.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਸਤਾਰ੍ਹ੍ਰਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੀਆਂ ਇਸਦੀਆਂ ਸੋਲਾਂ ਕਿਸ਼ਤਾਂ ਵੀ ਪੜੋ ਜੀ)

ਪਉੜੀ ਨੰ: ੮ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੩॥ ਇਹੁ ਤਨੁ ਸਭੋ ਰਤੁ ਹੈ, ਰਤੁ ਬਿਨੁ ਤੰਨੁ ਨ ਹੋਇ॥ ਜੋ ਸਹਿ ਰਤੇ ਆਪਣੈ, ਤਿਨ ਤਨਿ ਲੋਭ ਰਤੁ ਨ ਹੋਇ॥ ਭੈ ਪਇਐ ਤਨੁ ਖੀਣੁ ਹੋਇ, ਲੋਭ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ, ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥ ਨਾਨਕ ਤੇ ਜਨ ਸੋਹਣੇ, ਜੋ ਰਤੇ ਹਰਿ ਰੰਗੁ ਲਾਇ॥   

ਮਃ ੩॥ ਰਾਮਕਲੀ ਰਾਮੁ ਮਨਿ ਵਸਿਆ, ਤਾ ਬਨਿਆ ਸੀਗਾਰੁ॥ ਗੁਰ ਕੈ ਸਬਦਿ ਕਮਲੁ ਬਿਗਸਿਆ, ਤਾ ਸਉਪਿਆ ਭਗਤਿ ਭੰਡਾਰੁ॥ ਭਰਮੁ ਗਇਆ ਤਾ ਜਾਗਿਆ, ਚੂਕਾ ਅਗਿਆਨ ਅੰਧਾਰੁ॥ ਤਿਸ ਨੋ ਰੂਪੁ ਅਤਿ ਅਗਲਾ, ਜਿਸੁ ਹਰਿ ਨਾਲਿ ਪਿਆਰੁ॥ ਸਦਾ ਰਵੈ ਪਿਰੁ ਆਪਣਾ, ਸੋਭਾਵੰਤੀ ਨਾਰਿ॥ ਮਨਮੁਖਿ ਸੀਗਾਰੁ ਨ ਜਾਣਨੀ, ਜਾਸਨਿ ਜਨਮੁ ਸਭੁ ਹਾਰਿ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿ, ਨਿਤ ਜੰਮਹਿ ਹੋਇ ਖੁਆਰੁ॥ ਸੈਸਾਰੈ ਵਿਚਿ ਸੋਭ ਨ ਪਾਇਨੀ, ਅਗੈ ਜਿ ਕਰੇ ਸੁ ਜਾਣੈ ਕਰਤਾਰੁ॥ ਨਾਨਕ ਸਚਾ ਏਕੁ ਹੈ, ਦੁਹੁ ਵਿਚਿ ਹੈ ਸੰਸਾਰੁ॥ ਚੰਗੈ ਮੰਦੈ ਆਪਿ ਲਾਇਅਨੁ, ਸੋ ਕਰਨਿ ਜਿ ਆਪਿ ਕਰਾਏ ਕਰਤਾਰੁ॥   

ਮਃ ੩॥ ਬਿਨੁ ਸਤਿਗੁਰ ਸੇਵੇ, ਸਾਂਤਿ ਨ ਆਵਈ ਦੂਜੀ ਨਾਹੀ ਜਾਇ॥ ਜੇ ਬਹੁਤੇਰਾ ਲੋਚੀਐ, ਵਿਣੁ ਕਰਮਾ ਪਾਇਆ ਨ ਜਾਇ॥ ਅੰਤਰਿ ਲੋਭੁ ਵਿਕਾਰੁ ਹੈ, ਦੂਜੈ ਭਾਇ ਖੁਆਇ॥ ਤਿਨ ਜੰਮਣੁ ਮਰਣੁ ਨ ਚੁਕਈ, ਹਉਮੈ ਵਿਚਿ ਦੁਖੁ ਪਾਇ॥ ਜਿਨੀ ਸਤਿਗੁਰ ਸਿਉ ਚਿਤੁ ਲਾਇਆ, ਸੋ ਖਾਲੀ ਕੋਈ ਨਾਹਿ॥ ਤਿਨ ਜਮ ਕੀ ਤਲਬ ਨ ਹੋਵਈ, ਨਾ ਓਇ ਦੁਖ ਸਹਾਹਿ॥ ਨਾਨਕ ਗੁਰਮੁਖਿ ਉਬਰੇ, ਸਚੈ ਸਬਦਿ ਸਮਾਹਿ॥   

ਪਉੜੀ॥ ਆਪਿ ਅਲਿਪਤੁ ਸਦਾ ਰਹੈ, ਹੋਰਿ ਧੰਧੈ ਸਭਿ ਧਾਵਹਿ॥ ਆਪਿ ਨਿਹਚਲੁ ਅਚਲੁ ਹੈ, ਹੋਰਿ ਆਵਹਿ ਜਾਵਹਿ॥ ਸਦਾ ਸਦਾ ਹਰਿ ਧਿਆਈਐ, ਗੁਰਮੁਖਿ ਸੁਖੁ ਪਾਵਹਿ॥ ਨਿਜ ਘਰਿ ਵਾਸਾ ਪਾਈਐ, ਸਚਿ ਸਿਫਤਿ ਸਮਾਵਹਿ॥ ਸਚਾ ਗਹਿਰ ਗੰਭੀਰੁ ਹੈ, ਗੁਰ ਸਬਦਿ ਬੁਝਾਈ॥   

(ਪਉੜੀ ਨੰ: ੮ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੩॥ ਇਹੁ ਤਨੁ ਸਭੋ ਰਤੁ ਹੈ, ਰਤੁ ਬਿਨੁ ਤੰਨੁ ਨ ਹੋਇ॥ ਜੋ ਸਹਿ ਰਤੇ ਆਪਣੈ, ਤਿਨ ਤਨਿ ਲੋਭ ਰਤੁ ਨ ਹੋਇ॥ ਭੈ ਪਇਐ ਤਨੁ ਖੀਣੁ ਹੋਇ, ਲੋਭ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ, ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥ ਨਾਨਕ ਤੇ ਜਨ ਸੋਹਣੇ, ਜੋ ਰਤੇ ਹਰਿ ਰੰਗੁ ਲਾਇ॥ ੧॥ {ਪੰਨਾ ੯੪੯-੯੫੦}

ਪਦ ਅਰਥ : —ਰਤੁ—ਲਹੂ। ਰਤੁ ਬਿਨੁ—ਲਹੂ ਤੋਂ ਬਿਨਾ (ਨੋਟ : — ‘ਸੰਬੰਧਕ’ ਦੇ ਨਾਲ ਵੀ ਲਫ਼ਜ਼ ‘ਰਤੁ’ ਦਾ (   ) ਕਿਉਂ ਟਿਕਿਆ ਰਿਹਾ ਹੈ, ਇਹ ਸਮਝਣ ਲਈ ਵੇਖੋ ‘ਗੁਰਬਾਣੀ ਵਿਆਕਰਣ’ )। ਤੰਨੁ—ਸਰੀਰ। ਆਪਣੈ ਸਹਿ—ਆਪਣੇ ਖਸਮ `ਚ, ਆਪਣੇ ਪ੍ਰਭੂ `ਚ। ਤਨਿ—ਸਰੀਰ `ਚ। ਭੈ ਪਇਐ—ਜੇ (ਪ੍ਰਭੂ ਦੇ ਨਿਰਮਲ) ਭਉ `ਚ ਜੀਵੀਏ। ਖੀਣੁ—ਲਿੱਸਾ ਭਾਵ ਨਰਮ-ਦਿਲ ਹੋ ਜਾਂਦਾ ਹੈ ਅਤੇ ਉਹ ਪਰਾਏ ਹੱਕ ਨੂੰ ਨਹੀਂ ਛੇੜਦਾ, ਪਰਾਏ ਹੱਕ `ਤੇ ਝਾਕ ਨਹੀਂ ਰਖਦਾ। ਬੈਸੰਤਰਿ—ਅੱਗ `ਚ। ਰੰਗੁ—ਪਿਆਰ। ਰਤੇ ਹਰਿ ਰੰਗੁ ਲਾਇ—ਜਿਹੜੇ ਪ੍ਰਭ ਦੇ ਪ੍ਰੇਮ ਦੇ ਰੰਗ `ਚ ਰੰਗੇ ਗਏ।

ਅਰਥ : — "ਇਹੁ ਤਨੁ ਸਭੋ ਰਤੁ ਹੈ, ਰਤੁ ਬਿਨੁ ਤੰਨੁ ਨ ਹੋਇ" -ਲਹੂ ਤਾਂ ਸਾਰੇ ਮਨੁੱਖਾ ਸਰੀਰਾਂ `ਚ ਹੀ ਹੁੰਦਾ ਹੈ। ਭਾਵ, ਲਹੂ ਤਾਂ ਮਨੁੱਖ ਦੇ ਪੂਰੇ ਸਰੀਰ `ਚ ਹੀ ਚਲਦਾ ਹੈ ਅਤੇ ਲਹੂ ਤੋਂ ਬਿਨਾ ਕਿਸੇ ਇੱਕ ਵੀ ਮਨੁੱਖਾ ਸਰੀਰ ਦੀ ਹੋਂਦ ਨਹੀਂ ਹੁੰਦੀ।

