.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਪਚਵੰਜਵਾਂ ਸਲੋਕ

ਵੀਰ ਭੁਪਿੰਦਰ ਸਿੰਘ

55. ਪਚਵੰਜਵਾਂ ਸਲੋਕ -
ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥55॥
ਸੁਖਮਨੀ ਸਾਹਿਬ ਵਿਚ ਪੜਦੇ ਹਾਂ, ‘ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥’ (264) ਭਾਵ ਕਿ ਤੇਰੇ ਮਨ ਅੰਦਰ ਜਦੋਂ ਹਨੇਰਾ ਹੋ ਜਾਂਦਾ ਹੈ, ਜਦੋਂ ਗੁਰ ਗਿਆਨ ਦਾ ਬਲ ਛੁੱਟ ਜਾਂਦਾ ਹੈ, ਤੈਨੂੰ ਬੰਧਨ ਪੈ ਜਾਂਦੇ ਹਨ ਉੱਥੇ ਭਾਵ ਐਸੀ ਅੰਦਰ ਦੀ ਅਗਿਅਨਤਾ ਹਨੇਰੇ ਵਾਲੀ ਅਵਸਥਾ ਵਿਚ ਸਰੀਰਕ ਤੋਰ ਤੇ ਤੈਨੂੰ ਕੋਈ ਵੀ ਸਹਾਈ ਨਹੀਂ ਹੋ ਸਕਦਾ। ਤੇਰੇ ਲਈ ਸਭ ‘ਜਹ ਮਹਾ ਭਇਆਨ ਦੂਤ’ ਹੋ ਜਾਂਦੇ ਹਨ। ਸਾਰੇ ਦੂਤਾਂ ਦੀ ਜਮਾਂ ਦੀ ਫਾਹੀ ਤੈਨੂੰ ਪੈ ਜਾਂਦੀ ਹੈ, ਤੂੰ ਛੁੱਟ ਨਹੀਂ ਪਾਉਂਦਾ ਹੈਂ।
ਆਮ ਤੋਰ ਤੇ ਪ੍ਰਚਲਤ ਅਰਥ ਕੀਤੇ ਜਾਂਦੇ ਹਨ ਕਿ ਦੋਸਤ, ਮਿੱਤਰ, ਯਾਰ ਆਦਿ ਇਹ ਸਾਰੇ ਛੱਡ ਕੇ ਚਲੇ ਜਾਂਦੇ ਹਨ। ਇਸ ਪੰਕਤੀ ਦੇ ਇਹ ਅਰਥ ਨਹੀਂ ਹਨ। ਇਸਦੇ ਇਹ ਅਰਥ ਕੀਤੇ ਗਏ ਤਾਂਹੀ ਤੇ ਲੋਕੀ ਘਰ ਬਾਰ ਛੱਡਕੇ ਜੰਗਲਾਂ ਵਿਚ ਚਲੇ ਜਾਂਦੇ ਹਨ। ਕਿਉਂਕਿ ਸਾਰਿਆਂ ਨੇ ਛੱਡਕੇ ਚਲੇ ਜਾਣਾ ਹੈ ਤੇ ਮੈਂ ਹੁਣੇ ਹੀ ਜੰਗਲ ਚਲਾ ਜਾਂਦਾ ਹਾਂ, ਸੰਨਿਆਸ ਲੈ ਲੈਂਦਾ ਹਾਂ। ਇਸੀ ਲਈ ਜਿਹੜਾ ਤਿਆਗੀ, ਬ੍ਰਹਮਚਾਰੀ, ਵਿਆਹ ਨਹੀਂ ਕਰਵਾਉਂਦਾ, ਕੁਝ ਕਮਾਂਦਾ ਨਹੀਂ ਹੈ, ਵੁਹਟੀ ਬੱਚੇ ਪਾਲਦਾ ਹੀ ਨਹੀਂ ਹੈ, ਜਿਹੜਾ ਤਿਆਗਕੇ ਚਲਾ ਜਾਂਦਾ ਹੈ ਉਸਨੇ ਗ੍ਰਹਸਤੀ ਛੱਡਣਾ ਹੀ ਸਭ ਕੁਝ ਸਮਝ ਲਿਆ। ਲੇਕਿਨ ‘ਸੰਗ ਸਖਾ ਸਭਿ ਤਜਿ ਗਏ’ ਦਾ ਅਰਥ ਅਸੀਂ ਗੁਰਬਾਣੀ ਵਿੱਚੋਂ ਲੱਭਣਾ ਹੈ। ਅਸੀਂ ਸਮਝ ਚੁਕੇ ਹਾਂ ਕਿ ‘ਸੰਗੀ ਭਜਹਿ ਗੁੋਬਿੰਦੁ’ ਮੇਰੇ ਸਰੀਰ ਦੇ ਇੰਦ੍ਰੇ ਗਿਆਨ ਇੰਦ੍ਰਿਆਂ ਨੂੰ ਸੰਗੀ ਸਾਥੀ ਕਹਿੰਦੇ ਹਨ। ਅਸੀਂ ਇਕ ਸ਼ਬਦ ਪੜਦੇ ਹਾਂ ‘ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥ ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥1॥ ਬਾਬਾ ਅਬ ਨ ਬਸਉ ਇਹ ਗਾਉ ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥1॥ ਰਹਾਉ ॥ ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥ ਪੰਚ ਕਿ੍ਰਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥’ (1104)
‘ਪੰਚ ਕਿ੍ਰਸਾਨਵਾ ਭਾਗਿ ਗਏ ਲੈ’ - ਸਾਡੇ ਅੰਦਰ ਜੋ ਕਾਮ, ਕ੍ਰੋਧ ਆਦਿ ਵਿਕਾਰ ਹਨ ਅਸੀਂ ਇਨ੍ਹਾਂ ਨੂੰ ਮਾ-ਪਿਓ, ਭੈਣ-ਭਰਾ, ਸੰਗੀ ਸਾਥੀ ਸਮਝੀ ਬੈਠੇ ਹਾਂ ਇਹ ਭੱਜ ਜਾਂਦੇ ਹਨ, ਇਹ ਉਸ ਵੇਲੇ ਸਾਥ ਨਹੀਂ ਦੇਂਦੇ ਹਨ ਜਦੋਂ ਐ ਮਨ! ਤੈਨੂੰ ਮੁਸੀਬਤ ਪੈਂਦੀ ਹੈ। ਇਹ ਤੇ ਭਜ ਗਏ ਪਰ ਇਹ ਮਨ ਪਕੜਿਆ ਗਿਆ - ‘ਲੈ ਬਾਧਿਓ ਜੀਉ ਦਰਬਾਰੀ’।
ਇਹ ਮਨ ਤੰਦੂਏ ਕੋਲ ਫਸ ਗਿਆ, ਕਿਉਂਕਿ ਮਨ ਹੰਕਾਰੀ ਸੀ, ਹੰਕਾਰੀ ਮਨ ਅਗਿਆਨਤਾ ਵੱਸ ਵਾਸ਼ਨਾਵਾਂ ਵਿਚ ਫੱਸ ਜਾਂਦਾ ਹੈ। ਹਾਥੀ ਇਤਨਾ ਬਲਵਾਨ ਹੁੰਦਾ ਹੈ, ਇਕ ਨਿੱਕਾ ਜਿਹਾ ਪਤਲਾ ਜਿਹਾ ਮਹਾਵਤ, ਹਾਥੀ ਨੂੰ ਕਾਬੂ ਕਰ ਲੈਂਦਾ ਹੈ। ਕਰਦਾ ਕੀ ਹੈ? ਉਸਨੂੰ ਪਤਾ ਚਲ ਜਾਂਦਾ ਹੈ ਕਿ ਹਾਥੀ ਕਾਮੀ ਹੈ। ਉਹ ਇੱਕ ਬਹੁਤ ਡੂੰਘਾ ਖੱਡਾ ਖੋਦਕੇ ਉਸ ਉੱਤੇ ਕੱਚੀ ਕਾਨਿਆਂ ਦੀ ਛੱਤ ਬਣਾ ਦੇਂਦਾ ਹੈ। ਇਸ ਛੱਤ ਉੱਤੇ ਨਕਲੀ ਕਾਗਜ਼ ਦੀ ਬਣੀ ਹਥਨੀ ਖੜੀ ਕਰ ਦੇਂਦਾ ਹੈ। ਇਹ ਹੰਕਾਰੀ ਹਾਥੀ, ਹੰਕਾਰ ਦੇ ਵਸ ਹੋਇਆ, ਆਪਣੀ ਮਤ ਗਵਾ ਬੈਠਦਾ ਹੈ ਤਾਂ ਉਸਦਾ ਬਲ ਚਲਾ ਗਿਆ, ਤੇ ਉਹ ਹਥਨੀ ਵੱਲ ਦੌੜਕੇ ਆਉਂਦਾ ਹੈ। ਕੱਚੀ ਕਾਨਿਆਂ ਦੀ ਛੱਤ ਤੇ ਪੈਰ ਰੱਖਦਾ ਹੈ ਤੇ ਖੱਡੇ ਵਿਚ ਡਿੱਗ ਜਾਂਦਾ ਹੈ। ਉਹ ਪਤਲਾ ਜਿਹਾ ਮਹਾਵਤ, ਇਸ ਹਾਥੀ ਨੂੰ ਕਈ ਦਿਨ ਭੁੱਖਾ ਰੱਖਦਾ ਹੈ। ਫਿਰ ਇਸਦੇ ਪੈਰਾਂ ਵਿਚ ਸੰਗਲ ਪਾ ਲੈਂਦਾ ਹੈ, ਬੰਧਨ ਪਾ ਲੈਂਦਾ ਹੈ ਤੇ ਕਾਬੂ ਕਰ ਲੈਂਦਾ ਹੈ।
ਨੋਟ: ਵਿਚਾਰਨ ਯੋਗ ਹੈ ਕਿ ਆਸ਼ਾ, ਤ੍ਰਿਸ਼ਨਾ ਅਤੇ ਖਾਹਿਸ਼ਾਂ ਦਾ ਬੰਧਨ ਦਾ ਤਾਲ ਮੇਲ ਹੰਕਾਰ ਅਤੇ ਕਾਮ ਨਾਲ ਹੈ। ਬੁਧੀ ਕੰਮ ਨਹੀਂ ਕਰਦੀ ਤਾਂ ਮਨ ਕਲਜੁਗੀ ਅਵਸਥਾ ਵਿਚ ਭਾਵ ਕਲੇਸ਼ ਵਿਚ ਪੈ ਜਾਂਦਾ ਹੈ।
‘ਸੰਗ ਸਖਾ ਸਭਿ ਤਜਿ ਗਏ’ ਜਿਹੜੇ ਕਾਮ, ਕ੍ਰੋਧ ਆਦਿ ਵਿਕਾਰ ਹਨ, ਇਨ੍ਹਾਂ ਸੱਪਾਂ ਨੂੰ ਤੂੰ ਦੁਧ ਪਿਲਾਈ ਜਾਂਦਾ ਹੈਂ। ਇਹ ਤੇਰਾ ਸਾਥ ਨਹੀਂ ਦੇਣਗੇ। ਜਿੱਥੇ ਕਿਤੇ ਮੁਸੀਬਤ ਆ ਜਾਂਦੀ ਹੈ - ‘ਕੋਊ ਨ ਨਿਬਹਿਓ ਸਾਥਿ’। ਇਹ ਸਾਥ ਨਹੀਂ ਦੇਂਦੇ ਹਨ। ਇਨ੍ਹਾਂ ਦੇ ਪਿੱਛੇ ਨਾ ਲਗ। ਇਨ੍ਹਾਂ ਦੇ ਪਿੱਛੇ ਲਗਕੇ ਤੂੰ ਖਿੰਨ ਭੰਗਰ ਦੀ ਖੁਸ਼ੀ ਵਿਚ ਲੱਗਾ ਰਹਿੰਦਾ ਹੈਂ। ਤੈਨੂੰ ਸਮਝ ਨਹੀਂ ਆਉਂਦੀ ਹੈ, ਇਸ ਬਾਰੇ ਸੋਚ - ‘ਕੋਊ ਨ ਨਿਬਹਿਓ ਸਾਥਿ’।
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥ ਮਨੁੱਖ ਦੇ ਮਨ ਨੂੰ ਸਮਝਾਇਆ ਹੈ ਕਿ ਤੂੰ ਇਕ ਰੱਬ ਜੀ, ਇਕ ਅਕਾਲ ਪੁਰਖ ਨਾਲ ਜੁੜ। ‘ਗੁਰੁ ਪਰਮੇਸਰੁ ਏਕੋ ਜਾਣੁ’ ਰੱਬ ਜੀ ਅਤੇ ਰੱਬ ਜੀ ਦਾ ਸੱਚਾ ਗਿਆਨ ਇੱਕੋ ਹੀ ਹੈ।




.