.

ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥

ਭਾਰਤੀ ਮਿਥਿਹਾਸ ਵਿੱਚ ਚਾਰ ਯੁੱਗਾਂ (ਸਤ, ਤ੍ਰੇਤਾ, ਦੁਆਪਰ ਅਤੇ ਕਲਿ) ਦੀ ਕਲਪਣਾ ਕੀਤੀ ਗਈ ਹੈ। ਗੁਰਬਾਣੀ ਵਿੱਚ ਇਨ੍ਹਾਂ ਕਾਲਪਣਿਕ ਯੁਗਾਂ ਦਾ ਸਮਰਥਨ ਨਹੀਂ ਹੈ। ਗੁਰਮਤਿ ਅਨੁਸਾਰ ਉਹ ਸਮਾਂ ਸਤਿਯੁਗ ਹੈ ਜਿਸ ਵਿੱਚ ਗਿਆਨ ਗੁਰੂ ਦੀ ਸਿੱਖਿਆ ਉੱਤੇ ਚਲਦਿਆਂ ਪ੍ਰਭੂ-ਭਗਤੀ ਦੇ ਬਲ ਨਾਲ ਅਧਿਆਤਮ ਤੇ ਪੁੰਨ ਕਰਮ ਕਮਾਏ ਜਾਣ; ਅਤੇ ਉਹ ਸਮਾਂ ਕਲਯੁਗ ਹੈ ਜਿਸ ਵਿੱਚ ਗੁਰੂ ਅਤੇ ਪ੍ਰਭੂ ਵੱਲੋਂ ਬੇਮੁਖ ਹੋਕੇ, ਮਾਇਆ ਦੇ ਪ੍ਰਭਾਵ ਹੇਠ, ਨੀਚ ਅਤੇ ਪਾਪ ਕਰਮ ਕੀਤੇ ਜਾਣ।

ਮਨੁੱਖ ਦੇ ਅਧਿਆਤਮਿਕ ਜੀਵਨ ਵਿੱਚ ਦੋ ਪਰਸਪਰ ਵਿਰੋਧੀ ਸ਼ਕਤੀਆਂ ਕੰਮ ਕਰਦੀਆਂ ਹਨ: ਇਕ, ਪ੍ਰਭੂ ਦੀ ਪ੍ਰੇਮਾਭਗਤੀ ਜੋ, ਮਨੁੱਖ ਨੂੰ ਬਿਬੇਕ ਅਤੇ ਅਧਿਆਤਮ ਗਿਆਨ ਦੀ ਦਾਤ ਬਖ਼ਸ਼ ਕੇ, ਉਸ ਨੂੰ ਖਰਾ/ਖ਼ਾਲਿਸ ਬਣਾਉਂਦੀ ਹੈ (ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥); ਅਤੇ ਦੂਜੀ, ਮਾਇਆ ਜੋ ਮਨੁੱਖ ਨੂੰ ਪ੍ਰਭੂ ਵੱਲੋਂ ਬੇਮੁਖ ਕਰਕੇ ਉਸ ਨੂੰ ਵਿਕਾਰੀ ਅਤੇ ਖੋਟਾ/ਨਖਾਲਿਸ/ਪਤਿਤ ਬਣਾ ਦਿੰਦੀ ਹੈ। ਰੱਬ ਨਾਲੋਂ ਟੁੱਟੇ ਹੋਏ ਖੋਟੇ/ਨਖ਼ਾਲਿਸ ਵਿਕਾਰੀ ਲੋਕ ਆਪਣੇ ਸੰਸਾਰਕ ਸੁਆਰਥਾਂ ਵਾਸਤੇ ਨੀਚ ਅਤੇ ਅਨੈਤਿਕ ਕਰਮ ਕਰਦੇ ਹਨ। ਇਹ ਹੈ ਕਲਯੁਗ ਦਾ ਵਰਤਾਰਾ! ਕਲਯੁਗ ਦਾ ਇੱਕ ਵੱਡਾ ਕੁਲੱਛਣ ਇਹ ਵੀ ਹੈ ਕਿ ਇਸ ਯੁਗ ਵਿੱਚ ਨਖ਼ਾਲਸ (ਖੋਟੇ) ਨੂੰ ਖ਼ਾਲਿਸ (ਖਰਾ) ਕਿਹਾ ਜਾਂਦਾ ਹੈ ਅਤੇ ਖ਼ਾਲਿਸ/ਖਰੇ ਦੀ ਕਦਰ ਨਹੀਂ ਕੀਤੀ ਜਾਂਦੀ। ਇਸ ਘੋਰ ਅਨਿਆਂ ਦਾ ਕਾਰਣ ਇਹ ਹੈ ਕਿ ਕਲਯੁਗ ਵਿੱਚ ਖਰੇ ਖੋਟੇ ਦਾ ਨਿਆਂ ਕਰਨ ਵਾਲੇ ਰੱਬ ਨਾਲੋਂ ਟੁੱਟੇ ਹੋਏ ਆਤਮਿਕ ਪੱਖੋਂ ਅੰਨ੍ਹੇ ਅਗਿਆਨੀ ਲੋਕ ਹਨ, ਜਿਨ੍ਹਾਂ ਨੂੰ ਖਰੇ ਖੋਟੇ ਵਿੱਚ ਅੰਤਰ ਦੇਖਣ ਦੀ ਸੂਝ ਹੀ ਨਹੀਂ ਹੈ। ਕਲਿਯੁਗ ਦੇ ਇਸ ਵਰਤਾਰੇ ਦਾ ਵਰਣਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ॥

ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ॥ ੧॥

ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ॥

ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ॥ ੧॥ ਰਹਾਉ॥

ਸ਼ਬਦ ਅਰਥ:- ਬੂਝਿ: ਸਮਝ-ਵਿਚਾਰ ਲਵੇ। ਨਿਬੇਰਾ: ਫ਼ੈਸਲਾ, ਮਾਇਆ-ਮੋਹ ਤੋਂ ਮੁਕਤੀ। ਨਿਰੰਜਨਾ: ਅੰਜਨ: (ਮਾਇਆ ਦੀ) ਕਾਲਖ ਤੋਂ ਬਿਨਾ, ਨਿਰਲੇਪ। ਘਰਿ ਘਰਿ: ਹਰ ਜੀਵ ਦੇ ਹਿਰਦੇ ਵਿੱਚ। ਠਾਕੁਰੁ: ਇਸ਼ਟਦੇਵ, ਪੂਜਯ ਦੇਵ, ਮਾਲਿਕ। ੧।

ਗੁਰ ਸਬਦ: ਗੁਰੂ ਦੀ ਸਿੱਖਿਆ, ਗੁਰਉਪਦੇਸ਼ਨ ਛੂਟੀਐ: (ਮਾਇਆ ਦੇ ਮੋਹ ਤੋਂ) ਮੁਕਤੀ ਨਹੀਂ ਮਿਲ ਸਕਦੀ। ਕਰਮ ਕਮਾਵਹੀ: ਧਰਮ-ਕਰਮ ਅਰਥਾਤ ਕਰਮਕਾਂਡ ਕਰੇਂ। ੧। ਰਹਾਉ।

ਭਾਵ ਅਰਥ:- ਜੇ ਗੁਰੂ ਦੀ ਬਖ਼ਸ਼ਿਸ਼ ਸਦਕਾ ਇਹ ਅਧਿਆਤਮਿਕ ਸੱਚ ਜਾਣ ਲਿਆ ਜਾਵੇ ਕਿ ਮਾਇਆ ਤੋਂ ਨਿਰਲੇਪ ਸਤਿਨਾਮ (ਸਦਸਥਿਰ) ਪ੍ਰਭੂ ਜੋ ਹਰ ਹਿਰਦੇ ਵਿੱਚ ਵੱਸਦਾ ਹੈ, ਉਹ ਮੇਰਾ ਵੀ ਇਸ਼ਟਦੇਵ ਤੇ ਮਾਲਿਕ ਹੈ, ਤਾਂ ਹੀ ਮਨ ਵਿੱਚੋਂ (ਅਗਿਆਨਤਾ ਅਤੇ ਦੁੱਖਾਂ-ਸੰਤਾਪਾਂ ਦੀ ਜਨਨੀ) ਮਾਇਆ ਦੇ ਮੋਹ ਤੋਂ ਮੁਕਤੀ ਮਿਲ ਸਕਦੀ ਹੈ। ੧।

ਬਿਬੇਕ ਨਾਲ ਬੀਚਾਰ ਕੇ ਦੇਖ ਲਵੋ, ਗੁਰੂ ਦੀ ਸਿੱਖਿਆ ਉੱਤੇ ਚੱਲੇ ਬਿਨਾਂ ਮਾਇਆ ਦੇ ਮੋਹ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਮਨੁੱਖ ਜਿਤਨੇ ਮਰਜ਼ੀ ਕਰਮਕਾਂਡ ਕਰ ਲਵੇ, ਗੁਰੂ ਦੀ ਸਿੱਖਿਆ ਉੱਤੇ ਚੱਲੇ ਬਿਨਾਂ, ਮਾਇਆ ਕਾਰਣ ਉਪਜਿਆ, ਅਗਿਆਨ ਅੰਧੇਰਾ ਖ਼ਤਮ ਨਹੀਂ ਹੋ ਸਕਦਾ। ੧। ਰਹਾਉ।

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥

ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥ ੨॥

ਸ਼ਬਦ ਅਰਥ:- ਅੰਧੇ ਅਕਲੀ ਬਾਹਰੇ: ਆਤਮਗਿਆਨ-ਹੀਣੇ, ਅਗਿਆਨੀ। ਪੰਥ: ਸਹੀ ਰਸਤਾ, ਰਾਹ ਏ ਰਾਸਤ। ਨ ਸੂਝਈ: ਦਿਖਾਈ ਨਹੀਂ ਦਿੰਦਾ, ਸਮਝ ਵਿੱਚ ਨਹੀਂ ਆਉਂਦਾ। ਕਿਤੁ: ਕਿਸ। ਬਿਧਿ: ਜੁਗਤਿ, ਤਰੀਕਾ, ਢੰਗ। ਨਿਰਬਹੀਐ: (ਲਕਸ਼ ਤੀਕ) ਪਹੁੰਚੀਏ। ੨।

ਭਾਵ ਅਰਥ:- ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਅਕਲ-ਹੀਣੇ ਮਨੁੱਖਾਂ ਨੂੰ ਇਸ ਸੰਬੰਧ ਵਿੱਚ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਗੁਰੂ ਦੀ ਸਿੱਖਿਆ ਦਾ ਸਹਾਰਾ ਲਏ ਬਿਨਾਂ ਸਹੀ ਰਸਤਾ ਨਜ਼ਰ ਨਹੀਂ ਆਉਂਦਾ। ਗੁਰੂ ਵੱਲੋਂ ਬੇਮੁਖ ਹੋਕੇ ਕਿਸੇ ਵੀ ਤਰੀਕੇ ਜਾਂ ਜੁਗਤੀ ਨਾਲ ਲਕਸ਼ ਤਕ ਨਹੀਂ ਪਹੁੰਚਿਆ ਨਹੀਂ ਜਾ ਸਕਦਾ। ੨।

ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥

ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ ੩॥

ਸ਼ਬਦ ਅਰਥ:- ਖੋਟਾ:- ਜਿਸ ਦਾ ਮਨ ਸ਼ੁੱਧ ਨਹੀਂ, ਦੋਖੀ, ਨਾਖ਼ਾਲਿਸ। ਖਰਾ: ਖ਼ਾਲਿਸ, ਨਿਸ਼ਕਪਟ, ਸੱਚਾ-ਸੁੱਚਾ। ਸਾਰ ਨ ਜਾਣੈ: ਕਦਰ ਨਹੀਂ ਸਮਝਦਾ। ਅੰਧੇ: ਬੂਝੜ, ਬਿਬੇਕਹੀਣ ਅਗਿਆਨੀ। ਪਾਰਖੂ: ਪਰਖਣ ਵਾਲਾ, ਸਹੀ ਗ਼ਲਤ ਵਿੱਚ ਫ਼ਰਕ ਦੇਖਣ ਵਾਲਾ। ਕਲੀ ਕਾਲ: ਕਲ੍ਹਾ-ਕਲੇਸ਼, ਪਾਪਾਂ ਅਤੇ ਦੁੱਖਾਂ-ਸੰਤਾਪਾਂ ਵਾਲਾ ਚੌਥਾ ਯੁਗ। ਵਿਡਾਣੈ: ਲੋਕਾਚਾਰ ਅਤੇ ਦਿਖਾਵੇ ਵਾਲਾ। ੩।

ਭਾਵ ਅਰਥ:- (ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਕਲਜੁਗੀ ਨਿਆਂਕਾਰ) ਵਿਕਾਰਾਂ ਨਾਲ ਲਥ-ਪਥ ਮਲੀਨ ਮਨ ਵਾਲੇ ਨਖ਼ਾਲਿਸ ਮਨੁੱਖ ਨੂੰ ਖ਼ਾਲਿਸ (ਖ਼ਾਲਸਾ), ਅਤੇ ਮਾਇਆ ਦੇ ਪ੍ਰਭਾਵ ਤੋਂ ਅਭਿੱਜ ਪਵਿੱਤਰ ਮਨ ਵਾਲੇ ਨੂੰ ਨਖ਼ਾਲਿਸ (ਪਤਿਤ) ਕਹਿੰਦਾ ਹੈ। ਲੋਕਾਚਾਰ ਅਤੇ ਦਿਖਾਵੇ ਦੇ ਪਾਪਾਂ ਭਰੇ ਯੁਗ ਵਿੱਚ ਮਾਇਆ-ਮੂਠੇ ਬਿਬੇਕਹੀਣ ਬੂਝੜ ਅਗਿਆਨੀ ਸੱਚ ਝੂਠ, ਸਹੀ ਗ਼ਲਤ ਦਾ ਫ਼ੈਸਲਾ ਕਰਨ ਵਾਲੇ ਨਿਰਣਾਇਕ/ਪਾਰਖੂ ਬਣੇ ਹੋਏ ਹਨ। ੩।

ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ॥

ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ। ੪॥

ਸ਼ਬਦ ਅਰਥ:- ਸੂਤੇ: ਮਾਇਆ-ਮੋਹ ਕਾਰਣ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੋਇਆ। ਜਾਗਤ: ਸੁਚੇਤ, ਮਾਇਆ ਦੇ ਪ੍ਰਭਾਵ ਤੋਂ ਮੁਕਤ। ਜੀਵਤ: ਚੇਤਨ, ਸੁਚੇਤ। ਮੂਆ: (ਆਤਮਿਕ ਪੱਖੋਂ) ਮਰਿਆ ਹੋਇਆ, ਅਚੇਤ। ੪।

ਭਾਵ ਅਰਥ:- ( "ਅੰਧੇ ਅਕਲੀ ਬਾਹਰੇ" ਪਾਰਖੂ) ਮਾਇਆ ਕਾਰਣ ਉਪਜੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਏ ਅਚੇਤ ਮਨੁੱਖ ਨੂੰ ਸੁਚੇਤ ਕਹਿੰਦੇ ਹਨ; ਅਤੇ ਮਾਇਆ ਦੇ ਪ੍ਰਭਾਵ ਤੋਂ ਅਭਿੱਜ ਅਧਿਆਤਮਿਕ ਪੱਖੋਂ ਸੁਚੇਤ ਮਨੁੱਖ ਨੂੰ ਸੁੱਤਾ ਹੋਇਆ ਅਰਥਾਤ ਅਚੇਤ ਦੱਸਦੇ ਹਨ। ਆਤਮਿਕ ਪੱਖੋਂ ਅੰਨ੍ਹੇ ਅਗਿਆਨੀ ਪਾਰਖੂ ਜੀਊਂਦੀ ਆਤਮਾ ਵਾਲੇ ਸੁਚੇਤ ਮਨੁੱਖ ਨੂੰ ਮਰਿਆ ਹੋਇਆ ਕਹਿੰਦੇ ਹਨ ਅਤੇ ਆਤਮਿਕ ਪੱਖੋਂ ਮਰੇ ਹੋਏ ਦੀ ਆਤਮਿਕ ਮੌਤ ਦਾ ਕੋਈ ਜ਼ਿਕਰ/ਅਫ਼ਸੋਸ ਨਹੀਂ ਕਰਦੇ। ੪।

ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ॥

ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ॥ ੫॥

ਸ਼ਬਦ ਅਰਥ:- ਆਵਤ: ਰੱਬ ਦੇ ਰਾਹ ਉੱਤੇ ਆਉਣ ਵਾਲੇ ਨੂੰ। ਜਾਤਾ: ਭਟਕਿਆ ਹੋਇਆ, ਗਿਆ-ਗੁਜ਼ਰਿਆ। ਪਰ ਕੀ: ਮਾਇਆ ਜੋ ਅੰਤ ਸਮੇਂ ਸਾਥ ਨਹੀਂ ਦਿੰਦੀ ਸਗੋਂ ਪਰਾਈ (ਕਿਸੇ ਹੋਰ ਦੀ) ਹੋ ਜਾਂਦੀ ਹੈ। ਅਪੁਨੋ: ਜੋ ਆਪਣਾ ਹੈ, ਨਿੱਜ ਦਾ, ਹਰਿਨਾਮ ਜੋ ਏਥੇ-ਓਥੇ ਸਹਾਈ ਹੁੰਦਾ ਹੈ। ਨਹੀ ਭਾਇਆ: ਚੰਗਾ/ਪਿਆਰਾ ਨਹੀਂ ਲੱਗਿਆ। ੫।

ਭਾਵ ਅਰਥ:- ਰੱਬ ਦੇ ਰਾਹ ਉੱਤੇ ਆਉਣ ਵਾਲੇ (ਪ੍ਰਭੂ-ਭਗਤ) ਨੂੰ ਗਿਆ ਗੁਜ਼ਰਿਆ ਕਿਹਾ ਜਾਂਦਾ ਹੈ; ਅਤੇ ਰਾਹੇ ਰਾਸਤ ਤੋਂ ਭਟਕੇ ਹੋਏ (ਸਾਕਤ) ਨੂੰ ਸਿੱਧੇ ਰਾਹ ਉੱਤੇ ਆਇਆ ਹੋਇਆ ਕਿਹਾ ਜਾਂਦਾ ਹੈ। ਮਾਇਆ ਜੋ ਅੰਤ ਸਮੇਂ ਸਾਥ ਨਹੀਂ ਦਿੰਦੀ ਸਗੋਂ ਪਰਾਈ (ਕਿਸੇ ਹੋਰ ਦੀ) ਹੋ ਜਾਂਦੀ ਹੈ, ਨੂੰ ਆਪਣੀ ਕਿਹਾ ਜਾਂਦਾ ਹੈ। ਪਰੰਤੂ ਨਾਮ-ਧਨ ਜੋ ਆਪਣਾ ਹੈ ਅਤੇ ਸਦਾ ਸਹਾਈ ਹੁੰਦਾ ਹੈ, ਉਹ ਮਨ ਨੂੰ ਚੰਗਾ ਨਹੀਂ ਲੱਗਦਾ। ੫।

ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥

ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ॥ ੬॥

ਸ਼ਬਦ ਅਰਥ:- ਮੀਠੇ: ਨਾਮ-ਰਸ ਜੋ ਆਤਮਾ ਵਾਸਤੇ ਮਿੱਠਾ ਅਰਥਾਤ ਗੁਣਕਾਰੀ ਹੈ। ਕਉੜਾ: ਮਾਇਆ-ਮੋਹ ਦਾ ਸਵਾਦ ਜੋ ਆਤਮਾ ਵਾਸਤੇ ਘਾਤਿਕ ਹੈ। ਰਾਤੇ: ਪ੍ਰਭੂ ਦੇ ਪ੍ਰੇਮ-ਰੰਗ ਵਿੱਚ ਰੰਗੇ ਹੋਏ। ਕਲਿ: ਕਲਹ-ਕਲੇਸ਼ ਅਤੇ ਪਾਪਾਂ ਦੀ ਪ੍ਰਧਾਨਤਾ ਵਾਲਾ ਚੌਥਾ ਯੁਗ। ੬।

ਭਾਵ ਅਰਥ:- ਅੰਮ੍ਰਿਤ ਨਾਮ ਦੇ ਮਿੱਠੇ ਰਸ ਨੂੰ ਕੌੜਾ ਕਿਹਾ/ਸਮਝਿਆ ਜਾਂਦਾ ਹੈ ਅਤੇ, ਬਿਖ ਮਾਇਆ ਅਤੇ ਇਸ ਦੇ ਪ੍ਰਭਾਵ ਹੇਠ ਉਪਜੇ ਵਿਕਾਰਾਂ ਦੇ ਸਵਾਦ ਨੂੰ ਮਿੱਠਾ ਮੰਨਿਆ ਜਾਂਦਾ ਹੈ। ਨਾਮ-ਰੰਗ ਵਿੱਚ ਰੰਗੇ ਹੋਏ ਦੀ ਨਿੰਦਾ ਅਤੇ ਵਿਰੋਧ ਕੀਤਾ ਜਾਂਦਾ ਹੈ। ਪਾਪਾਂ/ਵਿਕਾਰਾਂ ਅਤੇ ਕਲ੍ਹਾ-ਕਲੇਸ਼ ਵਾਲੇ ਯੁਗ ਵਿੱਚ ਇਹ ਸਭ ਵੇਖਣ ਨੂੰ ਮਿਲਦਾ ਹੈ। ੬।

ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥

ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ॥ ੭॥

ਸ਼ਬਦ ਅਰਥ:- ਚੇਰੀ: ਦਾਸੀ, ਮਾਇਆ। ਸੇਵਾ ਕਰੇ: ਪੂਜਾ-ਭਗਤੀ ਕਰਦਾ ਹੈ। ਠਾਕੁਰੁ: ਮਾਇਆ ਦਾ ਮਾਲਿਕ ਪ੍ਰਭੂ, ਪੂਜਯ ਇਸ਼ਟਦੇਵ। ਪੋਖਰ: ਟੋਭਾ, ਛੱਪੜ। ਨੀਰੁ: ਪਾਣੀ। ਵਿਰੋਲੀਐ: ਰਿੜਕਣ ਨਾਲ। ਮਾਖਨੁ: ਰਿੜਕਣ ਨਾਲ ਪ੍ਰਾਪਤ ਹੋਇਆ ਅੰਮ੍ਰਿਤ ਪਦਾਰਥ, ਮੱਖਣ। ਨਹੀ ਰੀਸੈ: ਰਿਸਦਾ ਨਹੀਂ, ਨਿਕਲਦਾ ਨਹੀਂ। ੭।