"ਜੋ ਸਹਿ ਰਤੇ ਆਪਣੈ, ਤਿਨ ਤਨਿ ਲੋਭ ਰਤੁ ਨ ਹੋਇ" -ਫਿਰ ਵੀ ਮਨੁੱਖਾ ਸਰੀਰ ਦੀ ਚੀਰ-ਫਾੜ ਕੀਤਿਆਂ ਭਾਵ ਉਸ ਦੇ ਮਨ ਦੇ ਅੰਦਰਲੀ ਪੜਤਾਲ ਕੀਤਿਆਂ, ਉਹ ਕਿਹੜਾ ਲਹੂ ਹੁੰਦਾ ਹੈ ਜਿਹੜਾ ਉਸ ਚੋਂ ਨਹੀਂ ਨਿਕਲਦਾ?

ਜਿਹੜੇ ਮਨੁੱਖ, ਮਨ ਤੇ ਸੁਰਤ ਕਰਕੇ ਆਪਣੇ ਖਸਮ-ਪ੍ਰਭੂ ਦੇ ਪਿਆਰ ਦੇ ਰੰਗ `ਚ ਰੰਗੇ ਰਹਿੰਦੇ ਹਨ ਉਨ੍ਹਾਂ ਦੇ ਸਰੀਰ `ਚ ਲੋਭ-ਲਾਲਚ ਵਾਲਾ ਲਹੂ ਭਾਵ ਖੂਨ ਨਹੀਂ ਹੁੰਦਾ।

"ਭੈ ਪਇਐ ਤਨੁ ਖੀਣੁ ਹੋਇ, ਲੋਭ ਰਤੁ ਵਿਚਹੁ ਜਾਇ" - ਕਾਰਣ ਹੁੰਦਾ ਹੈ ਕਿ ਜੇ ਮਨੁੱਖ ਪ੍ਰਭੂ ਦੇ ਨਿਰਮਲ ਭਉ `ਚ ਰਹਿਕੇ ਜੀਵਨ ਜੀਊਂਦਾ ਤੇ ਬਤੀਤ ਕਰਦਾ ਹੈ ਤਾਂ ਉਸ ਦਾ ਸਰੀਰ ਆਪਣੇ-ਆਪ `ਚ ਸੁਭਾਅ ਕਰਕੇ ਲਿੱਸਾ ਭਾਵ ਨਰਮ-ਦਿਲ ਹੀ ਹੁੰਦਾ ਹੈ।

ਭਾਵ ਉਹ ਮਨੁੱਖ ਪਰਾਏ ਹੱਕ `ਤੇ ਝਾਕ ਤੇ ਉਸ ਦੀ ਲਾਲਸਾ ਨਹੀਂ ਰਖਦਾ। ਇਸੇ ਕਾਰਣਂ ਉਸ ਦੇ ਸਰੀਰ ਤੇ ਸੁਭਾਅ `ਚੋਂ ਲੋਭ ਅਥਵਾ ਲਾਲਚ ਵਾਲਾ ਲਹੂ ਵੀ ਆਪਣੇ-ਆਪ ਖ਼ਤਮ ਹੋ ਜਾਂਦਾ ਤੇ ਮੁੱਕ ਜਾਂਦਾ ਹੈ।

"ਜਿਉ ਬੈਸੰਤਰਿ ਧਾਤੁ ਸੁਧੁ ਹੋਇ, ਤਿਉ ਹਰਿ ਕਾ ਭਉ, ਦੁਰਮਤਿ ਮੈਲੁ ਗਵਾਇ" -ਜਿਵੇਂ ਅੱਗ `ਚ ਪਾਇਆਂ ਸੋਨਾ ਆਦਿ ਧਾਤੂ ਸਾਫ਼ ਹੋ ਜਾਂਦੀ ਹੈ। ਠੀਕ ਉਸੇ ਤਰ੍ਹਾਂ ਜੇ ਮਨੁੱਖ ਦੇ ਮਨ `ਚ ਪ੍ਰਭੂ-ਪ੍ਰਮਾਤਮਾ ਦਾ ਨਿਰਮਲ ਭਉ ਦੀ ਗਰਮੀ ਹੋਵੇ ਤਾਂ ਉਸ ਮਨੁੱਖ ਦੇ ਮਨ ਅੰਦਰੋਂ ਭੈੜੀ ਮੱਤ ਵਾਲੀ ਮੈਲ ਵੀ ਆਪਣੇ-ਆਪ ਕੱਟ ਜਾਂਦੀ ਤੇ ਖਤਮ ਹੋ ਜਾਂਦੀ ਹੈ।

"ਨਾਨਕ ਤੇ ਜਨ ਸੋਹਣੇ, ਜੋ ਰਤੇ ਹਰਿ ਰੰਗੁ ਲਾਇ"॥ ੧॥ ਤਾਂ ਤੇ ਹੇ ਨਾਨਕ! ਉਨ੍ਹਾਂ ਮਨੁੱਖਾਂ ਦੇ ਜੀਵਨ ਸੋਹਣੇ ਭਾਵ ਇਲਾਹੀ ਗੁਣਾਂ ਨਾਲ ਭਰਪੂਰ ਹੋ ਜਾਂਦੇ ਹਨ ਜਿਹੜੇ ਮਨ ਤੇ ਸੁਰਤ ਕਰਕੇ ਪ੍ਰਭੂ ਪਿਆਰ `ਚ ਰੰਗੇ ਰਹਿੰਦੇ ਹਨ। ੧।

ਵਿਸ਼ੇਸ਼ ਨੋਟ : —ਇਸ ਪਉੜੀ ਦਾ ਇਹ ਪਹਿਲਾ ਸਲੋਕ ਗੁਰੂ ਅਮਰਦਾਸ ਜੀ ਨੇ ਫਰੀਦ ਸਾਹਿਬ ਦੇ ਸ਼ਲੋਕ ਨੰ: ੫੧ ਦੀ ਵਿਆਖਿਆ ਵਜੋਂ ਉਚਾਰਿਆ ਹੋਇਆ ਹੈ।

ਤਾਂ ਤੇ ਫ਼ਰੀਦ ਜੀ ਦਾ ਉਹ ਸਲੋਕ ਨੰ: ੫੧ ਅਰਥਾਂ ਸਹਿਤ ਇਸ ਪ੍ਰਕਾਰ ਹੈ:-

"ਫਰੀਦਾ ਰਤੀ ਰਤੁ ਨ ਨਿਕਲੈ, ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ, ਤਿਨ ਤਨਿ ਰਤੁ ਨ ਹੋਇ॥  ੫੧ ॥" (ਪੰ: ੧੩੮੦)

ਅਰਥ: — ਹੇ ਫਰੀਦ! ਜੋ ਬੰਦੇ ਰੱਬ ਨਾਲ ਰੰਗੇ ਹੁੰਦੇ ਹਨ (ਭਾਵ, ਰੱਬ ਦੇ ਪਿਆਰ ਵਿੱਚ ਰੰਗੇ ਹੁੰਦੇ ਹਨ), ਉਹਨਾਂ ਦੇ ਸਰੀਰ ਵਿੱਚ ( ‘ਵਿਸੁ ਗੰਦਲਾਂ’ ਦਾ ਮੋਹ-ਰੂਪ) ਲਹੂ ਨਹੀਂ ਹੁੰਦਾ, ਜੇ ਕੋਈ (ਉਹਨਾਂ ਦਾ) ਸਰੀਰ ਚੀਰੇ (ਤਾਂ ਉਸ ਵਿਚੋਂ) ਰਤਾ ਜਿਤਨਾ ਭੀ ਉਹ ਲਹੂ ਨਹੀਂ ਨਿਕਲਦਾ (ਪਰ, ਹੇ ਫਰੀਦ! ਤੂੰ ਤਾਂ ਮੁਸੱਲੇ ਤੇ ਖ਼ਫ਼ਨੀ ਆਦਿਕ ਨਾਲ ਨਿਰਾ ਬਾਹਰ ਦਾ ਹੀ ਖ਼ਿਆਲ ਰੱਖਿਆ ਹੋਇਆ ਹੈ)। ੫੧। (ਧੰਨਵਾਦ ਸਹਿਤ ਅਰਥ: —ਪ੍ਰੋ: ਸਾਹਿਬ ਸਿੰਘ ਜੀ।

ਮਃ ੩॥ ਰਾਮਕਲੀ ਰਾਮੁ ਮਨਿ ਵਸਿਆ, ਤਾ ਬਨਿਆ ਸੀਗਾਰੁ॥ ਗੁਰ ਕੈ ਸਬਦਿ ਕਮਲੁ ਬਿਗਸਿਆ, ਤਾ ਸਉਪਿਆ ਭਗਤਿ ਭੰਡਾਰੁ॥ ਭਰਮੁ ਗਇਆ ਤਾ ਜਾਗਿਆ, ਚੂਕਾ ਅਗਿਆਨ ਅੰਧਾਰੁ॥ ਤਿਸ ਨੋ ਰੂਪੁ ਅਤਿ ਅਗਲਾ, ਜਿਸੁ ਹਰਿ ਨਾਲਿ ਪਿਆਰੁ॥ ਸਦਾ ਰਵੈ ਪਿਰੁ ਆਪਣਾ, ਸੋਭਾਵੰਤੀ ਨਾਰਿ॥ ਮਨਮੁਖਿ ਸੀਗਾਰੁ ਨ ਜਾਣਨੀ, ਜਾਸਨਿ ਜਨਮੁ ਸਭੁ ਹਾਰਿ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿ, ਨਿਤ ਜੰਮਹਿ ਹੋਇ ਖੁਆਰੁ॥ ਸੈਸਾਰੈ ਵਿਚਿ ਸੋਭ ਨ ਪਾਇਨੀ, ਅਗੈ ਜਿ ਕਰੇ ਸੁ ਜਾਣੈ ਕਰਤਾਰੁ॥ ਨਾਨਕ ਸਚਾ ਏਕੁ ਹੈ, ਦੁਹੁ ਵਿਚਿ ਹੈ ਸੰਸਾਰੁ॥ ਚੰਗੈ ਮੰਦੈ ਆਪਿ ਲਾਇਅਨੁ, ਸੋ ਕਰਨਿ ਜਿ ਆਪਿ ਕਰਾਏ ਕਰਤਾਰੁ॥ ੨॥ {ਪੰਨਾ ੯੫੦}

