.

ਹਉਮੈ

ਹਉਮੈ ਮਨ ਦਾ ਮਾਰੂ ਰੋਗ ਹੈ। ਇਸ ਭਯਾਨਕ ਮਨੋ ਰੋਗ ਦਾ ਮੂਲ ਕਾਰਣ ਮਾਇਆ ਅਤੇ ਮਾਇਆ ਦਾ ਮੋਹ ਅਤੇ ਤ੍ਰਿਸ਼ਨਾ ਹੈ। ਹਉਮੈ ਨੂੰ ਮਾਇਆ ਦੀ ਪਲੇਠੀ ਧੀ ਵੀ ਕਿਹਾ ਜਾਂਦਾ ਹੈ। ਮਾਇਆ ਦੀ ਇਸ ਲਾਡਲੀ ਧੀ ਦੀ ਕੁੱਖੋਂ ਹੀ ਪੈਦਾ ਹੁੰਦੇ ਹਨ ਮਨ ਨੂੰ ਮਲੀਨ ਅਤੇ ਆਤਮਾ ਨੂੰ ਮੂਰਛਿਤ ਕਰਨ ਵਾਲੇ ਅਨੇਕ ਵਿਕਾਰ। ਹਿਰਸ, ਹਵਸ, ਕਾਮ, ਕ੍ਰੋਧ, ਲੋਭ, ਮੋਹ, ਈਰਖਾ, ਨਿੰਦਾ, ਨਿਰਦਯਤਾ, ਕੂੜ-ਕੁਸਤ, ਕੁਫ਼ਰ, ਸ਼ੈਤਾਨੀਯਤ, ਤਾਨਾਸ਼ਾਹੀ, ਉਦੰਡਤਾ, ਦਹਿਸ਼ਤ, ਆਤੰਕ, ਹਿੰਸਾ, ਗੁੰਡਾਗਰਦੀ, ਜ਼ੋਰ-ਜ਼ੁਲਮ ਅਤੇ ਜੁਰਮ-ਜੁੰਡਲੀਆਂ (mafia) ਆਦਿ ਹਉਮੈ ਦਾ ਹੀ ਚੰਦਰਾ ਪਰਿਵਾਰ ਹਨ।

ਹਉਮੈ ਦਾ ਵਿਕਾਰ ਸਭ ਪਾਸੇ ਵਿਆਪਕ ਹੈ। ਹਉਮੈ, ਦੁੱਖ-ਸੁੱਖ ਵਾਂਙ, ਮਨੁੱਖਾ ਸੁਭਾਉ ਤੇ ਜੀਵਨ ਦਾ ਜਨਮ-ਜਾਤ ਲੱਛਣ ਹੈ। ਹਉਮੈ ਦਾ ਨਹਸ ਨਸ਼ਾ ਜਿਸ ਮਨੁੱਖ ਨੂੰ ਲੱਗ ਜਾਵੇ ਉਹ ਸਰੀਰਕ ਖ਼ੁਸ਼ੀਆਂ ਅਤੇ ਸੰਸਾਰਕ ਸੋਭਾ ਦਾ ਗ਼ੁਲਾਮ ਬਣ ਜਾਂਦਾ ਹੈ ਤੇ ਉਹ ਮਨੁੱਖਾ ਜੀਵਨ ਦੇ ਅਸਲੀ ਮਨੋਰਥ ਵੱਲੋਂ ਅਵੇਸਲਾ ਹੋਕੇ, ਜੀਅ/ਆਤਮਾ ਦੇ ਸਥਾਈ ਸੁੱਖ-ਅਨੰਦ ਵਾਸਤੇ ਕੁੱਝ ਨਹੀਂ ਕਰਦਾ।

ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸ਼ਟੀ ਪਾਈ॥

ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ॥ ਸਿਰੀ ਰਾਗੁ ਮ: ੩

ਹਉਮੈ ਵਿਚੁ ਸਭੁ ਜਗੁ ਬਉਰਾਨਾ॥ ਦੂਜੈ ਭਾਇ ਭਰਮਿ ਭੁਲਾਨਾ॥ ਗਉੜੀ ਮ: ੩

ਜਿਨਿ ਰਚਿ ਰਚਿਉ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥

ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ॥ ਮਾਰੂ ਮ: ੫

ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ॥॥ ਸਿਰੀ ਰਾਗੁ ਮ: ੧

ਹਉਮੈ ਸਭਾ ਗਣਤ ਹੈ ਗਣਤੈ ਨੳੇ ਸੁਖੁ ਨਾਹਿ॥

ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ॥ ਸਿਰੀ ਰਾਗੁ ਮ: ੩

ਹਉਂ ਹਉਂ ਕਰਤ ਬਧੇ ਬਿਕਾਰ॥ ਮੋਹ ਲੋਭ ਡੂਬੌ ਸੰਸਾਰ॥

ਕਾਮਿ ਕ੍ਰੋਧਿ ਮਨੁ ਵਸਿ ਕੀਆ॥ ਸੁਪਨੈ ਨਾਮੁ ਨ ਹਰਿ ਲੀਆ॥ ਬਸੰਤ ਅ: ਮ: ੫

ਹਉ ਹਉ ਕਰਤ ਬਿਹਾਇ ਅਵਰਦਾ ਜੀਅ ਕੋ ਕਾਮੁ ਨ ਕੀਨਾ॥

ਧਾਵਤ ਧਾਵਤ ਨਹ ਤ੍ਰਿਪਤਾਸਿਆ ਰਾਮਨਾਮੁ ਨਹੀ ਚੀਨਾ॥ ਸੋਰਠਿ ਮ: ੫

ਹਉਮੈ ਦੀ ਵਿਆਪਕ ਹੋਂਦ ਦਾ ਆਧਾਰ ਮਾਇਆ (ਧਨ-ਦੌਲਤ, ਸੰਪਤੀ, ਜ਼ਮੀਨ-ਜਾਇਦਾਦ, ਵਰਣ, ਜਾਤਿ, ਜਵਾਨੀ, ਸਰੀਰਿਕ ਸੁੰਦਰਤਾ, ਉਹਦਾ, ਰਾਜ, ਗੱਦੀ ਅਤੇ ਕੁਰਸੀ……ਵਗੈਰਾ) ਅਤੇ ਇਸ ਦਾ ਮੋਹ ਅਤੇ ਤ੍ਰਿਸ਼ਨਾ ਹੈ। ਜਿਹੜੇ ਮਨਮੁਖ, ਹਉਮੈ ਦੇ ਪ੍ਰਭਾਵ ਹੇਠ, ਆਪਣੇ ਆਪ ਨੂੰ ਕਰਮਵੰਤ (ਧਰਮੀ/ਧਰਮ-ਕਰਮ ਕਰਨ ਵਾਲਾ) ਅਖਵਾਉਂਦੇ ਹਨ ਉਹ, ਦਰਅਸਲ, ਮੂਰਖਾਂ ਦੇ ਮੂਰਖ ਪਰਲੇ ਦਰਜੇ ਦੇ ਜਾਹਿਲ ਅਤੇ ਅਗਿਆਨੀ ਹਨ। ਹਉਮੈ-ਰੋਗ-ਗ੍ਰਸਤ ਲੋਕ ਮੰਦ ਬੁੱਧੀ ਅਤੇ ਭ੍ਰਸ਼ਟ ਚਰਿੱਤਰ ਦੇ ਮਾਲਿਕ ਹੁੰਦੇ ਹਨ। ਇਸੇ ਲਈ, ਗੁਰਬਾਣੀ ਵਿੱਚ ਹੰਕਾਰੀ ਮਨੁੱਖ ਨੂੰ ਸੁਆਨੁ/ਕੂਕਰ (ਕੁੱਤਾ), ਬਿਸਟਾ ਕਾ ਜੰਤੁ (ਗੰਦਗੀ ਦਾ ਕੀੜਾ), ਖਰ (ਖੋਤਾ) ਅਤੇ ਅਗਿਆਨੀ ਆਦਿ ਵਿਸ਼ੇਸ਼ਣਾਂ ਨਾਲ ‘ਨਵਾਜ਼’ ਕੇ ਉਨ੍ਹਾਂ ਨੂੰ ਫਿਟਕਾਰਾਂ ਪਾਈਆਂ ਗਈਆਂ ਹਨ। ਬਾਣੀ ਵਿੱਚ ਹਉਮੈ ਰੋਗ ਦੇ ਰੋਗੀ ਸਾਕਤਾਂ ਦੇ ਦੁੱਖਦਾਇਕ ਭਿਆਨਕ ਅੰਤ ਦਾ ਜ਼ਿਕਰ ਵੀ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਦੀ ਰਚੀ ਬਾਣੀ ਸੁਖਮਨੀ ਦੀ ੧੨ਵੀਂ ਅਸ਼ਟਪਦੀ ਦੇ ਪਹਿਲੇ ਚਾਰ ਪਦਿਆਂ ਵਿੱਚ ਇਸ ਤੱਥ ਦਾ ਬੜਾ ਸੁੰਦਰ ਪ੍ਰਗਟਾਵਾ ਕੀਤਾ ਗਿਆ ਹੈ:-

ਸਲੋਕ॥ ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥

ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥

ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ॥

ਜੋ ਜਾਨੈ ਮੈ ਜੋਬਨਵੰਤੁ॥ ਸੋ ਹੋਵੈ ਬਿਸਟਾ ਕਾ ਜੰਤੁ॥

ਆਪਸ ਕਉ ਕਰਮਵੰਤੁ ਕਹਾਵੈ॥ ਜਨਮਿ ਮਰੈ ਬਹੁ ਜੋਨਿ ਭਰਮਾਵੈ॥

ਧਨ ਭੂਮੀ ਕਾ ਜੋ ਕਰੈ ਗੁਮਾਨੁ॥ ਸੋ ਮੂਰਖੁ ਅੰਧਾ ਅਗਿਆਨੁ॥

ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥

ਧਨਵੰਤਾ ਹੋਇ ਕਰਿ ਗਰਬਾਵੈ॥ ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ॥

ਬਹੁ ਲਸਕਰ ਮਾਨੁਖ ਊਪਰਿ ਕਰੇ ਆਸ॥ ਪਲ ਭੀਤਰਿ ਤਾ ਕਾ ਹੋਇ ਬਿਨਾਸ॥

ਸਭ ਤੇ ਆਪ ਜਾਨੈ ਬਲਵੰਤੁ॥ ਖਿਨ ਮਹਿ ਹੋਇ ਜਾਇ ਭਸਮੰਤੁ॥

ਕਿਸੈ ਨ ਬਦੈ ਆਪਿ ਅਹੰਕਾਰੀ॥ ਧਰਮਰਾਇ ਤਿਸੁ ਕਰੇ ਖੁਆਰੀ॥

ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ॥ ਸੋ ਜਨੁ ਨਾਨਕ ਦਰਗਹ ਪਰਵਾਨੁ॥ ਗਉੜੀ ਸੁਖਮਨੀ ਮ: ੫

