.

ਗੁਰੂ ਨਾਨਕ ਦੇਵ ਜੀ ਦਾ ੫੫੦ਵਾਂ ਜਨਮ ਦਿਵਸ

(ਸਾਵਣ ਸਿੰਘ ਪ੍ਰਿੰਸੀਪਲ(ਪਦਮੁਕਤ ), ਕੈਲਿਫੋਰਨੀਆ।)

[email protected] [ http://sawansinghgogia.com

ਇਹ ਸਾਲ ਗੁਰੂ ਨਾਨਕ ਦੇ ਆਗਮਨ ਦਾ ੫੫੦ਵਾਂ ਸਾਲ ਹੈ। ਮੇਰੀ ਉਮਰ ੯੫ ਤੋਂ ਵੱਧ ਹੈ ਤੇ ਮੈਨੂੰ ਭਲੀ ਭਾਂਤ ਯਾਦ ਹੈ ਕਿ ਗੁਰੂ ਜੀ ਦਾ ੫੦੦ ਸਾਲਾ ਆਗਮਨ ਦਿਵਸ ਕਿਵੇਂ ਮਨਾਇਆ ਗਿਆ ਸੀ। ਮੈਨੂੰ ਪੂਰਨ ਆਸ ਹੈ ਕਿ ਇਸ ਵਾਰ ਜ਼ਿਆਦਾ ਸ਼ਾਨ ਨਾਲ ਮਨਾਇਆ ਜਾਵੇ ਗਾ।ਦੂਰ ਦੂਰ ਤੋਂ ਸ਼ਰਧਾਲੂ ਗੁਰੂ ਨਾਨਕ ਨਾਲ ਸੰਬੰਧ ਰਖਣ ਵਾਲੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਆਣ ਗੇ। ਅਖੰਡ ਪਾਠ ਸਾਰੇ ਗੁਰਦੁਆਰਿਆਂ ਵਿਚ ਕੀਤੇ ਜਾਣ ਗੇ। ਕੀਰਤਨ ਦਰਬਾਰ ਤੇ ਕਵੀ ਦਰਬਾਰ ਕਰਵਾਏ ਜਾਣ ਗੇ । ਵਿਦਵਾਨ ਗੁਰੂ ਨਾਨਕ ਦੇ ਜੀਵਨ ਬਾਰੇ ਭਾਸ਼ਨ ਦੇਣ ਗੇ, ਨਗਰ ਕੀਰਤਨ ਥਾਂ ਥਾਂ ਤੇ ਕੱਢੇ ਜਾਣਗੇ ਅਤੇ ਸੁਆਦਲੇ ਲੰਗਰ ਵਰਤਾਏ ਜਾਣ ਗੇ ।

ਮੁਲ-ਅੰਕਣ

ਉਪਰੋਕਤ ਸਾਰੇ ਪ੍ਰਚਲਨਾਂ ਵਿਚੋਂ ਕੁੱਝ ਅੱਜ-ਕੱਲ੍ਹ ਆਮ ਹੋ ਗਏ ਹਨ । ਨਿਰਸੰਦੇਹ ਇਨ੍ਹਾਂ ਵਿਚੋਂ ਕੁੱਝ ਲਾਭਦਾਇਕ ਹਨ, ਪਰ ਜਿਆਦਾ ਲਾਭਦਾਇਕ ਨਹੀ ਰਹੇ । ਅਖੰਡ ਪਾਠ ਨੂੰ ਧਿਆਨ ਨਾਲ ਸੁਣਨ ਵਾਲੇ ਬਹੁਤ ਹੀ ਥੋੜੇ ਹਨ । ਬੇਸ਼ਕ ਨਗਰ ਕੀਰਤਨ ਪਾ੍ਪੇਗੰਡਾ ਤੇ ਅਸਾਡੀ ਗਿਣਤੀ ਦੇ ਵਿਖਾਵੇ ਦਾ ਚੰਗਾ ਸਾਧਨ ਹਨ, ਪਰ ਉਹ ਗੁਰੂ ਜੀ ਦੇ ਉਪਦੇਸ਼ ਨੂੰ ਲੋਕਾਂ ਤਕ ਨਹੀਂ ਪਹੁੰਚਾਂਉਂਦੇ ਅਤੇ ਇਹ ਇੱਕ ਦਿਖਾਵਾ ਬਣ ਕੇ ਰਹਿ ਗਏ ਹਨ । ਸਾਡੇ ਰਾਗੀ ਸਾਹਿਬਾਨ ਗੁਰਬਾਣੀ ਦੇ ਸ਼ਬਦ ਦਾ ਸੰਖੇਪ ਅਰਥ ਨਹੀਂ ਕਰਦੇ ਅਤੇ ਸਾਡੇ ਮਨ ਤੇ ਕੋਈ ਖਾਸ ਅਸਰ ਨਹੀਂ ਪਾਂਉਦੇ। ਉਹ ਗੁਰੂ ਸਾਹਿਬਾਨ ਦੀ ਸਿਖਿਆਵਾਂ ਨੂੰ ਸਮਝਾਣ ਦਾ ਜਤਨ ਨਹੀਂ ਕਰਦੇ ਅਤੇ ਸਾਡੇ ਮਨ ਤੇ ਡੂੰਘਾ ਅਸਰ ਨਹੀਂ ਪਾਂਦੇ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੰਗਰ ਊਚ ਨੀਚ ਦਾ ਭੇਦ ਮਿਟਾਂਦੇ ਹਨ ਅਤੇ ਸੰਗਤ ਲਈ ਜ਼ਰੂਰੀ ਹਨ, ਪਰ ਇਹ ਉਨ੍ਹਾਂ ਗਰੀਬਾਂ ਤਕ ਨਹੀਂ ਪਹੁੰਚਦੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈ ।

ਗੁਰੂ ਨਾਨਕ ਦਾ ਉਪਦੇਸ਼

ਗੁਰੂ ਅਰਜਨ ਦੇਵ ਜੀ ਦੀ ਮਿਹਨਤ ਤੇ ਦੂਰਦਰਸ਼ਤਾ ਦੇ ਸਦਕਾ ਗੁਰੂ ਨਾਨਕ ਦਾ ਉਪਦੇਸ਼ ਉਨ੍ਹਾਂ ਦੇ ਸ਼ਬਦਾਂ ਵਿਚ ਸਾਨੂੰ ਪਾ੍ਪਤ ਹੈ । ੧੯ਵੀ ਸਦੀ ਦੇ ਪ੍ਸਿਧ ਲਿਖਾਰੀ, ਮੈਕਾਲਫ, ਨੇ ਆਪਣੀ ਪੁਸਤਕ ‘ਦੀ ਸਿੱਖ ਰਿਲੀਜਨ’ ਭਾਗ ਪਹਿਲਾ ਦੇ ਪੰਨਾ ੫੩ ਤੇ ਸਾਰੇ ਮੁੱਖ ਧਰਮ ਗ੍ਰੰਥਾਂ ਦੇ ਸੋਮਿਆਂ ਦੀ ਖੋਜ ਕੀਤੀ ਹੈ ਤੇ ਉਸ ਇਹ ਨਤੀਜਾ ਕਢਿਆ ਹੈ ਕਿ ਕੇਵਲ ਸ਼ੀ੍ ਗੁਰੂ ਗ੍ਰੰਥ ਸਾਹਿਬ ਹੀ ਓੁਚਾਰਨ ਵਾਲੇ ਦੇ ਸ਼ਬਦਾਂ ਵਿਚ ਮਿਲਦਾ ਹੈ ਤੇ ਬਾਕੀ ਸਾਰੇ ਧਰਮ ਗ੍ਰੰਥ ਸੁਣੀਆਂ- ਸੁਣਾਈਆਂ ਗੱਲਾਂ ਤੇ ਅਧਾਰਤ ਹਨ । ਗੁਰੂ ਨਾਨਕ ਨੇ ਲੋਕਾਂ ਵਿਚ ਧਰਮ ਜਾਂ ਰੰਗ ਦੇ ਅਧਾਰ ਤੇ ਊਚ ਨੀਚ ਦੇ ਫਰਕ ਨੂੰ ਨਹੀਂ ਮੰਨਿਆ । ਉਹ ਸਾਰਿਆਂ ਨੂੰ ਇੱਕ ਪ੍ਭੂ ਦੀ ਔਲਾਦ ਮੰਨਦੇ ਹਨ । ਉਨ੍ਹਾਂ ਅਨੁਸਾਰ ਰੱਬ ਹਰ ਜੀਵ ਅੰਦਰ ਵਸਦਾ ਹੈ । ਗੁਰੂ ਨਾਨਕ ਦੇਵ ਜੀ ਨੇ ਰੂਹਾਨੀ ਅਤੇ ਦੁਨਿਆਵੀ ਮਾਮਲਿਆਂ ਵਿਚ ਸਾਡੀ ਅਗਵਾਈ ਕੀਤੀ ਹੈ । ਗੁਰੂ ਜੀ ਨੇ ਸੰਨਿਆਸ ਅਤੇ ਵਿਭਚਾਰ ਨੂੰ ਨਿੰਦਿਆ ਹੈ, ਪਰ ਗ੍ਰਿਹਸਥ ਨੂੰ ਸਲਾਹਿਆ ਹੈ । ਆਪ ਨੇ ਲਿਖਿਆ ਹੈ ਕਿ ਸੱਚਾ ਸੁੱਚਾ ਜੀਵਨ ਹੀ ਸੱਭ ਤੋ ਚੰਗਾ ਹੈ । ਨੇਕ ਕਮਾਈ ਵਾਹਿਗੁਰੂ ਦਾ ਰਾਹ ਦਿਖਾਂਦੀ ਹੈ । ਆਪ ਨੇ ਇਸਤਰੀਆਂ ਦੇ ਹੱਕ ਵਿਚ ਆਵਾਜ਼ ਉਠਾਈ ਅਤੇ ਲਿਖਿਆ ਹੈ ਕਿ ਪੰਜ ਚੋਰਾਂ (ਕਾਮ, ਕਰੋਧ, ਲੋਭ, ਮੋਹ ਅਤੇ ਅਹੰਕਾਰ) ਨੂ ਕਾਬੂ ਕਰਨ ਨਾ ਕਿ ਮਾਰਨ ਦੀ ਲੋੜ ਹੈ ।