ਭਾਵ ਅਰਥ:- ਕਲਯੁਗ ਵਿੱਚ ਲੋਕ ਮਾਇਆ, ਜੋ ਜਗਤ ਦੇ ਮਾਲਿਕ ਪ੍ਰਭੂ ਦੀ ਦਾਸੀ ਹੈ, ਦੀ ਪੂਜਾ-ਭਗਤੀ ਕਰਦੇ ਹਨ, ਪਰੰਤੂ ਮਾਇਆ ਮੋਹ ਵਿੱਚ ਅੰਨ੍ਹੇ ਹੋੲਆਂ ਨੂੰ ਮਾਲਿਕ ਪ੍ਰਭੂ ਦੀ ਕੋਈ ਪਰਵਾਹ ਨਹੀਂ। ਜੇ ਛੱਪੜ ਦੇ ਪਾਣੀ ਨੂੰ ਰਿੜਕੀਏ ਤਾਂ ਉਸ ਵਿੱਚੋਂ ਮੱਖਣ ਨਹੀਂ ਨਿਕਲ ਸਕਦਾ। ੭।

ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ॥

ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ॥ ੮॥

ਸ਼ਬਦ ਅਰਥ:- ਪਦ: ਛੰਦ, ਮੰਤ੍ਰ, ਸਲਾਹ, ਉੱਚੀ ਆਤਮਿਕ ਅਵਸਥਾ, ਰੁਤਬਾ, ਦਰਜਾ। ਅਰਥਾਇ ਲੇਇ: ਸਮਝ ਲਵੇ, ਜਾਣ ਲਏ। ਚੀਨੈ: ਵਿਚਾਰ-ਦ੍ਰਿਸ਼ਟੀ ਨਾਲ ਸਮਝ ਲਵੇ, ਜਾਣ ਲਏ। ਅਪਰ ਅਪਾਰਾ: ਅਪਰੰਪਰ: ਜਿਸ ਨੂੰ ਕਿਸੇ ਹੋਰ ਦੀ ਮਦਦ ਦੀ ਲੋੜ ਨਹੀਂ। ੮।

ਭਾਵ ਅਰਥ:- ਜਿਹੜਾ ਮਨੁੱਖ ਇਸ ਛੰਦ/ਸ਼ਬਦ ਵਿੱਚ ਦਿੱਤੀ ਸਿੱਖਿਆ/ਸਲਾਹ ਨੂੰ ਸਮਝ ਲੈਂਦਾ ਹੈ, ਉਹ ਹੀ ਸਾਡਾ/ਮਨੁੱਖਤਾ ਦਾ ਗੁਰੂ ਹੈ। ਨਾਨਕ ਕਥਨ ਕਰਦਾ ਹੈ ਕਿ ਜਿਹੜਾ ਮਨੁੱਖ ਗੁਰੂ ਦੁਆਰਾ ਨਿਰਧਾਰਤ ਸਿੱਧਾਂਤਾਂ ਦੀ ਕਸੌਟੀ ਉੱਤੇ ਆਪਣੇ ਆਪ ਨੂੰ ਪਰਖਣ ਦੀ ਸਮਰੱਥਾ ਰੱਖਦਾ ਹੈ, ਉਸ ਨੂੰ ਕਿਸੇ ਹੋਰ ਦੀ ਸਿੱਖਿਆ/ਸਹਾਰੇ ਦੀ ਲੋੜ ਨਹੀਂ ਰਹਿੰਦੀ। ੮।

ਸਭੁ ਅਪੇ ਆਪਿ ਵਰਤਦਾ ਆਪੇ ਭਰਮਾਇਆ॥

ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ॥ ੯॥ ਗਉੜੀ ਅ: ਮ: ੧

ਸ਼ਬਦ ਅਰਥ:- ਸਭੁ: ਸਾਰੇ ਪਾਸੇ, ਸਰਬਵਿਆਪਕ। ਭਰਮਾਇਆ: ਭ੍ਰਮ-ਭੁਲੇਖੇ ਵਿੱਚ ਪਾਇਆ ਹੋਇਆ। ੯।

ਭਾਵ ਅਰਥ:- ਸ੍ਰਿਸ਼ਟੀ ਦੇ ਸਾਰੇ ਪਾਸੇ ਪ੍ਰਭੂ ਦਾ ਠਿਕਾਣਾ ਹੈ ਅਰਥਾਤ ਉਹ ਸਰਬਵਿਆਪਕ ਹੈ, ਅਤੇ ਉਸ ਦੀ ਅਦ੍ਰਿਸ਼ਟ ਵਿਆਪਕਤਾ ਕਾਰਣ ਹੀ ਲੋਕਾਈ ਭ੍ਰਮ-ਭੁਲੇਖਿਆਂ ਵਿੱਚ ਭਟਕ ਰਹੀ ਹੈ। ਗੁਰੂ ਦੀ ਕਿਰਪਾ ਸਦਕਾ ਮਿਲੇ ਅਧਿਆਤਮਿਕ ਗਿਆਨ ਨਾਲ ਹੀ ਇਹ ਸਮਝ ਆਉਂਦੀ ਹੈ ਕਿ ਕਰਤਾਰ ਸਰਬਵਿਆਪੀ ਹੈ। ੯।

ਉਪਰ ਬੀਚਾਰੀ ਅਸ਼ਟਪਦੀ ਵਿੱਚੋਂ ਹੇਠ ਲਿਖੇ ਤੱਥ ਦਿਖਾਈ ਦਿੰਦੇ ਹਨ:

* ਸਰਬਵਿਆਪਕ ਨਿਰੰਜਨ ਪ੍ਰਭੂ ਹੀ ਮਨੁੱਖਤਾ ਦਾ ਇੱਕੋ ਇੱਕ ਸਾਹਿਬ/ਮਾਲਿਕ/ਇਸ਼ਟ ਹੈ।

* ਇਸ ਸਿੱਧਾਂਤ ਦੀ ਸੂਝ ਗੁਰੂ ਦੀ ਬਖ਼ਸ਼ਿਸ਼ ਅਤੇ ਉਸ ਦੀ ਸਿੱਖਿਆ ਦਾ ਪਾਲਣ ਕਰਨ ਨਾਲ ਆਉਂਦੀ ਹੈ।

* ਗੁਰੂ ਦੇ ਉਪਦੇਸ਼ਾਂ ਦਾ ਪਾਲਣ ਕੀਤੇ ਬਿਨਾਂ ਮਾਇਆ ਦੇ ਮੋਹ ਤੋਂ ਮੁਕਤੀ ਨਹੀਂ ਮਿਲ ਸਕਦੀ।

* ਪੁਜਾਰੀਆਂ ਦੁਆਰਾ ਧਰਮ ਨਾਲ ਜੋੜੇ ਗਏ ਸੰਸਾਰਕ ਸੰਸਕਾਰ/ਕਰਮਕਾਂਡ ਨਿਰਾਰਥਕ ਹਨ।

* ਮਾਇਆਵੀ ਕਲਿਯੁਗ ਵਿੱਚ ਮਾਇਆ ਦੀ ਦਲਦਲ ਵਿੱਚ ਗ਼ਰਕੇ ਹੋਏ ਬੂਝੜ ਅਗਿਆਨੀ ਹੀ ਨਿਆਂਕਾਰ (ਪਾਰਖੂ) ਹਨ ਜੋ, ਨਿੱਜੀ ਗ਼ਰਜ਼ਾਂ ਦੀ ਖ਼ਾਤਿਰ, ਖ਼ਾਲਿਸ (ਖਰਾ) ਨੂੰ ਨਖ਼ਾਲਿਸ (ਖੋਟਾ) ਅਤੇ ਨਖ਼ਾਲਿਸ ਨੂੰ ਖ਼ਾਲਿਸ ਘੋਸ਼ਿਤ ਕਰਨ ਦਾ ਅਨਿਆਂ ਨਿਰਲੱਜ ਹੋ ਕੇ ਕਰਦੇ ਹਨ।

* ਜੋ ਮਨੁੱਖ ਗੁਰਮਤਿ ਦੇ ਨਿਯਮਾਂ ਦੇ ਮਾਪਦੰਡ ਨਾਲ ਆਪਾ ਚੀਨਨ (ਸਵੈਪੜਚੋਲ ਕਰਨ) ਦਾ ਨੈਤਿਕ ਫ਼ਰਜ਼ ਨਿਭਾਉਂਦਾ ਹੈ, ਉਸ ਨੂੰ ਕਿਸੇ ਹੋਰ ਦੀ ਸਲਾਹ/ਸਹਾਰੇ ਦੀ ਜ਼ਰੂਰਤ ਨਹੀਂ ਰਹਿੰਦੀ, ਉਹ ਗੁਰੂ-ਸਤਿਗੁਰੂ ਦੀ ਤਰ੍ਹਾਂ ਬੇਮੁਹਤਾਜ ਹੋ ਜਾਂਦਾ ਹੈ।।

ਉਪਰੋਕਤ ਨੁਕਤੇ ਗੁਰਮਤਿ ਸਿੱਧਾਂਤਾਂ ਉੱਤੇ ਆਧਾਰਿਤ ਹਨ। ਇਨ੍ਹਾਂ ਨੁਕਤਿਆਂ ਨੂੰ ਮਾਪਦੰਡ ਮੰਨ ਕੇ ਅੱਜ ਦੀ ਸਿੱਖੀ ਦੇ ਵਿਹੜੇ ਅਤੇ ਮੋਹ ਮਾਇਆ ਦੇ ਚਿੱਕੜ ਵਿੱਚ ਧਸ ਚੁੱਕੇ ਸਿੱਖਾਂ ਦੇ ਮਨਮੁਖੀ ਕੋਝੇ ਕਿਰਦਾਰ ਉੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ ਇਉਂ ਲੱਗਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਅਜੋਕੀ ਸਿੱਖੀ ਦੇ ਵਿਹੜੇ ਦੇ ਵਰਤਾਰੇ ਦੀ ਭਵਿਖਬਾਣੀ ਕਰਦਿਆਂ ਇਸ ਅਸ਼ਟਪਦੀ ਦੀ ਰਚਨਾ ਕੀਤੀ ਹੋਵੇ!