ਇਸੇ ਸੰਬੰਧ ਵਿੱਚ ਕਬੀਰ ਜੀ ਦਾ ਇੱਕ ਫ਼ਰਮਾਨ ਹੈ:

ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮੁ ਭੁਲਾਹਿਗਾ॥

ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ॥ ਮਾਰੂ ਕਬੀਰ ਜੀ

ਜਾਤਿਅਭਿਮਾਨੀ ਬ੍ਰਾਹਮਨ ਨੂੰ, ਬ੍ਰਾਹਮਣ ਦੀ ਸਹੀ ਪਰਿਭਾਸ਼ਾ ਸਮਝਾਉਂਦੇ ਹੋਏ, ਗੁਰੂ ਅਮਰਦਾਸ ਜੀ ਬ੍ਰਾਹਮਨ ਨੂੰ ਹਉਮੈ ਮੁਕਤ ਹੋਣ ਦੀ ਸਲਾਹ ਦਿੰਦੇ ਹਨ:

ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥ ਭੈਰਉ ਮ: ੩

ਅਬਰਨ ਬਰਨ ਸਿਉ ਮਨ ਹੀ ਪ੍ਰੀਤਿ॥ ਹਉਮੈ ਗਾਵਨਿ ਗਾਵਹਿ ਗੀਤ॥ …ਭੈਰਉ ਕਬੀਰ ਜੀ

ਹਉਮੈ ਦੇ ਕਈ ਅਰਥ ਕੀਤੇ ਜਾਂਦੇ ਹਨ ਜਿਵੇਂ: ਮੈ-ਮੇਰੀ, ਮਮਤਾ, ਹਉਂ, ਹੰਕਾਰ, ਘੁਮੰਡ, ਅਭਿਮਾਨ, ਗਰਬ, ਗੁਮਾਨ, ਗ਼ਰੂਰ, ਕਿਬਰ, ਆਕੜ, ਨਿਜ, ਆਪ, ਅਹੰ, ਐਂਠ, ਟੈਂ, ਫ਼ਖ਼ਰ, ਖ਼ੁਦੀ (arrogance, conceit, ego, pride etc.)…….ਆਦਿਕ। ਆਪ ਸਾਲਾਹਣਾ, ਆਪਣੇ ਮੂੰਹੋਂ ਮੀਆਂ ਮਿੱਠੂ (self-praise), ਖ਼ੁਦ ਪਰਸਤੀ, ਖ਼ੁਦਬੀਨੀ, ਠਾਠ-ਬਾਠ, ਝੂਠਾ ਦਿਖਾਵਾ, ਲੋਕਾਚਾਰ, ਸੰਸਾਰਕ ਸਨਮਾਨ ਦੀ ਭੁੱਖ, ਖ਼ਿਤਾਬਾਂ ਤੇ ਲਕਬਾਂ ਦੀ ਲਾਲਸਾ ਅਤੇ ਆਪਣੀ ਝੂਠੀ ਤਾਅਰੀਫ਼ ਕਰਨ/ਕਰਵਾਉਣ ਦਾ ਝੱਸ……ਵਗੈਰਾ ਵਗੈਰਾ ਵੀ ਹਉਮੈ ਰੋਗ ਦੇ ਲੱਛਣ ਹਨ।

ਭੇਖ, ਚਿੰਨ੍ਹ ਅਤੇ ਲੋਕ-ਦਿਖਾਵਾ ਹਉਮੈ ਰੋਗ ਦੀਆਂ ਪਰਮੁਖ ਅਲਾਮਤਾਂ (symptoms) ਹਨ। ਇਹ ਤਿੰਨੋਂ ਅਲਾਮਤਾਂ ਖ਼ਤਰੇ ਦੀ ਲਾਲ ਝੰਡੀ (red flag) ਹਨ; ਜਿੱਥੇ ਇਹ ਨਜ਼ਰ ਆਉਣ, ਉੱਥੇ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ! !

ਹਉਮੈ ਅਤੇ ਇਸ ਦੇ ਸਾਥੀ ਵਿਕਾਰਾਂ ਤੋਂ ਮਨੁੱਖਾ ਮਨ ਨੂੰ ਸੰਸਾਰਕ, ਪਦਾਰਥਕ ਅਤੇ ਇੰਦ੍ਰੀਆਤਮਿਕ ਖ਼ੁਸ਼ੀਆਂ ਮਿਲਦੀਆਂ ਹਨ। ਇਹ ਥੋੜ-ਚਿਰੀਆਂ ਸੰਸਾਰਕ ਅਤੇ ਸਰੀਰਿਕ ਖ਼ੁਸ਼ੀਆਂ ਗਰਬ-ਗੰਧੀਲੇ ਲੋਕਾਂ ਨੂੰ ਹਰਿਨਾਮ ਸਿਮਰਨ ਅਤੇ ਇਸ ਤੋਂ ਮਿਲਨ ਵਾਲੇ ਆਤਮਿਕ ਅਨੰਦ, ਜੋ ਕਿ ਸੱਚਾ, ਸਥਾਈ ਤੇ ਸਦੀਵੀ ਹੁੰਦਾ ਹੈ, ਤੋਂ ਵਾਂਜੇ ਰੱਖਦੀਆਂ ਹਨ।

ਹਉਮੈ-ਰੋਗ-ਗ੍ਰਸਤ ਲੋਕਾਂ ਦੀ ਇਹ ਬਦਕਿਸਮਤੀ ਹੁੰਦੀ ਹੈ ਕਿ ਉਨ੍ਹਾਂ ਨੂੰ ਇਸ ਗੁੱਝੇ ਰੋਗ ਦਾ ਇਹਸਾਸ ਹੀ ਨਹੀਂ ਹੁੰਦਾ; ਇਸੇ ਲਈ ਉਹ ਇਸ ਦੀਰਘ ਰੋਗ ਦਾ ਇਲਾਜ ਕਰਨ/ਕਰਵਾਉਣ ਦੀ ਕਦੇ ਸੋਚਦੇ ਹੀ ਨਹੀਂ ਹਨ। ਨਤੀਜਤਨ, ਉਨ੍ਹਾਂ ਦਾ ਇਹ ਰੋਗ ਇਤਨਾ ਵੱਧ ਜਾਂਦਾ ਹੈ ਕਿ ਇਹੋ ਹੀ ਉਨ੍ਹਾਂ ਦੀ ਆਤਮਿਕ ਮੌਤ ਦਾ ਕਾਰਣ ਬਣਦਾ ਹੈ।

ਜ਼ੋਰ-ਜ਼ੁਲਮ ਅਤੇ ਛਲ-ਕਪਟ ਨਾਲ ‘ਕੱਠੀ ਕੀਤੀ ਮਾਇਆ ਅਤੇ ਚੋਰੀ-ਚਕਾਰੀ ਤੇ ਠੱਗੀ-ਠੋਰੀ ਨਾਲ ਹਥਿਆਏ ਕਾਲੇ ਧਨ ਦੇ ਮਾਲਿਕ ਹਉਮੈ ਰੋਗ ਦੇ ਵੱਡੇ ਰੋਗੀ ਹੁੰਦੇ ਹਨ। ਸ਼ਾਸਕ/ਸਿਆਸਤਦਾਨ, ਪੁਜਾਰੀ ਲਾਣਾ ਅਤੇ ਚੋਰ ਬਾਜ਼ਾਰੀਏ, ਜਿਨ੍ਹਾਂ ਦਾ ਖਾਜਾ,

ਗਿੱਧਾਂ-ਗਿਰਝਾਂ ਵਾਂਙ, ਆਮਤੌਰ `ਤੇ, ਮੁਰਦਾਰ/ਹਰਾਮ ਹੀ ਹੁੰਦਾ ਹੈ, ਇਸ ਸ਼੍ਰੇਣੀ ਵਿੱਚ ਮੋਹਰੀ ਕਹੇ ਜਾ ਸਕਦੇ ਹਨ। ਆਪਣੀ ਜ਼ਮੀਰ ਮਾਰ ਕੇ ਇਨ੍ਹਾਂ ਦੀ ਜੂਠ ਖਾਣ ਵਾਲੇ ਜ਼ਮੀਰ ਮਰੇ ਬੇਗ਼ੈਰਤ ਝੋਲੀਚੁਕ ਅਤੇ ਪਿਛਲਗ ਲੋਕਾਂ ਵਿੱਚ ਵੀ ਹਉਮੈ ਦੀ ਕੋਈ ਘਾਟ ਨਹੀਂ ਹੁੰਦੀ। ਉਹ ਆਪਣੇ ਆਕਾਵਾਂ ਤੋਂ ਵੀ ਵੱਧ ਹਉਮੈ ਦੇ ਫੁੰਕਾਰੇ ਮਾਰਦੇ ਹਨ; ਭਾਵੇਂ, ਉਨ੍ਹਾਂ ਦੀ ਔਕਾਤ ਨਿਗੁਣੀ ਝੱਗ ਜਿਤਨੀ ਹੀ ਹੁੰਦੀ ਹੈ।

ਗੁਰਬਾਣੀ ਵਿੱਚ ਹਜ਼ਾਰਾਂ ਤੁਕਾਂ/ਸ਼ਬਦ ਹਨ ਜਿਨ੍ਹਾਂ ਵਿੱਚ ਹਉਮੈ ਦੇ ਮਨ ਆਤਮਾ ਉੱਤੇ ਪੈਂਦੇ ਭੈੜੇ ਪ੍ਰਭਾਵ ਦੇ ਤਰਕਸੰਗਤ ਵਿਸਤਰਿਤ ਵਰਣਨ ਤੋਂ ਬਿਨਾ, ਹਉਮੈ ਗ੍ਰਸਤ ਮਨਮੁੱਖਾਂ ਦੀ ਚੰਗੀ ਝੰਡ ਵੀ ਕੀਤੀ ਗਈ ਹੈ।

ਗੁਰਮਤਿ ਅਨੁਸਾਰ, ਹਉਮੈ ਅਤੇ ਹੋਰ ਸਾਰੇ ਮਾਨਸਿਕ ਰੋਗਾਂ ਦੀ ਦਵਾ ਸਿਰਫ਼ ਹਰਿਨਾਮ ਹੀ ਹੈ:

ਸਰਬ ਰੋਗ ਕਾ ਅਉਖਦੁ ਨਾਮੁ॥ …ਸੁਖਮਨੀ ਮ: ੫

ਜਿਨ ਜਪਿਆ ਇੱਕ ਮਨਿ ਇੱਕ ਚਿਤਿ ਤਿਨ ਲਥਾ ਹਉਮੈ ਭਾਰੁ॥ ਮ: ੪

ਨਾਮ ਸਿਮਰਨ, ਜੀਵਨ-ਮੁਕਤ ਹੋਣ ਦਾ ਇੱਕੋ ਇੱਕ ਮੰਤ੍ਰ ਹੈ। ਹਉਮੈ ਇਸ ਮਹਾਂਮੰਤ੍ਰ (ਨਾਮ ਸਿਮਰਨ) ਦੀ ਕੱਟੜ ਵੈਰਣ ਹੈ। ਨਾਮ ਮੰਤ੍ਰ ਦਾ ਸਥਾਨ ਮਨੁੱਖ ਦਾ ਮਨ/ਅੰਤਹਕਰਣ ਹੈ। ਨਾਮ ਦੀ ਦੋਖੀ ਹਉਮੈ ਦਾ ਡੇਰਾ ਵੀ ਇਸੇ ਮਨ/ਹਿਰਦੇ ਵਿੱਚ ਹੁੰਦਾ ਹੈ। ਇਹ ਇੱਕ ਪ੍ਰਮਾਣਿਤ ਸੱਚਾਈ ਹੈ ਕਿ ਦੋ ਵਿਪਰੀਤ ਕਿਸਮ ਦੀਆਂ ਵਸਤਾਂ ਇਕੋ ਥਾਂ ਇਕੱਠੀਆਂ ਨਹੀਂ ਹੋ ਸਕਦੀਆਂ ਜਿਵੇਂ: ਸੱਚ ਤੇ ਝੂਠ, ਚਾਨਣ (ਗਿਆਨ) ਤੇ ਹਨੇਰਾ (ਅਗਿਆਨਤਾ), ਬਿਖ ਅਤੇ ਅੰਮ੍ਰਿਤ, ਨਿਰਮਲਤਾ ਅਤੇ ਮੈਲ, ਧੁੱਪ ਤੇ ਛਾਂ ਅਤੇ ਪਾਣੀ ਤੇ ਅੱਗ ……ਵਗੈਰਾ। ਸੋ, ਇਹ ਦੋਨੋਂ ਵਿਰੋਧੀ ਸ਼ਕਤੀਆਂ (ਨਾਮ ਸਿਮਰਨ ਅਤੇ ਹਉਮੈ) ਦੀ ਕਦੇ ਵੀ ਇੱਕ ਸਮੇ ਇੱਕ ਥਾਂ ਸਮਾਈ ਨਹੀਂ ਹੋ ਸਕਦੀ। ਹਿਰਦੇ ਵਿੱਚ ਨਾਮ ਦੇ ਮੰਤ੍ਰ ਨੂੰ ਦ੍ਰਿੜਾਉਣ ਲਈ ਮਨਹੂਸ ਹਉਮੈ ਨੂੰ ਮਾਰ ਕੇ ਮਨ ਵਿੱਚੋਂ ਬਾਹਰ ਕੱਢਣਾ ਜ਼ਰੂਰੀ ਹੈ। ਇਸ ਸਿੱਧਾਂਤਕ ਤੱਥ ਨੂੰ ਉਜਾਗਰ ਕਰਦੀਆਂ ਗੁਰਬਾਣੀ ਦੀਆਂ ਕੁੱਝ ਇੱਕ ਤੁਕਾਂ:

ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥

ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ॥ ੧॥ …

ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ॥ ੨॥

ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ॥

ਹਉਮੈ ਵਿਚਿ ਜੀਉ ਬੰਧੁ ਹੈ ਨਾਮ ਨ ਵਸੈ ਮਨਿ ਆਇ॥ ੩॥ …ਵਡਹੰਸ ਮ: ੩

ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ॥ ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨ॥ ਭੈਰਉ ਮ: ੫

ਨਿਰਸੰਦੇਹ, ਜਿਸ ਮਨ ਵਿੱਚ ਸਤਿਨਾਮ ਪ੍ਰਭੂ ਪ੍ਰਤਿ ਸੱਚੀ ਸ਼੍ਰੱਧਾ ਹੈ, ਉਸ ਮਨ ਅੰਦਰ ਹਉਮੈ ਨਹੀਂ ਸਮਾ ਸਕਦੀ; ਅਤੇ, ਜਿਹੜਾ ਮਨ ਹਉਮੈ ਦੇ ਵਿਕਾਰ ਨਾਲ ਮਲੀਨ ਹੈ, ਉਸ ਮਨ ਵਿੱਚ ਪ੍ਰਭੂ ਪ੍ਰਤਿ ਸੱਚੀ ਸ਼੍ਰੱਧਾ ਅਤੇ ਹਰਿਨਾਮ ਦੀ ਹੋਂਦ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ, ਰੱਬ ਨਾਲ ਸਾਂਝ ਪਾਉਣ ਅਤੇ ਪਰਮ ਪਦ ਦੀ ਪ੍ਰਾਪਤੀ ਵਾਸਤੇ ਹਉਮੈ ਦੇ ਵਿਕਾਰ ਦਾ ਪਰਿਤਿਆਗ ਪੂਰਵ ਸ਼ਰਤ ਹੈ। ਇਸੇ ਪ੍ਰਸੰਗ ਵਿੱਚ ਗੁਰਫ਼ਰਮਾਨ ਹਨ:

ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ॥ ਗਉੜੀ ਕਬੀਰ ਜੀ

ਹਉਮੈ ਜਾਈ ਤਾ ਕੰਤ ਸਮਾਈ॥ ਤਉ ਕਾਮਣਿ ਪਿਆਰੇ ਨਵਨਿਧਿ ਪਾਈ॥ ਸੂਹੀ ਅ: ਮ: ੧

ਹਉਮੈ ਕਰਤ ਭੇਖੀ ਨਹੀ ਜਾਨਿਆ॥ ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ॥

ਹਉ ਹਉ ਕਰਤ ਨਹੀ ਸਚੁ ਪਾਈਐ॥ ਹਉਮੈ ਜਾਇ ਪਰਮ ਪਦ ਪਾਈਐ॥ ਗਉੜੀ ਅ: ਮ: ੧

ਹਉ ਹਉ ਮੈ ਮੈ ਵਿਚਹੁ ਖੋਵੈ॥ ਦੂਜਾ ਮੇਟੈ ਏਕੋ ਹੋਵੈ॥ ਮ: ੧

ਹਉਮੈ ਗਰਬੁ ਜਾਇ ਮਨ ਭੀਨੈ॥ ਮ: ੧

ਹਉਮੈ ਬੂਝੇ ਤਾ ਦਰਿ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ॥ ਸਲੋਕ ਮ: ੧

ਹਉਮੈ ਕਰੀ ਤਾ ਤੂ ਨਾਹੀ ਤੂ ਹੋਵਹਿ ਹਉ ਨਾਹਿ॥ ਮਾਰੂ ਮ: ੩

ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰਧਾਰਿ॥ ਸਿਰੀ ਰਾਗੁ ਮ: ੩

ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ॥

ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ॥ ਸੋਰਠਿ ਮ: ੫

ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ॥

ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੇ ਜੋਗੁ॥ ਗਉੜੀ ਬਾ: ਅ: ਮ: ੫

ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ॥

ਮਨ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ॥ ਰਾਗੁ ਮਾਰੂ ਵਾਰ ਮ: ੫

ਬਾਣੀ ਦੀਆਂ ਉਪਰੋਕਤ ਤੁਕਾਂ ਤੋਂ ਭਲੀ ਭਾਂਤ ਸਪਸ਼ਟ ਹੈ ਕਿ ਰੱਬ ਨਾਲ ਸਾਂਝ ਪਾਉਣ ਵਾਸਤੇ ਹਉਮੈ ਦਾ ਪਰਿਤਿਆਗ ਅਤਿ ਜ਼ਰੂਰੀ ਹੈ।

ਮਨ-ਚਿਤ ਦੇ ਸਦਾ ਖਿੜਾਓ ਵਾਸਤੇ ਹਉਮੈ ਦੇ ਵਿਕਾਰ ਦਾ ਤਿਆਗ ਸਰਵ ਸ੍ਰੇਸ਼ਟ ਸਾਧਨ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ:

ਭੋਲਿਆ ਹਉਮੈ ਸੁਰਤਿ ਵਿਸਾਰਿ॥ ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ॥ ਬਸੰਤ ਮ: ੧

ਜੋ ਗੁਰਮੁਖ ਹਉਮੈ ਦਾ ਤਿਆਗ ਕਰਦੇ ਹਨ ਅਤੇ ਪ੍ਰਭੂ ਦੇ ਭਾਣੇ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਜੀਵਨ ਢਾਲਦੇ ਹਨ, ਉਹ ਸਹੀ ਅਰਥਾਂ ਵਿੱਚ ਗਿਆਨੀ ਹਨ। ਅਜਿਹੇ ਸੱਚੇ ਗਿਆਨੀ ਕਦੇ ਵੀ ਹਉਮੈ ਦੀਆਂ ਫੜਾਂ ਨਹੀਂ ਮਾਰਦੇ। ਪਰੰਤੂ, ਇਸ ਦੇ ਉਲਟ, ਰੱਬ ਨਾਲੋਂ ਟੁੱਟੇ ਹੋਏ ਭੇਖੀ, ਪਾਖੰਡੀ ਤੇ ਭ੍ਰਮਗਿਆਨੀ ਧਰਮੀ ਲੋਕਾਂ ਦੇ ਹਿਰਦੇ ਅੰਦਰ, ਪ੍ਰਭੂ ਦੀ ਸੱਚੀ ਪ੍ਰੇਮਾ ਭਗਤੀ ਦੀ ਬਜਾਏ, ਹਉਮੈ ਦਾ ਵਾਸ ਹੁੰਦਾ ਹੈ। ਹਉਮੈ ਦੀ ਗੁੱਝੀ ਚੋਭ ਸਦਕਾ ਉਹ ਆਏ ਦਿਨ ਆਤਮਿਕ ਮੌਤੇ ਮਰਦੇ ਰਹਿੰਦੇ ਹਨ।

