.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ

ਤਰਵੰਜਵਾਂ ਸਲੋਕ

ਵੀਰ ਭੁਪਿੰਦਰ ਸਿੰਘ


53. ਤਰਵੰਜਵਾਂ ਸਲੋਕ -
ਦੋਹਰਾ ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥53॥

ਇਨ੍ਹਾਂ 52 ਸਲੋਕਾਂ ਤਕ ਗੁਰੂ ਸਾਹਿਬ ਨੇ ਮਨੁੱਖ ਦੇ ਹੰਕਾਰ ਤੇ ਚੋਟ ਮਾਰੀ ਹੈ। ਇਸ ਮਗਰੋਂ ਹੁਣ ਸ਼ੁਰੂ ਹੁੰਦਾ ਹੈ ‘ਦੋਹਰਾ’। ਥੋੜੀ ਜਿਹੀ ਅਸੀਂ ਬਾਣੀ ਦੀ ਬਣਤਰ ਬਾਰੇ ਵੀ ਸਮਝ ਲਈਏ ਤਾਂਕਿ ਦੋਹਰਾ ਸਾਨੂੰ ਸਮਝ ਆ ਸਕੇ।
ਇਹ ਸੋਚਿਆ ਜਾਂਦਾ ਸੀ ਕਿ ਦੋਹਰਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਗਿਆ। ਇਹ ਗਲ ਪ੍ਰਚਲਿਤ ਕਰ ਦਿੱਤੀ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਨਹੀਂ ਉੱਚਾਰਿਆ, ਗੁਰੂ ਗੋਬਿੰਦ ਸਿੰਘ ਜੀ ਨੇ ਉੱਚਾਰਿਆ - ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਇਹ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਾ ਉੱਤਰ ਦਿੱਤਾ - ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਤਾਂ ਉਹ ਚੜ੍ਹਦੀ ਕਲਾ ਵਿਚ ਆ ਗਏ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਣੀ ਦਰਜ ਕੀਤੀ। ਸਵਾਲ ਉਠਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਬਾਣੀ ਲਿਖਦੇ ਹਨ ਬਾਣੀ ਦੀ ਬਣਤਰ ਤਿਆਰ ਕਰਦੇ ਹਨ ਬਾਣੀ ਦਾ ਐਸਾ ਤਰੀਕਾ ਤਿਆਰ ਕਰਦੇ ਹਨ ਕਿ ਇਸਦੇ ਵਿਚ ਕੋਈ ਮਿਲਾਵਟ ਨਾ ਕਰ ਸਕੇ। ਗੁਰੂ ਨਾਨਕ ਸਾਹਿਬ ਉਹ ਬਾਣੀ ਆਪਣੇ ਹੱਥੀ ਦੂਜੀ ਪਾਤਸ਼ਾਹੀ ਨੂੰ ਦੇ ਜਾਂਦੇ ਹਨ। ਵਿਚਕਾਰ ਕੋਈ ਦੂਰੀ ਨਹੀਂ ਹੈ। ਗੁਰੂ ਅੰਗਦ ਪਾਤਸ਼ਾਹ ਰਾਹੀਂ ਗੁਰੂ ਅਮਰਦਾਸ, ਗੁਰੂ ਰਾਮਦਾਸ ਪਾਤਸ਼ਾਹ ਤੋਂ ਗੁਰੂ ਅਰਜਨ ਪਾਤਸ਼ਾਹ ਤਕ ਪਹੁੰਚੀ। ਉਹ ਫਿਰ ਗ੍ਰੰਥ ਤਿਆਰ ਕਰਦੇ ਹਨ ਅਤੇ ਇਸ ਗ੍ਰੰਥ ਵਿਚ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਗੁਰੂ ਅੰਗਦ ਪਾਤਸ਼ਾਹ ਜੀ ਦੇ, ਗੁਰੂ ਅਮਰਦਾਸ ਪਾਤਸ਼ਾਹ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਲੋਕਾਂ ਦੀਆਂ ਪਉੜੀਆਂ ਦੇ ਨਾਲ ਸਾਰੇ ਸਿਰਲੇਖ ਇੱਕਠੇ ਕਰਦੇ ਹਨ ਤਾਂ ਉਨ੍ਹਾਂ ਸਿਰਲੇਖਾਂ ਨੂੰ ਜਦੋਂ ਗੁਰੂ ਪਾਤਸ਼ਾਹ ਲਿਖ ਜਾਂਦੇ ਹਨ ਉਨ੍ਹਾਂ ਦੇ ਵਿਚਕਾਰ ਬਿਲਕੁਲ ਤਰਤੀਬ ਵਾਰ ਵਿਸ਼ੇ ਨੂੰ ਮਿਲਾਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਬਾਣੀ ਦਰਜ ਕੀਤੀ। ਅਤੇ ਦੋਹਰੇ ਦੇ ਵੀ ਸਾਰੇ ਦੇ ਸਾਰੇ ਸਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਹੀਂ ਹਨ। ਕਿਉਂ? ਇਸ ਦਲੀਲ ਨੂੰ ਥੋੜ੍ਹਾ ਜਿਹਾ ਸਮਝਦੇ ਹਾਂ ਗੁਰੂ ਅਰਜਨ ਪਾਤਸ਼ਾਹ ਕੋਲ ਜਿਹੜੀ ਬਾਣੀ ਪਹੁੰਚਦੀ ਹੈ ਉਸ ਬਾਣੀ ਵਿਚ ਕਬੀਰ ਸਾਹਿਬ ਜੀ ਦੇ, ਨਾਮਦੇਵ ਸਾਹਿਬ ਜੀ ਦੇ, ਤ੍ਰਿਲੋਚਨ ਸਾਹਿਬ ਜੀ ਦੇ, ਧੰਨਾ ਸਾਹਿਬ ਜੀ ਦੇ ਆਦਿ ਸਾਰਿਆਂ ਦੇ ਸ਼ਬਦ ਹਨ। ਜਿਸ-ਜਿਸ ਸ਼ਬਦ ਵਿਚ ਕੋਈ ਟਪਲਾ ਨਾ ਲੱਗ ਜਾਏ ਉਸਦੇ ਅਰਥ ਹੋਰ ਖੁਲ੍ਹਕੇ ਸਾਹਮਣੇ ਆਉਣੇ ਚਾਹੀਦੇ ਹਨ ਉੱਥੇ ਕਬੀਰ ਸਾਹਿਬ ਦੇ ਸਲੋਕਾਂ ਦੇ ਨਾਲ, ਫਰੀਦ ਸਾਹਿਬ ਜੀ ਦੇ ਸਲੋਕਾਂ ਦੇ ਨਾਲ ਮਹਲਾ ਪਹਿਲਾ ਦੇ ਸ਼ਬਦ ਨਾਲ ਲਿੱਖੇ ਹੋਏ ਹਨ। ਕਈ ਥਾਵਾਂ ਤੇ ਗੁਰੂ ਸਾਹਿਬ ਨੇ ਸ਼ਬਦ ਨਾਲ ਦਰਜ ਕਰ ਦਿੱਤੇ ਹਨ ਤਾਂ ਜੋ ਟਪਲਾ ਨਾ ਲਗ ਸਕੇ। ਜਿੱਥੇ ਭਗਤਾਂ ਦੀ ਬਾਣੀ ਲਿਖੀ ਹੋਈ ਹੈ ਉੱਥੇ ਵੀ ਕਈ ਜਗਾ ਮਹਲਾ ਪਹਿਲਾ, ਮਹਲਾ ਤੀਜਾ ਜਾਂ ਮਹਲਾ ਪੰਜਵਾਂ ਵੀ ਲਿਖਿਆ ਹੋਇਆ ਮਿਲਦਾ ਹੈ। ਇਹ ਉਸ ਸ਼ਬਦ ਨੂੰ ਹੋਰ ਖੋਲਕੇ ਉਸਦਾ ਖੁਲਾਸਾ ਕੀਤਾ ਗਿਆ ਹੈ।
ਸਲੋਕੁ ਮਰਦਾਨਾ 1 ਦਾ ਸਿਰਲੇਖ ਵੀ ਆਉਂਦਾ ਹੈ। ਪਰ ਸ਼ਬਦ ਦੇ ਅੰਤ ਵਿਚ ਨਾਨਕ ਪਦ ਦੀ ਵਰਤੋਂ ਕੀਤੀ ਗਈ ਹੈ। ਇਸ ਦਾ ਮਤਲਬ ਉਹ ਸਲੋਕ ਗੁਰੂ ਨਾਨਕ ਸਾਹਿਬ ਜੀ ਦਾ ਹੈ, ਮਰਦਾਨਾ ਜੀ ਦਾ ਨਹੀਂ ਹੈ। ਇਸੇ ਲੜੀ ਵਿਚ ਤਿੰਨ ਐਸੇ ਸਲੋਕ ਆਉਂਦੇ ਹਨ ਅਤੇ ਤਿੰਨਾਂ ਦੇ ਅੰਤ ਵਿਚ ਨਾਨਕ ਪਦ ਦੀ ਵਰਤੋਂ ਹੁੰਦੀ ਹੈ। ਜੇ ਮਰਦਾਨਾ ਜੀ ਦਾ ਹੁੰਦਾ ਤਾਂ ਅੰਤ ਵਿਚ ਵੀ ਮਰਦਾਨਾ ਪਦ ਦੀ ਵਰਤੋਂ ਹੁੰਦੀ।