ਵਿਸ਼ੇਸ਼ ਧਿਆਣ ਯੋਗ:- ਮ: ਤੀਜੇ ਦੀ ਰਾਮਕਲੀ ਰਾਗ ਵਿੱਚਲੀ ਇਸ ਅੱਠਵੀਂ ਪਉੜੀ ਨਾਲ ਸੰਬੰਧਤ ਇਸ ਦੂਜੇ ਤੇ ਉਪ੍ਰੋਕਤ ਸਲੋਕ ਦੀ ਅਰਥ-ਵਿਚਾਰ ਤੋਂ ਪਹਿਲਾਂ "ਕੁਝ ਗੁਰਮੱਤ ਸਿਧਾਂਤ" ਵਿਸ਼ੇਸ਼ ਧਿਆਣ ਮੰਗਦੇ ਹਨ। ਤਾਂ ਤੇ:-

ਗੁਰਮੱਤ ਸਿਧਾਂਤ (੧) -ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸਮੂਚੀ ਗੁਰਬਾਣੀ ਰਚਨਾ `ਚ ਗੁਰਦੇਵ ਨੇ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ ਕਿ:-

ਸਮੂਚੀ ਰਚਨਾ ਦਾ ਕਰਤਾ-ਧਰਤਾ, ਪਾਲਨਹਾਰ ਤੇ ਸਿਰਜਨਹਾਰ ਭਾਵ ਸਭਕੁਝ ਕੇਵਲ ਤੇ ਕੇਵਲ ਇੱਕ "ੴ ਅਕਾਲਪੁਰਖ" ਹੀ ਹੈ। ਉਸ ਤੋਂ ਸਿਵਾ ਜਾਂ ਉਸ ਦੀ ਬਰਾਬਰੀ ਦਾ ਦੂਜਾ ਕੌਈ ਹੋਰ ਹੈ ਹੀ ਨਹੀਂ। ਜਿਵੇਂ:-

() "ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ" (ਪੰ: ੨੭੬)

() "ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ, ਤੁਧੁ ਜੇਵਡੁ ਅਵਰੁ ਨ ਕੋਈ’ (ਪੰ: ੧੨)

() "ਤੁਝ ਬਿਨੁ ਦੂਜਾ ਅਵਰੁ ਨ ਕੋਈ, ਸਭੁ ਤੇਰਾ ਖੇਲੁ ਅਖਾੜਾ ਜੀਉ" (ਪੰ: ੧੦੩)

() "ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ॥ ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ" (ਪੰ: ੩੯੮)

() "ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ" (ਪੰ: ੪੬੩) ਆਦਿ

ਗੁਰਮੱਤ ਸਿਧਾਂਤ (੨) :-ਇਸਤ੍ਰੀਆਂ ਭਾਵੇਂ ਮਰਦ, ਸਮੂਚੀ ਮਨੁੱਖ ਜਾਤੀ ਦਾ ਭਾਈਚਾਰਾ ਇਕੋ ਹੀ ਹੈ, ਭਿੰਨ-ਭਿੰਨ ਨਹੀਂ। ਜਿਵੇਂ:-

() "ਤੂੰ ਸਾਝਾ ਸਾਹਿਬੁ ਬਾਪੁ ਹਮਾਰਾ … ਘਟ ਘਟ ਅੰਤਰਿ ਤੂੰ ਹੈ ਵੁਠਾ॥ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ" (ਪੰ: ੯੭)

() "ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ" (ਪੰ: ੭੨੮)

() "ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ ੧॥ ਲੋਗਾ ਭਰਮਿ ਨ ਭੂਲਹੁ ਭਾਈ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥ ੧॥ ਰਹਾਉ॥" (ਪੰ: ੧੩੪੯)

() "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ" (ਪੰ: ੬੧੧)