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ ਜਪੁ ਮ: ੧

ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ॥

ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ॥ ਰਾਗੁ ਗਉੜੀ ਸੋਹਿਲਾ ਮ: ੪

ਹਉਮੈ ਭਗਤਿ ਕਰੇ ਸਭੁ ਕੋਇ॥ ਨ ਮਨੁ ਭੀਜੈ ਨ ਸੁਖੁ ਹੋਇ॥

ਕਹਿ ਕਹਿ ਕਹਣੁ ਆਪੁ ਜਣਾਏ॥ ਬਿਰਥੀ ਭਗਤਿ ਸਭੁ ਜਨਮੁ ਗਵਾਏ॥

ਹੇ ਜਨਮ ਮਰਣੰ ਮੂਲੰ ਅਹੰਕਾਰੰ ਪ੍ਰਮਾਤਮਾ॥

ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ॥

ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨ॥

ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿਨਾਮੁ॥ ਥਿਤੀ ਗਉੜੀ ਮ: ੫

ਹਉਮੈ ਦੇ ਮਾਨਸਿਕ ਰੋਗ ਤੋਂ ਮੁਕਤ ਹੋਣ ਵਾਸਤੇ, ਸਰੀਰ ਨੂੰ ਸਾਧਨ ਦੀ ਬਜਾਏ, ਮਨ/ਆਤਮਾ ਨੂੰ ਸਾਧਨ ਦੀ ਲੋੜ ਹੈ। ਮਨ/ਆਤਮਾ ਦੀ ਇਸ ਸਾਧਨਾ ਵਾਸਤੇ ਪਹਿਲਾਂ ਹਉਮੈ ਦਾ ਤਿਆਗ ਕਰਨਾ ਜ਼ਰੂਰੀ ਹੈ; ਹਉਮੈ ਦੇ ਤਿਆਗ ਵਾਸਤੇ ਹਰਿਨਾਮ ਸਿਮਰਨ, ਪ੍ਰਭੂ ਦੀ ਬਖ਼ਸ਼ਿਸ਼ ਅਤੇ ਸਾਧਸੰਗਤ ਵਿੱਚ ਬੈਠਿ ਗੁਰਸਬਦ/ਗੁਰੂ ਦੀ ਸਿੱਖਿਆ ਉੱਤੇ ਬੀਚਾਰ ਕਰਕੇ ਉਸ ਸਿੱਖਿਆ ਅਨੁਸਾਰ ਜੀਵਨ ਢਾਲਣ ਦੀ ਜ਼ਰੂਰਤ ਹੈ।

ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ॥

ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ॥ ਆਸਾ ਅ: ਮ: ੩ ੩/੪੨੧

ਹਉਮੈ-ਰੋਗ ਦਾ ਅਉਖਦ ਹੈ ਨਾਮ। ਨਾਮ-ਜਲ ਮਨ ਉੱਤੋਂ ਹਉਮੈ ਨੂੰ ਧੋਣ ਦੀ ਇੱਕੋ ਇੱਕ ਕਾਰਗਰ ਦਵਾ ਹੈ। ਇਸ ਕੀਮੀਆਈ ਦਵਾ ਦੀ ਪ੍ਰਾਪਤੀ ਹੁੰਦੀ ਹੈ ਪ੍ਰਭੂ ਦੀ ਕਿਰਪਾ ਸਦਕਾ। ਪ੍ਰਭੂ ਦੀ ਕਿਰਪਾ ਦਾ ਹੱਕਦਾਰ ਬਣਨ ਵਾਸਤੇ ਉਸ ਸਰਬਵਿਆਪਕ, ਸਰਵਗਿਆਨੀ ਅਤੇ ਸਰਵਸ਼ਕਤੀਮਾਨ ਸਤਿਪੁਰਖ ਦੀ ਹੋਂਦ ਵਿੱਚ ਦ੍ਰਿੜ ਵਿਸ਼ਵਾਸ ਕਰਕੇ ਉਸ ਦੀ ਸੇਵਾ ਭਗਤੀ ਕਰਨੀ ਜ਼ਰੂਰੀ ਹੈ।

ਹਉਮੈ ਬੰਧਨ ਬੰਧਿ ਭਵਾਵੈ।

ਜਾ ਹਰਿ ਪ੍ਰਭਿ ਕਿਰਪਾ ਧਾਰੀ॥ ਤਾ ਹਉਮੈ ਵਿਚਹੁ ਮਾਰੀ॥ ਮ: ੧

ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ॥ ਗਉੜੀ ਅ: ਮ: ੧

ਮਨ ਰੇ ਹਉਮੈ ਛੋਡਿ ਗੁਮਾਨੁ॥ ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ॥ ਸਿਰੀ ਰਾਗੁ ਮ: ੧

ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ॥ …

ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ॥ ਮੋਰਚਾ ਨ ਲਾਗੈ ਜਾ ਹੁਕਮੈ ਸੋਖੈ॥ ਮਾਝ ਅ: ਮ: ੩

ਪ੍ਰਭੂ ਦੀ ਬਖ਼ਸ਼ਿਸ਼ ਨਾਲ ਗੁਰੂ ਦੀ ਸਰਨ ਪ੍ਰਾਪਤ ਹੁੰਦੀ ਹੈ। ਗੁਰੂ ਦੀ ਸਰਨ ਗਿਆ ਮਨੁੱਖ ਗੁਰੂ ਦੀ ਸਿੱਖਿਆ ਉੱਤੇ ਚਲਦਿਆਂ ਆਪਣੇ ਅੰਦਰੋਂ ਹਉਮੈ ਰੋਗ ਨੂੰ ਨਸ਼ਟ ਕਰ ਲੈਂਦਾ ਹੈ। ਉਸ ਨੂੰ ਆਪਣੇ ਹਿਰਦੇ ਘਰ ਵਿੱਚ ਹੀ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਹਨ:

ਮਨ ਰੇ ਹਉਮੈ ਛੋਡਿ ਗੁਮਾਨ॥ ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ॥ ਸਿਰੀ ਰਾਗੁ ਮ: ੧

ਐਸਾ ਗਰੁਬ ਬੁਰਾ ਸੰਸਾਰੈ॥ ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ॥ ਗਉੜੀ ਅ: ਮ: ੧ ਬਿਨੁ ਗੁਰ ਗਰੁਬ ਨ ਮੇਟਿਆ ਜਾਇ॥ ਗੁਰਮਤਿ ਧਰਮੁ ਧੀਰਜੁ ਹਰਿ ਨਾਇ॥ ਗਉੜੀ ਅ: ਮ: ੧