ਇਸੇ ਤਰ੍ਹਾਂ ਇਕ ਸਿਰਲੇਖ ਲਿਖਿਆ ਮਿਲਦਾ ਹੈ ਕਿ ਰਾਗ ਆਸਾ ਬਾਣੀ ਭਗਤਾਂ ਕੀ। ਜਦੋਂ ਆਸਾ ਰਾਗ ਸ਼ੁਰੂ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਆਇਆ ਸੀ। ਉਸ ਮਗਰੋਂ ਲੜੀ ਵਾਰ ਗੁਰੂ ਸਾਹਿਬਾਨਾਂ ਦੇ ਸ਼ਬਦ ਦਰਜ ਹਨ। ਉਸ ਮਗਰੋਂ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਉੱਥੇ ਸਿਰਲੇਖ ਹੈ, ਰਾਗੁ ਆਸਾ ਬਾਣੀ ਭਗਤਾ ਕੀ ॥ ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥ ਆਸਾ ਸ੍ਰੀ ਕਬੀਰ ਜੀਉ ॥ (475) ਇਸ ਸਿਰਲੇਖ ਤੋਂ ਸਪਸ਼ਟ ਹੈ ਕਿ ਇਸ ਮਗਰੋਂ ਸ਼ੁਰੂ ਹੋਣ ਵਾਲੀ ਬਾਣੀ ਵਿਚ ਕਬੀਰ ਸਾਹਿਬ ਜੀ, ਨਾਮਦੇਉ ਸਾਹਿਬ ਜੀ ਅਤੇ ਰਵਿਦਾਸ ਸਾਹਿਬ ਜੀ ਦੀ ਬਾਣੀ ਆ ਰਹੀ ਹੈ।
ਜੇ ਦੋਹਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁੰਦਾ ਤਾਂ ਸਿਰਲੇਖ ਤੇ ਗੁਰੂ ਸਾਹਿਬ ਜ਼ਰੂਰ ਸੂਚਿਤ ਕਰਦੇ ਕਿ ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵੀ ਹੈ। ਇਹ ਸਿੱਧਾਂਤ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਵਾਂ ਤੇ ਅਦੁੱਤੀ ਢੰਗ ਨਾਲ ਵਰਤਿਆ ਗਿਆ ਹੈ।
ਬਰਕਲੀ ਯੂਨੀਵਰਸਟੀ ਵਿਚ ਵੀ ਮੈਂ ਸਾਂਝ ਕੀਤੀ ਸੀ ਕਿ ਗੁਰਬਾਣੀ ਦੀ ਅੰਦਰੂਨੀ ਗਵਾਹੀ ਹੈ ਕਿ ਇਸਨੂੰ ਕਿਵੇਂ ਸਮਝਣਾ ਹੈ। ਇਸ ਵਿਚ ਦਿੱਤੇ ਸਿਰਲੇਖ, ਰਹਾਉ ਅਤੇ ਗਿਣਤੀਆਂ ਗੁਰਬਾਣੀ ਨੂੰ ਸਮਝਣ ਵਿਚ ਸਹਾਈ ਹੁੰਦੀਆਂ ਹਨ। ਜਿਵੇਂਕਿ ਇੱਕ ਜਗਾ ਸ਼ਬਦ ਦੇ ਅੰਤ ਤੇ ਲਿਖਿਆ ਮਿਲਦਾ ਹੈ - ਬਾਈਸ ਚਉਪਦੇ ਤਥਾ ਪੰਚਪਦੇ।
ਇਸ ਦਾ ਮਤਲਬ ਇਹ ਹੋਇਆ ਕਿ ਇਸ ਵਿਚ ਚਉਪਦੇ ਅਤੇ ਪੰਚਪਦੇ ਹਨ ਜਿਨ੍ਹਾਂ ਦਾ ਜੋੜ ਬਾਈ ਹੈ। ਗੁਰੂ ਸਾਹਿਬ ਇਤਨੀ ਨਿੱਕੀ-ਨਿੱਕੀ ਗਲ ਲਿਖ ਜਾਂਦੇ ਹਨ। ਇਸ ਦਾ ਅਗਲਾ ਸਿਰਲੇਖ ਪੜਕੇ ਹੋਰ ਹੈਰਾਨ ਰਹਿ ਗਿਆ। ਪੰਨਾ ਨੰਬਰ 481 ਤੇ ਸਿਰਲੇਖ ਹੈ - ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ 8 ਦੁਤੁਕੇ 7 ਇਕਤੁਕਾ 1 ਭਾਵ ਇਕ ਤੁਕ ਵਾਲਾ ਇਕ ਸ਼ਬਦ ਆਏਗਾ, ਦੋ ਤੁਕਾਂ ਵਾਲੇ ਸੱਤ ਅਤੇ ਤਿਨ ਪਦੇ ਵਾਲੇ ਅੱਠ ਸ਼ਬਦ ਆਉਣਗੇ।
ਜੇ ਇਤਨੀ ਬਾਰੀਕ ਗੱਲਾਂ ਗੁਰੂ ਸਾਹਿਬ ਲਿਖਦੇ ਹਨ ਤਾਂ ਸਲੋਕ ਮਹਲੇ ਨੌਵੇ ਦੇ ਸਿਰਲੇਖ ਤੇ ਵੀ ਲਿਖ ਸਕਦੇ ਸਨ ਕਿ ਦੋ ਸਲੋਕ ਮਹਲਾ 10 ਦੇ। ਅਸੀਂ ਜਿਹੜੀਆਂ ਗੱਲਾਂ ਮੰਨਣੀਆਂ ਹਨ ਉਹ ਗੁਰੂ ਗ੍ਰੰਥ ਸਾਹਿਬ ਮੁਤਾਬਕ ਜਿਹੜੀ ਗੱਲ ਠੀਕ ਹੋਵੇਗੀ ਉਹੀ ਅਸੀਂ ਮੰਨਣੀ ਹੈ।
ਇਕ ਸ਼ਬਦ ਆਉਂਦਾ ਹੈ ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥ (1106)
ਅਤੇ ਅੱਗੇ ਜਾਕੇ ਇਸੇ ਸ਼ਬਦ ਵਿਚ ਕਹਿੰਦੇ ਹਨ - ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥ (1106) ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਰਵਿਦਾਸ ਸਾਹਿਬ ਜੀ ਨੇ ਇਹ ਸ਼ਬਦ ਉੱਚਾਰਨ ਕੀਤਾ ਉਸ ਵੇਲੇ ਨਾਮਦੇਵ ਸਾਹਿਬ, ਕਬੀਰ ਸਾਹਿਬ, ਤਿਲੋਚਨ ਸਾਹਿਬ, ਸਧਨਾ ਸਾਹਿਬ ਜੀ ਅਤੇ ਸੈਨ ਸਾਹਿਬ ਜੀ ਲਿਖਤੀ ਤੋਰ ਤੇ ਮੌਜੂਦ ਸਨ ਤਾਂ ਹੀ ਤੇ ਇਨ੍ਹਾਂ ਦਾ ਨਾਮ ਆਇਆ। ਇਸ ਤਰੀਕੇ ਦੇ ਨਾਲ ਅਸੀਂ ਗੁਰਬਾਣੀ ਦੀ ਬਣਤਰ ਨੂੰ ਸਮਝਣਾ ਹੈ। ਇਸ ਦਾ ਮਤਲਬ ਇਹ ਨਿਕਲਿਆ ਕਿ ਸਾਨੂੰ ਸਿਰਲੇਖ ਤੋਂ ਜੋ ਜਾਣਕਾਰੀ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਹੈ ਉਸਨੂੰ ਹੀ ਸਿਰ ਮੱਥੇ ਤੇ ਮੰਨਣਾ ਹੈ। ਇਸ ਲਈ ਇਹ ਸਾਰੇ ਸਲੋਕ ਮਹਲੇ ਨੌਵੇ ਦੇ ਹਨ। ਲੜੀਵਾਰ ਚਲ ਰਹੇ ਹਨ ਇਸ ਲਈ ਉਸਦੀ ਗਿਣਤੀ 57 ਤਕ ਜਾਰੀ ਹੈ। ਅਖੀਰ ਵਿਚ ॥1॥ ਲਿਖਕੇ ਗੁਰੂ ਸਾਹਿਬ ਨੇ ਹੋਰ ਸਾਫ ਕਰ ਦਿੱਤਾ ਕਿ ਇੱਥੋਂ ਤਕ ਇੱਕੋ ਹੀ ਬਾਣੀ ਹੈ।
ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਨੂੰ ਪੜਿਆ, ਸਮਝਿਆ ਅਤੇ ਜਦੋਂ ਨਾਨਕ ਪਦ ਆਪ ਉਚਾਰ ਸਕਦੇ ਸਨ ਉਸ ਵੇਲੇ ਆਪ ਬਾਣੀ ਉੱਚਾਰਕੇ ਗੁਰੂ ਗ੍ਰੰਥ ਸਾਹਿਬ ਵਿਚ ਸਾਰੇ ਵਿਸ਼ਿਆਂ ਬਾਰੇ ਵਿਚਾਰ ਕਰਕੇ, ਪਹਿਲਾਂ ਦਰਜ ਬਾਣੀ ਦੀ ਤਰਤੀਬ ਸਮਝਕੇ ਉਸ ਮੁਤਾਬਕ ਮਹਲੇ ਨੌਵੇਂ ਦੇ ਸ਼ਬਦ ਬਾਣੀ ਵਿਚ ਦਰਜ ਕੀਤੇ। ਜਦੋਂ ਪਹਿਲੇ ਗੁਰੂ ਸਾਹਿਬਾਨ ਆਪਣੀ ਬਾਣੀ ਆਪ ਲਿਖਦੇ ਹਨ ਅਤੇ ਆਪ ਸੰਭਾਲਦੇ ਹਨ। ਇਸੇ ਤਰ੍ਹਾਂ ਸਿਲਸਿਲੇਵਾਰ ਗੁਰੂ ਤੇਗ ਬਾਹਾਦਰ ਸਾਹਿਬ ਜੀ ਕੋਲ ਬਾਣੀ ਆਂਦੀ ਹੈ। ਉਹ ਵੀ ਅਵੇਸਲੇ ਨਹੀਂ ਹੁੰਦੇ ਹਨ, ਆਪਣੀ ਬਾਣੀ ਉੱਚਾਰਕੇ ਨਾਲ ਪਰਕਰਨ ਦੇ ਨਾਲ ਲਗਾਕੇ ਲੜੀਵਾਰ, ਰਾਗਾਂ ਦੇ ਹੇਠਾਂ ਪ੍ਰਕਰਨ ਮੁਤਾਬਕ ਆਪ ਦਰਜ ਕਰਦੇ ਹਨ।
ਬਲੁ: ਤਾਕਤ। ਹਾਥੀ ਬਲਵਾਨ ਹੈ ਤੇ ਬੁਧੀਮਾਨ ਵੀ ਹੈ। ਪਰ ਬੁੱਧੀ ਨੂੰ ਵਰਤਦਾ ਨਹੀਂ ਮਾਨੋ ਬਲ ਛੁੱਟ ਗਿਆ। ਬਲੁ ਛੁਟਕਿਓ!