ਗੁਰਮੱਤ ਸਿਧਾਂਤ (੩) - ਸਮੂਚੀ ਮਨੁੱਖ ਜਾਤੀ ਦਾ ਪ੍ਰਭੂ ਵਲੋਂ ਨਿਯਤ "ਸੱਚ ਧਰਮ" ਵੀ ਇਕੋ ਹੀ ਹੈ, ਪ੍ਰਭੂ ਵੱਲੋਂ ਮਨੁੱਖਾ ਜੀਵਨ ਦੀ ਸੰਭਾਲ ਤੇ ਸਫ਼ਲਤਾ ਲਈ ਭਿੰਨ-ਭਿੰਨ ਧਰਮ ਨਹੀਂ ਹਨ। ਜਿਵੇਂ:-

() "ਮੰਨੈ ਮਗੁ ਨ ਚਲੈ ਪੰਥੁ॥ ਮੰਨੈ ਧਰਮ ਸੇਤੀ ਸਨਬੰਧੁ" (ਬਾਣੀ ਜਪੁ)

() "ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ" (ਪ: ੨੬੬)

() "ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ" (ਪੰ: ੪੬੯)

() "ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ॥ ਕਹੁ ਨਾਨਕ ਅਟਲ ਇਹੁ ਧਰਮੁ" (ਪੰ: ੧੯੬)

() "ਨਾਨਕ ਗੁਰੁ ਸੰਤੋਖੁ ਰੁਖੁ, ਧਰਮੁ ਫੁਲੁ ਫਲ ਗਿਆਨੁ" (ਪੰ: ੧੪੭) ਆਦਿ

ਗੁਰਮੱਤ ਸਿਧਾਂਤ (੪) - ਗੁਰਦੇਵ ਨੇ ਗੁਰਬਾਣੀ ਰਾਹੀਂ ਸਮੂਚੇ ਮਨੁੱਖ ਸਮਾਜ ਵਿਚਾਲੇ ਦੋ ਵਿਰੋਧੀ ਰਹਿਣੀਆਂ ਦੀ ਹੋਂਦ ਨੂੰ ਹੀ ਪ੍ਰਵਾਣਿਆ ਅਤੇ ਗੁਰਬਾਣੀ `ਚ ਉਨ੍ਹਾਂ ਦਾ ਭਰਵਾਂ ਵਰਨਣ ਵੀ ਕੀਤਾ ਹੋਇਆ ਹੈ। ਅਤੇ ਉਹ ਦੋ ਰਹਿਣੀਆਂ ਹਨ:-

"ਗੁਰਮੁਖ" ਦਾ ਜੀਵਨ ਅਤੇ "ਮਨਮੁਖ ਦਾ ਜੀਵਨ"

ਇਸ ਲਈ ਪੱਕਾ ਕਰਕੇ ਸਮਝਵਾ ਹੈ ਕਿ "ੴ" ਤੋਂ "ਤਨੁ ਮਨੁ ਥੀਵੈ ਹਰਿਆ ਤੀਕ" ਸਮੂਚੀ ਗੁਰਬਾਣੀ `ਚ ਗੁਰਦੇਵ ਨੇ, ਮਨੁੱਖ ਰਾਹੀਂ ਮਨੁੱਖ ਸਮਾਜ ਵਿਚਾਲੇ ਪ੍ਰਚਲਤ ਅਨੇਕਾਂ ਭਿੰਨ-ਭਿੰਨ ਧਰਮਾਂ, ਵਰਣਾਂ- ਜਾਤਾਂ, ਲਿੰਗ ਭੇਦ ਆਦਿ ਤੇ ਕਬੀਲਿਆਂ ਆਦਿ `ਤੇ ਆਧਾਰਤ ਮਨੁੱਖ ਵਿਚਾਲੇ ਵੰਡੀਆਂ ਤੇ ਵਖ੍ਰੇਵਿਆਂ ਨੂੰ ਉੱਕਾ ਹੀ ਪ੍ਰਵਾਣ ਨਹੀਂ ਕੀਤਾ।

ਹੋਰ ਤਾਂ ਹੋਰ, ਗੁਰਬਾਣੀ ਅਨੁਸਾਰ ਪ੍ਰਭੂ ਦੀ ਅਨੰਤ ਰਚਨਾ `ਚ, ਜਿੱਥੇ-ਕਿੱਥੇ ਵੀ ਮਨੁੱਖ ਵਿਚਰ ਰਿਹਾ ਹੈ ਮਨੁੱਖ ਸਮਾਜ ਵਿਚਾਲੇ ਕੇਵਲ ਉਪ੍ਰੋਕਤ ਦੋ ਵਿਰੋਧੀ ਜੀਵਨ ਰਹਿਣੀਆਂ ਹੀ ਹਨ ਅਤੇ ਉਹ ਹਨ "ਗੁਰਮੁਖ ਦਾ ਜੀਵਨ" ਅਤੇ "ਮਨਮੁਖ ਦਾ ਜੀਵਨ"।

