹਬ (religion) ਦੀ ਹਰੇਕ ਵੰਨਗੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ। ਹੋਰਨਾਂ ਸੰਪਰਦਾਵਾਂ ਦੇ ਨਾਲ-ਨਾਲ ਇਸਲਾਮ ਅਤੇ ਹਿੰਦੂ ਮੱਤ ਦੋਵੇਂ ਉਸ ਖਿੱਤੇ ਦੇ ਪ੍ਰਮੁੱਖ ਮਜ਼ਹਬ ਸਨ ਜਿੱਥੇ ਗੁਰੂ ਸਾਹਿਬਾਨ ਵਿਚਰਦੇ ਆ ਰਹੇ ਸਨ ਅਤੇ ਏਸੇ ਕਰਕੇ ਉਹਨਾਂ ਨੇ ਮਜ਼ਹਬ ਪ੍ਰਤੀ ਆਪਣਾ ਵਿਚਾਰ ਦੇਣ ਲਈ ਮੁੱਖ ਤੌਰ ਤੇ ਇਹਨਾਂ ਦੋਵੇਂ ਮਜ਼ਹਬਾਂ ਦੀ ਉਦਾਹਰਨ ਦਿੱਤੀ ਹੈ। ‘ ਧਰਮ ’ ਦੇ ਸੰਕਲਪ ਨੂੰ ਵੀ ਗੁਰਬਾਣੀ-ਗ੍ਰੰਥ ਵਿਚ ਚੰਗੀ ਤਰ੍ਹਾਂ ਨਾਲ ਹੇਠਾਂ ਦਿੱਤੇ ਅਨੁਸਾਰ ਦਰਸਾਇਆ ਗਿਆ ਹੈ:
ਸਰਬ ਧਰਮ ਮਹਿ ਸ੍ਰੇਸ਼ਟ ਧਰਮੁ॥
ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (ਪੰਨਾਂ 266)
ਸਪਸ਼ਟ ਹੈ ਕਿ ਗੁਰੂ ਸਾਹਿਬਾਨ ‘ਧਰਮ’ ਨੂੰ ਮਜ਼ਹਬ/
religion ਦੇ ਤੌਰ ਤੇ ਨਹੀਂ ਪੇਸ਼ ਕਰ ਰਹੇ ਸਗੋਂ ਇਕ ਨੈਤਿਕਤਾ ਅਧਾਰਿਤ ਮਾਨਵਵਾਦੀ ਵਿਚਾਰਧਾਰਾ ਅਤੇ ਜੀਵਨ-ਜਾਚ ਦੇ ਤੌਰ ਤੇ ਪੇਸ਼ ਕਰ ਰਹੇ ਹਨ। ਗੁਰੂ ਸਾਹਿਬਾਨ ਨੇ ‘ਸਿਖ’ ਸ਼ਬਦ ਦੀ ਵਰਤੋਂ ਤਾਂ ਕੀਤੀ ਸੀ ਪਰੰਤੂ ਵਿਸ਼ੇਸ਼ ਅਰਥਾਂ ਵਿਚ ਜਿਵੇਂ ਕਿ ਗੁਰਬਾਣੀ-ਗ੍ਰੰਥ ਵਿਚ ਦਰਜ ਹੇਠਾਂ ਦਿੱਤੀਆਂ ਸਤਰਾਂ ਵਿਚ ਸਪਸ਼ਟ ਕੀਤਾ ਗਿਆ ਹੈ:
ਸੋ ਸਿਖ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥
ਆਪਣੇ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ (ਪੰਨਾਂ 601)
ਭਾਵ ਅਸਲੀ ‘ਸਿਖ’ ਵਿਅਕਤੀ ਜੋ ਸਾਨੂੰ ਪਿਆਰਾ ਹੈ ਉਹ ‘ਗੁਰ’ (ਵਡੇਰੇ) ਭਾਵ ਬ੍ਰਹਮੰਡੀ ਨਿਯਮ-ਤੰਤਰ ਦੇ ਅਨੁਸਾਰੀ ਹੋ ਕੇ ਜੀਵਨ ਬਤੀਤ ਕਰਦਾ ਹੈ ਅਤੇ ਮਨਮੁੱਖ (ਬ੍ਰਹਮੰਡੀ ਨਿਯਮ-ਤੰਤਰ ਤੋਂ ਅਵੇਸਲਾ ਹੋ ਕੇ ਹਉਮੈ ਦਾ ਸ਼ਿਕਾਰ) ਬਣ ਕੇ ਵਿਚਰਨ ਵਾਲਾ ਵਿਅਕਤੀ ਸਦਾ ਔਂਕੜਾਂ ਵਿਚ ਘਿਰਿਆ ਰਹਿੰਦਾ ਹੈ। ਇਸ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਇਕ ਵਿਸ਼ੇਸ਼ ਫਿਰਕੇ ਦੇ ਨਾਮ ਭਾਵ ‘ ਸਿਖ ਧਰਮ ’ ਵਿਚ ਵਰਤਿਆ ਗਿਆ ‘ ਸਿਖ ’ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਸ਼ਬਦ ‘ ਸਿਖ ’ ਦੇ ਅਰਥਾਂ ਵਾਲਾ ਸ਼ਬਦ ਨਹੀਂ।

ਇਤਹਾਸਿਕ ਪੱਖ

ਇਤਹਾਸਿਕ ਪੱਖੋਂ ਵੇਖਿਆ ਜਾਵੇ ਤਾਂ ਮੁੱਢ ਤੋਂ ਹੀ ‘ ਸਿਖ ’ ਭਾਈਚਾਰਾ ਅਣਸੁਖਾਵੀਆਂ ਪ੍ਰਸਥਿਤੀਆ ਵਿਚ ਘਿਰਿਆ ਆ ਰਿਹਾ ਹੈ। ਏਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ‘ ਮੁੱਢ ’ ਵਾਲਾ ਸਮਾਂ ਗੁਰੂ ਨਾਨਕ ਜੀ ਦੇ ਵੇਲਿਆਂ ਤੋਂ ਨਹੀਂ ਬਣਦਾ ਸਗੋਂ ਅਠਾਰ੍ਹਵੀਂ ਸਦੀ ਈਸਵੀ ਦੇ ਅੱਧ ਤੋਂ ਇਕ ਦਹਾਕਾ ਪਹਿਲਾਂ ਤੋਂ ਬਣਦਾ ਹੈ। ਸੰਨ 1708 ਈਸਵੀ ਵਿਚ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਦੇਹਾਂਤ ਤੋਂ ਬਾਦ ਬੰਦਾ ਬਹਾਦਰ ਦੇ ਸਮੇਂ, ਭਾਵ ਸੰਨ 1710 ਈਸਵੀ, ਤੋਂ ਲੈ ਕੇ ਗੁਰੂ ਸਾਹਿਬਾਨ ਦੇ ਬਹੁਤ ਥੋੜ੍ਹੀ ਗਿਣਤੀ ਵਿਚ ਰਹਿ ਗਏ ਪੈਰੋਕਾਰਾਂ ਵਿਚਲੇ ਜੁਝਾਰੂਆਂ ਨੇ ਆਪਣਾ ਸਾਰਾ ਧਿਆਨ ਸੱਤਾ-ਪ੍ਰਾਪਤੀ ਦੇ ਸੰਘਰਸ਼ ਵੱਲ ਲਗਾ ਦਿੱਤਾ ਹੋਇਆ ਸੀ (ਜਦੋਂ ਕਿ ਗੁਰੂ ਸਾਹਿਬਾਨ ਨੇ ਸੱਤਾ-ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਕਦੇ ਵੀ ਨਹੀਂ ਸੀ ਬਣਾਇਆ)। ਏਸੇ ਜਦੋ-ਜਹਿਦ ਦੌਰਾਨ ਉਹਨਾਂ ਦਾ ਇਕ ਪਾਸੇ ਤਾਕਤਵਰ ਮੁਗਲ ਹਕੂਮਤ ਨਾਲ ਅਤੇ ਦੂਸਰੇ ਪਾਸੇ ਬਾਹਰੀ ਹਮਲਾਵਰਾਂ ਨਾਲ ਟਕਰਾਓ ਬਣਿਆਂ ਹੀ ਰਹਿੰਦਾ ਸੀ। ਇਸ ਸਥਿਤੀ ਵਿਚ ਉਹਨਾਂ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਦੇ ਹੋਏ ਆਪਣਾ ਬਹੁਤਾ ਸਮਾਂ ਅਬਾਦੀ ਤੋਂ ਦੂਰ ਜੰਗਲਾਂ, ਬੀੜਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿਚ ਗੁਜ਼ਾਰਨਾ ਪੈਂਦਾ ਸੀ। ਉਹਨਾਂ ਦੇ ਪਰਿਵਾਰਾਂ ਦੇ ਲੋਕ ਅਤੇ ਉਹਨਾਂ ਦੇ ਭਾਈਚਾਰੇ ਵਿਚਲੇ ਦੂਸਰੇ ਵਿਅਕਤੀ ਆਪਣੇ ਘਰਾਂ ਅਤੇ ਕੰਮ-ਕਾਰ ਦੇ ਸਥਾਨਾਂ ਤਕ ਹੀ ਸਿਮਟੇ ਹੋਏ ਸਹਿਮ ਦਾ ਜੀਵਨ ਬਿਤਾਉਣ ਲਈ ਮਜਬੂਰ ਹੁੰਦੇ ਸਨ। ਪਰੰਤੂ ਇਸ ਘੋਰ ਸੰਕਟ ਦੇ ਸਮੇਂ ਦਾ ਅਤੇ ਗੁਰੂ ਸਾਹਿਬਾਨ ਦੀ ਗੈਰਮੌਜੂਦਗੀ ਦਾ ਫਾਇਦਾ ਉਠਾਉਂਦੇ ਹੋਏ ਬ੍ਰਾਹਮਣਵਾਦੀ ਧਿਰਾਂ ਦੀ ਉਦਾਸੀ ਸੰਪਰਦਾ ਦੇ ਕਾਰਕੁੰਨਾਂ ਨੇ ਗੁਰੂ ਸਾਹਿਬਾਨ ਵੱਲੋਂ ‘ ਧਰਮਸਾਲਾਂ ’ ਦੇ ਰੂਪ ਵਿਚ ਸਥਾਪਤ ਕੀਤੇ ਹੋਏ ਮਾਨਵਵਾਦੀ ਪਰਚਾਰ ਕੇਂਦਰ ਜਿਵੇਂ ਅੰਮ੍ਰਿਤਸਰ, ਤਰਨਤਾਰਨ, ਕਰਤਾਰਪੁਰ (ਜਲੰਧਰ ਨੇੜੇ), ਅਨੰਦਪੁਰ, ਕੀਰਤਪੁਰ ਆਦਿਕ ਆਪਣੇ ਨਿਯੰਤਰਨ ਹੇਠ ਲੈ ਲਏ (ਗੁਰੂ ਨਾਨਕ ਜੀ ਦੀ ਉਮਰ ਦੇ ਅੰਤਲੇ ਸਾਲਾਂ ਵਿਚ ਉਹਨਾਂ ਦੀ ਰਿਹਾਇਸ਼ ਵਾਲੀ ਜਗਹ ਜਿਸ ਨੂੰ ਹੁਣ ‘ਕਰਤਾਰਪੁਰ’ ਤੋਂ ਬਦਲਕੇ ਬਣਾਏ ਹੋਏ ਨਾਮ ‘ਡੇਹਰਾ ਬਾਬਾ ਨਾਨਕ’ ਨਾਲ ਜਾਣਿਆਂ ਜਾਂਦਾ ਹੈ, ਪਹਿਲਾਂ ਹੀ ਗੁਰੂ ਨਾਨਕ ਜੀ ਦੇ ਵੱਡੇ ਪੁੱਤਰ ਅਤੇ ਉਦਾਸੀ ਫਿਰਕੇ ਦੇ ਮੋਢੀ ਬਾਬਾ ਸ੍ਰੀ ਚੰਦ ਦੇ ਵੰਸ਼ਜਾਂ ਦੇ ਅਧਿਕਾਰ ਹੇਠ ਸੀ, ਸ਼ਾਇਦ ਏਸੇ ਕਰਕੇ ਹੀ ਹੁਣ ਉਹਨਾਂ ਲਈ ਦੂਸਰੇ ਅਸਥਾਨਾਂ ਵਿਚ ਦਖਲ ਦੇਣਾ ਅਸਾਨ ਹੋ ਗਿਆ ਸੀ)। ਉਦਾਸੀ ਸੰਪਰਦਾ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਤੋਂ ਬਾਗੀ ਹੋਏ ਬਾਬਾ ਸ੍ਰੀ ਚੰਦ ਵੱਲੋਂ ਗੁਰੂ ਸਾਹਿਬਾਨ ਦੀ ਚਲਾਈ ਹੋਈ ਮਾਨਵਵਾਦੀ ਲਹਿਰ ਨੂੰ ਢਾਅ ਲਾਉਣ ਦੇ ਮਨੋਰਥ ਨਾਲ ਚਾਲੂ ਕੀਤੀ ਗਈ ਹੋਈ ਸੀ। ਉਦਾਸੀ ਫਿਰਕੇ ਦੇ ਲੋਕਾਂ ਨੂੰ ਬ੍ਰਾਹਮਣੀ ਫਲਸਫੇ ਅਤੇ ਰਹੁਰੀਤਾਂ ਦੀ ਚੰਗੀ ਸਿਖਲਾਈ ਹਾਸਲ ਹੁੰਦੀ ਸੀ। ਉਹ ਸਿਰ-ਮੂੰਹ ਦੇ ਵਾਲ ਕਟਾ ਕੇ ਰੱਖਦੇ ਸਨ ਅਤੇ ਉਹਨਾਂ ਦਾ ਭੇਸ ਵੀ ਹਿੰਦੂ ਸਾਧਾਂ-ਸੰਤਾਂ ਵਾਲਾ ਹੁੰਦਾ ਸੀ। ਫਿਰ ਵੀ ਉਦਾਸੀ ਫਿਰਕੇ ਦੇ ਲੋਕਾਂ ਨੇ ਆਪਣੇ-ਆਪ ਨੂੰ ‘ ਗੁਰੂ ਨਾਨਕ ਜੀ ਦੇ ਪੁੱਤਰ ’ ਦੇ ਪੈਰੋਕਾਰਾਂ ਵਜੋਂ ਪੇਸ਼ ਕਰਦੇ ਹੋਏ ਸਿਖ ਭਾਈਚਾਰੇ ਨਾਲ ਚੰਗੀ ਨੇੜਤਾ ਬਣਾ ਰੱਖੀ ਸੀ। ਸੰਨ 1734 ਈਸਵੀ ਵਿਚ ਹੋਈ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਮੁਸਲਮਾਨ ਹਾਕਮਾਂ ਵੱਲੋਂ ਕੀਤੀ ਜਾ ਰਹੀ ਸਖਤੀ ਕਾਰਨ ਕਿਸੇ ‘ਖਾਲਸਾ’ ਭੇਸ ਵਾਲੇ ਸ਼ਖਸ ਲਈ ਮਾਨਵਵਾਦ ਦੇ ਕੇਂਦਰਾਂ ਵਿਸ਼ੇਸ਼ ਕਰਕੇ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਸਾਂਭ-ਸੰਭਾਲ ਦੇ ਕਾਰਜ ਲਈ ਬੈਠਣਾ ਮੁਸ਼ਕਲ ਹੋ ਗਿਆ ਸੀ। ਇਸ ਮੌਕੇ ਤੇ ਹਿੰਦੂ ਸ਼ਕਲ-ਸੂਰਤ ਰੱਖਣ ਵਾਲੇ, ਦੇਖਣ ਨੂੰ ਸਾਧੂ ਰੂਪ ਅਤੇ ਗੁਰੂ ਸਾਹਿਬਾਨ ਦੇ ਪੈਰੋਕਾਰਾਂ ਵਿਚ ਮਾਨਤਾ ਬਣਾ ਚੁੱਕੇ ਉਦਾਸੀ ਫਿਰਕੇ ਦੇ ਲੋਕ ਚਲਾਕੀ ਨਾਲ ਦਰਬਾਰ ਸਾਹਿਬ ਅਤੇ ਗੁਰੂ ਸਾਹਿਬਾਨ ਵੱਲੋਂ ਸਥਾਪਤ ਕੀਤੇ ਹੋਏ ਹੋਰਨਾਂ ਮਾਨਵਵਾਦੀ ਪਰਚਾਰ ਕੇਂਦਰਾਂ ਵਿਚ ਘੁੱਸਪੈਠ ਕਰ ਗਏ ਅਤੇ ਉਹਨਾਂ ਨੇ ਓਥੇ ਗੁਰੂ ਸਾਹਿਬਾਨ ਦੇ ਆਸ਼ੇ ਦੇ ਵਿਪਰੀਤ ਜਾਂਦੇ ਹੋਏ ‘ ਪੁਜਾਰੀਆਂ ’ ਵਜੋਂ ਧਾਰਮਿਕ ਰਹੁ-ਰੀਤਾਂ ਨਿਭਾਉਣ ਦਾ ਕਾਰਜ ਚਾਲੂ ਕਰ ਦਿੱਤਾ। ਦਰਬਾਰ ਸਾਹਿਬ ਦੇ ਉਦਾਸੀ ਪੁਜਾਰੀਆਂ ਵਿਚ ਗੋਪਾਲ ਦਾਸ ਦਾ ਨਾਮ ਵਿਸ਼ੇਸ਼ ਤੌਰ ਤੇ ਮੋਢੀ ਪੁਜਾਰੀ ਵਜੋਂ ਆਉਂਦਾ ਹੈ। ਉਸ ਨੇ ਇਕ ਸੋਚੀ-ਸਮਝੀ ਚਾਲ ਅਧੀਨ ਦਰਬਾਰ ਸਾਹਿਬ ਵਿਖੇ ਕਰਮ-ਕਾਂਡੀ ਰੀਤਾਂ ਅਤੇ ਮਨਮੱਤੀ ਕਾਰਵਾਈਆਂ ਚਾਲੂ ਕਰ ਦਿੱਤੀਆਂ। ਦਰਬਾਰ ਸਾਹਿਬ ਨੂੰ ਪੂਜਾ-ਅਸਥਾਨ ਦਾ ਰੂਪ ਮਿਲਣ ਨਾਲ ਓਥੇ ਚੜ੍ਹਾਵਾ ਚੜ੍ਹਨਾ ਅਰੰਭ ਹੋ ਗਿਆ। ਦਸਵੰਧ ਅਤੇ ਚੜ੍ਹਾਵੇ ਦੇ ਰੂਪ ਵਿਚ ਵਧੀ ਹੋਈ ਆਮਦਨ ਪਰਾਪਤ ਕਰਕੇ ਉਹ ਭ੍ਰਿਸ਼ਟਾਚਾਰ ਵਿਚ ਗਲਤਾਨ ਹੋ ਗਿਆ। ਉਸ ਦੀਆਂ ਕਾਰਵਾਈਆਂ ਦਾ ਗੁਰੂ ਸਾਹਿਬਾਨ ਵੱਲੋਂ ਸਥਾਪਤ ਕੀਤੇ ਬਾਕੀ ਕੇਂਦਰਾਂ ਤੇ ਵੀ ਅਸਰ ਹੋਇਆ ਕਿਉਂਕਿ ਸਭ ਥਾਵਾਂ ਤੇ ਉਦਾਸੀ ਫਿਰਕੇ ਦੇ ਪੁਜਾਰੀ ਆਪਣੇ ਪੈਰ ਜਮਾ ਬੈਠੇ ਸਨ। ਮਾਨਵਵਾਦੀ ਕੇਂਦਰਾਂ ਵਿਚ ਅਜਿਹੀਆਂ ਬ੍ਰਾਹਮਣਵਾਦੀ ਰਹੁ-ਰੀਤਾਂ ਨਾਲ ਗੁਰੂ ਸਾਹਿਬਾਨ ਵੱਲੋਂ ਚਲਾਈ ਹੋਈ ਮਾਨਵਵਾਦੀ ਲਹਿਰ ਨੂੰ ਇਕ ਮਜ਼ਹਬ/