‘ਬਲੁ’ ਇਨ੍ਹਾਂ ਡੋਲਿਆਂ ਦੀ ਤਾਕਤ ਨੂੰ ਨਹੀਂ ਕਹਿੰਦੇ ਹਨ, ਪੈਸੇ ਨੂੰ ਵੀ ਨਹੀਂ ਕਹਿੰਦੇ ਹਨ। ਤੁਹਾਡੇ ਕਿਤਨੇ ਕੁੜਮ ਹਨ ਇਸਨੂੰ ਬਲੁ ਨਹੀਂ ਕਹਿੰਦੇ ਹਨ। ਤੁਹਾਨੂੰ ਇਲਾਕੇ ਦੇ ਦਸ ਗੁੰਡੇ ਜਾਣਦੇ ਹਨ ਇਸਨੂੰ ਬਲ ਨਹੀਂ ਕਹਿੰਦੇ ਹਨ। ਬਲੁ ਕਹਿੰਦੇ ਹਨ ਸੁਮਤ ਨੂੰ, ਧਾਰਮਿਕਤਾ ਦੀ ਅਕਲ ਨੂੰ। ਇਸ ਧਾਰਮਿਕਤਾ ਨਾਲ ਜਦੋਂ ਮਨੁੱਖ ਜਿਊਂਦਾ ਹੈ ਤਾਂ ਤੇ ਠੀਕ ਹੈ ਪਰ ਜੇ ਉਹ ਉਸਨੂੰ ਵਰਤੇ ਨਾ ਤਾਂ ਮਾਨੋ ਬਲੁ ਛੁਟਕ ਜਾਂਦਾ ਹੈ।
ਗੁਰਬਾਣੀ ਨੂੰ ਗਹਿਰਾਈ ਵਿਚ ਵਿਚਾਰਦਿਆਂ ਵਿਸਮਾਦਤ ਹੋ ਜਾਈਦਾ ਹੈ। ਇਕ ਥਾਂ ਤੇ ਗੁਰੂ ਸਾਹਿਬ ਕਹਿੰਦੇ ਹਨ, ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥ (658) ਜੇ ਤੇਰੀ ਇੰਦ੍ਰੀਆਂ ਦਾ ਬਲ ਜ਼ਿਆਦਾ ਹੈ, ਤੇਰੀ ਅੱਕਲ ਕੰਮ ਨਹੀਂ ਕਰ ਰਹੀ - ਨਿਬਲ ਹੈ। ਤੇਰੇ ਕੋਲ ਬਿਬੇਕ ਬੁਧਿ ਵਾਲੀ ਤਾਕਤ ਨਹੀਂ ਹੈ ਤਾਂ ਤੂੰ ਪਰਮਾਰਥ ਵਾਲਾ ਜੀਵਨ ਨਹੀਂ ਜਿਊ ਸਕੇਂਗਾ। ਹੁਣ ਅਸੀਂ ਸੋਚੀਏ ਕਿ ਜੇਕਰ ਬੁੱਧੀ ਚਲੀ ਜਾਏ ਤਾਂ ਕੀ ਹੁੰਦਾ ਹੈ। ਕੋਮਾ ਦੇ ਮਰੀਜ਼ ਨੂੰ ਵੇਖਕੇ ਮੈਡੀਕਲ ਸਾਈਂਸ ਮੌਤ ਦੀ ਪਰੀਭਾਸ਼ਾ ਬਦਲਨਾ ਚਾਹ ਰਹੀ ਹੈ। ਜਿਸਦੀ ਮੌਤ ਹੋ ਗਈ ਉਹ ਤਾਂ ਇਕਦਮ ਮਰ ਗਿਆ। ਪਰ ਜੋ ਕੌਮਾ ਵਿਚ 10-20 ਸਾਲ ਪਏ ਰਹਿੰਦੇ ਹਨ ਉਨ੍ਹਾਂ ਦਾ ਜੀਵਨ ਖਤਮ ਹੋ ਜਾਂਦਾ ਹੈ। ਉਹ ਪੂਰੀ ਤਰ੍ਹਾਂ ਦੂਜੇ ਤੇ ਨਿਰਭਰ ਹੁੰਦੇ ਹਨ। ਸਰੀਰ ਵਿਚ, ਦਿਲ ਦੀ ਧੜਕਨ ਚਲ ਰਹੀ ਹੈ, ਪੂਰੇ ਸਰੀਰ ਅੰਦਰ ਬਾਕੀ ਦਾ ਸਭ ਕੁਝ ਚਲ ਰਿਹਾ ਹੈ। ਲੇਕਿਨ ਕੌਮਾ ਦੇ ਮਰੀਜ਼ ਦਾ ਬ੍ਰੇਨ ਸਟ੍ਰੋਕ ਹੋਇਆ, ‘ਬਲੁ ਛੁਟਕਿਓ’ ਹੁਣ ਬੰਧਨ ਪੈ ਗਏ। ਬੰਧਨ ਡਾਕਟਰਾਂ-ਨਰਸਾਂ ਦੇ ਹਨ, ਦਵਾਈਆਂ ਅਤੇ ਮਸ਼ੀਨਾਂ ਦੇ ਬੰਧਨ ਹਨ। ਕੀ ਹੋਇਆ ਕੇਵਲ ਦਿਮਾਗ ਕੰਮ ਨਹੀਂ ਕਰ ਰਿਹਾ। ਇਸ ਦਾ ਮਤਲਬ ਜਦੋਂ ਦਿਮਾਗ ਕੰਮ ਨਾ ਕਰੇ ਤਾਂ ਮਾਨੋ ਮਨੁੱਖ ਮਰੇ ਸਾਮਾਨ ਹੈ। ਇਨ੍ਹਾਂ ਸਾਰੇ ਸਲੋਕਾਂ ਵਿਚ ਜਿਸ ਪਾਸੇ ਧਿਆਨ ਦਿਵਾਇਆ ਗਿਆ ਸੀ ਉਹ ਇਹ ਹੈ ਕਿ ਜਦ ਤਕ ਸਾਡੇ ਕੋਲ ਆਤਮਕ ਜੀਵਨ ਵਾਲੇ ਰੱਬੀ ਗੁਣ ਨਾ ਹੋਣ ਤਾਂ ਮਾਇਆ ਦੇ ਬੰਧਨ ਪੈ ਜਾਂਦੇ ਹਨ। ਨੋਟਾਂ, ਪੈਸਿਆਂ ਨੂੰ ਮਾਇਆ ਨਹੀਂ ਕਹਿੰਦੇ ਹਨ, ਫਿਰ ਮਾਇਆ ਕਿਸਨੂੰ ਕਹਿੰਦੇ ਹਨ? ‘ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥’ (921)
ਇਕ ਹੋਰ ਸ਼ਬਦ ਅਸੀਂ ਪੜ੍ਹਦੇ ਹਾਂ ਮਾਈ ਮਾਇਆ ਛਲੁ ॥ ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ (717)
ਤ੍ਰਿਣ ਕੀ ਅਗਨਿ - ਤੀਲੇ ਦੀ ਅੱਗ ਤੇ ਚਾਹ ਵੀ ਨਹੀਂ ਬਣਦੀ, ਤੂੰ ਰੋਟੀ ਬਣਾਉਣ ਲੱਗਾ ਹੈਂ। ਤੀਲੇ ਦੀ ਅਗਨ ਨਾਲ ਕੁਝ ਨਹੀਂ ਹੁੰਦਾ, ਇਹ ਤੇਰਾ ਭੁਲੇਖਾ ਹੈ। ਜਿਸਦਾ ਭੁਲੇਖਾ ਪੈ ਜਾਏ ਉਸਨੂੰ ਮਾਇਆ ਕਹਿੰਦੇ ਹਨ। ਬੱਦਲ ਦੀ ਛਾਂ ਉੱਤੇ ਤੂੰ ਵਿਸ਼ਵਾਸ ਰੱਖਦਾ ਹੈਂ? ਇਹ ਤੇਰਾ ਭਰਮ ਹੈ। ‘ਗੋਬਿਦ ਭਜਨ ਬਿਨੁ ਹੜ ਕਾ ਜਲੁ’ ਇਹ ਭੁਲੇਖੇ ਕਾਰਨ ਤ੍ਰਿਸ਼ਨਾ ਦਾ ਤੂਫਾਨ ਆ ਜਾਂਦਾ ਹੈ ਉਸਨੂੰ ਮਾਇਆ ਕਹਿੰਦੇ ਹਨ। ਜਿਤਨੇ ਵੀ ਸਾਨੂੰ ਧਾਰਮਕ ਦੁਨੀਆ ਵਿਚ ਕਹੀ ਜਾ ਰਹੇ ਹਨ ਕਿ ਸਰੀਰ ਝੂਠ ਹੈ, ਮਕਾਨ ਝੂਠ ਹੈ, ਇਹ ਸਭ ਕੁਝ ਇੱਥੇ ਹੀ ਰਹਿ ਜਾਏਗਾ। ਵਹੁਟੀ-ਬੱਚੇ ਵੀ ਇੱਥੇ ਹੀ ਰਹਿ ਜਾਣਗੇ, ਮਕਾਨ ਵੀ ਇੱਥੇ ਰਹਿ ਜਾਏਗਾ, ਸਭ ਕੁਝ ਛੱਡ ਦਿਉ। ਜਦੋਂ ਇਸ ਤਰ੍ਹਾਂ ਸਮਝਾਂਦੇ ਹਨ ਤਾਂ ਇਸ ਦਾ ਅਰਥ ਹੁੰਦਾ ਹੈ ਕਿ ਸਭ ਕੁਝ ਤਿਆਗ ਦਿਉ, ਛੱਡ ਦਿਉ ਤਾਂ ਮਨੁੱਖ ਕਿਸੇ ਪਾਸੇ ਵੀ ਨਹੀਂ ਹੋ ਪਾਉਂਦਾ। ਜਿਹੜਾ ਅਖੌਤੀ ਧਾਰਮਕਤਾ ਵਲ ਤੁਰ ਪੈਂਦਾ ਹੈ ਉਹ ਉਦਾਸ-ਉਦਾਸ ਰਹਿੰਦਾ ਹੈ, ਜੇ ਕਦੀ ਚੁਟਕਲਾ ਸੁਣਾ ਦੇਉ ਤਾਂ ਉਹ ਹਸਦਾ ਨਹੀਂ ਹੈ ਕਹਿੰਦਾ ਹੈ ਨਹੀਂ-ਨਹੀਂ ਪਾਪ ਹੋ ਜਾਏਗਾ। ਕਿਉਂ? ਕਿਉਂਕਿ ਉਸਨੂੰ ਸਮਝਾਇਆ ਗਿਆ ਹੈ ਕਿ ਉਦਾਸ ਰਹਿਣਾ ਹੈ। ਉਦਾਸੀਨਤਾ, ਮੂੰਹ ਤੇ 31 ਤਾਰੀਖ ਛਾਈ ਹੋਈ, ਹਮੇਸ਼ਾਂ ਗੁੱਸੇ-ਗੁੱਸੇ ਰਹਿਣਾ, ਦੁਨੀਆ ਨੂੰ ਪਾਪੀ ਕਹਿੰਦੇ ਰਹਿਣਾ, ਆਪ ਆਸਤਕਤਾ ਦੇ ਹੰਕਾਰ ਵਿਚ ਰਹਿਣਾ। ਇਹ ਭਾਰਤ ਵਿਚ ਮਨੌਤ ਬਣ ਗਈ ਹੈ ਕਿ ਇਹ ਧਾਰਮਕ ਇਨਸਾਨ ਹੈ, ਤਾਂ ਕਪੜੇ ਮੈਲੇ ਪਾ ਲੈਂਦਾ ਹੈ, ਆਪਣੇ ਆਪ ਨੂੰ ਸੰਵਾਰਦਾ ਨਹੀਂ, ਜਿੱਥੇ ਰੋਟੀ ਮਿਲੇ ਉਹ ਹੱਥ ਵਿਚ ਹੀ ਰੱਖਕੇ ਖਾ ਲੈਂਦਾ ਹੈ, ਇਕ ਟੰਗ ਤੇ ਖੜਾ ਰਹਿੰਦਾ ਹੈ, ਦੇਖੋ ਸੌਂਦਾ ਹੀ ਨਹੀਂ ਹੈ। ਐਸੀਆਂ ਬੜੀਆਂ ਧਾਰਨਾਵਾਂ ਬਣਾ ਦਿਤੀਆਂ ਗਈਆਂ ਹਨ। ਲੇਕਿਨ ਮਾਇਆ ਉਸਨੂੰ ਕਹਿੰਦੇ ਹਨ, ਜਿਸ ਵਿਚ ਮਨੁੱਖ ਨੂੰ ਭਰਮ ਹੋ ਜਾਏ, ਹਾਥੀ ਦਾ ਹੰਕਾਰ ਆਤਮਕ ਬੱਲ ਤੋਂ ਵਾਂਝਾ ਕਰ ਦੇਂਦਾ ਹੈ। ਹਾਥੀ ਨੂੰ ਹੰਕਾਰ ਹੈ, ਉਸ ਕੋਲ ਤਾਕਤ, ਬੁੱਧੀ ਹੈ ਪਰ ਵਰਤਦਾ ਨਹੀਂ ਹੈ। ਹੰਕਾਰੀ ਮਨੁੱਖ ਅੰਨਾ ਹੁੰਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਹਨ - ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ (313)
ਇਸ ਦਾ ਇਹ ਮਤਲਬ ਹੋਇਆ ਕਿ ਜਦੋਂ ਮਨੁੱਖ ਨੂੰ ਹੰਕਾਰ ਚੜ੍ਹਦਾ ਹੈ ਤਾਂ ਹੰਕਾਰ ਵਿਚ ਉਸਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ। ਇਹ ਬਾਹਰਲੀਆਂ ਅੱਖਾਂ ਨਹੀਂ ਅੰਦਰ ਦੀਆਂ ਅੱਖਾਂ ਦੀ ਗਲ ਚਲ ਰਹੀ ਹੈ। ਉਸਨੂੰ ਸਮਝ ਹੀ ਨਹੀਂ ਆਉਂਦਾ ਕਿ ਕਿਵੇਂ ਵੇਖਣਾ ਹੈ, ਕਿਵੇਂ ਬੋਲਣਾ ਹੈ, ਕਿਵੇਂ ਸੁਣਨਾ ਹੈ, ਕਿਵੇਂ ਗਲ ਕਰਨੀ ਹੈ। ਜਿੱਥੇ ਜਾਂਦਾ ਹੈ ਹੰਕਾਰਿਆ ਜਾਂਦਾ ਹੈ। ਹੰਕਾਰ ਵਿਚ ਅਸੀਂ ਚਾਰੋਂ ਪਾਸੇ ਆਪਣਾ ਰੋਹਬ ਝਾੜਕੇ ਚਲਦੇ ਹਾਂ, ਇਹ ਅੰਨੇਪਨ ਦੀ ਨਿਸ਼ਾਨੀ ਹੈ, ਮਸਤੇ ਹੋਏ ਹੰਕਾਰੀ ਹਾਥੀ ਵਾਂਗੂੰ ਚਲਦਾ ਹੈ।
‘ਬਲੁ ਛੁਟਕਿਓ’ ਬਲ ਛੁੱਟ ਗਿਆ ਤੇ ਹੁਣ ਇਸਨੂੰ ਬੰਧਨ ਪੈ ਗਏ ਹੰਕਾਰ ਦੇ, ਇਸਦੇ ਪਿੱਛੇ ਆਸ਼ਾ, ਤ੍ਰਿਸ਼ਨਾ, ਈਰਖਾ, ਆਦਿ ਦੇ। ਜਿਹੜੇ-ਜਿਹੜੇ ਲੋਕੀ ਕਹਿੰਦੇ ਹਨ ਕਿਵੇਂ ਆਸ਼ਾ, ਤ੍ਰਿਸ਼ਨਾ ਛੱਡੀਏ, ਈਰਖਾ ਕਿਵੇਂ ਛੱਡੀਏ ਇਹ ਤੇ ਆ ਹੀ ਜਾਂਦੀ ਹੈ, ਜੇ ਹਉਮੈਂ ਤੋਂ ਅਸੀਂ ਛੁੱਟ ਗਏ, ਇਹ ਸਾਰੀਆਂ ਛੁੱਟ ਜਾਣ ਗੀਆਂ ਆਪੇ ਹੀ। ਸਾਨੂੰ ਹਰ ਇਕ ਤੇ ਕੰਮ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕਾਮ ਤੇ ਕੰਮ ਕਰੋਗੇ ਤਾਂ ਪੰਜੋ ਠੀਕ ਹੋ ਜਾਣਗੇ, ਜੇ ਕ੍ਰੋਧ ਤੇ ਕੰਮ ਸ਼ੁਰੂ ਕਰੋਗੇ ਤਾਂ ਵੀ ਪੰਜੇ ਠੀਕ ਹੋ ਜਾਣਗੇ। ਪਰ ਇਹ ਸਾਰਾ ਕੁਝ ਕਰਨ ਦੇ ਬਦਲੇ ਸਾਰਿਆਂ ਦਾ ਵੱਡਾ ਚੋਧਰੀ ਹੈ ਹਉਮੈ-ਹੰਕਾਰ। ਜੇ ਇਸਨੂੰ ਠੀਕ ਕਰੀਏ ਤਾਂ ਆਪੇ ਹੀ ਬਾਕੀ ਦੇ ਵਿਕਾਰ ਠੀਕ ਹੋ ਜਾਣਗੇ। ਗੁਰੂ ਸਾਹਿਬ ਕਹਿੰਦੇ ਹਨ ਕਿ ਹਾਥੀ ਕੁੰਚਰ ਇਸ਼ਨਾਨ ਕਰਦਾ ਹੈ, ਹੰਕਾਰੀ ਗਰਜਨਾ ਕਰਦਾ ਹੈ, ਹਾਥੀ ਚਿੰਗਾੜਦਾ ਹੈ ਬੜੀ ਜ਼ੋਰ ਨਾਲ, ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਤੂੰ ਨਿਮਰਤਾ ਸਿੱਖ। ਇਨ੍ਹਾਂ ਸਲੋਕਾਂ ਵਿਚ ਸੁੱਚਜੀ ਜੀਵਨ ਜਾਚ ਲਈ ਹਲ ਵੀ ਸਮਝਾਂਦੇ ਹਨ। ਪਹਿਲਾਂ ਪੜਚੋਲ ਕੀਤਾ ਕਿ ਤੈਨੂੰ ਹੰਕਾਰ ਹੈ ਅਤੇ ਫਿਰ ਹਲ ਦਿੱਤਾ ਹੈ - ਨੀਕੀ ਕੀਰੀ ਮਹਿ ਕਲ ਰਾਖੈ ॥ ਭਸਮ ਕਰੈ ਲਸਕਰ ਕੋਟਿ ਲਾਖੈ ॥ (285) ਤੂੰ ਨਿਮਰਤਾ ਰੱਖ। ਕਬੀਰ ਸਾਹਿਬ ਇੱਕ ਸਲੋਕ ਵਿਚ ਕਹਿੰਦੇ ਹਨ - ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥ ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥ (1377)
ਹਾਥੀ ਨਹੀਂ ਖਾ ਸਕਦਾ ਜੇ ਖੰਡ ਰੇਤ ਵਿਚ ਡਿਗ ਪਏ ਪਰ ਕੀੜੀ ਖਾ ਲੈਂਦੀ ਹੈ। ਕੀੜੀ ਨਿਮਰਤਾ ਦਾ ਪ੍ਰਤੀਕ ਹੈ। ਨਿਮਾਣੇ ਰਹਿਣਾ ਹੀ ਹਲ ਹੈ, ਜੀਵਤਿਆ ਮਰ ਰਹੀਏ ਸਿਖਾਇਆ ਹੈ। ਹੁਣ ਕਹਿੰਦੇ ਹਨ - ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ (632) ... ਇਸੇ ਸ਼ਬਦ ਵਿਚ ਅੱਗੇ ਕਹਿੰਦੇ ਹਨ - ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ (632)