ਗੁਰੂ ਨਾਨਕ ਦਾ ੫੫੦ਵਾ ਜਨਮ ਦਿਨ ਕਿਵੇ ਮਨਾਉਣਾ ਚਾਹੀਦਾ ਹੈ?

ਅਸਾਨੂੰ ਗੁਰੂ ਨਾਨਕ ਦੀ ਬਰਾਬਰੀ, ਹਰ ਇੱਕ ਨਾਲ ਪਿਆਰ, ਇਮਾਨਦਾਰੀ ਦਾ ਜੀਵਨ ਅਤੇ ਸੰਸਾਰ ਦੇ ਲੋਕਾਂ ਵਿਚ ਭਾਈਚਾਰੇ ਦੇ ਪਰਚਾਰ ਤੇ ਜ਼ੋਰ ਦੇਣਾ ਚਾਹੀਦਾ ਹੈ, ਤਾਂ ਜੋ ਅਸਾਡਾ ਜੀਵਨ ਪੱਧਰ ਉੱਚਾ ਹੋ ਸਕੇ । ਉਨ੍ਹਾਂ ਦਾ ਹਰ ਇੱਕ ਨਾਲ ਪਿਆਰ, ਜੋ ਕਿ ਦਿਖਾਵੇ ਦੀ ਰੀਤਾਂ ਰਿਵਾਜਾਂ ਤੋ ਉਪਰ ਹੈ, ਦਾ ਪਰਚਾਰ ਕਰਨਾ ਚਾਹੀਦਾ ਹੈ । ਸਾਡੇ ਰਾਗੀ ਸਾਹਿਬਾਨ ਨੂੰ ਚਾਹੀਦਾ ਹੈ ਕਿ ਉਹ ਸ਼ਬਦ ਦੇ ਭਾਵ ਨੂੰ ਵੀ ਸਾਧਾਰਨ ਬੋਲੀ ਵਿਚ ਸੰਖੇਪ ਕਰਕੇ ਸੰਗਤ ਨੂੰ ਸਮਝਾਣ । ਗੁਰੂ ਨਾਨਕ ਦੇ ਉਪਦੇਸ਼ ਸੰਬੰਧੀ ਭਾਸ਼ਨ ਮੁਕਾਬਲੇ, ਵਿਚਾਰ-ਗੋਸ਼ਟੀਆਂ ਅਤੇ ਕਵੀ ਦਰਬਾਰ ਕਰਵਾਏ ਜਾਣੇ ਚਾਹੀਦੇ ਹਨ । ਚੰਗੇ ਬੁਲਾਰਿਆਂ ਨੂੰ ਇਨਾਮ ਦਿੱਤੇ ਜਾਣੇ ਚਾਹੀਦੇ ਹਨ । ਸਾਡੇ ਪਰਚਾਰਕਾਂ ਨੂੰ ਚਾਹੀਦਾ ਹੈ ਕਿ ਅਜਿਹੀ ਸਾਖੀਆਂ ਜਿਨ੍ਹਾਂ ਵਿਚ ਕਰਾਮਾਤਾਂ ਦਾ ਜ਼ਿਕਰ ਹੈ ਨਾ ਸੁਣਾਨ, ਸਗੋਂ ਗੁਰੂ ਜੀ ਦੇ ਜੀਵਨ ਵਿਚੋਂ ਅਜਿਹੀ ਘਟਨਾਵਾਂ ਤੋ ਸੰਗਤ ਨੂੰ ਜਾਣੂ ਕਰਵਾਣ ਜਿਸ ਨਾਲ ਉਨ੍ਹਾਂ ਦਾ ਜੀਵਨ ਸੁਧਰ ਸਕੇ । ਗੁਰਦੁਵਾਰਿਆਂ ਦੀ ਦੀਵਾਰਾ ਅਤੇ ਦੀਵਾਨ ਹਾਲ ਵਿਚ ਗੁਰੂ ਨਾਨਕ ਦੇ ਸੰਦੇਸ਼ ਨੂੰ ਚੰਗੇ ਢੰਗ ਨਾਲ ਲਿਖਿਆ ਜਾਵੇ ਤਾਂ ਕਿ ਸੰਗਤ ਪੜ੍ਹ ਸਕੇ। ਗੁਰਦੁਵਾਰਿਆਂ ਵਿਚ ਢੁਕਵੀਂ ਥਾਂ ਤੇ ਲੋਹੇ ਜਾਂ ਲਕੜ ਦੇ ਬੋਰਡ ਜਿਨ੍ਹਾਂ ਤੇ ਗੁਰੂ ਜੀ ਦਾ ਉਪਦੇਸ਼ ਲਿਖਿਆ ਹੋਵੇ ਲਾਣੇ ਚਾਹੀਦੇ ਹਨ । ਸ਼ੋ੍ਮਣੀ ਗੁਰਦੁਵਾਰਾ ਪ੍ਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਗੁਰੂ ਨਾਨਕ ਦੀ ਜੀਵਨੀ ਤੇ ਉਪਦੇਸ਼ ਨੂੰ ਦਰਸਾਂਦੀਂ ਹੋਈ ਇਕ ਚੰਗੀ ਤੇ ਪ੍ਰਭਾਵਸ਼ਾਲੀ ਫਿਲਮ ਬਨਵਾਣ ਤੇ ਗੁਰਦੁਵਾਰਿਆਂ ਵਿਚ ਵੰਡਣ। ਮੇਰੀ ਤੁੱਛ ਬੁੱਧੀ ਅਨੁਸਾਰ ਅਸੀਂ ਇਸ ਪੁਰਬ ਨੂੰ ਸਹੀ ਢੰਗ ਨਾਲ ਮਨਾ ਸਕਦੇ ਹਾੰ ਜੇ ਅਸੀਂ ਗੁਰੂ ਨਾਨਕ ਦੀ ਸਿਖਿਆਵਾਂ ਨੂੰ ਪੜ੍ਹੀਏ ,ਸਮਝੀਏ ਤੇ ਉਨ੍ਹਾਂ ਤੇ ਅਮਲ ਕਰੀਏ। ਹੋਰ ਵੀ ਚੰਗਾ ਹੋਵੇ ਜੇਕਰ ਇਨ੍ਹਾਂ ਨੂੰ ਛਪਵਾ ਕੇ ਸੰਗਤ ਵਿਚ ਵੰਡਿਆ ਜਾਵੇ । ਇਸ ਪਵਿਤੱਰ ਦਿਨ ਲੰਗਰ ਸਾਧਾਰਨ ਹੋਣੇ ਚਾਹੀਦੇ ਹਨ ਤੇ ਇਸ ਗੱਲ ਦਾ iਖਆਲ ਕਰਨਾ ਚਾਹੀਦਾ ਹੈ ਕਿ ਇਸ ਦਿਨ ਲੰਗਰ ਉਨ੍ਹਾਂ ਗ਼ਰੀਬਾਂ ਤਕ ਵੀ ਪਹੁੰਚੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈ ।