religion ਭਾਵ ਸੰਪਰਦਾਈ ਧਰਮ ਦਾ ਰੂਪ ਮਿਲਣਾ ਅਰੰਭ ਹੋ ਗਿਆ। ਕਿਉਂਕਿ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ ਨੂੰ ਪੂਰੀ ਤਰ੍ਹਾਂ ਨਕਾਰਿਆ ਸੀ ਇਸ ਲਈ ਉਦਾਸੀ ਫਿਰਕੇ ਨੇ ਉਲਟ-ਵਾਰ ਕਰਦੇ ਹੋਏ ਉਹਨਾਂ ਦੇ ਸਾਰੇ ਮਾਨਵਵਾਦੀ ਪਰਚਾਰ-ਕੇਂਦਰਾਂ ਨੂੰ ਬਾਂਹਮਣਵਾਦੀ ਪੂਜਾ-ਅਸਥਾਨਾਂ ਵਿਚ ਬਦਲ ਦਿੱਤਾ ਤਾਂ ਕਿ ਇਸ ਲਹਿਰ ਵੱਲੋਂ ਹਿੰਦੂ ਧਰਮ ਨੂੰ ਬਣੇ ਹੋਏ ਖਤਰੇ ਦਾ ਖਾਤਮਾ ਕਰ ਦਿੱਤਾ ਜਾਵੇ ਅਤੇ ਉਦਾਸੀ ਫਿਰਕੇ ਨੂੰ ਆਪਣੇ ਪੈਰ ਪਸਾਰਨ ਲਈ ਸਹੂਲਤਾਂ ਅਤੇ ਮੌਕੇ ਪਰਾਪਤ ਹੋ ਸਕਣ। ਅਠਾਰ੍ਹਵੀਂ ਸਦੀ ਈਸਵੀ ਦੇ ਅੱਧ ਤੋਂ ਪਹਿਲਾਂ ਸ਼ੁਰੂ ਹੋਏ ਇਸ ਮੰਦਭਾਗੇ ਰੁਝਾਨ ਤਹਿਤ ਛੇਤੀ ਹੀ ਗਰੂ ਸਾਹਿਬਾਨ ਦੀ ਮਾਨਵਵਾਦੀ ਲਹਿਰ ਦੀ ਥਾਂ ਤੇ ਉਹਨਾਂ ਦੇ ਹੀ ਨਾਮ ਉੱਤੇ ਇਕ ਹਿੰਦੂ ਵੰਨਗੀ ਦਾ ਸੰਪਰਦਾਈ ਧਰਮ ਹੋਂਦ ਵਿਚ ਆ ਗਿਆ ਜਿਸ ਨੂੰ ਉਦਾਸੀਆਂ ਨੇ ‘ ਸਿਖ ਧਰਮ ’ ਦਾ ਨਾਮ ਦੇ ਦਿੱਤਾ। ਗੁਰੂ ਸਾਹਿਬਾਨ ਦੇ ਪੈਰੋਕਾਰ ਅਖਵਾਉਂਦੇ ਭਾਈਚਾਰੇ ਦੇ ਅਵੇਸਲੇ ਲੋਕਾਂ ਨੇ ਸਹਿਜੇ ਹੀ ਇਸ ਵਿਨਾਸ਼ਕਾਰੀ ਅਤੇ ਰੁਖ-ਪਲਟਾਊ ਬਦਲਾਵ ਨੂੰ ਮਾਨਤਾ ਦੇ ਦਿੱਤੀ। ਇਸ ਤਰ੍ਹਾਂ ਧਰਮ-ਅਧਾਰਿਤ ‘ਸਿਖ’ ਭਾਈਚਾਰੇ ਦੀ ਸਥਾਪਤੀ ਅਠਾਰ੍ਹਵੀਂ ਸਦੀ ਈਸਵੀ ਦੇ ਮੱਧ ਤੋਂ ਕੁਝ ਸਮਾਂ ਪਹਿਲਾਂ ਹੀ ਹੁੰਦੀ ਹੈ। ਅਠਾਰ੍ਹਵੀਂ ਸਦੀ ਦੇ ਦੂਸਰੇ ਅੱਧ ਵਿਚ ਮਿਸਲਾਂ ਅਤੇ ਫਿਰ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਉਦਾਸੀਆਂ ਦੀ ਜਗਹ ‘ ਸਿੱਖਾਂ ’ ਦੇ ਭੇਸ ਵਾਲੇ ਨਿਰਮਲੇ ਮਹੰਤਾਂ ਨੇ ਲੈ ਲਈ ਅਤੇ ਹਿੰਦੂ ਵੰਨਗੀ ਦੇ ਇਸ ‘ ਸਿਖ ਧਰਮ ’ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਪੱਕੀਆਂ ਕਰ ਦਿੱਤੀਆਂ। ਇਸ ‘ ਸੰਪਰਦਾਈ ਧਰਮ ’ ਵਿਚ ਸ਼ਾਮਲ ਲੋਕਾਂ ਨੂੰ ਸਿੱਧਾ ‘ ਸਿਖ ’ ਕਹਿਣ ਦੀ ਬਜਾਇ ‘ਸੰਪਰਦਾਈ ਸਿਖ’ ਕਹਿਣਾ ਵਧੇਰੇ ਉਚਿਤ ਹੋਵੇਗਾ ਤਾਂ ਕਿ ਉਹਨਾਂ ਨੂੰ ਗੁਰਬਾਣੀ ਵਿਚ ਪੇਸ਼ ਕੀਤੇ ਗਏ ‘ ਸਿਖ ’ ਰੂਪ ਨਾਲੋਂ ਵਖਰਿਆਇਆ ਜਾ ਸਕੇ।

ਉਲਝੀ ਹੋਈ ਤਾਣੀ

ਏਥੇ ਧਿਆਨ ਦੇਣ ਵਾਲੀ ਵਿਸ਼ੇਸ਼ ਗੱਲ ਇਹ ਹੈ ਕਿ ਗੁਰੂ ਸਾਹਿਬਾਨ ਦੇ ਮਾਨਵਵਾਦੀ ਪੈਰੋਕਾਰਾਂ ਦੇ ਸਮੂਹ ਦੀ ਜਗਹ ਉੱਤੇ ਹੋਂਦ ਵਿਚ ਆਏ ਸੰਪਰਦਾਈ ਸਿਖ ਭਾਈਚਾਰੇ ਨੂੰ ਅਜੋਕੇ ਸਮੇਂ ਤਕ ਕਦੀ ਵੀ ਸੁਖ-ਚੈਨ ਨਸੀਬ ਨਹੀਂ ਹੋਇਆ। ਇਸ ਸਥਿਤੀ ਦਾ ਮੁੱਖ ਕਾਰਨ ਮਨੋਵਿਗਿਆਨਕ ਹੈ। ਇਸ ਫਿਰਕੇ ਦੇ ਲੋਕ ਦਵੰਧ ਦੀ ਦਲਦਲ ਵਿਚ ਫਸੇ ਹੋਏ ਹਨ ਕਿਉਂਕਿ ਉਹ ਇਕ ਪਾਸੇ ਇਸ ਮਜ਼ਹਬ ਦੀ ਉਤਪੱਤੀ ਦੀ ਸਹੀ ਜਾਣਕਾਰੀ ਦੀ ਘਾਟ ਦੇ ਕਾਰਨ ‘ਸਿਖ ਧਰਮ’ ਨੂੰ ਸਿੱਧਾ ਗੁਰੂ ਨਾਨਕ ਜੀ ਜਾਂ ਦੂਸਰੇ ਗੁਰੂ ਸਾਹਿਬਾਨ ਨਾਲ ਜੋੜਦੇ ਹਨ ਅਤੇ ਦੂਸਰੇ ਪਾਸੇ ਉਹ ਆਪਣੇ ਮਜ਼ਹਬ ਨੂੰ ਗੁਰਬਾਣੀ ਵਿਚਲੇ ਫਲਸਫੇ ਉੱਤੇ ਅਧਾਰਿਤ ਹੋਇਆ ਸਮਝਣ ਦਾ ਭਰਮ ਪਾਲੀ ਬੈਠੇ ਹਨ ਜਦੋਂ ਕਿ ਇਹ ‘ ਸੰਪਰਦਾਈ ਸਿਖ ਧਰਮ ’ ਸਿੱਧਾ ਹੀ ਗੁਰਬਾਣੀ ਦੀ ਵਿਚਾਰਧਾਰਾ ਅਤੇ ਗੁਰੂ ਸਾਹਿਬਾਨ ਵੱਲੋਂ ਅਪਣਾਈ ਅਤੇ ਪਰਚਾਰੀ ਗਈ ਜੀਵਨ-ਜਾਚ ਦੇ ਵਿਪਰੀਤ ਜਾਂਦਾ ਹੈ। ਇਸ ਤਰ੍ਹਾਂ ਹਰੇਕ ‘ ਸਿਖ ’ ਅਖਵਾਉਂਦਾ ਵਿਅਕਤੀ ਭੰਬਲਭੂਸੇ ਅਤੇ ਦਵੰਧ ਦੀ ਸਥਿਤੀ ਵੱਚੋਂ ਗੁਜ਼ਰ ਰਿਹਾ ਹੈ। ਇਸ ਤੋਂ ਵੀ ਅੱਗੇ ‘ ਸੰਪਰਦਾਈ ਸਿਖ ਧਰਮ ’ ਦੇ ਅਜੋਕੇ ਪੈਰੋਕਾਰ ਆਪਣੇ ਮਜ਼ਬ ਨੂੰ ‘ਆਧੁਨਿਕ’ ਅਤੇ ‘ਨਿਵੇਕਲਾ’ ਬਣਾ ਕੇ ਪੇਸ਼ ਕਰਨ ਦਾ ਯਤਨ ਕਰਦੇ ਹਨ ਜਦੋਂ ਕਿ ਇਸ ਮਜ਼ਹਬ ਵਿਚ ਉਹ ਸਾਰੇ ਔਗੁਣ ਸ਼ਾਮਲ ਹਨ ਜੋ ਦੂਸਰੇ ਮਜ਼ਹਬਾਂ ਵਿਚ ਨਜ਼ਰ ਆਉਂਦੇ ਹਨ ਅਤੇ ਜਿਹਨਾਂ ਦੀ ਗੁਰੂ ਸਾਹਿਬਾਨ ਨੇ ਭਰਪੂਰ ਆਲੋਚਨਾ ਕੀਤੀ ਸੀ। ‘ਸੰਪਰਦਾਈ ਸਿਖ’ ਵਿਵਹਾਰਿਕ ਪੱਖੋਂ ਉਤਨੇ ਹੀ ਪਿਛਾਂਹ-ਖਿੱਚੂ ਅਤੇ ਕੱਟੜਪੰਥੀ ਹਨ ਜਿਤਨੇ ਕਿ ਕਿਸੇ ਹੋਰ ਮਜ਼ਹਬ ਦੇ ਪੈਰੋਕਾਰ। ਬਾਕੀ ਮਜ਼ਹਬਾਂ ਦੇ ਵਾਂਗ ਸੰਪਰਦਾਈ ਸਿਖ ਧਰਮ ਦੀਆਂ ਵੀ ਅੱਗੋਂ ਕਈ ਸ਼ਾਖਾਵਾਂ, ਉਪ-ਸੰਪਰਦਾਵਾਂ, ਜਮਾਤਾਂ, ਠਾਠਾਂ, ਟਕਸਾਲਾਂ, ਸੰਸਥਾਵਾਂ, ਜੱਥੇਬੰਦੀਆਂ ਆਦਿਕ ਬਣੀਆਂ ਹੋਈਆਂ ਹਨ ਜੋ ਆਪੋ-ਆਪਣਾ ਰਾਗ ਅਲਾਪਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਵਿਵਹਾਰਿਕ ਪੱਖੋਂ ਅਜੋਕਾ ਸੰਪਰਦਾਈ ਸਿਖ ਧਰਮ ਅਜਿਹੀ ਗੁਰਮੱਤ ਵਿਰੋਧੀ ਵਿਵਸਥਾ ਹੈ ਜਿਸ ਦੀ ਆਪਣੀ ਤਾਣੀ ਵੀ ਬੁਰੀ ਤਰ੍ਹਾਂ ਉਲਝੀ ਹੋਈ ਹੈ।

ਸੰਪਰਦਾਈ ਸਿਖ ਭਾਈਚਾਰੇ ਦੇ ਧਾਰਮਿਕ ਵਰਤਾਰੇ ਦੇ ਨਾਲ-ਨਾਲ ਇਸ ਵਿਚ ਸ਼ਾਮਲ ਲੋਕਾਂ ਦੇ ਸਿਆਸੀ ਨਜ਼ਰੀਏ ਬਾਰੇ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਸ ਭਾਈਚਾਰੇ ਦੇ ਲੋਕਾਂ ਦੀ ਮਾਨਸਿਕਤਾ ਵਿਚ ਇਹ ਗੱਲ ਘਰ ਕਰਕੇ ਬੈਠੀ ਹੋਈ ਹੈ ਕਿ ਉਹਨਾਂ ਦੇ ਮਜ਼ਹਬ ਵਿਚ ਪੀਰੀ ਦੇ ਨਾਲ-ਨਾਲ ‘ ਮੀਰੀ ’ ਦੀ ਵਿਵਸਥਾ ਵੀ ਮੌਜੂਦ ਹੈ ਭਾਵ ਰਾਜ ਭਾਗ ਦੀ ਪਰਾਪਤੀ ਇਸ ਭਾਈਚਾਰੇ ਦੀ ਤਕਦੀਰ ਵਿਚ ਹੀ ਲਿਖੀ ਹੋਈ ਹੈ ਅਤੇ ਏਸੇ ਕਰਕੇ ਇਹ ਲੋਕ ‘ਰਾਜ ਕਰੇਗਾ ਖਾਲਸਾ’ ਅਤੇ ‘ਖਾਲਸਾ ਜੀ ਕੇ ਬੋਲ-ਬਾਲੇ ’ ਵਾਲੇ ਨਾਹਰੇ ਹਰ ਵਕਤ ਲਗਾਉਂਦੇ ਰਹਿੰਦੇ ਹਨ ਵਿਸ਼ੇਸ਼ ਕਰਕੇ ਸਮੂਹਿਕ ਅਰਦਾਸ ਦੀ ਰਸਮ ਨਿਭਾਉਣ ਵੇਲੇ। ਇਸ ਵਹਿਮ ਦਾ ਅਧਾਰ ਸੰਪਰਦਾਈ ਸਿਖ ਭਾਈਚਾਰੇ ਵੱਲੋਂ ਭਾਈ ਨੰਦ ਲਾਲ ਗੋਯਾ ਦੇ ‘ਤਨਖਾਹਨਾਮੇ ’ ਵਿਚ ਵਰਤੇ ਗਏ ਸ਼ਬਦ ‘ ਖਾਲਸਾ ’ ਦੇ ਅਰਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕਾਰਵਾਈ ਦੇ ਨਾਲ-ਨਾਲ ਉਹਨਾਂ ਵੱਲੋਂ ਗੁਰਮੱਤ ਦੇ ਵਿਪਰੀਤ ਜਾਂਦੇ ਹੋਏ ਬੰਦਾ ਬਹਾਦਰ ਤੋਂ ਲੈ ਕੇ ਮਹਾਂਰਾਜਾ ਰਣਜੀਤ ਸਿੰਘ ਤਕ ਦੇ ਸਮੇਂ ਵਿਚ ਬਣੀਆਂ ਰਾਜ-ਸੱਤਾ ਪਰਾਪਤ ਕਰਨ ਦੀਆਂ ਪ੍ਰਸਥਿਤੀਆਂ ਹਨ। ਇਸ ਵਹਿਮ ਨੂੰ ਵੱਖ-ਵੱਖ ਰਹਿਤਨਾਮਿਆਂ, ‘ਗੁਰਪਰਤਾਪ ਸੂਰਜ ਗ੍ਰੰਥ’, ‘ਗੁਰਬਿਲਾਸ ਪਾਤਸ਼ਾਹੀ 6’, ‘ਪ੍ਰਾਚੀਨ ਪੰਥ ਪ੍ਰਕਾਸ਼’ ਅਤੇ ਗਿਆਨੀ ਗਿਆਨ ਸਿੰਘ ਦੀਆਂ ਪੁਸਤਕਾਂ ਵਰਗੀਆਂ ਮਨਮੱਤੀ ਲਿਖਤਾਂ ਰਾਹੀਂ ਪੱਕੇ ਵਿਸ਼ਵਾਸ ਵਿਚ ਬਦਲ ਦਿੱਤਾ ਗਿਆ ਹੋਇਆ ਹੈ। ਉਂਜ ਸਿਆਸੀ ਸੂਝ ਪੱਖੋਂ ਇਹ ਭਾਈਚਾਰਾ ਬਿਲਕੁਲ ਕੋਰਾ ਹੈ। ਇਸ ਸਿਆਸੀ ਸੂਝ ਦੀ ਘਾਟ ਦੀਆਂ ਉਦਾਹਰਨਾਂ ਵਜੋਂ ਅਠਾਰ੍ਹਵੀਂ ਸਦੀ ਈਸਵੀ ਵਿਚ ਸੰਗਠਿਤ ਹੋਏ ‘ਦਲ ਖਾਲਸਾ’ ਦੇ ਆਦਰਸ਼ਕ ਸੰਘੀ ਰਾਜ ਦੇ ਸਾਂਝੇ ਟੀਚੇ ਦੇ ਵਿਪਰੀਤ ਜਾਂਦੇ ਹੋਏ ਮਿਸਲਦਾਰਾਂ ਵੱਲੋਂ ਆਪਣੇ-ਆਪਣੇ ਰਾਜ ਸਥਾਪਤ ਕਰਨੇ, ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਤ ਹੋਣਾ ਅਤੇ ਇਸ ਦਾ ਪਤਨ ਹੋ ਜਾਣਾ, ਮਹਾਂਰਾਜਾ ਰਣਜੀਤ ਸਿੰਘ ਦੇ ਨਿਰੁੰਕਸ਼ ਰਾਜ ਨੂੰ ‘ਖਾਲਸਾ ਰਾਜ’ ਨਾਮ ਦੇਣ ਦੀ ਪਰੰਪਰਾ ਬਣਾਉਣੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਤੀ ਨਾਲ ਸੰਪਰਦਾਈ ਸਿਖ ਧਰਮ ਵਿਚ ਮਹੰਤਗੀਰੀ ਅਤੇ ਸਰਕਾਰ ਦੀ ਦਖਲਅੰਦਾਜ਼ੀ ਨੂੰ ਸਵੀਕ੍ਰਿਤੀ ਪਰਦਾਨ ਕਰਨ, ਭਾਰਤ ਦੀ ਅੰਗਰੇਜ਼ੀ ਰਾਜ ਤੋਂ ਅਜ਼ਾਦੀ ਪਰਾਪਤ ਕਰਨ ਦੇ ਸੰਘਰਸ਼ ਵਿਚ ‘ਸਿਖ’ ਭਾਈਚਾਰੇ ਵੱਲੋਂ 80 % ਤੋਂ ਵੱਧ ਕੁਰਬਾਨੀਆਂ ਦੇਣ ਤੋਂ ਬਾਦ ਵੀ ਕੋਈ ਸਿਆਸੀ ਲਾਹਾ ਨਾ ਲੈ ਸਕਣਾ ਆਦਿਕ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਅਸਲ ਵਿਚ ਸੰਪਰਦਾਈ ਸਿਖ ਧਰਮ ਦੀ ਜਿਸ ਤਰ੍ਹਾਂ ਨਾਲ ਉਤਪੱਤੀ ਹੋਈ ਹੈ ਉਹ ਇਕ ਫਰੇਬਵਾਦ ਦੀ ਪ੍ਰੀਕਿਰਿਆ ਹੈ ਕਿਉਂਕਿ ਜਿਵੇਂ ਉੱਪਰ ਦੱਸਿਆ ਗਿਆ ਹੈ ਇਹ ਮਜ਼ਹਬ ਗੁਰੂ ਸਾਹਿਬਾਨ ਦਾ ਚਲਾਇਆ ਹੋਇਆ ਨਹੀਂ ਸਗੋਂ ਕੁਝ ਬ੍ਰਾਹਮਣਵਾਦੀ ਧਿਰਾਂ (ਪਹਿਲਾਂ ਉਦਾਸੀਆਂ ਨੇ ਅਤੇ ਫਿਰ ਨਿਰਮਲਿਆਂ) ਨੇ ਇਸ ਨੂੰ ਖੜ੍ਹਾ ਕਰਕੇ ਗੁਰੂ ਸਾਹਿਬਾਨ ਦੇ ਨਾਮ ਤੇ ਮੜ੍ਹ ਦਿੱਤਾ ਸੀ। ਇਸ ਧੋਖੇ ਵਾਲੀ ਸਥਿਤੀ ਵਿਚ ਫਸਕੇ ਵੀ ਸੰਪਰਦਾਈ ਸਿਖ ਭਾਈਚਾਰਾ ਇਕ ਪਾਸੇ ਗੁਰੂ ਸਾਹਿਬਾਨ ਨੂੰ ਸਮਰਪਿਤ ਹੁੰਦਾ ਹੋਇਆ ਉਹਨਾਂ ਦੇ ਪਰਦਾਨ ਕੀਤੇ ਹੋਏ ਗੁਣਾਂ ਨੂੰ ਗ੍ਰਹਿਣ ਕਰੀ ਬੈਠਾ ਹੈ ਜਿਵੇਂ ਆਤਮ-ਵਿਸ਼ਵਾਸ, ਬਹਾਦਰੀ ਅਤੇ ਭਲਾਈ ਦੇ ਗੁਣ ਪਰੰਤੂ, ਦੂਸਰੇ ਪਾਸੇ, ਉਹ ਬਹੁਤ ਸਾਰੀਆਂ ਅਜਿਹੀਆਂ ਅਨੁਚਿਤ ਰਹੁ-ਰੀਤਾਂ, ਪ੍ਰੰਪਰਾਵਾਂ ਅਤੇ ਮਾਨਤਾਵਾਂ ਨਾਲ ਬੱਝ ਗਿਆ ਹੋਇਆ ਹੈ ਜਿਹਨਾਂ ਦਾ ਗੁਰੂ ਸਾਹਿਬਾਨ ਡੱਟ ਕੇ ਵਿਰੋਧ ਕਰਦੇ ਰਹੇ ਸਨ ਅਤੇ ਜਿਹਨਾਂ ਦਾ ਖੰਡਨ ਗੁਰਬਾਣੀ ਵਿਚ ਵੀ ਜ਼ੋਰਦਾਰ ਸ਼ਬਦਾਂ ਰਾਹੀਂ ਕੀਤਾ ਗਿਆ ਹੈ। ਸਿੱਟੇ ਦੇ ਤੌਰ ਦੋਚਿੱਤੀ ਵਿਚ ਫਸਿਆ ਹੋਇਆ ਅਤੇ ਸਦਾ ਹੀ ਭੰਬਲਭੂਸੇ ਦੀ ਸਥਿਤੀ ਦਾ ਸ਼ਿਕਾਰ ਬਣਿਆਂ ਰਹਿਣ ਕਰਕੇ ਇਹ ਭਾਈਚਾਰਾ ਸਦਾ ਹੀ ਆਪਣੇ ਬਾਰੇ ਵਿਚ ਅਹਿਮ ਫੈਸਲੇ ਲੈਣ ਵਿਚ ਨਾਕਾਮਯਾਬ ਰਿਹਾ ਹੈ ਅਤੇ ਕਦੀ ਵੀ ਆਪਣੇ-ਆਪ ਨੂੰ ਸਮੂਹਿਕ ਤੌਰ ਜੱਥਬੰਦ ਨਹੀਂ ਕਰ ਸਕਿਆ। ਫਿਰ ਵੀ ਆਪਣੇ-ਆਪ ਨੂੰ ਸਹੀ ਸਿੱਧ ਕਰਨ ਹਿਤ ਉਸ ਨੂੰ ਕਈ ਤਰ੍ਹਾਂ ਦੀਆਂ ਝੂਠੀਆਂ ਅਤੇ ਮਿਥਹਾਸਿਕ ਕਹਾਣੀਆਂ ਅਤੇ ਮਾਨਤਾਵਾਂ ਦਾ ਸਹਾਰਾ ਲੈਣਾ ਪੈਂਦਾ ਆ ਰਿਹਾ ਹੈ। ਇਸ ਭਾਈਚਾਰੇ ਦੇ ਆਤਮ-ਵਿਸ਼ਵਾਸ, ਬਹਾਦਰੀ ਅਤੇ ਭਲਾਈ ਦੇ ਗੁਣਾਂ ਦਾ ਅੰਗਰੇਜ਼ ਸ਼ਾਸਕਾਂ ਨੇ ਖੂਬ ਲਾਹਾ ਲਿਆ ਪਰੰਤੂ ਉਹਨਾਂ ਨੇ ਇਕ ਪਾਸੇ ਤਾਂ ਇਸ ਭਾਈਚਾਰੇ ਦੇ ਹਿੰਦੂਵਾਦੀ ਧਾਰਮਿਕ ਸੰਸਕਾਰਾਂ ਨੂੰ ਹੋਰ ਬਲਵਾਨ ਕਰਨ ਹਿਤ ਪੂਰੀ ਵਾਹ ਲਾਈ ਤਾਂ ਕਿ ਉਹਨਾਂ ਦਾ ਮਾਨਸਿਕ ਵਿਕਾਸ ਰੁਕਿਆ ਰਵ੍ਹੇ ਅਤੇ ਦੂਸਰੇ ਪਾਸੇ ਭਾਰਤ ਦੀ ਵਾਗ-ਡੋਰ ਛੱਡਣ ਤੋਂ ਪਹਿਲਾਂ ਉਹ ਆਉਣ ਵਾਲੇ ਹਿੰਦੂ ਸ਼ਾਸਕਾਂ ਦੇ ਕੰਨਾਂ ਵਿਚ ਫੂਕ ਮਾਰਕੇ ਉਹਨਾਂ ਨੂੰ ਖਬਰਦਾਰ ਕਰ ਗਏ ਸਨ ਕਿ ਜੇਕਰ ‘ਸਿਖ’ ਭਾਈਚਾਰੇ ਦੇ ਲੋਕਾਂ ਨੂੰ ਦਬਾ ਕੇ ਨਾ ਰੱਖਿਆ ਗਿਆ ਤਾਂ ਇਹ ਭਾਰਤ ਦੀ ਅਖੰਡਤਾ ਲਈ ਖਤਰਾ ਬਣ ਸਕਦੇ ਹਨ। ਅੰਗਰੇਜ਼ਾਂ ਦੀ ਇਸ ਚਿਤਾਵਨੀ ਸਦਕਾ ਹੀ ਹੈ ਕਿ ਅਜ਼ਾਦ ਭਾਰਤ ਦੇ ਸ਼ਾਸਕਾਂ ਵੱਲੋ ਸਦਾ ਹੀ ਸੰਪਰਦਾਈ ਸਿਖ ਭਾਈਚਾਰੇ ਦੇ ਲੋਕਾਂ ਨਾਲ ਵਿਤਕਰੇ ਵਾਲੀ ਨੀਤੀ ਅਪਣਾਈ ਗਈ ਹੈ ਅਤੇ ਦੇਸ਼ ਨੂੰ ਬਦੇਸ਼ੀ ਹਕੂਮਤ ਤੋਂ ਅਜ਼ਾਦੀ ਮਿਲਣ ਤੋਂ ਬਾਦ ਵੀ ਇਹ ਭਾਈਚਾਰਾ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਆ ਰਿਹਾ ਹੈ। ਸੰਸਾਰ ਵਿਚ ਇਸ ਭਾਈਚਾਰੇ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀਂ ਅਤੇ ਬਿਮਾਰ ਮਾਨਸਿਕਤਾ ਵਾਲੇ ਇਸ ਭਾਈਚਾਰੇ ਵਿਚ ਇਤਨਾ ਅਨੁਸਾਸ਼ਨ, ਜਾਗਰੂਕਤਾ ਅਤੇ ਸਮਰੱਥਾ ਮੌਜੂਦ ਨਹੀਂ ਕਿ ਇਹ ਆਪਣੇ-ਆਪ ਨੂੰ ਸੰਭਾਲ ਸਕੇ।