ਮਨੁ ਮੈ ਮਤੁ ਮੈਗਲ ਮਿਕਦਾਰਾ॥ ਗੁਰੁ ਅੰਕਸੁ ਮਾਰਿ ਜੀਵਾਲਣਹਾਰਾ॥ ਗਉੜੀ ਅ: ਮ: ੩

ਹਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ॥

ਗੁਰਮਤੀ ਮਨੁ ਨਿਰਮਲਾ ਰਸਨਾ ਹਰਿਰਸੁ ਪੀਜੈ ਰਾਮ॥ ਵਡਹੰਸ ਮ: ੩

ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ॥ ਸਿਰੀ ਰਾਗੁ ਮ: ੩

ਨਾਨਕ ਸਤਿਗੁਰੂ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ॥ ਸਲੋਕ ਮ: ੩

ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ॥

ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ॥ ਮ: ੪

ਪ੍ਰਭ ਕਿਰਪਾ ਤੇ ਬੰਧਨ ਤੂਟੈ॥ ਗੁਰ ਪ੍ਰਸਾਦਿ ਨਾਨਕ ਹਉ ਛੂਟੈ॥ ਸੁਖਮਨੀ ਮ: ੫

ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ॥ ਮਾਝ ਮ: ੫

ਨਿਰਮਲ ਮਨ ਨਾਲ ਗੁਰਸਿੱਖਿਆ ਉੱਤੇ ਬਿਬੇਕ ਪੂਰਣ ਬੀਚਾਰ ਕਰਦਿਆਂ ਪ੍ਰਭੂ ਦੇ ਗੁਣਗਾਇਣ ਕਰਨ ਨਾਲ ਹਉਮੈ ਰੋਗ ਦੂਰ ਹੋ ਜਾਂਦਾ ਹੈ।

ਹਉਮੈ ਮੇਰਾ ਮਰੀ ਮਰੁ ਮਰਿ ਜੰਮੈ ਵਾਰੋ ਵਾਰ॥

ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ॥

ਗੁਰਮਤੀ ਜਗਜੀਵਨੁ ਮਨਿ ਵਸੈ ਸਭਿ ਕੁਲ ਉਧਾਰਣਹਾਰ॥ ਮਾਰੂ ਅ: ਮ: ੧

ਹਉਮੈ ਨਿਵਰੈ ਗੁਰ ਸਬਦੁ ਵੀਚਾਰੈ॥ ਚੰਚਲ ਮਤਿ ਤਿਆਗੈ ਪੰਚ ਸੰਘਾਰੈ॥ ਗਉੜੀ ਅ: ਮ: ੧

ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ॥

ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ॥ ਆਸਾ ਅ: ਮ: ੩

ਹਉਮੈ ਮਮਤਾ ਸਬਦੁ ਜਲਾਏ॥ ਮ: ੩

ਹਉਮੈ ਮੈਲੁ ਸਬਦਿ ਜਲਾਇ॥ ਮਾਰੂ ਸੋਲਹੇ ਮ: ੩

ਹਉਮੈ ਕਰਤਿਆ ਨਹ ਸੁਖੁ ਹੋਇ॥ ਮਨਮਤਿ ਝੂਠੀ ਸਚਾ ਸੋਇ॥

ਸਗਲ ਬਿਗੂਤੇ ਭਾਵੈ ਦੋਇ॥ ਸੋ ਕਮਾਵੈ ਧੁਰਿ ਲਿਖਿਆ ਹੋਇ॥

ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ॥ …

ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ॥ ਮਾਰੂ ਅ: ਮ: ੧

ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ॥ ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ॥ ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ॥ ਸਿਰੀ ਰਾਗੁ ਅ: ਮ: ੧

ਹਉਮੈ ਦੇ ਵਿਕਾਰ ਤੋਂ ਛੁਟਕਾਰਾ ਪਾਉਣ ਵਾਸਤੇ ਸੱਭ ਤੋਂ ਚੰਗਾ ਤੇ ਅਨੁਕੂਲ ਸਥਾਨ ਹੈ ਸਾਧਸੰਗਤ

ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਉ॥

ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ॥ ਸਿਰੀ ਰਾਗੁ ੜਣ: ਮ: ੪ ਹੈ ਕੋਈ ਐਸਾ ਹਉਮੈ ਤੋਰੈ॥ ਇਸੁ ਮੀਠੀ ਤੇ ਇਹੁ ਮਨੁ ਹੋਰੈ॥ ……

ਕਹੁ ਨਾਨਕ ਕਿਰਪਾ ਭਈ ਸਾਧ ਸੰਗਤਿ ਨਿਧਿ ਮੋਰੈ॥ ਗਉੜੀ ਮ: ੫

ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ॥ ਸਾਧ ਸੰਗਿ ਜਾ ਕਾ ਮਿਟੈ ਅਭਿਮਾਨੁ॥

ਜੇ ਕੋ ਅਪੁਨੀ ਸੋਭਾ ਲੋਰੈ॥ ਸਾਧ ਸੰਗਿ ਇਹ ਹਉਮੈ ਛੋਰੈ॥ ਗਉੜੀ ਸੁਖਮਨੀ ਮ: ੫

ਚਲਦਾ……

ਗੁਰਇੰਦਰ ਸਿੰਘ ਪਾਲ

8 ਸਤੰਬਰ, 2019.
.