ਸੰਸਾਰ ਦੇ ਕਿਸੇ ਵੀ ਗੁਰੂਦਵਾਰੇ ਵਿੱਚ ਚਲੇ ਜਾਓ, ਓਥੇ ਅਣਗਿਣਤ ਨਕਲੀ ਸਾਹਿਬਾਂ (ਜਥੇਦਾਰ ਸਾਹਿਬ, ਪ੍ਰਧਾਨ ਸਾਹਿਬ, ਸਕੱਤਰ ਸਾਹਿਬ, ਸਿੰਘ ਸਾਹਿਬ…, ਤਖ਼ਤ ਸਾਹਿਬ, ਥੜਾ ਸਾਹਿਬ, ਨਿਸ਼ਾਨ ਸਾਹਿਬ, ਚਬੂਤਰਾ ਸਾਹਿਬ…, ਰੁਮਾਲਾ ਸਾਹਿਬ, ਚੌਰ ਸਾਹਿਬ, ਚੰਦੋਆ ਸਾਹਿਬ, ਗੁਟਕਾ ਸਾਹਿਬ, ਜਪੁਜੀ ਸਾਹਿਬ, ਸੁਖਮਨੀ ਸਾਹਿਬ …, ਬੇਰ ਸਾਹਿਬ, ਅੰਬ ਸਾਹਿਬ, ਪਿੱਪਲ ਸਾਹਿਬ, ਟਾਹਲੀ ਸਾਹਿਬ, ਝਾੜ ਸਾਹਿਬ…, ਬਉਲੀ ਸਾਹਿਬ, ਚੁਬੱਚਾ ਸਾਹਿਬ, ਭੋਰਾ ਸਾਹਿਬ, ਧੂਣਾ ਸਾਹਿਬ, ਪਊਆ (ਖੜਾਉਂ) ਸਾਹਿਬ, ਭੈਣੀ ਸਾਹਿਬ, ਮਨੀਕਰਣ ਸਾਹਿਬ, ਬੜੂ ਸਾਹਿਬ…… ਆਦਿ) ਦੇ ਝੁਰਮਟ ਵਿੱਚ ਇੱਕੋ ਇੱਕ ਸਾਚਾ ਸਾਹਿਬ (ੴ) ਕਿਤੇ ਦਿਖਾਈ ਹੀ ਨਹੀਂ ਆਉਣ ਦਿੱਤਾ ਜਾਂਦਾ।

ਗਿਆਨ ਦੇ ਜਿਸ ਸੂਰਜ (ਗੁਰੂ ਗ੍ਰੰਥ) ਦੀ ਰੋਸ਼ਨੀ ਵਿੱਚ ਸ਼੍ਰੱਧਾਲੂਆਂ ਨੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣਾ ਅਤੇ "ਜਾਗਤਜੋਤਿ" ਪ੍ਰਭੂ ਦੇ ਲੜ ਲੱਗਣਾ ਹੈ, ਉਸ ਸੂਰਜ (ਗੁਰੂ) ਨੂੰ ਤਾਂ "ਅੰਧੇ ਅਕਲੀ ਬਾਹਰੇ" ਪ੍ਰਬੰਧਕਾਂ ਅਤੇ ਪੁਜਾਰੀਆਂ ਨੇ ਰੇਸ਼ਮੀ ਰੁਮਾਲਿਆਂ ਵਿੱਚ ਕੈਦ ਕਰ ਰੱਖਿਆ ਹੈ; ਅਤੇ ਉਸ ਦੀ ਉਹ, ਨਿਰਜਿੰਦ ਮੂਰਤੀਆਂ ਵਾਂਙ, ਪੂਜਾ ਕਰਦੇ ਅਤੇ ‘ਗੁਰੂ ਕੀਆਂ ਸੰਗਤਾਂ’ ਤੋਂ ਕਰਵਾਈ ਜਾ ਰਹੇ ਹਨ! ਹਰ ਗੁਰੂਦਵਾਰੇ ਵਿੱਚ ਮਾਇਆ ਦੇ ਵਪਾਰ ਨੂੰ ਵਧੇਰੇ ਲਾਹੇਵੰਦ ਬਣਾਉਣ ਵਾਸਤੇ ਪੁਜਾਰੀਆਂ ਨੇ ਸ਼੍ਰੱਧਾਲੂਆਂ ਨੂੰ ਗੁਰੂ ਅਤੇ ਰੱਬ ਵੱਲੋਂ ਬੇਮੁਖ ਕਰਕੇ ਨਿਰਾਰਥਕ ਸੰਸਾਰਕ ਸੰਸਕਾਰ/ਕਰਮਕਾਂਡ ਕਰਨ/ਕਰਵਾਉਣ ਦਾ ਝਸ ਪਾ ਦਿੱਤਾ ਹੈ। ਪ੍ਰਭੂ ਦੀ ਪ੍ਰੇਮਾਭਗਤੀ ਵਾਲਾ ਪਵਿੱਤਰ ਇਲਾਹੀ ਵਾਤਾਵਰਣ ਕਿਤੇ ਵੀ ਨਜ਼ਰ ਨਹੀਂ ਆਉਂਦਾ! !

ਗੁਰੂ ਨਾਨਕ ਦੇਵ ਜੀ ਦਾ ਕਥਨ, ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ ੩॥ , ਕਿਸੇ ਪ੍ਰਮਾਣ ਦਾ ਮੁਹਤਾਜ ਨਹੀਂ। "ਅੰਧੇ ਅਕਲੀ ਬਾਹਰੇ" ਪਾਰਖਊਆਂ ਦੀਆਂ ਗੁਰਮਤਿ ਵਿਰੋਧੀ ਅਨਗਿਣਤ ਮਨਮਤੀ ਕਰਤੂਤਾਂ ਦੇਖਣ/ਸੁਣਨ ਵਿੱਚ ਆਉਂਦੀਆਂ ਹਨ। ਜਿਵੇਂ ਕਿ:

ਗੁਰਮੁਖ (ਗੁਰੂ ਦੀ ਸਿੱਖਿਆ ਉੱਤੇ ਚੱਲਣ ਵਾਲਾ) ਨੂੰ ਪਤਿਤ, ਭੇਖਧਾਰੀ ਮਨਮੁਖ ਨੂੰ ਗੁਰਮੁਖ, ਮਾਇਆ ਦੇ ਪ੍ਰਭਾਵ ਹੇਠ ਮਨਮਤਾਂ ਫ਼ੈਲਾਉਣ ਵਾਲੇ ਨੂੰ ਭਾਈ/ਪ੍ਰਚਾਰਕ, ਖੋਟ ਦੇ ਖ਼ਜ਼ਾਨੇ ਨੂੰ ਖ਼ਾਲਸਾ, ਰਾਕਸ਼ਸ਼ ਬ੍ਰਿਤੀ ਵਾਲਿਆਂ ਨੂੰ ਸੰਤ, ਬੂਝੜ ਨੂੰ ਮਾਰਤੰਡ (ਗਿਆਨ ਦਾ ਸੂਰਜ), ਪੰਥ ਦਾ ਬੇੜਾ ਡੋਬਣ ਵਾਲੇ ਨੂੰ ਪੰਥ ਰਤਨ, ਪੰਥ ਉੱਤੇ ਹੁਕਮ ਚਲਾਉਣ ਵਾਲਾ ਪੰਥ ਦਾ ਦਾਸ, ਪੰਥ ਨੂੰ ਠੱਗਣ ਵਾਲਾ ਪੰਥ ਸੇਵਕ, ਪੰਥ ਨੂੰ ਦੁੱਖ ਦੇਣ ਵਾਲਾ ਪੰਥ ਦਰਦੀ, ਕੌਮ ਦਾ ਸਰਵਨਾਸ਼ ਕਰਨ ਵਾਲਾ ਫ਼ਖ਼ਰ ਏ ਕੌਮ……, ਕਿਹਾ ਜਾਂਦਾ ਹੈ।

ਆਪਾ ਚੀਨੑਨਾ ਗੁਰਮਤਿ ਦੇ ਪਰਮੁਖ ਸਿੱਧਾਂਤਾਂ ਵਿੱਚੋਂ ਇੱਕ ਹੈ। ਜਨ ਨਾਨਕ ਬਿਨੁ ਆਪਾ ਚੀਨੈੑ ਮਿਟੈ ਨ ਭ੍ਰਮ ਕੀ ਕਾਹੀ॥ । ਆਪਾ ਚੀਨਨ ਤੋਂ ਭਾਵ ਹੈ, ਗੁਰਮਤਿ ਸਿੱਧਾਂਤਾਂ ਦੀ ਕਸੌਟੀ ਉੱਤੇ ਆਪਣੇ ਆਪ ਨੂੰ ਪਰਖਣਾ, ਸਵੈ-ਪੜਚੋਲ ਕਰਨੀ (self-introspection)। ਅਜ ਕਲ ਦੇ ਲਗ ਪਗ ਸਾਰੇ ਸਿੱਖ ਇਸ ਸਿੱਧਾਂਤ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦੇ ਹਨ। ਕਿਉਂ? ਕਿਉਂਕਿ, ਆਪਾ ਚੀਨਨ ਦੇ ਸ਼ੀਸ਼ੇ ਵਿੱਚ ਵੇਖਿਆਂ ਸਾਨੂੰ ਆਪਣੀ ਭੱਦੀ ਡਰਾਉਣੀ ਸ਼ਖ਼ਸੀਅਤ ਅਤੇ ਲੂਣਹਰਾਮੀ ਤੇ ਭ੍ਰਸ਼ਟ ਕਿਰਦਾਰ ਦਿਖਾਈ ਦੇਵੇ ਗਾ।। ਇਹੀ ਕਾਰਣ ਹੈ ਕਿ ਅਸੀਂ ਸਾਰੇ, ਆਪਣੇ ਆਪ ਨੂੰ ਸਿੱਧੇ ਰਸਤੇ ਉੱਤੇ ਲਿਆਉਣ ਦੀ ਬਜਾਏ, ਭ੍ਰਮ ਦੀ ਦੁਨੀਆ ਵਿੱਚ ਭਟਕ ਰਹੇ ਹਾਂ।

ਪਾਠਕ ਸੱਜਨੋਂ! ਸਾਡੇ (ਨਾਮਧਰੀਕ ਸਿੱਖਾਂ) ਦੇ ਪਤਨ ਦਾ ਕਾਰਣ ਇਹ ਹੈ ਕਿ ਅਸੀਂ ਗੁਰੂ ਕਾਲ ਵਿੱਚ ਹੋਈਆਂ ਮਹਾਨ ਸ਼ਖ਼ਸੀਅਤਾਂ ਦੇ ਆਸਰੇ ਆਪਣੇ ਆਪ ਨੂੰ ਮਹਾਨ ਹੋਣ ਦਾ ਭ੍ਰਮ ਪਾਲੀ ਬੈਠੇ ਹਾਂ; ਦੂਜਾ, ਸਿੱਖ ਸ਼੍ਰੱਧਾਲੂਆਂ ਦਾ ਗੁਰੂ ਵੱਲੋਂ ਬੇਮੁਖ ਹੋ ਕੇ, ਅੰਨ੍ਹੇਵਾਹ, ਸਾਕਤਾਂ ਮਗਰ ਲੱਗਣਾ ਹੈ। ਇਸ ਤਰਸਯੋਗ ਹਾਲਤ ਵਿੱਚੋਂ ਬਾਹਰ ਨਿਕਲਣ ਦਾ ਇੱਕੋ ਇੱਕ ਰਾਹ ਇਹ ਹੈ ਕਿ ਅਸੀਂ ਗੁਰੂ (ਗ੍ਰੰਥ) ਦੇ ਲੜ ਲਗਿ ਰੱਬ ਦੇ ਰਾਹ ਦੇ ਰਾਹੀ ਬਣਦੇ ਹੋਏ, ਰੱਬ ਨਾਲੋਂ ਟੁੱਟੇ ਹੋਏ "ਅੰਧੇ ਅਕਲੀ ਬਾਹਰੇ" ਭੇਖਧਾਰੀ ਪਾਰਖੂਆਂ ਦੀ ਮੁਥਾਜੀ ਤੋਂ ਮੁਕਤ ਹੋਈਏ।

ਗੁਰਇੰਦਰ ਸਿੰਘ ਪਾਲ

28 ਜੁਲਾਈ, 2019.




.