ਗੁਰੂ ਨਾਨਕ ਦੀ ਸਿੱਖਿਆ

੧. ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ SGGS:੧)

 ਪ੍ਰਭਾਤ ਵੇਲੇ ਨਾਮ ਸਿਮਰੀਏ ਤੇ ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।

੨. ਮਨਿ ਜੀਤੈ ਜਗੁ ਜੀਤੁ ॥ (SGGS:੬)

ਜੇ ਆਪਣਾ ਮਨ ਜਿੱਤਿਆ ਜਾਵੇ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ ।

੩. ਕਰਮੀ ਕਰਮੀ ਹੋਇ ਵੀਚਾਰੁ ॥ (SGGS:੭)

ਜੀਵਾਂ ਦੇ ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ।

੪. ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ (SGGS:੨੩)

ਧਨ, ਜੁਆਨੀ ਅਤੇ ਨਿੱਕਾ ਜਿਹਾ ਫੁੱਲ- ਇਹ ਚਾਰ ਦਿਨਾਂ ਦੇ ਹੀ ਪਰਾਹੁਣੇ ਹੁੰਦੇ ਹਨ।

੫. ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥ (SGGS:੬੨)

ਹਰ ਸ਼ੈ ਸੱਚ ਦੇ ਹੇਠਾਂ ਹੈ, ਪਰ ਸੱਚਾ ਆਚਰਣ ਸਮੂਹ ਤੋਂ ਉਚਾ ਹੈ ।

੬. ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ (SGGS:੧੪੧)

ਪਰਾਇਆ ਹੱਕ ਮੁਸਲਮਾਨ ਲਈ ਸੂਰ ਤੇ ਹਿੰਦੂ ਲਈ ਗਾਂ ( ਖਾਣ ਦੇ ਬਰਾਬਰ) ਹੈ।

੭. ਪਰ ਘਰਿ ਚੀਤੁ ਮਨਮੁਖਿ ਡੋਲਾਇ ॥ (SGGS: ੨੨੬)

(ਦੁਰਮਤਿ ਦੇ ਅਧੀਨ ਹੋ ਕੇ) ਪਰਾਈ ਇਸਤ੍ਰੀ ਦਾ ਪ੍ਰੇਮੀ ਮਨੁੱਖ ਸਦਾ ਕਾਮ-ਵਾਸਨਾ ਹੀ ਚਿਤਵਦਾ ਹੈ।

੮. ਆਸ ਨਿਰਾਸੀ ਤਉ ਸੰਨਿਆਸੀ ॥ (SGGS:੩੫੬)

ਜੇ ਕੋਈ ਮਾਇਕ-ਆਸਾਂ ਵਲੋਂ ਉਪਰਾਮ ਹੈ ਤਾਂ ਸਮਝੋ ੳਹ ਸੰਨਿਆਸੀ ਹੈ।

੯. ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ (SGGS:੩੫੬)

ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਦਾ ਹੈ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।

੧੦. ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥ (SGGS:੪੧੮)

ਮਾੜੇ ਕੰਮ ਛੱਡੋ ਅਤੇ ਗੁਣ ਗ੍ਰਹਣ ਕਰੋ। ਇਸ ਤਰ੍ਹਾਂ ਅਸਲ ਖੱਟੀ ਖੱਟੋ।

੧੧. ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥ (SGGS:੪੬੫)

ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਵੀ ਆਪਣੇ ਆਪ ਨੂੰ ਨੀਵਾਂ ਅਖਵਾ ।

੧੨. ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥ (SGGS:੪੭੨)

ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ ।

੧੩. ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ (SGGS:੪੭੩ )

ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ।

੧੪. ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (SGGS:੪੭੩)

ਜਿਸ ਇਸਤ੍ਰੀ ਜਾਤੀ ਤੋਂ ਰਾਜੇ ਵੀ ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ ।

੧੫. ਪਾਥਰੁ ਲੇ ਪੂਜਹਿ ਮੁਗਧ ਗਵਾਰ ॥ (SGGS:੫੫੬)

ਇਹ ਮੂਰਖ ਗਵਾਰ ਲੋਕ ਪੱਥਰ ਲੈ ਕੇ ਪੂਜ ਰਹੇ ਹਨ ।

੧੬. ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ (SGGS:੫੯੦)

ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ ਜਿਸ ਕਰਕੇ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਏ ।

੧੭. ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥ (SGGS:੫੯੫)

ਸਾਰੇ ਜੀਵ ਜੰਮਦੇ ਮਰਦੇ ਹੀ ਰਹਿੰਦੇ ਹਨ ਅਤੇ ਸਭਨਾਂ ਨੂੰ ਵਿਛੜਨਾ ਪੈਂਦਾ ਹੈ ।

੧੮. ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥ (SGGS:੭੯੦)

ਫਿਟੇ-ਮੂੰਹ ਅਜਿਹੇ ਜੀਵਣ ਨੂੰ ਜਿਸ ਵਿਚ ਸਿਰਫ਼ ਖਾ ਖਾ ਕੇ ਹੀ ਪੇਟ ਵਧਾ ਲਿਆ ਜਾਵੇ।

੧੯. ਵਸਗਤਿ ਪੰਚ ਕਰੇ ਨਹ ਡੋਲੈ ॥ (SGGS:੮੭੭)

ਜੋ ਪੰਜੇ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੌਹ ਅਤੇ ਅਹੰਕਾਰ) ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ ਉਹ ਡੋਲਦਾ ਨਹੀਂ ।

੨੦. ਛੋਡਿਹੁ ਨਿੰਦਾ ਤਾਤਿ ਪਰਾਈ ॥ (SGGS:੧੦੨੬)

ਪਰਾਈ ਈਰਖਾ ਤੇ ਨਿੰਦਿਆ ਛੱਡ ਦਿਉ ।

੨੧. ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥ (SGGS:੧੩੩੦)

ਜ਼ਾਤ ਪਾਤ ਤਾਂ ਜੀਵ ਦੀ ਉਹੀ ਹੈ ਜਿਹੋ ਜਿਹੇ ਉਹ ਕਰਮ ਕਮਾਂਦਾ ਹੈ ।

ਸਿੱਟਾ

ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ ਕਿ ਗੁਰੂ ਜੀ ਦੇ ਉਪਦੇਸ਼ ਨੂੰ ਸਾਧਾਰਨ ਬੋਲੀ ਵਿਚ ਸਾਰੇ ਸੰਸਾਰ ਵਿਚ ਹਰ ਇਕ ਥਾਂ ਪਹੁੰਚਾਇਆ ਜਾਵੇ । ਜੇਕਰ ਗੁਰੂ ਨਾਨਕ ਦਾ ਹਰ ਸ਼ਰਧਾਲੂ ਸੱਚੀ ਸੁੱਚੀ ਜ਼ਿੰਦਗੀ ਬਿਤਾਣ ਦੀ ਮਿਸਾਲ ਪੇਸ਼ ਕਰੇ ਤਾ ਇਹ ਪਰਚਾਰ ਹੋਰ ਵੀ ਸੌਖਾ ਹੋ ਜਾਵੇ ਗਾ । ਬੇਸ਼ਕ ਕਰਨ ਨਾਲੋਂ ਕਹਿਣਾ ਸੌਖਾ ਹੈ ਪਰ ਮੈਨੂੰ ਵਿਸ਼ਵਾਸ਼ ਹੈ ਕਿ ਇਹ ਸੰਬੰਧੀ ਉਪਰਾਲੇ ਕਰਨ ਦੀ ਲੋੜ ਹੈ ।




.