ਹੁਣ ਸਾਨੂੰ ਇਹ ਦੋ ਗੱਲਾਂ ਸਮਝਣੀਆਂ ਪੈਣ ਗੀਆਂ। ਕਿਉਂਕਿ ਅਸੀਂ ਇਨ੍ਹਾਂ ਦੋਨਾਂ ਬਾਰੇ ਭੁਲੇਖੇ ਵਿਚ ਹਾਂ। ਭੁਲੇਖਾ ਇਹ ਹੈ ਕਿ ਕਿਸੇ ਵੇਲੇ ਕੋਈ ਹਾਥੀ ਸਮੁੰਦਰ ਵਿਚ ਸੀ ਉਸਨੂੰ ਪਾਣੀ ਅੰਦਰ ਤੰਦੁਏ ਨੇ ਫੜ ਲਿਆ। ਹਾਥੀ ਨੇ ਆਪਣੀ ਸੁੰਡ ਉੱਤੇ ਕਮਲ ਦਾ ਫੁਲ ਰੱਖਕੇ ਰੱਬ ਦੀ ਦਰਗਾਹ ਵਿਚ ਪੇਸ਼ ਕੀਤਾ, ਪ੍ਰਾਰਥਨਾ ਕੀਤੀ ਕਿ ਹਾਏ ਮੈਨੂੰ ਬਚਾ ਲਉ, ਇਹ ਤੰਦੁਆ ਮੈਨੂੰ ਖਿੱਚਕੇ ਲੈ ਜਾਏਗਾ, ਮੈਂ ਡੁੱਬ ਜਾਵਾਂਗਾ। ਤਾਂ ਰੱਬ ਜੀ ਨੇ ਤੰਦੁਏ ਤੋਂ ਹਾਥੀ ਨੂੰ ਬਚਾਇਆ।ਸਾਨੂੰ ਸਾਰਿਆਂ ਨੂੰ ਇਹ ਕਹਾਣੀ ਪਤਾ ਹੈ। ਅਸੀਂ ਹਜ਼ਾਰਾਂ ਸਾਲਾਂ ਤੋਂ ਇਹ ਕਹਾਣੀ ਸੁਣਦੇ ਆ ਰਹੇ ਹਾਂ ਕਿ ‘ਗਜ ਗਰਾਹ’ ਤੇ ਛੂਟਾ ਦੇ ਅਰਥ ਇਹੀ ਕਰੀ ਜਾ ਰਹੇ ਹਾਂ। ਪਰ ਜੇ ਹਾਥੀ ਨੂੰ ਬਚਾਂਦੇ ਹਨ ਤਾਂ ਮੈਂ ਇਹ ਸੋਚ ਰਿਹਾ ਸੀ ਕਿ ਜਦੋਂ ਮੈਂ ਇਸ ਸਲੋਕ ਨੂੰ ਪੜਿਆ ਤਾਂ ਇਸ ਵਿਚ ਲਿਖਿਆ ਹੈ -
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ - ਕੁਝ ਉਪਾਅ ਨਹੀਂ ਹੋ ਸਕਦਾ - ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥ ‘ਹੋਹੁ’ ਦੇ ‘ਹ’ ਨੂੰ ਔਕੜ ਲੱਗੀ ਹੋਈ ਹੈ ਭਾਵ ਕਿ ਜਿਵੇਂ ਹਾਥੀ ਨੂੰ ਸਹਾਈ ਹੁੰਦੇ ਹੋ, ਤਾਂ ਮੈਂ ਸੋਚਿਆ ਕਿ ਅਗਰ ਹੁੰਦੇ ਹੋ ਤਾਂ ਅੱਜ ਵੀ ਹੁੰਦੇ ਹੋ। ਕੀ ਕੇਵਲ ਹਾਥੀ ਨੂੰ ਹੀ ਸਹਾਈ ਹੁੰਦੇ ਹੋ, ਮਨੁੱਖ ਨੂੰ ਕਿਉਂ ਨਹੀਂ ਸਹਾਈ ਹੁੰਦੇ। ਸਵਾਲ ਪੈਦਾ ਹੁੰਦਾ ਹੈ ਕਿ ਫਿਰ ਤੇ ਇਹ ਸਲੋਕ ਹਾਥੀ ਲਈ ਹੋਇਆ ਮਨੁੱਖ ਵਾਸਤੇ ਨਹੀਂ ਹੈ। ਪਰ ਜਦੋਂ ਅਸੀਂ ਸ਼ਬਦਾਂ ਦੇ ਅਰਥਾਂ ਨੂੰ ਪੜਨ ਵੇਲੇ ਸਮਝਣ ਵੇਲੇ ਇਸ ਪੱਖੋ ਲਵਾਂਗੇ ਕਿ ਇਹ ਸ਼ਬਦ ਮੇਰਾ ਜੀਵਨ ਬਣਾਉਣ ਲਈ ਹੈ ਤਾਂ ਫਿਰ ਗਜ ਆਪਣੇ ਆਪ ਵਿਚੋਂ ਲੱਭ ਜਾਏਗਾ। ਮੇਰੇ ਅੰਦਰ ਜਿਹੜਾ ਹਾਥੀ ਹੈ ਉਹ ਜਦੋਂ ਹੰਕਾਰਿਆ ਜਾਂਦਾ ਹੈ ਉਸਨੂੰ ਜਦੋਂ ਤੰਦੂਆ ਫੜਦਾ ਹੈ ਤਾਂ ਤੁਸੀਂ ਸਹਾਈ ਹੁੰਦੇ ਹੋ, ਸੁਮੱਤ ਦੇ ਦੇਂਦੇ ਹੋ, ਆਪਣਾ ਗਿਆਨ ਦੇ ਦੇਂਦੇ ਹੋ, ਸੁਮਤ ਬਖਸ਼ ਦੇਂਦੇ ਹੋ। ‘ਗਜ ਜਿਉ ਹੋਹੁ ਸਹਾਇ’ ਮੇਰੀ ਹੰਕਾਰੀ ਹਾਥੀ ਬਿਰਤੀ ਦੇ ਸਹਾਈ ਹੋਣ ਬਾਰੇ ਹੈ। ਸਹੀ ਅਤੇ ਲਾਹੇਵੰਦ ਅਰਥ ਸਮਝਣ ਲਈ ਸ਼ਬਦ ਨੂੰ ਹਾਥੀ ਤੋਂ ਆਪਣੇ ਵਲ ਮੋੜਨਾ ਹੈ ਤਾਂ ਖੇਡ ਕੁਝ ਹੋਰ ਬਣ ਜਾਂਦੀ ਹੈ। ਇਹ ਸਮਝਣ ਲਈ ਸਾਡੀ ਕਿਤਾਬ "ਜੀਵਨ ਜਾਚ ਦਾ ਖਜ਼ਾਨਾ" ਭਾਗ 1 ਵਿਚ 16 ਸ਼ਬਦਾਂ ਦੇ ਅਰਥ ਕੀਤੇ ਹਨ। ਇਸੇ ਪੁਸਤਕ ਵਿਚ ਅਸੀਂ ਇਸ ਸ਼ਬਦ ਨੂੰ ਵਿਚਾਰਨ ਦਾ ਜਤਨ ਕੀਤਾ ਹੈ ‘ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਾਰੇ ਕਾਮਾ ॥1॥ ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥1॥ ਰਹਾਉ ॥
ਬਿਸਮਿਲਿ ਗਊ ਦੇਹੁ ਜੀਵਾਇ ॥ ਨਾ ਤਰੁ ਗਰਦਨਿ ਮਾਰਉ ਠਾਂਇ ॥2॥’ (1165)

ਇਸਦੇ ਨਾਲ ਇਹ ਕਹਾਣੀ ਜੋੜੀ ਹੋਈ ਹੈ ਕਿ ਨਾਮਦੇਵ ਜੀ ਨੂੰ ਰਾਜੇ ਨੇ ਪਕੜ ਲਿਆ ਕਿਹਾ ਕਿ ਇਹ ਗਾਂ ਮਰ ਗਈ ਹੈ ਇਸਨੂੰ ਜਿਵਾ ਨਹੀਂ ਤਾਂ ਤੇਰੀ ਗਰਦਨ ਲਾਹ ਦਿਆਂਗਾ। ਸਤ ਘੜੀ ਦਾ ਸਮਾ ਦਿੱਤਾ ਜਾਏਗਾ। ‘ਸਾਤ ਘੜੀ ਜਬ ਬੀਤੀ ਸੁਣੀ ... ਪਾਖੰਤਣ ਬਾਜ ਬਜਾਇਲਾ ॥’ (1166)
ਇਸ ਸ਼ਬਦ ਵਿਚ ਕਹਿੰਦੇ ਹਨ ਜਦੋਂ ਨਾਮਦੇਵ ਜੀ ਨੇ ਗਉ ਜ਼ਿੰਦਾ ਕਰਨ ਤੋਂ ਮਨਾ ਕਰ ਦਿੱਤਾ ਤਾਂ ਰਾਜੇ ਨੂੰ ਗੁੱਸਾ ਚੜ ਗਿਆ, ਰਾਜੇ ਨੇ ਇਕ ਮਸਤ ਹਾਥੀ ਸ਼ਰਾਬ ਪਿਲਾਕੇ ਨਾਮਦੇਵ ਨੂੰ ਕੁਚਲਣ ਲਈ ਭੇਜਿਆ, ਉਹ ਚਿੰਘਾੜਦਾ ਹੋਇਆ ਆਇਆ - ‘ਬਾਦਿਸਾਹੁ ਚੜਿ੍ਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥’ (1165) ਇਸ ਸ਼ਬਦ ਦੀ ਵਿਚਾਰ ਕਰਦਿਆਂ ਅਸੀਂ ਵਿਚਾਰਿਆ ਕਿ ਉਹ ਰਾਜਾ ਕੌਣ ਹੈ? ਇਹ ਰਾਜਾ ਹੰਕਾਰੀ ਮਨ ਹੈ। ਜਦੋਂ ਕਦੀ ਵੀ ਕਹਿੰਦੇ ਹਨ ਮਨ ਹਰਾਮੀ ਹੁਜਤਾਂ ਢੇਰ ਤਾਂ ਸਾਡਾ ਮਨ ਸਿੱਧੇ ਰਾਹ ਨਹੀਂ ਪੈਣਾ ਚਾਹੁੰਦਾ, ਸਾਡਾ ਮਨ ਆਪੇ ਹੀ ਦਲੀਲਾਂ ਘੜ ਲੈਂਦਾ ਹੈ। ਜਦੋਂ ਮਨ ਸਾਨੂੰ ਸਿੱਧੇ ਰਾਹ ਨਹੀਂ ਪੈਣ ਦੇਣਾ ਚਾਹੁੰਦਾ ਤਾਂ ਉਹ ਆਪਣੀਆਂ ਸਾਰੀਆਂ ਗੱਲਾਂ ਦਾ ਜਵਾਬ ਬਣਾ ਲੈਂਦਾ ਹੈ। ਸਭ ਤੋਂ ਜ਼ਿਆਦਾ ਬਲਵਾਨ ਮਨ ਰੂਪੀ ਰਾਜਾ ਹੀ ਹੈ।