ਤਾਂ ਤੇ ਗੁਰਬਾਣੀ ਅਨੁਸਾਰ "ਗੁਰਮੁਖ" ਅਤੇ "ਮਨਮੁਖ" ਸਮੂਚੇ ਮਨੁੱਖ ਸਮਾਜ ਵਿੱਚਲੀਆਂ ਇਹ ਦੋ ਵਿਰੋਧੀ ਜੀਵਨ-ਰਹਿਣੀਆਂ ਕੀ ਹਨ? ਇਸ ਵਿਸ਼ੇ `ਤੇ ਗੁਰਬਾਣੀ ਆਧਾਰਤ ਇੱਕ ਸਰਸਰੀ ਝਾਤ:-

"ਗੁਰਮੁਖ" ? - "ਗੁਰਮੁਖ" ਉਹ ਹਨ ਜਿਹੜੇ ਸਾਧ-ਸੰਗਤ `ਚ ਸ਼ਾਮਲ ਹੋ ਕੇ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ। ਇਸ ਤਰ੍ਹਾਂ ਉਹ ਮਨੁੱਖਾ ਜਨਮ ਦੇ ਇਕੋ-ਇਕ ਵਿਸ਼ੇਸ਼ ਮਕਸਦ ਨੂੰ ਸਮਝਣ ਤੇ ਪਹਿਚਾਨਣ ਪ੍ਰਤੀ ਸਦਾ ਸੁਚੇਤ ਰਹਿੰਦੇ ਹਨ। ਉਹ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜੇ ਰਹਿਕੇ, ਸ਼ਬਦ-ਗੁਰੂ ਦੀ ਬਖ਼ਸ਼ਿਸ਼ ਸਦਕਾ ਪ੍ਰਭੂ ਵਲੋਂ ਪ੍ਰਾਪਤ ਇਸ ਮਨੁੱਖਾ ਜਨਮ ਵਾਲੇ ਵਿਸ਼ੇਸ਼ ਅਵਸਰ ਨੂੰ ਸਫ਼ਲ ਕਰਕੇ ਦੰਸਾਰ ਤੋਂ ਜਾਂਦੇ ਹਨ।

"ਗੁਰਮੁਖ ਜਨ" ਮਨ ਤੇ ਸੁਰਤ ਕਰਕੇ ਸ਼ਬਦ-ਗੁਰੂ ਦੇ ਆਦੇਸ਼ਾ ਤੇ ਸਿਖਿਆਵਾਂ ਦਾ ਪਾਲਨ ਕਰਦੇ ਹੋਏ ਸੁਆਸ-ਸੁਆਸ ਪ੍ਰਭੂ ਦੇ ਰੰਗ `ਚ ਰੰਗੇ ਰਹਿੰਦੇ ਹਨ। ਇਸੇ ਕਾਰਣ ਗੁਰਬਾਣੀ ਵਿਚਾਰਧਾਰਾ ਅਨੁਸਾਰ ਉਹ ਸਰੀਰ ਤਿਆਗਣ ਤੋਂ ਬਾਅਦ ਭਿੰਨ ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਨਹੀਂ ਪੈਂਦੇ। ਰਾਅਸਲ ਉਹ ਜੀਂਦੇ ਜੀਅ ਹੀ ਆਪਣੇ ਅਸਲੇ ਪ੍ਰਭੂ `ਚ ਸਮਾਅ ਚੁੱਕੇ ਹੁੰਦੇ ਹਨ, ਉਸ ਨਾਲ ਅਭੇਦ ਹੋ ਚੁੱਕੇ ਹੁੰਦੇ ਹਨ।

"ਮਨਮੁਖ" ? - ਮਨਮੁਖ, ਜਿਹੜੇ ਲੋਕ ਗੁਰੂ-ਗੁਰਬਾਣੀ ਦੀ ਸ਼ਰਣ `ਚ ਨਹੀਂ ਆਉਂਦੇਉਹ ਆਪ-ਹੁੱਦਰੇ, ਹੂੜਮਤੀਏ ਤੇ ਮਨਮਤੀਏ ਰਹਿਕੇ, ਆਪਣੇ ਮਨ ਦੀ ਮੱਤ ਦੇ ਪਿਛੇ ਟੁਰੇ ਰਹਿੰਦੇ ਹਨ। ਇਸ ਤਰ੍ਹਾਂ ਉਹ ਪ੍ਰਭੂ ਦੀ ਬਖ਼ਸ਼ਿਸ਼ ਰਾਹੀਂ ਪ੍ਰਾਪਤ ਇਸ ਦੁਰਲਭ ਮਨੁੱਖਾ ਜਨਮ ਵਾਲੇ ਵਿਸ਼ੇਸ਼ ਅਵਸਰ ਨੂੰ ਵੀ ਸੰਸਾਰ ਤੋਂ ਬਿਰਥਾ ਕਰ ਕੇ ਜਾਂਦੇ ਹਨ।