ਸੰਪਰਦਾਈ ਸਿਖ ਭਾਈਚਾਰੇ ਦੇ ਅਜਿਹੀ ਸਥਿਤੀ ਵਿਚ ਹੋਣ ਕਰਕੇ ਹੀ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਦੇ ਪਤਨ ਤੋਂ ਬਾਦ ਅਤੇ ਵੀਹਵੀਂ ਸਦੀ ਈਸਵੀ ਵਿਚ ਆ ਕੇ ਇਸ ਨੂੰ ਕਈ ਵੱਡੇ ਪੱਧਰ ਤੇ ਵਾਪਰੀਆਂ ਤਰਾਸਦੀਆਂ ਅਤੇ ਨਮੋਸ਼ੀਜਨਕ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਹਨਾਂ ਵਿਚ ਮੁੱਖ ਤੌਰ ਤੇ ਸ਼ਾਮਲ ਹਨ, ਗੁਰਦੁਆਰਾ ਸੁਧਾਰ ਲਹਿਰ ਅਤੇ ਇਸ ਵਿਚਲੇ ਸੰਘਰਸ਼ ਦੇ ਕੌੜੇ ਅਨੁਭਵ, ਸੰਨ 1947 ਈਸਵੀ ਵਿਚ ਦੇਸ਼ ਵੰਡ ਵੇਲੇ ਬਾਕੀ ਫਿਰਕਿਆਂ ਦੇ ਨਾਲ-ਨਾਲ ਸੰਪਰਦਾਈ ਸਿਖ ਭਾਈਚਾਰੇ ਦਾ ਵੱਡੇ ਪੱਧਰ ਉੱਤੇ ਹੋਇਆ ਕਤਲੇਆਮ ਅਤੇ ਉਜਾੜਾ, ਅਜ਼ਾਦ ਭਾਰਤ ਵਿਚ ਪੰਜਾਬੀ ਭਾਸ਼ਾ ਅਧਾਰਿਤ ਸੂਬਾ ਬਨਵਾਉਣ ਲਈ ਕੀਤੀ ਗਈ ਲੰਬੀ ਜਦੋ-ਜਹਿਦ, ਸੰਨ 1984 ਈਸਵੀ ਵਿਚ ਦਰਬਾਰ ਸਾਹਿਬ ਕੰਪਲੈਕਸ ਅਤੇ ਕਈ ਹੋਰ ਗੁਰਦੁਆਰਿਆਂ ਵਿੱਚੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਗਰੋਹ ਨਾਲ ਸਬੰਧਤ ਅੱਤਵਾਦੀਆਂ ਨੂੰ ਖਦੇੜਨ ਲਈ ਭਾਰਤ ਸਰਕਾਰ ਵੱਲੋਂ ਕੀਤੀ ਗਈ ਫੌਜੀ ਕਾਰਵਾਈ, ਏਸੇ ਹੀ ਸਾਲ ਉਸ ਵੇਲੇ ਦੀ ਪ੍ਰਧਾਨ-ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਉਸਦੇ ‘ਸਿੱਖ’ ਅੰਗ-ਰਖਿਅਕਾਂ ਵੱਲੋਂ ਕੀਤੇ ਗਏ ਕਤਲ ਉਪਰੰਤ ਦਿੱਲੀ ਅਤੇ ਹੋਰਨਾਂ ਥਾਵਾਂ ਉੱਤੇ ਇਸ ਭਾਈਚਾਰੇ ਦੇ ਵਿਰੋਧ ਵਿਚ ਭੜਕੇ ਦੰਗਿਆਂ ਵਿਚ ਵੱਡੀ ਪੱਧਰ ਉੱਤੇ ਹੋਇਆ ਜਾਨੀ ਅਤੇ ਮਾਲੀ ਨੁਕਸਾਨ, ਇਸ ਤੋਂ ਅਗਲੇ ਕੁਝ ਸਾਲਾਂ ਵਿਚ ਚੱਲੇ ਅੱਤਵਾਦ ਦੇ ਅਗਲੇ ਦੌਰ ਦਾ ਤਬਾਹਕੁੰਨ ਅਤੇ ਭਿਅੰਕਰ ਘਟਨਾਕ੍ਰਮ, ਇਸ ਦੌਰ ਦੇ ਸਮੇਂ ਵਿਚ ਅੱਤਵਾਦ ਦੇ ਰਸਤੇ ਉੱਤੇ ਤੁਰੇ ਹੋਏ ਇਸ ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਦਾ ਸੁਰੱਖਿਆ ਬਲਾਂ ਦੇ ਹੱਥੀਂ ਹੋਇਆ ਲੱਖਾਂ ਦੀ ਗਿਣਤੀ ਵਿਚ ਖਾਤਮਾ ਅਤੇ ਪਿਛਲੇ ਦੋ ਦਹਾਕਿਆਂ ਵਿਚ ਵੱਡੇ ਪੱਧਰ ਉੱਤੇ ਨੌਜਵਾਨਾਂ ਦਾ ਨਸ਼ਿਆਂ ਦੀ ਦਲਦਲ ਵਿਚ ਧੱਸਣਾ। ਪਰੰਤੂ ਇਸ ਭਾਈਚਾਰੇ ਨੇ ਇਹਨਾਂ ਸਥਿਤੀਆਂ ਤੋਂ ਕੋਈ ਸਬਕ ਨਹੀਂ ਸਿਖਿਆ ਅਤੇ ਹੁਣ ਵੀ ‘ਖਾਲਿਸਤਾਨ’ ਦੀ ਮੰਗ ਦਾ ਉਭਾਰਿਆ ਜਾਣਾ ਜਾਰੀ ਹੈ, ਇਸ ਭਾਈਚਾਰੇ ਦਾ ਕੋਈ ਸਰਬਸਾਂਝਾ ਅਤੇ ਪ੍ਰਭਾਵਸ਼ਾਲੀ ਆਗੂ ਨਹੀਂ, ਸੰਨ 1925 ਈਸਵੀ ਤੋਂ ਲੈਕੇ ਧੋਖੇ ਨਾਲ ਖੜ੍ਹੀ ਕੀਤੀ ਗਈ ‘ਅਕਾਲ ਤਖਤ’ ਵਿਵਸਥਾ ਨੇ ਇਸ ਭਾਈਚਾਰੇ ਦੀ ਵੱਡੀ ਪੱਧਰ ਉੱਤੇ ਦੁਰਗਤੀ ਕਰਵਾਈ ਹੈ, ਇਸ ਭਾਈਚਾਰੇ ਦੀ ਕੋਈ ਸਾਂਝੀ ਨੀਤੀ ਜਾਂ ਸਾਂਝੀ ਅਗਵਾਈ ਮੌਜੂਦ ਨਹੀਂ ਅਤੇ ਧਾਰਮਿਕ ਬਿਰਤੀ ਦੇ ਗੁਲਾਮ ਇਸ ਫਿਰਕੇ ਦੀ ਸਾਰੀ ਦੀ ਸਾਰੀ ਮਾਨਸਿਕਤਾ ਅਠਾਰ੍ਹਵੀਂ ਸਦੀ ਵਾਲੀ ਚੱਲੀ ਆ ਰਹੀ ਹੈ।
(ਚਲਦਾ)
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ ।




.