ਪੈਸੇ ਵਾਲੇ ਨੂੰ ਹੰਕਾਰ ਹੈ, ਸੁੰਦਰ ਇਸਤਰੀ ਨੂੰ ਹੰਕਾਰ ਹੈ, ਕਿਸੇ ਨੂੰ ਆਪਣੀ ਕਿਸੇ ਚੀਜ਼ ਦਾ ਹੰਕਾਰ ਹੈ, ਕਿਸੇਨੂੰ ਕੋਈ ਹੰਕਾਰ ਹੈ ਪਰ ਸਭ ਤੋਂ ਜ਼ਿਆਦਾ ਹੰਕਾਰ ਧਾਰਮਕ ਦੁਨੀਆ ਵਿਚ ਮਨੁੱਖ ਨੂੰ ਧਰਮ ਦਾ ਹੁੰਦਾ ਹੈ। ਭਾਵੇਂ ਗਿਆਨ ਹੋਵੇ, ਭਾਵੇਂ ਗਾਇਕੀ ਹੋਵੇ, ਭਾਵੇਂ ਜ਼ੁਬਾਨੀ ਕੁਝ ਯਾਦ ਹੋਵੇ। ਆਪਣੇ ਗਿਆਨ ਦੇ ਕਾਰਨ ਉਹ ਦੂਜੇ ਨੂੰ ਕੁਝ ਸਮਝਦਾ ਹੀ ਨਹੀਂ। ਆਪਣੇ ਕੀਤੇ ਕਰਮ ਕਾਂਡਾਂ ਦਾ ਮਾਣ, ਧਾਰਮਕ ਕੁਝ ਵੀ ਕੀਤੇ ਕਰਮਾਂ ਦਾ ਮਾਣ। ਇਸ ਲਈ ਧਾਰਮਕ ਦੁਨੀਆ ਵਿਚ ਸਭ ਤੋਂ ਜ਼ਿਆਦਾ ਅੜਚਣ ਇਹ ਆ ਜਾਂਦੀ ਹੈ ਕਿ ਮਨ ਹੀ ਹੰਕਾਰੀ ਹਾਥੀ ਬਣ ਜਾਂਦਾ ਹੈ। ਹੰਕਾਰ ਹੈ ਤਾਂ ਰੱਬ ਨਾਲ ਮਿਲਨ ਨਹੀਂ ਹੋ ਸਕਦਾ। ਗਜ ਹਸਤੀ ਦੀਨੋ ਚਮਕਾਰਿ ॥ (1165) ਮਨ ਰਾਜੇ ਨੇ ਹਾਥੀ ਭੇਜਿਆ। ‘ਬਾਦਿਸਾਹੁ ਚੜਿ੍ਓ ਅਹੰਕਾਰਿ ॥’ (1165) ਫਿਰ ਇਸ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ ਨੱਕ ਰੱਖਣ ਦੀ।
ਸਭ ਤੋਂ ਵੱਡਾ ਨੱਕ ਹਾਥੀ ਦਾ ਹੈ। ਹਾਥੀ ਦੀ ਲੰਬੀ ਸੂੰਡ ਹੁੰਦੀ ਹੈ। ‘ਕਰੈ ਗਜਿੰਦੁ ਸੁੰਡ ਕੀ ਚੋਟ ॥’ (1165) ਹੰਕਾਰੀ ਮਨੁੱਖ ਨੂੰ ਨੱਕ ਰੱਖਣ ਦੀ ਆਦਤ ਪੈ ਜਾਂਦੀ ਹੈ ਕਿ ‘ਲੋਕੀ ਕੀ ਕਹਿਣਗੇ, ਹਾਏ! ਬਰਾਦਰੀ ਕੀ ਕਹੇਗੀ, ਮੈਂ ਧਾਰਮਕ ਇਨਸਾਨ ਹਾਂ, ਮੈਂ ਉੱਥੋਂ ਲੰਘਕੇ ਨਹੀਂ ਜਾਣਾ, ਮੈਂ ਇਸ ਚੀਜ਼ ਨੂੰ ਹੱਥ ਨਹੀਂ ਲਗਾਉਣਾ, ਮੈਂ ਇਹ ਨਹੀਂ ਕਰਨਾ ਕਿਉਂਕਿ ਲੋਕੀ ਕੀ ਕਹਿਣਗੇ। ਨੱਕ ਰੱਖਣ ਵਾਲੇ ਨੂੰ ਜਿਉਂ-ਜਿਉਂ ਨਮਰਤਾ ਆ ਜਾਂਦੀ ਹੈ ਤਾਂ ਸੱਚ ਦੀ ਟੇਕ ਲੈ ਲੈਂਦਾ ਹੈ। ‘ਕਰੈ ਗਜਿੰਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰਿ ਕੀ ਓਟ ॥’ (1165)
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਪ੍ਰਤੀਕ ਵਰਤੇ ਗਏ ਹਨ। ਅੰਗ੍ਰੇਜ਼ੀ ਵਿਚ ਪਹਰੳਸੲਸ, ਦਿੋਿਮਸ, ਮੲਟੳਪਹੋਰਸ, ਸਪੲੳਕਨਿਗ ਨਿ ਵੲਰਨੳਚੁਲੳਰ ਕਹਿੰਦੇ ਹਨ। ਇਸ ਦਾ ਭਾਵ ਹੈ ਕਿ ਜੋ ਮਨੁੱਖ ਨੂੰ ਸਮਝ ਆਉਂਦਾ ਹੈ ਜਿਹੜੀ ਆਮ ਲੋਕਾਂ ਨੂੰ ਸਮਝ ਆਉਂਦੀ ਹੈ ਉਹ ਵਾਲੀ ਸ਼ਬਦਾਵਲੀ ਰੱਖਣੀ ਪਰ ਗੱਲ ਵਿਚ ਸੰਦੇਸ਼ ਸੱਚ ਦਾ ਰੱਖਣਾ। ਇਹ ਸਾਰੇ ਪ੍ਰਤੀਕ ਵਰਤੇ ਜਾਂਦੇ ਹਨ, ਇਨ੍ਹਾਂ ਪ੍ਰਤੀਕਾਂ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਵਿਚ ਬਾਬੀਹਾ, ਚਾਤ੍ਰਿਕ, ਬਗਲਾ, ਸਿੰਮਲ ਰੁਖ, ਸੁਹਟਾ, ਮ੍ਰਿਗ, ਮੀਨ, ਭ੍ਰਿੰਗ, ਕੁੰਚਰ, ਪਾਰਸ ਵਰਤੇ ਹਨ। ਗਜ ਅਤੇ ਤੰਦੂਆ ਵੀ ਦਰਅਸਲ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਤੀਕ ਵਰਤਿਆ ਗਿਆ ਹੈ - ਇਸ ਦਾ ਉਸ ਕਹਾਣੀ ਨਾਲ ਕੋਈ ਤੱਲਕ ਨਹੀਂ ਹੈ। ਹੁਣ ਸਾਡੇ ਜੀਵਨ ਨਾਲ ਕਿਵੇਂ ਢੁਕੇ? ਗੁਰੂ ਗ੍ਰੰਥ ਸਾਹਿਬ ਵਿਚ ਆਇਆ ਹੈ ਤਾਂ ਜੀਵਨ ਨਾਲ ਤੱਲਕ ਹੈ ਆਓ ਸਮਝੀਏ।
‘ਬਲੁ ਛੁਟਕਿਓ ਬੰਧਨ ਪਰੇ’ ਸਾਰੀ ਪਹੇਲੀ ਖੁਲ੍ਹ ਜਾਏਗੀ। ਗਜਗਾਹ ਦਾ ਭਾਵ ਹੈ ਹਾਥੀ ਜਾਂ ਘੋੜੇ ਦੇ ਉੱਤੇ ਪਾਇਆ ਜਾਣ ਵਾਲਾ ਕੱਪੜਾ ਹੈ। ਉਹ ਪਾਉਣ ਨਾਲ ਉਸਨੂੰ ਰਾਜਿਆਂ ਦੀ ਬਰਾਤ ਵਿਚ ਜਾਂ ਨੁਮਾਇਸ਼ ਲਈ ਲਿਜਾਇਆ ਜਾਂਦਾ ਹੈ। ਉਸਨੂੰ ਟੁਰਨਾ ਬੜਾ ਔਖਾ ਹੁੰਦਾ ਹੈ ਕਿਉਂਕਿ ਉਹ ਬਹੁਤ ਭਾਰਾ ਹੁੰਦਾ ਹੈ। ਜਦੋਂ ਉਸਨੂੰ ਉਤਾਰ ਦੇਂਦੇ ਹਨ ਤਾਂ ਇਸ ਭਾਰ ਤੋਂ ਉਸ ਦੀ ਮੁਕਤੀ ਹੋ ਜਾਂਦੀ ਹੈ, ਉਸਨੂੰ ਚੈਨ ਮਿਲਦਾ ਹੈ। ਗਜਗਾਮਨੀ ਦਾ ਅਰਥ ਹੈ ਹਾਥੀ ਜੈਸੀ ਚਾਲ, ਜਦੋਂ ਅਸੀਂ ਹੰਕਾਰੇ ਹੋਏ ਟੁਰਦੇ ਹਾਂ। ਗਜਣਾ ਹੁੰਦਾ ਹੈ ਜ਼ੋਰ ਦੀ ਆਵਾਜ਼ ਕਰਨਾ। ਗਜਧਰ ਭਾਵ ਉਹ ਰਾਜਾ ਜੋ ਹਾਥੀ ਰੱਖਦਾ ਹੈ ਉਸਨੂੰ ਗਜਧਰ ਕਹਿੰਦੇ ਹਨ। ਪਰ ਸਾਡਾ ਮਨ ਰਾਜਾ ਹੈ। ‘ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥’ (1125) ਇਹ ਮਨ ਰੂਪੀ ਰਾਜਾ ਹਾਥੀ ਹੰਕਾਰ ਰੱਖਦਾ ਹੈ। ਗਜਧਰ ਹੈ ਸਾਡਾ ਮਨ। ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚ ਇਕ ਸ਼ਬਦ ਦਰਜ ਕਰਦੇ ਹਨ ‘ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥’ (335) ਮੇਰੇ ਮਨ ਹਾਥੀ ਨੇ ਆਪਣੀ ਇਕ ਪੁਰੀਆ ਬਣਾਈ ਹੈ - ਆਪਣਾ ਇਕ ਸਰੀਰ ਤਨਾਈ ਕੀਤਾ ਹੈ। ‘ਗਜ ਨਵ’ ਕਹਿੰਦੇ ਹਨ ਕ੍ਰੋਧ ਨੂੰ, ਆਫਤ ਆ ਗਈ, ਕ੍ਰੋਧ ਨਾਲ ਬੋਲਣਾ, ਕ੍ਰੋਧ ਨਾਲ ਪੁਕਾਰਨਾ। ਗਜਰਥ ਭਾਵ ਉਹ ਰੱਥ ਜਿਹੜਾ ਹਾਥੀਆਂ ਨਾਲ ਖਿੱਚਿਆ ਜਾਂਦਾ ਹੈ। ‘ਕਲਜੁਗਿ ਰਥੁ ਅਗਨਿ ਕਾ’ ਭਾਵ ਤ੍ਰਿਸ਼ਨਾ ਅਤੇ ਇੱਛਾਵਾਂ ਦਾ ਇਸ ਮਨ ਰੂਪੀ ਰਥ ਨੂੰ ਹੰਕਾਰ ਰੂਪੀ ਹਾਥੀ ਖਿੱਚ ਰਿਹਾ ਹੈ। ਸਾਰੇ ਗੁਰੂ ਗ੍ਰੰਥ ਸਹਿਬ ਵਿਚ ਜਿਤਨੇ ਵੀ ਲਫਜ਼ ਵਰਤੇ ਗਏ ਹਨ ਉਨ੍ਹਾਂ ਵਿਚੋਂ ਕੇਵਲ ਕੁਝ ਹੀ ਆਪ ਜੀ ਨਾਲ ਸਾਂਝ ਕਰ ਰਿਹਾ ਹਾਂ ਇਸ ਤਰ੍ਹਾਂ ਦੇ ਬਹੁਤ ਸ਼ਬਦ ਹੋਣਗੇ। ਉੱਥੇ ਵੀ ਇਸੇ ਪ੍ਰਤੀਕ ਦਾ ਹੈ।
ਹੁਣ ਸਮਝਦੇ ਹਾਂ ਕਿ ਗੁਰਬਾਣੀ ਅਨੁਸਾਰ ਤੰਦੂਆ ਕਿਸਨੂੰ ਕਹਿੰਦੇ ਹਨ। ਤੰਦੂਆ: ਅਨੇਕਾਂ ਤੰਦਾਂ ਨਾਲ ਫਸਾਉਣ ਵਾਲਾ ਜੀਵ, ਜਿਹੜਾ ਜਲ ਵਿਚ ਰਹਿੰਦਾ ਹੈ। ਹੁਣ ਜਲ ਕੀ ਹੈ? ਜੇਕਰ ਸਾਨੂੰ ਜਲ ਸਮਝ ਆ ਜਾਏ, ਜਲ ਦੇ ਨਾਲ ਹੀ ਤੰਦੂਆ ਵੀ ਸਮਝ ਆ ਜਾਏਗਾ। ਜਲ ਹੈ ਸਾਡੇ ਇਸ ਮਨ ਦੀਆਂ ਵਾਸ਼ਨਾਵਾਂ ਰੂਪੀ ਤ੍ਰਿਸ਼ਨਾ। ਇਹ ਸ਼ਬਦ ਅਸੀਂ ਅਕਸਰ ਸੁਣਦੇ ਹਾਂ ‘ਮਾਧਉ ਜਲ ਕੀ ਪਿਆਸ ਨ ਜਾਇ ॥ ਜਲ ਮਹਿ ਅਗਨਿ ਉਠੀ ਅਧਿਕਾਇ ॥’ (323)
ਮੈਂ ਇਸ ਸ਼ਬਦ ਨੂੰ ਜਦੋਂ ਵਿਚਾਰ ਰਿਹਾ ਸੀ ਤਾਂ ਸੋਚਦਾ ਸੀ ਕਿ ਜਲ ਪਾਣੀ ਥੋੜੀ ਨਾ ਪੀਂਦਾ ਹੈ। ‘ਜਲ’ ਮੇਰੀ ਤ੍ਰਿਸ਼ਨਾ ਨੂੰ ਕਹਿ ਰਹੇ ਹਨ, ਮੇਰੀਆਂ ਮੰਗਾਂ ਨੂੰ ਕਹਿ ਰਹੇ ਹਨ, ਜਿਹੜੀਆਂ ਮੁਕਦੀਆਂ ਨਹੀਂ ਹਨ। ਇਕ ਆਸ਼ਾ ਖਤਮ ਹੁੰਦੀ ਹੈ ਦੂਜੀ ਆਸ਼ਾ ਸ਼ੁਰੂ ਹੋ ਜਾਂਦੀ ਹੈ। ਮੰਗਾਂ ਖਤਮ ਹੀ ਨਹੀਂ ਹੁੰਦੀਆਂ ਬਲਕਿ ਹੋਰ-ਹੋਰ ਪੈਦਾ ਹੁੰਦੀਆਂ ਜਾਂਦੀਆਂ ਹਨ।
ਅੱਗ ਹੋਰ ਤ੍ਰਿਸ਼ਨਾ ਦੀ ਵਧਦੀ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਜਲ ਦੇ ਅੰਦਰ ਅਗਨ ਹੈ, ਅਗਨ ਮੇਰੀ ਇਹ ਤ੍ਰਿਸ਼ਨਾ ਹੈ ਅਤੇ ਇਹ ਤ੍ਰਿਸ਼ਨਾ ਦੀਆਂ ਕਈ ਕਿਸਮਾਂ ਹਨ। ਇਹ ਕਈ ਕਿਸਮਾਂ ਦੀਆਂ ਵਾਸ਼ਨਾਵਾਂ ਵਾਲਾ ਤੰਦੂਆ, ਮੇਰੇ ਅੰਦਰ ਹੈ। ਹੁਣ ਇਕ ਸ਼ਬਦ ਅਇਆ ‘ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ ਮੋਖ ਮੁਖਨੇ ॥’ (976)
ਤ੍ਰਿਸ਼ਨਾ ਦੀ ਫਾਹੀ ਪੈ ਜਾਂਦੀ ਹੈ। ਅਸੀਂ ਸਾਰੀ ਸਾਂਝ ਕਰ ਚੁਕੇ ਹਾਂ ਕਿ ਸਾਨੂੰ ਫਾਹੀ ਕਿਸਦੀ ਪੈਂਦੀ ਹੈ। ਹਾਥੀ ਹੈ ਹੰਕਾਰੀ, ਕਾਮੀ ਬੁੱਧੀ ਵਾਲਾ ਮਨ ਅਤੇ ਤੰਦੂਆ ਹੈ ਵਾਸ਼ਨਾਵਾਂ। ਸੋ ਸਾਡਾ ਹਾਥੀ ਵਿਸ਼ਾ ਪੂਰਾ ਹੋਇਆ। ਤੰਦੂਆ ਅਸੀਂ ਸਮਝ ਚੁਕੇ ਹਾਂ ਕਿ ਸਾਡਾ ਮਨ ਦਾ ਤ੍ਰਿਸ਼ਨਾ ਰੂਪੀ ਜਲ ਵਾਲਾ ਸੁਭਾ। ਜਿਹੜੇ ਹੰਕਾਰ ਵਿਚ ਅਸੀਂ ਜਲਦੇ ਹਾਂ ਬਸ! ਬਲੁ ਛੁਟਕਿਓ।
ਹੁਣ ਅੱਗੇ ਕਹਿੰਦੇ ਹਨ ਕਿ ਵਾਸ਼ਨਾਵਾਂ ਤ੍ਰਿਸ਼ਨਾਵਾਂ ਦੀ ਅੱਗ, ਇਸ ਅੱਗ ਤੋਂ ਬਚਣ ਦਾ ਤਰੀਕਾ ਹੈ - ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ (598)