ਮਨਮੁਖ ਜੀਂਦੇ ਜੀਅ ਵੀ ਵਿਕਾਰਾਂ, ਅਉਗੁਣਾਂ ਤੇ ਕੁਕ੍ਰਮਾਂ ਦੀਆਂ ਚੋਟਾਂ ਸਹਿਣ ਨੂੰ ਮਜਬੂਰ ਹੁੰਦੇ ਅਤੇ ਉਹ ਹਰ ਸਮੇਂ ਆਪਣੇ ਲਈ "ਆਤਮਕ ਮੌਤ" ਹੀ ਸਹੇੜੀ ਰਖਦੇ ਹਨ। ਜਿਸ ਤੋਂ ਉਹ ਜੀਵਨ ਦੌਰਾਨ, ਸੁਭਾਅ ਕਰਕੇ ਵੀ ਅਨੇਕਾਂ ਜੂਨਾਂ ਦੀ ਗੰਦਗੀ ਢੋਂਦੇ ਹਨ ਉਪ੍ਰੰਤ ਗੁਰਬਾਣੀ-ਅਨੁਸਾਰ ਉਹ ਸਰੀਰਕ ਮੌਤ ਤੋਂ ਬਾਅਦ ਵੀ ਮੁੜ ਉਨ੍ਹਾਂ ਹੀ ਭਿੰਨ ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਪੈ ਕੇ ਪਛਤਾਉਂਦੇ ਤੇ ਦੁਖੀ ਹੁੰਦੇ ਹਨ। ਯਥਾ:-

() "ਗੁਰਮੁਖਿ ਲਾਧਾ, ਮਨਮੁਖਿ ਗਵਾਇਆ" (ਪੰ: ੧੧)

() "ਸਭ ਇਕਠੇ ਹੋਇ ਆਇਆ॥ ਘਰਿ ਜਾਸਨਿ ਵਾਟ ਵਟਾਇਆ॥ ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ (ਪੰ: ੭੪

() "ਮਨਮੁਖ ਮਨੁ ਤਨੁ ਅੰਧੁ ਹੈ, ਤਿਸ ਨਉ ਠਉਰ ਨ ਠਾਉ॥ ਬਹੁ ਜੋਨੀ ਭਉਦਾ ਫਿਰੈ, ਜਿਉ ਸੁੰਞੈਂ ਘਰਿ ਕਾਉ॥ ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ" (ਪੰ: ੩੦)

() "ਮਨਮੁਖਿ ਹਉਮੈ ਕਰਿ ਮੁਸੀ, ਗੁਰਮੁਖਿ ਪਲੈ ਪਾਇ" (ਪੰ: ੬੩)

() "ਮਨਮੁਖ ਭਉਜਲਿ ਪਚਿ ਮੁਏ, ਗੁਰਮੁਖਿ ਤਰੇ ਅਥਾਹੁ" (ਪੰ: ੬੪)

() "ਪੰਚ ਦੂਤ ਮੁਹਹਿ ਸੰਸਾਰਾਮਨਮੁਖ ਅੰਧੇ ਸੁਧਿ ਨ ਸਾਰਾ॥ ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ, ਪੰਚ ਦੂਤ ਸਬਦਿ ਪਚਾਵਣਿਆ" (ਪੰ: ੧੧੩)

() "ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ॥ ਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ॥ ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ" (ਪੰ: ੩੦੧)

() "ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ॥ ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ" (ਪੰ: ੬੪੯)

() "ਮਨਮੁਖ ਅੰਧੇ ਕਿਛੂ ਨਾ ਸੂਝੈ॥ ਮਰਣੁ ਲਿਖਾਇ ਆਏ ਨਹੀ ਬੂਝੈ॥ ਮਨਮੁਖ ਕਰਮ ਕਰੇ ਨਹੀ ਪਾਏ, ਬਿਨੁ ਨਾਵੈ ਜਨਮੁ ਗਵਾਵਣਿਆ" (ਪੰ: ੧੧੪॥

() "ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ॥ ਗੁਰਮੁਖਿ ਚਾਨਣੁ ਜਾਣੀਐ, ਮਨਮੁਖਿ ਮੁਗਧੁ ਗੁਬਾਰੁ॥ ਘਟਿ ਘਟਿ ਜੋਤਿ, ਨਿਰੰਤਰੀ ਬੂਝੈ ਗੁਰਮਤਿ ਸਾਰੁ" (ਪੰ: ੨੦) (ਚਲਦਾ) #Instt.P.8v.-17th.Ramkali ki vaar M.-3-02.19-P.8#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਸਤਾਰ੍ਹਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com

 




.