ਜਲ ਨਿਧ ਕੀ ਹੈ? ਗੁਰੂ ਦੇ ਗਿਆਨ ਦਾ ਐਸਾ ਇਕ ਖਜ਼ਾਨਾ ਹੈ ਜਿਸਦੇ ਨਾਲ ਮੇਰੀ ਅੰਦਰ ਦੀ ਤ੍ਰਿਸ਼ਨਾ ਰੂਪੀ ਜਲ ਦੀ ਅਗਨ ਬੁਝ ਸਕਦੀ ਹੈ। ਜੇ ਮੈਂ ਤ੍ਰਿਸ਼ਨਾਵਾਂ ਦੇ ਨਾਲ ਚੰਬੜਿਆ ਰਹਾਂ ਤਾਂ ਇਹ ਵਾਲੀ ਅਗਨ ਇਸ ਤਰ੍ਹਾਂ ਨਹੀਂ ਬੁਝਦੀ। ਆਪਣੀ ਖਾਹਿਸ਼ਾਂ ਦੀ ਇਸ ਅੱਗ ਨੂੰ ਬੁਝਾਉਣ ਲਈ ਕਿਹਾ ਹੈ ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥ (1002) ਸਤਿਗੁਰ ਦੀ ਮੱਤ ਲੈ ਕੇ ਜਦੋਂ ਤ੍ਰਿਸ਼ਨਾਵਾਂ ਦਾ ਤਪਤ ਕੜਾਹਾ ਬੁਝ ਜਾਂਦਾ ਹੈ ਤਾਂ ਚੈਨ ਆ ਜਾਂਦਾ ਹੈ, ਤਾਂ ਪਤਾ ਲਗਦਾ ਹੈ ਕਿ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥
ਗੁਰੂ ਗ੍ਰੰਥ ਸਾਹਿਬ ਵਿਚ ਇਕ ਸ਼ਬਦ ਹੈ ਕੂਅਟਾ ਏਕੁ ਪੰਚ ਪਨਿਹਾਰੀ ॥ ਟੂਟੀ ਲਾਜੁ ਭਰੈ ਮਤਿ ਹਾਰੀ ॥ (325) ਪੰਚ ਪਨਿਹਾਰੀ - ਮੇਰਾ ਇਹ ਸਰੀਰ ਇਕ ਖੂਹ ਹੈ ਪਰ ਇਸ ਦੇ ਅੰਦਰ ਇਹ ਜਿਹੜੇ ਵਿਕਾਰ ਹਨ, ਅੰਦਰੋਂ ਪਾਣੀ ਭਰੀ ਜਾ ਰਹੇ ਹਨ, ਮੇਰਾ ਖੂਹ ਖਾਲੀ ਕਰੀ ਜਾ ਰਹੇ ਹਨ। ਇਸ ਬਾਰੇ ਗੁਰੂ ਸਾਹਿਬ ਕਹਿੰਦੇ ਹਨ
‘ਸਤਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੂਟੇ ਮਮਤਾ ਜਾਲ ॥’ ‘ਹਉ’ ਕੌਣ ਹੈ? ‘ਹਉ’ ਹੈ ਹੰਕਾਰੀ ਮਨ ਰੂਪੀ ਹਾਥੀ।
ਇਹ ਜਿਹੜਾ ਮਮਤਾ ਦਾ ਜਾਲ, ਵਿਕਾਰਾਂ ਦਾ ਜਾਲ ਹੈ, ਇਹ ਸਾਰਾ ਸਾਨੂੰ ਤੰਗ ਕਰਦਾ ਹੈ, ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥ ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥ ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ ॥ ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ ॥ (551)
ਗੁਰੂ ਸਾਹਿਬ ਸਾਰੇ ਮਨੁੱਖਾਂ ਨੂੰ ਸਮਝਾਉਂਦੇ ਹਨ ‘ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ ॥’ (551) ਮਨੁੱਖ ਆਪਣੇ ਹੰਕਾਰ ਅਤੇ ਵਿਕਾਰਾਂ ਕਾਰਨ ਅੰਨਾ ਹੋ ਜਾਂਦਾ ਹੈ ਅਤੇ ਤੰਦੂਏ ਦੇ ਕੋਲ ਫਸ ਜਾਂਦਾ ਹੈ। ਹੁਣ ਇਸ ਸਾਰੀ ਗਲ ਤੋਂ ਪਤਾ ਲੱਗਾ ਕਿ ਗੁਰੂ ਸਾਹਿਬ ਕਹਿੰਦੇ ਹਨ - ਬਲੁ ਛੁਟਕਿਓ - ਹੰਕਾਰ ਵਿਚ ਨਮਰਤਾ ਗਈ ਮਾਨੋ ਬਲ ਚਲਾ ਗਿਆ ਅਤੇ ਵਿਕਾਰਾਂ ਦੇ ਤ੍ਰਿਸ਼ਨਾ ਦੇ ਖਾਹਿਸ਼ਾਂ ਦੇ ਬੰਧਨ ਪੈ ਗਏ। ਬੰਧਨ ਸਾਡੀ ਮਨ ਦੀ ਮੱਤ ਕਾਰਨ ਪੈਂਦੇ ਹਨ।
ਇਕ ਵਾਰੀ ਇਕ ਬੱਚਾ ਸਕੂਲ ਲੇਟ ਆਇਆ ਉਸਨੂੰ ਮਾਸਟਰ ਨੇ ਪੁੱਛਿਆ ਕਿ ਤੂੰ ਲੇਟ ਕਿਉਂ ਆਇਆ ਹੈਂ? ਉਹ ਕਹਿੰਦਾ ਕਿ ਮੇਰੀ ਚੁਆਨੀ ਗੁਆਚ ਗਈ ਸੀ। ਮਾਸਟਰ ਕਹਿੰਦਾ ਹੈ ਅੱਛਾ ਚੰਗਾ ਬੈਠ ਜਾਓ। ਥੋੜੀ ਦੇਰ ਮਗਰੋਂ ਦੂਜਾ ਬੱਚਾ ਆਇਆ ਉਸਨੂੰ ਪੁੱਛਿਆ ਕਿ ਤੂੰ ਕਿਉਂ ਲੇਟ ਆਇਆ ਹੈਂ? ਕਹਿੰਦਾ ਇਸਦੀ ਚੁਆਨੀ ਤੇ ਮੈਂ ਪੈਰ ਰੱਖਕੇ ਖੜਾ ਸੀ। ਫਿਰ ਲੇਟ ਤੇ ਹੋਣਾ ਹੀ ਹੈ। ਬੰਧਨ ਤੇ ਆਪ ਪਾ ਲਏ। ਪਾ ਲਈ ਮੁਸੀਬਤ ਆਪਣੇ ਆਪ ਤੇ। ਬਸ! ਇਸ ਤਰ੍ਹਾਂ ਅਸੀਂ ਜਦੋਂ ਕੋਈ ਪਰਾਈ ਚੀਜ਼, ਕਿਸੇ ਵੀ ਐਸੀ ਖੇਡ ਵਿਚ ਫੱਸਦੇ ਹਾਂ ਤਾਂ ਨਿੰਦਾ, ਤੇਰ-ਮੇਰ, ਨਫਰਤ, ਈਰਖਾ, ਵਿਤਕਰਾ, ਵੈਰ-ਵਿਰੋਧ ਦੇ ਬੰਧਨ ਪੈ ਗਏ। ਬਲੁ ਛੁਟਕਿਓ ਬੰਧਨ ਪਰੇ, ਤਾਂ ਉਸ ਵੇਲੇ ਕੋਈ ਉਪਾਅ ਨਹੀਂ ਹੋ ਸਕਦਾ - ‘ਕਛੂ ਨ ਹੋਤ ਉਪਾਇ’। ਅੰਦਰੋਂ ਪਕੜੇ ਗਏ। ਬਾਹਰੋਂ ਪੱਕੜੇ ਜਾਵੋ ਤਾਂ ਪੁਲੀਸ ਵਾਲੇ ਨੂੰ, ਕਿਸੇ ਮੰਤ੍ਰੀ ਨੂੰ ਮਿਲਕੇ, ਰਿਸ਼ਵਤ ਦੇਕੇ ਕਿਸੀ ਨਾ ਕਿਸੀ ਪਾਸੋਂ ਮਨੁੱਖ ਛੁੱਟ ਸਕਦਾ ਹੈ ਪਰ ਅੰਦਰੋਂ ਨਹੀਂ ਛੁੱਟ ਸਕਦਾ। ਅੰਦਰੋਂ ਜੇ ਕੋਲ ਮਾਂਪੇ, ਭੈਣ-ਭਰਾ ਜਾਂ ਕੋਈ ਦੇਹਧਾਰੀ ਗੁਰੂ ਜਾਂ ਬਾਬਾ ਕੋਲ ਖੜਾ ਹੋਵੇ ਤਾਂ ਉਹ ਵੀ ਛੁੜਾ ਨਹੀਂ ਸਕਦਾ। ਕੇਵਲ ਅੰਦਰ ਜਿਹੜੀ ਸੁਮਤ ਰੂਪੀ ਨਮਰਤਾ, ਸਤਿਗੁਰ ਦੀ ਮੱਤ ਬਖਸ਼ੀ ਹੋਈ ਹੈ, ਉਸਦੇ ਨਾਲ ਛੁੱਟ ਸਕਦਾ ਹੈ। ਜੇ ਉਹ ਬਿਰਤੀ ਨਹੀਂ ਲਈ ਤਾਂ ਫਿਰ ‘ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥’
ਅੰਦਰ ਦੇ ਰੱਬ ਅੱਗੇ ਬੇਨਤੀ ਕਰਨੀ ਹੈ ਕਿ ਜਿਵੇਂ ਹੰਕਾਰੇ ਹਾਥੀ ਨੂੰ ਤੰਦੂਏ ਤੋਂ ਬਚਾਉਂਦੇ ਹੋ ਭਾਵ ਮੇਰੇ ਅੰਦਰ ਦਾ ਹੰਕਾਰ ਹੈ ਉਸਨੂੰ ਵਾਸ਼ਨਾ ਤ੍ਰਿਸ਼ਨਾ ਤੋਂ ਮੁਕਤ ਕਰਵਾ ਦੇਵੋ, ਸੁਮੱਤ ਰੂਪੀ ਬੱਲ ਬਖਸ਼ੋ ਜੀ।




.